Punjabi Stories/Kahanian
ਐਸ. ਸਾਕੀ
S. Saki

Punjabi Kavita
  

Jiwi Mar Gai S. Saki

ਜੀਵੀ ਮਰ ਗਈ ਐਸ ਸਾਕੀ

ਜੀਵੀ ਮਰ ਗਈ। ਉਸ ਨੇ ਤਾਂ ਮਰ ਹੀ ਜਾਣਾ ਸੀ। ਪਚਾਸੀ ਪਾਰ ਜੋ ਕਰ ਗਈ ਸੀ। ਉਸ ਦੇ ਤਿੰਨ ਪੁੱਤ ਅਤੇ ਪੰਜ ਧੀਆਂ ਹਨ। ਬਹੁਤ ਵੱਡਾ ਭਰਿਆ ਭੁਕੰਨਿਆ ਪਰਿਵਾਰ। ਪੁੱਤਾਂ ਦੀਆਂ ਪਤਨੀਆਂ, ਉਨ੍ਹਾਂ ਦੇ ਬੱਚੇ ਅਤੇ ਧੀਆਂ ਦੇ ਪਤੀ ਤੇ ਉਨ੍ਹਾਂ ਦੇ ਬੱਚੇ। ਗਿਣਤੀ ਵਿੱਚ ਬਹੁਤ ਸਾਰੇ। ਜੀਵੀ ਨੇ ਆਪਣੇ ਜਿਊਂਦਿਆਂ ਸਭ ਕੁਝ ਵੇਖਿਆ।
ਸਾਡੇ ਘਰੋਂ ਚਾਰ-ਪੰਜ ਘਰ ਛੱਡ ਕੇ ਰਹਿੰਦੀ ਸੀ, ਉਹ ਆਪਣੇ ਟੱਬਰ ਨਾਲ। ਉਨ੍ਹਾਂ ਦਾ ਮਕਾਨ ਤਿੰਨ ਮੰਜ਼ਿਲਾ ਸੀ। ਤਿੰਨੇ ਪੁੱਤਾਂ ਨੇ ਵੱਡਾ ਸਾਰਾ ਪਲਾਟ ਲੈ ਕੇ ਘਰ ਬਣਾ ਇੱਕ ਇੱਕ ਮੰਜ਼ਿਲ ਸਾਂਭ ਲਈ ਸੀ। ਜੀਵੀ, ਜਿਸ ਦਾ ਇੰਨਾ ਵੱਡਾ ਟੱਬਰ ਸੀ, ਲਈ ਵਿਚਕਾਰਲੇ ਪੁੱਤ ਨੇ ਪਿੱਛੇ ਨੂੰ ਕਰਕੇ ਇੱਕ ਛੋਟਾ ਜਿਹਾ ਕਮਰਾ ਉਸ ਨੂੰ ਦੇ ਰੱਖਿਆ ਸੀ। ਸਮਝੋ ਜੀਵੀ ਦਾ ਇੰਨਾ ਵੱਡਾ ਸੰਸਾਰ ਘਰ ਦੇ ਉਸ ਛੋਟੇ ਜਿਹੇ ਕਮਰੇ ਵਿੱਚ ਸਿਮਟ ਕੇ ਰਹਿ ਗਿਆ ਸੀ।
ਅਸੀਂ ਵੀ ਦੋ ਵਰ੍ਹੇ ਪਹਿਲਾਂ ਇਸ ਬਲਾਕ ਵਿੱਚ ਆਪਣਾ ਘਰ ਬਣਾ ਕੇ ਆਏ ਸੀ। ਜੀਵੀ ਦੇ ਟੱਬਰ ਬਾਰੇ ਸ਼ੁਰੂ ਵਿੱਚ ਬਹੁਤਾ ਪਤਾ ਨਹੀਂ ਲੱਗਿਆ। ਤਿੰਨੋਂ ਭਰਾ ਇਕੱਠੇ ਕੋਈ ਕੰਮ ਕਰਦੇ ਸਨ। ਸ਼ਾਇਦ ਉਨ੍ਹਾਂ ਦੀ ਕੱਪੜੇ ਦੀ ਦੁਕਾਨ ਸੀ। ਕੰਮ ਠੀਕ-ਠਾਕ ਸੀ। ਉਨ੍ਹਾਂ ਦੀਆਂ ਪਤਨੀਆਂ ਕਦੇ-ਕਦਾਈਂ ਬਾਹਰ ਨਿਕਲਦੀਆਂ। ਇੰਜ ਜ਼ਰੂਰ ਲੱਗਦਾ ਜਿਵੇਂ ਬਹੁਤ ਆਧੁਨਿਕ ਸਨ। ਫੈਸ਼ਨ ਕਰਨ ਵਾਲੀਆਂ ਸਨ। ਜੀਨ ਤੇ ਛੋਟਾ ਜਿਹਾ ਟੌਪ ਪਹਿਨ ਕੇ ਅਕਸਰ ਘਰੋਂ ਬਾਹਰ ਨਿਕਲਦੀਆਂ। ਉਨ੍ਹਾਂ ਦਾ ਪਹਿਰਾਵਾ ਵੇਖ ਹੀ ਮੈਂ ਇਹ ਅੰਦਾਜ਼ਾ ਲਗਾਇਆ ਸੀ।
ਬਲਾਕ ਦੇ ਇੱਕ ਵਿਅਕਤੀ ਕੋਲੋਂ ਇਹ ਵੀ ਪਤਾ ਲੱਗਾ ਸੀ ਕਿ ਭਰਾਵਾਂ ਨੂੰ ਆਪਣੀ ਦੌਲਤ ਦਾ ਬਹੁਤ ਘੁਮੰਡ ਸੀ। ਉਸ ਘੁਮੰਡ ਨੂੰ ਦਰਸਾਉਣ ਲਈ ਹੀ ਉਨ੍ਹਾਂ ਨੇ ਬਲਾਕ ਵਿੱਚ ਸਭ ਤੋਂ ਉੱਚਾ ਘਰ ਬਣਾਇਆ ਸੀ। ਉਨ੍ਹਾਂ ਦੀਆਂ ਪਤਨੀਆਂ ਦੇ ਪਹਿਰਾਵੇ ਨੂੰ ਵੇਖ ਕੇ ਹਰ ਇੱਕ ਦਾ ਉਨ੍ਹਾਂ ਸਾਹਮਣੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗਣਾ ਸੁਭਾਵਿਕ ਸੀ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਹਿ ਹੀ ਦਿੱਤਾ ਸੀ, ‘‘ਮੈਂ ਕਿਹਾ ਜੀ, ਤੁਸੀਂ ਵੀ ਅਰੋੜਾ ਪਰਿਵਾਰ ਦੀਆਂ ਔਰਤਾਂ ਵਾਂਗ ਸੱਜ-ਧੱਜ ਕੇ ਰਿਹਾ ਕਰੋ। ਕਿਵੇਂ ਫੈਸ਼ਨ ਕਰਦੀਆਂ ਨੇ!’’
