Kanoon De Dar Te : Franz Kafka

ਕਨੂੰਨ ਦੇ ਦਰ ਤੇ : ਫ਼ਰਾਂਜ਼ ਕਾਫ਼ਕਾ

ਕਨੂੰਨ ਦੇ ਦਰ ਅੱਗੇ ਇੱਕ ਦਰਬਾਨ ਬੈਠਾ ਹੈ। ਉਸ ਤੱਕ ਪਹੁੰਚ ਕੇ ਇੱਕ ਦੇਹਾਤੀ ਉਸ ਨੂੰ ਬੇਨਤੀ ਕਰਦਾ ਹੈ ਕਿ ਉਸਨੂੰ ਕਨੂੰਨ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਐਪਰ ਦਰਬਾਨ ਕਹਿੰਦਾ ਹੈ ਕਿ ਉਹ ਉਸਨੂੰ ਉਸ ਵਕਤ ਤਾਂ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇ ਸਕਦਾ।

ਦੇਹਾਤੀ ਕੁੱਝ ਦੇਰ ਤਾਂ ਸੋਚਦਾ ਹੈ ਅਤੇ ਫਿਰ ਉਸਨੇ ਪੁੱਛਦਾ ਹੈ ਕਿ ਕੀ ਉਸਨੂੰ ਬਾਅਦ ਵਿੱਚ ਦਾਖ਼ਲੇ ਦੀ ਇਜਾਜਤ ਮਿਲ ਸਕਦੀ ਹੈ? “ਇਹ ਸੰਭਵ ਹੈ,” ਦਰਵਾਜੇ ਉੱਤੇ ਖੜਾ ਰਾਖਾ ਕਹਿੰਦਾ ਹੈ, “ਪਰ ਇਸ ਵਕਤ ਨਹੀਂ।”

ਕਨੂੰਨ ਦਾ ਦਰ ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਖੁੱਲ੍ਹਾ ਹੈ ਅਤੇ ਰਾਖਾ ਮੁੜ ਇਸਦੇ ਇੱਕ ਤਰਫ਼ ਜਾ ਕੇ ਖੜਾ ਹੋ ਜਾਂਦਾ ਹੈ, ਇਸ ਲਈ ਦੇਹਾਤੀ ਥੋੜ੍ਹਾ ਜਿਹਾ ਅੱਗੇ ਨੂੰ ਝੁਕ ਕੇ ਦਰਵਾਜੇ ਵਿੱਚੋਂ ਝਾਤ ਮਾਰਦੇ ਹੋਏ ਅੰਦਰ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਦਰਬਾਨ ਇਹ ਵੇਖਦਾ ਹੈ ਤਾਂ ਉਹ ਹੱਸਦਾ ਹੈ ਅਤੇ ਕਹਿੰਦਾ ਹੈ, “ਜੇਕਰ ਅੰਦਰ ਜਾਣ ਦੀ ਏਨੀ ਹੀ ਤਮੰਨਾ ਹੈ ਤਾਂ ਮੇਰੇ ਵਰਜਣ ਦੇ ਬਾਵਜੂਦ ਅੰਦਰ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਲੈਂਦਾ। ਪਰ ਯਾਦ ਰੱਖਣਾ ਮੈਂ ਬਹੁਤ ਤਾਕਤਵਰ ਹਾਂ। ਅਤੇ ਮੈਂ ਤਾਂ ਸਭ ਤੋਂ ਬਾਹਰ ਵਾਲਾ ਰਾਖਾ ਹਾਂ। ਅੰਦਰ ਇੱਕ ਦੇ ਬਾਅਦ ਇੱਕ ਕਮਰੇ ਹਨ ਅਤੇ ਉਨ੍ਹਾਂ ਵਿਚੋਂ ਹਰ ਇੱਕ ਦੇ ਮੂਹਰੇ ਇੱਕ ਤੋਂ ਇੱਕ ਤਾਕਤਵਰ ਦਰਬਾਨ ਖੜਾ ਹੈ। ਉਨ੍ਹਾਂ ਵਿਚੋਂ ਤਾਂ ਸਿਰਫ ਤੀਜਾ ਹੀ ਅਜਿਹਾ ਸੀ ਕਿ ਖ਼ੁਦ ਮੈਂ ਵੀ ਉਸਨੂੰ ਤੱਕਣ ਤੱਕ ਦੀ ਹਿੰਮਤ ਨਹੀਂ ਕਰ ਸਕਦਾ।” ਦੇਹਾਤੀ ਇਲਾਕੇ ਤੋਂ ਆਉਣ ਵਾਲੇ ਆਦਮੀ ਨੂੰ ਤਾਂ ਅਜਿਹੀਆਂ ਮੁਸ਼ਕਲਾਂ ਦਾ ਚਿੱਤ ਚੇਤਾ ਵੀ ਨਹੀਂ ਹੈ। ਉਹ ਸੋਚਦਾ ਹੈ ਕਿ ਕਨੂੰਨ ਤੱਕ ਪਹੁੰਚ ਤਾਂ ਹਰ ਕਿਸੇ ਲਈ ਹਰ ਵਕਤ ਸੰਭਵ ਹੋਣੀ ਚਾਹੀਦੀ ਹੈ। ਪਰ ਫਿਰ ਜਦੋਂ ਉਹ ਕਿਸੇ ਜਾਨਵਰ ਦੀ ਖੱਲ ਦਾ ਬਣਿਆ ਓਵਰਕੋਟ ਪਹਿਨੇ ਹੋਏ ਰਾਖੇ ਨੂੰ, ਉਸ ਦੀ ਵੱਡੀ ਤਿੱਖੀ ਨੱਕ ਅਤੇ ਉਸ ਦੀ ਲੰਮੀ, ਪਤਲੀ, ਕਾਲੀ ਤਾਤਾਰੀ ਦਾੜ੍ਹੀ ਨੂੰ ਗ਼ੌਰ ਨਾਲ ਵੇਖਦਾ ਹੈ, ਤਾਂ ਫੈਸਲਾ ਕਰਦਾ ਹੈ ਕਿ ਉਹ ਉਸ ਵਕ਼ਤ ਤੱਕ ਇੰਤਜ਼ਾਰ ਹੀ ਕਰ ਲਵੇਗਾ ਜਦੋਂ ਤੱਕ ਕਿ ਉਸਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲਦੀ।

ਰਾਖਾ ਉਸਨੂੰ ਚਾਰ ਲੱਤਾਂ ਵਾਲਾ ਲੱਕੜੀ ਦਾ ਇੱਕ ਸਟੂਲ ਲਿਆ ਦਿੰਦਾ ਹੈ ਅਤੇ ਨਾਲ ਹੀ ਉਸਨੂੰ ਇਹ ਇਜਾਜ਼ਤ ਵੀ ਦੇ ਦਿੰਦਾ ਹੈ ਕਿ ਉਹ ਦਰਵਾਜ਼ੇ ਦੇ ਨੇੜੇ ਹੀ ਪਰ ਥੋੜਾ ਪਾਸੇ ਹੋ ਕੇ ਸਟੂਲ ਉੱਤੇ ਬੈਠ ਜਾਵੇ। ਦੇਹਾਤੀ ਉੱਥੇ ਕਈ ਦਿਨ, ਮਹੀਨੇ ਅਤੇ ਸਾਲ ਬੈਠਾ ਰਿਹਾ।

