Heerian Da Haar (French Story in Punjabi) : Guy De Maupassant

ਹੀਰਿਆਂ ਦਾ ਹਾਰ (ਫਰਾਂਸੀਸੀ ਕਹਾਣੀ) : ਗਾਇ ਦਿ ਮੋਪਾਸਾਂ

ਉਹ ਉਨ੍ਹਾਂ ਹੁਸੀਨ ਅਤੇ ਦਿਲਕਸ਼ ਲੜਕੀਆਂ ਵਿੱਚੋਂ ਸੀ ਜੋ ਸ਼ਾਇਦ ਕੁਦਰਤ ਦੀ ਗ਼ਲਤੀ ਨਾਲ ਕਿਸੇ ਹੇਠਲੇ ਤਬਕੇ ਦੇ ਮੁਲਾਜ਼ਮ ਪੇਸ਼ਾ ਘਰਾਣੇ ਵਿੱਚ ਜਨਮ ਲੈ ਲੈਂਦੀਆਂ ਹਨ। ਉਸ ਦੇ ਕੋਲ ਨਾ ਤਾਂ ਦਹੇਜ ਸੀ ਅਤੇ ਨਾ ਹੀ ਕੋਈ ਅਜਿਹੇ ਹੋਰ ਕਾਰਨ ਜਿਨ੍ਹਾਂ ਦੀ ਬਿਨਾ ਉੱਤੇ ਉਹ ਜਾਣੀ ਜਾਂਦੀ, ਸਮਝੀ ਜਾਂਦੀ, ਅਤੇ ਕਿਸੇ ਚਰਚਿਤ ਅਮੀਰਜ਼ਾਦੇ ਦੀ ਪ੍ਰੇਮਿਕਾ ਬਣਦੀ ਜਾਂ ਉਸ ਨਾਲ ਵਿਆਹੀ ਜਾਂਦੀ। ਇਸ ਲਈ ਉਸ ਨੇ ਆਪਣਾ ਵਿਆਹ ਸਿੱਖਿਆ ਵਿਭਾਗ ਦੇ ਇੱਕ ਕਲਰਕ ਨਾਲ ਹੋਣਾ ਚੁੱਪਚਾਪ ਮੰਨ ਲਿਆ।
ਆਪਣੀ ਆਰਥਿਕ ਹਾਲਤ ਦੀ ਬਿਨਾ ਤੇ ਉਹ ਹਮੇਸ਼ਾ ਸਾਦਾ ਹੀ ਵਿਖਾਈ ਦਿੰਦੀ ਸੀ। ਪਰ ਉਸ ਨੂੰ ਆਪਣੀ ਗ਼ਰੀਬੀ ਦਾ ਅਹਿਸਾਸ ਘੁਣ ਦੀ ਤਰ੍ਹਾਂ ਚੱਟਦਾ ਰਹਿੰਦਾ ਸੀ, ਜਿਵੇਂ ਉਹ ਪਹਿਲਾਂ ਅਮੀਰ ਰਹੀ ਹੋਵੇ। ਲੜਕੀਆਂ ਦਾ ਕੋਈ ਖ਼ਾਨਦਾਨ ਕੋਈ ਕਬੀਲਾ ਨਹੀਂ ਹੁੰਦਾ। ਉਨ੍ਹਾਂ ਦਾ ਹੁਸਨ, ਉਨ੍ਹਾਂ ਦੀ ਚਾਲ-ਢਾਲ ਅਤੇ ਉਨ੍ਹਾਂ ਦੀ ਕੁਦਰਤੀ ਦਿਲਕਸ਼ੀ ਹੀ ਉਨ੍ਹਾਂ ਦਾ ਘਰਾਣਾ ਹੁੰਦਾ ਹੈ। ਉਨ੍ਹਾਂ ਦੀ ਕੁਦਰਤੀ ਕੋਮਲਤਾ, ਸਹਿਜ ਸੁਹੱਪਣ ਅਤੇ ਸਮਝ ਬੂਝ ਹੀ ਉਨ੍ਹਾਂ ਦਾ ਸਮਾਜੀ ਰੁਤਬਾ ਹੁੰਦਾ ਹੈ। ਇਨ੍ਹਾਂ ਖ਼ੂਬੀਆਂ ਦੀ ਬਿਨਾਂ ਉੱਤੇ ਹੀ ਗ਼ਰੀਬ ਲੜਕੀਆਂ ਵੀ ਕਦੇ-ਕਦੇ ਅਮੀਰ ਘਰਾਂ ਦੀਆਂ ਚੋਟੀ ਦੀਆਂ ਔਰਤਾਂ ਵਰਗੀਆਂ ਵਿਖਾਈ ਦਿੰਦੀਆਂ ਹਨ।
ਉਹ ਆਪਣੀਆਂ ਮਹਰੂਮੀਆਂ ਅੰਦਰ ਹੀ ਅੰਦਰ ਝੱਲਦੀ ਰਹੀ। ਉਸਨੂੰ ਲੱਗਦਾ ਰਹਿੰਦਾ ਸੀ ਕਿ ਉਹ ਐਸ਼ ਆਰਾਮ ਦੀ ਜ਼ਿੰਦਗੀ ਲਈ ਪੈਦਾ ਹੋਈ ਹੈ। ਉਸਨੂੰ ਆਪਣਾ ਪੁਰਾਣਾ ਟੁੱਟਿਆ ਜਿਹਾ ਘਰ, ਬਿਨਾਂ ਸਜਾਵਟ ਨੰਗੀਆਂ ਕੰਧਾਂ, ਪੁਰਾਣੀਆਂ ਕੁਰਸੀਆਂ ਅਤੇ ਸਾਲਾਂ ਪੁਰਾਣੇ ਪਰਦੇ ਚੁਭਦੇ ਸਨ। ਇਹ ਸਾਰੀਆਂ ਚੀਜ਼ਾਂ, ਜੋ ਉਸ ਦੇ ਸਮਾਜੀ ਤਬਕੇ ਦੀ ਕਿਸੇ ਹੋਰ ਔਰਤ ਦੇ ਸੁਪਨਿਆਂ ਵਿੱਚ ਵੀ ਨਾ ਆਉਂਦੀਆਂ, ਉਸ ਦਾ ਮੂੰਹ ਚਿੜਾਉਂਦੀਆਂ, ਉਸਨੂੰ ਸਤਾਉਂਦੀਆਂ ਅਤੇ ਜ਼ਲੀਲ ਕਰਦੀਆਂ ਮਹਿਸੂਸ ਹੁੰਦੀਆਂ ਸਨ। ਉਸਦੇ ਘਰ ਵਿੱਚ ਕੰਮ ਕਰਨ ਵਾਲੀ; ਬ੍ਰਿਟੋਨ ਕੁੜੀ ਤੇ ਜਦੋਂ ਵੀ ਉਸ ਦੀ ਨਜ਼ਰ ਪੈਂਦੀ ਤਾਂ ਉਸ ਦੇ ਦਿਲ ਵਿੱਚ ਗ਼ੁਰਬਤ ਅਤੇ ਜ਼ਿੱਲਤ ਦਾ ਅਹਿਸਾਸ ਹੋਰ ਵੀ ਸ਼ਿੱਦਤ ਨਾਲ ਫੁੰਕਾਰੇ ਮਾਰਨ ਲੱਗਦਾ।
ਫਿਰ ਉਹ ਸੁਪਨਿਆਂ ਦੀ ਦੁਨੀਆ ਵਿੱਚ ਖੋਹ ਜਾਂਦੀ। ਜਿੱਥੇ ਪ੍ਰਾਚੀਨ ਪੂਰਬੀ ਤਰੀਕੇ ਨਾਲ ਕਲਾਕ੍ਰਿਤੀਆਂ ਨਾਲ ਸਜਾਈਆਂ ਕੰਧਾਂ ਵਾਲੇ ਕਮਰੇ ਹੋਣ ਅਤੇ ਇਨ੍ਹਾਂ ਨੂੰ ਕਾਂਸੀ ਦੇ ਵੱਡੇ ਵੱਡੇ ਸ਼ਮ੍ਹਾਦਾਨਾਂ ਵਿੱਚ ਬਲ਼ਦੀਆਂ ਮਸ਼ਾਲਾਂ ਦੀਆਂ ਨੀਮ ਨਸ਼ਿਆਈਆਂ ਰੌਸ਼ਨੀਆਂ ਨੇ ਜਗਮਗ ਕੀਤਾ ਹੋਵੇ। ਬਾਰੀਆਂ ਦੇ ਸਾਹਮਣੇ ਮਖਮਲੀ ਪਰਦੇ ਲੱਗੇ ਹੋਣ….. ਜਿੱਥੇ ਸ਼ਾਹੀ ਕੱਪੜੇ ਪਹਿਨ ਦੋ ਨੌਕਰ ਹੋਣ, ਜੋ ਅੰਗੀਠੀ ਦੀ ਗਰਮੀ ਵਿੱਚ ਊਂਘਦੇ ਵਿਖਾਈ ਦਿੰਦੇ ਹੋਣ… ਮਖਮਲ ਅਤੇ ਕੀਮਖ਼ਾਬ ਨਾਲ ਲੈਸ ਵੱਡੇ ਕਮਰੇ ਹੋਣ ਜਿਨ੍ਹਾਂ ਵਿੱਚ ਕੀਮਤੀ ਫਰਨੀਚਰ ਨੂੰ ਮਹਿੰਗੀ ਸਜਾਵਟ ਕੀਤੀ ਹੋਵੇ….. ਅਤੇ ਮਹਿਕਾਂ ਨਾਲ ਭਰਪੂਰ ਅੰਦਰੂਨੀ ਕਮਰੇ ਹੋਣ ਜਿੱਥੇ ਉਹ ਘੁਸਰ ਮੁਸਰ ਵਿੱਚ ਆਪਣੇ ਕਰੀਬੀ ਦੋਸਤਾਂ – ਉਨ੍ਹਾਂ ਖ਼ੂਬਸੂਰਤ ਅਤੇ ਨੌਜਵਾਨ ਦੋਸਤਾਂ ਨਾਲ ਗੱਲਾਂ ਕਰਿਆ ਕਰੇ, ਜਿਨ੍ਹਾਂ ਦੀ ਸੁਹਬਤ ਨੂੰ ਸਾਰੇ ਸ਼ਹਿਰ ਦੀ ਔਰਤਾਂ ਤਰਸਦੀਆਂ ਹੋਣ।
ਜਦੋਂ ਉਹ ਰਾਤ ਦੇ ਭੋਜਨ ਲਈ ਆਪਣੇ ਪਤੀ ਦੇ ਸਾਹਮਣੇ ਬੈਠਦੀ, ਮੇਜ਼ ਉੱਤੇ ਤਿੰਨ ਦਿਨ ਪੁਰਾਣਾ ਮੇਜ਼ਪੋਸ਼ ਵਿਛਿਆ ਹੁੰਦਾ ਅਤੇ ਉਸ ਦਾ ਪਤੀ ਡੌਂਗੇ ਦਾ ਢੱਕਣ ਚੁੱਕਦੇ ਹੋਏ ਹੁੱਬ ਕੇ ਕਹਿੰਦਾ, “ਆਹ ਬੀਫ਼ ਸਟਿਊ, ਬਈ ਇਹ ਤਾਂ ਦੁਨੀਆ ਦੀ ਸਭ ਤੋਂ ਸੁਆਦਲੀ ਚੀਜ਼ ਹੈ।” ਤਾਂ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਖੋ ਜਾਂਦੀ, ਆਲੀਸ਼ਾਨ ਖਾਣਿਆਂ ਬਾਰੇ ਸੋਚਦੀ ….. ਜਿੱਥੇ ਚਾਂਦੀ ਦੇ ਚਮਕਦਾਰ ਛੁਰੀ ਕਾਂਟੇ ਹੁੰਦੇ … ਜਿੱਥੇ ਦੀਵਾਰਾਂ ਉੱਤੇ ਵੱਡੀਆਂ ਵੱਡੀਆਂ ਤਸਵੀਰਾਂ ਜੜੀਆਂ ਹੁੰਦੀਆਂ, ਜਿਨ੍ਹਾਂ ਵਿੱਚ ਪੁਰਾਣੇ ਜ਼ਮਾਨੇ ਦੀਆਂ ਸਖਸ਼ੀਅਤਾਂ ਅਤੇ ਪਰੀ ਜਗਤ ਦੇ ਜੰਗਲ ਵਿੱਚਲੇ ਅਨੋਖੇ ਪੰਛੀਆਂ ਦੇ ਚਿੱਤਰ ਵਿਖਾਈ ਦਿੰਦੇ। ਉਸਨੂੰ ਅੱਖਾਂ ਨੂੰ ਚੁੰਧਿਆ ਦੇਣ ਵਾਲੇ ਭਾਂਡਿਆਂ ਵਿੱਚ ਪਰੋਸੇ ਗਏ ਭਾਂਤ ਸੁਭਾਂਤੇ ਮਹਿੰਗੇ ਖਾਣਿਆਂ ਤੇ ਸਜੀਆਂ ਮਹਿਫਲਾਂ ਦੇ ਖ਼ਿਆਲ ਆਏ ਜਿੱਥੇ ਮਹਿਮਾਨ ਇੱਕ ਦੂਸਰੇ ਨਾਲ ਬੀਰਤਾ ਦੀਆਂ ਬਾਤਾਂ ਪਾਉਂਦੇ ਹੋਣ ਅਤੇ ਉਹ ਸਫਿੰਕਸ ਨੁਮਾ ਮੁਸਕਰਾਹਟ ਨਾਲ ਸੁਣ ਰਹੀ ਹੋਵੇ ਅਤੇ ਉਹ ਸਾਰੇ ਨਾਲੋ ਨਾਲ ਟਰਾਊਟ ਮੱਛੀ ਦੀਆਂ ਗੁਲਾਬੀ ਸੰਖੀਆਂ ਦਾ ਜਾਂ ਬਟੇਰ ਦੇ ਪਰਾਂ ਦਾ ਜ਼ਾਇਕਾ ਲੈਣ ਰਹੇ ਹੋਣ।
ਉਸ ਦੇ ਕੋਲ ਕੋਈ ਕੀਮਤੀ ਸੂਟ ਨਹੀਂ ਸੀ ਅਤੇ ਨਾ ਹੀ ਕੋਈ ਜੇਵਰ। ਉਸਨੂੰ ਸਿਰਫ ਇਸੇ ਦਾ ਦੁੱਖ ਸੀ। ਉਹ ਤਾਂ ਸ਼ਾਇਦ ਪੈਦਾ ਹੀ ਇਨ੍ਹਾਂ ਚੀਜ਼ਾਂ ਲਈ ਹੋਈ ਸੀ। ਉਸ ਦਾ ਦਿਲ ਚਾਹੁੰਦਾ ਕਿ ਉਸਨੂੰ ਵੀ ਲੋਕ ਚਾਹੁਣ…ਉਸ ਦੀ ਇੱਕ ਝਲਕ ਲਈ ਬਿਹਬਲ ਹੋਣ… ਉਸ ਦੇ ਖ਼ਾਬ ਵੇਖਣ….. ਅਤੇ ਉਸ ਦਾ ਸਾਥ ਹਾਸਲ ਕਰਨ ਲਈ ਬੇਤਾਬ ਹੋਣ।
ਉਸ ਦੀ ਇੱਕ ਅਮੀਰ ਸਹੇਲੀ ਸੀ ਜੋ ਸਕੂਲ ਵਿੱਚ ਉਸ ਦੀ ਜਮਾਤਣ ਸੀ। ਪਰ ਆਪਣੀ ਉਸ ਸਹੇਲੀ ਨੂੰ ਮਿਲਣ ਦੇ ਬਾਅਦ ਉਹ ਆਪਣੇ ਹਾਲ ਤੇ ਇੰਨਾ ਕੁੜ੍ਹਦੀ ਸੀ ਕਿ ਹੁਣ ਉਸਨੇ ਉਸ ਸਹੇਲੀ ਨੂੰ ਮਿਲਣਾ ਵੀ ਛੱਡ ਦਿੱਤਾ ਸੀ। ਆਪਣੇ ਕਮਰੇ ਵਿੱਚ ਉਹ ਕਦੇ ਕਦੇ ਤਾਂ ਸਾਰਾ ਦਿਨ ਰੋਦੀ ਰਹਿੰਦੀ… ਆਪਣੀ ਬੇਬਸੀ ਉੱਤੇ….. ਆਪਣੀ ਨਾਉਮੀਦੀ ਉੱਤੇ… ਆਪਣੀ ਨਿਰਾਸ਼ਾ ਉੱਤੇ ਅਤੇ ਆਪਣੀ ਗ਼ਰੀਬੀ ਉੱਤੇ। ਫਿਰ ਇੱਕ ਸ਼ਾਮ ਉਸ ਦਾ ਪਤੀ ਜਦੋਂ ਦਫਤਰ ਤੋਂ ਪਰਤਿਆ ਤਾਂ ਉਸ ਦੇ ਚਿਹਰੇ ਉੱਤੇ ਇੱਕ ਜੇਤੂ ਚਮਕ ਅਤੇ ਹੱਥ ਵਿੱਚ ਇੱਕ ਵੱਡਾ ਸਾਰਾ ਲਿਫਾਫਾ ਸੀ।
“ਵੇਖ ਤਾਂ ਮੈਂ ਤੇਰੇ ਲਈ ਕੀ ਲਿਆਇਆ ਹਾਂ?”
ਉਸਨੇ ਉਹ ਲਿਫਾਫਾ ਖੋਲਿਆ.. ਵਿੱਚੋਂ ਇੱਕ ਕਾਰਡ ਨਿਕਲਿਆ ਜਿਸ ਉੱਤੇ ਛਪਿਆ ਸੀ, “ਸ਼੍ਰੀਮਾਨ ਸਿਖਿਆ ਮੰਤਰੀ ਅਤੇ ਮੈਡਮ ਜੋਰਜੇਸ ਰੈਮਪਾਨਿਓ, ਸੋਮਵਾਰ 18 ਜਨਵਰੀ ਦੀ ਸ਼ਾਮ ਨੂੰ ਸਿਖਿਆ ਮਹਿਕਮੇ ਦੇ ਦਫਤਰ ਵਿੱਚ ਮੈਡਮ ਲੋਇਜ਼ਲ ਨੂੰ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਨ।”
ਉਸ ਦਾ ਪਤੀ ਜਾਣਦਾ ਸੀ ਕਿ ਉਹ ਇਸ ਸੱਦਾ ਪੱਤਰ ਮਿਲਣ ਤੇ ਬਹੁਤ ਖ਼ੁਸ਼ ਹੋਵੇਗੀ ਪਰ ਉਸਨੇ ਕਾਰਡ ਗੁੱਸੇ ਨਾਲ ਮੇਜ਼ ਉੱਤੇ ਸੁੱਟ ਦਿੱਤਾ ਅਤੇ ਢਿਲਕੀ ਜਿਹੀ ਆਵਾਜ਼ ਵਿੱਚ ਬੋਲੀ, “ਤਾਂ ਫਿਰ? ਮੈਂ ਇਸ ਦਾ ਕੀ ਕਰਾਂ?”
“ਮਗਰ…?? ਮੇਰੀ ਜਾਨ ਮੈਂ ਤਾਂ ਸਮਝਿਆ ਸੀ ਕਿ ਤੂੰ ਖ਼ੁਸ਼ ਹੋਵੇਂਗੀ? ਤੂੰ ਉਂਜ ਤਾਂ ਕਦੇ ਬਾਹਰ ਨਹੀਂ ਜਾਂਦੀ। ਇਹ ਤਾਂ ਇੱਕ ਵਧੀਆ ਮੌਕ਼ਾ ਹੈ। ਅਤੇ ਇਹ ਸੱਦਾ ਪੱਤਰ ਮੈਂ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਹੈ। ਹਰ ਸ਼ਖਸ ਉਸ ਦਾਵਤ ਵਿੱਚ ਸੱਦੇ ਜਾਣ ਲਈ ਬੇਤਾਬ ਹੈ। ਬੜੇ ਲੋਕ ਉਸ ਦੇ ਚਾਹਵਾਨ ਹਨ ਅਤੇ ਵਜ਼ਾਰਤ ਦੇ ਸਿਰਫ ਕੁਝ ਹੀ ਕਲਰਕਾਂ ਨੂੰ ਸੱਦਾ ਦਿੱਤਾ ਗਿਆ ਹੈ। ਤੂੰ ਵੇਖਣਾ ਉੱਥੇ ਸਾਰੀ ਵਜ਼ਾਰਤ ਆਈ ਹੋਵੇਗੀ।”
ਉਹ ਭਰੀ ਪੀਤੀ ਉਸ ਨੂੰ ਵੇਖਦੀ ਰਹੀ ਅਤੇ ਫਿਰ ਬੇਸਬਰੀ ਨਾਲ ਬੋਲੀ, “ਤੇ ਉਸ ਦਾਵਤ ਤੇ ਮੈਂ ਪਹਿਨ ਕੇ ਕੀ ਜਾਵਾਂਗੀ?”