ਪਤੀ ਦੀ ਗੱਲ ਦਾ ਜਵਾਬ ਨਾ ਦੇ ਕੇ ਮੈਂ ਉਨ੍ਹਾਂ ਵੱਲ ਵੇਖਦੀ ਹੀ ਰਹਿ ਗਈ। ਮਨ ਵਿੱਚ ਇੱਕ ਵਾਰੀ ਸੋਚ ਜਿਹੀ ਜ਼ਰੂਰ ਆਈ ਕਿ ਇਨ੍ਹਾਂ ਨੂੰ ਉਸ ਅਰੋੜਾ ਪਰਿਵਾਰ ਦੀਆਂ ਤ੍ਰੀਮਤਾਂ ਕੀ ਸੱਚਮੁੱਚ ਮੇਰੇ ਨਾਲੋਂ ਵੱਧ ਸੋਹਣੀਆਂ ਲੱਗੀਆਂ ਹਨ ਜਾਂ ਇਨ੍ਹਾਂ ਨੇ ਐਵੇਂ ਹੀ ਠੱਠਾ ਕਰਦਿਆਂ ਕਹਿ ਦਿੱਤਾ ਸੀ।
ਹਾਂ, ਗੱਲ ਤਾਂ ਜੀਵੀ ਦੀ ਚੱਲ ਰਹੀ ਸੀ। ਉਹ ਜਿਵੇਂ ਅੱਜ ਮਰੀ ਤੇ ਮੈਂ ਅਗਲੇ ਦਿਨ ਸਵੇਰੇ ਜਾਲੀ ਲੱਗੀ ਬਾਰੀ ਰਾਹੀਂ ਉਨ੍ਹਾਂ ਦੇ ਮਹੱਲਨੁਮਾ ਘਰ ਵੱਲ ਵੇਖਿਆ ਤਾਂ ਜੀਵੀ ਦੇ ਤਿੰਨੋਂ ਪੁੱਤ ਬਾਹਰ ਸੜਕ ’ਤੇ ਖੜੋਤੇ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਜ਼ੋਰ ਜ਼ੋਰ ਦੀ ਹੱਸ ਰਹੇ ਸਨ।
‘ਅਜੇ ਕੱਲ੍ਹ ਹੀ ਇਨ੍ਹਾਂ ਦੀ ਮਾਂ ਮਰੀ ਅਤੇ ਅੱਜ ਇਹ ਇਸ ਤਰ੍ਹਾਂ ਹੱਸ ਰਹੇ ਹਨੇ। ਕੀ ਇਨ੍ਹਾਂ ਨੂੰ ਮਾਂ ਦੇ ਮਰਨ ਦਾ ਭੋਰਾ ਵੀ ਦੁੱਖ ਨਹੀਂ?’ ਇਹ ਸੋਚਦਿਆਂ ਮੈਨੂੰ ਆਪਣੇ ਬੀਜੀ ਚੇਤੇ ਆ ਗਏ। ਅਸੀਂ ਚਾਰ ਭੈਣਾਂ ਤੇ ਦੋ ਭਰਾ ਸਾਂ। ਬੀਜੀ ਨੂੰ ਉਂਜ ਤਾਂ ਸਾਰੇ ਹੀ ਪਿਆਰ ਕਰਦੇ ਸਨ, ਪਰ ਮੈਂ ਭੈਣਾਂ ’ਚ ਸਭ ਤੋਂ ਛੋਟੀ ਹੋਣ ਕਾਰਨ ਉਨ੍ਹਾਂ ਦੇ ਬਹੁਤ ਨੇੜੇ ਸੀ। ਬੀਜੀ ਮੇਰੇ ਨਾਲ ਕਈ ਅਜਿਹੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਸਨ ਜਿਹੜੀਆਂ ਉਹ ਘਰ ਦੇ ਹੋਰ ਕਿਸੇ ਜੀਅ ਨਾਲ ਨਹੀਂ ਸਨ ਕਰਦੇ। ਸ਼ਾਇਦ ਬਾਊ ਜੀ ਨਾਲ ਵੀ ਨਹੀਂ।
ਬੀਜੀ ਆਪਣੀ ਤਕਲੀਫ਼ ਬਾਰੇ ਵੀ ਕਦੇ ਕਿਸੇ ਨੂੰ ਨਹੀਂ ਸਨ ਦੱਸਦੇ। ਸਾਰਾ ਕੁਝ ਉਹ ਆਪ ਹੀ ਸਾਂਭੀ ਰੱਖਦੇ ਸਨ, ਆਪਣੇ ਅੰਦਰ। ਸਭ ਕੁਝ ਆਪੇ ਸਹਿਣ ਕਰ ਲੈਂਦੇ ਸਨ। ਬੀਜੀ ਮੇਰਾ ਬਹੁਤ ਫ਼ਿਕਰ ਕਰਦੇ ਸਨ। ਮੇਰੇ ਬਾਰੇ ਬਹੁਤ ਸੋਚਦੇ ਸਨ। ਉਨ੍ਹਾਂ ਨੇ ਤਿੰਨ ਧੀਆਂ ਦਾ ਆਪਣੇ ਹੱਥੀਂ ਆਪਣੇ ਸਾਹਮਣੇ ਵਿਆਹ ਕਰ ਦਿੱਤਾ ਸੀ। ਮੇਰੇ ਬਾਰੇ ਵੀ ਉਹ ਕਈ ਵਾਰੀ ਬਾਊ ਜੀ ਨੂੰ ਕਹਿੰਦੇ ਸੁਣੇ ਸਨ, ‘‘ਤੁਸੀਂ ਜੀ, ਇਸ ਛੋਟੀ ਲਈ ਵੀ ਕੋਈ ਮੁੰਡਾ ਕਿਉਂ ਨਹੀਂ ਲੱਭ ਲੈਂਦੇ? ਮੈਂ ਆਪਣੇ ਹੱਥੀਂ ਇਸ ਨੂੰ ਵੀ ਆਪਣੇ ਘਰ ਟੋਰ ਜਾਵਾਂ। ਫਿਰ ਮੈਂ ਸੌਖਾ ਮਰ ਸਕਾਂਗੀ।’’
ਬਾਊ ਜੀ ਸੱਚਮੁੱਚ ਬਹੁਤ ਕੋਸ਼ਿਸ਼ ਕਰਦੇ ਸਨ, ਪਰ ਪਤਾ ਨਹੀਂ ਕਿਉਂ ਮੇਰੇ ਲਈ ਕੋਈ ਮੁੰਡਾ ਉਨ੍ਹਾਂ ਨੂੰ ਪਸੰਦ ਨਹੀਂ ਆਉਂਦਾ ਸੀ।
ਫਿਰ ਇੱਕ ਦਿਨ ਮੇਰਾ ਵਿਆਹ ਕਰਦੇ ਕਰਦੇ ਬੀਜੀ ਚੱਲ ਵਸੇ। ਅਖੀਰ ਵੇਲੇ ਉਨ੍ਹਾਂ ਕੋਲ ਮੈਂ ਹੀ ਬੈਠੀ ਸਾਂ। ਰਾਤ ਦੇ ਬਾਰ੍ਹਾਂ ਵੱਜ ਗਏ ਸਨ। ਉਨ੍ਹਾਂ ਨੂੰ ਬਹੁਤ ਔਖਾ ਔਖਾ ਸਾਹ ਆ ਰਿਹਾ ਸੀ। ਪਹਿਲਾਂ ਮੇਰੇ ਮਨ ਵਿੱਚ ਆਈ ਕਿ ਮੈਂ ਘਰਦਿਆਂ ਨੂੰ ਉਠਾਵਾਂ, ਪਰ ਮੈਂ ਅਜਿਹਾ ਨਹੀਂ ਕਰ ਸਕੀ। ਇਹੋ ਸੋਚ ਕਿ ਮਤੇ ਉਨ੍ਹਾਂ ਪਲਾਂ ਵਿੱਚ ਕੁਝ ਹੋ ਨਾ ਜਾਵੇ। ਬੀਜੀ ਨੇ ਵੀ ਮੈਨੂੰ ਆਪਣੇ ਕੋਲੋਂ ਉੱਠਣ ਨਹੀਂ ਦਿੱਤਾ। ਉਨ੍ਹਾਂ ਨੇ ਮੇਰਾ ਇੱਕ ਹੱਥ ਆਪਣੇ ਹੱਥ ਵਿੱਚ ਘੁੱਟ ਰੱਖਿਆ ਸੀ। ਖਾਸਾ ਚਿਰ ਉਸ ਹੱਥ ਦੀ ਪਕੜ ਕਸਦੀ ਗਈ, ਪਰ ਫਿਰ ਹੌਲੀ ਹੌਲੀ ਢਿੱਲੀ ਹੋਣ ਲੱਗੀ। ਅਖ਼ੀਰ ਮੇਰਾ ਹੱਥ ਬੀਜੀ ਦੇ ਬੇਜਾਨ ਹੱਥ ਵਿੱਚ ਫੜਿਆ ਰਹਿ ਗਿਆ।
ਬੀਜੀ ਮਰ ਗਏ ਅਤੇ ਉਹ ਆਪਣੇ ਹੱਥੀਂ ਮੇਰਾ ਵਿਆਹ ਨਹੀਂ ਕਰ ਸਕੇ। ਇਹ ਗੱਲ ਅੱਜ ਵੀ ਮੇਰੇ ਮਨ ਵਿੱਚੋਂ ਨਹੀਂ ਨਿਕਲੀ ਕਿ ਬੀਜੀ ਔਖੇ ਔਖੇ ਹੀ ਮਰੇ ਹੋਣਗੇ। ਬਾਊ ਜੀ ਉਨ੍ਹਾਂ ਦੇ ਜਿਊਂਦਿਆਂ ਮੇਰੇ ਲਈ ਕੋਈ ਮੁੰਡਾ ਲੱਭ ਕੇ ਉਨ੍ਹਾਂ ਨੂੰ ਸੌਖਾ ਜੋ ਨਹੀਂ ਸਨ ਕਰ ਸਕੇ। ਕਿੰਨਾ ਰੋਏ ਅਸੀਂ ਸਾਰੇ। ਕੀ ਬਾਊ ਜੀ, ਕੀ ਭੈਣਾਂ, ਕੀ ਭਰਾ ਅਤੇ ਕੀ ਮੈਂ। ਸਾਰਿਆਂ ਨੂੰ ਬੀਜੀ ਬਹੁਤ ਯਾਦ ਆਏ। ਕਈ ਮਹੀਨੇ ਲੰਘ ਜਾਣ ’ਤੇ ਵੀ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਉਹ ਹੁਣ ਵੀ ਸਾਡੇ ਦਿਲਾਂ ’ਚ ਕਿਤੇ ਘੁੰਮਦੇ-ਫਿਰਦੇ ਹੋਣ।
ਮੇਰਾ ਵਿਆਹ ਹੋ ਗਿਆ। ਬੱਚੇ ਹੋ ਗਏ, ਪਰ ਬੀਜੀ ਨਾਲ ਮੇਰਾ ਰਿਸ਼ਤਾ ਫਿਰ ਵੀ ਨਹੀਂ ਟੁੱਟਿਆ। ਜਦੋਂ ਵੀ ਕਿਸੇ ਦੀ ਮਾਂ ਮਰਦੀ, ਮੈਨੂੰ ਹਰ ਵਾਰੀ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਵਾਰੀ ਫਿਰ ਸਾਡੇ ਬੀਜੀ ਮਰ ਗਏ ਹੋਣ। ਪਰ ਇਹ ਅਰੋੜੇ…?
‘ਫਿਰ ਇਹ ਕਿਉਂ ਹੱਸ ਰਹੇ ਹਨ? ਕੀ ਮਰ ਚੁੱਕੀ ਔਰਤ ਇਨ੍ਹਾਂ ਦੀ ਮਾਂ ਨਹੀਂ ਸੀ? ਜਾਂ ਫਿਰ ਉਹ ਸਾਡੀ ਬੀਜੀ ਜਿਹੀ ਮਾਂ ਨਹੀਂ ਸੀ?’ ਮੇਰੇ ਮਨ ਵਿੱਚ ਅਜਿਹੇ ਕਈ ਸਵਾਲ ਸਨ।
ਬਲਾਕ ਵਿੱਚ ਰਹਿਣ ਕਰਕੇ ਮੈਨੂੰ ਦਿਖਾਵਾ ਕਰਨਾ ਪਿਆ, ਫਿਰ ਪੁੱਤ ਨੇ ਵੀ ਸਲਾਹ ਦਿੱਤੀ, ‘‘ਮਾਂ, ਤੁਸੀਂ ਵੀ ਅਰੋੜਿਆਂ ਦੇ ਹੋ ਆਵੋ! ਇੱਕੋ ਬਲਾਕ ਵਿੱਚ ਰਹਿੰਦੇ ਹਾਂ। ਤੁਹਾਡਾ ਨਾ ਜਾਣਾ ਚੰਗਾ ਨਹੀਂ ਲੱਗੇਗਾ। ਭੋਗ ਵਾਲੇ ਦਿਨ ਮੈਂ ਚਲਿਆ ਜਾਵਾਂਗਾ। ਸ਼ਾਇਦ ਬਾਊ ਜੀ ਨੂੰ ਵਕਤ ਨਾ ਹੀ ਮਿਲੇ।’’ ਮਨ ਨਾ ਹੁੰਦਿਆਂ ਵੀ ਮੈਂ ਉਨ੍ਹਾਂ ਦੇ ਘਰ ਜਾਣ ਦਾ ਸੋਚ ਲਿਆ ਸੀ। ਉਦੋਂ ਹੀ ਮੈਂ ਤਿਆਰ ਹੋ ਕੇ ਉਨ੍ਹਾਂ ਦੇ ਘਰ ਚਲੀ ਗਈ। ਤਿੰਨ ਮੰਜ਼ਿਲੇ ਘਰ ਦਾ ਬਾਹਰਲਾ ਬੂਹਾ ਖੁੱਲ੍ਹਾ ਸੀ। ਅੰਦਰ ਕੁਝ ਔਰਤਾਂ ਉੱਚੀ ਆਵਾਜ਼ ਨਾਲ ਬੋਲਦੀਆਂ ਬਹਿਸ ਕਰ ਰਹੀਆਂ ਸਨ। ਬਾਹਰ ਦੀ ਡਿਉੜੀ ਪਾਰ ਕਰ ਕੇ ਖੱਬੇ ਪਾਸੇ ਵੱਡਾ ਸਾਰਾ ਡਰਾਇੰਗ ਰੂਮ ਦਿਸਿਆ ਜਿਸ ਵਿੱਚ ਲੱਗੇ ਹੋਏ ਸੋਫੇ ਖਾਲੀ ਪਏ ਸਨ। ਸੱਜੇ ਪਾਸੇ ਇੱਕ ਕਮਰਾ ਸੀ ਜਿਸ ਵਿੱਚ ਦਰੀ ਵਿਛੀ ਹੋਈ ਸੀ। ਉਸ ’ਤੇ ਕੋਈ ਦਸ-ਬਾਰ੍ਹਾਂ ਔਰਤਾਂ ਬੈਠੀਆਂ ਸਨ। ਉਹ ਸਾਰੀਆਂ ਬਲਾਕ ਵਾਲੀਆਂ ਹੀ ਸਨ। ਮੈਂ ਵੀ ਮੂੰਹ ਲਮਕਾ ਕੇ ਉਨ੍ਹਾਂ ਔਰਤਾਂ ਵਿੱਚ ਥੋੜ੍ਹੀ ਥਾਂ ਲੱਭ ਕੇ ਬੈਠ ਗਈ। ਮੈਂ ਤਾਂ ਮਨ ਵਿੱਚ ਸੱਚਮੁੱਚ ਹੀ ਉਸ ਔਰਤ ਦੇ ਮਰ ਜਾਣ ਦਾ ਦੁੱਖ ਲੈ ਕੇ ਆਈ ਸੀ ਅਤੇ ਅਫ਼ਸੋਸ ਜ਼ਾਹਿਰ ਕਰਕੇ ਉਨ੍ਹਾਂ ਦੇ ਟੱਬਰ ਨਾਲ ਉਸ ਦੁੱਖ ਨੂੰ ਵੰਡ ਲੈਣਾ ਚਾਹੁੰਦੀ ਸੀ।
ਪਰ ਉੱਥੇ ਤਾਂ ਕਿਸੇ ਦੇ ਚਿਹਰੇ ’ਤੇ ਉਸ ਔਰਤ ਦੇ ਮਰ ਜਾਣ ਦਾ ਭੋਰਾ ਜਿੰਨਾ ਵੀ ਦੁੱਖ ਨਹੀਂ ਸੀ। ਸਾਰੀਆਂ ਤ੍ਰੀਮਤਾਂ ਇੱਕ-ਦੂਜੇ ਨਾਲ ਗੱਲਾਂ ਕਰ ਰਹੀਆਂ ਸਨ। ਪਰ ਉਨ੍ਹਾਂ ਗੱਲਾਂ ਵਿੱਚ ਸਭ ਤੋਂ ਵੱਧ ਹਿੱਸਾ ਮਰ ਗਈ ਬਜ਼ੁਰਗ ਔਰਤ ਦੀਆਂ ਤਿੰਨੋਂ ਨੂੰਹਾਂ ਪਾ ਰਹੀਆਂ ਸਨ। ਉਹ ਟੀਵੀ ਦੇ ਕਿਸੇ ਸੀਰੀਅਲ ਨੂੰ ਲੈ ਕੇ ਬਹਿਸ ਕਰ ਰਹੀਆਂ ਸਨ। ਬਹਿਸ ਕਰਦੀਆਂ ਹੋਈਆਂ ਉਹ ਕਈ ਵਾਰੀ ਜ਼ੋਰ-ਜ਼ੋਰ ਨਾਲ ਹੱਸਣ ਵੀ ਲੱਗ ਜਾਂਦੀਆਂ ਸਨ।
