Ikk Kuri (Punjabi Story) : Rashpinder Sroye

ਇੱਕ ਕੁੜੀ (ਕਹਾਣੀ) : ਰਸ਼ਪਿੰਦਰ ਸਰੋਏ

ਪਿੰਡ ਵਾਲੀ ਮਿੰਨੀ ਬੱਸ ਦੇ ਪਿੱਛੇ ਲਾਲ ਟੇਪ ਨਾਲ ਲਿਖਿਆ ਸੀ "ਬੇਟੀ ਬਚਾਓ"। ਸ਼ਾਇਦ ਇਸ ਤੋਂ ਪਿੱਛੇ ਵਾਲੀ ਲਾਇਨ "ਬੇਟੀ ਪੜਾਓ" ਕਿਸੇ ਨੇ ਖੁਰਚ ਖੁਰਚ ਕੇ ਲਾਹ ਸੁੱਟੀ ਸੀ ਸਿਰਫ ਇਹੀ ਲਾਇਨ ਰਹਿ ਗਈ ਸੀ "ਬੇਟੀ ਬਚਾਓ।"

ਬੱਸ ਦੇ ਸੈਲਫ ਨੇ ਮੇਰਾ ਧਿਆਨ ਤੋੜਿਆ ਤੇ ਮੈਂ ਭੱਜ ਕੇ ਬੱਸ ਵਿੱਚ ਜਾ ਬੈਠਾ। ਬੱਸ ਵਿੱਚ ਚੜਦੇ ਹੋਏ ਮੇਰੀ ਨਜਰ ਖਿੜਕੀ ਦੇ ਕੋਲ ਬੈਠੀ ਇੱਕ ਅੱਲੜ ਜਿਹੀ ਕੁੜੀ ਤੇ ਪਈ,ਜਿਹਦੇ ਨੈਣਾਂ ਚ ਸੱਜਰਾ ਜਿਹਾ ਪਾਣੀ ਛੱਲਾਂ ਮਾਰਦਾ। ਜੋ ਇੱਕ ਸਾਂਤ ਤੂਫਾਨ ਆਪਣੀ ਛਾਤੀ ਵਿੱਚ ਲਈ ਬੈਠੀ ਸੀ ਬਿਲਕੁਲ ਚੁੱਪ । ਉਹਦੇ ਬੁੱਕਲ ਵਿੱਚ ਉਸਦਾ ਬੱਚਾ ਸੀ। ਬੱਸ ਵਿੱਚ ਲੱਗਭੱਗ ਸਾਰੀਆਂ ਹੀ ਸਵਾਰੀਆਂ ਪਿੰਡਾਂ ਵਾਲੀਆਂ ਸੀ । ਇਹ ਮਿੰਨੀ ਬੱਸ ਇੱਕ ਸਕੂਲ ਵੈਨ ਵਾਂਗ ਲੱਗਦੀ । ਬੱਸ ਤੁਰ ਪਈ। ਸ਼ਹਿਰ ਦੇ ਬਾਈਪਾਸ ਹੁੰਦੀ ਬੱਸ ਪਿੰਡ ਵਾਲੀ ਕੱਚੀ ਪਹੀ ਤੇ ਜਾ ਚੜੀ। ਬੱਸ ਦੀ ਰਫਤਾਰ ਦਰਮਿਆਨੀ ਸੀ। ਖਿੜਕੀ ਵਿੱਚੋਂ ਹਰੇ ਹਰੇ ਖੇਤ , ਜਿੰਨਾਂ ਨੇ ਵਿੱਚ ਵਿੱਚ ਸਰੋਂ ਦੇ ਫੁੱਲਾਂ ਵਾਲੀ ਪੀਲੀ ਚੁੰਨੀ ਲ੍ਹੀ ਹੋਈ ਸੀ. ਕਿੱਕਲੀ ਪਾਉਣ ਲੱਗਦੇ। ਮੈਂ ਕੰਡੈਕਟਰ ਨੂੰ ਪੈਸੇ ਫੜਾਏ ।"ਹਾਂ ਅੰਬੋ।" ਉਹ ਅਗਲੀ ਸਵਾਰੀ ਵੱਲ ਜਾ ਵਧਿਆ।ਮੈਂ ਪੁੱਛਿਆ "ਟਿਕਟ?"