ਉਹ ਕਈ ਵਾਰ ਕੋਸ਼ਿਸ਼ ਕਰਦਾ ਹੈ ਕਿ ਉਸਨੂੰ ਅੰਦਰ ਜਾਣ ਦਿੱਤਾ ਜਾਵੇ। ਉਸਨੇ ਦਰਬਾਨ ਦੀਆਂ ਮਿੰਨਤਾਂ ਕਰ ਕਰਕੇ ਵੀ ਉਸਨੂੰ ਤੰਗ ਕਰ ਦਿੰਦਾ ਹੈ। ਦਰਬਾਨ ਅਕਸਰ ਉਸ ਨੂੰ ਛੋਟੇ ਛੋਟੇ ਸਰਸਰੀ ਸਵਾਲ ਪੁੱਛਦਾ ਹੈ, ਕਦੇ ਉਸ ਦੀ ਮਾਤਭੂਮੀ ਬਾਰੇ ਤੇ ਕਦੇ ਕਈ ਤਰ੍ਹਾਂ ਦੇ ਦੂਜੇ ਨਿੱਕੇ ਨਿੱਕੇ ਸਵਾਲ। ਪਰ ਇਹ ਸਭ ਸਵਾਲ ਕਿਸੇ ਕਿਸਮ ਸਰੋਕਾਰ ਤੋਂ ਖ਼ਾਲੀ ਹੁੰਦੇ ਹਨ, ਜਿਹੋ ਜਿਹੇ ਮਿਹਰਬਾਨ ਮਹਾਪੁਰਸ਼ ਪੁੱਛਦੇ ਹਨ। ਅੰਤ ਨੂੰ ਉਹ ਹਰ ਵਾਰ ਇਹ ਕਹਿੰਦੇ ਹੋਏ ਤੋੜਾ ਝਾੜਦਾ ਹੈ ਕਿ ਉਹ ਉਸਨੂੰ ਅਜੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ।

ਦੇਹਾਤੀ ਆਪਣੇ ਇਸ ਸਫ਼ਰ ਲਈ ਕਾਫ਼ੀ ਕੁੱਝ ਨਾਲ ਲਿਆਂਦਾ ਸੀ। ਉਹ ਸਾਰਾ ਕੁੱਝ ਝੋਕ ਦਿੰਦਾ ਹੈ, ਚਾਹੇ ਉਹ ਕਿੰਨਾ ਵੀ ਕੀਮਤੀ ਹੈ, ਤਾਂ ਜੋ ਕਿਸੇ ਤਰ੍ਹਾਂ ਰਾਖੇ ਨੂੰ ਪਤਿਆ ਸਕੇ। ਦਰਬਾਨ ਨੇ ਇਹ ਸਭ ਕੁੱਝ ਲੈ ਵੀ ਲੈਂਦਾ, ਪਰ ਹਰ ਵਾਰ ਨਾਲ ਹੀ ਇਹ ਵੀ ਕਹਿ ਦਿੰਦਾ, “ਮੈਂ ਇਹ ਸਭ ਸਿਰਫ ਇਸ ਲਈ ਲੈ ਰਿਹਾ ਹਾਂ ਕਿ ਤੈਨੂੰ ਇਹ ਨਾ ਲੱਗੇ ਕਿ ਤੂੰ ਆਪਣੀ ਕੋਸ਼ਿਸ਼ ਵਿੱਚ ਕੋਈ ਕਸਰ ਛੱਡ ਦਿੱਤੀ ਸੀ।”

ਇਨ੍ਹਾਂ ਕਈ ਸਾਲਾਂ ਦੌਰਾਨ ਉਹ ਸ਼ਖਸ ਉਸ ਰਾਖੇ ਨੂੰ ਤਕਰੀਬਨ ਬਿਨਾਂ ਕਿਸੇ ਵਿਘਨ ਦੇ ਤੱਕਦਾ ਆ ਰਿਹਾ ਹੈ। ਉਸਨੂੰ ਬਾਕ਼ੀ ਸਭ ਰਾਖੇ ਭੁੱਲ ਗਏ ਹਨ। ਉਸਨੂੰ ਇਹ ਪਹਿਲਾ ਰਾਖਾ ਹੀ ਕਨੂੰਨ ਅੰਦਰ ਆਪਣੇ ਦਾਖ਼ਲੇ ਦੀ ਰਾਹ ਵਿੱਚ ਇੱਕੋ ਇੱਕ ਰੁਕਾਵਟ ਨਜ਼ਰ ਆਉਂਦਾ ਹੈ।

