Punjabi Stories/Kahanian
ਖ਼ਾਲਿਦ ਹੁਸੈਨ
Khalid Hussain

Punjabi Kavita
  

Jiundian Akkhan Di Daastan Khalid Hussain

ਜਿਊਂਦੀਆਂ ਅੱਖਾਂ ਦੀ ਦਾਸਤਾਨ ਖ਼ਾਲਿਦ ਹੁਸੈਨ

ਮੇਰੇ ਬੋਝਿਆਂ ਵਿਚ ਕਈ ਅੱਖਾਂ ਦੇ ਜੋੜੇ ਪਏ ਨੇ, ਜਿਹੜੇ ਮੇਰੇ ਅੰਤਰ ਮਨ ਨੂੰ ਝਰੂੰਡਦੇ ਰਹਿੰਦੇ ਨੇ। ਮੇਰੇ ਦਿਲ ਤੇ ਦਿਮਾਗ ਨੂੰ ਚੋਭਾਂ ਮਾਰਦੇ ਰਹਿੰਦੇ ਨੇ।
ਇਹ ਸੱਜੇ ਬੋਝੇ ਵਿਚ ਪਈਆਂ ਅੱਖਾਂ ਦਾ ਜੋੜਾ ਰਾਜਨਾਥ ਰਾਜ਼ਦਾਨ ਦਾ ਹੈ ਜਿਹੜਾ ਮੇਰਾ ਗੂੜ੍ਹਾ ਯਾਰ ਸੀ ਤੇ ਜਿਸਨੂੰ '47 ਵਿਚ ਕਬਾਇਲੀਆਂ ਨੇ ਬੰਦੂਕ ਦੀਆਂ ਗੋਲੀਆਂ ਨਾਲ ਛਾਨਣੀ ਕਰ ਛੱਡਿਆ ਸੀ। ਇੱਕ ਗੋਲੀ ਉਸ ਦੇ ਸਿਰ ਨੂੰ ਦੋ-ਫਾੜ ਕਰ ਗਈ ਸੀ। ਉਹ ਤਾਂ ਮਰ ਗਿਆ ਸੀ ਪਰ ਉਸਦੀਆਂ ਅੱਖਾਂ ਜ਼ਿੰਦਾ ਸਨ ਤੇ ਮੈਨੂੰ ਘੂਰ ਰਹੀਆਂ ਸਨ। ਮੈਨੂੰ ਬੜਾ ਡਰ ਲੱਗਾ ਸੀ...ਆਪਣੇ ਆਪ ਕੋਲੋਂ ਤੇ ਕਬਾਇਲੀਆਂ ਦੀ ਦਹਿਸ਼ਤਗਰਦੀ ਕੋਲੋਂ...ਪਰ ਮੈਂ ਕੁਝ ਨਹੀਂ ਸਾਂ ਕਰ ਸਕਿਆ। ਭਲਾ ਚੌਥੀ ਜਮਾਤ ਵਿਚ ਪੜ੍ਹਨ ਵਾਲਾ ਬਾਲਕ ਕਰ ਵੀ ਕੀ ਸਕਦਾ ਸੀ? ਮੈਂ ਆਪਣੇ ਜਮਾਤੀ ਰਾਜਨਾਥ ਦੀਆਂ ਅੱਖਾਂ ਨੂੰ ਆਨਿਆਂ ਵਿਚੋਂ ਕੱਢ ਕੇ ਆਪਣੇ ਬੋਝਿਆਂ ਵਿਚ ਪਾ ਲਿਆ ਤਾਂ ਜੋ ਯਾਰ ਦੇ ਪਿਆਰ ਦੀ ਨਿਸ਼ਾਨੀ ਨੂੰ ਸਾਂਭ ਕੇ ਰੱਖ ਲਵਾਂ। ਅੱਖੋਂ ਵੇਖੇ ਇਸ ਕਾਂਡ ਕਾਰਨ ਚੋਖੇ ਚਿਰ ਤੀਕਰ ਹਜ਼ਾਰਾਂ ਬਿੱਛੂ ਮੇਰੇ ਸਰੀਰ ਨੂੰ ਡੰਗ ਮਾਰਦੇ ਰਹੇ ਸਨ ਤੇ ਮੈਂ ਪੀੜ ਨਾਲ ਕੁਰਲਾਣ ਲੱਗ ਪੈਂਦਾ ਸਾਂ।
ਰਾਜਨਾਥ ਨੂੰ ਮਾਰਨ ਦੀ ਘਟਨਾ ਅੱਜਰ ਵਿਚ ਹੋਈ ਸੀ ਜਿਹੜਾ ਬਾਂਡੀਪੁਰ ਦੇ ਲਾਗੇ ਇੱਕ ਵਸਦਾ ਰਸਦਾ ਪਿੰਡ ਸੀ। ਇਸ ਘਟਨਾ ਦਾ ਮੁਜਰਮ ਅਹਿਮਦ ਸ਼ੇਖ਼ ਸੀ। ਜਿਸ ਦੀ ਜ਼ਮੀਨ ਦਾ ਝਗੜਾ ਸਮਸਾਰ ਚੰਦ ਰਾਜ਼ਦਾਨ ਨਾਲ ਸੀ। ਅਹਿਮਦ ਸ਼ੇਖ਼ ਦੀ ਜ਼ਮੀਨ ਸਮਸਾਰ ਚੰਦ ਦੇ ਖੇਤਾਂ ਨਾਲ ਮਿਲਦੀ ਸੀ। ਸਮਸਾਰ ਚੰਦ ਅਹਿਮਦ ਸ਼ੇਖ਼ ਦੀ ਜ਼ਮੀਨ ਹੜੱਪ ਕਰਨੀ ਚਾਹੁੰਦਾ ਸੀ। ਉਹ ਪਿੰਡ ਦਾ ਸ਼ਾਹੂਕਾਰ ਸੀ ਤੇ ਪਿੰਡ ਵਾਸੀਆਂ ਨੂੰ ਸੂਦ 'ਤੇ ਪੈਸੇ ਦਿੰਦਾ ਸੀ। ਅਹਿਮਦ ਸ਼ੇਖ਼ ਨੇ ਵੀ ਉਸ ਕੋਲੋਂ ਸੂਦੀ ਪੈਸੇ ਲੈ ਕੇ ਆਪਣੀ ਕੁੜੀ ਦਾ ਵਿਆਹ ਕਰਵਾਇਆ ਸੀ ਅਤੇ ਸਮਸਾਰ ਚੰਦ ਰਾਜ਼ਦਾਨ ਅੱਗੇ ਆਪਣੀ ਜ਼ਮੀਨ ਬੰਦੇ ਰੱਖੀ ਸੀ। ਅਹਿਮਦ ਸ਼ੇਖ਼ ਕੋਲ ਨਾ ਤਾਂ ਅਸਲ ਰਕਮ ਦੇਣ ਦੀ ਗੁੰਜਾਇਸ਼ ਸੀ ਅਤੇ ਨਾ ਹੀ ਸੂਦ ਦੇ ਪੈਸੇ। ਜਿਸ ਕਰਕੇ ਸਮਸਾਰ ਪੰਡਿਤ ਉਸਦੀ ਜ਼ਮੀਨ 'ਤੇ ਜ਼ਬਰਦਸਤੀ ਹਲ ਚਲਾਅ ਰਿਹਾ ਸੀ। ਬੱਸ ਇਹ ਝਗੜਾ ਸਮਸਾਰ ਚੰਦ ਤੇ ਉਹਦੇ ਪੁੱਤਰ ਅਤੇ ਮੇਰੇ ਯਾਰ ਰਾਜਨਾਥ ਦੀ ਹੱਤਿਆ ਦਾ ਕਾਰਨ ਬਣਿਆ। ਸਮਸਾਰ ਚੰਦ ਦੀ ਮੁਖਬਰੀ ਅਹਿਮਦ ਸ਼ੇਖ਼ ਨੇ ਹੀ ਕੀਤੀ ਸੀ। ਕਬਾਇਲੀਆਂ, ਸ਼ਾਹੂਕਾਰ ਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਸੀ। ਸਾਰੇ ਪਿੰਡਵਾਸੀ ਸਮਸਾਰ ਚੰਦ ਦੇ ਦੇਣਦਾਰ ਸਨ ਤੇ ਉਸ ਕੋਲੋਂ ਦੁਖੀ ਵੀ ਰਹਿੰਦੇ ਸਨ ਪਰ ਇਸ ਘਟਨਾ ਲਈ ਉਹ ਅਹਿਮਦ ਸ਼ੇਖ਼ ਨੂੰ ਕਸੂਰਵਾਰ ਸਮਝਦੇ ਸਨ ਤੇ ਉਹਨੂੰ ਲਾਅਨਤਾਂ ਤੇ ਮਲਾਮਤਾਂ ਕਰ ਰਹੇ ਸਨ। ਉਹਨਾਂ ਸਾਰਿਆਂ ਅਹਿਮਦ ਸ਼ੇਖ਼ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਸੀ ਤੇ ਉਸ ਨਾਲ ਸਾਰੇ ਸਮਾਜੀ ਰਿਸ਼ਤੇ ਖਤਮ ਕਰ ਦਿੱਤੇ ਸਨ- ਜਿਸ ਕਰਕੇ ਅਹਿਮਦ ਸ਼ੇਖ਼ ਆਪਣੇ ਟੱਬਰ ਸਮੇਤ ਸਰਹੱਦ ਪਾਰ ਪਾਕਿਸਤਾਨੀ ਇੰਤਜ਼ਾਮ ਵਾਲੇ ਕਸ਼ਮੀਰ ਵਿਚ ਜਾ ਵਸਿਆ ਸੀ ਤੇ ਮੁੜ ਕਦੀ ਵੀ ਵਾਪਿਸ ਨਹੀਂ ਆਇਆ।
ਮੈਂ ਬਾਰਾਮੁਲ੍ਹਾ ਦੇ ਸੇਂਟ ਜੋਜ਼ਫ਼ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ ਫਿਰ ਸ੍ਰੀ ਪ੍ਰਤਾਪ ਸਿੰਘ ਕਾਲਜ, ਸ੍ਰੀਨਗਰ ਵਿਚ ਦਾਖ਼ਲਾ ਲਿਆ ਤੇ ਓਥੋਂ ਬੀ.ਏ. ਪਾਸ ਕਰਨ ਮਗਰੋਂ ਅਲੀਗੜ੍ਹ ਮੁਸਲਿਮ ਯੂਨਿਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਚਲਾ ਗਿਆ। ਮੈਂ ਬੜਾ ਪੜ੍ਹਾਕੂ ਸਾਂ ਤੇ ਮੈਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਕ ਸੀ। ਇਸ ਸ਼ੌਕ ਨੇ ਹੀ ਮੇਰੇ ਅੰਦਰ ਸ਼ਾਇਰੀ ਦੀ ਜਾਗ ਲਾਈ ਤੇ ਮੈਂ ਸ਼ੇਅਰ ਕਹਿਣ ਲੱਗਾ। ਛੇਤੀ ਹੀ ਮੇਰਾ ਨਾਂ ਕਸ਼ਮੀਰ ਦੇ ਸਾਹਿੱਤਕ ਖੇਤਰ ਵਿਚ ਜਾਣਿਆ-ਪਛਾਣਿਆ ਜਾਣ ਲੱਗਾ। ਮੇਰੇ ਅੱਬਾ ਜੀ ਵੀ ਸ਼ਾਇਰੀ ਕਰਦੇ ਸਨ ਅਤੇ ਉਰਦੂ ਦੇ, ਕਸ਼ਮੀਰੀ ਭਾਸ਼ਾ ਦੇ ਕੌਮੀ ਸਤ੍ਹਾ ਦੇ ਸ਼ਾਇਰ ਸਨ। ਸ਼ਾਇਰੀ ਦੀ ਗੁੜ੍ਹਤੀ ਮੈਨੂੰ ਮੇਰੇ ਅੱਬਾ ਜੀ ਕੋਲੋਂ ਹੀ ਮਿਲੀ ਸੀ। ਇਹ ਸ਼ਾਇਦ ਤੁਖ਼ਮ ਤਾਸੀਰ ਦਾ ਵੀ ਅਸਰ ਸੀ ਕਿ ਮੈਂ ਸ਼ਾਇਰ ਬਣ ਗਿਆ। ਮੈਂ ਆਪਣੇ ਬਲਬੂਤੇ 'ਤੇ ਰੇਡੀਓ 'ਤੇ ਕਸ਼ਮੀਰ ਵਿਚ ਪ੍ਰੋਗ੍ਰਾਮ ਪ੍ਰੋਡਿਊਸਰ ਦੀ ਨੌਕਰੀ ਹਾਸਿਲ ਕੀਤੀ ਤੇ ਆਪਣੀ ਜ਼ਿੰਮੇਵਾਰੀ ਨੂੰ ਖੂਬ ਨਿਭਾਇਆ ਤੇ ਮਹਿਕਮੇ ਵਿਚ ਨਾਮ ਕਮਾਇਆ। ਮੈਂ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਆਕਾਸ਼ਵਾਣੀ ਤੇ ਮਗਰੋਂ ਦੂਰਦਰਸ਼ਨ ਦੇ ਡਾਇਰੈਕਟਰ ਵਜ੍ਹੋਂ ਕੰਮ ਜਿਊਂਦੀਆਂ ਅੱਖਾਂ ਦੀ ਦਾਸਤਾਨ ਕਰਦਾ ਰਿਹਾ ਤੇ ਅਖੀਰ ਡਿਪਟੀ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਇਸ ਸਾਰੀ ਅਦਬੀ, ਸਰਕਾਰੀ ਆਵਾਰਾਗਰਦੀ ਵਿਚ ਮੈਂ ਆਪਣੇ ਯਾਰ ਰਾਜਨਾਥ ਨੂੰ ਕਦੇ ਵੀ ਨਾ ਭੁੱਲਿਆ।
ਸਰਕਾਰੀ ਕੰਮਕਾਜ ਤਾਂ ਹਰ ਕੋਈ ਕਰਦਾ ਹੈ ਪਰ ਜਦ ਵੀ ਕਿਸੇ ਕਸ਼ਮੀਰੀ ਪੰਡਿਤ ਦੀ ਮਿਸਲ ਮੇਰੇ ਕੋਲ ਆਉਂਦੀ ਤਾਂ ਰਾਜਨਾਥ ਦੀ ਤਸਵੀਰ ਮੇਰੇ ਸਾਹਮਣੇ ਆ ਜਾਂਦੀ ਤੇ ਉਸਦੀਆਂ ਰੱਤ ਲਿਬੜੀਆਂ ਅੱਖਾਂ ਫ਼ਾਈਲ ਨੂੰ ਮਨਜ਼ੂਰ ਕਰਨ ਲਈ ਮੇਰੀ ਕਲਮ ਬਣ ਜਾਂਦੀਆਂ। ਮੈਂ ਇਹ ਗੱਲ ਬੜੇ ਵਿਸ਼ਵਾਸ ਤੇ ਦਾਅਵੇ ਨਾਲ ਕਹਿੰਦਾ ਹਾਂ ਕਿ ਮੈਂ ਕਦੇ ਵੀ ਕਿਸੇ ਕਸ਼ਮੀਰੀ ਪੰਡਿਤ ਦੀ ਫ਼ਾਈਲ ਨਹੀਂ ਰੋਕੀ। ਕਦੇ ਕੋਈ ਉਨ੍ਹਾਂ ਦਾ ਕੰਮ ਨਹੀਂ ਰੋਕਿਆ। ਹਮੇਸ਼ਾ ਉਨ੍ਹਾਂ ਦੀ ਦਾਦ ਫ਼ਰਿਆਦ ਸੁਣੀ ਤੇ ਉਨ੍ਹਾਂ ਦੇ ਕੰਮ ਕਰਦਾ ਅਤੇ ਕਰਵਾਂਦਾ ਰਿਹਾ। ਕਿਓਂਜੇ ਮੈਂ ਉਨ੍ਹਾਂ ਦਾ ਖ਼ੂਨ ਸਾਂ ਤੇ ਉਹ ਮੇਰਾ ਖ਼ੂਨ ਸਨ। ਹਰ ਕਸ਼ਮੀਰੀ ਪੰਡਿਤ ਦੇ ਰੂਪ ਵਿਚ ਮੈਨੂੰ ਆਪਣਾ ਯਾਰ ਰਾਜਨਾਥ ਹੀ ਲੱਭਦਾ ਜਿਸਦੀ ਮੌਤ ਲਈ ਖ਼ੌਰੇ ਕਿਊਂ ਮੈਂ ਆਪਣੇ ਆਪ ਨੂੰ ਜ਼ਿੰੇਮੇਵਾਰ ਮੰਨਦਾ ਸਾਂ।
ਮੇਰੇ ਦੂਜੇ ਬੋਝੇ ਵਿਚ ਜਿਹੜੀਆਂ ਦੋ ਅੱਖਾਂ ਪਈਆਂ ਨੇ ਉਹ ਮੇਰੇ ਗੂੜ੍ਹੇ ਯਾਰ ਤੇ ਹਮਪਿਆਲਾ ਤੇ ਹਮਨਿਵਾਲਾ ਲੱਸਾ ਕੌਲ ਦੀਆਂ ਨੇ ਜਿਹੜਾ ਦੂਰਦਰਸ਼ਨ ਸ੍ਰੀਨਗਰ ਦਾ ਡਾਇਰੈਕਟਰ ਸੀ। ਅੰਸੀਂ ਦੋਵ੍ਹੇਂ 'ਕੱਠੇ ਬਹਿ ਕੇ ਦਾਰੂ ਪੀਂਦੇ ਤੇ ਕਸ਼ਮੀਰ ਦੀ ਰਾਜਨੀਤੀ 'ਤੇ ਗੱਲਾਂ ਕਰਦੇ ਤੇ ਸੋਚਦੇ ਰਹਿੰਦੇ ਬਈ ਭਾਰਤ ਸਰਕਾਰ ਕੋਲੋਂ '47 ਤੋਂ ਬਾਅਦ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ। ਉਹ ਲੋਕਾਂ ਦਾ ਦਿਲ ਕਿਉਂ ਨਾ ਜਿੱਤ ਸਕੀ। ਤੇ ਇਨ੍ਹਾਂ ਗਲਤੀਆਂ ਦੇ ਸੁਧਾਰ ਲਈ ਸਰਕਾਰ ਨੂੰ ਕਿਹੜੇ ਕਿਹੜੇ ਉਪਾਅ ਕਰਨੇ ਚਾਹੀਦੇ ਨੇ। ਮੈਂ ਓਦੋਂ ਦੂਰਦਰਸ਼ਨ, ਸ੍ਰੀਨਗਰ ਦਾ ਡਾਇਰੈਕਟਰ ਸਾਂ । ਅਸੀਂ ਦੋਵੇਂ ਕਸ਼ਮੀਰੀ ਨੌਜਵਾਨਾਂ ਨੂੰ ਅੱਤਿਵਾਦ ਦੇ ਚੁੰਗਲ ਤੋਂ ਬਾਹਰ ਕੱਢਣ ਲਈ ਨਵੇਂ ਨਵੇਂ ਪ੍ਰੋਗ੍ਰਾਮ ਬਨਾਉਣ ਤੇ ਰੇਡੀਓ ਕਸ਼ਮੀਰ ਤੋਂ ਨਸ਼ਰ ਕਰਨ ਅਤੇ ਦੂਰਦਰਸ਼ਨ ਤੋਂ ਪੇਸ਼ ਕਰਨ ਦੇ ਉਪਰਾਲੇ ਕਰਦੇ ਰਹਿੰਦੇ। ਲੱਸਾ ਕੌਲ, ਕਸ਼ਮੀਰ ਅਤੇ ਕਸ਼ਮੀਰੀਅਤ ਦਾ ਚਾਨਣ ਮੁਨਾਰਾ ਸੀ। ਉਹਦੀ ਯਾਰੀ ਦੋਸਤੀ ਤੇ ਨਿੱਘੇ ਸੰਬੰਧ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਨਾਲ ਸਨ। ਉਹ ਰੱਜ ਕੇ ਸੁਹਣਾ ਸੀ। ਹਸਮੁਖ ਸੀ ਤੇ ਮਹਿਫ਼ਿਲਾਂ ਦੀ ਜਿੰਦ ਜਾਨ। ਉਸ ਦੇ ਸੰਬੰਧ ਕਸ਼ਮੀਰ ਦੀ ਅਫ਼ਸਰਸ਼ਾਹੀ ਨਾਲ ਵੀ ਬੜੇ ਨਿੱਘੇ ਸਨ...ਪਰ ਉਸਨੂੰ ਖਾੜਕੂਆਂ ਨੇ ਭਾਰਤੀ ਏਜੰਟ ਹੋਣ ਦੇ ਇਲਜ਼ਾਮ ਵਿਚ ਮਾਰ ਦਿੱਤਾ ਸੀ। ਉਸਦੀਆਂ ਅੱਖਾਂ ਹਮੇਸ਼ਾ ਮੇਰੇ ਤੋਂ ਪੁੱਛਦੀਆਂ ਨੇ ਕਿ ਉਸਦਾ ਕਸੂਰ ਕੀ ਸੀ। ਮੈਂ ਕੀ ਦੱਸਾਂ ਕਿ ਮਿੱਤਰਾ ਇਸ ਧਰਤੀ 'ਤੇ ਬਹੁਤੇ ਲੋਕ ਬੇ-ਕਸੂਰੇ ਹੀ ਮਰਦੇ ਨੇ। ਮੈਨੂੰ ਆਪਣੇ ਆਪ ਉੱਤੇ ਗੁੱਸਾ ਆਉਂਦਾ। ਮੈਂ ਕ੍ਰੋਧ ਦੀ ਅੱਗ ਵਿਚ ਸੜਦਾ ਰਹਿੰਦਾ....ਤੇ ਨਮੋਸ਼ੀ ਨਾਲ ਆਪਣੀਆਂ ਅੱਖਾਂ ਮੀਟ ਲੈਂਦਾ।
ਮੁਹੰਮਦ ਆਜ਼ਮ ਸਾਗਰ ਪੁਣਛ ਵਿਚ ਪਹਾੜੀ ਹੋਸਟਲ ਦਾ ਵਾਰਡਨ ਸੀ। ਉਸਦਾ ਪੁੱਤਰ ਨਿਸ਼ਾਤ ਆਜ਼ਮ ਐਗਰੀਕਲਚਰ ਯੂਨੀਵਰਸਿਟੀ ਲਖਨਊ ਤੋਂ ਐੱਮ ਐੱਸ ਸੀ ਐਗਰੀਕਲਚਰ ਦੀ ਡਿਗਰੀ ਲੈ ਕੇ ਘਰ ਅੱਪੜਿਆ ਸੀ। ਇੱਕ ਦਿਨ ਸਾਗਰ ਸਾਹਿਬ ਨੇ ਉਸਨੂੰ ਆਪਣੇ ਪਿੰਡ ਨੱਕਾ ਮਜਾੜੀ ਘੱਲਿਆ ਤਾਂ ਜੇ ਉਹ ਫ਼ਸਲ ਦੀ ਕਟਾਈ ਕਰਾਅ ਸਕੇ। ਰਾਤੀਂ ਉਹ ਆਪਣੇ ਪਿੰਡ ਵਾਲੇ ਮਕਾਨ ਵਿਚ ਸੁੱਤਾ ਪਿਆ ਸੀ, ਕਿ ਫ਼ੌਜੀ, ਖਾੜਕੂਆਂ ਦਾ ਪਿੱਛਾ ਕਰਦੇ ਹੋਏ ਸਾਗਰ ਸਾਹਿਬ ਦੇ ਮਕਾਨ ਅੰਦਰ ਵੜ ਗਏ। ਓਥੇ ਫ਼ੌਜੀਆਂ ਨੇ ਨਿਸ਼ਾਤ ਨੂੰ ਇਕੱਲਿਆਂ ਵੇਖਿਆ ਤਾਂ ਉਸ ਨੂੰ ਸੁੱਤਿਆਂ ਫੜ ਲਿਆ। ਨਿਸ਼ਾਤ ਨੇ ਲੱਖ ਸਮਝਾਇਆ, ਸਬੂਤ ਦਿੱਤੇ ਕਿ ਉਹ ਖਾੜਕੂ ਨਹੀਂ ਹੈ ਅਤੇ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰ ਕੇ ਕੁਝ ਦਿਨ ਪਹਿਲਾਂ ਹੀ ਪੁਣਛ ਅੱਪੜਿਆ ਹੈ ਪਰ ਫ਼ੌਜੀਆਂ ਨੇ ਉਹਦੀ ਕੋਈ ਗੱਲ ਨਾ ਮੰਨੀ ਤੇ ਉਸਨੂੰ ਉੱਗਰਵਾਦੀ ਬਣਾਅ ਕੇ ਬੜੀ ਬੇਦਰਦੀ ਨਾਲ ਮਾਰ ਦਿੱਤਾ। ਪਿੰਡ ਵਿਚ ਹਾਹਾਕਾਰ ਮਚ ਗਿਆ। ਫ਼ੌਜੀਆਂ ਦੇ ਖਿਲਾਫ਼ ਧਰਨੇ ਅਤੇ ਜਲੂਸ ਕੱਢੇ ਗਏ। ਫ਼ੌਜੀ ਆਪਣੀ ਗੱਲ 'ਤੇ ਅੜੇ ਹੋਏ ਸਨ ਕਿ ਉਨ੍ਹਾਂ ਨੇ ਉੱਗਰਵਾਦੀ ਨੂੰ ਮਾਰਿਆ ਹੈ। ਇਹ ਖ਼ਬਰ ਮੈਂ ਆਪਣੇ ਚੈਨਲ ਤੋਂ ਵੀ ਚਲਾਈ। ਜਿਸ ਦਾ 'ਨਿਸ਼ਾਤ' ਨੂੰ ਡਾਢਾ ਦੁੱਖ ਸੀ। ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਇੱਕ ਇਨਕੁਆਇਰੀ ਕਮੇਟੀ ਬਿਠਾਈ ਜਿਸ ਦੀ ਰਿਪੋਰਟ ਕਦੇ ਵੀ ਨਹੀਂ ਆਈ। ਨਿਸ਼ਾਤ ਦੇ ਜਨਾਜ਼ੇ ਵਿਚ ਸਾਰਾ ਪੁਣਛ ਸ਼ਾਮਿਲ ਹੋਇਆ। ਸਾਗਰ ਸਾਹਿਬ ਮੇਰੇ ਚੰਗੇ ਦੋਸਤ ਸਨ। ਇਸ ਲਈ ਨਿਸ਼ਾਤ ਦੇ ਜਨਾਜ਼ੇ ਵਿਚ ਰਲਤ ਕਰਨ ਲਈ ਮੈਂ ਉਚੇਚੇ ਤੌਰ 'ਤੇ ਕਸ਼ਮੀਰੋਂ ਆਇਆ ਸਾਂ। ਜਦ ਨਿਸ਼ਾਤ ਨੂੰ ਕਬਰ ਵਿਚ ਦਫ਼ਨਾਣ ਲੱਗੇ ਤਾਂ ਉਸਦੀਆਂ ਅੱਖਾਂ ਕਫ਼ਨ 'ਚੋਂ ਬਾਹਰ ਨਿੱਕਲ ਕੇ ਮੇਰੇ ਕੋਲ ਆ ਗਈਆਂ। ਉਹ ਮੈਨੂੰ ਘੂਰਨ ਲੱਗੀਆਂ ਤੇ ਕਹਿਣ ਲੱਗੀਆਂ ਕਿ ਤੂੰ ਆਪਣੇ ਚੈਨਲ ਤੋਂ ਉਸਦੀ ਝੂਠੀ ਖਬਰ ਕਿੰਝ ਚਲਾਈ? ਨਿਸ਼ਾਤ ਦੀਆਂ ਅੱਖਾਂ ਦਾ ਕ੍ਰੋਧ ਮੈਂ ਨਹੀਂ ਝੱਲ ਸਕਿਆ। ਮੈਂ ਉਸਦੀਆਂ ਅੱਖਾਂ ਨੂੰ ਆਪਣੇ ਕੋਟ ਦੇ ਉੱਪਰਲੇ ਬੋਝੇ ਵਿਚ ਰੱਖ ਦਿੱਤਾ ਤੇ ਸ਼ਾਂਤ ਹੋ ਗਿਆ ਪਰ ਨਿਸ਼ਾਤ ਦੀ ਮੌਤ ਦੀ ਪੀੜਾ ਮੈਨੂੰ ਟੁੰਬਦੀ ਰਹਿੰਦੀ ਹੈ।
ਮੇਰੇ ਕੋਟ ਦੇ ਅੰਦਰਲੇ ਜੇਬ੍ਹੇ ਵਿਚ ਪਈਆਂ ਦੋ ਅੱਖਾਂ ਗ਼ੁਲਾਮ ਹੁਸੈਨ ਦੀਆਂ ਨੇ। ਜਿਹੜਾ ਤੋਤਾ ਗਲੀ ਦਾ ਰਹਿਣ ਵਾਲਾ ਸੀ ਅਤੇ ਫ਼ੌਜ ਦਾ ਖ਼ਬਰੀ ਸੀ। ਉਹ ਭਾਰਤ ਦਾ ਸੱਚਾ ਸਪੂਤ ਸੀ ਤੇ ਉੱਗਰਵਾਦੀਆਂ ਦਾ ਸਖਤ ਵਿਰੋਧੀ। ਇਹੋ ਕਾਰਨ ਸੀ ਕਿ ਉਹ ਵੇਲੇ-ਕੁਵੇਲੇ ਫ਼ੌਜੀਆਂ ਨੂੰ ਉੱਗਰਵਾਦੀਆਂ ਦੇ ਠਿਕਾਣੇ 'ਤੇ ਹੋਣ ਵਾਲੀਆਂ ਕਾਰਵਾਈਆਂ ਦੀਆਂ ਖਬਰਾਂ ਦੇਂਦਾ ਰਹਿੰਦਾ ਸੀ। ਹੌਲੀ-ਹੌਲੀ ਖਾੜਕੂਆਂ ਨੂੰ ਪਤਾ ਚੱਲ ਗਿਆ ਕਿ ਗੁ.ਲਾਮ ਹੁਸੈਨ, ਫ਼ੌਜੀਆਂ ਦਾ ਖ਼ਬਰੀ ਹੈ। ਉਹਨੂੰ ਕਈ ਵਾਰ ਖਾੜਕੂਆਂ ਨੇ ਖਬਰਦਾਰ ਕੀਤਾ ਅਤੇ ਧਮਕੀ ਵੀ ਦਿੱਤੀ ਕਿ ਉਹ ਆਪਣੀਆਂ ਕਰਤੂਤਾਂ ਤੋਂ ਬਾਜ ਆ ਜਾਏ ਨਹੀਂ ਤਾਂ ਉਸਦਾ ਸਾਰਾ ਟੱਬਰ ਮਾਰ ਦਿੱਤਾ ਜਾਏਗਾ, ਪਰ ਗੁ.