Kane Chachu (Story in Punjabi) : Ruskin Bond

ਕੇਨ ਚਾਚੂ (ਰਸਟੀ ਦੇ ਕਾਰਨਾਮੇ) (ਕਹਾਣੀ) : ਰਸਕਿਨ ਬਾਂਡ

1. ਦਾਦੀ ਦੀ ਅਦਭੁਤ ਰਸੋਈ

ਦਾਦੀ ਦੀ ਰਸੋਈ ਓਨੀਂ ਵੱਡੀ ਤਾਂ ਨਹੀਂ ਸੀ, ਜਿੰਨੇ ਵੱਡੇ ਆਮ ਰਸੋਈਘਰ ਹੁੰਦੇ ਨੇ। ਸੌਣ ਵਾਲੇ ਕਮਰੇ ਜਿੰਨੀ ਵੱਡੀ ਜਾਂ ਬੈਠਕ ਜਿੰਨੀ ਲੰਮੀ-ਚੌੜੀ ਵੀ ਨਹੀਂ ਸੀ—ਪਰ ਖਾਸੀ ਵੱਡੀ ਸੀ। ਉਸਦੇ ਨਾਲ ਇਕ ਭੰਡਾਰ-ਘਰ ਬਣਿਆਂ ਹੋਇਆ ਸੀ। ਦਾਦੀ ਦੀ ਰਸੋਈ ਇਸ ਪੱਖੋਂ ਅਦਭੁਤ ਸੀ ਕਿ ਉਸ ਵਿਚ ਬੜੀਆਂ ਹੀ ਚੀਜ਼ਾਂ ਬਣਦੀਆਂ ਸਨ। ਖਾਣ-ਪੀਣ ਲਈ ਵਧੀਆ ਤੇ ਸਵਾਦੀ ਖਾਣੇ, ਜਿਵੇਂ ਕਬਾਬ, ਸਬਜ਼ੀਆਂ, ਚਾਕਲੇਟ ਵਾਲੀਆਂ ਮਠਿਆਈਆਂ ਤੇ ਖੰਡ-ਬਾਦਾਮ ਵਾਲੀਆਂ ਟਾਫੀਆਂ। ਮਿੱਠੀਆਂ ਚਟਨੀਆਂ ਤੇ ਅਚਾਰ-ਮੁਰੱਬੇ। ਗੁਲਾਬਜਾਮਨਾਂ, ਕੀਮੇ ਦੀਆਂ ਕਚੌਰੀਆਂ ਤੇ ਸਮੋਸੇ। ਸਿਓਆਂ ਵਾਲੇ ਸਮੋਸੇ, ਮਸਾਲੇਦਾਰ 'ਟਰਕੀ', ਮਸਾਲੇਦਾਰ ਮੁਰਗੀ। ਭਰਵੇਂ ਬੈਂਗਨ ਤੇ ਮਸਾਲੇਦਾਰ ਮੁਰਗੀ ਵਾਲਾ ਭਰਵਾਂ ਹੈਮ।
ਖਾਣੇ ਬਣਾਉਣ ਵਿਚ, ਦੁਨੀਆਂ ਵਿਚ, ਦਾਦੀ ਦਾ ਕੋਈ ਮੁਕਾਬਲਾ ਨਹੀਂ ਸੀ।
ਜਿਸ ਸ਼ਹਿਰ ਵਿਚ ਅਸੀਂ ਰਹਿੰਦੇ ਸੀ, ਉਸਦਾ ਨਾਂ ਦੇਹਰਾਦੂਨ ਸੀ। ਇਹ ਅੱਜ ਵੀ ਹੈ। ਪਰ ਆਜ਼ਾਦੀ ਪਿੱਛੋਂ ਇਹ ਸ਼ਹਿਰ ਬੜਾ ਫ਼ੈਲ ਗਿਆ ਹੈ ਤੇ ਇੱਥੋਂ ਦੀ ਹਲਚਲ ਤੇ ਭੀੜ-ਭੜਕਾ ਵੀ ਵਧ ਗਿਆ ਹੈ। ਦਾਦੀ ਦਾ ਆਪਣਾ ਘਰ ਸੀ—ਵੱਡਾ ਸਾਰਾ ਪਰ ਬੇਤਰਤੀਬ ਢੰਗ ਨਾਲ ਬਣਿਆਂ ਬੰਗਲਾ, ਜਿਹੜਾ ਸ਼ਹਿਰ ਦੇ ਸਿਰੇ ਉੱਤੇ ਸੀ। ਬੰਗਲੇ ਦੇ ਅਹਾਤੇ ਵਿਚ ਬਹੁਤ ਸਾਰੇ ਰੁੱਖ ਸਨ। ਉਹਨਾਂ ਵਿਚ ਵਧੇਰੇ ਰੁੱਖ ਫਲਾਂ ਵਾਲੇ ਸਨ। ਜਿਵੇਂ ਅੰਬ ਦੇ ਰੁੱਖ, ਲੀਚੀ ਦੇ ਰੁੱਖ, ਅਮਰੂਦ ਦੇ ਰੁੱਖ, ਕੇਲੇ ਤੇ ਪਪੀਤੇ ਦੇ ਰੁੱਖ, ਨਿੱਬੂਆਂ ਆਦਿ ਦੇ ਬੂਟੇ। ਉਸ ਬੰਗਲੇ ਵਿਚ, ਬਹੁਤ ਸਾਰੇ ਰੁੱਖ ਸਨ! ਇਹਨਾਂ ਵਿਚ ਕਟਹਲ ਦਾ ਇਕ ਵੱਡਾ ਸਾਰਾ ਰੁੱਖ ਵੀ ਸੀ, ਜਿਸਦੀ ਛਾਂ ਘਰ ਦੀਆਂ ਕੰਧਾਂ ਉੱਤੇ ਪੈਂਦੀ ਹੁੰਦੀ ਸੀ।
'ਧੰਨ ਹੈ ਉਹ ਘਰ, ਜਿਹਦੀਆਂ ਕੰਧਾਂ ਉੱਤੇ
ਪੈਂਦੀ ਹੈ ਬੁੱਢੇ ਰੁੱਖਾਂ ਦੀ ਠੰਢੀ-ਕੂਲੀ ਛਾਂ...'
ਦਾਦੀ ਦੇ ਇਹ ਸ਼ਬਦ ਅੱਜ ਵੀ ਚੰਗੀ ਤਰ੍ਹਾਂ ਯਾਦ ਨੇ ਮੈਨੂੰ। ਕਿੰਨੀਆਂ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਹੁੰਦੇ ਸੀ ਦਾਦੀ। ਉਹ ਘਰ ਬੜਾ ਸਖਦਾਈ ਸੀ, ਖਾਸ ਤੌਰ ਉੱਤੇ ਨੌਂ ਸਾਲ ਦੇ ਉਸ ਬਾਲ ਲਈ, ਜਿਸਨੂੰ ਭੁੱਖ ਬੜੀ ਲੱਗਦੀ ਸੀ।
ਜੇ ਖਾਣਾ ਬਣਾਉਣ ਵਿਚ ਦਾਦੀ ਦਾ ਕੋਈ ਸਾਨੀ ਨਹੀਂ ਸੀ, ਤਾਂ ਮੇਰੇ ਵਰਗੇ ਖਾਣਸੂਰੇ ਯਾਨੀ ਪੇਟੂ ਦਾ ਵੀ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਮੈਂ ਇਸ ਪੱਖੋਂ ਵੀ ਬੜਾ ਕਰਮਾਂਵਾਲਾ ਸੀ ਕਿ ਹਰ ਬੱਚੇ ਦੀ ਅਜਿਹੀ ਦਾਦੀ ਨਹੀਂ ਹੁੰਦੀ ਜਿਹੜੀ ਫਰਿਸ਼ਤਿਆਂ ਵਾਂਗ ਪਾਕ-ਵਿਦਿਆ ਵਿਚ ਮਾਹਰ ਹੋਵੇ—ਬਸ਼ਰਤੇ ਕਿ ਫਰਿਸ਼ਤੇ ਵੀ ਖਾਣਾ ਵਗ਼ੈਰਾ ਬਣਾਉਂਦੇ-ਖਾਂਦੇ ਹੋਣ।
ਹਰ ਸਾਲ ਸਰਦੀਆਂ ਵਿਚ ਜਦੋਂ ਮੈਂ ਬੋਰਡਿੰਗ ਸਕੂਲ ਤੋਂ ਘਰ ਆਉਂਦਾ, ਤਾਂ ਅਸਮ ਵਿਚ ਆਪਣੇ ਮਾਤਾ-ਪਿਤਾ ਨਾਲ ਛੁੱਟੀਆਂ ਬਿਤਾਉਣ ਤੋਂ ਪਹਿਲਾਂ ਘੱਟੋ-ਘੱਟ ਇਕ ਮਹੀਨੇ ਲਈ ਆਪਣੀ ਦਾਦੀ ਕੋਲ ਆ ਜਾਂਦਾ। ਅਸਮ ਵਿਚ ਮੇਰੇ ਮਾਤਾ-ਪਿਤਾ ਚਾਹ ਦੇ ਇਕ ਬਾਗ਼ ਦੇ ਮੈਨੇਜਰ ਸਨ। ਭਾਵੇਂ ਚਾਹ-ਬਾਗ਼ਾਂ ਵਿਚ ਵੀ ਬੜੀ ਮੌਜ਼-ਮਸਤੀ ਕਰੀਦੀ ਸੀ, ਪਰ ਮੇਰੇ ਮਾਤਾ-ਪਿਤਾ ਨੇ ਕਦੀ ਹੱਥੀਂ ਰਸੋਈ ਨਹੀਂ ਸੀ ਬਣਾਈ। ਉਹਨਾਂ ਨੇ ਇਸ ਕੰਮ ਲਈ ਇਕ ਰਸੋਈਆ ਰੱਖਿਆ ਹੋਇਆ ਸੀ। ਜਿਹੜਾ ਮਟਰ-ਕਰੀ ਤਾਂ ਚੰਗੀ ਬਣਾਉਂਦਾ ਸੀ, ਪਰ ਇਸ ਦੇ ਇਲਾਵਾ ਕੁਝ ਹੋਰ ਬਣਾਉਣਾ ਹੀ ਨਹੀਂ ਸੀ ਆਉਂਦਾ ਉਸਨੂੰ। ਰਾਤ ਨੂੰ ਖਾਣੇ ਵਿਚ ਵੀ ਉਹੀ ਗੋਸ਼ਤ ਮਿਲੇ ਤਾਂ ਰੋਟੀ ਸੰਘੋਂ ਨਹੀਂ ਲੱਥਦੀ—ਖਾਸ ਤੌਰ ਉੱਤੇ ਉਸ ਮੁੰਡੇ ਨੂੰ ਵਾਰ-ਵਾਰ ਉਹੀ ਗੋਸ਼ਤ ਕਿਵੇਂ ਚੰਗਾ ਲੱਗ ਸਕਦਾ ਹੈ ਜਿਸਦੀ ਜੀਭ ਨੂੰ ਭਾਂਤ-ਭਾਂਤ ਦੇ ਖਾਣਿਆਂ ਦਾ ਚਸਕਾ ਪੈ ਚੁੱਕਿਆ ਹੋਵੇ।
ਇਸ ਲਈ ਅੱਧੀਆਂ ਛੁੱਟੀਆਂ ਬਿਤਾਉਣ ਲਈ ਮੈਂ ਹਮੇਸ਼ਾ ਦਾਦੀ ਦੇ ਘਰ ਜਾਣ ਲਈ ਉਤਸੁਕ ਰਹਿੰਦਾ ਸੀ।
ਦਾਦੀ ਵੀ ਮੈਨੂੰ ਦੇਖਦੇ ਹੀ ਖਿੜ-ਪੁੜ ਜਾਂਦੇ, ਕਿਉਂਕਿ ਖਾਸਾ ਸਮਾਂ ਉਹ ਇਕੱਲੇ ਰਹਿੰਦੇ ਸੀ। ਭਾਵੇਂ ਬਿਲਕੁਲ ਇਕੱਲੇ ਨਹੀਂ ਸੀ ਹੁੰਦੇ...ਓਹਨਾਂ ਦਾ ਇਕ ਮਾਲੀ ਜਿਸਦਾ ਨਾਂ ਕਾਂਤ ਸੀ 'ਆਊਟ ਹਾਊਸ' ਯਾਨੀ ਨੌਕਰਾਂ-ਚਾਕਰਾਂ ਲਈ ਬਣੇ ਕੁਆਟਰ ਵਿਚ ਰਹਿੰਦਾ ਸੀ। ਮਾਲੀ ਦਾ ਇਕ ਮੁੰਡਾ ਹੁੰਦਾ ਸੀ, ਜਿਸਦਾ ਨਾਂ ਸੀ ਮੋਹਨ। ਮੋਹਨ ਮੇਰੀ ਉਮਰ ਦਾ ਹੀ ਸੀ। ਫੇਰ, ਸੂਜੀ ਨਾਂ ਦੀ ਇਕ ਬਿੱਲੀ ਵੀ ਸੀ, ਜਿਸਦੀਆਂ ਅੱਖਾਂ ਨੀਲੀਆਂ ਤੇ ਚਮਕੀਲੀਆਂ ਸਨ। ਤੇ ਫੇਰ, ਸੰਕਰ ਜਾਤੀ (ਦੋਗਲਾ) ਦਾ ਇਕ ਕੁੱਤਾ ਵੀ ਸੀ, ਜਿਸਨੂੰ ਸਾਰੇ 'ਕਰੇਜ਼ੀ' ਕਹਿ ਕੇ ਬੁਲਾਉਂਦੇ ਸਨ। ਉਸਦਾ ਇਹ ਨਾਂ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਉਹ ਘਰ ਦੇ ਚਾਰੇ-ਪਾਸੇ ਚੱਕਰ ਲਾਉਂਦਾ ਰਹਿੰਦਾ ਸੀ।
ਇਸ ਦੇ ਇਲਾਵਾ ਉੱਥੇ ਇਕ ਕੇਨ ਚਾਚੂ ਵੀ ਸਨ—ਦਾਦੀ ਦੇ ਭਤੀਜੇ। ਜਦੋਂ ਕਦੀ ਕੇਨ ਚਾਚੂ ਦੀ ਨੌਕਰੀ ਛੁੱਟ ਜਾਂਦੀ (ਤੇ ਇੰਜ ਅਕਸਰ ਹੀ ਹੁੰਦਾ ਹੁੰਦਾ ਸੀ) ਜਾਂ ਜਦੋਂ ਵੀ ਮੇਰੀ ਦਾਦੀ ਦੇ ਹੱਥਾਂ ਦੇ ਬਣੇ ਖਾਣੇ ਛਕਣ ਲਈ ਉਹਨਾਂ ਦੀ ਰੂਹ ਮਚਲਦੀ, ਉਹ ਝੱਟ ਉਹਨਾਂ ਕੋਲ ਆ ਡੇਰਾ ਲਾਉਂਦੇ।
ਇਸ ਤਰ੍ਹਾਂ, ਸੱਚਾਈ ਇਹ ਸੀ ਕਿ ਦਾਦੀ ਕਦੇ ਇਕੱਲੇ ਨਹੀਂ ਸੀ ਰਹੇ। ਫੇਰ ਵੀ ਉਹ ਮੈਨੂੰ ਦੇਖਦੇ ਹੀ ਖਿੜ-ਪੁੜ ਜਾਂਦੇ। ਹਮੇਸ਼ਾ ਕਹਿੰਦੇ, “ਸਿਰਫ਼ ਆਪਣੇ ਲਈ ਖਾਣਾ ਬਣਾਉਣ ਨੂੰ ਮੇਰਾ ਜੀਅ ਨਹੀਂ ਕਰਦਾ। ਕੋਈ ਤਾਂ ਹੋਵੇ, ਜਿਸ ਲਈ ਬਣਾਵਾਂ।” ਹਾਲਾਂਕਿ ਦਾਦੀ ਦੀ ਬਿੱਲੀ, ਦਾਦੀ ਦਾ ਕੁੱਤਾ, ਇੱਥੋਂ ਤਕ ਕਿ ਕੇਨ ਚਾਚੂ ਵੀ ਅਕਸਰ ਦਾਦੀ ਦੇ ਪਕਵਾਨਾਂ ਦਾ ਰਸ ਮਾਣਦੇ ਸਨ, ਪਰ ਚੰਗੇ ਰਸੋਈਏ ਦੀ ਹਮੇਸ਼ਾ ਇਹੋ ਇੱਛਾ ਹੁੰਦੀ ਹੈ ਕਿ ਉਹ ਕਿਸੇ ਮੁੰਡੇ ਨੂੰ ਕੋਲ ਬਿਠਾਅ ਕੇ ਖੁਆਵੇ-ਪਿਆਵੇ, ਕਿਉਂਕਿ ਮੁੰਡੇ ਬੜੇ ਜਿੰਦਾਦਿਲ ਹੁੰਦੇ ਨੇ ਤੇ ਨਵੇਂ ਤੋਂ ਨਵੇਂ ਖਾਣੇ ਨੂੰ ਵੀ ਚੱਖਣ-ਪਰਖਣ ਲਈ ਤਿਆਰ ਰਹਿੰਦੇ ਨੇ।
ਦਾਦੀ ਜਦੋਂ ਕੋਈ ਨਵੀਂ ਚੀਜ਼ ਬਣਾ ਕੇ ਮੇਰੇ ਲਈ ਪਰੋਸਦੇ, ਤਾਂ ਮੇਰੀ ਰਾਏ ਤੇ ਪ੍ਰਤੀਕ੍ਰਿਆ ਜਾਣਨ ਲਈ ਵੀ ਉਤਸੁਕ ਰਹਿੰਦੇ ਤੇ ਫੇਰ ਮੈਂ ਜੋ ਕੁਝ ਕਹਿੰਦਾ ਉਸਨੂੰ ਇਕ ਕਾਪੀ ਵਿਚ ਨੋਟ ਕਰ ਲੈਂਦੇ। ਮੇਰੀਆਂ ਇਹ ਗੱਲਾਂ ਉਦੋਂ ਬੜੀਆਂ ਉਪਯੋਗੀ ਸਾਬਤ ਹੁੰਦੀਆਂ, ਜਦੋਂ ਦਾਦੀ ਉਹੀ ਚੀਜ਼ ਕਿਸੇ ਦੂਜੇ ਨੂੰ ਪਰੋਸਦੇ।
“ਚੰਗੀ ਲੱਗੀ?” ਮੈਂ ਕੁਝ ਗਰਾਹੀਆਂ ਖਾ ਲੈਂਦਾ ਤਾਂ ਦਾਦੀ ਪੁੱਛਦੇ।
“ਹਾਂ, ਦਾਦੀ!”
“ਮਿੱਠੀ ਏ ਨਾ?”
“ਹਾਂ, ਦਾਦੀ!”
“ਬਹੁਤੀ ਮਿੱਠੀ ਤਾਂ ਨਹੀਂ, ਨਾ?”
“ਨਹੀਂ, ਦਾਦੀ!”
“ਹੋਰ ਲਏਂਗਾ?”
“ਹਾਂ, ਲਵਾਂਗਾ ਦਾਦੀ!”
“ਠੀਕ ਏ, ਪਹਿਲਾਂ ਇਹ ਖਾ ਲੈ!”
“ਹੰਅ...”
ਤੰਦੂਰੀ ਬਤਖ਼ !
ਤੰਦੂਰੀ ਬਤਖ਼ ਬਣਾਉਣ ਵਿਚ ਦਾਦੀ ਪੂਰੇ ਮਾਹਰ ਸਨ।
ਪਹਿਲੀ ਵਾਰੀ ਜਦੋਂ ਮੈਂ ਦਾਦੀ ਦੇ ਹੱਥ ਦੀ ਬਣੀ ਤੰਦੂਰੀ ਬਤਖ਼ ਖਾਧੀ ਤਾਂ ਕੇਨ ਚਾਚੂ ਵੀ ਉੱਥੇ ਡਟੇ ਹੋਏ ਸੀ।
ਰੇਲਵੇ ਗਾਰਡ ਦੀ ਉਹਨਾਂ ਦੀ ਨੌਕਰੀ ਉਹਨੀਂ ਦਿਨੀਂ ਹੀ ਛੁੱਟੀ ਸੀ ਤੇ ਅਗਲੀ ਨੌਕਰੀ ਦੀ ਭਾਲ ਵਿਚ ਉਹਨਾਂ ਦਾਦੀ ਦੇ ਘਰ ਡੇਰਾ ਲਾਇਆ ਹੋਇਆ ਸੀ। ਕੇਨ ਚਾਚੂ ਉੱਥੇ ਜਿੰਨੇ ਦਿਨ ਟਿਕੇ ਰਹਿ ਸਕਦੇ ਸਨ, ਟਿਕੇ ਰਹਿੰਦੇ ਸੀ ਤੇ ਉਦੋਂ ਤਕ ਨਹੀਂ ਸੀ ਟਲਦੇ ਜਦੋਂ ਤਕ ਦਾਦੀ ਉਹਨਾਂ ਨੂੰ ਸਕੂਲ ਵਿਚ ਅਸਿਸਟੈਂਟ ਮਾਸਟਰ ਦੀ ਨੌਕਰੀ ਦਿਵਾਉਣ ਲਈ ਨਹੀਂ ਸੀ ਕਹਿੰਦੇ।
ਛੋਟੇ ਬੱਚੇ ਕੇਨ ਚਾਚੂ ਨੂੰ ਫੁੱਟੀ ਅੱਖ ਨਹੀਂ ਸੀ ਸੁਹਾਉਂਦੇ। ਉਹ ਅਕਸਰ ਕਹਿੰਦੇ ਕਿ ਮੁੰਡੇ ਮੈਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਨੇ। ਪ੍ਰੇਸ਼ਾਨੀ ਤਾਂ ਉਹਨਾਂ ਨੂੰ ਮੈਥੋਂ ਵੀ ਹੁੰਦੀ ਸੀ, ਪਰ ਇਕ ਤਾਂ ਮੈਂ ਇਕੱਲਾ ਸੀ, ਦੂਜਾ ਦਾਦੀ ਹਰਦਮ ਕੇਨ ਚਾਚੂ ਦੀ ਰੱਖਿਆ ਲਈ ਮੌਜੂਦ ਹੁੰਦੇ ਸੀ। ਪਾਦਰੀ ਦਾਸ ਦੇ ਸਕੂਲ ਵਿਚ ਤਾਂ ਸੌ ਤੋਂ ਵੀ ਵੱਧ ਬੱਚੇ ਸਨ।
ਉਂਜ ਤਾਂ ਕੇਨ ਚਾਚੂ ਵੀ ਪੂਰੇ ਚਟੋਰੇ ਸਨ ਤੇ ਮੇਰੇ ਵਾਂਗ ਹੀ ਸੁਆਦੀ ਚੀਜ਼ਾਂ ਲੱਪ-ਗੱੜਪੀਂ ਖਾਂਦੇ ਸਨ, ਪਰ ਦਾਦੀ ਦੇ ਹੱਥਾਂ ਦੀ ਬਣੀ ਰਸੋਈ ਦੀ ਕਦੀ ਤਾਰੀਫ਼ ਨਹੀਂ ਸੀ ਕਰਦੇ। ਮੈਨੂੰ ਲੱਗਦਾ ਹੈ, ਸ਼ਾਇਦ ਇਸੇ ਕਰਕੇ ਕਦੀ-ਕਦੀ ਮੈਂ ਕੇਨ ਚਾਚੂ ਨਾਲ ਨਾਰਾਜ਼ ਹੋ ਜਾਂਦਾ ਸੀ ਤੇ ਇਸੇ ਕਰਕੇ ਕਦੀ-ਕਦੀ ਉਹਨਾਂ ਨੂੰ ਪ੍ਰੇਸ਼ਾਨ ਕਰਕੇ ਖੁਸ਼ ਵੀ ਹੁੰਦਾ ਹੁੰਦਾ ਸੀ।
ਕੇਨ ਚਾਚੂ ਨੇ ਤੰਦੂਰੀ ਬਤਖ਼ ਵੱਲ ਦੇਖਿਆ ਤਾਂ ਉਹਨਾਂ ਦੀ ਐਨਕ ਖਿਸਕ ਕੇ ਨੱਕ ਦੀ ਡੋਡੀ ਉੱਤੇ ਆ ਗਈ।
“ਹੁੰਅ...ਉਹੀ ਬਤਖ਼, ਮੇ ਆਂਟੀ?”
