Punjabi Stories/Kahanian
ਰਾਬਿੰਦਰਨਾਥ ਟੈਗੋਰ
Rabindranath Tagore
 Punjabi Kahani
Punjabi Kavita
  

Kabuliwala Rabindranath Tagore

ਕਾਬੁਲੀਵਾਲਾ ਰਾਬਿੰਦਰਨਾਥ ਟੈਗੋਰ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਰਾਬਿੰਦਰਨਾਥ ਟੈਗੋਰ ਦੀ ਕਹਾਣੀ
'ਕਾਬੁਲੀਵਾਲਾ' ਤੇ ਆਧਾਰਿਤ ਹੈ)

ਮੇਰੀ ਪੰਜ ਸਾਲਾਂ ਦੀ ਬੱਚੀ ਮਿੰਨੀ ਹੈ ਜਿਸਦਾ ਨਾਂ ।
ਬਿਨਾਂ ਬੋਲੇ ਨਹੀਂ ਰਹਿ ਸਕਦੀ ਥੋੜ੍ਹਾ ਜਿੰਨਾਂ ਸਮਾਂ ।
ਇਕ ਦਿਨ ਸਵੇਰੇ ਭੱਜੀ ਭੱਜੀ ਮੇਰੇ ਕੋਲੇ ਆਈ ।
ਉਸਨੇ ਆਉਂਦੇਸਾਰ ਹੀ ਆਪਣੀ ਗੱਲ ਸੁਣਾਈ ।
"ਰਾਮਦਯਾਲ ਦਰਬਾਨ, 'ਕਾਕ' ਨੂੰ 'ਕਊਆ' ਬੁਲਾਵੇ ।
ਬਾਬੂ ਜੀ, ਏਦਾਂ ਨਹੀਂ ਲਗਦਾ ਉਸਨੂੰ ਕੁਝ ਨਾ ਆਵੇ ।
ਭੋਲਾ ਇਕ ਦਿਨ ਮੈਨੂੰ ਦੱਸੇ ਮੀਂਹ ਕਿਦਾਂ ਹੈ ਪੈਂਦਾ ।
ਹਾਥੀ ਆਪਣੀ ਸੁੰਡ ਦੇ ਅੰਦਰ ਪਾਣੀ ਹੈ ਭਰ ਲੈਂਦਾ ।
ਉਸ ਪਾਣੀ ਨੂੰ ਜ਼ੋਰ ਮਾਰਕੇ ਵੱਲ ਆਕਾਸ਼ ਪੁਚਾਵੇ ।
ਉਹੋ ਪਾਣੀ ਸਾਡੇ ਕੋਲੇ ਮੀਂਹ ਬਣਕੇ ਫਿਰ ਆਵੇ ।
ਬਾਬੂ ਜੀ, ਭੋਲਾ ਝੂਠ ਮਾਰਦਾ" ਕਹਿਕੇ ਉਥੋਂ ਭੱਜੀ ।
ਜਿਦਾਂ ਪਹਿਲਾਂ ਖੇਡ ਰਹੀ ਸੀ ਫੇਰ ਖੇਡ ਜਾ ਲੱਗੀ ।

ਮੇਰੇ ਕਮਰੇ ਵਿਚ ਮਿੰਨੀ ਇਕ ਦਿਨ ਖੇਡ ਰਹੀ ਸੀ ।
ਅਚਣਚੇਤ ਖਿੜਕੀਓਂ ਬਾਹਰ ਉਸਦੀ ਨਜ਼ਰ ਪਈ ਸੀ ।
