Hath-Dharmi (Punjabi Story) : Ali Baquer

ਹਠ-ਧਰਮੀ (ਕਹਾਣੀ) : ਅਲੀ ਬਾਕਰ

ਇੰਗਲਿਸ਼ਤਾਨ ਵਿਚ ਕੋਈ ਖਾਣੇ ਲਈ ਬੁਲਾਏ ਤਾਂ ਮਹਿਮਾਨ ਕੋਈ ਤੋਹਫਾ ਜ਼ਰੂਰ ਲੈ ਜਾਂਦਾ ਹੈ...ਵਧੇਰੇ ਲੋਕ ਫੁੱਲਾਂ ਨੂੰ ਪਹਿਲ ਦਿੰਦੇ ਨੇ ਕਿਉਂਕਿ ਫੁੱਲ ਸਾਰੇ ਅੰਗਰੇਜ਼ਾਂ ਨੂੰ ਹੀ ਪਸੰਦ ਹੁੰਦੇ ਨੇ। ਉਹਨਾਂ ਦੇ ਆਪਣੇ ਛੋਟੇ-ਛੋਟੇ ਬਗ਼ੀਚੇ ਹੁੰਦੇ ਨੇ ਜਿਹਨਾਂ 'ਚ ਉਹ ਬੜੇ ਚਾਅ ਨਾਲ ਰੰਗ-ਬਿਰੰਗੇ ਫੁੱਲ ਉਗਾਂਦੇ ਨੇ।
ਉਸ ਸ਼ਾਮ ਜਦੋਂ ਮੈਂ ਪੀਲੇ ਰੰਗ ਦੇ ਡੈਫੋਡਿਲ ਦੇ ਨਾਜ਼ੁਕ ਫੁੱਲਾਂ ਦਾ ਗੁਲਦਸਤਾ ਲੈ ਕੇ ਕਰਨਲ ਹਾਰਡੀ ਦੀ ਕੋਠੀ ਦੇ ਅਹਾਤੇ 'ਚ ਪੈਰ ਧਰਿਆ ਤਾਂ ਉੱਥੇ ਹਰੇਕ ਪਾਸੇ ਡੈਫੋਡਿਲ ਹੀ ਡੈਫੋਡਿਲ ਨਜ਼ਰ ਆਏ, ਜਿਹੜੇ ਸ਼ਾਮ ਦੀ ਮੱਧਮ ਰੌਸ਼ਨੀ ਵਿਚ ਅਜਬ ਬਹਾਰ ਦਾ ਨਜ਼ਾਰਾ ਪੇਸ਼ ਕਰ ਰਹੇ ਸਨ। ਕਿੰਨਾਂ ਚੰਗਾ ਹੁੰਦਾ ਜੇ ਮੈਂ ਕੋਈ ਹੋਰ ਫੁੱਲ ਲੈ ਆਉਂਦਾ, ਪਰ ਹੁਣ ਦੇਰ ਹੋ ਚੁੱਕੀ ਸੀ। ਕਰਨਲ ਸਾਹਬ ਬੜੇ ਤਪਾਕ ਨਾਲ ਮਿਲੇ। ਮੈਂ ਉਹਨਾਂ ਦੀ ਪਤਨੀ ਨੂੰ ਫੁੱਲ ਪੇਸ਼ ਕੀਤੇ। ਉਹ ਬੜਾ ਸ਼ਾਨਦਾਰ ਜੋੜਾ ਸੀ—ਕੁਝ ਜੋੜੇ ਬੁੱਢੇ ਹੋ ਕੇ ਵਧੇਰੇ ਹੁਸੀਨ ਲੱਗਣ ਲੱਗ ਪੈਂਦੇ ਨੇ। ਜਵਾਨੀ ਦੀ ਖ਼ੂਬਸੂਰਤੀ ਤਾਂ ਇਕ ਛਲ ਹੁੰਦੀ ਹੈ, ਪਰ ਬੁਢੇਪੇ ਦਾ ਹੁਸਨ ਬੜੇ ਕਰਮਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਖਾਸ ਸੰਘਰਸ਼ ਕਰਨਾ ਪੈਂਦਾ ਹੈ...ਕਰਨਲ ਸਾਹਬ ਦਾ ਡਰਾਇੰਗ ਰੂਮ ਅਨੇਕਾਂ ਹਿੰਦੁਸਤਾਨੀ ਵਸਤਾਂ ਨਾਲ ਸਜਿਆ ਹੋਇਆ ਸੀ—ਖੰਜਰ ਤੇ ਤਲਵਾਰਾਂ ਸਨ, ਮੁਗ਼ਲ ਤੇ ਰਾਜਪੂਤੀ ਆਰਟ ਦੀਆਂ ਤਸਵੀਰਾਂ ਸਨ, ਮਹਾਤਮਾਂ ਬੁੱਧ ਦੀ ਇਕ ਖ਼ੂਬਸੂਰਤ ਮੂਰਤੀ ਸੀ, ਜਿਸ ਦੇ ਚਿਹਰੇ ਉੱਤੇ ਅੰਤਾਂ ਦਾ ਨੂਰ ਦਰਸਾਇਆ ਗਿਆ ਸੀ। ਇਕ ਕੋਨੇ ਵਿਚ ਲੱਕੜ ਦੀ ਇਕ ਨਾਜ਼ੁਕ ਜਿਹੀ ਅਲਮਾਰੀ ਵਿਚ ਹਿੰਦੁਸਤਾਨ ਉਪਰ ਲਿਖੀਆਂ ਕਿਤਾਬਾਂ ਭਰੀਆਂ ਪਈਆਂ ਸਨ। ਏਨੀਆਂ ਜ਼ਿਆਦਾ ਤੇ ਏਨੀਆਂ ਸ਼ਾਨਦਾਰ ਵਸਤਾਂ ਤਾਂ ਹਿੰਦੁਸਤਾਨ ਵਿਚ ਵੀ ਮੈਂ ਕਿਸੇ ਇਕ ਡਰਾਇੰਗ ਰੂਮ ਵਿਚ ਨਹੀਂ ਸੀ ਦੇਖੀਆਂ।
ਅਸੀਂ ਲੋਕ ਗੱਲਾਂ ਕਰਨ ਲੱਗ ਪਏ। ਉਹਨਾਂ ਦੋਵਾਂ ਨਾਲ ਗੱਲਾਂ ਕਰਨਾ ਮੈਨੂੰ ਬੜਾ ਚੰਗਾ ਲੱਗਿਆ ਸੀ। ਉਹਨਾਂ ਦਾ ਤੇ ਮੇਰਾ ਅਤੀਤ ਇਕ ਸੀ। ਫਰਕ ਬਸ ਏਨਾ ਸੀ ਕਿ ਉਹ ਹੁਕਮਰਾਨ ਰਹੇ ਸਨ ਤੇ ਮੈਂ ਹੁਕਮ ਮੰਨਣ ਵਾਲੇ ਤਬਕੇ ਨਾਲ ਸੰਬੰਧਤ ਰਿਹਾ ਸਾਂ। ਮੈਂ ਉਹਨਾਂ ਦੀ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਨਿੱਕੀ-ਨਿੱਕੀ ਗੱਲ ਪੁੱਛਦਾ ਰਿਹਾ ਤੇ ਲੰਮੇ-ਚੌੜੇ ਕੱਦ-ਬੁੱਤ ਵਾਲੇ ਕਰਨਲ ਹਾਰਡੀ ਤੇ ਉਹਨਾਂ ਦੀ ਸਫ਼ੈਦ ਵਾਲਾਂ ਵਾਲੀ ਖ਼ੂਬਸੂਰਤ ਪਤਨੀ ਪੂਰੇ ਵਿਸਥਾਰ ਨਾਲ ਆਪਣਾ ਅਤੀਤ ਫਰੋਲਦੇ ਰਹੇ। ਦੋਵਾਂ ਦੇ ਖ਼ਾਨਦਾਨ ਦੀਆਂ ਕਈ ਪੁਸ਼ਤਾਂ ਹਿੰਦੁਸਤਾਨ ਵਿਚ ਬਰਤਾਨਵੀ ਫੌਜ ਦੇ ਉੱਚੇ ਅਹੁਦਿਆਂ 'ਤੇ ਸ਼ੌਭਦੀਆਂ ਰਹੀਆਂ ਸਨ। ਉਹਨਾਂ ਦੋਵਾਂ ਨੂੰ ਪੜ੍ਹਾਈ ਖਾਤਰ ਹਿੰਦੁਸਤਾਨ ਤੋਂ ਇੰਗਲਿਸਤਾਨ ਭੇਜਿਆ ਗਿਆ ਸੀ, ਪਰ ਉਹਨਾਂ ਦੀ ਪਹਿਲੀ ਮੁਲਾਕਾਤ ਸ਼੍ਰੀਨਗਰ ਵਿਚ ਹੋਈ ਸੀ। ਦੋਵੇਂ ਚਸ਼ਮਾ-ਸ਼ਾਹੀ ਦੇਖਣ ਗਏ ਹੋਏ ਸਨ। ਕਸ਼ਮੀਰ ਦੇ ਦਿਲਕਸ਼ ਤੇ ਹੁਸੀਨ ਮਾਹੌਲ ਵਿਚ ਹੀ ਉਹਨਾਂ ਦੀ ਮੁਹੱਬਤ ਪਰਵਾਨ ਚੜ੍ਹੀ; ਨਵੀਂ ਦਿੱਲੀ ਦੇ ਵੱਡੇ ਗਿਰਜੇ ਵਿਚ ਸ਼ਾਦੀ ਹੋਈ; ਸ਼ਿਮਲੇ ਵਿਚ ਉਹਨਾਂ ਹਨੀਮੂਨ ਮਨਾਇਆ; ਹੈਦਾਰਾਬਾਦ ਵਿਚ ਉਹਨਾਂ ਦੇ ਪੁੱਤਰ ਹੋਇਆ—ਡੇਵਿਡ, ਜਿਸਨੂੰ ਉਹ ਲੋਕ ਹੁਣ ਤਕ 'ਜੰਗੀ ਲਾਟ ਸਾਹਬ' ਦੇ ਨਾਂ ਨਾਲ ਬੁਲਾਂਦੇ ਸਨ। ਮੇਰੀ ਫਰਮਾਇਸ਼ ਉਪਰ ਮਿਸੇਜ ਹਾਰਡੀ ਆਪਣਾ ਐਲਬਮ ਲੈ ਆਈ ਤੇ ਮੈਂ ਤੀਹ ਚਾਲੀ ਵਰ੍ਹੇ ਪਹਿਲਾਂ ਦੇ ਹਿੰਦੁਸਤਾਨ ਨੂੰ ਉਸ ਸਮੇਂ ਦੇ ਹਾਕਮਾਂ ਦੀਆਂ ਨਿਗਾਹਾਂ ਨਾਲ ਦੇਖਣ ਲੱਗਿਆ—ਉਹੀ ਜਾਣੇ-ਪਛਾਣੇ ਲੋਕ; ਉਹੀ ਆਮ ਜਿਹਾ ਪਹਿਰਾਵਾ; ਉਹੀ ਸਾਡੇ ਮੰਦਰ ਤੇ ਮਸੀਤਾਂ; ਉਹੀ ਕਿਲੇ ਤੇ ਮਹਿਲ—ਹਿੰਦੁਸਤਾਨ ਦੇ ਹੁਕਮਰਾਨ ਬਦਲ ਚੁੱਕੇ ਸਨ, ਪਰ ਮੁਲਕ ਉਹੀ ਸੀ। ਲੋਕ ਉਹੀ ਸਨ। ਉਹਨਾਂ ਤਸਵੀਰਾਂ ਨੂੰ ਦੇਖਦਾ ਹੋਇਆ ਮੈਂ ਸੋਚ ਰਿਹਾ ਸਾਂ ਕਿ ਕੁਝ ਵੀ ਤਾਂ ਨਹੀਂ ਸੀ ਬਦਲਿਆ, ਤੇ ਫੇਰ ਵੀ ਕਿੰਨਾਂ ਕੁਝ ਬਦਲ ਗਿਆ ਹੈ...ਇਹ ਅੰਗਰੇਜ਼ ਬਦਲ ਗਏ ਨੇ, ਮੈਂ ਹਿੰਦੁਸਤਾਨੀ ਬਦਲ ਗਿਆ ਵਾਂ!
ਉਸੇ ਦੌਰਾਨ ਕਮਰੇ ਵਿਚ ਇਕ ਤੀਹ ਬੱਤੀ ਸਾਲ ਦਾ ਨੌਜਵਾਨ ਦਾਖ਼ਲ ਹੋਇਆ ਜਿਸਦੀ ਦਾੜ੍ਹੀ ਵਧੀ ਹੋਈ ਸੀ, ਵਾਲ ਲੰਮੇਂ-ਲੰਮੇਂ ਸਨ। ਮੈਨੂੰ ਉਸ ਨਾਲ ਮਿਲਵਾਇਆ ਗਿਆ, ਉਹ ਡੇਵਿਡ ਹਾਰਡੀ ਸੀ—ਉਹਨਾਂ ਦਾ ਪੁੱਤਰ।
''ਜੰਗੀ ਲਾਟ ਸਾਹਬ—?'' ਮੈਂ ਮੁਸਕਰਾਉਂਦਿਆਂ ਹੋਇਆਂ ਡੇਵਿਡ ਤੋਂ ਪੁੱਛਿਆ।
''ਓਅ! ਤਾਂ ਫੇਰ ਇਹ ਲੋਕ ਆਪਣੇ ਬੀਤੇ ਦੀ ਕਿਤਾਬ ਖੋਲ੍ਹ ਕੇ ਬੈਠ ਗਏ?'' ਡੇਵਿਡ ਨੇ ਜ਼ਰਾ ਝੇਂਪੀ ਜਿਹੀ ਆਵਾਜ਼ ਵਿਚ ਕਿਹਾ, ''ਮਾਫ਼ ਕਰਨਾ, ਮੇਰੇ ਮਾਤਾ-ਪਿਤਾ ਸ਼ਾਇਦ ਇਹ ਕਦੀ ਭੁੱਲ ਹੀ ਨਹੀਂ ਸਕਦੇ ਕਿ ਹਿੰਦੁਸਤਾਨ ਵਿਚ ਉਹਨਾਂ ਦੀ ਜ਼ਿੰਦਗੀ ਕਿੰਨੇ ਠਾਠ ਨਾਲ ਗੁਜ਼ਰੀ ਸੀ। ਤੁਹਾਡੇ ਮੁਲਕ ਵਿਚ ਰਹਿ ਕੇ ਇਹ ਲੋਕ ਵੀ ਹਿੰਦੁਸਤਾਨੀਆਂ ਵਾਂਗ ਖਾਸੇ ਭਾਵੁਕ ਹੋ ਗਏ ਨੇ!''
