Kameen (Punjabi Story): Amrita Pritam

ਕਮੀਨ (ਕਹਾਣੀ) : ਅੰਮ੍ਰਿਤਾ ਪ੍ਰੀਤਮ

ਵੀਰਾਂ ਦਾ ਪਿਓ ਕਰਮ ਚੰਦ ਹੁਰਾਂ ਦੇ ਖੇਤ ਵਿਚ ਕਾਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ, ਵੀਰਾਂ ਮਸੇਂ ਕੁਛੜੋਂ ਲੱਥ ਕੇ ਰਿੱੜ੍ਹਨ ਜੋਗੀ ਹੋਈ ਸੀ । ਵੀਰਾਂ ਦਾ ਪਿਓ ਭਰ ਜਵਾਨੀ ਦੀ ਮੌਤ ਮੋਇਆ ਸੀ, ਜਿਸ ਲਈ ਇਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ-ਜਹਾਨ ਮਾਂ ਦੇ ਦੁੱਖ ਵਿਚ ਪੰਘਰ ਉੱਠਿਆ ਸੀ । ਕਿਸੇ ਨੇ ਕਪੜਾ, ਕਿਸੇ ਨੇ ਦਾਣੇ ਕਿਸੇ ਨੇ ਕਪਾਹ ਢੋ-ਢੋ ਕੇ ਵੀਰਾਂ ਦੀ ਮਾਂ ਨੂੰ ਆਉਂਦੇ ਸਿਆਲ ਦਾ ਬਾਨ੍ਹਣੂ ਬੰਨ੍ਹ ਦਿੱਤਾ ।

ਕੋਈ ਆਂਹਦਾ ਹੈ, ਵੀਰਾਂ ਦਾ ਪਿਓ ਛੀਂਬਿਆ ਦਾ ਪੁੱਤਰ ਸੀ ਤੇ ਕੋਈ ਆਂਹਦਾ ਸੀ ਜੁਲਾਹਿਆਂ ਦਾ । ਇਕ ਵਾਰ ਜਦੋਂ ਪਿੰਡਾਂ ਵਿਚ ਭਾਰੀ ਤਾਊਨ ਪਈ ਸੀ, ਉਸਦੇ ਵੱਡਿਆਂ ਦਾ ਘਰ ਜਿਵੇਂ ਹੂੰਝਿਆ ਗਿਆ ਸੀ, ਤੇ ਉਹ ਆਪਣੇ ਨਸੀਬਾਂ ਨੂੰ ਘਰ ਦੀ 'ਕੱਲੀ ਨਿਸ਼ਾਨੀ ਰਹਿ ਗਿਆ ਸੀ । ਤੇ ਫਿਰ ਉਹ ਜਿੰਨਾਂ ਚਿਰ ਜੀਵਿਆ ਕਰਮ ਚੰਦ ਦੇ ਖੇਤਾਂ ਵਿਚ ਕਾਮਾ ਬਣ ਕੇ ਰਿਹਾ । ਪਿੰਡ ਦੀਆਂ ਤੀਵੀਆਂ ਵੀਰਾਂ ਦੀ ਮਾਂ ਨੂੰ ਚੌੰਕੇ-ਚੁੱਲ੍ਹੇ ਦਾ ਕੰਮ ਨਹੀਂ ਸਨ ਦੱਸਦੀਆਂ, ਪਰ ਉਸ ਨੂੰ ਕਰਮ ਚੰਦ ਹੁਰਾਂ ਦੇ ਘਰ ਵਿਚ ਤੇ ਹੋਰ ਉਰ੍ਹਾਂ-ਪਰਾਂਹ ਦਾਣੇ ਛੜਨ ਦਾ ਚੋਖਾ ਕੰਮ ਮਿਲ ਗਿਆ ਸੀ । ਕਰਮ ਚੰਦ ਦੀ ਤੀਵੀਂ ਵੀਰਾਂ ਦੀ ਮਾਂ ਕੋਲੋਂ ਕੱਪੜਾ ਲੱਤਾ ਧੁਆ ਲੈਂਦੀ, ਚਰਖਾ ਕਤਵਾ ਲੈਂਦੀ ਤੇ ਹੋਰ ਉਸ ਨੂੰ ਕਿੰਨੇ ਨਿੱਕੇ-ਮੋਟੇ ਕੰਮ ਦੱਸ ਦੇਂਦੀ । ਕਰਮ ਚੰਦ ਦੀ ਤੀਵੀਂ ਹੱਥ ਦੀ ਘੁੱਟਵੀਂ ਨਹੀਂ ਸੀ ਜਿਸ ਲਈ ਵੀਰਾਂ ਨੂੰ ਰੋਜ਼ ਦੁੱਧ ਦਾ ਘੁੱਟ ਵੀ ਮਿਲ ਜਾਂਦਾ ਤੇ ਉਹਦੀ ਮਾਂ ਕਦੇ ਕੱਪੜੇ-ਲੱਤੇ ਤੋਂ ਵੀ ਸੌੜੀ ਨਾ ਹੁੰਦੀ ।

ਕਰਮ ਚੰਦ ਨੇ ਮੰਨਤਾਂ ਮੰਨ-ਮੰਨ ਕੇ ਰੱਬ ਕੋਲੋਂ ਪਿਛਲੀ ਉਮਰੇ ਇਕ ਪੁੱਤਰ ਲੱਭਾ ਸੀ । ਡਾਢੀਆਂ ਰੀਝਾਂ ਨਾਲ ਉਸ ਨੇ ਪੁੱਤਰ ਦਾ ਨਾਂ ਰੂਪ ਚੰਦ ਰੱਖਿਆ ਸੀ । ਹੋਰ ਰੂਪ ਚੰਦ ਦੀ ਨਾਂ ਕੋਈ ਭੈਣ ਸੀ ਨਾ ਕੋਈ ਭਰਾ । ਰੂਪ ਦੀ ਮਾਂ ਰੂਪ ਨੂੰ ਲਡਿਆਂਦੀ ਆਂਹਦੀ ਹੁੰਦੀ ਸੀ, "ਇਹੋ ਮੇਰਾ ਪਲੇਠੀ ਤੇ ਇਹੋ ਪੇਟ ਘਰੋੜਾ ।"

ਵੀਰਾਂ ਰੂਪ ਚੰਦ ਤੋਂ ਕੋਈ ਸੱਤ-ਅੱਠ ਵਰ੍ਹੇ ਛੋਟੀ ਸੀ । ਉਹ ਖੇਡਣ ਲਈ ਉਸਦਾ ਹਾਣ ਨਹੀਂ ਸੀ ਪਰ ਕੱਲੇ-ਕਾਰੇ ਰੂਪ ਨੂੰ ਜਿਵੇਂ ਉਹ ਇਕ ਖਿਡੌਣਾ ਲੱਭ ਪਈ ਸੀ । ਰੂਪ ਰੋਟੀ ਖਾਣ ਲਗਦਾ ਵੀਰਾਂ ਨੂੰ ਆਵਾਜ਼ ਦੇ ਲੈਂਦਾ । ਕਦੇ ਸੇਵੀਆਂ ਦਾ ਬੁੱਕ ਉਸ ਦੇ ਹੱਥਾਂ ਉੱਤੇ ਪਾ ਦਿੰਦਾ, ਕਦੇ ਖੀਰ ਉਸ ਦੀ ਰੋਟੀ ਉੱਤੇ ਲੱਦ ਦੇਂਦਾ । ਤੇ ਰਾਤੀਂ ਮਾਂ ਜਦੋਂ ਕਾੜ੍ਹਨੀ ਦਾ ਦੁੱਧ ਮਲਾਈ ਭਰ ਕੇ ਰੂਪ ਦੇ ਅੱਗੇ ਧਰਦੀ, ਉਹ, ਜਿਵੇਂ ਇਕਲੌਤੇ ਧੀਆਂ ਪੁੱਤਰ ਕਰਦੇ ਹਨ, ਦੁੱਧ ਤੋਂ ਮੂੰਹ ਭੁਆ ਲੈਂਦਾ । ਮਾਂ ਫੇਰ ਵੀਰਾਂ ਨੂੰ ਲੱਭਦੀ, ਉਸ ਨੂੰ ਵੀ ਉਸ ਦੀ ਕਟੋਰੀ ਵਿਚ ਦੁੱਧ ਪਾ ਦੇਂਦੀ ਤੇ ਫੇਰ ਉਹ, "ਵੇਖਾਂ ਭਲਾਂ ਕਿਹੜਾ ਡੀਕ ਲਾ ਕੇ ਪੀਂਦਾ ਏ …… ਅੱਖੀਂ ਮੀਟੀ ਕੌਣ ਪੀਵੇਗਾ ….।" ਸੌ ਸੌ ਪੱਜ ਕਰਦੀ ਤਾਂ ਮਸਾਂ ਕੀਤੇ ਕੁਝ ਰੂਪ ਦੇ ਸੰਘੋ ਲਹਿੰਦਾ ।

ਉਸ ਦੀਆਂ ਸ਼ਰੀਕਣੀਆਂ ਕਈ ਵਾਰ ਉਸ ਨੂੰ ਸੁਣਾਉਂਦੀਆਂ, "ਤੂੰ ਏਸ ਕਮੀਣ ਕੁੜੀ ਨੂੰ ਕਿਹਾ ਹਿਲਾ ਛੱਡਿਆ ਏ । ਜੋ ਵੀ ਤੇਰਾ ਪੁੱਤਰ ਖਾਵੇ, ਬਰਾਬਰ ਉਹਦੇ ਨਾਲ ਖਾਂਦੀ ਏ । ਲੋਕ ਪੁੱਤਰਾਂ ਨੂੰ ਅੰਦਰ ਵੜ ਕੇ ਖੁਆਂਦੇ ਨੇ ਕਿ ਇੰਝ ਖਾਧਾ-ਪੀਤਾ ਨਸ਼ਰ ਕਰਦੇ ਨੇ ……?"
"ਨੀ ਉਹ ਜਾਣੇ .. ਮੈਂ ਏਸ ਮੂੰਹ ਜੋਗੀ ਕਿੱਥੇ ਸਾਂ ….. ਕਿਸੇ ਪੰਜ ਗਰਾਹੀ ਖਾਂਦਾ ਤੇ ਹੈ ਨਾ …."
ਮਾਂ ਆਪਣੀਆਂ ਸ਼ਰੀਕਣੀਆਂ ਨੂੰ ਮੂੰਹ ਨਾ ਚੜ੍ਹਨ ਦੇਂਦੀ ।