ਖਿੜਕੀ ਛੱਡ ਕੇ ਕੋਲ ਮੇਰੇ ਜਲਦੀ ਜਲਦੀ ਆਈ ।
"ਕਾਬੁਲੀਵਾਲਾ, ਕਾਬੁਲੀਵਾਲਾ" ਪਾਈਂ ਜਾਵੇ ਦੁਹਾਈ ।
ਮੋਢੇ ਤੇ ਝੋਲਾ ਲਟਕਾਇਆ ਜਿਸ ਵਿਚ ਸੁੱਕੇ ਮੇਵੇ ।
ਹੱਥ ਵਿਚ ਅੰਗੂਰਾਂ ਦੀ ਪਿਟਾਰੀ ਦੂਰੋਂ ਵਿਖਾਈ ਦੇਵੇ।
ਲੰਮਾ ਕੱਦ ਪਰ ਹੌਲੀ ਚਾਲੇ ਸੜਕੇ ਤੁਰਿਆ ਆਵੇ ।
ਮਿੰਨੀ ਡਿੱਠਾ ਘਰ ਵੱਲ ਮੁੜਿਆ ਅੰਦਰ ਭੱਜੀ ਜਾਵੇ ।
ਮਿੰਨੀ ਨੂੰ ਸੀ ਇਹ ਡਰ ਲੱਗਾ ਫੜ ਨਾ ਝੋਲੀ ਪਾਵੇ ।
ਉਸਨੂੰ ਫੜਕੇ ਨਾਲ ਆਪਣੇ ਕਿਤੇ ਦੂਰ ਲੈ ਨਾ ਜਾਵੇ ।
ਮਿੰਨੀ ਸੋਚੇ ਉਸਦੀ ਝੋਲੀ ਜੇ ਕੋਈ ਫੋਲ ਕੇ ਤੱਕੇ ।
ਉਸ ਵਿਚੋਂ ਹੋਰ ਮਿਲ ਜਾਣਗੇ ਕਿੰਨੇ ਹੀ ਛੋਟੇ ਬੱਚੇ ।
ਕਾਬੁਲੀਵਾਲੇ ਮੁਸਕਰਾਕੇ ਫਿਰ ਸਲਾਮ ਆ ਕੀਤਾ ।
ਮੈਂ ਵੀ ਉਸਤੋਂ ਮਿਂਨੀ ਲਈ ਕੁਝ ਸਮਾਨ ਲੈ ਲੀਤਾ ।
ਥੋੜ੍ਹਾ ਚਿਰ ਚੁੱਪ ਰਹਿਕੇ ਉਸਨੇ ਉਪਰ ਨਿਗਾਹ ਉਠਾਈ,
"ਬਾਬੂ ਜੀ ਬੇਟੀ ਗਈ ਕਿੱਥੇ ?" ਮੈਨੂੰ ਉਸ ਪੁੱਛਿਆ ਈ ।
ਮਿੰਨੀ ਦਾ ਡਰ ਘੱਟ ਕਰਨ ਲਈ ਮੈਂ ਉਸਨੂੰ ਬੁਲਾਇਆ ।
ਕਾਬੁਲੀਵਾਲੇ ਬਦਾਮ ਤੇ ਕਿਸ਼ਮਿਸ਼ ਮਿੰਨੀ ਵੱਲ ਵਧਾਇਆ ।
ਡਰਕੇ ਮੇਰੇ ਗੋਡਿਆਂ ਨੂੰ ਚਿੰਬੜੀ ਮਿੰਨੀ ਉੱਚੀ ਰੋਈ ।
ਜਾਣ ਪਛਾਣ ਦੋਵਾਂ ਦੀ ਏਦਾਂ ਪਹਿਲੀ ਵਾਰੀ ਹੋਈ ।
ਕੁਝ ਦਿਨ ਲੰਘੇ ਕਿਸੇ ਕੰਮ ਨੂੰ ਮੈਂ ਬਾਹਰ ਜਾਂ ਆਇਆ ।
ਕੀ ਵੇਖਾਂ, ਮਿੰਨੀ ਨੇ ਕੋਲੇ ਕਾਬੁਲੀਵਾਲਾ ਬਿਠਾਇਆ ।
