Jaagna : Lu Xun

ਜਾਗਣਾ : ਲੂ ਸ਼ੁਨ

ਸਕੂਲ ਜਾਂਦੇ ਵਿਦਿਆਰਥੀਆਂ ਵਾਂਗ ਰੋਜ਼ ਸਵੇਰੇ ਬੰਬ ਵਰਾਊ ਜਹਾਜ਼ ਪੀਕਿੰਗ ਉੱਪਰ ਉਡਾਨ ਭਰਦੇ ਹਨ। ਅਤੇ ਹਰ ਵਾਰ ਜਦ ਮੈਂ ਉਹਨਾਂ ਦੇ ਇੰਜਣਾਂ ਨੂੰ ਹਵਾ ‘ਤੇ ਹਮਲਾ ਬੋਲਦੇ ਸੁਣਦਾ ਹਾਂ ਤਾਂ ਮੈਨੂੰ ਹਲਕੇ ਜਿਹੇ ਤਣਾਅ ਦਾ ਅਹਿਸਾਸ ਹੁੰਦਾ ਹੈ ਜਿਵੇਂ ਮੈਂ ਮੌਤ ਦੇ ਹਮਲੇ ਦਾ ਮੌਕੇ ਦਾ ਗਵਾਹ ਬਣ ਰਿਹਾ ਹੋਵਾਂ, ਭਾਵੇਂ ਇਸ ਨਾਲ਼ ਜੀਵਨ ਦੀ ਹੋਂਦ ਦੀ ਮੇਰੀ ਚੇਤਨਾ ਵਧ ਜਾਂਦੀ ਹੈ।
ਇੱਕ-ਦੋ ਦੱਬੇ-ਦੱਬੇ ਧਮਾਕਿਆਂ ਤੋਂ ਬਾਅਦ ਜਹਾਜ਼ ਭਿਣਭਿਣਾਉਂਦੇ ਹੋਏ ਹੋਲ਼ੀ ਰਫ਼ਤਾਰ ਨਾਲ਼ ਵਾਪਸ ਉੱਡ ਜਾਂਦੇ ਹਨ। ਸ਼ਾਇਦ ਕੁੱਝ ਲੋਕ ਫੱਟੜ ਹੁੰਦੇ ਹਨ, ਪਰ ਦੁਨੀਆਂ ਆਮ ਨਾਲ਼ੋਂ ਜ਼ਿਆਦਾ ਸ਼ਾਂਤ ਲੱਗਣ ਲੱਗਦੀ ਹੈ। ਬਾਰੀ ਤੋਂ ਬਾਹਰ ਪਾਪੂਲਰ ਦੀਆਂ ਕੋਮਲ ਪੱਤੀਆਂ ਧੁੱਪ ਵਿੱਚ ਗਾੜੇ ਸੋਨੇ ਜਿਹੀਆਂ ਚਮਕਦੀਆਂ ਹਨ, ਫੁੱਲਾਂ ਨਾਲ਼ ਭਰਿਆ ਆਲੂਬੁਖਾਰੇ ਦਾ ਰੁਖ ਕੱਲ੍ਹ ਤੋਂ ਵੀ ਵੱਧ ਵੱਡਾ ਲੱਗਦਾ ਹੈ। ਜਦ ਮੈਂ ਆਪਣੇ ਬਿਸਤਰੇ ‘ਤੇ ਚਾਰੇ ਪਾਸੇ ਖਿੰਡੇ ਅਖ਼ਬਾਰਾਂ ਨੂੰ ਸਮੇਟ ਦਿੰਦਾ ਹਾਂ ਅਤੇ ਪਿਛਲੀ ਰਾਤ ਮੇਜ਼ ‘ਤੇ ਜਮਾ ਹੋ ਗਈ ਹਲਕੀ ਘਸਮੈਲੀ ਧੂੜ ਨੂੰ ਸਾਫ਼ ਕਰ ਦਿੰਦਾ ਹੈ ਤਾਂ ਛੋਟਾ-ਜਿਹਾ ਚੌਰਸ ਕਮਰਾ ਅਜਿਹਾ ਲੱਗਣ ਲਗਦਾ ਹੈ ਜਿਹਦੇ ਲਈ ਕਹਿੰਦੇ ਹਨ, ”ਖੁਸ਼ੀ ਭਰੀਆਂ ਬਾਰੀਆਂ ਅਤੇ ਬੇਦਾਗ ਮੇਜ਼।”
