Jahanpanah Jungle (Punjabi Story) : Gulsher Khan Shaani

ਜਹਾਂਪਨਾਹ ਜੰਗਲ (ਕਹਾਣੀ) : ਗੁਲਸ਼ੇਰ ਖ਼ਾਂ ਸ਼ਾਨੀ

ਚਾਨਣ ਹੁਣ ਏਨਾ ਸੀ ਕਿ ਸਾਰਿਆਂ ਦੇ ਚਿਹਰੇ ਸਾਫ ਨਜ਼ਰ ਆ ਰਹੇ ਸੀ; ਮੇਰਾ ਵੀ। ਇਹ ਇਕ ਅਲਸਾਈ ਜਿਹੀ ਸਵੇਰ ਦਾ ਘੁਸਮੁਸਾ ਸੀ ਜਾਂ ਇਕ ਅਜਿਹੀ ਮਿਟਮੈਲੀ ਰੋਸ਼ਨੀ, ਜਦੋਂ ਸੂਰਜ ਕਿਤੇ ਹੁੰਦਾ ਤਾਂ ਹੈ ਪਰ ਦਿਖਾਈ ਨਹੀਂ ਦੇਂਦਾ।...ਤੇ ਜਦੋਂ ਤਕ ਤੁਸੀਂ ਇਸ ਸ਼ਸ਼ੋਪੰਜ ਵਿਚੋਂ ਬਾਹਰ ਨਿਕਲਦੇ ਓ, ਉਹ ਜੰਗਲ ਦੀ ਅੱਗ ਵਾਂਗ ਲਪਟਾਂ ਮਾਰਨ ਲੱਗ ਪੈਂਦਾ ਏ। ਉਸ ਨੀਮ ਰੋਸ਼ਨੀ ਵਿਚ ਮੈਂ ਸਾਫ਼ ਦੇਖਿਆ ਕਿ ਹਰੇਕ ਚਿਹਰੇ ਉੱਤੇ ਦਹਿਸ਼ਤ ਚਿਪਕੀ ਹੋਈ ਏ।...ਲੋਕ ਆਪੋ-ਆਪਣੀਆਂ ਗੁਫ਼ਾਵਾਂ ਤੇ ਘੋਰਨਿਆਂ ਵਿਚੋਂ ਬਾਹਰ ਨਿਕਲ ਆਏ ਸੀ ਤੇ ਸਕਵੇਰ ਦੇ ਐਨ ਵਿਚਕਾਰ ਇਕ-ਇਕ ਕਰਕੇ ਇਕੱਠੇ ਹੋ ਗਏ ਸੀ; ਉਹ ਘਬਰਾਏ ਹੋਏ ਵੀ ਸੀ। ਫਲੈਟ ਨੰ. 32-ਬੀ ਦਾ ਨਿਓਲਾ, 39-ਸੀ ਦਾ ਭੇਡੀਆ, 44-ਏ ਵਾਲਾ ਅਜਗਰ, 42-ਡੀ. ਵਾਲਾ ਲੂੰਬੜ, 45-ਡੀ ਦਾ ਕੈਪਟਨ ਜੇਬਰਾ ਤੇ 40-ਐਫ ਵਾਲਾ ਕੱਬਰ-ਬਿੱਜੂ—ਇਹਨਾਂ ਚਰਿੰਦਿਆਂ ਦੇ ਇਲਾਵਾ ਕੁਝ ਪਰਿੰਦੇ ਵੀ ਸਨ, ਪਰ ਜਿਹਨਾਂ ਦੇ ਮੈਂ ਨਾਂ ਨਹੀਂ ਸਨ ਰੱਖੇ...ਇਹ ਕੁਝ ਵੀ ਹੋ ਸਕਦੇ ਸੀ ਜਾਂ ਸਨ—ਮੋਰ, ਫ਼ਾਖਤਾ, ਚੱਕੀਰਾਹਾ, ਇੱਲ੍ਹ ਜਾਂ ਗਿਰਝ।
ਬੁੱਢੀ ਡਾਕਟਰਨੀ ਸੇਹੀ ਆਪਣੀ ਛੱਤ ਉੱਤੇ ਖੜ੍ਹੀ ਸੀ—ਕਾਲੋਨੀ ਦੀਆਂ ਹੋਰ ਔਰਤਾਂ ਵਾਂਗ ਜਿਹੜੀਆਂ ਆਪੋ-ਆਪਣੀਆਂ ਬਾਲਕੋਨੀਆਂ, ਛੱਤਾਂ ਜਾਂ ਦਰਵਾਜ਼ਿਆਂ ਵਿਚ ਕਾਟੋਆਂ ਵਾਂਗ ਖੜ੍ਹੀਆਂ ਦੇਖ ਰਹੀਆਂ ਸਨ ਜਾਂ ਉਸ ਫਿਕਰ ਵਿਚ ਸਨ ਕਿ ਕੀ ਹੋਇਆ ਜਾਂ ਕੀ ਹੋਣ ਵਾਲਾ ਏ! ਪਾਰਕ ਵਿਚ ਕੁਝ ਨਹੀਂ ਸੀ, ਸਿਵਾਏ ਉਸ ਸੌਖ ਤੋਂ ਕਿ ਉੱਥੋਂ ਹਾਦਸੇ ਵਾਲੀ ਜਗ੍ਹਾ ਨੇੜੇ ਪੈਂਦੀ ਸੀ ਤੇ ਸਾਫ-ਸਾਫ ਦੇਖੀ ਜਾ ਸਕਦੀ ਸੀ ਹਾਲਾਂਕਿ ਜਿਸ ਫਲੈਟ ਵਿਚ ਉਹ ਘਟਨਾ ਵਾਪਰੀ ਸੀ, ਹੁਣ ਉੱਥੇ ਦੇਖਣ ਵਾਲਾ ਕੁਝ ਵੀ ਨਹੀਂ ਸੀ...ਪੁਲਿਸ ਦੇ ਇਕ ਦੋ ਸਿਪਾਹੀ ਬਾਹਰ ਬੈਠੇ ਡੰਡੇ ਹਿਲਾਅ ਰਹੇ ਸਨ, ਉਹਨਾਂ ਚਰਦੇ ਹੋਏ ਘੋੜਿਆਂ ਵਾਂਗ ਜਿਹੜੇ ਥੋੜ੍ਹੀ-ਥੋੜ੍ਹੀ ਦੇਰ ਬਾਅਦ, ਸੱਜਿਓਂ-ਖੱਬੇ ਤੇ ਖੱਬਿਓਂ-ਸੱਜੇ, ਆਪਣੀ ਪੂਛ ਹਿਲਾਅ ਰਹੇ ਹੁੰਦੇ ਨੇ।
“ਬਈ, ਹੱਦ ਹੋ ਗਈ।” ਕਿਸੇ ਨੇ ਕਿਹਾ।
“ਹਨੇਰ ਹੈ-ਜੀ, ਹਨੇਰ...”
“ਮੁਲਕ ਦਾ ਤਾਂ ਸਤਿਆਨਾਸ ਹੋ ਗਿਐ। ਨਿੱਘਰਦਾ ਈ ਜਾ ਰਿਹੈ।”
“ਲੋਕਾਂ ਦਾ ਲਹੂ ਸਫੇਦ ਹੋ ਗਿਐ ਜੀ।” ਕੋਈ ਮਿਆਂਕਿਆ, “ਕਿਸੇ ਦੀ ਜਾਨ-ਮਾਲ ਸੁਰੱਖਿਅਤ ਨਹੀਂ।”
“ਅੱਲਾ, ਰਹਿਮ ਕਰੇ।” ਲੰਮਾਂ ਸਾਹ ਖਿੱਚ ਕੇ ਮਾਸਟਰ ਖਰਗੋਸ਼ ਬੋਲੇ।
“ਕਿੰਨਾ ਕੁ ਮਾਲ-ਮੱਤਾ ਗਿਆ ਏ ਬਈ?” ਅਚਾਨਕ 39-ਸੀ ਦੇ ਭੇਡੀਏ ਨੇ ਮੈਥੋਂ ਧੀਮੀ ਆਵਾਜ਼ ਵਿਚ ਪੁੱਛਿਆ। ਮੈਨੂੰ ਸੁਣ ਵੀ ਗਿਆ, ਪਰ ਮੈਂ ਜਾਣ-ਬੁੱਝ ਕੇ ਕੋਈ ਜਵਾਬ ਨਹੀਂ ਦਿੱਤਾ। ਇਸ ਹਰਾਮਜ਼ਾਦੇ ਨਾਲ ਮੈਨੂੰ ਏਨੀ ਨਫ਼ਰਤ ਏ ਕਿ ਇਸਦੀ ਸ਼ਕਲ ਦੇਖਦਿਆਂ ਈ ਮੈਨੂੰ ਗੁੱਸਾ ਚੜ੍ਹਨ ਲੱਗ ਪੈਂਦਾ ਏ, ਪਰ ਉਹ ਹੈ ਕਿ ਮੌਕੇ ਬੇ-ਮੌਕੇ ਮੇਰੇ ਕੋਲ ਈ ਆ ਮਰਦੈ।
“ਜਦੋਂ ਜਾਨ ਦੇ ਲਾਲੇ ਪੈ ਜਾਣ, ਮਾਲ-ਮੱਤੇ ਦੀ ਕਿਸ ਨੂੰ ਸੁੱਝਦੀ ਏ!” ਮੇਰੇ ਕੋਲ ਖੜ੍ਹੇ ਅਰਨੇ ਝੋਟੇ ਨੇ ਜਵਾਬ ਦਿੱਤਾ। ਉਸ ਨੇ ਸੁਣ ਲਿਆ ਸੀ। ਕਾਲੂ ਭੇਡੀਏ ਨੇ ਬੇਸ਼ਰਮਾਂ ਵਾਂਗ ਸਿਰ ਹਿਲਾਇਆ ਯਾਨੀ ਉਹ ਤਾਂ ਹੈ। ਉਦੋਂ ਈ ਇਕ ਜੀਪ ਆ ਕੇ ਉਸ ਫਲੈਟ ਦੇ ਸਾਹਮਣੇ ਰੁਕੀ ਤੇ ਉਸ ਵਿਚੋਂ ਇਕ ਵਰਦੀਧਾਰੀ ਇੰਸਪੈਕਟਰ ਉਤਰ ਕੇ ਅੰਦਰ ਚਲਾ ਗਿਆ। ਉਹ ਲੱਕੜਬੱਗੇ ਵਾਂਗ ਤੁਰ ਰਿਹਾ ਸੀ ਤੇ ਜਦੋਂ ਉਹ ਆਇਆ ਸੀ, ਪਾਰਕ ਦੇ ਰੁੱਖਾਂ ਦੇ ਪੀਲੇ ਪੱਤੇ ਅਚਾਨਕ ਝੜਨ ਲੱਗ ਪਏ ਸਨ। ਦਸ ਬਾਰਾਂ ਜਣਿਆ ਦੇ ਗੱਲਾਂ ਕਰ ਰਹੇ ਛੋਟੇ-ਛੋਟੇ ਗਰੁੱਪ, ਯਕਦਮ ਚੁੱਪ ਹੋ ਗਏ ਸਨ। ਕੀ ਹੋਇਆ? ਲੱਗਦਾ ਏ, ਜੀਪ ਹਸਪਤਾਲੋਂ ਆਈ ਏ। ਔਰਤ ਤਾਂ ਏਥੇ ਈ ਅੱਧ-ਮੋਈ ਹੋ ਚੁੱਕੀ ਸੀ; ਸ਼ਿਕਾਰ ਦੌਰਾਨ ਫੁੰਡੀ ਨੀਲ-ਗਊ ਵਾਂਗ। ਲੱਗਦਾ ਸੀ, ਸਿਰਫ ਮੌਤ ਦੀ ਪੁਸ਼ਟੀ ਦੀ, ਫਾਰਮੈਲਟੀ ਨਿਭਾਉਣ ਲਈ ਹਸਪਤਾਲ ਲੈ ਜਾਈ ਜਾ ਰਹੀ ਏ।...ਪਰ ਆਦਮੀ ਦੀ ਹਾਲਤ ਠੀਕ ਜਾਪਦੀ ਸੀ, ਹਾਲਾਂਕਿ ਜਦੋਂ ਉਹ ਇੱਥੋਂ ਲੈ ਜਾਇਆ ਜਾ ਰਿਹਾ ਸੀ, ਉਸਦਾ ਸਿਰ ਪਾਟਿਆ ਹੋਇਆ ਸੀ ਤੇ ਉਹ ਲਹੂ-ਲੁਹਾਣ ਹੋ ਚੁੱਕਿਆ ਸੀ। ਜਾਨਣਾ ਮੈਂ ਵੀ ਚਾਹੁੰਦਾ ਸੀ ਕਿ ਕੀ ਹੋਇਆ, ਪਰ ਹਿੰਮਤ ਕੀਤੀ ਖਿਸਕੇ ਨੇ—ਉਹ ਗਰੁੱਪ ਨਾਲੋਂ ਟੁੱਟ ਕੇ ਸਿੱਧਾ ਉਹਨਾਂ ਸਿਪਾਈਆਂ ਕੋਲ ਜਾ ਪਹੁੰਚਿਆ, ਕੁਝ ਚਿਰ ਇੱਲ੍ਹ ਵਾਂਗ ਇਧਰ-ਉਧਰ ਚੱਕਰ ਕੱਟਦਾ ਰਿਹਾ ਤੇ ਖਬਰ ਲੈ ਆਇਆ ਕਿ 'ਔਰਤ ਬਸ ਬਿੰਦ-ਝੱਟ ਦੀ ਮਹਿਮਾਨ ਏਂ ਤੇ ਆਦਮੀ ਦੀ ਹਾਲਤ ਵੀ ਠੀਕ ਨਹੀਂ।'