ਲਾਮ ਹੁਸੈਨ, ਅੱਤਵਾਦੀਆਂ ਦੀ ਧਮਕੀ ਦੀ ਪਰਵਾਹ ਨਹੀਂ ਸੀ ਕਰਦਾ ਤੇ ਆਪਣਾ ਕੰਮ ਕਰੀ ਜਾ ਰਿਹਾ ਸੀ। ਅਖੀਰ ਇੱਕ ਰਾਤੀਂ ਉੱਗਰਵਾਦੀਆਂ ਨੇ ਉਹਦੇ ਘਰ ਉੱਤੇ ਹੱਲਾ ਬੋਲ ਦਿੱਤਾ ਤੇ ਗੁ.ਲਾਮ ਹੁਸੈਨ ਸਮੇਤ ਘਰ ਦੇ ਸਾਰੇ ਜੀਅ ਗੋਲੀਆਂ ਨਾਲ ਭੁੰਨ ਛੱਡੇ। ਕਿਸੇ ਵੀ ਉਨ੍ਹਾਂ ਦੀ ਸ਼ਹੀਦੀ ਦਾ ਸੋਗ ਨਹੀਂ ਮਣਾਇਆ, ਨਾ ਭਾਰਤ ਦੇ ਸਪੂਤਾਂ ਨੇ, ਨਾ ਹੀ ਰਿਸ਼ਤੇਦਾਰਾਂ ਨੇ, ਜਿਵੇਂ ਇਨਸਾਨ ਨਹੀਂ ਕੁੱਤੇ ਮਰੇ ਹੋਣ। ਗੁ.ਲਾਮ ਹੁਸੈਨ ਦੀਆਂ ਅੱਖਾਂ ਇਹ ਸਲੂਕ ਦੇਖ ਕੇ ਬੜੀਆਂ ਤੜਫੀਆਂ ਤੇ ਮੈਨੂੰ ਵੇਖ ਕੇ ਗਿਲਾ ਕਰਨ ਲੱਗੀਆਂ ਕਿ ਦੇਸ਼ ਭਗਤੀ ਦਾ ਸਿਲਾ ਇੰਝ ਹੀ ਮਿਲਦਾ ਹੁੰਦਾ ਹੈ? ਮੈਂ ਕੀ ਕਹਿੰਦਾ? ਸਰਕਾਰੀ ਬੇ-ਰੁਖ਼ੀ ਦੇ ਇਸ ਤਰ੍ਹਾਂ ਦੇ ਕਈ ਤਮਾਸ਼ੇ ਮੈਂ ਕਈ ਵਾਰੀ ਆਪ ਵੇਖੇ ਸਨ। ਇਸ ਲਈ ਮੈਂ ਗੁ.ਲਾਮ ਹੁਸੈਨ ਦੀਆਂ ਅੱਖਾਂ ਸਾਂਭ ਕੇ ਕੋਟ ਦੇ ਅੰਦਰਲੇ ਬੋਝੇ ਵਿਚ ਪਾ ਦਿੱਤੀਆਂ। ਹਰਨੀ ਪਿੰਡ ਵਿਚ ਵੀ ਚਾਰ ਬੇ-ਗੁਨਾਹ ਹਿੰਦੂਆਂ ਦਾ ਕਤਲ ਦਿਨ-ਦਿਹਾੜੇ ਖਾੜਕੂਆਂ ਨੇ ਕੀਤਾ ਸੀ ਤੇ ਲੋਕਾਂ ਵਿਚ ਇਸ ਘਟਨਾ ਬਾਰੇ ਡਾਢਾ ਰੋਸ ਸੀ। ਮੈਂਹਡਰ, ਪੁਣਛ, ਸੁਰਨਕੋਟ ਤੇ ਰਾਜੌਰੀ ਤੋਂ ਲੋਕੀਂ ਇਸ ਦੁਖਦਾਈ ਘਟਨਾ ਦਾ ਸੁਣ ਕੇ ਹਰਨੀ ਪਹੁੰਚੇ ਸਨ। ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਹੋ ਰਹੀ ਸੀ। ਪੁਤਲੇ ਸਾੜੇ ਜਾ ਰਹੇ ਸਨ। ਮੈਂ ਇਸ ਸਾਰੀ ਘਟਨਾ ਦੀ ਅੱਖੀਂ ਵੇਖੀ ਸੱਚਾਈ ਨੂੰ ਦਰਸਾਣ ਲਈ ਆਪੂੰ ਹਰਨੀ ਗਿਆ ਸਾਂ। ਲੋਕਾਂ ਕੋਲੋਂ ਪਤਾ ਚੱਲਿਆ ਕਿ ਦੋ ਦਿਨ ਪਹਿਲਾਂ ਬਲਨੌਈ ਵਿਚ ਰੱਖੀ ਗਈ ਫ਼ੌਜੀ ਬਟਾਲੀਅਨ ਦੇ ਕੁਝ ਸਿਪਾਹੀ, ਰਾਤੀਂ ਖਾ-ਪੀ ਕੇ, ਸਰਹੱਦ ਟੱਪ ਕੇ, ਦੂਜੇ ਪਾਸੇ ਕਿਸੇ ਵਿਆਹ ਵਾਲੇ ਘਰ ਸੁੱਤੇ ਬੰਦਿਆਂ ਦਾ ਸਿਰ ਵੱਢ ਕੇ ਲੈ ਆਏ ਸਨ। ਜਿਸ ਦਾ ਬਦਲਾ ਖਾੜਕੂਆਂ ਨੇ ਹਰਨੀ ਵਿਚ ਰਹਿੰਦੇ ਮਾਸੂਮ ਬੰਦਿਆਂ ਨੂੰ ਕਤਲ ਕਰ ਕੇ ਲਿਆ ਸੀ। ਉਸ ਘਰ ਦਾ ਬਜ਼ੁਰਗ ਕ੍ਰਿਸ਼ਨ ਲਾਲ ਮਰਦੇ-ਮਰਦੇ ਆਪਣੀਆਂ ਅੱਖਾਂ ਮੇਰੇ ਹਵਾਲੇ ਕਰ ਗਿਆ ਤੇ ਕਹਿ ਗਿਆ ਕਿ ਕਦ ਤੀਕਰ ਅਸੀਂ ਆਪਸ ਵਿਚ ਵੈਰ ਪਾਲਦੇ ਰਹਾਂਗੇ ਤੇ ਇੱਕ ਦੂਜੇ ਦੇ ਸਿਰ ਵੱਢਦੇ ਰਵ੍ਹਾਂਗੇ। ਕੀ ਅਸੀਂ ਇੱਕ ਦੂਜੇ ਨੂੰ ਸੁੱਖ ਸੁਨੇਹੇ ਨਹੀਂ ਦੇ ਸਕਦੇ? ਮੈਂ ਕ੍ਰਿਸ਼ਨ ਲਾਲ ਦੀਆਂ ਅੱਖਾਂ ਕੋਟ ਦੇ ਅੰਦਰਲੇ ਦੂਜੇ ਬੋਝੇ ਵਿਚ ਸਾਂਭ ਰੱਖੀਆਂ ਤਾਂ ਜੇ ਜਦ ਕਦੇ ਸਰਹੱਦ ਪਾਰ ਦੀਆਂ ਦੁੱਖ ਜਰਦੀਆਂ ਅੱਖਾਂ ਲੱਭਣ ਤਾਂ ਮੈਂ ਕ੍ਰਿਸ਼ਨ ਲਾਲ ਦੀਆਂ ਅੱਖਾਂ ਨਾਲ ਉਨ੍ਹਾਂ ਦੀਆਂ ਪੀੜਾਂ ਸਾਂਝੀਆਂ ਕਰ ਸਕਾਂ।
