Jiunde Hon Da Certificate : K.L. Garg

ਜਿਉਂਦੇ ਹੋਣ ਦਾ ਸਰਟੀਫਿਕੇਟ (ਵਿਅੰਗ) : ਕੇ.ਐਲ. ਗਰਗ

‘‘ਕੀ ਹਾਲ ਹੈ?’’ ਅਸੀਂ ਆਪਣੇ ਇੱਕ ਮਿੱਤਰ ਨੂੰ ਪੁੱਛਦੇ ਹਾਂ। ‘‘ਮਰੇ ਪਏ ਆਂ, ਬੱਸ, ਮਰੇ ਈ ਪਏ ਆਂ।’’ ਉਸ ਨੇ ਦੁਖੀ ਲਹਿਜ਼ੇ ’ਚ ਇਉਂ ਕਿਹਾ ਜਿਵੇਂ ਹੁਣੇ-ਹੁਣੇ ਆਪਣੇ ਪਿਉ ਦਾ ਦਾਹ-ਸੰਸਕਾਰ ਕਰ ਕੇ ਆਇਆ ਹੋਵੇ।
‘‘ਮਰੇ ਕਿੱਥੇ ਓ? ਤੁਸੀਂ ਤਾਂ ਚੰਗੇ ਭਲੇ ਓ, ਜਿਉਂਦੇ ਜਾਗਦੇ।’’ ਅਸੀਂ ਆਖਿਆ।
‘‘ਇਹਨੂੰ ਤੁਸੀਂ ਜਿਉਣਾ ਕਹਿੰਨੇ ਆਂ? ਇਹ ਤਾਂ ਮਰਲ ਤੋਂ ਵੀ ਭੈੜਾ ਐ।’’ ਮਿੱਤਰ ਨੇ ਉਸੇ ਦੁਖੀ ਲਹਿਜ਼ੇ ’ਚ ਉੱਤਰ ਦਿੱਤਾ।
‘‘ਭੁੱਖ ਲੱਗਦੀ ਐ?’’ ਅਸੀਂ ਸਿੱਧਾ ਸਵਾਲ ਪੁੱਛਿਆ।
‘‘ਭੁੱਖ ਭੱਖ ਕਾਹਦੀ ਲੱਗਣੀ ਐ। ਬੱਸ ਧੱਕ ਧਕਾ ਕੇ ਖਾ ਲਈਦੀਆਂ ਪੰਜ-ਚਾਰ ਫੁਲਕੀਆਂ।’’ ਉਸ ਨੇ ਰੋਂਦੂ ਜਿਹੀ ਆਵਾਜ਼ ’ਚ ਕਿਹਾ।
‘‘ਸਾਹ ਆਉਂਦੈ?’’ ਅਸੀਂ ਪੁੱਛਿਆ।
‘‘ਸਾਹ ਵੀ ਕਾਹਦਾ ਆਉਂਦੈ, ਐਵੇਂ ਸਾਹੋ-ਸਾਹ ਹੋਏ ਪਏ ਆਂ। ਸਾਹ ਲੈਣਾ ਔਖਾ ਹੋਇਆ ਪਿਐ।’’ ਮਿੱਤਰ ਦੀ ਆਵਾਜ਼ ’ਚ ਨਾਕਾਮ ਆਸ਼ਕਾਂ ਜਿਹਾ ਦਰਦ ਭਰਿਆ ਹੋਇਆ ਸੀ।
‘‘ਤੁਸੀਂ ਖਾਣਾ ਖਾ ਲੈਂਦੇ ਹੋ, ਸਾਹ ਲੈਂਦੇ ਹੋ, ਫੇਰ ਵੀ ਮਰੇ ਕਿਉਂ ਪਏ ਓ? ਅਸੀਂ ਤੁਹਾਨੂੰ ਜਿਉਂਦੇ ਹੋਣ ਦਾ ਸਰਟੀਫਿਕੇਟ ਜਾਰੀ ਕਰ ਸਕਦੇ ਆਂ। ਸ਼ਰਤੀਆ ਜਿਉਂਦੇ ਹੋਣ ਦਾ।’’ ਅਸੀਂ ਹੱਸ ਕੇ ਆਖਿਆ।
ਇਹੋ ਸਵਾਲ ਅਸੀਂ ਆਪਣੇ ਇੱਕ ਹੋਰ ਪੱਕੇ ਮਿੱਤਰ ਨੂੰ ਪੁੱਛਿਆ ਤਾਂ ਉਸ ਦੀ ਆਵਾਜ਼ ਵੀ ਟੁੱਟੇ ਘੜੇ ਵਰਗੀ ਸੀ, ‘‘ ਮਰੇ ਪਏ ਆਂ ਯਾਰ। ਕਾਹਦਾ ਜਿਉਣ ਐ ਹੁਣ?’’
