Punjabi Stories/Kahanian
ਅਲੀ ਬਾਕਰ
Ali Baquer

Punjabi Kavita
  

Intezar Ali Baquer

ਇੰਤਜ਼ਾਰ ਅਲੀ ਬਾਕਰ

'ਸੱਲੂ ਐਨੇ ਸਾਲ ਹੋ ਗਏ ਨੇ ਤੈਨੂੰ ਕਹਾਣੀਆਂ ਲਿਖਦਿਆਂ ਹੋਇਆਂ...ਕਦੀ ਮੇਰੇ ਬਾਰੇ ਵੀ ਕੋਈ ਕਹਾਣੀ ਲਿਖ ਨਾ !'' ਲੀਨਾ ਨੇ ਸੱਲੂ ਦੇ ਨੇੜੇ ਆ ਕੇ, ਆਪਣਾ ਨਰਮ ਸੁਨਹਿਰੇ ਵਾਲਾਂ ਵਾਲਾ ਸਿਰ ਉਸਦੇ ਮੋਢੇ ਉੱਤੇ ਰੱਖਦਿਆਂ ਮੱਧਮ ਆਵਾਜ਼ ਵਿਚ ਕਿਹਾ ਸੀ। ਉਦੋਂ ਉਹ ਦੋਏ ਦਰਿਆ ਕਿਨਾਰੇ ਖੜ੍ਹੇ ਸਨ। ਸ਼ਾਮ ਦਾ ਸੁਰਮਈ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਸੀ। ਹਰ ਪਾਸੇ ਪਸਰੀ ਹੋਈ ਭਰਪੂਰ ਚੁੱਪ! ਵਿਚਕਾਰੋਂ ਅਛੋਪਲੇ ਹੀ, ਵਗਦੇ ਜਾ ਰਹੇ ਪਾਣੀ ਦਾ ਹੁਸਨ ਕੁਝ ਵਧੇਰੇ ਹੀ ਨਿਖਰਿਆ ਹੋਇਆ ਲੱਗ ਰਿਹਾ ਸੀ। ਦਿਨ ਦੇ ਪਰਛਾਵੇਂ ਜਦੋਂ ਢਲਣ ਲੱਗ ਪੈਂਦੇ ਨੇ ਤੇ ਲਾਲ-ਸੁਰਖ ਹੁੰਦਾ ਹੋਇਆ ਸੂਰਜ ਦਾ ਗੋਲਾ ਟੁੱਟ-ਟੁੱਟ, ਤਿੜਕ-ਤਿੜਕ ਲਹਿਰਾਂ ਉੱਤੇ ਖਿੱਲਰਦਾ ਜਾਪਦਾ ਹੈ ਤਾਂ ਸੱਲੂ ਤੇ ਲੀਨਾ ਦਰਿਆ ਕਿਨਾਰੇ ਆ ਜਾਂਦੇ ਨੇ ਤੇ ਰੌਸ਼ਨੀ ਦੀਆਂ ਅਣਗਿਣਤ ਰਿਸ਼ਮਾਂ ਨੂੰ ਦੇਖਦੇ ਰਹਿੰਦੇ ਨੇ। ਜਿਸ ਸ਼ਾਮ ਲੀਨਾ ਨੇ ਸੱਲੂ ਸਾਹਵੇਂ ਇਹ ਅਣਹੋਣੀ ਇੱਛਾ ਪੇਸ਼ ਕੀਤੀ ਕਿ ਉਹ ਲੀਨਾ ਉੱਤੇ ਕੋਈ ਕਹਾਣੀ ਲਿਖੇ...ਐਨ ਉਸੇ ਵੇਲੇ ਸੱਲੂ ਨੇ ਇਕ ਨਿੱਕੀ ਲਾਲ ਮੱਛੀ ਦੇਖੀ, ਜਿਸਨੇ ਇਕ ਤੈਰਦੇ ਹੋਏ ਕੇਕੜੇ ਨੂੰ ਨਿਗਲ ਜਾਣ ਦੀ ਕੋਸ਼ਿਸ਼ ਵਿਚ ਦਰਿਆ ਦੀ ਸ਼ਾਂਤ ਸਤਹਿ ਉੱਤੇ ਹਲਚਲ ਮਚਾ ਦਿੱਤੀ ਸੀ। ਸੱਲੂ ਸੋਚਣ ਲੱਗਾ—ਕੌਣ ਜਾਣੇ, ਉਸ ਤੇ ਲੀਨਾ ਵਿਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ...।