“ਕੀ ਮਤਲਬ, 'ਉਹੀ ਬਤਖ਼'?” ਦਾਦੀ ਕਹਿੰਦੇ, “ਪਿਛਲੇ ਮਹੀਨੇ ਤੂੰ ਆਇਆ ਸੀ, ਓਦੋਂ ਤਾਂ ਤੈਨੂੰ ਬਤਖ਼ ਨਹੀਂ ਸੀ ਖਵਾਈ।”
“ਮੇਰੇ ਕਹਿਣ ਦਾ ਮਤਲਬ ਸੀ, ਮੇ ਆਂਟੀ,” ਕੇਨ ਚਾਚੂ ਕਹਿੰਦੇ, “ਕਿ ਤੁਹਾਥੋਂ ਤਾਂ ਵੰਨ-ਸੁਵੰਨੀਆਂ ਚੀਜ਼ਾਂ ਦੀ ਉਮੀਦ ਰਹਿੰਦੀ ਏ, ਨਾ!”
ਇਸ ਦੇ ਬਾਵਜੂਦ, ਕੇਨ ਚਾਚੂ ਨੇ ਦੋ ਵਾਰੀ ਪਲੇਟ ਭਰ ਕੇ ਬਤਖ਼ ਖਾਧੀ ਤੇ ਜਦੋਂ ਤਕ ਮੈਂ ਹੱਥ ਵਧਾਇਆ, ਉਹ ਵਾਹਵਾ ਬਤਖ਼ ਸਮੇਟ ਚੁੱਕੇ ਸਨ। ਮੈਨੂੰ ਹੋਰ ਕੁਝ ਨਾ ਸੁੱਝਿਆ ਤਾਂ ਮੈਂ ਸਾਰੀ ਦੀ ਸਾਰੀ ਸਿਓ ਦੀ ਸਾਸ ਆਪਣੀ ਪਲੇਟ ਵਿਚ ਉਲੱਦ ਲਈ। ਕੇਨ ਚਾਚੂ ਜਾਣਦੇ ਸਨ ਕਿ ਮੈਨੂੰ ਤੰਦੂਰੀ ਬਤਖ਼ ਬੜੀ ਚੰਗੀ ਲੱਗਦੀ ਏ...ਤੇ ਮੈਂ ਵੀ ਜਾਣਦਾ ਸੀ ਕਿ ਕੇਨ ਚਾਚੂ ਦਾਦੀ ਦੀ ਬਣਾਈ ਸਿਓ ਦੀ ਸਾਸ ਦੇ ਦੀਵਾਨੇ ਨੇ। ਬਸ, ਪਲੜਾ ਬਰਾਬਰ ਹੋ ਗਿਆ।
“ਆਪਣੇ ਮਾਂ-ਪਿਓ ਕੋਲ ਕਦੋਂ ਜਾ ਰਿਹਾ ਏਂ ਤੂੰ?” ਮੁਰੱਬੇ ਉੱਤੇ ਹੱਥ ਸਾਫ਼ ਕਰਦੇ ਹੋਏ ਕੇਨ ਚਾਚੂ ਨੇ ਆਸ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ।
“ਸ਼ਾਇਦ ਇਸ ਸਾਲ ਮੈਂ ਉਹਨਾਂ ਕੋਲ ਨਾ ਜਾਵਾਂ।” ਮੈਂ ਕਿਹਾ ਤੇ ਨਾਲ ਹੀ ਜੋੜ ਦਿੱਤਾ, “ਤੇ ਚਾਚੂ! ਤੁਹਾਨੂੰ ਦੂਜੀ ਨੌਕਰੀ ਕਦੋਂ ਮਿਲ ਰਹੀ ਏ?”
“ਓਅ, ਸੋਚਦਾਂ, ਹਾਲੇ ਇਕ-ਦੋ ਮਹੀਨੇ ਆਰਾਮ ਕਰ ਲਵਾਂ...।”
ਭਾਂਡੇ ਵਗ਼ੈਰਾ ਧੋਣ-ਪੁੰਝਣ ਵਿਚ ਮੈਂ ਦਾਦੀ ਤੇ ਆਯਾ ਦੀ ਖ਼ੁਸ਼ੀ-ਖ਼ਸ਼ੀ ਮਦਦ ਕਰਦਾ ਸੀ। ਜਦੋਂ ਅਸੀਂ ਇਸ ਕੰਮ ਵਿਚ ਰੁੱਝੇ ਹੁੰਦੇ, ਤਾਂ ਕੇਨ ਚਾਚੂ ਵਰਾਂਡੇ ਵਿਚ ਪਏ ਉਂਘਦੇ ਰਹਿੰਦੇ ਜਾਂ ਰੇਡੀਓ ਉੱਤੇ ਨਰਿਤ-ਸੰਗੀਤ ਸੁਣਦੇ ਰਹਿੰਦੇ।
“ਕੇਨ ਚਾਚੂ ਤੈਨੂੰ ਕੈਸਾ ਲੱਗਦਾ ਏ?” ਇਕ ਦਿਨ ਦਾਦੀ ਨੇ ਕੇਨ ਚਾਚੂ ਦੀ ਪਲੇਟ ਵਿਚੋਂ ਹੱਡੀਆਂ ਕੁੱਤੇ ਦੇ ਭਾਂਡੇ ਵਿਚ ਪਾਉਂਦਿਆਂ ਹੋਇਆਂ ਮੈਨੂੰ ਪੁੱਛਿਆ।
“ਕਾਸ਼! ਉਹ ਕਿਸੇ ਹੋਰ ਦੇ ਚਾਚੂ ਹੁੰਦੇ,” ਮੈਂ ਕਿਹਾ।
“ਹਟ! ਐਨਾ ਮਾੜਾ ਤਾਂ ਨਹੀਂ। ਹਾਂ, ਥੋੜ੍ਹਾ ਖਬਤੀ ਜ਼ਰੂਰ ਏ।”
“ਖਬਤੀ ਕੀ ਹੁੰਦਾ ਏ ਦਾਦੀ?”
“ਯਾਨੀ ਥੋੜ੍ਹਾ ਝੱਕੀ ਕਿਸਮ ਦਾ—'ਕਰੇਜ਼ੀ!'”
“ਪਰ ਸਾਡਾ ਕਰੇਜ਼ੀ ਘੱਟੋਘੱਟ ਘਰ ਦੇ ਇਰਦ-ਗਿਰਦ ਦੌੜਦਾ-ਭੱਜਦਾ ਤਾਂ ਰਹਿੰਦਾ ਏ,” ਮੈਂ ਕਿਹਾ, “ਪਰ ਕੇਨ ਚਾਚੂ ਨੂੰ ਤਾਂ ਤੁਰਦਿਆਂ ਹੋਇਆਂ ਵੀ ਮੈਂ ਘੱਟ ਈ ਦੇਖਿਆ ਏ।”
ਪਰ ਇਕ ਦਿਨ ਮੈਂ ਇਹ ਦ੍ਰਿਸ਼ ਵੀ ਦੇਖਿਆ।
ਮੋਹਨ ਤੇ ਮੈਂ, ਦੋਵੇਂ ਅੰਬ ਦੇ ਰੁੱਖ ਹੇਠ ਬੰਟੇ ਖੇਡ ਰਹੇ ਸੀ। ਉਦੋਂ ਹੈਰਾਨੀ ਨਾਲ ਦੇਖਿਆ ਕਿ ਕੇਨ ਚਾਚੂ ਅਹਾਤੇ ਵਿਚ ਦੌੜਦੇ ਆ ਰਹੇ ਨੇ ਤੇ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਉਹਨਾਂ ਦੇ ਪਿੱਛੇ ਪਿਆ ਹੋਇਆ ਹੈ। ਹੋਇਆ ਇਹ ਸੀ ਕਿ ਕੇਨ ਚਾਚੂ ਹੁਰੀਂ ਸੇਮਲ ਦੇ ਰੁੱਖ ਹੇਠ ਖੜ੍ਹੇ ਸਿਗਰਟ ਪੀ ਰਹੇ ਸੀ। ਉਹਨਾਂ ਦੇ ਐਨ ਉੱਤੇ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਸੀ। ਸਿਗਰਟ ਦੇ ਧੂੰਏਂ ਦੇ ਗੁਬਾਰ ਨੇ ਮੱਖਆਂ ਨੂੰ ਭੜਕਾ ਦਿੱਤਾ ਤੇ ਉਹ ਕੇਨ ਚਾਚੂ ਦੇ ਮਗਰ ਪੈ ਗਈਆਂ। ਬਸ, ਕੇਨ ਚਾਚੂ ਸਿਰ ਉੱਤੇ ਪੈਰ ਰੱਖ ਕੇ ਨੱਸੇ ਤੇ ਅੰਦਰ ਜਾ ਕੇ ਠੰਢੇ ਯੱਖ ਪਾਣੀ ਦੇ ਟਬ ਵਿਚ ਵੜ ਗਏ। ਮੱਖੀਆਂ ਨੇ ਉਹਨਾਂ ਦੇ ਕਈ ਥਾਂ ਡੰਗ ਵੀ ਮਾਰੇ ਸਨ। ਸੋ ਕੇਨ ਚਾਚੂ ਨੇ ਤਿੰਨ ਦਿਨ ਤਕ ਬਿਸਤਰਾ ਮੱਲੀ ਰੱਖਣ ਦਾ ਫ਼ੈਸਲਾ ਕਰ ਲਿਆ। ਆਯਾ ਉਹਨਾਂ ਨੂੰ ਉੱਥੇ ਹੀ ਟਰੇ ਵਿਚ ਰੱਖ ਕੇ ਖਾਣਾ ਦੇ ਜਾਂਦੀ।
“ਮੈਨੂੰ ਨਹੀਂ ਪਤਾ ਸੀ—ਕੇਨ ਚਾਚੂ ਐਨੀ ਤੇਜ਼ ਦੌੜ ਸਕਦੇ ਨੇ,” ਉਸ ਦਿਨ ਬਾਅਦ ਵਿਚ ਮੈਂ ਇਹ ਗੱਲ ਕਹੀ।
ਦਾਦੀ ਬੋਲੇ, “ਕੁਦਰਤ ਇਸੇ ਤਰ੍ਹਾਂ ਕਮੀਂ-ਪੂਰਦੀ ਏ।”
“ਇਹ ਕਮੀਂ-ਪੂਰਦੀ ਕੀ ਹੁੰਦਾ ਏ, ਦਾਦੀ?”
“ਕਮੀਂ-ਪੂਰਦੀ ਯਾਨੀ ਕਿਸੇ ਚੀਜ਼ ਦੀ ਘਾਟ ਨੂੰ ਪੂਰਾ ਕਰਨਾ ਜਾਂ ਕਸਰ ਪੂਰੀ ਕਰਨਾ...ਹੁਣ ਕਮ ਸੇ ਕਮ ਤੇਰੇ ਕੇਨ ਚਾਚੂ ਨੂੰ ਇਹ ਤਾਂ ਪਤਾ ਲੱਗ ਈ ਗਿਆ ਏ ਕਿ ਉਹ ਭੱਜ-ਦੌੜ ਵੀ ਸਕਦਾ ਏ। ਕਿਓਂ, ਹੈ ਨਾ ਇਹ ਅਦਭੁਤ ਗੱਲ!”

2. ਦਾਦੀ ਦੇ ਅਚਾਰ

ਦਾਦੀ ਜਦੋਂ ਕਦੀ ਵਨੀਲਾ ਜਾਂ ਚਾਕਲੇਟ ਵਾਲੀ ਮਠਿਆਈ ਬਣਾਉਂਦੇ, ਮੈਨੂੰ ਕਹਿੰਦੇ ਕਿ 'ਥੋੜ੍ਹੀ ਮਾਲੀ ਦੇ ਮੁੰਡੇ ਮੋਹਨ ਨੂੰ ਵੀ ਦੇ ਆ।'
ਮੋਹਨ ਲਈ ਤੰਦੂਰੀ ਬਤਖ਼ ਜਾਂ ਚਿਕਨ-ਕਰੀ ਲੈ ਜਾਣ ਦੀ ਕੋਈ ਤੁਕ ਨਹੀਂ ਸੀ, ਕਿਉਂਕਿ ਮਾਲੀ ਦੇ ਘਰ ਕੋਈ ਮਾਸ-ਮੱਛੀ ਨਹੀਂ ਸੀ ਖਾਂਦਾ। ਪਰ ਮੋਹਨ ਨੂੰ ਮਠਿਆਈ ਚੰਗੀ ਲੱਗਦੀ ਸੀ—ਖਾਸ ਤੌਰ ਉੱਤੇ ਗੁਲਾਬ-ਜਾਮਨ, ਰਸਗੁੱਲੇ, ਜਲੇਬੀਆਂ, ਜਿਹਨਾਂ ਵਿਚ ਖ਼ੁਬ ਦੁੱਧ ਤੇ ਮਿੱਠਾ ਹੁੰਦਾ ਸੀ, ਤੇ ਫੇਰ ਦਾਦੀ ਦੇ ਹੱਥ ਦੀ ਬਣੀ ਅੰਗਰੇਜ਼ੀ ਮਠਿਆਈ ਤਾਂ ਉਹ ਬੜੇ ਚਾਅ ਨਾਲ ਖਾਂਦਾ ਸੀ।
ਅਕਸਰ ਅਸੀਂ ਕਟਹਲ ਦੇ ਰੁੱਖ ਦੇ ਟਾਹਣਾ ਉੱਤੇ ਜਾ ਬੈਠਦੇ ਤੇ ਮਠਿਆਈ ਜਾਂ ਪਿਪਰਮਿੰਟ ਜਾਂ ਲਿਸਲਿਸੀ-ਪਿਲਪਿਲੀ ਟਾਫੀ ਦੇ ਚਟਖਾਰੇ ਲੈਂਦੇ ਰਹਿੰਦੇ। ਕਟਹਲ ਅਸੀਂ ਖਾ ਨਹੀਂ ਸੀ ਸਕਦੇ। ਹਾਂ, ਉਸਦੀ ਸਬਜ਼ੀ-ਭਾਜੀ ਬਣਦੀ ਜਾਂ ਅਚਾਰ ਪੈਂਦਾ, ਤਾਂ ਅਸੀਂ ਸ਼ੌਕ ਨਾਲ ਖਾਂਦੇ। ਪਰ ਕਟਹਲ ਦੇ ਰੁੱਖ ਉੱਤੇ ਚੜ੍ਹਨ ਦਾ ਬੜਾ ਮਜ਼ਾ ਆਉਂਦਾ। ਕੁਝ ਬੜੇ ਅਦਭੁਤ ਜੀਵ ਵੀ ਉਸ ਰੁੱਖ ਉੱਤੇ ਰਹਿੰਦੇ ਸੀ—ਕਾਟੋਆਂ, ਫਲਾਹਾਰੀ-ਚਮਗਿੱਦੜ ਤੇ ਤੋਤੇ-ਤੋਤੀ ਦਾ ਜੋੜਾ। ਕਾਟੋਆਂ ਸਾਡੇ ਨਾਲ ਹਿਲ-ਮਿਲ ਗਈਆਂ ਸੀ ਤੇ ਛੇਤੀ ਹੀ ਸਾਡੇ ਹੱਥੋਂ ਚੀਜ਼ਾਂ ਲੈ ਕੇ ਖਾਣ ਲੱਗ ਪਈਆਂ ਸੀ। ਉਹਨਾਂ ਨੂੰ ਵੀ ਦਾਦੀ ਦੀ ਚਾਕਲੇਟ ਵਾਲੀ ਮਠਿਆਈ ਬੜੀ ਚੰਗੀ ਲੱਗਦੀ ਸੀ। ਇਕ ਨਿੱਕੀ ਕਾਟੋ ਤਾਂ ਮੇਰੀ ਜੇਬ ਵਿਚ ਵੜ ਕੇ ਤਲਾਸ਼ੀ ਲੈਂਦੀ ਕਿ ਕਿਤੇ ਮੈਂ ਕੋਈ ਚੀਜ਼ ਲੁਕਾਅ ਕੇ ਤਾਂ ਨਹੀਂ ਰੱਖੀ ਹੋਈ।
ਮੋਹਨ ਤੇ ਮੈਂ, ਦੋਵੇਂ ਬਗ਼ੀਚੇ ਦੇ ਲਗਭਗ ਹਰੇਕ ਰੁੱਖ ਉੱਤੇ ਚੜ੍ਹ ਜਾਂਦੇ ਸੀ, ਤੇ ਜੇ ਦਾਦੀ ਸਾਨੂੰ ਲੱਭਣ ਨਿਕਲਦੇ ਤਾਂ ਪਹਿਲਾਂ ਅਗਲੇ ਵਰਾਂਡੇ ਵਿਚੋਂ, ਘਰ ਦੇ ਨਾਲ ਵਾਲੀ ਰਸੋਈ ਵਿਚੋਂ ਤੇ ਅਖ਼ੀਰ ਵਿਚ ਘਰ ਦੇ ਦੂਜੇ ਪਾਸੇ ਵਾਲੇ ਗੁਸਲਖਾਨੇ ਦੀ ਬਾਰੀ ਵਿਚੋਂ ਸਾਨੂੰ ਆਵਾਜ਼ ਮਾਰਦੇ। ਉੱਥੇ ਚਾਰੇ-ਪਾਸੇ ਰੁੱਖ ਹੀ ਰੁੱਖ ਸਨ ਤੇ ਜਦੋਂ ਆਸੀਂ ਦਾਦੀ ਨੂੰ ਕੋਈ ਜਵਾਬ ਨਾ ਦਿੰਦੇ, ਤਾਂ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਕਿ ਅਸੀਂ ਕਿਸ ਰੁੱਖ ਉੱਤੇ ਬੈਠੇ ਹਾਂ। ਕਦੀ-ਕਦੀ ਹੁੰਦਾ ਇਹ ਕਿ ਜਿਸ ਰੁੱਖ ਉੱਤੇ ਅਸੀਂ ਬੈਠੇ ਹੁੰਦੇ, 'ਕਰੇਜ਼ੀ' ਉਸਦੇ ਹੇਠਾਂ ਆ ਕੇ ਭੌਂਕਣ ਲੱਗ ਪੈਂਦਾ ਤੇ ਸਾਡਾ ਭੇਤ ਖੁੱਲ੍ਹ ਜਾਂਦਾ।
ਜਦੋਂ ਰੁੱਖਾਂ ਦੇ ਫਲ ਤੋੜਨ ਦਾ ਮੌਸਮ ਆਉਂਦਾ, ਤਾਂ ਇਹ ਕੰਮ ਮੋਹਨ ਨੂੰ ਸੌਂਪ ਦਿੱਤਾ ਜਾਂਦਾ। ਅੰਬ ਤੇ ਲੀਚੀ ਗਰਮੀਆਂ ਵਿਚ ਪੱਕ ਕੇ ਤਿਆਰ ਹੁੰਦੇ ਸਨ। ਉਹਨੀਂ ਦਿਨੀਂ ਮੈਂ ਬੋਰਡਿੰਗ ਸਕੂਲ ਵਿਚ ਹੁੰਦਾ ਸੀ। ਸੋ ਮੈਂ ਫਲ ਤੋੜਨ ਦੇ ਕੰਮ ਵਿਚ ਹੱਥ ਨਹੀਂ ਸੀ ਵੰਡਾ ਸਕਦਾ। ਪਪੀਤਾ ਸਰਦੀਆਂ ਵਿਚ ਪੱਕਦਾ ਸੀ। ਪਰ ਪਪੀਤੇ ਦੇ ਬੂਟੇ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਕਿਉਂਕਿ ਉਸਦਾ ਤਣਾ ਪਤਲਾ ਤੇ ਲਚਕੀਲਾ ਹੁੰਦਾ ਹੈ। ਪਪੀਤੇ ਦੇ ਫਲ ਤੋੜਨ ਲਈ ਲੰਮੀਂ ਢਾਂਗੀ ਦੀ ਲੋੜ ਹੁੰਦੀ ਹੈ ਤੇ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਉਸਨੂੰ ਜੁੱਪ ਲੈਣਾ ਪੈਂਦਾ ਹੈ।
ਮੋਹਨ ਅਚਾਰ ਵਗ਼ੈਰਾ ਪਾਉਣ ਵਿਚ ਦਾਦੀ ਦੀ ਮਦਦ ਕਰਦਾ ਸੀ। ਦਾਦੀ ਦੇ ਅਚਾਰ ਦੀਆਂ ਬੜੀਆਂ ਧੁੰਮਾਂ ਸਨ। ਤੇਲ ਵਿਚ ਤਿਆਰ ਕੀਤਾ ਹੋਇਆ ਅੰਬ ਦਾ ਅਚਾਰ ਦੇਖ ਕੇ ਤਾਂ ਹਰ ਕਿਸੇ ਦੀਆਂ ਲਾਲਾਂ ਡਿੱਗਣ ਲੱਗ ਪੈਂਦੀਆਂ। ਨਿੰਬੂ ਦਾ ਤਿੱਖਾ ਅਚਾਰ ਵੀ ਲੋਕੀ ਬੜਾ ਪਸੰਦ ਕਰਦੇ ਸਨ। ਇਸੇ ਤਰ੍ਹਾਂ ਸ਼ਲਗਮ, ਗਾਜਰ, ਫੁੱਲਗੋਭੀ, ਮਿਰਚ ਤੇ ਦੂਜੇ ਫਲਾਂ ਤੇ ਸਬਜ਼ੀਆਂ ਦੇ ਅਚਾਰ ਪਾਉਣ ਵਿਚ ਦਾਦੀ ਓਨੇਂ ਹੀ ਮਾਹਰ ਸਨ। ਜਲਕੁੰਭੀ ਤੋਂ ਲੈ ਕੇ ਕਟਹਲ ਤਕ—ਮਤਲਬ ਇਹ ਕਿ ਕਿਸੇ ਵੀ ਚੀਜ਼ ਦਾ ਅਚਾਰ ਪਾਉਣ ਦੀ ਕਲਾ ਵਿਚ ਦਾਦੀ ਮਾਹਰ ਸਨ। ਕੇਨ ਚਾਚੂ ਨੂੰ ਅਚਾਰ ਚੰਗਾ ਨਹੀਂ ਸੀ ਲੱਗਦਾ, ਇਸ ਲਈ ਮੈਂ ਦਾਦੀ ਨੂੰ ਹਮੇਸ਼ਾ ਬਹੁਤ ਸਾਰੇ ਅਚਾਰ ਪਾਉਣ ਲਈ ਕਹਿੰਦਾ ਸੀ।