“ਤੇ ਬੱਚਾ?” ਕਿਸੇ ਨੇ ਪੁੱਛਿਆ।
ਕੀ ਹੋਣਾ ਸੀ ਬੱਚੇ ਦਾ? ਜੇ ਮੈਂ ਇਸ ਕਾਲੋਨੀ ਦਾ ਨਾ ਹੁੰਦਾ ਤਾਂ ਸ਼ਾਇਦ ਇਸ ਹਮਦਰਦੀ ਉੱਤੇ ਕੁਰਬਾਨ ਹੋਇਆ ਜਾ ਸਕਦਾ ਸੀ; ਪਰ ਮੈਂ ਇਸੇ ਕਾਲੋਨੀ ਦਾ ਸੀ—ਕਾਲੋਨੀ ਈ ਨਹੀਂ, ਇਸ ਸਕਵੇਰ ਤੇ ਸਭ ਕਾਸੇ ਦਾ ਬਾਰਾਬਰ ਦਾ ਹਿੱਸੇਦਾਰ। ਸਾਰੀਆਂ ਆਵਾਜ਼ਾਂ ਮੈਂ ਵੀ ਸੁਣੀਆਂ ਸੀ—ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਪਰ ਆਪਣੇ ਫ਼ਲੈਟ ਵਿਚ ਛਾਪਲਿਆ ਰਿਹਾ ਸੀ। ਮੈਂ ਵੀ ਅਣਜਾਣ ਬਣ ਗਿਆ ਸੀ—ਦਰਾੜ ਵਿਚ ਲੁਕੀ ਗੋਹ ਵਾਂਗ, ਕੈਪਟਨ ਜੇਬਰੇ ਵਾਂਗ, 41-ਐਫ ਵਾਲੇ ਗਿੱਦੜ ਵਾਂਗ, ਸਾਹਮਣੇ ਵਾਲੇ ਅਰਨੇ ਝੋਟੇ ਵਾਂਗ ਜਾਂ ਆਪਣੇ ਗੁਆਂਢੀ ਕੱਬਰ ਬਿੱਜੂ ਵਾਂਗ...
ਇਹ ਸੰਯੋਗ ਨਹੀਂ ਸੀ ਕਿ ਉਸ ਸਮੇਂ ਮੈਂ ਜਾਗਿਆ ਹੋਇਆ ਸੀ। ਰਾਤ ਮੈਂ ਇਕ ਪਾਰਟੀ ਵਿਚੋਂ ਦੇਰ ਨਾਲ ਆਇਆ ਸੀ। ਪਾਰਟੀ ਕੀ, ਆਪਣੀ ਹੀ ਚੰਡਾਲ-ਚੌਂਕੜੀ ਵਿਚੋਂ। ਮੇਰੇ ਤਿੰਨ ਚਾਰ ਦੋਸਤਾਂ ਦੀ ਇਹ ਜੁੰਡਲੀ ਜਦੋਂ ਵੀ ਇਕੱਠੀ ਹੋ ਜਾਂਦੀ ਏ, ਸ਼ਾਮ ਨੂੰ ਸ਼ੁਗਲ ਵਿਚ ਤਬਦੀਲ ਕਰ ਲਿਆ ਜਾਂਦਾ ਏ—ਕੋਈ ਵੀ ਹਲਾਲ ਹੋ ਸਕਦਾ ਏ ਜਾਂ ਅਸੀਂ ਵਾਰੀ-ਵਾਰੀ ਇਕ ਦੂਜੇ ਨੂੰ ਹਲਾਲ ਕਰਦੇ ਰਹਿੰਦੇ ਹਾਂ। ਇੱਛਾ ਸ਼ਾਮ ਕੱਟਣ ਦੀ ਜਾਂ ਉਸ ਤੋਂ ਨੱਠਣ ਦੀ ਕੰਮ ਕਰ ਰਹੀ ਹੁੰਦੀ ਏ। ਮੁੱਕਦੀ ਗੱਲ ਇਹ ਕਿ ਰਾਤ ਕੋਈ ਬਾਰਾਂ ਵਜੇ ਦੇ ਆਸਪਾਸ ਜਦੋਂ ਘਰ ਆਇਆ ਸਾਂ, ਮੇਰੇ ਅੰਦਰ ਸ਼ਰਾਬ ਦੇ ਤਿੰਨ-ਚਾਰ ਪੈਗ ਗਏ ਹੋਏ ਸਨ ਤੇ ਮੈਂ ਮਸਤ ਸਾਂ। ਅਜਿਹੀ ਹਾਲਤ ਵਿਚ ਨੀਂਦ ਤਾਂ ਤੁਰੰਤ ਆ ਜਾਂਦੀ ਏ ਪਰ ਪਤਾ ਨਹੀਂ ਕੀ ਹੁੰਦਾ ਏ ਕਿ ਦੋ ਤਿੰਨ ਘੰਟੇ ਬਾਅਦ ਅਚਾਨਕ ਅੱਖ ਖੁੱਲ੍ਹ ਜਾਂਦੀ ਏ—ਤੇ ਮੈਂ ਪਾਸੇ ਪਰਤਦਾ ਹੋਇਆ ਆਪਣੀ ਜ਼ਿੰਦਗੀ ਦਾ ਲੇਖਾ-ਜੋਖਾ ਕਰਨ ਲੱਗ ਪੈਂਦਾ ਹਾਂ। ਕੀ ਗੁਆਇਆ—ਇਹ, ਇਹ, ਇਹ! ਕੀ ਪ੍ਰਾਪਤ ਕੀਤਾ?...ਸਵਾਹ ਤੇ ਖੇਹ! ਕਿੱਥੇ ਪਹੁੰਚਿਆ? ਦਾਦਰੀ ਤੋਂ ਦਿੱਲੀ। ਦਿੱਲੀ ਪਹੁੰਚ ਕੇ ਕਿਹੜਾ ਤੀਰ ਮਾਰ ਲਿਆ?...ਕਿਉਂ, ਕੀ ਦਿੱਲੀ ਵਿਚ ਰਹਿ ਲੈਣਾ ਈ ਕਿਸੇ ਤੀਰ ਨਾਲੋਂ ਘੱਟ ਏ?...ਕਲ੍ਹ ਕੀ ਕਰੇਂਗਾ? ਉਹੀ ਜੋ ਕਲ੍ਹ ਕੀਤਾ ਸੀ ਜਾਂ ਉਸ ਤੋਂ ਪਹਿਲੇ ਕਲ੍ਹ ਜਾਂ ਉਸ ਤੋਂ ਵੀ ਪਹਿਲਾਂ ਵਾਲੇ ਦਿਨਾਂ ਵਿਚ ਕਰਦਾ ਰਿਹਾ ਸੀ...
ਕੋਈ ਸਾਢੇ ਤਿੰਨ ਜਾਂ ਚਾਰ ਦਾ ਸਮਾਂ ਹੋਏਗਾ। ਸੀਟੀ ਵਜਾ ਕੇ ਚੋਰਾਂ ਨੂੰ ਸਾਵਧਾਨ ਕਰਨ ਵਾਲਾ ਨਿਪਾਲੀ ਚੌਕੀਦਾਰ ਪਤਾ ਨਹੀਂ ਕਦੋਂ ਦਾ ਗਾਇਬ ਹੋ ਚੁੱਕਿਆ ਸੀ। ਅਚਾਨਕ ਕੋਈ ਕਾਰ ਆ ਕੇ ਰੁਕੀ ਸੀ—ਪਾਰਕ ਦੇ ਇਸ ਜਾਂ ਉਸ ਕੋਨੇ ਉੱਤੇ। ਉਦੋਂ ਮੈਂ ਧਿਆਨ ਨਹੀਂ ਸੀ ਦਿੱਤਾ। ਜਦੋਂ ਉਹ ਦੁਬਾਰਾ ਨੱਠਣ ਲਈ ਸਟਾਰਟ ਹੋਈ ਸੀ—ਉਦੋਂ ਯਾਦ ਆਇਆ ਸੀ ਕਿ ਹਾਂ, ਆਈ ਸੀ। ਪਹਿਲਾਂ ਗੋਲੀਆਂ ਚੱਲਣ ਦੀ ਆਵਾਜ਼ ਆਈ—ਫੇਰ ਕਿਸੇ ਜ਼ਨਾਨੀ ਦੀ ਚੀਕ। ਚੀਕ ਨਹੀਂ, ਹਨੇਰੇ ਦੀ ਖ਼ਾਮੋਸ਼ੀ ਨੂੰ ਚੀਰਦਾ ਹੋਇਆ ਕੁਰਲਾਹਟ। ਫੇਰ ਅਚਾਨਕ ਚੁੱਪ ਵਰਤ ਗਈ ਸੀ। ਫੇਰ ਇੰਜ ਲੱਗਿਆ ਸੀ ਜਿਵੇਂ ਕੁਝ ਆਦਮੀ ਜੱਫੋ-ਜੱਫੀ ਹੋ ਰਹੇ ਨੇ—ਫੇਰ ਕਿਸੇ ਆਦਮੀ ਦੀ ਚੀਕ ਨੂੰ ਮੂੰਹ ਵਿਚ ਈ ਘੁੱਟ ਦਿੱਤਾ ਗਿਆ। ਫੇਰ ਕੋਈ 'ਬਚਾਓ-ਬਚਾਓ' ਚੀਕਦਾ ਹੋਇਆ, ਦਗੜ-ਦਗੜ ਦੀਆਂ ਆਵਾਜ਼ਾਂ ਕਰਦਾ ਹੋਇਆ, ਭੱਜਿਆ ਸੀ। ਇਹ ਕੋਈ ਬੱਚਾ ਸੀ ਜਿਹੜਾ ਪਾਰਕ ਵਿਚ ਆ ਗਿਆ ਸੀ। ਉਹ ਡਰੀ ਤੇ ਡਰਾਉਣੀ ਆਵਾਜ਼ ਵਿਚ ਉੱਚੀ-ਉੱਚੀ ਚੀਕ ਰਿਹਾ ਸੀ—ਬਚਾਓ, ਬਚਾਓ!...ਪਹਿਲਾਂ ਮੈਂ ਉਠ ਕੇ ਬੈਠ ਗਿਆ; ਫੇਰ ਪਤਨੀ। ਬੱਤੀ ਜਗਾਈ ਸੀ, ਪਰ ਪਤਨੀ ਨੇ ਘੁਰਕ ਕੇ ਬੁਝਾ ਦਿੱਤੀ ਸੀ। ਮੈਂ ਖਿੜਕੀ ਵਿਚੋਂ ਬਾਹਰ ਹਨੇਰੇ ਪਾਰਕ ਵਿਚ ਦੇਖਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚੋਂ ਬੱਚੇ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ। ਦੋ ਚਾਰ ਹੋਰ ਫਲੈਟਸ ਦੀਆਂ ਬੱਤੀਆਂ ਜਗੀਆਂ ਸਨ, ਇਕ ਅੱਧੇ ਦੀ ਬੱਤੀ ਜਗ ਕੇ ਬੁਝ ਵੀ ਗਈ ਸੀ, ਮੇਰੇ ਵਾਂਗ। ਪਰ ਕੋਈ ਬਾਹਰ ਨਹੀਂ ਸੀ ਨਿਕਲਿਆ। ਕੁਝ ਚੀਕਾਂ ਪਿੱਛੋਂ ਬੱਚਾ ਵੀ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ। ਉਹ ਤਾਂ ਪਿੱਛੋਂ ਕਿਸੇ ਫਲੈਟ ਦੀਆਂ ਹਨੇਰੀਆਂ ਪੌੜੀਆਂ ਵਿਚ ਸਿਸਕਦਾ ਹੋਇਆ ਮਿਲਿਆ ਸੀ। ਉਦੋਂ ਜਦੋਂ ਲੁਟੇਰੇ ਕਾਰ ਵਿਚ ਬੈਠ ਕੇ ਭੱਜ ਚੁੱਕੇ ਸੀ ਤੇ ਸਕਵੇਰ ਦੇ ਮੇਰੇ ਵਰਗੇ ਸ਼ੇਰ ਹੌਲੀ-ਹੌਲੀ ਬਾਹਰ ਨਿਕਲ ਕੇ ਪਾਰਕ ਵਿਚ ਆਏ ਸਨ। ਤੇ ਇਹ ਕਹਿ ਕੇ ਹੈਰਾਨੀ ਪ੍ਰਗਟ ਕਰ ਰਹੇ ਸੀ ਕਿ ਕਿਉਂ ਭਾਈ ਕੀ ਹੋਇਆ?...
ਕੌਣ ਨਹੀਂ ਸੀ ਜਾਣਦਾ ਕਿ ਕੀ ਹੋਇਆ ਏ! ਜਦੋਂ ਲੋਕ ਆਪੋ-ਆਪਣੇ ਫਲੈਟਸ ਵਿਚ ਸਨ ਉਦੋਂ ਈ ਸਾਰੇ ਜਾਣ ਚੁੱਕੇ ਸਨ ਕਿ ਸਕਵੇਰ ਦੇ ਇਕ ਫਲੈਟ ਵਿਚ ਲੁਟੇਰੇ ਘੁਸ ਆਏ ਨੇ, ਮਾਲ-ਅਸਬਾਬ ਤਾਂ ਜਾ ਈ ਰਿਹਾ ਏ, ਉੱਥੇ ਜਾਨ ਦੇ ਲਾਲੇ ਵੀ ਪਏ ਹੋਏ ਨੇ। ਕੁਝ ਜਾਣਕਾਰੀ ਬਾਹਰ ਆਉਣ ਪਿੱਛੋਂ ਮਿਲੀ ਸੀ। ਇਹ ਕਿ ਕਿਸ ਤਰ੍ਹਾਂ, ਜੰਗਲ ਦੇ ਝਖੇੜੇ ਵਾਂਗ, ਲੁਟੇਰੇ ਕਾਲੋਨੀ ਵਿਚ ਆਏ ਤੇ ਸਿੱਧੇ ਉਸ ਫਲੈਟ ਵਿਚ ਜਾ ਪਹੁੰਚੇ। ਕਿਸ ਨੇ ਹੀਲ ਹੁੱਜਤ ਕੀਤੀ ਤੇ ਕੌਣ ਲੋਹੇ ਦੇ ਸਰੀਏ ਨਾਲ ਵਿਛਾ ਦਿੱਤਾ ਗਿਆ, ਕੌਣ ਲਹੂ-ਲੁਹਾਨ ਹੋਇਆ ਤੇ ਕਿਵੇਂ ਬੱਚਾ ਨਿੱਕਲ ਕੇ ਮੁਹੱਲੇ ਵਾਲਿਆਂ ਨੂੰ ਮਦਦ ਲਈ ਪੁਕਾਰਦਾ ਰਿਹਾ...
ਧੁੱਪ ਅਜੇ ਵੀ ਨਹੀਂ ਸੀ ਨਿਕਲੀ। ਸ਼ਾਇਦ ਬੱਦਲ ਸਨ। ਲਾਗਲੇ ਮੰਦਰ ਵਿਚ ਘੰਟੀ ਵੱਜਣ ਲੱਗ ਪਈ ਸੀ ਤੇ ਗੁਰਦੁਆਰੇ ਦੀ ਨਗਰ-ਕੀਰਤਨ ਵਾਲੀ ਟੋਲੀ ਵਾਪਸ ਪਰਤ ਰਹੀ ਸੀ। ਉਦੋਂ ਹੀ ਹਾਦਸੇ ਵਾਲੇ ਫਲੈਟ ਸਾਹਮਣੇ ਖੜ੍ਹੀ ਜੀਪ ਸਟਾਰਟ ਹੋਈ ਤੇ ਵਰਦੀਧਾਰੀ ਇੰਸਪੈਕਟਰ ਨੂੰ ਲੈ ਕੇ ਚਲੀ ਗਈ। ਸਿਪਾਹੀ ਹੁਣ ਫੇਰ ਆਰਾਮ ਨਾਲ ਬੈਠ ਕੇ ਡੰਡੇ ਹਿਲਾਉਣ ਲੱਗ ਪਏ ਸਨ।
ਟੂਟੀ ਦੇ ਆਉਣ ਦਾ ਸਮਾਂ ਹੋ ਚੁੱਕਿਆ ਸੀ। ਲੋਕ ਹੌਲੀ-ਹੌਲੀ ਖਿਸਕਣ ਲੱਗ ਪਏ। ਪਹਿਲਾਂ ਅਰਨਾ ਝੋਟਾ ਗਿਆ, ਫੇਰ ਜੇਬਰਾ ਤੇ ਉਹਨਾਂ ਦੀ ਦੇਖਾ-ਦੇਖੀ ਦੋ-ਚਾਰ ਹੋਰ। ਜਿਹੜੇ ਚਲੇ ਗਏ—ਬਚੇ ਹੋਏ, ਉਹਨਾਂ ਦੇ ਬਖੀਏ ਉਧੇੜਨ ਲੱਗੇ।
“ਵੱਡਾ ਤੁੱਰਮ ਖਾਂ ਬਣਦਾ ਸੀ,” ਇਕ ਨੇ ਜਾ ਰਹੇ ਜੇਬਰੇ ਵੱਲ ਦੇਖਦਿਆਂ ਹੋਇਆਂ ਕਿਹਾ, “ਇਕ ਮਾਸੂਮ ਬੱਚਾ ਇਸ ਦੇ ਫਲੈਟ ਸਾਹਮਣੇ ਚੀਕ-ਚੀਕ ਕੇ ਬੇਹਾਲ ਹੋ ਗਿਆ, ਪਰ ਪੱਠਾ ਬਾਹਰ ਨਹੀਂ ਨਿਕਲਿਆ। ਸਾਡੇ ਕੋਲ ਹੁੰਦੀ ਜੀ, ਟਵੈਲਵ ਬੋਰ ਗਨ...ਦੱਸਦੇ।”
“ਰਿਵਾਲਵਰ ਤਾਂ ਯਾਰ ਤੇਰੇ ਕੋਲ ਵੀ ਏ,” ਕਿਸੇ ਨੇ ਧੈ-ਸੋਟਾ ਮਾਰਿਆ, “ਤੂੰ ਕਿਉਂ ਨਹੀਂ ਨਿਕਲਿਆ?”
“ਤੁਸੀਂ ਚੁੱਪ ਰਹੋ ਜੀ,” ਉਸਨੇ ਭੜਕ ਕੇ ਜਵਾਬ ਦਿੱਤਾ, “ਤੁਸੀਂ ਨਾ ਨਿਕਲ ਆਏ ਆਪਣਾ ਖੂੰਡਾ ਲੈ ਕੇ...”
