Hawa Vich Latakadi Zindagi (Punjabi Story) : Gurmeet Karyalvi

ਹਵਾ ਵਿਚ ਲਟਕਦੀ ਜ਼ਿੰਦਗੀ (ਕਹਾਣੀ) : ਗੁਰਮੀਤ ਕੜਿਆਲਵੀ

ਬੇਲਦਾਰ ਜੰਗ ਸਿੰਘ ਉਰਫ਼ ਜੰਗੇ ਨੇ ਪੁਲ ਦੀ ਥੜ੍ਹੀ 'ਤੇ ਖੜ੍ਹਕੇ ਪਿੰਡੋਂ ਆਉਣ ਵਾਲੀ ਸੜਕ ‘ਤੇ ਦੂਰ ਤੱਕ ਨਿਗਾਹ ਘੁਮਾਈ। ਸੂਰਜ ਦੀਆਂ ਤੇਜ਼ ਕਿਰਨਾਂ ਸਿੱਧੀਆਂ ਉਸਦੀਆਂ ਚੁੱਚੀਆਂ ਅੱਖਾਂ ਦੇ ਪਰਦਿਆਂ 'ਤੇ ਆ ਵੱਜੀਆਂ। ਉਸਨੂੰ ਕੁੱਝ ਵਿਖਾਈ ਨਾ ਦਿੱਤਾ। ਉਸਨੇ ਮੋਟੀ ਸਾਰੀ ਗਾਲ਼੍ਹ ਕੱਢੀ। ਉਸਦੇ ਮੂੰਹੋਂ ਕਿਸਨੂੰ ਗਾਲ਼੍ਹ ਨਿਕਲ ਗਈ--ਸੂਰਜ ਨੂੰ ਜਾਂ ਮੇਅਟ ਮੇਹਰ ਸਿੰਘ ਨੂੰ, ਉਸਨੂੰ ਆਪਣੇ ਆਪ ਨੂੰ ਪਤਾ ਨਾ ਲੱਗਾ। ਉਸਨੇ ਇੱਕ ਪਲ ਨਜ਼ਰ ਨੀਵੀਂ ਕੀਤੀ, ਫੇਰ ਦੂਸਰੇ ਪਲ ਹੀ ਹੱਥ ਦਾ ਛੱਪਰ ਜਿਹਾ ਬਣਾ ਮੱਥੇ 'ਤੇ ਰੱਖਿਆ ਤੇ ਪਿੰਡ ਵੱਲ ਭਰਵੀਂ ਨਜ਼ਰ ਸੁੱਟੀ। ਮੇਹਰ ਸਿੰਘ ਮੇਅਟ ਦਾ ਦੂਰ ਤੱਕ ਕੋਈ ਨਾਂ ਨਿਸ਼ਾਨ ਨਹੀਂ ਸੀ। ਮੇਅਟ ਤਾਂ ਕੀ ਕੋਈ ਵੀ ਆਦਮੀ ਉਸਨੂੰ ਦੂਰ ਤੱਕ ਪਿੰਡ ਵਲੋਂ ਆਉਂਦਾ ਨਜ਼ਰ ਨਾ ਆਇਆ।
“ਲੱਗਦਾ ਅੱਜ ਵੀ ਨ੍ਹੀਂ ਆਉਂਦਾ।” ਉਸਨੇ ਮਨ ਹੀ ਮਨ ਸੋਚਿਆ।

“ਇੱਕ ਤਾਂ ਏਹ ਮੇਅਟ ਈ ਨ੍ਹੀਂ ਮਾਣ। ਆਵਦੇ ਆਪ ਨੂੰ ਕਿਸੇ ਅਪਸਰ ਨਾਲੋਂ ਘੱਟ ਨ੍ਹੀ ਸਮਝਦਾ। ਬਾਕੀ ਓਵਰਸੀਅਰ ਤੇ ਐਸ.ਡੀ.ਓ. ਨੇ ਤਾਂ ਕੀ ਕਿਸੇ ਕੰਜਰ ਨੂੰ ਬੰਦਾ ਸਮਝਣਾ। ਆਵਦੇ ਤੋਂ ਛੋਟੇ ਮੁਲਾਜ਼ਮ 'ਤੇ ਹਰੇਕ ਈ ਅਪਸਰੀ ਜਗਾਉਂਦਾ। ਮਾਤੜ੍ਹ ਅਰਗੇ ਮੁਲਾਜ਼ਮ ਨੂੰ ਤਾਂ ਸਾਰੇ ਰੰਨ ਹੀ ਸਮਝਦੇ। ਇਹ ਮੇਅਟ ਈ ਆਵਦੇ ਆਪ ਨੂੰ ਰਾਣੀ ਖਾਂ ਦਾ ਸਾਲ਼ਾ ਸਮਝੀ ਫਿਰਦੈ। ਮਜਾਲ ਕੀ ਟਿਕਣ ਦੇਜੇ। ਆਪ ਜਦੋਂ ਜੀ ਕਰੇ ਘਰੇ ਰਹਿਪੂ। ਜੇ ਕਿਧਰੇ ਲੇਟ ਪੰਜ ਸੱਤ ਮਿੰਟ ਹੋਜਾਂ, ਗੱਦੋਂ ਦਾ ਸਾਲ਼ਾ ਰਾਸ਼ਨ ਲੈ ਕੇ ਚੜਜੂ। ਜੰਗਿਆ ਐਹ ਕਰ ਲੈ-ਜੰਗਿਆ ਔਹ ਕਰ ਲੈ। ਊਰੀ ਆਂਗੂੰ ਘੁੰਮਾਈ ਫਿਰੂ। ਓਵਰਸੀਅਰ ਘਰ ਸਾਗ ਦੇ ਆ, ਜੰਗਿਆ ਫਲਾਨੇ ਠੇਕੇਦਾਰ ਦੇ ਮੱਕੀ ਦੀਆਂ ਛੱਲੀਆਂ ਫੜਾ ਆ, ਜੰਗਿਆ ਢਿਮਕੇ ਘਰ ਕਣਕ ਪੁਚਾਈਂ, ਜੰਗਿਆ ਅਮਕੇ ਦੀ ਕੁੜੀ...।” ਜੰਗੇ ਨੇ ਅੱਕ ਕੇ ਮੇਅਟ ਨੂੰ ਮਨ ਹੀ ਮਨ ਗਾਲ੍ਹਾਂ ਦੀ ਝੜੀ ਲਾ ਦਿੱਤੀ। “ਲੈ ਜਦੋਂ ਮਰਜ਼ੀ ਲੈ ਆਈਂ ਸ਼ਗਨ ਜੀਜੇ ਆਸਤੇ।” ਉਸਨੇ ਬੁੱਲਾਂ ਵਿੱਚ ਬੁੜ ਬੁੜ ਕੀਤੀ ਅਤੇ ਸੇਮ ਦੀ ਪਟੜੀ 'ਤੇ ਪੁਟਾਈ ਕਰਦੀ ਇੰਦਰ ਸਿੰਹੁ ਠੇਕੇਦਾਰ ਦੀ ਲੇਬਰ ਦੇ ਸਿਰਹਾਣੇ ਖੜੋਤੇ ਠੇਕੇਦਾਰ ਦੇ ਮੁਨਸ਼ੀ ਕੋਲ ਆ ਖੜੋਤਾ।

“ਕਿਉਂ ਕਿਮੇ ਆ ਸਰਦਾਰ ਜੰਗ ਸਿਆਂ। ਕਿਮੇ ਅੱਜ ਭਖ਼ਿਆ ਜਿਆ ਫਿਰਦੈਂ। ਖ਼ੈਰ ਮਿਹਰ ਤਾਂ ਹੈ ? ਕਿਤੇ ਘਰੇ ਅੱਜ ਸਰਦਾਰਨੀ ਨਾਲ ਤਾਂ ਨ੍ਹੀਂ ਉੱਚੀ ਨੀਵੀਂ ਹੋਈ ?” ਮੁਨਸ਼ੀ ਜੋਗਿੰਦਰ ਨੇ ਉਸਦੇ ਚੜ੍ਹੇ ਤੇਵਰਾਂ ਵੱਲ ਝਾਕਦਿਆਂ, ਖ਼ੈਰ ਮਿਹਰ ਅਤੇ ਸਰਦਾਰਨੀ ਸ਼ਬਦਾਂ 'ਤੇ ਜ਼ੋਰ ਦੇ ਕੇ ਆਖਿਆ।

ਜੰਗੇ ਦਾ ਜੀਅ ਤਾਂ ਕੀਤਾ ਮੇਅਟ ਨੂੰ ਗਾਲ਼੍ਹਾਂ ਦੀ ਸੂੜ ਧੜ ਲਵੇ, ਪਰ ਉਸ ਨੇ ਇੰਜ ਨਾ ਕੀਤਾ। ਮੇਹਰ ਸਿੰਘ ਫੇਰ ਵੀ ਉਸਦੇ ਆਪਣੇ ਮਹਿਕਮੇ ਦਾ ਬੰਦਾ ਸੀ। ਆਖ਼ਰ ਮੌਕੇ ਦਾ ਅਫ਼ਸਰ ਸੀ, ਇੱਕੋ ਮਹਿਕਮਾ, ਇਕੋ ਥਾਂ ਡਿਊਟੀ। ਆਪਸ ਵਿਚਲੀ ਗੱਲਬਾਤ ਬਾਹਰ ਕਿਉਂ ਲਿਜਾਈ ਜਾਵੇ। ਮੁਨਸ਼ੀ ਫੇਰ ਵੀ ਬਾਹਰਲਾ ਬੰਦਾ। ਘਰ ਦੀ ਗੱਲ ਘਰ ਵਿਚ ਹੀ ਰਹੇ ਠੀਕ ਹੁੰਦੀ ਏ। ਇਹ ਸੋਚ ਕੇ ਉਹ ਗੁੱਸਾ ਅੰਦਰੇ-ਅੰਦਰ ਪੀ ਗਿਆ।
“ਕੁਛ ਨ੍ਹੀਂ ਯਾਰ ! ਬੱਸ ਐਮੀ ਮੂੜ੍ਹ ਜਿਹਾ ਖਰਾਬ ਐ। ਹੋਰ ਉੱਚੀ ਨੀਵੀਂ ਕੀ ਹੋਣੀ ਆਪਣੀ ਕਿਸੇ ਨਾਲ।”
“ਕਿਤੇ ਮੇਹਰ ਸਿੰਹੁ ਨੇ ਤਾਂ ਨ੍ਹੀ ਪਾਤਾ ਨਵਾਂ ਜੰਗ ਪਲੰਘਾ ?” ਮੁਨਸ਼ੀ ਨੇ ਟਿਕਾਣੇ ਲਾ ਦਿੱਤੀ। ਜੰਗ ਸਿੰਹੁ ਭਾਵੇਂ ਲੱਖ ਲੁਕਾਉਣਾ ਚਾਹੁੰਦਾ ਸੀ ਪਰ ਮੁਨਸ਼ੀ ਦੇ ਐਹੋ ਜਿਹੇ ਬੇਲਦਾਰਾਂ, ਮੇਅਟਾਂ ਨਾਲ ਕੰਮ ਕਰਦਿਆਂ ਈ ਕਾਲਿਓਂ ਚਿੱਟੇ ਹੋਏ ਸਨ।
“ਨਹੀਂ ਮੇਹਰ ਸਿੰਹੁ ਨੇ ਕੀ ਪਾਉਣਾ ਜੰਗ-ਪਲੰਗਾ। ਉਹ ਤਾਂ ਆਪ ਮੇਰੇ ਅਰਗਾ।” ਜੰਗੇ ਨੇ ਪਾਣੀ ਜਿਹਾ ਗੰਧਾਲਿਆ।

