Hindi Cheeni Buy Buy : K.L. Garg

ਹਿੰਦੀ ਚੀਨੀ ਬਾਈ ਬਾਈ (ਵਿਅੰਗ) : ਕੇ.ਐਲ. ਗਰਗ

ਪੰਜਾਹ ਵਰ੍ਹਿਆਂ ਬਾਅਦ ਹੁਣ ਫਿਰ ਅਸੀਂ ‘ਹਿੰਦੀ ਚੀਨੀ ਭਾਈ ਭਾਈ’ ਬਣਨ ਜਾ ਰਹੇ ਹਾਂ। ਅੱਧੀ ਸਦੀ ਪਹਿਲਾਂ ਅਸੀਂ ‘ਪੰਚ-ਸ਼ੀਲ’ ਦੀ ਗੋਦੀ ਵਿੱਚ ਬਹਿ ਕੇ ‘ਹਿੰਦੀ ਚੀਨੀ ਭਾਈ ਭਾਈ’ ਆਖਿਆ ਸੀ। ਤਿਰੰਗਾ ਅਤੇ ਲਾਲ ਸਿਤਾਰਾ ਝੰਡੇ ਲਹਿਰਾਏ ਸਨ। ਇੱਕ-ਦੂਜੇ ਦੀ ਮੁਹੱਬਤ ਦੀ ਸਹੁੰ ਖਾਧੀ ਸੀ। ਉਦੋਂ ‘ਪੰਚ-ਸ਼ੀਲ’ ਵਿੱਚੋਂ ਕਈ ਕੁਝ ਨਿਕਲਿਆ ਸੀ। ਚੀਨੀ ਹਮਲਾ ਨਿਕਲਿਆ ਸੀ। ਗੁਆਂਢੀਆਂ ਦੇ ਅਤਿਵਾਦੀ ਟਰੇਨਿੰਗ ਕੈਂਪ ਨਿਕਲੇ ਸਨ। ਹਜ਼ਾਰਾਂ ਏਕੜ ਜ਼ਮੀਨ ‘ਤੇ ਕਬਜ਼ਾ ਹੋਇਆ ਸੀ। ਦੋਵਾਂ ਭਾਈਆਂ ਦੇ ਨਕਸ਼ੇ ਬਦਲ ਗਏ ਸਨ। ਹਰ ਭਰਾ ਨੇ ਆਪਣੀ-ਆਪਣੀ ਲੋੜ, ਹਸਰਤ ਤੇ ਅਕਾਂਖਿਆ ਦਾ ਵੱਖਰਾ ਨਕਸ਼ਾ ਬਣਾ ਲਿਆ ਸੀ। ਚੀਨੀ ਭਾਈਆਂ ਨੇ ਸਾਡੇ ਕਸ਼ਮੀਰ ਦਾ ਕਾਫ਼ੀ ਹਿੱਸਾ ਆਪਣੇ ਨਕਸ਼ੇ ‘ਚ ਛਾਪ ਲਿਆ ਸੀ। ਅਰੁਣਾਚਲ ਉਨ੍ਹਾਂ ਦੇ ਨਕਸ਼ੇ ‘ਚ ਪੈਰ ਜੰਮਾ ਕੇ ਬਹਿ ਗਿਆ ਸੀ। ਜਦੋਂ ਉਨ੍ਹਾਂ ਦਾ ਜੀਅ ਕਰਦਾ, ਉਨ੍ਹਾਂ ਦੇ ਫ਼ੌਜੀ ਮਟਰਗਸ਼ਤੀ ਕਰਨ ਲਈ ਸਾਡੇ ਲੱਦਾਖ ‘ਚ ਆ ਜਾਂਦੇ ਹਨ। ਉਹ ਆਉਂਦੇ ਹੀ ਨਹੀਂ ਸਨ, ਕਈ-ਕਈ ਦਿਨ ਟੈਂਟ ਲਾ ਕੇ ਹਿਮਾਲਿਆ ਦੀਆਂ ਕੁਦਰਤੀ ਹਵਾਵਾਂ ਦਾ ਆਨੰਦ ਲੈਣ ਲੱਗਦੇ ਸਨ। ਕਈ ਵਾਰੀ ਸਾਡੇ ਇਹ ਭਰਾ ਸਾਡੇ ਨਾਲ ਹੱਥੋ-ਪਾਈ ਹੋਣ ਦੀ ਕੋਸ਼ਿਸ਼ ਵੀ ਕਰਦੇ।