ਸਾਰੀਆਂ ਸਵਾਰੀਆਂ ਦੀਆਂ ਨਿਗਾਹਾਂ ਠੋਸ ਮੇਰੇ ਵੱਲ ਹੋ ਗਈਆਂ।
"ਟਿਕਟ ਨੀ ਹੁੰਦੀ ਏਸ ਬੱਸ ਚ ਭਰਾਵਾ।" ਕੰਡੈਕਟਰ ਨੇਂ ਹਲਕੀ ਜਿਹੀ ਮੁਸਕੁਰਾਹਟ ਨਾਲ ਜਵਾਬ ਦਿੱਤਾ।
"ਕੱਲ ਨੂੰ ਦੇਊਗੀ ਵੇ।" ਆਪਣੇ ਹੀ ਖਿਆਲਾਂ ਵਿੱਚ ਉਲਝੀ ਹੋਈ ਅਗਲੀ ਸਵਾਰੀ ਨੇ ਕਿਹਾ।
ਉਹ ਇੱਕ ਬਿਰਧ ਬੁੜੀ ਸੀ। ਜਿਸਦਾ ਚਿਹਰਾ ਝੁਰੜੀਆਂ ਨੇ ਘੇਰਿਆ ਹੋਇਆ ਸੀ। ਕੰਡੈਕਟਰ ਬਿਨਾਂ ਕੁਝ ਕਹੇ ਅਗਲੀ ਸਵਾਰੀ ਵੱਲ ਹੋ ਗਿਆ। ਉਸ ਕੁੜੀ ਨਾਲ ਬੈਠੀ ਔਰਤ , ਬਿਰਧ ਬੁੜੀ ਵੱਲ ਘੁੰਮੀ।
"ਤਕੜੀਂ ਆਂ ਅੰਬੋ? ਮੱਥਾ ਟੇਕਦੀ ਆਂ।"
ਅੰਬੋ ਨੇ ਹੱਥ ਦੀ ਛੱਤ ਜੀ ਬਣਾ ਕੇ ਆਪਣੇ ਮੱਥੇ ਤੇ ਟਕਾਈ, ਤੇ ਕਨੱਖਾ ਜਿਹਾ ਝਾਕ ਕੇ ਉਸ ਔਰਤ ਦੀ ਸਿਆਣ ਕੱਢਣ ਲੱਗੀ। "ਹੈਂ? ਕਿਹੜੀ ਆ?
"ਨੀਂ, ਕਰਤਾਰੋ ਆ। ਬੰਦਰਾਂ ਕੀ। " ਨਾਲ ਹੀ ਬੈਠੀ ਦੂਜੀ ਬੇਬੇ ਨੇ ਉਸ ਔਰਤ ਨੂੰ ਪਛਾਣ ਲਿਆ।
"ਅੱਛਾ! ਜਣੋ ਅੰਬੋ ਦੇ ਦਿਮਾਗ ਵਿੱਚ ਕਰਤਾਰੋ ਦੇ ਨਕਸ਼ ਉਲੀਕੇ ਗਏ।
"ਹਾਂ ! ਹਾਂ! ਭਾਈ ਸੂਤ ਆਂ ।"ਅੰਬੋ ਨੇ ਹੱਥ ਨਾਲ ਅਸੀਸ ਦਿੰਦੇ ਆਖਿਆ।
"ਤੂੰ ਕਿਵੇਂ ਆ? ਸੱਚ ਲੇ ਆਈ ਗੁੱਡੀ ਨੂੰ?" ਅੰਬੋ ਨੇ ਕੋਲ ਹੋ ਕੇ ਪੁੱਛਿਆ।
"ਹਾਂ ਲੇ ਆਈ। ਆ ਦੇਖ ਨਾਲ ਤਾਂ ਬੈਠੀ ਆ ਮੇਰੇ।" ਕਰਤਾਰੋ ਨੇਂ ਉਸ ਕੁੜੀ ਵੱਲ ਇਸ਼ਾਰਾ ਕਰ ਕੇ ਆਖਿਆ।
