Punjabi Stories/Kahanian
ਫ਼ਕੀਰ ਚੰਦ ਸ਼ੁਕਲਾ
Faqir Chand Shukla
 Punjabi Kahani
Punjabi Kavita
  

Ikk Modern Newton Dr. Faqir Chand Shukla

ਇੱਕ ਮਾਡਰਨ ਨਿਊਟਨ (ਵਿਅੰਗ) ਡਾ. ਫ਼ਕੀਰ ਚੰਦ ਸ਼ੁਕਲਾ

ਉਸ ਨੂੰ ਕਿਤਾਬਾਂ ਪੜ੍ਹਨ ਦਾ ਵਾਹਵਾ ਝੱਸ ਹੈ।
ਪਰ ਉਹ ਕਿਸੇ ਕੋਰਸ ਦੀ ਪੜ੍ਹਾਈ ਨਹੀਂ ਕਰ ਰਿਹਾ। ਕੋਰਸ ਦੀ ਪੜ੍ਹਾਈ ਤਾਂ ਉਹ ਕਦੋਂ ਦੀ ਪੂਰੀ ਕਰ ਚੁੱਕਿਆ ਹੈ। ਉਸ ਨੂੰ ਕੋਰਸ ਦੀਆਂ ਕਿਤਾਬਾਂ ਵਿੱਚ ਘੱਟ ਹੀ ਦਿਲਚਸਪੀ ਸੀ। ਪੜ੍ਹਨ ਲਈ ਤਾਂ ਉਸ ਨੂੰ ਕੋਈ ਨਾਵਲ, ਕਹਾਣੀ ਸੰਗ੍ਰਹਿ ਜਾਂ ਰਸਾਲੇ ਹੀ ਚੰਗੇ ਲੱਗਦੇ ਸਨ ਅਤੇ ਹੁਣ ਵੀ ਲੱਗਦੇ ਹਨ।
ਰੋਟੀ ਖਾਣ ਵੇਲੇ ਵੀ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਪੜ੍ਹਦਾ ਰਹਿੰਦਾ ਹੈ। ਰਾਤੀਂ ਸੌਣ ਤੋਂ ਪਹਿਲਾਂ ਵੀ ਜਦੋਂ ਤਕ ਇੱਕ-ਦੋ ਕਹਾਣੀਆਂ ਨਾ ਪੜ੍ਹ ਲਵੇ, ਉਸ ਨੂੰ ਜਿਵੇਂ ਨੀਂਦ ਨਹੀਂ ਆਉਂਦੀ।
ਕੁਆਰਾ ਹੁੰਦਾ ਤਾਂ ਰਾਤ ਨੂੰ ਪਤਾ ਨ੍ਹੀਂ ਕਿੰਨੀ-ਕਿੰਨੀ ਦੇਰ ਤਕ ਪੜ੍ਹਦਾ ਰਹਿੰਦਾ ਸੀ। ਗੁੱਟ ‘ਤੇ ਬੰਨ੍ਹੀ ਘੜੀ ਵੀ ਲਾਹ ਕੇ ਪਰ੍ਹੇ ਰੱਖ ਦਿੰਦਾ ਸੀ ਤਾਂ ਜੋ ਵਕਤ ਦਾ ਪਤਾ ਨਾ ਲੱਗੇ ਅਤੇ ਕਹਾਣੀ ਪੜ੍ਹਨ ਦਾ ਸੁਆਦ ਖ਼ਰਾਬ ਨਾ ਹੋਵੇ।
ਉਹ ਸੈਂਟਰਲ ਲਾਇਬ੍ਰੇਰੀ ਦਾ ਮੈਂਬਰ ਹੈ। ਹਰ ਦੂਜੇ-ਤੀਜੇ ਦਿਨ ਪੁਰਾਣੀਆਂ ਕਿਤਾਬਾਂ ਮੋੜ ਕੇ ਨਵੀਆਂ ਕਢਵਾ ਲਿਆਉਂਦਾ ਹੈ। ਉਸ ਦੀ ਪੜ੍ਹਨ ਦੀ ਰਫ਼ਤਾਰ ਤੋਂ ਇਉਂ ਜਾਪਦਾ ਹੈ ਜਿਵੇਂ ਉਹ ਕੋਈ ਬਹੁਤ ਵੱਡਾ ਵਿਦਵਾਨ ਹੋਵੇ ਅਤੇ ਕਹਾਣੀਆਂ ਜਾਂ ਨਾਵਲ ‘ਤੇ ਖੋਜ ਕਰ ਰਿਹਾ ਹੋਵੇ। ਲਾਇਬ੍ਰੇਰੀ ਦਾ ਕਾਰਡ ਵੀ ਛੇਤੀ-ਛੇਤੀ ਭਰਦਾ ਜਾਂਦਾ ਸੀ। ਇੱਕ ਵਾਰ ਲਾਇਬ੍ਰੇਰੀ ਵਿੱਚ ਕਿਤਾਬਾਂ ਇਸ਼ੂ ਕਰਨ ਵਾਲੇ ਨੇ ਪੁੱਛ ਹੀ ਲਿਆ ਸੀ, ”ਜੇ ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਾਂ?”
