Kalu Bhangi (Story in Punjabi) : Krishan Chander

ਕਾਲੂ ਭੰਗੀ (ਕਹਾਣੀ) : ਕ੍ਰਿਸ਼ਨ ਚੰਦਰ

ਮੈਂ ਇਸਤੋਂ ਪਹਿਲਾਂ ਹਜ਼ਾਰ ਵਾਰ ਕਾਲੂ ਭੰਗੀ ਦੇ ਬਾਰੇ ਵਿੱਚ ਲਿਖਣਾ ਚਾਹਿਆ ਹੈ। ਪਰ ਮੇਰੀ ਕਲਮ ਹਰ ਵਾਰ ਇਹ ਸੋਚਕੇ ਰੁੱਕ ਗਈ ਹੈ ਕਿ ਕਾਲੂ ਭੰਗੀ ਦੇ ਬਾਰੇ ਲਿਖ਼ਿਆ ਹੀ ਕੀ ਜਾ ਸਕਦਾ ਹੈ। ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਮੈਂ ਉਸਦੀ ਜ਼ਿੰਦਗੀ ਨੂੰ ਦੇਖਣ ਪਰਖਣ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਤੇ ਉਹ ਟੇਢੀ ਲਕੀਰ ਵਿਖਾਈ ਨਹੀਂ ਦਿੰਦੀ ਜਿਸਦੇ ਨਾਲ ਦਿਲਚਸਪ ਕਹਾਣੀ ਘੜੀ ਜਾ ਸਕਦੀ ਹੈ। ਦਿਲਚਸਪ ਹੋਣਾ ਤਾਂ ਦਰ ਕਿਨਾਰ, ਕੋਈ ਸਿੱਧੀ ਸਾਧੀ ਕਹਾਣੀ, ਫ਼ੋਕੀ ਅਤੇ ਬੇ ਰੰਗ, ਬੇ ਜਾਨ ਟੋਟਾ ਵੀ ਤਾਂ ਨਹੀਂ ਲਿਖਿਆ ਜਾ ਸਕਦਾ, ਕਾਲੂ ਭੰਗੀ ਦੇ ਬਾਰੇ ਫਿਰ ਪਤਾ ਨਹੀਂ ਕੀ ਗੱਲ ਹੈ, ਹਰ ਕਹਾਣੀ ਦੇ ਸ਼ੁਰੂ ਵਿੱਚ ਮੇਰੇ ਜ਼ਿਹਨ ਵਿੱਚ ਕਾਲੂ ਭੰਗੀ ਆਣ ਖੜਾ ਹੁੰਦਾ ਹੈ ਅਤੇ ਮੈਨੂੰ ਮੁਸਕਰਾ ਕੇ ਪੁੱਛਦਾ ਹੈ:
“ਛੋਟੇ ਸਾਹਿਬ! ਮੇਰੇ ਤੇ ਕਹਾਣੀ ਨਹੀਂ ਲਿਖੋਗੇ? ਕਿੰਨੇ ਸਾਲ ਹੋ ਗਏ ਤੁਹਾਨੂੰ ਲਿਖਦੇ ਹੋਏ?”
“ਅੱਠ ਸਾਲ।”
“ਕਿੰਨੀ ਕਹਾਣੀਆਂ ਲਿਖੀਆਂ ਤੁਸੀਂ?”
“ਸੱਠ ਤੇ ਦੋ ਬਾਹਠ।”
“ਮੇਰੇ ਵਿੱਚ ਕੀ ਬੁਰਾਈ ਹੈ ਛੋਟੇ ਸਾਹਿਬ। ਤੁਸੀਂ ਮੇਰੇ ਬਾਰੇ ਕਿਉਂ ਨਹੀਂ ਲਿਖਦੇ? ਵੇਖੋ ਕਦੋਂ ਤੋਂ ਮੈਂ ਇਸ ਕਹਾਣੀ ਦੀ ਉਡੀਕ ਵਿੱਚ ਖੜਾ ਹਾਂ। ਤੁਹਾਡੇ ਜ਼ਿਹਨ ਦੇ ਇੱਕ ਕੋਨੇ ਵਿੱਚ ਵਿੱਚ ਮੁੱਦਤ ਤੋਂ ਹੱਥ ਬੰਨ੍ਹੇ ਖੜਾ ਹਾਂ, ਛੋਟੇ ਸਾਹਿਬ, ਮੈਂ ਤਾਂ ਤੁਹਾਡਾ ਪੁਰਾਣਾ ਹਲਾਲਖ਼ੋਰ ਹਾਂ, ਕਾਲੂ ਭੰਗੀ ਆਖ਼ਰ ਤੁਸੀਂ ਮੇਰੇ ਬਾਰੇ ਕਿਉਂ ਨਹੀਂ ਲਿਖਦੇ?”
ਅਤੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਏਨੀ ਸਿੱਧੀ ਸਪਾਟ ਜ਼ਿੰਦਗੀ ਰਹੀ ਹੈ ਕਾਲੂ ਭੰਗੀ ਦੀ ਕਿ ਮੈਂ ਕੁੱਝ ਵੀ ਤਾਂ ਨਹੀਂ ਲਿਖ ਸਕਦਾ ਉਸਦੇ ਬਾਰੇ। ਇਹ ਨਹੀਂ ਕਿ ਮੈਂ ਉਸਦੇ ਬਾਰੇ ਕੁੱਝ ਲਿਖਣਾ ਹੀ ਨਹੀਂ ਚਾਹੁੰਦਾ, ਦਰ ਅਸਲ ਮੈਂ ਕਾਲੂ ਭੰਗੀ ਦੇ ਬਾਰੇ ਲਿਖਣ ਦਾ ਇਰਾਦਾ ਇੱਕ ਮੁੱਦਤ ਤੋਂ ਬਣਾ ਰਿਹਾ ਹਾਂ ਪਰ ਕਦੇ ਲਿਖ ਨਹੀਂ ਸਕਿਆ। ਇਸ ਲਈ ਅੱਜ ਤੱਕ ਕਾਲੂ ਭੰਗੀ ਆਪਣੀ ਪੁਰਾਣੀ ਝਾੜੂ ਲਈ, ਆਪਣੇ ਵੱਡੇ ਵੱਡੇ ਨੰਗੇ ਗੋਡੇ ਲਈ, ਆਪਣੇ ਬਿਆਈਆਂ ਫਟੇ ਖੁਰਦਰੇ ਬਦ ਕਿਸਮਤ ਪੈਰ ਲਈ, ਆਪਣੀਆਂ ਸੁੱਕੀਆਂ ਟੰਗਾਂ ਉੱਤੇ ਉਭਰੀਆਂ ਦਰਾੜਾਂ, ਆਪਣੇ ਕੁੱਲ੍ਹਿਆਂ ਦੀਆਂ ਉਭਰੀਆਂ-ਉਭਰੀਆਂ ਹੱਡੀਆਂ ਲਈ, ਭੁੱਖੇ ਢਿੱਡ ਅਤੇ ਆਪਣੀ ਖੁਸ਼ਕ ਚਮੜੀ ਦੀਆਂ ਸਿਆਹ ਝੁਰੜੀਆਂ ਲਈ, ਆਪਣੇ ਮੁਰਝਾਏ ਹੋਏ ਸੀਨੇ ਉੱਤੇ ਗਰਦ ਅੱਟੀਆਂ ਵਾਲਾਂ ਦੀਆਂ ਝਾੜੀਆਂ ਲਈ, ਆਪਣੇ ਸੁੰਗੜੇ ਸੁੰਗੜੇ ਹੋਂਠਾਂ, ਫੈਲੀਆਂ ਫੈਲੀਆਂ ਨਾਸਾਂ, ਝੁਰੜੀਆਂ ਵਾਲੀਆਂ ਗੱਲ੍ਹਾਂ ਅਤੇ ਆਪਣੀਆਂ ਅੱਖਾਂ ਦੇ ਅੱਧ-ਕਾਲੇ ਖੱਡਿਆਂ ਦੇ ਉਪਰ ਗੰਜਾ ਟੋਟਣ ਉਭਾਰੇ ਮੇਰੇ ਜ਼ਿਹਨ ਦੇ ਕੋਨੇ ਵਿੱਚ ਖੜਾ ਹੈ, ਹੁਣ ਤੱਕ। ਕਈ ਕਿਰਦਾਰ ਆਏ ਅਤੇ ਆਪਣੀ ਜ਼ਿੰਦਗੀ ਦੱਸਕੇ, ਆਪਣੀ ਅਹਮੀਅਤ ਜਤਾ ਕੇ, ਆਪਣੀ ਨਾਟਕੀਅਤਾ ਜ਼ਿਹਨ ਵਿੱਚ ਬਿਠਾ ਕੇ ਚਲੇ ਗਏ। ਹਸੀਨ ਔਰਤਾਂ, ਦਿਲਕਸ਼ ਖ਼ਿਆਲ, ਸ਼ੈਤਾਨ ਦੇ ਚਿਹਰੇ ਉਸ ਦੇ ਜ਼ਿਹਨ ਦੇ ਰੰਗ ਰੋਗ਼ਨ ਨਾਲ ਸਾਕਾਰ ਹੋਏ, ਉਸਦੀ ਚਾਰ ਦੀਵਾਰੀ ਵਿੱਚ ਆਪਣੇ ਦੀਵੇ ਜਲਾ ਕੇ ਚਲੇ ਗਏ ਪਰ ਕਾਲੂ ਭੰਗੀ ਬਦਸਤੂਰ ਆਪਣੀ ਝਾੜੂ ਸੰਭਾਲੀਂ ਇਸੇ ਤਰ੍ਹਾਂ ਖੜਾ ਹੈ। ਉਸਨੇ ਇਸ ਘਰ ਦੇ ਅੰਦਰ ਆਉਣ ਵਾਲੇ ਹਰ ਕਿਰਦਾਰ ਨੂੰ ਵੇਖਿਆ ਹੈ, ਉਸਨੂੰ ਰੋਂਦੇ ਹੋਏ, ਗਿੜਗੜਾਉਦੇ ਹੋਏ, ਮੁਹੱਬਤ ਕਰਦੇ ਹੋਏ, ਨਫਰਤ ਕਰਦੇ ਹੋਏ, ਸੌਂਦੇ ਹੋਏ, ਜਾਗਦੇ ਹੋਏ, ਕਹਿਕਹੇ ਲਗਾਉਂਦੇ ਹੋਏ, ਤਕਰੀਰ ਕਰਦੇ ਹੋਏ, ਜ਼ਿੰਦਗੀ ਦੇ ਹਰ ਰੰਗ ਵਿੱਚ, ਹਰ ਤਰੀਕੇ ਨਾਲ, ਹਰ ਮੰਜ਼ਲ ਵਿੱਚ ਵੇਖਿਆ ਹੈ। ਬਚਪਨ ਤੋਂ ਬੁਢੇਪੇ ਤੋਂ ਮੌਤ ਤੱਕ ਉਸਨੇ ਹਰ ਅਜਨਬੀ ਨੂੰ ਉਸਦੇ ਘਰ ਦੇ ਦਰਵਾਜ਼ੇ ਦੇ ਅੰਦਰ ਝਾਕਦੇ ਵੇਖਿਆ ਹੈ। ਅਤੇ ਉਸਨੂੰ ਅੰਦਰ ਆਉਂਦੇ ਹੋਏ ਵੇਖਕੇ ਉਸਦੇ ਲਈ ਰਸਤਾ ਸਾਫ਼ ਕੀਤਾ ਹੈ। ਉਹ ਆਪ ਪਰੇ ਹੱਟ ਗਿਆ ਹੈ। ਇੱਕ ਭੰਗੀ ਦੀ ਤਰ੍ਹਾਂ ਹਟਕੇ ਖੜਾ ਹੋ ਗਿਆ ਹੈ, ਕਿ ਦਾਸਤਾਨ ਸ਼ੁਰੂ ਹੋਕੇ ਖ਼ਤਮ ਵੀ ਹੋ ਗਈ ਹੈ, ਕਿ ਕਿਰਦਾਰ ਅਤੇ ਤਮਾਸ਼ਾਈ ਦੋਨੋਂ ਚਲੇ ਗਏ ਹਨ ਪਰ ਕਾਲੂ ਭੰਗੀ ਉਸਦੇ ਬਾਅਦ ਵੀ ਉਹੀ ਖੜਾ ਹੈ। ਹੁਣ ਸਿਰਫ ਇੱਕ ਕਦਮ ਉਸਨੇ ਅੱਗੇ ਵਧਾ ਲਿਆ ਹੈ ਅਤੇ ਜ਼ਿਹਨ ਦੇ ਕੇਂਦਰ ਵਿੱਚ ਆ ਗਿਆ ਹੈ ਤਾਂਕਿ ਮੈਂ ਚੰਗੀ ਤਰ੍ਹਾਂ ਵੇਖ ਲਵਾਂ। ਉਸਦਾ ਨੰਗਾ ਟੋਟਣ ਚਮਕ ਰਿਹਾ ਹੈ ਅਤੇ ਹੋਠਾਂ ਉੱਤੇ ਇੱਕ ਖ਼ਾਮੋਸ਼ ਸਵਾਲ ਹੈ। ਇੱਕ ਅਰਸੇ ਤੋਂ ਮੈਂ ਇਸਨੂੰ ਵੇਖ ਰਿਹਾ ਹਾਂ, ਸਮਝ ਵਿੱਚ ਨਹੀ ਆਉਂਦਾ ਕੀ ਲਿਖਾਂਗਾ ਇਸਦੇ ਬਾਰੇ ਵਿੱਚ, ਪਰ ਅੱਜ ਇਹ ਭੂਤ ਅਜਿਹੇ ਮੰਨੇਗਾ ਨਹੀਂ, ਇਸਨੂੰ ਕਈ ਸਾਲਾਂ ਤੱਕ ਟਾਲਿਆ ਹੈ, ਅੱਜ ਇਸਨੂੰ ਵੀ ਅਲਵਿਦਾ ਕਹਿ ਦੇਈਏ।
ਮੈਂ ਸੱਤ ਸਾਲ ਦਾ ਸੀ ਜਦੋਂ ਮੈਂ ਕਾਲੂ ਭੰਗੀ ਨੂੰ ਪਹਿਲੀ ਵਾਰ ਵੇਖਿਆ। ਉਸਦੇ ਵੀਹ ਸਾਲ ਬਾਅਦ ਜਦੋਂ ਉਹ ਮਰਿਆ, ਮੈਂ ਉਸਨੂੰ ਉਸੇ ਹਾਲਤ ਵਿੱਚ ਵੇਖਿਆ। ਕੋਈ ਫ਼ਰਕ ਨਹੀਂ ਸੀ। ਉਹੀ ਗੋਡੇ, ਉਹੀ ਪੈਰ ਉਹੀ ਰੰਗਤ, ਉਹੀ ਚਿਹਰਾ, ਉਹੀ ਟੋਟਣ, ਉਹੀ ਟੁੱਟੇ ਹੋਏ ਦੰਦ ਤੇ, ਉਹੀ ਝਾੜੂ ਜੋ ਇਉਂ ਲਗਦਾ ਸੀ ਮਾਂ ਦੇ ਢਿੱਡ ਤੋਂ ਚੁੱਕੀ ਚਲਾ ਆ ਰਿਹਾ ਹੈ। ਕਾਲੂ ਭੰਗੀ ਦਾ ਝਾੜੂ ਉਸਦੇ ਜਿਸਮ ਦਾ ਇੱਕ ਅੰਗ ਹੀ ਲੱਗਦਾ ਸੀ। ਉਹ ਹਰ ਰੋਜ਼ ਮਰੀਜ਼ਾਂ ਦਾ ਮਲ਼ ਮੂਤਰ ਸਾਫ਼ ਕਰਦਾ ਸੀ। ਫਿਰ ਡਾਕਟਰ ਸਾਹਿਬ ਅਤੇ ਕੰਪਾਊਂਡਰ ਸਾਹਿਬ ਦੇ ਬੰਗਲਿਆਂ ਵਿੱਚ ਸਫਾਈ ਦਾ ਕੰਮ ਕਰਦਾ ਸੀ। ਡਿਸਪੈਂਸਰੀ ਵਿੱਚ ਫ਼ਿਨਾਇਲ ਛਿੜਕਦਾ ਸੀ, ਫਿਰ ਕੰਪਾਊਂਡਰ ਸਾਹਿਬ ਦੀ ਬੱਕਰੀ ਅਤੇ ਡਾਕਟਰ ਸਾਹਿਬ ਦੀ ਗਾਂ ਨੂੰ ਚਰਾਣ ਲਈ ਜੰਗਲ ਲੈ ਜਾਣ ਅਤੇ ਦਿਨ ਢਲਦੇ ਹੀ ਉਨ੍ਹਾਂ ਨੂੰ ਵਾਪਸ ਹਸਪਤਾਲ ਵਿੱਚ ਲੈ ਆਉਂਦਾ ਅਤੇ ਪਸ਼ੂਆਂ ਦੇ ਵਾੜੇ ਵਿੱਚ ਬੰਨ੍ਹ ਕੇ ਆਪਣਾ ਖਾਣਾ ਤਿਆਰ ਕਰਦਾ ਅਤੇ ਉਸਨੂੰ ਖਾਕੇ ਸੌਂ ਜਾਂਦਾ। ਵੀਹ ਸਾਲ ਤੋਂ ਉਸਨੂੰ ਮੈਂ ਇਹੀ ਕੰਮ ਕਰਦੇ ਹੋਏ ਵੇਖ ਰਿਹਾ ਸੀ – ਹਰ ਰੋਜ਼ ਬਿਲਾ ਨਾਗ਼ਾ। ਇਸ ਅਰਸੇ ਵਿੱਚ ਉਹ ਕਦੇ ਇੱਕ ਦਿਨ ਲਈ ਵੀ ਬੀਮਾਰ ਨਹੀਂ ਹੋਇਆ। ਇਹ ਮਾਮਲਾ ਹੈਰਾਨੀ ਭਰਿਆ ਜ਼ਰੂਰ ਸੀ ਪਰ ਇੰਨਾ ਵੀ ਨਹੀਂ ਕਿ ਮਹਿਜ਼ ਇਸ ਲਈ ਕਹਾਣੀ ਲਿਖੀ ਜਾਵੇ, ਖੈਰ ਇਹ ਕਹਾਣੀ ਤਾਂ ਜ਼ਬਰਦਸਤੀ ਲਿਖਵਾਈ ਜਾ ਰਹੀ ਹੈ। ਅੱਠ ਸਾਲ ਤੋਂ ਮੈਂ ਉਸਨੂੰ ਟਾਲਦਾ ਆਇਆ ਹਾਂ ਪਰ ਇਹ ਬੰਦਾ ਨਹੀਂ ਮੰਨਿਆ। ਜਬਰਦਸਤੀ ਕੰਮ ਲੈ ਰਿਹਾ ਹੈ। ਇਹ ਜੁਲਮ ਮੇਰੇ ਉੱਤੇ ਵੀ ਹੈ ਅਤੇ ਤੁਹਾਡੇ ਉੱਤੇ ਵੀ। ਮੇਰੇ ਉੱਤੇ ਇਸਲਈ ਕਿ ਮੈਨੂੰ ਲਿਖਣਾ ਪੈ ਰਿਹਾ ਹੈ ਅਤੇ ਤੁਹਾਡੇ ਉੱਤੇ ਇਸ ਲਈ ਕਿ ਤੁਹਾਨੂੰ ਇਸਨੂੰ ਪੜ੍ਹਨਾ ਪੈ ਰਿਹਾ ਹੈ। ਹਾਲਾਂਕਿ ਇਸ ਵਿੱਚ ਕੋਈ ਅਜਿਹੀ ਗੱਲ ਹੀ ਨਹੀਂ ਜਿਸ ਦੇ ਲਈ ਇਸਦੇ ਬਾਰੇ ਇਤਨੀ ਸਿਰਦਰਦੀ ਮੁੱਲ ਲਈ ਜਾਵੇ। ਮਗਰ ਕੀ ਕੀਤਾ ਜਾਵੇ ਕਾਲੂ ਭੰਗੀ ਦੀਆਂ ਖ਼ਾਮੋਸ਼ ਨਿਗਾਹਾਂ ਦੇ ਅੰਦਰ ਇੱਕ ਅਜਿਹੀ ਖਿੱਚੀ ਖਿੱਚੀ ਜਿਹੀ ਮਿੰਨਤ ਭਰੀ ਪੀੜ ਹੈ। ਇੱਕ ਮਜਬੂਰ ਬੇ-ਜ਼ਬਾਨੀ ਹੈ, ਇੱਕ ਅਜਿਹੀ ਮਹਿਬੂਸ ਗਹਿਰਾਈ ਹੈ ਕਿ ਮੈਨੂੰ ਉਸਦੇ ਬਾਰੇ ਲਿਖਣਾ ਪੈ ਰਿਹਾ ਹੈ ਅਤੇ ਲਿਖਦੇ ਲਿਖਦੇ ਇਹ ਵੀ ਸੋਚਦਾ ਹਾਂ ਕਿ ਉਸਦੀ ਜ਼ਿੰਦਗੀ ਦੇ ਬਾਰੇ ਕੀ ਲਿਖਾਂਗਾ ਮੈਂ। ਕੋਈ ਪਹਿਲੂ ਵੀ ਤਾਂ ਅਜਿਹਾ ਨਹੀਂ ਜੋ ਦਿਲਚਸਪ ਹੋਵੇ। ਕੋਈ ਕੋਨਾ ਅਜਿਹਾ ਨਹੀਂ ਜੋ ਹਨੇਰਾ ਹੋਵੇ, ਕੋਈ ਜ਼ਾਵੀਆ ਅਜਿਹਾ ਨਹੀਂ ਜਿਸ ਵਿੱਚ ਮਿਕਨਾਤੀਸੀ ਕਸ਼ਿਸ਼ ਹੋਵੇ। ਹਾਂ ਅੱਠ ਸਾਲ ਤੋਂ ਨਿਰੰਤਰ ਮੇਰੇ ਜ਼ਿਹਨ ਵਿੱਚ ਖੜਾ ਹੈ, ਖ਼ਬਰ ਨਹੀਂ ਕਿਉਂ? ਉਸ ਵਿੱਚ ਉਸਦੀ ਹਠਧਰਮੀ ਦੇ ਸਿਵਾ ਹੋਰ ਤਾਂ ਮੈਨੂੰ ਕੁੱਝ ਨਜ਼ਰ ਨਹੀਂ ਆਉਂਦਾ। ਜਦੋਂ ਮੈਂ ਰੋਮਾਨੀਅਤ ਤੋਂ ਅੱਗੇ ਸਫ਼ਰ ਅਖਤਿਆਰ ਕੀਤਾ ਅਤੇ ਹੁਸ਼ਨ ਅਤੇ ਹੈਵਾਨ ਦੀਆਂ ਵਭਿੰਨ ਕੈਫ਼ੀਅਤਾਂ ਵੇਖਦਾ ਹੋਇਆ ਟੁੱਟੇ ਹੋਏ ਤਾਰਿਆਂ ਨੂੰ ਛੂਹਣ ਲਗਾ, ਉਸ ਵਕਤ ਵੀ ਇਹ ਉਹੀ ਸੀ। ਜਦੋਂ ਮੈਂ ਬਾਲਕੋਨੀ ਤੋਂ ਝਾਕ ਕੇ ਉਨ੍ਹਾਂ ਦਾਤਾਵਾਂ ਦੀ ਗ਼ੁਰਬਤ ਵੇਖੀ ਅਤੇ ਪੰਜਾਬ ਦੀ ਸਰਜ਼ਮੀਨ ਉੱਤੇ ਖ਼ੂਨ ਦੀਆਂ ਨਦੀਆਂ ਵਗਦੀਆਂ ਵੇਖਕੇ ਆਪਣੇ ਵਹਿਸ਼ੀ ਹੋਣ ਦਾ ਇਲਮ ਹਾਸਲ ਕੀਤਾ ਉਸ ਵਕਤ ਵੀ ਇਹ ਉਥੇ ਹੀ ਮੇਰੇ ਜ਼ਿਹਨ ਦੇ ਦਰਵਾਜ਼ੇ ਉੱਤੇ ਖੜਾ ਸੀ। ਸੁਮਬਕੁਮ, ਮਗਰ ਹੁਣ ਇਹ ਜਾਵੇਗਾ ਜ਼ਰੂਰ ਹੁਣ ਤੇ ਇਸਨੂੰ ਜਾਣਾ ਹੀ ਪਵੇਗਾ। ਹੁਣ ਮੈਂ ਇਸਦੇ ਬਾਰੇ ਵਿੱਚ ਲਿਖ ਰਿਹਾ ਹਾਂ। ਅੱਲ੍ਹਾ ਇਸਦੀ ਬੇਕੈਫ਼, ਬੇਰੰਗ, ਫਿੱਕੀ, ਮਿੱਠੀ ਕਹਾਣੀ ਵੀ ਸੁਣ ਲਵੋ ਤਾਂਕਿ ਇਹ ਇੱਥੋਂ ਦੂਰ ਦਫ਼ਾ ਹੋ ਜਾਵੇ ਅਤੇ ਮੈਨੂੰ ਇਸਦੀ ਗ਼ਲੀਜ਼ ਨੇੜਤਾ ਤੋਂ ਨਜਾਤ ਮਿਲੇ। ਤੇ ਜੇਕਰ ਅੱਜ ਵੀ ਮੈਂ ਇਸਦੇ ਬਾਰੇ ਵਿੱਚ ਨਾ ਲਿਖਿਆ ਅਤੇ ਨਾ ਤੁਸੀਂ ਉਸਨੂੰ ਪੜ੍ਹਿਆ ਤਾਂ ਇਹ ਅੱਠ ਸਾਲ ਬਾਅਦ ਵੀ ਇਥੇ ਹੀ ਜਮਿਆ ਰਹੇਗਾ ਅਤੇ ਸੰਭਵ ਹੈ ਜ਼ਿੰਦਗੀ ਭਰ ਇੱਥੇ ਖੜਾ ਰਹੇ।
ਪਰ ਪਰੇਸ਼ਾਨੀ ਇਹ ਹੈ ਕਿ ਇਸਦੇ ਬਾਰੇ ਕੀ ਲਿਖਿਆ ਜਾ ਸਕਦਾ ਹੈ। ਕਾਲੂ ਭੰਗੀ ਦੇ ਮਾਂ ਬਾਪ ਭੰਗੀ ਸਨ ਅਤੇ ਜਿਥੋਂ ਤੱਕ ਮੇਰਾ ਖਿਆਲ ਹੈ ਉਸਦੇ ਸਾਰੇ ਦਾਦੇ-ਪੜਦਾਦੇ ਭੰਗੀ ਸਨ ਅਤੇ ਅਣਗਿਣਤ ਸਾਲਾਂ ਤੋਂ ਇੱਥੇ ਹੀ ਰਹਿੰਦੇ ਚਲੇ ਆਏ ਸਨ। ਇਸੇ ਤਰ੍ਹਾਂ ਇਸ ਹਾਲਾਤ ਵਿੱਚ। ਫਿਰ ਕਾਲੂ ਭੰਗੀ ਨੇ ਸ਼ਾਦੀ ਨਹੀਂ ਕੀਤੀ ਸੀ, ਉਸਨੇ ਕਦੇ ਇਸ਼ਕ ਨਹੀਂ ਕੀਤਾ ਸੀ, ਉਸਨੇ ਕਦੇ ਦੂਰ ਦਰਾਜ਼ ਦਾ ਸਫ਼ਰ ਨਹੀਂ ਕੀਤਾ ਸੀ। ਹੱਦ ਤਾਂ ਇਹ ਹੈ ਕਿ ਉਹ ਕਦੇ ਆਪਣੇ ਪਿੰਡ ਤੋਂ ਬਾਹਰ ਨਹੀਂ ਗਿਆ ਸੀ। ਉਹ ਦਿਨ ਭਰ ਆਪਣਾ ਕੰਮ ਕਰਦਾ ਅਤੇ ਰਾਤ ਨੂੰ ਸੌਂ ਜਾਂਦਾ ਅਤੇ ਸਵੇਰੇ ਉੱਠਕੇ ਫਿਰ ਆਪਣੇ ਕੰਮ ਵਿੱਚ ਮਸਰੂਫ਼ ਹੋ ਜਾਂਦਾ। ਬਚਪਨ ਤੋਂ ਹੀ ਉਹ ਇਸੇ ਤਰ੍ਹਾਂ ਕਰਦਾ ਚਲਾ ਆਇਆ ਸੀ। ਹਾਂ ਕਾਲੂ ਭੰਗੀ ਵਿੱਚ ਇੱਕ ਗੱਲ ਜ਼ਰੂਰ ਦਿਲਚਸਪ ਸੀ ਅਤੇ ਉਹ ਇਹ ਕਿ ਉਸਨੂੰ ਆਪਣੇ ਗੰਜੇ ਟੋਟਣ ਉੱਤੇ ਕਿਸੇ ਜਾਨਵਰ ਜਿਵੇਂ ਗਾਂ ਜਾਂ ਮੱਝ ਦੀ ਜੀਭ ਫਿਰਾਉਣ ਨਾਲ ਬਹੁਤ ਲੁਤਫ਼ ਮਿਲਦਾ ਸੀ। ਅਕਸਰ ਦੁਪਹਿਰ ਦੇ ਵਕਤ ਮੈਂ ਉਸਨੂੰ ਵੇਖਿਆ ਹੈ ਕਿ ਨੀਲੇ ਅਸਮਾਨ ਹੇਠ, ਹਰੀ ਘਾਹ ਦੇ ਮਖਮਲੀ ਫਰਸ਼ ਉੱਤੇ ਖਿੜੀ ਧੁੱਪੇ ਉਹ ਹਸਪਤਾਲ ਦੇ ਕਰੀਬ ਇੱਕ ਖੇਤ ਦੀ ਵੱਟ ਉੱਤੇ ਪੱਬਾਂ ਭਾਰ ਬੈਠਾ ਹੈ ਅਤੇ ਇੱਕ ਗਾਂ ਉਸਦਾ ਸਿਰ ਚੱਟ ਰਹੀ ਹੈ। ਵਾਰ-ਵਾਰ – ਅਤੇ ਇਹ ਉਥੇ ਹੀ ਆਪਣਾ ਸਿਰ ਚਟਵਾਉਂਦਾ ਊਂਘ ਊਂਘ ਕੇ ਸੌਂ ਗਿਆ ਹੈ। ਇਸਨੂੰ ਇਸ ਤਰ੍ਹਾਂ ਸੌਂਦੇ ਵੇਖਕੇ ਮੇਰੇ ਦਿਲ ਵਿੱਚ ਗੁਦਗੁਦੀ ਦਾ ਇੱਕ ਅਜੀਬ ਜਿਹਾ ਅਹਿਸਾਸ ਉਜਾਗਰ ਹੋਣ ਲੱਗਦਾ ਸੀ ਅਤੇ ਕਾਇਨਾਤ ਦੇ ਥਕੇ ਥਕੇ, ਸਰਬਵਿਆਪੀ ਹੁਸਨ ਦਾ ਗੁਮਾਨ ਹੋਣ ਲੱਗਦਾ ਸੀ ਮੈਂ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਦੁਨੀਆਂ ਦੀਆਂ ਸਭ ਤੋਂ ਹਸੀਨ ਔਰਤਾਂ, ਫੁੱਲਾਂ ਦੀਆਂ ਤਾਜ਼ਾ-ਤਰੀਨ ਕਲੀਆਂ, ਕਾਇਨਾਤ ਦੇ ਅਤਿ ਖ਼ੂਬਸੂਰਤ ਦ੍ਰਿਸ਼ ਵੇਖੇ ਹਨ ਪਤਾ ਨਹੀਂ ਕਿਉਂ ਅਜਿਹੀ ਮਾਸੂਮੀਅਤ, ਅਜਿਹਾ ਹੁਸਨ, ਅਜਿਹਾ ਸਕੂਨ ਕਿਸੇ ਦ੍ਰਿਸ਼ ਵਿੱਚ ਨਹੀਂ ਵੇਖਿਆ ਜਿੰਨਾ ਇਸ ਦ੍ਰਿਸ਼ ਵਿੱਚ ਕਿ ਜਦੋਂ ਮੈਂ ਸੱਤ ਸਾਲ ਦਾ ਸੀ ਅਤੇ ਉਹ ਖੇਤ ਵਿਸ਼ਾਲ ਅਤੇ ਵਸੀਹ ਵਿਖਾਈ ਦਿੰਦਾ ਸੀ ਅਤੇ ਅਸਮਾਨ ਬਹੁਤ ਨੀਲਾ ਤੇ ਸਾਫ਼ ਅਤੇ ਕਾਲੂ ਭੰਗੀ ਦਾ ਟੋਟਣ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਸੀ ਅਤੇ ਗਾਂ ਦੀ ਜੀਭ ਆਹਿਸਤਾ ਆਹਿਸਤਾ ਉਸਦਾ ਟੋਟਣ ਚੱਟਦੀ ਹੋਈ, ਉਸਨੂੰ ਸਹਲਾਉਂਦੀ ਹੋਈ, ਕੁਸੁਰ ਕੁਸੁਰ ਦੀ ਸੁਲਾ ਦੇਣ ਵਾਲੀ ਆਵਾਜ਼ ਪੈਦਾ ਕਰਦੀ ਜਾਂਦੀ ਸੀ। ਜੀ ਚਾਹੁੰਦਾ ਸੀ ਮੈਂ ਵੀ ਇਸੇ ਤਰ੍ਹਾਂ ਆਪਣਾ ਸਿਰ ਘੁਟਾ ਕੇ ਉਸ ਗਾਂ ਦੇ ਹੇਠਾਂ ਬੈਠ ਜਾਉਂ ਅਤੇ ਊਂਘਦਾ ਊਂਘਦਾ ਸੌਂ ਜਾਉਂ। ਇੱਕ ਦਫ਼ਾ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਬਾਪ ਸਾਹਿਬ ਨੇ ਮੈਨੂੰ ਉਹ ਝੰਬਿਆ, ਅਤੇ ਮੈਥੋਂ ਜ਼ਿਆਦਾ ਗਰੀਬ ਕਾਲੂ ਭੰਗੀ ਨੂੰ ਉਹ ਝੰਬਿਆ ਕਿ ਮੈਂ ਆਪਣੇ ਆਪ ਡਰ ਦੇ ਬਹਾਨੇ ਚੀਖ਼ਣ ਲਗਾ ਕਿ ਕਾਲੂ ਭੰਗੀ ਕਿਤੇ ਉਨ੍ਹਾਂ ਦੀਆਂ ਠੋਕਰਾਂ ਨਾਲ ਮਰ ਨਾ ਜਾਵੇ, ਪਰ ਕਾਲੂ ਭੰਗੀ ਨੂੰ ਇੰਨੀ ਮਾਰ ਖਾਕੇ ਵੀ ਕੁੱਝ ਨਹੀਂ ਹੋਇਆ। ਦੂਜੇ ਦਿਨ ਉਹ ਬਦਸਤੂਰ ਝਾੜੂ ਦੇਣ ਲਈ ਸਾਡੇ ਬੰਗਲੇ ਵਿੱਚ ਮੌਜੂਦ ਸੀ।
ਕਾਲੂ ਭੰਗੀ ਨੂੰ ਜਾਨਵਰਾਂ ਨਾਲ ਬਹੁਤ ਲਗਾਉ ਸੀ। ਸਾਡੀ ਗਾਂ ਤਾਂ ਉਸ ਉੱਤੇ ਜਾਨ ਦਿੰਦੀ ਸੀ ਅਤੇ ਕੰਪਾਊਂਡਰ ਸਾਹਿਬ ਦੀ ਬੱਕਰੀ ਵੀ। ਹਾਲਾਂਕਿ ਬੱਕਰੀ ਬੜੀ ਬੇਵਫ਼ਾ ਹੁੰਦੀ ਹੈ। ਔਰਤ ਨਾਲੋਂ ਵੀ ਵਧ ਕੇ, ਪਰ ਕਾਲੂ ਭੰਗੀ ਦੀ ਗੱਲ ਹੋਰ ਸੀ। ਇਨ੍ਹਾਂ ਦੋਨਾਂ ਜਾਨਵਰਾਂ ਨੂੰ ਪਾਣੀ ਪਿਲਾਉਂਦਾ ਤਾਂ ਕਾਲੂ ਭੰਗੀ, ਚਾਰਾ ਖਿਲਾਉਂਦਾ ਤਾਂ ਕਾਲੂ ਭੰਗੀ, ਜੰਗਲ ਵਿੱਚ ਚਰਾਉਂਦਾ ਤਾਂ ਕਾਲੂ ਭੰਗੀ – ਅਤੇ ਰਾਤ ਨੂੰ ਡੰਗਰਾਂ ਵਾਲੇ ਵਾੜੇ ਵਿੱਚ ਬੰਨ੍ਹੇ ਤਾਂ ਕਾਲੂ ਭੰਗੀ। ਉਹ ਇਸਦੇ ਇੱਕ ਇੱਕ ਇਸ਼ਾਰੇ ਨੂੰ ਸਮਝ ਜਾਂਦੀਆਂ ਜਿਸ ਤਰ੍ਹਾਂ ਕੋਈ ਇਨਸਾਨ ਕਿਸੇ ਇਨਸਾਨ ਦੇ ਬੱਚੇ ਦੀ ਬਾਤਾਂ ਸਮਝਦਾ ਹੈ। ਮੈਂ ਕਈ ਵਾਰ ਕਾਲੂ ਭੰਗੀ ਦੇ ਪਿੱਛੇ ਗਿਆ ਹਾਂ, ਜੰਗਲ ਵਿੱਚ, ਰਸਤੇ ਵਿੱਚ ਇਹ ਉਨ੍ਹਾਂ ਨੂੰ ਬਿਲਕੁੱਲ ਖੁੱਲ੍ਹਾ ਛੱਡ ਦਿੰਦਾ ਸੀ ਪਰ ਫਿਰ ਵੀ ਗਾਂ ਅਤੇ ਬੱਕਰੀ ਦੋਨੋਂ ਇਸਦੇ ਕਦਮ ਨਾਲ ਕਦਮ ਮਿਲਾਉਂਦੇ ਚਲੇ ਆਉਂਦੇ ਸਨ। ਰਸਤੇ ਵਿੱਚ ਗਾਂ ਨੇ ਹਰਾ ਘਾਹ ਵੇਖ ਕੇ ਮੂੰਹ ਮਾਰਿਆ ਤਾਂ ਬੱਕਰੀ ਵੀ ਝਾੜੀ ਤੋਂ ਪੱਤੇ ਖਾਣ ਲੱਗਦੀ ਅਤੇ ਕਾਲੂ ਭੰਗੀ ਹੈ ਕਿ ਸੰਬਲੂ ਤੋੜ ਤੋੜ ਕੇ ਖਾ ਰਿਹਾ ਹੈ ਅਤੇ ਬੱਕਰੀ ਦੇ ਮੂੰਹ ਵਿੱਚ ਪਾ ਰਿਹਾ ਹੈ ਅਤੇ ਖ਼ੁਦ ਆਪ ਵੀ ਖਾ ਰਿਹਾ ਹੈ ਅਤੇ ਆਪ ਹੀ ਆਪ ਗੱਲਾਂ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਬਰਾਬਰ ਗੱਲਾਂ ਵੀ ਕਰੀ ਜਾ ਰਿਹਾ ਹੈ ਅਤੇ ਉਹ ਦੋਨੋਂ ਜਾਨਵਰ ਵੀ, ਕਦੇ ਗੁਰਗੁਰਾ ਕੇ ਕੰਨ ਫੜਫੜਾ ਕੇ ਕਦੇ ਪੈਰ ਹਿਲਾ ਕੇ, ਕਦੇ ਦੁਮ ਦਬਾ ਕੇ ਕਦੇ ਨੱਚ ਕੇ, ਕਦੇ ਗਾ ਕੇ, ਹਰ ਤਰ੍ਹਾਂ ਨਾਲ ਉਸਦੀ ਗੁਫਤਗੂ ਵਿੱਚ ਸ਼ਰੀਕ ਹੋ ਰਹੇ ਹਨ। ਆਪਣੀ ਸਮਝ ਵਿੱਚ ਤਾਂ ਕੁੱਝ ਨਹੀਂ ਆਉਂਦਾ ਸੀ ਕਿ ਇਹ ਲੋਕ ਕੀ ਗੱਲਾਂ ਕਰਦੇ ਸਨ, ਫਿਰ ਕੁਝ ਪਲਾਂ ਦੇ ਬਾਅਦ ਕਾਲੂ ਭੰਗੀ ਅੱਗੇ ਚਲਣ ਲੱਗਦਾ ਤਾਂ ਗਾਂ ਵੀ ਚਰਨਾ ਛੱਡ ਦਿੰਦੀ ਅਤੇ ਬੱਕਰੀ ਵੀ ਝਾੜੀ ਕੋਲੋਂ ਪਰੇ ਹੱਟ ਜਾਂਦੀ ਅਤੇ ਕਾਲੂ ਭੰਗੀ ਦੇ ਨਾਲ-ਨਾਲ ਚਲਣ ਲੱਗਦੀ। ਅੱਗੇ ਕਿਤੇ ਛੋਟੀ ਜਿਹੀ ਨਦੀ ਆਉਂਦੀ ਜਾਂ ਕੋਈ ਨੰਨ੍ਹਾ ਮੁੰਨਾ ਚਸ਼ਮਾ, ਤਾਂ ਕਾਲੂ ਭੰਗੀ ਉਥੇ ਹੀ ਬੈਠ ਜਾਂਦਾ ਸਗੋਂ ਲਿਟ ਕੇ ਚਸ਼ਮੇ ਦੀ ਸਤ੍ਹਾ ਨਾਲ ਆਪਣੇ ਹੋਠ ਮਿਲਾ ਦਿੰਦਾ ਅਤੇ ਜਾਨਵਰਾਂ ਦੀ ਤਰ੍ਹਾਂ ਪਾਣੀ ਪੀਣ ਲੱਗਦਾ ਅਤੇ ਇਸੇ ਤਰ੍ਹਾਂ ਉਹ ਦੋਨ੍ਹੋਂ ਜਾਨਵਰ ਵੀ ਪਾਣੀ ਪੀਣ ਲੱਗਦੇ ਕਿਉਂਕਿ ਬੇਚਾਰੇ ਇਨਸਾਨ ਤਾਂ ਨਹੀਂ ਸਨ ਕਿ ਓਕ ਨਾਲ ਪੀ ਸਕਦੇ। ਇਸਦੇ ਬਾਅਦ ਜੇਕਰ ਕਾਲੂ ਭੰਗੀ ਘਾਹ ਉੱਤੇ ਲਿਟ ਜਾਂਦਾ ਤਾਂ ਬੱਕਰੀ ਵੀ ਉਸਦੀਆਂ ਲੱਤਾਂ ਦੇ ਕੋਲ ਆਪਣੀਆਂ ਲੱਤਾਂ ਜੋੜ ਕੇ ਦੁਆ ਦੇ ਅੰਦਾਜ਼ ਵਿੱਚ ਬੈਠ ਜਾਂਦੀ ਅਤੇ ਗਾਂ ਤਾਂ ਇਸ ਅੰਦਾਜ਼ ਨਾਲ ਉਸਦੇ ਕਰੀਬ ਹੋਕੇ ਬੈਠਦੀ ਕਿ ਮੈਨੂੰ ਇਵੇਂ ਲਗਦਾ ਕਿ ਉਹ ਕਾਲੂ ਭੰਗੀ ਦੀ ਪਤਨੀ ਹੈ ਅਤੇ ਹੁਣੇ-ਹੁਣੇ ਖਾਣਾ ਪਕਾ ਕੇ ਫ਼ਾਰਿਗ਼ ਹੋਈ ਹੈ। ਉਸਦੀ ਹਰ ਨਜ਼ਰ ਵਿੱਚ ਅਤੇ ਚਿਹਰੇ ਦੇ ਉਤਾਰ ਚੜ੍ਹਾਓ ਵਿੱਚ ਇੱਕ ਸ਼ਾਂਤਮਈ ਗ੍ਰਹਿਸਤੀ ਅੰਦਾਜ਼ ਝਲਕਣ ਲੱਗਦਾ ਅਤੇ ਜਦੋਂ ਉਹ ਜੁਗਾਲੀ ਕਰਨ ਲੱਗਦੀ ਦਾ ਤਾਂ ਮੈਨੂੰ ਲਗਦਾ ਜਿਵੇਂ ਕੋਈ ਬੜੀ ਸੁਘੜ ਪਤਨੀ ਕਰੋਸ਼ੀਆ ਲਈ ਕਢਾਈ ਵਿੱਚ ਮਸਰੂਫ ਹੈ ਅਤੇ ਜਾਂ ਕਾਲੂ ਭੰਗੀ ਦਾ ਸਵੈਟਰ ਬੁਣ ਰਹੀ ਹੈ। ਇਸ ਗਾਂ ਅਤੇ ਬੱਕਰੀ ਦੇ ਇਲਾਵਾ ਇੱਕ ਲੰਗੜਾ ਕੁੱਤਾ ਸੀ, ਜੋ ਕਾਲੂ ਭੰਗੀ ਦਾ ਪੱਕਾ ਦੋਸਤ ਸੀ, ਉਹ ਲੰਗੜਾ ਸੀ ਇਸਲਈ ਦੂਜੇ ਕੁੱਤਿਆਂ ਦੇ ਨਾਲ ਜ਼ਿਆਦਾ ਚੱਲ ਫਿਰ ਨਹੀਂ ਸਕਦਾ ਸੀ ਅਤੇ ਅਕਸਰ ਆਪਣੇ ਲੰਗੜੇ ਹੋਣ ਦੀ ਵਜ੍ਹਾ ਨਾਲ ਦੂਜੇ ਕੁੱਤਿਆਂ ਕੋਲੋਂ ਕੁੱਟ ਖਾਂਦਾ, ਭੁੱਖਾ ਅਤੇ ਜ਼ਖਮੀ ਰਹਿੰਦਾ। ਕਾਲੂ ਭੰਗੀ ਅਕਸਰ ਉਸਦੀ ਤੀਮਾਰਦਾਰੀ ਅਤੇ ਚਿਚੜੀਆਂ ਦੂਰ ਕਰਦਾ, ਉਸਦੇ ਜ਼ਖਮਾਂ ਉੱਤੇ ਮਲ੍ਹਮ ਲਗਾਉਂਦਾ, ਉਸਨੂੰ ਮਕਈ ਦੀ ਰੋਟੀ ਦਾ ਸੁੱਕਾ ਟੁਕੜਾ ਦਿੰਦਾ ਪਰ ਇਹ ਕੁੱਤਾ ਬਹੁਤ ਖੁਦਗ਼ਰਜ਼ ਜਾਨਵਰ ਸੀ। ਦਿਲ ਵਿੱਚ ਸਿਰਫ਼ ਦੋ ਵਾਰ ਕਾਲੂ ਭੰਗੀ ਨੂੰ ਮਿਲਦਾ। ਦੁਪਹਿਰ ਨੂੰ ਅਤੇ ਸ਼ਾਮ ਨੂੰ ਅਤੇ ਖਾਣਾ ਖਾਕੇ ਅਤੇ ਜ਼ਖਮਾਂ ਉੱਤੇ ਮਲ੍ਹਮ ਲਵਾ ਕੇ ਫਿਰ ਘੁੱਮਣ ਲਈ ਚਲਾ ਜਾਂਦਾ। ਕਾਲੂ ਭੰਗੀ ਅਤੇ ਉਸ ਲੰਗੜੇ ਕੁੱਤੇ ਦੀ ਮੁਲਾਕਾਤ ਬੜੀ ਸੰਖੇਪ ਹੁੰਦੀ ਸੀ ਅਤੇ ਬੜੀ ਦਿਲਚਸਪ। ਮੈਨੂੰ ਤਾਂ ਉਹ ਕੁੱਤਾ ਇੱਕ ਅੱਖ ਨਹੀਂ ਭਾਉਂਦਾ ਸੀ ਪਰ ਕਾਲੂ ਭੰਗੀ ਉਸਨੂੰ ਹਮੇਸ਼ਾ ਬੜੇ ਤਪਾਕ ਨਾਲ ਮਿਲਦਾ ਸੀ।
ਇਸਦੇ ਇਲਾਵਾ ਕਾਲੂ ਭੰਗੀ ਦੀ ਜੰਗਲ ਦੇ ਹਰ ਜਾਨਵਰ ਚਰਿੰਦ ਅਤੇ ਪਰਿੰਦ ਨਾਲ ਦੋਸਤੀ ਸੀ, ਰਸਤੇ ਵਿੱਚ ਉਸਦੇ ਪੈਰ ਵਿੱਚ ਕੋਈ ਕੀੜਾ ਆ ਜਾਂਦਾ ਤਾਂ ਉਹ ਉਸਨੂੰ ਚੁੱਕ ਕੇ ਝਾੜੀ ਉੱਤੇ ਰੱਖ ਦਿੰਦਾ ਸੀ, ਕਿਤੇ ਕੋਈ ਨਿਉਲਾ ਬੋਲਣ ਲੱਗਦਾ ਤਾਂ ਇਹ ਉਸਦੀ ਬੋਲੀ ਵਿੱਚ ਉਸਦਾ ਜਵਾਬ ਦਿੰਦਾ, ਤਿਤਰ ਰੱਤਗਲਾ, ਲਾਲ ਚਿੜਾ, ਹਰ ਪਰਿੰਦੇ ਦੀ ਜ਼ਬਾਨ ਉਹ ਜਾਣਦਾ ਸੀ। ਇਸ ਲਿਹਾਜ਼ ਨਾਲ ਉਹ ਰਾਹੁਲ ਸੰਕਰਤਾਇਣ ਨਾਲੋਂ ਵੀ ਵੱਡਾ ਪੰਡਤ ਸੀ। ਘੱਟ ਤੋਂ ਘੱਟ ਮੇਰੇ ਵਰਗੇ ਸੱਤ ਸਾਲ ਦੇ ਬੱਚੇ ਦੀਆਂ ਨਜ਼ਰਾਂ ਵਿੱਚ ਤਾਂ ਉਹ ਮੈਨੂੰ ਆਪਣੇ ਮਾਂ ਬਾਪ ਨਾਲੋਂ ਵੀ ਅੱਛਾ ਲਗਦਾ ਸੀ ਅਤੇ ਫਿਰ ਉਹ ਮੱਕੀ ਦਾ ਭੁੱਟਾ ਇਸ ਤਰ੍ਹਾਂ ਮਜ਼ੇ ਨਾਲ ਤਿਆਰ ਕਰਦਾ ਸੀ, ਅਤੇ ਅੱਗ ਤੇ ਇਸਨੂੰ ਇਸ ਤਰ੍ਹਾਂ ਮੱਠੇ ਮੱਠੇ ਸੇਕ ਨਾਲ ਭੁੰਨਦਾ ਸੀ ਕਿ ਮੱਕੀ ਦਾ ਹਰ ਦਾਣਾ ਕੁੰਦਨ ਬਣ ਜਾਂਦਾ ਅਤੇ ਜ਼ਾਇਕੇ ਵਿੱਚ ਸ਼ਹਿਦ ਦਾ ਮਜ਼ਾ ਦਿੰਦਾ ਅਤੇ ਖੁਸ਼ਬੂ ਵੀ ਅਜਿਹੀ ਸੌਂਧੀ ਸੌਂਧੀ, ਮਿੱਠੀ ਮਿੱਠੀ, ਜਿਵੇਂ ਧਰਤੀ ਦਾ ਸਾਹ! ਨਿਹਾਇਤ ਆਹਿਸਤਾ-ਆਹਿਸਤਾ, ਬੜੇ ਸੁਕੂਨ ਨਾਲ ਬੜੀ ਮੁਹਾਰਤ ਨਾਲ ਉਹ ਭੁੱਟੇ ਨੂੰ ਹਰ ਪਾਸੇ ਤੋਂ ਵੇਖ ਵੇਖਕੇ ਉਸਨੂੰ ਭੁੰਨਦਾ ਸੀ ਜਿਵੇਂ ਉਹ ਵਰ੍ਹਿਆਂ ਤੋਂ ਉਸ ਭੁੱਟੇ ਨੂੰ ਜਾਣਦਾ ਸੀ। ਇੱਕ ਦੋਸਤ ਦੀ ਤਰ੍ਹਾਂ ਉਹ ਭੁੱਟੇ ਨਾਲ ਗੱਲਾਂ ਕਰਦਾ, ਇੰਨੀ ਨਰਮਾਈ ਅਤੇ ਮੇਹਰਬਾਨੀ ਅਤੇ ਸ਼ਫ਼ਕਤ ਨਾਲ ਉਸ ਨਾਲ ਪੇਸ਼ ਆਉਂਦਾ ਜਿਵੇਂ ਉਹ ਭੁੱਟੇ ਉਸਦਾ ਆਪਣਾ ਰਿਸ਼ਤੇਦਾਰ ਜਾਂ ਸਕਾ ਭਾਈ ਸੀ। ਹੋਰ ਲੋਕ ਵੀ ਭੁੱਟਾ ਭੁੰਨਦੇ ਸਨ ਮਗਰ ਉਹ ਗੱਲ ਕਿੱਥੇ। ਇੰਨੇ ਕੱਚੇ, ਬਦ ਜ਼ਾਇਕਾ ਅਤੇ ਮਾਮੂਲੀ ਜਿਹੇ ਭੁੱਟੇ ਹੁੰਦੇ ਸਨ ਉਹ ਕਿ ਉਨ੍ਹਾਂ ਨੂੰ ਬਸ ਮੱਕੀ ਦਾ ਭੁੱਟਾ ਹੀ ਕਿਹਾ ਜਾ ਸਕਦਾ ਹੈ ਪਰ ਕਾਲੂ ਭੰਗੀ ਦੇ ਹੱਥਾਂ ਵਿੱਚ ਪਹੁੰਚ ਕੇ ਉਹੀ ਭੁੱਟਾ ਕੁੱਝ ਦਾ ਕੁੱਝ ਹੋ ਜਾਂਦਾ ਅਤੇ ਜਦੋਂ ਉਹ ਅੱਗ ਉੱਤੇ ਸੇਕ ਕੇ ਬਿਲਕੁੱਲ ਤਿਆਰ ਹੋ ਜਾਂਦਾ ਸੀ ਤਾਂ ਬਿਲਕੁੱਲ ਇੱਕ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਵਿਆਹ ਵਾਲੇ ਕੱਪੜੇ ਪਹਿਨ ਸੁਨਹਿਰਾ ਸੁਨਹਿਰਾ ਚਮਕਦਾ ਨਜ਼ਰ ਆਉਂਦਾ। ਮੇਰੇ ਖਿਆਲ ਵਿੱਚ ਖ਼ੁਦ ਭੁੱਟੇ ਨੂੰ ਇਹ ਅੰਦਾਜ਼ਾ ਹੋ ਜਾਂਦਾ ਸੀ ਕਿ ਕਾਲੂ ਭੰਗੀ ਉਸ ਨਾਲ ਕਿੰਨੀ ਮੁਹੱਬਤ ਕਰਦਾ ਹੈ ਵਰਨਾ ਮੁਹੱਬਤ ਦੇ ਬਿਨਾਂ ਇਸ ਬੇਜਾਨ ਸ਼ੈ ਵਿੱਚ ਇਤਨਾ ਹੁਸਨ ਕਿਵੇਂ ਪੈਦਾ ਹੋ ਸਕਦਾ ਸੀ। ਮੈਨੂੰ ਕਾਲੂ ਭੰਗੀ ਦੇ ਹੱਥ ਦੇ ਸੇਕੇ ਹੋਏ ਭੁੱਟੇ ਖਾਣ ਵਿੱਚ ਬਹੁਤ ਮਜ਼ਾ ਆਉਂਦਾ ਸੀ ਅਤੇ ਮੈਂ ਉਨ੍ਹਾਂ ਨੂੰ ਬੜੇ ਮਜ਼ੇ ਨਾਲ ਛੁਪ ਛੁਪ ਕੇ ਖਾਂਦਾ ਸੀ। ਇੱਕ ਦਫ਼ਾ ਫੜਿਆ ਗਿਆ ਤਾਂ ਬਹੁਤ ਕੁਟਾਈ ਹੋਈ, ਬੁਰੀ ਤਰ੍ਹਾਂ। ਸਿੱਧਾ ਸਾਦਾ ਕਾਲੂ ਭੰਗੀ ਵੀ ਕੁੱਟਿਆ ਗਿਆ, ਮਗਰ ਦੂਜੇ ਦਿਨ ਉਹ ਫਿਰ ਬੰਗਲੇ ਕਾਂ ਝਾੜੂ ਲਈ ਉਸੀ ਤਰ੍ਹਾਂ ਹਾਜ਼ਰ ਸੀ। ਅਤੇ ਜਿਸ ਕਾਲੂ ਭੰਗੀ ਦੇ ਬਾਰੇ ਹੋਰ ਕੋਈ ਦਿਲਚਸਪ ਗੱਲ ਯਾਦ ਨਹੀਂ ਆ ਰਹੀ, ਮੈਂ ਬਚਪਨ ਤੋਂ ਜਵਾਨੀ ਵਿੱਚ ਆਇਆ ਅਤੇ ਕਾਲੂ ਭੰਗੀ ਉਸੇ ਤਰ੍ਹਾਂ ਰਿਹਾ। ਮੇਰੇ ਲਈ ਹੁਣ ਉਹ ਘੱਟ ਦਿਲਚਸਪ ਹੋ ਗਿਆ ਸੀ ਸਗੋਂ ਇਵੇਂ ਕਹੋ ਕਿ ਮੈਨੂੰ ਉਸ ਨਾਲ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ ਰਹੀ ਸੀ। ਹਾਂ ਕਦੇ ਕਦੇ ਉਸਦਾ ਕਿਰਦਾਰ ਮੈਨੂੰ ਆਪਣੀ ਵੱਲ ਖਿੱਚਦਾ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ ਸੀ। ਮੈਂ ਅਧਿਅਨ ਲਈ ਉਸ ਨੂੰ ਸਵਾਲ ਪੁੱਛਦਾ ਅਤੇ ਨੋਟ ਲੈਣ ਲਈ ਫ਼ਾਊਂਨਟੇਨ ਪੈੱਨ ਅਤੇ ਪੈਡ ਨਾਲ ਰੱਖ ਦਿੰਦਾ।
“ਕਾਲੂ ਭੰਗੀ ਤੇਰੀ ਜ਼ਿੰਦਗੀ ਵਿੱਚ ਕੋਈ ਖਾਸ ਗੱਲ ਹੈ?”
“ਕਿਵੇਂ ਦੀ ਛੋਟੇ ਸਾਹਿਬ?”
“ਕੋਈ ਖਾਸ ਗੱਲ, ਅਜੀਬ, ਅਨੋਖੀ, ਨਵੀਂ!”
“ਨਹੀਂ ਛੋਟੇ ਸਾਹਿਬ।” (ਇੱਥੇ ਤੱਕ ਤਾਂ ਮੁਸ਼ਾਹਿਦਾ ਸਿਫਰ ਰਿਹਾ, ਹੁਣ ਅੱਗੇ ਚਲੀਏ। ਮੁਮਕਿਨ ਹੈੱ…..”)
“ਅੱਛਾ, ਤੂੰ ਇਹ ਦੱਸ ਤੂੰ ਤਨਖ਼ਾਹ ਲੈ ਕੇ ਕੀ ਕਰਦਾ ਹੈਂ?” ਅਸੀਂ ਦੂਜਾ ਸਵਾਲ ਪੁੱਛਿਆ।
ਤਨਖ਼ਾਹ ਲੈ ਕੇ ਕੀ ਕਰਦਾ ਹਾਂ। ਉਹ ਸੋਚਣ ਲੱਗਿਆ, “ਅੱਠ ਰੁਪਏ ਮਿਲਦੇ ਨੇ ਮੈਨੂੰ, ਉਹ ਉਂਗਲੀਆਂ ਤੇ ਗਿਣਨ ਲੱਗਦਾ ਹੈ – ਚਾਰ ਰੁਪਏ ਦਾ ਆਟਾ ਲਿਆਂਉਂਦਾ ਹਾਂ। ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ, ਕਿੰਨੇ ਰੁਪਏ ਹੋ ਗਏ ਛੋਟੇ ਸਾਹਿਬ?”
“ਸੱਤ ਰੁਪਏ।”
“ਹਾਂ ਸੱਤ ਰੁਪਏ, ਹਰ ਮਹੀਨੇ ਇੱਕ ਰੁਪਿਆ ਬਾਣੀਏ ਨੂੰ ਦਿੰਦਾ ਹਾਂ, ਉਸਤੋਂ ਕੱਪੜੇ ਸਿਲਵਾਉਣ ਲਈ ਰੁਪਏ ਕਰਜ ਲੈਂਦਾ ਹਾਂ ਨਾ। ਸਾਲ ਵਿੱਚ ਦੋ ਜੋੜੇ ਤਾਂ ਚਾਹੀਦੇ ਨੇ, ਕੰਬਲ ਤਾਂ ਮੇਰੇ ਕੋਲ ਹੈ, ਖੈਰ, ਪਰ ਦੋ ਜੋੜੇ ਤਾਂ ਚਾਹੀਦੇ ਨੇ ਅਤੇ ਛੋਟੇ ਸਾਹਿਬ ! ਕਿਤੇ ਵੱਡੇ ਸਾਹਿਬ ਇੱਕ ਰੁਪਿਆ ਤਨਖ਼ਾਹ ਵਧਾ ਦੇਣ ਤਾਂ ਮਜ਼ਾ ਆ ਜਾਵੇ!”
“ਉਹ ਕਿਵੇਂ?”
“ਘੀ ਲਾਵਾਂਗਾ ਇੱਕ ਰੁਪਏ ਦਾ, ਅਤੇ ਮਕਈ ਦੇ ਪਰੌਂਠੇ ਖਾਵਾਂਗਾ, ਕਦੇ ਪਰੌਂਠੇ ਨਹੀਂ ਖਾਧੇ ਮਾਲਿਕ। ਬੜਾ ਜੀ ਚਾਹੁੰਦਾ ਹੈ।”
ਹੁਣ ਬੋਲੋ ਇਨ੍ਹਾਂ ਅੱਠ ਰੁਪਿਆਂ ਉੱਤੇ ਕੋਈ ਕੀ ਅਫ਼ਸਾਨਾ ਲਿਖੇ। ਫਿਰ ਜਦੋਂ ਮੇਰਾ ਵਿਆਹ ਹੋ ਗਿਆ, ਜਦੋਂ ਰਾਤਾਂ ਜਵਾਨ ਅਤੇ ਚਮਕਦਾਰ ਹੋਣ ਲੱਗਦੀਆਂ ਅਤੇ ਕਰੀਬ ਦੇ ਜੰਗਲ ਤੋਂ ਸ਼ਾਹਦ ਅਤੇ ਕਸਤੂਰੀ ਅਤੇ ਜੰਗਲੀ ਗੁਲਾਬ ਦੀਆਂ ਖ਼ੁਸ਼ਬੂਆਂ ਆਉਣ ਲੱਗਦੀਆਂ ਅਤੇ ਮਿਰਗ ਚੁੰਗੀਆਂ ਭਰਦੇ ਹੋਏ ਵਿਖਾਈ ਦਿੰਦੇ ਅਤੇ ਤਾਰੇ ਝੁਕਦੇ ਝੁਕਦੇ ਕੰਨਾਂ ਵਿੱਚ ਸਰਗੋਸ਼ੀਆਂ ਕਰਨ ਲੱਗਦੇ ਅਤੇ ਕਿਸੇ ਦੇ ਰਸੀਲੇ ਹੋਂਠ ਆਉਣ ਵਾਲੇ ਚੁੰਮਣਾ ਦਾ ਖ਼ਿਆਲ ਕਰਕੇ ਕੰਬਣ ਲੱਗਦੇ, ਉਸ ਵਕਤ ਵੀ ਮੈਂ ਕਾਲੂ ਭੰਗੀ ਦੇ ਬਾਰੇ ਕੁੱਝ ਲਿਖਣਾ ਚਾਹੁੰਦਾ ਅਤੇ ਪੈਨਸਿਲ ਕਾਗ਼ਜ਼ ਲੈਕੇ ਉਸਦੇ ਕੋਲ ਚਲਾ ਜਾਂਦਾ –
“ਕਾਲੂ ਭੰਗੀ, ਤੂੰ ਵਿਆਹ ਨਹੀਂ ਕਰਵਾਇਆ?”
“ਨਹੀਂ ਛੋਟੇ ਸਾਹਿਬ!”
“ਕਿਉਂ?”
“ਇਸ ਇਲਾਕੇ ਵਿੱਚ ਮੈਂ ਹੀ ਇੱਕ ਭੰਗੀ ਹਾਂ ਅਤੇ ਦੂਰ ਦੂਰ ਤੱਕ ਕੋਈ ਭੰਗੀ ਨਹੀਂ ਹੈ, ਛੋਟੇ ਸਾਹਿਬ। ਫਿਰ ਸਾਡਾ ਵਿਆਹ ਕਿਵੇਂ ਹੋ ਸਕਦਾ ਹੈ?”
ਲਓ ਇਹ ਰਸਤਾ ਵੀ ਬੰਦ ਹੋਇਆ।
“ਤੇਰਾ ਜੀ ਨਹੀਂ ਚਾਹੁੰਦਾ ਕਾਲੂ ਭੰਗੀ?” ਮੈਂ ਦੁਬਾਰਾ ਕੋਸ਼ਿਸ਼ ਕਰਕੇ ਕੁੱਝ ਖੁਰਚਣਾ ਚਾਹਿਆ।
“ਕੀ ਸਾਹਿਬ?”
“ਇਸ਼ਕ ਕਰਨ ਲਈ ਜੀ ਚਾਹੁੰਦਾ ਹੈ ਤੇਰਾ? ਸ਼ਾਇਦ ਕਿਸੇ ਨੂੰ ਮੁਹੱਬਤ ਕੀਤੀ ਹੋਵੇਗੀ ਤਾਂ ਹੀ ਤੂੰ ਹੁਣ ਤੱਕ ਸ਼ਾਦੀ ਨਹੀਂ ਕੀਤੀ।”
“ਇਸ਼ਕ ਕੀ ਹੁੰਦਾ ਹੈ ਛੋਟੇ ਸਾਹਿਬ?”
“ਔਰਤ ਨਾਲ ਇਸ਼ਕ ਕਰਦੇ ਨੇ ਲੋਕ।”
“ਇਸ਼ਕ ਕਿਵੇਂ ਕਰਦੇ ਨੇ ਸਾਹਿਬ? ਸ਼ਾਦੀ ਤਾਂ ਜ਼ਰੂਰ ਕਰਦੇ ਨੇ ਸਭ ਲੋਕ। ਵੱਡੇ ਲੋਕ ਇਸ਼ਕ ਵੀ ਕਰਦੇ ਹੋਣਗੇ, ਛੋਟੇ ਸਾਹਿਬ। ਮਗਰ ਅਸੀਂ ਨਹੀਂ ਸੁਣਿਆ ਉਹ ਜੋ ਕੁੱਝ ਤੁਸੀਂ ਕਹਿ ਰਹੇ ਹੋ। ਰਹੀ ਸ਼ਾਦੀ ਦੀ ਗੱਲ, ਉਹ ਮੈਂ ਤੁਹਾਨੂੰ ਦੱਸ ਦਿੱਤੀ। ਸ਼ਾਦੀ ਕਿਉਂ ਨਹੀਂ ਕੀਤੀ ਮੈਂ, ਕਿਵੇਂ ਹੁੰਦਾ ਵਿਆਹ ਮੇਰਾ, ਤੁਸੀਂ ਦੱਸੋ”;….. …..” ਅਸੀਂ ਕੀ ਦੱਸੀਏ, ਖ਼ਾਕ”
“ਤੈਨੂੰ ਅਫ਼ਸੋਸ ਨਹੀਂ ਹੈ ਕਾਲੂ ਭੰਗੀ?”