ਮਿੱਠੀ ਚਟਨੀ ਤੇ ਸਾਸ ਵਗ਼ੈਰਾ ਮੈਨੂੰ ਬੜੇ ਪਸੰਦ ਸਨ, ਪਰ ਮੈਂ ਅਚਾਰ ਵੀ ਸ਼ੌਕ ਨਾਲ ਖਾਂਦਾ ਸੀ, ਇੱਥੋਂ ਤਕ ਕਿ ਮਿਰਚ ਮਸਾਲੇ ਵਾਲੇ ਤਿੱਖੇ ਅਚਾਰ ਵੀ ਮੈਨੂੰ ਚੰਗੇ ਲੱਗਦੇ ਸਨ।
ਇਕ ਵਾਰੀ ਸਰਦੀ ਦੇ ਮੌਸਮ ਵਿਚ, ਜਦੋਂ ਦਾਦੀ ਕੋਲ ਪੈਸਿਆਂ ਦੀ ਥੋੜ੍ਹੀ ਕਮੀ ਹੋਈ, ਤਾਂ ਮੈਂ ਤੇ ਮੋਹਨ ਨੇ ਘਰ-ਘਰ ਜਾ ਕੇ ਉਹਨਾਂ ਦੇ ਅਚਾਰ ਵੇਚੇ।
ਹਾਲਾਂਕਿ ਦਾਦੀ ਹਰ ਕਿਸਮ ਦੇ ਲੋਕਾਂ ਤੇ ਪਾਲਤੂ ਜੀਵ-ਜੰਤੂਆਂ ਨੂੰ ਖੁਆਉਂਦੇ-ਪਿਆਉਂਦੇ ਸੀ, ਪਰ ਉਹ ਬਹੁਤੀਆਂ ਧਨੱਡ ਔਰਤਾਂ ਵਿਚੋਂ ਨਹੀਂ ਸਨ। ਮਕਾਨ ਤਾਂ ਦਾਦਾ ਜੀ ਉਹਨਾਂ ਲਈ ਜ਼ਰੂਰ ਛੱਡ ਗਏ ਸਨ, ਪਰ ਬੈਂਕ ਵਿਚ ਰੁਪਿਆ ਬਹੁਤਾ ਨਹੀਂ ਸੀ। ਅੰਬ ਦੀ ਫਸਲ ਤੋਂ ਹਰ ਸਾਲ ਉਹਨੂੰ ਖਾਸੀ ਆਮਦਨ ਹੋ ਜਾਂਦੀ ਸੀ ਤੇ ਰੇਲਵੇ ਵੱਲੋਂ ਥੋੜ੍ਹੀ ਪੈਨਸ਼ਨ ਵੀ ਮਿਲਦੀ ਸੀ। (ਦਾਦਾ ਜੀ ਇਸ ਸਦੀ ਦੇ ਸ਼ੁਰੂ ਵਿਚ ਪਹਿਲੋਂ-ਪਹਿਲ ਦੇਹਰਾਦੂਨ ਤਕ ਰੇਲਵੇ ਲਾਈਨ ਲਿਆਉਣ ਵਿਚ ਮਦਦ ਕਰਨ ਵਾਲੇ ਮੁੱਢਲੇ ਲੋਕਾਂ ਵਿਚੋਂ ਇਕ ਸਨ)। ਪਰ ਇਸ ਦੇ ਇਲਾਵਾ ਦਾਦੀ ਦੀ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ। ਹੁਣ ਜਦੋਂ ਕਦੀ ਮੈਂ ਇਸ ਬਾਰੇ ਸੋਚਦਾ ਹਾਂ, ਤਾਂ ਦੇਖਦਾ ਹਾਂ ਕਿ ਉਹਨਾਂ ਦਿਨਾਂ ਦਾ ਭੋਜਨ ਨਿਰਾਲਾ ਕਿਉਂ ਲੱਗਦਾ ਸੀ—ਬਸ, ਇਕ ਅੱਧੀ ਚੀਜ਼ ਹੁੰਦੀ ਸੀ ਉਸ ਵਿਚ, ਤੇ ਉਸਦੇ ਨਾਲ ਕੋਈ ਮਿੱਠਾ ਹੁੰਦਾ ਸੀ। ਇਹ ਦਾਦੀ ਦੀ ਪਾਕ-ਕ੍ਰਿਆ ਦਾ ਹੀ ਕਮਾਲ ਸੀ ਕਿ ਸਾਧਾਰਨ-ਜਿਹਾ ਭੋਜਨ ਵੀ ਦਾਵਤ ਦਾ ਮਜ਼ਾ ਦੇ ਦੇਂਦਾ ਸੀ।
ਦਾਦੀ ਦੇ ਅਚਾਰ ਲੈ ਜਾ ਕੇ ਵੇਚਣ ਵਿਚ ਸਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਸੀ ਹੁੰਦੀ। ਬਲਕਿ, ਇਸ ਵਿਚ ਤਾਂ ਮਜ਼ਾ ਹੀ ਮਜ਼ਾ ਸੀ। ਮੋਹਨ ਤੇ ਮੈਂ ਅਚਾਰ ਦੀਆਂ ਬੋਤਲਾਂ, ਸ਼ੀਸ਼ੀਆਂ ਟੋਕਰੀ ਵਿਚ ਰੱਖ ਕੇ ਘਰੋਂ ਨਿਕਲ ਪੈਂਦੇ ਤੇ ਘਰ-ਘਰ ਜਾ ਕੇ ਉਹਨਾਂ ਨੂੰ ਵੇਚਦੇ।
ਸੜਕ ਦੇ ਉਸ ਪਾਰ ਰਹਿਣ ਵਾਲੇ ਮੇਜਰ ਕਲਾਰਕ ਸਾਡੇ ਪਹਿਲੇ ਗਾਹਕ ਸਨ। ਮੇਜਰ ਕਲਾਰਕ ਦੇ ਵਾਲ ਲਾਲ-ਲਾਲ ਸਨ ਤੇ ਅੱਖਾਂ ਚਮਕੀਲੀਆਂ ਨੀਲੀਆਂ, ਤੇ ਉਹ ਹਮੇਸ਼ਾ ਖਿੜੇ-ਖਿੜੇ ਦਿਖਾਈ ਦਿੰਦੇ ਸਨ।
“ਉਸ ਵਿਚ ਕੀ ਏ, ਰਸਟੀ?” ਉਹਨਾਂ ਨੇ ਪੁੱਛਿਆ।
“ਜੀ, ਅਚਾਰ!”
“ਅਚਾਰ! ਤੂੰ ਖ਼ੁਦ ਪਾਉਂਦਾ ਏਂ?”
“ਜੀ, ਨਹੀਂ। ਮੇਰੇ ਦਾਦੀ ਜੀ ਪਾਉਂਦੇ ਨੇ। ਅਸੀਂ ਵੇਚਣ ਆਏ ਆਂ। ਇਹਨਾਂ ਨੂੰ ਵੇਚ ਕੇ ਅਸੀਂ ਵੱਡੇ-ਦਿਨ (ਕ੍ਰਿਸਮਿਸ) ਲਈ 'ਟਰਕੀ' ਖ਼ਰੀਦਾਂਗੇ।”
“ਮਿਸਿਜ ਬਾਂਡ ਦੇ ਅਚਾਰ, ਅਹਾ! ਚੰਗਾ ਏ, ਪਹਿਲਾਂ ਮੇਰਾ ਘਰ ਈ ਪੈਂਦੇ, ਕਿਉਂਕਿ ਮੈਂ ਜਾਣਦਾ ਆਂ ਤੇਰੀ ਟੋਕਰੀ ਵਿੰਹਦੇ-ਵਿੰਹਦੇ ਖਾਲੀ ਹੋ ਜਾਏਗੀ। ਬੇਟਾ, ਤੇਰੀ ਦਾਦੀ ਨਾਲੋਂ ਅੱਛਾ ਅਚਾਰ ਕੋਈ ਨਹੀਂ ਪਾ ਸਕਦਾ। ਇਹ ਗੱਲ ਮੈਂ ਪਹਿਲਾਂ ਵੀ ਕਹਿੰਦਾ ਸੀ, ਤੇ ਅੱਜ ਫੇਰ ਕਹਿੰਦਾ ਆਂ। ਇਸ ਦੁਨੀਆ ਵਿਚ, ਜਿੱਥੇ ਵਧੀਆ ਤੇ ਲੱਜਤਦਾਰ ਖਾਣੇ ਬਣਾਉਣ ਵਾਲਿਆਂ ਦੀ ਵੈਸੇ ਈ ਕਮੀਂ ਏਂ, ਤੇਰੀ ਦਾਦੀ ਤਾਂ ਸਮਝੋ ਉਪਰ ਵਾਲੇ ਦਾ ਵਰਦਾਨ ਏਂ। ਮੇਰੀ ਪਤਨੀ ਬਾਜ਼ਾਰ ਗਈ ਏ, ਇਸ ਲਈ ਥੋੜ੍ਹਾ ਤਸੱਲੀ ਨਾਲ ਗੱਲ ਕਰਦਾ ਪਿਆਂ, ਸਮਝਿਆ...! ਕੀ-ਕੀ ਏ ਇਸ ਵੇਲੇ ਤੇਰੇ ਕੋਲ? ਜ਼ਰੂਰ ਮਿਰਚਾਂ ਦਾ ਅਚਾਰ ਵੀ ਹੋਏਗਾ! ਤੇਰੀ ਦਾਦੀ ਜਾਣਦੀ ਏ, ਮਿਰਚ ਦਾ ਅਚਾਰ ਮੈਨੂੰ ਬੜਾ ਚੰਗਾ ਲੱਗਦਾ ਏ। ਤੇਰੀ ਟੋਕਰੀ 'ਚ ਜੇ ਮਿਰਚਾਂ ਦਾ ਅਚਾਰ ਨਾ ਹੋਇਆ, ਤਾਂ ਮੈਨੂੰ ਬੜਾ ਬੁਰਾ ਲੱਗੇਗਾ।”
ਸੱਚੀਂ, ਟੋਕਰੀ ਵਿਚ ਲਾਲ ਮਿਰਚਾਂ ਦੇ ਅਚਾਰ ਦੀਆਂ ਤਿੰਨ ਸ਼ੀਸ਼ੀਆਂ ਸਨ। ਮੇਜਰ ਕਲਾਰਕ ਨੇ ਤਿੰਨੇ ਖ਼ਰੀਦ ਲਈਆਂ।
ਉੱਥੋਂ ਚੱਲ ਕੇ ਅਸੀਂ ਮਿਸ ਕੇਲਨਰ ਦੇ ਘਰ ਗਏ। ਮਿਸ ਕੇਲਨਰ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਕਤਈ ਪਸੰਦ ਨਹੀਂ ਸੀ ਕਰਦੀ। ਇਸ ਲਈ ਉਸ ਕੋਲ ਅਚਾਰ ਵੇਚਣ ਦੀ ਗੱਲ ਕਰਨੀ ਹੀ ਵਿਅਰਥ ਸੀ। ਪਰ ਮਿਸ ਕੇਲਨਰ ਨੇ ਸਿਰਕੇ ਵਾਲਾ ਅਦਰਕ ਖ਼ਰੀਦ ਲਿਆ। ਫੇਰ ਮੈਨੂੰ ਉਸਨੇ ਇਕ ਛੋਟੀ-ਜਿਹੀ ਪ੍ਰਾਰਥਨਾ-ਪੁਸਤਕ ਦਿੱਤੀ। ਜਦੋਂ ਕਦੀ ਮੈਂ ਮਿਸ ਕੇਲਨਰ ਨੂੰ ਮਿਲਣ ਜਾਂਦਾ ਸੀ, ਉਹ ਮੈਨੂੰ ਪ੍ਰਾਰਥਨਾ-ਪੁਸਤਕ ਜ਼ਰੂਰ ਦਿੰਦੀ ਸੀ ਤੇ ਇਹ ਪੁਸਤਕ ਹਮੇਸ਼ਾ ਉਹੀ ਹੁੰਦੀ ਸੀ।
ਅੱਗੇ ਸੜਕ ਉੱਤੇ ਡਾਕਟਰ ਦੱਤ ਰਹਿੰਦੇ ਸਨ, ਜਿਹੜੇ ਹਸਪਤਾਲ ਦੇ ਇੰਚਾਰਜ ਸਨ। ਉਹਨਾਂ ਨੇ ਨਿੰਬੂ ਦੇ ਅਚਾਰ ਦੀਆਂ ਕਈ ਸ਼ੀਸ਼ੀਆਂ ਖ਼ਰੀਦੀਆਂ। ਬੋਲੇ ਕਿ 'ਨਿੰਬੂ ਦਾ ਅਚਾਰ ਉਹਨਾਂ ਦੇ ਜਿਗਰ ਲਈ ਬੜਾ ਫਾਇਦੇਮੰਦ ਏ।' ਸੜਕ ਦੇ ਸਿਰੇ ਉੱਤੇ ਮੋਟਰ-ਗੈਰਾਜ ਦੇ ਮਾਲਕ ਮਿਸਟਰ ਹਰੀ ਰਹਿੰਦੇ ਸਨ, ਜਿਹੜੇ ਨਵੀਂਆਂ ਕਾਰਾਂ ਵੇਚਦੇ ਸਨ। ਉਹਨਾਂ ਨੇ ਸਿਰਕੇ ਵਾਲੇ ਪਿਆਜ ਦੀਆਂ ਦੋ ਸ਼ੀਸ਼ੀਆਂ ਖ਼ਰੀਦੀਆਂ ਤੇ ਨਿਮਰਤਾ ਸਹਿਤ ਕਿਹਾ ਕਿ ਅਗਲੇ ਮਹੀਨੇ ਅਸੀਂ ਉਹਨਾਂ ਨੂੰ ਦੋ ਸ਼ੀਸ਼ੀਆਂ ਹੋਰ ਦੇ ਜਾਈਏ।
ਵਾਪਸ ਘਰ ਪਹੁੰਚਦੇ-ਪਹੁੰਚਦੇ ਸਾਡੀ ਟੋਕਰੀ ਅਕਸਰ ਖਾਲੀ ਹੋ ਚੁੱਕੀ ਹੁੰਦੀ ਤੇ ਅਸੀਂ ਜਾ ਕੇ ਦਾਦੀ ਦੀ ਹਥੇਲੀ ਉੱਤੇ ਵੀਹ-ਤੀਹ ਰੁਪਏ ਰੱਖ ਦਿੰਦੇ। ਓਹਨੀਂ ਦਿਨੀਂ ਐਨੇ ਰੁਪਈਆਂ ਵਿਚ 'ਟਰਕੀ' ਆ ਜਾਂਦੀ ਸੀ।
ਕੇਨ ਚਾਚੂ ਕ੍ਰਿਸਮਿਤ ਤਕ ਉੱਥੇ ਡਟੇ ਰਹੇ ਤੇ ਵਧੇਰੇ 'ਟਰਕੀ' ਉਹਨਾਂ ਦੇ ਢਿੱਡ 'ਚ ਗਈ।
“ਹੁਣ ਤਾਂ ਨੌਕਰੀ ਲੱਭ ਲੈ ਤੂੰ!” ਦਾਦੀ ਨੇ ਇਕ ਦਿਨ ਕੇਨ ਚਾਚੂ ਨੂੰ ਕਿਹਾ।
“ਦੇਹਰਾਦੂਨ 'ਚ ਨੌਕਰੀਆਂ ਕਿੱਥੇ ਧਰੀਆਂ ਨੇ!” ਕੇਨ ਚਾਚਾ ਦੁਖੀ ਹੋ ਕੇ ਬੋਲੇ।
“ਕੀ ਕਹਿ ਰਿਹਾ ਏਂ? ਤੂੰ ਕਦੀ ਕੋਈ ਨੌਕਰੀ ਲੱਭੀ ਈ ਨਹੀਂ! ਕੀ ਤੂੰ ਹਮੇਸ਼ਾ ਇੱਥੇ ਈ ਪਿਆ ਰਹੇਂਗਾ? ਤੇਰੀ ਭੈਣ ਐਮਿਲੀ ਲਖਨਊ 'ਚ ਸਕੂਲ ਦੀ ਹੈਡਮਿਸਟਰੈਸ ਏ। ਉਸ ਕੋਲ ਚਲਾ ਜਾ। ਉਸਨੇ ਪਹਿਲਾਂ ਵੀ ਕਿਹਾ ਸੀ ਕਿ ਉਹ ਤੈਨੂੰ ਆਪਣੀ 'ਡਾਰਮਿਟਰੀ' (ਸਕੂਲ ਦੇ ਬੱਚਿਆਂ ਦੇ ਸੌਣ ਵਾਲਾ ਵੱਡਾ ਹਾਲ) ਦੇ ਨਿਗਰਾਣ ਦੀ ਨੌਕਰੀ ਦੇ ਸਕਦੀ ਏ।”
“ਛੀ-ਛੀ!” ਕੇਨ ਚਾਚੂ ਬੋਲੇ, “ਸੱਚੀ ਗੱਲ ਤਾਂ ਇਹ ਐ ਆਂਟੀ ਕਿ ਤੂੰ ਖ਼ੁਦ ਵੀ ਨਹੀਂ ਚਾਹੁੰਦੀ ਕਿ ਮੈਂ ਡਾਰਮਿਟਰੀ ਵਰਗੀ ਜਗ੍ਹਾ ਚਾਲ੍ਹੀ-ਪੰਜਾਹ ਝੱਲ-ਵਲੱਲੇ ਬੱਚਿਆਂ ਨਾਲ ਸਿਰ-ਖਪਾਈ ਕਰਾਂ।”
“ਝੱਲ-ਵਲੱਲੇ ਕੀ ਹੁੰਦਾ ਏ?” ਮੈਂ ਪੁੱਛਿਆ।
“ਚੁੱਪ ਰਹਿ!” ਕੇਨ ਚਾਚੂ ਤੁੜ੍ਹਕੇ।
“ਝੱਲ-ਵਲੱਲੇ ਦਾ ਅਰਥ ਏ ਸਨਕੀ।”
“ਏਨੇ ਭਾਰੀ ਸ਼ਬਦ ਦਾ ਅਰਥ ਸਨਕੀ ਹੁੰਦਾ ਏ!” ਮੈਂ ਉਲਾਂਭੇ ਭਰੀ ਆਵਾਜ਼ ਵਿਚ ਕਿਹਾ, “ਇਸ ਤੋਂ ਚੰਗਾ ਸਿੱਧਾ ਅਸੀਂ 'ਸਨਕੀ' ਈ ਕਿਉਂ ਨਹੀਂ ਕਹਿ ਦਿੰਦੇ। ਸਾਡੇ ਕੋਲ ਇਕ ਸਨਕੀ 'ਕਰੇਜ਼ੀ' ਏ, ਤੇ ਕੇਨ ਚਾਚੂ ਵੀ ਤਾਂ ਸਨਕੀ ਨੇ।”
ਕੇਨ ਚਾਚੂ ਨੇ ਮੇਰਾ ਕੰਨ ਮਰੋੜ ਦਿੱਤਾ। ਦਾਦੀ ਬੋਲੀ, “ਤੇਰਾ ਕੇਨ ਚਾਚੂ ਸਨਕੀ ਨਹੀਂ...। ਖ਼ਬਰਦਾਰ, ਜੇ ਕਦੀ ਅਜਿਹੀ ਗੱਲ ਮੂੰਹੋਂ ਕੱਢੀ! ਹਾਂ, ਥੋੜ੍ਹਾ ਆਲਸੀ ਜ਼ਰੂਰ ਏ।”
“ਤੇ ਖਬਤੀ ਵੀ!” ਮੈਂ ਕਿਹਾ, “ਸੁਣਦੇ ਆਂ, ਉਹ ਖਬਤੀ ਵੀ ਨੇ।”
“ਕਿਹੜਾ ਕਹਿੰਦਾ ਏ, ਮੈਂ ਖਬਤੀ ਆਂ!” ਕੇਨ ਚਾਚੂ ਹਿਰਖ ਕੇ ਬੋਲੇ।
“ਮਿਸ ਲੇਸਲੀ ਕਹਿੰਦੀ ਏ!” ਮੈਂ ਝੂਠ-ਮੂਠ ਉਸਦਾ ਨਾਂ ਲੈ ਦਿੱਤਾ। ਮੈਂ ਜਾਣਦਾ ਸੀ ਕੇਨ ਚਾਚੂ ਮਿਸ ਲੇਸਲੀ ਉੱਤੇ ਮੁਗਧ ਨੇ, ਜਿਹੜੀ ਦੇਹਰਾਦੂਨ ਦੇ ਫ਼ੈਸ਼ਨ ਬਾਜ਼ਾਰ ਵਿਚ ਬਿਊਟੀ ਪਾਰਲਰ ਚਲਾਉਂਦੀ ਸੀ।
“ਤੇਰੀ ਗੱਲ 'ਤੇ ਵਿਸ਼ਵਾਸ ਨਹੀਂ ਆਉਂਦਾ!” ਕੇਨ ਚਾਚੂ ਬੋਲੇ, “ਫੇਰ ਵੀ, ਕਦੋਂ ਮਿਲੀ ਸੀ ਮਿਸ ਲੇਸਲੀ ਤੈਨੂੰ?”