'ਤੂੰ ਏਡੀ ਪਿਆਰੀ ਕੁੜੀ ਏਂ ਲੀਨਾ...ਮੈਂ ਭਲਾ ਤੇਰੇ 'ਤੇ ਕਹਾਣੀ ਕਿੰਜ ਲਿਖ ਸਕਦਾਂ?'' ਸੱਲੂ ਨੇ ਆਪਣੇ ਖੱਬੇ ਹੱਥ ਦੀ ਹਥੇਲੀ ਨਾਲ ਲੀਨਾ ਦੀ ਮੁਲਾਇਮ ਗੱਲ੍ਹ ਥਾਪੜਦਿਆਂ ਕਿਹਾ, ''ਕਦੀ ਵਧੀਆ ਸੰਗੀਤ ਦੇ ਅਹਿਸਾਸ ਨੂੰ ਵੀ ਸ਼ਬਦਾਂ ਵਿਚ ਕੈਦ ਕੀਤਾ ਜਾ ਸਕਦਾ ਏ? ਨਾਲੇ ਲੀਨਾ ਤੇਰੀ ਕਹਾਣੀ ਕਿਸੇ ਹੱਦ ਤੱਕ ਮੇਰੀ ਆਪਣੀ ਕਹਾਣੀ ਵੀ ਤਾਂ ਹੋਏਗੀ—ਇਸ ਦਾ ਅੰਤ ਸੋਚਣਾ ਪਏਗਾ। ਕਹਾਣੀ ਜਿੰਦਗੀ ਨਹੀਂ ਹੁੰਦੀ, ਜਿਸ ਨੂੰ ਹਾਲਾਤ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਾਏ।
'ਖੈਰ, ਚੱਲ ਘਰ ਵਾਪਸ ਚੱਲੀਏ।'' ਲੀਨਾ ਨੇ ਹੌਲੀ ਜਿਹੇ ਸੱਲੂ ਦੇ ਮੋਢੇ ਨੂੰ ਚੁੰਮਿਆ। ਫੇਰ ਉਹ ਦੋਏ ਇਕ ਦੂਜੇ ਦੇ ਲੱਕ ਦੁਆਲੇ ਬਾਹਾਂ ਪਾ ਕੇ, ਕਦਮਾਂ ਨਾਲ ਕਦਮ ਮਿਲਾਉਂਦੇ ਹੋਏ, ਤੁਰਨ ਲੱਗੇ। ਹਨੇਰਾ ਹੋ ਜਾਣ ਪਿੱਛੋਂ ਦਰਿਆ ਦੇ ਉੱਚੇ ਕਿਨਾਰੇ ਦੀ ਪਗਡੰਡੀ ਉੱਤੇ ਤੁਰਨਾ ਖਤਰਨਾਕ ਵੀ ਹੋ ਸਕਦਾ ਸੀ। ਲਗਭਗ ਡੇਢ ਕੁ ਸਾਲ ਪਹਿਲਾਂ ਇਕ ਹੁਸੀਨ ਸ਼ਾਮ ਨੂੰ ਇਸ ਪਗਡੰਡੀ ਉੱਤੇ ਆਹਮੋਂ-ਸਾਹਮਣੇ ਆਉਂਦਿਆਂ ਉਹਨਾਂ ਦੀ ਮੁਲਾਕਾਤ ਹੋਈ ਸੀ।
ਲੀਨਾ ਫਿਨਲੈਂਡ ਦੇ ਦਾਰੁੱਲ ਖਲਾਫ਼ਾ ਹੇਲ ਦੀ ਰਹਿਣ ਵਾਲੀ ਸੀ ਅਤੇ ਐਸਟਾਕ ਹੋਮ ਦੇ ਇਕ ਵੱਡੇ ਹਸਪਤਾਲ ਵਿਚ ਨਰਸ ਲੱਗੀ ਹੋਈ ਸੀ। ਸਲਾਹੁਦੀਨ ਬੰਬਈ ਤੋਂ ਸਵਿਡਿਸ਼ ਹਕੂਮਤ ਦੇ ਖਰਚ ਉੱਤੇ ਬਿਜਨਸ ਮੈਨੇਜ਼ਮੈਂਟ ਦੀ ਟ੍ਰੇਨਿੰਗ ਕਰਨ ਆਇਆ ਹੋਇਆ ਸੀ। ਲੀਨਾ ਤੇ ਸਲਾਹੁਦੀਨ ਮਿਲੇ ਵੀ ਤਾਂ ਕੁਝ ਏਦਾਂ ਕਿ ਜਿਵੇਂ ਮੌਸਮ ਬਹਾਰ ਵਿਚ ਨੀਲੇ ਆਸਮਾਨ ਉੱਤੇ, ਇਕੋ ਦਿਸ਼ਾ ਵੱਲ, ਇਕੋ ਰਫ਼ਤਾਰ, ਇਕੋ ਉਚਾਈ ਉੱਤੇ ਉੱਡਦੇ ਹੋਏ ਬੱਦਲਾਂ ਦੇ ਦੋ ਟੁੱਕੜੇ ਆਪਸ ਵਿਚ ਇਕ ਮਿਕ ਹੋ ਗਏ ਹੋਣ। ਜਦੋਂ ਸਲਾਹੁਦੀਨ ਨੇ ਲੀਨਾ ਨੂੰ ਪਹਿਲੀ ਵਾਰੀ ਡੁੱਬਦੇ ਸੂਰਜ ਦੀਆਂ ਮਹੀਨ ਰਿਸ਼ਮਾਂ ਦੀ ਰੰਗੀਨੀ ਵਿਚ ਲੱਥਪੱਥ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਆਉਂਦਿਆਂ ਦੇਖਿਆ ਤਾਂ ਉਹ ਉਸਨੂੰ ਬੜੀ ਦਿਲਕਸ਼ ਲੱਗੀ। ਉਂਜ ਵੀ ਸਕੈਂਡੀਨੇਵੀਅਨ ਕੁੜੀਆਂ ਦੇ ਮੁਕਾਬਲੇ ਵਿਚ ਲੀਨਾ ਦਾ ਜਿਸਮ ਠੋਸ ਤੇ ਨਾਜ਼ੁਕ ਸੀ। ਉਸਦੇ ਵਾਲ ਏਨੇ ਸੁਨਹਿਰੇ ਸਨ ਕਿ ਧੁੱਪ ਵਿਚ ਚਾਂਦੀ ਦੀਆਂ ਤਾਰਾਂ ਦਾ ਭੁਲੇਖਾ ਪੈਣ ਲੱਗਦਾ ਸੀ ਮੁਲਾਇਮ ਰੇਸ਼ਮ ਦੇ ਗੁੱਛੇ ਜਿਹੇ। ਲੀਨਾ ਦੇ ਹੁਸੀਨ ਚਿਹਰੇ ਉੱਤੇ ਅੰਤਾਂ ਦੀ ਸਾਦਗੀ ਤੇ ਭੋਲਾਪਨ ਸੀ ਤੇ ਆਤਮ ਸੰਤੂਸ਼ਟੀ ਦੀ ਭਾਅ ਮਾਰਦੀ ਸੀ। ਸਲਾਹੁਦੀਨ ਨੇ ਪਹਿਲੀ ਮੁਲਾਕਾਤ ਸਮੇਂ ਹੀ ਉਸ ਨਾਲ ਸਿਨੇਮਾ ਦੇਖਣ ਦੀ ਖ਼ਾਹਸ਼ ਪ੍ਰਗਟ ਕੀਤੀ ਤੇ ਉਹ ਮੰਨ ਗਈ। ਦੂਜੇ ਦਿਨ ਜਦੋਂ ਉਸ ਐਸਟਾਕ ਹੋਮ ਦੇ ਐਨ ਵਿਚਕਾਰ ਬਾਦਸ਼ਾਹ ਦੇ ਮਹਿਲ ਲਾਗੇ ਬਣੇ ਤਲਾਅ ਕੋਲ ਮਿਲੇ ਤਾਂ ਦੋਹਾਂ ਨੂੰ ਮਹਿਸੂਸ ਹੋਇਆ ਕਿ ਮਿਥੇ ਹੋਏ ਸਮੇਂ ਨਾਲੋਂ ਕਾਫੀ ਪਹਿਲਾਂ ਆ ਗਏ ਨੇ। ਲੰਮੇ ਕੱਦ ਤੇ ਪਤਲੇ ਸਰੀਰ ਦੇ ਸਲਾਹੁਦੀਨ ਨੇ ਆਪਣੇ ਬਾਰੇ ਦੱਸਿਆ, ''ਮੇਰਾ ਨਾਂ ਜ਼ਰਾ ਮੁਸ਼ਕਿਲ ਹੈ...ਵੈਸੇ ਘਰ ਵਾਲੇ ਮੈਨੂੰ ਬਚਪਨ ਤੋਂ ਹੀ ਸੱਲੂ ਆਖ ਕੇ ਬੁਲਾਂਦੇ ਨੇ।'' ਉਹਨਾਂ ਇਕੱਠਿਆਂ ਹੀ ਇਕ ਫ਼ੈਸਲਾ ਕੀਤਾ ਕਿ ਅੰਗਮਾਰ ਬਰਗਮਨ ਦੀ ਫ਼ਿਲਮ ਦੇਖੀ ਜਾਏ। ...ਪਰ ਜਦੋਂ ਸਨੇਮਾ ਹਾਲ ਸਾਹਵੇਂ ਟਿਕਟ ਲੈਣ ਦੇ ਇਰਾਦੇ ਨਾਲ ਖੜ੍ਹੇ ਹੋਏ ਸਨ ਤਾਂ ਲੀਨਾ ਨੇ ਕਿਹਾ ਸੀ, ''ਜੇ ਤੈਨੂੰ ਬੁਰਾ ਨਾ ਲੱਗੇ ਤਾਂ ਸੱਲੂ ਆਪਾਂ ਇਹ ਫ਼ਿਲਮ ਦੇਖਣ ਦਾ ਪ੍ਰੋਗਰਾਮ ਕੈਂਸਲ ਕਰ ਦੇਈਏ। ਫ਼ਿਲਮ ਉਹਨਾਂ ਲੋਕਾਂ ਨਾਲ ਦੇਖੀ ਜਾਂਦੀ ਏ, ਜਿਹਨਾਂ ਨਾਲ ਗੱਲਾਂ ਕਰਨ ਨੂੰ ਜੀਅ ਨਾ ਕਰਦਾ ਹੋਏ।...ਤੇ ਉਂਜ ਵੀ ਹਾਲ ਦੇ ਹਨੇਰੇ ਵਿਚ ਫ਼ਿਲਮ ਵੱਲੋਂ ਲਾਪ੍ਰਵਾਹ ਤੂੰ ਇਹੀ ਸੋਚਦਾ ਰਹੇਂਗਾ ਕਿ ਕਿਸੇ ਬਹਾਨੇ ਲੀਨਾ ਦਾ ਹੱਥ ਫੜਾਂ ਤੇ ਚੁੰਮ ਲਵਾਂ...ਤੇ ਮੈਂ ਸੋਚ ਰਹੀ ਹੋਵਾਂਗੀ ਕਿ ਕਾਸ਼ ਤੂੰ ਆਪਣੇ ਇਰਾਦਿਆਂ ਵਿਚ ਕਾਮਯਾਬ ਹੋ ਜਾਏਂ।'' ਟਿਕਟ ਖਿੜਕੀ ਦੇ ਸਾਹਮਣੇ ਲੱਗੀ ਲਾਈਨ ਵਿਚ ਲੀਨਾ ਸੱਲੂ ਦੇ ਬਰਾਬਰ ਖੜ੍ਹੀ ਸੀ, ਏਨਾ ਕਹਿ ਕੇ ਪੂਰੀ ਤਰ੍ਹਾਂ ਘੁੰਮ ਗਈ ਤੇ ਕਹਿਣ ਲੱਗੀ, ''ਇਹ ਨੇ ਮੇਰੇ ਹੱਥ, ਲੈ ਇਹਨਾਂ ਨੂੰ ਪਕੜ ਲੈ ਸੱਲੂ...