“ਬਾਜੇ-ਬਾਜੇ ਬੰਦਿਆਂ ਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਐ। ਐਵੇਂ ਅਫ਼ਸਰਾਂ ਅੱਗੇ ਨਾਲਦੇ ਮੁਲਾਜਮ ਬੰਦਿਆਂ ਦੀਆਂ ਈ ਵਧਵੀਆਂ ਘਟਵੀਆਂ ਕਰਦੇ ਰਹਿਣਗੇ। ਨਿੱਕੀ-ਨਿੱਕੀ ਗੱਲ ਦੀ ਡਾਰ ਬਣਾ ਦਿੰਦੇ। ਆਵਦੇ ਨੰਬਰ ਬਣਾਉਂਦੇ, ਦੂਜੇ ਦੇ ਘਟਾਉਂਦੇ। ਆਦਤ ਮੈਨੂੰ ਥੋਡੇ ਮੇਹਰ ਸਿੰਹੁ ਦੀ ਵੀ ਖੋਟੀਓ ਲੱਗਦੀ।” ਮੁਨਸ਼ੀ ਨੇ ਜਿਵੇਂ ਜੰਗੇ ਦੇ ਅੰਦਰੋਂ ਅਸਲੀ ਗੱਲ ਕਢਵਾਉਣ ਦੀ ਠਾਣੀ ਹੋਈ ਸੀ।
“ਤੂੰ ਵੀ ਨਾ....ਐਂ ਧੁਰ ਤੱਕ ਜਾਨੈਂ ਗੱਲ ਦੇ।”
“ਜੰਗ ਸਿਹੁੰ ਸਰਦਾਰਾ, ਦਾਈਆਂ ਕੋਲੋਂ ਪੇਟ ਨ੍ਹੀਂ ਲੁਕਾਈਦੇ। ਮੇਰੀ ਸਾਰੀ ਉਮਰ ਥੋਡੇ ਮਹਿਕਮੇ ‘ਚ ਈ ਲੰਘੀ ਆ। ਮੈਂ ਤਾਂ ਜੁਆਕ ਦੀ ਪਿੱਠ ਵੇਖ ਕੇ ਦੱਸ ਦਿੰਨਾਂ ਏਹਦੇ ਨਾਨਕੇ ਕਿੱਥੇ ਆ?”

“ਮਖ ਸੱਚ ਵੀ ਮੰਨ, ਕੋਈ ਗੱਲ ਨ੍ਹੀਂ। ਐਮੀ ਡੀਕਦਾ ਸੀ। ਖੌਰੇ ਕੀ ਗੱਲ ਹੋਗੀ ਆਇਆ ਨ੍ਹੀ ਤਿੰਨ ਦਿਨ ਹੋਗੇ। ਮੈਂ ਸੋਚਦਾ ਸੀ ਸਵੱਖਤੇ ਆ ਜਾਂਦਾ ਤਾਂ ਮੈਂ ਸ਼ਹਿਰ ਦਫ਼ਤਰ ਈ ਜਾ ਆਉਂਦਾ। ਸ਼ਹਿਰ ਕੰਮ ਸੀ ਐਮੀ ਮਾੜਾ ਜਿਹਾ।” ਜੰਗੇ ਨੇ ਉਹਲਾ ਰੱਖ ਲੈਣਾ ਈ ਠੀਕ ਸਮਝਿਆ ਸੀ।

“ਖੈਰ ਨਾ ਦੱਸ ਤੇਰੀ ਮਰਜ਼ੀ। ਊਂ ਗੱਲ, ਕੋਈ ਨਾ ਕੋਈ ਹੈ ਜ਼ਰੂਰ।” ਮੁਨਸ਼ੀ ਨੇ ਗਹੁ ਨਾਲ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ। ਜੰਗੇ ਨੂੰ ਜਾਪਿਆ ਜਿਵੇਂ ਮੁਨਸ਼ੀ ਨੇ ਉਸਦੇ ਝੂਠ ਨੂੰ ਫੜ ਲਿਆ ਹੋਵੇ। ਉਸਨੂੰ ਬੇਚੈਨੀ ਜਿਹੀ ਹੋਈ। ਮੁਨਸ਼ੀ ਕੋਲੋਂ ਹਿੱਲ ਉਹ ਆਪਣੀ ਸਾਈਕਲ ਕੋਲ ਜਾ ਪੁੱਜਾ। ਧੁੱਪੇ ਖੜੀ ਸਾਈਕਲ ਨੂੰ ਕਿੱਕਰ ਦੀ ਛਾਵੇਂ ਕੀਤਾ। ਉਸਨੂੰ ਆਪਣੇ ਅੰਦਰ ਭੁੱਖ ਨਾਲ਼ ਖੋਹ ਜਿਹੀ ਪੈਂਦੀ ਜਾਪੀ ਪਰ ਉਸਦਾ ਹੌਂਸਲਾ ਨਾ ਪਿਆ ਕਿ ਸਾਈਕਲ ਦੇ ਮੂਹਰਲੇ ਡੰਡੇ ਨਾਲ਼ੋਂ ਡੱਬਾ ਲਾਹ ਕੇ ਰੋਟੀ ਖਾ ਲਵੇ। ਉਸਨੇ ਪਸੀਨੋ-ਪਸੀਨਾ ਹੋਏ ਮਿੱਟੀ ਪੁੱਟਦੇ ਮਜ਼ਦੂਰਾਂ ਵੱਲ ਵੇਖਿਆ ਤਾਂ ਉਸਦੇ ਅੰਦਰੋਂ ਚੀਸ ਜਿਹੀ ਨਿਕਲੀ। ਮਿੱਟੀ ਬੜੀ ਸਖ਼ਤ ਤੇ ਰੋੜਾਂ ਵਾਲ਼ੀ ਸੀ। ਮਿੱਟੀ ਪੁੱਟਣ ਲਈ ਜ਼ੋਰ ਨਾਲ ਮਾਰੀ ਕਹੀ ਮਸੀਂ ਚੱਪਾ ਭਰ ਥੱਲੇ ਖੁੱਭਦੀ । ਜ਼ੋਰ ਨਾਲ਼ ਟੱਕ ਮਾਰਿਆਂ ਇੱਕ ਵਾਰ ਤਾਂ ਕਹੀ ਮੱਥੇ ਵੱਲ ਨੂੰ ਆਉਂਦੀ। ਲੇਬਰ ਵਿਚਲੇ ਅਲੂੰਏਂ ਜਿਹੇ ਮੁੰਡੇ ਵੱਲ ਵੇਖ ਕੇ ਜੰਗੇ ਦੇ ਸੰਘੋਂ ਹਾਉਂਕਾ ਜਿਹਾ ਨਿਕਲ ਹਵਾ ਵਿਚ ਰਲ਼ ਗਿਆ। ਉਸਦਾ ਆਪਣਾ ਮੁੰਡਾ ਟਹਿਲਾ ਉਸਦੀਆਂ ਅੱਖਾਂ ਅੱਗੇ ਖੜੋਤਾ।

--ਜੰਗ ਸਿਆਂ, ਔਲਾਦ ਖ਼ਾਤਰ ਬੰਦਾ ਕੀ ਕੀ ਨ੍ਹੀਂ ਕਰਦਾ ? ਮੈਂ ਤਾਂ ਟਹਿਲੇ ਖਾਤਰ ਈ ਭੱਠ ਝੋਕ ਰਿਹਾਂ। ਦਿਨ- ਰਾਤ ਬੁੱਤੀਆਂ ਕਰੀਦੀਆਂ ਅਫ਼ਸਰਾਂ ਦੀਆਂ । ਸੋਚੀਦਾ ਦਸ ਜਮਾਤਾਂ ਕਰਜੇ। ਕਿਸੇ ਸੜੇ ਸੱਟੇ ਅਫ਼ਸਰ ਦੇ ਪੈਰੀਂ ਪੈ ਕੇ ਮਹਿਕਮੇ ‘ਚ ਡਜੱਸਟ ਕਰਾਲਾਂਗੇ। ਕਿਧਰੇ ਵਰਕ ਮੁਨਸ਼ੀ ਲਵਾਤਾ ਜਾਂ ਫਿਰ ਗੇਜ ਰੀਡਰ ਈ ਭਰਤੀ ਕਰਾਤਾ-ਮੌਜਾਂ ਕਰੂ ਸਾਰੀ ਉਮਰ। ਦਿਹਾੜੀਆਂ ਕਰਨ ਤੋਂ ਬਚ ਜੂ। ਨਹੀਂ ਦਿਹਾੜੀ ਆਲੇ ਤਾਂ ਮੇਰੇ ਸਾਲ਼ੇ ਸਾਰੀ ਦਿਹਾੜੀ ‘ਚ ਰੱਤ ਚੂਸ ਲੈਂਦੇ। ਟੈਮ ਈ ਕੋਈ ਨ੍ਹੀਂ ਕੰਮ ਦਾ। ਸਵੇਰ ਤੋਂ ਰਾਤ ਤੱਕ, ਲੈ ਓਏ ਲੰਡਿਆ--ਦੇ ਓਏ ਮੀਣ੍ਹਿਆ। ਨਾਲ਼ੇ ਉਲਟਾ ਮਸ਼ਕਰੀਆਂ ਕਰਨਗੇ। ਫੇਰ ਕਹਿਣਗੇ--ਕੰਮ ਨ੍ਹੀਂ ਕਰਦਾ ਜੀਅ ਜਾਨ ਲਾ ਕੇ। ਵਈ ਹੋਰ ਥੋਡੀ...।” ਜੰਗੇ ਦੀ ਸੋਚ ਪਟੜੀ ਤੋਂ ਉੱਤਰ ਕੇ ਘਰ ਅਤੇ ਫੇਰ ਪਿੰਡ ਦੇ ਘਰਾਂ ‘ਚ ਜਾ ਵੜੀ।