‘‘ਨੀਂਦ ਆਉਂਦੀ ਐ?’’ ਅਸੀਂ ਪੁੱਛਿਆ।
‘‘ਨੀਂਦ ਨੂੰਦ ਕਾਹਦੀ ਆਉਣੀ ਐਂ, ਬੱਸ ਐਵੇਂ ਬਰੜਾ-ਬਰੜਾ ਉੱਠੀਦੈ ਰਾਤ ਨੂੰ। ਘੋੜੇ ਵੇਚ ਕੇ ਸੌਣ ਦੇ ਦਿਨ ਲੱਦ ਗਏ ਹੁਣ।’’ ਉਸ ਲੰਮੀ ਉਬਾਸੀ ਲੈਣ ਲਈ ਪੂਰਾ ਮੂੰਹ ਟੱਡ ਕੇ ਆਖਿਆ।
‘‘ਵਿਹਲੇ ਰਹਿਨੇ ਓ? ਅਸੀਂ ਪੁੱਛਿਆ।
‘‘ਵਿਹਲੇ ਵੂਹਲੇ ਕਾਹਦੇ, ਮਰਨ ਦੀ ਵਿਹਲ ਨ੍ਹੀਂ।’’ ਉਸ ਆਖਿਆ।
‘‘ਜੇ ਮਰਨ ਦੀ ਵਿਹਲ ਨੀ ਤਾਂ ਫੇਰ ਮਰੇ ਕਿਵੇਂ ਪਏ ਆਂ? ਫੇਰ ਤਾਂ ਜਿਉਂਦੇ ਹੋਏ ਤੁਸੀਂ। ਅਸੀਂ ਸ਼ਰਤ ਲਾ ਕੇ ਕਹਿ ਸਕਦੇ ਆਂ ਕਿ ਤੁਸੀਂ ਸੈਂਟ ਪਰਸੈਂਟ ਜਿਉਂਦੇ ਓ!’’ ਅਸੀਂ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ।
‘‘ਐਵੇਂ ਸ਼ਹੀਦਾਂ ਨੂੰ ਮਖੌਲ ਨੀ ਕਰੀਦਾ। ਜਿਉਣਾ ਤਾਂ ਚੀਜ਼ ਈ ਹੋਰ ਹੁੰਦੀ ਐ, ਉਹ ਮਾਹਤੜਾਂ ਕੋਲ ਕਿੱਥੇ?’’ ਆਖ ਉਹ ਮਿੱਤਰ ਵੀ ਆਪਣੇ ਹੱਥੀਂ ਬੁਣੇ ਖੋਲ ’ਚ ਜਾ ਵੜਿਆ ਸੀ।
ਇਹੋ ਜਿਹੇ ਮੁਰਦਾ ਬੰਦਿਆਂ ਲਈ ਸਾਡੇ ਇੱਕ ਅਦਾਕਾਰ ਨੇਤਾ ਨੇ ਜਿਉਣ ਦਾ ਸਰਟੀਫਿਕੇਟ ਸਿਰਫ਼ ਪੰਦਰਾਂ ਰੁਪਏ ਵਿੱਚ ਜਾਰੀ ਕੀਤਾ ਸੀ। ਅਖੇ: ‘‘ਪੰਦਰਾਂ ਰੁਪਏ ’ਚ ਬੰਦਾ ਰੱਜ ਕੇ ਰੋਟੀ ਖਾ ਸਕਦੈ ਤੇ ਭੁੱਖਮਰੀ ਤੋਂ ਬਚ ਸਕਦੈ।’’
ਇੱਕ ਹੋਰ ਵੱਡੀ ਤੋਂਦ ਵਾਲੇ ਨੇਤਾ ਜੀ ਨੇ ਮੁਕਾਬਲੇ ਦੀ ਭਾਵਨਾ ਨਾਲ ਕਿਹਾ, ‘‘ਇੱਕ ਆਮ ਆਦਮੀ ਪੰਜ ਰੁਪਏ ਵਿੱਚ ਖਾਣੇ ਦੀ ਥਾਲੀ ਲੈ ਕੇ ਰੱਜ ਸਕਦਾ ਹੈ। ਭੁੱਖਮਰੀ ਦਾ ਸਵਾਲ ਹੀ ਕਿੱਥੇ ਐ?’’
