Khali Botal Bharia Dil : Krishan Chander

ਖ਼ਾਲੀ ਬੋਤਲ ਭਰਿਆ ਦਿਲ : ਕ੍ਰਿਸ਼ਨ ਚੰਦਰ

(ਇਹ ਸ਼ਬਦ ਚਿੱਤਰ ਮੰਟੋ ਦੀ ਮੌਤ ਦੀ ਖ਼ਬਰ ਸੁਣ ਕੇ ਕ੍ਰਿਸ਼ਨ ਚੰਦਰ ਨੇ ਲਿਖਿਆ ਸੀ : )

ਇਕ ਅਨੋਖੀ ਘਟਨਾ ਵਾਪਰੀ ਹੈ-ਮੰਟੋ ਮਰ ਗਿਆ ਹੈ। ਉਂਜ ਤਾਂ ਉਹ ਇਕ ਅਰਸੇ ਦਾ ਮਰ ਰਿਹਾ ਸੀ-ਕਦੀ ਸੁਣਿਆਂ, ਉਹ ਪਾਗਲਖਾਨੇ ਵਿਚ ਹੈ ; ਕਦੀ ਸੁਣਿਆਂ, ਉਹ ਵਧੇਰੇ ਸ਼ਰਾਬ ਪੀ ਜਾਣ ਕਾਰਣ ਹਸਪਤਾਲ ਵਿਚ ਪਿਆ ਹੈ ; ਕਦੀ ਸੁਣਿਆਂ, ਉਸਦੇ ਯਾਰ-ਮਿੱਤਰ ਵੀ ਉਸਦਾ ਸਾਥ ਛੱਡ ਗਏ ਨੇ ; ਕਦੀ ਸੁਣਿਆਂ, ਉਹ ਤੇ ਉਸਦੇ ਬੀਵੀ–ਬੱਚੇ ਭੁੱਖਾਂ ਕੱਟ ਰਹੇ ਨੇ। ਬਹੁਤ ਸਾਰੀਆਂ ਗੱਲਾਂ ਸੁਣੀਆਂ ; ਹਮੇਸ਼ਾ ਮਾੜੀਆਂ ਗੱਲਾਂ ਸੁਣੀਆਂ, ਹਮੇਸ਼ਾ ਬੁਰੀਆਂ ਲੱਗੀਆਂ...ਪਰ ਵਿਸ਼ਵਾਸ ਨਹੀਂ ਆਇਆ ; ਕਿਉਂਕਿ ਉਦੋਂ ਵੀ ਉਸਦੀਆਂ ਕਹਾਣੀਆਂ ਲਗਾਤਾਰ ਛਪ ਰਹੀਆਂ ਸਨ। ਚੰਗੀਆਂ ਕਹਾਣੀਆਂ ਵੀ ਤੇ 'ਮਾੜੀਆਂ' ਕਹਾਣੀਆਂ ਵੀ। ਜਿਹਨਾਂ ਨੂੰ ਪੜ੍ਹ ਕੇ ਮੰਟੋ ਦਾ ਮੂੰਹ ਵਲੂੰਧਰ ਦੇਣ ਨੂੰ ਦਿਲ ਕਰਦਾ ਸੀ ਤੇ ਅਜਿਹੀਆਂ ਕਹਾਣੀਆਂ ਵੀ ਜਿਹਨਾਂ ਨੂੰ ਪੜ੍ਹ ਕੇ ਉਸਦਾ ਮੂੰਹ-ਚੁੰਮ ਲੈਣ ਨੂੰ ਜੀਅ ਕਰਦਾ ਸੀ। ਇਹ ਕਹਾਣੀਆਂ ਮੰਟੋ ਦੇ ਠੀਕ–ਠਾਕ ਹੋਣ ਦਾ ਸਬੂਤ ਸਨ। ਮੈਂ ਸਮਝਦਾ ਸਾਂ, ਉਸਦੀਆਂ ਕਹਾਣੀਆਂ ਛਪ ਰਹੀਆਂ ਨੇ। ਸੋ ਮੰਟੋ ਖੁਸ਼ ਹੈ। ਕੀ ਹੋਇਆ ਜੇ ਉਹ ਸ਼ਰਾਬ ਪੀ ਰਿਹਾ ਹੈ ? ਕੀ ਸ਼ਰਾਬ ਪੀਣਾ ਸਿਰਫ ਵੱਡੇ ਲੇਖਕਾਂ ਤੀਕ ਹੀ ਸੀਮਿਤ ਹੈ ? ਕੀ ਹੋਇਆ ਜੇ ਉਹ ਭੁੱਖਾਂ ਕੱਟ ਰਿਹਾ ਹੈ ? ਇਸ ਛੋਟੇ ਮਹਾਦੀਪ ਦੀ ਤਿੰਨ ਚੌਥਾਈ ਆਬਾਦੀ ਨੇ ਹਮੇਸ਼ਾ ਹੀ ਭੁੱਖਾਂ ਕੱਟੀਆਂ ਨੇ। ਕੀ ਹੋਇਆ ਜੇ ਉਹ ਪਾਗਲਖਾਨੇ ਚਲਾ ਗਿਆ ? ਇਸ ਪਾਗਲ ਤੇ ਮਜਨੂੰ ਸਮਾਜ ਵਿਚ ਮੰਟੋ ਵਰਗੇ ਹੋਸ਼ਮੰਦ ਬੰਦੇ ਦਾ ਪਾਗਲਖਾਨੇ ਪਹੁੰਚ ਜਾਣਾ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਹ ਅੱਜ ਤੋਂ ਬੜਾ ਚਿਰ ਪਹਿਲਾਂ ਪਾਗਲਖਾਨੇ ਕਿਉਂ ਨਹੀਂ ਸੀ ਪਹੁੰਚ ਗਿਆ ? ਮੈਨੂੰ ਇਹਨਾਂ ਸਾਰੀਆਂ ਗੱਲਾਂ ਦੀ ਨਾ ਤਾਂ ਕੋਈ ਹੈਰਾਨੀ ਹੋਈ, ਨਾ ਅਚੰਭਾ। ਮੰਟੋ ਕਹਾਣੀਆਂ ਲਿਖ ਰਿਹਾ ਹੈ-ਮੰਟੋ ਠੀਕ–ਠਾਕ ਹੈ-ਰੱਬ ਉਸਦੀ ਕਲਮ ਵਿਚ ਹੋਰ ਜ਼ਹਿਰ ਭਰ ਦੇਵੇ।
ਪਰ ਅੱਜ ਜਦੋਂ ਰੇਡੀਓ ਪਾਕਿਸਤਾਨ ਨੇ ਇਹ ਖ਼ਬਰ ਸੁਣਾਈ, ਕਿ 'ਮੰਟੋ ਧੜਕਨ ਬੰਦ ਹੋ ਜਾਣ ਕਰਕੇ ਚੱਲ ਵੱÎਸਿਆ' ਤਾਂ ਦਿਲ ਤੇ ਦਿਮਾਗ ਚਲਦੇ–ਚਲਦੇ ਛਿਣ ਕੁ ਲਈ ਰੁਕ ਗਏ। ਦੂਜੇ ਛਿਣ ਇਹ ਵਿਸ਼ਵਾਸ ਹੀ ਨਹੀਂ ਹੋਇਆ। ਦਿਲ ਤੇ ਦਿਮਾਗ, ਦੋਵਾਂ, ਇਹ ਮੰਨਿਆਂ ਹੀ ਨਹੀਂ ਕਿ ਇੰਜ ਵੀ ਹੋ ਸਕਦਾ ਹੈ-ਛਿਣ ਭਰ ਲਈ ਮੰਟੋ ਦਾ ਚਿਹਰਾ ਮੇਰੀਆਂ ਨਜ਼ਰਾਂ ਸਾਹਵੇਂ ਅਟਕ ਗਿਆ। ਉਸਦਾ ਦਗ–ਦਗ ਕਰਦਾ ਚੌੜਾ–ਮੱਥਾ, ਗੱਲ–ਗੱਲ ਉੱਤੇ ਉਸਦੀ ਤਿੱਖੀ ਮੁਸਕਰਾਹਟ ਤੇ ਲਾਂਬੂ ਵਾਂਗ ਭੜ–ਭੜ ਬਲਦਾ ਉਸਦਾ ਦਿਲ-ਕੀ ਕਦੀ ਬੁਝ ਸਕਦਾ ਹੈ ? ਪਰ ਦੂਜੇ ਛਿਣ ਵਿਸ਼ਵਾਸ ਕਰਨਾ ਪਿਆ-ਰੇਡੀਓ ਤੇ ਪੱਤਰਕਾਰਾਂ ਨੇ ਰਲ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਮੰਟੋ ਮਰ ਗਿਆ ਹੈ। ਅੱਜ ਤੋਂ ਬਾਅਦ ਉਹ ਨਵੀਂਆਂ ਕਹਾਣੀਆਂ ਨਹੀਂ ਲਿਖੇਗਾ। ਅੱਜ ਤੋਂ ਪਿੱਛੋਂ ਉਸਦੀ ਰਾਜੀ–ਖੁਸ਼ੀ ਦਾ ਕੋਈ ਖ਼ਤ ਨਹੀਂ ਆਵੇਗਾ !