ਉਸ ਦੇ ਪਤੀ ਨੇ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਉਹ ਹਕਲਾਂਦੇ ਹੋਏ ਬੋਲਿਆ, “ਉਹ … ਉਹੋ.. ਜੋ ਤੂੰ ਥੀਏਟਰ ਜਾਂਦੇ ਹੋਏ ਪਹਿਨਦੀ ਹੈਂ.. ਉਹ ਮੇਰੇ ਖਿਆਲ ਵਿੱਚ ਤਾਂ ਬਿਲਕੁਲ ਠੀਕ ਰਹੇਗਾ ਜਾਂ ਫਿਰ…”
ਉਹ ਚੁੱਪ ਹੋ ਗਿਆ। ਹੈਰਤ ਨਾਲ ਉਸ ਦੀ ਜ਼ਬਾਨ ਬੰਦ ਹੋ ਗਈ। ਉਸ ਦੀ ਪਤਨੀ ਦੀਆਂ ਝੁਕੀਆਂ ਹੋਈਆਂ ਪਲਕਾਂ ਵਿੱਚੋਂ ਦੋ ਮੋਟੇ ਮੋਟੇ ਅੱਥਰੂ ਉਸ ਦੀਆਂ ਗੱਲਾਂ ਉੱਤੇ ਗਿਰੇ ਅਤੇ ਹੌਲੀ ਹੌਲੀ ਉਸ ਦੀ ਠੋਡੀ ਵੱਲ ਤਿਲਕਣ ਲੱਗੇ। ਉਹ ਰੋ ਰਹੀ ਸੀ।
ਉਹ ਬੜੀ ਮੁਸ਼ਕਿਲ ਨਾਲ ਬੱਸ ਇਹੀ ਕਹਿ ਸਕਿਆ, “ਕ.. ਕ… ਕੀ ਹੋਇਆ? ਕੀ ਹੋਇਆ?”
ਫਿਰ ਉਸ ਦੀ ਪਤਨੀ ਨੇ ਹਿੰਮਤ ਕਰਕੇ ਖ਼ੁਦ ਉੱਤੇ ਕਾਬੂ ਪਾ ਲਿਆ ਅਤੇ ਆਪਣੀਆਂ ਗੱਲ੍ਹਾਂ ਤੋਂ ਅੱਥਰੂ ਪੂੰਝਦੇ ਹੋਏ ਬੇਹੱਦ ਸ਼ਾਂਤ ਅਤੇ ਸਪਾਟ ਆਵਾਜ਼ ਵਿੱਚ ਬੋਲੀ, “ਕੁੱਝ ਨਹੀਂ। ਗੱਲ ਸਿਰਫ ਇੰਨੀ ਹੈ ਕਿ ਮੇਰੇ ਕੋਲ ਕੱਪੜੇ ਨਹੀਂ ਹਨ, ਇਸਲਈ ਮੈਂ ਦਾਵਤ ਵਿੱਚ ਨਹੀਂ ਜਾ ਸਕਦੀ। ਇਹ ਕਾਰਡ ਆਪਣੇ ਕਿਸੇ ਦੋਸਤ ਨੂੰ ਦੇ ਦੇਣਾ ਜਿਸਦੀ ਪਤਨੀ ਦੇ ਕੋਲ ਮੇਰੇ ਨਾਲੋਂ ਵਧੀਆ ਕੱਪੜੇ ਹੋਣ।”
ਉਸ ਦੇ ਪਤੀ ਦਾ ਦਿਲ ਢੈਲਾ ਜਿਹਾ ਹੋ ਗਿਆ। ਉਹ ਬੋਲਿਆ, “ਅੱਛਾ ਮੈਥੀਲਡ, ਇਹ ਦੱਸ ਇੱਕ ਸੁਹਣਾ ਫੱਬਦਾ ਸੂਟ ਜੋ ਤੂੰ ਬਾਅਦ ਵਿੱਚ ਹੋਰ ਮੌਕਿਆਂ ਉੱਤੇ ਵੀ ਪਹਿਨ ਸਕੇਂ, ਕਿੰਨੇ ਵਿੱਚ ਆਵੇਗਾ?”
ਉਸਨੇ ਦਿਲ ਹੀ ਦਿਲ ਵਿੱਚ ਹਿਸਾਬ ਲਗਾਇਆ ਕਿ ਆਪਣੇ ਪਤੀ ਕੋਲੋਂ ਕਿੰਨੀ ਰਕਮ ਦੀ ਮੰਗ ਕਰੇ। ਉਸਨੂੰ ਇਹ ਵੀ ਖ਼ਦਸ਼ਾ ਸੀ ਕਿ ਕਿਤੇ ਉਸ ਦਾ ਸਰਫ਼ਾ ਪਸੰਦ ਪਤੀ ਸਾਫ਼ ਇਨਕਾਰ ਹੀ ਨਾ ਕਰ ਦੇਵੇ। ਫਿਰ ਉਹ ਹਿਚਕਿਚਾਉਂਦੇ ਹੋਏ ਬੋਲੀ, “ਮੈਨੂੰ ਠੀਕ ਅੰਦਾਜ਼ਾ ਤਾਂ ਨਹੀਂ ਲੇਕਿਨ ਮੇਰਾ ਖ਼ਿਆਲ ਹੈ ਕਿ ਚਾਰ ਸੌ ਫਰਾਂਕ ਵਿੱਚ ਅੱਛਾ ਸੂਟ ਤਿਆਰ ਹੋ ਸਕਦਾ ਹੈ।”
ਉਸ ਦੇ ਪਤੀ ਦੇ ਚਿਹਰੇ ਉੱਤੇ ਪਿਲੱਤਣ ਜਿਹੀ ਫਿਰ ਗਈ। ਉਸਨੇ ਕੁੱਝ ਅਰਸੇ ਤੋਂ ਸ਼ਿਕਾਰ ਲਈ ਨਵੀਂ ਬੰਦੂਕ ਖ਼ਰੀਦਣ ਅਤੇ ਅੱਗੇ ਗਰਮੀਆਂ ਵਿੱਚ ਐਤਵਾਰ ਦੇ ਦਿਨੀਂ ਆਪਣੇ ਦੋਸਤਾਂ ਦੇ ਨਾਲ ਚਿੜੀਆਂ ਦਾ ਸ਼ਿਕਾਰ ਖੇਡਣ ਲਈ ਨਾਂਤੇਆ ਦੇ ਮੈਦਾਨਾਂ ਵਿੱਚ ਜਾਣ ਦਾ ਲਈ ਚਾਰ ਸੌ ਫਰਾਂਕ ਹੀ ਬਚਾ ਰੱਖੇ ਸਨ। ਉਹ ਬੋਲਿਆ, “ਠੀਕ ਹੈ ਮੈਂ ਤੈਨੂੰ ਚਾਰ ਸੌ ਫਰਾਂਕ ਦਿੰਦਾ ਹਾਂ। ਤੂੰ ਆਪਣੇ ਲਈ ਇੱਕ ਉਮਦਾ ਸੂਟ ਤਿਆਰ ਕਰਾ ਲੈ।”

ਦਾਵਤ ਦਾ ਦਿਨ ਨੇੜੇ ਆ ਚੁੱਕਾ ਸੀ। ਲੇਕਿਨ ਮਿਸਿਜ ਲੋਆਏਜਲ ਪਰੇਸ਼ਾਨ ਅਤੇ ਫ਼ਿਕਰਮੰਦ ਵਿਖਾਈ ਦੇ ਰਹੀ ਸੀ। ਹਾਲਾਂਕਿ ਉਸ ਦਾ ਸੂਟ ਤਿਆਰ ਹੋ ਚੁੱਕਾ ਸੀ। ਇੱਕ ਸ਼ਾਮ ਉਸ ਦੇ ਪਤੀ ਨੇ ਪੁੱਛ ਹੀ ਲਿਆ, “ਕੀ ਗੱਲ ਹੈ? ਤੂੰ ਪਿਛਲੇ ਤਿੰਨ ਦਿਨਾਂ ਤੋਂ ਕੁੱਝ ਪਰੇਸ਼ਾਨ ਜਿਹੀ ਵਿਖਾਈ ਦੇ ਰਹੀ ਹੈਂ?”