‘ਇਹ ਕਿਹੋ ਜਿਹਾ ਸੋਗ ਮਨਾ ਰਹੀਆਂ ਹਨ? ਇਨ੍ਹਾਂ ਨੂੰ ਤਾਂ ਔਰਤ ਦੇ ਮਰਨ ਦਾ ਭੋਰਾ ਜਿੰਨਾ ਵੀ ਦੁੱਖ ਨਹੀਂ।’ ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਹਾਂ। ਮੈਨੂੰ ਉਸ ਥਾਂ ਜਿਵੇਂ ਆਪਣਾ ਸਾਹ ਘੁੱਟਦਾ ਮਹਿਸੂਸ ਹੋਣ ਲੱਗਦਾ ਹੈ। ਮੇਰਾ ਮਨ ਕਰਦਾ ਸੀ ਕਿ ਉੱਠ ਕੇ ਬਾਹਰ ਨੱਸ ਜਾਵਾਂ, ਪਰ ਮੈਂ ਅਜਿਹਾ ਨਹੀਂ ਕਰ ਸਕੀ। ਮੈਂ ਉੱਥੇ ਹੀ ਬੈਠੀ ਰਹੀ।
ਮੈਂ ਮਜਬੂਰੀ ਵਿੱਚ ਕੁਝ ਚਿਰ ਹੋਰ ਬੈਠਣ ਮਗਰੋਂ ਉਨ੍ਹਾਂ ਸਾਰੀਆਂ ਨੂੰ ਉੱਚੀ ਉੱਚੀ ਬਹਿਸ ਕਰਦੀਆਂ ਛੱਡ ਕੇ ਆਪਣੇ ਘਰ ਆ ਗਈ। ਮੇਰਾ ਮਨ ਬਹੁਤ ਖ਼ਰਾਬ ਹੋਇਆ। ਅਜੇ ਮੈਂ ਦੁਖੀ ਅਤੇ ਉਦਾਸ ਹੋਈ ਪਤਾ ਨਹੀਂ ਕੀ ਕੀ ਸੋਚ ਹੀ ਰਹੀ ਸਾਂ ਕਿ ਇੰਨੇ ਵਿੱਚ ਕਿਸੇ ਨੇ ਬਾਹਰੋਂ ਬੈੱਲ ਕੀਤੀ। ਦਰਵਾਜ਼ਾ ਖੋਲ੍ਹ ਮੇ ਮੈਂ ਬਾਹਰ ਆਈ ਤਾਂ ਵੇਖਿਆ ਕਿ ਪੰਜਾਹਾਂ ਦੇ ਗੇੜ ਦੀ ਇੱਕ ਔਰਤ ਖੜ੍ਹੀ ਸੀ।
‘‘ਮੈਂ ਲਾਜੋ ਹਾਂ ਬੀਬੀ ਜੀ। ਆਹ ਸਾਹਮਣੇ ਘਰ ’ਚ ਕੰਮ ਕਰਦੀ ਹਾਂ…!’’
ਉਸ ਦੇ ਇੰਨਾ ਕਹਿਣ ’ਤੇ ਮੈਂ ਉਸ ਨੂੰ ਪਛਾਣਨ ਵਿੱਚ ਕੋਈ ਦੇਰ ਨਹੀਂ ਕੀਤੀ। ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਉਸ ਨੂੰ ਅਰੋੜਿਆਂ ਦੇ ਘਰੋਂ ਬਾਹਰ ਆਉਂਦੀ-ਜਾਂਦੀ ਵੇਖਿਆ ਸੀ।
‘‘ਬੀਬੀ ਜੀ, ਮੈਨੂੰ ਹਵਨ-ਕੁੰਡ ਚਾਹੀਦਾ ਹੈ। ਪਰਸੋਂ ਮਾਤਾ ਜੀ ਦਾ ਭੋਗ ਪੈਣਾ ਹੈ। ਉਸ ਲਈ ਹਵਨ ਹੋਵੇਗਾ। ਜੇ…!’’ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਔਰਤ ਨੇ ਇਹ ਸਵਾਲ ਮੇਰੇ ਅੱਗੇ ਰੱਖ ਦਿੱਤਾ।
‘‘ਅੰਦਰ ਲੰਘ ਆ ਲਾਜੋ। ਹਵਨ-ਕੁੰਡ ਹੈ ਮੇਰੇ ਕੋਲ। ਸਟੋਰ ਵਿੱਚ ਪਿਆ ਹੈ। ਹੁਣੇ ਕੱਢ ਦਿੰਦੀ ਹਾਂ।’’ ਮੇਰੇ ਇੰਨਾ ਕਹਿਣ ’ਤੇ ਪੰਜਾਹਾਂ ਦੀ ਉਮਰ ਦੀ ਉਹ ਮਧਰੀ ਜਿਹੀ ਔਰਤ ਮੇਰੇ ਪਿੱਛੇ ਪਿੱਛੇ ਅੰਦਰ ਆ ਗਈ।
‘‘ਬਹਿ ਜਾ ਲਾਜੋ।’’ ਮੈਂ ਉਸ ਨੂੰ ਲੌਬੀ ’ਚ ਪਈ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ। ਉਹ ਜਿਵੇਂ ਸਿਮਟੀ ਜਿਹੀ ਆਪਣੇ ਆਪ ਨੂੰ ਬੋਚਦੀ ਹੋਈ ਕੁਰਸੀ ’ਤੇ ਬੈਠ ਗਈ। ਮੈਂ ਹਵਨ-ਕੁੰਡ ਲੈਣ ਲਈ ਸਟੋਰ ਅੰਦਰ ਚਲੀ ਗਈ। ਥੋੜ੍ਹੇ ਚਿਰ ਬਾਅਦ ਹਵਨ-ਕੁੰਡ ਬਾਹਰ ਲਿਆ ਕੇ ਉਸ ਨੂੰ ਕੱਪੜੇ ਨਾਲ ਸਾਫ਼ ਕਰਨ ਲੱਗੀ ਹੀ ਸੀ ਕਿ ਉਸ ਔਰਤ ਨੇ ਕਿਹਾ, ‘‘ਬੀਬੀ ਜੀ ਲਿਆਓ, ਤੁਸੀਂ ਕੱਪੜਾ ਮੈਨੂੰ ਫੜਾਓ, ਮੈਂ ਇਸ ਨੂੰ ਸਾਫ਼ ਕਰ ਦਿੰਦੀ ਹਾਂ।’’
ਇੰਨਾ ਆਖ ਕੇ ਉਹ ਔਰਤ ਮੇਰੇ ਹੱਥੋਂ ਕੱਪੜਾ ਅਤੇ ਹਵਨ-ਕੁੰਡ ਲੈ ਕੇ ਲੌਬੀ ਦੇ ਫਰਸ਼ ’ਤੇ ਬੈਠ ਕੇ ਹੌਲੀ ਹੌਲੀ ਉਸ ਨੂੰ ਪੂੰਝਣ ਲੱਗੀ।
‘‘ਲਾਜੋ, ਤੂੰ ਇਸ ਘਰ ਵਿੱਚ ਕਦੋਂ ਕੁ ਦੀ ਕੰਮ ਕਰਦੀ ਹੈਂ?’’ ਮੈਂ ਜਾਣਕਾਰੀ ਲੈਣ ਲਈ ਉਸ ਨੂੰ ਪਹਿਲਾ ਸਵਾਲ ਪੁੱਛਿਆ।
‘‘ਪੰਜ ਸਾਲ ਹੋ ਗਏ ਬੀਬੀ ਜੀ।’’ ਉਸੇ ਤਰ੍ਹਾਂ ਹਵਨ-ਕੁੰਡ ਸਾਫ਼ ਕਰਦੀ ਹੋਈ ਉਹ ਬੋਲੀ। ‘‘ਅੱਛਾ ਫਿਰ ਤਾਂ ਬਹੁਤ ਲੰਮਾ ਸਮਾਂ ਹੋ ਗਿਆ। ਕਿੱਥੇ ਰਹਿੰਦੀ ਹੈਂ ਤੂੰ?’’ ਇਹ ਮੇਰਾ ਅਗਲਾ ਸਵਾਲ ਸੀ।
‘‘ਹੁਣ ਤਾਂ ਬੀਬੀ ਜੀ ਪੰਜ ਸਾਲਾਂ ਤੋਂ ਇਸ ਘਰ ਵਿੱਚ ਹੀ ਰਹਿ ਰਹੀ ਹਾਂ।’’
‘‘ਕੀ ਇਕੱਲੀ ਹੈਂ?’’