”ਪੁੱਛੋ।”
”ਕੀ ਤੁਸੀਂ ਸੱਚ-ਮੁੱਚ ਇੰਨੀ ਛੇਤੀ ਕਿਤਾਬਾਂ ਪੜ੍ਹ ਲੈਂਦੇ ਓ? …ਗੁੱਸਾ ਨਾ ਕਰਿਓ… ਮੈਂ ਤਾਂ ਬਸ…”
ਜੁਆਬ ਵਿੱਚ ਉਸ ਨੇ ਰਤਾ ਕੁ ਮੁਸਕੁਰਾ ਕੇ ਕਿਹਾ ਸੀ, ”ਬਸ ਇੰਜ ਹੀ ਸਮਝ ਲਓ।” ਪਰ ਆਪਣੇ ਮਨ ਹੀ ਮਨ ਇੰਨਾ ਜ਼ਰੂਰ ਸੋਚਿਆ ਸੀ ਕਿ ਇਹ ਤਾਂ ਕੁਝ ਵੀ ਨਹੀਂ, ਕਾਲਜ ਦੇ ਦਿਨਾਂ ਵਿੱਚ ਤਾਂ ਇਸ ਤੋਂ ਦੁੱਗਣੀ ਰਫ਼ਤਾਰ ‘ਤੇ ਪੜ੍ਹਦਾ ਹੁੰਦਾ ਸੀ।
ਦੋਸਤ ਵੀ ਉਸ ਦੀ ਇਸ ਆਦਤ ‘ਤੇ ਟਿੱਚਰਾਂ ਕਰਨੋਂ ਨਹੀਂ ਹਟਦੇ, ”ਨਿਊੁਟਨ ਸਾਹਿਬ (ਦੋਸਤ ਉਸ ਨੂੰ ਇਸੇ ਨਾਂ ਨਾਲ ਸੱਦਦੇ ਹਨ) ਜੇ ਤੁਸੀਂ ਇੰਨੀ ਤਵੱਜੋ ਡਿਪਾਰਟਮੈਂਟਲ ਐਗਜ਼ਾਮ ਨੂੰ ਦਿਉ ਤਾਂ ਤੁਹਾਡਾ ਕਰੀਅਰ ਨਾ ਬਣ ਜਾਵੇ। ਐਵੇਂ ਅੱਖਾਂ ਖ਼ਰਾਬ ਕਰਨ ਦਾ ਕੀ ਫ਼ਾਇਦਾ!”
