Punjabi Stories/Kahanian
ਅਰਨੈਸਟ ਹੈਮਿੰਗਵੇ
Ernest Hemingway
 Punjabi Kahani
Punjabi Kavita
  

Ikk Din Da Intzar Ernest Hemingway

ਇੱਕ ਦਿਨ ਦਾ ਇੰਤਜਾਰ ਅਰਨੈਸਟ ਹੈਮਿੰਗਵੇ

ਉਹ ਕਮਰੇ ਵਿੱਚ ਖਿੜਕੀਆਂ ਬੰਦ ਕਰਨ ਆਇਆ । ਅਸੀਂ ਉਸ ਸਮੇਂ ਤੱਕ ਬਿਸਤਰੇ ਵਿੱਚ ਹੀ ਸਾਂ ਅਤੇ ਮੈਂ ਵੇਖਿਆ ਕਿ ਉਹ ਬੀਮਾਰ ਲੱਗ ਰਿਹਾ ਸੀ । ਉਹ ਕੰਬ ਰਿਹਾ ਸੀ ਅਤੇ ਉਸਦਾ ਚਿਹਰਾ ਤਣਿਆ ਹੋਇਆ ਸੀ । ਉਹ ਬਹੁਤ ਹੌਲੀ - ਹੌਲੀ ਚੱਲ ਰਿਹਾ ਸੀ , ਜਿਵੇਂ ਉਸਨੂੰ ਚਲਣ ਵਿੱਚ ਤਕਲੀਫ ਹੋ ਰਹੀ ਹੋਵੇ ।“ਕੀ ਗੱਲ ਹੈ , ਸ਼ੈਟਸ ?” “ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ।” “ਅੱਛਾ ਹੈ ਕਿ ਤੂੰ ਜਾਕੇ ਬੈੱਡ ਵਿੱਚ ਲੇਟ ਜਾ।” “ਨਹੀਂ । ਮੈਂ ਠੀਕ ਹਾਂ ।” “ਤੂੰ ਆਪਣੇ ਬਿਸਤਰ ’ਤੇ ਚੱਲ । ਮੈਂ ਕੱਪੜੇ ਬਦਲ ਕੇ ਆਉਂਦਾ ਹਾਂ ਅਤੇ ਵੇਖਦਾ ਹਾਂ ।” ਲੇਕਿਨ ਜਦੋਂ ਮੈਂ ਹੇਠਾਂ ਆਇਆ ਤਾਂ ਉਹ ਆਪਣੇ ਕੱਪੜੇ ਬਦਲ ਚੁੱਕਿਆ ਸੀ ਅਤੇ ਅੱਗ ਦੇ ਕੋਲ ਬੈਠਾ ਸੀ । ਨੌਂ ਸਾਲ ਦਾ ਉਹ ਬੱਚਾ ਬੀਮਾਰ ਅਤੇ ਦੁਖੀ ਲੱਗ ਰਿਹਾ ਸੀ । ਜਦੋਂ ਮੈਂ ਉਸਦੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਤਾਂ ਪਤਾ ਲਗਾ ਕਿ ਉਸਨੂੰ ਬੁਖਾਰ ਹੈ । “ ਤੂੰ ਬੈੱਡ ਵਿੱਚ ਲੇਟ ,”ਮੈਂ ਫਿਰ ਕਿਹਾ , “ਤੇਰੀ ਤਬੀਅਤ ਠੀਕ ਨਹੀਂ ਹੈ ।” “ਮੈਂ ਠੀਕ ਹਾਂ”, ਉਸਨੇ ਕਿਹਾ । ਜਦੋਂ ਡਾਕਟਰ ਆਇਆ ਤਾਂ ਉਸਨੇ ਥਰਮਾਮੀਟਰ ਲਗਾ ਕੇ ਮੁੰਡੇ ਦਾ ਬੁਖਾਰ ਦੇਖਿਆ । “ਕਿੰਨਾ ਹੈ”? ਮੈਂ ਉਸ ਤੋਂ ਪੁੱਛਿਆ । “ਇੱਕ ਸੌ ਦੋ।” ਹੇਠਾਂ ਜਾਕੇ ਡਾਕਟਰ ਨੇ ਤਿੰਨ ਤਰ੍ਹਾਂ ਦੇ ਵੱਖ - ਵੱਖ ਰੰਗਾਂ ਦੇ ਕੈਪਸੂਲ ਦਿੱਤੇ ਅਤੇ ਅਤੇ ਉਨ੍ਹਾਂ ਨੂੰ ਖਾਣ ਦਾ ਸਮਾਂ ਦੱਸਿਆ । ਇੱਕ ਕੈਪਸੂਲ ਬੁਖਾਰ ਉਤਾਰਣ ਦੇ ਲਈ , ਦੂਜਾ ਪੇਟ ਸਾਫ ਕਰਨ ਲਈ ਅਤੇ ਤੀਜਾ ਏਸਿਡਿਟੀ ਠੀਕ ਕਰਨ ਲਈ ਸੀ । ਉਸਨੇ ਸਮਝਾਇਆ ਕਿ ਇੰਫਲੁਏਂਜਾ ਦੇ ਕੀਟਾਣੂ ਢਿੱਡ ਵਿੱਚ ਏਸਿਡ ਹੋਣ ਤੇ ਹੀ ਜਿੰਦਾ ਰਹਿ ਸਕਦੇ ਹਨ । ਉਸਦੀਆਂ ਗੱਲਾਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਇੰਫਲੁਏਂਜਾ ਦੇ ਬਾਰੇ ਵਿੱਚ ਉਹ ਕਾਫੀ ਕੁੱਝ ਜਾਣਦਾ ਸੀ । ਉਸਨੇ ਦੱਸਿਆ ਕਿ ਜੇਕਰ ਬੁਖਾਰ ਇੱਕ ਸੌ ਚਾਰ ਡਿਗਰੀ ਤੋਂ ਉੱਤੇ ਨਹੀਂ ਜਾਂਦਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ । ਇਸ ਸਮੇਂ ਥੋੜ੍ਹਾ ਫਲੂ ਫੈਲਿਆ ਹੋਇਆ ਹੈ । ਖਤਰੇ ਦੀ ਗੱਲ ਨਹੀਂ , ਬਸ ਨਿਮੋਨੀਆ ਹੋਣ ਤੋਂ ਬਚਾਣਾ ਚਾਹੀਦਾ ਹੈ । ਕਮਰੇ ਵਿੱਚ ਵਾਪਸ ਆਕੇ ਮੈਂ ਬੇਟੇ ਦਾ ਬੁਖਾਰ ਲਿਖ ਲਿਆ ਅਤੇ ਤਿੰਨਾਂ ਤਰ੍ਹਾਂ ਦੇ ਕੈਪਸੂਲ ਖਾਣ ਦਾ ਸਮਾਂ ਵੀ ਨੋਟ ਕਰ ਲਿਆ । “ਮੈਂ ਤੈਨੂੰ ਕੁੱਝ ਪੜ੍ਹ ਕੇ ਸੁਣਾਊਂ ?” “ਜੇਕਰ ਤੁਸੀਂ ਚਾਹੁੰਦੇ ਹੋ ਤਾਂ ਠੀਕ ਹੈ,”ਮੁੰਡੇ ਨੇ ਕਿਹਾ । ਉਸਦਾ ਚਿਹਰਾ ਬਹੁਤ ਜਿਆਦਾ ਸਫੇਦ ਸੀ ਅਤੇ ਉਸਦੀਆਂ ਅੱਖਾਂ ਦੇ ਹੇਠਾਂ ਦਾ ਹਿੱਸਾ ਸਿਆਹ ਹੋ ਚੁੱਕਿਆ ਸੀ । ਉਹ ਬਿਸਤਰ ਉੱਤੇ ਚੁਪਚਾਪ ਲਿਟਿਆ ਸੀ ਅਤੇ ਜੋ ਕੁੱਝ ਹੋ ਰਿਹਾ ਸੀ ਉਸਤੋਂ ਬਹੁਤ ਜਿਆਦਾ ਨਿਰਪੇਖ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ । ਮੈਂ ਉਸਨੂੰ ਹੋਵਾਰਡ ਪਾਈਲੇ ਇੱਕ ਕਿਤਾਬ ‘ਬੁਕ ਆਫ਼ ਪਾਇਰੇਟਸ’ ਵਿੱਚੋਂ ਪੜ੍ਹ ਕੇ ਕੁੱਝ ਸੁਣਾਇਆ । ਲੇਕਿਨ ਮੈਂ ਵੇਖ ਰਿਹਾ ਸੀ ਕਿ ਜੋ ਕੁੱਝ ਮੈਂ ਪੜ੍ਹ ਰਿਹਾ ਸੀ ਉਸ ਉੱਤੇ ਉਸਦਾ ਧਿਆਨ ਨਹੀਂ ਸੀ । “ਤੂੰ ਕਿਵੇਂ ਮਹਿਸੂਸ ਕਰ ਰਿਹੈਂ , ਸ਼ੈਟਸ ?” ਮੈਂ ਉਸਤੋਂ ਪੁੱਛਿਆ । “ਅਜੇ ਤੱਕ ਤਾਂ ਉਹੋ ਜਿਹਾ ਹੀ ਹਾਂ , ਪਹਿਲਾਂ ਵਰਗਾ,”ਉਸਨੇ ਕਿਹਾ । ਮੈਂ ਉਸਦੇ ਬਿਸਤਰੇ ਦੀ ਪੈਂਦ ਵੱਲ ਕੁਰਸੀ ਉੱਤੇ ਬੈਠ ਗਿਆ ਅਤੇ ਚੁਪਚਾਪ ਆਪਣਾ ਕੁੱਝ ਪੜ੍ਹਦੇ ਹੋਏ ਅਗਲਾ ਕੈਪਸੂਲ ਖਿਲਾਉਣ ਦੇ ਸਮੇਂ ਦੀ ਉਡੀਕ ਕਰਨ ਲਗਾ । ਸੁਭਾਵਕ ਸੀ ਕਿ ਉਹ ਸੌਂ ਜਾਂਦਾ , ਲੇਕਿਨ ਜਦੋਂ ਮੈਂ ਉਸ ਵੱਲ ਵੇਖਿਆ ਤਾਂ ਉਹ ਆਪਣੇ ਬੈੱਡ ਦੀ ਪੈਂਦ ਵੱਲ ਵੇਖ ਰਿਹਾ ਸੀ । ਉਸਦੀਆਂ ਨਜ਼ਰਾਂ ਵਿੱਚ ਇੱਕ ਓਪਰਾਪਣ ਜਿਹਾ ਸੀ । “ਤੂੰ ਸੌਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ? ਮੈਂ ਤੈਨੂੰ ਦਵਾਈ ਲਈ ਜਗਾ ਲਵਾਂਗਾ ।” “ ਨਹੀਂ , ਮੈਂ ਜਾਗਦਾ ਰਹਾਂਗਾ ”। ਥੋੜ੍ਹੀ ਦੇਰ ਬਾਅਦ ਉਸਨੇ ਮੈਨੂੰ ਕਿਹਾ , “ ਪਾਪਾ , ਜੇਕਰ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਨੂੰ ਇੱਥੇ ਮੇਰੇ ਨਾਲ ਬੈਠਣ ਦੀ ਜਰੂਰਤ ਨਹੀਂ ।” “ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ , ਬੇਟੇ ।” “ਨਹੀਂ , ਮੇਰਾ ਭਾਵ ਹੈ ਕਿ ਅਗਰ ਤੁਹਾਨੂੰ ਜ਼ਰਾ ਕੁ ਵੀ ਮੁਸ਼ਕਿਲ ਹੈ ਤਾਂ ਤੁਹਾਨੂੰ ਇੱਥੇ ਰੁਕਣ ਦੀ ਜਰੂਰਤ ਨਹੀਂ ।” “ਮੈਨੂੰ ਲਗਾ ਕਿ ਉਸਦਾ ਸਿਰ ਕੁੱਝ ਹਲਕਾ ਹੋ ਗਿਆ ਹੈ , ਇਸਲਈ ਗਿਆਰਾਂ ਵਜੇ ਦਾ ਕੈਪਸੂਲ ਦੇਣ ਦੇ ਬਾਅਦ ਮੈਂ ਥੋੜ੍ਹੀ ਦੇਰ ਲਈ ਬਾਹਰ ਆ ਗਿਆ ।” ਇਹ ਇੱਕ ਖੁੱਲ੍ਹਾ ਠੰਡਾ ਦਿਨ ਸੀ । ਮੀਂਹ ਅਤੇ ਬਰਫ ਨਾਲ ਧਰਤੀ ਕੁੱਝ ਇਸ ਤਰ੍ਹਾਂ ਢਕੀ ਗਈ ਸੀ , ਜਿਵੇਂ ਸਾਰੇ ਪੱਤਰਹੀਣ ਰੁੱਖਾਂ , ਝਾੜੀਆਂ , ਝਾੜ – ਝਿੰਗਾਂ , ਘਾਹ ਅਤੇ ਖਾਲੀ ਜ਼ਮੀਨ ਉੱਤੇ ਬਰਫ ਦੀ ਵਾਰਨਿਸ਼ ਕਰ ਦਿੱਤੀ ਗਈ ਹੋਵੇ । ਮੈਂ ਆਪਣੀ ਆਇਰਿਸ਼ ਬੰਦੂਕ ਅਤੇ ਕੁੱਤੇ ਨੂੰ ਨਾਲ ਲਿਆ ਅਤੇ ਜੰਮੀ ਹੋਈ ਕਰੀਕ ਨਦੀ ਦੇ ਨਾਲ ਨਾਲ ਸੜਕ ਉੱਤੇ ਥੋੜ੍ਹਾ ਘੁੰਮਣ ਨਿਕਲ ਗਿਆ , ਲੇਕਿਨ ਚੀਕਣੀ ਸਤ੍ਹਾ ਤੇ ਚੱਲਣਾ ਅਤੇ ਖੜੇ ਰਹਿਣਾ ਮੁਸ਼ਕਲ ਹੋ ਰਿਹਾ ਸੀ । ਕੁੱਤਾ ਫਿਸਲ ਗਿਆ , ਅਤੇ ਮੈਂ ਵੀ ਦੋ ਵਾਰ ਡਿਗਿਆ । ਇੱਕ ਵਾਰ ਤਾਂ ਮੇਰੀ ਬੰਦੂਕ ਛੁੱਟ ਕੇ ਦੂਰ ਬਰਫ਼ ਵਿੱਚ ਜਾ ਡਿੱਗੀ । ਚੀਕਣੀ ਮਿੱਟੀ ਦੀ ਇੱਕ ਉੱਚੇ ਵੱਟ ਤੇ ਬੁਰੁਸ਼ ਦੇ ਰੁੱਖ ਉੱਤੇ ਬਟੇਰਿਆਂ ਦਾ ਝੁੰਡ ਵੇਖ ਕੇ ਸਾਡੇ ਚਿਹਰਿਆਂ ਤੇ ਖੁਸ਼ੀ ਛਾ ਗਈ । ਅਤੇ ਮੈਂ ਉਨ੍ਹਾਂ ਵਿਚੋਂ ਦੋ ਨੂੰ ਮਾਰ ਗਿਰਾਇਆ । ਬਾਕੀ ਉੱਚੀ ਵੱਟ ਦੇ ਪਰੇ ਓਝਲ ਹੋ ਗਏ । ਤੇ ਫੇਰ ਥੋੜ੍ਹੀ ਦੇਰ ਵਿੱਚ ਝੁੰਡ ਵਿੱਚੋਂ ਕੁੱਝ ਰੁੱਖਾਂ ਉੱਤੇ ਝਿਲਮਿਲਾਉਣ ਲੱਗਏ ਪਰ ਬਾਕੀ ਏਧਰ - ਉੱਧਰ ਬਿਖਰ ਗਏ । ਇਸ ਸਮੇਂ ਹੋਰ ਜਿਆਦਾ ਬਟੇਰੇ ਮਾਰ ਸਕਣਾ ਮੁਸ਼ਕਲ ਸੀ । ਮੈਂ ਕੇਵਲ ਦੋ ਹੀ ਮਾਰ ਸਕਿਆ , ਅਤੇ ਪੰਜ ਮੇਰੇ ਤੋਂ ਬੱਚ ਗਏ । ਮਗਰ ਮੈਂ ਇਹ ਸੋਚ ਖੁਸ਼ੀ ਖੁਸ਼ੀ ਪਰਤ ਪਿਆ ਕਿ ਘਰ ਦੇ ਇੰਨੇ ਨਜਦੀਕ ਬਟੇਰਿਆਂ ਦਾ ਇਹ ਝੁੰਡ ਮਿਲ ਗਿਆ ਅਤੇ ਕਿਸੇ ਹੋਰ ਦਿਨ ਲਈ ਅਜੇ ਵੀ ਬਹੁਤ ਸਾਰੇ ਬਾਕੀ ਸਨ । ਘਰ ਆਕੇ ਪਤਾ ਲਗਾ ਕਿ ਮੁੰਡੇ ਨੇ ਕਿਸੇ ਨੂੰ ਵੀ ਕਮਰੇ ਵਿੱਚ ਨਹੀਂ ਆਉਣ ਦਿੱਤਾ । “ਤੁਸੀਂ ਅੰਦਰ ਨਹੀਂ ਆ ਸਕਦੇ”, ਉਸਨੇ ਕਿਹਾ ਸੀ , “ਤੁਹਾਨੂੰ ਉਹ ਸਭ ਨਹੀਂ ਜਾਨਣਾ ਚਾਹੀਦਾ ਹੈ ਜੋ ਮੇਰੇ ਨਾਲ ਘੱਟ ਰਿਹਾ ਹੈ ।” ਮੈਂ ਉਸਦੇ ਕੋਲ ਗਿਆ ਅਤੇ ਉਸਨੂੰ ਠੀਕ ਉਵੇਂ ਹੀ ਹਾਲਤ ਵਿੱਚ ਲਿਟੇ ਪਾਇਆ , ਜਿਵੇਂ ‌ਕਿ ਮੈਂ ਛੱਡ ਗਿਆ ਸੀ । ਉਸਦਾ ਚਿਹਰਾ ਬੱਗਾ ਸੀ , ਲੇਕਿਨ ਬੁਖਾਰ ਦੀ ਵਜ੍ਹਾ ਉਸਦੀਆਂ ਗੱਲ੍ਹਾਂ ਲਾਲ ਹੋਈਆਂ ਪਈਆਂ ਸਨ । ਉਹ ਪਹਿਲਾਂ ਵਾਂਗ ਹੀ ਚੁਪਚਾਪ ਆਪਣੇ ਬੈੱਡ ਦੀ ਪੈਂਦ ਵੱਲ ਟਿਕਟਿਕੀ ਲਗਾ ਵੇਖ ਰਿਹਾ ਸੀ । ਮੈਂ ਉਸਦਾ ਬੁਖਾਰ ਲਿਆ । “ਕਿੰਨਾ ਹੈ ?” “ਸੌ ਦੇ ਕਰੀਬ,”ਮੈਂ ਦੱਸਿਆ । ਹਾਲਾਂਕਿ ਇਹ ਇੱਕ ਸੌ ਦੋ ਪਵਾਇੰਟ ਚਾਰ ਸੀ । “ਇਹ ਇੱਕ ਸੌ ਦੋ ਸੀ ,”ਉਸਨੇ ਕਿਹਾ । “ਇਹ ਕਿਸਨੇ ਕਿਹਾ ?” “ਡਾਕਟਰ ਨੇ।” “ਤੁਹਾਡਾ ਬੁਖਾਰ ਬਿਲਕੁਲ ਠੀਕ ਹੈ , ਮੈਂ ਕਿਹਾ ਚਿੰਤਾ ਦੀ ਕੋਈ ਗੱਲ ਨਹੀਂ ਹੈ ।” “ ਮੈਂ ਚਿੰਤਾ ਨਹੀਂ ਕਰ ਰਿਹਾ ਹਾਂ ,” ਉਸਨੇ ਕਿਹਾ , “ ਲੇਕਿਨ ਮੈਂ ਆਪਣੇ ਆਪ ਨੂੰ ਸੋਚਣ ਤੋਂ ਨਹੀਂ ਰੋਕ ਪਾ ਰਿਹਾ ।” “ਸੋਚ ਨਾ ,” ਮੈਂ ਕਿਹਾ । “ ਇਸਨੂੰ ਹਲਕੇ - ਫੁਲਕੇ ਢੰਗ ਨਾਲ ਲੈ ।” “ਮੈਂ ਹਲਕੇ ਢੰਗ ਨਾਲ ਹੀ ਲੈ ਰਿਹਾ ਹਾਂ ,” ਉਸਨੇ ਕਿਹਾ ਅਤੇ ਸਿੱਧਾ ਉਪਰ ਵੱਲ ਦੇਖਣ ਲਗਾ । ਸਪਸ਼ਟ ਤੌਰ ਤੇ ਉਹ ਕਿਸੇ ਗੱਲ ਨੂੰ ਲੁੱਕਾ ਰਿਹਾ ਸੀ । “ਲੈ , ਪਾਣੀ ਨਾਲ ਇਹ ਦਵਾਈ ਖਾ ਲੈ ।” “ਕੀ ਤੁਸੀਂ ਸੋਚਦੇ ਹੋ ਕਿ ਇਹ ਕੋਈ ਅਸਰ ਕਰੇਗੀ ?”
“ਹਾਂ , ਨਿਸ਼ਚਾ ਹੀ ਕਰੇਗੀ ।” ਮੈਂ ਬੈਠ ਗਿਆ ਅਤੇ ਮੈਂ ਸਮੁੰਦਰੀ ਡਾਕੂਆਂ ਵਾਲੀ ਕਿਤਾਬ ਖੋਲ੍ਹ ਕੇ ਉਥੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ , ਜਿੱਥੋਂ ਛੱਡਿਆ ਸੀ । ਲੇਕਿਨ ਮੈਂ ਵੇਖਿਆ ਕਿ ਉਹ ਸੁਣ ਨਹੀਂ ਰਿਹਾ , ਇਸ ਲਈ ਮੈਂ ਪੜ੍ਹਨਾ ਛੱਡ ਦਿੱਤਾ । “ਤੁਸੀਂ ਕੀ ਸੋਚਦੇ ਹੋ , ਮੈਂ ਕਿਸ ਸਮੇਂ ਤੱਕ ਮਰ ਜਾਵਾਂਗਾ ?” ਉਸਨੇ ਪੁੱਛਿਆ । “ਕੀ ! ?” “ਮੇਰੇ ਮਰਨ ਵਿੱਚ ਹੁਣ ਕਿੰਨੀ ਦੇਰ ਬਚੀ ਹੈ ?” “ਤੂੰ ਮਰਨ ਵਾਲਾ ਨਹੀਂ ਹੈਂ । ਇਹ ਤੈਨੂੰ ਕੀ ਹੋ ਗਿਆ ਹੈ ?” “ਓਹ ਹਾਂ , ਮੈਂ ਮਰ ਰਿਹਾ ਹਾਂ । ਮੈਂ ਉਨ੍ਹਾਂ ਨੂੰ ਕਹਿੰਦੇ ਹੋਏ ਸੁਣਿਆ ਕਿ ਬੁਖਾਰ ਇੱਕ ਸੌ ਦੋ ਹੈ ।” “ਇੱਕ ਸੌ ਦੋ ਬੁਖਾਰ ਨਾਲ ਲੋਕ ਮਰਦੇ ਨਹੀਂ ਹਨ । ਤੇਰੀ ਇਹ ਕਿਵੇਂ ਦੀ ਬੇਤੁਕੀ ਗੱਲ ਹੈ ।” “ਮੈਂ ਜਾਣਦਾ ਹਾਂ ਕਿ ਇੰਨੇ ਬੁਖਾਰ ਨਾਲ ਲੋਕ ਮਰ ਜਾਂਦੇ ਹਨ । ਫ਼ਰਾਂਸ ਵਿੱਚ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤੱਦ ਮੁੰਡਿਆਂ ਨੇ ਮੈਨੂੰ ਦੱਸਿਆ ਸੀ ਕਿ ਕੋਈ ਵੀ ਚੁਤਾਲੀ ਡਿਗਰੀ ਵਿੱਚ ਜਿੰਦਾ ਨਹੀਂ ਰਹਿ ਸਕਦਾ । ਮੈਨੂੰ ਤਾਂ ਇੱਕ ਸੌ ਦੋ ਹੋ ਗਿਆ ਹੈ ।” ਉਹ ਸਵੇਰੇ ਨੌਂ ਵਜੇ ਤੋਂ ਸਾਰਾ ਦਿਨ ਆਪਣੇ ਮਰਨ ਦੀ ਉਡੀਕ ਕਰਦਾ ਰਿਹਾ ਸੀ ! ! “ ਓਏ ! ਪਗਲੇ , ਮੈਂ ਕਿਹਾ , ਤੂੰ ਹੋਸ਼ਿਆਰ ਬੁਧੂ ਹੈਂ । ਇਹ ਉਵੇਂ ਹੀ ਹੈ , ਜਿਵੇਂ ਮੀਲ ਅਤੇ ਕਿਲੋਮੀਟਰ । ਤੂੰ ਮਰਨ ਵਾਲਾ ਨਹੀਂ ਹੈਂ । ਉਹ ਦੂਜੀ ਤਰ੍ਹਾਂ ਦਾ ਥਰਮਾਮੀਟਰ ਹੈ । ਉਸ ਵਿੱਚ ਸੈਂਤੀ ਡਿਗਰੀ ਨਾਰਮਲ ਹੈ । ਇਸ ਵਿੱਚ ਅੱਠਾਨਵੇਂ ।” “ਕੀ ਤੁਹਾਨੂੰ ਪੱਕੀ ਤਰ੍ਹਾਂ ਪਤਾ ਹੈ ?” “ਹਾਂ, ਬਿਲਕੁੱਲ ਪੱਕੀ ਤਰ੍ਹਾਂ ,” ਮੈਂ ਕਿਹਾ । ਇਹ ਫਾਰਨਹਾਈਟ ਅਤੇ ਸੇਂਟੀਗਰੇਡ ਦਾ ਫਰਕ ਹੈ - ਮੀਲ ਅਤੇ ਕਿਲੋਮੀਟਰ ਵਾਂਗ । ਕੀ ਤੈਨੂੰ ਪਤਾ ਹੈ ਕਿ ਜਦੋਂ ਅਸੀਂ ਕਾਰ ਤੇ ਸੱਤਰ ਮੀਲ ਜਾਂਦੇ ਹਾਂ ਤਾਂ ਕਿੰਨੇ ਕਿਲੋਮੀਟਰ ਚੱਲ ਚੁੱਕੇ ਹੁੰਦੇ ਹਾਂ ? “ਓਹ , ਹਾਂ ,” ਉਸਨੇ ਕਿਹਾ । ਲੇਕਿਨ ਉਸਦਾ ਆਪਣੇ ਪੈਰਾਂ ਦੇ ਵੱਲ ਇੱਕ ਟਕ ਵੇਖਣਾ ਹੌਲੀ - ਹੌਲੀ ਘੱਟ ਹੋਇਆ । ਅਤੇ ਅੰਤ ਉਹ ਸਹਿਜ ਹੋ ਗਿਆ । ਅਗਲੇ ਦਿਨ ਤੱਕ ਉਹ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ । ਅਤੇ ਹੁਣ ਉਹ ਪਹਿਲਾਂ ਦੀ ਤਰ੍ਹਾਂ ਛੋਟੀਆਂ – ਛੋਟੀਆਂ ਚੀਜ਼ਾਂ ਲਈ ਜਿਦ ਅਤੇ ਚੀਖ ਪੁਕਾਰ ਕਰ ਰਿਹਾ ਸੀ !
(ਅਨੁਵਾਦ: ਚਰਨ ਗਿੱਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com