Punjabi Stories/Kahanian
ਕਰਮਜੀਤ ਸਿੰਘ ਗਠਵਾਲਾ
Karamjit Singh Gathwala

Punjabi Kavita
  

Hasuye-Khushiye Da Ghol Karamjit Singh Gathwala

ਹਸੂਏ-ਖੁਸ਼ੀਏ ਦਾ ਘੋਲ ਕਰਮਜੀਤ ਸਿੰਘ ਗਠਵਾਲਾ

ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ । ਜੋ ਉਮਰੋਂ, ਕੱਦ-ਕਾਠੋਂ ਤੇ ਸੁਭਾਅ ਵੱਲੋਂ ਇੱਕ-ਦੂਜੇ ਨਾਲ ਮਿਲਦੇ-ਜੁਲਦੇ ਸਨ ।ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇਕੱਲ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਸੀ । ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ-ਤਕਲੀਫ਼ ਆਏ, ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ।ਉਨ੍ਹਾਂ ਦੇ ਨਾਂ ਖੁਸ਼ੀਆ ਤੇ ਹਸੂਆ ਸਨ । ਉਨ੍ਹਾਂ ਦੇ ਕਈ ਕਿੱਸੇ-ਕਹਾਣੀਆਂ ਲੋਕਾਂ ਵਿਚ ਬਹੁਤ ਮਸ਼ਹੂਰ ਹਨ ।
ਸਿਆਣੇ ਬਜ਼ੁਰਗ ਦੱਸਦੇ ਹਨ ਕਿ ਦੋਵਾਂ ਦੇ ਮਨ ਵਿੱਚ ਇਕ ਵਾਰੀ ਫੁਰਨਾ ਫੁਰਿਆ ਕਿ ਬਾਹਰ ਜਾ ਕੇ ਕਿਉਂ ਨਾ ਦੁਨੀਆਂ ਵੇਖੀ ਜਾਵੇ ।ਉਨ੍ਹਾਂ ਨੇ ਬਹੁਤ ਸ਼ਹਿਰਾਂ, ਪਿੰਡਾਂ ਤੇ ਕਸਬਿਆ ਦੀ ਸੈਰ ਕੀਤੀ ।ਇੱਕ ਵਾਰ ਫਿਰਦੇ ਫਿਰਾਂਦੇ ਉਹ ਇਕ ਪਿੰਡ ਦੀ ਸੱਥ ਵਿੱਚ ਪੁੱਜ ਗਏ ।ਸੱਥ ਦੇ ਵਿਚ ਬੜਾ ਭਾਰੀ ਇਕੱਠ ਹੋਇਆ ਹੋਇਆ ਸੀ । ਉਨ੍ਹਾਂ ਨੇ ਸੋਚਿਆ, 'ਕਾਹਦਾ ਇਕੱਠ ਏ ? ਆਪਾਂ ਵੀ ਵੇਖੀਏ ।' ਅੱਗੇ ਅਖਾੜਾ ਪੁੱਟਿਆ ਹੋਇਆ ਸੀ ਤੇ ਘੋਲ ਦੀ ਤਿਆਰੀ ਹੋ ਰਹੀ ਸੀ । ਐਨੇ ਲੋਕੀਂ ਬਾਘੇ ਤੇ ਸ਼ੇਰੇ ਦਾ ਘੋਲ ਵੇਖਣ ਲਈ ਆਏ ਹੋਏ ਸਨ ।
ਦੋਵਾਂ ਦਾ ਘੋਲ ਸ਼ੁਰੂ ਹੋ ਗਿਆ, ਦੋਵੇਂ ਭਲਵਾਨ ਭਾਰੇ ਸਨ । ਭੀੜ ਵਿਚੋਂ ਵੀ ਕਈ ਲੋਕੀ ਲਲਕਾਰੇ ਮਾਰਨ ਲੱਗ ਪਏ ਸਨ । ਜਦੋਂ ਕੋਈ ਦਾਉ ਵਿਖਾਉਂਦਾ, ਭੀੜ ਵਿਚੋਂ ਕੋਈ ਨਾ ਕੋਈ ਤਾੜੀ ਮਾਰ ਦਿੰਦਾ ਤੇ ਬੱਸ ਫੇਰ ਕੀ ਸੀ, ਉਸਦੇ ਪਿੱਛੇ ਤਾੜੀਆਂ ਦਾ ਮੀਂਹ ਬਰਸਣ ਲੱਗ ਪੈਂਦਾ ।