ਮੇਰੇ ਕੋਟ ਦੇ ਨਿੱਕੇ ਵੱਡੇ ਬੋਝਿਆਂ ਵਿਚ ਹੋਰ ਵੀ ਕਈ ਅੱਖਾਂ ਪਈਆਂ ਨੇ ਜਿਵੇਂ ਚੱਠੀ ਸਿੰਘਪੁਰਾ ਵਿਚ ਸਿੱਖ ਸ਼ਹੀਦਾਂ ਦੀਆਂ ਅੱਖਾਂ (ਇਹ ਜ਼ੁਲਮ ਕਿਸ ਨੇ ਸਿੱਖਾਂ ਨੂੰ ਕਿਸੇ ਦੇ ਖਿਲਾਫ਼ ਕਰਨ ਲਈ ਜਾਂ ਆਪਣੇ ਤੋਂ ਦਹਿਲਾਉਣ ਲਈ ਕੀਤਾ ਹੋਏਗਾ?-ਸੰ) ਜਾਂ ਫਿਰ ਪਥਰੀਬਲ ਦੇ ਮਾਸੂਮ ਸ਼ਹੀਦਾਂ ਦੀਆਂ ਅੱਖਾਂ, ਜਿਨ੍ਹਾਂ ਨੂੰ ਫ਼ੌਜੀਆਂ ਨੇ ਉਗਰਵਾਦੀ ਬਣਾਅ ਕੇ ਕਤਲ ਕਰ ਦਿੱਤਾ ਸੀ ਪਰ ਜਦ ਲੋਕਾਂ ਨੇ ਇਸ ਘਟਨਾ ਦੇ ਖਿਲਾਫ਼ ਖੜਕੇ ਨਾਲ ਅੰਦੋਲਨ ਸ਼ੁਰੂ ਕੀਤਾ ਅਤੇ ਇਹ ਸਾਬਿਤ ਕਰ ਦਿੱਤਾ ਕਿ ਸ਼ਹੀਦ ਹੋਣ ਵਾਲੇ ਬੰਦਿਆਂ ਦਾ ਉੱਗਰਵਾਦ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਉਹ ਬੇ-ਗੁਨਾਹ ਸਨ ਤਾਂ ਵੇਲੇ ਦੀ ਸਰਕਾਰ ਨੇ ਸੱਚ ਦਾ ਸੱਚ ਜਾਨਣ ਲਈ ਇੱਕ ਕਮਿਸ਼ਨ ਬਣਾਇਆ। ਮਰਨ ਵਾਲਿਆਂ ਦੀਆਂ ਲਾਸ਼ਾਂ ਕਬਰਾਂ ਵਿਚੋਂ ਕੱਢੀਆਂ ਗਈਆਂ ਤੇ ਡੀ ਡੈੱਨ ਏ ਟੈੱਸਟ ਕਰਾਇਆ ਗਿਆ ਤਾਂ ਕਿਧਰੇ ਜਾ ਕੇ ਸਰਕਾਰ ਨੂੰ ਲੋਕਾਂ ਦੀ ਸੱਚਾਈ ਦਾ ਯਕੀਨ ਹੋਇਆ। ਕਸੂਰਵਾਰ ਫ਼ੌਜੀਆਂ ਦੇ ਖਿਲਾਫ਼ ਫ਼ੌਜੀ ਅਦਾਲਤ ਵਿਚ ਕੇਸ ਚਲਾਇਆ ਗਿਆ ਪਰ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਈ। ਜਦ ਕਿ ਚੱਠੀ ਸਿੰਘਪੁਰਾ ਦੇ ਸ਼ਹੀਦਾਂ ਬਾਰੇ ਤਾਂ ਕੋਈ ਇਨਕੁਆਇਰੀ ਕਮਿਸ਼ਨ ਵੀ ਨਹੀਂ ਬਣਾਇਆ ਗਿਆ। ਸਾਡੇ ਅਦਾਲਤੀ ਨਜ਼ਾਮ ਦੇ ਵਤੀਰੇ ਨੂੰ ਵੇਖ ਕੇ, ਇਨ੍ਹਾਂ ਅੱਖਾਂ ਵਿਚੋਂ, ਲਹੂ ਡੁੱਲ੍ਹ ਰਿਹਾ ਸੀ। ਮੈਂ ਲਹੂ ਨੂੰ ਸਾਫ਼ ਕੀਤਾ ਅਤੇ ਸਾਰੀਆਂ ਅੱਖਾਂ ਨੂੰ ਦਲਾਸਾ ਦੇਣ ਲਈ ਆਪਣੇ ਕੋਲ ਰੱਖ ਲਿਆ। ਪਰ ਇਹ ਅੱਖਾਂ ਮੈਥੋਂ ਪੁੱਛਦੀਆਂ ਨੇ ਕਿ ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੀ ਤਾਨਾਸ਼ਾਹੀ ਕਦ ਤੀਕਰ ਚੱਲੇਗੀ? ਸੱਚ ਦੀ ਤੱਕੜੀ ਕਦੋਂ ਤੀਕਰ ਉੱਚੀ ਨੀਵੀਂ ਰਵ੍ਹੇਗੀ? ਇਹ ਕਦ ਬਰਾਬਰ ਤੋਲੇਗੀ...
