Jangli Booti (Punjabi Story): Amrita Pritam

ਜੰਗਲੀ ਬੂਟੀ (ਕਹਾਣੀ) : ਅੰਮ੍ਰਿਤਾ ਪ੍ਰੀਤਮ

ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ, ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ। ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈ, ਸੋ ਉਸ ਦਾ ਖ਼ਾਵੰਦ "ਦੁਹਾਜੂ" ਹੋਇਆ। ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ-ਦੂਸਰੀ ਜੂਨੇ ਪੈ ਚੁੱਕਾ ਬੰਦਾ, ਯਾਨੀ ਦੂਸਰੇ ਵਿਆਹ ਦੀ ਜੂਨ ਵਿੱਚ, ਤੇ ਅੰਗੂਰੀ ਕਿਉਂਕਿ ਅਜੇ ਵਿਆਹ ਦੀ ਪਹਿਲੀ ਜੂਨ ਵਿੱਚ, ਇਸ ਲਈ ਨਵੀਂ ਹੋਈ, ਤੇ ਦੂਸਰੀ ਉਹ ਇਸ ਗੱਲੋਂ ਵੀ ਨਵੀਂ ਹੈ ਕਿ ਉਸ ਦਾ ਮੁਕਲਾਵਾ ਆਇਆਂ ਅਜੇ ਜਿੰਨੇ ਕੁ ਮਹੀਨੇ ਹੋਏ ਹਨ, ਉਹ ਸਾਰੇ ਮਹੀਨੇ ਰਲ ਕੇ ਵੀ ਇਕ ਵਰ੍ਹਾ ਨਹੀਂ ਬਣੇ।

ਪੰਜ ਛੇ ਵਰ੍ਹੇ ਹੋਏ, ਪ੍ਰਭਾਤੀ ਜਦੋਂ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੀ ਪਹਿਲੀ ਵਹੁਟੀ ਦੀ ਕਿਰਿਆ ਕਰਨ ਲਈ ਆਪਣੇ ਪਿੰਡ ਗਿਆ ਸੀ, ਤਾਂ ਕਹਿੰਦੇ ਹਨ ਕਿ ਕਿਰਿਆ ਵਾਲੇ ਦਿਨ ਇਸ ਅੰਗੂਰੀ ਦੇ ਪਿਓ ਨੇ ਉਸ ਦਾ ਪਰਨਾ ਨਚੋੜ ਦਿੱਤਾ ਸੀ। ਕਿਸੇ ਵੀ ਮਰਦ ਦਾ ਇਹ ਪਰਨਾ ਭਾਵੇਂ ਆਪਣੀ ਔਰਤ ਦੀ ਮੌਤ ਉੱਤੇ ਅੱਥਰੂਆਂ ਨਾਲ ਨਹੀਂ ਭਿੱਜਿਆ ਹੁੰਦਾ, ਚੌਥੇ ਵਾਲੇ ਦਿਨ ਜਾਂ ਕਿਰਿਆ ਵਾਲੇ ਦਿਨ ਨਹਾ ਕੇ ਪਿੰਡਾ ਪੂੰਝਣ ਤੋਂ ਪਿੱਛੋਂ ਇਹ ਪਰਨਾ ਪਾਣੀ ਨਾਲ ਹੀ ਗਿੱਲਾ ਹੁੰਦਾ ਹੈ, ਪਰ ਸਧਾਰਣ ਜਿਹੀ ਪੇਂਡੂ ਰਸਮ ਨਾਲ ਕਿਸੇ ਹੋਰ ਕੁੜੀ ਦਾ ਪਿਓ ਉਠ ਕੇ ਜਦੋਂ ਇਹ ਪਰਨਾ ਨਚੋੜ ਦੇਂਦਾ ਹੈ ਤਾਂ ਜਿਵੇਂ ਆਖ ਰਿਹਾ ਹੁੰਦਾ ਹੈ-"ਉਸ ਮਰਨ ਵਾਲੀ ਦੀ ਥਾਵੇਂ ਮੈਂ ਤੈਨੂੰ ਆਪਣੀ ਧੀ ਦੇਂਦਾ ਹਾਂ। ਹੁਣ ਤੈਨੂੰ ਰੋਣ ਦੀ ਲੋੜ ਨਹੀਂ, ਮੈਂ ਤੇਰੇ ਅੱਥਰੂਆਂ ਨਾਲ ਭਿੱਜਾ ਹੋਇਆ ਪਰਨਾ ਵੀ ਸੁਕਾ ਦਿੱਤਾ ਹੈ"।

ਇੰਜ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ। ਪਰ ਇਕ ਤਾਂ ਅੰਗੂਰੀ ਅਜੇ ਉਮਰ ਦੀ ਛੋਟੀ ਸੀ, ਤੇ ਦੂਸਰਾ ਅੰਗੂਰੀ ਦੀ ਮਾਂ ਜੂੜੀ ਦੇ ਰੋਗ ਨਾਲ ਬੱਝੀ ਹੋਈ ਸੀ, ਇਸ ਲਈ ਮੁਕਲਾਵੇ ਵਾਲੀ ਗੱਲ ਪੰਜਾਂ ਵਰ੍ਹਿਆਂ ਉਤੇ ਪੈ ਗਈ। ਫੇਰ ਇਕ ਇਕ ਕਰ ਕੇ ਪੰਜ ਵਰ੍ਹੇ ਵੀ ਲੰਘ ਗਏ ਸਨ, ਤੇ ਇਸ ਵਰ੍ਹੇ ਜਦੋਂ ਪ੍ਰਭਾਤੀ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਆਪਣਾ ਮੁਕਲਾਵਾ ਲੈਣ ਗਿਆ ਸੀ ਤਾਂ ਆਪਣੇ ਮਾਲਕਾਂ ਨੂੰ ਪਹਿਲੋਂ ਹੀ ਕਹਿ ਗਿਆ ਸੀ ਕਿ ਉਹ ਜਾਂ ਤਾਂ ਆਪਣੀ ਵਹੁਟੀ ਨੂੰ ਵੀ ਨਾਲ ਲਿਆਵੇਗਾ ਤੇ ਸ਼ਹਿਰ ਵਿਚ ਆਪਣੇ ਕੋਲ ਰੱਖੇਗਾ, ਤੇ ਜਾਂ ਉਹ ਵੀ ਪਿੰਡੋਂ ਨਹੀਂ ਮੁੜਨ ਲੱਗਾ। ਮਾਲਕ ਤੋਂ ਪਹਿਲੋਂ ਤਾਂ ਦਲੀਲੀਂ ਪੈ ਗਏ ਸਨ ਕਿਉਂਕਿ ਇਕ ਪ੍ਰਭਾਤੀ ਦੀ ਥਾਵੇਂ ਆਪਣੇ ਚੌਂਕੇ ਵਿਚੋਂ ਉਹ ਦੋ ਜਣਿਆਂ ਨੂੰ ਰੋਟੀ ਨਹੀਂ ਸਨ ਦੇਣਾ ਚਾਹੁੰਦੇ ਪਰ ਜਦੋਂ ਪ੍ਰਭਾਤੀ ਨੇ ਇਹ ਗੱਲ ਆਖੀ ਕਿ ਉਹਦੀ ਅੰਗੂਰੀ ਕੋਠੜੀ ਦੇ ਪਿਛਲੇ ਕੱਚੇ ਥਾਂ ਨੂੰ ਲਿੰਬ ਪੋਚ ਕੇ ਆਪਣਾ ਵੱਖਰਾ ਚੁੱਲ੍ਹਾ ਬਣਾਏਗੀ, ਆਪਣਾ ਪਕਾਏਗੀ, ਆਪਣਾ ਖਾਏਗੀ, ਤਾਂ ਉਹਦੇ ਮਾਲਕ ਇਹ ਗੱਲ ਮੰਨ ਗਏ ਸਨ। ਸੋ ਅੰਗੂਰੀ ਮੁਕਲਾਵੇ ਫੇਰੇ ਸ਼ਹਿਰ ਆ ਗਈ ਸੀ।

