Punjabi Stories/Kahanian
ਅਰਨੈਸਟ ਹੈਮਿੰਗਵੇ
Ernest Hemingway
 Punjabi Kahani
Punjabi Kavita
  

Hatiare Ernest Hemingway

ਹਤਿਆਰੇ ਅਰਨੈਸਟ ਹੈਮਿੰਗਵੇ

ਹੈਨਰੀ ਲੰਚਰੂਮ ਦਾ ਬੂਹਾ ਖੁੱਲ੍ਹਿਆ ਅਤੇ ਦੋ ਵਿਅਕਤੀ ਅੰਦਰ ਆਏ। ਉਹ ਇੱਕ ਮੇਜ਼ ਦੇ ਨਾਲ ਲੱਗੀਆਂ ਕੁਰਸੀਆਂ ਤੇ ਬੈਠ ਗਏ।
“ਤੁਸੀਂ ਕੀ ਲਓਗੇ?” ਜਾਰਜ ਨੇ ਉਨ੍ਹਾਂ ਨੂੰ ਪੁੱਛਿਆ।
“ਪਤਾ ਨਹੀਂ,” ਉਨ੍ਹਾਂ ਵਿਚੋਂ ਇੱਕ ਨੇ ਕਿਹਾ। “ਅਲ, ਤੂੰ ਕੀ ਲੈਣਾ ਚਾਹੇਂਗਾ?”
“ਪਤਾ ਨਹੀਂ,” ਅਲ ਨੇ ਕਿਹਾ। “ਮੈਂ ਨਹੀਂ ਜਾਣਦਾ, ਮੈਂ ਕੀ ਲਵਾਂਗਾ।”
ਬਾਹਰ ਹਨੇਰਾ ਹੋਣ ਲੱਗਾ ਸੀ। ਖਿੜਕੀ ਦੇ ਉਸ ਪਾਰ ਸੜਕ ਦੀਆਂ ਬੱਤੀਆਂ ਜਲ ਪਈਆਂ ਸਨ। ਕਾਊਂਟਰ ਤੇ ਬੈਠੇ ਦੋਨੋਂ ਆਦਮੀਆਂ ਨੇ ਮੇਨੂ ਪੜ੍ਹਿਆ। ਹਾਲ ਦੇ ਦੂਜੇ ਪਾਸੇ ਤੋਂ ਨਿੱਕ ਐਡਮਸ ਉਨ੍ਹਾਂ ਨੂੰ ਵੇਖ ਰਿਹਾ ਸੀ। ਜਦੋਂ ਉਹ ਦੋਨੋਂ ਅੰਦਰ ਆਏ, ਉਸ ਸਮੇਂ ਉਹ ਜਾਰਜ ਨਾਲ ਗੱਲਾਂ ਕਰ ਰਿਹਾ ਸੀ।
“ਮੈਂ ਸੂਰ ਦਾ ਨਰਮ ਭੁੰਨਿਆ ਹੋਇਆ ਗੋਸ਼ਤ, ਸੇਬ ਦੀ ਚਟਨੀ ਅਤੇ ਆਲੂ ਦਾ ਭਰਥਾ ਲਵਾਂਗਾ,” ਪਹਿਲੇ ਆਦਮੀ ਨੇ ਕਿਹਾ।
“ਇਹ ਸਭ ਅਜੇ ਤਿਆਰ ਨਹੀਂ ਹੈ।”
“ਤਾਂ ਫਿਰ ਤੁਸੀਂ ਇਸਨੂੰ ਮੇਨੂ ਵਿੱਚ ਕਿਉਂ ਲਿਖ ਰੱਖਿਆ ਹੈ?”
“ਇਹ ਰਾਤ ਦਾ ਖਾਣਾ ਹੈ,” ਜਾਰਜ ਨੇ ਦੱਸਿਆ। “ਇਹ ਸਭ ਤੁਹਾਨੂੰ ਛੇ ਵਜੇ ਦੇ ਬਾਅਦ ਮਿਲੇਗਾ।”
ਜਾਰਜ ਨੇ ਪਿੱਛੇ ਕੰਧ ਤੇ ਲੱਗੇ ਕਲਾਕ ਦੇ ਵੱਲ ਵੇਖਿਆ।
“ਅਜੇ ਪੰਜ ਵਜੇ ਹਨ।”
“ਪਰ ਘੜੀ ਤੇ ਤਾਂ ਪੰਜ ਵਜ ਕੇ ਵੀਹ ਮਿੰਟ ਹੋ ਰਹੇ ਹਨ,” ਦੂਜੇ ਆਦਮੀ ਨੇ ਕਿਹਾ।
“ਘੜੀ ਵੀਹ ਮਿੰਟ ਅੱਗੇ ਚੱਲ ਰਹੀ ਹੈ।”
“ਭਾੜ ਵਿੱਚ ਜਾਵੇ ਤੁਹਾਡੀ ਘੜੀ,” ਪਹਿਲਾ ਆਦਮੀ ਬੋਲਿਆ। “ਖਾਣ ਲਈ ਕੀ ਮਿਲੇਗਾ?”
“ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸੈਂਡਵਿਚ ਦੇ ਸਕਦਾ ਹਾਂ,” ਜਾਰਜ ਨੇ ਕਿਹਾ। “ਮੈਂ ਤੁਹਾਨੂੰ ਹੈਮ ਅਤੇ ਆਂਡੇ, ਬੇਕਨ ਅਤੇ ਆਂਡੇ, ਕਲੇਜੀ ਅਤੇ ਬੇਕਨ, ਜਾਂ ਇੱਕ ਸਟੀਕ ਦੇ ਸਕਦਾ ਹਾਂ”
“ਮੈਨੂੰ ਚਿਕਨ ਕਰੋਕੈੱਟ, ਹਰੇ ਮਟਰ ਅਤੇ ਕਰੀਮ ਸਾਸ ਅਤੇ ਆਲੂ ਭੜਥਾ ਦੇ ਦਿਓ।”
“ਇਹ ਸਭ ਰਾਤ ਦਾ ਖਾਣਾ ਹੈ।”
“ਸਾਨੂੰ ਜੋ ਵੀ ਚੀਜ਼ ਚਾਹੀਦੀ ਹੈ, ਉਹ ਰਾਤ ਦਾ ਖਾਣਾ ਹੋ ਜਾਂਦਾ ਹੈ? ਇਹ ਗੱਲ ਹੈ!”
“ਮੈਂ ਤੁਹਾਨੂੰ ਹੈਮ ਅਤੇ ਆਂਡੇ, ਬੇਕਨ ਅਤੇ ਆਂਡੇ, ਕਲੇਜੀ…।”
“ਮੈਂ ਹੈਮ ਅਤੇ ਅੰਡੇ ਲਵਾਂਗਾ,” ਅਲ ਨਾਮ ਦੇ ਆਦਮੀ ਨੇ ਕਿਹਾ। ਉਸਨੇ ਇੱਕ ਟੋਪੀ ਅਤੇ ਲੰਬਾ ਕੋਟ ਪਾਇਆ ਹੋਇਆ ਸੀ ਜਿਸਦੇ ਬਟਨ ਉਸਦੀ ਛਾਤੀ ਉੱਤੇ ਲੱਗੇ ਹੋਏ ਸਨ। ਉਸਦਾ ਚਿਹਰਾ ਛੋਟਾ ਅਤੇ ਬੱਗਾ ਸੀ ਅਤੇ ਉਸਦੇ ਬੁਲ੍ਹ ਆਠਰੇ ਹੋਏ ਸਨ। ਉਸਨੇ ਰੇਸ਼ਮੀ ਮਫਲਰ ਅਤੇ ਦਸਤਾਨੇ ਪਾਏ ਹੋਏ ਸਨ।
“ਮੈਨੂੰ ਬੇਕਨ ਅਤੇ ਆਂਡੇ ਲਿਆ ਦਿਓ”, ਦੂਜੇ ਆਦਮੀ ਨੇ ਕਿਹਾ। ਕੱਦ ਵਿੱਚ ਉਹ ਵੀ ਅਲ ਜਿੰਨਾ ਹੀ ਸੀ। ਹਾਲਾਂਕਿ ਉਨ੍ਹਾਂ ਦੇ ਚਿਹਰੇ-ਮੋਹਰੇ ਵੱਖ ਸਨ ਪਰ ਦੋਨੋਂ ਨੇ ਇੱਕੋ ਜਿਹੇ ਕੱਪੜੇ ਪਹਿਨ ਰੱਖੇ ਸਨ, ਜਿਵੇਂ ਉਹ ਜੁੜਵੇਂ ਭਰਾ ਹੋਣ। ਦੋਨਾਂ ਨੇ ਬੇਹਦ ਭੀੜੇ ਓਵਰਕੋਟ ਪਾਏ ਹੋਏ ਸੀ ਅਤੇ ਦੋਨੋਂ ਮੇਜ਼ ਉੱਤੇ ਆਪਣੀਆਂ ਕੂਹਣੀਆਂ ਟਿਕਾਈਂ, ਅੱਗੇ ਦੇ ਵੱਲ ਝੁਕ ਕੇ ਬੈਠੇ ਹੋਏ ਸਨ।
“ਪੀਣ ਲਈ ਕੀ ਹੈ?” ਅਲ ਨੇ ਪੁੱਛਿਆ।
“ਸਿਲਵਰ ਬੀਅਰ, ਬੇਵੋ, ਜਿੰਜਰ-ਏਲ,” ਜਾਰਜ ਨੇ ਕਿਹਾ।
“ਮੈਂ ਦਰਅਸਲ ਪੀਣ ਲਈ ਕੁੱਝ ਮੰਗ ਰਿਹਾ ਹਾਂ।”
“ਜੋ ਮੈਂ ਕਿਹਾ, ਉਹੀ ਹੈ।”
“ਇਹ ਬਹੁਤ ਗਰਮ ਸ਼ਹਿਰ ਹੈ,” ਦੂਜਾ ਆਦਮੀ ਬੋਲਿਆ। “ਇਸ ਸ਼ਹਿਰ ਦਾ ਨਾਮ ਕੀ ਹੈ?”