"ਲੈ। ਦੱਸ! ਨੀਂ ਆ ਅੱਖਾਂ ਨੂੰ ਨੀੱ ਮੱਚਦਾ। ਦਿਸਦਾ ਕੁਸ।" ਹੋਰ ਭਾਈ ਗੁੱਡੀ ਠੀਕ ਆਂ। ਅੰਬੋ ਨੇ ਕੁੜੀ ਦਾ ਮੋਢਾ ਪਲੋਸ ਕੇ ਬੱਚੇ ਦੇ ਸਿਰ ਤੇ ਹੱਥ ਰੱਖਿਆ।
"ਹਾਂ ਬੇਬੇ। ਕੁੜੀ ਨੇ ਨਿਗਾਂਹ ਨਿਵਾਂ ਕੇ ਆਖਿਆ।"
"ਲਾਂਵੇਗੀ 2-4 ਦਿਨ???"
"ਹਾਂ ਬੇਬੇ" ਕੁੜੀ ਨੇ ਹਲਕੀ ਜਿਹੀ ਅਵਾਜ ਚ ਆਖਿਆ।
"ਇਹ ਗੁੱਡੀ ਕੋਲੇ ਕੀ ਜਵਾਕ ਆ? ਅੰਬੋ ਨੇਂ ਕਰਤਾਰੋ ਨੂੰ ਪੁੱਛਿਆ।
"ਕੁੜੀ ਆ! ਅੰਬੋ।"ਚਲੋ! ਭਾਈ। ਉਹ ਆਵਦੇ ਕਰਮ ਲਖਾ ਕੇ ਆਈ ਆ। ਹੁਣ ਤਾਂ ਵਾਰੀ ਕੱਟੀ ਗਈ ਅੱਗੇ ਮੁੰਡਾ ਹੋਜੂ। " ਅੰਬੋ ਨੇ ਕਰਤਾਰੋ ਦਾ ਦਿਲ ਖੜਾਉਣ ਲਈ ਕਿਹਾ।
"ਨਾਂ ਅੰਬੋ ਕੀ ਕਰਾਉਣਾ ਮੁੰਡਿਆਂ ਤੋਂ ਇਹ ਕੁੜੀ ਹੀ ਵਾਧੂ ਆ। ਅੱਗੇ ਜਿੰਨਾਂ ਦੇ ਮੁੰਡੇ ਸੀ ਉਹਨਾਂ ਨੇਂ ਤਾਂ ਖਵਾ ਤੇ ਫੁਲਕੇ।"
ਕਰਤਾਰੋ ਦੇ ਬੋਲ ਸਾਰੀ ਬੱਸ ਨੂੰ ਸੁਣੇ। ਡਰਾਇਵਰ ਸੀਟ ਲਾਗੇ ਸੀਟ ਤੈ ਬੈਠੀਆਂ ਸਵਾਰੀਆਂ ਕਾਰਤਾਰੋ ਵੱਲ ਝਾਕੀਆਂ। ਬੱਸ ਵਿੱਚ ਪੂਰਨ ਸ਼ਾਂਤੀ ਸੀ। ਇਸ ਸ਼ਾਂਤ ਵਾਤਾਵਰਨ ਵਿੱਚ ਸਿਰਫ ਹਵਾ ਦੀ ਰਫਤਾਰ ਘੁਲੀ ਸੀ। ਜਿਹੜੀ ਸਵਾਰੀਆਂ ਨੂੰ ਇਕ ਸੁਰ ਬੈਠਣ ਦੀ ਲੋਰ ਦਿੰਦੀ। ਅੰਬੋ ਦੇ ਬੁੱਝੇ ਬੁੱਝੇ ਨੇਤਰਾਂ ਚ ਹੈਰਾਨੀ ਦੀ ਲੋਅ ਸੀ।
"ਤਿੰਨ ਲੱਖ ਰਪੀਆ ਲਾਇਆ ਤੀ ! ਵਿਆਹ ਤੇ , ਲੋੜੇ ਦਾ ਸਮਾਨ ਦਿੱਤਾ। ਡੰਗਰ ਪਸੂ ਦਾ ਕਰਦੀ। ਕੱਪੜੇ ਸਿਆਂਉਦੀ ਮਸੀਨ ਤੇ। ਜੈ ਵੱਢੇ ਦੇਆਂ ਨੇਂ ਭੋਰਾ ਨੀ ਕਦਰ ਪਈ।" ਕਰਤਾਰੋ ਦੇ ਬੋਲਾਂ ਵਿੱਚ ਸ਼ਕਾਇਤ ਸੀ।
"ਲੈ ! ਕਿਉਂ?