ਉਹ ਬੋਲੀ, “ਮੈਂ ਇਸ ਕਾਰਨ ਪਰੇਸ਼ਾਨ ਹਾਂ ਕਿ ਮੇਰੇ ਕੋਲ ਕੋਈ ਜੇਵਰ ਨਹੀਂ ਹੈ। ਪਹਿਨਣ ਨੂੰ ਕੁੱਝ ਵੀ ਨਹੀਂ ਹੈ। ਜੇਵਰਾਂ ਦੇ ਬਿਨਾਂ ਤਾਂ ਉਸ ਦਾਵਤ ਉੱਤੇ ਜਾਣਾ ਬਹੁਤ ਅਜੀਬ ਲੱਗੇਗਾ। ਇਸ ਨਾਲੋਂ ਤਾਂ ਨਾ ਜਾਣਾ ਹੀ ਠੀਕ ਹੋਵੇਗਾ।”
ਉਹ ਬੋਲਿਆ, “ਤਾਂ ਫੁੱਲਾਂ ਦੇ ਗਜਰੇ ਪਹਿਨ ਲੈਣਾ। ਇਸ ਮੌਸਮ ਵਿੱਚ ਤਾਂ ਬਹੁਤ ਕਮਾਲ ਵਿਖਾਈ ਦਿੰਦੇ ਹਨ। ਪੰਜ ਦਸ ਫਰਾਂਕ ਵਿੱਚ ਤੈਨੂੰ ਦੋ ਤਿੰਨ ਬੜੇ ਸੁਹਣੇ ਗੁਲਾਬ ਦੇ ਗਜਰੇ ਮਿਲ ਜਾਣਗੇ।”
ਪਰ ਉਸ ਦੀ ਪਤਨੀ ਨਾ ਮੰਨੀ, “ਨਹੀਂ। ਇਸ ਤੋਂ ਵੱਧ ਬੇਇੱਜ਼ਤੀ ਦੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਏਨੀਆਂ ਸਾਰੀਆਂ ਅਮੀਰ ਔਰਤਾਂ ਦੇ ਦਰਮਿਆਨ ਮੈਂ ਗ਼ਰੀਬੜੀ ਲੱਗਾਂ।”
ਉਸ ਦਾ ਪਤੀ ਅਚਾਨਕ ਬੋਲ ਉੱਠਿਆ, “ਓ ਤੂੰ ਵੀ ਕਿੰਨੀ ਬੇਵਕੂਫ਼ ਹੈਂ, ਆਪਣੀ ਸਹੇਲੀ ਮਿਸਿਜ ਫ਼ੌਰੇਸਤੀਏ ਦੇ ਕੋਲ ਜਾ ਅਤੇ ਇੱਕ ਸ਼ਾਮ ਲਈ ਉਸ ਕੋਲੋਂ ਕੁੱਝ ਜੇਵਰ ਉਧਾਰ ਮੰਗ ਲਿਆ। ਉਹ ਤੇਰੀ ਬਹੁਤ ਪੁਰਾਣੀ ਸਹੇਲੀ ਹੈ… ਇੰਨਾ ਤਾਂ ਜ਼ਰੂਰ ਕਰ ਸਕਦੀ ਹੈ।”
ਉਸ ਦੀਆਂ ਅੱਖਾਂ ਚਮਕ ਉਠੀਆਂ। “ਓ ਹਾਂ.. ਇਹ ਠੀਕ ਹੈ। ਮੈਂ ਉਸ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ।”
ਉਹ ਦੂਜੇ ਹੀ ਦਿਨ ਆਪਣੀ ਸਹੇਲੀ ਦੇ ਘਰ ਜਾ ਪਹੁੰਚੀ ਅਤੇ ਉਸ ਨੂੰ ਆਪਣੀ ਮੁਸ਼ਕਲ ਦੱਸੀ।
ਮਿਸਿਜ ਫ਼ੌਰੇਸਤੀਏ ਉੱਠੀ, ਆਪਣੀ ਅਲਮਾਰੀ ਕੋਲ ਗਈ ਇਸ ਵਿੱਚੋਂ ਇੱਕ ਟਰੰਕੀ ਕੱਢ ਕਰ ਉਸ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ। ਢੱਕਣ ਉਠਾ ਕਿ ਮਿਸਿਜ ਲੋਆਏਜਲ ਨੂੰ ਬੋਲੀ, “ਜੋ ਪਸੰਦ ਆਏ ਚੁੱਕ ਲੈ।”
ਪਹਿਲਾਂ ਉਹ ਇੱਕ ਕੰਗਣ ਵੇਖਦੀ ਰਹੀ ਫਿਰ ਮੋਤੀਆਂ ਦਾ ਹਾਰ ਅਤੇ ਫਿਰ ਸਲੀਬ ਦੀ ਸ਼ਕਲ ਦਾ ਇੱਕ ਹੋਰ ਹਾਰ ਜਿਸ ਵਿੱਚ ਕਮਾਲ ਦੀ ਕਾਰੀਗਰੀ ਨਾਲ ਕੀਮਤੀ ਨਗ ਜੜੇ ਸਨ। ਇੱਕ ਇੱਕ ਕਰਕੇ ਉਹ ਜੇਵਰ ਪਹਿਨ ਕੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ। ਐਪਰ ਜੋ ਜੇਵਰ ਉਸ ਨੂੰ ਪਸੰਦ ਨਾ ਵੀ ਆਉਂਦਾ ਉਸ ਨੂੰ ਉਤਾਰਨਾ ਅਤੇ ਵਾਪਸ ਟਰੰਕੀ ਵਿੱਚ ਰੱਖਣਾ ਉਸ ਲਈ ਮੁਸ਼ਕਲ ਹੋ ਜਾਂਦਾ। ਫਿਰ ਉਸਨੇ ਪੁੱਛਿਆ, “ਹੋਰ ਕੁੱਝ ਨਹੀਂ ਹੈ?”
ਤੇ ਅਚਾਨਕ ਉਸ ਨੂੰ ਸਿਆਹ ਸਾਟਿਨ ਦੀ ਇੱਕ ਟਰੰਕੀ ਵਿਖਾਈ ਦਿੱਤੀ ਜਿਸ ਵਿੱਚ ਹੀਰਿਆਂ ਦਾ ਇੱਕ ਹਾਰ ਝਿਲਮਿਲਾ ਰਿਹਾ ਸੀ। ਇਸ ਹਾਰ ਉੱਤੇ ਨਜ਼ਰ ਪੈਂਦੇ ਹੀ ਉਸ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਇਸ ਨੂੰ ਡਿੱਬੀ ਵਿੱਚੋਂ ਕੱਢਦੇ ਹੋਏ ਉਸ ਦੀਆਂ ਉਂਗਲੀਆਂ ਕੰਬਣ ਲੱਗੀਆਂ। ਹਾਰ ਪਹਿਨ ਕੇ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੋਈ ਤਾਂ ਉਸ ਦੀਆਂ ਅੱਖਾਂ ਖ਼ੁਦ ਨੂੰ ਪਛਾਣ ਨਾ ਸਕੀਆਂ। ਧੜਕਦੇ ਦਿਲ ਦੇ ਨਾਲ ਉਹ ਮੁੜੀ ਅਤੇ ਬੜੀ ਰੀਝ ਨਾਲ ਪੁੱਛਿਆ, “ਕੀ ਮੈਂ ਇਹ ਲੈ ਸਕਦੀ ਹਾਂ… ਬੱਸ ਇਹੀ?’
“ਹਾਂ। ਕਿਉਂ ਨਹੀਂ!”
ਉਸਨੇ ਝੱਪਟ ਕੇ ਆਪਣੀਆਂ ਬਾਂਹਾਂ ਆਪਣੀ ਸਹੇਲੀ ਦੇ ਗਲ ਵਿੱਚ ਪਾ ਦਿੱਤੀਆਂ ਅਤੇ ਉਸ ਨੂੰ ਚੁੰਮ ਲਿਆ। ਹਾਰ ਲੈ ਕੇ ਘਰ ਵਾਪਸ ਆਉਂਦੇ ਹੋਏ ਉਸ ਦੇ ਪੱਬ ਜ਼ਮੀਨ ਉੱਤੇ ਨਹੀਂ ਲੱਗ ਰਹੇ ਸਨ।

ਦਾਵਤ ਦਾ ਦਿਨ ਆ ਗਿਆ। ਮਿਸਿਜ ਲੋਆਏਜਲ ਬੇਹੱਦ ਕਾਮਯਾਬ ਰਹੀ ਸੀ, ਉਹ ਸਭ ਲੋਕਾਂ ਦੀਆਂ ਨਿਗਾਹਾਂ ਦਾ ਕੇਂਦਰ ਸੀ। ਉਹ ਔਰਤਾਂ ਵਿੱਚ ਸਭ ਤੋਂ ਸੁਹਣੀ ਵਿਖਾਈ ਦੇ ਰਹੀ ਸੀ। ਹੱਸਦੀ, ਮੁਸਕਰਾਉਂਦੀ, ਉਸ ਦੀ ਖੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ ਸੀ। ਸਭ ਮਰਦ ਮੁੜ ਮੁੜ ਕੇ ਉਸ ਨੂੰ ਵੇਖਦੇ ਰਹੇ.. ਉਸ ਦਾ ਨਾਮ ਪੁੱਛਦੇ ਰਹੇ… ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਵਜ਼ਾਰਤ ਦੇ ਸਾਰੇ ਵੱਡੇ ਅਫ਼ਸਰ ਉਸ ਦੇ ਨਾਲ ਡਾਂਸ ਕਰਨਾ ਚਾਹੁੰਦੇ ਸਨ। ਸਿੱਖਿਆ ਮੰਤਰੀ ਨੇ ਵੀ ਉਸ ਦੇ ਬਾਰੇ ਪੁੱਛਿਆ।