ਉਹ ਉਨ੍ਹਾਂ ਦੀਆਂ ਟਿੱਚਰਾਂ ਦੀ ਭੋਰਾ ਪਰਵਾਹ ਨਹੀਂ ਕਰਦਾ ਅਤੇ ਨਾ ਹੀ ਕਦੇ ਉਨ੍ਹਾਂ ਨਾਲ ਗੁੱਸੇ ਹੁੰਦਾ ਹੈ। ਉਹ ਮਨ ਹੀ ਮਨ ਹੱਸਦਾ ਹੈ ਕਿ ਜੇ ਕਿਤੇ ਇਨ੍ਹਾਂ ਨੂੰ ਇਹ ਪਤਾ ਲੱਗ ਜਾਵੇ ਕਿ ਉਹ ਤਾਂ ਪਖ਼ਾਨੇ ‘ਚ ਵੀ ਰਸਾਲੇ ਲੈ ਕੇ ਜਾਂਦਾ ਹੈ, ਫਿਰ ਤਾਂ ਉਸ ਦੀ ਮਿੱਟੀ ਪਲੀਤ ਕਰ ਦੇਣ।
ਉਹ ਇੱਕ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗਿਆ ਹੋਇਆ ਹੈ। ਉਹ ਦਫ਼ਤਰ ‘ਚ ਵੀ ਆਪਣੀ ਇਸ ਆਦਤ ਨੂੰ ਕਾਬੂ ਨਹੀਂ ਕਰ ਸਕਿਆ। ਉਹ ਦਫ਼ਤਰ ਦਾ ਕੰਮ ਫਟਾਫਟ ਕਰ ਦਿੰਦਾ ਤੇ ਫਿਰ ਰਸਾਲਾ ਪੜ੍ਹਨ ਲੱਗ ਜਾਂਦਾ ਹੈ। ਸਾਹਿਬ ਨੇ ਵੀ ਸ਼ਾਇਦ ਤੰਗ ਹੋ ਕੇ ਹੁਣ ਟੋਕ-ਟਕਾਈ ਬੰਦ ਕਰ ਦਿੱਤੀ ਸੀ। ਉਨ੍ਹਾਂ ਨੂੰ ਕੀ! ਦਫ਼ਤਰ ਦਾ ਕੰਮ ਤਾਂ ਠੀਕ ਤਰ੍ਹਾਂ ਕਰੀ ਜਾਂਦਾ ਏ।
ਉਸ ਦੀ ਇਸ ਆਦਤ ਤੋਂ ਪਤਨੀ ਵੀ ਵਾਹਵਾ ਦੁਖੀ ਹੈ। ਅਖੇ, ”ਇਹ ਕਾਹਦਾ ਝੱਸ! ਨਾ ਖਾਣ-ਪੀਣ ਦਾ ਫ਼ਿਕਰ, ਨਾ ਪਹਿਨਣ ਦਾ ਚਾਅ। ਮੂਹਰੇ ਪਈ ਰੋਟੀ ਠੰਢੀ ਹੋ ਜਾਵੇਗੀ ਪਰ ਜਨਾਬ ਦੀਆਂ ਨਜ਼ਰਾਂ ਮਜਾਲ ਕੀ ਜੇ ਕਿਤਾਬ ਤੋਂ ਹਟ ਜਾਣ!”
ਪਤਨੀ ਵੀ ਆਪਣੇ ਵੱਲੋਂ ਬਥੇਰੀ ਵਾਹ ਲਾ ਕੇ ਅੱਕ ਗਈ ਸੀ। ਨਾ ਤਾਂ ਪਿਆਰ ਨਾਲ ਸਮਝਾਉਣ ਦਾ ਕੋਈ ਅਸਰ ਹੋਇਆ ਅਤੇ ਨਾ ਹੀ ਰੁੱਸ ਕੇ ਪੇਕੇ ਜਾਣ ਦਾ ਫਾਰਮੂਲਾ ਕੰਮ ਆਇਆ।
---
ਉਸ ਦਿਨ ਉਸ ਦੀ ਪਤਨੀ ਰਸੋਈ ‘ਚ ਚਾਹ ਬਣਾ ਰਹੀ ਸੀ ਕਿ ਅਚਾਨਕ ਪਤੀਲੀ ਹੱਥੋਂ ਛੁੱਟ ਗਈ ਤੇ ਉਬਲਦੇ-ਉਬਲਦੇ ਪਾਣੀ ਦੇ ਛਿੱਟੇ ਪੈਰਾਂ ‘ਤੇ ਪੈ ਗਏ।
”ਹਾਏ ਮੈਂ ਮਰ ਗਈ,” ਪਤਨੀ ਦੀ ਚੀਕ ਨਿਕਲ ਗਈ।
ਉਹ ਕਮਰੇ ‘ਚ ਬੈਠਾ ਨਾਵਲ ਪੜ੍ਹ ਰਿਹਾ ਸੀ। ਬਹੁਤ ਦਿਲਚਸਪ ਦ੍ਰਿਸ਼ ਚੱਲ ਰਿਹਾ ਸੀ। ਪਤਨੀ ਦੀ ਚੀਕ ਸੁਣ ਕੇ ਉਸ ਨੇ ਕਿਤਾਬ ਤੋਂ ਨਜ਼ਰਾਂ ਬਿਨਾਂ ਚੁੱਕੇ ਹੀ ਪੁੱਛਿਆ, ”ਕੀ ਹੋਇਆ?”
