Punjabi Stories/Kahanian
ਐਂਤਨ ਚੈਖਵ
Anton Chekhov

Punjabi Kavita
  

Kamzor Anton Chekhov

ਕਮਜ਼ੋਰ ਐਂਟਨ ਚੈਖ਼ਵ

ਆਪਣੇ ਬੱਚਿਆਂ ਦੀ ਅਧਿਆਪਕਾ ਯੂਲੀਆ ਵਾਰਸੀਲਿਏਵਨਾ ਦਾ ਅੱਜ ਮੈਂ ਹਿਸਾਬ ਕਰਨਾ ਚਾਹੁੰਦਾ ਸੀ।
“ਬੈਠ ਜਾਓ, ਯੂਲੀਆ ਵਾਰਸੀਲਿਏਵਨਾ!” ਮੈਂ ਉਸ ਨੂੰ ਕਿਹਾ, “ਤੁਹਾਡਾ ਹਿਸਾਬ ਕਰ ਦਿੱਤਾ ਜਾਵੇ। ਹਾਂ, ਤਾਂ ਫੈਸਲਾ ਇਹ ਹੋਇਆ ਸੀ ਕਿ ਤੁਹਾਨੂੰ ਮਹੀਨੇ ਦੇ ਤੀਹ ਰੂਬਲ ਮਿਲਣਗੇ। ਹੈ ਨਾ?”
“ਨਹੀਂ ਚਾਲੀ।”
“ਨਹੀਂ ਤੀਹ। ਤੁਸੀਂ ਸਾਡੇ ਇੱਥੇ ਦੋ ਮਹੀਨੇ ਰਹੇ।”
“ਦੋ ਮਹੀਨੇ ਅਤੇ ਪੰਜ ਦਿਨ।”
“ਪੂਰੇ ਦੋ ਮਹੀਨੇ। ਇਨ੍ਹਾਂ ਦੋ ਮਹੀਨਿਆਂ ਦੇ ਨੌਂ ਐਤਵਾਰ ਕੱਢ ਦਿਓ। ਐਤਵਾਰ ਦੇ ਦਿਨ ਤੁਸੀਂ ਕੋਲਿਆ ਨੂੰ ਸਿਰਫ ਸੈਰ ਲਈ ਹੀ ਲੈ ਕੇ ਜਾਂਦੇ ਸੀ… ਅਤੇ ਫਿਰ ਤਿੰਨ ਛੁੱਟੀਆਂ…ਨੌਂ ਤੇ ਤਿੰਨ ਬਾਰਾਂ। ਤਾਂ ਬਾਰਾਂ ਰੂਬਲ ਘੱਟ ਹੋਏ। ਕੋਲਿਆ ਚਾਰ ਦਿਨ ਬੀਮਾਰ ਰਿਹਾ, ਉਨਾਂ ਦਿਨਾਂ ਵਿਚ ਤੁਸੀਂ ਉਸ ਨੂੰ ਨਹੀਂ ਪੜ੍ਹਾਇਆ, ਸਿਰਫ ਵਾਨਿਆ ਨੂੰ ਹੀ ਪੜ੍ਹਾਇਆ…ਤੇ ਫਿਰ ਤਿੰਨ ਦਿਨ ਤੁਹਾਡੇ ਦੰਦ ਵਿਚ ਦਰਦ ਰਿਹਾ। ਉਸ ਸਮੇਂ ਮੇਰੀ ਪਤਨੀ ਨੇ ਤੁਹਾਨੂੰ ਛੁੱਟੀ ਦੇ ਦਿੱਤੀ ਸੀ…ਬਾਰਾਂ ਤੇ ਸੱਤ ਹੋਏ ਉੱਨੀਂ। ਇਨ੍ਹਾਂ ਨੂੰ ਕੱਢਿਆ ਜਾਵੇ ਤਾਂ ਬਾਕੀ ਰਹੇ…ਹਾਂ ਇਕਤਾਲੀ ਰੂਬਲ, ਠੀਕ ਹੈ ਨਾ?”
ਯੂਲੀਆ ਦੀਆਂ ਅੱਖਾਂ ਵਿਚ ਪਾਣੀ ਆ ਗਿਆ।