ਉਹ ਦੀਵਾਨਗੀ ਦੇ ਆਲਮ ਵਿੱਚ ਨੱਚਦੀ ਰਹੀ। ਉਹ ਦੇਸ਼ਕਾਲ ਦੀਆਂ ਹੱਦਬੰਦੀਆਂ ਤੋਂ ਆਜ਼ਾਦ ਹੋ ਚੁੱਕੀ ਸੀ। ਉਸਨੂੰ ਅਹਿਸਾਸ ਸੀ ਕਿ ਅੱਜ ਉਸ ਦਾ ਹੁਸਨ ਨੇ ਬਾਜ਼ੀ ਲੈ ਗਿਆ ਹੈ। ਅੱਜ ਉਸ ਦੀ ਜਿੱਤ ਦਾ ਦਿਨ ਸੀ। ਉਸਨੂੰ ਇਵੇਂ ਲਗਾ ਕਿ ਜਿਵੇਂ ਉਹ ਬੱਦਲਾਂ ਵਿੱਚ ਤੈਰ ਰਹੀ ਹੋਵੇ – ਆਪਣੀਆਂ ਤਾਰੀਫ਼ਾਂ, ਆਪਣੇ ਆਦਰ ਮਾਣ, ਜਾਗ ਉਠੀਆਂ ਖ਼ਾਹਿਸ਼ਾਂ ਅਤੇ ਅਥਾਹ ਖੁਸ਼ੀ ਦੇ ਬੱਦਲਾਂ ਵਿੱਚ…। ਇਹੀ ਉਹ ਚੀਜ਼ਾਂ ਸਨ ਜਿਨ੍ਹਾਂ ਤੋਂ ਕਿਸੇ ਵੀ ਔਰਤ ਦੀ ਮੁਕੰਮਲ ਕਾਮਯਾਬੀ ਦਾ ਪਤਾ ਲੱਗਦਾ ਹੈ ਜੋ ਉਸਨੂੰ ਲੋਹੜੇ ਦੀ ਚੰਗੀ ਲੱਗਦੀ ਹੈ।
ਸਵੇਰੇ ਚਾਰ ਵਜੇ ਉਹ ਦਾਵਤ ਤੋਂ ਰਵਾਨਾ ਹੋਏ। ਉਸ ਦਾ ਪਤੀ ਤਾਂ ਬਾਰਾਂ ਵਜੇ ਰਾਤ ਤੋਂ ਹੀ ਇੱਕ ਛੋਟੇ ਕਮਰੇ ਵਿੱਚ ਤਿੰਨ ਹੋਰ ਮਰਦਾਂ ਦੇ ਨਾਲ ਸੁੱਤਾ ਹੋਇਆ ਸੀ ਜਿਨ੍ਹਾਂ ਦੀਆਂ ਬੀਵੀਆਂ ਵੀ ਦਾਵਤ ਦੇ ਮਜ਼ੇ ਲੁੱਟ ਰਹੀਆਂ ਸਨ। ਵਜ਼ਾਰਤ ਦੀ ਇਮਾਰਤ ਤੋਂ ਬਾਹਰ ਨਿਕਲਦੇ ਹੋਏ ਉਸ ਦੇ ਪਤੀ ਨੇ ਉਸਦਾ ਕੋਟ ਉਸਦੇ ਮੋਢਿਆਂ ਉੱਤੇ ਓੜ ਦਿੱਤਾ। ਇਹ ਕੋਟ ਪੁਰਾਣਾ ਅਤੇ ਬੋਦਾ ਸੀ ਅਤੇ ਦਾਵਤ ਲਈ ਬਣਾਏ ਗਏ ਨਵੇਂ ਸੂਟ ਉੱਤੇ ਇਵੇਂ ਵਿਖਾਈ ਦਿੰਦਾ ਸੀ ਜਿਵੇਂ ਕਿਸੇ ਨੇ ਰੇਸ਼ਮ ਉੱਤੇ ਬੋਰਾ ਰੱਖ ਦਿੱਤਾ ਹੋਵੇ। ਉਸਨੂੰ ਇਸ ਗੱਲ ਦਾ ਅਹਿਸਾਸ ਸੀ ਇਸ ਲਈ ਉਹ ਮੋਢੇ ਝਟਕ ਕੇ ਅੱਗੇ ਵੱਧ ਗਈ ਤਾਂਕਿ ਹੋਰ ਔਰਤਾਂ ਉਸ ਨੂੰ ਨਾ ਵੇਖ ਸਕਣ, ਜਿਨ੍ਹਾਂ ਦੇ ਮੋਢੇ ਮਖਮਲਾਂ ਪਸ਼ਮੀਨੇ ਦੀਆਂ ਸ਼ਾਲਾਂ ਅਤੇ ਕੋਟਾਂ ਵਿੱਚ ਲਿਪਟੇ ਹੋਏ ਸਨ। ਲੋਆਏਜਲ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, “ਓ ਰੁਕ ਤਾਂ ਸਹੀ, ਤੈਨੂੰ ਠੰਡ ਲੱਗ ਜਾਵੇਗੀ। ਮੈਂ ਹੁਣੇ ਕੋਈ ਬੱਘੀ ਤਲਾਸ਼ ਕਰ ਲਿਆਉਂਦਾ ਹਾਂ।”
ਪਰ ਉਹ ਉਸ ਦੀ ਗੱਲ ਅਨਸੁਣੀ ਕਰਦੇ ਹੋਏ ਤੇਜ਼ ਕਦਮਾਂ ਨਾਲ ਪੌੜੀਆਂ ਉਤਰਦੀ ਗਈ। ਸੜਕਾਂ ਉਜੜੀਆਂ ਪਈਆਂ ਸਨ। ਕਦੇ ਕਦੇ ਉਨ੍ਹਾਂ ਨੂੰ ਕੋਈ ਬੱਘੀ ਵਿਖਾਈ ਦਿੰਦੀ ਤਾਂ ਉਹ ਇਸ ਨੂੰ ਬੁਲਾਉਣ ਲਈ ਆਵਾਜ਼ਾਂ ਦਿੰਦਾ ਪਰ ਬੇਫ਼ਾਇਦਾ। ਸਰਦੀ ਨਾਲ ਠੁਰ ਠੁਰ ਕਰਦੇ ਹੋਏ ਉਹ ਸੇਨ ਦਰਿਆ ਦੇ ਕੰਢੇ ਤੱਕ ਆ ਪੁੱਜੇ। ਉੱਥੇ ਆਖ਼ਰ ਉਨ੍ਹਾਂ ਨੂੰ ਇੱਕ ਤਾਂਗਾ ਮਿਲ ਹੀ ਗਿਆ। ਅਜਿਹਾ ਤਾਂਗਾ ਕਦੇ ਦਿਨ ਦੇ ਵਕਤ ਵਿਖਾਈ ਨਹੀਂ ਦਿੰਦਾ ਸੀ। ਸ਼ਾਇਦ ਉਹ ਵੀ ਦਿਨ ਦੇ ਵਕਤ ਪੈਰਿਸ ਵਿੱਚ ਵਿਖਾਈ ਦੇਣ ਉੱਤੇ ਸ਼ਰਮਿੰਦਗੀ ਮੰਨਦਾ ਹੋਵੇ।
ਇਸ ਤਾਂਗੇ ਵਿੱਚ ਉਹ ‘ਹੂਏ ਦ ਮਾਰਤੇਆ’ ਵਿੱਚ ਆਪਣੇ ਘਰ ਆ ਗਏ। ਦੋਨੋਂ ਚੁੱਪਚਾਪ ਘਰ ਵਿੱਚ ਵੜ ਗਏ। ਉਹ ਸੋਚ ਰਹੀ ਸੀ ਕਿ ਅੱਜ ਦੀ ਦਾਵਤ ਦੇ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੀ ਰਹਿ ਗਿਆ ਹੈ। ਉਸ ਦਾ ਪਤੀ ਸੋਚ ਰਿਹਾ ਸੀ ਕਿ ਕੁਝ ਘੰਟਿਆਂ ਬਾਅਦ ਉਸ ਨੇ ਦਫਤਰ ਜਾਣਾ ਹੋਵੇਗਾ।
ਉਸਨੇ ਆਪਣਾ ਓਵਰ ਕੋਟ ਉਤਾਰ ਸੁੱਟਿਆ ਅਤੇ ਸ਼ੀਸ਼ੇ ਦੇ ਸਾਹਮਣੇ ਆਖ਼ਰੀ ਵਾਰ ਖ਼ੁਦ ਨੂੰ ਦੇਖਣ ਲਈ ਖੜੀ ਹੋਈ। ਅਚਾਨਕ ਉਸ ਦੀ ਚੀਖ਼ ਨਿਕਲ ਗਈ। ਉਸ ਦੀ ਗਰਦਨ ਦੇ ਗਿਰਦ ਹੀਰਿਆਂ ਦਾ ਹਾਰ ਮੌਜੂਦ ਨਹੀਂ ਸੀ।
ਉਸ ਦਾ ਪਤੀ ਜੋ ਕੱਪੜੇ ਉਤਾਰ ਰਿਹਾ ਸੀ, ਮੁੜਿਆ ਅਤੇ ਪੁੱਛਿਆ, “ਕੀ ਹੋਇਆ?”
ਉਹ ਆਪਣੇ ਪਤੀ ਦੀ ਤਰਫ਼ ਮੁੜੀ ਤਾਂ ਉਸ ਦਾ ਰੰਗ ਫ਼ਕ ਹੋ ਚੁੱਕਿਆ ਸੀ। “ਓਹ … ਉਹ….. ਮਿਸਜ਼ ਫ਼ੋਰੀਸਤੀਏ ਵਾਲਾ ਹੀਰਿਆਂ ਦਾ ਹਾਰ ਨਹੀਂ ਹੈ।”
ਉਹ ਸਿੱਧਾ ਖੜਾ ਹੋ ਗਿਆ, “ਕੀ? … ਕਿਵੇਂ? ….. ਇਹ ਕਿਵੇਂ ਹੋ ਸਕਦਾ ਹੈ?”
ਉਨ੍ਹਾਂ ਨੇ ਉਸ ਦੇ ਨਵੇਂ ਸੂਟ ਵਿੱਚ ਤਲਾਸ਼ ਕੀਤਾ। ਓਵਰਕੋਟ ਦੀਆਂ ਜੇਬਾਂ ਵਿੱਚ ਢੂੰਢਿਆ। ਹਰ ਜਗ੍ਹਾ ਵੇਖਿਆ, ਪਰ ਹਾਰ ਨਹੀਂ ਮਿਲਿਆ।
ਉਸ ਦਾ ਪਤੀ ਬੋਲਿਆ, “ਕੀ ਤੈਨੂੰ ਪੂਰਾ ਪੂਰਾ ਯਕੀਨ ਹੈ ਕਿ ਦਾਵਤ ਤੋਂ ਨਿਕਲਦੇ ਹੋਏ ਉਹ ਤੇਰੇ ਕੋਲ ਹੀ ਸੀ?”
“ਹਾਂ। ਹਾਂ। ਮੈਂ ਇਮਾਰਤ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਛੂਹ ਕੇ ਵੇਖਿਆ ਸੀ।”
“ਪਰ ਜੇਕਰ ਇਹ ਸੜਕ ਉੱਤੇ ਡਿੱਗਦਾ ਤਾਂ ਸਾਨੂੰ ਖੜਾਕ ਤਾਂ ਸੁਣਾਈ ਦਿੰਦੀ। ਇਹ ਜ਼ਰੂਰ ਬੱਘੀ ਵਿੱਚ ਹੀ ਡਿਗਿਆ ਹੋਵੇਗਾ।”
“ਹਾਂ। ਹੋ ਸਕਦਾ ਹੈ। ਤੂੰ ਨੰਬਰ ਨੋਟ ਕੀਤਾ ਸੀ?”
“ਨਹੀਂ। ਤੂੰ ਵੀ ਨਹੀਂ ਵੇਖਿਆ?”