“ਸੁਮਿਟ।”
“ਕੀ ਕਦੇ ਇਹ ਨਾਮ ਸੁਣਿਆ ਹੈ?” ਅਲ ਨੇ ਆਪਣੇ ਸਾਥੀ ਨੂੰ ਪੁੱਛਿਆ।
“ਕਦੇ ਨਹੀਂ।”
“ਰਾਤ ਨੂੰ ਇੱਥੇ ਤੁਸੀਂ ਲੋਕ ਕੀ ਕਰਦੇ ਹੋ?” ਅਲ ਨੇ ਪੁੱਛਿਆ।
“ਉਹ ਇੱਥੇ ਆ ਕੇ ਰਾਤ ਦਾ ਖਾਣਾ ਖਾਂਦੇ ਹਨ,” ਉਸਦੇ ਸਾਥੀ ਨੇ ਕਿਹਾ। “ਉਹ ਸਭ ਇੱਥੇ ਆ ਕੇ ਧੂਮ-ਧਾਮ ਨਾਲ ਰਾਤ ਦਾ ਖਾਣਾ ਖਾਂਦੇ ਹਨ!”
“ਹਾਂ, ਤੁਸੀਂ ਠੀਕ ਕਿਹਾ,” ਜਾਰਜ ਬੋਲਿਆ।
“ਤਾਂ ਤੈਨੂੰ ਲੱਗਦਾ ਹੈ ਕਿ ਇਹ ਠੀਕ ਹੈ?” ਅਲ ਨੇ ਜਾਰਜ ਤੋਂ ਪੁੱਛਿਆ।
“ਬੇਸ਼ੱਕ।”
“ਤੂੰ ਬਹੁਤ ਹੀ ਹੁਸ਼ਿਆਰ ਮੁੰਡਾ ਹੈਂ, ਹੈ ਨਾ?”
ਜਾਰਜ ਨੇ ਕਿਹਾ, “ਯਕੀਨਨ।”
“ਪਰ ਤੂੰ ਹੁਸ਼ਿਆਰ ਨਹੀਂ, ਸਮਝਿਆ?” ਛੋਟੇ ਕੱਦ ਦੇ ਦੂਜੇ ਆਦਮੀ ਨੇ ਕਿਹਾ। “ਤੇਰਾ ਕੀ ਖ਼ਿਆਲ ਹੈ, ਅਲ?”
“ਇਹ ਬੋਲ਼ਾ ਹੈ,” ਅਲ ਬੋਲਿਆ। ਫਿਰ ਉਹ ਨਿੱਕ ਦੇ ਵੱਲ ਮੁੜਿਆ। “ਤੇਰਾ ਨਾਮ ਕੀ ਹੈ?”
“ਐਡਮਸ।”
“ਇੱਕ ਹੋਰ ਹੁਸ਼ਿਆਰ ਮੁੰਡਾ,” ਅਲ ਬੋਲਿਆ। “ਕੀ ਇਹ ਹੁਸ਼ਿਆਰ ਨਹੀਂ ਹੈ, ਮੈਕਸ?”
“ਇਹ ਪੂਰਾ ਸ਼ਹਿਰ ਹੀ ਅਕਲਮੰਦਾਂ ਨਾਲ ਭਰਿਆ ਹੋਇਆ ਹੈ,” ਮੈਕਸ ਨੇ ਕਿਹਾ।

ਜਾਰਜ ਖਾਣਾ ਲੈ ਕੇ ਆਇਆ ਅਤੇ ਉਨ੍ਹਾਂ ਦੀ ਮੇਜ਼ ਉੱਤੇ ਰੱਖ ਦਿੱਤਾ।
“ਤੇਰਾ ਕਿਹੜਾ ਹੈ?” ਅਲ ਨੇ ਪੁੱਛਿਆ।
“ਕੀ ਤੈਨੂੰ ਯਾਦ ਨਹੀਂ?”
“ਹੈਮ ਅਤੇ ਆਂਡੇ।
“ਵਾਹ, ਹੁਸ਼ਿਆਰ ਮੁੰਡੇ!” ਮੈਕਸ ਬੋਲਿਆ। ਉਹ ਅੱਗੇ ਦੇ ਵੱਲ ਝੁੱਕਿਆ ਅਤੇ ਉਸਨੇ ਆਪਣਾ ਖਾਣਾ ਲੈ ਲਿਆ। ਦੋਨੋਂ ਬਿਨਾਂ ਆਪਣੇ ਦਸਤਾਨੇ ਉਤਾਰੇ ਹੀ ਖਾਣਾ ਖਾਣ ਲੱਗੇ। ਜਾਰਜ ਉਨ੍ਹਾਂ ਨੂੰ ਖਾਂਦੇ ਹੋਏ ਵੇਖਦਾ ਰਿਹਾ।
“ਤੂੰ ਏਧਰ ਕੀ ਵੇਖ ਰਿਹਾ ਹੈਂ?” ਮੈਕਸ ਨੇ ਜਾਰਜ ਨੂੰ ਪੁੱਛਿਆ।
“ਕੁੱਝ ਨਹੀਂ।”
“ਝੂਠੇ, ਤੂੰ ਮੈਨੂੰ ਵੇਖ ਰਿਹਾ ਸੈਂ।”
“ਸ਼ਾਇਦ ਮੁੰਡੇ ਨੇ ਮਜ਼ਾਕ ਵਿੱਚ ਅਜਿਹਾ ਕੀਤਾ ਹੋਵੇਗਾ,” ਅਲ ਨੇ ਕਿਹਾ। ਜਾਰਜ ਹਸ ਛੱਡਿਆ।
“ਤੈਨੂੰ ਹਸਣਾ ਨਹੀਂ ਚਾਹੀਦਾ। ਤੈਨੂੰ ਉੱਕਾ ਹਸਣਾ ਨਹੀਂ ਚਾਹੀਦਾ, ਸਮਝਿਆ?”
“ਠੀਕ ਹੈ,” ਜਾਰਜ ਬੋਲਿਆ।
“ਤਾਂ ਇਹ ਸਮਝਦਾ ਹੈ ਕਿ ਇਹ ਠੀਕ ਹੈ,” ਮੈਕਸ ਅਲ ਦੇ ਵੱਲ ਮੁੜਿਆ। “ਇਹ ਸਮਝਦਾ ਹੈ ਕਿ ਇਹ ਠੀਕ ਹੈ। ਵਾਹ, ਇਹ ਚੰਗੀ ਸਮਝ ਹੈ!”
“ਓਏ, ਇਹ ਚਿੰਤਕ ਹੈ,” ਅਲ ਨੇ ਕਿਹਾ। ਉਹ ਦੋਨੋਂ ਖਾਣਾ ਖਾਂਦੇ ਰਹੇ।
“ਕਾਊਂਟਰ ਤੇ ਬੈਠੇ ਉਸ ਮੁੰਡੇ ਦਾ ਕੀ ਨਾਮ ਹੈ?” ਅਲ ਨੇ ਮੈਕਸ ਨੂੰ ਪੁੱਛਿਆ।
“ਸੁਣ, ਹੁਸ਼ਿਆਰ ਮੁੰਡੇ,” ਮੈਕਸ ਨਿੱਕ ਨੂੰ ਬੋਲਿਆ, “ਤੂੰ ਆਪਣੇ ਦੋਸਤ ਦੇ ਨਾਲ ਉੱਧਰ ਦੂਜੇ ਕੋਨੇ ਵਿੱਚ ਚਲੇ ਜਾ।”
“ਕੀ ਮਤਲਬ?”
“ਕੋਈ ਮਤਲਬ ਨਹੀਂ।”
“ਤੁਰਤ ਉਸ ਪਾਸੇ ਚਲੇ ਜਾ, ਹੁਸ਼ਿਆਰ ਮੁੰਡੇ,” ਅਲ ਬੋਲਿਆ। ਨਿੱਕ ਨੇ ਉਵੇਂ ਹੀ ਕੀਤਾ ਜਿਵੇਂ ਉਸਨੂੰ ਕਿਹਾ ਗਿਆ ਸੀ।
“ਤੁਸੀਂ ਚਾਹੁੰਦੇ ਕੀ ਹੋ?” ਜਾਰਜ ਨੇ ਪੁੱਛਿਆ।
“ਤੂੰ ਆਪਣੇ ਕੰਮ ਨਾਲ ਕੰਮ ਰੱਖ,” ਅਲ ਬੋਲਿਆ। “ਰਸੋਈ ਵਿੱਚ ਕੌਣ ਹੈ?”
“ਹਬਸ਼ੀ ਹੈ।”
“ਹਬਸ਼ੀ ਤੋਂ ਤੇਰਾ ਕੀ ਮਤਲਬ ਹੈ?”
“ਹਬਸ਼ੀ ਰਸੋਈਆ।”
“ਉਸਨੂੰ ਇੱਥੇ ਆਉਣ ਲਈ ਕਹਿ।”
“ਤੁਸੀਂ ਕਰਨਾ ਕੀ ਚਾਹੁੰਦੇ ਹੋ?”
“ਉਸਨੂੰ ਇੱਥੇ ਆਉਣ ਵਾਲੇ ਲਈ ਕਹਿ।”
“ਤੁਹਾਨੂੰ ਕੀ ਲੱਗ ਰਿਹਾ ਹੈ, ਤੁਸੀਂ ਕਿੱਥੇ ਹੋ?”
“ਅਬੇ ਸਾਲੇ, ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਅਸੀਂ ਕਿੱਥੇ ਹਾਂ,” ਮੈਕਸ ਨਾਮ ਦੇ ਆਦਮੀ ਨੇ ਕਿਹਾ। “ਕੀ ਅਸੀਂ ਬੇਵਕੂਫ ਦਿਖਦੇ ਹਾਂ?”