“ਤੇ ਨਵੇਂ ਸਾਲ ਦੇ ਦਿਨ ਤੁਸੀਂ ਕੱਪ ਪਲੇਟ ਤੋੜ ਦਿੱਤੇ। ਦੋ ਰੂਬਲ ਉਹਦੇ ਘਟਾਓ। ਤੁਹਾਡੀ ਲਾਪ੍ਰਵਾਹੀ ਕਾਰਨ ਕੋਲਿਆ ਨੇ ਦਰੱਖਤ ਉੱਤੇ ਚੜ੍ਹ ਕੇ ਆਪਣਾ ਕੋਟ ਪਾੜ ਲਿਆ ਸੀ। ਦਸ ਰੂਬਲ ਉਹਦੇ ਤੇ ਫਿਰ ਤੁਹਾਡੀ ਲਾਪ੍ਰਵਾਹੀ ਕਾਰਨ ਹੀ ਨੌਕਰਾਨੀ ਵਾਨਿਆ ਦੋ ਬੂਟ ਲੈ ਕੇ ਭੱਜ ਗਈ। ਇਸ ਤਰ੍ਹਾਂ ਪੰਜ ਰੂਬਲ ਉਹਦੇ ਘਟ ਗਏ…ਜਨਵਰੀ ਵਿਚ ਦਸ ਰੂਬਲ ਤੁਸੀਂ ਉਧਾਰ ਲਏ ਸੀ। ਇਕਤਾਲੀ ’ਚੋਂ ਸਤਾਈ ਕੱਢੋ। ਬਾਕੀ ਰਹਿ ਗਏ ਚੌਦਾਂ।”
ਯੂਲੀਆ ਦੀਆਂ ਅੱਖਾਂ ਵਿਚ ਹੰਝੂ ਭਰ ਆਏ, “ਮੈਂ ਤੁਹਾਡੀ ਪਤਨੀ ਤੋਂ ਸਿਰਫ ਇਕ ਵਾਰ ਤਿੰਨ ਰੂਬਲ ਲਏ ਸਨ।”
“ਚੰਗਾ, ਇਹ ਤਾਂ ਮੈਂ ਲਿਖੇ ਹੀ ਨਹੀਂ। ਚੌਦਾਂ ਵਿੱਚੋਂ ਤਿੰਨ ਹੋਰ ਕੱਢੋ। ਹੁਣ ਬਚੇ ਗਿਆਰਾਂ। ਲੈ, ਆਹ ਲੈ ਤੇਰੀ ਤਨਖਾਹ। ਤਿੰਨ, ਤਿੰਨ, ਤਿੰਨ…ਇਕ ਤੇ ਇਕ…।”
“ਧੰਨਵਾਦ।” ਉਹਨੇ ਬਹੁਤ ਹੌਲੇ ਜਿਹੇ ਕਿਹਾ।
“ਤੁਸੀਂ ਧੰਨਵਾਦ ਕਿਉਂ ਕਿਹਾ?”
“ਪੈਸਿਆਂ ਲਈ।”
“ਲਾਹਨਤ ਹੈ! ਕੀ ਤੁਸੀਂ ਦੇਖਦੇ ਨਹੀਂ ਕਿ ਮੈਂ ਤੁਹਾਡੇ ਨਾਲ ਧੋਖਾ ਕੀਤਾ ਹੈ। ਮੈਂ ਤੁਹਾਡੇ ਪੈਸੇ ਮਾਰ ਲਏ ਹਨ। ਤੇ ਤੁਸੀਂ ਫਿਰ ਵੀ ਮੇਰਾ ਧੰਨਵਾਦ ਕਰ ਰਹੇ ਹੋ। ਮੈਂ ਤਾਂ ਤੁਹਾਨੂੰ ਪਰਖ ਰਿਹਾ ਸੀ, ਮੈਂ ਤੁਹਾਨੂੰ ਅੱਸੀ ਰੂਬਲ ਹੀ ਦਿਆਂਗਾ। ਇਹ ਰਹੀ ਤੁਹਾਡੀ ਪੂਰੀ ਰਕਮ।”
ਉਹ ਧੰਨਵਾਦ ਕਹਿ ਕੇ ਚਲੀ ਗਈ। ਮੈਂ ਉਸ ਨੂੰ ਦੇਖਦਾ ਹੋਇਆ ਸੋਚਣ ਲੱਗਾ ਕਿ ਦੁਨੀਆ ਵਿਚ ਤਾਕਤਵਰ ਬਣਨਾ ਕਿੰਨਾ ਸੌਖਾ ਹੈ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com