''ਕਿਉਂ ਜੰਗੀ ਲਾਟ ਸਾਹਬ...ਕੀ ਤੁਹਾਨੂੰ ਹਿੰਦੁਸਤਾਨ ਯਾਦ ਨਹੀਂ ਆਉਂਦਾ?'' ਮੈਂ ਡੇਵਿਡ ਨੂੰ ਪੁੱਛਿਆ।
'ਮੈਂ ਬਹੁਤ ਛੋਟਾ ਸਾਂ। ਬਚਪਨ ਦੀਆਂ ਕੁਝ ਧੁੰਦਲੀਆਂ ਜਿਹੀਆਂ ਯਾਦਾਂ ਮੇਰੇ ਦਿਮਾਗ਼ ਵਿਚ ਵੀ ਸਨ ਤੇ ਮੰਮੀ ਡੈਡੀ ਤੋਂ ਹਿੰਦੁਸਤਾਨ ਦਾ ਜ਼ਿਕਰ ਏਨੀ ਵਾਰੀ ਸੁਣਿਆ ਏ ਤੇ ਇੰਜ ਲੱਗਦਾ ਏ ਜਿਵੇਂ ਉੱਥੋਂ ਦੇ ਠਾਠ-ਬਾਠ ਦਾ ਕਾਫੀ ਆਨੰਦ ਮੈਨੂੰ ਵੀ ਮਿਲਿਆ ਏ। ਵੈਸੇ ਵੀ ਜ਼ਿਆਦਾ ਤਰ ਅੰਗਰੇਜ਼ ਸਿਰਫ ਸੁਣੀਆ-ਸੁਣਾਈਆਂ ਗੱਲਾਂ ਦੇ ਆਧਾਰ 'ਤੇ ਹਿੰਦੁਸਤਾਨ ਨੂੰ ਆਪਣੀ ਮਲਕੀਅਤ ਸਮਝਦੇ ਨੇ।'' ਡੇਵਿਡ ਦੇ ਲਹਿਜ਼ੇ ਤੋਂ ਲੱਗਿਆ ਜਿਵੇਂ ਉਸਨੂੰ ਉਹਨਾਂ ਅੰਗਰੇਜ਼ਾਂ ਨਾਲ ਚਿੜ ਹੈ ਜਿਹੜੇ ਇਸ ਕਿਸਮ ਦੀ ਸੋਚ ਰੱਖਦੇ ਸਨ।
''ਤੁਸੀਂ ਡੇਵਿਡ ਦੀਆਂ ਗੱਲਾਂ ਉਪਰ ਬਿਲਕੁਲ ਧਿਆਨ ਨਾ ਦੇਣਾ।'' ਕਰਨਲ ਹਾਰਡੀ ਨੇ ਮੈਨੂੰ ਆਖਿਆ, 'ਅੱਜ-ਕਲ੍ਹ ਦੇ ਨੌਜਵਾਨ ਤਾਂ ਹਰੇਕ ਗੱਲ ਦਾ ਵਿਰੋਧ ਕਰਨ ਲੱਗ ਪਏ ਨੇ।''
''ਤੁਸੀਂ ਹਿੰਦੁਸਤਾਨੀ ਜਿਹੜੇ ਇੰਗਲਿਸਤਾਨ ਵਿਚ ਨਵੇਂ-ਨਵੇਂ ਆਏ ਹੋ, ਸਮਝਦੇ ਹੋ ਕਿ ਇੱਥੇ ਰਹਿਣ-ਵੱਸਣ ਵਿਚ ਸਿਰਫ ਤੁਹਾਨੂੰ ਲੋਕਾਂ ਨੂੰ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਏ,'' ਡੇਵਿਡ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਆਪਣੀ ਗੱਲ ਜਾਰੀ ਰੱਖੀ, ''ਸੱਚ ਪੁੱਛੋ ਤਾਂ ਅਸਲ ਮੁਸੀਬਤ ਤਾਂ ਮੇਰੇ ਮਾਤਾ-ਪਿਤਾ ਵਰਗੇ ਲੋਕਾਂ ਨੂੰ ਫੇਸ ਕਰਨੀ ਪੈ ਰਹੀ ਏ ਜਿਹੜੇ ਹਿੰਦੁਸਤਾਨ ਦਾ ਠਾਠ-ਬਾਠ ਨਹੀਂ ਭੁੱਲ ਸਕਦੇ ਤੇ ਬਦਲੇ ਹੋਏ ਇੰਗਲਿਸਤਾਨ ਦੇ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦੇ। ਤੁਸੀਂ ਅੱਜ ਨਹੀਂ ਤਾਂ ਕੱਲ੍ਹ ਆਪਣੇ ਮੁਲਕ ਵਾਪਸ ਚਲੇ ਜਾਓਗੇ, ਪਰ ਇਹ ਲੋਕ ਇੱਥੇ ਰਹਿਣਗੇ ਤੇ ਆਪਣੇ ਨੌਕਰਾਂ, ਆਇਆਵਾਂ ਨੂੰ ਯਾਦ ਕਰਦੇ ਰਹਿਣਗੇ। ਉਹ ਐਸ਼ ਹੁਣ ਇਹਨਾਂ ਲੋਕਾਂ ਨੂੰ ਕਦੀ ਨਸੀਬ ਨਹੀਂ ਹੋਏਗੀ।'' ਡੇਵਿਡ ਦੀ ਆਵਾਜ਼ ਖਾਸੀ ਕੁਸੈਲੀ ਹੋ ਗਈ ਸੀ। ਫੇਰ ਉਹ ਆਪਣੀ ਮਾਂ ਵੱਲ ਭੌਂ ਕੇ ਬੋਲਿਆ, ''ਮੰਮੀ ਮੈਨੂੰ ਪਤਾ ਨਹੀਂ ਸੀ ਕਿ ਅੱਜ ਸ਼ਾਮ ਤੁਹਾਡੇ ਮਹਿਮਾਨ ਆਉਣ ਵਾਲੇ ਨੇ। ਮੈਂ ਜ਼ਰਾ ਬਾਹਰ ਜਾ ਰਿਹਾਂ।'' ਤੇ ਮਿਸੇਜ਼ ਹਾਰਡੀ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ ਉਹ ਮੇਰੇ ਨਾਲ ਹੱਥ ਮਿਲਾ ਕੇ ਚਲਾ ਗਿਆ। ਖਾਸੀ ਦੇਰ ਤਕ ਅਸੀਂ ਤਿੰਨੇ ਚੁੱਪ ਬੈਠੇ ਰਹੇ—ਆਪੋ-ਆਪਣੀਆਂ ਸੋਚਾਂ ਵਿਚ ਗੁੰਮ।
''ਕੀ ਜੰਗੀ ਲਾਟ ਸਾਹਬ ਤੁਹਾਡੇ ਇਕਲੌਤੇ ਬੇਟੇ ਨੇ?'' ਮੈਂ ਕਰਨਲ ਸਾਹਬ ਨੂੰ ਪੁੱਛਿਆ।