ਵੀਰਾਂ ਨੂੰ ਨਾਵਾਂ ਵਰ੍ਹਾ ਚੜ੍ਹ ਪਿਆ । ਹੁਣ ਉਹ ਮਾਂ ਦੇ ਕੰਮਾਂ ਵਿਚ ਬਰਾਬਰ ਹੱਥ ਵਟਾਦੀਂ ਸੀ । ਆਪਣੇ ਘਰ ਉਸ ਦੀ ਮਾਂ ਜੋ ਭਾਂਡੇ ਮਾਂਜਦੀ ਹੁੰਦੀ, ਤਾਂ ਉਹ ਤੰਦੂਰ ਦੀ ਗਰਮ ਸੁਆਹ ਵਿਚ ਟਾਕੀ ਲਬੇੜ ਕੇ ਭਾਂਡਿਆਂ ਨੂੰ ਸੁੱਕਾ ਕਰਦੀ ਜਾਂਦੀ । ਤੇ ਜੇ ਸ਼ਾਹਣੀ ਦੇ ਘਰ ਉਸ ਦੀ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਉਹ ਨਿੱਕੇ ਕੱਪੜਿਆਂ ਨੂੰ ਛੱਡ-ਛੱਡ ਕੇ ਸੁੱਕਣੇ ਪਉਂਦੀ ਤੇ ਸੁੱਕਿਆਂ ਨੂੰ ਸਾਂਭਦੀ, ਅੰਦਰ ਸ਼ਾਹਣੀ ਦੀ ਮੰਜੀ ਉੱਤੇ ਤੈਹਾਂ ਲਾ ਆਓਂਦੀ । ਸ਼ਾਹਣੀ ਦੇ ਟਰੰਕਾਂ ਵਿਚ ਲੋੜ ਦੀਆਂ ਚੀਜ਼ਾਂ ਧਰ ਆਓਂਦੀ ਤੇ ਪੈਲੀਆਂ ਵਿਚੋਂ ਸਾਗ-ਪੱਤਰ ਤੋੜ ਲਿਆਓਂਦੀ ।

ਪੂਰੇ ਚਾਲ੍ਹੀ ਕਿੱਲੇ ਕਰਮ ਚੰਦ ਦੀ ਜ਼ਮੀਨ ਸੀ, ਪਿੰਡ ਵਿਚ ਨਿੱਕੀਆਂ ਇੱਟਾਂ ਦੀ ਕਿਲ੍ਹੇ ਜਿੱਡੀ ਹਵੇਲੀ ਸੀ ਤੇ ਬੂਹੇ ਉੱਤੇ ਤ੍ਰੈ ਲਵੇਰੇ ਬੱਝੇ ਹੋਏ ਸਨ । ਸੋਲ੍ਹਾਂ-ਸਤਾਰਾਂ ਵਰ੍ਹਿਆਂ ਦੇ ਰੂਪ ਨੂੰ ਹੁਣ ਕੁੜਮਾਈਆਂ ਢੁੱਕ ਢੁੱਕ ਆਉਂਦੀਆਂ ਸਨ ।
"ਮੈਂ ਨਹੀਂ ਜੋ ਲੋਕਾਂ ਨੂੰ ਬਹੁਤੇ ਫੇਰੇ ਪਵਾਣੇ । ਅੱਜ ਮੈਂ ਏਸ ਮੂੰਹ ਜੋਗੀ ਹੋਈ, ਤਾਂ ਲੋਕ ਮੇਰੀਆਂ ਦਲ੍ਹੀਜਾਂ ਤੇ ਚੜ੍ਹੇ । ਮਰ-ਮਰ ਕੇ ਮੈਂ ਪੁੱਤਰ ਲੱਭਾ ਏ । ਇੰਝ ਲੋਕਾਂ ਦੇ ਮੂੰਹ ਵਿਚ ਆ ਜਾਈਦਾ ਏ ਲੋਕ ਆਂਹਦੇ ਨੇ ਇਹ ਫਿੱਟ ਗਏ ਨੇ ………" ਇੰਝ ਕਰਮ ਚੰਦ ਦੀ ਤੀਵੀਂ ਕਰਮ ਚੰਦ ਨੂੰ ਆਂਹਦੀ ਰਹਿੰਦੀ । ਆਖ਼ਰ ਕਰਮ ਚੰਦ ਨੇ ਨਾਲ ਦੇ ਪਿੰਡ ਦੇ ਇਕ ਸਰਦੇ-ਪੁੱਜਦੇ ਘਰੋਂ ਗੁੜ ਦੀ ਰੋੜੀ ਤੇ ਪੰਜ ਰੁਪਈਏ ਲੈ ਲਏ । ਅਜੇ ਵਿਆਹ ਦੀ ਤਾਰੀਖ ਨਹੀਂ ਸੀ ਪਈ ਜਦੋਂ ਕਰਮ ਚੰਦ ਦੇ ਘਰ ਵਿਚ ਹੋਣੀ ਵਰਤ ਗਈ । ਰੂਪ ਦੀ ਮਾਂ ਦੋ ਦਿਨਾਂ ਦੇ ਤਾਪ ਨਾਲ ਇਸ ਦੁਨੀਆਂ ਤੋਂ ਟੁਰ ਗਈ । ਤੇ ਆਪ ਕਰਮ ਚੰਦ ਦੀਆਂ ਅੱਖਾਂ ਰਹੀ ਗਈਆਂ ।

ਵੀਰਾਂ ਦੀ ਮਾਂ ਨੇ ਆਪਣਾ ਅੰਗ ਪਾਲਿਆ ਤੇ ਘਰ ਨੂੰ ਇਸ ਤਰ੍ਹਾਂ ਸਾਂਭਦੀ-ਸਿਕਰਦੀ ਰਹੀ ਕਿ ਬੁੱਢੇ ਤੇ ਮੁਥਾਜ ਕਰਮ ਚੰਦ ਦੇ ਮੂੰਹੋ ਦਿਹਾੜੀ ਵਿਚ ਵੀਰਾਂ ਨੂੰ ਤੇ ਉਸਦੀ ਮਾਂ ਨੂੰ ਸੱਤ ਸੱਤ ਅਸੀਸਾਂ ਨਿਕਲਦੀਆਂ । ਰੋਟੀ ਟੁੱਕਰ ਕਰਨ ਵਾਸਤੇ ਉਨ੍ਹਾਂ ਨੇ ਪਿੰਡ ਦੀ ਇਕ ਮਹਿਰੀ ਨੂੰ ਲਾ ਲਿਆ ਸੀ ।

"ਵੀਰਾਂ ਧੀਏ ! ਮੇਰੀ ਸੋਟੀ ਤੇ ਫੜਾ ਜਾਈਂ ……ਕੀ ਚਾੜ੍ਹਿਆ ਜੇ ਅੱਜ ਵੀਰਾਂ ਧੀਏ…ਅੱਜ ਲੱਸੀ ਵਿਚ ਲੂਣ ਨਹੀਂ ਜੇ ਖੋਰਿਆ …. ਮੈਂ ਨਹੀਂ ਜੇ ਦੁੱਧ ਪੀਣਾ ਜਾਗ ਲਾ ਛੱਡੋ….." ਭਾਂਵੇ ਇਹ ਕੰਮ ਉਸ ਮਹਿਰੀ ਤੀਵੀਂ ਨੇ ਕਰਨੇ ਹੁੰਦੇ ਸਨ ਪਰ ਪਲੇ-ਪਲੇ ਕਰਮ ਚੰਦ ਵੀਰਾਂ ਨੂੰ ਹੀ ਆਵਾਜ਼ਾਂ ਦੇਂਦਾ । ਉਹ ਕਰਮ ਚੰਦ ਦਾ ਹੱਥ ਫੜ ਕੇ ਉਸ ਨੂੰ ਪਸਾਰ ਵਿਚ ਲਿਆਉਂਦੀ ਤੇ ਜੇ ਉੱਥੇ ਪਾਲਾ ਹੁੰਦਾ ਉਸ ਦੀ ਮੰਜੀ ਅੰਦਰ ਕਰ ਦੇਂਦੀ । ਇੰਝ ਵੀਰਾਂ ਦੀ ਤੇ ਉਸਦੀ ਮਾਂ ਦੀ ਦਿਹਾੜ ਬੀਤ ਜਾਂਦੀ ।
ਸਾਰੇ ਲੋਕ ਆਂਹਦੇ ਸਨ ਤੇ ਕਰਮ ਚੰਦ ਆਪ ਵੀ ਆਂਹਦਾ ਸੀ, "ਹੁਣ ਜਿਵੇਂ-ਕਿਵੇਂ ਰੂਪ ਦਾ ਵਿਆਹ ਕਰ ਛੱਡੀਏ ਸ਼ਰੀਕੇ ਵਿਚੋਂ ਰੂਪ ਚੰਦ ਦੀ ਇਕ ਤਾਈ ਸੱਤਾਂ ਹਸਾਨਾਂ ਨਾਲ ਰਹਿਣ ਵਾਸਤੇ ਆਈ ਤੇ ਘਰ ਵਿਚ ਰੂਪ ਦਾ ਵਿਆਹ ਰਚਿਆ ਗਿਆ ।
ਕੰਮਾਂ ਦਾ ਗਾਹੜ ਪੈ ਗਿਆ । ਵੀਰਾਂ ਦੀ ਮਾਂ ਪਲੇ-ਪਲੇ ਸ਼ਾਹਣੀ ਨੂੰ ਯਾਦ ਕਰਦੀ ਤੇ ਅੱਖਾਂ ਭਰ ਲੈਂਦੀ । ਵੀਰਾਂ ਵਿਆਹ ਦੇ ਕੰਮਾ ਵਿਚ ਉੱਡਦੀ ਫਿਰਦੀ ਸੀ ।
ਜੰਝ ਦੇ ਨਾਲ ਹੋਰ ਕੋਈ ਤੀਵੀਂ ਨਹੀਂ ਸੀ ਸਿਰਫ ਵੀਰਾਂ ਤੇ ਵੀਰਾਂ ਦੀ ਮਾਂ ਮੌਲੀ-ਮਹਿੰਦੀ ਤੇ ਹੋਰ ਸ਼ਗਨ ਦੀਆਂ ਚੀਜ਼ਾਂ ਲੈ ਕੇ ਗਈਆਂ ।
ਸ਼ਿੱਬੋ, ਰੂਪ ਦੀ ਹੋਣ ਵਾਲੀ ਵਹੁਟੀ ਦਾ ਨਾਂ ਸੀ । ਵੀਰਾਂ ਨੇ ਸਹੇਲੀਆਂ ਦੇ ਵਾਕੁਰ ਸ਼ਿੱਬੋ ਨੂੰ ਮਹਿੰਦੀ ਲਾਈ । ਤੇ ਜਦੋਂ ਸ਼ਿੱਬੋ ਦੀਆਂ ਪੇੱਕੀਆਂ ਸ਼ਿੱਬੋ ਨੂੰ ਵੱਟਨਾਂ ਮਲ-ਮਲ ਨੁਹਾਂਦੀਆਂ ਰਹੀਆਂ, ਵੀਰਾਂ ਬਰਾਬਰ ਉਨ੍ਹਾਂ ਦੇ ਨਾਲ ਗਾਉਂਦੀ ਰਹੀ । ਤੇ ਫੇਰ ਵੀਰਾਂ ਨੇ ਉਸ ਦੇ ਵਾਲਾਂ ਵਿਚ ਸੂਹਾ ਲਾਲ ਪਰਾਂਦਾ ਗੁੰਦਿਆ ।
ਸ਼ਿੱਬੋ ਦਾ ਬੁੱਕ ਭਾਰਾ ਸੀ, ਜਿਸ ਲਈ ਉਸਦਾ ਮਾਮਾ ਸਰ੍ਹੋਂ ਦਾ ਤੇਲ ਲਾ-ਲਾ ਕੇ ਉਸ ਨੂੰ ਚੂੜਾ ਚਾੜ੍ਹਦਾ ਰਿਹਾ । ਕਿੱਡੀਆਂ ਹੀ ਚੀਸਾਂ ਸ਼ਿੱਬੋ ਨਾ ਸਹੀ ਨਾ ਹੋਣ ਦਿੱਤੀਆਂ ਪਰ ਹੁਣ ਸੱਜੇ ਹੱਥ ਦੀਆਂ ਅਗਲੀਆਂ ਚੂੜੀਆਂ ਚਾੜ੍ਹਨ ਲਈ ਜਿਓਂ-ਜਿਓਂ ਉਸਦਾ ਮਾਮਾ ਜ਼ੋਰ ਲਾਂਦਾ ਸ਼ਿੱਬੋ ਦੇ ਹੱਥ ਉੱਤੇ ਲਾਸ ਡੂੰਘੀ ਹੁੰਦੀ ਜਾਂਦੀ ਤੇ ਮਾਸ ਉੱਭਰਦਾ ਆਓਂਦਾ ।
ਸ਼ਿੱਬੋ ਦੀ ਖੱਬੀ ਬਾਂਹ ਨੂੰ ਚੂੜਾ ਚੜ੍ਹ ਚੁੱਕਾ ਸੀ ਤੇ ਵੀਰਾਂ ਉਸ ਦੇ ਪਾਸੇ ਨਾਲ ਅੱਟੀ ਹੋਈ ਉਸ ਦੀ ਚੂੜੇ ਵਾਲੀ ਬਾਂਹ ਆਪਣੇ ਹੱਥਾਂ ਵਿਚ ਲੈ ਕੇ ਸ਼ਿੱਬੋ ਦੇ ਵੱਲ ਇੰਝ ਤੱਕਦੀ ਪਈ ਸੀ, ਜਿਵੇਂ ਉਸ ਦੇ ਕੋਲੋਂ ਸ਼ਿੱਬੋ ਦੀ ਝਾਲ ਨਾ ਝੱਲੀ ਜਾਂਦੀ ਹੋਵੇ ।

ਸ਼ਿੱਬੋ ਦਾ ਮਾਮਾ ਥੱਕ ਲੱਥਾ ਸੀ ਪਰ ਸੱਜੇ ਹੱਥ ਦੀਆਂ ਅਗਲੀਆਂ ਦੋ ਚੂੜੀਆਂ ਅਜੇ ਵੀ ਸ਼ਿੱਬੋ ਦੇ ਬੁੱਕ ਤੋਂ ਲੰਘੀਆਂ ਨਹੀਂ ਸਨ ਤੇ ਸ਼ਿੱਬੋ ਦੀਆਂ ਅੱਖਾਂ ਵਿਚ ਗ਼ਲੇਡੂ ਭਰ ਆਏ ਸਨ । ਆਖਰ ਚੂੜੀਆਂ ਨੇ ਮਾਸ ਦੇ ਉਭੱਰੇ ਵੱਟਾਂ ਨੂੰ ਪੀਚਿਆ ਤੇ ਬਾਂਹ ਵੱਲ ਨੂੰ ਤਿਲਕੀਆਂ, "ਉਈ …" ਸ਼ਿੱਬੋ ਕੋਲੋਂ ਪੀੜ ਨਾ ਜਰੀ ਗਈ ਪਰ ਜਿਓਂ ਹੀ ਵੀਰਾਂ ਨੇ ਦੋਹਾਂ ਹੱਥਾਂ ਵਿਚ ਲੈ ਕੇ ਸ਼ਿੱਬੋ ਦੀ ਬਾਂਹ ਨੂੰ ਛਣਕਾਇਆ, ਸ਼ਿੱਬੋ ਨੂੰ ਮੱਲੋ ਮੱਲੀ ਹਾਸਾ ਆ ਗਿਆ ।
ਸ਼ਿੱਬੋ ਦੀਆਂ ਬਾਂਹਵਾ ਨਾਲ ਗਰੀਆਂ ਤੇ ਕੌਡੀਆਂ ਨਾਲ ਪਰੁਚੇ ਹੋਏ ਕਲੀਰੇ ਬੱਝ ਗਏ । ਵੀਰਾਂ ਨੇ ਚਿੱਟੀਆਂ ਤੇ ਗੁੱਟਕਣੀਆਂ ਕੌਡੀਆਂ ਨੂੰ ਮੁੜ ਛਣਕਾ ਕੇ ਤੱਕਿਆ ।
"ਆਹ ਲੈ ਖੋਪਾ ਤੇਰੇ ਸਿਰ ਉੱਤੇ ਮਾਰਨੀ ਆਂ, ਤੇਰਾ ਵਿਆਹ ਬੱਸ ਝੱਟ ਹੀ ਹੋ ਜਾਵੇਗਾ । ਤੇ ਫੇਰ ਤੂੰ ਇਹੋ-ਜਿਹਾ ਚੂੜਾ ਪਾਵੇਂਗੀ, ਇਹੋ ਜਿਹੇ ਕਲ੍ਹੀਰੇ ਬੰਨ੍ਹੇਗੀ" ਸ਼ਿੱਬੋ ਨੇ ਹੱਸ ਹੱਸ ਕੇ ਜਿੱਥੇ ਆਪਣੀਆਂ ਹੋਰ ਕੰਵਾਰੀਆਂ ਸਹੇਲੀਆਂ ਦੇ ਸਿਰ 'ਤੇ ਵਾਰੋ ਵਾਰ ਕਲ੍ਹੀਰੇ ਦਾ ਖੋਪਾ ਮਾਰਿਆ ਉੱਥੇ ਵੀਰਾਂ ਦੇ ਸਿਰ ਉੱਤੇ ਦੋ ਵਾਰ ਖੋਪਾ ਧਰਿਆ ।

ਵੀਰਾਂ ਰੱਜ ਕੇ ਖੁਸ਼ ਸੀ । ਜਦੋਂ ਸ਼ਿੱਬੋ ਨੇ ਮੱਥੇ ਉੱਤੇ ਦੌਣੀ ਬੱਝੀ ਵੀਰਾਂ ਦੀਆਂ ਅੱਡੀਆਂ ਭੋਏਂ 'ਤੇ ਨਹੀਂ ਸਨ ਲੱਗਦੀਆਂ । ਉਹ ਪੱਬਾਂ ਦੇ ਭਾਰ ਹੋ-ਹੋ ਕੇ ਸ਼ਿੱਬੋ ਦੇ ਮੱਥੇ ਵੱਲ ਵੇਂਹਦੀ ਰਹੀ । ਆਖਰ ਡੋਲੀ ਤੁਰਨ ਦਾ ਵੇਲਾ ਹੋ ਪਿਆ । ਵੀਰਾਂ ਨੂੰ ਖਾਣ ਦੀ ਸੁੱਧ ਸੀ ਨਾ ਪੀਣ ਦੀ । ਉਸ ਨੂੰ ਜਿਵੇਂ ਅੱਜ ਕੁਝ ਲੱਭ ਪਿਆ ਸੀ ।

ਪੇਕੀਆਂ ਤੀਵੀਆਂ ਮੁੜ-ਮੁੜ ਸ਼ਿੱਬੋ ਦੇ ਗਲ ਮਿਲਦੀਆਂ । ਹੁਣ ਉਹ ਸਹੁਰਿਆਂ ਦੀ ਦੌਲਤ ਸੀ ਤੇ ਪੇਕਿਆਂ ਦੀ ਪ੍ਰਾਹੁਣੀ ਸੀ । ਨਿੱਕਿਆਂ ਅੰਜਾਣਿਆਂ ਨੂੰ ਵਹੁਟੀ ਬਣੀ ਸ਼ਿੱਬੋ ਦੇ ਕੋਲ ਢੁਕ-ਢੁਕ ਕੇ ਬਹਿਣ ਦਾ ਚਾਅ ਸੀ । ਪਰ ਵੀਰਾਂ ਨੂੰ ਜਾਪਦਾ ਸੀ ਹੁਣ ਸ਼ਿੱਬੋ ਉੱਤੇ ਉਸ ਦਾ ਸਾਰਿਆਂ ਤੋਂ ਬਹੁਤਾ ਹੱਕ ਸੀ । ਇਸ ਲਈ ਉਹ ਸ਼ਿੱਬੋ ਦੇ ਪਾਸੇ ਨਾਲ ਅੱਟੀ ਹੋਈ ਸੀ ।
ਸ਼ਿੱਬੋ ਦੀਆਂ ਸਹੇਲੀਆਂ ਉਸ ਦੇ ਕੰਨਾਂ ਵਿਚ ਪਤਾ ਨਹੀਂ ਕੀ-ਕੀ ਕਹਿਣਾ ਚਾਹੁੰਦੀਆਂ ਸਨ ਤੇ ਉਹਨਾਂ ਦਾ ਜੀਅ ਕਰਦਾ ਸੀ ਉਹ ਦੋ ਮਿੰਟ ਇੱਕਲੀਆਂ ਸ਼ਿੱਬੋ ਕੋਲ ਬਹਿਣ । ਆਖਰ ਇਕ ਸਹੇਲੀ ਨੇ ਡਾਢੇ ਰੋਹ ਨਾਲ ਆਖਿਆ, "ਇਕ ਤੇ ਅਹਿ ਕਮੀਣ ਕੁੜੀ ਨਹੀਂ ਇਹਦੇ ਪਾਸੇ ਨਾਲੋਂ ਲਹਿੰਦੀ ।"
ਵੀਰਾਂ ਦਾ ਮੂੰਹ ਲਹਿ ਗਿਆ ਤੇ ਉਹ ਚੁੱਪ-ਚਪੀਤੀ ਸ਼ਿੱਬੋ ਤੋਂ ਪਰ੍ਹਾਂ ਹਟ ਗਈ ।