ਪਤਨੀ ਨੇ ਕੋਈ ਜੁਆਬ ਨਹੀਂ ਦਿੱਤਾ।
ਇੱਕ ਵਾਰੀ ਪੁੱਛਣ ਮਗਰੋਂ ਮੁੜ ਪੁੱਛਣ ਦੀ ਸ਼ਾਇਦ ਉਸ ਨੇ ਲੋੜ ਨਹੀਂ ਸਮਝੀ ਜਾਂ ਹੋ ਸਕਦਾ ਹੈ ਉਸ ਨੂੰ ਚੇਤੇ ਹੀ ਨਾ ਰਿਹਾ ਹੋਵੇ ਕਿ ਪਤਨੀ ਕਿਉਂ ਚੀਕੀ ਸੀ। ਪਤਨੀ ਖ਼ੁਦ ਹੀ ਕਮਰੇ ‘ਚ ਆ ਗਈ।
ਪਤੀ ਨੂੰ ਕਿਤਾਬ ਪੜ੍ਹਦਿਆਂ ਵੇਖ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ, ”ਹੱਦ ਹੋ ਗਈ… ਕੋਈ ਮਰਦਾ ਮਰ ਜਾਵੇ, ਇਨ੍ਹਾਂ ਨੂੰ ਕਿਤਾਬਾਂ ਤੋਂ ਫੁਰਸਤ ਨ੍ਹੀਂ। ਜੇ ਕਿਤਾਬਾਂ ਇੰਨੀਆਂ ਹੀ ਚੰਗੀਆਂ ਲੱਗਦੀਆਂ ਸਨ ਤਾਂ ਕੀ ਲੋੜ ਪਈ ਸੀ ਵਿਆਹ ਕਰਾਉਣ ਦੀ?”
ਪਤਨੀ ਨੇ ਉਸ ਦੇ ਹੱਥੋਂ ਕਿਤਾਬ ਖੋਹ ਕੇ ਪਰ੍ਹਾਂ ਵਗਾਹ ਮਾਰੀ। ਉਹ ਡੌਰ-ਭੌਰ ਜਿਹਾ ਹੋ ਗਿਆ। ਉਹ ਬਿਨਾਂ ਪਲਕ ਝਪਕੇ ਪਤਨੀ ਵੱਲ ਤੱਕਣ ਲੱਗਾ। ਪਤਨੀ ਦਾ ਚਿਹਰਾ ਗੁੱਸੇ ਨਾਲ ਭਖ ਰਿਹਾ ਸੀ।
”ਹੱਦ ਹੋ ਗਈ, ਇੰਨਾ ਗੁੱਸਾ!” ਆਖਦਿਆਂ ਉਹ ਮਾੜਾ ਜਿੰਨਾ ਮੁਸਕੁਰਾਇਆ ਅਤੇ ਕੁਰਸੀ ਨਾਲ ਢੋਹ ਲਾ ਕੇ ਰਤਾ ਲੰਮਾ ਪੈ ਗਿਆ। ਪਤਨੀ ਕਿਉਂ ਚੀਕੀ ਸੀ ਉਸ ਨੂੰ ਭੋਰਾ ਵੀ ਚੇਤੇ ਨਹੀਂ ਰਿਹਾ ਸੀ।
ਪਤਨੀ ਨੇ ਇੱਕ ਵਾਰੀ ਘੂਰ ਕੇ ਉਸ ਵੱਲ ਤੱਕਿਆ ਤੇ ਫਿਰ ਅਲਮਾਰੀ ‘ਚੋਂ ਬਰਨੌਲ ਕੱਢ ਕੇ ਪੈਰ ‘ਤੇ ਮਲਣ ਲੱਗੀ।
”ਕੀ ਹੋਇਆ?” ਉਸ ਹੈਰਾਨੀ ਨਾਲ ਪੁੱਛਿਆ।