“ਪਿਛਲੇ ਹਫ਼ਤੇ ਅਸੀਂ ਉਸਨੂੰ ਪੁਦੀਨੇ ਦੀ ਚਟਨੀ ਦੀ ਸ਼ੀਸ਼ੀ ਵੇਚੀ ਸੀ। ਮੈਂ ਮਿਸ ਲੇਸਲੀ ਨੂੰ ਕਿਹਾ ਕਿ ਕੇਨ ਚਾਚੂ ਨੂੰ ਪੁਦੀਨੇ ਦੀ ਚਟਨੀ ਚੰਗੀ ਲੱਗਦੀ ਏ। ਪਰ ਉਹ ਕਹਿਣ ਲੱਗੀ—ਇਹ ਚਟਨੀ ਤਾਂ ਮੈਂ ਮਿਸਟਰ ਹਾਉਫਟਨ ਲਈ ਖ਼ਰੀਦੀ ਏ, ਜਿਹੜੇ ਮੈਨੂੰ ਕਲ੍ਹ ਸਿਨੇਮਾ ਦਿਖਾਉਣ ਲੈ ਜਾ ਰਹੇ ਨੇ।”

3. ਵਿਹਲੜ ਕੇਨ ਚਾਚੂ

ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਕੇਨ ਚਾਚੂ ਨੂੰ ਦੇਹਰਾਦੂਨ ਦੇ ਆਸੇ-ਪਾਸੇ ਦੇ ਦਰਸ਼ਨੀਂ ਸਥਾਨ ਦਿਖਾਉਣ ਦੀ ਪਾਰਟ-ਟਾਈਮ ਨੌਕਰੀ ਮਿਲ ਗਈ ਸੀ।
ਇੱਥੋਂ ਦੇ ਦਰਸ਼ਨੀ ਸਥਾਨਾਂ ਵਿਚ ਨਦੀ-ਕਿਨਾਰੇ ਇਕ ਕਿਲਾ ਸੀ, ਸੋਲਵੀਂ ਸਦੀ ਦਾ ਇਕ ਹਿੰਦੂ ਮੰਦਰ ਸੀ, ਤੇ ਨਾਲੇ ਦਸ ਕੁ ਮੀਲ ਦੇ ਫ਼ਾਸਲੇ ਉੱਤੇ ਪਹਾੜੀ ਦੀ ਢਲਵਾਨ ਉੱਤੇ ਗੰਧਕ ਵਾਲੇ ਪਾਣੀ ਦੇ ਝਰਨੇ ਸਨ।
ਕੇਨ ਚਾਚੂ ਨੇ ਸਾਨੂੰ ਦੱਸਿਆ ਕਿ ਉਹ ਤਿੰਨ ਅਮਰੀਕੀ ਜੋੜਿਆਂ ਯਾਨੀ ਛੇ ਘੁਮਕੜਾਂ ਨੂੰ ਗੰਧਕ ਵਾਲੇ ਝਰਨੇ ਦਿਖਾਉਣ ਲੈ ਜਾ ਰਹੇ ਨੇ। ਦਾਦੀ ਖ਼ੁਸ਼ ਹੋ ਗਏ। ਆਖ਼ਰ, ਕੇਨ ਚਾਚੂ ਕਿਸੇ ਕੰਮ-ਧੰਦੇ ਤੇ ਤਾਂ ਲੱਗੇ! ਦਾਦੀ ਨੇ ਉਹਨਾਂ ਨੂੰ ਹੈਮ ਸੈਂਡਵਿਚ, ਘਰ ਦੇ ਬਣੇ ਬਿਸਕੁਟ ਤੇ ਦਰਜਨ ਕੁ ਸੰਤਰਿਆਂ ਨਾਲ ਭਰੀ ਇਕ ਟੋਕਰੀ ਦੇ ਦਿੱਤੀ। ਇਹ ਸਾਰਾ ਸਾਮਾਨ ਇਕ ਦਿਨ ਦੇ ਸਫ਼ਰ ਲਈ ਕਾਫੀ ਸੀ।
ਗੰਧਕ ਵਾਲੇ ਪਾਣੀ ਦੇ ਝਰਨੇ ਦੇਹਰਾਦੂਨ ਤੋਂ ਕੁਲ ਦਸ ਮੀਲ ਦੇ ਫ਼ਾਸਲੇ ਉੱਤੇ ਸਨ, ਪਰ ਤਿੰਨ ਦਿਨ ਤਕ ਕੇਨ ਚਾਚੂ ਦੇ ਦਰਸ਼ਨ ਨਹੀਂ ਹੋਏ।
ਜਦੋਂ ਵਾਪਸ ਆਏ ਤਾਂ ਉਹਨਾਂ ਦੀ ਹਾਲਤ ਦੇਖਣ ਵਾਲੀ ਸੀ। ਮੈਲੇ-ਚਿੱਕੜ ਕੱਪੜਿਆਂ ਦੇ ਲੰਗਾਰ ਲੱਥੇ ਹੋਏ ਸਨ। ਗੱਲ੍ਹਾਂ ਅੰਦਰ ਵੜੀਆਂ ਹੋਈਆਂ ਸਨ। ਸਿਰ ਦਾ ਗੰਜ ਤੇਜ਼ ਧੁੱਪ ਕਾਰਨ ਲਾਲ-ਸੁਰਖ ਹੋਇਆ-ਹੋਇਆ ਸੀ।
“ਅਹਿ ਤੂੰ ਕੀ ਹਾਲ ਬਣਾਇਆ ਹੋਇਆ ਏ?” ਦਾਦੀ ਨੇ ਪੁੱਛਿਆ।
ਕੇਨ ਚਾਚੂ ਵਰਾਂਡੇ ਵਿਚ ਰੱਖੀ ਕੁਰਸੀ ਉੱਤੇ ਢਹਿ ਪਏ, “ਭੁੱਖ ਨਾਲ ਜਾਨ ਨਿਕਲੀ ਜਾ ਰਹੀ ਏ, ਆਂਟੀ, ਕੁਛ ਖਾਣ ਨੂੰ ਦਿਓ।”
“ਜਿਹੜਾ ਸਮਾਨ ਲੈ ਕੇ ਗਿਆ ਸੀ, ਉਸਦਾ ਕੀ ਬਣਿਆਂ?”
“ਅਸੀਂ ਸੱਤ ਜਣੇ ਸੀ, ਪਹਿਲੇ ਦਿਨ ਈ ਸਭ ਮੁੱਕ-ਮੱਕ ਗਿਆ।”
“ਖ਼ੈਰ, ਇਕ ਦਿਨ ਲਈ ਈ ਤਾਂ ਸੀ। ਤੂੰ ਤਾਂ ਕਹਿ ਰਿਹਾ ਸੀ, ਗੰਧਕ ਦੇ ਝਰਨੇ ਦਿਖਾਉਣ ਜਾ ਰਿਹਾ ਏਂ!”
“ਹਾਂ, ਉੱਥੇ ਈ ਤਾਂ ਜਾ ਰਹੇ ਸੀ!” ਕੇਨ ਚਾਚਾ ਬੋਲੇ, “ਪਰ ਉੱਥੇ ਪਹੁੰਚੇ ਈ ਨਹੀਂ। ਪਹਾੜੀਆਂ 'ਚ ਈ ਭਟਕ ਗਏ।”
“ਪਹਾੜੀਆਂ 'ਚ ਕਿੰਜ ਭਟਕ ਗਏ? ਸਿੱਧੇ, ਨਦੀ ਦੇ ਨਾਲ-ਨਾਲ ਘਾਟੀ 'ਚ ਜਾਣਾ ਸੀ...ਤੂੰ ਜਾਣਦਾ ਏਂ, ਤੂੰ ਗਾਈਡ ਸੀ ਤੇ ਉੱਥੇ ਪਹਿਲਾਂ ਵੀ ਜਾ ਚੁੱਕਿਆ ਏਂ।”
“ਜਾਣਦਾ ਆਂ!” ਕੇਨ ਚਾਚੂ ਕੱਚੇ-ਜਿਹੇ ਹੋ ਕੇ ਬੋਲੇ, “ਪਰ ਰਸਤਾ ਈ ਭੁੱਲ ਗਿਆ...ਯਾਨੀ ਘਾਟੀ ਈ ਭੁੱਲ ਗਿਆ। ਮੇਰਾ ਮਤਲਬ ਏ, ਮੈਂ ਉਹਨਾਂ ਨੂੰ ਗ਼ਲਤ ਘਾਟੀ ਵਿਚ ਲੈ ਗਿਆ। ਮੈਂ ਇਹੀ ਸੋਚਦਾ ਰਿਹਾ ਕਿ ਨਦੀ ਦੇ ਅਗਲੇ ਮੋੜ 'ਤੇ ਝਰਨੇ ਹੋਣਗੇ, ਪਰ ਇਹ ਉਹ ਨਦੀ ਈ ਨਹੀਂ ਸੀ...ਸੋ, ਅਸੀਂ ਤੁਰਦੇ ਗਏ, ਤੁਰਦੇ ਗਏ ਤੇ ਤੁਰਦੇ-ਤੁਰਦੇ ਪਹਾੜੀਆਂ ਵਿਚ ਜਾ ਨਿਕਲੇ। ਤੇ ਉਦੋਂ ਮੈਂ ਹੇਠਾਂ ਦੇਖਿਆ ਤੇ ਦੇਖਿਆ ਕਿ ਅਸੀਂ ਤਾਂ ਗ਼ਲਤ ਘਾਟੀ 'ਚ ਆ ਨਿਕਲੇ ਆਂ। ਤਾਰਿਆਂ ਦੀ ਛਾਂ 'ਚ ਰਾਤ ਬਿਤਾਈ, ਸਾਰਿਆਂ ਨੇ। ਬੜੀ ਠੰਢ ਸੀ। ਅਗਲੇ ਦਿਨ ਮੈਂ ਸੋਚਿਆ ਕਿ ਮਨਸੂਰੀ ਵਾਲੇ ਛੋਟੇ ਰਸਤੇ ਤੋਂ ਛੇਤੀ ਪਹੁੰਚ ਜਾਵਾਂਗੇ, ਪਰ ਅਸੀਂ ਦੇਖਿਆ ਗ਼ਲਤ ਰਸਤਾ ਫੜ੍ਹ ਲਿਆ ਏ ਤੇ ਕੈਂਪਟੀ ਜਾ ਨਿਕਲੇ...ਉੱਥੋਂ ਪੈਦਲ ਤੁਰ ਕੇ ਅਸੀਂ ਮੋਟਰ ਵਾਲੀ ਸੜਕ 'ਤੇ ਆਏ ਤੇ ਉੱਥੋਂ ਬੱਸ ਫੜ੍ਹੀ।”
ਕੇਨ ਚਾਚੂ ਨੂੰ ਬਿਸਤਰੇ ਉੱਤੇ ਪਾਉਣ ਵਿਚ ਮੈਂ, ਦਾਦੀ ਦੀ ਮਦਦ ਕੀਤੀ। ਫੇਰ ਕੇਨ ਚਾਚੂ ਲਈ ਅਸੀਂ ਪਿਆਜ਼ ਦਾ ਸੂਪ ਬਣਾਇਆ, ਤਾਕਿ ਪੀ ਕੇ ਉਹਨਾਂ ਦੇ ਸਰੀਰ ਨੂੰ ਤਾਕਤ ਮਿਲੇ। ਮੈਂ ਟਰੇ ਵਿਚ ਸ਼ੋਰਬਾ ਰੱਖ ਕੇ ਉਹਨਾਂ ਕੋਲ ਲੈ ਗਿਆ। ਪਹਿਲਾਂ ਤਾਂ ਉਹਨਾਂ ਨੇ ਮੂੰਹ ਬਣਾਇਆ, ਫੇਰ ਹੋਰ ਫਰਮਾਇਸ਼ ਕੀਤੀ।
ਦੋ ਦਿਨ ਤਕ ਕੇਨ ਚਾਚੂ ਬਿਸਤਰੇ ਉੱਤੇ ਪਸਰੇ ਰਹੇ। ਆਯਾ ਤੇ ਮੈਂ ਵਾਰੀ ਨਾਲ ਉਹਨਾਂ ਲਈ ਕੁਝ ਖਾਣ ਨੂੰ ਲੈ ਜਾਂਦੇ। ਪਰ ਉਹਨਾਂ ਇਸ ਸਭ ਦਾ ਰੱਤੀ ਭਰ ਵੀ ਅਹਿਸਾਨ ਨਹੀਂ ਸੀ ਮੰਨਿਆਂ! ਸੋਚਦਾ ਹਾਂ, ਕੁਝ ਚਾਚੂ ਹੁੰਦੇ ਹੀ ਇਹੋ-ਜਿਹੇ ਨੇ...ਕਦੀ ਸਿਆਣੇ ਨਹੀਂ ਹੁੰਦੇ।
“ਖ਼ੂਬ ਡਟ ਕੇ ਖਾਹ, ਪਰ ਤੂੰਨ ਤੂੰਨ ਕੇ ਨਾ ਖਾਵੀਂ!” ਇਹ ਗੱਲ ਦਾਦੀ ਅਕਸਰ ਮੈਨੂੰ ਕਹਿੰਦੇ ਹੁੰਦੇ ਸਨ। “ਚੰਗਾ ਭੋਜਨ ਈਸ਼ਵਰ ਦਾ ਵਰਦਾਨ ਹੁੰਦਾ ਏ, ਤੇ ਦੂਜੇ ਕਿਸੇ ਵੀ ਵਰਦਾਨ ਵਾਂਗ, ਇਸਦੀ ਵੀ ਗ਼ਲਤ ਵਰਤੋਂ ਹੋ ਸਕਦੀ ਏ।”
ਦਾਦੀ ਨੇ ਰਸੋਈ ਬਾਰੇ ਕੁਝ ਲਕੋਕਤੀਆਂ ਜਾਂ ਕਹਾਵਤਾਂ ਦੀ ਸੂਚੀ ਬਣਾਈ ਹੋਈ ਸੀ, ਜਿਸਨੂੰ ਉਹਨਾਂ ਪਿੰਨ ਲਾ ਕੇ ਰਸੋਈ ਦੇ ਦਰਵਾਜ਼ੇ ਉੱਤੇ ਟੰਗ ਦਿੱਤਾ ਸੀ। ਇਹ ਸੂਚੀ ਐਨੀ ਉਚਾਈ ਉੱਤੇ ਨਹੀਂ ਸੀ ਕਿ ਮੈਂ ਉਸਨੂੰ ਪੜ੍ਹ ਨਾ ਸਕਾਂ ਤੇ ਐਨੀ ਨੀਵੀਂ ਵੀ ਨਹੀਂ ਸੀ ਕਿ ਕੇਨ ਚਾਚੂ ਦੀ ਉਸ ਉੱਤੇ ਨਜ਼ਰ ਨਾ ਪਵੇ।
ਕੁਝ ਲਕੋਕਤੀਆਂ ਇਸ ਤਰ੍ਹਾਂ ਸਨ...:
ਹਾਲਕਾ ਭੋਜਨ ਖਾਣ ਨਾਲ ਉਮਰ ਵਧਦੀ ਹੈ।
ਖਾਲੀ ਪਲੇਟ ਦੀ ਬਜਾਏ ਇਕ ਬੁਰਕੀ ਪਰੋਸਨੀਂ ਚੰਗੀ ਹੁੰਦੀ ਹੈ।
ਹਰ ਕੰਮ ਲਈ ਮੁਹਾਰਤ ਦੀ ਲੋੜ ਹੁੰਦੀ ਹੈ—ਇੱਥੋਂ ਤਕ ਕਿ ਦਲੀਆ ਬਣਾਉਣ ਵਾਸਤੇ ਵੀ।
ਖਾਣ-ਪੀਣ ਵਿਚ ਮਨੁੱਖ ਨੂੰ ਐਨਾ ਨਹੀਂ ਖ਼ੂਭ ਜਾਣਾ ਚਾਹੀਦਾ ਕਿ ਉਹ ਸੋਚਣਾ ਬੰਦ ਕਰ ਦਵੇ।
ਬਾਹਰਲੇ ਹਲਵੇ-ਮੰਡੇ ਨਾਲੋਂ, ਘਰ ਦੀ ਰੁੱਖੀ-ਸੁੱਕੀ, ਦਾਲ-ਰੋਟੀ ਚੰਗੀ ਹੁੰਦੀ ਹੈ।
ਚੰਗੇ ਭੋਜਨ ਨਾਲ ਬੁੱਧੀ ਤੀਖਣ ਹੁੰਦੀ ਹੈ ਤੇ ਮਨ ਨਿਰਮਲ।
ਧਿਆਨ ਰੱਖੋ ਕਿ ਤੁਹਾਡੀ ਚਟੋਰੀ ਜੀਭ ਕਿਧਰੇ ਤੁਹਾਡਾ ਗਲ਼ਾ ਨਾ ਫਸਾ ਦਵੇ।
ਇਕ ਦਿਨ ਕੇਨ ਚਾਚੂ ਜਦੋਂ ਇਸ ਗੱਲ ਉੱਤੇ ਚੀਕ ਰਹੇ ਸਨ ਕਿ ਉਹਨਾਂ ਦੇ ਵਾਲ ਝੜਦੇ ਜਾ ਰਹੇ ਨੇ ਤੇ ਗੰਜ ਵੱਧਦਾ ਜਾ ਰਿਹਾ ਹੈ, ਤਾਂ ਦਾਦੀ ਨੇ ਆਪਣੇ ਪੁਰਾਣੇ ਨੁਸਖਿਆਂ ਦੀ ਕਿਤਾਬ ਵਿਚ ਦੇਖ ਕੇ ਦੱਸਿਆ ਕਿ ਗੰਜੇਪਨ ਦੀ ਇਕ ਦਵਾਈ ਹੈ, ਜਿਸਦਾ ਸਫਲ ਪ੍ਰਯੋਗ ਉਹਨਾਂ ਦੇ ਦਾਦਾ ਜੀ ਕਰਦੇ ਹੁੰਦੇ ਸੀ। ਇਹ ਇਕ ਤਰ੍ਹਾਂ ਦਾ ਲੋਸ਼ਨ ਸੀ ਜਿਹੜਾ ਬਰਾਂਡੀ ਵਿਚ ਖੀਰਾ ਸੋਖ ਕੇ ਤਿਆਰ ਕੀਤਾ ਜਾਂਦਾ ਸੀ। ਕੇਨ ਚਾਚਾ ਬੋਲੇ, “ਮੈਂ ਇਸ ਨੂੰ ਵਰਤ ਕੇ ਦੇਖਾਂਗਾ।”
ਦਾਦੀ ਨੇ ਇਕ ਹਫ਼ਤੇ ਤਕ ਬਰਾਂਡੀ ਵਿਚ ਖੀਰਾ ਭਿਓਂ ਕੇ ਰੱਖਿਆ। ਫੇਰ ਬੋਤਲ ਕੇਨ ਚਾਚੂ ਨੂੰ ਫੜਾ ਦਿੱਤੀ ਤੇ ਹਦਾਇਤ ਦਿੱਤੀ ਕਿ ਸਵੇਰੇ ਸ਼ਾਮੀਂ ਲੋਸ਼ਨ ਆਪਣੇ ਗੰਜ ਉੱਤੇ ਲਾਵੀਂ।
ਅਗਲੇ ਦਿਨ ਜਦੋਂ ਦਾਦੀ ਉਹਨਾਂ ਦੇ ਕਮਰੇ ਵਿਚ ਗਏ, ਤਾਂ ਕੀ ਦੇਖਿਆ ਕਿ ਬੋਤਲ ਵਿਚ ਸਿਰਫ਼ ਖੀਰੇ ਪਏ ਨੇ। ਕੇਨ ਚਾਚੂ ਨੇ ਸਾਰੀ ਬਰਾਂਡੀ ਪੀ ਲਈ ਸੀ।
ਕੇਨ ਚਾਚੂ ਨੂੰ ਮੂੰਹ ਨਾਲ ਸੀਟੀ ਵਜਾਉਣੀ ਚੰਗੀ ਲੱਗਦੀ ਸੀ।
ਵਿਹਲੜ ਤਾਂ ਹੈ ਈ ਸਨ। ਜੇਬਾਂ ਵਿਚ ਹੱਥ ਪਾ ਕੇ ਉਹ ਘਰ ਦੇ ਬਾਹਰ-ਅੰਦਰ, ਬਗ਼ੀਚੇ ਵਿਚ ਤੇ ਸੜਕ ਉੱਤੇ, ਇਸ ਸਿਰੇ ਤੋਂ ਉਸ ਸਿਰੇ ਤਕ, ਮਟਰ-ਗਸ਼ਤੀ ਕਰਦੇ ਹੋਏ ਹੌਲੀ-ਹੌਲੀ ਸੀਟੀ ਵਜਾਉਂਦੇ ਰਹਿੰਦੇ।
ਨਾਲੇ, ਹਮੇਸ਼ਾ ਇਕੋ ਧੁਨ ਹੀ ਵਜਾਉਂਦੇ ਕੇਨ ਚਾਚੂ। ਖ਼ੁਦ ਚਾਚੂ ਨੂੰ ਛੱਡ ਕੇ, ਸਾਰਿਆਂ ਨੂੰ ਹੀ ਉਹਨਾਂ ਦੀ ਸੀਟੀ ਬੇਸੁਰੀ ਲੱਗਦੀ ਸੀ।
ਮੈਂ ਉਹਨਾਂ ਨੂੰ ਪੁੱਛਦਾ, “ਕੇਨ ਚਾਚੂ, ਅੱਜ ਤੁਸੀਂ ਕਿਹੜੀ ਧੁਨ ਵਜਾ ਰਹੇ ਓਂ?”