ਨਾ ਸ਼ਿੱਬੋ ਨੇ ਚਾਰ ਦਿਨ ਪੀਹੜੇ ਉਤੇ ਬਹਿ ਕੇ ਤੱਕਿਆ ਤੇ ਨਾ ਗੋਟੇ ਨਾਲ ਜੜੇ ਹੋਏ ਕੱਪੜੇ ਹੰਢਾ ਕੇ ਵੇਖੇ । ਪੇਕੇ ਵੀ ਕਦੀ ਰੱਜ ਕੇ ਸ਼ਿੱਬੋ ਨੂੰ ਜਾਣਾ ਨਾ ਮਿਲਿਆ । ਭਾਵੇਂ ਉੱਤਲਾ ਕੰਮ ਵੀਰਾਂ ਦੀ ਮਾਂ ਹੀ ਕਰਦੀ ਸੀ ਪਰ ਰੋਟੀ-ਟੁੱਕਰ ਹੁਣ ਸ਼ਿੱਬੋ ਆਪ ਕਰਦੀ ਸੀ । ਮਹਿਰੀ ਉਹਨਾਂ ਨੇ ਲਾਹ ਛੱਡੀ ਸੀ । ਚਾਟੀਆਂ ਕੂਚਦੀ, ਦੁੱਧ ਜਮਾਂਦੀ ਤੇ ਲੱਸੀ ਰਿੜਕਦੀ ਸ਼ਿੱਬੋ ਦੀ ਦਿਹਾੜ ਲੰਘ ਜਾਂਦੀ । ਦੋ ਵੇਲੇ ਰੋਟੀ ਵੀ ਕਰਦੀ । ਫੇਰ ਦੁਪਿਹਰਾਂ ਵੇਲੇ ਚਰਖੇ ਨੂੰ ਚੋਪੜਦੀ, ਮਾਹਲ ਵੱਟਦੀ, ਨਵਾਂ ਬੀੜਾ ਪਾਂਦੀ ਤੇ ਜਾਂ ਕੋਈ ਮੂਹੜਾ ਜਾਂ ਪੱਛੀ ਉਣਦੀ, ਸ਼ਿੱਬੋ ਨੂੰ ਵਾਰ ਨਹੀਂ ਸੀ ਆਓਂਦਾ ।
ਕਰਮ ਚੰਦ ਗੱਲੇ-ਗੱਲੇ ਸ਼ਿੱਬੋ ਨੂੰ ਅਸੀਸਾਂ ਦੇਂਦਾ ਸੀ । ਪਰ ਵਰ੍ਹੇ ਉੱਤੇ ਵਰ੍ਹਾ ਪੈ ਚੱਲਿਆ ਸੀ ਪਤਾ ਨਹੀਂ ਸ਼ਿੱਬੋ ਨੂੰ ਕੋਈ ਅਸੀਸ ਲੱਗਦੀ ਕਿਓਂ ਨਹੀਂ ਸੀ । ਲੋਕ ਆਂਹਦੇ ਸਨ, "ਥੁੜ੍ਹਾਂ ਵਾਲੇ ਘਰ ਮਾਲੂਮ ਕਿਓਂ ਹੋਣ ।"
ਵਾਹ ਲੱਗਦੇ ਵੀਰਾਂ ਸਾਰਿਆਂ ਕੰਮਾਂ ਵਿਚ ਸ਼ਿੱਬੋ ਦਾ ਹੱਥ ਵਟਾਂਦੀ ਸੀ ਤੇ ਵੀਰਾਂ ਦੀ ਮਾਂ ਘਰ ਦੀ ਸੱਸ ਮਾਂ ਵਾਕੁਰ ਸ਼ਿੱਬੋ ਦਾ ਦਰਦ ਕਰਦੀ ਸੀ । ਵੀਰਾਂ ਨੂੰ ਜੁਆਨੀ ਹਾੜ੍ਹ ਕੇ ਚੜ੍ਹਦੀ ਪਈ ਸੀ । ਵੇਲਨਿਆਂ ਵਾਂਗ ਉਸਦੀਆਂ ਬਾਂਹਵਾਂ ਗੁੰਦੀਆਂ ਗਈਆਂ ਸਨ, ਕਈ ਵਾਰ ਵੀਰਾਂ ਦੀ ਮਾਂ ਸ਼ਿੱਬੋ ਦੇ ਕੋਲ ਬਹਿੰਦੀ ਤੇ ਆਂਹਦੀ, "ਪੱਲੇ ਚਾਰ ਕੌਡਾਂ ਵੀ ਨਹੀਂ, ਤੇ ਵੀਰਾਂ ਛੱਤ ਨੂੰ ਹੱਥ ਪਾਓਣ ਲੱਗ ਪਈ ਏ ।"
"ਤੂੰ ਕਾਹਨੂੰ ਝੂਰਨੀ ਏਂ ਮਾਂ ! ਜਿੱਥੇ ਉਹਦੇ ਸੰਜੋਗ ਹੋਣਗੇ ……" ਸ਼ਿੱਬੋ ਹਮੇਸ਼ਾਂ ਉਸ ਦਾ ਦਿਲ ਰੱਖ ਲੈਂਦੀ ।
ਸ਼ਿੱਬੋ ਦੇ ਵਿਆਹ ਨੂੰ ਛੇਵਾਂ ਵਰ੍ਹਾ ਲੱਗ ਪਿਆ । ਅਸੀਸਾਂ ਦੇ ਦੇ ਕੇ ਵਿਚਾਰੇ ਕਰਮ ਚੰਦ ਦੀ ਜੀਭ ਸੁੱਕ ਗਈ ਸੀ ਤੇ ਹੁਣ ਉਹ ਆਪਣੀਂ ਉਮਰ ਦੇ ਆਖਰੀ ਸਾਹ ਗਿਣਦਾ ਪਿਆ ਸੀ ।
"ਅੱਛਾ ਮੇਰੇ ਕਰਮਾਂ ਵਿਚ ਨਾ ਹੋਵੇਗਾ …." ਵਿਚਾਰਾ ਕਰਮ ਚੰਦ ਆਖੀਰੀ ਸਾਹ ਕਹਿੰਦਾ ਰਿਹਾ ।

ਹੁਣ ਘਰ ਵਿਚ ਸ਼ਿੱਬੋ ਤੇ ਉਸ ਦਾ ਮਰਦ ਹੀ ਰਹਿ ਗਏ ਸਨ । ਸ਼ਰੀਕੇ ਵਾਲੇ ਘਰਾਂ ਵਿਚ ਲੋਕ ਮੂੰਹ ਜੋੜਨ ਲੱਗ ਪਏ "ਜੀਵੇ ਰੂਪ ਚੰਦ —ਕੱਲ੍ਹ ਨੂੰ ਕਰਮ ਚੰਦ ਦਾ ਨਾਂ ਏਸ ਪਿੰਡ ਵਿਚ ਕਿਹਨੇ ਲੈਣਾ ਏਂ …. ਛੇ ਵਰ੍ਹੇ ਹੋ ਗਏ ਨੇ ….. ਰੱਬ ਨੇ ਦੇਣਾ ਹੁੰਦਾ ਤੇ ਪਹਿਲੇ ਦਿਨੋਂ ਹੀ ਨਾ ਦੇ ਦੇਂਦਾ … ਐਡੀਆਂ ਜ਼ਮੀਨਾਂ …ਐਡੀਆਂ ਹਵੇਲੀਆਂ ….."
ਸ਼ਿੱਬੋ ਜਿਓਂ-ਜਿਓਂ ਘਰ ਨੂੰ ਬਣਾਂਦੀ, ਸੰਵਾਰਦੀ, ਭਾਂਡਿਆਂ ਦੇ ਮੂੰਹ ਲਿਸ਼-ਲਿਸ਼ ਕਰਦੇ ਪਰ ਸ਼ਿੱਬੋ ਦਾ ਮੂੰਹ ਮੈਲਾ ਹੁੰਦਾ ਜਾਂਦਾ ਸੀ ।
ਰੂਪ ਚੰਦ ਨੇ ਕਦੇ ਉਸ ਨੂੰ ਕੁਝ ਨਹੀਂ ਸੀ ਆਖਿਆ । ਕਦੇ ਇਕ ਸੁਨੌਤ ਵੀ ਨਹੀਂ ਸੀ ਸੁੱਟੀ ਪਰ ਉਹ ਮਨ ਹੀ ਮਨ ਸੋਚਦੀ "ਆਖਰ ਉਹ ਉਹਦਾ ਕਿੰਨਾ ਕੁ ਚਿਰ ਲਿਹਾਜ ਕਰੇਗਾ ?"
ਇਕ ਦਿਹਾੜੇ ਸ਼ਿੱਬੋ ਆਪਣੇ ਮਨ ਨੂੰ ਆਟੇ ਵਾਂਗ ਪੀਹ ਲਿਆ ਤੇ ਆਪਣੇ ਮਰਦ ਨੂੰ ਹੋਰ ਵਿਆਹ ਕਰ ਲੈਣ ਲਈ ਆਖਿਆ । ਰੂਪ ਚੰਦ ਜਿਓਂ-ਜਿਓਂ ਗੱਲ ਨੂੰ ਟਾਲਦਾ ਰਿਹਾ, ਸ਼ਿੱਬੋ ਹੋਰ ਵੀ ਖਹਿੜੇ ਪੈਂਦੀ ਰਹੀ ।
"ਤੂੰ ਮੇਰਾ ਦਿਲ ਲੈਨੀ ਏਂ …"
"ਮੈਨੂੰ ਕਿਸੇ ਦੀ ਸੰਹੁ ਪੁਆ ਲਵੋ ਜੇ ਮੈਂ ਸੱਚੇ ਦਿਲੋਂ ਨਾ ਆਂਹਦੀ ਹੋਵਾਂ …."
"ਮੈਨੂੰ ਤੇ ਕੋਈ ਲੋੜ ਨਹੀਂ "
"ਸਾਰੀ ਉਮਰ ?"
"ਸਾਰੀ ਉਮਰ ।" ਤੇ ਰੂਪ ਚੰਦ ਬਾਹਰ ਖੇਤਾਂ ਨੂੰ ਤੁਰ ਗਿਆ । ਉਸ ਦਿਹਾੜੇ ਸ਼ਿੱਬੋ ਖੁਸ਼ ਸੀ । ਅਸਲ ਵਿਚ ਉਹ ਮਰਦ ਦਾ ਦਿਲ ਟੋਂਹਦੀ ਸੀ ਤੇ ਉਸ ਦੇ ਮੂੰਹੋਂ ਨਾਂਹ ਸੁਣ ਕੇ ਜਿਵੇਂ ਉਸ ਦੇ ਦਿਲ ਨੂੰ ਟੋਹਣੀ ਮਿਲ ਗਈ ਸੀ ।

ਵੀਰਾਂ ਨੂੰ ਭਰ ਜੁਆਨੀ ਚੜ੍ਹੀ ਸੀ । ਪਿਛਲੇ ਸਾਲ ਦੇ ਕੱਪੜੇ ਉਸ ਨੂੰ ਅੜਦੇ ਨਹੀਂ ਸਨ । ਵੀਰਾਂ ਦਾ ਰੰਗ ਕਣਕ-ਭਿਨਾਂ ਸੀ ਪਰ ਇਹ ਸੱਚ ਕਿ ਵੇਖਣ ਵਾਲੇ ਦੀ ਉਸ ਦੇ ਮੂੰਹ ਉੱਤੋਂ ਅੱਖ ਤਿਲਕ ਪੈਂਦੀ ਸੀ ।
ਵੀਰਾਂ ਦੀ ਮਾਂ ਸ਼ਿੱਬੋ ਨੂੰ ਮੁੜ-ਮੁੜ ਚੇਤੇ ਕਰਾਂਦੀ "ਜਿਹਦੇ ਬੂਹੇ ਏਡੀ ਜਵਾਨ ਧੀ ਹੋਵੇ, ਉਹਨੂੰ ਰਾਤੀਂ ਨੀਂਦਰ ਨਹੀਂ ਪੈਂਦੀ ਧੀਏ ! ਤੂਏਂ ਇਹਦੇ ਸਿਰ ਉੱਤੇ ਹੱਥ ਰੱਖ…"
ਇਕ ਰਾਤ ਸ਼ਿੱਬੋ ਨੇ ਰੂਪ ਚੰਦ ਅੱਗੇ ਵੀਰਾਂ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੀ ਵਲੋਂ ਦੋ-ਤਿੰਨ ਮੁੰਡਿਆਂ ਦੀ ਦੱਸ ਪਾਈ । ਫੇਰ ਵੀਰਾਂ ਨੂੰ ਦੇਣ-ਲੈਣ ਵਲੋਂ ਕਈ ਗੱਲਾਂ ਕਰਦੀ ਰਹੀ । ਰਾਤ ਕਿੱਡੀ ਹੋ ਚੱਲੀ ਸੀ ਪਰ ਰੂਪ ਚੰਦ ਨਾ ਹੁੰਗਾਰਾ ਭਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ ।
"ਸ਼ਿੱਬੋ ?" ਰੂਪ ਚੰਦ ਨੇ ਤ੍ਰਭਕ ਕੇ ਆਖਿਆ ।
"ਦੱਸੋ ।"
"ਇਕ ਵਾਰ ਤੂੰ ………" ਤੇ ਰੂਪ ਚੰਦ ਚੁੱਪ ਕਰ ਰਿਹਾ ।
"ਕੀ ਇਕ ਵਾਰ ਮੈਂ " ………ਸ਼ਿੱਬੋ ਪੁੱਛਦੀ ਰਹਿ ਗਈ ਪਰ ਰੂਪ ਚੰਦ ਕਿਨਾਂ ਚਿਰ ਕੁਝ ਨਾ ਬੋਲਿਆ ।
"ਅੱਜ ਕਲ੍ਹ ਜਾਤਾਂ ਕੌਣ ਵੇਂਹਦਾ ਏ ਸ਼ਿੱਬੋ, ਜੇ ਵੀਰਾਂ …….. " ਰੂਪ ਚੰਦ ਤੋਂ ਮਸਾਂ ਇਨਾਂ ਹੀ ਕਹਿਣ ਹੋਇਆ । ਸ਼ਿੱਬੋ ਨੂੰ ਸਮਝ ਕੁਝ ਨਾ ਪਈ ।
"ਵੀਰਾਂ ਸਾਰੀ ਉਮਰ ਤੇਰੀ ਟਹਿਲ ਕਰੇਗੀ …….." ਫੇਰ ਜਿਵੇਂ ਅੱਬੜ-ਵਾਹੇ ਰੂਪ ਚੰਦ ਨੇ ਆਖਿਆ । ਹੁਣ ਸ਼ਿੱਬੋ ਨੂੰ ਸਮਝ ਪੈ ਗਈ ਤੇ ਉਹ ਆਪਣੇ ਮਰਦ ਦੇ ਮੂੰਹ ਵਲ ਤੱਕਦੀ ਦੀ ਤੱਕਦੀ ਰਹਿ ਗਈ ।
"ਵੀਰਾਂ …" ਸ਼ਿੱਬੋ ਕੋਲੋਂ ਫੇਰ ਇਨਾਂ ਹੀ ਆਖ ਹੋਇਆ ਤੇ ਫੇਰ ਆਪਣੇ ਚੂੜੇ ਨਾਲ ਖੇਡਦੀ ਉਸ ਨੂੰ ਬਾਲੜੀ ਜਿਹੀ ਵੀਰਾਂ ਚੇਤੇ ਆ ਗਈ । ਤੇ ਫੇਰ ਸ਼ਿੱਬੋ ਨੂੰ ਚੇਤੇ ਆਇਆ ਕਿ ਉਸ ਨੇ ਵੀਰਾਂ ਨੂੰ ਦੋ ਵਾਰ ਖੋਪਾ ਮਾਰ ਕੇ ਆਖਿਆ ਸੀ, "ਆਹ ਲੈ ਤੇਰਾ ਵਿਆਹ ਝੱਟ ਹੀ ਹੀ ਜਾਏਗਾ ।"
ਫੇਰ ਸ਼ਿੱਬੋ ਦੇ ਜੀਅ ਵਿਚ ਇਕ ਵਲ੍ਹੇਟ ਪਿਆ, "ਵੀਰਾਂ ਤੂੰ ਉਦੋਂ ਹੀ ਕਿਓਂ ਨਾ ਚੂੜਾ ਚਾੜ੍ਹ ਲਿਆ …ਤੂੰ ਉਦੋਂ ਹੀ ਕਿਓਂ ਨਾ ਇਹ ਮਹਿੰਦੀ ਲਾ ਲਈ —ਤੂੰ ਉਦੋਂ ਹੀ ਕਿਓਂ ਇਹ ਕਲੀਰੇ ਕਿਓਂ ਨਾ ਬੰਨ੍ਹ ਲਏ…."

ਪਤਾ ਨਹੀਂ ਕਿਥੋਂ ਦੇ ਪੱਥਰ ਸ਼ਿੱਬੋ ਨੇ ਆਪਣੇ ਜੀਅ ਉੱਤੇ ਧਰ ਲਏ । ਉਂਜ ਵੀ ਉਹ ਸੋਚਦੀ ਸੀ ਜੇ ਮਰਦ ਆਪਣੀ ਆਈ ਉੱਤੇ ਆ ਜਾਏ ਤਾਂ ਉਹ ਭਲਾ ਉਸਦਾ ਕੀ ਕਰ ਸਕਦੀ ਸੀ । ਵੀਰਾਂ ਨਹੀਂ ਤੇ ਕੋਈ ਹੋਰ ਉਸ ਦੀ ਥਾਵੇਂ ਆ ਜਾਏਗੀ । ਨਾਲ ਦੇ ਪਿੰਡਾਂ ਵਿਚੋਂ ਕੇਹੜਾ ਸੀ ਜੁ ਆਪਣੀ ਧੀ ਨਹੀਂ ਸੀ ਦੇਣਾ ਚਾਹੁੰਦਾ …ਜੇ ਹੋਰ ਕਿਸੇ ਆਓਣਾ ਏਂ ਤਾਂ ਵੀਰਾਂ ਹੀ ਸਹੀ ….. ਤੇ ਦਲੀਲਾਂ ਵਿਚ ਪੈ-ਪੈ ਕੇ ਸ਼ਿੱਬੋ ਨੇ ਵੀਰਾਂ ਦੀ ਮਾਂ ਕੋਲੋਂ ਵੀਰਾਂ ਮੰਗ ਲਈ ।
"ਹਾਏ ਮੈਂ ਮਰ ਜਾਂ । …… ਭਲਾ ਕਦੀ ਇੰਜ ਵੀ ਹੋਇਆ ਏ ….ਜਹੀ ਉਹ ……" ਵੀਰਾਂ ਦੀ ਮਾਂ ਦੀ ਅਥਰ ਨਹੀਂ ਸੀ ਸੁੱਕਦੀ ਪਰ ਸ਼ਿੱਬੋ ਆਂਹਦੀ ਸੀ, "ਜਿੱਥੇ ਦੀ ਵੀਰਾਂ ਦੀ ਲਿਖੀ ਹੋਈ ਏ …"
ਦੂਜੇ ਕੰਨ ਉਸੇ ਵੇਲੇ ਖ਼ਬਰ ਹੋਈ ਜਦੋਂ ਵੀਰਾਂ ਨਿੱਕੀਆਂ ਇੱਟਾਂ ਦੀ ਹਵੇਲੀ ਵਿਚ ਵਹੁਟੀ ਬਣ ਕੇ ਆ ਗਈ ।
ਰੂਪ ਚੰਦ ਦੇ ਮੂੰਹ ਉੱਤੇ ਹੋਰ ਤੇ ਕਿਸੇ ਕੁਝ ਨਾ ਆਖਿਆ ਸਿਰਫ ਪਿੰਡ ਦੇ ਦੋ ਚਾਰ ਵੱਡਿਆਂ ਨੇ ਇਕ ਓਲਾਂਭੇ ਨਾਲ ਕਿਹਾ, "ਰੂਪ ਚੰਦਾ ! ਭਲਾ ਤੂੰ ਉਂਗਲੀ ਕਰਦੋਂ ਤਾਂ ਕਿਸੇ ਨੇ ਤੈਨੂੰ ਉੱਚੇ ਘਰ ਦੀ ਧੀ ਨਹੀਂ ਸੀ ਦੇਣੀ ? ਤੂੰ ਕਮੀਣਾਂ ਦੀ ਧੀ ਵਿਆਹ ਲਈ ………"
"ਕੋਈ ਨਹੀਂ ਚਾਚਾ, ਅੱਜ ਕੱਲ੍ਹ ਜਾਤਾਂ ਕੌਣ ਵੇਂਹਦਾ ਏ …." ਰੂਪ ਚੰਦ ਨੇ ਸਾਰਿਆਂ ਨੂੰ ਇੰਜ ਹੱਸ ਕੇ ਟਾਲ ਛੱਡਿਆ ।
ਕਈਆਂ ਨੇ ਉਭਾਸਰ ਕੇ ਤਾਂ ਕੁਝ ਨਾ ਕਿਹਾ ਪਰ ਆਲੇ ਟੋਲੇ ਕਰ ਕੇ ਰੂਪ ਚੰਦ ਦੇ ਘਰ ਦਾ ਲੱਸੀ ਪਾਣੀ ਛੱਡ ਦਿੱਤਾ ।