ਮੁਕਾਬਲੇ ਲਈ ਹਥਿਆਰ ਨਹੀਂ ਹਿੰਮਤ ਦੀ ਲੋੜ ਹੁੰਦੀ ਏ।
ਉਦੋਂ ਹੀ ਗੁਆਂਢ ਵਿਚ, 35-ਬੀ ਵਾਲਿਆਂ ਦੀ ਗੂੰਗੀ ਤੇ ਕਮਲੀ ਕੁੜੀ ਉੱਚੀ-ਉੱਚੀ ਚੀਕਣ-ਕੂਕਣ ਲੱਗ ਪਈ—ਇਧਰੋਂ ਉਧਰ ਟਹਿਲਦੀ ਹੋਈ। ਇਹ ਉਸਦਾ ਨਿੱਤ ਦਾ ਕਰਮ ਸੀ।
ਜਿਸ ਕਿਸੇ ਨੇ ਵੀ ਕਾਲੋਨੀ ਦਾ ਨਾਂ ਰੱਖਿਆ ਸੀ—ਸੀ ਉਹ ਦਿਲਚਸਪ। ਦਿਲਸ਼ਾਦ ਨਗਰ ਦਾ ਨਾਂ ਸੁਣਦਿਆਂ ਈ ਮੇਰੀ ਤਬੀਅਤ ਖੁਸ਼ ਹੋ ਗਈ ਸੀ। ਕੁਝ ਤਾਂ ਨਾਂ ਦੀ ਖਿੱਚ ਤੇ ਫੇਰ ਨਵੀਂ ਦਿੱਲੀ ਤੇ ਉਹ ਵੀ ਸਾਊਥ ਵਿਚ ਰਹਿਣ ਦੀ ਜ਼ਿਦ, ਮੈਂ ਖਿੱਚਿਆ ਤੁਰਿਆ ਆਇਆ ਸੀ ਤੇ ਉਸ ਵਿਚ ਮੈਂ ਹਜ਼ਾਰਾਂ ਖੂਬੀਆਂ ਲੱਭ ਲਈਆਂ ਸਨ। ਮੰਨਿਆਂ ਕਿ ਰਤਾ ਦੂਰ ਏ ਪਰ ਉਸ ਨਾਲ ਕੀ ਹੁੰਦਾ ਏ? ਦਿੱਲੀ ਵਿਚ ਦੂਰੀਆਂ ਦਾ ਭਲਾ ਕੋਈ ਮਤਲਬ ਹੈ? ਜੇ ਬੱਸਾਂ ਠੀਕ-ਠਾਕ ਹੋਣ ਤਾਂ ਜਿਹੋ-ਜਿਹਾ ਸੱਤ ਕਿਲੋਮੀਟਰ, ਉਹੋ ਜਿਹਾ ਸੱਤਰ। ਨਾਲੇ ਮੈਂ ਕਈ ਥਾਂਈਂ ਧੱਕੇ ਖਾ ਚੁੱਕਿਆ ਸੀ। ਪਹਿਲਾਂ ਜੰਗਪੁਰਾ ਐਕਸਟੈਂਸ਼ਨ, ਫੇਰ ਤਾਲ ਕਟੋਰਾ ਗਾਰਡਨ, ਫੇਰ ਨਿਊ ਰਾਜਿੰਦਰ ਨਗਰ, ਫੇਰ ਵਾਪਸ ਜੰਗਪੁਰਾ ਐਕਸਟੈਂਸ਼ਨ। ਮੈਂ ਭਾਂਡੇ ਟੀਂਡੇ ਚੁੱਕ ਕੇ ਏਧਰੋਂ ਉਧਰ ਭੱਜਦਾ ਹੋਇਆ ਤੰਗ ਆ ਗਿਆ ਸੀ ਤੇ ਕੁਝ ਸਾਲ ਇਕੋ ਥਾਂ ਆਰਾਮ ਨਾਲ ਰਹਿਣਾ ਚਾਹੁੰਦਾ ਸੀ।
ਤਿੰਨ ਸਾਲ ਪਹਿਲਾਂ ਕਾਲੋਨੀ ਨਵੀਂ-ਨਵੀਂ ਵੱਸੀ ਸੀ। ਮਸਜਿਦ ਮੋਠ ਤੇ ਤੁਗਲਕਾਬਾਦ ਦੇ ਵਿਚਕਾਰ ਇਕ ਜੰਗਲ ਹੁੰਦਾ ਸੀ—ਸੀ ਕੀ, ਹੈ—ਜਹਾਂਪਨਾਹ ਜੰਗਲ। ਉਸਦੇ ਸਾਹਮਣੇ ਸ਼ਾਇਦ ਕਦੀ ਦਿਲਸ਼ਾਦ ਸਰਾਏ ਨਾਂ ਦਾ ਇਕ ਉਜਾੜ ਜਿਹਾ ਪਿੰਡ ਹੁੰਦਾ ਸੀ। ਉਸਨੂੰ ਪੂਰੀ ਤਰ੍ਹਾਂ ਉਜਾੜ ਕੇ ਦਿੱਲੀ ਵਿਕਾਸ ਪ੍ਰਾਧੀਕਰਨ ਨੇ ਇਹ ਕਾਲੋਨੀ ਵਸਾਈ ਸੀ।
ਜਹਾਂਪਨਾਹ ਜੰਗਲ ਦੇ ਸਾਹਮਣੇ ਇਕ ਪੀਲਾ ਬੋਰਡ ਪਹਿਲਾਂ ਹੀ ਲੱਗਿਆ ਹੋਇਆ ਸੀ—
ਦਿੱਲੀ ਡੇਵਲਪਮੈਂਟ ਅਥਾਰਿਟੀ
ਜਹਾਂਪਨਾਹ
ਸਿਟੀ ਫਾਰੇਸਟ
ਦੇਖਦੇ ਦੇਖਦੇ ਐਨ ਉਸਦੇ ਸਾਹਮਣੇ ਦਿਲਸ਼ਾਦ ਨਗਰ ਦਾ ਇਕ ਹੋਰ ਪੀਲਾ ਬੋਰਡ ਲੱਗ ਗਿਆ ਤੇ ਉੱਥੇ ਬੱਸਾਂ ਰੁਕਣ ਲੱਗ ਪਈਆਂ।
ਜਿਹੜੇ ਲੋਕ ਦੂਰਦਰਸ਼ੀ ਸਨ ਤੇ ਜਿਹਨਾਂ ਨੇ ਸਮੇਂ 'ਤੇ ਰਜਿਸਟਰੇਸ਼ਨ ਕਰਵਾ ਲਿਆ ਸੀ, ਦੇਖਦੇ-ਦੇਖਦੇ ਉਹਨਾਂ ਦੇ ਨਾਂ ਫਲੈਟ ਨਿਕਲ ਆਏ ਸਨ। ਕੁਝ ਆਪ ਆ ਵੱਸੇ ਸਨ ਪਰ ਵਧੇਰੇ ਲੋਕਾਂ ਨੇ ਆਪਣੇ ਫਲੈਟ ਕਿਰਾਏ ਉੱਤੇ ਦੇ ਦਿੱਤੇ ਸਨ। ਪਹਿਲਾਂ ਪਹਿਲਾਂ ਇੱਥੇ ਆਉਂਦੇ ਹੋਏ ਲੋਕ ਝਿਜਕਦੇ ਸਨ ਪਰ ਮਕਾਨਾਂ ਦੀ ਤੰਗੀ ਤੇ ਆਸਮਾਨ ਨੂੰ ਛੋਂਹਦੇ ਕਿਰਾਏ ਨੇ ਚੰਗਿਆਂ ਚੰਗਿਆਂ ਨੂੰ ਇੱਥੇ ਧਰੀਕ ਦਿੱਤਾ ਸੀ ਤੇ ਹੁਣ ਇਹ ਹਾਲ ਸੀ ਕਿ ਸਾਈਕਲ ਵਾਲੇ ਤੋਂ ਲੈ ਕੇ ਟੋਯੋਟਾ ਵਾਲੇ ਤਕ ਇਕੱਠੇ ਰਹਿਣ ਲੱਗ ਪਏ ਸਨ। ਬਸਤੀ ਪੰਜਰੰਗੀ ਹੋ ਗਈ ਸੀ—ਅਜੀਬ ਘਾਲੇ ਮਾਲੇ ਵਾਲੀ। ਨੌਕਰੀ ਪੇਸ਼ਾ ਲੋਕਾਂ ਵਿਚ ਛੋਟੇ, ਦਰਮਿਆਨੇ ਤੇ ਵੱਡੇ ਤਿੰਨੇ ਸਨ ਤੇ ਵਪਾਰ ਕਰਨ ਵਾਲਿਆਂ ਵਿਚ ਸਬਜ਼ੀ ਵੇਚਣ ਵਾਲਿਆਂ ਤੋਂ ਲੈ ਕੇ ਟ੍ਰਾਂਸਪੋਰਟ ਤੇ ਐਕਸਪੋਰਟਰਸ ਤਕ ਇਕੱਠੇ ਡਟੇ ਹੋਏ ਸਨ। ਕੁਝ ਅਜਿਹੇ ਲੋਕ ਵੀ ਸਨ ਜਿਹਨਾਂ ਦੇ ਧੰਦੇ ਦਾ ਪਤਾ ਨਹੀਂ ਸੀ ਲੱਗਦਾ ਪਰ ਜਿਹਨਾਂ ਕੋਲ ਖ਼ੁਦਾ ਦਾ ਦਿੱਤਾ ਸਭ ਕੁਝ ਸੀ; ਵੀਡੀਓ ਤਕ। ਸੋਲਾਂ ਸੌ ਸੱਠ ਫਲੈਟਾਂ ਵਾਲੀ ਇਸ ਕਾਲੌਨੀ ਦੀਆਂ ਇਮਾਰਤਾਂ ਟਾਹਲੀ ਦੇ ਰੁੱਖਾਂ ਜਿੱਡੀਆਂ ਉੱਚੀਆਂ ਸਨ, ਪੱਕੇ ਪੱਤੇ ਵਰਗੇ ਰੰਗ ਨਾਲ ਪੋਚੀਆਂ ਹੋਈਆਂ। ਤਿਮੰਜ਼ਿਲਾ ਸਨ ਤੇ ਹਰੇਕ ਸਕਵੇਰ ਵਿਚ ਚੌਂਠ ਫਲੈਟ ਸਨ। ਹਰੇਕ ਸਕਵੇਰ ਦੇ ਐਨ ਵਿਚਕਾਰ ਇਕ ਇਕ ਪਾਰਕ ਬਣਿਆ ਹੋਇਆ ਸੀ—ਇਹ ਵੱਖਰੀ ਗੱਲ ਏ ਕਿ ਹਰ ਪਾਰਕ ਬੱਚਿਆਂ ਲਈ ਖੇਡ ਦੇ ਮੈਦਾਨ ਵਿਚ ਬਦਲ ਚੁੱਕਿਆ ਸੀ—ਇਕ ਗੰਜੇ ਸਿਰ ਵਾਂਗ ਜਿਹੜਾ ਵਿਚਕਾਰੋਂ ਰੜਾ-ਪੱਟਕ ਹੁੰਦਾ ਏ ਪਰ ਜਿਸ ਦੇ ਕਿਨਾਰੇ-ਕਿਨਾਰੇ ਝਾਲਰਾਂ ਝੂਲ ਰਹੀਆਂ ਹੁੰਦੀਆਂ ਨੇ।
ਮੈਂ ਆਪਣੇ ਸਕਵੇਰ ਨੂੰ ਸਭ ਤੋਂ ਚੰਗਾ ਸਮਝਦਾ ਹਾਂ—ਬਸ ਉਂਜ ਈ ਹਾਲਾਂਕਿ ਕਾਰਨ ਲੱਭਣ ਲੱਗਾਂ ਤਾਂ ਪਸੰਦ ਨਾਲੋਂ ਵੱਧ ਨਾਪਸੰਦ ਕਰਨ ਦੇ ਹੋ ਜਾਣਗੇ। ਮੇਰੇ ਐਨ ਸਾਹਮਣੇ ਇਕ ਕੱਬਰ ਬਿੱਜੂ ਰਹਿੰਦਾ ਸੀ ਜਿਸ ਨਾਲ ਮੈਨੂੰ ਡਾਢੀ ਨਫ਼ਰਤ ਸੀ। ਇੱਥੇ ਇਕ ਕੈਪਟਨ ਸੀ ਜਿਹੜਾ ਆਦਮੀ ਨਾਲੋਂ ਵੱਧ, ਜੇਬਰਾ ਲੱਗਦਾ ਸੀ। ਇਕ ਬੈਂਕ ਵਾਲਾ ਸੀ, ਜਿਸਦੀ ਸ਼ਕਲ ਨਿਓਲੇ ਨਾਲ ਮਿਲਦੀ ਸੀ ਤੇ ਇਕ ਐਕਸਪੋਰਟਰ ਸੀ, ਜਿਸਨੂੰ ਦੇਖ ਕੇ ਭੇਡੀਆ ਯਾਦ ਆ ਜਾਂਦਾ ਸੀ। ਸਾਡੇ ਨਾਲ ਵਾਲੇ ਫਲੈਟ ਵਿਚ ਇਕ ਅਜਿਹਾ ਪਰਿਵਾਰ ਰਹਿੰਦਾ ਸੀ ਜਿਸ ਦੀ ਜਵਾਨ ਕੁੜੀ ਪਾਗਲ ਸੀ ਤੇ ਗੂੰਗੀ ਵੀ। ਉਸਨੂੰ ਮੌਕੇ ਬੇ-ਮੌਕੇ ਦੌਰੇ ਪੈਂਦੇ ਸਨ ਤੇ ਉਹ ਕਿਸੇ ਵੀ ਸਮੇਂ ਚੀਕਣਾ-ਕੂਕਣਾ ਸ਼ੁਰੂ ਕਰ ਦਿੰਦੀ ਸੀ। ਉਹ ਕੁਝ ਕਹਿ ਵੀ ਰਹੀ ਹੁੰਦੀ ਸੀ, ਪਰ ਕੀ—ਇਹ ਕਿਸੇ ਦੀ ਸਮਝ ਵਿਚ ਨਹੀਂ ਸੀ ਆਉਂਦਾ। ਅਕਸਰ ਰਾਤ ਨੂੰ ਉਸਦੀਆਂ ਚੀਕਾਂ ਸੁਣ ਕੇ ਅਸੀਂ ਘਬਰਾ ਕੇ ਉੱਠ ਬੈਠਦੇ ਸਾਂ ਕਿਉਂਕਿ ਹਨੇਰੇ ਵਿਚ ਉਹ ਆਵਾਜ਼ ਬੜੀ ਡਰਾਵਨੀ ਲੱਗਦੀ ਸੀ—ਖ਼ਾਮੋਸ਼ੀ ਵਿਚ ਚੀਕਦੀ ਹੋਈ ਜੰਗਲੀ ਬਿੱਲੀ ਵਰਗੀ।
ਸਕਵੇਰ ਨੂੰ ਜੇ ਮੁਹੱਲਾ ਕਿਹਾ ਜਾ ਸਕਦਾ ਸੀ ਤਾਂ ਇਸ ਮੁਹੱਲੇ ਵਿਚ ਕਿਸੇ ਦਾ ਕਿਸੇ ਦੇ ਆਉਣ-ਜਾਣ ਨਹੀਂ ਸੀ। ਕੈਪਟਨ ਜੇਬਰਾ ਤੇ ਕੱਬਰ ਬਿੱਜੂ ਵਰਗੇ ਇਕ ਦੋ ਫਾਲਤੂ ਲੋਕਾਂ ਨੂੰ ਛੱਡ ਕੇ, ਕਿਸੇ ਕੋਲ ਨਾ ਤਾਂ ਸਮਾਂ ਸੀ ਤੇ ਹੀ ਕਿਸੇ ਨਾਲ ਮਿਲਣ-ਵਰਤਨ ਦੀ ਇੱਛਾ। ਖ਼ੁਦ ਸਾਨੂੰ ਇੱਥੇ ਰਹਿੰਦਿਆਂ ਤਿੰਨ ਸਾਲ ਹੋ ਗਏ ਸੀ ਪਰ ਇਕ ਅੱਧੇ ਨੂੰ ਛੱਡ ਕੇ ਅਸੀਂ ਕਿਸੇ ਦਾ ਨਾਂ ਤਕ ਨਹੀਂ ਸੀ ਜਾਣਦੇ। ਪਹਿਲਾਂ ਅਸੀਂ ਫਲੈਟਾਂ ਦੇ ਨੰਬਰਾ ਨਾਲ ਕੰਮ ਚਲਾ ਲੈਂਦੇ ਸੀ, ਫੇਰ ਪਤਨੀ ਤੇ ਮੈਂ ਰਲ ਕੇ ਇਕ ਰਸਤਾ ਕੱਢਿਆ—ਉਸ ਰਸਤੇ ਸ਼ੁਗਲ ਵੀ ਹੋ ਜਾਂਦਾ ਸੀ ਤੇ ਸੌਖ ਵੀ ਬੜੀ ਸੀ। ਜਾਨਵਰਾਂ ਨਾਲ ਰਲਦੇ ਮਿਲਦੇ ਬੰਦੇ ਨੂੰ ਉਸ ਜਾਨਵਰ ਦਾ ਨਾਂ ਦੇ ਦਿੱਤਾ ਸੀ ਤੇ ਛੁੱਟੀ ਕੀਤੀ ਸੀ। ਖ਼ੁਦ ਮੈਨੂੰ ਪਿੱਠ ਪਿੱਛੇ ਸ਼ਾਇਦ ਗੋਹ ਕਿਹਾ ਜਾਂਦਾ ਸੀ। ਇਸ ਵਿਚ ਗਲਤੀ ਮੇਰੀ ਹੀ ਸੀ ਕਿ ਇਕ ਵਾਰੀ ਮਜ਼ਾਕ ਦੇ ਮੂਡ ਵਿਚ ਆ ਕੇ ਮੈਂ ਕਿਹਾ ਦਿੱਤਾ ਸੀ ਕਿ ਇਹ ਵੀ ਕੋਈ ਫਲੈਟ ਹੋਇਆ? ਮੈਨੂੰ ਤਾਂ ਇਹ ਇਕ ਅਜਿਹੀ ਦਰਾੜ ਵਰਗਾ ਲੱਗਾ ਏ, ਜਿਸ ਵਿਚ ਮੈਂ ਗੋਹ ਵਾਂਗ ਰਹਿ ਰਿਹਾਂ...
ਹਾਂ, ਇਸ ਪੱਖ ਤੋਂ ਇਕ ਆਦਮੀ ਖੁਸ਼ਨਸੀਬ ਸੀ...ਫਲੈਟ ਨੰਬਰ 38-ਬੀ ਵਾਲਾ ਖਿਸਕੇ। ਖਿਸਕੇ ਉਸ ਦਾ ਨਾਂ ਨਹੀਂ ਸੀ, ਅਸੀਂ ਲੋਕਾਂ ਨੇ ਰੱਖਿਆ ਹੋਇਆ ਸੀ—ਖਿਸਕੇ। ਉਹ ਇਸ ਲਈ ਕਿ ਉਹ ਆਪਣੀ ਜਗ੍ਹਾ ਤੋਂ ਖਿਸਕਿਆ ਹੋਇਆ ਸੀ ਯਾਨੀ ਥੋੜ੍ਹਾ ਜਿਹਾ ਪਾਗਲ ਸੀ। ਥੋੜ੍ਹਾ ਜਿਹਾ ਇਸ ਲਈ ਕਿ ਉਹ ਖਤਰਨਾਕ ਨਹੀਂ ਸੀ। ਖਤਰਨਾਕ ਇਸ ਕਰਕੇ ਨਹੀਂ ਸੀ ਕਿ ਉਹ ਨਾ ਤਾਂ ਕਿਸੇ ਨੂੰ ਤੰਗ ਕਰਦਾ ਸੀ ਤੇ ਨਾ ਈ ਚੀਕਦਾ-ਕੂਕਦਾ ਸੀ। ਸੱਚ ਤਾਂ ਇਹ ਹੈ ਕਿ ਉਹ ਕਿਸੇ ਨਾਲ ਫਾਲਤੂ ਬੋਲਦਾ ਈ ਨਹੀਂ ਸੀ। ਉਹ ਕੁਝ ਕਰਦਾ ਨਹੀਂ ਸੀ ਪਰ ਸਾਰਾ ਦਿਨ ਵਿਅਸਤ ਦਿਖਾਈ ਦਿੰਦਾ ਸੀ—ਗਲਤ ਨੂੰ ਠੀਕ ਕਰਦਾ ਹੋਇਆ। ਉਹ ਕੰਮ ਕਾਲੋਨੀ ਦੇ ਗਵਾਚੇ ਹੋਏ ਬੱਚਿਆਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਤੋਂ ਲੈ ਕੇ ਲੁੜਕੇ ਹੋਏ ਡਸਟਬਿਨ ਨੂੰ ਠੀਕ ਜਗ੍ਹਾ ਉੱਤੇ ਰੱਖਣ ਤਕ ਕੁਝ ਵੀ ਹੋ ਸਕਦਾ ਸੀ। ਕਾਫੀ ਅਰਸਾ ਪਹਿਲਾਂ ਉਹ ਪੁਲਸ ਵਿਚ ਸੀ—ਕੋਈ ਛੋਟਾ-ਮੋਟਾ ਅਫ਼ਸਰ। ਪਰ ਪਤਾ ਨਹੀਂ ਕੀ ਹੋਇਆ ਕਿ ਉਸ ਨੂੰ ਘਰ ਬਿਠਾ ਦਿੱਤਾ ਗਿਆ; ਸਮੇਂ ਤੋਂ ਪਹਿਲਾਂ! ਹੁਣ ਉਸ ਦਾ ਘਰ-ਬਾਰ ਸੀ, ਬੀਵੀ-ਬੱਚੇ ਸਨ, ਉਹ ਉਹਨਾਂ ਨਾਲ ਰਹਿੰਦਾ ਵੀ ਸੀ ਪਰ ਇਕ ਬੇਕਾਰ ਫਰਨੀਚਰ ਵਾਂਗ। ਪਤਨੀ ਕਿਸੇ ਕੰਪਨੀ ਵਿਚ ਕੰਮ ਕਰਦੀ ਸੀ ਸੋ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ।
ਉਸਦੀ ਚਾਲ ਢਾਲ ਵਿਚ ਈ ਕੋਈ ਅਜਿਹੀ ਗੱਲ ਸੀ ਕਿ ਉਹ ਅਚਾਨਕ ਕਿਸੇ ਦਾ ਵੀ ਧਿਆਨ ਆਪਣੇ ਵੱਲ ਖਿੱਚ ਲੈਂਦਾ ਸੀ, ਹਾਲਾਂਕਿ ਉਹ ਕਮੀਜ਼ ਦੇ ਨਾਲ ਪਾਜਾਮਾ ਪਾਉਂਦਾ ਸੀ ਤੇ ਸੱਜੇ ਪਹੁੰਚੇ ਨੂੰ ਪੱਟ ਕੋਲੋਂ ਚੂੰਢੀ ਵਿਚ ਭਰ ਕੇ ਨੇਫੇ ਤਕ ਚੁੱਕੀ ਤੇਜ਼-ਤੇਜ਼ ਤੁਰਦਾ ਸੀ—ਚੀਤੇ ਵਾਂਗ। ਉਹ ਅਕਸਰ ਅੰਦਰ ਜਾਣ ਲਈ ਆਪਣੇ ਗੇਟ ਕੋਲ ਖੜ੍ਹਾ ਰਹਿੰਦਾ ਸੀ; ਫੇਰ ਅੰਦਰ ਜਾਂਦਾ ਸੀ ਬਾਹਰ ਆਉਣ ਲਈ ਤੇ ਅਚਾਨਕ ਬੜੀ ਤੇਜ਼ੀ ਨਾਲ ਨਿਕਲ ਕੇ ਚੁਰਸਤੇ ਵੱਲ ਤੁਰ ਜਾਂਦਾ ਸੀ, ਵਾਪਸ ਆਉਣ ਲਈ। ਅਕਸਰ ਉਹ ਕਿਸੇ ਰਾਹੀ ਨੂੰ ਅਚਾਨਕ ਘੇਰ ਲੈਂਦਾ। ਉਸਨੂੰ ਰੋਕ ਕੇ ਕਹਿੰਦਾ—'ਸੁਣਨਾ, ਤੁਸੀਂ ਪੋਸਟ ਆਫ਼ਿਸ ਤਾਂ ਨਹੀਂ ਜਾ ਰਹੇ? ਜੇ ਨਹੀਂ ਵੀ ਜਾ ਰਹੇ ਤਾਂ ਵੀ ਮੇਰਾ ਇਕ ਕੰਮ ਕਰ ਦੇਣਾ ਪਲੀਜ਼। ਇਹ ਚਿੱਠੀ ਪਾ ਦੇਣਾ। ਬੜੀ ਜ਼ਰੂਰੀ ਏ।'
ਜ਼ਰੂਰੀ ਨਹੀਂ ਸੀ ਕਿ ਉਹ ਹਾਂ ਜਾਂ ਨਾਂਹ ਦੇ ਜਵਾਬ ਲਈ ਰੁਕੇ। ਉਸਦਾ ਕੰਮ ਸੀ ਰੋਕਣਾ, ਰੋਕ ਲਿਆ। ਚਿੱਠੀ ਫੜਾਉਣੀ ਸੀ, ਫੜਾ ਦਿੱਤੀ ਤੇ ਮੁੜਦੇ ਪੈਰੀਂ ਤੇਜ਼ੀ ਨਾਲ ਵਾਪਸ। ਅਸਲ ਵਿਚ ਉਹ ਇਕ ਕਾਗਜ਼ ਦਾ ਟੁਕੜਾ ਹੁੰਦਾ ਸੀ, ਕਿਸੇ ਬੇਨਾਮ ਨੂੰ ਸੰਬੋਧਨ ਕਰਕੇ ਸ਼ਿਕਾਇਤਾਂ ਨਾਲ ਭਰਿਆ ਹੋਇਆ। ਸ਼ਿਕਾਇਤਾਂ ਕੁਝ ਇਸ ਕਿਸਮ ਦੀਆਂ ਹੁੰਦੀਆਂ ਕਿ ਮੇਰੀ ਬੀਵੀ ਹਰਾਫ਼ਾ (ਚਰਿੱਤਰਹੀਣ) ਹੈ ਤੇ ਮੈਨੂੰ ਮਾਰਨਾ ਚਾਹੁੰਦੀ ਹੈ। ਉਸਨੇ ਮੇਰੇ ਬੱਚਿਆਂ ਨੂੰ ਸਿਖਾ ਦਿੱਤਾ ਹੈ ਕਿ ਉਹ ਮੈਨੂੰ ਤੰਗ ਕਰਨ। ਇਹ ਲੋਕ ਮੈਨੂੰ ਰੋਟੀ ਨਹੀਂ ਦਿੰਦੇ ਤੇ ਮੇਰੇ ਮਰਨ ਦੀ ਉਡੀਕ ਕਰ ਰਹੇ ਨੇ। ਮੇਰੇ ਗੁਆਂਢ ਵਿਚ ਰਹਿਣ ਵਾਲਾ ਬੁੱਢਾ ਕਾਲੂ ਲੈਂਪ ਪੋਸਟ ਦਾ ਬਲਬ ਤੁੜਾਅ ਦਿੰਦਾ ਹੈ ਤਾਂ ਕਿ ਉਹ ਹਨੇਰ ਵਿਚ ਬੈਠ ਕੇ ਸ਼ਰਾਬ ਪੀ ਸਕੇ ਤੇ ਮੁਹੱਲੇ ਦੀਆਂ ਨੂੰਹਾਂ-ਧੀਆਂ ਨੂੰ ਘੂਰ ਸਕੇ। ਉਹ ਬੜਾ ਹਰਾਮੀ ਹੈ—ਜਾਂ ਫਲਾਨੈ ਫਲੈਟ ਵਿਚ ਰਹਿਣ ਵਾਲੀ ਫਲਾਨੀ ਕਬੂਤਰੀ ਦੀ ਜਗ੍ਹਾ ਉਹ ਨਹੀਂ, ਉਸਦੀ ਜਗ੍ਹਾ ਹੈ ਫਲੈਟ ਨੰ:...। ਮੈਂ ਪੁਲਸ ਨੂੰ ਕਹਿ ਕੇ ਇਕ ਇਕ ਨੂੰ ਸਿੱਧਾ ਕਰਵਾ ਦਿਆਂਗਾ।
ਸ਼ੁਰੂ ਸ਼ੁਰੂ ਵਿਚ ਜਦੋਂ ਲੋਕ ਜਾਣਦੇ ਨਹੀਂ ਸਨ, ਇਕ ਅੱਧੀ ਵਾਰੀ ਰੱਫੜ ਵੀ ਪੈ ਗਿਆ ਸੀ ਪਰ ਜਦੋਂ ਲੋਕ ਸਮਝ ਗਏ ਤਾਂ ਉਹਨਾਂ ਨੇ ਧਿਆਨ ਦੇਣਾ ਛੱਡ ਦਿੱਤਾ। ਖਿਸਕੇ ਨੇ ਵੀ ਕੁਝ ਜ਼ਿਆਦਤੀ ਹੀ ਕੀਤੀ ਸੀ। ਉਸ ਨੇ ਗੁਆਂਢ ਦੀ ਇਕ ਅਤਿ ਸੁੰਦਰ ਜ਼ਨਾਨੀ ਨੂੰ ਉਸ ਦੇ ਘਰ ਜਾ ਕੇ ਅਜਿਹੀ ਹੀ ਕੋਈ ਚਿੱਠੀ ਫੜਾਈ ਸੀ ਤੇ ਹਰ ਰੋਜ਼ ਇਵੇਂ ਕਰਨਾ ਚਾਹੁੰਦਾ ਸੀ...