ਭਾਵੇਂ ਅੰਗੂਰੀ ਨੇ ਸ਼ਹਿਰ ਆਣ ਕੇ ਕੁਝ ਦਿਨ ਮਹੱਲੇ ਦੇ ਮਰਦਾਂ ਕੋਲੋਂ ਤਾਂ ਕੀ, ਮੁਹੱਲੇ ਦੀਆਂ ਔਰਤਾਂ ਕੋਲੋਂ ਵੀ ਘੁੰਡ ਨਹੀਂ ਸੀ ਲਾਹਿਆ, ਪਰ ਫੇਰ ਹੌਲੀ ਹੌਲੀ ਉਹਦਾ ਘੁੰਡ ਉਪਰਾ ਗਿਆ, ਉਹ ਪੈਰਾਂ ਵਿਚ ਚਾਂਦੀ ਦੀਆਂ ਝਾਂਜਰਾਂ ਪਾ ਕੇ ਛਣਕ ਮਣਕ ਕਰਦੀ ਮਹੱਲੇ ਦੀ ਰੌਣਕ ਬਣ ਗਈ। ਇਕ ਝਾਂਜਰਾਂ ਉਹਦੇ ਪੈਰਾਂ ਵਿਚ ਪਈਆਂ ਹੁੰਦੀਆਂ, ਇਕ ਉਹਦੇ ਹਾਸੇ ਵਿਚ। ਭਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿਚ ਹੀ ਰਹਿੰਦੀ, ਪਰ ਜਦੋਂ ਵੀ ਬਾਹਰ ਨਿਕਲਦੀ, ਇਕ ਰੌਣਕ ਉਹਦੇ ਪੈਰਾਂ ਦੇ ਨਾਲ ਨਾਲ ਤੁਰਦੀ।
"ਯਹ ਕਿਆ ਪਹਿਨਾ ਹੈ ਅੰਗੂਰੀ ?"
"ਯਹ ਤੋ ਮੇਰੇ ਪੈਰੋਂ ਕੀ ਛੈਲ ਚੂੜੀ ਹੈ।"
"ਔਰ ਯਹ ਉਂਗਲੀਓਂ ਮੇਂ ?"
"ਯਹ ਤੋ ਬਿਛਵਾ ਹੈ।"
"ਔਰ ਯਹ ਬਾਹੋਂ ਮੇਂ ?"
"ਯਹ ਤੋ ਪਛੇਲਾ ਹੈ।"
"ਔਰ ਮਾਥੇ ਪਰ ?"
"ਅਲੀਬੰਦ ਕਹਿਤੇ ਹੈਂ ਇਸੇ।"
"ਆਜ ਤੂਨੇ ਕਮਰ ਮੇਂ ਕੁਛ ਨਹੀਂ ਪਹਿਨਾ"
"ਤਗੜੀ ਬਹੁਤ ਭਾਰੀ ਲਾਗਤ ਹੋ। ਕਲ ਕੋ ਪਹਿਨੂੰਗੀ। ਆਜ ਤੋ ਮੈਨੇ ਤੌਕ ਭੀ ਨਹੀਂ ਪਹਿਨਾ। ਉਸ ਕਾ ਟਾਂਕਾ ਟੂਟ ਗਇਆ ਹੈ। ਕੱਲ ਸ਼ਹਿਰ ਮੇਂ ਜਾਉਂਗੀ ਟਾਂਕਾ ਭੀ ਲਾਉਂਗੀ, ਮੇਰੇ ਨਾਕ ਕੋ ਨਕਸਾ ਭੀ ਥਾ, ਇੱਤਾ ਬੜਾ ਮੇਰੀ ਸਾਸ ਨੇ ਦੀਆ ਨਹੀਂ।"
ਇੰਜ ਅੰਗੂਰੀ ਆਪਣੇ ਚਾਂਦੀ ਦੇ ਗਹਿਣੇ ਇਕ ਮੜਕ ਨਾਲ ਪਾਂਦੀ ਸੀ, ਇਕ ਮੜਕ ਨਾਲ ਵਿਖਾਂਦੀ ਸੀ।