ਜਿਓਂ-ਜਿਓਂ ਸ਼ਿੱਬੋ ਦਾ ਮਨ ਕੰਮਾਂ ਵਿਚੋਂ ਮੁੱਕਦਾ ਜਾਂਦਾ ਸੀ । ਤਿਓਂ-ਤਿਓਂ ਵੀਰਾਂ ਪੈਸੇ-ਧੇਲੇ ਤੇ ਗਹਿਣੇ-ਗੱਟੇ ਦਾ ਸਾਂਭ-ਸਿੱਕਰ ਜ਼ੋਰੀਂ ਸ਼ਿੱਬੋ ਉੱਤੇ ਪਾਂਦੀ ਰਹਿੰਦੀ ਸੀ । ਉਂਜ ਉਸਨੇ ਸ਼ਿੱਬੋ ਕੋਲੋਂ ਸਾਰਾ ਖੇਚਲ ਵਾਲਾ ਕੰਮ ਆਪਣੇ ਜ਼ਿੰਮੇ ਲੈ ਲਿਆ ਸੀ । ਉਹ ਮੂੰਹ ਹਨ੍ਹੇਰੇ ਜਾਗਦੀ, ਖੁਰਚ ਖੁਰਚ ਕੇ ਅੰਦਰ ਬਾਹਰ ਧੋਂਦੀ ਤੇ ਨਿੱਕੇ-ਮੋਟੇ ਕੰਮ ਕਰਦੀ ਦੁਪਹਿਰਾਂ ਲਾਹ ਛੱਡਦੀ ।

ਵੀਰਾਂ ਦੇ ਹੱਥੀਂ ਅਜੇ ਚੂੜਾ ਨਹੀਂ ਸੀ ਮੈਲਾ ਹੋਇਆ ਜਦੋਂ ੧੯੪੭ ਚੜ੍ਹ ਪਿਆ ਤੇ ਸਾਰਿਆਂ ਪਿੰਡਾਂ ਵਿਚ ਫਸਾਦਾਂ ਦੀ ਅੱਗ ਲੱਗ ਪਈ । ਲੋਕ ਆਪਣੇ ਗੁਵਾਂਢੀਆਂ ਦੇ ਘਰ ਛੁਰਿਆਂ ਨੂੰ ਸਾਣ ਉਤੇ ਚੜ੍ਹਦਿਆਂ ਵੇਖਦੇ । ਲੋਕ ਛਵ੍ਹੀਆਂ ਨੂੰ ਮਾਂਜ ਮਾਂਜ ਕੇ ਅੰਦਰ ਧਰਦੇ । ਛੋਟੇ ਚਾਕੂ ਅਤੇ ਲੰਮੀਆਂ ਕਰਦਾਂ, ਗਾਜ਼ਰਾਂ ਤੇ ਮੂਲੀਆਂ ਵਾਕੁਰ ਵਿਕਦੀਆਂ । ਲੋਕਾਂ ਨੇ ਟੁੱਟੇ-ਭੁੱਜੇ ਸ਼ੀਸ਼ਿਆਂ ਦੀਆਂ ਕੰਕਰਾਂ ਇਕੱਠੀਆਂ ਕਰ ਲਈਆਂ ਤੇ ਸਾਬਣ ਵਿਚ ਪਾਣ ਵਾਲਾ ਸੋਡਾ ਘੋਲ ਘੋਲ ਕੇ ਲੋਕਾਂ ਨੇ ਭਾਂਡੇ ਭਰ ਲਏ । ਕਿਤੇ ਕੋਈ ਅੱਗ ਲਾਣ ਦਾ ਸਾਮਾਨ ਇਕੱਠਾ ਕਰਦਾ ਤੇ ਕਿਤੇ ਅੱਗ ਬੁਝਾਣ ਲਈ ਆਪਣੇ ਅੰਦਰ ਰੇਤ ਦੀਆਂ ਬੋਰੀਆਂ ਧਰਦਾ । ਤੀਵੀਆਂ ਨੇ ਤੋਲਾ ਤੋਲਾ ਅਫੀਮ ਦਾ ਕੰਨੀ ਨਾਲ ਬੰਨ੍ਹ ਛੱਡਿਆ ਸੀ।

ਅੱਗ ਅੰਦਰੇ-ਅੰਦਰ ਧੁਖਦੀ ਰਹੀ । ਫੇਰ ਧੂੰਏ ਉੱਚੇ ਹੁੰਦੇ ਗਏ ਤੇ ਫੇਰ ਅੱਖਾਂ ਦੇ ਸਾਹਮਣੇ ਲਾਟਾਂ ਬਲਣ ਲੱਗ ਪਈਆਂ । ਪਿੰਡਾਂ ਤੋਂ ਪਿੰਡਾਂ ਦੇ ਰਾਹ ਟੁੱਟ ਗਏ ਸਨ । ਜਿਥੇ ਕੋਈ ਹੈ ਸੀ, ਹੈ ਸੀ । ਦੂਜੇ ਦੀ ਸੂਰਤ ਲੈਣ ਜੋਗਾ ਕੋਈ ਨਹੀਂ ਸੀ । ਵੀਰਾਂ ਦੀ ਮਾਂ ਵੀਰਾਂ ਦੇ ਵਿਆਹ ਤੋਂ ਕੋਈ ਅੱਠ ਦਿਨ ਪਿਛੋਂ ਇਕ ਦੂਰ ਦੇ ਪਿੰਡ ਆਪਣੇ ਕਿਸੇ ਸਬੰਧੀ ਕੋਲ ਟੁਰ ਗਈ । ਹੁਣ ਉਸ ਨੂੰ ਆਪਣੀ ਧੀ ਦੇ ਘਰ ਰਹਿਣਾ ਚੰਗਾ ਨਹੀਂ ਸੀ ਲੱਗਦਾ । ਇਸ ਲਈ ਹਵੇਲੀ ਵਿਚ ਸ਼ਿੱਬੋ ਤੇ ਵੀਰਾਂ ਦੋਵੇਂ ਇੱਕਲੀਆਂ ਸਨ ।

ਸ਼ਰੀਕੇ ਦੇ ਦੋ ਘਰਾਂ ਨੇ, ਜਿਹਨਾਂ ਦੀ ਕੰਧ ਕਰਮ ਚੰਦ ਦੇ ਘਰ ਨਾਲ ਲੱਗਦੀ ਸੀ, ਉਸਦੀ ਪੱਕੀ ਹਵੇਲੀ ਵਿਚ ਠਾਹਰ ਲੈ ਲਈ । ਇਨ੍ਹਾਂ ਵਿਚੋਂ ਇਕ ਰੂਪ ਚੰਦ ਦਾ ਸ਼ਰੀਕੇ ਵਿਚ ਭਰਾ ਲੱਗਦਾ ਸੀ ਤੇ ਦੂਜਾ ਭਤੀਜਾ । ਭਰਾ ਨੇ ਆਪਣੇ ਤ੍ਰੈਵੇ ਬਾਲ ਆਪਣੀ ਇਕ ਭੈਣ ਕੋਲ ਲੁਧਿਆਣੇ ਘੱਲ ਛੱਡੇ ਸਨ ਤੇ ਆਪ ਦੋਵੇਂ ਜੀਅ ਆਪਣੇ ਘਰਾਂ-ਜ਼ਮੀਨਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ । ਭਤੀਜੇ ਦਾ ਵਿਆਹ ਵੀਰਾਂ ਦੇ ਵਿਆਹ ਤੋਂ ਮਸਾਂ ਮਹੀਨਾਂ ਅਗੋਂਂ ਹੋਇਆ ਸੀ ਤੇ ਉਸਦੀ ਵਹੁਟੀ ਦੇ ਹੱਥ ਵੀ ਅਜੇ ਦੰਦ-ਖੰਦ ਦਾ ਚੂੜਾ ਉਂਜੇ ਦਾ ਉਂਜੇ ਪਿਆ ਹੋਇਆ ਸੀ ।

ਮੁਸੀਬਤ ਨੇ ਤਿੰਨਾਂ ਘਰਾਂ ਨੂੰ ਇਕੱਠਿਆਂ ਕਰ ਦਿੱਤਾ ਸੀ, ਪਰ ਜ਼ਨਾਨੀਆਂ ਅਜੇ ਵੀ ਆਪਣਾ ਪਕਾਂਦੀਆਂ ਤੇ ਆਪੋ ਆਪਣਾ ਖਾਂਦੀਆਂ ਸਨ । ਵੀਰਾਂ ਆਪ ਵੀ ਵੱਸ ਲੱਗਦੇ ਚੌਂਕੇ ਵਲ ਨਾ ਜਾਂਦੀ । ਉਂਜ ਕਿਸੇ ਨੂੰ ਵੀਰਾਂ ਤੋਂ ਕੋਈ ਹੋਰ ਸ਼ਿਕਾਇਤ ਨਹੀਂ ਸੀ ।