ਪਿੰਡ ਦਾ ਚੇਤਾ ਆਉਂਦਿਆਂ ਹੀ ਜੰਗੇ ਨੇ ਇੱਕ ਵਾਰੀ ਫੇਰ ਪਿੰਡ ਦੇ ਰਾਹ ਵੱਲ ਓਪਰੀ ਜਿਹੀ ਨਜ਼ਰ ਮਾਰੀ। ਮੇਅਟ ਤਾਂ ਕਿਧਰੇ, ਉਸਦੀ ਧੂੜ ਵੀ ਆਉਂਦੀ ਨਜ਼ਰ ਨਾ ਆਈ। ਉਸਦਾ ਜੀਅ ਕਾਹਲ਼ਾ ਪੈਣ ਲੱਗਾ। ਦਿਲ ਕੀਤਾ ਨੰਗੇ ਪੈਰੀਂ ਸ਼ੂਟ ਵੱਟ ਕੇ ਪਿੰਡ ਨੂੰ ਭੱਜ ਜਾਵੇ ਤੇ ਮੇਅਟ ਨੂੰ ਧੌਣੋਂ ਫੜ ਲਵੇ।

--ਮੇਰੇ ਪੁੱਤ ਦਾ ਇਹ ਚਿੱਬਾ ਜਿਆ ਈ ਨ੍ਹੀਂ ਮਾਣ। ਏਹਨੂੰ ਭੋਰਾ ਹਮਦਰਦੀ ਨ੍ਹੀਂ ਕਿਸੇ ਗਰੀਬ ਭਰਾ ਨਾਲ਼। ਆਕੜ ‘ਚ ਨਹੁੰ ਨੀ ਖੁੱਭਦਾ ਕਿਤੇ। ਖ਼ੈਰ ਇਹ ਕਿਹੜਾ ਸਮਾਨੋਂ ਉਤਰਿਆ, ਅੱਜ ਕੱਲ੍ਹ ਕੌਣ ਕਿਸੇ ਦਾ ਵੇਂਹਦਾ। ਸਾਰਿਆਂ ਨੂੰ ਆਵਦੇ ਢਿੱਡ ਦੀ ਪਈ ਆ। ਕਿਸੇ ਦਾ ਭਲਾ ਕਰਕੇ ਤਾਂ ਕੋਈ ਰਾਜ਼ੀ ਈ ਨ੍ਹੀਂ--ਵਿਗਾੜ ਜਿੰਨਾ ਮਰਜ਼ੀ ਦੇਣ ਕਿਸੇ ਦਾ। ਏਹਨੂੰ ਚੰਗਾ ਭਲਾ ਪਤਾ ਮੈਨੂੰ ਅਜੇ ਤੱਕ ਪੇਮੈਂਟ ਨਹੀਂ ਮਿਲੀ। ਉੱਤੋਂ ਅੱਠ ਤਰੀਕ ਹੋਗੀ, ਦੱਸ ਘਰਦਾ ਖ਼ਰਚ ਕਿਥੋਂ ਚਲਾਉਣੈ ? ਘਰੇ ਕਿਹੜਾ ਨੋਟ ਦੱਬੇ ਪਏ ਆ, ਜਿਥੋਂ ਕੱਢ-ਕੱਢ ਕੇ ਲਾਈ ਜਾਣੇ। ਕੁੱਤੇ ਦੀ ਦੁੰਬ ਮੇਹਰ ਸਿਹੁੰ ਕਿਧਰੋਂ ਕੰਮ ‘ਤੇ ਆਵੇ ਤਾਂ ਮੈਂ ਸ਼ਹਿਰ ਦਫ਼ਤਰ ਜਾ ਕੇ ਓਵਰਸੀਅਰ ਤੋਂ ਤਨਖ਼ਾਹ ਲੈ ਆਵਾਂ। ਪਰ ਇਥੇ ਗ਼ਰੀਬ ਨਾਲ਼ ਕਿਸੇ ਨੂੰ ਹੈਦਿਆ ਈ ਨ੍ਹੀਂ-?” ਜੰਗੇ ਨੇ ਸਾਈਕਲ ਦੇ ਸਟੈਂਡ ਪਿਛੇ ਟੰਗੀ ਕੁਹਾੜੀ ਲਾਹੀ ਤੇ ਬਾਲਣ ਲਾਹੁਣ ਲਈ ਖਤਾਣਾਂ ਵਿਚ ਖੜ੍ਹੀਆਂ ਕਿੱਕਰਾਂ ਵੱਲ ਤੁਰ ਪਿਆ।

--ਜੰਗ ਸਿਆਂ ! ਪੰਜੇ ਉਂਗਲਾਂ ਤਾਂ ਨ੍ਹੀਂ ਹੁੰਦੀਆਂ ਇਕੋ ਜਿਹੀਆਂ। ਜਿਉਂਦਾ ਰਵੇ ਵਿਚਾਰਾ ਸੋਢੀ ਸਾਬ੍ਹ। ਗਰੀਬ ਦੇ ਹੱਕ ਨੂੰ ਨ੍ਹੀ ਸੀ ਮਾੜਾ। ਬੱਸ ਰਾਹ ਖੈੜੇ ਦੀ ਸਾਬ-ਸਲਾਮ ਸੀਗੀ ਉਹਦੇ ਨਾਲ਼। ਇੱਕ ਦਿਨ ਐਵੇਂ ਹੱਸਦਿਆਂ ਕਹਿਤਾ, “ਵਈ ਸੋਢੀ ਸਾਬ ਪਟੜੀ ਫੇਰ ਥੋਡਾ ਸਿੱਕਾ ਚੱਲਦਾ, ਕਿਤੇ ਮਾਤੜ੍ਹ ਨੂੰ ਰੋਟੀ ਦੇ ਬਿਲੇ ਕਰ ਦਿਓ । ਕਿਸੇ ਦਫਤਰ 'ਚ ਚਪੜਾਸੀ, ਕਿਸੇ ਗੁਦਾਮ 'ਚ ਚੌਂਕੀਦਾਰ ਜਾਂ ਕਿਸੇ ਨਹਿਰ ਖਾਲੇ 'ਤੇ ਬੇਲਦਾਰ ਹੀ ਲਵਾ ਦਿਓ।” ਬੱਸ ਮਿੰਨਾ ਜਿਹਾ ਹੱਸ ਕੇ ਵਿਖਾਤਾ ਅਖੇ ਕੋਈ ਨ੍ਹੀਂ ਮੈਂ ਕਰੂੰ ਕਿਤੇ ਸੁਰ ਪਤਾ। ਕਿਧਰੇ ਥਾਂ ਖਾਲੀ ਹੋਈ ਤਾਂ ਤੇਰੇ ਵਾਸਤੇ ਕਰਲਾਂਗੇ ਮਿੰਨਤ ਤਰਲਾ, ਹੋਰ ਆਪਾਂ ਕੀ ਕਰ ਸਕਦੇ ਆਂ ? ਲੈ ਅਜੇ ਇਸ ਗੱਲ ਨੂੰ ਮੀਅਨਾ ਨ੍ਹੀਂ ਸੀ ਹੋਇਆ ਹੋਣਾ, ਆਪ ਬੰਦਾ ਭੇਜ ਕੇ ਮੈਨੂੰ ਘਰੋਂ ਬੁਲਾਇਆ ਅਖੇ ਜੰਗਿਆ ਕੱਲ੍ਹ ਤੋਂ ਫਿੱਡਾ ਡਰੇਨ ‘ਤੇ ਜਾ ਹਾਜ਼ਰੀ ਲਾਵੀਂ। ਐਹੇ ਜੇ ਨਰ ਤੇ ਧਰਮੀਂ ਪੁਰਸ਼ਾਂ ਆਸਰੇ ਈ ਇਹ ਧਰਤੀ ਖੜੀ ਐ, ਨਈਂ ਮੇਹਰ ਸਿਹੁੰ ਮੇਅਟ ਅਰਗੇ ਲੂਤੜਾਂ ਨੇ ਤਾਂ ਹੁਣ ਤੀਕ ਡੁਬੋ ਦੇਣਾ ਸੀ ਏਹਨੂੰ।” ਜੰਗੇ ਨੇ ਸਾਈਕਲ ਚੁੱਕਿਆ ਤੇ ਅਗਲੀਆਂ ਬੁਰਜੀਆਂ ‘ਤੇ ਚੱਲ ਰਹੇ ਪੁਟਾਈ ਦੇ ਕੰਮ ‘ਤੇ ਗੇੜਾ ਮਾਰਨ ਤੁਰ ਪਿਆ।

ਸੂਰਜ ਸਿਰ ਪਰਨੇ ਆ ਗਿਆ ਸੀ। ਜੰਗੇ ਨੇ ਮੂਹਰਲੀ ਟੋਕਰੀ ‘ਚ ਪਏ ਸਾਫ਼ੇ ਨਾਲ ਰਗੜ ਕੇ ਧੌਣ ਤੱਕ ਵਗ ਆਇਆ ਪਸੀਨਾ ਪੂੰਝਿਆ। ਉਸਦੇ ਆਪਣੇ ਵਰਗੇ ਸਾਈਕਲ ਦੀ ਚੈਨ ਘੜਿੱਚ-ਘੜਿੱਚ ਕਰ ਰਹੀ ਸੀ। ਕਿੰਨੇ ਦਿਨਾਂ ਤੋਂ ਹੀ ਸਾਈਕਲ ਦੀ ਚੈਨ ਖ਼ਰਾਬ ਹੋਈ ਪਈ ਸੀ। ਜੰਗੇ ਨੇ ਪੂਰੇ ਗਹੁ ਨਾਲ਼ ਆਪਣੇ ਸਾਈਕਲ ਵੱਲ ਵੇਖਿਆ। ਉਸਨੂੰ ਓਵਰਸੀਅਰ ਗੁਰਜੰਟ ਦੇ ਮੋਟਰਸਾਈਕਲ ਦਾ ਚੇਤਾ ਆ ਗਿਆ।

