Kaali Dhup : Waryam Singh Sandhu

ਕਾਲੀ ਧੁੱਪ : ਵਰਿਆਮ ਸਿੰਘ ਸੰਧੂ

ਤਿੱਖੜ ਦੁਪਹਿਰ। ਕਿਰਨਾਂ ਦੇ ਮੂੰਹ ਵਿਚੋਂ ਅੱਗ ਵਰ੍ਹਦੀ ਪਈ ਸੀ।
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦੀਆਂ ਦੋਵੇਂ ਮਾਵਾਂ ਧੀਆਂ, ਪੈਲੀ-ਪੈਲੀ ਫਿਰ ਕੇ ਵੱਢਾਂ ਵਿੱਚੋਂ ਸਿੱਟੇ ਚੁਣ ਰਹੀਆਂ ਸਨ।ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ, ਮਸਾਂ ਮਰਕੇ ਇੱਕ ਡੰਗ ਦੀ ਰੋਟੀ।
ਬੁੱਢੜੀ ਮਾਂ ਥੱਕ ਕੇ ਵੱਢ ਦੇ ਕਿਨਾਰੇ ਇਕ ਛੋਟੀ ਜਿਹੀ ਬੇਰੀ ਹੇਠਾਂ ਬੈਠ ਗਈ।ਪਰ ਧੀ ਸਿੱਟੇ ਚੁਣਦੀ ਜਾ ਰਹੀ ਸੀ।ਚੁਣਦੀ ਜਾ ਰਹੀ ਸੀ।ਪਸੀਨਾ ਚੋ ਚੋ ਕੇ ਉਸ ਦੇ ਸਾਂਵਲੇ ਰੰਗ ਵਿਚ ਘੁਲਦਾ ਪਿਆ ਸੀ।
ਪਰ੍ਹੇ ਸੜਕ ਉਤੋਂ ਉਤਰ ਕੇ ਡੰਡੀ ਡੰਡੀ, ਮਹਿਲਾਂ ਵਾਲੇ ਸਰਦਾਰਾਂ ਦੀਆਂ ਦੋਵੇਂ ਕੁੜੀਆਂ ਸ਼ਹਿਰੋਂ ਪੜ੍ਹ ਕੇ ਮੁੜ ਰਹੀਆਂ ਸਨ।ਕਾਲੀਆਂ ਐਨਕਾਂ ਲਾਈ,ਛਤਰੀਆਂ ਤਾਣੀ। ਫਿੱਟ ਕੱਪੜਿਆਂ ਵਿਚ ਉਹਨਾਂ ਦੇ ਸਰੀਰ ਦੀਆਂ ਗੋਲਾਈਆਂ ਮੱਛੀਆਂ ਵਾਂਗ ਮਚਲ ਰਹੀਆਂ ਸਨ।ਰੁਮਾਲਾਂ ਨਾਲ ਮੂੰਹ ਨੂੰ ਹਵਾ ਦਿੰਦੀਆਂ,ਆਪੋ ਵਿਚ ਗੱਲਾਂ ਕਰਦੀਆਂ,ਖਿੜ-ਖਿੜ ਹੱਸਦੀਆਂ ਉਹਨਾਂ ਕੋਲੋਂ ਗੁਜ਼ਰ ਗਈਆਂ।
ਧੀ ਉਹਨਾਂ ਨੂੰ ਜਾਂਦਿਆਂ ਕਿੰਨ੍ਹਾ ਚਿਰ ਪਿਛੋਂ ਵੇਖਦੀ ਰਹੀ।ਪਸੀਨਾ ਉਸਦੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਚੋ ਰਿਹਾ ਸੀ।ਥਕਾਵਟ ਨਾਲ ਉਹਦੇ ਲੱਕ ਵਿਚੋਂ ਪੀੜਾਂ ਨਿਕਲ ਰਹੀਆਂ ਸਨ।ਢਿੱਡ ਵਿਚ ਭੁੱਖ ਨਾਲ ਵੱਟ ਪੈ ਰਹੇ ਸਨ।