“ਤੁਸੀਂ ਕੀ ਕਰ ਰਹੇ ਓ?” ਪਾਰਕ ਵਿਚੋਂ ਬਾਹਰ ਜਾਂਦਿਆਂ ਹੋਇਆਂ ਖਿਸਕੇ ਨੇ ਮੈਨੂੰ ਪੁੱਛਿਆ। ਉਹ ਪਤਾ ਨਹੀਂ ਕਦੋਂ ਮੇਰਾ ਹਮਰਾਹੀ ਬਣ ਗਿਆ ਸੀ ਤੇ ਨਾਲ ਨਾਲ ਤੁਰਨ ਲੱਗ ਪਿਆ ਸੀ।
“ਕਿੱਥੇ ਕੀ ਕਰ ਰਿਹਾਂ...?”
“ਏਥੀ ਈ, ਹੋਰ ਕਿੱਥੇ?”
“ਉਹੀ ਕਰ ਰਿਹਾਂ, ਜੋ ਤੁਸੀਂ।” ਮੈਂ ਕਿਹਾ, “ਰਹਿ ਰਿਹਾਂ।”
“ਰਹਿ ਤਾਂ ਤੁਸੀਂ ਨਹੀਂ ਰਹੇ।” ਉਸਨੇ ਕੁਸੈਲ ਜਿਹੀ ਨਾਲ ਕਿਹਾ, “ਹਾਂ, ਘੁਸੜੇ ਹੋਏ ਜ਼ਰੂਰ ਓ। ਦਿਲਸ਼ਾਦ ਨਗਰ ਵਿਚ ਸਿਰਫ ਮੈਂ ਰਹਿ ਰਿਹਾਂ, ਬਾਕੀ ਸਾਰੇ ਘੁਸੜੇ ਹੋਏ ਨੇ। ਹਨੇਰੀ ਦਰਾੜ 'ਚ ਘੁਸੇ ਗੋਹ ਵਾਂਗ।”
ਮੈਨੂੰ ਲੱਗਿਆ ਉਹ ਮੇਰੇ ਉੱਤੇ ਵਿਅੰਗ ਕਰ ਰਿਹਾ ਹੈ। ਖਾਸ ਕਰਕੇ ਗੋਹ ਸੁਣ ਕੇ ਹੋਰ ਵੀ। ਇਸ ਕੰਬਖ਼ਤ ਨੂੰ ਵੀ ਪਤਾ ਏ ਕਿ ਮੈਨੂੰ ਗੋਹ ਕਿਹਾ ਜਾਂਦਾ ਏ।
“ਤੁਸੀਂ ਦੱਸੋ, ਤੁਸੀਂ ਕਿਹੜਾ ਤੀਰ ਮਾਰ ਰਹੇ ਓ?” ਮੈਂ ਹਿਰਖ ਕੇ ਕਿਹਾ।
“ਮਾਰ ਤਾਂ ਨਹੀਂ ਰਹੇ, ਹਾਂ ਹੁਣ ਜ਼ਰੂਰ ਮਾਰਾਂਗੇ। ਤੁਸੀਂ ਦੇਖਦੇ ਰਹਿ ਜਾਓਗੇ। ਮੈਂ ਪੁਲਸ ਨੂੰ ਕਹਿ ਕੇ ਇਕ ਇਕ ਨੂੰ ਠੀਕ ਕਰਵਾ ਦਿਆਂਗਾ।”
“ਉਹ ਤਾਂ ਤੁਸੀਂ ਕਰਵਾ ਈ ਰਹੇ ਓ।” ਮੈਂ ਹਾਦਸੇ ਵਾਲੇ ਫਲੈਟ ਵੱਲ ਇਸ਼ਾਰਾ ਕਰਕੇ ਕਿਹਾ। ਉੱਥੇ ਹੁਣ ਵੀ ਪੁਲਸ ਵਾਲੇ ਬੈਠੇ ਡੰਡੇ ਹਿਲਾਅ ਰਹੇ ਸਨ। ਮੈਂ ਹੱਸਣ ਲੱਗਾ।
ਉਹ ਮੈਨੂੰ ਕਈ ਪਲ ਤਕ ਘੂਰ ਘੂਰ ਕੇ ਦੇਖਦਾ ਰਿਹਾ। ਫੇਰ ਪਾਜਾਮੇਂ ਦੇ ਪਹੁੰਚੇ ਨੂੰ ਨੇਫੇ ਤਕ ਚੁੱਕੀ ਤੁਰ ਗਿਆ—ਘਰ ਵੱਲ ਨਹੀਂ, ਅਗਲੇ ਚੁਰਾਹੇ ਵੱਲ।
ਉਸ ਦਿਨ ਦਫ਼ਤਰ ਜਾਣ ਵਾਲੀ ਚਾਰਟਡ ਬੱਸ ਵਿਚ ਵੀ ਉਸੇ ਘਟਨਾ ਦੀ ਗੂੰਜ ਸੀ। ਲੋਕ ਗੁੱਸੇ ਵਿਚ ਸਨ, ਪਰ ਸਹਿਮੇ ਤੇ ਡਰੇ ਹੋਏ ਵੀ। ਆਪਣੀ ਹੀ ਕਾਲੋਨੀ ਵਿਚ ਏਨੀ ਵੱਡੀ ਘਟਨਾ ਹੋ ਗਈ ਸੀ—ਭਲਾ ਕੌਣ ਨਿਰਲੇਪ ਤੇ ਬਚਿਆ ਰਹਿ ਸਕਦਾ ਸੀ? ਉਂਜ ਇਸ ਕਿਸਮ ਦੀਆਂ ਘਟਨਾਵਾਂ ਦਿੱਲੀ ਵਿਚ ਹੁਣ ਕੋਈ ਨਵੀਂ ਗੱਲ ਨਹੀਂ ਰਹਿ ਗਈਆਂ ਸਨ। ਆਏ ਦਿਨ ਅਜਿਹੀਆਂ ਖ਼ਬਰਾਂ ਮਿਲਦੀਆਂ ਈ ਰਹਿੰਦੀਆਂ ਸਨ। ਹਰ ਘਟਨਾ ਦਾ ਸਾਰ ਇਕੋ ਜਿਹਾ ਹੁੰਦਾ ਸੀ, ਸਿਰਫ ਖੇਤਰ ਬਦਲ ਜਾਂਦਾ ਸੀ—ਕਦੀ ਕਰੋਲ ਬਾਗ਼ ਤੇ ਕਦੀ ਈਸਟ ਪਟੇਲ ਨਗਰ, ਅੱਜ ਰਾਜੌਰੀਗਾਰਡਨ ਤੇ ਕਲ੍ਹ ਜਮਨਾ ਪਾਰ ਦਾ ਆਦਰਸ਼ ਵਿਹਾਰ...