ਤੇ ਇਹ ਨੇ ਮੇਰੇ ਹੋਂਠ, ਚੁੰਮ ਲੈ ਇਹਨਾਂ ਨੂੰ।'' ਲੀਨਾ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਉਸ ਪਿਆਰ ਦੀ ਪ੍ਰਾਪਤੀ ਦੇ ਇੰਤਜ਼ਾਰ ਵਿਚ ਬੰਦ ਕਰ ਲਈਆਂ ਜਿਸਦੀ ਇੱਛਾ ਸੱਲੂ ਦੇ ਮਨ ਵਿਚ ਵੀ ਸੀ। ਉਸਨੇ ਲੀਨਾ ਦੇ ਦੋਹੇਂ ਅੱਗੇ ਵਧੇ ਹੋਏ ਹੱਥ ਫੜ੍ਹ ਲਏ ਤੇ ਉਸਨੂੰ ਆਪਣੇ ਵੱਲ ਖਿੱਚ ਕੇ ਵਾਰੀ ਵਾਰੀ ਉਸਦੀਆਂ ਬੰਦ ਅੱਖਾਂ ਨੂੰ ਚੁੰਮਿਆਂ। ਤੇ ਫੇਰ ਉਹ ਦੋਹੇਂ ਸਿਨੇਮਾ ਹਾਲ ਵਿਚੋਂ ਬਾਹਰ ਨਿਕਲ ਆਏ। ਘੰਟਿਆਂ ਬੱਧੀ ਸ਼ਹਿਰ ਵਿਚ ਘੁੰਮਦੇ ਰਹੇ। ਕਿਤੇ ਕਾਫੀ ਪੀਤੀ, ਕਿਤੋਂ ਸੈਂਡਵਿਚ ਖਾਧੇ। ਤੇ ਉਸ ਸ਼ਾਮ ਦੇ ਤੀਸਰੇ ਪਹਿਰ ਹੀ ਦੋਹਾਂ ਨੇ ਰਲ ਕੇ, ਲੀਨਾ ਦੇ ਹਸਪਤਾਲ ਦੇ ਨੇੜੇ ਹੀ ਇਕ ਛੋਟਾ ਜਿਹਾ ਫ਼ਲੈਟ ਕਿਰਾਏ ਉੱਤੇ ਲੈ ਲਿਆ ਸੀ।
ਸਲਾਹੂਦੀਨ ਉਸਨੂੰ ਹਿੰਦੂਸਤਾਨ ਬਾਰੇ ਦੱਸਦਾ ਰਹਿੰਦਾ ਕਿ ਉੱਥੇ ਲੋੜਾਂ ਥੁੜਾਂ ਦੇ ਬਾਵਜੂਦ ਵੀ ਲੋਕੀ ਖੁਸ਼ ਤੇ ਸੰਤੁਸ਼ਟ ਰਹਿੰਦੇ ਨੇ ਤੇ ਆਪਣੇ ਪਿਆਰਿਆਂ ਨਾਲ ਰੁੱਖੀ-ਮਿੱਸੀ ਖਾ ਕੇ ਵੀ ਖ਼ੁਦਾ ਦਾ ਸ਼ੁਕਰ ਕਰਦੇ ਨੇ। ਲੀਨਾ ਸਲਾਹੂਦੀਨ ਨੂੰ ਸਵੀਡਨ ਬਾਰੇ ਦੱਸਦੀ—ਜਿੱਥੇ ਜੀਵਨ-ਪੱਧਰ ਖਾਸਾ ਉੱਚਾ ਤੇ ਖੁਸ਼ਹਾਲ ਹੋਣ ਦੇ ਬਾਵਜੂਦ ਵੀ ਦਿਨ ਪ੍ਰਤੀ ਦਿਨ ਖ਼ੁਦਕਸ਼ੀ ਦੀਆਂ ਵਾਰਦਾਤਾਂ ਵਧ ਰਹੀਆਂ ਹੈਨ। ਲੋਕ ਆਪਣੇ ਅੰਦਰ ਇਕ ਖੋਖਲਾਪਨ ਮਹਿਸੂਸ ਕਰਦੇ ਨੇ। ਰਾਤੀਂ ਕਾਫੀ ਦੇਰ ਤਕ ਗਰਮ ਪਾਣੀ ਨਾਲ ਨਹਾਉਣ ਤੋਂ ਪਿੱਛੋਂ ਲੀਨਾ ਆਪਣੇ ਗਿੱਲੇ ਲਈ ਸਲਾਹੂਦੀਨ ਕੋਲ ਆ ਲੇਟਦੀ। ਉਹ ਉਸਨੂੰ ਆਪਣੀ ਕਿਸੇ ਕਹਾਣੀ ਦਾ ਅਨੁਵਾਦ ਸੁਣਾਉਂਦਾ। ਤੇ ਇਕ ਰਾਤ ਜਦੋਂ ਸਲਾਹੂਦੀਨ ਲਗਭਗ ਸੌਂ ਹੀ ਚੱਲਿਆ ਸੀ, ਲੀਨਾ ਨੇ ਪੁੱਛਿਆ :
'ਸੱਚ ਦੱਸੀਂ ਸੱਲੂ—ਕੀ ਤੂੰ ਇਕ ਲੇਖਕ ਹੋਣ ਕਰਕੇ ਹੀ ਮੈਨੂੰ ਪਸੰਦ ਕੀਤਾ ਏ?'' ਸਲਾਹੂਦੀਨ ਨੇ ਉਨੀਂਦਰੀਆਂ ਅੱਖਾਂ ਖੋਲ੍ਹ ਕੇ ਉਸ ਵੱਲ ਦੇਖਿਆ...ਉਹ ਬਿਸਤਰੇ ਉੱਤੇ ਮੂਧੀ ਪਈ ਹੋਈ ਸੀ ਤੇ ਉਸ ਦਾ ਗ਼ੁਲਾਬੀ ਚਿਹਰਾ ਸਿਰਹਾਣੇ ਵਿਚ ਛਿਪਿਆ ਹੋਇਆ ਸੀ—ਸ਼ਾਇਦ ਏਸੇ ਕਰਕੇ ਹੀ ਸਲਾਹੂਦੀਨ ਨੂੰ ਉਸਦੀ ਆਵਾਜ਼ ਕੁਝ ਓਪਰੀ ਜਿਹੀ ਲੱਗੀ ਸੀ।
'ਲੇਖਕ ਹੋਣ ਕਰਕੇ ਮੈਂ ਕੁਝ ਵੀ ਨਹੀਂ ਕਰਦਾ ਲੀਨਾ।'' ਸਲਾਹੂਦੀਨ ਨੇ ਜ਼ਰਾ ਸੋਚ ਕੇ ਜਵਾਬ ਦਿੱਤਾ, ''ਹਾਂ ਜਿਹੜਾ ਲੇਖਕ ਮੇਰੇ ਵਿਚ ਛਿਪਿਆ ਹੋਇਐ, ਉਹ ਮੇਰੇ ਕੁਝ ਤਜ਼ਰਬਿਆਂ, ਕੁਝ ਤੱਥਾਂ, ਕੁਝ ਅਹਿਸਾਸਾਂ ਦਾ ਚੁੱਪਚਾਪ ਫਾਇਦਾ ਉਠਾਅ ਲੈਂਦੈ...ਤੇ ਜਦੋਂ ਉਹ ਇੰਜ ਕਰਦੈ, ਤਾਂ ਮੈਨੂੰ ਉਸਦੀ ਮੁਹਾਰਤ ਉੱਤੇ ਈਰਖਾ ਹੋਣ ਲੱਗ ਪੈਂਦੀ ਐ। ਉਹ ਇਕ ਤਜ਼ਰਬੇਕਾਰ ਚੋਰ ਐ—ਜਿਹੜਾ ਦਿਨ ਦਿਹਾੜੇ ਸਭਨਾਂ ਦੇ ਸਾਹਮਣੇ ਮੇਰੀ ਚੋਰੀ ਕਰ ਲੈਂਦੈ।''
'ਕੀ ਤੂੰ ਉਹ ਨਹੀਂ, ਜੋ ਕੋਰੇ ਕਾਗਜ਼ ਉੱਤੇ ਪਾਤਰ ਨੂੰ ਜਿਹੋ-ਜਿਹਾ ਚਾਹੇਂ, ਬਣਾਅ ਦਏਂ?'' ਲੀਨਾ ਨੇ ਸਿਰਹਾਣੇ ਤੋਂ ਸਿਰ ਚੁੱਕ ਕੇ ਸਲਾਹੂਦੀਨ ਵੱਲ ਪਾਸਾ ਪਰਤਿਆ ਤੇ ਪਤਲੀਆਂ ਪਤਲੀਆਂ ਉਂਗਲਾਂ ਉਸਦੇ ਬੁੱਲ੍ਹਾਂ ਉੱਤੇ ਫੇਰਨ ਲੱਗ ਪਈ। ਉਸ ਰਾਤ ਲੀਨਾ ਨੇ ਸ਼ਾਇਦ ਸਲਾਹੂਦੀਨ ਅੰਦਰ ਛਿਪੀ ਲੇਖਨ-ਪ੍ਰਤਿਭਾ ਨੂੰ ਘੋਖਣ ਦਾ ਇਰਾਦਾ ਕਰ ਲਿਆ ਸੀ।
'ਬੜਾ ਮੁਸ਼ਕਲ ਸਵਾਲ ਐ ਇਹ।'' ਸਲਾਹੂਦੀਨ ਨੇ ਲੀਨਾ ਨੂੰ ਆਪਣੇ ਨੇੜੇ ਖਿੱਚ ਲਿਆ। ''ਉਹ ਮੈਂ ਹੁੰਦਾ ਵੀ ਹਾਂ, ਤੇ ਨਹੀਂ ਵੀ ਹੁੰਦਾ। ਜੇ ਸੱਚਮੁੱਚ ਮੇਰੇ ਵਿਚ ਇਹ ਤਾਕਤ ਹੁੰਦੀ ਕਿ ਇਨਸਾਨ ਨੂੰ ਜਿਵੇਂ ਚਾਹਾਂ ਪੇਸ਼ ਕਰ ਦਿਆਂ ਤਾਂ ਮੈਨੂੰ ਬੜਾ ਅਫ਼ਸੋਸ ਹੋਣਾ ਸੀ।...ਕਿਉਂਕਿ ਅਸਲ ਜ਼ਿੰਦਗੀ ਵਿਚ ਤਾਂ ਮੇਰੇ ਕੁਝ ਵੀ ਹੱਥ ਵੱਸ ਨਹੀਂ—ਲੋਕੀ ਜਿਵੇਂ ਚਾਹੁੰਦੇ ਐ, ਕਰਦੇ ਨੇ। ਇਨਸਾਨ ਨੂੰ ਆਪਣੀ ਮਰਜ਼ੀ ਮੁਤਾਬਕ ਨਾ ਦੇਖ ਕੇ ਲੇਖਕ ਨਾਰਾਜ਼ ਵੀ ਹੋ ਸਕਦੈ।'' ਸਲਾਹੂਦੀਨ ਦੀ ਆਵਾਜ਼ ਵਿਚ ਨੀਂਦ ਦੀ ਪੈੜ-ਚਾਲ ਸੁਣਾਈ ਦੇਖ ਲੱਗੀ, ਉਸਨੇ ਅੱਖਾਂ ਬੰਦ ਕਰ ਲਈਆਂ।
'ਨਹੀਂ ਸੱਲੂ ਅੱਜ ਸੌਣਾ ਨਹੀਂ—ਆਪਾਂ ਕੁਝ ਗੱਲਾਂ ਕਰਾਂਗੇ।'' ਲੀਨਾ ਨੇ ਬੜੇ ਪਿਆਰ ਨਾਲ ਸਲਾਹੂਦੀਨ ਦੁਆਲੇ ਆਪਣੀਆਂ ਬਾਹਾਂ ਕੱਸ ਦਿੱਤੀਆਂ। ''ਸੱਲੂ ਕੀ ਤੂੰ ਮੇਰੇ ਨਾਲ ਗੁੱਸੇ ਵੀ ਹੋ ਸਕਦਾ ਏਂ ਕਦੀ?...ਸੱਚੋ-ਸੱਚ ਦੱਸੀਂ?''