ਉਹ ਹੱਸੇ ਮਿੰਨੀ ਗੱਲਾਂ ਸੁਣਾਵੇ ਬਿਲਕੁਲ ਨਾ ਡਰੀ ਸੀ ।
ਬਦਾਮ ਤੇ ਕਿਸ਼ਮਿਸ਼ ਨਾਲ ਉਸਦੀ ਝੋਲੀ ਭਰੀ ਸੀ ।
ਕਾਬੁਲੀਵਾਲੇ ਨੂੰ ਅੱਠ ਆਨੇ ਦੇ ਮੈਂ ਬਾਹਰ ਨੂੰ ਆਇਆ ।
"ਅੱਗੋਂ ਇਸਨੂੰ ਕੁਝ ਨਾ ਦੇਈਂ" ਨਾਲੇ ਪੱਕ ਕਰਾਇਆ ।
ਕੁਝ ਦੇਰ ਹੋਰ ਗੱਲਾਂ ਕਰਕੇ ਕਾਬੁਲੀ ਉੱਠ ਖਲੋਇਆ ।
ਅਠਿਆਨੀ ਮਿੰਨੀ ਦੀ ਝੋਲੀ ਪਾ ਕੇ ਉੱਥੋਂ ਤੁਰਦਾ ਹੋਇਆ ।
ਮੈਂ ਘਰ ਮੁੜਿਆ ਮਾਂ ਮਿੰਨੀ ਨੂੰ ਝਿੜਕਾਂ ਦੇ ਰਹੀ ਸੀ ।
ਅਠਿਆਨੀ ਉਸ ਕਿਉਂ ਲਈ ਉਸ ਤੋਂ ਪੁੱਛ ਰਹੀ ਸੀ ।

ਕਾਬੁਲੀਵਾਲਾ ਰਹਮਤ ਹਰ ਰੋਜ਼ ਸਾਡੇ ਘਰ ਆਉਂਦਾ ।
ਬਾਦਾਮ, ਕਿਸ਼ਮਿਸ਼ ਮਿੰਨੀ ਲਈ ਝੋਲੀ ਪਾ ਲਿਆਉਂਦਾ ।
ਮਿੰਨੀ ਦੇ ਦਿਲ ਹੌਲੀ ਹੌਲੀ ਉਸਨੇ ਪੱਕੀ ਜਗਾਹ ਬਣਾਈ ।
ਦੋਵੇਂ ਗੱਲਾਂ ਕਰਦੇ ਰਹਿੰਦੇ ਸਮੇਂ ਦਾ ਖ਼ਿਆਲ ਨਾ ਕਾਈ ।
ਮਿੰਨੀ ਪੁੱਛਦੀ, "ਕਾਬੁਲੀਵਾਲੇ ਤੇਰੀ ਝੋਲੀ ਵਿਚ ਕੀ ਹੈ ?"
ਰਹਮਤ ਦਸਦਾ, " ਮੇਰੀ ਝੋਲੀ ਰੱਖਿਆ ਇਕ ਹਾਥੀ ਹੈ ।"
ਫਿਰ ਉਹ ਪੁੱਛਦਾ, "ਮਿੰਨੀ ਬੇਟੀ ਤੂੰ ਕਦ ਸਹੁਰੇ ਜਾਵੇਂਗੀ ?
"ਸਹੁਰੀਂ ਜਾ ਕੇ ਸਾਡੇ ਤਾਈਂ ਆਪਣੇ ਦਿਲੋਂ ਭੁਲਾਵੇਂਗੀ ।
ਮਿੰਨੀ ਨੂੰ ਜਵਾਬ ਨਾ ਆਉਂਦਾ ਉਲਟਾ ਉਸਤੋਂ ਉਹ ਪੁੱਛੇ ।
ਉਸਨੇ ਕਦੋਂ ਹੈ ਸਹੁਰੇ ਜਾਣਾ ਆਪੇ ਪਹਿਲਾਂ ਉਹ ਦੱਸੇ ।
ਰਹਮਤ ਮੁੱਕਾ ਤਾਣ ਕੇ ਕਹਿੰਦਾ ਇਹ ਸਹੁਰੇ ਨੂੰ ਮਾਰਾਂ ।