“'ਔਲ ਮੈਨ ਰਿਵਰ' ਧੁਨ।” ਉਹਨਾਂ ਨੇ ਇਕ ਅੰਗਰੇਜ਼ੀ ਗੀਤ ਦੀ ਪਹਿਲੀ ਲਾਈਨ ਸੁਣਾਉਂਦਿਆਂ ਹੋਇਆਂ ਕਿਹਾ, “ਪਛਾਣ ਨਹੀਂ ਹੋਈ ਤੈਥੋਂ?”
ਅਗਲੀ ਵਾਰੀ ਜਦੋਂ ਉਹ ਓਵੇਂ ਹੀ ਸੀਟੀ ਵਜਾ ਰਹੇ ਸਨ, ਤਾਂ ਮੈਂ ਫੇਰ ਪੁੱਛਿਆ, “ਚਾਚੂ ਅੱਜ ਵੀ ਤੁਸੀਂ 'ਔਲ ਮੈਨ ਰਿਵਰ' ਦੀ ਧੁਨ ਵਜਾ ਰਹੇ ਓਂ ਨਾ?”
“ਨਹੀਂ। ਇਹ 'ਡੈਨੀ ਬਾਏ' ਦੀ ਧੁਨ ਏ।” ਉਹਨਾਂ ਨੇ ਇਕ ਹੋਰ ਗੀਤ ਦੇ ਮੁਖੜੇ ਦਾ ਨਾਂ ਲਿਆ। “ਫਰਕ ਪੱਲੇ ਨਹੀਂ ਪਿਆ ਤੇਰੇ?”
ਇਹ ਕਹਿ ਕੇ ਬੇਸੁਰੀ ਸਿਟੀ ਵਜਾਉਂਦੇ ਹੋਏ ਉਹ, ਬੇਢੰਗੀ-ਜਿਹੀ ਤੋਰ ਤੁਰਦੇ, ਅੱਗੇ ਲੰਘ ਗਏ।
ਕਦੀ-ਕਦੀ ਕੇਨ ਚਾਚੂ ਦੀ ਸੀਟੀ ਦਾਦੀ ਨੂੰ ਹਿਰਖਾ ਦਿੰਦੀ ਹੈ।
“ਕੇਨ ਸੀਟੀ ਵਜਾਉਣੀ ਬੰਦ ਨਹੀਂ ਕਰ ਸਕਦਾ ਤੂੰ? ਤੇਰੀ ਸੀਟੀ ਨੇ ਮੇਰੇ ਨੱਕ 'ਚ ਦਮ ਕੀਤਾ ਹੋਇਆ ਏ। ਸੀਟੀ ਵਜਾਉਣ ਦੀ ਬਜਾਏ ਤੂੰ ਗਾਣੇ ਕਿਉਂ ਨਹੀਂ ਗਾ ਲੈਂਦੋਂ...”
“ਮੈਨੂੰ ਗਾਉਣਾ ਨਹੀਂ ਆਉਂਦਾ। ਵੈਸੇ ਵੀ ਇਹ 'ਬਲੂ ਡੈਨੂਬੀ' ਦੀ ਧੁਨ ਏਂ। ਇਸ ਧੁਨ ਦੇ ਕੋਈ ਬੋਲ ਨਹੀਂ।” ਤੇ ਸੀਟੀ ਵਜਾਉਂਦੇ ਉਹ ਕਿਚਨ ਵਿਚ ਹੀ ਮਟਕ-ਮਟਕ ਕੇ ਚੱਲਣ ਲੱਗ ਪਏ।
ਦਾਦੀ ਨੇ ਕਿਹਾ, “ਜਾਹ, ਬਾਹਰ ਵਰਾਂਡੇ 'ਚ ਜਾ ਕੇ ਸੀਟੀ ਵਜਾ, ਤੇ ਨੱਚ। ਇੱਥੇ ਕਿਚਨ 'ਚ ਇਹ ਸਭ ਨਹੀਂ ਚੱਲਣ ਦਿਆਂਗੀ। ਸਾਰਾ ਖਾਣਾ ਖਰਾਬ ਹੋ ਜਾਂਦਾ ਏ।”
ਜਦੋਂ ਦੰਦਾਂ ਦੇ ਡਾਕਟਰ ਨੇ ਕੇਨ ਚਾਚੂ ਦਾ ਇਕ ਦੁਖਦਾ ਦੰਦ ਕੱਢ ਦਿੱਤਾ, ਤਾਂ ਅਸੀਂ ਸਮਝਿਆ ਕਿ ਹੁਣ ਤਾਂ ਉਹ ਸੀਟੀ ਵਜਾਉਣੀ ਛੱਡ ਦੇਣਗੇ। ਪਰ ਕੇਨ ਚਾਚੂ ਹੁਰੀਂ ਹੋਰ ਵੀ ਉੱਚੀ ਤੇ ਤਿੱਖੀ ਸੀਟੀ ਵਜਾਉਣ ਲੱਗ ਪਏ।
ਇਕ ਦਿਨ ਜਦੋਂ ਉਹ ਜੇਬਾਂ ਵਿਚ ਹੱਥ ਪਾਈ ਖਾਲੀ ਸੜਕ ਉੱਤੇ ਜ਼ੋਰ ਨਾਲ ਸੀਟੀ ਵਜਾਉਂਦੇ ਹੋਏ ਜਾ ਰਹੇ ਸਨ। ਉਦੋਂ ਹੀ ਉਧਰੋਂ ਇਕ ਕੁੜੀ ਸਾਈਕਲ ਉੱਤੇ ਆਈ। ਯਕਦਮ ਉਸਨੇ ਸਾਈਕਲ ਰੋਕੀ, ਸਾਈਕਲ ਤੋਂ ਉਤਰੀ ਤੇ ਕੇਨ ਚਾਚੂ ਦਾ ਰਸਤਾ ਰੋਕ ਕੇ ਖਲੋ ਗਈ। ਫੇਰ ਕੇਨ ਚਾਚੂ ਦਾ ਪੂਰਾ ਨਾਂ ਲੈ ਕੇ ਬੋਲੀ, “ਕੇਨੇਥ ਬਾਂਡ, ਮੈਂ ਜਦੋਂ ਵੀ ਇਧਰੋਂ ਲੰਘਦੀ ਆਂ, ਤੂੰ ਸੀਟੀ ਵਜਾਉਂਦਾ ਏਂ। ਹੁਣ ਜੇ ਫੇਰ ਕਦੀ ਤੂੰ ਸੀਟੀ ਵਜਾਈ, ਤਾਂ ਆਪਣੇ ਭਰਾ ਨੂੰ ਦੱਸ ਕੇ ਤੇਰੀ ਮੁਰੰਮਤ ਕਰਵਾ ਦਿਆਂਗੀ।”
ਕੇਨ ਚਾਚੂ ਦਾ ਚਿਹਰਾ ਭਖਣ ਲੱਗਾ, “ਮੈਂ ਤੈਨੂੰ ਦੇਖ ਕੇ ਤਾਂ ਸੀਟੀ ਨਹੀਂ ਵਜਾਈ।”
“ਵਾਹ, ਸੜਕ 'ਤੇ ਤਾਂ ਕੋਈ ਹੋਰ ਆਉਂਦਾ-ਜਾਂਦਾ ਦਿਖਾਈ ਨਹੀਂ ਦੇ ਰਿਹਾ!”
“ਮੈਂ 'ਗਾਡ ਸੇਵ ਦੀ ਕਿੰਗ' ਦੀ ਧੁਨ ਵਜਾ ਰਿਹਾ ਸੀ। ਤੈਨੂੰ ਸਮਝ ਨਹੀਂ ਆਈ?”

4. ਕੇਨ ਚਾਚੂ ਦੀ ਨੌਕਰੀ

“ਏਸ ਕੇਨ ਦਾ ਕੁਝ ਕਰਨਾ ਪਏਗਾ!” ਆਖ਼ਰ, ਇਕ ਦਿਨ ਦਾਦੀ ਨੇ ਨਿਰਾਸ਼ ਹੋ ਕੇ ਆਪਣੇ-ਆਪ ਨੂੰ ਕਿਹਾ।
ਮੈਂ ਕਿਚਨ ਵਿਚ ਦਾਦੀ ਕੋਲ ਬੈਠਾ ਮਟਰ ਛਿੱਲ ਰਿਹਾ ਸੀ ਤੇ ਵਿਚ-ਵਿਚ ਇਕ-ਅੱਧਾ ਦਾਣਾ ਆਪਣੇ ਮੂੰਹ ਵਿਚ ਵੀ ਪਾ ਲੈਂਦਾ ਸੀ। ਸੂਜੀ ਬਿੱਲੀ ਸਾਈਡ ਬੋਰਡ ਉੱਤੇ ਬੈਠੀ ਸੀ ਤੇ ਬੜੇ ਧੀਰਜ ਨਾਲ ਦਾਦੀ ਨੂੰ ਸਟੂ (ਉਬਲਿਆ) ਗੋਸ਼ਤ ਬਣਾਉਂਦਿਆਂ ਦੇਖ ਰਹੀ ਸੀ। ਸੂਜੀ ਨੂੰ ਸਟੂ ਗੋਸ਼ਤ ਚੰਗਾ ਲੱਗਦਾ ਸੀ।
ਦਾਦੀ ਕਹਿ ਰਹੇ ਸੀ, “ਇਹ ਗੱਲ ਨਹੀਂ ਕਿ ਉਸਦਾ ਇੱਥੇ ਰਹਿਣਾ ਮੈਨੂੰ ਰੜਕਦਾ ਏ, ਤੇ ਫੇਰ ਮੈਂ ਉਸ ਤੋਂ ਕੋਈ ਰੁਪਈਆ-ਪੈਸਾ ਵੀ ਤਾਂ ਨਹੀਂ ਚਾਹੁੰਦੀ, ਪਰ ਕਿਸੇ ਨੌਜਵਾਨ ਲਈ ਏਨੇ ਲੰਮੇ ਸਮੇ ਤਕ ਬੇਕਾਰ ਰਹਿਣਾ ਭਲਾਂ ਠੀਕ ਲੱਗਦਾ ਏ!”
“ਦਾਦੀ, ਕੇਨ ਚਾਚੂ ਨੌਜਵਾਨ ਨੇ ਕਿ?”
“ਚਾਲ੍ਹੀਆਂ ਦਾ ਹੋ ਗਿਆ ਏ। ਹਰ ਕੋਈ ਕਹਿੰਦਾ ਏ, ਵੱਡਾ ਹੋ ਕੇ ਸਮਝਦਾਰ ਹੋ ਜਾਏਗਾ।”
“ਕੇਨ ਚਾਚੂ ਮੇਬਲ ਆਂਟੀ ਕੋਲ ਕਿਓਂ ਨਹੀਂ ਚਲੇ ਜਾਂਦੇ”
“ਮੇਬਲ ਆਂਟੀ ਕੋਲ ਜਾ ਕੇ ਵੀ ਰਹਿੰਦਾ ਏ। ਐਮਿਟੀ ਆਂਟੀ ਤੇ ਬੇਰਿਲ ਆਂਟੀ ਕੇ ਘਰ ਵੀ ਜਾਂਦਾ ਏ। ਇਹੋ ਤਾਂ ਮੁਸੀਬਤ ਏ ਇਸਦੀ—ਏਨੀਆਂ ਸਾਰੀਆਂ ਭੈਣਾਂ ਨੇ ਇਸ ਦੀਆਂ, ਜਿਹੜੀਆਂ ਇਸਨੂੰ ਪਿਆਰ-ਦੁਲਾਰ ਵੀ ਕਰਦੀਆਂ ਨੇ...ਉਹਨਾਂ ਦੇ ਪਤੀ ਖਾਂਦੇ-ਪੀਂਦੇ ਲੋਕ ਨੇ ਤੇ ਜਦੋਂ ਇਹ ਚਾਹੇ, ਇਸਨੂੰ ਆਪਣੇ ਕੋਲ ਰੱਖਣ ਦੀ ਸਥਿਤੀ ਵਿਚ ਵੀ ਨੇ। ਏਸੇ ਲਈ ਕੇਨ ਤਿੰਨ ਮਹੀਨੇ ਐਮਿਲੀ ਤੇ ਤਿੰਨ ਮਹੀਨੇ ਮੇਰੇ ਕੋਲ ਬਿਤਾਉਂਦਾ ਏ। ਇਸ ਤਰ੍ਹਾਂ ਉਹ ਕਿਸੇ ਨਾ ਕਿਸੇ ਦਾ ਮਹਿਮਾਨ ਬਣ ਕੇ ਪੂਰਾ ਸਾਲ ਬਿਤਾਅ ਦੇਂਦਾ ਏ ਤੇ ਇਸੇ ਲਈ ਇਸ ਨੂੰ ਖਾਣ-ਕਮਾਉਣ ਦੀ ਕੋਈ ਚਿੰਤਾ ਨਹੀਂ ਹੁੰਦੀ।”
“ਇਕ ਤਰ੍ਹਾਂ ਨਾਲ ਕੇਨ ਚਾਚੂ ਕਿਸਮਤ ਵਾਲੇ ਹੋਏ ਨਾ!” ਮੈਂ ਕਿਹਾ।
“ਇਸ ਦੀ ਕਿਸਮਤ ਹਮੇਸ਼ਾ ਇਸਦਾ ਸਾਥ ਨਹੀਂ ਦੇਵੇਗੀ। ਹੁਣ ਤਾਂ ਮੇਬਲ ਵੀ ਨਿਊਜ਼ੀਲੈਂਡ ਜਾਣ ਦੀ ਗੱਲ ਕਰ ਰਹੀ ਸੀ। ਤੇ ਇਕ ਵਾਰੀ ਹਿੰਦੁਸਤਾਨ ਆਜ਼ਾਦ ਹੋ ਗਿਆ, ਇਕ ਦੋ ਸਾਲਾਂ 'ਚ ਹੋਵੇਗਾ ਈ, ਤਾਂ ਐਮਿਲੀ ਤੇ ਬੇਰਿਲ ਵੀ ਸ਼ਾਇਦ ਇੰਗਲੈਂਡ ਚਲੀਆਂ ਜਾਣਗੀਆਂ, ਕਿਉਂਕਿ ਉਹਨਾਂ ਦੇ ਪਤੀ ਫੌਜ਼ ਵਿਚ ਨੇ। ਤੇ ਸਾਰੇ ਅੰਗਰੇਜ਼ ਅਫ਼ਸਰ ਚਲੇ ਜਾਣਗੇ।”
“ਕੇਨ ਚਾਚੂ ਉਹਨਾਂ ਨਾਲ ਇੰਗਲੈਂਡ ਕਿਓਂ ਨਈਂ ਚਲੇ ਜਾਂਦੇ?”
“ਉਹ ਜਾਣਦਾ ਏ ਉੱਥੇ ਜਾਏਗਾ ਤਾਂ ਉਸਨੂੰ ਕੰਮ ਕਰਨਾ ਪਵੇਗਾ। ਜਦੋਂ ਤੇਰੀਆਂ ਆਂਟੀਆਂ ਦੇਖਣਗੀਆਂ ਕਿ ਨੌਕਰਾਂ-ਚਾਕਰਾਂ ਦੇ ਬਿਨਾਂ ਈ ਕੰਮ ਚਲਾਉਣਾ ਏਂ, ਤਾਂ ਉਹ ਬਹੁਤੀ ਦੇਰ ਤਕ ਤੇਰੇ ਕੇਨ ਚਾਚੂ ਨੂੰ ਰੱਖਣ ਲਈ ਤਿਆਰ ਨਹੀਂ ਹੋਣਗੀਆਂ। ਤੇ ਫੇਰ, ਇੰਗਲੈਂਡ ਜਾਣ ਦਾ ਉਸਦਾ ਭਾੜਾ ਕੌਣ ਦੇਵੇਗਾ?”
“ਜੇ ਕੇਨ ਚਾਚੂ ਨਾ ਗਏ ਤਾਂ ਕੀ ਉਹ ਏਥੇ ਆਪਣੇ ਕੋਲ ਈ ਰਹਿਣਗੇ? ਦਾਦੀ, ਤੁਸੀਂ ਤਾਂ ਏਥੇ ਈ ਰਹੋਗੇ ਨਾ?”
“ਹਮੇਸ਼ਾ ਲਈ ਥੋੜ੍ਹਾ, ਜਦੋਂ ਤਕ ਜਿਊਂਦੀ ਆਂ।”
“ਦਾਦੀ, ਤੁਸੀਂ ਇੰਗਲੈਂਡ ਨਹੀਂ ਜਾਓਗੇ ਨਾ?”
“ਨਈਂ, ਮੈਂ ਇੱਥੇ ਵੱਡੀ ਹੋਈ ਆਂ। ਮੇਰੀ ਦਸ਼ਾ ਰੁੱਖਾਂ ਵਰਗੀ ਏ। ਮੈਂ ਜੜ੍ਹ ਫੜ੍ਹ ਚੁੱਕੀ ਆਂ ਇੱਥੇ। ਮੈਂ ਕਿਤੇ ਨਹੀਂ ਜਾਵਾਂਗੀ। ਉਦੋਂ ਤਕ ਨਹੀ ਜਦੋਂ ਤਕ ਬੁੱਢੇ ਰੁੱਖ ਵਾਂਗ ਮੇਰੇ ਸਾਰੇ ਪੱਤੇ ਨਹੀਂ ਝੜ ਜਾਂਦੇ।...ਹਾਂ, ਵੱਡਾ ਹੋ ਕੇ ਤੂੰ ਵੀ ਚਲਾ ਜਾਵੇਂਗਾ। ਆਪਣੀ ਪੜ੍ਹਾਈ ਸ਼ਾਇਦ ਤੂੰ ਇੰਗਲੈਂਡ ਵਿਚ ਈ ਪੂਰੀ ਕਰੇਂ।”
“ਨਹੀਂ ਮੈਂ ਤਾਂ ਏਥੇ ਈ ਪੜ੍ਹਾਂਗਾ। ਮੈਂ ਆਪਣੀਆਂ ਸਾਰੀਆਂ ਛੁੱਟੀਆਂ ਤੁਹਾਡੇ ਕੋਲ ਬਿਤਾਉਣਾ ਚਾਹੁੰਦਾ ਆਂ, ਦਾਦੀ! ਜੇ ਮੈਂ ਇੰਗਲੈਂਡ ਚਲਾ ਗਿਆ, ਤਾਂ ਬੁਢਾਪੇ 'ਚ ਤੁਹਾਡੀ ਦੇਖਭਾਲ ਕੌਣ ਕਰੇਗਾ?”
“ਮੈਂ ਬੁੱਢੀ ਤਾਂ ਹੋ ਈ ਗਈ ਆਂ। ਸੱਠ ਪਾਰ ਕਰ ਗਈ ਆਂ।”
“ਏਨੀ ਉਮਰ ਕੋਈ ਜ਼ਿਆਦਾ ਹੁੰਦੀ ਏ? ਕੇਨ ਚਾਚੂ ਤੋਂ ਥੋੜ੍ਹੇ ਈ ਤਾਂ ਵੱਡੀ ਏ। ਤੇ ਜਦੋਂ ਤੁਸੀਂ ਸੱਚਮੁੱਚ ਬੁੱਢੇ ਹੋ ਜਾਓਂਗੇ, ਦਾਦੀ, ਤਾਂ ਕੇਨ ਚਾਚੂ ਦੀ ਦੇਖਭਾਲ ਕੌਣ ਕਰੇਗਾ?”
“ਉਹ ਚਾਹੇ ਤਾਂ ਆਪਣੀ ਦੇਖਭਾਲ ਖ਼ੁਦ ਕਰ ਸਕਦਾ ਏ। ਵਕਤ ਆ ਗਿਆ ਏ ਕਿ ਉਹ ਇੰਜ ਕਰਨਾ ਸਿੱਖ ਲਵੇ। ਨਾਲੇ ਇਹੋ ਸਮਾਂ ਏਂ ਜਦੋਂ ਕੋਈ ਕੰਮ-ਧੰਦਾ ਲੱਭਿਆ ਜਾ ਸਕਦਾ ਏ।”
ਮੈਂ ਵੀ ਇਸ ਸਮੱਸਿਆ ਉੱਤੇ ਵਿਚਾਰ ਕੀਤਾ। ਮੈਨੂੰ ਅਜਿਹਾ ਕੋਈ ਕੰਮ ਦਿਖਾਈ ਨਹੀਂ ਸੀ ਦਿੱਤਾ ਜਿਹੜਾ ਕੇਨ ਚਾਚੂ ਦੇ ਫਿੱਟ ਬੈਠਦਾ—ਜਾਂ ਕਹੋ ਕੋਈ ਆਦਮੀ ਅਜਿਹਾ ਨਹੀਂ ਦਿਸਿਆ ਜਿਹੜਾ ਕੇਨ ਚਾਚੂ ਨਾਲ ਨਿਭ ਸਕੇ। ਫੇਰ ਆਯਾ ਨੇ ਹੀ ਸੁਝਾਅ ਦਿੱਤਾ।
ਉਹ ਬੋਲੀ, “ਗੁਲਸ਼ਨ ਦੀ ਮਹਾਰਾਣੀ ਨੂੰ ਬੱਚਿਆਂ ਲਈ ਟਿਊਟਰ ਚਾਹੀਦਾ ਏ। ਇਕ ਮੁੰਡਾ ਏ, ਇਕ ਕੁੜੀ, ਬਸ।”
“ਤੈਨੂੰ ਕਿੰਜ ਪਤਾ ਏ?” ਦਾਦੀ ਨੇ ਪੁੱਛਿਆ।
“ਬੱਚਿਆਂ ਦੀ ਆਯਾ ਦੇ ਮੂੰਹੋਂ ਸੁਣਿਆਂ ਏਂ। ਦੋ ਸੌ ਰੁਪਈਏ ਦੇਣਗੇ ਤੇ ਕੰਮ ਵੀ ਕੋਈ ਬਹੁਤਾ ਨਹੀਂ—ਹਰ ਰੋਜ਼ ਸਵੇਰੇ ਦੋ ਘੰਟੇ।”
ਮੈਂ ਕਿਹਾ, “ਕੇਨ ਚਾਚੂ ਨੂੰ ਪਸੰਦ ਆਉਣਾ ਚਾਹੀਦਾ ਏ।” “ਠੀਕ ਕਹਿ ਰਿਹਾ ਏਂ।” ਦਾਦੀ ਬੋਲੇ, “ਉਸਨੂੰ ਸਮਝਾਉਂਦੇ ਆਂ, ਇਕ ਅਰਜ਼ੀ ਭੇਜ ਈ ਦੇਵੇ। ਚਾਹੀਦਾ ਤਾਂ ਇਹ ਐ ਬਈ ਖ਼ੁਦ ਜਾ ਕੇ ਉਹਨਾਂ ਨੂੰ ਮਿਲੇ। ਮਹਾਰਾਣੀ ਦੀ ਨੋਕਰੀ ਚੰਗੀ ਰਹੇਗੀ।”
ਕੇਨ ਚਾਚੂ ਨੇ ਉੱਥੇ ਜਾਣਾ ਤੇ ਕੰਮ ਬਾਰੇ ਪੁੱਛਗਿੱਛ ਕਰਨਾ ਸਵੀਕਾਰ ਕਰ ਲਿਆ। ਜਦੋਂ ਉਹ ਗਏ ਤਾਂ ਮਹਾਰਾਣੀ ਘਰੇ ਨਹੀਂ ਸੀ, ਪਰ ਮਹਾਰਾਜੇ ਨੇ ਉਹਨਾਂ ਦਾ ਇੰਟਰਵਿਊ ਲਿਆ।
“ਤੂੰ ਟੈਨਿਸ ਖੇਡਦਾ ਏਂ?” ਮਹਾਰਾਜੇ ਨੇ ਪੁੱਛਿਆ।
“ਜੀ, ਖੇਡ ਲੈਂਦਾ ਆਂ!” ਕੇਨ ਚਾਚੂ ਨੇ ਕਿਹਾ। ਉਹਨਾਂ ਨੂੰ ਯਾਦ ਆਇਆ ਕਿ ਜਦੋਂ ਉਹ ਸਕੂਲ ਵਿਚ ਹੁੰਦੇ ਸਨ, ਤਾਂ ਥੋੜ੍ਹੀ-ਬਹੁਤ ਟੈਨਿਸ ਖੇਡ ਲੈਂਦੇ ਸਨ।
“ਠੀਕ ਏ, ਇਹ ਨੌਕਰੀ ਤੇਰੀ ਹੋਈ। ਮੈਂ ਡਬਲਸ ਮੈਚ ਦੇ ਲਈ ਚੌਥਾ ਖਿਡਾਰੀ ਲੱਭ ਰਿਹਾ ਸਾਂ...ਤੇ ਸੁਣ,” ਇੰਗਲੈਂਡ ਦੇ ਇਕ ਪ੍ਰਸਿੱਧ ਸਿੱਖਿਆ ਕੇਂਦਰ ਦਾ ਨਾਂ ਲੈ ਕੇ ਉਹਨਾਂ ਨੇ ਪੁੱਛਿਆ, “ਕਦੀ ਕੈਂਬ੍ਰਿਜ ਵਿਚ ਰਿਹਾ ਏਂ?”
“ਨਈ, ਮੈਂ ਆਕਸਫੋਰਡ 'ਚ ਸਾਂ।” ਕੇਨ ਚਾਚੂ ਨੇ ਇਕ ਹੋਰ ਸਿੱਖਿਆ ਕੇਂਦਰ ਦਾ ਨਾਂ ਲੈ ਕੇ ਕਿਹਾ।
ਇਸ ਗੱਲ ਉੱਤੇ ਮਹਾਰਾਜ ਬੜੇ ਪ੍ਰਭਾਵਿਤ ਹੋਏ। ਉਹ ਆਪਣੇ ਬੱਚਿਆਂ ਲਈ ਕੋਈ ਅਜਿਹਾ ਟਿਊਟਰ ਹੀ ਲੱਭ ਰਹੇ ਸਨ ਜਿਹੜਾ ਆਕਸਫੋਰਡ ਵਿਚ ਪੜ੍ਹਿਆ ਹੋਵੇ ਤੇ ਟੈਨਿਸ ਵੀ ਖੇਡਦਾ ਹੋਵੇ।
ਕੇਨ ਚਾਚੂ ਨੇ ਆ ਕੇ ਇਸ ਇੰਟਰਵਿਊ ਦੀ ਗੱਲ ਦਾਦੀ ਨੂੰ ਦੱਸੀ। ਦਾਦੀ ਬੋਲੇ, “ਪਰ, ਕੇਨ ਤੂੰ ਤਾਂ ਕਦੀ ਆਕਸਫੋਰਡ ਗਿਆ ਈ ਨਹੀਂ! ਫੇਰ ਇਹ ਗੱਲ ਕਿਓਂ ਆਖੀ ਤੂੰ?”
“ਹੋਰ ਕੀ, ਮੈਂ ਆਕਸਫੋਰਡ ਗਿਆ ਆਂ। ਭੁੱਲ ਗਏ, ਉੱਥੇ ਮੈਂ ਤੁਹਾਡੇ ਭਰਾ ਜਿਮ ਨਾਲ ਦੋ ਸਾਲ ਰਿਹਾਂ...।”
“ਹਾਂ, ਪਰ ਤੂੰ ਤਾਂ ਸ਼ਹਿਰ 'ਚ ਉਸਦੇ 'ਪਬ' (ਸ਼ਰਾਬਖਾਨਾ) 'ਚ ਨੌਕਰੀ ਕਰਦਾ ਸੈਂ। ਤੂੰ ਆਕਸਫੋਰਡ ਯੂਨੀਵਰਸਟੀ ਤਾਂ ਕਦੇ ਨਹੀਂ ਗਿਆ।”
“ਠੀਕ ਏ...ਮਹਾਰਾਜੇ ਨੇ ਮੈਨੂੰ ਪੁੱਛਿਆ ਈ ਨਹੀਂ ਕਿ ਮੈਂ ਯੂਨੀਵਰਸਟੀ ਗਿਆਂ ਜਾਂ ਨਹੀਂ। ਉਹਨੇ ਤਾਂ ਇਹੀ ਪੁੱਛਿਆ ਸੀ ਕਿ ਮੈਂ ਕੈਬ੍ਰਿਜ ਵਿਚ ਰਿਹਾਂ ਕਿ ਨਹੀਂ। ਤੇ ਮੈਂ ਦੱਸ ਦਿੱਤਾ, ਮੈਂ ਆਕਸਫੋਰਡ ਵਿਚ ਰਿਹਾਂ ਜਿਹੜਾ ਬਿਲਕੁਲ ਸੱਚ ਏ। ਮਹਾਰਾਜੇ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਮੈਂ ਆਕਸਫੋਰਡ 'ਚ ਕੀ ਕਰਦਾ ਸੀ। ਓ-ਜੀ, ਫਰਕ ਕੀ ਪੈਂਦਾ ਏ!” ਤੇ ਕੇਨ ਚਾਚੂ ਸੀਟੀ ਵਜਾਉਂਦੇ ਹੋਏ ਟੁਰ ਗਏ।
ਸਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਕੇਨ ਚਾਚੂ ਆਪਣੀ ਇਸ ਨੌਕਰੀ ਵਿਚ ਖ਼ੂਬ ਚਮਕੇ। ਘੱਟੋਘੱਟ ਸ਼ੁਰੂ ਵਿਚ ਤਾਂ ਇੰਜ ਹੀ ਹੋਇਆ।
ਮਹਾਰਾਜ ਏਨਾ ਖ਼ਰਾਬ ਟੈਨਿਸ ਖੇਡਦੇ ਸਨ ਕਿ ਉਹਨਾਂ ਨੂੰ ਇਹ ਦੇਖ ਕੇ ਖ਼ੁਸ਼ ਹੋਏ ਕਿ ਕੋਈ ਉਹਨਾਂ ਨਾਲੋਂ ਵੀ ਖ਼ਰਾਬ ਖੇਡ, ਖੇਡ ਸਕਦਾ ਹੈ। ਸੋ, ਕੇਨ ਚਾਚੂ ਮਹਾਰਾਜੇ ਦੇ 'ਡਬਲਸ' ਵਿਚ ਪਾਰਟਨਰ ਹੋਣ ਦੀ ਬਜਾਏ 'ਸਿੰਗਲਸ' ਵਿਚ ਉਹਨਾਂ ਦੇ ਚਹੇਤੇ ਵਿਰੋਧੀ ਬਣ ਗਏ। ਜਦੋਂ ਤਕ ਉਹ ਮਹਾਰਾਜੇ ਤੋਂ ਹਾਰਦੇ ਰਹਿਣਗੇ, ਉਹਨਾਂ ਦੀ ਨੌਕਰੀ ਪੱਕੀ ਰਹੇਗੀ।
ਟੈਨਿਸ ਦੇ ਮੈਚਾਂ ਵਿਚੋਂ ਤੇ ਮਹਾਰਾਜੇ ਨਾਲ ਬਤਖ਼ ਦਾ ਸ਼ਿਕਾਰ ਕਰਨ ਪਿੱਛੋਂ ਕੇਨ ਚਾਚੂ ਬੱਚਿਆਂ ਨੂੰ ਵਿੱਦਿਆ-ਦਾਨ ਦੇਣ ਲਈ ਥੋੜ੍ਹਾ ਸਮਾਂ ਕੱਢ ਲੈਂਦੇ ਸਨ। ਬੱਚਿਆਂ ਨੂੰ ਲਿਖਣਾ, ਪੜ੍ਹਨਾਂ ਤੇ ਹਿਸਾਬ ਸਿਖਾਉਂਦੇ ਸਨ। ਕਦੀ-ਕਦੀ ਮੈਨੂੰ ਵੀ ਆਪਣੇ ਨਾਲ ਲੈ ਜਾਂਦੇ, ਤਾਕਿ ਜੇ ਕਦੀ ਉਹ ਕੋਈ ਸਵਾਲ ਗਲਤ ਕੱਢਣ, ਤਾਂ ਮੈਂ ਉਹਨਾਂ ਨੂੰ ਦੱਸ ਦਿਆਂ। ਕੇਨ ਚਾਚੂ ਘਟਾਓ ਦੇ ਸਵਾਲਾਂ ਵਿਚ ਕਮਜ਼ੋਰ ਸਨ।
ਮਹਾਰਾਜੇ ਦੇ ਬੱਚੇ ਮੈਥੋਂ ਛੋਟੇ ਸਨ। ਕੇਨ ਚਾਚੂ ਇਹ ਕਹਿ ਕੇ ਮੈਨੂੰ ਉਹਨਾਂ ਕੋਲ ਬਿਠਾਲ ਜਾਂਦੇ—“ਰਸਟੀ ਜ਼ਰਾ ਦੇਖਦਾ ਰਹੀਂ, ਇਹ ਸਵਾਲ ਠੀਕ ਕੱਢਣ।” ਤੇ ਜੇਬਾਂ ਵਿਚ ਹੱਥ ਪਾਈ ਬੇਸੁਰੀ ਸਿਟੀਂ ਵਜਾਉਂਦੇ ਹੋਏ ਟੈਨਿਸ ਕੋਰਡ ਵੱਲ ਨਿਕਲ ਜਾਂਦੇ।
ਉਹਨਾਂ ਦੇ ਦੋਵੇਂ ਵਿਦਿਆਰਥੀ ਜੇ ਇਕੋ ਸਵਾਲ ਦੇ ਦੋ ਅਲੱਗ-ਅਲੱਗ ਜਵਾਬ ਕੱਢਦੇ, ਤਾਂ ਵੀ ਕੇਨ ਚਾਚੂ ਦੋਵਾਂ ਦੀ ਪਿੱਠ ਥਾਪੜਦੇ ਹੋਏ ਕਹਿੰਦੇ, “ਬਹੁਤ ਖ਼ੂਬ! ਸ਼ਾਬਾਸ਼! ਮੈਨੂੰ ਖ਼ੁਸ਼ੀ ਏ ਕਿ ਤੁਸੀਂ ਦੋਵੇਂ ਡਟ ਕੇ ਮਿਹਨਤ ਕਰ ਰਹੇ ਓਂ। ਇਕ ਦਾ ਜਵਾਬ ਸਹੀ ਏ, ਤੇ ਦੂਜੇ ਦਾ ਗਲਤ। ਪਰ ਮੈਂ ਕਿਸੇ ਦਾ ਦਿਲ ਤੋੜਨਾਂ ਨਹੀਂ ਚਾਹੁੰਦਾ। ਇਸ ਲਈ ਨਹੀਂ ਦੱਸਾਂਗਾ ਕਿ ਕੌਣ ਸਹੀ ਏ ਤੇ ਕੌਣ ਗਲਤ।”
ਪਰ ਪਿੱਛੋਂ ਘਰ ਵਾਪਸ ਆਉਂਦੇ ਹੋਏ ਉਹ ਮੈਥੋਂ ਪੁੱਛਦੇ, “ਕਿਸਦਾ ਜਵਾਬ ਸਹੀ ਸੀ, ਰਸਟੀ?”
“ਦੋਵਾਂ ਦੇ ਗਲਤ ਸਨ, ਕੇਨ ਚਾਚੂ।” ਮੈਂ ਕਹਿੰਦਾ।
ਕੇਨ ਚਾਚੂ ਹਮੇਸ਼ਾ ਇਹ ਦਾਅਵਾ ਕਰਦੇ ਸਨ ਕਿ ਉਹਨਾਂ ਦੀ ਲੱਗੀ-ਲਗਾਈ ਨੌਕਰੀ ਨਹੀਂ ਸੀ ਛੁੱਟਣੀ, ਜੇ ਉਹ ਮਹਾਰਾਜੇ ਨੂੰ ਟੈਨਿਸ ਵਿਚ ਨਾ ਹਰਾਉਂਦੇ।
ਅਜਿਹੀ ਗੱਲ ਨਹੀਂ ਸੀ ਕਿ ਕੇਨ ਚਾਚੂ ਮਹਾਰਾਜੇ ਨੂੰ ਜਿੱਤਣਾ ਲੋਚਦੇ ਸਨ। ਪਰ ਰੋਜ਼-ਰੋਜ਼ ਮਹਾਰਾਜੇ ਦੇ ਸੈਕਟਰੀਆਂ ਤੇ ਮਹਿਮਾਨਾਂ ਨਾਲ ਟੈਨਿਸ ਖੇਡਦੇ-ਖੇਡਦੇ ਚੰਗਾ ਖੇਡਣਾ ਸਿੱਖ ਗਏ ਸਨ ਉਹ। ਤੇ ਇਸ ਤਰ੍ਹਾਂ ਮਹਾਰਾਜ ਤੋਂ ਹਾਰਨ ਦੀ ਭਰਪੂਰ ਕੋਸ਼ਿਸ਼ ਦੇ ਬਾਵਜੂਦ ਵੀ ਇਕ ਮੈਚ ਉਹਨਾਂ ਤੋਂ ਜਿੱਤ ਹੀ ਗਏ ਸਨ ਉਹ।
ਇਸ ਉੱਤੇ ਮਹਾਰਾਜ ਯਕਦਮ ਭੜਕ ਗਏ।
“ਮਿਸਟਰ ਬਾਂਡ!” ਉਹਨਾਂ ਨੇ ਕੁਰਖ਼ਤ ਆਵਾਜ਼ ਵਿਚ ਕਿਹਾ, “ਅਸੀਂ ਨਹੀਂ ਸਮਝਦੇ ਕਿ ਤੂੰ ਹਾਰਨ ਦਾ ਮਹੱਤਵ ਸਮਝਦਾ ਏਂ। ਸਾਰੇ ਜਿੱਤ ਨਹੀਂ ਸਕਦੇ। ਹਾਰਨ ਵਾਲੇ ਨਾ ਹੋਣ, ਤਾਂ ਦੁਨੀਆ ਕਿੱਥੇ ਜਾਵੇ?”
“ਬੜਾ ਅਫ਼ਸੋਸ ਏ ਮਹਾਮਹਿਮ,” ਕੇਨ ਚਾਚੂ ਬੋਲੇ, “ਮੈਂ ਤਾਂ ਸੰਯੋਗ ਨਾਲ ਜਿੱਤ ਗਿਆ।”
ਉਸ ਦਿਨ ਤਾਂ ਮਹਾਰਾਜੇ ਨੇ ਕੇਨ ਚਾਚੂ ਨੂੰ ਮੁਆਫ਼ ਕਰ ਦਿੱਤਾ। ਪਰ ਹਫ਼ਤੇ ਕੁ ਬਾਅਦ ਹੀ ਫੇਰ ਇੰਜ ਹੋਇਆ। ਕੇਨ ਚਾਚੂ ਫੇਰ ਜਿੱਤੇ ਤੇ ਇਸ ਗੱਲ ਉੱਤੇ ਮਹਾਰਾਜ ਏਨੇ ਨਾਰਾਜ਼ ਹੋਏ ਕਿ ਬਿਨਾਂ ਕੁਝ ਬੋਲੇ ਭੁੱਜਦੇ ਹੋਏ ਟੈਨਿਸ ਕੋਰਡ ਵਿਚੋਂ ਚਲੇ ਗਏ।
ਅਗਲੇ ਦਿਨ ਉਹ ਪੜ੍ਹਾਈ ਦੇ ਵੇਲੇ ਆ ਧਮਕੇ। ਕੇਨ ਚਾਚੂ ਤੇ ਦੋਵੇਂ ਬੱਚੇ ਹਰ ਰੋਜ਼ ਵਾਂਗ ਉਸ ਸਮੇਂ 'ਸਿਫ਼ਰ-ਕਾਟੇ' ਦੀ ਖੇਡ ਵਿਚ ਮਗਨ ਸਨ।
“ਮਿਸਟਰ ਬਾਂਡ! ਕਲ੍ਹ ਤੋਂ ਤੁਹਾਡੀਆਂ ਸੇਵਾਵਾਂ ਦੀ ਸਾਨੂੰ ਲੋੜ ਨਹੀਂ ਹੋਵੇਗੀ। ਅਸੀਂ ਆਪਣੇ ਸੈਕਟਰੀ ਨੂੰ ਕਹਿ ਦਿੱਤਾ ਏ ਕਿ ਨੋਟਿਸ ਦੀ ਜਗ੍ਹਾ ਤੁਹਾਨੂੰ ਇਕ ਮਹੀਨੇ ਦੀ ਤਨਖ਼ਾਹ ਦੇ ਦੇਵੇ।”
ਕੇਨ ਚਾਚੂ ਜੇਬਾਂ ਵਿਚ ਹੱਥ ਪਾਈ ਸੀਟੀ ਵਜਾਉਂਦੇ ਹੋਏ ਖ਼ੁਸ਼ੀ-ਖ਼ੁਸ਼ੀ ਘਰ ਪਰਤ ਆਏ।
“ਅੱਜ ਜਲਦੀ ਆ ਗਿਆ ਤੂੰ!” ਦਾਦੀ ਨੇ ਪੁੱਛਿਆ।
“ਉਹਨਾਂ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਲੋੜ ਨਹੀਂ ਰਹੀ!” ਕੇਨ ਚਾਚੂ ਬੋਲੇ।
“ਖ਼ੈਰ, ਕੋਈ ਗੱਲ ਨਹੀਂ। ਅੰਦਰ ਜਾ ਕੇ ਚਾਹ ਪੀ ਲੈ।”
ਦਾਦੀ ਤਾਂ ਜਾਣਦੇ ਸਨ ਕਿ ਕੇਨ ਚਾਚੂ ਦੀ ਇਹ ਨੌਕਰੀ ਬਹੁਤੇ ਦਿਨ ਨਹੀਂ ਚੱਲੇਗੀ। ਫੇਰ ਉਹ ਝਿੜਕਦੇ-ਫਿਟਕਾਰਦੇ ਵੀ ਨਹੀਂ ਸਨ। ਜਿਵੇਂ ਕਿ ਉਹਨਾਂ ਬਾਅਦ ਵਿਚ ਕਿਹਾ, “ਇਸਨੇ ਕਮ-ਸੇ-ਕਮ ਕੋਸ਼ਿਸ਼ ਤਾਂ ਕੀਤੀ। ਤੇ ਇਹ ਨੌਕਰੀ ਪਹਿਲੀਆਂ ਨੌਕਰੀਆਂ ਨਾਲੋਂ ਵੱਧ ਦਿਨ ਚੱਲੀ—ਦੋ ਮਹੀਨੇ।”

5. ਕੇਨ ਚਾਚੂ ਨੇ ਕਾਰ ਚਲਾਈ

ਅਗਲੀ ਵਾਰੀ ਜਦੋਂ ਮੈਂ ਦੇਹਰਾਦੂਨ ਪਹੁੰਚਿਆ, ਤਾਂ ਮੈਨੂੰ ਰੇਲਵੇ ਸਟੇਸ਼ਨ ਉੱਤੇ ਮੋਹਨ ਲੈਣ ਆਇਆ। ਇਕ ਤਾਂਗੇ ਉੱਤੇ ਸਾਮਾਨ ਰਖਵਾ ਕੇ ਅਸੀਂ ਸਵਾਰ ਹੋਏ ਤੇ ਸ਼ਹਿਰ ਦੀਆਂ ਸ਼ਾਂਤ ਸੜਕਾਂ ਉੱਤੇ ਖੜ-ਖੜ ਕਰਦੇ ਹੋਏ ਦਾਦੀ ਦੇ ਘਰ ਵੱਲ ਤੁਰ ਚੱਲੇ।
“ਮੋਹਨ, ਕੀ ਖ਼ਬਰਸਾਰ ਏ?”