'ਲੀਨਾ, ਪਿਆਰੀ ਲੀਨਾ।'' ਸਲਾਹੂਦੀਨ ਨੇ ਲੀਨਾ ਦਾ ਮੱਥਾ ਚੁੰਮ ਕੇ ਕਿਹਾ, ''ਤੇਰੇ ਨਾਲ ਬਿਤਾਏ ਹੋਏ ਪਲ, ਤੇਰੇ ਨਾਲ ਕੀਤੀਆਂ ਗੱਲਾਂ ਤੇ ਇਹ ਅੱਜ ਰਾਤ ਦੀ ਬਾਤਚੀਤ...ਇੰਜ ਲੱਗਦੈ ਜਿਵੇਂ ਮੇਰੀ ਕਿਸੇ ਕਹਾਣੀ ਦਾ ਹਿੱਸਾ ਹੋਏ ਤੇ ਤੂੰ ਉਸਦੀ ਇਕ ਪਾਤਰ, ਜਿਹੜੀ ਉਹ ਸਭ ਕੁਝ ਕਹਿ ਰਹੀ ਏਂ ਜਿਸਨੂੰ ਸੁਣਨ ਵਾਸਤੇ ਮੈਂ ਤਰਸਦਾ ਰਹਿੰਦਾ ਆਂ।''
'ਕੀ ਤੂੰ ਸੋਚਦਾ ਏਂ ਕਿ ਇੰਜ ਹੋਣਾ ਗਲਤ ਹੈ?''
'ਹਾਂ, ਸੱਚੀ ਗੱਲ ਤਾਂ ਇਹ ਐ ਕਿ ਕਦੀ ਕਦੀ ਮੈਂ ਇੰਜ ਜ਼ਰੂਰ ਸੋਚਦਾਂ ਕਿ ਸਾਡੀ ਦੋਸਤੀ ਵਿਚ ਕੋਈ ਉਲਝਾਅ ਨਹੀਂ, ਜਿਹੜਾ ਕਹਾਣੀ ਵਿਚ ਹੋਣਾ ਲਾਜ਼ਮੀਂ ਹੁੰਦੈ—ਮਤਲਬ ਇਹ ਕਿ ਕਿਸੇ ਕਹਾਣੀ ਵਿਚ ਏਨਾ ਪੱਕਾ ਪਿਆਰ ਕਿੰਜ ਹੋ ਸਕਦੈ?'' ਤੇ ਸਲਾਹੂਦੀਨ ਨੇ ਸ਼ਾਇਦ ਲੀਨਾ ਦੇ ਹੋਂਠਾਂ ਉਪਰ ਬੋਸਾ ਏਨਾ ਲੰਮਾਂ ਕਰ ਦਿੱਤਾ ਸੀ ਕਿ ਉਹ ਬਹਿਸ ਕਰਨੀਂ ਭੁੱਲ ਗਈ ਸੀ। ਅਗਲੀ ਸਵੇਰੇ ਉਠੀ ਤਾਂ ਖਾਸੀ ਖੁਸ਼ ਸੀ ਉਹ...ਤੇ ਜਿਸ ਸਵੇਰ ਉਹ ਖੁਸ਼ ਹੁੰਦੀ ਸੀ ਸਲਾਹੂਦੀਆਂ ਦੀਆਂ ਤਲੀਆਂ ਵਿਚ ਕੁਤਕੁਤੀਆਂ ਕਰਕੇ ਉਸਨੂੰ ਜਗਾਉਂਦੀ ਹੁੰਦੀ ਸੀ। ਨਾਸ਼ਤਾ ਦੋਹੇਂ ਰਲ ਕੇ ਬਣਾਉਂਦੇ ਸਨ ਤੇ ਕਦੀ ਕਦੀ ਇੰਜ ਵੀ ਹੁੰਦਾ ਸੀ ਕਿ ਉਹ ਦੋਹੇਂ ਰਸੋਈ ਵਿਚ ਖਲੋਤੇ, ਉਬਲਦੇ ਡੁੱਲ੍ਹਦੇ ਦੁੱਧ ਨੂੰ ਦੇਖਦੇ ਰਹਿੰਦੇ ਤੇ ਇਕ ਦੂਜੇ ਨੂੰ ਛੱਡ ਕੇ ਨਾ ਤਾਂ ਅੱਗ ਘੱਟ ਕਰਦੇ ਤੇ ਨਾ ਹੀ ਪਤੀਲੀ ਹੇਠਾਂ ਲਾਹੁੰਦੇ।
'ਸੱਲੂ, ਇਕ ਹਿੰਦੂਸਤਾਨੀ ਵਿਚ ਪਤਨੀ ਵਿਚ ਕੀ ਵਿਸ਼ੇਸ਼ ਹੁੰਦਾ ਹੈ?'' ਇਕ ਸਵੇਰ ਉਬਲਦੇ ਡੁੱਲ੍ਹਦੇ ਦੁੱਧ ਵੱਲੋਂ ਲਾਪ੍ਰਵਾਹ ਲੀਨਾ ਨੇ ਸਲਾਹੂਦੀਨ ਨੂੰ ਪੁੱਛਿਆ। ਸੜ ਰਹੇ ਦੁੱਧ ਦੀ ਬੂ ਸਾਰੇ ਫਲੈਟ ਵਿਚ ਫੈਲਦੀ ਜਾ ਰਹੀ ਸੀ।
'ਵਫਾਦਾਰੀ...ਤਾਅਬੇਦਾਰੀ।'' ਏਨਾ ਕਹਿ ਦੇਣ ਪਿੱਛੋਂ ਤੁਰੰਤ ਸਲਾਹੂਦੀਨ ਨੂੰ ਅਹਿਸਾਸ ਹੋਇਆ ਕਿ ਇਹ ਖੂਬੀਆਂ ਤਾਂ ਲੀਨਾ ਵਿਚ ਵੀ ਸਨ, ਪਰ ਉਸਨੇ ਗੱਲ ਜਾਰੀ ਰੱਖੀ, ''ਚੂੜੀਆਂ ਦੀ ਖਣਕਾਰ ਹੁੰਦੀ ਐ...ਮਾਂਗ ਵਿਚ ਸੰਧੂਰ ਹੁੰਦਾ ਐ...