ਮਿੰਨੀ ਇਹ ਗੱਲ ਸੁਣ ਹੱਸਦੀ ਮੂੰਹ ਤੇ ਖਿੜਨ ਬਹਾਰਾਂ ।

ਸਰਦੀ ਖ਼ਤਮ ਹੁੰਦਿਆਂ ਰਹਮਤ ਆਪਣੇ ਦੇਸ਼ ਨੂੰ ਜਾਂਦਾ ।
ਜਾਣੋਂ ਪਹਿਲਾਂ ਉਧਾਰ ਆਪਣੀ ਸਾਰੀ ਸੀ ਉਗਰਾਂਹਦਾ ।
ਘਰ-ਘਰ ਜਾਂਦਾ ਗੇੜੇ ਲਾਂਦਾ ਪਰ ਜਦ ਸਮਾਂ ਤਕਾਂਦਾ ।
ਤਾਂ ਵੀ ਇਕ ਵਾਰ ਮਿੰਨੀ ਨੂੰ ਰੋਜ਼ ਆ ਕੇ ਮਿਲ ਜਾਂਦਾ ।
ਇਕ ਦਿਨ ਸਵੇਰੇ ਅੰਦਰ ਬੈਠਾ ਕੰਮ ਮੈਂ ਕਰ ਰਿਹਾ ਸੀ ।
ਉਸੇ ਵੇਲੇ ਸੜਕ ਵੱਲੋਂ ਅਚਾਨਕ ਰੌਲਾ ਕੰਨੀਂ ਪਿਆ ਸੀ ।
ਮੈਂ ਬਾਹਰ ਡਿੱਠਾ ਦੋ ਸਿਪਾਹੀ ਰਹਮਤ ਨੂੰ ਬੰਨ੍ਹੀ ਜਾਵਣ ।
ਰਹਮਤ ਦੇ ਕਮੀਜ਼ ਦਾਗ਼ ਲਹੂ ਦੇ ਦੂਰੋਂ ਨਜ਼ਰੀਂ ਆਵਣ ।
ਲਹੂ ਭਿੱਜਿਆ ਛੁਰਾ ਸੀ ਫੜਿਆ ਹੱਥ ਵਿਚ ਇਕ ਸਿਪਾਹੀ ।
ਮੈਂ ਵੀ ਉਹਨਾਂ ਵੱਲ ਗਿਆ ਪੁੱਛਣ ਲਈ ਕੀ ਹੋਇਆ ਸੀ ।
ਕੁਝ ਸਿਪਾਹੀ ਤੇ ਕੁਝ ਰਹਮਤ ਸੁਣਿਆ ਇਹ ਗੱਲ ਕਹਿੰਦਾ ।
ਚਾਦਰ ਉਹਨੇ ਵੇਚੀ ਕਿਸੇ ਨੂੰ ਜੋ ਸਾਡੇ ਗਵਾਂਢ ਹੀ ਰਹਿੰਦਾ ।
ਕੁਝ ਰੁਪਏ ਬਾਕੀ ਰਹਿੰਦੇ ਸੀ ਪਰ ਉਸ ਜਵਾਬ ਸੁਣਾਇਆ ।
ਦੋਹਾਂ ਵਿਚ ਤਕਰਾਰ ਵਧੀ ਜਾਂ ਰਹਮਤ ਛੁਰਾ ਚਲਾਇਆ ।
"ਕਾਬੁਲੀਵਾਲੇ, ਕਾਬੁਲੀਵਾਲੇ," ਕਹਿੰਦੀ ਮਿੰਨੀ ਭੱਜੀ ਆਈ ।
ਮਿੰਨੀ ਤਕ ਰਹਮਤ ਦੇ ਮੂੰਹ ਤੇ ਇਕ ਵਾਰੀ ਤਾਂ ਖ਼ੁਸ਼ੀ ਛਾਈ ।
ਮਿੰਨੀ ਆਉਂਦੇਸਾਰ ਹੀ ਪੁੱਛਿਆ, "ਕਦੋਂ ਤੂੰ ਸਹੁਰੇ ਜਾਣਾ ?"