“ਕਿਸ ਗੱਲ ਦਾ ਅਫ਼ਸੋਸ? ਛੋਟੇ ਸਾਹਿਬ।”
ਮੈਂ ਹਾਰ ਕੇ, ਉਸਦੇ ਬਾਰੇ ਲਿਖਣ ਦਾ ਖ਼ਿਆਲ ਛੱਡ ਦਿੱਤਾ। ਅੱਠ ਸਾਲ ਹੋਏ ਕਾਲੂ ਭੰਗੀ ਮਰ ਗਿਆ। ਉਹ ਜੋ ਕਦੇ ਬੀਮਾਰ ਨਹੀਂ ਹੋਇਆ ਸੀ ਅਚਾਨਕ ਅਜਿਹਾ ਬੀਮਾਰ ਪਿਆ ਕਿ ਫਿਰ ਕਦੇ ਬੀਮਾਰੀ ਦੇ ਬਿਸਤਰ ਤੋਂ ਨਹੀਂ ਉੱਠਿਆ। ਉਸਨੂੰ ਹਸਪਤਾਲ ਵਿੱਚ ਮਰੀਜ਼ ਰਖਵਾਇਆ ਸੀ। ਉਹ ਵੱਖ ਵਾਰਡ ਵਿੱਚ ਰਹਿੰਦਾ ਸੀ। ਕੰਪਾਊਂਡਰ ਦੂਰੋਂ ਉਸਦੇ ਹਲਕ ਵਿੱਚ ਦਵਾਈ ਉਲਟ ਦਿੰਦਾ ਅਤੇ ਇੱਕ ਚਪੜਾਸੀ ਉਸਦੇ ਲਈ ਖਾਣਾ ਰੱਖ ਆਉਂਦਾ। ਉਹ ਆਪਣੇ ਬਰਤਨ ਆਪਣੇ ਆਪ ਸਾਫ਼ ਕਰਦਾ, ਆਪਣਾ ਬਿਸਤਰਾ ਆਪਣੇ ਆਪ ਕਰਦਾ ਅਤੇ ਆਪਣਾ ਮਲ ਮੂਤਰ ਆਪ ਸਾਫ਼ ਕਰਦਾ। ਜਦੋਂ ਉਹ ਮਰ ਗਿਆ ਤਾਂ ਉਸਦੀ ਲਾਸ਼ ਨੂੰ ਪੁਲਿਸ ਵਾਲਿਆਂ ਨੇ ਠਿਕਾਣੇ ਲਾ ਦਿੱਤਾ ਕਿਉਂਕਿ ਉਸਦਾ ਕੋਈ ਵਾਰਿਸ ਨਹੀਂ ਸੀ। ਉਹ ਸਾਡੇ ਇੱਥੇ ਵੀਹ ਸਾਲ ਤੋਂ ਰਹਿੰਦਾ ਸੀ ਪਰ ਅਸੀਂ ਕੋਈ ਉਸਦੇ ਰਿਸ਼ਤੇਦਾਰ ਥੋੜ੍ਹੀ ਸੀ। ਇਸਲਈ ਉਸਦੀ ਆਖ਼ਰੀ ਤਨਖ਼ਾਹ ਵੀ ਹੱਕ ਮੁਤਾਬਕ ਸਰਕਾਰ ਕੋਲ ਜ਼ਬਤ ਹੋ ਗਈ ਕਿਉਂਕਿ ਉਸਦਾ ਕੋਈ ਵਾਰਿਸ ਨਹੀਂ ਸੀ। ਤੇ ਜਦੋਂ ਮਰਿਆ ਉਸ ਦਿਨ ਵੀ ਕੋਈ ਖ਼ਾਸ ਗੱਲ ਨਹੀਂ ਹੋਈ। ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਹਸਪਤਾਲ ਖੁੱਲ੍ਹਿਆ, ਡਾਕਟਰ ਸਾਹਿਬ ਨੇ ਨੁਸਖ਼ੇ ਲਿਖੇ, ਕੰਪਾਊਂਡਰ ਨੇ ਤਿਆਰ ਕੀਤੇ, ਮਰੀਜ਼ਾਂ ਨੇ ਦਵਾਈ ਲਈ ਅਤੇ ਘਰ ਪਰਤ ਗਏ। ਫਿਰ ਰੋਜ਼ ਦੀ ਤਰ੍ਹਾਂ ਹਸਪਤਾਲ ਬੰਦ ਹੋਇਆ ਅਤੇ ਘਰ ਆ ਕੇ ਸਭ ਨੇ ਆਰਾਮ ਨਾਲ ਖਾਣਾ ਖਾਧਾ। ਰੇਡੀਓ ਸੁਣਿਆ ਅਤੇ ਲਿਹਾਫ਼ ਲੈ ਕੇ ਸੌਂ ਗਏ। ਸਵੇਰੇ ਉੱਠੇ ਤਾਂ ਪਤਾ ਚੱਲਿਆ ਕਿ ਪੁਲਿਸ ਵਾਲਿਆਂ ਨੇ ਕਾਲੂ ਭੰਗੀ ਦੀ ਲਾਸ਼ ਠਿਕਾਣੇ ਲਗਵਾ ਦਿੱਤੀ। ਇਸ ਤੇ ਡਾਕਟਰ ਸਾਹਿਬ ਦੀ ਗਾਂ ਨੇ ਅਤੇ ਕੰਪਾਊਂਡਰ ਸਾਹਿਬ ਦੀ ਬੱਕਰੀ ਨੇ ਦੋ ਦਿਨ ਨਾ ਕੁੱਝ ਖਾਧਾ ਨਾ ਪੀਤਾ ਅਤੇ ਵਾਰਡ ਦੇ ਬਾਹਰ ਖੜੇ ਖੜੇ ਬੇਕਾਰ ਚੀਖਦੀਆਂ ਰਹੀਆਂ। ਜਾਨਵਰਾਂ ਦੀ ਜ਼ਾਤ ਹੈ ਨਾ ਆਖ਼ਰ।
+++++
ਓਏ ਤੂੰ ਫਿਰ ਝਾੜੂ ਲੈ ਕੇ ਆ ਗਿਆ। ਆਖ਼ਰ ਕੀ ਚਾਹੁੰਦਾ ਹੈਂ? ਦੱਸ ਦੇ? ਕਾਲੂ ਭੰਗੀ ਅਜੇ ਤੱਕ ਉਥੇ ਹੀ ਖੜਾ ਹੈ। ਕਿਉਂ ਭਈ, ਹੁਣ ਤਾਂ ਮੈਂ ਸਭ ਕੁੱਝ ਲਿਖ ਦਿੱਤਾ ਉਹ ਸਭ ਕੁੱਝ ਜੋ ਮੈਂ ਤੇਰੇ ਸੰਬੰਧ ਵਿੱਚ ਜਾਣਦਾ ਹਾਂ। ਓਏ ਰੱਬਾ, ਚਲੇ ਜਾਓ ਕੀ ਮੈਥੋਂ ਕੁੱਝ ਛੁਟ ਗਿਆ ਹੈ? ਕੋਈ ਭੁੱਲ ਹੋ ਗਈ ਹੈ, ਤੁਹਾਡਾ ਨਾਮ ਕਾਲੂ ਭੰਗੀ- – ਕੰਮ ਭੰਗੀ; ਇਸ ਇਲਾਕੇ ਤੋਂ ਕਦੇ ਬਾਹਰ ਨਹੀਂ ਗਏ, ਵਿਆਹ ਨਹੀਂ ਕੀਤਾ, ਇਸ਼ਕ ਨਹੀਂ ਲੜਾਇਆ। ਜ਼ਿੰਦਗੀ ਵਿੱਚ ਕੋਈ ਹੰਗਾਮੀ ਗੱਲ ਨਹੀਂ ਹੋਈ। ਕੋਈ ਅਚੰਭਾ ਨਹੀਂ ਹੋਇਆ – ਜਿਵੇਂ ਮਹਿਬੂਬਾ ਦੇ ਹੋਠਾਂ ਵਿੱਚ ਹੁੰਦਾ ਹੈ; ਆਪਣੇ ਬੱਚੇ ਦੇ ਪਿਆਰ ਵਿੱਚ ਹੁੰਦਾ ਹੈ; ਗ਼ਾਲਿਬ ਦੇ ਕਲਾਮ ਵਿੱਚ ਹੁੰਦਾ ਹੈ। ਕੁੱਝ ਵੀ ਤਾਂ ਨਹੀਂ ਹੋਇਆ। ਤੁਹਾਡੀ ਤਨਖ਼ਾਹ ਅੱਠ ਰੁਪਏ – ਚਾਰ ਰੁਪਏ ਦਾ ਆਟਾ, ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ.. ਸੱਤ ਰੁਪਏ ਅਤੇ ਇੱਕ ਰੁਪਿਆ ਬਾਣੀਏ ਦਾ ਅੱਠ ਰੁਪਏ ਹੋ ਗਏ, ਮਗਰ ਅੱਠ ਰੁਪਿਆਂ ਵਿੱਚ ਕਹਾਣੀ ਨਹੀਂ ਆਉਂਦੀ, ਅੱਜਕੱਲ੍ਹ ਤਾਂ ਪੰਝੀ ਪੰਜਾਹ ਸੌ ਵਿੱਚ ਨਹੀ ਹੁੰਦੀ, ਮਗਰ ਅੱਠ ਰੁਪਿਆਂ ਵਿੱਚ ਕਹਾਣੀ ਨਹੀਂ ਹੁੰਦੀ। ਫਿਰ ਮੈਂ ਕੀ ਲਿਖ ਸਕਦਾ ਹਾਂ। ਤੇਰੇ ਬਾਰੇ ਵਿੱਚ ਹੁਣ ਖ਼ਿਲਜੀ ਹੀ ਨੂੰ ਲਓ, ਹਸਪਤਾਲ ਵਿੱਚ ਕੰਪਾਊਂਡਰ ਹੈ, ਬੱਤੀ ਰੁਪਏ ਤਨਖ਼ਾਹ ਲੈਂਦਾ ਹੈ। ਵਿਰਾਸਤ ਵਿੱਚ ਹੇਠਲੇ ਦਰਮਿਆਨੇ ਤਬਕੇ ਦੇ ਮਾਂ ਬਾਪ ਮਿਲੇ ਸਨ ਜਿਨ੍ਹਾਂ ਨੇ ਮਿਡਲ ਤੱਕ ਪੜ੍ਹਾ ਦਿੱਤਾ। ਫਿਰ ਖਿਲਜੀ ਨੇ ਕੰਪਾਊਂਡਰੀ ਦਾ ਇਮਤਿਹਾਨ ਪਾਸ ਕਰ ਲਿਆ। ਉਹ ਜਵਾਨ ਹੈ, ਉਸਦੇ ਚਿਹਰੇ ਉੱਤੇ ਰੰਗਤ ਹੈ। ਇਹ ਜਵਾਨੀ, ਇਹ ਰੰਗਤ ਕੁੱਝ ਚਾਹੁੰਦੀ ਹੈ। ਉਹ ਚਿੱਟੇ ਲੱਠੇ ਦੀ ਸ਼ਲਵਾਰ ਪਹਿਨ ਸਕਦਾ ਹੈ। ਕਮੀਜ਼ ਨੂੰ ਕਲਫ਼ ਲਗਾ ਸਕਦਾ ਹੈ। ਵਾਲਾਂ ਵਿੱਚ ਖੁਸ਼ਬੂਦਾਰ ਤੇਲ ਲਗਾਕੇ ਕੰਘੀ ਕਰ ਸਕਦਾ ਹੈ। ਸਰਕਾਰ ਨੇ ਉਸਨੂੰ ਰਹਿਣ ਲਈ ਇੱਕ ਛੋਟਾ ਜਿਹਾ ਬੰਗਲਾ-ਨੁਮਾ ਕੁਆਟਰ ਵੀ ਦੇ ਰੱਖਿਆ ਹੈ। ਡਾਕਟਰ ਚੁੱਕ ਜਾਵੇ ਤਾਂ ਫ਼ੀਸ ਵੀ ਝਾੜ ਲੈਂਦਾ ਹੈ ਅਤੇ ਖ਼ੂਬਸੂਰਤ ਮਰੀਜ਼ਾਂ ਨਾਲ ਇਸ਼ਕ ਵੀ ਲੜਾ ਲੈਂਦਾ ਹੈ। ਉਹ ਨੂਰਾਂ ਅਤੇ ਖ਼ਿਲਜੀ ਦਾ ਵਾਕਿਆ ਤੈਨੂੰ ਯਾਦ ਹੋਵੇਗਾ। ਨੂਰਾਂ ਭੇਤਾ ਪਿੰਡ ਤੋਂ ਆਈ ਸੀ, ਸੋਲ੍ਹਾਂ ਸਤਾਰਾਂ ਸਾਲ ਦੀ ਅੱਲ੍ਹੜ ਜਵਾਨੀ। ਚਾਰ ਕੋਹ ਤੋਂ ਸਿਨਮੇ ਦੇ ਰੰਗੀਨ ਇਸ਼ਤਿਹਾਰ ਦੀ ਤਰ੍ਹਾਂ ਨਜ਼ਰ ਆ ਜਾਂਦੀ ਸੀ। ਬੜੀ ਬੇਵਕੂਫ ਸੀ ਉਹ ਆਪਣੇ ਪਿੰਡ ਦੇ ਦੋ ਨੌਜਵਾਨਾਂ ਦਾ ਇਸ਼ਕ ਕਬੂਲ ਕਰੀ ਬੈਠੀ ਸੀ। ਜਦੋਂ ਨੰਬਰਦਾਰ ਦਾ ਮੁੰਡਾ ਸਾਹਮਣੇ ਆ ਜਾਂਦਾ ਤਾਂ ਉਸਦੀ ਹੋ ਜਾਂਦੀ ਅਤੇ ਜਦੋਂ ਪਟਵਾਰੀ ਦਾ ਮੁੰਡਾ ਵਿਖਾਈ ਦਿੰਦਾ ਤਾਂ ਉਸਦਾ ਦਿਲ ਉਸਦੀ ਤਰਫ਼ ਮਾਇਲ ਹੋਣ ਲੱਗਦਾ ਅਤੇ ਉਹ ਕੋਈ ਫੈਸਲਾ ਹੀ ਨਹੀਂ ਕਰ ਸਕਦੀ ਸੀ। ਇਸ਼ਕ ਨੂੰ ਲੋਕ ਬਿਲਕੁਲ ਪਵਿਤਰ, ਦੀਵਾਨਾ, ਯਕੀਨਨ ਅਮਰ ਸਮਝਦੇ ਹਨ। ਹਾਲਾਂਕਿ ਇਹ ਇਸ਼ਕ ਗ਼ੈਰ ਯਕੀਨੀ, ਲੁਕੇ ਛਿਪੇ ਹਾਲਾਤ ਦਾ ਹਾਸਲ ਹੁੰਦਾ ਹੈ। ਯਾਨੀ ਇਸ਼ਕ ਉਸ ਨਾਲ ਵੀ ਹੈ, ਇਸ ਨਾਲ ਵੀ ਹੈ ਅਤੇ ਫਿਰ ਸ਼ਾਇਦ ਕਿਤੇ ਨਹੀਂ ਹੈ ਅਤੇ ਹੈ ਵੀ ਤਾਂ ਏਨਾ ਵਕਤੀ, ਗ਼ਿਰਗਿਟੀ, ਹੰਗਾਮੀ ਕਿ ਏਧਰ ਨਜ਼ਰ ਚੁੱਕੀ ਇਸ਼ਕ ਗ਼ਾਇਬ। ਸੱਚਾਈ ਜ਼ਰੂਰ ਹੁੰਦੀ ਹੈ ਪਰ ਸਦੀਵਤਾ ਮਨਕੂਦ ਹੁੰਦੀ ਹੈ, ਇਸੇ ਲਈ ਤਾਂ ਨੂਰਾਂ ਕੋਈ ਫ਼ੈਸਲਾ ਨਹੀਂ ਕਰ ਸਕਦੀ। ਉਸਦਾ ਦਿਲ ਨੰਬਰਦਾਰ ਦੇ ਬੇਟੇ ਦੇ ਹੋਠਾਂ ਨਾਲ ਮਿਲ ਜਾਣ ਲਈ ਬੇਤਾਬ ਹੋ ਉੱਠਦਾ ਅਤੇ ਪਟਵਾਰੀ ਦੇ ਬੇਟਾ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ ਹੀ ਉਸਦੇ ਦਿਲ ਇਉਂ ਕੰਬਣ ਲੱਗਦਾ ਜਿਵੇਂ ਚਾਰੇ ਪਾਸੇ ਸਮੁੰਦਰ ਹੋਵੇ, ਚਾਰੇ ਪਾਸੇ ਲਹਿਰਾਂ ਹੋਣ ਅਤੇ ਇੱਕ ਇਕੱਲੀ ਕਿਸ਼ਤੀ ਹੋਵੇ ਅਤੇ ਨਾਜ਼ਕ ਜਿਹੀ ਪਤਵਾਰ ਹੋਵੇ ਅਤੇ ਚਾਰੇ ਪਾਸੇ ਕੋਈ ਨਾ ਹੋਵੇ ਅਤੇ ਕਿਸ਼ਤੀ ਡੋਲਣ ਲੱਗੇ, ਸਹਿਜੇ ਸਹਿਜੇ ਡੋਲਦੀ ਜਾਵੇ ਅਤੇ ਨਾਜ਼ਕ ਜਿਹੀ ਪਤਵਾਰ ਨਾਜ਼ਕ ਜਿਹੇ ਹੱਥਾਂ ਨਾਲ ਚੱਲਦੀ ਚੱਲਦੀ ਥੰਮ ਜਾਵੇ ਅਤੇ ਸਾਹ ਰੁੱਕਦੇ ਰੁੱਕਦੇ ਰੁੱਕ ਜਾਏੇ, ਅੱਖਾਂ ਝੁਕਦੀਆਂ ਝੁਕਦੀਆਂ ਝੁਕ ਜਿਹਾ ਜਾਣ ਅਤੇ ਜ਼ੁਲਫ਼ਾਂ ਬਿਖਰਦੀਆਂ ਬਿਖਰਦੀਆਂ ਬਿਖਰ ਜਾਣ ਅਤੇ ਲਹਿਰਾਂ ਘੁੰਮ ਘੁੰਮ ਕੇ ਘੁੰਮਦੀਆਂ ਹੋਈਆਂ ਲੱਗਣ ਅਤੇ ਬੜੇ ਬੜੇ ਦਾਇਰੇ ਫੈਲਦੇ ਫੈਲਦੇ ਫੈਲ ਜਾਣ ਅਤੇ ਫਿਰ ਚਾਰੇ ਪਾਸੇ ਸੱਨਾਟਾ ਪਸਰ ਜਾਵੇ ਅਤੇ ਦਿਲ ਇੱਕ ਦਮ ਧੱਕ ਕਰਕੇ ਰਹਿ ਜਾਵੇ ਅਤੇ ਕੋਈ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ। ਹਾਏ, ਪਟਵਾਰੀ ਦੇ ਬੇਟੇ ਨੂੰ ਦੇਖਣ ਨਾਲ ਅਜਿਹੀ ਹਾਲਤ ਹੁੰਦੀ ਸੀ ਨੂਰਾਂ ਦੀ, ਅਤੇ ਉਹ ਕੋਈ ਫੈਸਲਾ ਨਹੀਂ ਕਰ ਸਕਦੀ ਸੀ। ਨੰਬਰਦਾਰ ਦਾ ਬੇਟਾ, ਪਟਵਾਰੀ ਦਾ ਬੇਟਾ, ਪਟਵਾਰੀ ਦਾ ਬੇਟਾ, ਨੰਬਰਦਾਰ ਦਾ ਬੇਟਾ, ਉਹ ਦੋਨਾਂ ਨੂੰ ਜ਼ਬਾਨ ਦੇ ਚੁੱਕੀ ਸੀ ਦੋਨਾਂ ਨਾਲ ਵਿਆਹ ਕਰਨ ਦਾ ਇਕਰਾਰ ਕਰ ਚੁੱਕੀ ਸੀ। ਦੋਨਾਂ ਤੇ ਮਰ ਮਿੱਟੀ ਸੀ। ਨਤੀਜਾ ਇਹ ਹੋਇਆ ਕਿ ਉਹ ਆਪਸ ਵਿੱਚ ਲੜਦੇ ਲੜਦੇ ਲਹੂ ਲੁਹਾਨ ਹੋ ਗਏ ਅਤੇ ਜਦੋਂ ਜਵਾਨੀ ਦਾ ਬਹੁਤ ਸਾਰਾ ਲਹੂ ਰਗਾਂ ਵਿੱਚੋਂ ਨਿਕਲ ਗਿਆ ਤਾਂ ਉਨ੍ਹਾਂ ਨੂੰ ਆਪਣੀ ਬੇਵਕੂਫ਼ੀ ਤੇ ਬੜਾ ਗੁੱਸਾ ਆਇਆ ਅਤੇ ਪਹਿਲਾਂ ਨੰਬਰਦਾਰ ਦਾ ਬੇਟਾ ਨੂਰਾਂ ਦੇ ਕੋਲ ਪਹੁੰਚਿਆ ਅਤੇ ਆਪਣੀ ਛੁਰੀ ਨਾਲ ਉਸਨੂੰ ਹਲਾਲ ਕਰਨਾ ਚਾਹਿਆ ਅਤੇ ਨੂਰਾਂ ਦੀ ਬਾਹਾਂ ਉੱਤੇ ਜ਼ਖਮ ਆ ਗਏ। ਅਤੇ ਫਿਰ ਪਟਵਾਰੀ ਦਾ ਬੇਟਾ ਆਇਆ ਅਤੇ ਉਸਨੇ ਉਸਦੀ ਜਾਨ ਲੈਣੀ ਚਾਹੀ ਅਤੇ ਨੂਰਾਂ ਦੇ ਪੈਰਾਂ ਉੱਤੇ ਜ਼ਖਮ ਆ ਗਏ। ਮਗਰ ਉਹ ਬੱਚ ਗਈ ਕਿਉਂਕਿ ਉਹ ਵਕਤ ਸਿਰ ਹਸਪਤਾਲ ਲਿਆਈ ਗਈ ਸੀ ਅਤੇ ਉਥੇ ਉਸਦਾ ਇਲਾਜ ਸ਼ੁਰੂ ਹੋ ਗਿਆ। ਆਖ਼ਰ ਹਸਪਤਾਲ ਵਾਲੇ ਵੀ ਇਨਸਾਨ ਹੁੰਦੇ ਹਨ – ਖ਼ੂਬਸੂਰਤੀ ਦਿਲਾਂ ਉੱਤੇ ਅਸਰ ਕਰਦੀ ਹੈ, ਇੰਜੈਕਸ਼ਨ ਦੀ ਤਰ੍ਹਾਂ। ਥੋੜ੍ਹਾ ਬਹੁਤ ਉਸਦਾ ਅਸਰ ਜ਼ਰੂਰ ਹੁੰਦਾ ਹੈ, ਕਿਸੇ ਉੱਤੇ ਘੱਟ ਕਿਸੇ ਉੱਤੇ ਜ਼ਿਆਦਾ। ਡਾਕਟਰ ਸਾਹਿਬ ਤੇ ਘੱਟ ਸੀ, ਕੰਪਾਊਂਡਰ ਤੇ ਜ਼ਿਆਦਾ ਸੀ। ਨੂਰਾਂ ਦੀ ਤੀਮਾਰਦਾਰੀ ਵਿੱਚ ਖ਼ਿਲਜੀ ਦਿਲ ਜਾਨ ਨਾਲ ਲੱਗਿਆ ਰਿਹਾ। ਨੂਰਾਂ ਤੋਂ ਪਹਿਲਾਂ ਬੇਗਮਾਂ, ਬੇਗਮਾਂ ਤੋਂ ਪਹਿਲਾਂ ਰੇਸ਼ਮਾਂ ਅਤੇ ਰੇਸ਼ਮਾਂ ਤੋਂ ਪਹਿਲਾਂ ਜਾਨਕੀ ਦੇ ਨਾਲ ਵੀ ਅਜਿਹਾ ਹੀ ਹੋਇਆ ਸੀ। ਮਗਰ ਉਹ ਖਿਲਜੀ ਦੇ ਨਾਕਾਮ ਮੁਆਸ਼ਕੇ ਸਨ ਕਿਉਂਕਿ ਉਹ ਔਰਤਾਂ ਵਿਆਹੀਆਂ ਹੋਈਆਂ ਸਨ। ਰੇਸ਼ਮਾਂ ਦਾ ਤਾਂ ਇੱਕ ਬੱਚਾ ਵੀ ਸੀ। ਬੱਚਿਆਂ ਦੇ ਇਲਾਵਾ ਮਾਂ ਬਾਪ ਸਨ ਅਤੇ ਖ਼ਾਵੰਦ ਸਨ ਅਤੇ ਖ਼ਾਵੰਦਾਂ ਦੀਆਂ ਦੁਸ਼ਮਨ ਨਜਰਾਂ ਸਨ ਜੋ ਖਿਲਜੀ ਦੇ ਸੀਨੇ ਦੇ ਅੰਦਰ ਵੜ ਕੇ ਉਸਦੀਆਂ ਖ਼ਾਹਿਸ਼ਾਂ ਦੇ ਆਖ਼ਰੀ ਕੋਨੇ ਤੱਕ ਪਹੁੰਚ ਜਾਣਾ ਚਾਹੁੰਦੀਆਂ ਸਨ। ਖ਼ਿਲਜੀ ਕੀ ਕਰ ਸਕਦਾ ਸੀ ਮਜਬੂਰ ਹੋਕੇ ਰਹਿ ਜਾਂਦਾ। ਉਸਨੇ ਬੇਗਮਾਂ ਨਾਲ ਪ੍ਰੇਮ ਕੀਤਾ ਰੇਸ਼ਮਾਂ ਅਤੇ ਜਾਨਕੀ ਨਾਲ ਵੀ। ਉਹ ਹਰ ਰੋਜ਼ ਬੇਗਮਾਂ ਦੇ ਭਾਈ ਨੂੰ ਮਠਿਆਈ ਖਿਡਾਉਂਦਾ ਸੀ। ਰੇਸ਼ਮਾਂ ਦੇ ਨਿੱਕੇ ਬੇਟੇ ਨੂੰ ਦਿਨ ਭਰ ਚੁੱਕੀ ਫਿਰਦਾ ਸੀ। ਜਾਨਕੀ ਨੂੰ ਫੁੱਲਾਂ ਨਾਲ ਬੜੀ ਮੁਹੱਬਤ ਸੀ। ਉਹ ਹਰ ਰੋਜ਼ ਸਵੇਰੇ ਉੱਠਕੇ ਮੂੰਹ ਹਨੇਰੇ ਜੰਗਲ ਦੀ ਤਰਫ ਚਲਾ ਜਾਂਦਾ ਅਤੇ ਖ਼ੂਬਸੂਰਤ ਲਾਲਾ ਦੇ ਗੁੱਛੇ ਤੋੜ ਕੇ ਉਸਦੇ ਲਈ ਲਿਆਂਦਾ, ਬਿਹਤਰੀਨ ਦਵਾਈਆਂ, ਬਿਹਤਰੀਨ ਖਾਣ-ਪੀਣ ਦੀਆਂ ਚੀਜ਼ਾਂ, ਬਿਹਤਰੀਨ ਤੀਮਾਰਦਾਰੀ ਅਤੇ ਵਕਤ ਔਨ ਤੇ ਜਦੋਂ ਬੇਗਮਾਂ ਚੰਗੀ ਹੋਈ ਤਾਂ ਰੋਂਦੇ ਰੋਂਦੇ ਆਪਣੇ ਪਤੀ ਦੇ ਨਾਲ ਚਲੀ ਗਈ। ਤਾਂ ਉਸਨੇ ਚਲਦੇ ਵਕਤ ਖ਼ਿਲਜੀ ਦੇ ਦਿੱਤੇ ਹੋਏ ਫੁੱਲ ਆਪਣੇ ਸੀਨੇ ਨਾਲ ਲਗਾਏ। ਉਸਦੀਆਂ ਅੱਖਾਂ ਡਬਡਬਾ ਗਈਆਂ ਅਤੇ ਉਸਨੇ ਆਪਣੇ ਪਤੀ ਦਾ ਹੱਥ ਫੜ ਲਿਆ ਅਤੇ ਚਲਦੇ ਚਲਦੇ ਘਾਟੀ ਦੀ ਓਟ ਵਿੱਚ ਗ਼ਾਇਬ ਹੋ ਗਈ। ਘਾਟੀ ਦੇ ਆਖ਼ਰੀ ਕਿਨਾਰੇ ਉੱਤੇ ਪਹੁੰਚਕੇ ਉਸਨੇ ਮੁੜ ਕੇ ਖ਼ਿਲਜੀ ਦੀ ਤਰਫ਼ ਵੇਖਿਆ ਅਤੇ ਖ਼ਿਲਜੀ ਮੂੰਹ ਫੇਰ ਕੇ ਵਾਰਡ ਦੀ ਦੀਵਾਰ ਨਾਲ ਲਗਕੇ ਰੋਣ ਲਗਾ। ਰੇਸ਼ਮਾਂ ਦੇ ਛੁਟੀ ਹੁੰਦੇ ਵਕਤ ਵੀ ਉਹ ਇਸੇ ਤਰ੍ਹਾਂ ਰੋਇਆ ਸੀ, ਬੇਗਮਾਂ ਦੇ ਜਾਂਦੇ ਵਕਤ ਵੀ ਉਸੇ ਸ਼ਿੱਦਤ, ਉਸੇ ਖੁਲੂਸ ਨਾਲ ਰੋਇਆ ਸੀ ਪਰ ਖ਼ਿਲਜੀ ਲਈ ਨਾ ਰੇਸ਼ਮਾਂ ਰੁਕੀ, ਨਾ ਬੇਗਮਾਂ, ਨਾ ਜਾਨਕੀ ਅਤੇ ਫਿਰ ਹੁਣ ਕਿੰਨੇ ਸਾਲਾਂ ਦੇ ਬਾਅਦ ਨੂਰਾਂ ਆਈ ਸੀ ਅਤੇ ਉਸਦਾ ਦਿਲ ਉਸੇ ਤਰ੍ਹਾਂ ਧੜਕਣ ਲੱਗਿਆ ਸੀ ਅਤੇ ਇਹ ਧੜਕਨ ਰੋਜ਼ ਬਰੋਜ਼ ਵੱਧਦੀ ਚੱਲੀ ਜਾਂਦੀ ਸੀ। ਸ਼ੁਰੂ ਸ਼ੁਰੂ ਵਿੱਚ ਨੂਰਾਂ ਦੀ ਹਾਲਤ ਖ਼ਰਾਬ ਸੀ ਉਸਦਾ ਬਚਣਾ ਮੁਸ਼ਕਲ ਸੀ ਮਗਰ ਖ਼ਿਲਜੀ ਦੇ ਅਣਥਕ ਉਪਰਾਲਿਆਂ ਨਾਲ ਜਖ਼ਮ ਭਰਦੇ ਚਲੇ ਗਏ, ਮਵਾਦ ਘੱਟ ਹੁੰਦਾ ਗਿਆ, ਸੜਾਂਦ ਦੂਰ ਹੁੰਦੀ ਗਈ, ਸੋਜ ਗ਼ਾਇਬ ਹੁੰਦੀ ਗਈ, ਨੂਰਾਂ ਦੀਆਂ ਅੱਖਾਂ ਵਿੱਚ ਚਮਕ ਅਤੇ ਉਸਦੇ ਸਫ਼ੈਦ ਚਿਹਰੇ ਉੱਤੇ ਸਿਹਤ ਦੀ ਲਾਲੀ ਆ ਗਈ ਅਤੇ ਜਿਸ ਰੋਜ਼ ਖ਼ਿਲਜੀ ਨੇ ਉਸਦੀਆਂ ਬਾਂਹਾਂ ਦੀ ਪੱਟੀ ਉਤਾਰੀ ਤਾਂ ਨੂਰਾਂ ਇੱਕਦਮ ਸ਼ੁਕਰਾਨੇ ਦੇ ਪ੍ਰਗਟਾ ਵਜੋਂ ਉਸਦੇ ਸੀਨੇ ਨਾਲ ਚਿੰਮੜ ਕੇ ਰੋਣ ਲੱਗੀ ਅਤੇ ਜਦੋਂ ਉਸਦੇ ਪੈਰ ਦੀ ਪੱਟੀ ਉਤਰੀ ਤਾਂ ਉਸਨੇ ਪੈਰਾਂ ਤੇ ਅਤੇ ਹੱਥਾਂ ਤੇ ਮਹਿੰਦੀ ਰਚਾਈ ਅਤੇ ਅੱਖਾਂ ਵਿੱਚ ਕੱਜਲ ਲਗਾਇਆ ਅਤੇ ਵਾਲਾਂ ਦੀਆਂ ਜ਼ੁਲਫਾਂ ਸਵਾਰੀਆਂ ਤਾਂ ਖ਼ਿਲਜੀ ਦਾ ਦਿਲ ਮਾਰੇ ਖੁਸ਼ੀ ਦੇ ਨੱਚਣ ਲੱਗ ਪਿਆ। ਨੂਰਾਂ ਖ਼ਿਲਜੀ ਨੂੰ ਦਿਲ ਦੇ ਬੈਠੀ ਸੀ। ਉਸਨੇ ਖ਼ਿਲਜੀ ਨਾਲ ਵਿਆਹ ਦਾ ਬਚਨ ਕਰ ਲਿਆ ਸੀ। ਨੰਬਰਦਾਰ ਦਾ ਬੇਟਾ ਅਤੇ ਪਟਵਾਰੀ ਦਾ ਬੇਟਾ ਦੋਨੋਂ ਵਾਰੀ ਵਾਰੀ ਕਈ ਵਾਰ ਉਸਨੂੰ ਦੇਖਣ ਦੇ ਲਈ, ਉਸਤੋਂ ਮੁਆਫ਼ੀ ਮੰਗਣ ਦੇ ਲਈ, ਉਸ ਨਾਲ ਵਿਆਹ ਕਰਨ ਲਈ ਹਸਪਤਾਲ ਆਏ ਸਨ ਅਤੇ ਨੂਰਾਂ ਉਨ੍ਹਾਂ ਨੂੰ ਵੇਖਕੇ ਹਰ ਵਾਰ ਘਬਰਾ ਜਾਂਦੀ, ਕੰਬਣ ਲੱਗਦੀ, ਮੁੜ ਮੁੜ ਕੇ ਦੇਖਣ ਲੱਗਦੀ ਅਤੇ ਉਸ ਵਕਤ ਤੱਕ ਉਸਨੂੰ ਚੈਨ ਨਹੀਂ ਸੀ ਆਉਂਦਾ ਜਦੋਂ ਤੱਕ ਉਹ ਲੋਕ ਚਲੇ ਨਾ ਜਾਂਦੇ ਅਤੇ ਖ਼ਿਲਜੀ ਉਸਦੇ ਹੱਥ ਨੂੰ ਆਪਣੇ ਹੱਥ ਵਿੱਚ ਨਾ ਲੈ ਲੈਂਦਾ ਅਤੇ ਜਦੋਂ ਉਹ ਬਿਲਕੁੱਲ ਚੰਗੀ ਹੋ ਗਈ ਤਾਂ ਸਾਰਾ ਪਿੰਡ, ਉਸਦਾ ਆਪਣਾ ਪਿੰਡ ਉਸਨੂੰ ਦੇਖਣ ਲਈ ਉਮੜ ਪਿਆ। ਪਿੰਡ ਦੀ ਛੋਰੀ ਚੰਗੀ ਹੋ ਗਈ ਸੀ ਡਾਕਟਰ ਸਾਹਿਬ ਅਤੇ ਕੰਪਾਊਂਡਰ ਸਾਹਿਬ ਦੀ ਦਇਆ ਨਾਲ ਅਤੇ ਨੂਰਾਂ ਦੇ ਮਾਂ ਬਾਪ ਵਿਛੇ ਜਾਂਦੇ ਸਨ ਅਤੇ ਅੱਜ ਤਾਂ ਨੰਬਰਦਾਰ ਵੀ ਆਇਆ ਸੀ ਅਤੇ ਪਟਵਾਰੀ ਵੀ। ਅਤੇ ਦੋਨੋਂ ਪਾਗਲ ਮੁੰਡੇ ਵੀ ਜੋ ਹੁਣ ਨੂਰਾਂ ਨੂੰ ਵੇਖ ਵੇਖ ਕੇ ਆਪਣੀਆਂ ਹਰਕਤਾਂ ਉੱਤੇ ਸ਼ਰਮਿੰਦਾ ਹੋ ਰਹੇ ਸਨ ਅਤੇ ਫਿਰ ਨੂਰਾਂ ਨੇ ਆਪਣੀ ਮਾਂ ਦਾ ਸਹਾਰਾ ਲਿਆ ਅਤੇ ਕੱਜਲ ਵਿੱਚ ਤੈਰਦੀਆਂ ਹੋਈਆਂ ਡਬਡਬਾਈਆਂ ਅੱਖਾਂ ਨਾਲ ਖ਼ਿਲਜੀ ਦੀ ਤਰਫ਼ ਵੇਖਿਆ ਅਤੇ ਚੁਪਚਾਪ ਆਪਣੇ ਪਿੰਡ ਚੱਲੀ ਗਈ – ਸਾਰਾ ਪਿੰਡ ਉਸਨੂੰ ਲੈਣ ਲਈ ਆਇਆ ਸੀ ਅਤੇ ਉਸਦੇ ਕਦਮਾਂ ਦੇ ਪਿੱਛੇ-ਪਿੱਛੇ ਨੰਬਰਦਾਰ ਦੇ ਬੇਟੇ ਅਤੇ ਪਟਵਾਰੀ ਦੇ ਕਦਮ ਅਤੇ ਦੂਜੇ ਕਦਮ ਅਤੇ ਅਣਗਿਣਤ ਕਦਮ ਜੋ ਨੂਰਾਂ ਦੇ ਨਾਲ ਚੱਲ ਰਹੇ ਸਨ, ਖ਼ਿਲਜੀ ਦੇ ਸੀਨੇ ਦੀ ਘਾਟੀ ਉੱਤੋਂ ਗੁਜ਼ਰਦੇ ਗਏ ਅਤੇ ਪਿੱਛੇ ਇੱਕ ਧੁੰਦਲੀ ਗਰਦ ਗੁਬਾਰ ਨਾਲ ਅੱਟੀ ਪਗਡੰਡੀ ਛੱਡ ਗਏ।