“ਨਹੀਂ।”
ਉਹ ਦੋਨੋਂ ਸੁੰਨੀਆਂ ਨਿਗਾਹਾਂ ਨਾਲ ਇੱਕ ਦੂਜੇ ਨੂੰ ਵੇਖਦੇ ਰਹੇ। ਫਿਰ ਲੋਆਏਜਲ ਨੇ ਦੁਬਾਰਾ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ।
“ਅਸੀਂ ਜਿਸ ਰਸਤੇ ਆਏ ਹਾਂ ਮੈਂ ਉਸ ਰਸਤੇ ਦੁਬਾਰਾ ਜਾਂਦਾ ਹਾਂ। ਸ਼ਾਇਦ ਕਿਤੇ ਪਿਆ ਮਿਲ ਜਾਵੇ।” ਇਹ ਕਹਿ ਕੇ ਉਹ ਚਲਾ ਗਿਆ।
ਉਹ ਆਪਣੇ ਨਵੇਂ ਸੂਟ ਵਿੱਚ ਲਿਪਟੀ ਇੱਕ ਕੁਰਸੀ ਤੇ ਬੈਠੀ ਰਹੀ। ਉਸ ਵਿੱਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਸੌਂ ਹੀ ਜਾਂਦੀ। ਬਿਨਾਂ ਸੋਚੇ ਸਮਝੇ ਉਹ ਹਨੇਰੇ ਅਤੇ ਠੰਡੇ ਅੰਗੀਠੇ ਨੂੰ ਤਕਦੀ ਰਹੀ।
ਉਸ ਦਾ ਪਤੀ ਸਵੇਰੇ ਸੱਤ ਵਜੇ ਵਾਪਸ ਆਇਆ। ਉਹ ਖ਼ਾਲੀ ਹੱਥ ਸੀ।
ਫਿਰ ਉਹ ਪੁਲਿਸ ਵਿੱਚ ਰਿਪੋਰਟ ਕਰਾਉਣ ਗਿਆ। ਲਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਛਪਵਾਉਣ ਲਈ ਅਖ਼ਬਾਰ ਦੇ ਦਫਤਰ ਗਿਆ। ਬੱਘੀਆਂ ਵਾਲੀ ਕੰਪਨੀ ਦੇ ਦਫਤਰ ਗਿਆ। … ਹਰ ਉਸ ਜਗ੍ਹਾ ਗਿਆ ਜਿੱਥੋਂ ਉਮੀਦ ਦੀ ਕੋਈ ਹਲਕੀ ਜਿਹੀ ਟਿਮਟਿਮਾਉਂਦੀ ਹੋਈ ਲੋ ਵਿਖਾਈ ਦਿੰਦੀ ਸੀ।
ਅਤੇ ਉਹ ਇਸ ਹਾਲਤ ਵਿੱਚ ਇਸ ਕੁਰਸੀ ਤੇ ਸਾਰਾ ਦਿਨ ਬੈਠੀ ਰਹੀ। ਸਾਰਾ ਦਿਨ ਉਸ ਦੀਆਂ ਨਜ਼ਰਾਂ ਬੂਹੇ ਉੱਤੇ ਟਿੱਕੀਆਂ ਰਹੀਆਂ।
ਸ਼ਾਮ ਦੇ ਵਕਤ ਲੋਆਏਜਲ ਵਾਪਸ ਪਰਤਿਆ ਤਾਂ ਉਸ ਦੇ ਮੋਢੇ ਢਿਲਕੇ ਹੋਏ ਅਤੇ ਚਿਹਰੇ ਦਾ ਰੰਗ ਪੀਲਾ ਪਿਆ ਸੀ। ਉਸਨੂੰ ਕੁੱਝ ਨਹੀਂ ਮਿਲਿਆ ਸੀ।
“ਆਪਣੀ ਸਹੇਲੀ ਨੂੰ ਖ਼ਤ ਲਿੱਖ। ਉਸਨੂੰ ਕਹਿ ਕਿ ਹਾਰ ਦਾ ਕਾਂਟਾ ਟੁੱਟ ਗਿਆ ਹੈ ਅਤੇ ਤੂੰ ਮੁਰੰਮਤ ਲਈ ਸੁਨਿਆਰ ਨੂੰ ਦਿੱਤਾ ਹੈ। ਇਸ ਨਾਲ ਸਾਨੂੰ ਕੁੱਝ ਵਕਤ ਮਿਲ ਜਾਵੇਗਾ।”
ਇੱਕ ਹਫਤੇ ਦੇ ਬਾਅਦ ਆਸ ਉੱਕਾ ਮੁੱਕ ਚੁੱਕੀ ਸੀ। ਇਸ ਇੱਕ ਹਫਤੇ ਵਿੱਚ ਇਵੇਂ ਵਿਖਾਈ ਦਿੰਦਾ ਸੀ ਕਿ ਲੋਆਏਜਲ ਇੱਕ ਦਿਨ ਵਿੱਚ ਪੰਜ ਸਾਲ ਬੁੱਢਾ ਹੋ ਚੁੱਕਿਆ ਹੋਵੇ। ਫਿਰ ਉਹ ਬੋਲਿਆ। “ਹੁਣ ਸਾਨੂੰ ਨਵਾਂ ਹਾਰ ਬਣਵਾਉਣ ਦੇ ਬਾਰੇ ਸੋਚਣਾ ਪਵੇਗਾ।”
ਦੂਜੇ ਰੋਜ ਉਹ ਦੋਨੋਂ ਉਹ ਡਿੱਬੀ ਲੈ ਕੇ ਉਸ ਜੌਹਰੀ ਦੇ ਕੋਲ ਗਏ ਜਿਸਦਾ ਨਾਮ ਉਸ ਉੱਤੇ ਉਕਰਿਆ ਸੀ। ਉਸਨੇ ਆਪਣੇ ਖਾਤੇ ਵੇਖੇ ਅਤੇ ਬੋਲਿਆ, “ਮੈਡਮ , ਇਹ ਹਾਰ ਤਾਂ ਮੈਂ ਨਹੀਂ ਬਣਾਇਆ, ਬੇਸ਼ੱਕ ਡਿੱਬੀਸਾਡੀ ਦੁਕਾਨ ਹੀ ਦੀ ਹੈ।”
ਫਿਰ ਉਹ ਇੱਕ ਦੇ ਬਾਅਦ ਦੂਜੇ ਜੌਹਰੀ ਦੇ ਕੋਲ ਗਏ। ਹਰ ਦੁਕਾਨ ਉੱਤੇ ਉਸ ਵਰਗਾ ਹਾਰ ਤਲਾਸ਼ ਕਰਦੇ। ਹਰ ਹਾਰ ਨੂੰ ਵੇਖਕੇ ਆਪਣੀ ਯਾਦਾਸ਼ਤ ਉੱਤੇ ਜ਼ੋਰ ਦਿੰਦੇ। ਫਿਰ ਪਲਾ-ਰੋਏਆਲ ਦੇ ਨੇੜੇ ਇੱਕ ਆਲੀਸ਼ਾਨ ਦੁਕਾਨ ਵਿੱਚ ਉਨ੍ਹਾਂ ਨੂੰ ਇੱਕ ਅਜਿਹਾ ਹੀਰਿਆਂ ਦਾ ਹਾਰ ਵਿਖਾਈ ਦਿੱਤਾ ਜੋ ਉਨ੍ਹਾਂ ਦੋਨਾਂ ਦੀ ਅਟਕਲ ਦੇ ਮੁਤਾਬਕ ਐਨ ਉਸ ਹਾਰ ਵਰਗਾ ਸੀ ਜੋ ਉਹ ਤਲਾਸ਼ ਕਰ ਰਹੇ ਸਨ। ਉਸ ਦੀ ਕੀਮਤ ਚਾਲੀ ਹਜ਼ਾਰ ਫਰਾਂਕ ਸੀ। ਜੇਕਰ ਉਹ ਖ਼ਰੀਦਣਾ ਚਾਹੁੰਦੇ ਹਨ ਤਾਂ ਜੌਹਰੀ ਉਨ੍ਹਾਂ ਨੂੰ ਛੱਤੀ ਹਜ਼ਾਰ ਫਰਾਂਕ ਵਿੱਚ ਦੇਣ ਨੂੰ ਤਿਆਰ ਸੀ। ਉਨ੍ਹਾਂ ਨੇ ਜੌਹਰੀ ਨੂੰ ਬੇਨਤੀ ਕੀਤੀ ਕਿ ਉਹ ਤਿੰਨ ਦਿਨ ਤੱਕ ਇਸ ਹਾਰ ਨੂੰ ਰੱਖੀ ਰੱਖੇ। ਜੌਹਰੀ ਇਸ ਸ਼ਰਤ ਉੱਤੇ ਵੀ ਤਿਆਰ ਹੋ ਗਿਆ ਕਿ ਜੇਕਰ ਫਰਵਰੀ ਤੱਕ ਪਹਿਲਾ ਹਾਰ ਮਿਲ ਗਿਆ ਤਾਂ ਉਹ ਆਪਣਾ ਹਾਰ ਚੌਂਤੀ ਹਜ਼ਾਰ ਫਰਾਂਕ ਵਿੱਚ ਵਾਪਸ ਖ਼ਰੀਦ ਲਵੇਗਾ।
ਲੋਆਏਜਲ ਦੇ ਕੋਲ ਆਪਣੇ ਬਾਪ ਕੋਲੋਂ ਮਿਲੇ ਅਠਾਰਾਂ ਹਜ਼ਾਰ ਫਰਾਂਕ ਸਨ। ਬਾਕੀ ਰਕਮ ਉਸਨੇ ਉਧਾਰ ਲਈ। ਉਸ ਨੇ ਹਰ ਜਗ੍ਹਾ ਤੋਂ ਉਧਾਰ ਚੁੱਕਿਆ। … ਹਜ਼ਾਰ ਫਰਾਂਕ ਏਧਰ ਤੋਂ ਪੰਜ ਸੌ ਫਰਾਂਕ ਓਧਰ ਤੋਂ…. ਕੁੱਝ ਇਸ ਕੋਲੋਂ ਕੁੱਝ ਉਸ ਕੋਲੋਂ… ਸ਼ਹਿਰ ਦੇ ਸਾਰੇ ਸੂਦਖੋਰਾਂ ਕੋਲੋਂ ਉਧਾਰ ਚੁੱਕਿਆ। ਆਪਣਾ ਸਾਰਾ ਕੁਝ ਗਿਰਵੀ ਰੱਖ ਦਿੱਤਾ। ਆਪਣੀ ਸਾਰੀ ਇੱਜਤ ਹੀ ਦਾਅ ਤੇ ਲਾ ਦਿੱਤੀ। ਹਰ ਉਸ ਕਾਗ਼ਜ਼ ਉੱਤੇ ਦਸਤਖਤ ਕਰ ਦਿੱਤੇ ਜਿਸਦੇ ਨਾਲ ਉਸ ਨੂੰ ਕੁੱਝ ਰਕਮ ਉਧਾਰ ਮਿਲ ਸਕਦੀ ਸੀ ਇਹ ਜਾਣੇ ਬਿਨਾਂ ਕਿ ਉਹ ਇਹ ਉਧਾਰ ਅਦਾ ਵੀ ਕਰ ਸਕੇਗਾ ਜਾਂ ਨਹੀਂ। ਫਿਰ ਇੱਕ ਰੋਜ ਆਪਣੇ ਹਨੇਰੇ ਭਵਿੱਖ ਦੇ ਖਦਸ਼ਿਆਂ ਅਤੇ ਆਉਣ ਵਾਲੀਆਂ ਮਹਰੂਮੀਆਂ ਦੇ ਬੋਝ ਥੱਲੇ ਦਬੇ ਭਾਰੀ ਕਦਮਾਂ ਨਾਲ ਚਲਦੇ ਹੋਏ ਜੌਹਰੀ ਦੇ ਕਾਊਂਟਰ ਉੱਤੇ ਛੱਤੀ ਹਜ਼ਾਰ ਫਰਾਂਕ ਰੱਖਕੇ ਲੋਆਏਜਲ ਨੇ ਨਵਾਂ ਹੀਰਿਆਂ ਦਾ ਹਾਰ ਖ਼ਰੀਦ ਲਿਆ।
ਜਦੋਂ ਮਿਸਿਜ ਲੋਆਏਜਲ ਹੀਰਿਆਂ ਦਾ ਹਾਰ ਮਿਸਿਜ ਫ਼ੌਰੇਸਤਈਏ ਨੂੰ ਮੋੜਨ ਗਈ ਤਾਂ ਉਸਨੇ ਰੁੱਖਾਈ ਜਿਹੀ ਨਾਲ ਸਿਰਫ ਇੰਨਾ ਕਿਹਾ, “ਤੈਨੂੰ ਇਹ ਬਹੁਤ ਪਹਿਲਾਂ ਮੋੜ ਦੇਣਾ ਚਾਹੀਦਾ ਸੀ। ਮੈਨੂੰ ਇਸ ਦੀ ਜ਼ਰੂਰਤ ਪੈ ਸਕਦੀ ਸੀ।” ਲੇਕਿਨ ਉਸਨੇ ਡਿੱਬੀ ਖੋਲ੍ਹ ਕੇ ਵੀ ਨਾ ਵੇਖੀ। ਮਿਸਿਜ ਲੋਆਏਜਲ ਨੇ ਸੁਖ ਦਾ ਸਾਹ ਲਿਆ। ਜੇਕਰ ਉਸਨੂੰ ਸ਼ਕ ਹੋ ਜਾਂਦਾ ਕਿ ਹਾਰ ਤਬਦੀਲ ਕੀਤਾ ਗਿਆ ਹੈ? ਉਹ ਕੀ ਸੋਚਦੀ? ਕੀ ਕਹਿੰਦੀ? ਕੀ ਉਸ ਨੂੰ ਚੋਰ ਨਾ ਸਮਝਦੀ?