“ਕੋਈ ਖਾਸ ਨਹੀਂ। ਕੁਛ ਸਾਹਬ ਲੋਕ ਮਕਾਨ ਵੇਚ ਕੇ ਜਾ ਰਹੇ ਨੇ। ਸੂਜੀ ਨੇ ਬੱਚੇ ਦਿੱਤੇ ਨੇ।”
ਦਾਦੀ ਜਾਣਦੇ ਸਨ ਕਿ ਮੈਂ ਦੋ ਰਾਤਾਂ ਟਰੇਨ ਵਿਚ ਬਿਤਾਅ ਕੇ ਆਇਆ ਹਾਂ, ਇਸ ਲਈ ਉਹਨਾਂ ਨੇ ਮੇਰੇ ਲਈ ਕਾਫੀ ਸਾਰਾ ਨਾਸ਼ਤਾ ਤਿਆਰ ਕਰਕੇ ਰੱਖਿਆ ਹੋਇਆ ਸੀ। ਯਖਨੀ, ਅੰਡਾ-ਟੋਸਟ, ਬੇਕਨ ਤੇ ਤੜਕੇ ਹੋਏ ਟਮਾਟਰ। ਟੋਸਟ ਤੇ ਆਮਲੇਟ। ਖ਼ੂਬ ਦੁੱਧ ਵਾਲੀ ਮਿੱਠੀ-ਮਿੱਠੀ ਚਾਹ।
ਦਾਦੀ ਨੇ ਦੱਸਿਆ ਕਿ ਕੇਨ ਚਾਚੂ ਦੀ ਚਿੱਠੀ ਆਈ ਹੈ।
“ਲਿਖਦਾ ਏ, ਸ਼ਿਮਲੇ 'ਚ ਫਿਰਪੋ ਹੋਟਲ ਵਿਚ ਅਸਿਸਟੈਂਟ ਮੈਨੇਜਰ ਲੱਗਾ ਹੋਇਆ ਏ,” ਦਾਦੀ ਦੱਸ ਰਹੇ ਸਨ, “ਖਾਸੀ ਤਨਖ਼ਾਹ ਲੈਂਦਾ ਏ। ਫੇਰ ਰਹਿਣਾ ਤੇ ਖਾਣਾ-ਪੀਣਾ ਮੁਫ਼ਤ ਏ। ਪੱਕੀ ਨੌਕਰੀ ਏ ਤੇ ਉਮੀਦ ਏ, ਉਹ ਟਿਕ ਕੇ ਉੱਥੇ ਕੰਮ ਕਰੇਗਾ।”
ਇਸ ਗੱਲਬਾਤ ਦੇ ਤਿੰਨ ਦਿਨ ਬਾਅਦ ਹੀ ਕੇਨ ਚਾਚੂ ਬੋਰੀਆ-ਬਿਸਤਰਾ ਤੇ ਟੁੱਟਿਆ ਹੋਇਆ ਸੂਟਕੇਸ ਚੁੱਕੀ ਵਰਾਂਡੇ ਦੀਆਂ ਪੌੜੀਆਂ ਕੋਲ ਦਿਖਾਈ ਦਿੱਤੇ।
“ਹੋਟਲ ਦੀ ਨੌਕਰੀ ਛੱਡ ਆਇਆ ਏਂ ਕਿ?” ਦਾਦੀ ਨੇ ਪੁੱਛਿਆ।
“ਨਹੀਂ,” ਕੇਨ ਚਾਚੂ ਬੋਲੇ, “ਉਹਨਾਂ ਨੇ ਹੋਟਲ ਈ ਬੰਦ ਕਰ ਦਿੱਤਾ ਏ।”
“ਤੇਰੇ ਕਰਕੇ ਈ ਤਾਂ ਬੰਦ ਨਹੀਂ ਕੀਤਾ ਉਹਨਾਂ ਨੇ?”
“ਨਹੀਂ, ਆਂਟੀ! ਹਿਲ ਸਟੇਸ਼ਨਾਂ 'ਤੇ ਜਿੰਨੇ ਵੱਡੇ-ਵੱਡੇ ਹੋਟਲ ਨੇ, ਸਭ ਬੰਦ ਹੁੰਦੇ ਜਾ ਰਹੇ ਨੇ।”
“ਖ਼ੈਰ, ਕੋਈ ਗੱਲ ਨਹੀਂ। ਆ, ਨਾਸ਼ਤਾ ਕਰ ਲੈ। ਅੱਜ ਰਸਟੀ ਦੇ ਮਨਪਸੰਦ ਕੋਫ਼ਤੇ ਬਣੇ ਨੇ।”
“ਤਾਂ, ਉਹ ਵੀ ਏਥੇ ਈ ਏ? ਪਤਾ ਨਹੀਂ ਕਿੰਨੇ ਕੁ ਭਤੀਜੇ-ਭਤੀਆਂ, ਭਾਂਜੇ-ਭਾਂਜੀਆਂ ਨੇ ਮੇਰੇ। ਪਰ ਮੇਬਲ ਦੀਆਂ ਦੋਵਾਂ ਕੁੜੀਆਂ ਨਾਲੋਂ ਤਾਂ ਠੀਕ ਈ ਏ। ਜਿੰਨੇ ਦਿਨ ਮੈਂ ਉਹਨਾਂ ਦੇ ਨਾਲ ਸ਼ਿਮਲੇ 'ਚ ਰਿਹਾ, ਛੋਹਰੀਆਂ ਨੇ ਨੱਕ 'ਚ ਦਮ ਕੀਤੀ ਰੱਖਿਆ।”
ਨਾਸ਼ਤੇ ਉੱਤੇ ਕੇਨ ਚਾਚੂ ਬੜੀ ਗੰਭੀਰਤਾ ਨਾਲ ਰੋਜ਼ੀ-ਰੋਟੀ ਕਮਾਉਣ ਦੇ ਉਪਾਵਾਂ ਦੀਆਂ ਗੱਲਾਂ ਕਰਦੇ ਰਹੇ।
“ਸਾਰੇ ਦੇਹਰਾਦੂਨ 'ਚ ਸਿਰਫ਼ ਇਕ ਟੈਕਸੀ ਏ।” ਉਹ ਧਿਆਨ ਮਗਨ ਹੋ ਕੇ ਬੋਲ ਰਹੇ ਸਨ, “ਲਾਜ਼ਮੀ ਇਕ ਹੋਰ ਟੈਕਸੀ ਦੀ ਗੁੰਜਾਇਸ਼ ਏ।”
“ਹਾਂ, ਹੈ ਤਾਂ!” ਦਾਦੀ ਬੋਲੇ, “ਪਰ ਤੈਨੂੰ ਇਸ ਨਾਲ ਕੀ? ਪਹਿਲੀ ਗੱਲ ਤਾਂ ਇਹ ਕਿ ਤੇਰੇ ਕੋਲ ਟੈਕਸੀ ਨਹੀਂ। ਫੇਰ, ਤੂੰ ਚਲਾਉਣਾ ਵੀ ਤਾਂ ਨਹੀਂ ਜਾਣਾ।”
“ਜਲਦੀ ਈ ਸਿੱਖ ਲਵਾਂਗਾ। ਸ਼ਹਿਰ 'ਚ ਇਕ ਡਰਾਈਵਿੰਗ ਸਕੂਲ ਹੈ-ਈ। ਤੇ ਫੇਰ ਅੰਕਲ ਦੀ ਪੁਰਾਣੀ ਕਾਰ ਦਾ ਇਸਤੇਮਾਲ ਵੀ ਤਾਂ ਕੀਤਾ ਜਾ ਸਕਦਾ ਏ। ਵਰ੍ਹਿਆਂ ਦੀ ਗੈਰਜ 'ਚ ਖੜ੍ਹੀ ਮਿੱਟੀ-ਘੱਟਾ ਫੱਕ ਰਹੀ ਏ।” (ਕੇਨ ਚਾਚੇ ਦਾ ਇਸ਼ਾਰਾ ਦਾਦਾ ਜੀ ਦੀ ਪੁਰਾਣੀ 'ਹਿਲਮੈਨ ਰੋਡਸਟਰ' ਕਾਰ ਵੱਲ ਸੀ, ਜਿਹੜੀ 1925 ਦਾ ਮਾਡਲ ਸੀ। ਇਸ ਤਰ੍ਹਾਂ ਲਗਭਗ ਵੀਹ ਸਾਲ ਪੁਰਾਣੀ ਹੋਈ।)
“ਮੈਂ ਨਹੀਂ ਸਮਝਦੀ, ਇਹ ਕਾਰ ਹੁਣ ਚੱਲੇਗੀ।” ਦਾਦੀ ਬੋਲੇ।
“ਚੱਲੇਗੀ, ਜ਼ਰੂਰ ਚੱਲੇਗੀ। ਬਸ, ਥੋੜ੍ਹਾ ਤੇਲ ਤੇ ਗਰੀਸ ਦੇਣ ਦੀ ਲੋੜ ਏ। ਤੇ ਥੋੜ੍ਹਾ-ਜਿਹਾ ਪੇਂਟ ਕਰਨ ਦੀ।”
“ਠੀਕ ਏ, ਤਾਂ ਡਰਾਈਵਿੰਗ ਸਿਖ ਲੈ! ਫੇਰ 'ਰੋਡਸਟਰ' ਬਾਰੇ ਸੋਚਾਂਗੇ।”
ਇਸ ਤਰ੍ਹਾਂ ਕੇਨ ਚਾਚੂ ਡਰਾਈਵਿੰਗ ਸਕੂਲ ਜਾਣ ਲੱਗ ਪਏ।
ਉਹ ਨੇਮ ਨਾਲ ਸ਼ਾਮ ਨੂੰ ਇਕ ਘੰਟਾ ਗੱਡੀ ਚਲਾਉਣਾ ਸਿੱਖਦੇ। ਫੀਸ ਦਾਦੀ ਨੇ ਆਪਣੇ ਪੱਲਿਓਂ ਦੇ ਦਿੱਤੀ ਸੀ।
ਇਕ ਮਹੀਨੇ ਬਾਅਦ ਕੇਨ ਚਾਚੂ ਨੇ ਆ ਕੇ ਐਲਾਨ ਕੀਤਾ ਕਿ ਉਹ ਗੱਡੀ ਚਲਾ ਸਕਦੇ ਨੇ ਤੇ ਪਰੀਖਣ ਦੇ ਲਈ 'ਰੋਡਸਟਰ' ਨੂੰ ਬਾਹਰ ਕੱਢਣਗੇ।
“ਤੇਰੇ ਕੋਲ ਹਾਲੇ ਲਾਈਸੈਂਸ ਵੀ ਤਾਂ ਨਹੀਂ।” ਦਾਦੀ ਬੋਲੇ।
“ਤਾਂ ਕੀ ਹੋਇਆ, ਬਹੁਤੀ ਦੂਰ ਨਹੀਂ ਲਿਜਾਵਾਂਗਾ।” ਕੇਨ ਚਾਚਾ ਬੋਲੇ, “ਬਸ, ਬਾਹਰ ਸੜਕ 'ਤੇ ਤੇ ਫੇਰ ਵਾਪਸ।”
ਸਵੇਰੇ ਕਾਫੀ ਦੇਰ ਤਕ ਉਹ ਕਾਰ ਸਾਫ਼ ਕਰਦੇ ਰਹੇ। ਦਾਦੀ ਨੇ ਪੈਟਰੋਲ ਦੇ ਪੈਸੇ ਵੀ ਆਪਣੀ ਜੇਬ ਵਿਚੋਂ ਦਿੱਤੇ।
ਚਾਹ ਦੇ ਬਾਅਦ ਕੇਨ ਚਾਚਾ ਬੋਲੇ, “ਚੱਲ ਰਸਟੀ, ਮੇਰੇ ਨਾਲ ਗੱਡੀ 'ਚ ਬੈਠ, ਤੈਨੂੰ ਝੂਟਾ ਦਵਾਅ ਲਿਆਵਾਂ। ਮੋਹਨ ਨੂੰ ਵੀ ਬੁਲਾਅ ਲਿਆ।”
ਮੋਹਨ ਤੇ ਮੈਂ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦਾ।
“ਅਗਲੀ ਵਾਰੀ, ਚਾਚੂ ਸ਼੍ਰੀ!” ਮੈਂ ਕਿਹਾ।
“ਕੇਨ, ਬਹੁਤੀ ਤੇਜ਼ ਨਾ ਚਲਾਵੀਂ।” ਦਾਦੀ ਬੋਲੇ, “ਅਜੇ ਇਸ ਤੇ ਤੇਰਾ ਹੱਥ ਨਹੀਂ ਸਧਿਆ।”
ਕੇਨ ਚਾਚੂ ਨੇ ਹਾਮੀ ਭਰੀ ਤੇ ਮੁਸਕੁਰਾਉਂਦਿਆਂ ਹੋਇਆਂ ਦੋ-ਚਾਰ ਵਾਰੀ ਜ਼ੋਰ-ਜ਼ੋਰ ਨਾਲ ਹਾਰਨ ਵਜਾਇਆ। ਮਨ ਵਿਚ ਲੱਡੂ ਜੋ ਫੁੱਟ ਰਹੇ ਸੀ।
ਉਧਰੋਂ ਮਿਸ ਕੇਲਨਰ ਸ਼ਾਮ ਨੂੰ ਟਹਿਲਨ ਲਈ ਘਰੋਂ ਨਿਕਲ ਰਹੀ ਸੀ। ਕੇਨ ਚਾਚੂ ਨੂੰ ਜਦੋਂ 'ਰੋਡਸਟਰ' ਵਿਚ ਬੈਠਾ ਦੇਖਿਆ, ਤਾਂ ਅੰਦਰ ਵੱਲ ਨੱਸੀ।
ਕੇਨ ਚਾਚੂ ਸਿੱਧੇ-ਸਿੱਧੇ ਗੱਡੀ ਚਲਾਉਂਦੇ ਹੋਏ ਲਗਾਤਾਰ ਹਾਰਨ ਵਜਾਉਂਦੇ ਜਾ ਰਹੇ ਸਨ।
ਸੜਕ ਦੇ ਅੰਤਮ ਸਿਰੇ ਉੱਤੇ ਗੋਲ ਚੱਕਰ ਸੀ।
'ਏਥੋਂ ਗੱਡੀ ਮੋੜਦੇ ਆਂ।' ਕੇਨ ਚਾਚੂ ਨੇ ਸੋਚਿਆ, 'ਤੇ ਵਾਪਸ ਚੱਲਦੇ ਆਂ।'
ਉਹਨਾਂ ਨੇ ਸਟੇਰਿੰਗ ਵਹੀਲ ਘੁਮਾਇਆ ਤੇ ਗੋਲ ਚੱਕਰ ਦੀ ਪਰਿਕਰਮਾ ਕਰਨੀ ਚਾਹੀ, ਪਰ ਸਟੇਰਿੰਗ ਵਹੀਲ ਓਨਾਂ ਘੁੰਮਿਆਂ ਹੀ ਨਹੀਂ, ਜਿੰਨਾ ਕੇਨ ਚਾਚੂ ਘੁਮਾਉਣਾ ਚਾਹੁੰਦੇ ਸਨ...ਸੋ, ਗੋਲ ਚੱਕਰ ਲਾਉਣ ਦੀ ਬਜਾਏ ਗੱਡੀ ਸੱਜੇ ਪਾਸੇ ਨੂੰ ਹੋ ਲਈ—ਤੇ ਯਕਦਮ ਨੱਕ ਦੀ ਸੀਧ ਵਿਚ ਨਿਕਲ ਗਈ। ਜਿਵੇਂ ਕਿ ਹੋਣਾ ਸੀ, ਸਿੱਧੀ ਗੁਲਸ਼ਨ ਦੇ ਮਹਾਰਾਜੇ ਦੇ ਬਗੀਚੇ ਦੀ ਕੰਧ ਤੋੜ ਕੇ ਅੰਦਰ ਵੜ ਗਈ।
ਕੰਧ ਇਕ ਇੱਟ ਦੀ। 'ਰੋਡਸਟਰ' ਨੇ ਜ਼ੋਰ ਨਾਲ ਧੱਕਾ ਮਾਰ ਕੇ ਕੰਧ ਨੂੰ ਢੇਰੀ ਕਰ ਦਿੱਤਾ ਤੇ ਫੇਰ ਦੂਜੇ ਪਾਸੇ ਜਾ ਨਿਕਲੀ। ਗਨੀਮਤ ਸੀ ਕਿ ਨਾ ਤਾਂ ਕਾਰ ਨੂੰ ਤੇ ਨਾ ਹੀ ਚਾਲਕ ਨੂੰ ਕੋਈ ਨੁਕਸਾਨ ਹੋਇਆ। ਕੇਨ ਚਾਚੂ ਨੇ ਗੱਡੀ ਮਹਾਰਾਜੇ ਦੇ ਲਾਨ ਦੇ ਐਨ ਵਿਚਕਾਰ ਜਾ ਕੇ ਖੜ੍ਹੀ ਕਰ ਦਿੱਤੀ।
ਮਹਾਰਾਜ ਲਾਨ ਵਿਚ ਹੀ ਖੜ੍ਹੇ ਸਨ। ਦੇਖਿਆ, ਤਾਂ ਦੌੜਦੇ ਹੋਏ ਆਏ। ਉਹਨਾਂ ਨਾਲ ਉਹਨਾਂ ਦੇ ਸੈਕਟਰੀ ਤੇ ਸਹਾਇਕ ਵੀ ਸਨ।
ਮਹਾਰਾਜੇ ਨੇ ਜਦੋਂ ਦੇਖਿਆ ਕਿ ਗੱਡੀ ਚਲਾਉਣ ਵਾਲਾ ਕੋਈ ਹੋਰ ਨਹੀਂ, ਕੇਨ ਚਾਚੂ ਹੈ, ਤਾਂ ਉਹਨਾਂ ਦੀਆਂ ਵਾਛਾਂ ਖਿੜ ਗਈਆਂ।
ਖਿੜ ਕੇ ਬੋਲੇ, “ਤੈਨੂੰ ਦੇਖ ਕੇ ਖ਼ੁਸ਼ੀ ਹੋਈ। ਚੰਗਾ ਕੀਤਾ ਜੋ ਆ ਗਿਐਂ। ਹੋ ਜਾਏ ਟੈਨਿਸ ਦੀ ਇਕ ਗੇਮ, ਕਿਓਂ?”

6. ਕੇਨ ਚਾਚੂ ਕ੍ਰਿਕਟ ਖੇਡੇ

ਹਾਲਾਂਕਿ ਕੇਨ ਚਾਚੂ ਇਕ ਵਾਰੀ ਫੇਰ ਮਹਾਰਾਜੇ ਦੇ ਕ੍ਰਿਪਾਪਾਤਰ ਬਣ ਗਏ ਸਨ ਫੇਰ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲੀ।
ਦਾਦੀ ਨੇ ਵੀ ਉਹਨਾਂ ਨੂੰ 'ਹਿਲਮੈਨ' ਕੱਢਣ ਦੀ ਇਜਾਜ਼ਤ ਨਹੀਂ ਦਿੱਤੀ। ਸੋ, ਉਹ ਬੈਠੇ-ਬੈਠੇ ਕੁੜ੍ਹਦੇ ਰਹਿੰਦੇ। ਉਹਨਾਂ ਅਨੁਸਾਰ ਇਸ ਸਭ ਦਾਦਾ ਜੀ ਦੀ ਗਲਤੀ ਸੀ, ਜਿਹਨਾਂ ਨੇ ਦਸ ਸਾਲ ਪਹਿਲਾਂ, ਜਦੋਂ ਉਹ ਜਿਊਂਦੇ ਸਨ, ਗੱਡੀ ਦੇ ਸਟੇਰਿੰਗ ਵਹੀਲ ਵੱਲ ਧਿਆਨ ਨਹੀਂ ਸੀ ਦਿੱਤਾ।
ਕੇਨ ਚਾਚੂ ਨੇ ਦੋ ਘੰਟਿਆਂ ਲਈ (ਨਾਸ਼ਤੇ ਤੇ ਚਾਹ ਦੇ ਵਿਚਕਾਰ) ਭੁੱਖ ਹੜਤਾਲ ਕੀਤੀ ਤੇ ਫੇਰ ਕਈ ਦਿਨਾਂ ਤਕ ਉਹਨਾਂ ਦੀ ਸੀਟੀ ਦੀ ਆਵਾਜ਼ ਵੀ ਸੁਣਾਈ ਨਹੀਂ ਦਿੱਤੀ।
“ਮੌਨ ਵੀ ਇਕ ਵਰਦਾਨ ਏਂ।” ਦਾਦੀ ਬੋਲੇ।
ਤੇ ਫੇਰ ਇਕ ਦਿਨ ਕੇਨ ਚਾਚੂ ਨੇ ਐਲਾਨ ਕਰ ਦਿੱਤਾ ਕਿ ਉਹ ਲਖਨਊ ਵਿਚ ਐਮਿਲੀ ਆਂਟੀ ਕੋਲ ਜਾ ਰਹੇ ਨੇ।
ਦਾਦੀ ਨੇ ਕਿਹਾ, “ਉਸਦੇ ਤਿੰਨ ਬਾਲ ਨੇ ਤੇ ਨਾਲੇ ਉਸਨੂੰ ਸਕੂਲ ਦੀ ਦੇਖਭਾਲ ਵੀ ਕਰਨੀ ਪੈਂਦੀ ਏ। ਬਹੁਤੇ ਦਿਨ ਉੱਥੇ ਜੰਮਿਆਂ ਨਾ ਰਹੀਂ, ਸਮਝਿਆ!”