ਪਿਛੇ ਜਿਹੇ ਜਦੋਂ ਰੁੱਤ ਫਿਰੀ ਸੀ, ਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਿਹੀ ਕੋਠੜੀ ਵਿਚ ਹੁੱਸੜ ਲਗਣ ਲੱਗ ਪਿਆ ਸੀ। ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬਹਿੰਦੀ। ਮੇਰੇ ਘਰ ਦੇ ਅੱਗੇ ਨਿੰਮ ਦੇ ਵੱਡੇ ਵੱਡੇ ਰੁੱਖ ਹਨ, ਤੇ ਇਹਨਾਂ ਰੁੱਖਾਂ ਦੇ ਕੋਲ ਜ਼ਰਾ ਕੁ ਉੱਚੀ ਥਾਵੇਂ ਇਕ ਪੁਰਾਣਾ ਖੂਹ ਹੈ। ਭਾਵੇਂ ਮਹੱਲੇ ਦਾ ਕੋਈ ਵੀ ਬੰਦਾ ਇਸ ਖੂਹ ਵਿਚੋਂ ਪਾਣੀ ਨਹੀਂ ਭਰਦਾ, ਪਰ ਪਾਰਲੇ ਪਾਸੇ ਇਕ ਸਰਕਾਰੀ ਸੜਕ ਬਣਦੀ ਪਈ ਹੈ ਤੇ ਉਸ ਸੜਕ ਦੇ ਮਜ਼ਦੂਰ ਕਈ ਵਾਰ ਇਸ ਖੂਹ ਨੂੰ ਗੇੜ ਲੈਂਦੇ ਹਨ, ਜਿਸ ਲਈ ਖੂਹ ਦੇ ਆਲੇ ਦੁਆਲੇ ਅਕਸਰ ਪਾਣੀ ਡੁੱਲ੍ਹਿਆ ਹੁੰਦਾ ਹੈ ਤੇ ਇਹ ਥਾਂ ਬੜੀ ਠੰਢੀ ਰਹਿੰਦੀ ਹੈ।
"ਕਿਆ ਪੜ੍ਹਤੀ ਹੋ ਬੀਬੀ ਜੀ !" ਇਕ ਦਿਨ ਅੰਗੂਰੀ ਜਦੋਂ ਆਈ ਮੈਂ ਨਿੰਮ ਦੇ ਰੁੱਖਾਂ ਹੇਠ ਬਹਿ ਕੇ ਇਕ ਕਿਤਾਬ ਪੜ੍ਹਦੀ ਪਈ ਸਾਂ।
"ਤੁਮ ਪੜ੍ਹੋਗੀ ?"
"ਮੇਰੇ ਕੋ ਪੜ੍ਹਨਾ ਨਹੀਂ ਆਤਾ।"
"ਸੀਖ ਲੋ ।"
"ਨਾ।"
"ਕਿਉਂ ?"
"ਔਰਤ ਕੋ ਪਾਪ ਲਗਤਾ ਹੈ ਪੜ੍ਹਨੇ ਸੇ ।"
"ਔਰਤ ਕੋ ਪਾਪ ਲਗਤਾ ਹੈ ? ਮਰਦ ਕੋ ਨਹੀਂ ਲਗਤਾ ?"
"ਨਾ ਮਰਦ ਕੋ ਨਹੀਂ ਲਗਤਾ ।"
"ਯਹ ਤੁਮਕੋ ਕਿਸ ਨੇ ਕਹਾ ਹੈ ?"
"ਮੈਂ ਜਾਨਤੀ ਹੂੰ ।"
"ਫਿਰ ਮੈਂ ਤੋ ਪੜ੍ਹਤੀ ਹੂੰ, ਮੁਝੇ ਪਾਪ ਲਗੇਗਾ ?"
"ਸ਼ਹਿਰ ਕੀ ਔਰਤ ਕੋ ਪਾਪ ਨਹੀਂ ਲਗਤਾ, ਗਾਓਂ ਕੀ ਔਰਤ ਕੋ ਪਾਪ ਲਗਤਾ ਹੈ ।"

ਮੈਂ ਵੀ ਹੱਸ ਪਈ ਤੇ ਅੰਗੂਰੀ ਵੀ। ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀ, ਉਹਦੇ ਵਿਚ ਉਹਨੂੰ ਕੋਈ ਸ਼ੰਕਾ ਨਹੀਂ ਸੀ, ਇਸ ਲਈ ਉਹਨੂੰ ਕੁਝ ਵੀ ਨਾ ਆਖਿਆ। ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ।