ਕਿਆਮਤ ਦਾ ਦਿਨ ਇਸ ਤੋਂ ਅੱਗੇ ਹੋਰ ਕੋਈ ਨਹੀਂ ਸੀ ਆਓਣਾ ਰੂਪ ਚੰਦ ਦਾ ਸ਼ਰੀਕ ਭਰਾ ਬਾਹਰ ਪੈਲੀਆਂ ਵਿਚ ਕਿਸੇ ਨੇ ਵੱਢ ਛੱਡਿਆ ਤੇ ਆਪ ਰੂਪ ਚੰਦ ਉਸ ਰਾਤ ਹਵੇਲੀ ਦਾ ਪਹਿਰਾ ਦੇਂਦਾ ਮਾਰਿਆ ਗਿਆ । ਸਾਰੀ ਰਾਤ ਹਵੇਲੀ ਦੇ ਬੰਦ ਬੂਹੇ ਭੱਜਦੇ ਰਹੇ ਤੇ ਜ਼ਨਾਨੀਆਂ ਦੀਆਂ ਚੀਕਾਂ ਕੰਧਾਂ ਨਾਲ ਵੱਜ-ਵੱਜ ਕੇ ਟੁੱਟਦੀਆਂ ਰਹੀਆਂ । ਵੀਰਾਂ ਨੇ ਆਪਣਾ ਚੂੜਾ ਭੰਨ-ਭੰਨ ਕੇ ਆਪਣੀਆਂ ਬਾਹਵਾਂ ਘਾਇਲ ਕਰ ਛੱਡੀਆਂ ਸਨ ।
ਘਰ ਵਿਚ ਹੁਣ ਇਕੋ ਮਰਦ ਰੂਪ ਚੰਦ ਦਾ ਸ਼ਰੀਕ ਭਤੀਜਾ ਰਹਿ ਗਿਆ ਸੀ, ਉਹ ਹਵੇਲੀ ਦੇ ਬਾਹਰ ਬੂਹੇ ਵਲ ਬੰਦੂਕ ਤਾਣ ਕੇ ਆਪਣੀ ਬਾਰੀ ਵਿਚ ਬੈਠਾ ਹੋਇਆ ਸੀ ਤੇ ਜਿਥੋਂ ਤੱਕ ਵਾਹ ਲੱਗਦੀ ਕਿਸੇ ਨੂੰ ਹਵੇਲੀ ਦੇ ਬੂਹੇ ਤੱਕ ਨਹੀਂ ਸੀ ਆਓਣ ਦੇਂਦਾ ।
ਸਵੇਰੇ ਅਜੇ ਚੜ੍ਹੀ ਨਹੀਂ ਸੀ, ਜਦੋਂ ਹਵੇਲੀ ਦੇ ਬੰਦ ਬੂਹਿਆਂ ਉੱਤੇ ਤੇਲ ਛਿੜਕਿਆ ਗਿਆ ਤੇ ਅੱਗ ਦੀ ਪਹਿਲੀ ਲੰਬ ਆਕਾਸ਼ ਵੱਲ ਉੱਠੀ ।
ਹਵੇਲੀ ਦੇ ਪਿਛਵਾੜੇ ਹਵੇਲੀ ਦੀ ਉੱਚੀ ਤੇ ਪੱਥਰ ਵਰਗੀ ਕੰਧ ਨਾਲ ਕਿੰਨੇ ਹੀ ਨੀਵੇਂ-ਉੱਚੇ ਕੋਠੇ ਸਨ । ਜਿਹਨਾਂ ਉੱਤੋਂ ਪੰਜਵੇਂ, ਚੌਥੇ, ਤੀਸਰੇ ਤੇ ਦੂਜੇ ਘਰ ਦੀਆਂ ਕੰਧਾਂ ਵਿਚ ਰੱਸੀਆਂ, ਅੜਾਂਦਾ ਤੇ ਛੱਤਾਂ, ਟੱਪਦਾ ਨਜ਼ੀਰ ਆਖੀਰ ਹਵੇਲੀ ਦੀ ਛੱਤ ਉੱਤੇ ਪਹੁੰਚ ਪਿਆ ਸੀ ।

ਤ੍ਰੀਮਤਾਂ ਨੇ ਸੁਣਿਆ ਹੋਇਆ ਸੀ ਜਦੋਂ ਮਕਾਨ ਸੜ ਰਿਹਾ ਹੋਵੇ ਤਾਂ ਕੋਈ ਛੱਤ ਹੇਠ ਨਹੀਂ ਬਹਿੰਦਾ । ਉਸ ਵੇਲੇ ਪੌੜੀਆਂ ਵਿਚ ਬੈਠਣਾ ਚਾਹੀਦਾ ਹੈ । ਛੱਤਾਂ ਸਭ ਤੋਂ ਪਹਿਲਾਂ ਡਿਗਦੀਆਂ ਹਨ ਫੇਰ ਕੰਧਾਂ ਤੇ ਫੇਰ ਪੌੜੀਆਂ । ਸ਼ਿੱਬੋ, ਵੀਰਾਂ ਤੇ ਦੋਵੇਂ ਤੀਵੀਆਂ ਹਵੇਲੀ ਦੀਆਂ ਉੱਤਲੀਆਂ ਪੌੜੀਆਂ ਵਿਚ ਬੈਠੀਆਂ ਕੰਬ ਰਹੀਆਂ ਸਨ । ਬਾਹਰ ਆਖਰਾਂ ਦਾ ਧੂੰਆਂ ਸੀ ਤੇ ਵਿਚ-ਵਿਚ ਲੋਕਾਂ ਦੀਆਂ ਆਵਾਜ਼ਾਂ ਰਲੀਆਂ ਹੋਈਆਂ ਸਨ ।

ਵੀਰਾਂ ਨੇ ਪੌੜੀਆਂ ਤੋਂ ਬਾਹਰ ਆ ਕੇ ਖੁੱਲ੍ਹੀ ਛੱਤ ਉਤੋਂ ਇਕ ਵਾਰ ਬਾਹਰ ਨੂੰ ਨਜ਼ਰ ਕੀਤੀ ਪਰ ਧੂੰਏ ਤੋਂ ਬਿਨਾਂ ਦਿਸਦਾ ਕੁਝ ਨਹੀਂ ਸੀ । ਜਿਓਂ ਜਿਓਂ ਅੱਗ ਉੱਚੀ ਹੁੰਦੀ ਪਈ ਸੀ ਲੋਕਾਂ ਦੀਆਂ ਆਵਾਜ਼ਾਂ ਕੁਝ ਦੂਰ ਹੋ ਗਈਆਂ ਸਨ ।
"ਵੀਰਾਂ" ਵੀਰਾਂ ਤ੍ਰਿਹ ਗਈ । ਨਜ਼ੀਰ ਨੇ ਉਸਦੇ ਮੋਢੇ ਉੱਤੇ ਹੱਥ ਧਰਿਆ ਹੋਇਆ ਸੀ ।
"ਜੋ ਕੁਝ ਹੋਣਾ ਸੀ ਹੋ ਗਿਆ ਹੈ ਵੀਰਾਂ, ਹੁਣ ਅਜਾਈਂ ਮੌਤੇ ਮਰਨ ਵਿਚ ਕੁਝ ਨਹੀਂ ਲੱਭਣਾ ।" ਨਜ਼ੀਰ ਨੇ ਡਾਢੀ ਹਲੀਮੀ ਨਾਲ ਆਖਿਆ ।
ਵੀਰਾਂ ਜਿਵੇਂ ਆਪਣੀ ਹੋਸ਼ ਵਿਚ ਨਹੀਂ ਸੀ ਨਾ ਉਸ ਨੇ ਆਪਣੀ ਗਵਾਂਢੀ ਨਜ਼ੀਰ ਨੂੰ ਪਛਾਣਿਆ ਤੇ ਨਾ ਜਿਵੇਂ ਉਸ ਦੀ ਗੱਲ ਸਮਝੀ ।
"ਸੱਚਾ ਰੱਬ ਗਵਾਹ ਏ ਵੀਰਾਂ, ਵਾਰ੍ਹਿਓਂ ਉੱਤੇ ਹੋਣ ਲੱਗਾ ਏ, ਮੈਂ ਕਦੇ ਰੱਜ ਕੇ ਸੁੱਤਾ ਨਹੀਂ, ਸਾਰੀ-ਸਾਰੀ ਰਾਤ ਮੈਂ ਤੇਰੇ ਸੁਪਨੇ ਪਿਆ ਘੜਦਾ ਰਹਿਨਾਂ ਵਾਂ ….."
"ਤੂੰ ਕੌਣ ਏਂ ?" ਵੀਰਾਂ ਦੇ ਮੂੰਹੋਂ ਮਸਾਂ ਏਨਾਂ ਹੀ ਨਿਕਲਿਆ ।

"ਮੈਂ ਤੇਰਾ ਗਵਾਂਢੀ ਨਜ਼ੀਰ ਹਾਂ ਵੀਰਾਂ, ਤੂੰ ਮੈਨੂੰ ਪਛਾਣਦੀ ਕਿਓਂ ਨਹੀਂ ? ਜਿੰਨੀ ਵਾਰ ਤੂੰ ਆਪਣੇ ਖੇਤਾਂ ਵਿਚ ਜਾਂਦੀ ਰਹੀ ਏਂ, ਮੈਂ ਉਨੀ ਵਾਰ ਹੀ ਖੂਹ ਉੱਤੇ ਬਹਿ ਕੇ ਟੱਪੇ ਗਾਉਂਦਾ ਰਿਹਾਂ ਹਾਂ । ਆਪਣੀ ਜਵਾਨੀ ਉਤੇ ਰਹਿਮ ਕਰ ਵੀਰਾਂ । ਜੇ ਤੂੰ ਜਿਉਂਦੀ ਕਿਸੇ ਹੋਰ ਦੇ ਹੱਥ ਲੱਗ ਗਈਉਂ ਤਾਂ ਵੀ ਤੂੰ ਨਹੀਂ ਬਚਣਾਂ । ਮੈਂ ਸਾਰੀ ਉਮਰ ਤੈਨੂੰ ਅਜਾਂ ਨਹੀਂ ਲੱਗਣ ਦਿਆਂਗਾ । ਐਸ ਰਾਹੋਂ …..ਪਿਛਲੇ ਰਾਹੋਂ ਮੈਂ ਤੈਨੂੰ ਫੁੱਲਾਂ ਵਾਂਗ ਉਤਾਰ ਲਵਾਂਗਾ ….ਛੇਤੀ ਕਰ ਵੀਰਾਂ, ਹੁਣ ਇਹ ਹਵੇਲੀ ਸੜ ਕੇ ਸਵਾਹ ਹੋ ਜਾਣੀ ਏਂ ………"
ਅੱਗ ਦੀਆਂ ਲਾਟਾਂ ਵੀਰਾਂ ਦੇ ਮੂੰਹ 'ਤੇ ਲਿਸ਼ਕੀਆਂ ਤੇ ਉਸ ਨੇ ਇਕ ਨਜ਼ਰ ਭਰ ਕੇ ਨਜ਼ੀਰ ਦੀਆਂ ਅੱਖਾਂ ਵਿਚ ਵੇਖਿਆ ।
"ਇਕ ਮੇਰੀ ਗੱਲ ਮੰਨੇਗਾਂ ?"
"ਮੈਂ ਤੇਰੀਆਂ ਸੱਭੋ ਮੰਨਾਂਗਾ ਵੀਰਾਂ ! ਸਾਰੀ ਉਮਰ ਮੰਨਾਂਗਾ ।"
"ਦੱਸ ਵੀਰਾਂ ?"
"ਤੂੰ ਸ਼ਿੱਬੋ ਨੂੰ ਤੇ ਦੋਹਾਂ ਤ੍ਰੀਮਤਾਂ ਨੂੰ ਏਥੋਂ ਅਮਨ-ਅਮਾਨ ਕੱਢ ਦੇ ਕਿਸੇ ਨੂੰ ਉਨ੍ਹਾਂ ਦੀ ਸੂਹ ਨਾ ਪਵੇ ……"
"ਏਹ ਮੈਂ ਕਿੰਝ ਕਰਾਂਗਾ ਵੀਰਾਂ ! ਲੋਕ ਤੇ ਅੱਗੇ ਹੀ ਚਾਹੁੰਦੇ ਸਨ ਜੁ ਕਿਤੇ ਉਹ ਜੀਉਂਦੀਆਂ ਲੱਭ ਪੈਣ । ਉਹਨਾਂ ਨੂੰ ਤੇ ਹੋਰ ਕੋਈ ਰਾਹ ਨਹੀਂ ਲੱਭਾ ਤਾਂ ਉਹਨਾਂ ਨੇ ਅੱਗ ਲਾਈ ਏ ….."
"ਏਹ ਮੈਨੂੰ ਪਤਾ ਨਹੀਂ, ਪਰ ਜੇ ਤੂੰ ਇੰਜ ਕਰ ਦਏਂ …. ਮੈਂ ਸਾਰੀ ਉਮਰ ਤੇਰੀ ਹੱਥ ਬੱਧੀ ਗੁਲਾਮ ਹੋ ਜਾਵਾਂਗੀ ….ਨਹੀਂ ਤੇ ਮੈਂ ਏਸ ਅੱਗ ਵਿਚੋਂ ਬਾਹਰ ਨਹੀਂ ਆਓਣਾ ।"
"ਚੰਗਾ ਮੈਂ ਆਪਣੀ ਵਾਹ ਲਾ ਦੇਨਾਂ ਵਾਂ …."
" ਸੱਚ ਆਹਨਾਂ ਏਂ ?"
"ਰੱਬ ਗਵਾਹ ਏ ।"
"ਮੈਨੂੰ ਇਤਬਾਰ ਏ, ਨਹੀਂ ਤੇ ਫੇਰ ਕਿਨ੍ਹੇ ਮਰਨੋਂ ਡੱਕ ਲੈਣਾ ਏਂ "
ਅੱਗ ਦੀਆਂ ਲਾਟਾਂ ਹੁਣ ਸੂਹੀਆਂ-ਘੁੱਟ ਹੋ ਗਈਆਂ ਸਨ ਤੇ ਲੋਕਾਂ ਦੀਆਂ 'ਵਾਜ਼ਾਂ ਹੋਰ ਦੂਰ ਚਲੀਆਂ ਗਈਆਂ ਸਨ ।