“ਮੈਂ ਜਿੰਨੇ ਦਿਨ ਵੀ ਰਹਾਂ ਉਹਨਾਂ ਨੂੰ ਬਿਲਕੁਲ ਨਈਂ ਰੜਕਦਾ।” ਚਿੜ ਕੇ ਕੇਨ ਚਾਚੂ ਨੇ ਇਹ ਗੱਲ ਕਹੀ ਤੇ ਤੁਰਦੇ ਹੋਏ।
ਕੇਨ ਚਾਚੂ ਦੀ ਲਖਨਊ ਯਾਤਰਾ ਵੀ ਇਕ ਯਾਦਗਾਰ ਬਣ ਗਈ। ਇਹ ਸਾਰਾ ਕਿੱਸਾ ਸਾਨੂੰ ਕਾਫੀ ਪਿੱਛੋਂ ਜਾ ਕੇ ਪਤਾ ਲੱਗਿਆ।
ਕੇਨ ਚਾਚੂ ਜਦੋਂ ਲਖਨਊ ਸਟੇਸ਼ਨ ਉੱਤੇ ਉਤਰੇ, ਤਾਂ ਵਿਸ਼ਾਲ ਭੀੜ ਨੇ ਉਹਨਾਂ ਨੂੰ ਘੇਰ ਲਿਆ। ਹਰੇਕ ਉਹਨਾਂ ਵੱਲ ਹੱਥ ਹਿਲਾਉਂਦਾ ਹੋਇਆ ਹਿੰਦੀ ਵਿਚ, ਉਰਦੂ ਵਿਚ, ਅੰਗਰੇਜ਼ੀ ਵਿਚ, ਉਹਨਾਂ ਲਈ ਸਵਾਗਤ-ਸਤਿਕਾਰ ਦੇ ਸ਼ਬਦ ਕਹਿ ਰਿਹਾ ਸੀ। ਕੇਨ ਚਾਚੂ ਨੂੰ ਜਦੋਂ ਤਕ ਪਤਾ ਲੱਗਿਆ ਕਿ ਮਾਜਰਾ ਕੀ ਹੈ, ਉਹ ਗੇਂਦੇ ਦੇ ਹਾਰਾਂ ਨਾਲ ਲੱਦੇ ਹੋਏ ਸਨ। ਇਕ ਨੌਜਵਾਨ ਨੇ ਅੱਗੇ ਆ ਕੇ ਇਹ ਐਲਾਨ ਕੀਤਾ—“ਗੋਮਤੀ ਕ੍ਰਿਕਟਿੰਗ ਐਸੋਸੀਏਸ਼ਨ, ਇਤਿਹਾਸਕ ਨਗਰ ਲਖਨਊ ਵਿਚ ਤੁਹਾਡਾ ਸਵਾਗਤ ਕਰਦੀ ਹੈ।” ਤੇ ਉਹ ਤੁਰੰਤ ਉਹਨਾਂ ਨੂੰ ਸਟੇਸ਼ਨ ਦੇ ਬਾਹਰ ਖੜ੍ਹੀ ਕਾਰ ਤਕ ਲੈ ਗਿਆ।
ਗੱਡੀ ਜਦੋਂ ਸਪੋਰਟਸ ਸਟੇਡੀਅਮ ਪਹੁੰਚੀ, ਉਦੋਂ ਜਾ ਕੇ ਕੇਨ ਚਾਚੂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਤਾਂ ਇਕ ਕ੍ਰਿਕਟ ਮੈਚ ਖੇਡਣਾ ਏਂ।
ਸਾਰਾ ਕਿੱਸਾ ਕੁਝ ਇੰਜ ਵਾਪਰਿਆ...:
ਪ੍ਰਸਿੱਧ ਇੰਗਲਿਸ਼ ਕ੍ਰਿਕਟ ਖਿਡਾਰੀ ਬਰੂਸ ਹੈਲਮ ਭਾਰਤ ਦੇ ਦੌਰੇ ਉੱਤੇ ਆਏ ਹੋਏ ਸਨ ਤੇ ਉਹਨਾਂ ਨੇ ਲਖਨਊ ਵਿਚ ਇਕ 'ਚੈਰਿਟੀ ਮੈਚ' ਖੇਡਣਾ ਸਵੀਕਾਰ ਕੀਤਾ ਸੀ। ਪਰ ਦਿੱਲੀ ਵਿਚ ਪਿਛਲੀ ਸ਼ਾਮ ਉਹਨਾਂ ਦਾ ਪੇਟ ਏਨਾ ਖ਼ਰਾਬ ਹੋਇਆ ਕਿ ਰਾਤ ਦੀ ਉਖੜੀ-ਪੁੱਖੜੀ ਨੀਂਦ ਕਾਰਨ ਟਰੇਨ ਫੜ੍ਹਨ ਲਈ ਸਮੇਂ ਤੋਂ ਪਹਿਲਾਂ ਜਾਗ ਹੀ ਨਹੀਂ ਸਕੇ। ਲਖਨਊ ਵਿਚ ਮੈਚ ਦੇ ਪ੍ਰਬੰਧਕਾਂ ਨੂੰ ਤਾਰ ਵੀ ਕੀਤਾ ਗਿਆ। ਪਰ ਵਧੇਰੇ ਤਾਰਾਂ ਵਾਂਗ ਇਹ ਤਾਰ ਵੀ ਸਮੇਂ ਸਿਰ ਆਪਣੇ ਠਿਕਾਣੇ ਉੱਤੇ ਨਹੀਂ ਪਹੁੰਚਿਆ। ਲਖਨਊ ਦੇ ਕ੍ਰਿਕਟ-ਪ੍ਰੇਮੀ ਇਸ ਮਹਾਨ ਕ੍ਰਿਕਟ ਖਿਡਾਰੀ ਦਾ ਸਵਾਗਤ ਕਰਨ ਲਈ ਸਟੇਸ਼ਨ ਉੱਤੇ ਜੁੜ ਗਏ। ਤੇ ਇਹ ਇਕ ਵਚਿੱਤਰ ਸੰਯੋਗ ਹੀ ਸੀ ਕਿ ਕੇਨ ਚਾਚੂ ਤੇ ਬਰੂਸ ਹੈਲਮ ਦੇ ਚਿਹਰੇ-ਮੋਹਰੇ ਵਿਚ ਅਦਭੁਤ ਸਮਾਨਤਾ ਸੀ, ਇੱਥੋਂ ਤਕ ਕਿ ਦੋਵਾਂ ਦੀ ਟਿੰਡ ਵੀ ਇਕੋ-ਜਿਹੀ ਸੀ। ਇਸ ਤਰ੍ਹਾਂ ਇਹ ਸਭ ਗੜਬੜ-ਘੁਟਾਲਾ ਹੋਇਆ। ਸੱਚ ਪੁੱਛੋਂ, ਤਾਂ ਕੇਨ ਚਾਚੂ ਇਸ ਤਰ੍ਹਾਂ ਦੀ ਗੜਬੜ ਤੋਂ ਖ਼ੁਸ਼ ਸਨ।
ਗੋਮਤੀ ਕ੍ਰਿਕਟਿੰਗ ਐਸੋਸੀਏਸ਼ਨ ਵੱਲੋਂ ਏਨਾ ਸਵਾਗਤ-ਸਤਿਕਾਰ ਮਿਲਣ ਉੱਤੇ ਤੇ ਸਟੇਡੀਅਮ ਵਿਚ ਸ਼ਾਨਦਾਰ ਨਾਸ਼ਤਾ ਕਰਨ ਪਿੱਛੋਂ ਕੇਨ ਚਾਚੂ ਨੇ ਸੋਚਿਆ ਕਿ ਜੇ ਉਹ ਲਖਨਊ ਦੇ ਲੋਕਾਂ ਲਈ ਕ੍ਰਿਕਟ ਨਹੀਂ ਖੇਡਦੇ ਤਾਂ ਉਹਨਾਂ ਲਈ ਇਹ ਮਾਣ ਵਾਲੀ ਵੱਲ ਨਹੀਂ। ਉਹਨਾਂ ਸੋਚਿਆ ਕਿ 'ਜੇ ਮੈਂ ਟੈਨਿਸ ਦੀ ਗੇਂਦ ਨੂੰ ਹਿੱਟ ਕਰ ਸਕਦਾ ਹਾਂ ਤਾਂ ਕ੍ਰਿਕੇਟ ਦੀ ਗੇਂਦ ਨੂੰ ਵੀ ਹਿੱਟ ਕਰਨ ਵਿਚ ਮੈਨੂੰ ਸਮਰਥ ਹੋਣਾ ਚਾਹੀਦਾ ਏ।' ਤੇ ਚੰਗੇ ਭਾਗੀਂ ਉਹਨਾਂ ਦੇ ਸੂਟਕੇਸ ਵਿਚ ਇਕ ਬਲੇਜਰ ਤੇ ਇਕ ਸਫੇਦ ਪਤਲੂਨ ਵੀ ਸੀ।
ਗੋਮਤੀ ਟੀਮ ਨੇ ਟਾਸ ਜਿੱਤਿਆ ਤੇ ਬੱਲੇਬਾਜੀ ਕਰਨ ਦਾ ਫ਼ੈਸਲਾ ਕੀਤਾ। ਕੇਨ ਚਾਚੂ ਨੇ ਤੀਜੇ ਨੰਬਰ ਉੱਤੇ ਖੇਡਣਾ ਸੀ, ਜਿਵੇਂ ਕਿ ਬਰੂਸ ਹੈਲਮ ਆਮ ਤੌਰ ਉੱਤੇ ਖੇਡਦੇ ਸਨ। ਜਲਦੀ ਹੀ ਉਹਨਾਂ ਦੀ ਵਾਰੀ ਆ ਗਈ ਤੇ ਉਹ ਵਿਕੇਟ ਵਲ ਤੁਰ ਪਏ। ਤੁਰਦੇ ਹੋਏ ਇਸ ਗੱਲ ਉੱਤੇ ਹੈਰਾਨ ਹੋ ਰਹੇ ਸਨ ਕਿ ਅਜੇ ਤਕ ਇਸ ਨਾਲੋਂ ਆਰਾਮਦੇਹ ਪੈਡ ਕਿਓਂ ਨਹੀਂ ਬਣਾਏ ਕਿਸੇ ਨੇ।
ਪਹਿਲੀ ਗੇਂਦ ਸ਼ਾਟ-ਪਿਚ ਸੀ। ਕੇਨ ਚਾਚੂ ਨੇ ਉਸਨੂੰ ਟੈਨਿਸ ਦੀ ਗੇਂਦ ਵਾਂਗ ਹੀ ਲਿਆ ਤੇ ਮਿਡ ਵਿਕੇਟ ਬਾਊਂਡਰੀ ਵਲ ਹਿੱਟ ਕਰ ਦਿੱਤਾ। ਭੀੜ ਝੂੰਮਣ ਲੱਗੀ ਤੇ ਵਾਹ-ਵਾਹ ਕਰਨ ਲੱਗੀ।
ਅਗਲੀ ਗੇਂਦ ਕੇਨ ਚਾਚਾ ਦੇ ਪੈਡ ਉੱਤੇ ਲੱਗੀ। ਉਹ ਆਪਣੀ ਵਿਕੇਟ ਦੇ ਯਕਦਮ ਸਾਹਮਣੇ ਸਨ ਤੇ ਉਹਨਾਂ ਨੂੰ ਐਲ.ਬੀ.ਡਬਲਿਊ. ਦੇ ਦਿੱਤਾ ਜਾਣਾ ਚਾਹੀਦਾ ਸੀ। ਪਰ ਅੰਪਾਇਰ ਨੇ ਉਂਗਲੀ ਚੁੱਕਣ ਵਿਚ ਸੰਕੋਚ ਕੀਤਾ। ਆਖ਼ਰ ਸੈਂਕੜੇ ਦਰਸ਼ਕਾਂ ਨੇ ਬਰੂਸ ਹੈਲਮ ਦਾ ਖੇਡ ਦੇਖਣ ਲਈ ਮੋਟੀ ਰਕਮ ਦਿੱਤੀ ਸੀ ਤੇ ਉਹਨਾਂ ਨੂੰ ਨਿਰਾਸ਼ ਕਰਨਾ ਸ਼ਰਮ ਦੀ ਗੱਲ ਹੁੰਦੀ।
“ਨਾਟ ਆਊਟ!” ਅੰਪਾਇਰ ਨੇ ਕਿਹਾ।
ਤੀਜੀ ਬਾਲ ਕੇਨ ਚਾਚੂ ਦੇ ਬੱਲੇ ਉੱਤੇ ਲੱਗੀ ਤੇ ਸਲਿਪ ਵਿਚੋਂ ਨਿਕਲ ਗਈ।
“ਲਵਲੀ ਸ਼ਾਟ!” ਪੈਵਿਲੀਅਨ ਵਿਚ ਬੈਠੇ ਇਕ ਬਜ਼ੁਰਗ ਖ਼ੁਸ਼ੀ ਨਾਲ ਕੂਕ ਉੱਠੇ।
“ਕਲਾਸਿਕ ਲੇਟ-ਕੱਟ!” ਇਕ ਹੋਰ ਬੋਲਿਆ।
ਗੇਂਦ ਬਾਊਡਰੀ ਨਾਲ ਜਾ ਲੱਗੀ ਤੇ ਕੇਨ ਚਾਚੂ ਨੂੰ ਚਾਰ ਰਨ ਮਿਲ ਗਏ। ਓਵਰ ਖ਼ਤਮ ਹੋਇਆ ਤੇ ਦੂਜੇ ਬੱਲੇਬਾਜ ਨੇ ਬਾਲ ਦਾ ਸਾਹਮਣਾ ਕੀਤਾ। ਉਸਨੇ ਪਹਿਲੀ ਬਾਲ ਉੱਤੇ ਹੀ ਇਕ ਰਨ ਲੈ ਲਿਆ ਤੇ ਫੇਰ ਦੂਜੇ ਰਨ ਦਾ ਇਸ਼ਾਰਾ ਕੀਤਾ। ਕੇਨ ਚਾਚੂ ਨੇ ਸੋਚਿਆ ਕਿ ਇਕ ਹੀ ਰਨ ਕਾਫੀ ਹੈ। ਕਿਉਂ ਪਾਗਲਾਂ ਵਾਂਗ ਵਿਕੇਟਾਂ ਵਿਚ ਦੌੜਦੇ ਫਿਰੋ? ਫੇਰ ਵੀ ਉਹਨਾਂ ਨੂੰ ਦੌੜਨਾਂ ਪਿਆ। ਅਜੇ ਪਿਚ ਉੱਤੇ ਉਹ ਅੱਧੀ ਦੂਰੀ ਵੀ ਤੈਅ ਨਹੀਂ ਸੀ ਕਰ ਸਕੇ ਕਿ ਫੀਲਡਰ ਨੇ ਗੇਂਦ ਵਿਕੇਟ ਉੱਤੇ ਦੇ ਮਾਰੀ। ਕਈ ਗਜ ਦੀ ਦੂਰੀ ਉੱਤੇ ਕੇਨ ਚਾਚੂ ਰਨ-ਆਊਟ ਹੋ ਗਏ। ਇਸ ਵਾਰੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ।
ਕੇਨ ਚਾਚੂ ਪੈਵਿਲੀਅਨ ਵਲ ਤੁਰ ਚੱਲੇ, ਤਾਂ ਭੀੜ ਨੇ ਹਮਦਰਦੀ ਵਜੋਂ ਤਾੜੀਆਂ ਵਜਾਈਆਂ।
ਪੈਵਿਲੀਅਨ ਵਿਚ ਬੈਠਾ ਇਕ ਬਜ਼ੁਰਗ ਕਹਿ ਰਿਹਾ ਸੀ, “ਇਸਦਾ ਕੀ ਦੋਸ਼! ਦੂਜੇ ਖਿਡਾਰੀ ਨੂੰ ਰਨ ਬਣਾਉਣ ਲਈ ਕਹਿਣਾ ਈ ਨਹੀਂ ਸੀ ਚਾਹੀਦਾ। ਦੂਜਾ ਰਨ ਬਣ ਈ ਨਹੀਂ ਸੀ ਸਕਦਾ। ਪਰ, ਏਨੀ ਦੂਰ ਕਾਨਪੁਰ ਤੋਂ ਆਉਣਾ ਸਫ਼ਲ ਹੋਇਆ। ਕਿੰਨਾ ਵਧੀਆ ਲੇਟ-ਕੱਟ ਦੇਖਣ ਨੂੰ ਮਿਲਿਆ!”
ਕੇਨ ਚਾਚੂ ਨੇ ਦੁਪਹਿਰ ਨੂੰ ਖ਼ੂਬ ਡਟ ਕੇ ਟਿਫ਼ਨ (ਖਾਣਾ) ਖਾਧਾ ਤੇ ਫੇਰ ਇਹ ਸੋਚ ਕੇ ਕਿ ਦੁਪਹਿਰ ਪਿੱਛੋਂ ਖਾਸੇ ਸਮੇਂ ਤਕ ਗੋਮਤੀ ਟੀਮ ਲਈ ਫੀਲਡਿੰਗ ਕਰਨੀ ਪਵੇਗੀ ਤੇ ਐਵੇਂ ਈ ਦੌੜਨਾਂ-ਭੱਜਣਾ ਪਵੇਗਾ, ਉਹ ਪੈਵਿਲੀਅਨ ਵਿਚੋਂ ਚੁੱਪਚਾਪ ਖਿਸਕ ਗਏ। ਸਟੇਡੀਅਮ ਵਿਚੋਂ ਨਿਕਲ ਕੇ ਇਕ ਤਾਂਗੇ ਵਿਚ ਬੈਠੇ ਤੇ ਛਾਊਨੀ ਵਿਚ ਐਮਿਲੀ ਆਂਟੀ ਕੇ ਘਰ ਜਾ ਪਹੁੰਚੇ।
ਕੇਨ ਚਾਚੂ ਸਮੇਂ ਸਿਰ ਪਹੁੰਚੇ ਸਨ। ਐਮਿਲੀ ਆਂਟੀ ਦੇ ਪਰਿਵਾਰ ਨਾਲ ਇਕ ਵਜੇ ਉਹਨਾਂ ਨੇ ਦੂਜੀ ਵਾਰੀ ਲੰਚ ਕੀਤਾ।
ਓਧਰ, ਸਟੇਡੀਅਮ ਵਿਚ ਸਾਰੇ ਇਹੋ ਅੰਦਾਜ਼ਾ ਲਾ ਰਹੇ ਸਨ ਕਿ ਬਰੂਸ ਹੈਲਮ ਇਲਾਹਾਬਾਦ ਦੀ ਗੱਡੀ ਫੜ੍ਹਨ ਲਈ ਥੋੜ੍ਹਾ ਜਲਦੀ ਚਲੇ ਗਏ ਨੇ, ਕਿਉਂਕਿ ਉੱਥੇ ਵੀ ਉਹਨਾਂ ਨੇ ਇਕ 'ਚੈਰਿਟੀ-ਮੈਚ' ਖੇਡਣਾ ਸੀ।
ਐਮਿਲੀ ਆਂਟੀ ਦਬੰਗ ਔਰਤ ਸੀ। ਉਸਨੇ ਕੇਨ ਚਾਚੂ ਨੂੰ ਇਕ ਹਫ਼ਤੇ ਤਕ ਖੁਆਇਆ-ਪਿਆਇਆ ਤੇ ਫੇਰ ਆਪਣੇ ਸਕੂਲ ਵਿਚ ਬੱਚਿਆਂ ਦੀ ਡਾਰਮਿਟਰੀ ਦੇ ਕੰਮ ਵਿਚ ਜੋਤ ਦਿੱਤਾ। ਕਈ ਮਹੀਨਿਆਂ ਤਕ ਹੱਡ ਤੋੜ ਕੇ ਏਨੇ ਰੁਪਈਏ ਬਚਾਅ ਲਏ ਕਿ ਇਕ ਦਿਨ ਅਚਾਨਕ ਉੱਥੋਂ ਭੱਜ ਖੜ੍ਹੇ ਹੋਏ ਤੇ ਮੂੰਹ ਚੁੱਕੀ ਦਾਦੀ ਦੇ ਘਰ ਜਾ ਪਹੁੰਚੇ।
ਪਰ ਕੇਨ ਚਾਚੂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹਨਾਂ ਨੇ ਬਰੂਸ ਹੈਲਮ ਵਰਗੇ ਮਹਾਨ ਖਿਡਾਰੀ ਦੇ ਖਾਤੇ ਵਿਚ ਚਾਰ ਰਨ ਹੋਰ ਜੋੜ ਦਿੱਤੇ ਸਨ। ਗੋਮਤੀ ਕ੍ਰਿਕਟਿੰਗ ਐਸੋਸੀਏਸ਼ਨ ਦੀ 'ਸਕੋਰ-ਬੁੱਕ' ਵਿਚ ਚਾਚੂ ਦੇ ਕਮਾਲ ਨੂੰ ਇਸ ਤਰ੍ਹਾਂ ਦਰਜ ਕੀਤਾ ਗਿਆ—
ਬੀ. ਹੈਲਮ ਰਨ ਆਊਟ 4
ਗੋਮਤੀ ਟੀਮ ਇਹ ਮੈਚ ਹਾਰ ਗਈ। ਪਰ ਜਿਵੇਂ ਕਿ ਕੇਨ ਚਾਚੂ ਫ਼ੌਰਨ ਸਵੀਕਾਰ ਕਰਨਗੇ, ਹਾਰਨ ਵਾਲਿਆਂ ਦੇ ਬਿਨਾਂ ਅਸੀਂ ਕਿੱਥੇ ਹੋਵਾਂਗੇ?
(ਅਨੁਵਾਦ:ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਸਕਿਨ ਬਾਂਡ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