ਉਂਜ ਮੈਂ ਅੰਗੂਰੀ ਦੇ ਮੂੰਹ ਵੱਲ ਨੀਝ ਲਾ ਕੇ ਤੱਕਦੀ ਰਹੀ। ਡਾਢੇ ਸੌਲੇ ਰੰਗ ਵਿਚ ਉਹਦੇ ਪਿੰਡੇ ਦਾ ਮਾਸ ਗੁੰਨ੍ਹਿਆ ਹੋਇਆ ਸੀ। ਆਖਦੇ ਹਨ-ਔਰਤ ਆਟੇ ਦੀ ਤੌਣ ਹੁੰਦੀ ਹੈ। ਪਰ ਕਈਆਂ ਦੇ ਪਿੰਡੇ ਦਾ ਮਾਸ ਉਸ ਢਿੱਲੇ ਆਟੇ ਵਾਂਗ ਹੁੰਦਾ ਹੈ, ਜਿਹਦੀ ਰੋਟੀ ਕਦੇ ਵੀ ਗੋਲ ਨਹੀਂ ਵਿਲਦੀ, ਤੇ ਕਈਆਂ ਦੇ ਪਿੰਡੇ ਦਾ ਮਾਸ ਨਿਰੇ ਖਮੀਰੇ ਆਟੇ ਵਰਗਾ, ਜਿਹਨੂੰ ਵੇਲਣੇ ਨਾਲ ਵੇਲਿਆ ਹੀ ਨਹੀਂ ਜਾ ਸਕਦਾ। ਸਿਰਫ਼ ਕਿਸੇ ਕਿਸੇ ਦੇ ਪਿੰਡੇ ਦਾ ਮਾਸ ਇੰਜ ਪੀਡਾ ਗੁੰਨ੍ਹਿਆ ਹੁੰਦਾ ਹੈ ਕਿ ਰੋਟੀ ਤਾਂ ਕੀ ਭਾਵੇਂ ਪੂਰੀਆਂ ਵੇਲ ਲਵੋ-ਮੈਂ ਅੰਗੂਰੀ ਦੇ ਮੂੰਹ ਵੱਲ ਤਕਦੀ ਰਹੀ, ਅੰਗੂਰੀ ਦੀ ਛਾਤੀ ਵੱਲ, ਅੰਗੂਰੀ ਦੀਆਂ ਬਾਹਵਾਂ ਵੱਲ, ਅੰਗੂਰੀ ਦੀਆਂ ਪਿੰਨੀਆਂ ਵੱਲ-ਉਹ ਏਡੇ ਪੀਡੇ ਮੈਦੇ ਵਾਂਗ ਗੁੰਨ੍ਹੀ ਹੋਈ ਸੀ ਜਿਹਦੇ ਨਾਲ ਮੱਠੀਆਂ ਤਲੀਆਂ ਜਾ ਸਕਦੀਆਂ ਸਨ। ਤੇ ਮੈਂ ਅੰਗੂਰੀ ਦਾ ਪ੍ਰਭਾਤੀ ਵੀ ਤੱਕਿਆ ਹੋਇਆ ਸੀ, ਮਧਰੇ ਕੱਦ ਦਾ, ਢਿਲਕੇ ਮੂੰਹ ਦਾ, ਬੱਠਲ ਜਿਹਾ। ਤੇ ਫੇਰ ਅੰਗੂਰੀ ਦੇ ਰੂਪ ਵਲ ਵੇਖ ਕੇ ਉਸ ਦੇ ਖਾਵੰਦ ਬਾਰੇ ਇਕ ਅਜੀਬ ਤੁਲਨਾ ਸੁੱਝੀ ਕਿ ਪ੍ਰਭਾਤੀ ਅਸਲ ਵਿਚ ਆਟੇ ਦੀ ਇਸ ਪੀਡੀ ਗੁੱਝੀ ਔਰਤ ਨੂੰ ਪਕਾ ਕੇ ਖਾਣ ਦਾ ਹੱਕਦਾਰ ਨਹੀਂ, ਉਹ ਇਸ ਤੌਣ ਨੂੰ ਕੱਜ ਕੇ ਰੱਖਣ ਵਾਲਾ ਪੋਣਾ ਹੈ.. ਇਸ ਤੁਲਨਾ ਨਾਲ ਮੈਨੂੰ ਆਪੇ ਹਾਸਾ ਹੀ ਆ ਗਿਆ। ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾਂ ਦੇਣਾ ਚਾਹੁੰਦੀ, ਇਸ ਲਈ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ।
ਮਾਂ ਪਿਓ ਦੀਆਂ, ਭੈਣ ਭਰਾਵਾਂ ਦੀਆਂ, ਤੇ ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦਿਆਂ ਮੈਂ ਉਹਨੂੰ ਪੁੱਛਿਆ, "ਅੰਗੂਰੀ ਤੁਮ੍ਹਾਰੇ ਗਾਓਂ ਮੇਂ ਸ਼ਾਦੀ ਕੈਸੇ ਹੋਤੀ ਹੈ?"
"ਲੜਕੀ ਛੋਟੀ ਸੀ ਹੋਤੀ ਹੈ, ਪਾਂਚ ਸਾਤ ਸਾਲ ਕੀ, ਜਬ ਵੁਹ ਕਿਸੀ ਕੇ ਪਾਉਂ ਪੂਜ ਲੇਤੀ ਹੈ ।"
"ਕੈਸੇ ਪੂਜਤੀ ਹੈ ਪਾਉਂ ?"
"ਲੜਕੀ ਕਾ ਬਾਪ ਜਾਤਾ ਹੈ, ਫੂਲੋਂ ਕੀ ਏਕ ਥਾਲੀ ਲੇ ਜਾਤਾ ਹੈ, ਸਾਥ ਮੇਂ ਰੁਪਏ, ਔਰ ਲੜਕੇ ਕੇ ਆਗੇ ਰਖ ਦੇਤਾ ਹੈ ।"
"ਯਹ ਤੋ ਏਕ ਤਰਹ ਸੇ ਬਾਪ ਨੇ ਪਾਉਂ ਪੂਜ ਲੀਏ। ਲੜਕੀ ਨੇ ਕੈਸੇ ਪੂਜੇ ?"
"ਲੜਕੀ ਕੀ ਤਰਫ਼ ਸੇ ਤੋ ਪੂਜੇ ।"
"ਪਰ ਲੜਕੀ ਨੇ ਤੋ ਉਸ ਕੋ ਦੇਖਾ ਭੀ ਨਹੀ ?"
"ਲੜਕੀਆਂ ਨਹੀਂ ਦੇਖਤੀ ।"
"ਲੜਕੀਆਂ ਆਪਣੇ ਹੋਣੇ ਵਾਲੇ ਖਾਵੰਦ ਕੋ ਨਹੀਂ ਦੇਖਤੀ ?"
"ਨਾ ।"
"ਕੋਈ ਭੀ ਲੜਕੀ ਨਹੀਂ ਦੇਖਤੀ ?"
"ਨਾ ।"
ਪਹਿਲੋਂ ਤਾਂ ਅੰਗੂਰੀ ਨੇ "ਨਾਂਹ" ਆਖ ਦਿੱਤੀ, ਪਰ ਫੇਰ ਕੁਝ ਸੋਚ ਸੋਚ ਕੇ ਆਖਣ ਲੱਗੀ, "ਜੋ ਲੜਕੀਆਂ ਪ੍ਰੇਮ ਕਰਤੀ ਹੈਂ, ਵੁਹ ਦੇਖਤੀ ਹੈਂ ।"
"ਤੁਮਾਰੇ ਗਾਓਂ ਮੇਂ ਲੜਕੀਆਂ ਪ੍ਰੇਮ ਕਰਤੀ ਹੈਂ ?"
"ਕੋਈ ਕੋਈ ।"
"ਜੋ ਪ੍ਰੇਮ ਕਰਤੀ ਹੈ, ਉਸ ਕੋ ਪਾਪ ਨਹੀਂ ਲਗਤਾ ?"