ਅਜੀਬ ਗੱਲ ਹੈ ਕਿ ਜਦੋਂ ਇਹੋ-ਜਿਹੀ ਘਟਨਾ ਕਿਤੇ ਹੋਰ ਹੁੰਦੀ ਏ, ਅਸੀਂ ਉਸਨੂੰ ਖ਼ਬਰ ਵਾਂਗ ਪੜ੍ਹ ਸੁਣ ਲੈਂਦੇ ਹਾਂ ਪਰ ਜਿਸ ਦਿਨ ਸਾਡੇ ਆਸ-ਪਾਸ ਹੁੰਦੀ ਏ, ਅਸੀਂ ਯਕਦਮ ਡਰ ਜਾਂਦੇ ਹਾਂ ਤੇ ਸਾਨੂੰ ਗੁੱਸਾ ਆਉਂਦਾ ਏ—ਖਾਸ ਤੌਰ 'ਤੇ ਸਰਕਾਰ ਉੱਤੇ।
ਇਹੀ ਗੁੱਸਾ ਬਸ ਦੇ ਲਗਭਗ ਸਾਰੇ ਯਾਤਰੀਆਂ ਦੇ ਚਿਹਰੇ ਉੱਤੇ ਸੀ। ਸਾਰਿਆਂ ਨੂੰ ਅਚਾਨਕ ਸਮਾਜ ਤੇ ਦੇਸ਼ ਦਾ ਚੇਤਾ ਆ ਗਿਆ ਸੀ ਤੇ ਕਾਨੂੰਨ ਤੇ ਪ੍ਰਬੰਧ ਉੱਤੇ ਘੁਰਕਿਆ ਜਾ ਰਿਹਾ ਸੀ, ਹਾਲਾਂਕਿ ਇਹ ਸਾਰੇ ਜਾਣਦੇ ਸਨ ਉਹ ਘੁਰਕਣ ਕਿਸ ਲਈ ਸੀ। ਹੋਰ ਤਾਂ ਹੋਰ ਮੈਂ ਵੀ ਸ਼ਰਮਿੰਦਾ ਨਹੀਂ ਸਾਂ ਕਿ ਮੇਰੇ ਹੀ ਸਕਵੇਰ ਦੀ ਦੁਰਘਟਨਾ ਦੀ ਤਫ਼ਸੀਲ ਦਾ ਮੈਨੂੰ ਬਸ ਵਿਚ ਪਤਾ ਲੱਗਿਆ ਸੀ ਤੇ ਉਹ ਵੀ ਹੋਰਾਂ ਤੋਂ! ਪਤਾ ਲੱਗਿਆ ਕਿ ਜਿਸ ਫਲੈਟ ਵਿਚ ਦੁਰਘਟਨਾ ਹੋਈ ਉਸ ਦੇ ਮਾਲਕ ਦਾ ਨਾਂ ਰਾਮੇਸ਼ਵਰ ਵਰਮਾ ਸੀ। ਪੰਤਾਲੀ-ਪੰਜਾਹ ਦੇ ਆਸ ਪਾਸ ਉਹ ਇਕ ਵਿਚਕਾਰਲੇ ਦਰਜੇ ਦਾ ਵਪਾਰੀ ਸੀ ਤੇ ਪਤਨੀ ਤੇ ਬੱਚੇ ਦੇ ਇਲਾਵਾ ਪਰਿਵਾਰ ਵਿਚ ਹੋਰ ਕੋਈ ਨਹੀਂ ਸੀ। ਭੈਣ ਮੇਰਠ ਵਿਚ ਸੀ ਤੇ ਵੱਡਾ ਭਰਾ ਬੰਬਈ ਵਿਚ। ਭਾਵੇਂ ਉਸਦੀ ਜਵਾਨ ਪਤਨੀ ਦੇ ਤਨ ਦੇ ਗਹਿਣਿਆਂ ਦੀ ਚਮਕ ਦਾ ਆਕਰਖਣ ਹੋਏ ਜਾਂ ਪੈਸਿਆਂ ਦਾ, ਰਿਵਾਲਵਰ ਤੇ ਲੋਹੇ ਦੇ ਸਰੀਆਂ ਨਾਲ ਲੈਸ ਹੋ ਕੇ ਤਿੰਨ ਲੁਟੇਰੇ ਇਕ ਕਾਰ ਵਿਚ ਹਨੇਰੀ-ਤੂਫ਼ਾਨ ਵਾਂਗ ਆਏ ਸਨ ਤੇ ਥੋੜ੍ਹੀ ਹੀ ਦੇਰ ਵਿਚ ਸਭ ਕੁਝ ਕਰ ਕਰਾ ਕੇ ਅੱਗੇ ਵਧ ਗਏ ਸਨ...ਅਗਲੀ ਕਾਲੋਨੀ ਨੂੰ ਲੁੱਟਣ ਖਾਤਰ। ਉਸ ਦਿਨ ਆਸੇ ਪਾਸੇ ਤਿੰਨ ਡਕੈਤੀਆਂ ਪਈਆਂ ਸਨ ਤੇ ਸਤ ਜਣਿਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ।
“ਉਸ ਬੱਚੇ ਦਾ ਕੀ ਹੋਇਆ?” ਮੈਂ ਅਚਾਨਕ ਗੱਲ ਨੂੰ ਵਿਚਕਾਰੋਂ ਟੁੱਕਦਿਆਂ ਹੋਇਆਂ ਪੁੱਛਿਆ। ਜਿਸ ਨੂੰ ਮੈਂ ਸਵਾਲ ਕੀਤਾ ਸੀ, ਉਹ ਪੂਰਾ ਜਾਣਕਾਰ ਜਾਪਦਾ ਸੀ। ਪਤਾ ਨਹੀ ਕਿਉਂ ਉਸਦਾ ਸਾਰਾ ਸਰੀਰ ਚਿਤਕਬਰਾ ਸੀ ਤੇ ਉਹ ਚੀਤਲ ਵਰਗਾ ਲੱਗਦਾ ਸੀ। ਪਰ ਉਸਨੇ ਸੁਣ ਕੇ ਵੀ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ।
ਮੇਰੇ ਨਾਲ ਬੈਠੇ ਰੋਜ਼ ਦੇ ਸਹਿ-ਯਾਤਰੀ ਤੇ ਇੰਡੀਅਨ ਏਅਰ ਲਾਈਨ ਦੇ ਸੁਕੁਮਾਰ ਬਨਰਜੀ ਨੇ ਇਕ ਵਾਰੀ ਮੇਰੇ ਵੱਲ ਦੇਖਿਆ, ਫੇਰ ਉਹ ਆਸਪਾਸ ਦੇ ਮਾਹੌਲ ਵੱਲੋਂ ਨਿਰਲੇਪ ਜਿਹਾ ਹੋ ਕੇ ਖਿੜਕੀ 'ਚੋਂ ਬਾਹਰ ਦੇਖਣ ਲੱਗ ਪਿਆ—ਸਾਹਮਣੇ ਹਰਿਆਲੀ ਨੂੰ, ਪਿੱਛੇ ਵੱਲ ਨੱਸਦੇ ਜਾ ਰਹੇ ਰੁੱਖਾਂ ਨੂੰ, ਬਿਨਾਂ ਬੱਦਲਾਂ ਵਾਲੇ ਆਕਾਸ਼ ਨੂੰ ਤੇ ਉਸ ਹਵਾ ਨੂੰ ਜਿਸ ਵਿਚ ਸੋਨੇ ਵਰਗੀ ਧੁੱਪ ਘੁਲੀ ਹੋਈ ਸੀ। ਦਿੱਲੀ ਵਿਚ ਇਹ ਦਸੰਬਰ ਦੇ ਆਖ਼ਰੀ ਦਿਨ ਸਨ ਜਦੋਂ ਧੁੱਪ ਬੜੀ ਨਰਮ ਹੁੰਦੀ ਏ, ਹਵਾ ਬੜੀ ਤੇਜ਼ ਤੇ ਰੁੱਖਾਂ ਦੇ ਪੱਤੇ ਨਿੱਖਰ ਕੇ ਵਧੇਰੇ ਹਰੇ ਹੋ ਜਾਂਦੇ ਨੇ—ਪੀਲੇ ਪੱਤਿਆਂ ਨੂੰ ਕੇਰ ਕੇ।
ਬਸ ਇੰਡੀਆ ਗੇਟ ਕੋਲੋਂ ਲੰਘ ਰਹੀ ਸੀ।
“ਕੀ ਤੁਸੀਂ ਕਦੇ ਇਸ ਜਹਾਂਪਨਾਹ ਜੰਗਲ ਨੂੰ ਦੇਖਿਆ ਏ?”
ਅਜੇ ਕੁਝ ਦਿਨ ਪਹਿਲਾਂ ਹੀ ਬਨਰਜੀ ਨੇ ਮੈਨੂੰ ਪੁੱਛਿਆ ਸੀ। ਅਸੀਂ ਦੋਵੇਂ ਬਸ ਉਡੀਕ ਰਹੇ ਸਾਂ ਤੇ ਜਹਾਂਪਨਾਹ ਜੰਗਲ ਦੇ ਸਾਹਮਣੇ ਹੀ ਖੜ੍ਹੇ ਸਾਂ।
“ਮੈਂ ਅਕਸਰ ਸੋਚਦਾ ਆਂ ਕਿ ਇਸ ਰਹੱਸਮਈ ਜੰਗਲ ਨੂੰ ਅੰਦਰੋਂ ਦੇਖਿਆ ਜਾਏ। ਇਹ ਸਾਹਵੇਂ ਟਾਹਲੀ ਦੇ ਰੁੱਖ ਨੇ ਤੇ ਅੰਦਰ ਸ਼ਾਇਦ ਬਹੁਤ ਸਾਰੇ ਅਨਾਰ ਲੱਗੇ ਹੋਏ ਹੋਣ! ਅਕਸਰ ਸਵੇਰੇ ਸਵੇਰੇ ਜਦੋਂ ਬਹੁਤ ਸਾਰੇ ਮੋਰਾਂ ਦੀ ਆਵਾਜ਼ ਏਧਰੋਂ ਆਉਂਦੀ ਏ ਤਾਂ ਮੈਨੂੰ ਬੇਚੈਨੀ ਜਿਹੀ ਹੋਣ ਲੱਗ ਪੈਂਦੀ ਏ; ਹੁਣੇ ਚੱਲੀਏ। ਲੱਗਦਾ ਏ ਦੇਖਣਾ ਚਾਹੀਦਾ ਏ ਕਿ ਆਖ਼ਰ ਇਸ ਤੋਂ ਲੋਕ ਡਰਦੇ ਕਿਉਂ ਨੇ! ਏਨੀਆਂ ਸਾਰੀਆਂ ਕਹਾਣੀਆਂ ਇਸ ਬਾਰੇ ਕਹੀਆਂ ਸੁਣੀਆਂ ਜਾਂਦੀਆਂ ਨੇ। ਕਿਉਂ ਆਏ ਦਿਨ ਕਿਸੇ ਨਾ ਕਿਸੇ ਆਦਮੀ ਦੀ ਵੱਢੀ-ਟੁੱਕੀ ਲਾਸ਼ ਇੱਥੋਂ ਮਿਲਦੀ ਏ? ਪਰ ਫੇਰ ਸੋਚਦਾਂ...”
ਕਹਿੰਦਾ ਕਹਿੰਦਾ ਬਨਰਜੀ ਚੁੱਪ ਹੋ ਗਿਆ ਸੀ ਤੇ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਸੀ ਕਿ ਉਹ ਇਕ ਫ਼ਾਖ਼ਤਾ ਵਾਂਗ ਮਾਸੂਮ ਲੱਗ ਰਿਹਾ ਹੈ। ਉਸਨੇ ਇਕ ਵਾਰੀ ਮੇਰੇ ਵੱਲ ਆਪਣੀਆਂ ਗੋਲ ਗੋਲ ਤੇ ਗੁਲਾਬੀ ਅੱਖਾਂ ਨਾਲ ਦੇਖਿਆ ਸੀ ਤੇ ਫੇਰ ਭਾਵੁਕ ਆਵਾਜ਼ ਵਿਚ ਕਿਹਾ ਸੀ—“ਪਤਾ ਨਹੀਂ ਕੀ ਸੋਚਦਾ ਆਂ...ਤੁਸੀਂ ਦੱਸੋ!”