ਜਦੋਂ ਉਹ ਇਕ ਦੂਜੇ ਦਾ ਦਾਉ ਬਚਾਉਂਦੇ ਤਾਂ ਵੀ ਰੌਲਾ ਪੈਂਦਾ ।ਬੜਾ ਚਿਰ ਘੋਲ ਇਵੇਂ ਚਲਦਾ ਰਿਹਾ, ਇਉਂ ਲੱਗਦਾ ਸੀ ਕਿ ਦੋਵਾਂ ਵਿੱਚੋਂ ਕੋਈ ਵੀ ਨਹੀਂ ਢਹੇਗਾ । ਬੜੀ ਜ਼ੋਰ ਅਜਮਾਈ ਪਿੱਛੋਂ ਸ਼ੇਰੇ ਨੂੰ ਬਾਘੇ ਨੇ ਢਾਹ ਹੀ ਲਿਆ ।ਲੋਕਾਂ ਨੇ ਰੌਲਾ ਪਾ ਪਾ ਕੇ ਆਕਾਸ਼ ਗੂੰਜਣ ਲਾ ਦਿੱਤਾ ।ਬਾਘਾ ਖੁਸ਼ੀ ਵਿਚ ਥਾਪੀਆਂ ਮਾਰਨ ਲੱਗਾ । ਲੋਕਾਂ ਨੇ ਉਸਨੂੰ ਮੋਢਿਆਂ ਤੇ ਚੁੱਕ ਲਿਆ ।ਸ਼ੇਰਾ ਉਦਾਸ ਹੋ ਕੇ ਇੱਕ ਪਾਸੇ ਜਾ ਬੈਠਾ, ਤੇ ਸੋਚਣ ਲੱਗਾ 'ਕਸਰ ਤਾਂ ਮੈਂ ਵੀ ਕੋਈ ਨਹੀਂ ਛੱਡੀ' । ਉਸ ਦਾ ਕਿਸੇ ਨੂੰ ਵੀ ਕੋਈ ਖ਼ਿਆਲ ਤੱਕ ਨਹੀਂ ਸੀ ।
ਹਸੂਆ ਉੱਠਿਆ ਤੇ ਜੋ ਬੰਦਾ ਪਿੰਡ ਦਾ ਮੋਹਰੀ ਸੀ, ਉਸ ਕੋਲ ਪੁੱਜਿਆ ।
ਉਸਨੇ ਪੁੱਛਿਆ, "ਮੈਂ ਤੇ ਮੇਰਾ ਸਾਥੀ ਜੇ ਤੁਹਾਨੂੰ ਘੋਲ ਵਿਖਾਈਏ, ਤੁਹਾਨੂੰ ਕੋਈ ਇਤਰਾਜ ਤਾਂ ਨਹੀ ?"
ਪਿੰਡ ਦਾ ਮੋਹਰੀ ਥੋੜ੍ਹਾ ਜਿਹਾ ਮੁਸਕੁਰਾਇਆ ਤੇ ਬੋਲਿਆ, 'ਨਹੀਂ, ਸਾਨੂੰ ਕੋਈ ਇਤਰਾਜ ਨਹੀਂ।'
ਲੰਗੋਟ ਬੰਨ੍ਹ ਕੇ ਖੁਸ਼ੀਆ ਤੇ ਹਸੂਆ ਅਖਾੜੇ ਵਿੱਚ ਆ ਗਏ ।ਕਾਫ਼ੀ ਦੇਰ ਆਪੋ ਵਿਚ ਦੋਵਾਂ ਨੇ ਕਮਾਲ ਦੇ ਹੱਥ ਵਿਖਾਏ ।ਲੋਕ ਉਨ੍ਹਾਂ ਦੇ ਦਾਉ-ਪੇਚਾਂ 'ਤੇ ਤਾੜੀਆਂ ਵਜਾਉਂਦੇ ਰਹੇ । ਬਾਘਾ ਤੇ ਸ਼ੇਰਾ ਵੀ ਦੋਵੇਂ ਘੋਲ ਦਾ ਅਨੰਦ ਮਾਣ ਰਹੇ ਸਨ । ਹਰ ਕੋਈ ਘੋਲ ਵੇਖਣ ਲਈ ਇਕ ਦੂਜੇ ਤੋਂ ਅੱਗੇ ਖਲੋਣ ਦੀ ਕੋਸ਼ਿਸ਼ ਕਰਨ ਲੱਗਾ । ਇਉਂ ਜਾਪਦਾ ਸੀ ਜਿਵੇਂ ਦੋਵਾਂ ਨੇ ਰਲਕੇ ਮੇਲਾ ਲੁੱਟ ਲਿਆ ਹੋਵੇ ।ਅਖ਼ੀਰ ਨੂੰ ਖੁਸ਼ੀਏ ਨੇ ਹਸੂਏ ਨੂੰ ਢਾਹ ਲਿਆ ।ਲੋਕੀਂ ਇਕ ਦੂਜੇ ਤੋਂ ਵਧ ਵਧ ਕੇ ਰੌਲਾ ਪਾਉਣ ਲੱਗੇ । ਹਸੂਆ ਵੀ ਖੁਸ਼ੀ ਵਿੱਚ ਨੱਚਣ ਲੱਗਾ । ਸ਼ੇਰਾ ਤੇ ਬਾਘਾ ਉਸ ਵੱਲ ਬਿਟ ਬਿਟ ਵੇਖਣ ਲੱਗੇ, ਦੋਵਾਂ ਦੇ ਮੂੰਹਾਂ ਤੇ ਹੈਰਾਨਗੀ ਸਾਫ਼ ਝਲਕ ਰਹੀ ਸੀ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com