ਇਕ-ਇਕ ਤ੍ਰੀਮਤ ਨੂੰ ਨਜ਼ੀਰ ਨੇ ਬਾਂਹਵਾਂ ਵਿਚ ਚੁੱਕ-ਚੁੱਕ ਕੇ ਨਾਲ ਦੇ ਘਰ ਉਤਾਰਿਆ । ਵੀਰਾਂ ਨੇ ਧੂੰਏਂ ਨੂੰ ਚੀਰ ਕੇ ਹਵੇਲੀ ਦੀਆਂ ਪੌੜੀਆਂ ਉੱਤਰੀਆਂ ਤੇ ਹੇਠਲੀ ਛਤੋਂ ਖਾਲੀ ਬੰਦੂਕ ਫੜ ਰੂਪ ਚੰਦ ਦੇ ਭਤੀਜੇ ਦੀ ਬਾਂਹ ਫੜ ਆਂਦੀ । ਕੜੀ ਜਿਹਾ ਜਵਾਨ ਮੁੰਡਾ ਜਿਵੇਂ ਅੱਧਿਉ ਬਹੁਤਾ ਮਰ ਚੁਕਾ ਸੀ ਬੇ-ਸੁਰਤ ਦਾ ਬੇਸੁਰਤ ਵੀਰਾਂ ਦੇ ਪਿੱਛੇ ਤੁਰਦਾ, ਰੱਸੀਆਂ ਨੂੰ ਫੜਦਾ, ਕੰਧਾਂ ਨਾਲ ਲਮਕਦਾ ਉਹ ਨਾਲ ਦੇ ਘਰ ਉੱਤਰਿਆ ਤੇ ਫੇਰ ਉਸ ਤੋਂ ਨਾਲ ਦੇ, ਹੋਰ ਨਾਲ ਦੇ, ਹੋਰ ਨੀਵੇਂ ਨਜ਼ੀਰ ਦੇ ਘਰ ਲੱਥਾ । ਸ਼ੁਕਰ ਏਹ ਸੀ, ਜੁ ਲੋਕ ਘਰਾਂ ਵਿਚ ਨਹੀਂ ਸਨ ਤੇ ਦੂਜੇ ਬੰਨ੍ਹੇ ਹਵੇਲੀ ਦੇ ਮੂੰਹ ਵਲ ਖਲੋਤੇ, ਸੜਦੀ ਹਵੇਲੀ ਨੂੰ ਤੱਕ ਰਹੇ ਸਨ ।
ਅੱਗ ਦੇ ਲੰਬੇ ਅਸਮਾਨਾਂ ਨੂੰ ਛੋਹਣ ਲੱਗੇ ਸਨ । ਪਰ ਹੁਣ ਲੋਕ ਅੱਗ ਬੁਝਾ ਰਹੇ ਸਨ, ਨਹੀਂ ਤੇ ਨਾਲ ਦਾ, ਉਸ ਤੋਂ ਨਾਲ ਦਾ ਤੇ ਹੋਰ ਪਤਾ ਨਹੀਂ ਕਿੰਨੇ ਘਰ ਸੜ ਜਾਣੇ ਸਨ ।

ਨਾਲ ਦੇ ਖਾਲੀ ਘਰ ਦੀਆਂ ਬਾਰੀਆਂ ਕਾਲੀਆਂ-ਚੁਆਤੀ ਹੋ ਗਈਆਂ ਸਨ, ਜਦੋਂ ਅੱਗ ਨੂੰ ਡੱਕਾ ਪਿਆ ਲਾਂਬੇ ਹੇਠਾਂ ਲਹਿ ਗਏ । ਪਰ ਧੂੰਆਂ ਤੇ ਸੇਕ ਕਿਸੇ ਨੂੰ ਹਵੇਲੀ ਦੇ ਨੇੜੇ ਨਹੀਂ ਸੀ ਆਉਣ ਦੇਂਦਾ । ਪੂਰੇ ਦੋ ਦਿਨ ਹਵੇਲੀ ਦਾ ਅੰਦਰ ਧੁਖਦਾ ਰਿਹਾ ਤੇ ਜਦੋਂ ਲੋਕਾਂ ਨੇ ਹਵੇਲੀ ਦੀ ਸਵਾਹ ਫਰੋਲੀ ਤਾਂ ਹੈਰਾਨ ਸਨ, ਨਾ ਕਿਸੇ ਮਨੁੱਖ ਦੀ ਹੱਡੀ ਲੱਭਦੀ ਸੀ, ਤੇ ਨਾਂ ਪੰਘਰੇ ਹੋਏ ਸੋਨੇ ਦੀ ਝਲਕ ਪੈਂਦੀ ਸੀ । ਫੇਰ ਆਪੇ ਹੀ ਲੋਕ ਆਖਦੇ, "ਅੱਗ ਵੀ ਤੇ ਆਖਰਾਂ ਦੀ ਸੀ, ਹੱਡੀਆਂ ਵੀ ਸੜ ਕੇ ਸਵਾਹ ਹੋ ਗਈਆਂ ਹੋਣਗੀਆਂ ।"

ਸਾਰੇ ਪਿੰਡ ਵਿਚੋਂ ਮੁਰਦਿਆਂ ਨੂੰ ਬਾਹਰ ਢੋਅ ਦਿੱਤਾ ਗਿਆ ਤੇ ਲੋਕਾਂ ਨੇ ਲਹੂ ਦੀ ਆਖਰੀ ਬੂੰਦ ਵੀ ਢੋ ਕੇ ਪਿੰਡ ਨੂੰ ਮੁੜ ਨਰੋਇਆ ਕਰ ਲਿਆ । ਸਿਰਫ ਅਜੇ ਹਵੇਲੀ ਦੀ ਸਵਾਹ ਆਪਣੀ ਥਾਂ 'ਤੇ ਪਈ ਹੋਈ ਸੀ । ਰਾਤ ਅੱਧੀਉਂ ਬਹੁਤੀ ਲੰਘ ਗਈ ਸੀ । ਮਾੜੀ-ਮਾੜੀ ਹਵਾ ਵਗਦੀ ਪਈ ਸੀ । ਹਵੇਲੀ ਦੀ ਸਵਾਹ ਇਸ ਤਰ੍ਹਾਂ ਹਿੱਲੀ, ਜਿਵੇਂ ਇਕ ਵਾਰ ਉਸ ਦਾ ਦਿਲ ਹਿੱਲ ਗਿਆ ਹੋਵੇ । ਪਾਰ ਕਮਾਦ ਵਿਚੋਂ ਅੱਗੜ-ਪਿਛੜ ਤਿੰਨ ਘੋੜੀਆਂ ਲੰਘ ਰਹੀਆਂ ਸਨ । ਜਿਨ੍ਹਾਂ ਵਿਚੋਂ ਵਿਚਲੀ, ਸ਼ਿੱਬੋ ਦੀ ਘੋੜੀ ਕੋਲ ਖਲੋ ਕੇ, ਵੀਰਾਂ ਨੇ ਗਹਿਣਿਆਂ ਦੀ ਇਕ ਪੋਟਲੀ ਸ਼ਿੱਬੋ ਦੇ ਲੱਕ ਨਾਲ ਬੱਧੀ ਤੇ ਫੇਰ ਉੱਚੇ-ਉੱਚੇ ਕਮਾਦ ਵਿਚ ਇਕ ਪਰਛਾਵਾਂ ਬਣ ਗਈ ।
ਉਹ ਪਿੰਡ ਦੇ ਲੋਕ ਸਿਰਫ ਇਹੋ ਜਾਣਦੇ ਹਨ, ਕਿ ਰੂਪ ਚੰਦ ਨੇ ਜੁ ਕਮੀਣਾ ਦੀ ਧੀ ਨਾਲ ਨਵਾਂ ਵਿਆਹ ਕੀਤਾ ਸੀ, ਉਹ ਕੁੜੀ ਪਤਾ ਨਹੀਂ ਕਿਵੇਂ ਨਜ਼ੀਰ ਨੇ ਹਵੇਲੀ ਵਿਚੋਂ ਜਿਉਂਦੀ ਕੱਢ ਲਈ ਹੈ, ਤੇ ਆਪਣੇ ਘਰ ਪਾ ਲਈ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