ਰਹਮਤ ਹੱਸਕੇ ਕਹਿਣ ਲੱਗਾ, "ਹੁਣ ਮੇਰਾ ਉਹੋ ਟਿਕਾਣਾ ।"
ਰਹਮਤ ਸੋਚੇ ਇਸ ਜਵਾਬ ਤੋਂ ਮਿੰਨੀ ਖ਼ੁਸ਼ ਨਾ ਹੋਈ ਕਾਈ ।
ਫਿਰ ਉਸ ਮੁੱਕਾ ਤਾਣ ਕੇ ਉਪਰ ਆਪਣੀ ਬਾਂਹ ਉਠਾਈ ।
"ਸਹੁਰੇ ਨੂੰ ਮੈਂ ਜ਼ਰੂਰ ਮਾਰਦਾ ਪਰ ਮੇਰੇ ਹੱਥ ਵੇਖ ਲੈ ਬੰਨ੍ਹੇ ।"
ਮਿੰਨੀ ਨੂੰ ਕੁਝ ਸਮਝ ਨਾ ਆਵੇ ਇਹ ਗੱਲ ਮੰਨੇ ਜਾਂ ਨਾ ਮੰਨੇ ।

ਇਸ ਗੁਨਾਹ ਲਈ ਰਹਮਤ ਨੂੰ ਸਜ਼ਾ ਲੰਬੀ ਗਈ ਸੁਣਾਈ।
ਹੌਲੀ ਹੌਲੀ ਸਮੇਂ ਨੇ ਯਾਦ ਓਸ ਦੀ ਸਾਡੇ ਮਨੋਂ ਮਿਟਾਈ ।
ਅੱਠ ਸਾਲ ਲੰਘ ਗਏ ਸਨ ਮਿੰਨੀ ਦਾ ਵਿਆਹ ਹੋ ਰਿਹਾ ਸੀ ।
ਮੈਂ ਬੈਠਾ ਹਿਸਾਬ ਸਾਂ ਲਿਖਦਾ ਤਾਂ ਰਹਮਤ ਨਜ਼ਰ ਪਿਆ ਸੀ ।
ਉਸਨੇ ਆ ਸਲਾਮ ਬੁਲਾਈ ਫਿਰ ਇਕ ਪਾਸੇ ਆ ਖੜੋਇਆ ।
ਮੈਂ ਉਸ ਨੂੰ ਪਛਾਣ ਨਾ ਸਕਿਆ ਉਹ ਏਦਾਂ ਸੀ ਹੋਇਆ ।
ਕੋਲ ਨਾ ਉਸਦੇ ਕੋਈ ਝੋਲੀ ਚਿਹਰਾ ਜਾਪੇ ਕੁਮਲਾਇਆ ।
ਮੈਂ ਪੁੱਛਿਆ,"ਦੱਸ ਬਈ ਰਹਮਤ ਕਦੋਂ ਕੁ ਦਾ ਤੂੰ ਆਇਆ ?"
"ਕੱਲ੍ਹ ਸ਼ਾਮ ਮੈਂ ਜੇਲ੍ਹੋਂ ਛੁਟਿਆ," ਉਸਨੇ ਜਵਾਬ ਸੁਣਾਇਆ ।
"ਤੂੰ ਕਿਸੇ ਦਿਨ ਫੇਰ ਆ ਜਾਈਂ ਅੱਜ ਘਰ ਕਾਜ ਰਚਾਇਆ ।"
ਉਹ ਉਦਾਸ ਹੋ ਜਾਣ ਲੱਗਿਆ ਦਰਵਾਜ਼ੇ ਕੋਲ ਜਾ ਰੁਕਿਆ ।
"ਇਕ ਵਾਰ ਬੱਚੀ ਨੂੰ ਵਿਖਾ ਦਿਉ," ਕਹਿਕੇ ਥੋੜ੍ਹਾ ਝੁਕਿਆ ।
ਉਹਨੂੰ ਸ਼ਾਇਦ ਯਕੀਨ ਸੀ ਮਨ ਵਿਚ ਮਿੰਨੀ ਅਜੇ ਵੀ ਬੱਚੀ ।
"ਕਾਬੁਲੀਵਾਲੇ, ਕਾਬੁਲੀਵਾਲੇ," ਕਹਿੰਦੀ ਆਊ ਆਪੇ ਨੱਠੀ ।
ਏਨੇ ਚਿਰ ਦੀਆਂ ਕੱਠੀਆਂ ਕੀਤੀਆਂ ਗੱਲਾਂ ਉਹਨੂੰ ਸੁਣਾਊ ।