''ਸਾਡੀ ਇਕ ਬੇਟੀ ਵੀ ਹੈ, ਮਰੀਅਮ—ਉਹ ਡੇਵਿਡ ਨਾਲੋਂ ਤਿੰਨ ਸਾਲ ਛੋਟੀ ਏ। '' ਮਿਸੇਜ਼ ਹਾਰਡੀ ਨੇ ਜਵਾਬ ਦਿੱਤਾ, ''ਮਰੀਅਮ ਪੈਰਿਸ ਵਿਚ ਬੜੀ ਕਾਮਯਾਬ ਮਾਡਲ ਏ। ਮੈਂ ਹੁਣੇ ਉਸ ਦੀਆਂ ਤਸਵੀਰਾਂ ਦਿਖਾਂਦੀ ਆਂ।'' ਉਹ ਹੌਲੀ-ਹੌਲੀ ਤੁਰਦੀ ਹੋਈ ਕਮਰੇ 'ਚੋਂ ਬਾਹਰ ਨਿਕਲ ਗਈ।
'ਡੇਵਿਡ ਵਾਕਈ ਸੱਚ ਕਹਿੰਦਾ ਏ...ਸਾਡੀ ਜ਼ਿੰਦਗੀ ਦਾ ਬੇਹਤਰੀਨ ਹਿੱਸਾ ਹਿੰਦੁਸਤਾਨ ਵਿਚ ਬੀਤਿਆ।'' ਕਰਨਲ ਹਾਰਡੀ ਸ਼ਾਇਦ ਮੈਨੂੰ ਕਹਿ ਰਹੇ ਸਨ ਜਾਂ ਸ਼ਾਇਦ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਏ ਸਨ। ਉਹਨਾਂ ਦੀ ਨਜ਼ਰ ਸਾਹਮਣੇ ਕੰਧ ਉੱਤੇ ਸਜਾਈਆਂ ਦੋ ਤਲਵਾਰਾਂ ਵਿਚਕਾਰ ਲਟਕੀ ਹੋਈ ਕਾਲੀ ਢਾਲ ਉੱਤੇ ਟਿਕੀ ਹੋਈ ਸੀ। ''ਹਿੰਦੁਸਤਾਨ ਬਰਤਾਨਵੀ ਤਾਜ਼ ਵਿਚ ਵੱਡੇ ਸਾਰੇ ਜਗਮਗਾਂਦੇ ਹੀਰੇ ਵਾਂਗ ਸੀ।'' ਏਨਾ ਕਹਿ ਕੇ ਉਹਨਾਂ ਨੇ ਕੋਲ ਪਈ ਮੇਜ਼ ਦੇ ਦਰਾਜ਼ ਵਿਚੋਂ ਲਾਲ ਮਖ਼ਮਲ ਵਿਚ ਮੜ੍ਹਿਆ ਹੋਇਆ ਇਕ ਡੱਬਾ ਕੱਢਿਆ ਤੇ ਉਸਨੂੰ ਖੋਹਲ ਕੇ ਮੈਨੂੰ ਇਕ ਸੋਨੇ ਦਾ ਕੜਾ ਦਿਖਾਉਣ ਲੱਗੇ। ਮੈਂ ਕੜਾ ਆਪਣੇ ਹੱਥ ਵਿਚ ਲਿਆ ਕੋਈ ਅੱਠ ਦਸ ਤੋਲੇ ਦਾ ਹੋਏਗਾ। ਬੜੀ ਸ਼ਾਨਦਾਰ ਤੇ ਸੁਥਰੀ ਮੀਨਾਕਾਰੀ ਕੀਤੀ ਹੋਈ ਸੀ ਉਸ ਉੱਤੇ। ਕਰਨਲ ਸਾਹਬ ਨੇ ਉਸ ਕੜੇ ਦਾ ਇਤਿਹਾਸ ਦੱਸਿਆ ਤਾਂ ਮੇਰਾ ਮਨ ਭਾਰੀ ਹੋ ਗਿਆ। ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਗ਼ਲ ਸ਼ਹਿਜ਼ਾਦੀਆਂ ਨੂੰ ਹਮਾਯੂੰ ਦੇ ਮਕਬਰੇ ਵਿਚ ਕੈਦ ਕਰ ਦਿੱਤਾ ਗਿਆ ਸੀ। ਇਹ ਕੜਾ ਕਰਨਲ ਸਾਹਬ ਦੇ ਕਿਸੇ ਅਜੀਜ਼ ਨੇ ਕਿਸੇ ਬੇਬਸ ਤੇ ਮਜ਼ਬੂਰ ਸ਼ਹਿਜ਼ਾਦੀ ਦੀ ਬਾਂਹ 'ਚੋਂ ਲਾਹਿਆ ਸੀ।
ਉਦੋਂ ਹੀ ਮਿਸੇਜ਼ ਹਾਰਡੀ ਆਪਣੀ ਬੇਟੀ ਮਰੀਅਮ ਦੀਆਂ ਤਸਵੀਰਾਂ ਲੈ ਕੇ ਕਮਰੇ ਵਿਚ ਆ ਗਈ। ਮੈਂ ਕੜਾ ਵਾਪਸ ਉਸ ਸੁਰਖ਼ ਕੇਸ ਵਿਚ ਰੱਖ ਦਿੱਤਾ ਤੇ ਮਰੀਅਮ ਦੀਆਂ ਵੱਡੀਆਂ-ਵੱਡੀਆਂ ਰੰਗੀਨ ਤਸਵੀਰਾਂ ਦੇਖਣ ਲੱਗਿਆ। ਉਸਦੀ ਸੂਰਤ ਬੜੀ ਪਿਆਰੀ ਸੀ। ਵਾਲ ਕਾਲੇ ਸਨ ਤੇ ਅੱਖਾਂ ਜਿਵੇਂ ਸ਼ਹਿਦ ਦੀਆਂ ਵੱਡੀਆਂ-ਵੱਡੀਆਂ ਬੂੰਦਾਂ, ਜੋ ਸੂਰਜ ਦੀ ਰੌਸ਼ਨੀ ਵਿਚ ਲਿਸ਼ਕ ਰਹੀਆਂ ਹੋਣ—ਅਜੀਬ ਜਿਹੀ ਮਿਠਾਸ ਸੀ ਉਹਨਾਂ ਵਿਚ। ਮਰੀਅਮ ਦਾ ਕੱਦ-ਕਾਠ ਤੇ ਦਿੱਖ ਬੜੀ ਰੋਅਬਦਾਰ ਸੀ। ਇੰਜ ਜਾਪਦਾ ਸੀ ਜਿਵੇਂ ਕਿਸੇ ਵੱਡੇ ਮੁਲਕ ਦੀ ਸ਼ਹਿਜ਼ਾਦੀ ਰਸਮ-ਤਾਜ਼ਪੋਸ਼ੀ ਲਈ ਤਿਆਰ-ਬਰ-ਤਿਆਰ ਖੜ੍ਹੀ ਹੋਵੇ। ਮੇਰੇ ਦਿਲ ਵਿਚ ਕਿਸੇ ਚੁੱਪਚਾਪ ਕਿਹਾ, 'ਜੇ ਮਰੀਅਮ ਲੰਦਨ ਵਿਚ ਰਹਿ ਰਹੀ ਹੁੰਦੀ ਤਾਂ ਕਿੰਨਾਂ ਚੰਗਾ ਹੁੰਦਾ।' ਉਦੋਂ ਮੈਂ ਆਪਣੇ ਬੁੱਢੇ ਅੰਗਰੇਜ਼ ਮੇਜ਼ਬਾਨ ਵੱਲ ਜ਼ਰਾ ਡਰਦਿਆਂ-ਡਰਦਿਆਂ ਦੇਖਿਆ ਕਿ ਕਿਤੇ ਉਹਨਾਂ ਮੇਰੇ ਦਿਲ ਦੀ ਆਵਾਜ਼ ਤਾਂ ਨਹੀਂ ਸੁਣ ਲਈ!