ਮੈਨੂੰ ਅਸਲ ਵਿਚ ਅੰਗੂਰੀ ਦੀ ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਔਰਤਾਂ ਨੂੰ ਪੜ੍ਹਣ ਨਾਲ ਪਾਪ ਲਗਦਾ ਹੈ, ਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਿਆਂ ਵੀ ਪਾਪ ਲਗਦਾ ਹੋਵੇਗਾ।
"ਪਾਪ ਲਗਤਾ ਹੈ, ਬੜਾ ਪਾਪ ਲਗਤਾ ਹੈ", ਅੰਗੂਰੀ ਨੇ ਛੇਤੀ ਨਾਲ ਆਖਿਆ।
"ਅਗਰ ਪਾਪ ਲਗਤਾ ਹੈ ਤੋ ਫਿਰ ਵੁਹ ਕਿਉਂ ਪ੍ਰੇਮ ਕਰਤੀ ਹੈਂ ?"
"ਵੁਹ ਤੋ ... ਬਾਤ ਯਹ ਹੋਤੀ ਹੈ ਕਿ ਕੋਈ ਆਦਮੀ ਜਬ ਕਿਸੀ ਛੋਕਰੀ ਕੋ ਕੁਛ ਖਿਲਾ ਦੇਤਾ ਹੈ, ਤੋ ਵੁਹ ਉਸ ਸੇ ਪ੍ਰੇਮ ਕਰਨੇ ਲਗ ਜਾਤੀ ਹੈ ।"
"ਕੋਈ ਕਿਆ ਖਿਲਾ ਦੇਤਾ ਹੈ ਉਸ ਕੋ ?"
"ਏਕ ਜੰਗਲੀ ਬੂਟੀ ਹੋਤੀ ਹੈ। ਬਸ ਵਹੀ ਪਾਨ ਮੇਂ ਡਾਲ ਕੇ ਯਾ ਮਿਠਾਈ ਮੇਂ ਡਾਲ ਕੇ ਖਿਲਾ ਦੇਤਾ ਹੈ। ਫਿਰ ਉਸੇ ਵਹੀ ਅੱਛਾ ਲਗਤਾ ਹੈ, ਦੁਨੀਆਂ ਕਾ ਔਰ ਕੁਛ ਭੀ ਅੱਛਾ ਨਹੀਂ ਲਗਤਾ ।"
"ਸੱਚ ?"
"ਮੈਂ ਜਾਨਤੀ ਹੂੰ। ਮੈਂ ਨੇ ਅਪਨੀ ਆਂਖੋਂ ਸੇ ਦੇਖਾ ਹੈ ।"
"ਕਿਸੇ ਦੇਖਾ ਥਾ ?"
"ਮੇਰੀ ਏਕ ਸਖੀ ਥੀ, ਇੱਤੀ ਬੜੀ ਥੀ ਮੇਰੇ ਸੇ ।"
"ਫਿਰ ।"
"ਫਿਰ ਕਿਆ । ਵੁਹ ਪਾਗਲ ਹੋ ਗਈ ਉਸ ਕੇ ਪੀਛੇ। ਸ਼ਹਿਰ ਚਲੀ ਗਈ ਉਸ ਕੇ ਸਾਥ ।"
"ਯਹ ਤੁਮੇਂ ਕੈਸੇ ਮਾਲੂਮ ਹੈ ਕਿ ਤੇਰੀ ਸਖੀ ਕੋ ਉਸ ਨੇ ਬੂਟੀ ਖਿਲਾਈ ਥੀ ?"
"ਬਰਫੀ ਮੇਂ ਡਾਲ ਕੇ ਖਿਲਾਈ ਥੀ। ਔਰ ਨਹੀਂ ਤੋ ਕਿਆ, ਵੁਹ ਐਸੇ ਹੀ ਅਪਨੇ ਮਾਂ ਬਾਪ ਕੋ ਛੋੜ ਕੇ ਚਲੀ ਜਾਤੀ? ਵੁਹ ਉਸ ਕੋ ਬਹੁਤ ਚੀਜੇਂ ਲਾ ਕਰ ਦੇਤਾ ਥਾ। ਸ਼ਹਿਰ ਸੇ ਧੋਤੀ ਲਾਤਾ ਥਾ, ਚੂੜੀਏਂ ਲਾਤਾ ਥਾ, ਸੀਸੇ ਕੀ, ਔਰ ਮੋਤੀਓਂ ਕੀ ਗਾਨੀ ਭੀ। "
"ਯਹ ਤੋ ਚੀਜੇਂ ਹੂਈ ਨਾ। ਪਰ ਯਹ ਤੁਮੇਂ ਕੈਸੇ ਮਾਲੂਮ ਹੈ ਕਿ ਉਸ ਨੇ ਜੰਗਲੀ ਬੂਟੀ ਖਿਲਾਈ ਥੀ ?"
"ਨਹੀਂ ਖਿਲਾਈ ਥੀ, ਤੋ ਫਿਰ ਵੁਹ ਇਸ ਕੋ ਪ੍ਰੇਮ ਕਿਉਂ ਕਰਨੇ ਲਗ ਗਈ ?"
"ਪ੍ਰੇਮ ਤੋ ਯੂੰ ਭੀ ਹੋ ਜਾਤਾ ਹੈ ।"
"ਨਹੀਂ ਐਸੇ ਨਹੀਂ ਹੋਤਾ। ਜਿਸ ਸੇ ਮਾਂ ਬਾਪ ਬੁਰਾ ਮਾਨ ਜਾਏਂ, ਭਲਾ ਉਸ ਸੇ ਪ੍ਰੇਮ ਕੈਸੇ ਹੋ ਸਕਤਾ ਹੈ।"
"ਤੂਨੇ ਵੁਹ ਜੰਗਲੀ ਬੂਟੀ ਦੇਖੀ ਹੈ ?"
"ਮੈਨੇ ਨਹੀਂ ਦੇਖੀ। ਵਹ ਤੋ ਬੜੀ ਦੂਰ ਸੇ ਲਾਤੇ ਹੈਂ। ਫਿਰ ਛੁਪਾ ਕੇ ਮਿਠਾਈ ਮੇਂ ਡਾਲ ਦੇਤੇ ਹੈਂ, ਯਾ ਪਾਨ ਮੇਂ ਡਾਲ ਦੇਤੇ ਹੈਂ। ਮੇਰੀ ਤੋ ਮਾਂ ਨੇ ਪਹਿਲੇ ਹੀ ਬਤਾ ਦੀਆ ਥਾ ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਨਾ ।"
"ਤੂਨੇ ਬਹੁਤ ਅੱਛਾ ਕੀਆ, ਕਿ ਕਿਸੀ ਕੇ ਹਾਥ ਸੇ ਮਿਠਾਈ ਨਹੀਂ ਖਾਈ। ਪਰ ਤੇਰੀ ਉਸ ਸਖੀ ਨੇ ਕੈਸੇ ਖਾ ਲੀ ?"
"ਅਪਨਾ ਕੀਆ ਪਾਏਗੀ ।"
"ਕੀਆ ਪਾਏਗੀ", ਕਹਿਣ ਨੂੰ ਤਾਂ ਅੰਗੂਰੀ ਨੇ ਕਹਿ ਦਿੱਤਾ, ਪਰ ਫੇਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆ, ਦੁਖੇ ਹੋਏ ਮਨ ਨਾਲ ਆਖਣ ਲੱਗੀ, "ਬਾਵਰੀ ਹੋ ਗਈ ਥੀ ਬੇਚਾਰੀ। ਬਾਲੋਂ ਮੇਂ ਕੰਘੀ ਭੀ ਨਹੀਂ ਲਗਾਤੀ ਥੀ। ਰਾਤ ਕੋ ਉਠ ਉਠ ਕੇ ਗਾਨੇ ਗਾਤੀ ਥੀ। "
"ਕਿਆ ਗਾਤੀ ਥੀ ?"
"ਪਤਾ ਨਹੀਂ ਕਿਆ ਗਾਤੀ ਥੀ। ਜੋ ਕੋਈ ਬੂਟੀ ਖਾ ਲੇਤੀ ਹੈ, ਬਹੁਤ ਗਾਤੀ ਹੈ। ਰੋਤੀ ਭੀ ਬਹੁਤ ਹੈ ।"
ਗੱਲ ਗੌਣ ਤੋਂ ਰੋਣ ਉੱਤੇ ਆ ਪਹੁੰਚੀ ਸੀ, ਇਸ ਲਈ ਮੈਂ ਅੰਗੂਰੀ ਨੂੰ ਹੋਰ ਕੁਛ ਨਾ ਪੁੱਛਿਆ।

ਤੇ ਹੁਣ-ਬੜੇ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਹੈ। ਇਕ ਦਿਨ ਅੰਗੂਰੀ ਨਿੰਮ ਦੇ ਰੁੱਖ ਹੇਠਾਂ ਆਣ ਕੇ ਚੁੱਪ ਚਾਪ ਮੇਰੇ ਕੋਲ ਖਲੋ ਗਈ। ਅੱਗੇ ਜਦੋਂ ਅੰਗੂਰੀ ਆਉਂਦੀ ਹੁੰਦੀ ਸੀ ਤਾਂ ਛਣ ਛਣ ਕਰਦਾ, ਵੀਹ ਗਜ਼ ਪਰ੍ਹਿਉਂ ਹੀ ਉਹਦੇ ਔਣ ਦਾ ਖੜਾਕ ਸੁਣਾਈ ਦੇ ਜਾਂਦਾ ਹੁੰਦਾ ਸੀ, ਪਰ ਅੱਜ ਉਹਦੇ ਪੈਰਾਂ ਦੀਆਂ ਝਾਂਜਰਾਂ ਪਤਾ ਨਹੀਂ ਕਿੱਥੇ ਗੁਆਚੀਆਂ ਹੋਈਆਂ ਸਨ। ਮੈਂ ਕਿਤਾਬ ਉਤੋਂ ਸਿਰ ਚੁੱਕਿਆ ਤੇ ਪੁੱਛਿਆ "ਕਿਆ ਬਾਤ ਹੈ, ਅੰਗੂਰੀ ?"
ਅੰਗੂਰੀ ਪਹਿਲੋਂ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀ, ਫੇਰ ਹੌਲੀ ਜਹੀ ਆਖਣ ਲਗੀ, "ਬੀਬੀ ਜੀ ਮੁਝੇ ਪੜ੍ਹਨਾ ਸਿਖਾ ਦੋ ।"
"ਕਿਆ ਹੂਆ ਅੰਗੂਰੀ ?"
"ਮੇਰਾ ਨਾਮ ਲਿਖਨਾ ਸਿਖਾ ਦੋ ?"
"ਕਿਸੀ ਕੋ ਖ਼ਤ ਲਿਖੋਗੀ ?"
ਅੰਗੂਰੀ ਨੇ ਜਵਾਬ ਨਾ ਦਿੱਤਾ, ਤੇ ਬਿਟ ਬਿਟ ਮੇਰੇ ਮੂੰਹ ਵੱਲ ਤਕਦੀ ਰਹੀ।
"ਪਾਪ ਨਹੀਂ ਲਗੇਗਾ ਪੜ੍ਹਨੇ ਸੇ?" ਮੈਂ ਫੇਰ ਪੁੱਛਿਆ।
ਅੰਗੂਰੀ ਨੇ ਫੇਰ ਵੀ ਜਵਾਬ ਨਾ ਦਿੱਤਾ, ਤੇ ਬਿਟ ਬਿਟ ਸਾਹਮਣੇ ਅਸਮਾਨ ਵੱਲ ਤੱਕਣ ਲੱਗ ਪਈ।

ਇਕ ਦੁਪਹਿਰਾਂ ਦੀ ਗੱਲ ਸੀ। ਮੈਂ ਅੰਗੂਰੀ ਨੂੰ ਨਿੰਮ ਦੇ ਰੁੱਖ ਹੇਠਾਂ ਬੈਠੀ ਛੱਡ ਕੇ ਅੰਦਰ ਆ ਗਈ ਸਾਂ। ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ, ਤਾਂ ਵੇਖਿਆ ਅੰਗੂਰੀ ਅਜੇ ਵੀ ਨਿੰਮ ਦੇ ਰੁੱਖ ਹੇਠਾਂ ਬੈਠੀ ਹੋਈ ਹੈ। ਬੜੀ ਗੁੱਛਾ ਮੁੱਛਾ ਹੋਈ ਹੋਈ। ਸ਼ਾਇਦ ਇਸ ਲਈ ਕਿ ਤਰਕਾਲਾਂ ਦੀ ਠੰਢ ਪਿੰਡੇ ਵਿਚ ਮਾੜੀ ਮਾੜੀ ਕੰਬਣੀ ਛੇੜਨ ਲੱਗ ਪਈ ਸੀ।
ਮੈਂ ਅੰਗੂਰੀ ਦੀ ਪਿੱਠ ਵਾਲੇ ਪਾਸੇ ਸਾਂ। ਅੰਗੂਰੀ ਦੇ ਮੂੰਹ ਵਿਚ ਇਕ ਗੀਤ ਸੀ, ਪਰ ਨਿਰਾ ਸਿਸਕੀ ਵਰਗਾ
"ਮੇਰੀ ਮੁੰਦਰੀ ਮੇਂ ਲਾਗੋ ਨਗੀਨਵਾ,
ਹੋ ਬੈਰੀ ਕੈਸੇ ਕਾਟੂੰ ਜੋਬਨਵਾ।"
ਅੰਗੂਰੀ ਨੇ ਮੇਰੇ ਪੈਰਾਂ ਦੀ ਬਿੜਕ ਸੁਣ ਲਈ, ਮੂੰਹ ਮੋੜ ਕੇ ਤੱਕਿਆ ਤੇ ਫੇਰ ਆਪਣੇ ਗੀਤ ਨੂੰ ਆਪਣੇ ਮੂੰਹ ਵਿਚ ਮੀਟ ਲਿਆ।
"ਤੂ ਤੋ ਬਹੁਤ ਅੱਛਾ ਗਾਤੀ ਹੈ, ਅੰਗੂਰੀ ।"
ਸਾਹਮਣੇ ਦਿਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿਚ ਕੰਬਦੇ ਅੱਥਰੂ ਮੋੜ ਲਏ ਤੇ ਉਹਨਾਂ ਦੀ ਥਾਵੇਂ ਆਪਣੇ ਹੋਠਾਂ ਉੱਤੇ ਇਕ ਕੰਬਦਾ ਹਾਸਾ ਰੱਖ ਦਿੱਤਾ।
"ਮੁਝੇ ਗਾਨਾ ਨਹੀਂ ਆਤਾ ।"
"ਆਤਾ ਹੈ..."
"ਯਹ ਤੋ..."
"ਤੇਰੀ ਸਖੀ ਗਾਤੀ ਥੀ ?"
"ਉਸੀ ਸੇ ਸੁਨਾ ਥਾ ?"
"ਫਿਰ ਮੁਝੇ ਭੀ ਸੁਨਾਓ ।"
"ਐਸੇ ਹੀ ਗਿਣਤੀ ਹੈ ਬਰਸ ਕੀ । ਚਾਰ ਮਹੀਨੇ ਠੰਢੀ ਹੋਤੀ ਹੈ, ਚਾਰ ਮਹੀਨੇ ਗਰਮੀ, ਔਰ ਚਾਰ ਮਹੀਨੇ ਬਰਖਾ..."
"ਐਸੇ ਨਹੀਂ, ਗਾ ਕੇ ਸੁਨਾਓ ।"
ਅੰਗੂਰੀ ਨੇ ਗਾਇਆ ਤੇ ਨਾ ਪਰ ਬਾਰਾਂ ਮਹੀਨਿਆਂ ਦਾ ਵੇਰਵਾ ਇੰਜ ਗਿਣ ਦਿਤਾ, ਜਿਵੇਂ ਉਹ ਇਹ ਸਾਰਾ ਹਿਸਾਬ ਆਪਣੀਆਂ ਉਂਗਲਾਂ ਉਤੇ ਕਰਦੀ ਪਈ ਹੋਵੇ