ਤੂੰ ਮੂਰਖਾਂ ਵਾਲੀਆਂ ਗੱਲਾਂ ਕਰ ਰਿਹਾ ਹੈਂ,” ਅਲ ਨੇ ਉਸਨੂੰ ਕਿਹਾ। ਤੂੰ ਇਸ ਮੁੰਡੇ ਨਾਲ ਬਹਿਸ ਕਿਉਂ ਕਰ ਰਿਹਾ ਹੈਂ? ਸੁਣ, ” ਉਸਨੇ ਜਾਰਜ ਨੂੰ ਕਿਹਾ, “ਹਬਸ਼ੀ ਨੂੰ ਇੱਥੇ ਆਉਣ ਲਈ ਕਹਿ।”
“ਤੁਸੀਂ ਉਸ ਨਾਲ ਕੀ ਕਰਨ ਵਾਲੇ ਹੋ?”
“ਕੁੱਝ ਨਹੀਂ। ਆਪਣਾ ਦਿਮਾਗ ਇਸਤੇਮਾਲ ਕਰ, ਹੁਸ਼ਿਆਰ ਮੁੰਡੇ। ਅਸੀਂ ਇੱਕ ਹਬਸ਼ੀ ਦਾ ਕੀ ਕਰਾਂਗੇ?”

ਜਾਰਜ ਨੇ ਹਾਲ ਅਤੇ ਰਸੋਈ ਦੇ ਵਿੱਚ ਦੀ ਖਿੜਕੀ ਖੋਲ੍ਹ ਲਈ। “ਸੈਮ,” ਉਸਨੇ ਅਵਾਜ਼ ਲਗਾਈ, “ਇੱਕ ਮਿੰਟ ਇੱਥੇ ਆਣਾ।”
ਰਸੋਈ ਦਾ ਬੂਹਾ ਖੁਲ੍ਹਿਆ ਅਤੇ ਹਬਸ਼ੀ ਰਸੋਈਆ ਹਾਲ ਵਿੱਚ ਦਾਖਿਲ ਹੋਇਆ।
“ਕੀ ਗੱਲ ਸੀ?” ਉਸਨੇ ਪੁੱਛਿਆ। ਉੱਥੇ ਬੈਠੇ ਦੋਨੋਂ ਅਜਨਬੀਆਂ ਨੇ ਉਸ ਉੱਤੇ ਨਜ਼ਰ ਮਾਰੀ।
“ਠੀਕ ਹੈ, ਹਬਸ਼ੀ। ਤੂੰ ਇਥੇ ਹੀ ਖੜਾ ਰਹਿ,” ਅਲ ਨੇ ਕਿਹਾ। ਆਪਣੇ ਢਿੱਡ ਉੱਤੇ ਕੱਪੜਾ ਲਪੇਟੇ ਹੋਏ ਸੈਮ ਨਾਮ ਦੇ ਉਸ ਹਬਸ਼ੀ ਰਸੋਈਆ ਨੇ ਉਨ੍ਹਾਂ ਦੋਨਾਂ ਦੇ ਵੱਲ ਵੇਖਿਆ। “ਜੀ ਸ਼ਰੀਮਾਨ,” ਉਹ ਬੋਲਿਆ। ਅਲ ਆਪਣੀ ਕੁਰਸੀ ਤੋਂ ਉੱਠਿਆ।
“ਮੈਂ ਹਬਸ਼ੀ ਅਤੇ ਇਸ ਹੁਸ਼ਿਆਰ ਮੁੰਡੇ ਦੇ ਨਾਲ ਰਸੋਈ ਵਿੱਚ ਜਾ ਰਿਹਾ ਹਾਂ,” ਉਸਨੇ ਕਿਹਾ। “ਚੱਲ, ਵਾਪਸ ਰਸੋਈ ਵਿੱਚ ਚੱਲ, ਹਬਸ਼ੀ। ਹੁਸ਼ਿਆਰ ਮੁੰਡੇ, ਤੂੰ ਵੀ ਇਸਦੇ ਨਾਲ ਜਾ।” ਅਲ ਉਸ ਮੁੰਡੇ ਅਤੇ ਸੈਮ ਨਾਮ ਦੇ ਹਬਸ਼ੀ ਦੇ ਪਿੱਛੇ ਪਿੱਛੇ ਰਸੋਈ ਵਿੱਚ ਚਲਾ ਗਿਆ। ਵਿੱਚਕਾਰਲਾ ਬੂਹਾ ਬੰਦ ਹੋ ਗਿਆ। ਮੈਕਸ ਨਾਮ ਦਾ ਆਦਮੀ ਉਥੇ ਹੀ ਜਾਰਜ ਦੇ ਕੋਲ ਬੈਂਠਾ ਰਿਹਾ। ਉਹ ਜਾਰਜ ਦੇ ਵੱਲ ਨਹੀਂ ਪਿੱਛੇ ਕੰਧ ਤੇ ਲੱਗੇ ਆਦਮਕਦ ਸ਼ੀਸ਼ੇ ਦੇ ਵੱਲ ਵੇਖਦਾ ਰਿਹਾ। ਹੈਨਰੀ ਲੰਚਰੂਮ ਪਹਿਲਾਂ ਇੱਕ ਸੈਲੂਨ ਸੀ, ਜਿਸਨੂੰ ਬਾਅਦ ਵਿੱਚ ਲੰਚ ਕਾਊਂਟਰ ਵਿੱਚ ਬਦਲ ਦਿੱਤਾ ਗਿਆ ਸੀ।
“ਹਾਂ, ਹੁਸ਼ਿਆਰ ਮੁੰਡੇ, ਮੈਕਸ ਨੇ ਸ਼ੀਸ਼ੇ ਵਿੱਚ ਵੇਖਦੇ ਹੋਏ ਕਿਹਾ, “ਤੂੰ ਕੁੱਝ ਕਹਿੰਦਾ ਕਿਉਂ ਨਹੀਂ?”
“ਤੁਸੀਂ ਲੋਕ ਆਖਿਰ ਚਾਹੁੰਦੇ ਕੀ ਹੋ?”
“ਓਏ, ਅਲ,” ਮੈਕਸ ਨੇ ਅਵਾਜ਼ ਲਗਾਈ, ਇਹ ਹੁਸ਼ਿਆਰ ਮੁੰਡਾ ਜਾਨਣਾ ਚਾਹੁੰਦਾ ਹੈ ਕਿ ਅਸੀਂ ਲੋਕ ਆਖਿਰ ਚਾਹੁੰਦੇ ਕੀ ਹਾਂ?”
ਤਾਂ ਫਿਰ ਤੂੰ ਇਸਨੂੰ ਦੱਸ ਕਿਉਂ ਨਹੀਂ ਦਿੰਦਾ,” ਅਲ ਦੀ ਅਵਾਜ਼ ਰਸੋਈ ਵਿੱਚੋਂ ਆਈ।
“ਤੈਨੂੰ ਕੀ ਲੱਗਦਾ ਹੈ, ਅਸੀਂ ਲੋਕ ਕੀ ਚਾਹੁੰਦੇ ਹਾਂ?”
“ਮੈਨੂੰ ਨਹੀਂ ਪਤਾ।”
“ਤੇਰਾ ਖ਼ਿਆਲ ਕੀ ਕਹਿੰਦਾ ਹੈ?”
ਬੋਲਦੇ ਹੋਏ ਮੈਕਸ ਸਾਰਾ ਸਮਾਂ ਸ਼ੀਸ਼ੇ ਵਿੱਚ ਵੇਖਦਾ ਰਿਹਾ।
“ਮੈਂ ਨਹੀਂ ਕਹਿ ਸਕਦਾ।”
“ਓਏ ਅਲ, ਇਹ ਹੁਸ਼ਿਆਰ ਮੁੰਡਾ ਕਹਿ ਰਿਹਾ ਹੈ ਕਿ ਇਹ ਨਹੀਂ ਕਹਿ ਸਕਦਾ ਕਿ ਅਸੀਂ ਲੋਕ ਕੀ ਚਾਹੁੰਦੇ ਹਾਂ।”
“ਹਾਂ, ਮੈਂ ਤੁਹਾਡੀਆਂ ਗੱਲਾਂ ਸੁਣ ਸਕਦਾ ਹਾਂ,” ਅਲ ਨੇ ਰਸੋਈ ਵਿੱਚੋਂ ਕਿਹਾ। ਉਸਨੇ ਰਸੋਈ ਅਤੇ ਹਾਲ ਦੇ ਵਿੱਚ ਦੀ ਖਿੜਕੀ ਖੋਲ੍ਹ ਦਿੱਤੀ ਸੀ। “ਸੁਣ, ਹੁਸ਼ਿਆਰ ਮੁੰਡੇ,” ਉਸਨੇ ਰਸੋਈ ਵਿੱਚੋਂ ਜਾਰਜ ਨੂੰ ਕਿਹਾ, “ ਤੂੰ ਔਸ ਤਰਫ ਥੋੜ੍ਹਾ ਹੋਰ ਹਟ ਕੇ ਖੜਾ ਹੋ ਜਾ। ਮੈਕਸ, ਤੂੰ ਥੋੜ੍ਹਾ ਖੱਬੇ ਵੱਲ ਆ ਜਾ।” ਉਹ ਕਿਸੇ ਗਰੁੱਪ ਫੋਟੋ ਲੈ ਰਹੇ ਫੋਟੋਗਰਾਫਰ ਵਰਗਾ ਲੱਗ ਰਿਹਾ ਸੀ।
“ਇਧਰ ਮੇਰੇ ਨਾਲ ਗੱਲ ਕਰ, ਹੁਸ਼ਿਆਰ ਮੁੰਡੇ,” ਮੈਕਸ ਨੇ ਕਿਹਾ, “ਤੈਨੂੰ ਕੀ ਲੱਗਦਾ ਹੈ, ਇੱਥੇ ਕੀ ਹੋਣ ਵਾਲਾ ਹੈ?”
ਜਾਰਜ ਨੇ ਕੁੱਝ ਨਹੀਂ ਕਿਹਾ।
“ਮੈਂ ਤੈਨੂੰ ਦੱਸਦਾ ਹਾਂ,” ਮੈਕਸ ਬੋਲਿਆ। “ਅਸੀਂ ਇੱਕ ਸਵੀਡਨ-ਵਾਸੀ ਦੀ ਹੱਤਿਆ ਕਰਨ ਵਾਲੇ ਹਾਂ। ਕੀ ਤੂੰ ਉਸ ਹੱਟੇ-ਕੱਟੇ ਸਵੀਡਨ-ਵਾਸੀ ਓਲ ਐਂਡਰਸਨ ਨੂੰ ਜਾਣਦਾ ਹੈਂ?”