‘‘ਨਹੀਂ ਬੀਬੀ ਜੀ, ਇਕੱਲੀ ਕਿੱਥੇ! ਪਤੀ ਹੈ। ਤਿੰਨੇ ਬੱਚੇ ਹਨ। ਉਨ੍ਹਾਂ ਵਿੱਚ ਕੁੜੀਆਂ ਵੱਡੀਆਂ ਹਨ ਅਤੇ ਮੁੰਡਾ ਸਭ ਤੋਂ ਛੋਟਾ ਹੈ। ਸਰਕਾਰੀ ਸਕੂਲੇ ਛੇਵੀਂ ਵਿੱਚ ਪੜ੍ਹਦਾ ਹੈ। ਵੱਡੀ ਕੁੜੀ ਤਾਂ ਜੁਆਨ ਹੈ। ਵੀਹਵਾਂ ਲੱਗਿਆ ਹੋਇਆ।’’ ਮੇਰੀ ਗੱਲ ਕੱਟ ਕੇ ਜਿਵੇਂ ਉਸ ਨੇ ਆਪਣੇ ਘਰ ਦੀ ਸਾਰੀ ਜਾਣਕਾਰੀ ਦੇ ਦਿੱਤੀ।
‘‘ਤੇਰਾ ਪਤੀ ਕੀ ਕੰਮ ਕਰਦਾ ਹੈ?’’ ਇਹ ਮੇਰਾ ਇੱਕ ਹੋਰ ਸਵਾਲ ਸੀ। ਇਸ ਵਾਰ ਉਸ ਨੇ ਪਹਿਲਾਂ ਵਾਂਗ ਮੇਰੇ ਸਵਾਲ ਦਾ ਜਵਾਬ ਤੁਰੰਤ ਨਹੀਂ ਦਿੱਤਾ। ਕੁਝ ਚਿਰ ਚੁੱਪ ਰਹਿ ਉਹ ਬੋਲੀ, ‘‘ਬੀਬੀ ਜੀ, ਮੇਰਾ ਪਤੀ ਖਰਾਦ ਦਾ ਕੰਮ ਕਰਦਾ ਸੀ।’’
‘‘ਕੰਮ ਕਰਦਾ ਸੀ ਤੇ ਹੁਣ…?’’ ਉਸ ਦੇ ਜਵਾਬ ਨੂੰ ਮੈਂ ਸਵਾਲ ਬਣਾ ਕੇ ਪੁੱਛਿਆ।
‘‘ਹਾਂ, ਬੀਬੀ ਜੀ ਕਰਦਾ ਸੀ, ਪਰ ਹੁਣ ਤਾਂ ਉਹ ਘਰ ਹੀ ਰਹਿੰਦਾ ਹੈ। ਅਸਲ ਵਿੱਚ ਛੇ ਵਰ੍ਹੇ ਪਹਿਲਾਂ ਉਸ ਨੂੰ ਦਮੇ ਦੀ ਬਿਮਾਰੀ ਹੋ ਗਈ ਸੀ। ਬੜੀ ਨਾਮੁਰਾਦ ਬਿਮਾਰੀ ਹੈ। ਸ਼ੁਰੂ ਵਿੱਚ ਤਾਂ ਉਹ ਕੰਮ ਕਰਦਾ ਰਿਹਾ ਅਤੇ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਵੀ ਕਰਵਾਉਂਦਾ ਰਿਹਾ। ਮੁੰਡਾ ਤਾਂ ਅਜੇ ਛੋਟਾ ਸੀ, ਪਰ ਦੋਵੇਂ ਕੁੜੀਆਂ ਸਕੂਲ ਪੜ੍ਹਦੀਆਂ ਸਨ। ਘਰ ਦਾ ਖ਼ਰਚ ਮੇਰਾ ਪਤੀ ਹੀ ਤੋਰਦਾ ਸੀ। ਮੈਂ ਘਰ ਸਾਂਭਦੀ ਸੀ। ਫਿਰ ਸਾਡੇ ਘਰਾਂ ਵਿੱਚ ਮੇਰੇ ਜਿਹੀਆਂ ਅਨਪੜ੍ਹ ਔਰਤਾਂ ਦੋ ਹੀ ਕੰਮ ਤਾਂ ਕਰਦੀਆਂ ਹਨ, ਜੁਆਕ ਜੰਮਦੀਆਂ ਹਨ ਜਾਂ ਘਰ ਸਾਂਭਦੀਆਂ ਹਨ। ਮੈਂ ਵੀ ਇਹੋ ਸਾਰਾ ਕੁਝ ਕਰਦੀ, ਪਰ ਜਦੋਂ ਖਰਾਦ ’ਤੇ ਉਹ ਕਦੇ ਜਾਂਦਾ ਤੇ ਕਦੇ ਨਾ ਜਾਂਦਾ ਤਾਂ ਤੁਸੀਂ ਹੀ ਦੱਸੋ, ਬੀਬੀ ਜੀ ਫਿਰ ਘਰ ਕਿਵੇਂ ਤੁਰਦਾ। ਬੱਚੇ ਵੱਡੇ ਹੁੰਦੇ ਜਾ ਰਹੇ ਸਨ। ਅਖੀਰ ਮੈਂ ਹੀ ਘਰੋਂ ਪੈਰ ਬਾਹਰ ਕੱਢਿਆ ਅਤੇ ਲੋਕਾਂ ਦੇ ਘਰਾਂ ’ਚ ਭਾਂਡੇ ਮਾਂਜਣ ਲੱਗੀ। ਸਾਰਾ ਮਹੀਨਾ ਕੰਮ ਕਰਕੇ ਮਸਾਂ ਹਜ਼ਾਰ ਰੁਪਈਆ ਬਣਦਾ ਸੀ। ਫਿਰ ਇੱਕ ਦਿਨ ਮੈਂ ਆਪਣੀਆਂ ਸਾਰੀਆਂ ਮੁਸ਼ਕਿਲਾਂ ਗੁਪਤਾ ਸਾਹਿਬ ਨੂੰ ਦੱਸੀਆਂ ਜਿਨ੍ਹਾਂ ਘਰ ਮੈਂ ਸਫ਼ਾਈ ਤੇ ਭਾਂਡਿਆਂ ਦਾ ਕੰਮ ਕਰਦੀ ਸੀ। ਉਹ ਬਹੁਤ ਨੇਕ ਇਨਸਾਨ ਹਨ। ਉਨ੍ਹਾਂ ਦੀ ਪਤਨੀ ਤਾਂ ਹੋਰ ਵੀ ਵਧੀਆ ਔਰਤ ਹੈ। ਉਨ੍ਹਾਂ ਨੇ ਹੀ ਮੇਰੇ ਪਤੀ ਨੂੰ ਮੈਨੂੰ ਕਿਤੇ ਵੱਧ ਪੈਸਿਆਂ ’ਤੇ ਕੰਮ ਦਿਲਾਉਣ ਲਈ ਆਖਿਆ। ਗੁਪਤਾ ਸਾਹਿਬ ਇਨ੍ਹਾਂ ਅਰੋੜਿਆਂ ਨੂੰ ਜਾਣਦੇ ਸਨ। ਉਨ੍ਹਾਂ ਨੇ ਮੈਨੂੰ ਇੱਥੇ ਲਗਵਾ ਦਿੱਤਾ।’’
‘‘ਪਰ ਇੱਥੇ ਵੀ ਤਾਂ ਤੂੰ ਘਰ ਦਾ ਕੰਮ ਹੀ ਕਰਦੀ ਹੈਂ। ਇਹ ਕੀ ਤੈਨੂੰ ਵੱਧ ਪੈਸੇ ਦੇ ਦਿੰਦੇ ਹਨ?’’ ਮੈਂ ਪੁੱਛਿਆ।
‘‘ਨਹੀਂ ਬੀਬੀ ਜੀ, ਮੈਂ ਇਨ੍ਹਾਂ ਦੇ ਘਰ ਕੰਮ ਲਈ ਥੋੜ੍ਹਾ ਆਈ ਸਾਂ।’’