”ਤੁਸੀਂ ਕੀ ਲੈਣੈ? ਆਪਣੀ ਕਿਤਾਬ ਪੜ੍ਹੀ ਜਾਓ।” ਆਖ ਕੇ ਉਹ ਅੰਦਰਲੇ ਕਮਰੇ ਵੱਲ ਚਲੀ ਗਈ।
ਉਹ ਸੋਚੀਂ ਪੈ ਗਿਆ: ਕੀ ਹੋ ਗਿਆ ਇਸ ਨੂੰ! ਹਰ ਵੇਲੇ ਸੜੀ-ਭੁੱਜੀ ਰਹਿੰਦੀ ਹੈ। ਬੇਵਜ੍ਹਾ ਰੁੱਸ ਜਾਂਦੀ ਹੈ। ਕਿਤਾਬ ਨੂੰ ਇੰਜ ਵਗਾਹ ਕੇ ਸੁੱਟ ਦਿੱਤਾ ਜਿਵੇਂ ਘਰ ਦੀ ਹੀ ਕੋਈ ਚੀਜ਼ ਹੋਵੇ। ਫਟ ਜਾਂਦੀ ਤਾਂ ਨਵੀਂ ਲੈ ਕੇ ਦੇਣੀ ਪੈਣੀ ਸੀ। ਕਿੰਨਾ ਦਿਲਕਸ਼ ਕਥਾਨਕ ਚੱਲ ਰਿਹਾ ਸੀ। ਸਾਰਾ ਸੁਆਦ ਖ਼ਰਾਬ ਕਰ ਦਿੱਤਾ। ਹੁਣ ਤਕ ਪੰਜ-ਸੱਤ ਸਫ਼ੇ ਆਰਾਮ ਨਾਲ ਪੜ੍ਹ ਲੈਣੇ ਸਨ। ਰਸੋਈ ‘ਚ ਕੰਮ ਕਰਦਿਆਂ ਘਿਓ ਦਾ ਛਿੱਟਾ ਪੈ ਗਿਆ ਹੋਵੇਗਾ। ਛੇਤੀ ਘਾਬਰ ਜਾਂਦੀ ਹੈ।
ਉਹ ਕੁਰਸੀ ਤੋਂ ਉੱਠ ਕੇ ਕਮਰੇ ਦੀ ਇੱਕ ਨੁੱਕਰ ‘ਚੋਂ ਪਤਨੀ ਵੱਲੋਂ ਸੁੱਟੀ ਕਿਤਾਬ ਚੁੱਕ ਲਿਆਇਆ ਅਤੇ ਮੁੜ ਪੜ੍ਹਨ ਲੱਗ ਪਿਆ। ਜੇ ਸ਼ਾਮ ਤਕ ਇਹ ਨਾਵਲ ਖ਼ਤਮ ਹੋ ਗਿਆ ਤਾਂ ਲਾਇਬ੍ਰੇਰੀ ਬੰਦ ਹੋਣ ਤੋਂ ਪਹਿਲਾਂ ਇਸ ਨੂੰ ਮੋੜ ਕੇ ਨਵੀਂ ਕਿਤਾਬ ਇਸ਼ੂ ਕਰਵਾ ਲਿਆਵੇਗਾ। ਉਸ ਇੰਜ ਹੀ ਸੋਚਿਆ ਸੀ।
ਥੋੜ੍ਹੀ ਦੇਰ ਮਗਰੋਂ ਪਤਨੀ ਦੀ ਆਵਾਜ਼ ਆਈ, ”ਮੈਂ ਜਾ ਰਹੀ ਹਾਂ।”
”ਚੰਗਾ।” ਉਸ ਨੇ ਬਿਨਾਂ ਪਤਨੀ ਵੱਲ ਵੇਖਿਆਂ ਹੀ ਆਖਿਆ।
”ਇਹ ਵੀ ਨ੍ਹੀਂ ਪੁੱਛਣਾ ਕਿੱਥੇ ਚੱਲੀ ਹਾਂ?”