ਪਹਿਲਾਂ ਵਾਲੀ ਰੌਣਕ ਆਪੇ ਹੀ ਉਸਦੇ ਮੂੰਹ ਤੇ ਆ ਜਾਊ ।
ਉਸਨੂੰ ਚੁੱਪ ਖੜਾ ਵੇਖ ਕੇ ਮੈਂ ਫਿਰ ਆਖ ਸੁਣਾਇਆ,
"ਅੱਜ ਘਰ ਬਹੁਤ ਕੰਮ ਹੈ ਉਸਤੋਂ ਨਹੀਂ ਜਾਣਾ ਆਇਆ ।"
ਉਸਦੇ ਚਿਹਰੇ ਉਦਾਸੀ ਆਈ ਉਸਨੇ ਸਲਾਮ ਬੁਲਾਈ ।
ਰਹਮਤ ਘਰੋਂ ਬਾਹਰ ਨਿਕਲਿਆ ਤਾਂ ਮੇਰੇ ਮਨ ਆਈ ।
ਉਸਨੂੰ ਮੈਂ ਆਵਾਜ਼ ਲਗਾਵਾਂ ਮੈਂ ਅਜੇ ਇਹ ਸੋਚ ਰਿਹਾ ਸੀ ।
ਰਹਮਤ ਆਪ ਵਾਪਸ ਮੁੜ ਆਇਆ ਉਸਨੇ ਆ ਕਿਹਾ ਸੀ,
"ਇਹ ਥੋੜ੍ਹਾ ਜਿਹਾ ਮੇਵਾ ਰੱਖ ਲਉ ਬੱਚੀ ਨੂੰ ਦੇ ਦੇਣਾ ।
ਉਸਦਾ ਕਾਬੁਲੀਵਾਲਾ ਦੇ ਗਿਐ ਇਹ ਓਸਨੂੰ ਕਹਿਣਾ ।"
ਮੈਂ ਓਹਨੂੰ ਪੈਸੇ ਦੇਣਾ ਚਾਹਵਾਂ ਪਰ ਉਸ ਕੁਝ ਨਾ ਲਿਆ ।
ਜਦ ਮੈਂ ਬਹੁਤਾ ਜ਼ੋਰ ਦਿੱਤਾ ਤਾਂ ਉਸਨੇ ਮੈਨੂੰ ਇਹ ਕਿਹਾ,
"ਬਾਬੂ ਸਾਹਿਬ ਤੁਹਾਡੀ ਮਿਹਰਬਾਨੀ ਗੱਲ ਦੱਸਾਂ ਮੈਂ ਸੱਚੀ ।
ਮਿੰਨੀ ਜਿੱਡੀ ਮੇਰੇ ਘਰ ਵੀ ਇਕ ਛੋਟੀ ਜਿਹੀ ਬੱਚੀ ।
ਜਦੋਂ ਓਸਦੀ ਯਾਦ ਹੈ ਆਉਂਦੀ ਮੈਂ ਤੁਹਾਡੇ ਘਰ ਆਵਾਂ ।
ਆਪਣੀ ਬੱਚੀ ਸਮਝ ਕੇ ਓਹਨੂੰ ਕੁਝ ਮੇਵਾ ਮੈਂ ਦੇ ਜਾਵਾਂ ।
ਮੈਂ ਇੱਥੇ ਸੌਦਾ ਵੇਚਣ ਨਹੀਂ ਆਉਂਦਾ ਬੱਚੀ ਖਿੱਚ ਲਿਆਵੇ ।
ਮਿੰਨੀ ਦੇ ਚਿਹਰੇ 'ਚੋਂ ਮੈਨੂੰ ਆਪਣੀ ਬੱਚੀ ਹੀ ਦਿਸ ਆਵੇ ।
ਉਸਨੇ ਕੁੜਤੇ ਦੀ ਜੇਬ ਵਿਚੋਂ ਇਕ ਕਾਗ਼ਜ਼ ਫਿਰ ਕੱਢਿਆ ।
ਧੂੜ ਸਮੇਂ ਦੀ ਉਸ ਕਾਗ਼ਜ਼ ਨੂੰ ਮੈਲਾ ਸੀ ਕਰ ਛੱਡਿਆ ।
ਹੌਲੀ ਹੌਲੀ ਖੋਲ੍ਹ ਉਸ ਦੀਆਂ ਤੈਹਾਂ ਮੇਜ਼ ਤੇ ਉਸ ਵਿਛਾਇਆ ।