ਸੁਹਾਗ ਦਾ ਗਰੂਰ ਹੁੰਦਾ ਐ।'' ਉਦੋਂ ਸਲਾਹੂਦੀਨ ਨੇ ਦੇਖਿਆ, ਲੀਨਾ ਦਾ ਚਿਹਰਾ ਉਤਰ ਗਿਆ ਸੀ। ਉਸਨੇ ਦੁੱਧ ਵਾਲੇ ਬਰਤਨ ਨੂੰ ਹੇਠ ਲਾਹਿਆ, ਅੱਗ ਬੁਝਾ ਦਿੱਤੀ ਤੇ ਹਸਪਤਾਲ ਜਾਣ ਦਾ ਬਹਾਨਾ ਕਰਕੇ ਫਲੈਟ ਵਿਚੋਂ ਚਲੀ ਗਈ...ਹਾਲਾਂਕਿ ਉਸ ਦਿਨ ਉਸਦੀ ਰੈਸਟ ਸੀ। ਉਸ ਸ਼ਾਮ ਲੀਨਾ ਨੇ ਸਲਾਹੂਦੀਨ ਸਾਹਮਣੇ ਇਹ ਅਨੋਖੀ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਆਪਣੇ ਉੱਤੇ ਇਕ ਕਹਾਣੀ ਲਿਖਵਾਉਣਾ ਚਾਹੁੰਦੀ ਹੈ। ਲੀਨਾ ਦੇ ਲੱਕ ਦੁਆਲੇ ਬਾਹਾਂ ਵਲੀ, ਦਰਿਆ ਕਿਨਾਰੇ ਬਣੀ ਹੋਈ ਉੱਚੀ ਨੀਵੀਂ ਪਗਡੰਡੀ ਉੱਤੇ ਤੁਰਦਾ ਹੋਇਆ ਸਲਾਹੂਦੀਨ ਸੋਚ ਰਿਹਾ ਸੀ—ਉਹਨਾਂ ਵਿਚੋਂ ਕੌਣ ਮੱਛੀ ਹੈ ਤੇ ਕੌਣ ਕੇਕੜਾ। ਉਸਨੂੰ ਆਪਣੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਉਸਨੇ ਕਿਹਾ—
'ਕਈ ਲੇਖਕ ਇਹ ਸਮਝਦੇ ਐ ਲੀਨਾ ਕਿ ਉਹ ਉਹੀ ਕੁਝ ਲਿਖਦੇ ਐ ਜੋ ਜ਼ਿੰਦਗੀ ਵਿਚ ਵਾਪਰ ਰਿਹਾ ਐ...ਤੇ ਕਈ ਅਜਿਹੇ ਐ, ਜਿਹੜੇ ਸੋਚਦੇ ਐ ਕਿ ਜ਼ਿੰਦਗੀ ਉਹਨਾਂ ਦੀਆਂ ਲਿਖਤਾਂ ਮੁਤਾਬਕ ਚੱਲ ਰਹੀ ਐ।''
'ਮੈਂ ਤੈਨੂੰ ਅਥਾਹ ਪ੍ਰੇਮ ਕਰਦੀ ਆਂ ਸੱਲੂ—ਉਸੇ ਸ਼ਾਮ ਤੋਂ ਜਦੋਂ ਇਸੇ ਪਗਡੰਡੀ ਉੱਤੇ ਤੈਨੂੰ ਪਹਿਲੀ ਵਾਰੀ ਦੇਖਿਆ ਸੀ। ਇਹਨਾਂ ਅਠਾਰਾਂ ਮਹੀਨਿਆਂ ਵਿਚ ਮੇਰਾ ਯਕੀਨ ਪੱਕਾ ਹੋ ਗਿਆ ਏ ਕਿ ਮੈਂ ਹਮੇਸ਼ਾ ਤੈਨੂੰ ਏਨਾ ਹੀ ਪਿਆਰ ਕਰ ਸਕਦੀ ਆਂ। ਤੇਰੀਆਂ ਸਾਰੀਆਂ ਕਹਾਣੀਆਂ ਮੈਨੂੰ ਪਸੰਦ ਨੇ—ਉਹ ਜਿਹੜੀਆਂ ਛਪ ਚੁੱਕੀਆਂ ਨੇ, ਤੇ ਉਹ ਵੀ ਜਿਹੜੀਆਂ ਤੂੰ ਛਪਾਉਣਾ ਨਹੀਂ ਚਾਹੁੰਦਾ। ਮੈਂ ਚਾਹੁੰਦੀ ਆਂ...ਬਲਕਿ ਮੇਰੀ ਅਰਜ਼ ਏ ਕਿ ਤੂੰ ਮੇਰੇ ਉੱਤੇ ਇਕ ਕਹਾਣੀ ਲਿਖ। ਤੇਰੇ ਅੰਦਰਲਾ ਕਹਾਣੀਕਾਰ ਜੋ ਵੀ ਉਸ ਕਹਾਣੀ ਦਾ ਅੰਤ ਪੇਸ਼ ਕਰੇਗਾ, ਮੈਨੂੰ ਕਬੂਲ ਹੋਏਗਾ...ਚਾਹੇ ਉਹ ਹਮੇਸ਼ਾ ਲਈ ਮਿਲਣ ਹੋਏ, ਚਾਹੇ ਜੁਦਾਈ।'' ਲੀਨਾ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗੇ। ਸ਼ਾਮ ਦੀ ਲਾਲੀ ਦੀਆਂ ਰੰਗੀਨੀਆਂ ਸਿਮਟ ਕੇ ਅਸਮਾਨ ਦੇ ਪੱਛਮੀ ਕੋਨੇ ਵਿਚ ਕੁਝ ਗਜਾਂ ਦਾ ਹਾਸ਼ੀਆਂ ਬਣ ਗਈਆਂ ਸਨ। ਦੂਰ ਐਸਟਾਕ ਹੋਮ ਦੀਆਂ ਇਮਾਰਤਾਂ ਵੱਲੋਂ ਰੌਸ਼ਨੀ ਦਾ ਇਕ ਗੁਬਾਰ ਜਿਹਾ ਉਠਦਾ ਦਿਸਿਆ। ਸਲਾਹੂਦੀਨ ਨੇ ਤੁਰਦਿਆਂ ਤੁਰਦਿਆਂ ਰੁਕ ਕੇ ਲੀਨਾ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ਵਾਰੀ ਵਾਰੀ ਨਾਲ ਉਸਦੀਆਂ ਸਿੱਜਲ ਅੱਖਾਂ, ਭਿੱਜੀਆਂ ਗੱਲ੍ਹਾਂ ਤੇ ਹੋਠਾਂ ਨੂੰ ਚੁੰਮਦਿਆਂ ਕਿਹਾ—