ਤੇ ਕੋਈ ਵਾਰਡ ਦੀ ਦੀਵਾਰ ਦੇ ਨਾਲ ਲੱਗ ਕਰ ਸਿਸਕੀਆਂ ਲੈਣ ਲਗਾ। ਵੱਡੀ ਖ਼ੂਬਸੂਰਤ ਰੋਮਾਂਚਿਕ ਜ਼ਿੰਦਗੀ ਸੀ ਖ਼ਿਲਜੀ ਦੀ, ਖ਼ਿਲਜੀ ਜੋ ਮਿਡਲ ਪਾਸ ਸੀ। ਬੱਤੀ ਰੁਪਏ ਤਨਖ਼ਾਹ ਲੈਂਦਾ ਸੀ, ਪੰਦਰਾਂ ਵੀਹ ਉਪਰ ਤੋਂ ਕਮਾ ਲੈਂਦਾ ਸੀ। ਖ਼ਿਲਜੀ ਜੋ ਜਵਾਨ ਸੀ, ਜੋ ਮੁਹੱਬਤ ਕਰਦਾ ਸੀ, ਜੋ ਇੱਕ ਛੋਟੇ ਜਿਹੇ ਬੰਗਲੇ ਵਿੱਚ ਰਹਿੰਦਾ ਸੀ, ਜੋ ਚੰਗੇ ਕਹਾਣੀਕਾਰਾਂ ਦੀਆਂ ਕਹਾਣੀਆਂ ਪੜ੍ਹਦਾ ਸੀ ਅਤੇ ਇਸ਼ਕ ਵਿੱਚ ਰੋਂਦਾ ਸੀ, ਕਿੰਨੀ ਦਿਲਚਸਪ ਅਤੇ ਰੋਮਾਂਚਿਕ ਜ਼ਿੰਦਗੀ ਸੀ ਖ਼ਿਲਜੀ ਦੀ। ਪਰ ਕਾਲੂ ਭੰਗੀ ਦੇ ਬਾਰੇ ਵਿੱਚ ਮੈਂ ਕੀ ਕਹਿ ਸਕਦਾ ਹਾਂ ਸਿਵਾਏ ਇਸਦੇ ਕਿ :-
1. ਕਾਲੂ ਭੰਗੀ ਨੇ ਬੇਗਮਾਂ ਦੇ ਲਹੂ ਅਤੇ ਮਵਾਦ ਨਾਲ ਭਰੀਆਂ ਪੱਟੀਆਂ ਧੋਈਆਂ।
2. ਕਾਲੂ ਭੰਗੀ ਨੇ ਬੇਗਮਾਂ ਦੇ ਗੰਦੇ ਕੱਪੜੇ ਸਾਫ਼ ਕੀਤੇ।
3. ਕਾਲੂ ਭੰਗੀ ਨੇ ਰੇਸ਼ਮਾਂ ਦੀਆਂ ਗੰਦੀਆਂ ਪੱਟੀਆਂ ਸਾਫ਼ ਕੀਤੀਆਂ।
4. ਕਾਲੂ ਭੰਗੀ ਰੇਸ਼ਮਾਂ ਦੇ ਬੇਟੇ ਨੂੰ ਭੁੱਟੇ ਖਿਲਾਉਂਦਾ ਸੀ।
5. ਕਾਲੂ ਭੰਗੀ ਨੇ ਜਾਨਕੀ ਦੀਆਂ ਗੰਦੀਆਂ ਪੱਟੀਆਂ ਧੋਈਆਂ ਅਤੇ ਹਰ ਰੋਜ਼ ਉਸਦੇ ਕਮਰੇ ਵਿੱਚ ਫਿਨਾਇਲ ਛਿੜਕਦਾ ਰਿਹਾ। ਅਤੇ ਸ਼ਾਮ ਤੋਂ ਪਹਿਲਾਂ ਵਾਰਡ ਦੀਆਂ ਖਿੜਕੀਆਂ ਬੰਦ ਕਰਦਾ ਰਿਹਾ, ਅਤੇ ਆਤਿਸ਼ਦਾਨ ਵਿੱਚ ਲਕੜੀਆਂ ਜਲਾਉਂਦਾ ਰਿਹਾ ਤਾਂ ਜੋ ਜਾਨਕੀ ਨੂੰ ਠੰਡ ਨਾ ਲੱਗੇ।
6. ਕਾਲੂ ਭੰਗੀ ਨੂਰਾਂ ਦਾ ਮਲਮੂਤਰ ਚੁੱਕਦਾ ਰਿਹਾ, ਤਿੰਨ ਮਹੀਨੇ ਦਸ ਰੋਜ਼ ਤੱਕ।
ਕਾਲੂ ਭੰਗੀ ਨੇ ਰੇਸ਼ਮਾਂ ਨੂੰ ਜਾਂਦੇ ਹੋਏ ਵੇਖਿਆ, ਉਸਨੇ ਨੇ ਬੇਗਮਾਂ ਨੂੰ ਜਾਂਦੇ ਹੋਏ ਵੇਖਿਆ, ਉਸਨੇ ਨੇ ਜਾਨਕੀ ਨੂੰ ਜਾਂਦੇ ਹੋਏ ਵੇਖਿਆ, ਉਸਨੇ ਨੂਰਾਂ ਨੂੰ ਜਾਂਦੇ ਹੋਏ ਵੇਖਿਆ ਸੀ। ਪਰ ਉਹ ਕਦੇ ਦੀਵਾਰ ਨਾਲ ਲੱਗਕੇ ਰੋਇਆ ਨਹੀਂ ਸੀ। ਉਹ ਪਹਿਲਾਂ ਤਾਂ ਦੋ ਇੱਕ ਪਲਾਂ ਲਈ ਹੈਰਾਨ ਹੋ ਜਾਂਦਾ ਫਿਰ ਉਸੇ ਹੈਰਤ ਨਾਲ ਆਪਣਾ ਸਿਰ ਖੁਰਕਣ ਲੱਗਦਾ ਅਤੇ ਜਦੋਂ ਕੋਈ ਗੱਲ ਉਸਦੀ ਸਮਝ ਵਿੱਚ ਨਾ ਆਉਂਦੀ ਤਾਂ ਉਹ ਹਸਪਤਾਲ ਦੇ ਹੇਠਾਂ ਖੇਤਾਂ ਵਿੱਚ ਚਲਾ ਜਾਂਦਾ ਅਤੇ ਗਾਂ ਨੂੰ ਆਪਣਾ ਟੋਟਣ ਚਟਵਾਉਣ ਲੱਗਦਾ ਪਰ ਇਸਦਾ ਜ਼ਿਕਰ ਤਾਂ ਮੈਂ ਪਹਿਲਾਂ ਕਰ ਚੁੱਕਿਆ ਹਾਂ। ਫਿਰ ਹੋਰ ਕੀ ਲਿਖਾਂ ਤੇਰੇ ਬਾਰੇ ਵਿੱਚ ਕਾਲੂ ਭੰਗੀ, ਸਭ ਕੁੱਝ ਤਾਂ ਕਹਿ ਦਿੱਤਾ ਜੋ ਕੁਛ ਕਹਿਣਾ ਸੀ, ਜੋ ਕੁੱਝ ਤੂੰ ਰਿਹਾ ਹੈਂ। ਤੇਰੀ ਤਨਖ਼ਾਹ ਬੱਤੀ ਰੁਪਏ ਹੁੰਦੀ, ਤੂੰ ਮਿਡਲ ਪਾਸ ਜਾਂ ਫ਼ੇਲ੍ਹ ਹੁੰਦਾ, ਤੈਨੂੰ ਵਿਰਾਸਤ ਵਿੱਚ ਕੁੱਝ ਕਲਚਰ, ਤਹਜ਼ੀਬ, ਕੁੱਝ ਥੋੜ੍ਹੀ ਸੀ ਇਨਸਾਨੀ ਖੁਸ਼ੀ ਅਤੇ ਇਸ ਖੁਸ਼ੀ ਦੀ ਬੁਲੰਦੀ ਮਿਲੀ ਹੁੰਦੀ ਤਾਂ ਮੈਂ ਤੇਰੇ ਬਾਰੇ ਕੋਈ ਕਹਾਣੀ ਲਿਖਦਾ। ਹੁਣ ਤੇਰੇ ਅੱਠ ਰੁਪਏ ਵਿੱਚ ਮੈਂ ਕੀ ਕਹਾਣੀ ਲਿਖਾਂ। ਹਰ ਵਾਰ ਇਨ੍ਹਾਂ ਅੱਠ ਰੁਪਈਆਂ ਨੂੰ ਉਲਟ ਫੇਰ ਕੇ ਵੇਖਦਾ ਹਾਂ। ਚਾਰ ਰੁਪਏ ਦਾ ਆਟਾ, ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ, ਸੱਤ ਰੁਪਏ ਅਤੇ ਇੱਕ ਰੁਪਿਆ ਬਾਣੀਏ ਦਾ, ਅੱਠ ਰੁਪਏ ਹੋ ਗਏ। ਕਿਵੇਂ ਕਹਾਣੀ ਬਣੇਗੀ ਤੇਰੀ ਕਾਲੂ ਭੰਗੀ, ਤੇਰਾ ਅਫ਼ਸਾਨਾ ਮੈਥੋਂ ਨਹੀਂ ਲਿਖਿਆ ਜਾ ਸਕੇਗਾ। ਚਲੇ ਜਾ, ਦੇਖ ਮੈਂ ਤੇਰੇ ਸਾਹਮਣੇ ਹੱਥ ਜੋੜਦਾ ਹਾਂ।
+++++
ਮਗਰ ਇਹ ਮਨਹੂਸ ਅਜੇ ਤੱਕ ਇੱਥੇ ਖੜਾ ਹੈ। ਆਪਣੇ ਉਖੜੇ ਪੀਲੇ ਪੀਲੇ ਗੰਦੇ ਦੰਦ ਕੱਢ ਆਪਣੀ ਫੁੱਟੀ ਹਾਸੀ ਹਸ ਰਿਹਾ ਹੈ। ਤੂੰ ਐਵੇਂ ਨਹੀਂ ਜਾਏਗਾ। ਅੱਛਾ ਭਈ ਹੁਣ ਮੈਂ ਫਿਰ ਆਪਣੀ ਯਾਦਾਂ ਦੀ ਰਾਖ ਕੁਰੇਦਦਾ ਹਾਂ। ਸ਼ਾਇਦ ਹੁਣ ਤੇਰੇ ਲਈ ਮੈਨੂੰ ਬੱਤੀ ਰੁਪਈਆਂ ਤੋਂ ਹੇਠਾਂ ਉਤਰਨਾ ਪਵੇਗਾ ਅਤੇ ਬਖਤਿਆਰ ਚਪੜਾਸੀ ਦਾ ਆਸਰਾ ਲੈਣਾ ਪਵੇਗਾ। ਬਖਤਿਆਰ ਚਪੜਾਸੀ ਨੂੰ ਪੰਦਰਾਂ ਰੁਪਏ ਤਨਖ਼ਾਹ ਮਿਲਦੀ ਹੈ ਅਤੇ ਜਦੋਂ ਕਦੇ ਉਹ ਡਾਕਟਰ ਜਾਂ ਕੰਪਾਊਂਡਰ ਜਾਂ ਬੈਕਸੀਨੇਟਰ ਦੇ ਨਾਲ ਦੌਰੇ ਉੱਤੇ ਜਾਂਦਾ ਹੈ ਤਾਂ ਉਸਨੂੰ ਡਬਲ ਭੱਤਾ ਅਤੇ ਸਫ਼ਰ ਖ਼ਰਚਾ ਵੀ ਮਿਲਦਾ ਹੈ। ਫਿਰ ਪਿੰਡ ਵਿੱਚ ਉਸਦੀ ਆਪਣੀ ਜ਼ਮੀਨ ਵੀ ਹੈ ਅਤੇ ਇੱਕ ਛੋਟਾ ਜਿਹਾ ਮਕਾਨ ਵੀ ਹੈ। ਜਿਸਦੇ ਤਿੰਨ ਤਰਫ਼ ਚੀੜ ਦੇ ਉਚੇ ਅਤੇ ਵੱਡੇ ਦਰਖਤ ਹਨ ਅਤੇ ਚੌਥੀ ਤਰਫ਼ ਇੱਕ ਖ਼ੂਬਸੂਰਤ ਜਿਹਾ ਬਗ਼ੀਚਾ ਹੈ ਜੋ ਉਸਦੀ ਬੀਵੀ ਨੇ ਲਗਾਇਆ ਹੈ। ਉਸ ਵਿੱਚ ਉਸਨੇ ਕੜਮ ਦਾ ਸਾਗ ਬੀਜਿਆ ਹੈ ਅਤੇ ਪਾਲਕ ਅਤੇ ਮੂਲੀਆਂ ਅਤੇ ਸ਼ਲਗਮ ਅਤੇ ਹਰੀ ਮਿਰਚ ਅਤੇ ਕਦੂ ਜੋ ਗਰਮੀਆਂ ਦੀ ਧੁੱਪੇ ਸੁਕਾਏ ਜਾਂਦੇ ਹਨ ਅਤੇ ਸਰਦੀਆਂ ਵਿੱਚ ਜਦੋਂ ਬਰਫ਼ ਪੈਂਦੀ ਹੈ ਅਤੇ ਸਬਜ਼ਾ ਮਰ ਜਾਂਦਾ ਹੈ ਤਾਂ ਖਾਧੇ ਜਾਂਦੇ ਹਨ। ਬਖਤਿਆਰ ਦੀ ਪਤਨੀ ਇਹ ਸਭ ਕੁੱਝ ਜਾਣਦੀ ਹੈ। ਬਖਤਿਆਰ ਦੇ ਤਿੰਨ ਬੱਚੇ ਹਨ, ਉਸਦੀ ਬੁਢੀ ਮਾਂ ਹੈ ਜੋ ਹਮੇਸ਼ਾ ਆਪਣੀ ਬਹੂ ਨਾਲ ਲੜਾਈ ਕਰਦੀ ਰਹਿੰਦੀ ਹੈ। ਇੱਕ ਦਫ਼ਾ ਬਖਤਿਆਰ ਦੀ ਮਾਂ ਆਪਣੀ ਬਹੂ ਨਾਲ ਝਗੜਾ ਕਰਕੇ ਘਰੋਂ ਚਲੀ ਗਈ ਸੀ। ਉਸ ਰੋਜ਼ ਗਹਿਰੇ ਬੱਦਲ ਅਸਮਾਨ ਉੱਤੇ ਛਾਏ ਹੋਏ ਸੀ ਅਤੇ ਪਾਲੇ ਦੇ ਮਾਰੇ ਦੰਦ ਬੱਜ ਰਹੇ ਸਨ। ਅਤੇ ਘਰੋਂ ਬਖਤਿਆਰ ਦਾ ਵੱਡਾ ਲੜਕਾ ਭੱਜਦਾ ਹਸਪਤਾਲ ਆਇਆ ਸੀ ਅਤੇ ਬਖਤਿਆਰ ਉਸੇ ਵਕਤ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਕਾਲੂ ਭੰਗੀ ਨੂੰ ਨਾਲ ਲੈ ਕੇ ਚੱਲ ਪਿਆ ਸੀ। ਉਹ ਦਿਨ ਭਰ ਜੰਗਲ ਵਿੱਚ ਉਸਨੂੰ ਤਲਾਸ਼ ਕਰਦੇ ਰਹੇ। ਉਹ ਅਤੇ ਕਾਲੂ ਭੰਗੀ ਅਤੇ ਬਖਤਿਆਰ ਦੀ ਪਤਨੀ ਜੋ ਹੁਣ ਆਪਣੇ ਕੀਤੇ ਉੱਤੇ ਸ਼ਰਮਿੰਦਾ ਸੀ ਆਪਣੀ ਸੱਸ ਨੂੰ ਉਚੀ ਉਚੀ ਆਵਾਜ਼ਾਂ ਦੇ ਦੇ ਕੇ ਰੋਦੀ ਜਾਂਦੀ ਸੀ। ਅਸਮਾਨ ਤੇ ਘੋਰ ਬੱਦਲ ਸੀ ਅਤੇ ਸਰਦੀ ਨਾਲ ਪੈਰ ਸੁੰਨ ਹੋਏ ਜਾਂਦੇ ਸਨ ਅਤੇ ਪੈਰਾਂ ਥੱਲੇ ਚੀਲ ਦੇ ਸੁੱਕੇ ਝੂਮਰ ਫਿਸਲੇ ਜਾਂਦੇ ਸਨ, ਫਿਰ ਮੀਂਹ ਸ਼ੁਰੂ ਹੋ ਗਿਆ, ਫਿਰ ਕਰੇੜੀ ਪੈਣ ਲੱਗੀ ਅਤੇ ਫਿਰ ਚਾਰੇ ਪਾਸੇ ਗਹਿਰੀ ਖਾਮੋਸ਼ੀ ਛਾ ਗਈ ਅਤੇ ਜਿਵੇਂ ਇੱਕ ਗਹਿਰੀ ਮੌਤ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ ਅਤੇ ਬਰਫ਼ ਦੀਆਂ ਪਰੀਆਂ ਦੀ ਕਤਾਰ ਅੰਦਰ ਬਾਹਰ ਜ਼ਮੀਨ ਉੱਤੇ ਭੇਜ ਦਿੱਤੀ ਹੋਵੇ, ਬਰਫ਼ ਦੇ ਗੋਲੇ ਜ਼ਮੀਨ ਉੱਤੇ ਡਿੱਗਦੇ ਗਏ, ਖਾਮੋਸ਼, ਬੇਆਵਾਜ਼ ਸਫ਼ੈਦ, ਮਖਮਲ, ਘਾਟੀਆਂ, ਵਾਦੀਆਂ, ਸਿਖਰਾਂ ਉੱਤੇ ਫੈਲ ਗਈ।
“ਅੰਮਾਂ”, ਬਖਤਿਆਰ ਦੀ ਪਤਨੀ ਜ਼ੋਰ ਨਾਲ ਚਿੱਲਾਈ।
“ਅੰਮਾਂ”, ਬਖਤਿਆਰ ਚੀਖਿਆ।
“ਅੰਮਾਂ”, ਕਾਲੂ ਭੰਗੀ ਨੇ ਆਵਾਜ਼ ਦਿੱਤੀ।
ਜੰਗਲ ਗੂੰਜ ਕੇ ਖ਼ਾਮੋਸ਼ ਹੋ ਗਿਆ।