ਉਸ ਉੱਤੇ ਛੋਟੇ ਜਿਹੇ ਹੱਥ ਦਾ ਪੰਜਾ ਲੱਗਾ ਨਜ਼ਰੀਂ ਆਇਆ ।
ਹੱਥ ਦੇ ਉੱਤੇ ਥੋੜ੍ਹੀ ਕਾਲਖ ਲਾ ਕੇ ਛਾਪ ਇਹ ਗਈ ਬਣਾਈ ।
ਆਪਣੀ ਬੇਟੀ ਦੀ ਇਹ ਨਿਸ਼ਾਨੀ ਉਹ ਰੱਖੇ ਦਿਲ ਨਾਲ ਲਾਈ ।
ਜਦ ਵੀ ਰਹਮਤ ਸ਼ਹਿਰ ਕਲਕੱਤੇ ਸੌਦਾ ਵੇਚਣ ਲਈ ਆਵੇ ।
ਇਹ ਕਾਗ਼ਜ਼ ਉਹ ਜੇਬ 'ਚ ਪਾ ਕੇ ਆਪਣੇ ਨਾਲ ਲਿਆਵੇ ।
ਇਹ ਵੇਖ ਮੇਰੀਆਂ ਅੱਖਾਂ ਵਿਚ ਪਾਣੀ ਸੀ ਭਰ ਆਇਆ ।
ਸਭ ਕੁਝ ਭੁਲ ਮੈਂ ਓਸੇ ਵੇਲੇ ਮਿੰਨੀ ਨੂੰ ਉੱਥੇ ਬੁਲਾਇਆ ।
ਵਿਆਹ ਵਾਲੇ ਕਪੜੇ ਗਹਿਣੇ ਪਾਈਂ ਮਿੰਨੀ ਬਾਹਰ ਆਈ ।
ਸਾਡੇ ਕੋਲ ਆ ਉਹ ਖਲੋਤੀ ਪਰ ਲੱਗੇ ਬਹੁਤ ਸ਼ਰਮਾਈ ।
ਉਹਨੂੰ ਵੇਖ ਕੇ ਰਹਮਤ ਪਹਿਲਾਂ ਦਿਲੋਂ ਬਹੁਤ ਘਬਰਾਇਆ ।
"ਲਾਡੋ ਅੱਜ ਸਹੁਰੇ ਘਰ ਜਾਣਾ ?" ਉਸਨੇ ਹੱਸ ਸੁਣਾਇਆ ।
ਮਿੰਨੀ ਨੂੰ ਹੁਣ ਸੱਸ ਦਾ ਮਤਲਬ ਸਾਰਾ ਸਮਝ ਪਿਆ ਸੀ ।
ਰਹਮਤ ਦੀ ਗੱਲ ਸੁਣ ਉਹਦਾ ਮੂੰਹ ਲਾਲੋ ਲਾਲ ਹੋਇਆ ਸੀ ।
ਮਿੰਨੀ ਗਈ ਰਹਮਤ ਨੇ ਫਿਰ ਇਕ ਡੂੰਘਾ ਸਾਹ ਲਿਆ ਸੀ ।
ਜ਼ਮੀਨ ਤੇ ਬਹਿ ਕੇ ਉਸ ਸੋਚਿਆ ਸਭ ਕੁਝ ਸਾਫ਼ ਹੋਇਆ ਸੀ ।
ਉਸਦੀ ਬੱਚੀ ਵੀ ਐਡੀ ਹੀ ਹੋਵੇਗੀ ਉਸ ਨੂੰ ਸੋਚ ਸਤਾਇਆ ।
ਐਨਾਂ ਲੰਬਾ ਸਮਾਂ ਉਸਨੇ ਉਸਦੇ ਪਿਛੋਂ ਕਿਦਾਂ ਹੋਣਾ ਲੰਘਾਇਆ ।
ਰਹਮਤ ਯਾਦਾਂ ਦੇ ਵਿਚ ਗੁੰਮਿਆਂ ਮੈਂ ਕੁਝ ਰੁਪਏ ਹੱਥ ਲਿੱਤੇ ।
"ਰਹਮਤ, ਬੇਟੀ ਕੋਲ ਦੇਸ਼ ਟੁਰ ਜਾ," ਇਹ ਕਹਿ ਉਹਨੂੰ ਦਿੱਤੇ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com