“ਹਾਂ।”
“ਉਹ ਹਰ ਰੋਜ ਰਾਤ ਦਾ ਖਾਣਾ ਖਾਣ ਇੱਥੇ ਆਉਂਦਾ ਹੈ, ਹੈ ਨਹੀਂ?”
“ਹਾਂ, ਉਹ ਕਦੇ ਕਦੇ ਇੱਥੇ ਆਉਂਦਾ ਹੈ।”
“ਉਹ ਇੱਥੇ ਸ਼ਾਮ ਛੇ ਵਜੇ ਆਉਂਦਾ ਹੈ, ਹੈ ਨਹੀਂ?”
“ਹਾਂ, ਜਦੋਂ ਕਦੇ ਉਹ ਆਉਂਦਾ ਹੈ।”
“ਇਹ ਸਭ ਸਾਨੂੰ ਪਤਾ ਹੈ, ਹੁਸ਼ਿਆਰ ਮੁੰਡੇ,” ਮੈਕਸ ਬੋਲਿਆ। “ਕਿਸੇ ਹੋਰ ਚੀਜ਼ ਬਾਰੇ ਗੱਲ ਕਰ। ਕੀ ਤੂੰ ਕਦੇ ਫ਼ਿਲਮਾਂ ਦੇਖਣ ਜਾਂਦਾ ਹੈਂ?”
“ਕਦੇ ਕਦੇ।”
“ਤੈਨੂੰ ਜ਼ਿਆਦਾ ਫ਼ਿਲਮਾਂ ਵੇਖਣੀਆਂ ਚਾਹੀਦੀਆਂ ਹਨ। ਤੇਰੇ ਵਰਗੇ ਹੁਸ਼ਿਆਰ ਮੁੰਡੇ ਲਈ ਫ਼ਿਲਮਾਂ ਵੇਖਣਾ ਅੱਛਾ ਰਹੇਗਾ।”
“ਤੁਸੀਂ ਓਲ ਐਂਡਰਸਨ ਦੀ ਹੱਤਿਆ ਕਿਉਂ ਕਰਨਾ ਚਾਹੁੰਦੇ ਹੋ?” ਉਸਨੇ ਤੁਹਾਡਾ ਕੀ ਬਿਗਾੜਿਆ ਹੈ?”
“ਉਸਨੂੰ ਇਸਦਾ ਮੌਕਾ ਹੀ ਨਹੀਂ ਮਿਲਿਆ। ਉਸਨੇ ਤਾਂ ਸਾਨੂੰ ਵੇਖਿਆ ਵੀ ਨਹੀਂ ਹੈ।”
“ਤੇ ਉਹ ਸਾਨੂੰ ਕੇਵਲ ਇੱਕ ਵਾਰ ਹੀ ਵੇਖ ਸਕੇਗਾ,” ਰਸੋਈ ਵਿੱਚੋਂ ਅਲ ਨੇ ਕਿਹਾ।
“ਤਾਂ ਫਿਰ ਤੁਸੀਂ ਉਸਨੂੰ ਜਾਨੋਂ ਕਿਉਂ ਮਾਰਨਾ ਚਾਹੁੰਦੇ ਹੋ?” ਜਾਰਜ ਨੇ ਪੁੱਛਿਆ।
“ਅਸੀਂ ਇੱਕ ਮਿੱਤਰ ਲਈ ਉਸਦੀ ਹੱਤਿਆ ਕਰਨੀ ਹੈ। ਕੇਵਲ ਇੱਕ ਮਿੱਤਰ ਤੇ ਉਪਕਾਰ ਕਰਨ ਲਈ, ਹੁਸ਼ਿਆਰ ਮੁੰਡੇ।”
“ਚੁੱਪ ਰਹਿ,” ਅਲ ਨੇ ਰਸੋਈ ਵਿੱਚੋਂ ਕਿਹਾ। “ਤੂੰ ਉੱਲੂਆ ਬਹੁਤ ਬੋਲਦਾ ਹੈਂ।”
“ਵੇਖ, ਮੈਂ ਇਸ ਹੁਸ਼ਿਆਰ ਮੁੰਡੇ ਦਾ ਦਿਲ ਲਗਾਈ ਰੱਖਣਾ ਹੈ। ਹੈ ਕਿ ਨਹੀਂ, ਹੁਸ਼ਿਆਰ ਮੁੰਡੇ?”
“ਤੂੰ ਉੱਲੂਆ ਬਹੁਤ ਜ਼ਿਆਦਾ ਬੋਲਦਾ ਹੈਂ,” ਅਲ ਨੇ ਕਿਹਾ। ਇੱਥੇ ਹਬਸ਼ੀ ਅਤੇ ਮੇਰੇ ਵਾਲੇ ਹੁਸ਼ਿਆਰ ਮੁੰਡੇ ਨੇ ਖ਼ੁਦ ਆਪਣੇ ਨਾਲ ਹੀ ਆਪਣਾ ਦਿਲ ਲਗਾਇਆ ਹੋਇਆ ਹੈ। ਮੈਂ ਇਨ੍ਹਾਂ ਦੋਨੋਂ ਨੂੰ ਕਿਸੇ ਕਾਨਵੈਂਟ ਦੀਆਂ ਦੋ ਸਹੇਲੀਆਂ ਦੀ ਤਰ੍ਹਾਂ ਪਿੱਠਾਂ ਜੋੜ ਕੇ ਬੰਨ੍ਹ ਦਿੱਤਾ ਹੈ।”
“ਮੈਨੂੰ ਲੱਗਦਾ ਹੈ, ਤੂੰ ਵੀ ਕਿਸੇ ਕਾਨਵੈਂਟ ਵਿੱਚ ਰਹਿ ਚੁੱਕਿਆ ਹੈਂ।”
“ਕੀ ਪਤਾ।”
“ਤੂੰ ਜ਼ਰੂਰ ਯਹੂਦੀਆਂ ਦੇ ਕਾਨਵੈਂਟ ਵਿੱਚ ਰਿਹਾ ਹੋਵੇਂਗਾ। ਹਾਂ, ਉਥੇ ਹੀ ਸੀ ਤੂੰ।”
ਜਾਰਜ ਨੇ ਘੜੀ ਦੇ ਵੱਲ ਵੇਖਿਆ।
“ਜੇ ਕੋਈ ਖਾਣਾ ਖਾਣ ਇੱਥੇ ਆਏ ਤਾਂ ਤੂੰ ਉਸਨੂੰ ਕਹਿਣਾ ਕਿ ਰਸੋਈਆ ਛੁੱਟੀ ਉੱਤੇ ਹੈ। ਜੇਕਰ ਉਹ ਫਿਰ ਵੀ ਨਾ ਮੰਨੇ ਤਾਂ ਤਾਂ ਤੂੰ ਉਸਨੂੰ ਕਹਿਣਾ ਕਿ ਤੂੰ ਅੰਦਰ ਰਸੋਈ ਵਿੱਚ ਜਾ ਕੇ ਉਸਦੇ ਲਈ ਬਣਾ ਕੇ ਕੁੱਝ ਲੈ ਆਏਂਗਾ। ਸਮਝਿਆ, ਹੁਸ਼ਿਆਰ ਮੁੰਡੇ?”
“ਠੀਕ ਹੈ,” ਜਾਰਜ ਨੇ ਕਿਹਾ। “ਬਾਅਦ ਵਿੱਚ ਤੁਸੀਂ ਲੋਕ ਸਾਡੇ ਨਾਲ ਕੀ ਕਰੋਗੇ?”
“ਉਹ ਕਈ ਗੱਲਾਂ ਉੱਤੇ ਨਿਰਭਰ ਕਰੇਗਾ,” ਮੈਕਸ ਬੋਲਿਆ। “ਇਹ ਉਨ੍ਹਾਂ ਗੱਲਾਂ ਵਿਚੋਂ ਇੱਕ ਹੈ ਜਿਸਦੇ ਬਾਰੇ ਵਿੱਚ ਤੁਸੀਂ ਪਹਿਲਾਂ ਤੋਂ ਨਹੀਂ ਜਾਣ ਸਕਦੇ।”
ਜਾਰਜ ਨੇ ਘੜੀ ਵੱਲ ਵੇਖਿਆ। ਸਵਾ ਛੇ ਬੱਜ ਚੁੱਕੇ ਸਨ। ਉਦੋਂ ਲੰਚਰੂਮ ਦਾ ਬਾਹਰੀ ਬੂਹਾ ਖੁੱਲ੍ਹਿਆ। ਇੱਕ ਕਾਰ ਡਰਾਇਵਰ ਅੰਦਰ ਆਇਆ।
“ਹੈਲੋ, ਜਾਰਜ,” ਉਸਨੇ ਕਿਹਾ। “ਕੀ ਮੈਨੂੰ ਖਾਣਾ ਮਿਲੇਗਾ?”