"ਕੀ ਦੱਸਾਂ ਨੀਂ ! ਖੇਹ ਖਾਂਦਾ ਫਿਰਦਾ ਕਿਸੇ ਨਾਂ ਕਿਸੇ ਦੇ। ਸ਼ਰਮ ਤਾਂ ਭੋਰਾ ਨੀਂ। ਕੁਸ ਨੀਂ ਛੜਦਾ। ਮੋਟਰ - ਸ਼ੈਂਕਲ ਮੰਗਿਆ ਤੀ ਉਹ ਦੇਤਾ। ਦੋ ਤੋਲੇ ਸਿਉਨਾ ਪਾਇਆ ਤੀ । ਵਿਆਹ ਤੋਂ ਮਗਰੋਂ ਇੱਕ ਵਾਰੀ ਨੀਂ ਕੁੜੀ ਦੇ ਪਾਇਆ ਦੇਖਿਆ। ਹਾਰ ਕੇ ਕੱਲ ਨਿਮੇੜ ਕੇ ਆਈ ਆਂ। ਪੰਚਾਇਤ ਗਈ ਤੀ ਸਾਰੀ, ਨਾਲ ਇਹਦਾ ਬਾਪੂ ਸੀ, ਉਧਰੋਂ ਉਹਨਾਂ ਦੀ ਪੰਚਾਇਤ ਸੀ ਕਹਿੰਦਾ 'ਰੱਖਦਾ ਨੀਂ ਮੈਂ ਤਾਂ। ਹੋਰ ਲਿਆਊ!'
"ਜਾ ਲੇ ਆ ਕਹਿ। ਪਹਿਲਾਂ ਹੀ ਲੈ ਆਂਉਦਾ। ਸਾਡੀ ਕੁੜੀ ਦੀ ਜਿੰਦਗੀ ਕਿਉ ਖਰਾਬ ਕਰਦੈਂ। ਲੋਹੜਾ ਆ ਗਿਆ ਕੁੜੇ।" ਅੰਬੋ ਨੇਂ ਠੋਕਵਾਂ ਜਵਾਬ ਦਿੱਤਾ।
"ਨੀਂ ਇਹਦੀ ਸੱਸ ਨੀਂ ਬੋਲਦੀ ਕੁਸ ਮੁੰਡੇ ਨੂੰ ?" ਦੂਜੀ ਬੇਬੇ ਨੇਂ ਹੈਰਾਨ ਹੋ ਕੇ ਪੁੱਛਿਆ।
"ਸੱਸ ਤਾਂ ਆਪ ਵੱਢਣਜੋਗੀ ਆ। ਆ ਕੁੜੀ ਦੇ ਹੋਏ ਬਾਅਦ ਰਾਮ ਨੀਂ ਕਰਨ ਦਿੱਤਾ ਜਵਾਕੜੀ ਨੂੰ , ਕਹਿੰਦੀ ਐਵੇ ਨਾਂ ਪਈ ਰਿਹਾ ਕਰ ਨੀਂ! ਕੰਮ ਕਰ। ਤੂੰ ਕਿਹੜਾ ਮੁੰਡਾ ਜੰਮਿਆ? ਲੈ ਦੱਸ।
"ਲੈ ਹਰਾਮਣ ਨੀਂ! ਅ ਕੇ ਤੂੰ ਵੀ ਹੋਈ ਸੀ ਕਿਸੇ ਦੇ ਮੱਚੜੀਏ!" ਅੰਬੋ ਦੇ ਬੋਲਾਂ ਵਿੱਚ ਗੁੱਸਾ ਭਖਿਆ।"
"ਜਦੋਂ ਇਹ ਹੋਣ ਆਲੀ ਤੀ ਕੁੜੀ !" ਕਰਤਾਰੋ ਨੇਂ ਆਪਣੀ ਦੋਤੀ ਵੱਲ ਸੈਨਤ ਕਰਕੇ ਆਖਿਆ, ਓਦੋਂ ਬਲਾਂਈ ਕੁੱਟਿਆ।
"ਬੂ..." ਦੂਜੀ ਬੇਬੇ ਕਰਤਾਰੋ ਦਾ ਦੁੱਖ ਸੁਣਦੀ ਗਈ।

"ਹੋਰ! ਕਹਿੰਦਾ ਦੋਵਾਂ ਨੂੰ ਮਾਰੂ। ਨਾਲੇ ਕੁੜੀ ਨੂੰ ਨਾਲੇ ਬੱਚੇ ਨੂੰ। ਰਾਤੋ ਰਾਤ ਗਵਾਢੀਆਂ ਨੇ ਕੰਧਾਂ ਟੱਪ ਟੱਪ ਕੇ ਛੜਾਈ। ਫੇਰ ਉਹਨਾਂ ਨੇ ਸਾਨੂੰ ਫੂਨ ਕੀਤਾ ਫੇਰ ਅਸੀਂ ਲੈ ਕੇ ਆਏ। ਹਾਲੇ ਇਹ ਕਹਿੰਦੀ ਬੀਬੀ ਮੇਰੇ ਬਾਈ ਗਿੰਦਰ ਨੂੰ ਨਾਂ ਦੱਸੀਂ । ਓ ਜੇ ਆਗਿਆ ਤੋੜ ਦੂ ਕੁਸ ਨਾਂ ਕੁਸ ਓਹਦਾ। ਐਂਵੇ ਪੜਾਈ ਖਰਾਬ ਹੋਜੂ ਓਹਦੀ। ਇਹਦਾ ਕੀ ਆ ਸੜੇ ਦਾ। ਕਹਿੰਦੀ ਸੀ ਏ ਬੀ ਪੜਨ ਨੂੰ , ਬੀ ਮੈਨੂੰ ਗਿੰਦਰ ਦੇ ਕਾਲਜ ਚ ਨਾਲੇ ਲਾ ਦੋ। ਮਖਾਂ ਨੀ ਭੈਣ ਬੱਸ ਬਾਰਾਂ ਕਰਲੀਆਂ। ਨੌਕਰੀਆਂ ਕਿਹੜਾ ਧਰੀਆਂ ਪਈਆਂ। ਟੈਮ ਮਾੜਾ। ਅੱਜਕੱਲ ਪੜੀਆਂ ਲਿਖੀਆਂ ਉੱਤੋ ਦੀ ਹੋਈਆਂ ਪਈਆਂ।
"ਨੀਂ ਵਧੀਆ ਤੀ। ਸਮਾ ਲਾ ਦਿੰਦੀ ਪੜ੍ਹਨ! ਹੋਰ ਲਾ ਦਿੰਦੀ ਪੜ੍ਹਨ। ਕੋਈ ਚੱਜ ਦਾ ਟੱਕਰ ਜਾਂਦਾ ਅਗਲਾ ਆਪੇ ਲਵਾ ਦਿੰਦਾ। " ਦੂਜੀ ਬੇਬੇ ਨੇਂ ਮੱਤ ਦਿੱਤੀ।