“ਸਾਲ਼ਾ ਅਫਸਰੀ ਦਾ... ਕੁੜੀ ਦਾ ਨੰਗ। ਬੰਦਾ ਸੀ ਭਾਟੀਆ। ਉਹਦੇ ਨਾਲ਼ ਦਾ ਅਫ਼ਸਰ ਨ੍ਹੀਂ ਆਉਣਾ ਸਬ- ਡਿਵੀਜ਼ਨ ‘ਚ। ਉਸੇ ਨੂੰ ਕਹਿਕੇ ਤਾਂ ਸੋਢੀ ਸਾਬ੍ਹ ਨੇ ਰਖਾਇਆ ਸੀ ਮੈਨੂੰ। ਬੱਸ ਢਾਈ-ਤਿੰਨ ਮਹੀਨੇ ਈ ਰਿਹਾ ਮੇਰੇ ਹੁੰਦਿਆਂ। ਦੁਆਬੇ ਕੰਨੀ ਬਦਲੀ ਕਰਵਾ ਗਿਆ ਸੀ। ਅਜ ਤੀਕ ਯਾਦ ਕਰਦੇ ਸਾਰੇ। ਹਰੇਕ ਬੇਲਦਾਰ ਨੂੰ ਕਹਿਣਾ ਵਈ ਆਵਦੀ ਦਿਹਾੜੀ ਪਾ ਲਿਆ ਕਰੋ ਠੇਕੇਦਾਰ ਦੇ ਖਾਤੇ ‘ਚੋਂ। ਫਿਰ ਦਿਨ-ਦਿਹਾਰ ਆਵਦੇ ਕੋਲੋਂ ਵੱਖਰਾ ਦੇਣਾ। ਮਜ਼ਾਲ ਕੀ ਲੋਹੜੀ- ਦੀਵਾਲੀ ਵੇਲੇ ਸੌ-ਸੌ ਤੋਂ ਘੱਟ ਦੇਜੇ। ਮਾਰਚ ਖ਼ਤਮ ਹੋਈ ਤੋਂ ਵੀ ਸੌ-ਸੋ ਹਰ ਬੇਲਦਾਰ ਨੂੰ ਬਿਨ ਮੰਗਿਆਂ ਦੇਣਾ । ਗਰੀਬ ਨਾਲ਼ ਹੈਦਿਆ ਕਰਨ ਵਾਲ਼ੇ ਐਹੇ ਜੇ ਆਹਲਾ ਅਫ਼ਸਰ ਕਾਹਨੂੰ ਲੱਭਦੇ ? ਜਾਂਦਾ ਹੋਇਆ ਏਹਨੂੰ ਟੂਟਲ ਜਏ ਨੂੰ ਵੀ ਕਹਿ ਕੇ ਗਿਆ ਵਈ ਜੰਗ ਸਿਹੁੰ ਦਾ ਖ਼ਿਆਲ ਰੱਖੀਂ। ਏਹਨੂੰ ਹਟਾਉਣਾ ਨ੍ਹੀਂ, ਪੱਕੇ ਕਰਨ ਦੀ ਕੋਸ਼ਿਟ ਕਰੀਂ। ਭਾਟੀਆ..? ਉਹਦੀਆਂ ਕੀ ਗੱਲਾਂ ਕਰਦਾਂ ਜੰਗ ਸਿਆਂ ? ਰੋਇਆ ਕਰ ਉਹਨੂੰ ਯਾਦ ਕਰ-ਕਰ ਕੇ। ਜੇ ਉਹ ਹੁੰਦਾ ਹੁਣ ਨੂੰ ਪੱਕਾ ਹੋ ਜਾਣਾ ਸੀ ਤੈਂਅ। ਆਹ ਲੀਚੜ ਗੁਰਜੰਟਾ... ਕਿਸੇ ਨੂੰ ਸਿਰ ਦੀ ਜੂੰ ਨ੍ਹੀਂ ਦਿੰਦਾ। ਦੂਜੇ ਮਹੀਨੇ ਈ ਮੇਰੀ ਹਾਜ਼ਰੀ ਬੰਦ ਕਰਤੀ। ਹੁਣ ਇੱਕ ਮਹੀਨੇ ਕਿਸੇ ਦੇ ਨਾਂ ‘ਤੇ ਦਸਖਤ ਕਰਾਊ, ਦੂਜੇ ਮਹੀਨੇ ਮੇਰੇ ਨਾਂ 'ਤੇ। ਵਈ ਸਾਲ ‘ਚ ਲਗਾਤਾਰ ਦੋ ਸੌ ਚਾਲੀ ਦਿਨ ਨਾ ਪੂਰੇ ਹੋ ਜਾਣ। ਅਖੇ ਉਤੋਂ ਸਰਕਾਰ ਦੇ ਆਡਰ ਆ ਕਿਸੇ ਮੁਲਾਜ਼ਮ ਦੇ ਦੋ ਸੌ ਚਾਲ਼ੀ ਦਿਨ ਨ੍ਹੀ ਪੂਰੇ ਹੋਣ ਦੇਣੇ ਸਾਲ ‘ਚ। ਔਤਰਾਂ-ਨਖੱਤਰਾ ਲਈ ਕੀ ਬੈਠਾ ਰੱਬ ਤੋਂ ? ਤੀਵੀਂ ਨਿਆਣਾ ਭਾਲਦੀ ਸਿਆਣਿਆਂ-ਭੂਪਿਆਂ ਦੇ ਤੁਰੀ ਫਿਰਦੀ । ਇਹ ਸਾਲਾ ਬੰਦੇ ਨੂੰ ਬੰਦਾ ਨੀ ਸਮਝਦਾ। ਭਰਾ ਦੀ ਮੌਤ ਹੋਗੀ ਤਾਂ ਸਕੀ ਭਰਜਾਈ ਘਰੋਂ ਕੱਢਤੀ ਵਈ ਸਾਰੀ ਜ਼ਮੀਨ ‘ਕੱਲਾ ਸਾਂਭੂ। ਭੈਣ ਘੁਮਿਆਰਾਂ ਦੇ ਮੁੰਡੇ ਨਾਲ਼ ਨਿਕਲਗੀ ਸੀ, ਪਟੜੀ ਫੇਰ ਰੌਲ਼ਾ ਪਿਆ ਰਿਹਾ। ਔਖਾ-ਸੌਖਾ ਹੁੰਦਾ ਸੀ ਮੁੰਡੇ ਨਾਲ਼। ਮੁੰਡੇ ਆਲ਼ਿਆਂ ਨੇ ਘੀਸੀਆਂ ਕਰਾਤੀਆਂ। ਕੁੜੀ ਨੂੰ ਮਾਰਨ ਨੂੰ ਫਿਰਦਾ ਸੀ। ਮੁੰਡੇ ਨੇ ਆਖਿਆ ਖ਼ਬਰਦਾਰ ਜੇ ਕੁਝ ਹੋ ਗਿਆ ਏਹਨੂੰ। ਸਾਰੇ ਟੱਬਰ ਨੂੰ ਲਾਂਬੂ ਲਾਦੂੰ। ਬੱਕਰੀ ਬਣ ਗਿਆ ਫੇਰ ਤਾਂ...ਲੱਗਦਾ ਲੰਬੜਦਾਰੀ ਦਾ। ਮੇਰੇ ਅਰਗੇ ਗਰੀਬਾਂ ‘ਤੇ ਹੁਕਮ ਚਲਾਉਂਦਾ ਰਹਿੰਦੈ। ਪਰ ਵਈ ਜੰਗਿਆ ਤੇਰੇ ਅਰਗਿਆਂ ਨੂੰ ਪੱਕਾ ਕਰਾ ਕੇ ਏਹਨੂੰ ਫੈਦਾ ਵੀ ਕੀ ਐ ? ਪੱਕਾ ਬੰਦਾ ਥੋੜੀ ਕਰਦਾ ਕਿਸੇ ਦੀ ਚਮਚਾਗਿਰੀ। ਏਹ ਤਾਂ ਗੌਂਅ ਹੋਣ ਕਰਕੇ ਅੱਗੇ ਪਿਛੇ ਫਿਰੀਦਾ। ਪਹਿਲਾਂ ਤਾਂ ਤਿੰਨ ਬੰਦਿਆ ਦੀ ਡਿਊਟੀ ਆ ਡਰੇਨ ‘ਤੇ ਜਿਹੜਾ ਮੈਂ ‘ਕੱਲਾ ਸੰਭਾਲੀ ਫਿਰਦਾਂ। ਪੰਜ ਨੰਬਰ ਬੁਰਜੀਆਂ ਆਲ਼ੇ ਪੁਲ ਤੋਂ ਕੱਤੀ ਨੰਬਰ ਬੁਰਜੀ ਤੱਕ, ਪੂਰੀਆਂ ਛੱਬੀ ਬੁਰਜੀਆਂ ਮਲਬ ਕੀ ਪੂਰੇ ਛੱਬੀ ਕਿਲੋਮੀਟਰ। ਰੋਜ਼ਾਨਾ ਸਿਖਰ ਦੁਪਹਿਰੇ ਸਾਰੇ ਕੰਮ ‘ਤੇ ਗੇੜਾ ਮਾਰਨਾ। ਰੇਤਾ ਆਲੀ ਪਟੜੀ-ਛੱਬੀ ਕਿਲੋਮੀਟਰ ਜਾਣ, ਛੱਬੀ ਕਿਲੋਮੀਟਰ ਆਉਣ। ਆਥਣ ਨੂੰ ਲੱਤਾਂ ਭੂਆ-ਭੂਆ ਕਰਨ ਲੱਗ ਜਾਂਦੀਆਂ ।”