'ਤੂੰ ਕਹੇਂ ਤਾਂ ਮੈਂ ਹੁਣੇ ਤੇਰੇ ਨਾਲ ਵਿਆਹ ਕਰਵਾ ਲਵਾਂ...ਪਰ ਇਹ ਜ਼ਿੰਮੇਵਾਰੀ ਮੇਰੇ ਲੇਖਕ ਨੂੰ ਨਾ ਸੌਂਪੀ। ਪਤਾ ਨਹੀਂ ਉਹ ਕੀ ਫੈਸਲਾ ਕਰੇਗਾ—ਜੇ ਕਿਤੇ ਉਸਨੇ ਕਹਾਣੀ ਵਿਚ ਹੀਰੋ ਹੀਰੋਇਨ ਨੂੰ ਵੱਖ ਕਰ ਦਿੱਤਾ ਤਾਂ ਮੈਨੂੰ ਬੇਵਫ਼ਾ ਨਾ ਸਮਝੀਂ।''
'ਸੱਲੂ ਜਿੰਨਾਂ ਭਰੋਸਾ ਮੈਨੂੰ ਉਸ ਕਹਾਣੀਕਾਰ ਉੱਤੇ ਹੈ, ਤੈਨੂੰ ਵੀ ਹੋਣਾ ਚਾਹੀਦਾ ਏ।'' ਲੀਨਾ ਨੇ ਸਲਾਹੂਦੀਨ ਦੀ ਠੋਡੀ ਹੇਠ ਆਪਣਾ ਸਿਰ ਟਿਕਾ ਦਿੱਤਾ, ''ਉਹ ਜੋ ਵੀ ਫ਼ੈਸਲਾ ਕਰੇਗਾ ਤੈਨੂੰ ਵੀ ਮੰਨਣਾ ਪਏਗਾ ਸੱਲੂ।''
ਇਸ ਘਟਨਾਂ ਨੂੰ ਸੱਤ ਹਫਤੇ ਬੀਤ ਚੁੱਕੇ ਨੇ। ਲੀਨਾ ਤੇ ਸਲਾਹੂਦੀਨ ਦੀਨ ਅੱਜ ਵੀ ਉਸੇ ਫਲੈਟ ਵਿਚ ਰਹਿੰਦੇ ਨੇ। ਪਰ ਹੁਣ ਕਿਸੇ ਸਵੇਰ ਲੀਨਾ ਸਲਾਹੂਦੀਨ ਦੀਆਂ ਤਲੀਆਂ ਵਿਚ ਕੁਤਕੁਤੀਆਂ ਕਰਕੇ ਉਸਨੂੰ ਨਹੀਂ ਜਗਾਉਂਦੀ ਤੇ ਨਾ ਹੀ ਫਲੈਟ ਵਿਚ ਸੜ ਰਹੇ ਦੁੱਧ ਦੀ ਬੂ ਫੈਲਦੀ ਹੈ। ਸਲਾਹੂਦੀਨ ਨੇ ਆਪਣੇ ਜਜ਼ਬਾਤ ਤੇ ਅਹਿਸਾਸ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਨੇ...ਪਰ ਅੱਜ ਤੱਕ ਉੱਥੇ ਕੋਈ ਚੋਰੀ ਕਰਨ ਨਹੀਂ ਆਇਆ। ਅਕਸਰ ਉਹ ਰਾਤ ਨੂੰ ਕਾਗਜ਼ ਕਲਮ ਫੜ੍ਹ ਕੇ ਟੇਬਲ ਲੈਂਪ ਕੋਲ ਜਾ ਬੈਠਦਾ ਹੈ...ਪਰ ਦੋ ਅੱਖਰ ਵੀ ਨਹੀਂ ਲਿਖ ਸਕਦਾ। ਸਲਾਹੂਦੀਨ ਨੂੰ ਪਤਾ ਹੈ ਕਿ ਜੇ ਉਹ ਲੀਨਾ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰੇਗਾ ਤਾਂ ਵੀ ਉਹ ਨਹੀਂ ਮੰਨੇਗੀ। ਹੁਣ ਉਹ ਲੀਨਾ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ। ਲੀਨਾ ਸਲਾਹੂਦੀਨ ਵਿਚਲੇ ਕਹਾਣੀਕਾਰ ਨੂੰ ਹੀ ਪ੍ਰੇਮ ਕਰਦੀ ਹੈ, ਸਿਰਫ ! ਸਲਾਹੂਦੀਨ ਸੋਚਦਾ ਹੈ—ਕਾਸ਼, ਉਹ ਕਹਾਣੀਕਾਰ ਨਾ ਹੁੰਦਾ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)


ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com