''ਕੀ ਇਹ ਸੋਨੇ ਦਾ ਕੜਾ ਮਰੀਅਮ ਦੀ ਵੀਣੀ ਵਿਚ ਹੋਰ ਵੀ ਖੂਬਸੂਰਤ ਨਹੀਂ ਲਗੇਗਾ?'' ਮੈਂ ਕਰਨਲ ਹਾਰਡੀ ਵੱਲ ਭੌਂ ਕੇ ਕਿਹਾ।
''ਨਹੀਂ, ਕਤਈ ਨਹੀਂ!'' ਕਰਨਲ ਹਾਰਡੀ ਨੇ ਫੌਰਨ ਜਵਾਬ ਦਿੱਤਾ, ''ਅਸੀਂ ਪਹਿਲਾਂ ਹੀ ਇਹੋ-ਜਿਹਾ ਇਕ ਕੜਾ ਗਵਾਅ ਚੁੱਕੇ ਹਾਂ। ਸ੍ਰੀਨਗਰ ਵਿਚ ਸਾਡੇ ਇਕ ਨੌਕਰ ਨੇ ਉਸਨੂੰ ਚੁਰਾ ਲਿਆ ਸੀ।'' ਕਰਨਲ ਸਾਹਬ ਜਿਵੇਂ ਉਸ ਘਟਨਾ ਦੀ ਪੂਰੀ ਤਫ਼ਸੀਲ ਸੁਣਾਉਣ ਲਈ ਭੂਮਿਕਾ ਬੰਨ੍ਹਣ ਲੱਗੇ। ਉਹਨਾਂ ਦਾ ਚਿਹਰਾ ਲਾਲ ਹੋਣਾ ਸ਼ੁਰੂ ਹੋ ਗਿਆ।
''ਹੁਣ ਜਾਣ ਵੀ ਦਿਓ ਉਸ ਕਿੱਸੇ ਨੂੰ।'' ਮਿਸੇਜ਼ ਹਾਰਡੀ ਨੇ ਕਿਹਾ, ਪਰ ਉਹ ਖਾਸੇ ਗੁੱਸੇ ਵਿਚ ਜਾਪਦੇ ਸਨ।
''ਕਸ਼ਮੀਰ ਵਿਚ ਸਾਡਾ ਇਕ ਮੁਲਾਜ਼ਮ ਹੁੰਦਾ ਸੀ...ਵਹੀਦ ਖ਼ਾਨ। ਉਸਨੇ ਸਾਡਾ ਕੜਾ ਚੁਰਾ ਲਿਆ ਸੀ। ਜਦ ਤਕ ਸਾਨੂੰ ਉਸ ਚੋਰੀ ਦਾ ਪਤਾ ਲੱਗਿਆ, ਵਹੀਦ ਖ਼ਾਨ ਨੱਸ ਚੁੱਕਿਆ ਸੀ...ਤੇ ਫੇਰ ਪੁਲਿਸ ਨੇ ਉਸਨੂੰ ਆਸਪਾਸ ਦੇ ਕਿਸੇ ਪਿੰਡ ਵਿਚੋਂ ਜਾ ਫੜਿਆ ਸੀ ਤੇ ਖ਼ੂਬ ਕੁਟਾਪਾ ਚਾੜ੍ਹਿਆ ਸੀ—ਪਰ ਉਹ ਕੜਾ ਨਹੀਂ ਸੀ ਮਿਲਿਆ। ਮੈਨੂੰ ਅੱਜ ਅਠਾਈ ਸਾਲ ਬੀਤ ਜਾਣ ਬਾਅਦ ਵੀ ਉਸ ਕੜੇ ਦੇ ਗਵਾਚ ਜਾਣ ਦਾ ਬੜਾ ਦੁੱਖ ਹੈ। ਤੁਹਾਡੇ ਮੁਲਕ ਵਿਚ ਨੌਕਰਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਹ ਬੜੇ ਹੀ ਬੇਈਮਾਨ, ਚੋਰ, ਲੁਟੇਰੇ, ਠੱਗ... ਹੁੰਦੇ ਨੇ।''
ਜਜ਼ਬਾਤ ਤੇ ਗੁੱਸੇ ਕਾਰਨ ਕਰਨਲ ਸਾਹਬ ਦਾ ਚਿਹਰਾ ਲਾਲ ਸੁਰਖ ਹੋਇਆ ਹੋਇਆ ਸੀ। ਮੈਂ ਮਨ ਹੀ ਮਨ ਸੋਚਣ ਲੱਗਾ ਕਿ ਉਸ ਬੇਬਸ ਮੁਗ਼ਲ ਸ਼ਹਿਜ਼ਾਦੀ ਨੇ ਕਰਨਲ ਸਾਹਬ ਦੇ ਉਸ ਰਿਸ਼ਤੇਦਾਰ ਬਾਰੇ ਕੀ ਸੋਚਿਆ ਹੋਏਗਾ ਜਿਸ ਨੇ ਉਸ ਮਾਸੂਮ ਦੇ ਹੱਥੋਂ ਕੜੇ ਲਹਾਏ ਹੋਣਗੇ? ਉਹ ਵਿਚਾਰੀ ਤਾਂ ਆਪਣੇ ਦਿਲ ਦੀ ਭੜਾਸ ਵੀ ਨਹੀਂ ਕੱਢ ਸਕੀ ਹੋਣੀ ਕਿਸੇ ਕੋਲ।
ਖਾਣਾ ਅਸੀਂ ਤਿੰਨਾਂ ਨੇ ਬਿਲਕੁਲ ਚੁੱਪਚਾਪ ਮੁਕਾਇਆ। ਮੇਰੇ ਮਨ ਉਪਰ ਉਦਾਸੀ ਜਿਹੀ ਛਾਈ ਹੋਈ ਸੀ। ਤੁਰਨ ਵੇਲੇ ਮੈਂ ਕਰਨਲ ਹਾਰਡੀ ਨੂੰ ਕਿਹਾ ਕਿ ਚੋਰ ਹਰੇਕ ਮੁਲਕ ਵਿਚ ਹੁੰਦੇ ਨੇ...ਇੰਗਲਿਸਤਾਨ ਦੀਆਂ ਜੇਲ੍ਹਾਂ ਵਿਚ ਜਿਹੜੇ ਏਨੇ ਕੈਦੀ ਭਰੇ ਹੋਏ ਨੇ, ਉਹ ਕੋਈ ਫਰਿਸ਼ਤੇ ਤਾਂ ਨਹੀਂ। ਫੇਰ ਮੈਂ ਮਿਸੇਜ਼ ਹਾਰਡੀ ਵੱਲ ਭੌਂ ਕੇ ਕਿਹਾ, ''ਕਾਸ਼ ਕਿਸੇ ਦਿਨ ਤੁਸੀਂ ਇਹ ਦਿਆਨਤਦਾਰਾਨਾ ਫ਼ੈਸਲਾ ਕਰ ਲਓ ਕਿ ਇਹ ਕੜਾ ਹਿੰਦੁਸਤਾਨ ਦੀ ਹਕੂਮਤ ਨੂੰ ਵਾਪਸ ਕਰ ਦੇਣਾ ਚਾਹੀਦਾ ਏ—ਜਾਂ ਫੇਰ ਕਾਸ਼ ਕਿਸੇ ਦਿਨ ਮੈਂ ਇਸ ਕਾਬਲ ਹੋ ਜਾਵਾਂ ਕਿ ਤੁਹਾਨੂੰ ਅੱਠ ਦਸ ਤੋਲੇ ਦਾ ਇਕ ਕੜਾ ਦੇ ਸਕਾਂ ਤਾਂਕਿ ਤੁਸੀਂ ਵਹੀਦਾ ਖ਼ਾਨ ਦੀ ਚੋਰੀ ਕਾਰਨ ਸਾਰੇ ਹਿੰਦੁਸਤਾਨੀਆਂ ਬਾਰੇ ਗ਼ਲਤ ਰਾਏ ਨੂੰ ਤਿਆਗ ਸਕੋ। ਅਸੀਂ ਜੋ ਆਪਣੀ ਰੋਜ਼ੀ-ਰੋਟੀ ਖਾਤਰ ਤਦ ਤੁਹਾਡੀ ਨੌਕਰੀ ਹਿੰਦੁਸਤਾਨ ਵਿਚ ਕਰਦੇ ਸਾਂ ਤੇ ਅੱਜ ਇੱਥੇ ਇੰਗਲਿਸਤਾਨ ਵਿਚ ਫੇਰ ਆਪਣੀ ਮਿਹਨਤ ਵੇਚਣ ਆ ਵੜਦੇ ਆਂ।''