ਉਹ ਇਨ੍ਹਾਂ ਨਾਖ਼ੁਸ਼ਗਵਾਰ ਹਾਲਤਾਂ ਨੂੰ ਸ਼ੁਰੂ ਦੇ ਸਾਲਾਂ ਵਿੱਚ ਅਚਿੰਤੇ ਅਤੇ ਕਾਫ਼ੀ ਉੱਚੀ ਆਵਾਜ ਵਿੱਚ ਕੋਸਦਾ ਅਤੇ ਗਾਲਾਂ ਦਿੰਦਾ। ਬਾਅਦ ਦੇ ਸਾਲਾਂ ਵਿੱਚ ਜਦੋਂ ਉਹ ਬੁੱਢਾ ਹੋ ਗਿਆ, ਤਾਂ ਹੌਲੀ ਆਵਾਜ਼ ਵਿੱਚ ਬਸ ਬੁੜਬੁੜ ਕਰਦਾ ਰਹਿੰਦਾ।

ਉਹ ਛੋਟੇ ਬਾਲਕਾਂ ਵਰਗਾ ਹੋ ਗਿਆ ਹੈ। ਦਰਬਾਨ ਨੂੰ ਸਾਲਾਂ ਬੱਧੀ ਨਿਰਖਣ ਪਰਖਣ ਦੇ ਦੌਰਾਨ ਉਹ ਇਹ ਵੀ ਜਾਣ ਗਿਆ ਹੈ ਕਿ ਦਰਬਾਨ ਦੇ ਕਿਸੇ ਜਾਨਵਰ ਦੀ ਖੱਲ ਦੇ ਬਣੇ ਓਵਰਕੋਟ ਦੇ ਕਾਲਰ ਵਿੱਚ ਪਿੱਸੂ ਪਏ ਹੋਏ ਹਨ। ਉਹ ਇਨ੍ਹਾਂ ਪਿੱਸੂਆਂ ਨੂੰ ਵੀ ਕਹਿੰਦਾ ਹੈ ਕਿ ਉਹ ਦਰਬਾਨ ਨੂੰ ਮਨਾਉਣ ਵਿੱਚ ਉਸ ਦੀ ਮਦਦ ਕਰਨ।

ਆਖ਼ਰ ਇੱਕ ਦਿਨ ਉਸ ਦੀਆਂ ਅੱਖਾਂ ਦੀ ਨਿਗ੍ਹਾ ਘਟ ਜਾਂਦੀ ਹੈ। ਉਹ ਇਹ ਵੀ ਨਹੀਂ ਜਾਣਦਾ ਕਿ ਕੀ ਸਚਮੁਚ ਉਸ ਦੇ ਦੁਆਲੇ ਹਨੇਰਾ ਜ਼ਿਆਦਾ ਹੋ ਗਿਆ ਹੈ ਜਾਂ ਉਸ ਦੀਆਂ ਅੱਖਾਂ ਮਹਿਜ਼ ਉਸਨੂੰ ਧੋਖਾ ਦੇ ਰਹੀਆਂ ਹਨ। ਐਪਰ ਏਨਾ ਤਾਂ ਹੋ ਗਿਆ ਸੀ ਕਿ ਉਹ ਹੁਣ ਹਨੇਰੇ ਵਿੱਚ ਉਸ ਚਮਕ ਨੂੰ ਪਛਾਣ ਲੈਂਦਾ ਹੈ, ਜੋ ਕਨੂੰਨ ਦੇ ਦਰਵਾਜ਼ੇ ਵਿੱਚੋਂ ਇਸ ਤਰ੍ਹਾਂ ਫੁੱਟਦੀ ਹੈ ਜਿਸ ਨੇ ਕਦੇ ਨਾ ਬੁਝਣਾ ਹੋਵੇ।