ਇੰਨਾ ਕਹਿ ਕੇ ਕੁਝ ਚਿਰ ਲਈ ਉਸ ਨੇ ਬੋਲਣਾ ਬੰਦ ਕਰ ਦਿੱਤਾ। ਮੇਰੀ ਨਜ਼ਰ ਉਸ ਦੇ ਚਿਹਰੇ ’ਤੇ ਗੱਡੀ ਹੋਈ ਸੀ। ਮੈਂ ਉਸ ਨੂੰ ਮੁੜ ਅੱਗੇ ਨਹੀਂ ਪੁੱਛਿਆ ਕਿ ਫਿਰ ਉਹ ਕੀ ਕਰਨ ਲਈ ਅਰੋੜਿਆਂ ਦੇ ਘਰ ਆਈ ਸੀ? ਅਧੂਰੇ ਛੱਡੇ ਜਵਾਬ ਨੂੰ ਪੂਰਾ ਕਰਦੀ ਹੋਈ, ਉਹ ਆਪੇ ਬੋਲਣ ਲੱਗੀ, ‘‘ਇਹ ਮਾਂ ਜੀ, ਜਿਹੜੇ ਪੂਰੇ ਹੋ ਗਏ, ਉਮਰ ਵੱਧ ਹੋਣ ਕਰਕੇ ਆਪ ਕੋਈ ਕੰਮ ਕਰਨ ਜੋਗੇ ਨਹੀਂ ਸਨ ਰਹੇ। ਸਾਰਾ ਕੁਝ ਅਣਜਾਣੇ ’ਚ ਮੰਜੇ ’ਤੇ ਹੀ ਕਰ ਦਿੰਦੇ ਸਨ। ਫਿਰ ਤੁਸੀਂ ਹੀ ਦੱਸੋ ਬੀਬੀ ਜੀ, ਉਨ੍ਹਾਂ ਨੂੰ ਕੌਣ ਸਾਂਭਦਾ! ਉਮਰ ਦਾ ਵਧ ਜਾਣਾ ਤਾਂ ਕਿਸੇ ਦੇ ਵੱਸ ਨਹੀਂ ਹੁੰਦਾ। ਸਾਹ ਤਾਂ ਬੰਦੇ ਨੇ ਪੂਰੇ ਕਰਨੇ ਹੀ ਹੁੰਦੇ ਹਨ। ਫਿਰ ਭਾਵੇਂ ਉਹ ਕਿਵੇਂ ਵੀ ਪੂਰੇ ਕੀਤੇ ਜਾਣ। ਅਖੀਰ ਹੁੰਦਾ ਤਾਂ ਰੱਬ ਦਾ ਹੀ ਜੀਅ ਹੈ।’’
‘‘ਪਰ ਲਾਜੋ ਨਾ ਸਾਂਭਣ ਵਾਲੀ ਕਿਹੜੀ ਗੱਲ! ਉਨ੍ਹਾਂ ਦੀਆਂ ਤਿੰਨ ਨੂੰਹਾਂ ਸਨ। ਜੇ ਇੱਕ ਇੱਕ ਕਰਕੇ ਵੀ ਸਾਂਭਦੀਆਂ ਤਾਂ ਮਹੀਨੇ ਵਿੱਚ ਨੌਂ ਦਸ ਦਿਨ ਹੀ ਤਾਂ ਆਉਂਦੇ ਸੀ ਇੱਕ ਦੇ ਹਿੱਸੇ ’ਚ…?’’
ਮੈਂ ਲਾਜੋ ਦੀ ਗੱਲ ਕੱਟਦਿਆਂ ਕਿਹਾ।
‘‘ਨੂੰਹਾਂ ਦੀ ਗੱਲ ਤਾਂ ਛੱਡੋ ਬੀਬੀ ਜੀ। ਜੇ ਉਹ ਅਜਿਹੀਆਂ ਹੁੰਦੀਆਂ ਤਾਂ ਵਿਚਾਰੇ ਮਾਤਾ ਜੀ ਕਿਉਂ ਰੁਲਦੇ? ਨੂੰਹਾਂ ਨੂੰ ਤਾਂ ਆਪਣੇ ਫੈਸ਼ਨਾਂ ਤੋਂ ਹੀ ਵਿਹਲ ਨਹੀਂ ਮਿਲਦੀ। ਅਜਿਹੀਆਂ ਔਰਤਾਂ ਦੀ ਅੱਧੀ ਉਮਰ ਸ਼ੀਸ਼ੇ ਮੂਹਰੇ ਖੜੋਤਿਆਂ ਲੰਘ ਜਾਂਦੀ ਹੈ। ਉਂਜ ਵੀ ਬੀਬੀ ਜੀ, ਪਿਆਰ ਦਾ ਰਿਸ਼ਤਾ ਤਾਂ ਮਨ ਨਾਲ ਜੁੜਿਆ ਹੁੰਦਾ ਹੈ। ਜੇ ਮਨੁੱਖ ਦੇ ਮਨ ਵਿੱਚ ਕਿਸੇ ਲਈ ਥੋੜ੍ਹੀ ਜਿਹੀ ਵੀ ਥਾਂ ਨਾ ਹੋਵੇ, ਉਹ ਬੰਦਾ ਤਾਂ ਫਿਰ ਰੁਲੇਗਾ ਹੀ। ਇਨ੍ਹਾਂ ਨੇ ਮੈਨੂੰ ਬਾਰਾਂ ਘੰਟਿਆਂ ਲਈ ਤਿੰਨ ਹਜ਼ਾਰ ਰੁਪਏ ਮਹੀਨੇ ’ਤੇ ਰੱਖਿਆ ਸੀ। ਜਦੋਂ ਪਹਿਲੇ ਦਿਨ ਮਾਂ ਜੀ ਨੂੰ ਵੇਖਿਆ ਤਾਂ ਉਨ੍ਹਾਂ ਦੇ ਸਾਰੇ ਕੱਪੜੇ ਗੰਦ ਨਾਲ ਭਰੇ ਹੋਏ ਸਨ। ਸਰੀਰ ’ਤੇ ਮੈਲ ਦੀ ਪਰਤ ਜੰਮੀ ਹੋਈ ਸੀ। ਉਹ ਮਾਂ, ਜਿਸ ਨੇ ਅੱਠ ਜੀਆਂ ਨੂੰ ਨੌਂ-ਨੌਂ ਮਹੀਨੇ ਆਪਣੇ ਢਿੱਡ ’ਚ ਰੱਖ ਜੰਮਿਆ ਸੀ, ਕਿੰਨੀ ਲਾਚਾਰ, ਕਿੰਨੀ ਬੇਵੱਸ ਹੋਈ ਮੰਜੇ ’ਤੇ ਪਈ ਸੀ। ਬੀਬੀ ਜੀ, ਮੈਂ ਪਹਿਲਾਂ ਉਨ੍ਹਾਂ ਦੇ ਕੱਪੜੇ ਬਦਲੇ। ਸਾਰਾ ਪਿੰਡਾ ਗਿੱਲੇ ਕੱਪੜੇ ਨਾਲ ਸਾਫ਼ ਕੀਤਾ। ਕੱਪੜੇ ਧੋਤੇ। ਭਾਵੇਂ ਇੱਕ ਵਾਰੀ ਤਾਂ ਇਸ ਤਰ੍ਹਾਂ ਕਰਦਿਆਂ ਮੇਰਾ ਅੰਦਰ ਵੀ ਗਲਾਨੀ ਨਾਲ ਭਰ ਗਿਆ ਸੀ, ਪਰ ਫਿਰ ਤਦੇ ਮੈਂ ਆਪਣੇ ਮਨ ਨੂੰ ਕਿਹਾ, ਕਮਲੀਏ, ਇਹ ਬੇਸਹਾਰਾ ਔਰਤ ਵੀ ਤਾਂ ਤੇਰੀ ਮਾਂ ਜਿਹੀ ਹੈ। ਤੂੰ ਇਸ ਦਾ ਇਹ ਕੰਮ ਕਿਉਂ ਨਹੀਂ ਕਰ ਸਕਦੀ?’’