ਉਸ ਰਾਤ ਜਦੋਂ ਮੈਂ ਆਪਣੇ ਘਰ ਪਰਤ ਰਿਹਾ ਸਾਂ ਤਾਂ ਬਾਹਰ ਹਨੇਰੇ ਵਿਚ ਡੈਫੋਡਿਲ ਦੇ ਫੁੱਲਾਂ ਦਾ ਪੀਲਾ ਰੰਗ ਵੀ ਅਲੋਪ ਹੋ ਚੁੱਕਿਆ ਸੀ। ਹਨੇਰਾ ਹਰੇਕ ਚੀਜ਼ ਦੀ ਖ਼ੂਬਸੂਰਤੀ ਨੂੰ ਡਸ ਲੈਂਦਾ ਹੈ।
--- --- ---
ਦੂਸਰੇ ਦਿਨ ਸਵੇਰੇ-ਸਵੇਰੇ ਮਿਸੇਜ਼ ਹਾਰਡੀ ਦਾ ਫ਼ੋਨ ਆਇਆ, ਉਹਨਾਂ ਕਿਹਾ ਕਿ ਮੈਂ ਉਸੇ ਦਿਨ ਉਹਨਾਂ ਨੂੰ ਮਿਲਾਂ। ਉਹ ਬੋਲੀ, ''ਮੇਰੇ ਹਸਬੈਂਡ ਲੰਦਨ ਤੋਂ ਬਾਹਰ ਗਏ ਹੋਏ ਨੇ...ਤੂੰ ਜ਼ਰੂਰ ਆਵੀਂ, ਬੜੀਆਂ ਜ਼ਰੂਰੀ ਗੱਲਾਂ ਕਰਨੀਆਂ ਨੇ।''
ਦੁਪਹਿਰੇ ਮੈਂ ਮਿਸੇਜ਼ ਹਾਰਡੀ ਨੂੰ ਮਿਲਿਆ।
ਮੈਨੂੰ ਦੇਖਦਿਆਂ ਹੀ ਉਹਨਾਂ ਕਿਹਾ, ''ਕੱਲ੍ਹ ਰਾਤ ਜਦ ਤੂੰ ਗਿਆ ਸੈਂ, ਖਾਸਾ ਉਦਾਸ ਸੈਂ ਤੂੰ—ਇਸ ਲਈ ਸਾਰੀ ਰਾਤ ਮੈਨੂੰ ਵੀ ਨੀਂਦ ਨਹੀਂ ਆਈ। ਮੈਂ ਤੈਨੂੰ ਇਕ ਅਜਿਹੀ ਗੱਲ ਦੱਸਣਾ ਚਾਹੁੰਦੀ ਆਂ ਜਿਹੜੀ ਅੱਜ ਤਕ ਮੈਂ ਕਿਸੇ ਨਾਲ ਸਾਂਝੀ ਨਹੀਂ ਕੀਤੀ। ਡੇਵਿਡ ਤੇ ਮਰੀਅਮ ਨਾਲ ਵੀ ਨਹੀਂ। ਉਹ ਦੂਸਰਾ ਕੜਾ ਵਹੀਦ ਖ਼ਾਨ ਨੇ ਨਹੀਂ ਸੀ ਚੁਰਾਇਆ, ਹਾਲਾਂਕਿ ਉਸ ਵਿਚਾਰੇ ਉੱਤੇ ਇਲਜ਼ਾਮ ਇਹੋ ਲੱਗਿਆ ਸੀ।''
''ਪਰ ਇਹ ਤਾਂ ਸਰਾਸਰ ਜ਼ਿਆਦਤੀ ਹੋਈ ਨਾ!'' ਮੈਂ ਮਿਸੇਜ਼ ਹਾਰਡੀ ਨੂੰ ਕਿਹਾ।
''ਹਾਂ—ਜ਼ਿਆਦਤੀ ਤਾਂ ਹੋਈ। ਪਰ ਕਦੀ-ਕਦੀ ਅਸੀਂ ਸਾਰੇ ਹੀ ਜ਼ਿਆਦਤੀਆਂ ਕਰਦੇ ਆਂ। ਮੈਂ ਇਹ ਨਹੀਂ ਕਹਿ ਰਹੀ ਕਿ ਇਹ ਕੋਈ ਚੰਗੀ ਗੱਲ ਏ। ਹੋਇਆ ਇਹ ਸੀ ਕਿ ਡੇਵਿਡ ਛੋਟਾ ਜਿੰਨਾਂ ਸੀ, ਜਦ ਅਸੀਂ ਲੋਕ ਹੈਦਰਾਬਾਦ ਤੋਂ ਫੇਰ ਕਸ਼ਮੀਰ ਆ ਗਏ ਸਾਂ। ਝੀਲ ਦੇ ਕਿਨਾਰੇ ਸਾਡਾ ਮਕਾਨ ਸੀ। ਅਸੀਂ ਅੰਗਰੇਜ਼ ਅਫ਼ਸਰ ਬਸ ਆਪਸ ਵਿਚ ਹੀ ਮਿਲਦੇ ਜੁਲਦੇ ਸਾਂ। ਹਰ ਵੇਲੇ ਉਹੀ ਪੋਲੋ ਤੇ ਬ੍ਰਿਜ, ਜਿੰਨ ਤੇ ਟਾਂਗ, ਵਿਸਕੀ ਤੇ ਸੋਢਾ, ਡਿਨਰ ਜੈਕਟ ਤੇ ਈਵਨਿੰਗ ਡਰੈੱਸ...। ਹਿੰਦੁਸਤਾਨ ਵਿਚ ਸਿਆਸੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ, ਪਰ ਅਸਾਂ ਲੋਕਾਂ ਇਕ ਵੱਖਰੀ ਦੁਨੀਆਂ ਵਸਾਈ ਹੋਈ ਸੀ—ਨਕਲੀ, ਬਨਾਵਟੀ ਤੇ ਓਪਰੀ ਜਿਹੀ। ਮੈਨੂੰ ਉਸ ਮਾਹੌਲ ਵਿਚ ਬੜੀ ਉਕਤਾਹਟ ਮਹਿਸੂਸ ਹੁੰਦੀ...ਇਕ ਅਜੀਬ ਜਿਹੀ ਘੁਟਨ ਦਾ ਅਹਿਸਾਸ ਭਾਰੂ ਰਹਿੰਦਾ। ਮੈਂ ਰੋਜ਼ ਦੇਰ ਤਕ ਘੋੜ ਸਵਾਰੀ ਕਰਦੀ, ਝੀਲ ਵਿਚ ਤੈਰਦੀ ਰਹਿੰਦੀ, ਦੂਰ-ਦੂਰ ਤਕ ਟਹਿਲਣ ਤੁਰ ਜਾਂਦੀ...