ਪਰ ਮੈਂ ਕੀ ਦੱਸਾਂ, ਮੈਂ ਤਾਂ ਚੌਥੀ ਜਮਾਤ ਤੋਂ ਅੱਜ ਤੋੜੀ ਵੇਖ ਰਿਹਾ ਹਾਂ ਕਿ ਸਾਡੇ ਇੱਥੇ ਮੱਝਾਂ ਵੀ ਕਾਲੀਆਂ ਤੇ ਭੇਡਾਂ ਵੀ ਕਾਲੀਆਂ ਨੇ। ਜਨੂੰਨੀ ਧਰਮ ਅਤੇ ਸਿਆਸਤ ਦੇ ਕਾਰੋਬਾਰ ਅਤੇ ਹੱਦ ਤੋਂ ਵੱਧ ਪਰਚਾਰ ਨੇ ਇਨਸਾਨੀ ਰੂਹ, ਦਿਲ ਅਤੇ ਦਿਮਾਗ਼ ਨੂੰ ਬਿਮਾਰ ਕਰ ਦਿੱਤਾ ਹੈ। ਜਿਸਦਾ ਇਲਾਜ ਹੁਣ ਧਾਰਮਕ ਗ੍ਰੰਥ ਵੀ ਨਹੀਂ ਕਰ ਸਕਦੇ। ਆਮ ਲੋਕੀ ਨਹੀਂ ਸਮਝੇ। ਉਹ ਕੂੜ ਸ਼ਬਦਾਂ ਦੇ ਜਾਲ ਵਿਚ ਫਸੇ ਹੋਏ ਨੇ। ਉਨ੍ਹਾਂ ਨੂੰ ਕੌਣ ਸਮਝਾਏ ਕਿ ਚੂਹਾ, ਸੱਪ ਨੂੰ ਕਿਵੇਂ ਨਿਗਲ ਸਕਦਾ ਹੈ? ਮੈਂ ਵੇਖਦਾ ਹਾਂ ਕਿ ਸਰਮਾਦ, ਮਨਸੂਰ ਤੇ ਸਰਮਦ ਜਿਹੇ ਦੋਸਤਾਂ ਦੇ ਦਿਲ ਵੀ ਮਰ ਚੁੱਕੇ ਨੇ ਤੇ ਦੁਨੀਆ ਵੀ ਮਰ ਚੁੱਕੀ ਹੈ। ਉਨ੍ਹਾਂ ਦੇ ਲਿਖੇ ਅੱਖਰਾਂ ਦਾ ਕੋਈ ਗਾਹਕ ਨਹੀਂ। ਲੱਲ ਮਾਂ, ਨੁੰਦ ਰਿਸ਼ੀ, ਵਾਰਿਸ, ਹਾਸ਼ਮ ਤੇ ਬੁੱਲ੍ਹੇ, ਸਭ ਜੱਲੇ ਬਣ ਗਏ ਨੇ।
ਇਸ ਲਈ ਮੈਂ ਫ਼ੈਸਲਾ ਕਰ ਲਿਆ ਕਿ ਇਨ੍ਹਾਂ ਅੱਖਾਂ ਨੂੰ ਅਜ਼ਾਬ ਦੇ ਤੇਜ਼ਾਬ ਵਿਚ ਹੋਰ ਨਹੀਂ ਸੜਨ ਦਿਆਂਗਾ। ਮੈਂ ਇੱਕ ਵੱਡੀ ਕਬਰ ਖੋਦੀ ਤੇ ਕੋਟ ਦਿਆਂ ਬੋਝਿਆਂ ਵਿਚੋਂ ਸਾਰੀਆਂ ਅੱਖਾਂ ਕੱਢ ਕੇ ਕਬਰ ਵਿਚ ਦਫ਼ਨਾਅ ਦਿੱਤੀਆਂ ਤੇ ਘਰ ਪਰਤ ਆਇਆ। ਘਰ ਆਉਂਦਿਆਂ ਹੀ ਮੈਂ ਆਪਣੇ ਜ਼ਮੀਰ ਦੇ ਬਖੀਏ ਉਧੇੜ ਸੁੱਟੇ। ਦਿਲ ਤੇ ਦਿਮਾਗ਼ ਵਿਚ ਮੇਖਾਂ ਗੱਡ ਦਿੱਤੀਆਂ ਤੇ ਆਪਆਪਣੀਆਂ ਅੱਖਾਂ ਬੰਦ ਕਰ ਕੇ ਸੌਣ ਦਾ ਯਤਨ ਕਰਨ ਲੱਗਾ। ਸਵੇਰੇ ਜਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਦਫ਼ਨ ਕੀਤੀਆਂ ਹੋਈਆਂ ਅੱਖਾਂ ਮੇਰੇ ਕਮਰੇ ਦੀਆਂ ਦੀਵਾਰਾਂ ਤੋਂ ਮੈਨੂੰ ਘੂਰ-ਘੂਰ ਕੇ ਦੇਖ ਰਹੀਆਂ ਸਨ ਤੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇ ਰਹੀਆਂ ਸਨ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com