ਇਸ ਦਿਨ ਦੇ ਬਾਅਦ ਮਿਸਿਜ ਲੋਆਏਜਲ ਨੂੰ ਪਤਾ ਲੱਗਿਆ ਕਿ ਦਰਅਸਲ ਗ਼ਰੀਬ ਕਿਵੇਂ ਦੀ ਜ਼ਿੰਦਗੀ ਬਤੀਤ ਕਰਦੇ ਹਨ। ਉਸਨੇ ਬੜੀ ਬਹਾਦਰੀ ਨਾਲ ਸਥਿਤੀ ਦਾ ਸਾਹਮਣਾ ਕੀਤਾ। ਆਖ਼ਰ ਇਸ ਸਭ ਦੀ ਜ਼ਿੰਮੇਦਾਰ ਉਹੀ ਤਾਂ ਸੀ। ਇਹ ਪਹਾੜ ਵਰਗਾ ਉਧਾਰ ਵੀ ਤਾਂ ਉਤਾਰਨਾ ਸੀ। ਇਸ ਲਈ ਜੋ ਕੁੱਝ ਵੀ ਹੋ ਸਕਿਆ ਉਹ ਜ਼ਰੂਰ ਕਰੇਗੀ। ਆਪਣੇ ਹਿੱਸੇ ਦੀ ਸਲੀਬ ਉਠਾਵੇਗੀ। ਸਭ ਤੋਂ ਪਹਿਲਾਂ ਨੌਕਰਾਣੀ ਦੀ ਛੁੱਟੀ ਕਰ ਦਿੱਤੀ ਗਈ। ਫਲੈਟ ਛੱਡ ਦਿੱਤਾ ਗਿਆ ਅਤੇ ਇੱਕ ਕਮਰੇ ਵਾਲਾ ਇੱਕ ਸਸਤਾ ਜਿਹਾ ਚੁਬਾਰਾ ਕਿਰਾਏ ਉੱਤੇ ਲੈ ਲਿਆ ਗਿਆ।
ਘਰ ਦੇ….. ਰਸੋਈ ਦੇ… ਸਭ ਛੋਟੇ ਵੱਡੇ ਕੰਮ ਉਹ ਆਪਣੇ ਹੱਥੀਂ ਕਰਨ ਲੱਗੀ… ਬਰਤਨ ਤੱਕ ਖ਼ੁਦ ਧੋਣ ਲੱਗੀ। ਉਸ ਦੀਆਂ ਨਰਮ ਨਾਜ਼ੁਕ ਉਂਗਲੀਆਂ ਭਾਡਿਆਂ ਦੀ ਚਿਕਨਾਈ ਅਤੇ ਦੇਗਚੀਆਂ ਦੀ ਕਾਲਖ਼ ਉਤਾਰਦੇ ਉਤਾਰਦੇ ਖੁਰਦੁਰੀਆਂ ਹੋ ਗਈਆਂ। ਉਹ ਹੱਥਾਂ ਨਾਲ ਕੱਪੜੇ ਧੋਂਦੀ ਰਹੀ ਅਤੇ ਉਨ੍ਹਾਂ ਨੂੰ ਸੁਕਾਉਣ ਲਈ ਤਾਰ ਉੱਤੇ ਲਮਕਾਉਂਦੀ ਰਹੀ। ਹਰ ਰੋਜ ਸਵੇਰੇ ਉਹ ਕੂੜਾ ਚੁੱਕ ਗਲੀ ਤੱਕ ਜਾਂਦੀ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਉੱਪਰ ਲਿਜਾਂਦੀ। ਹਰ ਮੰਜ਼ਿਲ ਉੱਤੇ ਰੁਕ ਰੁਕ ਕੇ ਸਾਹ ਲੈਂਦੀ। ਕਿਰਤੀ ਔਰਤਾਂ ਵਾਲੇ ਕੱਪੜੇ ਪਹਿਨ ਉਹ ਬਾਜ਼ਾਰ ਸੌਦਾ ਲੈਣ ਜਾਂਦੀ। ਕੱਛ ਵਿੱਚ ਟੋਕਰੀ ਲੈ, ਸਬਜ਼ੀ ਵਾਲੇ, ਕਸਾਈ ਅਤੇ ਪੰਸਾਰੀ, ਸਭ ਦੇ ਕੋਲ ਜਾਂਦੀ ਅਤੇ ਇੱਕ ਇੱਕ ਪੈਸੇ ਲਈ ਘੰਟਿਆਂ ਤੱਕ ਸੌਦੇਬਾਜ਼ੀ ਕਰਦੀ।
ਹਰ ਮਹੀਨੇ ਕਰਜ ਦੀਆਂ ਕਿਸਤਾਂ ਅਦਾ ਕਰਨੀਆਂ ਸਨ। ਕੁੱਝ ਦੀ ਅਦਾਇਗੀ ਕੀਤੀ ਜਾਂਦੀ, ਕੁੱਝ ਲਈ ਹੋਰ ਮੁਹਲਤ ਮੰਗੀ ਜਾਂਦੀ। ਉਸ ਦਾ ਪਤੀ, ਸਰਕਾਰੀ ਨੌਕਰੀ ਦੇ ਬਾਅਦ ਸ਼ਾਮ ਨੂੰ ਇੱਕ ਦੁਕਾਨਦਾਰ ਦੇ ਖਾਤੇ ਲਿਖਦਾ। ਅਤੇ ਅੱਧੀ ਰਾਤ ਤੱਕ ਅੱਧ ਫਰਾਂਕ ਪ੍ਰਤੀ ਪੰਨੇ ਦੇ ਹਿਸਾਬ ਨਾਲ ਖਰੜਿਆਂ ਦੀਆਂ ਨਕਲਾਂ ਲਿਖਿਆ ਕਰਦਾ।
ਜ਼ਿੰਦਗੀ ਦੇ ਦਸ ਸਾਲ ਇੰਜ ਹੀ ਬੀਤ ਗਏ।
ਅਤੇ ਉਨ੍ਹਾਂ ਦਸ ਸਾਲਾਂ ਵਿੱਚ ਉਨ੍ਹਾਂ ਨੇ ਕਰਜ ਦੀ ਇੱਕ ਇੱਕ ਪਾਈ ਚੁੱਕਾ ਦਿੱਤੀ। ਮੂਲਧਨ, ਵਿਆਜ, ਚੱਕਰਵਰਤੀ ਵਿਆਜ, ਇੱਕ ਇੱਕ ਫਰਾਂਕ ਵਾਪਸ ਕਰ ਦਿੱਤਾ।
ਮਿਸਿਜ ਲੋਆਏਜਲ ਹੁਣ ਇੱਕ ਉਧੇੜ ਉਮਰ ਦੀ ਔਰਤ ਵਿਖਾਈ ਦਿੰਦੀ ਸੀ। ਸਭ ਗ਼ਰੀਬ ਔਰਤਾਂ ਦੀ ਤਰ੍ਹਾਂ ਹੁਣ ਉਹ ਹਟੀ ਕਟੀ, ਸਖ਼ਤ-ਜਾਨ ਅਤੇ ਤਲਖ ਜ਼ਬਾਨ ਹੋ ਚੁੱਕੀ ਸੀ। ਉਲਝੇ ਵਾਲ, ਪੁਰਾਣੇ ਕੱਪੜੇ ਅਤੇ ਸਖ਼ਤ ਖੁਰਦੁਰੇ ਹੱਥਾਂ ਦੇ ਨਾਲ ਉਹ ਸਰੇਆਮ ਕੱਪੜੇ ਧੋਂਦੀ ਅਤੇ ਉੱਚੀ ਕੁਰਖ਼ਤ ਆਵਾਜ਼ ਵਿੱਚ ਦੂਜੀਆਂ ਔਰਤਾਂ ਨਾਲ ਗੱਲਾਂ ਕਰਿਆ ਕਰਦੀ। ਪਰ ਕਦੇ ਕਦੇ ਜਦੋਂ ਉਸ ਦਾ ਪਤੀ ਦਫਤਰ ਹੁੰਦਾ ਅਤੇ ਉਹ ਘਰ ਦੇ ਕੰਮਾਂ ਤੋਂ ਵਿਹਲੀ ਹੁੰਦੀ ਤਾਂ ਖਿੜਕੀ ਦੇ ਕੋਲ ਬੈਠ ਜਾਂਦੀ ਅਤੇ ਉਸ ਸ਼ਾਮ ਦੇ ਬਾਰੇ ਵਿੱਚ ਸੋਚਣ ਲੱਗਦੀ ਜਦੋਂ ਉਹ ਇੰਨੀ ਹੁਸੀਨ ਅਤੇ ਇੰਨੀ ਮਕਬੂਲ ਸੀ।
ਜੇਕਰ ਉਹ ਹੀਰਿਆਂ ਦਾ ਹਾਰ ਨਾ ਗੁਆਚਦਾ ਤਾਂ ਕੀ ਹੁੰਦਾ? ਕੌਣ ਜਾਣੇ? ਕੌਣ ਜਾਣੇ? ਜ਼ਿੰਦਗੀ ਵੀ ਕਿੰਨੀ ਅਜੀਬ ਅਤੇ ਤਿਲਕਣ ਹੁੰਦੀ ਹੈ? ਇੱਕ ਹੀ ਲਮ੍ਹਾ ਕਿਵੇਂ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ ਅਤੇ ਇੱਕ ਹੀ ਲਮ੍ਹਾ ਕਿਵੇਂ ਇਸ ਨੂੰ ਸੰਵਾਰ ਵੀ ਸਕਦਾ ਹੈ!