ਹੁਣ ਤਾਂ ਉਹ ਦੇਹਾਤੀ ਜ਼ਿੰਦਾ ਵੀ ਨਹੀਂ ਰਿਹਾ। ਆਪਣੀ ਮੌਤ ਤੋਂ ਪਹਿਲਾਂ ਉਹ ਆਪਣੇ ਪੂਰੇ ਸਮੇਂ ਦੇ ਸਾਰੇ ਤਜਰਬਿਆਂ ਨੂੰ ਆਪਣੇ ਸਿਰ ਵਿਚ ਇਕ ਅਜਿਹੇ ਸਵਾਲ ਵਿਚ ਸਮੇਟ ਲੈਂਦਾ ਹੈ ਜੋ ਉਸ ਨੇ ਹਾਲੇ ਤਕ ਦਰਬਾਨ ਨੂੰ ਨਹੀਂ ਪਾਇਆ ਹੈ। ਉਹ ਉਸ ਨੂੰ ਹਥ ਲਹਿਰਾਉਂਦਾ ਹੈ, ਕਿਉਂਕਿ ਉਹ ਉਸਦਾ ਆਕੜ ਰਿਹਾ ਸਰੀਰ ਉੱਪਰ ਨਹੀਂ ਸੀ ਉਠਾ ਸਕਦਾ। ਉਸਨੇ ਰਾਖੇ ਨੂੰ ਹੱਥ ਨਾਲ ਇਸ਼ਾਰਾ ਕੀਤਾ ਤਾਂ ਉਸਨੂੰ ਦੇਹਾਤੀ ਦੇ ਨੇੜੇ ਆਕੇ ਬਹੁਤ ਹੇਠਾਂ ਤੱਕ ਝੁਕਣਾ ਪੈਂਦਾ ਹੈ। ਪੈ ਚੁੱਕੇ ਬਹੁਤ ਜ਼ਿਆਦਾ ਫ਼ਰਕ ਨਾਲ ਦੇਹਾਤੀ ਨੂੰ ਨੁਕਸਾਨ ਹੋਇਆ ਹੈ। “ਕੀ ਹੈ ਜੋ ਹੁਣ ਵੀ ਜਾਨਣਾ ਚਾਹੁੰਦਾ ਹੈਂ ਤੂੰ?” ਦਰਬਾਨ ਪੁੱਛਦਾ ਹੈ, “ਤੇਰੀ ਤਾਂ ਕਦੇ ਤਸੱਲੀ ਹੋਣੀ ਹੀ ਨਹੀਂ।”

“ਹਰ ਕੋਈ ਕਨੂੰਨ ਤੱਕ ਪਹੁੰਚ ਚਾਹੁੰਦਾ ਹੈ,” ਦੇਹਾਤੀ ਕਹਿੰਦਾ ਹੈ, “ਫਿਰ ਇਹ ਕਿਵੇਂ ਸੰਭਵ ਹੈ ਕਿ ਇੰਨੇ ਸਾਲਾਂ ਵਿੱਚ ਮੇਰੇ ਸਿਵਾ ਕਿਸੇ ਨੇ ਅੰਦਰ ਜਾਣ ਦੀ ਇਜਾਜ਼ਤ ਹੀ ਨਹੀਂ ਮੰਗੀ?” ਰਾਖਾ ਦੇਖ ਲੈਂਦਾ ਹੈ ਕਿ ਉਹ ਆਦਮੀ ਆਪਣੇ ਅੰਤ ਦੇ ਬਹੁਤ ਨੇੜੇ ਪਹੁੰਚ ਚੁੱਕਾ ਹੈ। ਉਹ ਦੇਹਾਤੀ ਦੀ ਖ਼ਤਮ ਹੁੰਦੀ ਜਾਂਦੀ ਸੁਣਨ ਸ਼ਕਤੀ ਤੱਕ ਪੁੱਜਣ ਲਈ ਦਹਾੜਦਾ ਹੈ, “ਇੱਥੇ ਤਾਂ ਕਿਸੇ ਹੋਰ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਮਿਲ ਹੀ ਨਹੀਂ ਸਕਦੀ। ਇਹ ਦਰਵਾਜਾ ਤਾਂ ਸੀ ਹੀ ਸਿਰਫ ਤੇਰੇ ਲਈ। ਮੈਂ ਹੁਣ ਇਸਨੂੰ ਬੰਦ ਕਰਨ ਲੱਗਾ ਹਾਂ।“

(ਅਨੁਵਾਦਕ : ਚਰਨ ਗਿੱਲ)

  • ਮੁੱਖ ਪੰਨਾ : ਫ਼ਰਾਂਜ਼ ਕਾਫ਼ਕਾ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