"ਚਾਰ ਮਹੀਨੇ ਰਾਜਾ ਠੰਢੀ ਹੋਵਤ ਹੋ
ਥਰ ਥਰ ਕਾਂਪੇ ਕਰੇਜਵਾ।
ਚਾਰ ਮਹੀਨੇ ਰਾਜਾ ਗਰਮੀ ਹੋਵਤ ਹੋ
ਥਰ ਥਰ ਕਾਂਪੇ ਪਵਨਵਾ।
ਚਾਰ ਮਹੀਨੇ ਰਾਜਾ ਬਰਖਾ ਹੋਵਤ ਹੋ
ਥਰ ਥਰ ਕਾਂਪੇ ਬਦਰਵਾ ।"

"ਅੰਗੂਰੀ।"
ਅੰਗੂਰੀ ਬਿਟ ਬਿਟ ਮੇਰੇ ਮੂੰਹ ਵਲ ਵੇਖਣ ਲਗ ਪਈ। ਮਨ ਵਿਚ ਆਇਆ ਇਸ ਦੇ ਮੋਢੇ ਉਤੇ ਹੱਥ ਰੱਖ ਕੇ ਪੁੱਛਾਂ, "ਝੱਲੀਏ ਕਿਤੇ ਜੰਗਲੀ ਬੂਟੀ ਤਾਂ ਨਹੀਂ ਖਾ ਲਈ ?" ਮੇਰਾ ਹੱਥ ਉਹਦੇ ਮੋਢੇ ਉਤੇ ਰੱਖਿਆ ਵੀ ਗਿਆਸ ਪਰ ਮੈਂ ਇਹ ਗੱਲ ਪੁੱਛਣ ਦੀ ਥਾਵੇਂ ਇਹ ਪੁੱਛਿਆ "ਤੂਨੇ ਖਾਨਾ ਭੀ ਖਾਇਆ ਹੈ ਕਿ ਨਹੀਂ ?"
"ਖਾਨਾ ?" ਅੰਗੂਰੀ ਨੇ ਮੂੰਹ ਉਤਾਂਹ ਕਰ ਕੇ ਤੱਕਿਆ। ਉਹਦੇ ਮੋਢੇ ਉਤੇ ਰੱਖੇ ਹੋਏ ਹੱਥ ਹੇਠਾਂ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ। ਖ਼ਬਰੇ ਹੁਣੇ ਹੁਣੇ ਉਹਨੇ ਜਿਹੜਾ ਗੀਤ ਗਾਇਆ ਸੀ-ਵਰਖਾ ਰੁੱਤ ਵਿੱਚ ਕੰਬਣ ਵਾਲੇ ਬੱਦਲਾਂ ਦਾ, ਗਰਮੀ ਦੀ ਰੁੱਤੇ ਕੰਬਣ ਵਾਲੀ ਪੌਣ ਦਾ ਤੇ ਸਿਆਲੇ ਦੀ ਰੁੱਤੇ ਕੰਬਣ ਵਾਲੇ ਕਲੇਜੇ ਦਾ, ਉਸ ਗੀਤ ਦੀ ਸਾਰੀ ਕੰਬਣੀ ਅੰਗੂਰੀ ਦੇ ਪਿੰਡੇ ਵਿਚ ਸਮਾਈ ਹੋਈ ਸੀ...
ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਰ ਕਰਦੀ ਹੈ। ਪ੍ਰਭਾਤੀ ਮਾਲਕਾਂ ਦੀ ਰੋਟੀ ਬਣਾਂਦਾ, ਮਾਲਕਾਂ ਦੇ ਘਰੋਂ ਖਾਂਦਾ ਹੈ, ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਰ ਨਹੀਂ ਹੁੰਦਾ। ਇਸ ਲਈ ਮੈਂ ਫੇਰ ਆਖਿਆ
"ਤੂਨੇ ਆਜ ਰੋਟੀ ਬਣਾਈ ਹੈ ਕਿ ਨਹੀਂ ?"
"ਅਬੀ ਨਹੀਂ ।"
"ਸਵੇਰੇ ਬਣਾਈ ਥੀ ? ਚਾਏ ਪੀ ਥੀ ?"
"ਚਾਏ, ਆਜ ਤੋ ਦੂਧ ਹੀ ਨਹੀਂ ਥਾ ।"
"ਆਜ ਦੂਧ ਕਿਉਂ ਨਹੀਂ ਲੀਆ ਥਾ ?"
"ਵੁਹ ਤੋ ਮੈਂ ਲੇਤੀ ਨਹੀਂ, ਵੁਹ ਤੋ..."
"ਤੂੰ ਰੋਜ ਚਾਏ ਨਹੀਂ ਪੀਤੀ ?"
"ਪੀਤੀ ਹੂੰ "
"ਫਿਰ ਆਜ ਕਿਆ ਹੂਆ ?"
"ਦੂਧ ਤੋ ਵੁਹ ਰਾਮ ਤਾਰਾ .."