ਤੋਂਦ ਵਾਲੇ ਨੇਤਾ ਜੀ ਦੇ ਬਿਆਨ ਨੂੰ ਸੁਣ ਕੇ ਬਾਬੂ ਬੇਚੈਨੀ ਮੱਲ ਨੇ ਪ੍ਰਸ਼ਨ ਕੀਤਾ, ‘‘ਏਨੀਆਂ ਤੋਪਾਂ, ਕੋਲਾ, ਖੇਡਾਂ ਦਾ ਸਾਮਾਨ ਖਾ ਕੇ ਜੋ ਨੇਤਾ ਜੀ ਨਹੀਂ ਰੱਜੇ ਤਾਂ ਭਾਰਤ ਦਾ ਔਸਤ ਆਦਮੀ ਪੰਜ ਰੁਪਏ ’ਚ ਕਿਵੇਂ ਰੱਜ ਸਕਦਾ ਹੈ?’’
‘‘ਲੋਕਾਂ ਵਿੱਚ ਸਬਰ ਹੈ ਨ੍ਹੀਂ। ਸੰਤੋਖ਼ ਹੈ ਨ੍ਹੀਂ। ਨਹੀਂ ਤਾਂ ਬੰਦਾ ਭੋਰਾ ਸ਼ਰਮ ਖਾਣ ਨਾਲ ਵੀ ਰੱਜ ਸਕਦਾ ਹੈ।’’ ਨੇਤਾ ਜੀ ਨੇ ਗੁੱਸੇ ’ਚ ਲਾਲ-ਪੀਲੇ ਹੋ ਕੇ ਕਹਿ ਦਿੱਤਾ ਸੀ।
‘‘ਲੋਕ ਮਰੇ ਵੀ ਤਾਂ ਹੀ ਪਏ ਐ ਬਈ ਸਬਰ ਸੰਤੋਖ਼ ਮੁੱਕ ਗਿਐ।’’ ਇੱਕ ਹੋਰ ਨੇਤਾ ਦਾ ਬਿਆਨ ਸੀ।
ਇੱਕ ਨੇਤਾ ਨੇ ਏਦੂੰ ਵੀ ਵੱਡੀ ਛਲਾਂਗ ਮਾਰਦਿਆਂ ਇੱਕ ਹੋਰ ਸਰਟੀਫਿਕੇਟ ਜਾਰੀ ਕਰ ਦਿੱਤਾ ਸੀ: ‘‘ਆਮ ਆਦਮੀ ਦੇ ਜਿਉਣ ਦਾ ਕੀ ਐ? ਉਹ ਤਾਂ ਇੱਕ ਰੁਪਏ ’ਚ ਰੱਜ ਕੇ ਖਾਣਾ ਖਾ ਕੇ ਜਿਉਂਦਾ ਰਹਿ ਸਕਦਾ ਹੈ।’’ ਬਿਆਨ ਦੇ ਕੇ ਨੇਤਾ ਜੀ ਨੇ ਆਪਣੀ ਜਾਕਟ ਦੀਆਂ ਜੇਬਾਂ ਵਿੱਚ ਦੋਵੇਂ ਹੱਥ ਤੁੰਨ ਲਏ ਸਨ।
‘‘ਸਰ, ਇੱਕ ਰੁਪਏ ’ਚ ਤਾਂ ਇੱਕ ਦੇਸੀ ਖੀਰਾ, ਇੱਕ ਪਿਆਜ਼, ਦੋ ਆਲੂ ਵੀ ਨ੍ਹੀਂ ਆਉਂਦੇ? ਇੱਕ ਰੁਪਏ ’ਚ ਰੱਜ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।’’