‘ਹਿੰਦੀ ਚੀਨੀ ਭਾਈ ਭਾਈ’ ਦੇ ਇਸ ਨਾਅਰੇ ‘ਚੋਂ ਉਦੋਂ ਅਸੀਂ ਇੱਕ ਸਦਾਬਹਾਰ ਗੀਤ ‘ਐ ਮੇਰੇ ਵਤਨ ਕੇ ਲੋਕੋ’ ਵੀ ਕੱਢ ਲਿਆ ਸੀ। ਉਹ ਗੀਤ ਸੁਣ ਕੇ ਅੱਧੀ ਸਦੀ ਬਾਅਦ ਵੀ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਚੀਨੀ ਭਾਈ ਭਾਵੇਂ ਭੁੱਲ ਗਏ ਹਣ ਪਰ ਅਸੀਂ ਹਾਲੇ ਵੀ ‘ਹਿੰਦੀ ਚੀਨੀ ਭਾਈ ਭਾਈ’ ਦੇ ਵਾਕ ਨੂੰ ਰੱਟਦੇ ਰਹਿੰਦੇ ਹਾਂ। ਅੱਧੀ ਸਦੀ ਬਾਅਦ ਹੁਣ ਫਿਰ ਸਾਡੇ ਚੀਨੀ ਭਰਾਵਾਂ ਨੂੰ ਸਾਡੀ ਯਾਦ ਆਈ ਹੈ। ਇੰਨਾ ਪਿਆਰ ਉਮੜਿਆ ਹੈ ਕਿ ਉਨ੍ਹਾਂ ਦਾ ਇੱਕ ਵੱਡਾ ਨੇਤਾ ਭੱਜ ਕੇ ਸਾਨੂੰ ਮਿਲਣ ਆ ਗਿਆ ਹੈ ਪਰ ਇਸ ਵਾਰ ਉਸ ਦੇ ਮੂੰਹੋਂ ‘ਹਿੰਦੀ ਚੀਨੀ ਭਾਈ ਭਾਈ’ ਨਹੀਂ ਨਿਕਲ ਰਿਹਾ। ਬਹੁਤ ਜ਼ੋਰ ਲਗਾਉਣ ਦੇ ਬਾਵਜੂਦ ਉਹ ‘ਹਿੰਦੀ ਚੀਨੀ ਬਾਈ (BUY) ਬਾਈ (BUY)’ ਹੀ ਕਹਿ ਸਕਿਆ ਹੈ।
ਅਸੀਂ ‘ਭਾਈ ਭਾਈ’ ਆਖਦੇ ਹਾਂ, ਉਹ ‘ਬਾਈ ਬਾਈ’ ਕਹਿ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਸਾਡਾ ਇਹ ਭਰਾ ਕੁਝ ਸਾਲਾਂ ਵਿੱਚ ਹੀ ਦੁਨੀਆਂ ਦਾ ਅਮੀਰ ਭਰਾ ਬਣ ਗਿਆ ਹੈ। ਉਸ ਕੋਲ ਵੱਡੀ ਸ਼ਕਤੀ ਹੈ। ਸਾਨੂੰ ਉਮੀਦ ਸੀ ਕਿ ਉਹ ਆ ਕੇ ਸਾਡੀ ਬਾਂਹ ਫੜੇਗਾ। ਸਾਡੀ ਡੁੱਬਦੀ ਬੇੜੀ ਨੂੰ ਪਾਰ ਲਗਾਏਗਾ। ਉਮੀਦ ‘ਤੇ ਹੀ ਇਹ ਸੰਸਾਰ ਉਲਟੇ ਸਿਰ ਖਲੋਤਾ ਹੈ।
ਅਸੀਂ ਉਹਦੇ ਲਈ ਰੈੱਡ ਕਾਰਪੈੱਟ ਵਿਛਾਈ। ਆਪਣੀ ਵੱਡੀ ਝੀਲ ‘ਤੇ ਸੈਰ ਕਰਵਾਈ। ਸਾਡੇ ਬੱਚਿਆਂ ਨੇ ਚੀਨੀ ਭਾਸ਼ਾ ‘ਚ ਉਸ ਦੀ ਉਸਤਤ ਵਿੱਚ ਸਮੂਹ ਗੀਤ ਗਾਏ। ਉਸ ਨੂੰ ਝੂਲੇ ਝੁਲਾਏ। ਉਸ ਨੂੰ ਆਪਣੇ ਵਧੀਆ ਪਕਵਾਨ ਪਰੋਸੇ। ਉਮੀਦ ਸੀ ਕਿ ਉਹ ਸਾਨੂੰ ਸੌ ਬਿਲੀਅਨ ਡਾਲਰ ਤੋਹਫ਼ੇ ਵਜੋਂ ਦੇ ਕੇ ਜਾਵੇਗਾ। ਉਹ ਪੈਂਤੀ ਅਰਬ ਡਾਲਰ ਦੀਆਂ ਆਪਣੀਆਂ ਚੀਜ਼ਾਂ ਸਾਨੂੰ ਵੇਚਦਾ ਹੈ। ਸਾਡੇ ਕੋਲੋਂ ਵੀਹ ਅਰਬ ਡਾਲਰ ਦੀਆਂ ਚੀਜ਼ਾਂ ਖ਼ਰੀਦਦਾ ਹੈ। ਹਰ ਸਾਲ ਮੁਨਾਫ਼ਾ ਖਾਂਦਾ ਹੈ। ਅਸੀਂ ਭਾਈ ਭਾਈ ਕਹਿੰਦੇ ਤਾਂ ਉਹ ਬਾਈ ਬਾਈ ਕਹਿੰਦਾ।
ਦੋਵਾਂ ਭਾਈਆਂ ਦੀ ਵਾਰਤਾ ਹੋਣ ਲੱਗੀ ਤਾਂ ਅਸੀਂ ਉਹ ਨੂੰ ਸਰਹੱਦ ‘ਤੇ ਉਸ ਦੀਆਂ ਫ਼ੌਜਾਂ ਦੀ ਖਰਮਸਤੀ ਯਾਦ ਕਰਵਾਈ। ਅਸੀਂ ਸਰਹੱਦ ਦੇ ਝਗੜੇ ਵੱਲ ਮੁੜਦੇ ਤਾਂ ਉਹ ਝੱਟ ਕਹਿ ਦਿੰਦਾ: ”ਸਾਡਾ ਵਪਾਰ ਵਧਾਓ, ਹੋਰ ਵਧਾਉ। ਪੈਂਤੀ ਅਰਬ ਥੋੜ੍ਹਾ ਹੈ। ਹੋਰ ਵਧਾਉ।”
ਅਸੀਂ ਆਪਣੀ ਖੁੱਸੀ ਜ਼ਮੀਨ ਦੀ ਗੱਲ ਕਰਦੇ, ਬਦਲੇ ਨਕਸ਼ਿਆਂ ਦੀ ਬਾਤ ਪਾਉਂਦੇ, ਉਹ ਚੀਨੀ ਢੰਗ ਦੀ ਮੁਸਕਰਾਹਟ ਸੁੱਟਦਾ, ਅੱਖਾਂ ਮੀਚ ਕੇ ‘ਵਪਾਰ ਵਧਾਉ’ ਦੀ ਗੱਲ ਕਹਿਣ ਲੱਗਦਾ।
ਸਾਡਾ ਇਹ ਭਰਾ ਕਦੇ ‘ਮਾਰਕਸਵਾਦ’ ਦੇ ਗੁਣ ਗਾਉਂਦਾ ਹੁੰਦਾ ਸੀ। ਲੈਨਿਨ ਸਟਾਲਿਨ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ। ਹੁਣ ਇਹ ‘ਵਪਾਰ ਵਧਾਉ’ ‘ਕਿਸੇ ਤਰ੍ਹਾਂ ਕਿਵੇਂ ਵੀ’ ਬਸ ਵਪਾਰ ਵਧਾਉਣ ਦੀ ਗੱਲ ਕਰਦਾ ਹੈ। ਮਾਲਾ ਫੇਰਦਾ ਹੈ ਤਾਂ ਬਸ ਵਪਾਰ ਦੀ ਹੀ ਮਾਲਾ ਫੇਰਦਾ ਹੈ।
ਸਾਡਾ ਇੱਕ ਸਾਥੀ ਵੱਡਾ ਵਪਾਰੀ ਹੈ। ਉਹ ਇਨ੍ਹਾਂ ਬਾਰੇ ਦੱਸਦਾ ਹੈ:
”ਵੀਰੇ, ਮੈਂ ਪਿਛਲੇ ਸਾਲ ਇਨ੍ਹਾਂ ਤੋਂ ਦਸ ਹਜ਼ਾਰ ਗਣੇਸ਼ ਦੀਆਂ ਮੂਰਤੀਆਂ ਬਣਵਾਈਆਂ। ਵੀਹ ਹਜ਼ਾਰ ਸ਼ਿਵ ਜੀ ਦੇ ਬੁੱਤ ਬਣਵਾਏ। ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਬਣਵਾਈਆਂ।” ”ਪਰ ਇਹ ਤਾਂ ਕਮਿਊਨਿਸਟ ਮੁਲਕ ਐ। ਇਹ ਕਿਵੇਂ ਬਣਾ ਸਕਦਾ ਐ ਇਹ ਮੂਰਤੀਆਂ?” ਅਸੀਂ ਹੈਰਾਨ ਹੋ ਕੇ ਪੁੱਛਿਆ। ”ਤੂੰ ਮੂਰਤੀਆਂ ਦੀ ਗੱਲ ਕਰਦਾ ਹੈਂ? ਡਾਲਰ ਦੇ ਕੇ ਭਾਵੇਂ ਇਨ੍ਹਾਂ ਤੋਂ ਮੰਦਰ ਬਣਵਾ ਲੈ, ਚਰਚ ਬਣਵਾ ਲੈ।” ਮਿੱਤਰ ਨੇ ਆਖਿਆ। ”ਪਰ ਇਹ ਤਾਂ ਧਰਮ ਨੂੰ ਅਫ਼ੀਮ ਆਖਿਆ ਕਰਦੇ ਸਨ। ਇਹ ਤਬਦੀਲੀ ਕਿਵੇਂ ਆਈ?” ਅਸੀਂ ਪੁੱਛਿਆ।
”ਡਾਲਰ ਬੰਦੇ ਦਾ ਦੀਨ ਇਮਾਨ ਸਭ ਬਦਲ ਦਿੰਦਾ ਹੈ, ਤੈਨੂੰ ਪਤਾ ਨ੍ਹੀਂ? ਡਾਲਰ ਦੀ ਚਮਕ ‘ਚ ਮਾਰਕਸ, ਸਟਾਲਿਨ, ਲੈਨਿਨ ਕਦੋਂ ਦੇ ਲੋਪ ਹੋ ਗਏ ਨੇ।” ਉਸ ਚਾਨਣ ਪਾਇਆ।
ਕੁਝ ਸਿਆਣਿਆਂ ਨੇ ਸਾਨੂੰ ਸਾਵਧਾਨ ਕਰਦਿਆਂ ਆਖਿਆ ਵੀ:
”ਇਨ੍ਹਾਂ ਤੋਂ ਸਾਵਧਾਨ ਰਹਿਣਾ। ਪਹਿਲਾਂ ਇੱਕ ਵਾਰ ਧੋਖਾ ਖਾ ਚੁੱਕੇ ਹੋ। ਧੋਖੇਬਾਜ਼ ਨੂੰ ਦੂਜੀ ਵਾਰ ਅਜ਼ਮਾਉਣਾ ਮੁਰਖਤਾ ਹੁੰਦੀ ਹੈ।”
ਅਸੀਂ ਹਾਲੇ ਵੀ ਉਹੀ ਪੁਰਾਣਾ ਗੀਤ ਗਾ ਰਹੇ ਹਾਂ:
”ਮਹਿਮਾਂ ਜੋ ਹਮਾਰਾ ਹੋਤਾ ਹੈ, ਵੁਹ ਜਾਂ ਸੇ ਪਿਆਰਾ ਹੋਤਾ ਹੈ।”
ਅਸੀਂ ਆਪਣੀ ਮਹਿਮਾਨ ਭਰਾ ਨੂੰ ਝੂਲਾ ਝੁਲਾਉਂਦੇ ਰਹੇ, ਵਧੀਆ ਪਕਵਾਨ ਬਣਾ-ਬਣਾ ਕੇ ਖਵਾਉਂਦੇ ਰਹੇ। ਉਸ ਦੀਆਂ ਫ਼ੌਜਾਂ ਲੱਦਾਖ ‘ਚ ਦਾਖ਼ਲ ਹੁੰਦੀਆਂ ਰਹੀਆਂ, ਉੱਥੇ ਤੰਬੂ ਗੱਡਦੀਆਂ ਰਹੀਆਂ। ਅਸੀਂ ਝੂਲੇ ‘ਚ ਬੈਠੇ ਨੂੰ ਉਨ੍ਹਾਂ ਦੀ ਇਸ ਹਰਕਤ ਬਾਰੇ ਆਖਿਆ ਤਾਂ ਉਸ ਅੱਖਾਂ ਮੀਚ ਕੇ, ਮੁਸਕਰਾ ਕੇ ਕਹਿ ਦਿੱਤਾ:
”ਆਪਾਂ ਆਪਣਾ ਵਪਾਰ ਵਧਾਉਣ ਦੀਆਂ ਗੱਲਾਂ ਕਰੀਏ। ਵਪਾਰ ਵਧਾਈਏ, ਇਹ ਛੋਟੀਆਂ-ਛੋਟੀਆਂ ਗੱਲਾਂ ਬਾਅਦ ‘ਚ ਆਪੇ ਨਜਿੱਠੀਆਂ ਜਾਣਗੀਆਂ। ਹਾਂ, ਫਿਰ ਕਿੰਨੇ ਅਰਬ ਦਾ ਵਪਾਰ ਸਮਝੌਤਾ ਕਰਨੈ?”