“ਰਸੋਈਆ ਸੈਮ ਬਾਹਰ ਗਿਆ ਹੈ,” ਜਾਰਜ ਬੋਲਿਆ। “ਉਹ ਲੱਗਪੱਗ ਅੱਧੇ ਘੰਟੇ ਵਿੱਚ ਪਰਤ ਆਵੇਗਾ।”
“ਓਹ, ਤਾਂ ਤੇ ਮੈਨੂੰ ਅੱਗੇ ਕਿਸੇ ਦੂਜੇ ਲੰਚਰੂਮ ਵਿੱਚ ਜਾਣਾ ਚਾਹੀਦਾ ਹੈ,” ਕਾਰ ਡਰਾਇਵਰ ਨੇ ਕਿਹਾ। ਜਾਰਜ ਨੇ ਘੜੀ ਦੇ ਵੱਲ ਵੇਖਿਆ। ਛੇ ਵਜ ਕੇ ਵੀਹ ਮਿੰਟ ਹੋ ਰਹੇ ਸਨ।
“ਇਹ ਤੂੰ ਅੱਛਾ ਕੀਤਾ, ਹੁਸ਼ਿਆਰ ਮੁੰਡੇ,” ਮੈਕਸ ਬੋਲਿਆ। “ਤੂੰ ਤਾਂ ਬੜਾ ਭਲਾ-ਆਦਮੀ ਨਿਕਲਿਆ।”
“ਓਏ, ਉਸਨੂੰ ਪਤਾ ਸੀ ਕਿ ਜੇ ਉਹ ਕੁੱਝ ਹੋਰ ਕਰਦਾ ਤਾਂ ਮੈਂ ਉਸਦੀ ਖੋਪੜੀ ਉੱਡਾ ਦਿੰਦਾ,” ਰਸੋਈ ਵਿੱਚੋਂ ਅਲ ਨੇ ਕਿਹਾ।
“ਨਹੀਂ, ਨਹੀਂ,” ਮੈਕਸ ਬੋਲਿਆ। “ਇਹ ਗੱਲ ਨਹੀਂ ਹੈ। ਇਹ ਹੁਸ਼ਿਆਰ ਮੁੰਡਾ ਚੰਗਾ ਹੈ। ਇਹ ਮੁੰਡਾ ਚੰਗਾ ਹੈ। ਮੈਨੂੰ ਇਹ ਪਸੰਦ ਹੈ।”
“ਛੇ ਬੱਜ ਕੇ ਪਚਵੰਜਾ ਮਿੰਟ,” ਜਾਰਜ ਨੇ ਕਿਹਾ, “ਓਹ ਨਹੀਂ ਆਵੇਗਾ।”
ਉਦੋਂ ਤੱਕ ਲੰਚਰੂਮ ਵਿੱਚ ਬਾਹਰੋਂ ਦੋ ਹੋਰ ਲੋਕ ਆਏ ਸਨ। ਇੱਕ ਵਾਰ ਜਾਰਜ ਰਸੋਈ ਵਿੱਚ ਗਿਆ ਸੀ ਅਤੇ ਉਸਨੇ ਸੂਰ ਦੇ ਸੁੱਕੇ ਮਾਸ ਅਤੇ ਆਂਡੇ ਦਾ ਸੈਂਡਵਿਚ ਬਣਾ ਕੇ ਉਸਨੂੰ ਕਾਗਜ਼ ਵਿੱਚ ਲਪੇਟ ਕੇ ਉਸ ਗਾਹਕ ਨੂੰ ਦੇ ਦਿੱਤੇ ਸੀ ਜੋ ਖਾਣਾ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ। ਰਸੋਈ ਵਿੱਚ ਉਸਨੇ ਟੋਪੀ ਪਹਿਨੇ ਹੋਏ ਅਲ ਨੂੰ ਇੱਕ ਕੁਰਸੀ ਉੱਤੇ ਬੈਠੇ ਵੇਖਿਆ ਸੀ। ਉਸਦੇ ਬਗ਼ਲ ਵਿੱਚ ਉਸਦਾ ਪਿਸਤੌਲ ਪਿਆ ਹੋਇਆ ਸੀ। ਨਿੱਕ ਅਤੇ ਰਸੋਈਆ ਸੈਮ ਕੋਨੇ ਵਿੱਚ ਪਿੱਠਾਂ ਜੋੜ ਆਪਸ ਵਿੱਚ ਬੰਨ੍ਹੇ ਹੋਏ ਸਨ। ਦੋਨਾਂ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਗਿਆ ਸੀ। ਜਾਰਜ ਨੇ ਜਲਦੀ ਸੈਂਡਵਿਚ ਬਣਾਇਆ, ਉਸਨੂੰ ਕਾਗਜ਼ ਵਿੱਚ ਲਪੇਟਿਆ, ਇੱਕ ਥੈਲੇ ਵਿੱਚ ਪਾਇਆ ਅਤੇ ਬਾਹਰ ਹਾਲ ਵਿੱਚ ਆ ਗਿਆ। ਗਾਹਕ ਨੇ ਪੈਸੇ ਦਿੱਤੇ ਅਤੇ ਖਾਣ ਦਾ ਸਾਮਾਨ ਲੈ ਕੇ ਚਲਾ ਗਿਆ?
“ਇਹ ਹੁਸ਼ਿਆਰ ਮੁੰਡਾ ਸਭ ਕੁੱਝ ਕਰ ਸਕਦਾ ਹੈ,” ਮੈਕਸ ਬੋਲਿਆ। “ਇਹ ਖਾਣਾ ਬਣਾਉਣ ਦੇ ਇਲਾਵਾ ਵੀ ਬਹੁਤ ਕੁੱਝ ਕਰ ਸਕਦਾ ਹੈ। ਤੂੰ ਕਿਸੇ ਕੁੜੀ ਦਾ ਵਧੀਆ ਪਤੀ ਬਣੇਂਗਾ, ਹੁਸ਼ਿਆਰ ਮੁੰਡੇ !”
“ਅੱਛਾ?” ਜਾਰਜ ਨੇ ਕਿਹਾ, “ਤੁਹਾਡਾ ਮਿੱਤਰ, ਓਲ ਐਂਡਰਸਨ ਹੁਣ ਨਹੀਂ ਆਵੇਗਾ।”
“ਚਲੋ, ਉਸਨੂੰ ਦਸ ਮਿੰਟ ਹੋਰ ਦੇਖਦੇ ਹਾਂ,” ਮੈਕਸ ਬੋਲਿਆ।

ਮੈਕਸ ਸ਼ੀਸ਼ੇ ਅਤੇ ਘੜੀ ਦੇ ਵੱਲ ਵੇਖਦਾ ਰਿਹਾ। ਘੜੀ ਨੇ ਸੱਤ ਅਤੇ ਫਿਰ ਸੱਤ ਵਜ ਕੇ ਪੰਜ ਮਿੰਟ ਬਜਾਏ।
“ਚੱਲੋ ਅਲ,” ਮੈਕਸ ਨੇ ਕਿਹਾ। “ਸਾਨੂੰ ਚੱਲਣਾ ਚਾਹੀਦਾ ਹੈ। ਉਹ ਨਹੀਂ ਆਵੇਗਾ।”
“ਓਏ, ਉਸਨੂੰ ਪੰਜ ਮਿੰਟ ਹੋਰ ਦੇਖਦੇ ਹਾਂ,” ਅਲ ਨੇ ਰਸੋਈ ਵਿੱਚੋਂ ਕਿਹਾ।
ਉਨ੍ਹਾਂ ਪੰਜ ਮਿੰਟਾਂ ਵਿੱਚ ਇੱਕ ਹੋਰ ਵਿਅਕਤੀ ਲੰਚਰੂਮ ਵਿੱਚ ਆਇਆ ਅਤੇ ਅਤੇ ਜਾਰਜ ਨੇ ਉਸਨੂੰ ਦੱਸਿਆ ਕਿ ਰਸੋਈਆ ਬੀਮਾਰ ਹੋ ਗਿਆ ਸੀ।
“ਤਾਂ ਤੁਸੀਂ ਦੂਜੇ ਰਸੋਈਏ ਦਾ ਬੰਦੋਬਸਤ ਕਿਉਂ ਨਹੀਂ ਕਰਦੇ?” ਉਸ ਆਦਮੀ ਨੇ ਨਰਾਜ਼ ਹੋ ਕੇ ਕਿਹਾ। ਕੀ ਤੁਸੀਂ ਲੰਚਰੂਮ ਨਹੀਂ ਚਲਾ ਰਹੇ?” ਇਹ ਕਹਿ ਕੇ ਉਹ ਬਾਹਰ ਚਲਾ ਗਿਆ।
“ਚੱਲੋ ਅਲ, ਚੱਲਦੇ ਹਾਂ,” ਮੈਕਸ ਨੇ ਦੁਬਾਰਾ ਕਿਹਾ।
“ਇਨ੍ਹਾਂ ਦੋ ਹੁਸ਼ਿਆਰ ਮੁੰਡਿਆਂ ਦਾ ਅਤੇ ਇਸ ਹਬਸ਼ੀ ਦਾ ਕੀ ਕਰੀਏ?”
“ਇਹ ਠੀਕ ਠਾਕ ਨੇ।”
“ਕੀ ਤੈਨੂੰ ਅਜਿਹਾ ਲੱਗਦਾ ਹੈ?”
“ਹਾਂ, ਹੁਣ ਸਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ।”
“ਮੈਨੂੰ ਇਹ ਪਸੰਦ ਨਹੀਂ,” ਅਲ ਬੋਲਿਆ। “ਇਹ ਭੱਦਾ ਤਰੀਕਾ ਹੈ। ਤੂੰ ਬਹੁਤ ਬੋਲਦਾ ਹੈਂ।”
“ਅਬੇ, ਛੱਡ ਯਾਰ। ਅਸੀਂ ਆਪਣਾ ਦਿਲ ਵੀ ਤਾਂ ਲਾਈ ਰੱਖਣਾ ਹੈ, ਹੈ ਕਿ ਨਹੀਂ?”