ਦਿੱਲੀ ਵਿਚ ਚਾਰਟਡ ਬੱਸਾਂ ਜਿੰਨਾਂ ਵਰਗੀਆਂ ਹੁੰਦੀਆਂ ਨੇ। ਉਹ ਰੋਜ਼ ਸਾਨੂੰ ਇਕ ਖਾਸ ਸਮੇਂ 'ਤੇ ਘਰਾਂ ਵਿਚੋਂ ਕੱਢਦੀਆਂ ਨੇ ਤੇ ਆਪਣੇ ਆਪਣੇ ਦਫ਼ਤਰਾਂ ਵਿਚ ਇਕੱਠੇ ਕਰ ਦਿੰਦੀਆਂ ਨੇ। ਰੋਜ਼ ਸਾਮ ਨੂੰ ਉਹ ਕੁਝ ਖਾਸ ਖਾਸ ਜਗਾਹਾਂ ਤੋਂ ਚੁੱਕਦੀਆਂ ਨੇ ਤੇ ਠੀਕ ਸਮੇਂ 'ਤੇ ਸਾਨੂੰ ਆਪਣੇ ਆਪਣੇ ਘਰਾਂ ਵਿਚ ਸੁੱਟ ਜਾਂਦੀਆਂ ਨੇ। ਅਸੀਂ ਜਿੰਨਾਂ ਤੋਂ ਬਚਣਾ ਚਾਹੁੰਦੇ ਹਾਂ ਪਰ ਹਰ ਵਾਰੀ ਆਪਣੇ ਆਪ ਨੂੰ ਇਹਨਾਂ ਦੇ ਹਵਾਲੇ ਕਰ ਦਿੰਦੇ ਹਾਂ—ਇਹ ਜਾਣਦੇ ਹੋਏ ਵੀ ਕਿ ਇਹ ਸਾਨੂੰ ਉੱਥੇ ਲੈ ਜਾਂਦੇ ਜਾਂ ਆਉਂਦੇ ਨੇ, ਜਿੱਥੇ ਅਸੀਂ ਜਾਣਾ ਨਹੀਂ ਚਾਹੁੰਦੇ। ਸ਼ਾਇਦ ਇਸੇ ਲਈ ਜਾਂਦੇ ਜਾਂ ਆਉਂਦੇ ਹੋਏ ਅਸੀਂ ਅਕਸਰ ਚੁੱਪ ਰਹਿੰਦੇ ਹਾਂ।
ਪਰ ਉਸ ਸ਼ਾਮ ਵਾਪਸ ਘਰ ਪਰਤਦਿਆਂ ਹੋਇਆਂ ਮੈਂ ਚੁੱਪ ਹੀ ਨਹੀਂ ਸੀ, ਇਕ ਧੜਕਾ ਵੀ ਲੱਗਿਆ ਹੋਇਆ ਸੀ ਮੈਨੂੰ। ਜਿਵੇਂ ਮੈਂ ਜਾਣਦਾ ਸੀ ਕਿ ਘਰ ਦੇ ਆਸੇ ਪਾਸੇ ਕੁਝ ਡਰਾਵਨਾ ਜਿਹਾ ਮੇਰੀ ਉਡੀਕ ਕਰ ਰਿਹਾ ਏ—ਹਨੇਰੇ ਖੰਡਰ ਵਿਚ ਲਟਕੇ ਹੋਏ ਚਮਗਿੱਦੜ ਵਾਂਗ। ਪਤਨੀ ਗੇਟ 'ਤੇ ਈ ਮਿਲੀ, ਉਡਕਦੀ ਹੋਈ ਨਹੀਂ, ਸਹਿਮੀ ਹੋਈ ਬਿੱਲੀ ਵਾਂਗ ਇਕ ਪਾਸੇ ਦੇਖਦੀ ਹੋਈ। ਰਾਮੇਸ਼ਵਰ ਵਰਮਾ ਦੇ ਫਲੈਟ ਦੇ ਸਾਹਮਣੇ ਜਿਹੜੇ ਦੋ ਚਾਰ ਜਣੇ ਮੂੰਹ ਲਟਕਾਈ ਖੜ੍ਹੇ ਸਨ ਉਹਨਾਂ ਵਿਚ ਖਿਸਕੇ ਵੀ ਸੀ। “ਕੀ ਹੋਇਆ?” ਮੈਂ ਘਬਰਾ ਕੇ ਪੁੱਛਿਆ ਤਾਂ ਪਤਨੀ ਨੇ ਉਸ ਫਲੈਟ ਵੱਲ ਇਸ਼ਾਰਾ ਕਰ ਦਿੱਤਾ।
ਪਤਾ ਲੱਗਿਆ ਕਿ ਰਾਮੇਸ਼ਵਰ ਵਰਮਾ ਬਚ ਨਹੀਂ ਸਕਿਆ ਤੇ ਉਸ ਦੀ ਪਤਨੀ ਹੁਣ ਵੀ ਹਸਪਤਾਲ ਵਿਚ ਬੇਹੋਸ਼ ਪਈ ਏ। ਬੱਚਾ ਪਤਾ ਨਹੀਂ ਕਿੱਥੇ ਸੀ।
ਪਤਾ ਲੱਗਿਆ ਕਿ ਰਾਮੇਸ਼ਵਰ ਵਰਮਾ ਦੀ ਛੋਟੀ ਭੈਣ ਖ਼ਬਰ ਸੁਣਦਿਆਂ ਈ ਮੇਰਠ ਤੋਂ ਆ ਗਈ ਏ। ਆਈ ਸੀ ਉਹ ਭਰਾ ਭਰਜਾਈ ਨੂੰ ਦੇਖਣ ਪਰ ਘਰੇ ਸਵਾਗਤ ਕੀਤਾ ਇਕ ਅੱਧੇ ਗੁਆਂਢੀ ਤੇ ਪੁਲਿਸ ਦੇ ਉਸ ਸਿਪਾਹੀ ਨੇ ਜਿਹੜਾ ਲਾਸ਼ ਲੈ ਕੇ ਉਸੇ ਸਮੇਂ ਹਸਪਤਾਲੋਂ ਆਇਆ ਸੀ।
ਮੈਂ ਦੇਖਿਆ ਸਕਵੇਰ ਵਿਚ ਕਿਤੇ ਕੋਈ ਹਲਚਲ ਨਹੀਂ ਸੀ। ਹੋਰ ਤਾਂ ਹੋਰ, ਉਸ ਫਲੈਟ ਵਿਚੋਂ ਵੀ ਰੋਣ ਦੀ ਆਵਾਜ਼ ਨਹੀਂ ਆ ਰਹੀ ਸੀ।
ਹਾਂ, ਗੁਵਾਂਢੀਆਂ ਦੀ ਗੂੰਗੀ ਤੇ ਪਾਗਲ ਕੁੜੀ ਜ਼ਰੂਰ ਸ਼ਾਮ ਹੁੰਦਿਆਂ ਹੀ ਚੀਕਣ ਲੱਗ ਪਈ ਸੀ। ਅੱਜ ਉਸ ਦੀ ਆਵਾਜ਼ ਕਾਫੀ ਹਿੰਸਕ ਤੇ ਬਾਗੀ ਲੱਗੀ...
ਦਿਲਸ਼ਾਦ ਨਗਰ ਵਿਚ ਸ਼ਾਮ ਰੋਜ਼ ਵਾਂਗ ਹੋਈ। ਰਾਤ ਵੀ ਉਸੇ ਤਰ੍ਹਾਂ ਆਈ। ਕਾਲੋਨੀ ਦੀਆਂ ਸੜਕਾਂ ਉਸੇ ਤਰ੍ਹਾਂ ਗੁਲਜ਼ਾਰ ਬਣੀਆਂ ਹੋਈਆਂ ਸਨ—ਫੜ੍ਹੀਆਂ ਵਾਲੇ, ਫੇਰੀ ਵਾਲੇ ਤੇ ਆਈਸਕਰੀਮ ਵਾਲਿਆਂ ਦੀਆਂ ਰੇੜ੍ਹੀਆਂ ਨਾਲ। ਬੱਚਿਆਂ ਦੀ ਉਂਗਲ ਫੜ੍ਹੀ ਸੁੰਦਰ ਔਰਤਾਂ, ਮਸਤੀ ਮਾਰਦੀਆਂ ਨੌਜਵਾਨਾਂ ਦੀਆਂ ਟੋਲੀਆਂ ਤੇ ਜੀਂਸ ਵਿਚ ਮਟਕਦੀਆਂ ਹੋਈਆਂ ਕੁੜੀਆਂ...ਖ਼ੁਦ ਆਪਣੇ ਸਕਵੇਰ ਨੂੰ ਦੇਖ ਕੇ ਵਿਸ਼ਵਾਸ ਕਰਨਾ ਔਖਾ ਸੀ ਕਿ ਉੱਥੋਂ ਦੇ ਇਕ ਸੁੰਨੇ ਫਲੈਟ ਵਿਚ ਇਕ ਮਈਅਤ (ਲਾਸ਼) ਪਈ ਏ ਤੇ ਭੈਣ ਆਪਣੇ ਬੰਬਈ ਵਾਲੇ ਭਰਾ ਦੀ ਉਡੀਕ ਕਰ ਰਹੀ ਏ।
ਰਾਤ ਦੇ ਕੋਈ ਗਿਆਰਾਂ ਵੱਜੇ ਸਨ। ਮੈਂ ਕਾਲੋਨੀ ਦੀ ਖਾਸ ਸੜਕ ਉੱਤੇ ਆਪਣੀ ਆਦਤ ਅਨੁਸਾਰ ਟਹਿਲ ਰਿਹਾ ਸਾਂ, ਜਾਂ ਸੱਚ ਕਹਾਂ ਤਾਂ ਲੁੱਟਰ ਕੁੱਤੇ ਵਾਂਗ ਸ਼ਿਕਾਰ ਦੀ ਟੋਹ ਵਿਚ ਸਾਂ, ਰੋਜ਼ ਵਾਂਗ। ਸੜਕ ਦੇ ਇਕ ਪਾਸੇ ਰੋਸ਼ਨੀ ਸੀ, ਦੂਜੇ ਪਾਸੇ ਹਨੇਰਾ। ਮੈਂ ਲੂੰਬੜੀ ਦੀ ਚਾਲ ਨਾਲ ਚਹਿਲ ਕਦਮੀਂ ਕਰ ਰਿਹਾ ਸਾਂ ਕਿ ਅਚਾਨਕ ਕਿਸੇ ਨੇ ਮੈਨੂੰ ਫੜ ਲਿਆ, ਮੋਢੇ ਤੋਂ। ਤ੍ਰਬਕ ਕੇ ਦੇਖਿਆ ਤਾਂ ਖਿਸਕੇ ਸੀ। ਉਹ ਹਨੇਰੇ ਵਿਚ ਪ੍ਰੇਤ ਵਾਂਗ ਮੈਨੂੰ ਘੂਰ ਰਿਹਾ ਸੀ। ਫੇਰ ਉਸਨੇ ਇਕ ਚਿੱਠੀ ਫੜਾਈ। ਉਹ ਉਹਨਾਂ ਲੋਕਾਂ ਵਿਚੋਂ ਸੀ ਜਿਹੜੇ ਸ਼ਾਮ ਹੁੰਦਿਆਂ ਹੀ ਸੌਂ ਜਾਂਦੇ ਨੇ। ਮੈਨੂੰ ਹੈਰਾਨੀ ਹੋਈ ਕਿ ਅੱਜ ਉਹ ਏਨੀ ਰਾਤ ਨੂੰ ਹਨੇਰੇ ਵਿਚ ਕਿੰਜ ਭਟਕ ਰਿਹਾ ਹੈ?
ਕਿਹਾ, “ਜ਼ਰੂਰੀ ਏ, ਬੜੀ ਜ਼ਰੂਰੀ...”
ਤੇ ਕਾਹਲ ਨਾਲ ਤੁਰ ਗਿਆ।
ਮੈਂ ਉਹ ਚਿੱਠੀ ਬੇਧਿਆਨੀ ਜਿਹੀ ਨਾਲ ਦਿਲ ਕੋਲ ਉਪਰਲੀ ਜੇਬ ਵਿਚ ਰੱਖ ਲਈ—ਇੰਜ ਜਿਵੇਂ ਉਸ ਨੂੰ ਸਹੀ ਠਿਕਾਣੇ 'ਤੇ ਪਹੁੰਚਾ ਦਿੱਤਾ ਹੋਏ। ਉਸ ਵਿਚ ਲਿਖਿਆ ਕੀ ਹੋਏਗਾ, ਸ਼ਾਇਦ ਇਹ ਮੈਂ ਜਾਣਦਾ ਸੀ। ਪਰ ਇਹ ਨਹੀਂ ਜਾਣਾ ਸੀ ਕਿ ਉਹ ਚਿੱਠੀ ਪਹਿਲੀ ਵਾਰੀ ਜਿਸ ਦੇ ਨਾਂ ਭੇਜੀ ਜਾ ਰਹੀ ਹੈ, ਉਸਦਾ ਪਤਾ ਹੋਏਗਾ...:
ਦਿੱਲੀ ਡੇਵਲਪਮੈਂਟ ਅਥਾਰਿਟੀ
ਜਹਾਂਪਨਾਹ
ਸਿਟੀ ਫਾਰੇਸਟ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਗੁਲਸ਼ੇਰ ਖ਼ਾਂ ਸ਼ਾਨੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