‘‘ਤੁਸੀਂ ਥੋਕ ਦੀਆਂ ਦੁਕਾਨਾਂ ਤੋਂ ਲਉ ਨਾ ਇਹ ਚੀਜ਼ਾਂ। ਮਾਰਕੀਟ ਤੀਕ ਆਉਂਦੇ ਆਉਂਦੇ ਇਨ੍ਹਾਂ ਦੇ ਭਾਅ ਅਸਮਾਨੀਂ ਚੜ੍ਹ ਜਾਂਦੇ ਹਨ।’’
ਨੇਤਾ ਜੀ ਨਾਲ ਬਹਿਸ ਕਰਨ ਦਾ ਕੋਈ ਸਿੱਟਾ ਨਹੀਂ ਨਿਕਲਦਾ ਕਿਉਂਕਿ ‘ਕੀ ਗੰਗੀ ਨਹਾਊ ਤੇ ਕੀ ਨਿਚੋੜੂ’ ਵਾਲੇ ਮੁਹਾਵਰੇ ਦੇ ਅਰਥ ਉਨ੍ਹਾਂ ਨੂੰ ਨਹੀਂ ਆਉਂਦੇ। ਅਧਿਆਪਕ ਦੀ ਗੱਲ ਉਨ੍ਹਾਂ ਕਦੇ ਸੁਣੀ ਹੀ ਨਹੀਂ ਸੀ।
ਬਾਬੂ ਬੱਚੂ ਮੱਲ ਪਹਿਲੀ ਤਾਰੀਖ ਨੂੰ ਨਹਾ ਧੋ, ਵਾਲ ਵਾਹ ਕੇ ਪੈਨਸ਼ਨ ਲੈਣ ਲਈ ਬੈਂਕ ਗਏ ਤਾਂ ਬੈਂਕ ਬਾਬੂ ਕਹਿਣ ਲੱਗੇ: ‘‘ ਬੱਚੂ ਮੱਲ ਜੀ, ਇਸ ਵਾਰ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ’ਚ ਜਮ੍ਹਾਂ ਨਹੀਂ ਹੋਈ।’’
‘‘ਕਿਉਂ ਜੀ?’’ ਬਾਬੂ ਬੱਚੂ ਮੱਲ ਨੇ ਹਕਲਾਉਂਦਿਆਂ ਪੁੱਛਿਆ।
‘‘ਤੁਸੀਂ ਆਪਣੇ ਜਿਉਂਦੇ ਹੋਣ ਦਾ ਸਰਟੀਫਿਕੇਟ ਟਾਈਮ ’ਤੇ ਜਮ੍ਹਾਂ ਨ੍ਹੀਂ ਕਰਵਾਇਆ।’’ ਬਾਬੂ ਨੇ ਕਹਿ ਦਿੱਤਾ।
‘‘ਤੁਹਾਡੇ ਸਾਹਮਣੇ ਤਾਂ ਖੜ੍ਹੇ ਆਂ ਜਿਉਂਦੇ ਜਾਗਦੇ, ਥ੍ਰੀ ਨੌਟ ਥ੍ਰੀ ਦੀ ਗੋਲੀ ਵਰਗੇ।’’ ਬਾਬੂ ਬੱਚੂ ਮੱਲ ਨੇ ਤਲਖ਼ੀ ਜਿਹੀ ਨਾਲ ਆਖਿਆ।