ਪਤਨੀ ਦੇ ਇਉਂ ਆਖਣ ‘ਤੇ ਉਸ ਨੇ ਗਰਦਨ ਉਪਰ ਕਰ ਕੇ ਉਸ ਵੱਲ ਤੱਕਿਆ, ”ਹੈਂ, ਇਹ ਅਟੈਚੀ ਕਾਹਨੂੰ ਚੁੱਕਿਆ ਹੈ? ਮੈਂ ਤਾਂ ਸਮਝਿਆ ਸੀ ਕਿ ਤੂੰ…”
”ਬਾਜ਼ਾਰ ਚੱਲੀ ਹਾਂ, ਇਹੋ ਨਾ?” ਪਤਨੀ ਨੇ ਉਸ ਨੂੰ ਅੱਧ-ਵਿਚਾਲੇ ਟੋਕਦਿਆਂ ਕਿਹਾ, ”ਜੀ ਨਹੀਂ, ਮੈਂ ਬਾਜ਼ਾਰ ਨ੍ਹੀਂ ਪੇਕੇ ਜਾ ਰਹੀ ਆਂ…”
”ਪਰ ਕਿਉਂ?”
”ਇਹ ਵੀ ਦੱਸਣ ਦੀ ਲੋੜ ਹੈ?” ਅਤੇ ਉਹ ਦਰਵਾਜ਼ੇ ਵੱਲ ਮੁੜ ਗਈ।
”ਰਤਾ ਗੱਲ ਤਾਂ ਸੁਣ…” ਉਹ ਇਕਦਮ ਉੱਠ ਖਲੋਤਾ।
”ਕੀ ਸੁਣਾਉਣਾ ਹੈ? ਐਵੇਂ ਤੁਹਾਡਾ ਵਕਤ ਖ਼ਰਾਬ ਹੋਵੇਗਾ। ਇੰਨੀ ਦੇਰ ‘ਚ ਤਾਂ ਤੁਸੀਂ ਦੋ-ਚਾਰ ਵਰਕੇ ਹੋਰ ਪੜ੍ਹ ਲਵੋਗੇ…” ਅਤੇ ਅਗਲੇ ਹੀ ਪਲ ਉਸ ਦੀ ਪਤਨੀ ਘਰੋਂ ਬਾਹਰ ਚਲੀ ਗਈ ਸੀ।
ਉਹ ਡੌਰ-ਭੌਰ ਜਿਹਾ ਹੋਇਆ ਉਸ ਨੂੰ ਜਾਂਦਿਆਂ ਵੇਖਦਾ ਰਿਹਾ। ਉਸ ਤੋਂ ਇੰਨਾ ਵੀ ਨਹੀਂ ਹੋਇਆ ਕਿ ਪਤਨੀ ਤੋਂ ਅਟੈਚੀ ਖੋਹ ਕੇ ਉਸ ਨੂੰ ਬਾਹੋਂ ਫੜ ਕੇ ਘਰ ਅੰਦਰ ਲੈ ਆਵੇ।
---
ਪਤਨੀ ਨੂੰ ਗਈ ਪੰਦਰਾਂ ਦਿਨ ਦੇ ਕਰੀਬ ਹੋ ਗਏ ਹਨ। ਇਹ ਦਿਨ ਉਸ ਨੇ ਕਿਵੇਂ ਕੱਟੇ, ਬਸ ਉਹੀ ਜਾਣਦਾ ਹੈ। ਹਰ ਵੇਲੇ ਗੁਆਚਿਆ ਜਿਹਾ ਰਹਿੰਦਾ ਹੈ। ਕਿਤਾਬਾਂ ਵੀ ਨਹੀਂ ਪੜ੍ਹਦਾ। ਪਤਨੀ ਦਾ ਇੰਜ ਰੁੱਸ ਕੇ ਤੁਰ ਜਾਣਾ ਉਸ ਤੋਂ ਜਿਵੇਂ ਬਰਦਾਸ਼ਤ ਨਹੀਂ ਹੋਇਆ।