”ਤੁਸੀਂ ਬੁਲੇਟ ਟਰੇਨ ਸਾਡੇ ਮੁਲਕ ‘ਚ ਚਲਾਉਣ ਬਾਰੇ ਕਹਿ ਰਹੇ ਸੀ?” ਸਾਡੇ ਨੇਤਾ ਜੀ ਨੇ ਪੁੱਛਿਆ ਸੀ ਤਾਂ ਉਸ ਉਸੇ ਤਰ੍ਹਾਂ ਦੀ ਕਾਤਲਾਨਾ ਮੁਸਕਰਾਹਟ ਉਸ ਵੱਲ ਸੁੱਟਦਿਆਂ ਆਖਿਆ:
”ਆਪਸੀ ਵਪਾਰ ਵਧਾਉ। ਅਸਲੀ ਗੱਲ ਵਪਾਰ ਦੀ ਹੈ। ਸਾਡਾ ਮਾਲ ਖ਼ਰੀਦੋਗੇ ਤਾਂ ਇਹ ਸਭ ਵੀ ਕਰਾਂਗੇ ਵੀ।”
ਅਸੀਂ ਆਪਣੇ ਇੱਕ ਮਿੱਤਰ ਨੂੰ ਆਖਿਆ।
”ਦੇਖ ਲੈ ਦੂਸਰੇ ਦੇਸ਼ਾਂ ਦੇ ਸਾਡੇ ਦੁਸ਼ਮਣ ਵੀ ਕਿਵੇਂ ਭਰਾ-ਭਰਾ ਤੇ ਫਰੈਂਡ-ਫਰੈਂਡ ਬਣ ਆਉਂਦੇ ਹਨ। ਸਾਡੇ ਪ੍ਰਤੀ ਇਨ੍ਹਾਂ ਨੂੰ ਕਿੰਨਾ ਪਿਆਰ ਉਮੜ ਰਿਹਾ ਹੈ।” ਮਿੱਤਰ ਨੇ ਹੱਸ ਕੇ ਆਖਿਆ, ”ਕਿਹੜਾ ਪਿਆਰ ਤੇ ਕਿਹੜਾ ਭਾਈਚਾਰਾ? ਸਾਰੇ ਆਪਣਾ ਮਾਲ ਵੇਚਣ ਆਉਂਦੇ ਹਨ। ਉਹ ਜਾਣਦੇ ਹਨ ਕਿ ਇੱਕ ਸੌ ਪੰਝੀ ਕਰੋੜ ਦੀ ਆਬਾਦੀ ਵਾਲੇ ਸਾਡੇ ਮੁਲਕ ‘ਚ ਵਿਦੇਸ਼ੀ ਸੁਆਹ ਵੀ ਵਿਕ ਜਾਂਦੀ ਹੈ। ਇਸ ਤਾਂ ਆਪਣੀ ਸੁਆਹ ਵੇਚਣ ਆਉਂਦੇ ਹਨ। ਕਿਹੜਾ ਸਾਡੇ ਪਿਆਰ ਕਾਰਨ ਖਿਚਿਆ ਤੁਰਿਆ ਆਉਂਦਾ ਐ!”

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