‘‘ਫਿਰ ਕੀ ਲਾਜੋ, ਤੂੰ ਪੰਜ ਵਰ੍ਹਿਆਂ ਤੋਂ ਮਾਤਾ ਜੀ ਦਾ ਸਾਰਾ ਕੁਝ ਕਰਦੀ ਰਹੀ? ਉਨ੍ਹਾਂ ਦਾ ਤੇਰੇ ਨਾਲ ਕਿਹੋ ਜਿਹਾ ਵਰਤਾਓ ਸੀ?’’ ਮੈਂ ਉਸ ਨੂੰ ਇਕੱਠੇ ਦੋ ਸਵਾਲ ਪੁੱਛੇ।
‘‘ਵੱਡੇ ਤਾਂ ਵੱਡੇ ਹੀ ਹੁੰਦੇ ਨੇ ਬੀਬੀ ਜੀ, ਉਨ੍ਹਾਂ ਦੀਆਂ ਤਾਂ ਅਸੀਸਾਂ ਹੀ ਬਹੁਤ ਹੁੰਦੀਆਂ ਹਨ। ਮੈਂ ਬਾਰਾਂ ਘੰਟਿਆਂ ਲਈ ਰੱਖੀ ਸੀ। ਉਨ੍ਹਾਂ ਦਾ ਕੰਮ ਕਰਕੇ ਘਰ ਚਲੀ ਜਾਂਦੀ ਸੀ। ਫਿਰ ਬਾਕੀ ਦੇ ਵਕਤ ਵਿੱਚ ਉਨ੍ਹਾਂ ਨੂੰ ਕੌਣ ਰੱਖਦਾ, ਕੌਣ ਸਾਂਭਦਾ। ਇੱਕ ਦਿਨ ਉੁਨ੍ਹਾਂ ਦੇ ਵੱਡੇ ਪੁੱਤ ਨੇ ਮੈਨੂੰ ਦਿਨ ਰਾਤ ਲਈ ਕੰਮ ਉੱਤੇ ਰੱਖ ਲਿਆ ਅਤੇ ਮਹੀਨੇ ਦੇ ਪੰਜ ਹਜ਼ਾਰ ਦੇਣੇ ਸ਼ੁਰੂ ਕਰ ਦਿੱਤੇ। ਬਸ ਬੀਬੀ ਜੀ, ਫਿਰ ਮੈਂ ਆਪਣੇ ਟੱਬਰ ਬਾਰੇ ਤਾਂ ਜਿਵੇਂ ਭੁੱਲ ਹੀ ਗਈ ਅਤੇ ਸਭ ਕੁਝ ਛੱਡ ਕੇ ਇਸ ਘਰ ਦੀ ਬਿਰਧ ਔਰਤ ਨਾਲ ਜੁੜ ਗਈ। ਭਾਵੇਂ ਸ਼ੁਰੂ ਵਿੱਚ ਇਹ ਸਭ ਕਰਨਾ ਮੈਨੂੰ ਔਖਾ ਲੱਗਦਾ ਰਿਹਾ, ਪਰ ਵਕਤ ਬੀਤਣ ਨਾਲ ਮਾਤਾ ਜੀ ਨਾਲ ਮੇਰਾ ਦਿਲ ਦਾ ਰਿਸ਼ਤਾ ਬਣ ਗਿਆ। ਜਿੱਥੇ ਬੰਦੇ ਦਾ ਦਿਲ ਦਾ ਰਿਸ਼ਤਾ ਬਣ ਜਾਵੇ, ਉੱਥੇ ਪੈਸੇ ਜਾਂ ਆਰਾਮ ਦੀ ਗੱਲ ਤਾਂ ਪਿੱਛੇ ਰਹਿ ਜਾਂਦੀ ਹੈ। ਬੀਬੀ ਜੀ, ਤੁਸੀਂ ਮੰਨੋ ਜਾਂ ਨਾ, ਇਨ੍ਹਾਂ ਪੰਜ ਸਾਲਾਂ ਵਿੱਚ ਮੈਂ ਤਾਂ ਕਦੇ ਚੰਗੀ ਤਰ੍ਹਾਂ ਸੌਂ ਕੇ ਵੀ ਨਹੀਂ ਵੇਖਿਆ। ਹਰ ਵੇਲੇ ਮਾਤਾ ਜੀ ਵੱਲ ਹੀ ਧਿਆਨ ਰਹਿੰਦਾ ਕਿ ਪਤਾ ਨਹੀਂ ਰਾਤ ਵੇਲੇ ਕਦੋਂ ਉਨ੍ਹਾਂ ਨੂੰ ਮੇਰੀ ਲੋੜ ਪੈ ਜਾਵੇ। ਉਹ ਮੈਨੂੰ ਤਕਲੀਫ਼ ਵਿੱਚ ਬੁਲਾਉਣ ਅਤੇ ਮੈਂ ਕਿਤੇ ਸੁੱਤੀ ਨਾ ਰਹਿ ਜਾਵਾਂ। ਮੈਂ ਤਾਂ ਰਾਤੀਂ ਕਈ ਕਈ ਵਾਰ ਉੱਠ ਕੇ ਉਨ੍ਹਾਂ ਨੂੰ ਵੇਖਦੀ, ਕਿਤੇ ਉਨ੍ਹਾਂ ਨੂੰ ਮੇਰੀ ਲੋੜ ਤਾਂ ਨਹੀਂ? ਮੈਂ ਵੀ ਖ਼ੁਸ਼ ਸੀ। ਮੇਰੇ ਘਰ ਦਾ ਕੰਮ ਵੀ ਵਧੀਆ ਟੁਰ ਪਿਆ ਸੀ। ਪੰਜ ਹਜ਼ਾਰ ਵਿੱਚੋਂ ਘਰ ਦਾ ਦੋ ਹਜ਼ਾਰ ਖ਼ਰਚ ਕੱਢ ਕੇ ਬਾਕੀ ਪੈਸੇ ਬਚ ਜਾਂਦੇ ਸਨ। ਧੀ ਜੁਆਨ ਹੋ ਰਹੀ ਸੀ। ਉਸ ਦਾ ਸਾਰਾ ਦਾਜ ਮੈਂ ਹੌਲੀ ਹੌਲੀ ਇਕੱਠਾ ਕਰਦੀ ਗਈ। ਪੰਜ ਸਾਲਾਂ ਵਿੱਚ ਤਾਂ ਸਾਰਾ ਕੁਝ ਬਣ ਗਿਆ। ਮੈਂ ਤਾਂ ਉਸ ਲਈ ਮੁੰਡਾ ਲੱਭ ਕੇ ਰੋਕ ਵੀ ਕਰ ਦਿੱਤੀ। ਪਿਛਲੇ ਕੁਝ ਮਹੀਨਿਆਂ ਤੋਂ ਮਾਤਾ ਜੀ ਬਹੁਤ ਢਿੱਲੇ ਹੋ ਗਏ ਸਨ। ਕਈ ਵਾਰੀ ਮੰਜੇ ’ਤੇ ਸੁੱਤੇ ਪਏ ਮੈਨੂੰ ਇੰਜ ਦਿਸਦੇ ਜਿਵੇਂ ਉਹ ਤਾਂ…।’’
‘‘ਲਾਜੋ, ਕੀ ਤੂੰ ਇਕੱਲੀ ਇਹ ਸਭ ਕਰਦੀ ਰਹੀ…?’’