ਕਿਸੇ ਕਾਰਣ, ਮੈਂ ਇੱਥੇ ਜਮਾ ਹੋ ਗਏ ਨੌਜਵਾਨ ਲੇਖਕਾਂ ਦੇ ਖਰੜਿਆਂ ਨੂੰ ਸੰਪਾਦਨ ਕਰਨ ਲਗਦਾ ਹਾਂ। ਮੈਂ ਉਹਨਾਂ ਸਭ ਨੂੰ ਪੜ੍ਹਨਾ ਚਾਹੁੰਦਾ ਹਾਂ। ਮੈਂ ਉਹਨਾਂ ਨੂੰ ਸਮਾਂ-ਲੜੀ ਅਨੁਸਾਰ ਪੜ੍ਹਦਾ ਹਾਂ ਅਤੇ ਇਹਨਾਂ ਨੌਜਵਾਨ ਲੋਕਾਂ ਦੀਆਂ ਆਤਮਾਵਾਂ ਵਾਰੀ-ਵਾਰੀ ਨਾਲ਼ ਮੇਰੇ ਸਾਹਮਣੇ ਆਉਣ ਲੱਗਦੀਆਂ ਹਨ ਜੋ ਕਿਸੇ ਵੀ ਤਰ੍ਹਾਂ ਦੀ ਮੁਲੰਮੇਬਾਜ਼ੀ ਤੋਂ ਨਫ਼ਰਤ ਕਰਦੇ ਹਨ। ਉਹ ਬਹੁਤ ਚੰਗੇ ਹਨ, ਉਹਨਾਂ ਵਿੱਚ ਇਮਾਨਦਾਰੀ ਹੈ — ਪਰ, ਆਹ! ਇਹ ਕਿੰਨੇ ਉਦਾਸ ਹਨ, ਇਹ ਮੇਰੇ ਪਿਆਰੇ ਨੌਜਵਾਨ, ਉਹ ਸ਼ਿਕਾਇਤ ਕਰਦੇ ਹਨ, ਗੁੱਸਾ ਹੁੰਦੇ ਹਨ ਅਤੇ ਅਖ਼ੀਰ ਰੁੱਖੇ ਬਣ ਜਾਂਦੇ ਹਨ।
ਉਹਨਾਂ ਦੀਆਂ ਆਤਮਾਵਾਂ ਹਵਾ ਅਤੇ ਧੂੜ ਦੇ ਥਪੇੜੇ ਸਹਿਕੇ ਰੁੱਖੀਆਂ ਹੋ ਜਾਂਦੀਆਂ ਹਨ ਕਿਉਂਕਿ ਉਹਨਾਂ ਦੀ ਆਤਮਾ ਮਨੁੱਖ ਦੀ ਆਤਮਾ ਹੈ, ਅਜਿਹੀ ਆਤਮਾ ਜੋ ਮੈਨੂੰ ਪਿਆਰੀ ਹੈ। ਮੈਂ ਖੁਸ਼ੀ-ਖੁਸ਼ੀ ਇਸ ਰੁੱਖੇਪਨ ਨੂੰ ਚੁੰਮਾਂਗਾ ਜਿਸ ਤੋਂ ਖ਼ੂਨ ਟਪਕ ਰਿਹਾ ਹੈ ਪਰ ਜਾ ਅਕਾਰਹੀਣ ਅਤੇ ਰੰਗਹੀਣ ਹੈ। ਖੂਬਸੂਰਤ, ਦੂਰ ਤੱਕ ਮਸ਼ਹੂਰ ਦੁਰਲੱਭ ਫੁੱਲਾਂ ਨਾਲ਼ ਬਗੀਚਿਆਂ ਵਿੱਚ ਸ਼ਰਮੀਲੀਆਂ ਅਤੇ ਸੋਹਲ ਕੁੜੀਆਂ ਸੁਸਤਾ ਕੇ ਸਮਾਂ ਲੰਘਾ ਰਹੀਆਂ ਹਨ, ਬਗਲੇ ਚੀਕਦੇ ਹੋਏ ਲੰਘ ਰਹੇ ਹਨ ਅਤੇ ਸੰਘਣੇ, ਚਿੱਟੇ ਬੱਦਲ ਉੱਠ ਰਹੇ ਹਨ, ਇਹ ਸਭ ਬੇਹੱਦ ਦਿਲਖਿੱਚਵਾਂ ਹੈ ਪਰ ਮੈਂ ਨਹੀਂ ਭੁੱਲ ਸਕਦਾ ਕਿ ਮੈਂ ਮਨੁੱਖਾਂ ਦੀਆਂ ਦੁਨੀਆਂ ਵਿੱਚ ਰਹਿ ਰਿਹਾ ਹਾਂ।