ਕੁੜੀ ਬਾਰੀ ਨਾਲ ਸਿਰ ਲਾ ਕੇ ਆਪਣੀ ਜਿੰਦਗੀ ਦੇ ਵਹਿਣਾਂ ਵਿੱਚ ਵਹਿ ਰਹੀ ਸੀ। ਇੰਝ ਲੱਗਦਾ ਇਹਨਾਂ ਸਾਰੇ ਜਖ਼ਮਾਂ, ਚੀਸਾਂ, ਦੁੱਖਾਂ ਦਾ ਜਹਿਰ ਉਹਨੇ ਪੀ ਲਿਆ ਜਿਸਦਾ ਦਰਦ ਉਹਦੇ ਧੁਰ ਅੰਦਰੋ ਉੱਠ ਕੇ ਉਸੇ ਵਿੱਚ ਸਮਾ ਜਾਂਦਾ। ਸਾਰੀਆਂ ਸਵਾਰੀਆਂ ਦੇ ਹਿਰਦੇ ਉਸ ਕੁੜੀ ਦੁੱਖ ਨਾਲ ਲਬਰੇਜ਼ ਹੋ ਚੁੱਕ ਸਨ।

"ਕੀ ਕਰੀਏ ਬੱਸ ਅਕਲ ਤੇ ਪਰਦਾ ਪੈ ਗਿਆ ਸੀ। ਹੁਣ ਚੌਥੇ ਲੈ ਕੇ ਆਈ ਆਂ ਸਾਰੀ ਰਾਤ ਨੀਂ ਸੁੱਤੀ ਕਹਿੰਦੀ ਬੀਬੀ ਗੋਲੀ ਲਿਆ ਦੇ ਡਾਕਟਰ ਤੋਂ , ਢੂੰਹੀ ਦੁਖੀ ਜਾਂਦੀ ਆ। ਗੋਲੀ ਵੀ ਦਿੱਤੀ। ਹਾਰ ਕੇ ਮਹਾਂ ਲੈ ਮੈਂ ਲਤੜ ਦਿੰਨੀ ਆਂ ਪੋਲੀ ਪੋਲੀ ਜੀ, ਕੁੜਤੀ ਚੱਕ ਕੇ ਦੇਖੀ ਐਡੇ ਐਡੇ ਲੀਲ ਪਏ ਜਵਾਕੜੀ ਦੇ , ਫੇਰ ਦੱਸਿਆ ਇਹਨੇ ,ਕਹਿੰਦੀ ਕੱਲ ਵੀ ਕੁੱਟ ਗਿਆ। ਜੇ ਮੈਂ ਨਾਂ ਮੂਰੇ ਹੁੰਦੀ ਕੁੜੀ ਨੂੰ ਮਾਰਦਾ।"
"ਨੀ ਭੈਣੇ ਹੋਰ ਕਿਉਂ ਡਰਦੇ ਆਂ। ਤਾਂ ਹੀ ਫਿਟਕਾਰਾਂ ਖਾਂਦੀਆ ਨੇ। ਨਾਲੇ ਐਧਰ ਦੇਖਦੀਆਂ ਨੇ । ਨਾਲੇ ਓਧਰ।"
ਦੂਜੀ ਬੇਬੇ ਨੇਂ ਆਪਣਾ ਹੇਜ ਦਖਾਇਆ।
"ਨੀਂ ਸਾਨੂੰ ਤਾਂ ਪਹਿਲਾਂ ਈ ਕਹਿਤਾ ਤੀ ਆੜਤੀਏ ਨੇਂ। ਬੀ ਤੁਸੀ ਭਾਈ ਭੈੜਿਆਂ ਬੰਦਿਆਂ ਨਾਲ ਮੱਥਾ ਲਾ ਲਿਆ। ਹਜੇ ਬੀ ਰਹਿਣ ਦੋ।"
"ਨੀਂ ਜੈ ਰੋਏਆਂ ਦਿਓ। ਫੇਰ ਛੱਡ ਦਿੰਦੇ ਪਰਾਂ। ਵਿਚੋਲੇ ਦੀਆਂ ਨਾਸਾਂ ਕੁੱਟਣੀਆਂ ਸੀ ਤੁਸੀਂ " ਅੰਬੋ ਨੇ ਕਰਤਾਰੋ ਨੂੰ ਵਰਜਿਆ।