ਕਈ ਵਾਰ ਐਤਵਾਰ ਨੂੰ ਉਹ ਆਪਣੇ ਘਰੇਲੂ ਕੰਮ ਕਾਜ ਤੋਂ ਵਿਹਲੀ ਹੋ ਕੇ ਸੌਂਜੇ ਲੀਜੇ ਚਲੀ ਜਾਂਦੀ ਅਤੇ ਉੱਥੇ ਕੁਝ ਲਮਹਿਆਂ ਲਈ ਆਪਣੇ ਹਾਲ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਦੀ। ਇੱਕ ਐਤਵਾਰ ਉਸਨੂੰ ਅਚਾਨਕ ਇੱਕ ਔਰਤ ਵਿਖਾਈ ਦਿੱਤੀ ਜੋ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ। ਇਹ ਮਿਸਿਜ ਫ਼ੌਰੇਸਤੀਏ ਸੀ ਓਨੀ ਹੀ ਜਵਾਨ, ਓਨੀ ਹੀ ਖ਼ੂਬਸੂਰਤ ਅਤੇ ਓਨੀ ਹੀ ਦਿਲਫ਼ਰੇਬ।
ਮਿਸਿਜ ਲੋਆਏਜਲ ਭਾਵਕਤਾ ਦਾ ਸ਼ਿਕਾਰ ਹੋ ਗਈ। ਕੀ ਉਸ ਨੂੰ ਮਿਲਣਾ ਚਾਹੀਦਾ ਹੈ? ਹਾਂ … ਕਿਉਂ ਨਹੀਂ ਹੁਣ ਜਦੋਂ ਕਿ ਉਹ ਸਾਰੀ ਅਦਾਇਗੀ ਕਰ ਚੁੱਕੇ ਹਨ ਤਾਂ ਇਸ ਨੂੰ ਸਭ ਕੁੱਝ ਦੱਸ ਦੇਣ ਵਿੱਚ ਕੀ ਹਰਜ ਹੈ….. ਕਿਉਂ ਨਹੀਂ?
ਉਹ ਉਸ ਦੇ ਸਾਹਮਣੇ ਜਾ ਖੜੀ ਹੋਈ।
“ਸ਼ੁਭ ਸਵੇਰ, ਜ਼ੇਨ!”
ਉਹ ਇਸ ਨੂੰ ਪਛਾਣ ਨਾ ਸਕੀ। ਉਸ ਦੇ ਚਿਹਰੇ ਉੱਤੇ ਕੁੱਝ ਹੈਰਾਨਗੀ ਜਿਹੀ ਦੇ ਹਾਵ ਭਾਵ ਸੀ ….. ਇਹ ਗ਼ਰੀਬ ਔਰਤ ਉਸ ਨਾਲ ਇਵੇਂ ਬੇ-ਤਕੱਲੁਫੀ ਨਾਲ ਗੱਲ ਕਰ ਰਹੀ ਹੈ? ਉਹ ਕੁੱਝ ਤੁਤਲਾ ਜਿਹੇ ਗਈ। “ਪਰ ….. ਭੈਣੇ ۔۔۔۔ ਮੈਂ ਤਾਂ… ਤੁਹਾਨੂੰ ਕੋਈ ਗ਼ਲਤਫ਼ਹਮੀ ਹੋਈ ਹੋਵੇਗੀ?”
“ਨਹੀਂ … ਮੈਂ ਮੈਥੀਲਡ ਲੋਆਏਜਲ ਹਾਂ।”
ਉਸ ਦੀ ਸਹੇਲੀ ਦਾ ਮੂੰਹ ਹੈਰਾਨੀ ਨਾਲ ਅੱਡਿਆ ਰਹਿ ਗਿਆ।
“ਓਹ ۔۔۔۔ ਮੇਰੀ ਮੈਥੀਲਡ ۔۔۔ ਤੂੰ ਕਿੰਨੀ ਬਦਲ ਗਈ!”
“ਹਾਂ। ਜਿਸ ਦਿਨ ਅਸੀ ਆਖ਼ਰੀ ਵਾਰ ਮਿਲੇ ਸੀ ਉਸ ਦੇ ਬਾਅਦ ਅਸੀਂ ਬਹੁਤ ਭੈੜੇ ਦਿਨ ਵੇਖੇ ਹਨ ਅਤੇ ਬਹੁਤ ਭੈੜੇ ਹਾਲ ਅਤੇ ….. ਅਤੇ ਇਹ ਸਭ ਤੁਹਾਡੀ ਹੀ ਵਜ੍ਹਾ ਨਾਲ ਹੋਇਆ ਹੈ…”
“ਮੇਰੀ ਵਜ੍ਹਾ ਨਾਲ? ਪਰ ਕਿਵੇਂ?”
“ਤੈਨੂੰ ਯਾਦ ਹੈ ਮੈਂ ਸਿਖਿਆ ਵਜ਼ਾਰਤ ਦੀ ਦਾਵਤ ਉੱਤੇ ਜਾਣ ਲਈ ਤੁਹਾਡੇ ਤੋਂ ਹੀਰਿਆਂ ਦਾ ਇੱਕ ਹਾਰ ਪਹਿਨਣ ਲਈ ਉਧਾਰ ਲਿਆ ਸੀ?”
“ਹਾਂ। ਯਾਦ ਹੈ। ਤਾਂ ਫਿਰ?”
“ਉਹ ਹਾਰ ਮੇਰੇ ਕੋਲੋਂ ਗੁਆਚ ਗਿਆ ਸੀ।”
”ਕੀ ਮਤਲਬ ਗੁਆਚ ਗਿਆ ਸੀ? ….. ਉਹ ਤਾਂ ਤੂੰ ਮੈਨੂੰ ਮੋੜ ਦਿੱਤਾ ਸੀ।”
“ਪਰ ਮੈਂ ਤੈਨੂੰ ਇੱਕ ਹੋਰ ਐਨ ਉਸ ਵਰਗਾ ਨਵਾਂ ਹਾਰ ਖ਼ਰੀਦ ਕੇ ਮੋੜਿਆ ਸੀ। ਅਤੇ ਹੁਣ ਦਸ ਸਾਲ ਹੋ ਚੁੱਕੇ ਹਨ ਅਸੀਂ ਉਸ ਦੀ ਕ਼ੀਮਤ ਚੁੱਕਾ ਰਹੇ ਸਾਂ। ਦੇਖ ਨਾ ਇਹ ਕੋਈ ਆਸਾਨ ਗੱਲ ਨਹੀਂ ਸੀ। ਸਾਡੇ ਕੋਲ ਤਾਂ ਪਹਿਲਾਂ ਹੀ ਕੁੱਝ ਨਹੀਂ ਸੀ… ਖੈਰ ਹੁਣ ਸਭ ਖ਼ਤਮ ਹੋ ਗਿਆ ਅਤੇ ਮੈਂ ਬਿਲਕੁਲ ਖ਼ੁਸ਼ ਹਾਂ।”
ਮਿਸਿਜ ਫ਼ੌਰੇਸਤੀਏ ਖ਼ਾਮੋਸ਼ੀ ਨਾਲ ਉਸ ਦਾ ਚਿਹਰਾ ਤਕਦੀ ਰਹੀ।
“ਕੀ ਤੂੰ ਇਹ ਕਹਿ ਰਹੀ ਹੈਂ ਕਿ ਤੂੰ ਮੇਰੇ ਹਾਰ ਦੀ ਥਾਂ ਹੀਰਿਆਂ ਦਾ ਇੱਕ ਨਵਾਂ ਹਾਰ ਖ਼ਰੀਦ ਕੇ ਮੋੜਿਆ ਸੀ?”
“ਹਾਂ। ਅਤੇ ਤੈਨੂੰ ਪਤਾ ਹੀ ਨਹੀਂ ਸੀ ਲੱਗਿਆ। ਹੈ ਨਾ? ਦੋਨੋਂ ਬਿਲਕੁਲ ਇੱਕੋ ਜਿਹੇ ਸਨ।”
ਫਿਰ ਉਸ ਦੇ ਬੁੱਲ੍ਹਾਂ ਉੱਤੇ ਇੱਕ ਫ਼ਖ਼ਰ ਅਤੇ ਮਾਸੂਮ ਖੁਸ਼ੀ ਨਾਲ ਭਿੱਜੀ ਮੁਸਕਾਨ ਫੈਲ ਗਈ।
ਮਿਸਿਜ ਫ਼ੌਰੇਸਤੀਏ ਚਿਹਰੇ ਉੱਤੇ ਅਜੀਬ ਜਿਹੇ ਹਾਵ ਭਾਵ ਲਈ ਉਠ ਖੜੀ ਹੋਈ ਅਤੇ ਆਪਣੀ ਸਹੇਲੀ ਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ।
“ਓਹ ਮੈਥੀਲਡ ਮੇਰਾ ਹਾਰ ਤਾਂ ਨਕਲੀ ਸੀ। ਉਸ ਦੀ ਕ਼ੀਮਤ ਤਾਂ ਵੱਧ ਤੋਂ ਵੱਧ ਪੰਜ ਸੌ ਫਰਾਂਕ ਸੀ…..!”

(ਅਨੁਵਾਦਕ: ਚਰਨ ਗਿੱਲ)

  • ਮੁੱਖ ਪੰਨਾ : ਗਾਇ ਦਿ ਮੋਪਾਸਾਂ ਦੀਆਂ ਫਰਾਂਸੀਸੀ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