ਅਤੇ ਇਹ ਅਚਾਨਕ ਮੈਨੂੰ ਇੱਕ ਘਟਨਾ ਦੀ ਯਾਦ ਦਿਵਾਉਂਦਾ ਹੈ: ਦੋ ਜਾਂ ਤਿੰਨ ਵਰ੍ਹੇ ਪਹਿਲਾਂ, ਮੈਂ ਪੀਕਿੰਗ ਵਿਸ਼ਵ-ਵਿਦਿਆਲੇ ਦੇ ਸਟਾਫ਼ ਰੂਮ ਵਿੱਚ ਸੀ ਕਿ ਇੱਕ ਵਿਦਿਆਰਥੀ, ਜਿਸਨੂੰ ਮੈਂ ਨਹੀਂ ਜਾਣਦਾ ਸੀ, ਅੰਦਰ ਆਇਆ। ਉਹਨੇ ਮੈਨੂੰ ਇੱਕ ਲਿਫ਼ਾਫਾ ਦਿੱਤਾ ਅਤੇ ਇੱਕ ਵੀ ਸ਼ਬਦ ਬੋਲਿਆਂ ਬਿਨਾਂ ਚਲਾ ਗਿਆ ਅਤੇ ਮੈਂ ਉਸਨੂੰ ਖੋਲਿਆ ਤਾਂ ‘ਛੋਟਾ ਘਾਹ’ ਰਸਾਲੇ ਦੀ ਇੱਕ ਕਾਪੀ ਮਿਲੀ। ਉਹਨੇ ਇੱਕ ਸ਼ਬਦ ਵੀ ਨਹੀਂ ਕਿਹਾ ਸੀ ਪਰ ਉਹ ਮੌਨ ਕਿੰਨਾ ਮੁਖਰ ਸੀ ਅਤੇ ਇਹ ਤੋਹਫ਼ਾ ਕਿੰਨਾ ਅਨਮੋਲ! ਮੈਨੂੰ ਦੁੱਖ ਹੈ ਕਿ ‘ਛੋਟਾ ਘਾਹ’ ਹੁਣ ਨਹੀਂ ਛਪ ਰਿਹਾ; ਲਗਦਾ ਹੈ ਇਹਨੇ ਬਸ ‘ਡੁੱਬੀ ਘੰਟੀ’ ਦੇ ਵਢੇਰੇ ਦੀ ਭੂਮਿਕਾ ਅਦਾ ਕੀਤੀ ਅਤੇ ‘ਡੁੱਬੀ ਘੰਟੀ’ ਇਨਸਾਨੀ ਸਮੁੰਦਰ ਥੱਲੇ ਡੂੰਘਾਈ ਵਿੱਚ, ਹਵਾ ਅਤੇ ਧੂੜ ਦੀਆਂ ਗੁਫਾਵਾਂ ਵਿੱਚ ਇਕੱਲੀ ਵੱਜ ਰਹੀ ਹੈ।
ਜੰਗਲੀ ਘਾਹ ਨੂੰ ਦਰੜ ਸੁੱਟਣ ‘ਤੇ ਵੀ ਉਸ ਵਿੱਚੋਂ ਇੱਕ ਛੋਟਾ ਜਿਹਾ ਫੁੱਲ ਉਗਦਾ ਹੈ। ਮੈਨੂੰ ਯਾਦ ਆਉਂਦਾ ਹੈ ਕਿ ਤਾਲਸਤਾਏ ਇਸ ਤੋਂ ਇਨੇ ਜੋਸ਼ ਵਿੱਚ ਆ ਗਏ ਸਨ ਕਿ ਉਹਨਾਂ ਨੇ ਇਸ ‘ਤੇ ਇੱਕ ਕਹਾਣੀ ਲਿਖ ਦਿੱਤੀ। ਨਿਸ਼ਚਿਤ ਰੂਪ ਨਾਲ਼, ਜਦ ਸੁੱਕੇ, ਬੰਜਰ ਮਰੂਥਲ ਵਿੱਚ ਪੌਦੇ ਆਪਣੀਆਂ ਜੜਾਂ ਜ਼ਮੀਨ ਥੱਲੇ ਡੂੰਘਾਈ ਵਿੱਚ ਭੇਜਕੇ ਪਾਣੀ ਖਿੱਚ ਲਿਆਉਂਦੇ ਹਨ ਅਤੇ ਇੱਕ ਹਰਾ ਜੰਗਲ ਖੜਾ ਕਰ ਦਿੰਦੇ ਹਨ ਤਾਂ ਉਹ ਸਿਰਫ਼ ਆਪਣੀ ਹੋਂਦ ਲਈ ਜੂਝ ਰਹੇ ਹੁੰਦੇ ਹਨ ਪਰ ਥੱਕੇ-ਹਾਰੇ, ਪਿਆਸੇ ਮੁਸਾਫ਼ਰਾਂ ਦੇ ਦਿਲ ਉਹਨਾਂ ਨੂੰ ਦੇਖਕੇ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਅਜਿਹੀ ਜਗ੍ਹਾ ਪਹੁੰਚ ਚੁੱਕੇ ਹਨ ਜਿੱਥੇ ਥੋੜੀ ਦੇਰ ਅਰਾਮ ਕੀਤਾ ਜਾ ਸਕਦਾ ਹੈ। ਨਿਸ਼ਚਿਤ ਹੀ, ਇਹ ਡੂੰਘੀ ਬੇਗਰਜੀ ਅਤੇ ਉਦਾਸੀ ਦਾ ਭਾਵ ਪੈਦਾ ਕਰਦਾ ਹੈ।
ਪਾਠਕਾਂ ਨੂੰ ਸੰਬੋਧਤ ਕਰਦੇ ਹੋਏ ”ਬਿਨਾਂ ਸਿਰਲੇਖ” ਸਿਰਲੇਖ ਨਾਲ਼ ‘ਡੁੱਬੀ ਘੰਟੀ’ ਦੇ ਸੰਪਾਦਕਾਂ ਨੇ ਲਿਖਿਆ ਹੈ:
ਕੁੱਝ ਲੋਕ ਕਹਿੰਦੇ ਹਨ, ਸਾਡਾ ਸਮਾਜ ਇੱਕ ਮਰੂਥਲ ਹੈ। ਜੇਕਰ ਅਜਿਹਾ ਹੁੰਦਾ, ਤਾਂ ਸੁੰਨੇਪਣ ਨਾਲ਼ ਭਰਿਆ ਹੀ ਸਹੀ ਪਰ ਤੁਹਾਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ, ਵੀਰਾਨਾ ਹੀ ਸਹੀ ਪਰ ਤੁਹਾਨੂੰ ਅਨੰਤਤਾ ਦਾ ਅਹਿਸਾਸ ਹੁੰਦਾ। ਇਹ ਇੰਨਾ ਅਰਾਜਕ, ਵਿਓਹੀ ਅਤੇ ਸਭ ਤੋਂ ਵੱਧਕੇ ਇੰਨਾ ਬਦਲਣ ਵਾਲ਼ਾ ਨਾ ਹੁੰਦਾ, ਜਿਵੇਂ ਕਿ ਇਹ ਹੈ।