“ਕੁੱਝ ਵੀ ਹੋ, ਤੂੰ ਬਹੁਤ ਬੋਲਦਾ ਹੈਂ,” ਅਲ ਨੇ ਕਿਹਾ।
ਉਹ ਰਸੋਈ ਵਿੱਚੋਂ ਬਾਹਰ ਹਾਲ ਵਿੱਚ ਆ ਗਿਆ। ਉਸਦੇ ਓਵਰਕੋਟ ਦੀ ਜੇਬ ਵਿੱਚੋਂ ਉਸਦੇ ਪਿਸਤੌਲ ਦਾ ਬੱਟ ਸਾਫ਼ ਨਜ਼ਰ ਆ ਰਿਹਾ ਸੀ। ਉਸਨੇ ਆਪਣੇ ਦਸਤਾਨਿਆਂ ਵਾਲੇ ਹੱਥਾਂ ਨਾਲ ਕੋਟ ਨੂੰ ਠੀਕ ਕੀਤਾ।
“ਫਿਰ ਮਿਲਾਂਗੇ, ਹੁਸ਼ਿਆਰ ਮੁੰਡੇ,” ਉਸਨੇ ਜਾਰਜ ਨੂੰ ਕਿਹਾ। ਤੂੰ ਬੇਹੱਦ ਕਿਸਮਤ ਵਾਲਾ ਹੈਂ।”
“ਹਾਂ, ਇਹ ਸੱਚੀ ਗੱਲ ਹੈ,” ਮੈਕਸ ਬੋਲਿਆ। “ਤੈਨੂੰ ਤਾਂ ਘੁੜਦੌੜ ਵਿੱਚ ਪੈਸਾ ਲਗਾਉਣਾ ਚਾਹੀਦਾ ਹੈ, ਹੁਸ਼ਿਆਰ ਮੁੰਡੇ।”
ਫਿਰ ਦੋਨੋਂ ਲੰਚਰੂਮ ਦੇ ਮੁੱਖ ਬੂਹੇ ਤੋਂ ਬਾਹਰ ਨਿਕਲ ਗਏ। ਜਾਰਜ ਉਨ੍ਹਾਂ ਨੂੰ ਸੜਕ ਪਾਰ ਕਰਦੇ ਹੋਏ ਵੇਖਦਾ ਰਿਹਾ। ਆਪਣੇ ਚੁੱਸਤ ਓਵਰਕੋਟਾਂ ਅਤੇ ਟੋਪੀਆਂ ਵਿੱਚ ਉਹ ਦੋਨੋਂ ਕਿਸੇ ਵੌਦਵਿਲ ਡਰਾਮਾ-ਕੰਪਨੀ ਦੇ ਪਾਤਰਾਂ ਵਰਗੇ ਲੱਗ ਰਹੇ ਸਨ। ਜਾਰਜ ਅੰਦਰ ਰਸੋਈ ਵਿੱਚ ਗਿਆ ਅਤੇ ਉਸਨੇ ਨਿੱਕ ਅਤੇ ਰਸੋਈਏ ਸੈਮ ਨੂੰ ਬੰਨ੍ਹਣ ਵਾਲੀ ਰੱਸੀ ਖੋਲ੍ਹ ਦਿੱਤੀ।
“ਹੁਣ ਮੈਨੂੰ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ,” ਰਸੋਈਆ ਸੈਮ ਬੋਲਿਆ। “ਮੈਨੂੰ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ।”
ਨਿੱਕ ਵੀ ਖੜਾ ਹੋ ਗਿਆ। ਇਸਤੋਂ ਪਹਿਲਾਂ ਕਦੇ ਵੀ ਉਸਦੇ ਮੂੰਹ ਵਿੱਚ ਤੌਲੀਆ ਨਹੀਂ ਤੁੰਨਿਆ ਗਿਆ ਸੀ।
“ਮੈਂ ਕਹਿੰਦਾ ਹਾਂ,” ਉਹ ਬੋਲਿਆ, “ਕੀ ਬੇਹੂਦਗੀ ਸੀ ਇਹ।” ਉਹ ਸ਼ੇਖੀਖ਼ੋਰੀ ਨਾਲ ਇਸ ਘਟਨਾ ਦੇ ਕੌੜੇ ਅਨੁਭਵ ਤੋਂ ਉਭਰਨਾ ਚਾਹੁੰਦਾ ਸੀ।
“ਉਹ ਓਲ ਐਂਡਰਸਨ ਦੀ ਹੱਤਿਆ ਕਰਨ ਵਾਲੇ ਸਨ,” ਜਾਰਜ ਨੇ ਕਿਹਾ। “ਜਦੋਂ ਹੀ ਓਲ ਖਾਣਾ ਖਾਣ ਇੱਥੇ ਆਉਂਦਾ ਤਾਂ ਇਹ ਉਸ ਨੂੰ ਗੋਲੀ ਮਾਰ ਦਿੰਦੇ।”
“ਓਲ ਐਂਡਰਸਨ?”
“ਹਾਂ।”
ਰਸੋਈਆ ਆਪਣੇ ਅੰਗੂਠਿਆਂ ਨਾਲ ਆਪਣੇ ਮੂੰਹ ਦੇ ਕਿਨਾਰਿਆਂ ਨੂੰ ਟੋਹ ਰਿਹਾ ਸੀ।
“ਉਹ ਦੋਨੋਂ ਚਲੇ ਗਏ?” ਉਸਨੇ ਪੁੱਛਿਆ।
“ਹਾਂ,” ਜਾਰਜ ਬੋਲਿਆ। “ਉਹ ਦੋਨੋਂ ਜਾ ਚੁੱਕੇ ਨੇ।”
“ਮੈਨੂੰ ਇਹ ਬਿਲਕੁੱਲ ਅੱਛਾ ਨਹੀਂ ਲੱਗਿਆ,” ਰਸੋਈਏ ਨੇ ਕਿਹਾ। “ਮੈਨੂੰ ਇਹ ਸਭ ਬਿਲਕੁੱਲ ਅੱਛਾ ਨਹੀਂ ਲੱਗਿਆ।”
“ਸੁਣ,” ਜਾਰਜ ਨੇ ਨਿੱਕ ਨੂੰ ਕਿਹਾ, “ਤੈਨੂੰ ਜਾ ਕੇ ਓਲ ਐਂਡਰਸਨ ਨੂੰ ਇਹ ਸਭ ਦੱਸ ਦੇਣਾ ਚਾਹੀਦਾ ਹੈ।”
“ਠੀਕ ਹੈ।”
“ਪਰ ਜੇ ਤੂੰ ਨਹੀਂ ਜਾਣਾ ਚਾਹੁੰਦਾ, ਤਾਂ ਨਾ ਜਾ,” ਜਾਰਜ ਬੋਲਿਆ।
“ਇਸ ਲਫੜੇ ਵਿੱਚ ਪੈਣ ਨਾਲ ਤੇਰਾ ਕੋਈ ਫਾਇਦਾ ਨਹੀਂ ਹੋਵੇਗਾ,” ਰਸੋਈਏ ਸੈਮ ਨੇ ਕਿਹਾ। “ਤੁਸੀਂ ਇਸ ਸਭ ਤੋਂ ਦੂਰ ਹੀ ਰਹੋ।”
“ਮੈਂ ਜਾ ਕੇ ਉਸ ਨੂੰ ਮਿਲਾਂਗਾ,” ਨਿੱਕ ਨੇ ਜਾਰਜ ਨੂੰ ਕਿਹਾ। “ਉਹ ਕਿੱਥੇ ਰਹਿੰਦਾ ਹੈ?”
ਰਸੋਈਆ ਮੁੜ ਗਿਆ।
“ਚੜ੍ਹਦੀ ਜਵਾਨੀ ਵਿੱਚ ਮੁੰਡੇ ਕੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਪਤਾ ਹੁੰਦਾ ਹੈ।” ਉਸਨੇ ਕਿਹਾ।
“ਉਹ ਹਰਸ਼ ਦੇ ਮਕਾਨ ਵਿੱਚ ਰਹਿੰਦਾ ਹੈ,” ਜਾਰਜ ਨੇ ਨਿੱਕ ਨੂੰ ਕਿਹਾ।
“ਮੈਂ ਉੱਥੇ ਜਾਵਾਂਗਾ।”
ਬਾਹਰ ਸੜਕ ਦੀਆਂ ਬੱਤੀਆਂ ਦੀ ਰੋਸ਼ਨੀ ਰੁੱਖਾਂ ਦੀਆਂ ਪੱਤਰ-ਰਹਿਤ ਟਹਿਣੀਆਂ ਦੇ ਵਿੱਚੋਂ ਚਮਕਦੀ ਵਿਖਾਈ ਦੇ ਰਹੀ ਸੀ। ਨਿੱਕ ਕਾਰਾਂ ਦੇ ਪਹੀਆਂ ਦੇ ਨਿਸ਼ਾਨਾਂ ਨਾਲ ਭਰੀ ਸੜਕ ਦੇ ਕੰਢੇ ਕੰਢੇ ਚੱਲਦਾ ਰਿਹਾ। ਅਗਲੀ ਬੱਤੀ ਦੇ ਕੋਲ ਉਹ ਨਾਲ ਵਾਲੀ ਗਲੀ ਵਿੱਚ ਮੁੜ ਗਿਆ। ਤਿੰਨ ਮਕਾਨਾਂ ਦੇ ਬਾਅਦ ਹਰਸ਼ ਦਾ ਮਕਾਨ ਸੀ। ਨਿੱਕ ਨੇ ਦੋ ਪੌੜੀਆਂ ਚੜ੍ਹ ਕੇ ਬੂਹੇ ਉੱਤੇ ਲੱਗੀ ਘੰਟੀ ਵਜਾਈ। ਇੱਕ ਔਰਤ ਨੇ ਬੂਹਾ ਖੋਲ੍ਹਿਆ।
“ਕੀ ਓਲ ਐਂਡਰਸਨ ਘਰ ਹੈ?”
“ਕੀ ਤੂੰ ਉਸ ਨੂੰ ਮਿਲਣਾ ਚਾਹੁੰਦੇ ਹੋ?”
“ਹਾਂ, ਜੇਕਰ ਉਹ ਅੰਦਰ ਹੈ ਤਾਂ।”
ਨਿੱਕ ਉਸ ਔਰਤ ਦੇ ਪਿੱਛੇ ਪਿੱਛੇ ਕੁੱਝ ਹੋਰ ਪੌੜੀਆਂ ਚੜ੍ਹ ਕੇ ਇੱਕ ਗਲਿਆਰੇ ਦੇ ਅੰਤ ਵਿੱਚ ਆ ਗਿਆ। ਔਰਤ ਨੇ ਇੱਕ ਬੂਹਾ ਠਕਠਕਾਇਆ।
“ਕੌਣ ਹੈ?”
“ਕੋਈ ਤੁਹਾਨੂੰ ਮਿਲਣ ਆਇਆ ਹੈ, ਸ਼ਿਰੀਮਾਨ ਐਂਡਰਸਨ।”
“ਮੈਂ ਨਿੱਕ ਐਡਮਸ ਹਾਂ।”
“ਅੰਦਰ ਆ ਜਾਓ।”
ਬੂਹਾ ਖੋਲਕੇ ਨਿੱਕ ਅੰਦਰ ਕਮਰੇ ਵਿੱਚ ਚਲਾ ਗਿਆ। ਓਲ ਐਂਡਰਸਨ ਬਾਹਰ ਜਾਣ ਵਾਲੇ ਕੱਪੜੇ ਪਾਹਿਨ ਕੇ ਬਿਸਤਰ ਤੇ ਲਿਟਿਆ ਹੋਇਆ ਸੀ। ਉਹ ਆਪਣੇ ਜ਼ਮਾਨੇ ਵਿੱਚ ਇੱਕ ਨਾਮੀ ਮੁੱਕੇਬਾਜ਼ ਸੀ ਅਤੇ ਹੁਣ ਵੀ ਬਿਸਤਰੇ ਨਾਲੋਂ ਜ਼ਿਆਦਾ ਲੰਬਾ ਚੌੜਾ ਸੀ। ਉਸ ਨੇ ਆਪਣੇ ਸਿਰ ਦੇ ਹੇਠਾਂ ਦੋ ਸਰ੍ਹਾਣੇ ਲੈ ਰੱਖੇ ਸਨ। ਉਸ ਨੇ ਨਿੱਕ ਦੇ ਵੱਲ ਨਹੀਂ ਵੇਖਿਆ।
“ਕੀ ਗੱਲ ਹੈ?” ਉਸ ਨੇ ਪੁੱਛਿਆ।
“ਮੈਂ ਹੈਨਰੀ ਲੰਚਰੂਮ ਵਿੱਚ ਕੰਮ ਕਰਦਾ ਹਨ,” ਨਿੱਕ ਨੇ ਕਿਹਾ, “ਤੇ ਦੋ ਲੋਕ ਉੱਥੇ ਆਏ। ਉਨ੍ਹਾਂ ਨੇ ਮੈਨੂੰ ਅਤੇ ਰਸੋਈਏ ਨੂੰ ਬੰਨ੍ਹ ਦਿੱਤਾ, ਅਤੇ ਉਨ੍ਹਾਂ ਨੇ ਤੁਹਾਡੀ ਹੱਤਿਆ ਕਰਨੀ ਸੀ।”
ਨਿੱਕ ਨੂੰ ਇਹ ਕਹਿੰਦੇ ਸਮੇਂ ਆਪਣੀ ਗੱਲ ਮੂਰਖਾਂ ਵਾਲੀ ਲੱਗੀ। ਓਲ ਐਂਡਰਸਨ ਨੇ ਕੁੱਝ ਨਹੀਂ ਕਿਹਾ।
“ਉਨ੍ਹਾਂ ਨੇ ਸਾਨੂੰ ਰਸੋਈ ਵਿੱਚ ਲੈ ਜਾਕੇ ਬੰਨ੍ਹ ਦਿੱਤਾ,” ਨਿੱਕ ਬੋਲਦਾ ਰਿਹਾ। “ਉਨ੍ਹਾਂ ਨੇ ਤੁਹਾਨੂੰ ਉਦੋਂ ਮਾਰ ਦੇਣਾ ਸੀ ਜੇ ਤੁਸੀਂ ਰਾਤ ਦਾ ਖਾਣਾ ਖਾਣ ਉੱਥੇ ਆਉਂਦੇ।”
ਓਲ ਐਂਡਰਸਨ ਕੰਧ ਦੇ ਵੱਲ ਵੇਖਦਾ ਰਿਹਾ ਅਤੇ ਚੁੱਪ ਰਿਹਾ।
“ਜਾਰਜ ਨੇ ਸੋਚਿਆ ਕਿ ਮੈਨੂੰ ਇੱਥੇ ਆ ਕੇ ਤੁਹਾਨੂੰ ਸਭ ਕੁੱਝ ਦੱਸ ਦੇਣਾ ਚਾਹੀਦਾ ਹੈ।”
“ਮੈਂ ਇਸ ਬਾਰੇ ਕੁੱਝ ਵੀ ਨਹੀਂ ਕਰ ਸਕਦਾ,” ਓਲ ਐਂਡਰਸਨ ਨੇ ਕਿਹਾ।
“ਮੈਂ ਤੁਹਾਨੂੰ ਉਨ੍ਹਾਂ ਦਾ ਹੁਲੀਆ ਦੱਸਦਾ ਹਾਂ।”
“ਮੈਂ ਉਨ੍ਹਾਂ ਦਾ ਹੁਲੀਆ ਨਹੀਂ ਜਾਨਣਾ ਚਾਹੁੰਦਾ,” ਓਲ ਐਂਡਰਸਨ ਨੇ ਕਿਹਾ। ਉਸ ਨੇ ਕੰਧ ਦੇ ਵੱਲ ਵੇਖਿਆ। ਇੱਥੇ ਆ ਕੇ ਮੈਨੂੰ ਇਹ ਸਭ ਦੱਸਣ ਲਈ ਧੰਨਵਾਦ।”
“ਠੀਕ ਹੈ, ਸ਼ਿਰੀਮਾਨ।”
ਨਿੱਕ ਨੇ ਉਸ ਲੰਬਾ ਚੌੜਾ ਆਦਮੀ ਬਿਸਤਰ ਤੇ ਪਿਆ ਵੇਖਿਆ।
“ਕੀ ਤੁਸੀਂ ਇਸਦੇ ਬਾਰੇ ਪੁਲਿਸ ਨੂੰ ਨਹੀਂ ਦੱਸਣਾ ਚਾਹੁੰਦੇ?”
“ਨਹੀਂ,” ਓਲ ਐਂਡਰਸਨ ਨੇ ਕਿਹਾ। “ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ।”
“ਕੀ ਮੈਂ ਇਸ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ?”
“ਨਹੀਂ। ਤੁਸੀਂ ਮੇਰੀ ਕੋਈ ਮਦਦ ਨਹੀਂ ਕਰ ਸਕਦੇ।”
“ਸ਼ਾਇਦ ਉਹ ਦੋਨੋਂ ਮਜ਼ਾਕ ਕਰ ਰਹੇ ਸਨ।”
“ਨਹੀਂ। ਉਹ ਕੋਈ ਮਜ਼ਾਕ ਨਹੀਂ ਸੀ।”
ਓਲ ਐਂਡਰਸਨ ਨੇ ਕੰਧ ਦੇ ਵੱਲ ਕਰਵਟ ਲੈ ਲਈ।
“ਦਰਅਸਲ ਗੱਲ ਇਹ ਹੈ ਕਿ,” ਉਸ ਨੇ ਕੰਧ ਦੇ ਵੱਲ ਮੂੰਹ ਕੀਤੇ ਹੋਏ ਹੀ ਕਿਹਾ, “ਮੈਂ ਬਾਹਰ ਜਾਣ ਦੇ ਬਾਰੇ ਆਪਣਾ ਮਨ ਨਹੀਂ ਬਣਾ ਪਾ ਰਿਹਾ ਹਾਂ। ਅੱਜ ਮੈਂ ਸਾਰਾ ਦਿਨ ਕਮਰੇ ਵਿੱਚ ਹੀ ਰਿਹਾ ਹਾਂ।”
“ਕੀ ਤੁਸੀਂ ਇਸ ਸ਼ਹਿਰ ਤੋਂ ਬਾਹਰ ਕਿਤੇ ਹੋਰ ਨਹੀਂ ਜਾ ਸਕਦੇ?”
“ਨਹੀਂ,” ਓਲ ਐਂਡਰਸਨ ਨੇ ਕਿਹਾ। “ਹੁਣ ਮੈਂ ਹੋਰ ਨਹੀਂ ਭੱਜ ਸਕਦਾ। ਹੁਣ ਕੁੱਝ ਨਹੀਂ ਕੀਤਾ ਜਾ ਸਕਦਾ।” ਉਸ ਨੇ ਕੰਧ ਵੱਲ ਵੇਖਿਆ।
“ਕੀ ਤੁਸੀਂ ਆਪਣੇ ਬਚਣ ਦਾ ਕੋਈ ਉਪਾਅ ਨਹੀਂ ਕਰ ਸਕਦੇ?”