ਜੰਗੇ ਦੇ ਪੂਰੇ ਸਰੀਰ ‘ਚੋਂ ਦਰਦ ਜਿਹਾ ਨਿਕਲਿਆ। ਅੱਗੇ ਰੇਤਾ ਵਾਲ਼ਾ ਰਾਹ ਆ ਜਾਣ ਕਰਕੇ, ਸਾਈਕਲ ਚਲਾਉਣ ਲਈ ਜ਼ੋਰ ਲੱਗਣ ਲੱਗਾ। ਪੱਟ ਫੁੱਲਦੇ ਜਾਪਣ ਲੱਗੇ। ਜਿਵੇਂ ਕਿਸੇ ਨੇ ਗਰਮ-ਗਰਮ ਸਲਾਖ਼ਾਂ ਉਸਦੇ ਪੱਟਾਂ ਵਿਚ ਰੱਖ ਦਿੱਤੀਆਂ ਹੋਣ। ਉਸਨੇ ਕਾਠੀ ਤੋਂ ਇੱਕ ਪਾਸੇ ਟੇਢਾ ਜਿਹਾ ਹੋ ਕੇ ਪੈਡਲ ‘ਤੇ ਭਾਰ ਪਾਇਆ ਤਾਂ ‘ਕੜੱਚ’ ਦੀ ਆਵਾਜ਼ ਆਈ ਤੇ ਨਾਲ਼ ਹੀ ਸਾਈਕਲ ਰੇਤਾ ਵਿਚ ਧਸ ਕੇ ਰੁਕ ਗਿਆ। ਜੰਗੇ ਨੇ ਸਾਈਕਲ ਤੋਂ ਉੱਤਰ ਕੇ ਚੈਨ ਵੱਲ ਵੇਖਿਆ, ਚੈਨ ਟੁੱਟ ਕੇ ਗਰਾਰੀ ਦੀ ਵਿਰਲ ਵਿੱਚ ਫਸ ਗਈ ਸੀ। ਜੰਗੇ ਦਾ ਰੋਣ ਨਿਕਲ ਚੱਲਿਆ ਸੀ। ਉਸਨੇ ਸਾਈਕਲ ਉਥੇ ਈ ਪਟੜੀ ‘ਤੇ ਇੱਕ ਪਾਸੇ ਲਾ ਦਿੱਤਾ। ਪਿਆਸ ਨਾਲ਼ ਉਸਦਾ ਸੰਘ ਖ਼ੁਸ਼ਕ ਹੋ ਗਿਆ। ਆਸੇ ਪਾਸੇ ਖੇਤਾਂ 'ਚ ਨਿਗ੍ਹਾ ਮਾਰੀ। ਕਿਧਰੇ ਵੀ ਕੋਈ ਮੋਟਰ ਜਾਂ ਟਿਊਬਵੈਲ ਚੱਲਦਾ ਨਜ਼ਰ ਨਾ ਆਇਆ। ਜੰਗੇ ਦਾ ਜੀਅ ਕੀਤਾ ਕਿ ਉਥੇ ਹੀ ਛਾਵੇਂ ਸਾਫ਼ਾ ਵਿਛਾ ਕੇ ਸੌਂ ਜਾਵੇ। ਕਿੰਨਾ ਚਿਰ ਉਹ ਕਿੱਕਰ ਦੀ ਛਾਵੇਂ ਬੈਠਾ ਰਿਹਾ। ਉਸਨੂੰ ਬੀੜੀ ਦੀ ਤਲਬ ਮਹਿਸੂਸ ਹੋਈ। ਪੂਰੇ ਸਾਲ ਬਾਅਦ ਅੱਜ ਬੀੜੀ ਪੀਣ ਨੂੰ ਜੀਅ ਕੀਤਾ ਸੀ। ਉਸਦਾ ਦਿਲ ਕੀਤਾ ਘੋੜਾ ਗਾੜੀ ਬੀੜੀ ਦਾ ਲੰਮਾ ਸੂਟਾ ਖਿੱਚੇ ਅਤੇ ਸਾਰੀ ਥਕਾਵਟ ਤੇ ਚਿੰਤਾ ਧੂੰਏ ਦੇ ਬੱਦਲ ਬਣਾ ਕੇ ਉਡਾ ਦੇਵੇ। ਧੂੰਏਂ ਦੇ ਬੱਦਲਾਂ ਦੇ ਉੱਡ ਜਾਣ ਨਾਲ ਹੀ ਉਸਦੀ ਸਾਰੀ ਥਕਾਣ ਤੇ ਫਿਕਰ ਉਡ ਜਾਣ। ਕਿੰਨਾ ਚਿਰ ਬੈਠਾ ਉਹ ਬੀੜੀ ਅਤੇ ਧੂੰਏਂ ਦੇ ਬੱਦਲਾਂ ਦੀ ਕਲਪਨਾ ਕਰਦਾ ਰਿਹਾ। ਆਖ਼ਰ ਹਿੰਮਤ ਕਰਕੇ ਉੱਠਿਆ ਤੇ ਸਾਈਕਲ ਨੂੰ ਰੇੜ੍ਹ ਲਿਆ।

ਰੇਤਾ ਵਾਲ਼ੀ ਪਟੜੀ ‘ਤੇ ਲੱਤਾਂ ਘੜੀਸਦਾ ਤੇ ਸਾਈਕਲ ਨੂੰ ਧੂੰਹਦਾ ਉਹ ਚੌਦਾਂ ਨੰਬਰ ਬੁਰਜੀ ‘ਤੇ ਕੰਮ ਕਰਦੀ ਠੇਕੇਦਾਰ ਵਾਲੀਏ ਦੀ ਲੇਬਰ ਕੋਲ਼ ਆ ਗਿਆ। ਕਿੱਕਰ ਦੀ ਛਾਵੇਂ ਪਏ ਪਾਣੀ ਦੇ ਘੜੇ ਨੂੰ ਵੇਖ ਉਸਦੇ ਸਾਹ 'ਚ ਸਾਹ ਆਇਆ। ਸਾਈਕਲ ਉਥੇ ਹੀ ਪਟੜੀ ਦੇ ਕਿਨਾਰੇ ਸੁੱਟ ਪਾਣੀ ਦੇ ਘੜੇ ਵੱਲ ਨੱਸ ਪਿਆ।

“ਭਾਈਬੰਦਾ ! ਠਹਿਰ ਜਾਂਦਾ ਹਜੇ। ਵੇਖੀਂ ਕਿਤੇ ਗਰਮ-ਸਰਦ ਹੋਜੇਂ। ਗਰਮੀ ‘ਚੋਂ ਆਇਆਂ ਤੇ ਆਉਂਦਾ ਈ ਪਾਣੀ ਪੀਣ ਲੱਗ ਪਿਐਂ। ਘੜੀ ਬਿੰਦ ਅਰਾਮ ਕਰਲੈ।” ਠੇਕੇਦਾਰ ਵਾਲੀਏ ਦੇ ਮੁਨਸ਼ੀ ਪਾਲ ਨੇ ਜੰਗੇ ਨੂੰ ਪਾਣੀ ਪੀਂਦੇ ਨੂੰ ਬਾਹੋਂ ਫੜ ਅੱਧ ਵਿਚਾਲਿਉਂ ਰੋਕ ਦਿੱਤਾ।
“ਪਾਲ ਸਿਆਂ, ਗਰਮ-ਸਰਦ ਹੁੰਦਾ ਤਾਂ ਹੋਜੇ। ਤਿਆਏ ਤਾਂ ਨ੍ਹੀਂ ਮਰਿਆ ਜਾਂਦਾ।”

“ਹੁਣ ਨਾ ਫਿਕਰ ਕਰ, ਹੁਣ ਤੂੰ ਆ ਗਿਆਂ ਟਿਕਾਣੇ। ਬੇਫ਼ਿਕਰ ਰਹਿ, ਹੁਣ ਨ੍ਹੀਂ ਤੈਨੂੰ ਮਰਨ ਦਿੰਦੇ। ਦਿਲ ਰੱਖ। ਹੁਣ ਤਾਂ ਜੇ ਯਮਦੂਤ ਲੈਣ ਵੀ ਆ ਜਾਣ, ਲੱਤਾਂ ਫੜ ਕੇ ਧੂਹ ਲਾਂਗੇ ਸਾਰੀ ਲੇਬਰ।” ਮੁਨਸ਼ੀ ਪਾਲ ਨੇ ਗੱਲ ਹਾਸੇ ਪਾ ਲਈ। “ਬਚ ਗਏ ਓਏ ਭਰਾਵਾ! ਬਚਾ ਲਿਆ ਤੁਸੀਂ, ਨਹੀਂ ਪੂਰਿਆ ਚੱਲਿਆ ਸੀ ਸੰਖ। ਵੱਜ ਜਾਣਾ ਸੀ ਘੁੱਗੂ। ਮਰੇ ਪਿਛੋਂ ਘਰਦਿਆਂ ਨੂੰ ਮਿਲਣਾ ਮਿਲਾਉਣਾ ਵੀ ਕੱਖ ਨ੍ਹੀ ਸੀ।” ਜੰਗੇ ਦੇ ਅੰਦਰੋਂ ਥਕਾਵਟ ਘੱਟ,ਆਪਣੇ ਕੱਚੇ ਹੋਣ ਦਾ ਦਰਦ ਬਹੁਤਾ ਬੋਲ ਰਿਹਾ ਸੀ।

“ਐਡੀ ਛੇਤੀ ਐਥੇ ਕੀ ਲਾਮ ਲੱਗੀ ਸੀ ? ਦਿਨ ਢਲ਼ੇ ਆ ਜਾਂਦਾ। ਨਾਲ਼ੇ ਜੇ ਨਾ ਵੀ ਆਉਂਦਾ ਫੇਰ...ਐਥੇ ਅੱਗ ਲੱਗੀ ਸੀ ਜਿਹੜੀ ਤੈਂਅ ਜ਼ਰੂਰੀ ਬੁਝਾਉਣੀ ਸੀ ਆਕੇ। ਐਵੇਂ ਥੋਡਾ ਭਰਮ ਨ੍ਹੀਂ ਜਾਂਦਾ ਵਈ ਕਿਤੇ ਮੁਨਸ਼ੀ ਵੱਧ ਬੰਦੇ ਨਾ ਲਿਖਲੇ ?”