ਉਹ ਆਪਣੀ ਗ਼ਲਤੀ ਮੰਨ ਕੇ ਪਤਨੀ ਨੂੰ ਚਿੱਠੀ ਲਿਖਣ ਵਿੱਚ ਹੱਤਕ ਸਮਝਦਾ ਹੈ ਕਿ ਆਪਣੀ ਮਰਜ਼ੀ ਨਾਲ ਗਈ ਹੈ, ਆਪਣੀ ਮਰਜ਼ੀ ਨਾਲ ਹੀ ਆਵੇ।
ਉਹ ਕਈ ਦਿਨਾਂ ਤੋਂ ਦਫ਼ਤਰ ਵੀ ਨਹੀਂ ਗਿਆ। ਤਾਪ ਚੜ੍ਹਿਆ ਹੋਇਆ ਹੈ। ਸ਼ਾਇਦ ਮੌਸਮ ਵਿੱਚ ਆ ਰਹੀ ਤਬਦੀਲੀ ਕਰਕੇ ਜਾਂ ਵੇਲੇ ਸਿਰ ਰੋਟੀ ਨਾ ਖਾਣ ਕਰਕੇ।
ਜਦੋਂ ਸ਼ਾਮ ਨੂੰ ਡਾਕਟਰ ਤੋਂ ਦਵਾਈ ਲੈ ਕੇ ਘਰ ਆਇਆ ਤਾਂ ਪਤਨੀ ਨੂੰ ਆਈ ਵੇਖ ਕੇ ਮੱਕੀ ਦੀਆਂ ਖਿੱਲਾਂ ਵਾਂਗ ਖਿੜ ਗਿਆ।
”ਤੁਹਾਡੀ ਤਬੀਅਤ ਕਿੱਦਾਂ ਏ? …ਤਾਪ ਕਿਵੇਂ ਚੜ੍ਹ ਗਿਆ?” ਉਸ ਦੇ ਕੁਝ ਆਖਣ ਤੋਂ ਪਹਿਲਾਂ ਹੀ ਪਤਨੀ ਨੇ ਪੁੱਛ ਲਿਆ।
ਉਸ ਨੂੰ ਡਾਹਢੀ ਹੈਰਾਨੀ ਹੋਈ ਕਿ ਪਤਨੀ ਨੂੰ ਕਿਵੇਂ ਪਤਾ ਲੱਗਿਆ।
”ਮੈਨੂੰ ਸਵੇਰੇ ਮਿਸਜ਼ ਗੁਪਤਾ ਦਾ ਫ਼ੋਨ ਆਇਆ ਸੀ। ਉਸ ਨੇ ਤੁਹਾਡੇ ਬਾਰੇ ਦੱਸਿਆ। ਮੈਂ ਤਾਂ ਫ਼ੋਨ ਸੁਣਦਿਆਂ ਸਾਰ ਹੀ ਤੁਰ ਪਈ।” ਪਤਨੀ ਨੇ ਉਸ ਨੂੰ ਅਸਲੀਅਤ ਤੋਂ ਜਾਣੂੰ ਕਰਵਾ ਦਿੱਤਾ।
ਪਤਨੀ ਦੇ ਮੁੜ ਆਉਣ ਦੀ ਜ਼ਿਆਦਾ ਖ਼ੁਸ਼ੀ ਉਸ ਨੂੰ ਇਸ ਲਈ ਵੀ ਹੈ ਕਿ ਉਸ ਨੂੰ ਝੁਕਣਾ ਨਹੀਂ ਪਿਆ। ਆਪੇ ਗਈ ਸੀ, ਆਪੇ ਆ ਗਈ।
ਇਧਰ-ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਆਖ਼ਰ ਪਤਨੀ ਨੇ ਪੁੱਛ ਹੀ ਲਿਆ, ”ਕੀ ਗੱਲ ਅੱਜ ਕਿਤਾਬਾਂ ਰਸਾਲੇ ਨ੍ਹੀਂ ਨਜ਼ਰ ਆ ਰਹੇ?”