ਫਿਰ ਕਾਲੂ ਭੰਗੀ ਨੇ ਕਿਹਾ, “ਮੇਰਾ ਖਿਆਲ ਕਿ ਉਹ ਨਕੂਰ ਗਈ ਹੋਵੇਗੀ ਤੁਹਾਡੇ ਮਾਮੂ ਦੇ ਕੋਲ।”
ਨਕੂਰ ਦੇ ਦੋ ਕੋਹ ਇਧਰ ਉਨ੍ਹਾਂ ਨੂੰ ਬਖਤਿਆਰ ਦੀਆਂ ਮਾਂ ਮਿਲੀ। ਬਰਫ਼ ਡਿੱਗ ਰਹੀ ਸੀ ਅਤੇ ਉਹ ਚਲੀ ਜਾ ਰਹੀ ਸੀ । ਡਿੱਗਦੀ ਢਹਿੰਦੀ, ਲੁੜਕਦੀ ਖੜਦੀ, ਹਫ਼ਦੀ ਕੰਬਦੀ, ਅੱਗੇ ਵੱਧਦੀ ਚਲੀ ਜਾ ਰਹੀ ਸੀ। ਅਤੇ ਜਦੋਂ ਬਖਤਿਆਰ ਨੇ ਫੜਿਆ ਤਾਂ ਉਸਨੇ ਇੱਕ ਪਲ ਲਈ ਹੱਥ ਪੈਰ ਚਲਾਏ ਪਰ ਫਿਰ ਉਹ ਉਸਦੀਆਂ ਬਾਹਾਂ ਵਿੱਚ ਡਿੱਗ ਕੇ ਬੇਹੋਸ਼ ਹੋ ਗਈ। ਅਤੇ ਬਖਤਿਆਰ ਦੀ ਪਤਨੀ ਨੇ ਉਸਨੂੰ ਬੋਚ ਲਿਆ ਅਤੇ ਰਸਤੇ ਵਿੱਚ ਉਹ ਉਸਨੂੰ ਵਾਰੀ ਵਾਰੀ ਚੁੱਕਦੇ ਚਲੇ ਆਏ। ਬਖਤਿਆਰ ਅਤੇ ਕਾਲੂ ਭੰਗੀ ਅਤੇ ਜਦੋਂ ਉਹ ਲੋਕ ਵਾਪਸ ਘਰ ਪੁੱਜੇ ਤਾਂ ਬਿਲਕੁੱਲ ਹਨੇਰਾ ਹੋ ਚਲਿਆ ਸੀ। ਅਤੇ ਉਨ੍ਹਾਂ ਨੂੰ ਵਾਪਸ ਆਉਂਦੇ ਵੇਖਕੇ ਬੱਚੇ ਰੋਣ ਲੱਗੇ। ਅਤੇ ਕਾਲੂ ਭੰਗੀ ਇੱਕ ਪਾਸੇ ਹੋਕੇ ਖੜਾ ਹੋ ਗਿਆ ਅਤੇ ਆਪਣਾ ਸਿਰ ਖੁਰਕਣ ਲਗਾ ਅਤੇ ਏਧਰ ਉੱਧਰ ਦੇਖਣ ਲਗਾ। ਫਿਰ ਉਸਨੇ ਹੌਲੀ-ਹੌਲੀ ਬੂਹਾ ਖੋਲਿਆ ਅਤੇ ਉੱਥੋਂ ਚਲਾ ਆਇਆ। ਹਾਂ ਬਖਤਿਆਰ ਦੀ ਜ਼ਿੰਦਗੀ ਵਿੱਚ ਅਫ਼ਸਾਨੇ ਹਨ, ਛੋਟੇ-ਛੋਟੇ ਖ਼ੂਬਸੂਰਤ ਅਫਸਾਨੇ। ਕਾਲੂ ਭੰਗੀ ਮੈਂ ਤੇਰੇ ਬਾਰੇ ਹੋਰ ਕੀ ਲਿਖਾਂ? ਹਸਪਤਾਲ ਦੇ ਹਰ ਆਦਮੀ ਦੇ ਬਾਰੇ ਵਿੱਚ ਕੁੱਝ ਨਾ ਕੁੱਝ ਲਿਖ ਸਕਦਾ ਹਾਂ ਮੈਂ ਲੇਕਿਨ ਤੇਰੇ ਬਾਰੇ ਇੰਨਾ ਕੁੱਝ ਕੁਰੇਦਣ ਦੇ ਬਾਅਦ ਵੀ ਸਮਝ ਨਹੀ ਆਉਂਦਾ ਕਿ ਤੇਰਾ ਕੀ ਕੀਤਾ ਜਾਵੇ। ਖ਼ੁਦਾ ਦੇ ਵਾਸਤੇ ਹੁਣ ਤੂੰ ਚਲੇ ਜਾ ਬਹੁਤ ਸਤਾ ਲਿਆ ਤੂੰ।
ਪਰ ਮੈਨੂੰ ਪਤਾ ਹੈ ਇਹ ਨਹੀਂ ਜਾਵੇਗਾ ਇਸ ਤਰ੍ਹਾਂ ਜ਼ਿਹਨ ਉੱਤੇ ਸਵਾਰ ਰਹੇਗਾ ਅਤੇ ਮੇਰੇ ਅਫ਼ਸਾਨਿਆਂ ਵਿੱਚ ਆਪਣੀ ਗੰਦੀ ਝਾੜੂ ਲਈ ਖੜਾ ਰਹੇਗਾ। ਹੁਣ ਮੈਂ ਸਮਝਦਾ ਹਾਂ ਤੂੰ ਕੀ ਚਾਹੁੰਦਾ ਹੈਂ । ਤੂੰ ਉਹ ਕਹਾਣੀ ਸੁਣਾਉਣਾ ਚਾਹੁੰਦਾ ਹੈ ਜੋ ਹੋਈ ਨਹੀ ਪਰ ਹੋ ਸਕਦੀ ਸੀ। ਮੈਂ ਤੇਰੇ ਪੈਰਾਂ ਤੋਂ ਸ਼ੁਰੂ ਕਰਦਾ ਹਾਂ। ਸੁਣ, ਤੂੰ ਚਾਹੁੰਦਾ ਹੈਂ ਕਿ ਕੋਈ ਤੇਰੇ ਗੰਦੇ ਖੁਰਦੁਰੇ ਪੈਰ ਧੋ ਧੋ ਕੇ ਉਨ੍ਹਾਂ ਦੀ ਗੰਦਗੀ ਦੂਰ ਕਰੇ। ਤੂੰ ਚਾਹੁੰਦਾ ਹੈਂ ਕਿ ਤੇਰੇ ਗੋਡਿਆਂ ਦੀਆਂ ਉਭਰੀਆਂ ਹੋਈਆਂ ਚੱਪਣੀਆਂ ਗੋਸ਼ਤ ਵਿੱਚ ਛੁਪ ਜਾਣ। ਤੇਰੇ ਪੱਟਾਂ ਵਿੱਚ ਤਾਕਤ ਅਤੇ ਸਖਤੀ ਆ ਜਾਵੇ, ਤੇਰੇ ਪੇਟ ਦੀਆਂ ਕੁਮਲਾਈਆਂ ਹੋਈਆਂ ਸਿਲਵਟਾਂ ਗਾਇਬ ਹੋ ਜਾਣ। ਤੇਰੇ ਕਮਜ਼ੋਰ ਜਿਹੇ ਸੀਨੇ ਦੇ ਗ਼ਰਦ ਗ਼ੁਬਾਰ ਨਾਲ ਅੱਟੇ ਹੋਏ ਵਾਲ਼ ਗਾਇਬ ਹੋ ਜਾਣ। ਤੂੰ ਚਾਹੁੰਦਾ ਹੈਂ ਕਿ ਕੋਈ ਤੇਰੇ ਹੋਠਾਂ ਵਿੱਚ ਰਸ ਪਾ ਦੇਵੇ, ਉਨ੍ਹਾਂ ਨੂੰ ਗੋਆਈ ਬਖਸ਼ ਦੇਵੇ। ਤੇਰੀਆਂ ਅੱਖਾਂ ਵਿੱਚ ਚਮਕ ਪਾ ਦੇਵੇ। ਤੂੰ ਚਾਹੁੰਦਾ ਹੈਂ ਕਿ ਤੇਰੀਆਂ ਗੱਲ੍ਹਾਂ ਵਿੱਚ ਲਹੂ ਭਰ ਦੇਵੇ ਅਤੇ ਤੇਰੇ ਟੋਟਣ ਨੂੰ ਘਣੇ ਵਾਲਾਂ ਦੀਆਂ ਜ਼ੁਲਫ਼ਾਂ ਅਤਾ ਕਰੇ। ਤੈਨੂੰ ਇੱਕ ਸਾਫ਼ ਸੁਹਣਾ ਲਿਬਾਸ ਦੇ ਦੇਵੇ। ਤੇਰੇ ਇਰਦ ਗਿਰਦ ਛੋਟੀ ਜਿਹੀ ਚਾਰ ਦੀਵਾਰੀ ਖੜੀ ਕਰ ਦੇਵੇ, ਹੁਸੀਨ, ਸਾਫ਼, ਪਾਕੀਜ਼ਾ। ਉਸ ਵਿੱਚ ਤੇਰੀ ਪਤਨੀ ਰਾਜ ਕਰੇ, ਤੇਰੇ ਬੱਚੇ ਕਹਿਕਹੇ ਲਗਾਉਂਦੇ ਫਿਰਨ। ਜੋ ਕੁੱਝ ਤੂੰ ਚਾਹੁੰਦਾ ਹੈਂ ਮੈਂ ਨਹੀ ਕਰ ਸਕਦਾ। ਮੈਂ ਤੇਰੇ ਟੁੱਟੇ ਫੁੱਟੇ ਦੰਦਾਂ ਵਿੱਚੋਂ ਰੋਦੀ ਹੋਈ ਹਾਸੀ ਸਿਆਣਦਾ ਹਾਂ
। ਜਦੋਂ ਤੂੰ ਗਾਂ ਕੋਲੋਂ ਆਪਣਾ ਗੰਜ ਚਟਵਾਉਂਦਾ ਹੈ ਤਾਂ ਮੈਨੂੰ ਪਤਾ ਹੈ ਕਿ ਤੂੰ ਆਪਣੀ ਕਲਪਨਾ ਵਿੱਚ ਆਪਣੀ ਪਤਨੀ ਨੂੰ ਵੇਖਦਾ ਹੈ ਜੋ ਤੇਰੇ ਵਾਲਾਂ ਵਿੱਚ ਆਪਣੀਆਂ ਉਂਗਲੀਆਂ ਫੇਰ ਕੇ ਤੇਰਾ ਸਿਰ ਸਹਿਲਾ ਰਹੀ ਹੈ। ਇਥੋਂ ਤੱਕ ਕਿ ਤੇਰੀਆਂ ਅੱਖਾਂ ਵੀ ਬੰਦ ਹੋ ਜਾਂਦੀਆਂ ਹਨ। ਤੇਰਾ ਸਿਰ ਝੁਕ ਜਾਂਦਾ ਹੈ ਅਤੇ ਤੂੰ ਉਸਦੀ ਮਿਹਰਬਾਨ ਆਗੋਸ਼ ਵਿੱਚ ਸੌਂ ਜਾਂਦਾ ਹੈਂ। ਅਤੇ ਜਦੋਂ ਤੂੰ ਆਹਿਸਤਾ ਆਹਿਸਤਾ ਅੱਗ ਉੱਤੇ ਮੇਰੇ ਲਈ ਮੱਕੀ ਦਾ ਭੁੱਟਾ ਸੇਕਦਾ ਹੈਂ ਅਤੇ ਮੈਨੂੰ ਜਿਸ ਪ੍ਰੇਮ ਨਾਲ ਕਹਿਲਾਉਂਦਾ ਹੈ ਤੁਸੀਂ ਆਪਣੇ ਜ਼ਿਹਨ ਦੀ ਗਹਿਰਾਈ ਵਿੱਚ ਉਸ ਨੰਨ੍ਹੇ ਬੱਚੇ ਨੂੰ ਵੇਖ ਰਿਹਾ ਹੁੰਦਾ ਹੈਂ ਜੋ ਤੇਰਾ ਬੇਟਾ ਨਹੀ ਹੈ ਜੋ ਅਜੇ ਨਹੀਂ ਆਇਆ ਜੋ ਤੇਰੀ ਜ਼ਿੰਦਗੀ ਵਿੱਚ ਕਦੇ ਨਹੀਂ ਆਵੇਗਾ। ਜਿਸ ਨੂੰ ਤੂੰ ਇੱਕ ਦਇਆਵਾਨ ਬਾਪ ਦੀ ਤਰ੍ਹਾਂ ਪਿਆਰ ਕੀਤਾ ਹੈ, ਗੋਦੀ ਵਿੱਚ ਖਿਡਾਇਆ ਹੈ, ਉਸਦਾ ਮੂੰਹ ਚੁੰਮਿਆ ਹੈ, ਉਸਨੂੰ ਆਪਣੇ ਘਨੇੜੇ ਬਿਠਾ ਕੇ ਦੁਨੀਆ ਭਰ ਵਿੱਚ ਘੁਮਾਇਆ ਹੈ। ਵੇਖ ਲਓ ਇਹ ਹੈ ਮੇਰਾ ਬੇਟਾ – ਇਹ ਹੈ ਮੇਰਾ ਬੇਟਾ ਅਤੇ ਜਦੋਂ ਇਹ ਸਭ ਕੁੱਝ ਤੈਨੂੰ ਨਹੀਂ ਮਿਲਿਆ ਤਾਂ ਤੂੰ ਸਭ ਤੋਂ ਵੱਖ ਹੋਕੇ ਖੜਾ ਹੋ ਗਿਆ ਅਤੇ ਹੈਰਤ ਨਾਲ ਆਪਣਾ ਸਿਰ ਖੁਰਕਣ ਲਗਾ। ਅਤੇ ਤੇਰੀਆਂ ਉਂਗਲੀਆਂ ਅਚੇਤ ਤੌਰ ਉੱਤੇ ਗਿਣਨ ਲੱਗੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ – ਅੱਠ ਰੁਪਏ ਵਿੱਚ ਤੇਰੀ ਇਹ ਕਹਾਣੀ ਜਾਣਦਾ ਹਾਂ ਜੋ ਹੋ ਸਕਦੀ ਸੀ ਪਰ ਹੋ ਨਹੀਂ ਸਕੀ। ਕਿਉਂਕਿ ਮੈਂ ਕਹਾਣੀ ਲੇਖਕ ਹਾਂ ਮੈਂ ਇੱਕ ਨਵੀਂ ਕਹਾਣੀ ਘੜ ਸਕਦਾ ਹਾਂ, ਇੱਕ ਨਵਾਂ ਇਨਸਾਨ ਨਹੀਂ ਘੜ ਸਕਦਾ। ਇਸਦੇ ਲਈ ਮੈਂ ਇਕੱਲਾ ਕਾਫ਼ੀ ਨਹੀਂ ਹਾਂ। ਇਸਦੇ ਲਈ ਕਹਾਣੀਕਾਰ ਅਤੇ ਉਸਦਾ ਪਾਠਕ ਅਤੇ ਡਾਕਟਰ, ਅਤੇ ਕੰਪਾਊਂਡਰ ਅਤੇ ਬਖਤਿਆਰ ਅਤੇ ਪਿੰਡ ਦੇ ਪਟਵਾਰੀ ਅਤੇ ਨੰਬਰਦਾਰ ਅਤੇ ਦੁਕਾਨਦਾਰ ਅਤੇ ਹਾਕਮ ਅਤੇ ਸਿਆਸਤਦਾਨ ਅਤੇ ਮਜ਼ਦੂਰ ਅਤੇ ਖੇਤ ਵਿੱਚ ਲੱਖਾਂ ਕਰੋੜਾਂ ਅਰਬਾਂ ਬੰਦਿਆਂ ਦੀ ਇਕੱਠੀ ਮੱਦਦ ਚਾਹੀਦੀ ਹੈ। ਮੈਂ ਇਕੱਲਾ ਲਾਚਾਰ ਹਾਂ, ਕੁੱਝ ਨਹੀ ਕਰ ਸਕਾਂਗਾ ਜਦੋਂ ਤੱਕ ਅਸੀ ਸਭ ਮਿਲਕੇ ਇੱਕ ਦੂਜੇ ਦੀ ਮਦਦ ਨਹੀਂ ਕਰਾਂਗੇ, ਇਹ ਕੰਮ ਨਹੀਂ ਹੋਵੇਗਾ ਅਤੇ ਤੂੰ ਇਸੇ ਤਰ੍ਹਾਂ ਆਪਣਾ ਝਾੜੂ ਲਈ ਮੇਰੇ ਜ਼ਿਹਨ ਦੇ ਦਰਵਾਜ਼ੇ ਉੱਤੇ ਖੜਾ ਰਹੇਗਾ ਅਤੇ ਮੈਂ ਕੋਈ ਅਜ਼ੀਮ ਅਫ਼ਸਾਨਾ ਨਹੀਂ ਲਿਖ ਸਕਾਂਗਾ। ਜਿਸ ਵਿੱਚ ਇਨਸਾਨੀ ਰੂਹ ਦੀ ਮੁਕੰਮਲ ਖੁਸ਼ੀ ਝਲਕ ਉੱਠੇ ਅਤੇ ਕੋਈ ਆਰਕੀਟੈਕਟ ਅਜ਼ੀਮ ਇਮਾਰਤ ਨਹੀਂ ਉਸਾਰ ਸਕੇਗਾ ਜਿਸ ਵਿੱਚ ਸਾਡੀ ਕੌਮ ਦੀ ਅਜ਼ਮਤ ਆਪਣੀਆਂ ਬੁਲੰਦੀਆਂ ਛੂਹ ਲਵੇ ਅਤੇ ਕੋਈ ਅਜਿਹਾ ਗੀਤ ਨਹੀਂ ਗਾ ਸਕੇਗਾ ਜਿਸਦੀ ਵਿਸ਼ਾਲਤਾ ਵਿੱਚ ਕਾਇਨਾਤ ਦੀ ਸਰਬਵਿਆਪਕਤਾ ਝਲਕ ਪਵੇ। ਇਹ ਭਰਪੂਰ ਜ਼ਿੰਦਗੀ ਸੰਭਵ ਨਹੀਂ ਜਦ ਤੱਕ ਤੂੰ ਝਾੜੂ ਲਈ ਇੱਥੇ ਖੜਾ ਹੈਂ।
ਅੱਛਾ ਹੈ ਖੜਾ ਰਹਿ। ਫਿਰ ਸ਼ਾਇਦ ਉਹ ਦਿਨ ਆ ਜਾਵੇ ਕਿ ਤੈਥੋਂ ਤੇਰੀ ਝਾੜੂ ਛੁਡਾ ਦੇਵੇ ਅਤੇ ਤੇਰੇ ਹੱਥਾਂ ਨੂੰ ਨਰਮੀ ਨਾਲ ਫੜ ਕੇ ਤੈਨੂੰ ਸਤਰੰਗੀ ਪੀਂਘ ਦੇ ਉਸ ਪਾਰ ਲੈ ਜਾਵੇ।

(ਅਨੁਵਾਦ : ਚਰਨ ਗਿੱਲ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