“ਕਾਹਨੂੰ ਪਾਲ ਸਿਆਂ। ਏਹ ਅਪਸਰ ਲੰਡੇ ਢੱਟੇ ਦੇ ਸਾਲ਼ੇ ਆ। ਮੈਂ ਜਾਣਾ ਸੀ ਤਨਖਾਹ ਲੈਣ ਓਵਰਸੀਅਰ ਤੋਂ। ਤੈਨੂੰ ਪਤਾ ਈ ਆ ਸਾਬ੍ਹ ਦਾ। ਹੱਡ ਆ ਕੁੱਤੇ ਦਾ। ਐਵੇਂ ਰੋਅਬ ਝਾੜੀ ਜਾਊ –ਜੰਗਿਆ ਬਾਈ ਨੰਬਰ ਬੁਰਜੀ ‘ਤੇ ਕਰੇਨ ਪੁਟਾਈ ਕਰਦੀ ਉਥੇ ਜਾ ਕੇ ਆਈਂ। ਅਠਾਰਾਂ ਨੰਬਰ ਬੁਰਜੀ ‘ਤੇ ਕੰਮ ਕਰਦੀ ਗੁਪਤੇ ਠੇਕੇਦਾਰ ਦੀ ਲੇਬਰ ‘ਤੇ ਨਿਗਾਹ ਰੱਖੀਂ। ਪੁਟਾਈ ਕਰਾਉਣੀ ਪੂਰੀ। ਚੌਦਾਂ ਨੰਬਰ ਬੁਰਜੀ ‘ਤੇ ਵਾਲੀਏ ਠੇਕੇਦਾਰ ਦੀ ਲੇਬਰ ਦੀ ਗਿਣਤੀ ਕਰਿਆ ਕਰ ਹਰ ਰੋਜ਼। ਠੇਕੇਦਾਰ ਵੱਧ ਦਿਹਾੜੀਏ ਨਾ ਲਿਖ ਦੇਵੇ। ਅਖੇ ਬਾਣੀਆਂ ਕੌਮ ਬੜੀ ਸ਼ਾਤਰ ਆ। ਬਾਣੀਏ ਤਾਂ ਖੜੇ ਖੜੋਤੇ ਬੰਦੇ ਨੂੰ ਵੇਚ ਜਾਣ। ਮੈਨੂੰ ਕਹੂ, ਕਿਸੇ ਲਾਲਚ ਵਿੱਚ ਨਾ ਆਜੀਂ। ਹੋਰ ਤੈਨੂੰ ਵੀਹ ਪੰਜਾਹ ਰੁਪਈਏ ਦੇਕੇ ਵੱਧ ਦਿਹਾੜੀਏ ਲਿਖਵਾ ਲੈਣ। ਰਿਪੋਰਟ ਦਿਆ ਕਰ ਤੀਜੇ ਦਿਨ। ਅਸਲ ਮੇ ਚੋਰਾਂ ਨੂੰ ਸਾਰੇ ਚੋਰ ਈ ਨਜ਼ਰ ਆਉਂਦੇ ਆ। ਤੇਰੇ ਤਾਂ ਆਵਦੇ ਹੱਥੀਂ ਹੁੰਦੀ ਸਾਰੀ ਹੇਰਾਫੇਰੀ। ਚੋਰ ਕੁੱਤੀ ਰਲ਼ੇ ਆ। ਚਾਚੇ-ਤਾਏ ਦੇ ਪੁੱਤ ਨੇ ਸਾਰੇ। ਰਲ਼-ਮਿਲ਼ ਕੇ ਖਾਈ ਜਾਂਦੇ। ਆਹ ਡਰੇਨ ਦੀ ਗੱਲ ਲੈ ਲਾ। ਤਿੰਨ-ਤਿੰਨ ਫੁੱਟ ਪੁਟਾਈ ਕਰਾਉਣੀ ਆ। ਮਸਾਂ ਇੱਕ-ਇੱਕ ਫੁੱਟ ਪੁਟਾਈ ਕਰਾਉਂਦੇ, ਕਾਗਜ਼ਾਂ ‘ਚ ਖਰਚਾ ਤਿੰਨ ਫੁੱਟ ਪੁਟਾਈ ਦਾ ਪਾ ਦਿੰਦੇ। ਬਾਕੀ ਡਕਾਰ ਜਾਂਦੇ। ਕਈ ਵਾਰ ਡਰੇਨ ਵਿੱਚ ਟਰੈਕਟਰ ਨਾਲ਼ ਕਰਾਹਾ ਫੇਰ ਕੇ ਘਾਹ ਜਿਹਾ ਪੁੱਟ ਦਿੰਦੇ ਆ ਤੇ ਚੱਲ ਮੇਰੇ ਭਾਈ ਟੱਟੂ ਪਾਰ। ਹੋਗੀ ਪੁਟਾਈ। ਮੀਂਹ ਆਏ ਤੋਂ ਡਰੇਨ ਪਾਣੀ ਕਿੱਥੋਂ ਝੱਲੇ ? ਇਹਨਾਂ ਦੇ ਆਵਦੇ ਘਰ ਭਰਨੇ ਚਾਹੀਦੇ। ਗਰੀਬਾਂ ਦੇ ਘਰ ਡੁੱਬਦੇ ਪਏ ਡੁੱਬਣ। ਇਹਨਾਂ ਦੇ ਆਵਦੇ ਘਰ ਰੁਪਈਆਂ ‘ਚ ਡੁੱਬ ਜਾਂਦੇ।” ਜੰਗੇ ਨੇ ਅੰਦਰਲਾ ਸਾਰਾ ਗੁੱਭ-ਗੁਲਾਟ ਕੱਢ ਦਿੱਤਾ ਸੀ।

“ਭਾਈਬੰਦਾ, ਬੱਸ ਢਕੀ ਰਿੱਝਣ ਦੇ। ਕੋਠੀਆਂ ਐਵੇਂ ਨ੍ਹੀਂ ਬਣਦੀਆਂ। ਸਾਰਾ ਲੁੱਟ ਦਾ ਮਾਲ ਈ ਲੱਗਦਾ ਇਹਨਾਂ 'ਤੇ। ਤੂੰ-ਮੈਂ ਤੋਂ ਇੱਕ ਕੋਠਾ ਨ੍ਹੀਂ ਬਣਦਾ ਸਾਰੀ ਉਮਰ। ਏਹ ਗੱਦੋਂ ਦੇ ਸਾਲੇ ਆਏ ਵਰ੍ਹੇ ਉਤੇ ਦੀ ਉਤੇ ਪਾਉਂਦੇ ਰਹਿੰਦੇ। ਖ਼ੈਰ ਭਾਈਬੰਦਾ, ਆਵਦੇ ਤੋਂ ਮਾੜੇ ਵੱਲ ਵੇਖ ਕੇ ਗੁਜ਼ਾਰਾ ਕਰਨਾ ਪੈਂਦਾ। ਹਜੇ ਵੀ ਬਥੇਰੀ ਦੁਨੀਆਂ ਨਾਲੋਂ ਸੌਖੇ ਆਂ। ਬਥੇਰੀ ਦੁਨੀਆਂ ਪਈ ਜੀਹਨੂੰ ਇੱਕ ਡੰਗ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਐ।”

“ਉਹ ਤਾਂ ਪਾਲ ਸਿਆਂ ! ਗੱਲ ਤੇਰੀ ਮੰਨੀ ਪਰ ਸੁਆਲ ਤਾਂ ਇਹ ਵਈ ਕੰਜਰਾਂ ਨੂੰ ਕੋਈ ਹਟਕਦਾ ਵਰਜਦਾ ਈਨ੍ਹੀਂ। ਚੱਲ ਗੌਰਮਿਲਟ ਦੀ ਚੋਰੀ ਕਰਦੇ ਕਰੀ ਤੁਰੇ ਜਾਣ। ਮੇਰੇ ਅਰਗੇ ਮਾਤੜ੍ਹ ਗਰੀਬ ਆਦਮੀ ਦਾ ਖੂਨ ਤਾਂ ਨਾ ਚੂਸਿਆ ਕਰਨ। ਆਹ ਡਰੇਨ ‘ਤੇ ਤਿੰਨ ਬੰਦਿਆਂ ਦੀ ਤਨਖਾਹ ਪੈਂਦੀ, ਪਰ ਧੱਸੀ ਮੈਨੂੰ ਕੱਲੇ ਨੂੰ ਫਿਰਦੇ। ਛੱਬੀ ਬੁਰਜੀਆਂ ਮੈਨੂੰ ਕੱਲੇ ਨੂੰ ਈ ਸੰਭਾਲੀਆਂ ਹੋਈਆਂ। ਨਾਲ ਦੇ ਬੇਲਦਾਰਾ ਦਾ ਕੰਮ ਵੀ ਮੈਨੂ ਈ ਕਰਨਾ ਪੈਂਦਾ। ਇੱਕ ਬੇਲਦਾਰ ਤਾਂ ਓਵਰਸੀਅਰ ਦੇ ਪਿੰਡ ਖੇਤ ਦਾ ਕੰਮ ਕਰਾਉਂਦਾ। ਦੂਜਾ ਸ਼ਹਿਰ ਵਿਚਲੀ ਕੋਠੀ ਵਿਚ ‘ਬੀਬੀ ਜੀ’ ਉੱਤੇ ਰੱਖਿਆ। ਤਨਖਾਹ ਦੋਵਾਂ ਦੀ ਗੌਰਮਿਲਟ ਤੋਂ ਲਈ ਜਾਂਦਾ। ਹੈ ਕਨੀ ਅੰਨ੍ਹੀ ਲੁੱਟ। ਤੇਰੇ ਸਾਹਮਣੇ ਐਨਾ ਕੰਮ ਕਰੀਦਾ-ਖੁਸ਼ ਫੇਰ ਵੀਨੀਂ ਮੇਰੇ ਪਤਿਆਉਰੇ। ਉੱਤੋਂ ਵਗਾਰਾਂ ਤੇ ਵਗਾਰਾਂ ਪਾਈ ਜਾਣਗੇ। ਜੰਗਿਆ, ਦਫ਼ਤਰ ਦੇ ਕਲਰਕ ਆਸਤੇ ਝਾੜ ਕਰੇਲੇ ਲਿਆਵੇਂ ਨਾ ਲੱਭ ਕੇ ਕਿਧਰੋਂ। ਜੰਗਿਆ ਐਸ. ਡੀ.ਸੀ. ਘਰ ਸਾਗ ਦੇ ਆਵੀਂ। ਜੰਗਿਆ ਪਿੰਡ ਆਲੇ ਰਘਬੀਰ ਸਿਹੁੰ ਖੇਤੋਂ ਗੰਨੇ ਪੱਟ ਲਿਆਵੀਂ। ਜੰਗਿਆ ਐਸ.ਡੀ. ਓ. ਸਾਬ੍ਹ ਛੱਲੀਆਂ ਦੇ ਬੜੇ ਸੌਕੀਨ ਨੇ... ਕਿਧਰੋਂ ਛੱਲੀਆਂ ਲਿਆਵੇਂ ਨਾ। ਜੰਗਿਆ ਤੇਰੀ ਮੇਮ ਸਾਬ੍ਹ ਕਹਿੰਦੀ ਸੀ ਕਿਧਰੋਂ ਦੇਸੀ ਬੇਰ ਮਿਲ ਜਾਣ...ਲੱਭ ਕੇ ਲਿਆਵੀਂ ਡਰੇਨ ਤੋਂ। ਬਥੇਰੇ ਮਲ੍ਹੇ ਝਾੜੀਆਂ ਖੜੇ ਡਰੇਨ 'ਤੇ। ਜੰਗਿਆ ਕਿਧਰੋਂ ਦੇਸੀ ਝਾੜ ਕਰੇਲੇ ਲੈ ਕੇ ਆ। ਜੰਗਿਆ ਮੇਰੀ ਕੁੜੀ ਦਾ ਯਾਰ ਗੁਆਚਿਆ, ਲੱਭ----। ”