ਪਰ ਮਨ ਨੂੰ ਸ਼ਾਂਤੀ ਨਾ ਮਿਲਦੀ। ਇਕ ਦਿਨ ਮੈਂ ਆਪਣੀ ਕੋਠੀ ਵਾਪਸ ਪਹੁੰਚ ਕੇ ਘੋੜੇ ਤੋਂ ਉਤਰ ਰਹੀ ਸਾਂ ਤਾਂ ਵਹੀਦ ਖ਼ਾਨ ਨੇ ਮੇਰੀ ਮਦਦ ਕੀਤੀ। ਵਹੀਦ ਖ਼ਾਨ ਸਾਡੇ ਘਰ ਕਈ ਸਾਲ ਤੋਂ ਮੁਲਾਜ਼ਮ ਸੀ। ਬੜਾ ਉੱਚਾ-ਲੰਮਾਂ ਖ਼ੂਬਸੂਰਤ ਪਠਾਨ ਸੀ ਉਹ—ਪਰ ਉਸ ਦਿਨ ਘੋੜੇ ਤੋਂ ਉਤਰਦਿਆਂ ਹੋਇਆਂ, ਏਨੇ ਸਾਲਾਂ ਵਿਚ, ਪਹਿਲੀ ਵਾਰੀ ਮੈਂ ਵਹੀਦ ਖ਼ਾਨ ਦੇ ਏਨਾ ਨਜ਼ਦੀਕ ਆਈ ਸਾਂ। ਉਸਦੇ ਹੱਥ ਤਾਕਤਵਰ ਤੇ ਮਜ਼ਬੂਤ ਸਨ ਤੇ ਉਸਦੇ ਜਿਸਮ ਵਿਚੋਂ ਪਸੀਨੇ ਦੀ ਬੂ ਆ ਰਹੀ ਸੀ, ਉਹ ਉਸ ਦਿਨ ਸਾਡੇ ਆਤਿਸ਼ਦਾਨ ਲਈ ਕੁਹਾੜੇ ਨਾਲ ਲੱਕੜਾਂ ਪਾੜ ਰਿਹਾ ਸੀ। ਸ਼ਾਇਦ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਇਕ ਮਿਹਨਤੀ ਇਨਸਾਨ ਦੇ ਪਸੀਨੇ ਦੀ ਮਹਿਕ ਨੂੰ ਸੁੰਘਿਆ ਸੀ! ਤੇ ਫੇਰ ਉਹ ਮਹਿਕ ਮੇਰਾ ਪਿੱਛਾ ਕਰਨ ਲੱਗ ਪਈ—ਘਰ ਦੀ ਤਨਹਾਈ ਵਿਚ, ਕਾਕਟੇਲ ਪਾਰਟੀਆਂ ਦੀ ਭੀੜ ਵਿਚ। ਹਰ ਥਾਂ, ਹਰ ਸਮੇਂ—ਮੈਂ ਹੌਲੀ-ਹੌਲੀ ਵਹੀਦ ਖ਼ਾਨ ਦੇ ਨੇੜੇ ਹੁੰਦੀ ਗਈ। ਉਸਦੀ ਛਾਤੀ ਚੌੜੀ ਸੀ, ਵਾਲ ਸ਼ਾਹ ਕਾਲੇ ਸਨ ਤੇ ਅੱਖਾਂ ਧੁੰਦਲੇ ਸ਼ਹਿਦ ਵਰਗੀਆਂ। ਉਸਦੀ ਆਵਾਜ਼ ਵਿਚ ਕਸ਼ਮੀਰੀ ਝੀਲ ਦੇ ਕੰਢੇ ਉਗੇ ਰੁੱਖਾਂ ਵਿਚੋਂ ਸ਼ਾਮ ਵੇਲੇ ਲੰਘਦੀ ਹਵਾ ਵਰਗੀ ਹੂਕ ਸੀ।''
''ਮਰੀਅਮ ਦੀਆਂ ਅੱਖਾਂ ਵਿਚ ਵੀ ਤਾਂ ਸ਼ਾਇਦ ਸ਼ਹਿਦ ਵਰਗੀ ਮਿਠਾਸ ਹੈ?'' ਮੈਂ ਮਿਸੇਜ਼ ਹਾਰਡੀ ਨੂੰ ਸੁਣਾ ਕੇ ਬੜਬੜਾਇਆ। ਮੈਨੂੰ ਕਲ੍ਹ ਸ਼ਾਮੀਂ ਦੇਖੀਆਂ ਤਸਵੀਰਾਂ ਯਾਦ ਆ ਰਹੀਆਂ ਸਨ। ਮਰੀਅਮ ਦੇ ਹੁਸਨ ਨੂੰ ਭੁੱਲਣਾ ਆਸਾਨ ਨਹੀਂ ਸੀ।
''ਹਾਂ—ਮਰੀਅਮ ਵਹੀਦ ਖ਼ਾਨ ਦੀ ਬੇਟੀ ਏ। ਉਸਦੇ ਖ਼ੂਨ ਵਿਚ ਪਠਾਨ ਤੇ ਅੰਗਰੇਜ਼ ਖ਼ੂਨ ਦਾ ਮਿਲਾਨ ਏ। ਦੋ ਮੁਹੱਬਤ ਕਰਨ ਵਾਲੇ ਦਿਲਾਂ ਦੀ ਧੜਕਨ ਦੀ ਗੂੰਜ ਏ। ਏਸੇ ਲਈ ਮਰੀਅਮ ਹਮੇਸ਼ਾ ਘਰ ਤੋਂ ਦੂਰ ਰਹੀ—ਕਰਨਲ ਸਾਹਬ ਨੂੰ ਇਕ ਦਿਨ ਇਤਫ਼ਾਕ ਨਾਲ ਮੇਰੀ ਤੇ ਵਹੀਦ ਖ਼ਾਨ ਦੀ ਦੋਸਤੀ ਦਾ ਪਤਾ ਲੱਗ ਗਿਆ। ਉਹ ਗੁੱਸੇ ਵਿਚ ਬਿੱਫਰੇ ਹੋਏ ਪਿਸਤੌਲ ਲੈ ਕੇ ਵਹੀਦ ਖ਼ਾਨ ਦੇ ਪਿੱਛੇ ਨੱਸੇ। ਵਹੀਦ ਖ਼ਾਨ ਨਾਲ ਦੇ ਇਕ ਪਿੰਡ ਵਿਚ ਜਾ ਲੁਕਿਆ। ਦੂਸਰੇ ਦਿਨ ਕਰਨਲ ਸਾਹਬ ਨੇ ਉਸਦੇ ਪਿੱਛੇ ਪੁਲਸ ਲਾ ਦਿੱਤੀ, ਤੇ ਚੋਰੀ ਦੇ ਇਲਜ਼ਾਮ ਵਿਚ ਉਸਨੂੰ ਫੜਵਾ ਦਿੱਤਾ—ਉਹ ਆਪਣੀ ਬਦਨਾਮੀ ਨਹੀਂ ਸਨ ਚਾਹੁੰਦੇ—ਉਹ ਨਹੀਂ ਚਾਹੁੰਦੇ ਸਨ ਕਿ ਇਕ ਅੰਗਰੇਜ਼ ਅਫ਼ਸਰ ਦੀ ਪਤਨੀ ਤੇ ਇਕ ਹਿੰਦੁਸਤਾਨੀ ਨੌਕਰ ਦੇ ਇਸ਼ਕ ਦੇ ਚਰਚੇ ਹੋਣ।''
''ਪਰ ਫੇਰ ਦੂਸਰੇ ਕੜੇ ਦਾ ਕੀ ਹੋਇਆ?'' ਮੈਂ ਪੁੱਛਿਆ।
''ਦੂਸਰਾ ਕੜਾ ਸੀ ਹੀ ਨਹੀਂ। ਕਰਨਲ ਸਾਹਬ ਦੇ ਖ਼ਾਨਦਾਨ ਦੇ ਹੱਥ ਸਿਰਫ ਇਕ ਕੜਾ ਹੀ ਆਇਆ ਸੀ।''
''ਤੇ ਏਨੇ ਵਰ੍ਹੇ ਤੁਸੀਂ ਲੋਕ ਆਪਣੇ ਦੋਸਤਾਂ ਸਾਹਮਣੇ ਹਿੰਦੁਸਤਾਨੀ ਨੌਕਰਾਂ ਨੂੰ ਬੇਈਮਾਨ ਤੇ ਚੋਰ ਦਸਦੇ ਰਹੇ—ਮੇਰਾ ਖ਼ਿਆਲ ਏ, ਡੇਵਿਡ ਤੇ ਮਰੀਅਮ ਵੀ ਇਹੀ ਸਮਝਦੇ ਹੋਣਗੇ?''