“ਨਹੀਂ। ਮੈਂ ਗਲਤ ਜਗ੍ਹਾ ਉੱਤੇ ਫਸ ਗਿਆ,” ਉਹ ਉਸੇ ਸਪਾਟ ਅਵਾਜ਼ ਵਿੱਚ ਬੋਲ ਰਿਹਾ ਸੀ। “ਹੁਣ ਕੁਛ ਕਰਨ ਦੀ ਜ਼ਰੂਰਤ ਨਹੀਂ। ਥੋੜ੍ਹੀ ਦੇਰ ਬਾਅਦ ਮੈਂ ਬਾਹਰ ਜਾਣ ਦੇ ਬਾਰੇ ਆਪਣਾ ਮਨ ਬਣਾ ਲਵਾਂਗਾ।”
“ਤਾਂ ਫਿਰ ਮੈਨੂੰ ਜਾਰਜ ਦੇ ਕੋਲ ਪਰਤ ਜਾਣਾ ਚਾਹੀਦਾ ਹੈ,” ਨਿੱਕ ਨੇ ਕਿਹਾ।
“ਫਿਰ ਮਿਲਾਂਗੇ,” ਓਲ ਐਂਡਰਸਨ ਨੇ ਕਿਹਾ। ਉਸ ਨੇ ਨਿੱਕ ਦੇ ਵੱਲ ਨਹੀਂ ਵੇਖਿਆ। “ਆਉਣ ਲਈ ਧੰਨਵਾਦ।”

ਨਿੱਕ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਬੂਹਾ ਬੰਦ ਕਰਦੇ ਸਮੇਂ ਉਸਨੇ ਬਾਹਰ ਜਾਣ ਵਾਲੇ ਕੱਪੜੇ ਪਹਿਨ ਕੇ ਬਿਸਤਰ ਉੱਤੇ ਲਿਟੇ ਹੋਏ ਓਲ ਐਂਡਰਸਨ ਨੂੰ ਵੇਖਿਆ ਜੋ ਕੰਧ ਨੂੰ ਘੂਰ ਰਿਹਾ ਸੀ।
“ਇਹ ਸਾਰਾ ਦਿਨ ਕਮਰੇ ਵਿੱਚ ਹੀ ਰਿਹਾ ਹੈ,” ਪੌੜੀਆਂ ਉੱਤਰਨ ਤੇ ਮਕਾਨ ਮਾਲਕਣ ਨੇ ਨਿੱਕ ਨੂੰ ਕਿਹਾ। “”‘ਸ਼੍ਰੀ ਐਂਡਰਸਨ, ਪਤਝੜ ਦੇ ਇੰਨੇ ਖ਼ੂਬਸੂਰਤ ਦਿਨ ਤੁਹਾਨੂੰ ਬਾਹਰ ਘੁੰਮ ਕੇ ਆਉਣਾ ਚਾਹੀਦਾ ਹੈ,’ ਮੈਂ ਉਸ ਨੂੰ ਕਿਹਾ ਵੀ, ਲੇਕਿਨ ਉਨ੍ਹਾਂ ਦਾ ਬਾਹਰ ਜਾਣ ਦਾ ਮਨ ਹੀ ਨਹੀਂ ਸੀ।”
“ਜੀ, ਹਾਂ। ਉਹ ਬਾਹਰ ਨਹੀਂ ਜਾਣਾ ਚਾਹੁੰਦੇ।”
“ਮੈਨੂੰ ਅਫਸੋਸ ਹੈ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ,” ਔਰਤ ਨੇ ਕਿਹਾ। ਉਹ ਬਹੁਤ ਚੰਗਾ ਆਦਮੀ ਹੈ। ਕੀ ਤੁਸੀਂ ਜਾਣਦੇ ਹੋ, ਉਹ ਪੇਸ਼ੇਵਰ ਮੁੱਕੇਬਾਜ਼ ਸੀ।
“ਹਾਂ, ਮੈਂ ਜਾਣਦਾ ਹਾਂ।”
“ਤੁਸੀਂ ਇਹ ਨਹੀਂ ਜਾਣ ਸਕਦੇ, ਪਰ ਉਨ੍ਹਾਂ ਦੇ ਚਿਹਰੇ ਤੋਂ ਪਤਾ ਚੱਲ ਜਾਂਦਾ ਹੈ,” ਔਰਤ ਨੇ ਕਿਹਾ। ਉਹ ਦੋਨੋਂ ਮੁੱਖ ਬੂਹੇ ਦੇ ਕੋਲ ਖੜੇ ਹੋਕੇ ਗੱਲਾਂ ਕਰਦੇ ਰਹੇ। “ਉਹ ਬੇਹੱਦ ਭੱਦਰ ਹੈ।”
“ਖੈਰ, ਸ਼ੁਭ ਰਾਤ, ਸ਼੍ਰੀਮਤੀ ਹਰਸ਼,” ਨਿੱਕ ਨੇ ਕਿਹਾ।
“ਮੈਂ ਸ਼੍ਰੀਮਤੀ ਹਰਸ਼ ਨਹੀਂ ਹਾਂ,” ਔਰਤ ਨੇ ਜਵਾਬ ਦਿੱਤਾ। ਉਹ ਇਸ ਜਗ੍ਹਾ ਦੀ ਮਾਲਕਣ ਹੈ। ਮੈਂ ਕੇਵਲ ਉਸ ਦੀ ਇਸ ਜਗ੍ਹਾ ਦੀ ਦੇਖਭਾਲ ਕਰਦੀ ਹਾਂ। ਮੈਂ ਸ਼੍ਰੀਮਤੀ ਬੇਲ ਹਾਂ।”
“ਠੀਕ ਹੈ। ਸ਼ੁਭ ਰਾਤ, ਸ਼੍ਰੀਮਤੀ ਬੇਲ।”
“ਸ਼ੁਭ ਰਾਤ,” ਔਰਤ ਨੇ ਜਵਾਬ ਦਿੱਤਾ।

ਨਿੱਕ ਹਨੇਰੀ ਗਲੀ ਨੂੰ ਪਾਰ ਕਰਕੇ ਮੁੱਖ ਸੜਕ ਦੀ ਰੋਸ਼ਨੀ ਵਿੱਚ ਪਰਤ ਆਇਆ। ਫਿਰ ਉਹ ਕਾਰ ਦੇ ਟਾਇਰਾਂ ਦੇ ਨਿਸ਼ਾਨਾਂ ਦੇ ਨਾਲ ਨਾਲ ਚਲਦੇ ਹੋਏ ਹੈਨਰੀ ਲੰਚਰੂਮ ਪਹੁੰਚ ਗਿਆ। ਜਾਰਜ ਅੰਦਰ ਵਾਲੇ ਵੱਡੇ ਹਾਲ ਵਿੱਚ ਮੌਜੂਦ ਸੀ।
“ਕੀ ਤੂੰ ਓਲ ਨੂੰ ਮਿਲਿਆ?”
“ਹਾਂ,” ਨਿੱਕ ਨੇ ਕਿਹਾ। “ਉਹ ਆਪਣੇ ਕਮਰੇ ਵਿੱਚ ਹੈ ਅਤੇ ਉਹ ਬਾਹਰ ਨਹੀਂ ਜਾਵੇਗਾ।”
ਨਿੱਕ ਦੀ ਅਵਾਜ਼ ਸੁਣ ਕੇ ਰਸੋਈਏ ਨੇ ਰਸੋਈ ਅਤੇ ਹਾਲ ਦੇ ਵਿੱਚ ਦੀ ਖਿੜਕੀ ਖੋਲ੍ਹੀ।
“ਮੈਂ ਇਸ ਬਾਰੇ ਕੁੱਝ ਵੀ ਨਹੀਂ ਸੁਣਾਂਗਾ,” ਉਸਨੇ ਕਿਹਾ ਅਤੇ ਵਿੱਚਕਾਰਲੀ ਖਿੜਕੀ ਬੰਦ ਕਰ ਲਈ।
“ਕੀ ਤੂੰ ਉਸ ਨੂੰ ਸਾਰੀ ਗੱਲ ਦੱਸੀ?” ਜਾਰਜ ਨੇ ਪੁੱਛਿਆ।
“ਹਾਂ, ਮੈਂ ਉਸ ਨੂੰ ਦੱਸਿਆ ਪਰ ਉਹ ਇਸ ਬਾਰੇ ਵਿੱਚ ਪਹਿਲਾਂ ਹੀ ਜਾਣਦਾ ਸੀ।”
“ਹੁਣ ਉਹ ਕੀ ਕਰੇਗਾ?”
“ਕੁੱਝ ਨਹੀਂ।”
“ਉਹ ਦੋਨੋਂ ਉਸ ਨੂੰ ਮਾਰ ਦੇਣਗੇ।”
“ਹਾਂ, ਸ਼ਾਇਦ ਇਹੀ ਹੋਵੇਗਾ।”
“ਜ਼ਰੂਰ ਉਸ ਨੇ ਸ਼ਿਕਾਗੋ ਵਿੱਚ ਕਿਸੇ ਨਾਲ ਦੁਸ਼ਮਣੀ ਮੁੱਲ ਲਈ ਹੋਵੇਗੀ।”
“ਹਾਂ, ਸ਼ਾਇਦ ਇਹੀ ਗੱਲ ਹੋਵੇਗੀ।”
“ਇਹ ਬੜੀ ਭਿਆਨਕ ਗੱਲ ਹੈ।”
“ਹਾਂ, ਇਹ ਸੱਚੀਂ ਬੜੀ ਭਿਆਨਕ ਹੈ,” ਨਿੱਕ ਨੇ ਕਿਹਾ।
ਕੁੱਝ ਦੇਰ ਉਹ ਦੋਨੋਂ ਚੁੱਪ ਰਹੇ। ਜਾਰਜ ਨੇ ਇੱਕ ਗਿੱਲਾ ਤੌਲੀਆ ਲੈ ਕੇ ਕਾਊਂਟਰ ਨੂੰ ਪੋਚਾ ਮਾਰ ਦਿੱਤਾ।
“ਪਤਾ ਨਹੀਂ ਉਸ ਨੇ ਕੀ ਕੀਤਾ ਹੋਵੇਗਾ?”
“ਕਿਸੇ ਨੂੰ ਧੋਖਾ ਦਿੱਤਾ ਹੋਵੇਗਾ। ਉਹ ਲੋਕ ਇਸੇ ਲਈ ਹਤਿਆ ਕਰਨਾ ਚਾਹੁੰਦੇ ਹਨ।”
“ਮੈਂ ਇਹ ਸ਼ਹਿਰ ਛੱਡ ਕੇ ਕਿਤੇ ਬਾਹਰ ਚਲਾ ਜਾਵਾਂਗਾ,” ਨਿੱਕ ਨੇ ਕਿਹਾ।
“ਠੀਕ ਹੈ,” ਜਾਰਜ ਨੇ ਕਿਹਾ। “ਅਜਿਹਾ ਕਰਨਾ ਹੀ ਠੀਕ ਰਹੇਗਾ।”
“ਮੈਂ ਤਾਂ ਇਹ ਸੋਚ ਕਰ ਹੀ ਕੰਬ ਜਾਂਦਾ ਹਾਂ ਕਿ ਕਮਰੇ ਵਿੱਚ ਬਿਸਤਰ ਉੱਤੇ ਪਏ ਸ਼੍ਰੀ ਓਲ ਨੂੰ ਸਭ ਪਤਾ ਹੈ ਕਿ ਹਤਿਆਰੇ ਉਸ ਦੀ ਹੱਤਿਆ ਕਰ ਦੇਣਗੇ। ਇਹ ਇੱਕ ਭਿਆਨਕ ਜਾਣਕਾਰੀ ਹੈ।”
“ਖੈਰ,” ਜਾਰਜ ਬੋਲਿਆ। “ਬਿਹਤਰ ਹੋਵੇਗਾ ਕਿ ਤੂੰ ਇਸਦੇ ਬਾਰੇ ਸੋਚੇਂ ਹੀ ਨਾ।”

1927

(ਅਨੁਵਾਦ: ਚਰਨ ਗਿੱਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com