‘‘ ਖੜ੍ਹਨ ਬੈਠਣ ਦਾ ਨ੍ਹੀਂ ਸਾਨੂੰ ਪਤਾ। ਤੁਹਾਡੇ ਜਿਉਂਦੇ ਹੋਣ ਦਾ ਸਰਟੀਫਿਕੇਟ ਇਸ ਵਾਰ ਜਮ੍ਹਾਂ ਨ੍ਹੀਂ ਹੋਇਆ। ਸਾਡੀ ਫਾਈਲ ਦਾ ਢਿੱਡ ਪੂਰਾ ਨੀ ਹੋਇਆ। ਫਾਈਲ ’ਚ ਤੁਸੀਂ ਜਿਉਂਦੇ ਨੀਂ। ਇਸ ਲਈ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ’ਚ ਨਹੀਂ ਪੈ ਸਕਦੀ।’’ ਬਾਬੂ ਦਾ ਜਵਾਬ ਸਿੱਧਾ ਸਪਾਟ ਸੀ, ਲੱਕੜ ਦੀ ਸ਼ਤੀਰੀ ਜਿਹਾ।
ਪਲ ਦੀ ਪਲ ਤਾਂ ਬਾਬੂ ਬੱਚੂ ਰਾਮ ਦੀ ਹਾਲਤ ਮੁਰਦਿਆਂ ਤੋਂ ਵੀ ਭੈੜੀ ਹੋ ਗਈ ਸੀ। ਬੱਚੂ ਰਾਮ ਤਾਂ ਜਿਉਂਦਾ ਹੀ ਪੈਨਸ਼ਨ ’ਤੇ ਸੀ। ਜੇ ਕੋਈ ਬਾਬੂ ਬੱਚੂ ਮੱਲ ਨੂੰ ਪੁੱਛਦਾ ਹੈ: ‘‘ਤੁਹਾਡੇ ਪਿਤਾ ਦਾ ਨਾਂ?’’
‘‘ਪੈਨਸ਼ਨ ਰਾਮ।’’ ਬੱਚੂ ਮੱਲ ਝੱਟ ਕਹਿ ਦਿੰਦਾ ਹੈ।
‘‘ਮਾਤਾ ਦਾ ਨਾਂ?’’
‘‘ਪੈਨਸ਼ਨ ਦੇਵੀ।’’ ਬੱਚੂ ਮੱਲ ਦਾ ਉੱਤਰ ਹੁੰਦਾ।
‘‘ਪੁੱਤਰ ਦਾ ਨਾਂ?’’
‘‘ਪੈਨਸ਼ਨ ਕੁਮਾਰ।’’ ਬੱਚੂ ਮੱਲ ਛਾਤੀ ਸੰਗੋੜਦਿਆਂ ਕਹਿ ਦਿੰਦਾ ਹੈ।
‘‘ਪੈਨਸ਼ਨ ਹਮਰਾ ਮਾਈ ਬਾਪ ਹੈ, ਪੈਨਸ਼ਨ ਹਮਰਾ ਭਈਆ, ਥਾ ਥਈਆ, ਥਾ ਥਈਆ…’’ ਬੈਂਕ ਬਾਬੂ ਦੀ ਨਾਂਹ-ਨੁੱਕਰ ਸੁਣ ਕੇ ਬਾਬੂ ਬੱਚੂ ਰਾਮ ਗਾਉਣ ਲੱਗ ਪਿਆ ਸੀ।
ਬਾਬੂ ਬੱਚੂ ਮੱਲ ਜਿਹੇ ਬਜ਼ੁਰਗਾਂ ਲਈ ਪੈਨਸ਼ਨ ਹੀ ਜਿਉਂਦੇ ਰਹਿਣ ਦਾ ਸਰਟੀਫਿਕੇਟ ਹੈ, ਨਹੀਂ ਤਾਂ ਉਹ ਕੱਲ੍ਹ ਵੀ ਮਰੇ ਤੇ ਅੱਜ ਵੀ ਉਨ੍ਹਾਂ ਨੂੰ ਮਰੇ ਹੀ ਸਮਝੋ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