”ਤੈਨੂੰ ਚੰਗੇ ਨ੍ਹੀਂ ਸੀ ਲੱਗਦੇ। ਮੈਂ ਤਾਂ ਉਸੇ ਦਿਨ ਕਿਤਾਬਾਂ ਤੇ ਰਸਾਲੇ ਬਾਹਰ ਸੁੱਟ ਦਿੱਤੇ। ਲਾਇਬ੍ਰੇਰੀ ਦਾ ਕਾਰਡ ਵੀ ਕੈਂਸਲ ਕਰਵਾ ਦਿੱਤਾ ਸੀ।”
”ਸੱਚੀਂ?” ਪਤਨੀ ਨੂੰ ਜਿਵੇਂ ਯਕੀਨ ਨਹੀਂ ਹੋਇਆ।
”ਤੇਰੀ ਸਹੁੰ।”
ਪਤਨੀ ਦੀ ਖ਼ੁਸ਼ੀ ਦੀ ਹੱਦ ਨਾ ਰਹੀ। ਉਹ ਮਨ ਹੀ ਮਨ ਆਪਣੇ-ਆਪ ਨੂੰ ਬੁਰਾ-ਭਲਾ ਆਖਣ ਲੱਗੀ। ਉਹ ਤਾਂ ਐਵੇਂ ਫ਼ਜ਼ੂਲ ਉਸ ਨਾਲ ਖਹਿਬੜਦੀ ਰਹਿੰਦੀ ਹੈ, ਪਤੀ ਤਾਂ ਉਸ ਦੀ ਹਰ ਗੱਲ ਮੰਨਦਾ ਹੈ।
ਪਤੀ ਦਾ ਤਾਪ ਵੀ ਛੂਮੰਤਰ ਹੋ ਗਿਆ ਸੀ।
ਪਤਨੀ ਨੇ ਉਸ ਦੇ ਮਨਪਸੰਦ ਮਟਰ ਚੌਲ ਬਣਾਏ। ਦੋਵੇਂ ਇੱਕੋ ਪਲੇਟ ‘ਚ ਖਾਣ ਲੱਗੇ।
ਖਾਣਾ ਖ਼ਤਮ ਹੋ ਗਿਆ ਸੀ। ਰਾਤ ਵੀ ਕਾਫ਼ੀ ਹੋ ਗਈ ਸੀ। ਉਹ ਬੈੱਡ ‘ਤੇ ਲੇਟ ਗਏ। ਮੁੜ ਇਧਰ-ਓਧਰ ਦੀਆਂ ਗੱਲਾਂ ਕਰਨ ਲੱਗੇ।
ਅਚਾਨਕ ਪਤੀ ਨੇ ਸਿਰਾਹਣਾ ਇੱਕ ਪਾਸੇ ਸਰਕਾ ਕੇ ਇੱਕ ਰਸਾਲਾ ਕੱਢ ਲਿਆ।
”ਇਹ ਕੀ… ਤੁਸੀਂ ਤਾਂ ਕਹਿੰਦੇ ਸੀ…” ਹੈਰਾਨ-ਪ੍ਰੇਸ਼ਾਨ ਪਤਨੀ ਉਸ ਵੱਲ ਤੱਕਣ ਲੱਗੀ ਸੀ।
”ਅੱਜ ਨਾ ਰੋਕੀਂ ਪਲੀਜ਼…” ਉਹ ਜਿਵੇਂ ਖੁਸ਼ਾਮਦ ਕਰਨ ਲੱਗਾ, ”ਅੱਜ ਤਾਂ ਤੇਰੇ ਆਉਣ ਦੀ ਖ਼ੁਸ਼ੀ ‘ਚ ਦੋ-ਚਾਰ ਪੰਨੇ ਪੜ੍ਹਨੇ ਚਾਹੁੰਦਾ ਹਾਂ… ਕੱਲ੍ਹ ਤੋਂ ਉੱਕਾ ਈ ਨ੍ਹੀਂ ਪੜਾਂਗਾ… ਤੇਰੀ ਸਹੁੰ ਡਾਰਲਿੰਗ…” ਤੇ ਉਹ ਪਹਿਲਾਂ ਵਾਂਗ ਹੀ ਰਸਾਲਾ ਪੜ੍ਹਨ ‘ਚ ਗੁਆਚ ਗਿਆ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com