“ਜਾਣਦੈ ਭਾਈਬੰਦਾ, ਹੋਰ ਈ ਗਰੁੜ ਪਰੌਣ ਸਨੌਣ ਲੱਗਾਂ। ਐਵੇਂ ਆਪਾਂ ਮੂੰਹ ਕਿਉਂ ਖਰਾਬ ਕਰਨਾ ਆਵਦਾ। ਵਕਤ ਕਟੀ ਕਰਨੀ... ਕਰੀ ਚਲੋ ਜਿਵੇਂ ਕਿਵੇਂ ਹੁੰਦੀ।”

“ਪਾਲ ਸਿਆਂ ਬੱਸ ਹਾਈ ਗੱਲ ਮਾਰੀ ਜਾਂਦੀ। ਪੇਟ ਕਰਾਵੇ ਪਰੇਟ। ਨਈ ਤਾਂ ਆਹ ਗੁਰਜੰਟ ਸਿਹੁੰ ਅਰਗਿਆਂ ਦੀ ਤਾਂ ਮਾਂ ਦੀ ਮਕਾਣੇ ਨਾ ਜਾਈਏ।” ਜੰਗੇ ਨੇ ਸੱਜੇ ਹੱਥ ਨਾਲ ਧਰਤੀ 'ਤੇ ਜ਼ੋਰ ਪਾ ਕੇ ਉਠਦਿਆਂ ਘੜੀ ਵੱਲ ਨਿਗਾਹ ਮਾਰੀ।

“ਚੰਗਾ ਵਈ ਪਾਲ ਸਿਆਂ ! ਜਾ ਆਵਾਂ ਮਕਾਣ ਸਾਬ੍ਹ ਦੀ। ਅਠਾਰਾਂ ਨੰਬਰ ਬੁਰਜੀ 'ਤੇ ਗੁਪਤੇ ਠੇਕੇਦਾਰ ਦੀ ਲੇਬਰ ਕੋਲੋਂ ਹੋ ਕੇ ਫੇਰ ਬਾਈ ਨੰਬਰ ‘ਤੇ ਕਰੇਨ ਪੁਟਾਈ ਕਰਦੀ ਉਥੇ ਜਾਣਾ। ਉਤੋਂ ਟੈਮ ਹੋਇਆ ਡੂਢ ਦਾ। ਉਥੋਂ ਹੋ ਕੇ ਵਾਪਸ ਫੇਰ ਪੰਜ ਨੰਬਰ ਆਲੇ ਪੁਲ ‘ਤੇ ਆਉਣਾ। ਸ਼ੈਂਤ ਕਿਧਰੋਂ ਫਿਰਦਾ-ਤੁਰਦਾ ਮੇਅਟ ਆਜੇ। ਸ਼ਾਮ ਤਾਈਂ ਆ ਗਿਆ ਤਾਂ ਓਵਰਸੀਅਰ ਦੀ ਕੋਠੀ ਜਾ ਵੱਜੂੰ ਸ਼ਾਮੀ। ਰਾਹ ‘ਚ ਕਿਸੇ ਜੱਟ ਦਿਓਂ ਗੰਨੇ ਪੱਟ ਲਊਂ ਚਾਰ। ਖ਼ੁਸ਼ ਕਰ ਆਊਂ ਮੇਮ ਸਾਬ੍ਹ ਨੂੰ। ਤੂੰ ਆਪ ਸਿਆਣੈਂ, ਇਹ ਅਫਸਰ ਘਰ ਆਲ਼ੀਆਂ ਦੇ ਬਾਹਲਾ ਥੱਲੇ ਲੱਗੇ ਹੁੰਦੇ। ਮੇਮ ਸਾਬ੍ਹ ਖੁਸ਼ ਹੋਗੀ। ਸਮਝਲੋ, ਰੱਬ ਖੁਸ਼। ਆਈਂ ਪੈਰ ਲਾਉਣੈ ਮਹਿਕਮੇ ‘ਚ ।” ਜੀਅ ਕਰੜਾ ਜਿਹਾ ਕਰਕੇ ਜੰਗੇ ਨੇ ਪਟੜੀ ਦੇ ਕਿਨਾਰੇ ਸੁੱਟਿਆ ਸਾਈਕਲ ਚੁੱਕਿਆ।
“ਭਾਈ ਬੰਦਾ! ਸਾਈਕਲ ਦੀ ਚੈਨ ਤੁੜਾਈ ਫਿਰਦੈਂ। ਜਾਮੇਗਾ ਕਿਮੇ ?”
“ਆਹ ਦੋ ਕੋਹ ਵਾਟ ਨ੍ਹੀਂ ਹੋਣੀ ਮੋਠਾਂ ਆਲੀ। ਉਥੋਂ ਚੈਨ ਗੰਢਾ ਲਊਂ। ਉਥੇ ਤੱਕ ਧੂਹੀ ਜਾਨੈ। ਕਿਹੜਾ ਮਰਨ ਲੱਗੇ ਆਂ ।”

“ਖ਼ੈਰ ਭਾਈਬੰਦਾ! ਤੇਰੀ ਮਰਜ਼ੀ ਛੱਬੀ ਨੰਬਰ ਬੁਰਜੀ ਤੋਂ ਹੋ ਕੇ ਵਾਪਸ ਪਟੜੀਏ ਨਾ ਮੁੜੀਂ। ਉਥੋਂ ਸਿੱਧਾ ਜੈਮਲ ਆਲੇ ਆਜੀਂ। ਕੱਚੀ ਪਟੜੀ ਆਉਂਦੀ। ਸਾਰੀ ਦੋ ਕੋਹ ਵਾਟ ਹੋਊ। ਕੱਚੇ ਰਾਹ ਤਾਂ ਲੱਤਾਂ ਰਹਿ ਜਾਣਗੀਆਂ।” ਪਾਲ ਨੇ ਇੱਕ ਤਰ੍ਹਾਂ ਨਕਸ਼ਾ ਖਿੱਚ ਦਿੱਤਾ ਸੀ।
“ਹਾਅ ਆਏਂ ਈ ਕਰੂੰ। ਚੱਕ ਵਈ ਜੰਗਿਆ, ਲੱਗ ਕਿਸੇ ਸਿਰੇ ਬੰਨੇ।” ਜੰਗੇ ਨੇ ਸਾਈਕਲ ਨੂੰ ਨਹੀਂ, ਜਿਵੇਂ ਸਾਈਕਲ ਨੇ ਜੰਗੇ ਨੂੰ ਧੂਹਿਆ।

ਜਦੋਂ ਜੰਗਾ ਛੱਬੀ ਨੰਬਰ ਤੋਂ ਗੇੜਾ ਮਾਰ ਕੇ ਵਾਪਸ ਪੰਜ ਨੰਬਰ ਆਲੇ ਪੁਲ ਕੋਲ ਕੰਮ ਕਰਦੀ ਲੇਬਰ ਕੋਲ ਪੁੱਜਾ, ਛੇ ਵਜੋ ਤੋਂ 10 ਮਿੰਟ ਉੱਪਰ ਹੋ ਚੁੱਕੇ ਸਨ। ਲੇਬਰ ਨੇ ਪਹਿਲੀ ਖਤਾਨੀ ਪੱਟ ਕੇ, ਦੂਜੀ ਦਾ ਕੰਮ ਵੀ ਅੱਧਿਓਂ ਵੱਧ ਨਿਬੇੜ ਲਿਆ ਸੀ। ਪੱਟੀ ਗਈ ਮਿੱਟੀ ਦੀ ਮਿਣਤੀ ਕਰਨ ਲਈ ਛੱਡੀਆਂ ਗਈਆਂ ਧੋਬੜੀਆਂ ਜਿਸਨੂੰ ਠੇਕੇਦਾਰ ਤੇ ਓਵਰਸੀਅਰ ਡੈਡਮੈਨ ਆਖਦੇ ਸਨ, ਬ੍ਰਾਹਮਣ ਦੀ ਬੋਦੀ ਵਾਂਗੂੰ ਜਾਪਣ ਲੱਗੀਆਂ ਸਨ। ਜੰਗੇ ਦਾ ਆਪਣਾ ਸਰੀਰ ਦਰਦ ਕਰ ਰਿਹਾ ਸੀ। ਸਾਰਾ ਖੂਨ ਜਿਵੇਂ ਪੈਰਾਂ ਥੱਲੇ ਆ ਜਮ੍ਹਾਂ ਹੋਇਆ ਹੋਵੇ। ਪੈਰ ਮਣ-ਮਣ ਦੇ ਭਾਰੇ ਹੋ ਗਏ ਸਨ। ਉਸ ਤੋਂ ਮਸਾਂ ਈ ਧੂਹ ਕੇ ਤੁਰਿਆ ਜਾਂਦਾ ਸੀ ।
“ਕਿਉਂ ਜੋਗਿੰਦਰ ਸਿਆਂ- 'ਫੇਰੇ ਦੇਣਾ' ਮੇਅਟ ਆਇਆ ਕਿ ਨਈਂ ?”
“ਨਈ ਮਾਰਿਆ ਨ੍ਹੀ ਗੇੜਾ ਅਜੇ ਤੱਕ ਤਾਂ ਅੱਜ...ਊਂ ਕਈ ਵਾਰ ਲਹਿੰਦੇ ਜਏ ਵੇਲੇ ਆ ਧਮਕਦਾ ਹੁੰਦਾ ਕਿਧਰੋਂ। ਸ਼ੈਂਤ ਆਜੇ ?”
‘ਮੇਅਟ ਦੇ ਨਾ ਆਉਣ ਬਾਰੇ ਸੁਣਕੇ ਜੰਗੇ ਦਾ ਦਿਲ ਜਵਾਂ ਹੀ ਬੈਠ ਗਿਆ। ਉਸਦਾ ਦਿਲ ਕੀਤਾ ਉੱਚੀ ਸਾਰੀ ਚੀਕ ਮਾਰੇ। ਉਹ ਹੌਲ਼ੀ-ਹੌਲ਼ੀ ਪੈਰ ਘੜੀਸਦਾ ਪੁਲੀ 'ਤੇ ਜਾ ਬੈਠਾ। ਉਸ ਨੀਵੀਂ ਪਾ ਸਿਰ ਗੋਡਿਆਂ ਵਿੱਚ ਦੇ ਲਿਆ।