ਰਾਮ ਤਾਰਾ ਸਾਡੇ ਮੁਹੱਲੇ ਦਾ ਚੌਕੀਦਾਰ ਹੈ, ਸਾਰਿਆਂ ਦਾ ਸਾਂਝਾ ਚੌਕੀਦਾਰ। ਸਾਰੀ ਰਾਤ ਪਹਿਰਾ ਦੇਂਦਾ, ਉਹ ਸਵੇਰ ਸਾਰ ਡਾਢਾ ਉਨੀਂਦਰਿਆ ਹੁੰਦਾ ਹੈ। ਮੈਨੂੰ ਯਾਦ ਆਇਆ ਕਿ ਜਦੋਂ ਅੰਗੂਰੀ ਨਹੀਂ ਸੀ ਆਈ, ਉਹ ਸਵੇਰ ਸਾਰ ਸਾਡੇ ਘਰਾਂ ਵਿਚੋਂ ਚਾਹ ਪੀ ਕੇ ਉਹ ਖੂਹ ਦੇ ਲਾਗੇ ਮੰਜੀ ਡਾਹ ਕੇ ਸੌਂ ਜਾਂਦਾ ਹੁੰਦਾ ਸੀ। ਤੇ ਹੁਣ ਜਦੋਂ ਦੀ ਅੰਗੂਰੀ ਆਈ ਸੀ, ਉਹ ਸਵੇਰ ਸਾਰ ਕਿਸੇ ਗਵਾਲੇ ਕੋਲੋਂ ਦੁੱਧ ਲੈ ਲੈਂਦਾ ਸੀ, ਅੰਗੂਰੀ ਦੇ ਚੁੱਲ੍ਹੇ ਉਤੇ ਚਾਹ ਦਾ ਪਤੀਲਾ ਚਾੜ੍ਹਦਾ ਸੀ, ਤੇ ਅੰਗੂਰੀ, ਪ੍ਰਭਾਤੀ ਤੇ ਰਾਮ ਤਾਰਾ ਤਿੰਨੇ ਜਣੇ ਚੁੱਲ੍ਹੇ ਦੇ ਦੁਆਲੇ ਬਹਿ ਕੇ ਚਾਹ ਪੀਂਦੇ ਸਨ।
ਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਰਾਮ ਤਾਰਾ ਪਿਛਲੇ ਤਿੰਨਾਂ ਦਿਨਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਹੋਇਆ ਹੈ।
ਮੈਨੂੰ ਇਕ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ, "ਤੋ ਅੰਗੂਰੀ ਤੂਨੇ ਤੀਨ ਦਿਨ ਸੇ ਚਾਏ ਨਹੀ ਪੀ ?"
ਅੰਗੂਰੀ ਨੇ ਜ਼ਬਾਨ ਨਾਲ ਕੁਝ ਨਾ ਆਖਿਆ, ਨਾਂਹ ਵਿਚ ਸਿਰ ਫੇਰ ਦਿੱਤਾ।
"ਰੋਟੀ ਭੀ ਨਹੀਂ ਖਾਈ ?"
ਅੰਗੂਰੀ ਕੋਲੋਂ ਬੋਲਿਆ ਨਾ ਗਿਆ। ਦਿਸਦਾ ਪਿਆ ਸੀ ਕਿ ਜੇ ਅੰਗੂਰੀ ਨੇ ਰੋਟੀ ਖਾਧੀ ਵੀ ਹੋਵੇਗੀ ਤਾਂ ਨਾ ਖਾਣ ਵਰਗੀ।

ਰਾਮ ਤਾਰੇ ਦੀ ਸਾਰੀ ਦਿੱਖ ਮੈਨੂੰ ਚੇਤੇ ਆ ਗਈ, ਬੜੇ ਫੁਰਤੀਲੇ ਹੱਡ, ਬੜਾ ਸਾਊ ਮੂੰਹ ਤੇ ਜਿਹਦੇ ਕੋਲ ਨਿੰਮ੍ਹਾਂ ਨਿੰਮ੍ਹਾਂ ਹੱਸਦੀਆਂ ਤੇ ਸ਼ਰਮਾਂਦੀਆਂ ਅੱਖਾਂ ਹਨ, ਤੇ ਜਿਹਦੀ ਜ਼ਬਾਨ ਕੋਲ ਗੱਲ ਕਰਨ ਦਾ ਇਕ ਖਾਸ ਸਲੀਕਾ ਹੈ।
"ਅੰਗੂਰੀ ।"
"ਜੀ ।"
"ਕਹੀਂ ਜੰਗਲੀ ਬੂਟੀ ਤੋ ਨਹੀਂ ਖਾ ਲੀ ਤੂਨੇ ?"

ਅੰਗੂਰੀ ਦੇ ਮੂੰਹ ਉੱਤੇ ਪਰਲ ਪਰਲ ਅੱਥਰੂ ਵਗ ਪਏ। ਇਹਨਾ ਅੱਥਰੂਆਂ ਨੇ ਵਗ ਵਗ ਕੇ ਅੰਗੂਰੀ ਦੀਆਂ ਜਲੂਟੀਆਂ ਨੂੰ ਭਿਉਂ ਦਿੱਤਾ। ਤੇ ਫੇਰ ਇਹਨਾਂ ਅੱਥਰੂਆਂ ਨੇ ਵਗ ਵਗ ਕੇ ਜਦੋਂ ਉਹਦੇ ਹੋਠਾਂ ਨੂੰ ਭਿਉਂ ਦਿੱਤਾ ਤਾਂ ਅੰਗੂਰੀ ਦੇ ਮੂੰਹੋਂ ਨਿਕਲਦੇ ਹਰਫ਼ ਵੀ ਗਿੱਲੇ ਸਨ, "ਮੁਝੇ ਕਸਮ ਲਾਗੇ, ਜੋ ਮੈਨੇ ਉਸ ਕੇ ਹਾਥ ਸੇ ਕਭੀ ਮਿਠਾਈ ਖਾਈ ਹੋ, ਮੈਨੇ ਪਾਨ ਭੀ ਕਭੀ ਨਹੀਂ ਖਾਇਆ.. ਸਿਰਫ ਚਾਏ.. ਜਾਨੇ ਉਸ ਨੇ ਚਾਏ ਮੇਂ ਹੀ... " ਤੇ ਅੱਗੋਂ ਅੰਗੂਰੀ ਦੀ ਸਾਰੀ ਆਵਾਜ਼ ਉਹਦੇ ਅੱਥਰੂਆਂ ਵਿਚ ਡੁੱਬ ਗਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