ਹਾਂ, ਨੌਜਵਾਨਾਂ ਦੀਆਂ ਆਤਮਾਵਾਂ ਮੇਰੇ ਸਾਹਮਣੇ ਉਭਰੀਆਂ ਹਨ। ਉਹ ਰੁੱਖੀਆਂ ਹੋ ਗਈਆਂ ਹਨ ਜਾਂ ਰੁੱਖੀਆਂ ਹੋਣ ਵਾਲ਼ੀਆਂ ਹਨ। ਪਰ ਮੈਂ ਇਹਨਾਂ ਆਤਮਾਵਾਂ ਨੂੰ ਪਿਆਰ ਕਰਦਾ ਹਾਂ ਜੋ ਚੁੱਪਚਾਪ ਖ਼ੂਨ ਦੇ ਹੰਝੂ ਰੋਂਦੀਆਂ ਹਨ ਅਤੇ ਬਰਦਾਸ਼ਤ ਕਰਦੀਆਂ ਹਨ ਕਿਉਂਕਿ ਉਹ ਮੈਨੂੰ ਇਹ ਅਹਿਸਾਸ ਕਰਾਉਂਦੀਆਂ ਹਨ ਕਿ ਮੈਂ ਮਨੁੱਖਾਂ ਦੀ ਦੁਨੀਆਂ ਵਿੱਚ ਹਾਂ — ਮੈਂ ਮਨੁੱਖਾਂ ਵਿੱਚ ਜੀ ਰਿਹਾ ਹਾਂ।
ਮੈਂ ਸੰਪਾਦਨ ਦੇ ਕੰਮ ਵਿੱਚ ਜੁਟਿਆ ਹਾਂ; ਸੂਰਜ ਢਲ਼ ਗਿਆ ਹੈ ਅਤੇ ਮੈਂ ਲੈਂਪ ਦੀ ਰੋਸ਼ਨੀ ਵਿੱਚ ਕੰਮ ਕਰਦਾ ਰਹਿੰਦਾ ਹਾਂ। ਹਰ ਤਰ੍ਹਾਂ ਦੇ ਨੌਜਵਾਨ ਮੇਰੀਆਂ ਅੱਖਾਂ ਸਾਹਵੇਂ ਲਿਸ਼ਕ ਜਾਂਦੇ ਹਨ ਭਾਵੇਂ ਮੇਰੇ ਚਾਰੇ ਪਾਸੇ ਸ਼ਾਮ ਦੇ ਮਟਕ ਹਨੇਰੇ ਤੋਂ ਬਿਨਾਂ ਕੁੱਝ ਵੀ ਨਹੀਂ ਹੈ। ਥੱਕਿਆ ਹੋਇਆ, ਮੈਂ ਇੱਕ ਸਿਗਰਟ ਧੁਖਾਉਂਦਾ ਹਾਂ, ਹੌਲ਼ੀ ਜਿਹੀ ਆਪਣੀਆਂ ਅੱਖਾਂ ਬੰਦ ਕਰਦਾ ਹਾਂ, ਐਵੇਂ ਹੀ ਕੁੱਝ ਸੋਚਦੇ ਹੋਏ ਅਤੇ ਇੱਕ ਲੰਬਾ, ਬਹੁਤ ਲੰਬਾ ਸੁਫ਼ਨਾ ਦੇਖਦਾ ਹਾਂ। ਮੈਂ ਝਟਕੇ ਨਾਲ਼ ਜਾਗਦਾ ਹਾਂ। ਚਾਰੇ ਪਾਸੇ ਕੁੱਝ ਨਹੀਂ ਬਸ ਮਟਕ ਹਨੇਰਾ ਹੈ; ਰੁਕੀ ਹੋਈ ਹਵਾ ਵਿੱਚ ਸਿਗਰਟ ਦਾ ਧੂੰਆ ਗਰਮੀ ਦੇ ਅੰਬਰੀਂ ਬੱਦਲ ਦੇ ਛੋਟੇ ਟੁਕੜਿਆਂ ਦੀ ਤਰ੍ਹਾਂ ਤੈਰ ਰਿਹਾ ਹੈ ਅਤੇ ਹੋਲ਼ੀ-ਹੋਲ਼ੀ ਅਬੁੱਝ ਅਕਾਰ ਧਾਰ ਰਿਹਾ ਹੈ।
(10 ਅਪ੍ਰੈਲ 1926)

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