“ਸਰਦਾਰ ਜੰਗ ਸਿਆਂ, ਔਹ ਆਉਂਦਾ ਈ ਤੇਰਾ ਅਪਸਰ।” ਮੁਨਸ਼ੀ ਜੋਗਿੰਦਰ ਨੇ ਸ਼ਹਿਰੋਂ ਆਉਂਦੀ ਸੜਕ ਵੱਲੋਂ ਸਾਈਕਲ ਲਈ ਆਉਂਦੇ ਮੇਅਟ ਨੂੰ ਦੂਰੋਂ ਸਿਆਣ ਕੇ ਆਖਿਆ। ਜੰਗੇ ਦਾ ਜੀਅ ਕੀਤਾ ਮਿੱਟੀ ਪੁੱਟਦੇ ਬੰਦੇ ਤੋਂ ਕਹੀ ਫੜੇ ਤੇ ਮੇਅਟ ਦੀ ਧੌਣ ਲਾਹ ਸੁੱਟੇ।
ਮੇਅਟ ਦੇ ਕੋਲੇ ਪੁੱਜਣ ‘ਤੇ ਜੰਗੇ ਦਾ ਗੁੱਸਾ, ਗਧੇ ਦੇ ਸਿੰਗਾਂ ਵਾਂਗ ਕਿਧਰੇ ਉਡ ਗਿਆ। ਉਸਨੇ ਗਹੁ ਨਾਲ ਵੇਖਿਆ, ਮੇਅਟ ਨੇ ਉਸ ਵੱਲ ਵੇਖਦਿਆਂ ਮੂੰਹ ਢਿੱਲਾ ਜਿਹਾ ਬਣਾ ਲਿਆ ਸੀ।
“ਮੇਰਾ ਸਾਲ਼ਾ ਮੂੰਹ ਆਏਂ ਬਣਾਈ ਫਿਰਦਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ। ਹੁਣ ਕੋਈ ਲੌਅਰ ਲਾਊ। ਗਪੌੜ ਮਾਰੂ ਕਵੰਟਲ-ਕਵੰਟਲ ਦੇ।” ਜੰਗੇ ਨੇ ਅੰਦਰੇ-ਅੰਦਰ ਮੇਅਟ ਨੂੰ ਗਾਲ਼੍ਹ ਕੱਢੀ।
ਜੋਗਿੰਦਰ ਮੁਨਸ਼ੀ ਨੇ ਲੇਬਰ ਵਾਲੇ ਮੁੰਡੇ ਨੂੰ ਮੇਅਟ ਲਈ ਪਾਣੀ ਲੈਣ ਭੇਜ ਦਿੱਤਾ ਸੀ।

“ਜੰਗ ਸਿਆਂ, ਆਹ ਲੈ ਫੜ ਤਨਖਾਹ। ਮੈਂ ਦਫ਼ਤਰ ਗਿਆ ਸੀ। ਓਵਰਸੀਅਰ ਨੇ ਮੈਨੂੰ ਦੇਤੀ। ਕਹਿੰਦਾ ਜੰਗ ਸਿਹੁੰ ਨੂੰ ਫੜਾਦੀਂ। ” ਮੇਅਟ ਨੇ ਪੇਲੀਥੀਨ ਦੇ ਲਿਫ਼ਾਫ਼ੇ ਵਿਚ ਲਪੇਟੇ ਨੋਟ ਬੇਲਦਾਰ ਜੰਗੇ ਨੂੰ ਫੜਾ ਦਿੱਤੇ। ਪਤਾ ਨਈਂ ਕਿਉਂ, ਤਨਖਾਹ ਦੇ ਨੋਟ ਫੜਦਿਆਂ ਜੰਗੇ ਨੂੰ ਇਸ ਵਾਰ ਕੋਈ ਖੁਸ਼ੀ ਨਹੀਂ ਸੀ ਹੋਈ।

“ਬੜੇ ਆਹਲਾ ਅਫ਼ਸਰ ਆ ਥੋਡੇ ਜੰਗ ਸਿਆਂ... ਵੇਖਲਾ ਤਨਖਾਹ ਵੀ ਮਗਰ ਈ ਭੇਜਦੇ। ਬੜਾ ਫਿਕਰ ਰੱਖਦੇ ਥੋਡਾ। ਸਰਦਾਰ ਮੇਹਰ ਸਿਹੁੰ ਵੱਲ ਵੇਖਲਾ, ਤੇਰੀ ਤਨਖਾਹ ਬਦਲੇ ਸ਼ਹਿਰ ਗਿਆ।” ਮੁਨਸ਼ੀ ਜੋਗਿੰਦਰ ਸਿਹੁੰ ਨੇ ਮੇਹਰ ਸਿਹੁੰ ਮੇਅਟ ਨੂੰ ਫੂਕ ਛਕਾਈ ਸੀ।
ਜੰਗੇ ਅਤੇ ਮੇਅਟ ਦੋਹਾਂ ‘ਚੋਂ ਕਿਸੇ ਨੇ ਵੀ ਮੁਨਸ਼ੀ ਦੀ ਗੱਲ ਦਾ ਉੱਤਰ ਨਾ ਦਿੱਤਾ।
“ਜੰਗਿਆ ! ਇੱਕ ਨਵਾਂ ਬੇਲਦਾਰ ਆ ਰਿਹਾ ਕੱਲ੍ਹ ਤੋਂ ਆਪਣੇ ਕੰਮ ‘ਤੇ। ਸੁਣਿਆ, ਜੇ.ਈ. ਸਾਬ੍ਹ ਦਾ ਦੂਰ ਨੇੜੇ ਦਾ ਰਿਸ਼ਤੇਦਾਰ ਆ। ਪਤਾ ਨਈਂ ਰਿਸ਼ਤੇਦਾਰ ਹੈ ਵੀ ਐ ਕਿ ਨਹੀਂ। ਉਹਦੀ ਭੂਆ ਦੇ ਪਿੰਡੋਂ ਆ।”

“ਹੱਛਾ! ਚੱਲੋ ਚੰਗਾ ਹੋਇਆ, ਕਿਸੇ ਭਰਾ ਨੂੰ ਰੁਜ਼ਗਾਰ ਮਿਲਿਆ। ਨਾਲੇ ਐਥੇ ਕੱਲੇ ਬੰਦੇ ਦਾ ਕੰਮ ਥੋੜਾ ਸੀ। ਐਨੇ ਕੰਮ 'ਤੇ ਨਿਗਰਾਨੀ ਹੁੰਦੀ ਭਲਾ ਕੱਲੇ ਬੰਦੇ ਤੋਂ ?” ਜੰਗੇ ਦੇ ਮੂੰਹੋਂ ਆਪ-ਮੁਹਾਰੇ ਨਿਕਲਿਆ ਸੀ।
ਮੇਹਰ ਸਿਹੁੰ ਨੇ ਮੂੰਹ ਹੋਰ ਵੀ ਵੱਧ ਮਸੋਸਿਆ ਜਿਹਾ ਬਣਾ ਲਿਆ ਸੀ। ਜੰਗੇ ਨੇ ਉਸਦੇ ਮੂੰਹ ਵੱਲ ਵੇਖਿਆ ਤਾਂ ਮੇਅਟ ਦੇ ਮੂੰਹ ‘ਤੇ ਪਸਰੀ ਉਦਾਸੀ ਵੱਲ ਵੇਖ ਉਸਦਾ ਦਿਲ ਘਟਣ ਲੱਗਾ।

“ਜੰਗ ਸਿਆਂ ! ਜੇ.ਈ. ਸਾਬ੍ਹ ਕਹਿੰਦੇ ਸੀ ਉਪਰੋਂ ਆਡਰ ਆਏ ਵਈ ਪੱਕੇ ਬੰਦੇ ਰੱਖਣੇ ਪਲਾਈਮਿੰਟ ਰਾਹੀਂ। ਜੇ.ਈ. ਸਾਬ੍ਹ ਕਹਿੰਦੇ ਸੀ ਜੰਗੇ ਨੂੰ ਕਹੀਂ ਛੁੱਟੀ ਕਰਲੇ। ਜੇ.ਈ. ਸਾਬ੍ਹ ਕਹਿੰਦੇ ਸੀ ਜਦੋਂ ਕਿਤੇ ਦੁਬਾਰਾ ਲੋੜ ਹੋਈ ਬੁਲਾਲਾਂਗੇ। ਜੇ.ਈ. ਸਾਹਬ ਕਹਿੰਦੇ...।”
ਮੇਹਰ ਸਿਹੁੰ ਮੇਅਟ ਨੇ ਅੱਗੇ ਕੀ ਕਿਹਾ, ਜੰਗੇ ਨੂੰ ਕੁੱਝ ਸੁਣਾਈ ਨਹੀਂ ਸੀ ਦਿੱਤਾ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