"ਕਿੱਥੋਂ ਵਿਚੋਲੇ ਤਾਂ ਆਪ ਲਾਲਚੀ ਨੇਂ। ਛੱਡ ਦੇ ਕਿਵੇਂ? ਇਹੀ ਨੀਂ ਮੰਨੀ ਕਹਿੰਦੀ ,ਬੀਬੀ ਕੋਈ ਨਾਂ ! ਹੁਣ ਤਾਂ ਹੋ ਗਿਆ ਸਾਰਾ ਬੰਨ - ਬੰਨਾ। ਮੇਰਾ ਬਾਪੂ ਰੋਜ ਰੋਜ ਕਿੱਥੇ ਛਿੱਤਰ ਘਸਾਂਉਦਾ ਫਿਰੂ। ਜੇ ਛੱਡ ਤਾ ਸਾਰੇ ਪਿੰਡ ਚ ਕਹਿਣਗੇ ਬੀ ਫਲਾਣਿਆਂ ਕੀ ਕੁੜੀ ਪੱਕ ਠੱਕ ਕਰ ਕੇ ਛੱਡਤੀ ।" ਕਹਿੰਦੀ ਕਹਿੰਦੀ ਕਰਤਾਰੋ ਦਾ ਗੱਚ ਭਰ ਆਇਆ।
"ਨੀਂ ਧੀ ਹੋਈ ਫੇਰ ਵੀ । ਲਹੂ ਮੱਚਦਾ ਆਵਦੇ ਮਾਂ ਬਾਪ ਦੇਖ ਕੇ" ਦੂਜੀ ਬੇਬੇ ਦੇ ਬੋਲਾਂ ਚ ਦਰਦ ਉੱਠਿਆ।

"ਹਾਂ ਵੀ 'ਜਲਵੇੜੇ' ਪਿੰਡ ਆਲਾ ਕੋਈ ਵੀਰ? ਕੰਡੈਕਟਰ ਦੇ ਉੱਚੇ ਬੋਲ ਨਾਲ ਮੈਂ ਉੱਠ ਖੜਿਆ। ਬੱਸ ਰੁਕੀ ਮੈਂ ਉੱਤਰ ਗਿਆ। ਤੁਰਦੀ ਬੱਸ ਦੇ ਪਿੱਛੇ ਹੀ ਮੇਰੀ ਨਜਰ ਜਾ ਪਈ, ਉਹਨਾਂ ਸ਼ਬਦਾਂ ਤੇ ਜੋ ਲਾਲ ਟੇਪ ਨਾਲ ਲਿਖੇ ਹੋਏ ਸਨ "ਬੇਟੀ ਬਚਾਓ।" ਇਸ ਤੋਂ ਪਿੱਛੇ ਵਾਲੀ ਲਾਇਨ "ਬੇਟੀ ਪੜਾਓ" ਨੂੰ ਖੁਰਚ ਖੁਰਚ ਕੇ ਲਾਹ ਸੁੱਟਣ ਵਾਂਗ ਉਸ ਕੁੜੀ ਦੀ ਜਿੰਦਗੀ ਵੀ ਉਸ ਦੇ ਡਲਕਾਂ ਮਾਰਦੇ ਜੋਬਨ, ਚਾਅ, ਉਮੰਗਾਂ ਤੋਂ ਲਾਹੀ ਸੁੱਟੀ ਗਈ ਸੀ।

  • ਮੁੱਖ ਪੰਨਾ : ਕਹਾਣੀਆਂ, ਰਸ਼ਪਿੰਦਰ ਸਰੋਏ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