ਪਿੰਡੇ ਵਿਚ ਜਿਵੇਂ ਸੂਈਆਂ ਚੁਭ ਰਹੀਆਂ ਹੋਣ।ਉਸ ਨੂੰ ਲੱਗਾ ਜਿਵੇਂ ਉਹ ਹੁਣੇ ਡਿੱਗ ਪਵੇਗੀ।ਕਾਹਲੀ-ਕਾਹਲੀ ਉਹ ਮਾਂ ਦੇ ਕੋਲ ਬੇਰੀ ਹੇਠਾਂ ਜਾ ਕੇ ਬੈਠ ਗਈ।ਬੇਰੀ ਦੇ ਪੱਤਿਆਂ ਦੀਆਂ ਵਿਰਲਾਂ ਰਾਹੀਂ ਧੁੱਪ ਛਣ-ਛਣ ਕੇ ਪੈ ਰਹੀ ਸੀ।
ਟਾਕੀਆਂ ਲੱਗੀ ਸਲਵਾਰ ਨੂੰ ਉਸ ਗਿੱਟਿਆਂ ਤੋਂ ਉਤਾਂਹ ਚੁੱਕਿਆ।ਫਿਰ ਪਾਟੀ ਚੁੰਨੀ ਨਾਲ ਮੁੜ੍ਹਕਾ ਪੂੰਝਿਆ।ਉਸ ਦੇ ਸਰੀਰ ਦਾ ਅੰਗ- ਅੰਗ ਥਕਾਵਟ ਵਿਚ ਨਿੰਦਰਾਇਆ ਪਿਆ ਸੀ। ਉਸ ਦਾ ਜੀਅ ਕੀਤਾ ਛਾਵੇਂ ਲੰਮੀ ਪੈ ਜਾਵੇ।ਸੌਂ ਜਾਵੇ,ਬੱਸ,ਸੌਂ ਜਾਵੇ।
ਤੇ ਫਿਰ ਪਤਾ ਨਹੀਂ ਮਹਿਲਾਂ ਵਾਲਿਆਂ ਦੀਆਂ ਦੂਰ ਪਿੰਡ ਵੜਦੀਆਂ ਕੁੜੀਆਂ ਦੀਆਂ ਪਿੱਠਾਂ ਤੇ ਨਜ਼ਰ ਗੱਡੀ ਉਸ ਨੂੰ ਕੀ ਖ਼ਿਆਲ ਆਇਆ।ਮਾਂ ਨੂੰ ਪੁਛਣ ਲੱਗੀ, 'ਮਾਂ,ਨੀ ਮਾਂ ! ਅੜੀਏ! ਭਲਾ ਜਵਾਨੀ ਕਦੋਂ ਕੁ ਆਉਂਦੀ ਹੈ?'
ਬੁੱਢੜੀ ਮਾਂ ਨੇ ਚੁੱਚੀਆਂ ਅੱਖਾਂ ਵਿਚੋਂ ਧੀ ਦੇ ਚਿਹਰੇ ਵੱਲ ਡੂੰਘਾ ਤੱਕਿਆ। ਫਿਰ ਜਿਵੇਂ ਕੋਈ ਫ਼ਿਲਾਸਫ਼ਰ ਬੋਲਦਾ ਹੈ, 'ਪੁੱਤ! ਜਦੋਂ ਬਹੁਤਾ ਹਾਸਾ ਆਵੇ।ਖਿੜ-ਖਿੜਾ ਕੇ। ਬਿਨਾਂ ਕਿਸੇ ਗੱਲ ਤੋਂ।'
ਕੁੜੀ ਦੇ ਬੋਲਾਂ ਵਿਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ, 'ਹਾਇ!ਹਾਇ! ਨੀਂ ਮਾਂ! ਇਹ ਤਾਂ ਪਿਛਲੇ ਸਾਲ ਬੜਾ ਆਇਆ ਸੀ।'
ਹੱਥ ਵਿਚ ਫੜਿਆ ਸਿੱਟਾ ਉਸ ਉਂਗਲਾਂ ਵਿਚ ਮਲ਼ ਦਿੱਤਾ।
ਦੂਰ ਤੱਕ ਚਾਰੇ ਪਾਸੇ ਕਾਲੀ ਧੁੱਪ ਧਰਤੀ ਦਾ ਪਿੰਡਾ ਲੂਹ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