‘‘ਹਾਂ ਬੀਬੀ ਜੀ, ਹੋਰ ਕੌਣ ਸੀ ਉਨ੍ਹਾਂ ਨੂੰ ਸਾਂਭਣ ਵਾਲਾ। ਉਨ੍ਹਾਂ ਦਾ ਤਾਂ ਕੁਝ ਵੀ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ।’’
‘‘ਹੁਣ ਫਿਰ ਮਾਤਾ ਜੀ ਤਾਂ ਨਹੀਂ ਰਹੇ ਲਾਜੋ ਅਤੇ ਤੂੰ…?’’ ਮੈਂ ਆਪਣਾ ਸਵਾਲ ਵਿਚਕਾਰ ਹੀ ਛੱਡ ਦਿੱਤਾ।
‘‘ਹੁਣ ਤਾਂ ਬੀਬੀ ਜੀ, ਮੈਨੂੰ ਇਸ ਘਰ ਤੋਂ ਜਾਣਾ ਹੀ ਪਵੇਗਾ। ਮੁੜ ਪਹਿਲਾਂ ਵਾਂਗ ਜਾ ਕੇ ਘਰਾਂ ਵਿੱਚ ਕੰਮ ਕਰਾਂਗੀ। ਘਰ ਦੀ ਰੋਟੀ ਤਾਂ ਤੋਰਨੀ ਹੀ ਹੈ। ਸੋਚਿਆ ਕਰਦੀ ਸੀ ਕਿ ਕੁੜੀ ਵਿਆਹੀ ਜਾਵੇਗੀ। ਰੋਜ਼ ਰੱਬ ਨੂੰ ਕਹਿੰਦੀ ਸੀ, ਹੇ! ਪਰਮਾਤਮਾ ਜੇ ਮਾਤਾ ਜੀ ਪੰਜ ਛੇ ਮਹੀਨੇ ਹੋਰ ਟਪਾ ਦੇਣ ਤਾਂ ਮੇਰੀ ਵੱਡੀ ਦਾ ਵਿਆਹ ਹੋ ਜਾਵੇ। ਪਰ ਰੱਬ ਵੀ ਗ਼ਰੀਬਾਂ ਦੀ ਕਿੱਥੇ ਸੁਣਦਾ ਹੈ… ਮਾਤਾ ਜੀ ਬੱਸ ਚਲੇ ਹੀ ਗਏ…। ਹੁਣ ਅਰੋੜਿਆਂ ਨੂੰ ਮੇਰੀ ਕਿੱਥੇ ਲੋੜ ਹੈ! ਇਹ ਤਾਂ ਸਗੋਂ ਆਪਣੇ ’ਤੇ ਮੇਰਾ ਬੋਝ ਹੀ ਸਮਝਦੇ ਰਹੇ ਸਨ। ਇਨ੍ਹਾਂ ਨੂੰ ਮਹੀਨੇ ਦੇ ਪੰਜ ਹਜ਼ਾਰ ਰੁਪਏ ਦੇਣੇ ਬਹੁਤ ਔਖੇ ਲੱਗਦੇ ਸਨ। ਰੋਜ਼ ਮਨ ’ਚ ਮਾਂ ਬਾਰੇ ਸੋਚਦੇ ਹੋਣਗੇ ਕਿ ਇਹ ਬੁੱਢੀ ਮਰ ਕਿਉਂ ਨਹੀਂ ਜਾਂਦੀ। ਹੁਣ ਮਾਤਾ ਜੀ ਤੁਰ ਗਏ। ਮੈਨੂੰ ਦੋ ਦੁੱਖ ਹਨ। ਪੰਜ ਸਾਲ ਦਿਨ ਰਾਤ ਮੈਂ ਉਨ੍ਹਾਂ ਦੀ ਸੇਵਾ ਕੀਤੀ, ਫਿਰ ਇੰਨੇ ਵਕਤ ਵਿੱਚ ਉਹ ਮੇਰੇ ਆਪਣੇ ਹੀ ਤਾਂ ਬਣ ਗਏ ਸਨ। ਉਹ ਚਲੇ ਗਏ। ਮੇਰੇ ਲਈ ਤਾਂ ਸੱਚਮੁਚ ਹੀ ਮਾਂ ਜਿਹੇ ਸਨ। ਇਨ੍ਹਾਂ ਵਿੱਚੋਂ ਕਿਸੇ ਨੂੰ ਮਾਂ ਮਰਨ ਦਾ ਦੁੱਖ ਨਹੀਂ, ਨਾ ਨੂੰਹਾਂ ਨੂੰ ਅਤੇ ਨਾ ਹੀ ਪੁੱਤਾਂ ਨੂੰ…। ਦੂਜਾ, ਇਹ ਪੰਜ ਹਜ਼ਾਰ ਰੁਪਏ ਮੇਰੇ ਜਿਹੀ ਔਰਤ ਲਈ ਕਮਾਉਣੇ ਕਿੰਨੇ ਔਖੇ ਹਨ…। ਅਜੇ ਤਾਂ ਮਾਤਾ ਜੀ ਦਾ ਸਾਹ ਨਿਕਲਿਆ ਹੀ ਸੀ ਕਿ ਵੱਡੇ ਨੇ ਤਾਂ ਉਦੋਂ ਹੀ ਮੈਨੂੰ ਆਖ ਦਿੱਤਾ… ਬਈ ਤੂੰ ਭੋਗ ਤੀਕ ਕੰਮ ਕਰੇਂਗੀ, ਫਿਰ ਆਪਣਾ ਹੋਰ ਕੋਈ ਇੰਤਜ਼ਾਮ ਕਰ ਲਈਂ। ਕੋਈ ਨਹੀਂ ਬੀਬੀ ਜੀ, ਰੱਬ ਆਪੇ ਕੋਈ ਹੀਲਾ ਬਣਾ ਦੇਵੇਗਾ।’’ ਇੰਨੀ ਦੇਰ ਤੀਕ ਗੱਲਾਂ ਕਰਦੀ ਹੋਈ ਉਹ ਸਾਫ਼ ਹੋ ਗਏ ਹਵਨ-ਕੁੰਡ ਨੂੰ ਮੁੜ ਮੁੜ ਸਾਫ਼ ਕਰਦੀ ਰਹੀ ਸੀ। ਇਸ ਤੋਂ ਅੱਗੇ ਉਹ ਕੁਝ ਨਹੀਂ ਬੋਲੀ। ਬਸ ਭਰੀਆਂ ਅੱਖਾਂ ਨਾਲ ਹਵਨ-ਕੁੰਡ ਚੁੱਕ ਕੇ ਘਰੋਂ ਬਾਹਰ ਨਿਕਲ ਗਈ।
ਮੈਂ ਇਕੱਲੀ ਚੁੱਪ ਬੈਠੀ ਸਾਂ। ਉਦਾਸ ਮਨ ਹੋਰ ਉਦਾਸ ਹੋ ਗਿਆ ਸੀ। ਅੰਦਰ ਹੋਰ ਦੁੱਖ ਨਾਲ ਭਰ ਗਿਆ ਸੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਬੀਜੀ ਇੱਕ ਵਾਰੀ ਫਿਰ ਮਰ ਗਏ ਹੋਣ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)