''ਹਾਂ,'' ਮਿਸੇਜ਼ ਹਾਰਡੀ ਦੀ ਆਵਾਜ਼ ਉਦਾਸ ਜਿਹੀ ਸੀ, ''ਮੈਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਿਹਾ, ਪਰ ਕਦੀ ਹਿੰਮਤ ਨਹੀਂ ਹੋਈ ਕਿ ਸੱਚੀ ਗੱਲ ਕਿਸੇ ਨੂੰ ਦਸ ਸਕਾਂ। ਇਸ ਕਰਕੇ ਅੱਜ ਤੈਨੂੰ ਉਚੇਚੇ ਤੌਰ 'ਤੇ ਬੁਲਾਇਆ ਏ ਕਿ ਦਸ ਸਕਾਂ ਕਿ ਅਸਾਂ ਅੰਗਰੇਜ਼ਾਂ ਵਿਚ ਵੀ ਇਨਸਾਨੀ ਕਮਜ਼ੋਰੀਆਂ ਹੁੰਦੀਆਂ ਨੇ। ਈਰਖਾ ਦੀ ਅੱਗ ਵਿਚ ਅਸੀਂ ਵੀ ਭੁੱਜਦੇ ਆਂ। ਅਸੀਂ ਵੀ ਜਾਣਦੇ-ਬੁੱਝਦੇ ਹੋਏ ਅਕਸਰ ਝੂਠ ਬੋਲਦੇ ਰਹਿੰਦੇ ਆਂ। ਹਾਰ ਮੰਨਣ ਦੀ ਬਜਾਏ ਅਸੀਂ ਵੀ ਹਠ-ਧਰਮੀ ਬਣ ਬੈਠਦੇ ਆਂ ਤੇ ਸਭ ਤੋਂ ਵੱਡੀ ਗੱਲ ਇਹ ਈ ਕਿ ਅਸੀਂ ਕਿਸੇ ਹਿੰਦੁਸਤਾਨੀ ਨਾਲ ਮੁਹੱਬਤ ਕਰਦੇ ਆਂ ਤਾਂ ਉਸਦਾ ਵੀ ਕੋਈ ਹੱਦ-ਬੰਨਾ ਨਹੀਂ ਹੁੰਦਾ, ਭਾਵੇਂ ਕਦੀ-ਕਦੀ ਮਜ਼ਬੂਰੀਆਂ ਸਾਨੂੰ ਇਸ ਦਾ ਖੁੱਲ੍ਹਮ-ਖੁੱਲ੍ਹਾ ਇਕਰਾਰ ਕਰਨ ਤੋਂ ਰੋਕ ਲੈਂਦੀਆਂ ਨੇ। ਆਪਣੇ ਮਹਿਬੂਬ ਤੋਂ ਵਿਛੜਨ ਦੇ ਅਠਾਈ ਸਾਲ ਬਾਅਦ ਵੀ ਉਸਦੇ ਪਸੀਨੇ ਦੀ ਮਹਿਕ ਨੂੰ ਨਹੀਂ ਭੁੱਲ ਸਕਦੇ।'' ਮਿਸੇਜ਼ ਹਾਰਡੀ ਦੀਆਂ ਨੀਲੀਆਂ ਅੱਖਾਂ ਵਿਚ ਅੱਥਰੂ ਥਿਰਕਨ ਲੱਗ ਪਏ ਸਨ। ''ਕਾਸ਼! ਮੈਂ ਇਹ ਸਭ ਵਹੀਦ ਖ਼ਾਨ ਨੂੰ ਕਹਿ ਸਕਦੀ...''
ਤੇ ਬਾਅਦ ਦੁਪਹਿਰ ਜਦ ਮੈਂ ਬਾਹਰ ਨਿਕਲਿਆ ਸਾਂ ਤਾਂ ਡੈਫੋਡਿਲ ਦੇ ਪੀਲੇ ਫੁੱਲ ਮਿਠੀ-ਮਿਠੀ ਧੁੱਪ ਵਿਚ ਝੂੰਮ ਰਹੇ ਸਨ ਤੇ ਮੈਂ ਸੋਚ ਰਿਹਾ ਸਾਂ ਕਿ ਜੇ ਹਿੰਦੁਸਤਾਨ ਵਿਚ ਮੈਨੂੰ ਕਦੀ ਵਹੀਦ ਖ਼ਾਨ ਮਿਲਿਆ ਤਾਂ ਉਸਨੂੰ ਦੱਸਾਂਗਾ ਕਿ ਲੰਦਨ ਵਿਚ ਇਕ ਅੰਗਰੇਜ਼ ਔਰਤ ਜਿਹੜੀ ਕਦੀ ਡਾਢੀ ਹੁਸੀਨ ਹੁੰਦੀ ਹੋਏਗੀ, ਅੱਜ ਏਨੇ ਵਰ੍ਹਿਆਂ ਬਾਅਦ ਵੀ ਉਸਨੂੰ ਯਾਦ ਕਰਦੀ ਹੈ। ਉਹਨਾਂ ਪਲਾਂ ਨੂੰ ਯਾਦ ਕਰਦੀ ਹੈ ਜਿਹੜੇ ਕਸ਼ਮੀਰ ਦੀਆਂ ਹੁਸੀਨ ਵਾਦੀਆਂ ਵਿਚ ਉਹਨਾਂ ਇਕੱਠਿਆਂ ਨੇ ਬਿਤਾਏ ਸਨ। ਪਰ ਵਹੀਦ ਖ਼ਾਨ ਨੂੰ ਮੈਂ ਇਹ ਨਹੀਂ ਦਸ ਸਕਾਂਗਾ ਕਿ ਉਸਦੀ ਖ਼ੂਬਸੂਰਤ ਧੀ ਮਰੀਅਮ ਪੈਰਿਸ ਵਿਚ ਮਾਡਲ-ਗਰਲ ਹੈ ਤੇ ਨਿੱਤ ਨਵੇਂ-ਨਵੇਂ ਪੋਜਾਂ ਵਿਚ ਆਪਣੇ ਜਿਸਮ ਦੀ ਨੁਮਾਇਸ਼ ਕਰਦੀ ਹੈ ਇਹ ਗੱਲ ਸੁਣ ਕੇ ਸ਼ਾਇਦ ਬੁੱਢੇ ਵਹੀਦ ਖ਼ਾਨ ਨੂੰ ਕਾਫੀ ਦੁੱਖ ਹੋਏਗਾ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਅਲੀ ਬਾਕਰ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