ਅੱਜ ਸਰਦੀ ਬੜੀ ਹੈ ਤੇ ਆਸਮਾਨ ਉੱਤੇ ਹਲਕੇ ਹਲਕੇ ਬੱਦਲ ਛਾਏ ਹੋਏ ਨੇ ਪਰ ਇਸ ਵਾਤਾਵਰਨ ਵਿਚ ਮੀਂਹ ਦੀ ਇਕ ਬੂੰਦ ਵੀ ਨਹੀਂ। ਮੇਰੀ ਅੱਖ ਵਿਚ ਵੀ ਹੰਝੂਆਂ ਦਾ ਇਕ ਕਤਰਾ ਤਕ ਨਹੀਂ। ਮੰਟੋ ਨੂੰ ਰੋਣ–ਰੁਆਉਣ ਤੋਂ ਬੜੀ ਨਫ਼ਰਤ ਸੀ। ਅੱਜ ਮੈਂ ਉਸਦੀ ਯਾਦ ਵਿਚ ਹੰਝੂ ਵਹਾਅ ਕੇ ਉਸਨੂੰ ਪ੍ਰੇਸ਼ਾਨ ਨਹੀਂ ਕਰਾਂਗਾ। ਚੁੱਪਚਾਪ ਮੈਂ ਆਪਣਾ ਕੋਟ ਪਾ ਲੈਂਦਾ ਹਾਂ ਤੇ ਘਰੋਂ ਬਾਹਰ ਨਿਕਲ ਜਾਂਦਾ ਹਾਂ।
ਬੜਾ ਅਦਭੁਤ ਸੰਯੋਗ ਹੈ ਕਿ ਜਿਸ ਦਿਨ ਮੰਟੋ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ, ਉਸ ਦਿਨ ਮੈਂ ਦਿੱਲੀ ਵਿਚ ਸਾਂ। ਜਿਸ ਦਿਨ ਉਹ ਮਰਿਆ ਹੈ, ਉਸ ਦਿਨ ਵੀ ਮੈਂ ਇੱਥੇ ਹਾਜ਼ਰ ਹਾਂ। ਉਸੇ ਘਰ ਵਿਚ ਹਾਂ ਜਿਸ ਵਿਚ ਅੱਜ ਤੋਂ ਚੌਦਾਂ ਵਰ੍ਹੇ ਪਹਿਲਾਂ ਉਹ ਮੇਰੇ ਨਾਲ ਪੰਦਰਾਂ ਦਿਨ ਰਿਹਾ ਸੀ। ਘਰ ਦੇ ਬਾਹਰ ਉਹੀ ਬਿਜਲੀ ਦਾ ਖੰਭਾ ਹੈ, ਜਿਸ ਹੇਠ ਅਸੀਂ ਪਹਿਲੀ ਵੇਰ ਗਲੇ ਮਿਲੇ ਸਾਂ। ਇਹ ਉਹੀ ਅੰਡਰ ਹਿੱਲ ਰੋਡ ਹੈ, ਜਿੱਥੇ ਆਲ ਇੰਡੀਆ ਰੇਡੀਓ ਦਾ ਪੁਰਾਣਾ ਦਫ਼ਤਰ ਸੀ, ਜਿੱਥੇ ਅਸੀਂ ਦੋਵੇਂ ਕੰਮ ਕਰਦੇ ਹੁੰਦੇ ਸਾਂ। ਇਹ ਮੇਡੇਨ ਹੋਟਲ ਦਾ ਬਾਰ ਹੈ। ਇਹ ਮੋਰੀ ਗੇਟ ਦੇ ਪ੍ਰਧਾਨ ਦਾ ਘਰ ਹੈ। ਇਹ ਜਾਮਾ ਮਸਜਿਦ ਦੀਆਂ ਪੌੜੀਆਂ ਨੇ ; ਜਿੰਨਾ ਉੱਤੇ ਬੈਠ ਕੇ ਅਸੀਂ ਕਬਾਬ ਖਾਂਦੇ ਹੁੰਦੇ ਸਾਂ। ਇਹ ਉਰਦੂ ਬਾਜ਼ਾਰ ਹੈ। ਸਭ ਕੁਝ ਉਹੀ ਹੈ ; ਓਵੇਂ ਦਾ ਜਿਵੇਂ। ਹਰ ਜਗ੍ਹਾ ਓਵੇਂ ਕੰਮਕਾਜ ਹੋ ਰਹੇ ਨੇ। ਆਲ ਇੰਡੀਆ ਰੇਡੀਓ ਵੀ ਖੁੱਲ੍ਹਾ ਹੈ, ਮੇਡੇਨ ਹੋਟਲ ਦਾ ਬਾਰ ਵੀ ਤੇ ਉਰਦੂ ਬਾਜ਼ਾਰ ਵੀ ; ਕਿਉਂਕਿ ਮੰਟੋ ਇਕ ਮਾਮੂਲੀ ਆਦਮੀ ਸੀ। ਉਹ ਇਕ ਗਰੀਬ ਕਹਾਣੀਕਾਰ ਸੀ। ਉਹ ਕੋਈ ਮੰਤਰੀ ਨਹੀਂ ਸੀ, ਜਿਹੜਾ ਉਸਦੀ ਸ਼ਾਨ ਵਿਚ ਝੰਡੇ ਝੁਕ ਜਾਂਦੇ। ਉਹ ਕੋਈ ਸੱਟੇਬਾਜ ਜਾਂ ਬਲੈਕ ਮਾਰਕੀਟਰ ਵੀ ਨਹੀਂ ਸੀ, ਜਿਸ ਲਈ ਕੋਈ ਬਾਜ਼ਾਰ ਬੰਦ ਹੁੰਦਾ। ਉਹ ਕੋਈ ਅਭਿਨੇਤਾ ਵੀ ਨਹੀਂ ਸੀ, ਜਿਸ ਲਈ ਸਕੂਲ ਤੇ ਕਾਲੇਜ ਬੰਦ ਹੋ ਜਾਂਦੇ। ਉਹ ਇਕ ਗਰੀਬ ਸਤਾਈ ਹੋਈ ਭਾਸ਼ਾ ਦਾ, ਗਰੀਬ ਤੇ ਸਤਾਇਆ ਹੋਇਆ ਲੇਖਕ ਸੀ। ਉਹ ਮੋਚੀਆਂ, ਵੇਸਵਾਵਾਂ ਤੇ ਤਾਂਗੇ ਵਾਲਿਆਂ ਦਾ ਪਿਆਰਾ ਲੇਖਕ ਸੀ। ਅਜਿਹੇ ਲੇਖਕ ਲਈ ਕੌਣ ਰੋਏਗਾ...? ਕੌਣ ਆਪਣਾ ਕਾਰੋਬਾਰ ਬੰਦ ਕਰੇਗਾ...? ਇਸ ਲਈ ਆਲ ਇੰਡੀਆ ਰੇਡੀਓ ਖੁੱਲ੍ਹਾ ਹੈ ; ਜਿਸ ਨੇ ਸੈਂਕੜੇ ਵਾਰੀ ਉਸ ਦੀਆਂ ਕਹਾਣੀਆਂ ਦੇ ਆਵਾਜ਼–ਨਾਟਕ ਬਰਾਡਕਾਸਟ ਕੀਤੇ ਨੇ। ਉਰਦੂ ਬਾਜ਼ਾਰ ਵੀ ਖੁੱਲ੍ਹਾ ਹੈ ; ਜਿਸ ਨੇ ਉਸਦੀਆਂ ਹਜ਼ਾਰਾਂ ਕਿਤਾਬਾਂ ਵੇਚੀਆਂ ਨੇ ਤੇ ਅੱਜ ਵੀ ਵੇਚ ਰਹੇ ਹੋਣਗੇ। ਅੱਜ ਮੈਂ ਉਹਨਾਂ ਲੇਖਕਾਂ ਨੂੰ ਵੀ ਠਹਾਕੇ ਲਾ ਕੇ ਹੱਸਦੇ ਦੇਖ ਰਿਹਾ ਹਾਂ, ਜਿਨ੍ਹਾਂ ਮੰਟੋ ਤੋਂ ਹਜ਼ਾਰਾਂ ਰੁਪਏ ਦੀ ਸ਼ਰਾਬ ਪੀਤੀ ਹੈ। ਮੰਟੋ ਮਰ ਗਿਆ ਤਾਂ ਕੀ ਹੋਇਆ ? ਵਪਾਰ ਵਪਾਰ ਹੈ ! ਇਕ ਪਲ ਲਈ ਵੀ ਕੰਮ ਨਹੀਂ ਰੁਕਣਾ ਚਾਹੀਦਾ।...ਜਿਸਨੇ ਸਾਨੂੰ ਸਾਰੀ ਜ਼ਿੰਦਗੀ ਦੇ ਦਿੱਤੀ, ਉਸਨੂੰ ਅਸੀਂ ਆਪਣਾ ਇਕ ਛਿਣ ਵੀ ਨਹੀਂ ਦੇ ਸਕਦੇ। ਸਿਰ ਝੁਕਾਅ ਕੇ ਆਪਣੇ ਦਿਲਾਂ ਵਿਚ ਇਕ ਛਿਣ ਲਈ ਵੀ ਉਸਦੀ ਯਾਦ ਤਾਜ਼ਾ ਨਹੀਂ ਕਰ ਸਕਦੇ। ਧੰਨਵਾਦ ਦੇ ਨਾਲ, ਖੁਸ਼ਾਮਦ ਦੇ ਨਾਲ ਹਮਦਰਦੀ ਦੇ ਨਾਲ ਉਸਦੀ ਤੜਫਦੀ ਹੋਈ ਆਤਮਾਂ ਲਈ ਜਿਸਨੇ ਹੱਤਕ, ਨਯਾ ਕਾਨੂੰਨ, ਖੋਲ ਦੋ, ਟੋਭਾ ਟੇਕ ਸਿੰਘ ਜਿਹੀਆਂ ਦਰਜਨਾਂ ਬੇਮਿਸਾਲ ਤੇ ਅਮਰ ਕਹਾਣੀਆਂ ਲਿਖੀਆਂ ਨੇ। ਜਿਸ ਨੇ ਸਮਾਜ ਦੀਆਂ ਅੰਦਰਲੀਆਂ ਤੈਹਾਂ ਵਿਚ ਘੁਸ ਕੇ ਪਿਸੇ ਹੋਏ, ਕੁਚਲੇ ਹੋਏ, ਸਮਾਜ ਦੀਆਂ ਠੋਕਰਾਂ ਨਾਲ ਵਿਗੜੇ ਹੋਏ ਪਾਤਰਾਂ ਨੂੰ ਆਪਣੀ ਕਲਮਕਾਰੀ ਨਾਲ ਇੱਜ਼ਤ ਮਾਣ ਦਿੱਤਾ ਹੈ। ਜਿਹੜਾ ਅਸਲੀਅਤ ਤੇ ਕਲਾਤਮਿਕਤਾ ਲਈ ਗੋਰਕੀ ਦੇ 'ਲੋਅਰ ਡੈਪਥਸ' ਦੇ ਪਾਤਰਾਂ ਦੀ ਯਾਦ ਦਿਵਾਂਦਾ ਹੈ। ਫ਼ਰਕ ਸਿਰਫ ਏਨਾ ਹੈ ਕਿ ਉਹਨਾਂ ਲੋਕਾਂ ਨੇ ਗੋਰਕੀ ਲਈ ਅਜਾਇਬ ਘਰ ਬਣਵਾਏ, ਮੂਰਤੀਆਂ ਬਣਵਾਈਆਂ, ਸ਼ਹਿਰ ਬਣਵਾਏ ਤੇ ਅਸੀਂ ਮੰਟੋ ਉਪਰ ਮੁਕੱਦਮੇਂ ਚਲਾਏ, ਉਸਨੂੰ ਭੁੱਖਾ ਮਾਰਿਆ, ਉਸਨੂੰ ਪਾਗਲਖਾਨੇ ਪਹੁੰਚਾਇਆ, ਉਸਨੂੰ ਹਸਪਤਾਲਾਂ ਵਿਚ ਸਾੜਿਆ ਤੇ ਅਖ਼ੀਰ ਵਿਚ ਉਸਨੂੰ ਇੱਥੋਂ ਤਕ ਮਜ਼ਬੂਰ ਕਰ ਦਿੱਤਾ ਕਿ ਉਹ ਕਿਸੇ ਇਨਸਾਨ ਨੂੰ ਨਹੀਂ, ਸ਼ਰਾਬ ਦੀ ਬੋਤਲ ਨੂੰ ਆਪਣਾ ਦੋਸਤ ਸਮਝਣ ਉੱਤੇ ਮਜ਼ਬੂਰ ਹੋ ਜਾਵੇ।
ਇਹ ਕੋਈ ਨਵੀਂ ਗੱਲ ਨਹੀਂ। ਅਸੀਂ ਗ਼ਾਲਿਬ ਨਾਲ ਵੀ ਇਵੇਂ ਕੀਤਾ ਸੀ। ਪ੍ਰੇਮ ਚੰਦ ਨਾਲ ਇਹੋ ਕੀਤਾ ਸੀ। ਹਸਰਤ ਨਾਲ ਇੰਜ ਹੀ ਕੀਤਾ ਸੀ। ਮੰਟੋ ਨਾਲ ਵੀ ਇਹੀ ਵਰਤਾਅ ਕਰਾਂਗੇ, ਕਿਉਂਕਿ ਮੰਟੋ ਕੋਈ ਉਹਨਾਂ ਨਾਲੋਂ ਵੱਡਾ ਵਿਦਵਾਨ ਤਾਂ ਸੀ ਨਹੀਂ...ਜਿਸ ਲਈ ਅਸੀਂ ਆਪਣੀ ਪੰਜ ਹਜ਼ਾਰ ਵਰ੍ਹੇ ਪੁਰਾਣੀ ਸੰਸਕ੍ਰਿਤੀ ਨੂੰ ਤੋੜ ਦੇਈਏ। ਅਸੀਂ ਇਨਸਾਨਾਂ ਦੇ ਨਹੀਂ ਮਕਬਰਿਅਆਂ (ਮੜ੍ਹੀਆਂ–ਮਜਾਰਾਂ) ਦੇ ਪੂਜਾਰੀ ਹਾਂ। ਦਿੱਲੀ ਵਿਚ ਮਿਰਜਾ ਗ਼ਾਲਿਬ ਦੀ ਫ਼ਿਲਮ ਚੱਲ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਇਸੇ ਦਿੱਲੀ ਦੇ ਮੋਰੀ ਗੇਟ ਕੋਲ ਬੈਠ ਕੇ ਮੰਟੋ ਨੇ ਲਿਖੀ ਸੀ। ਇਕ ਦਿਨ ਅਸੀਂ ਮੰਟੋ ਦੀ ਤਸਵੀਰ (ਫ਼ਿਲਮ) ਵੀ ਬਣਾਵਾਂਗੇ ਤੇ ਇਸ ਤੋਂ ਲੱਖਾਂ ਰੁਪਏ ਕਮਾਵਾਂਗੇ, ਜਿਵੇਂ ਅੱਜ ਅਸੀਂ ਮੰਟੋ ਦੀਆਂ ਕਿਤਾਬਾਂ ਦੇ ਕਈ ਕਈ ਨਕਲੀ ਐਡੀਸ਼ਨ ਹਿੰਦੁਸਤਾਨ ਵਿਚ ਛਾਪ ਕੇ ਹਜ਼ਾਰਾਂ ਰੁਪਏ ਕਮਾਅ ਰਹੇ ਹਾਂ। ਉਹ ਰੁਪਏ ਜਿਹਨਾਂ ਦੀ ਮੰਟੋ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਥੁੜ ਰਹੀ ਹੈ, ਉਹ ਰੁਪਏ ਅੱਜ ਵੀ ਉਸਦੀ ਪਤਨੀ ਤੇ ਬੱਚੇ ਨੂੰ ਮੁਸੀਬਤਾਂ ਤੇ ਨਮੋਸ਼ੀ ਤੋਂ ਬਚਾਅ ਸਕਦੇ ਨੇ। ਪਰ ਅਸੀਂ ਅਜਿਹੀ ਗਲਤੀ ਨਹੀਂ ਕਰਾਂਗੇ। ਜੇ ਅਸੀਂ ਅਕਾਲ ਦੇ ਦਿਨਾਂ ਵਿਚ ਚੌਲਾਂ ਦੇ ਰੇਟ ਵਧਾ ਕੇ ਇਨਸਾਨਾਂ ਦੇ ਖ਼ੂਨ ਤੋਂ ਆਪਣਾ ਮੁਨਾਫਾ ਵਧਾਅ ਸਕਦੇ ਹਾਂ, ਤਾਂ ਕੀ ਇਸ ਮੁਨਾਫੇ ਲਈ ਇਕ ਗਰੀਬ ਲੇਖਕ ਦੀ ਜੇਬ ਨਹੀਂ ਕਤਰ ਸਕਦੇ...ਮੰਟੋ ਨੇ ਜਦ 'ਜੇਬਕਤਰਾ' ਲਿਖੀ ਸੀ, ਉਸ ਸਮੇਂ ਉਸਨੂੰ ਨਹੀਂ ਸੀ ਪਤਾ ਕਿ ਇਕ ਦਿਨ ਜੇਬਕਤਰਿਆਂ ਦੀ ਪੂਰੀ ਦੀ ਪੂਰੀ ਟੋਲੀ ਨਾਲ ਉਸਦਾ ਵਾਸਤਾ ਪਵੇਗਾ।
ਮੰਟੋ ਇਕ ਬਹੁਤ ਵੱਡੀ ਗਾਲ੍ਹ ਸੀ। ਇਸਦਾ ਕੋਈ ਦੋਸਤ ਅਜਿਹਾ ਨਹੀਂ ਸੀ, ਜਿਸਨੂੰ ਇਸ ਨੇ ਕੋਈ ਗਾਲ੍ਹ ਨਾ ਕੱਢੀ ਹੋਵੇ ! ਕੋਈ ਅਜਿਹਾ ਪ੍ਰਕਾਸ਼ਕ ਵੀ ਨਹੀਂ ਸੀ, ਜਿਸ ਨਾਲ ਇਸ ਨੇ ਲੜਾਈ ਮੁੱਲ ਨਾ ਲਈ ਹੋਵੇ। ਕੋਈ ਮਾਲਕ ਅਜਿਹਾ ਨਹੀਂ, ਜਿਸਦੀ ਇਸ ਨੇ ਬੇਇੱਜ਼ਤੀ ਨਾਲ ਕੀਤੀ ਹੋਵੇ ! ਪ੍ਰਤੱਖ ਤੌਰ 'ਤੇ ਉਹ ਪ੍ਰਗਤੀਵਾਦੀਆਂ ਤੋਂ ਖੁਸ਼ ਨਹੀਂ ਸੀ, ਨਾ ਗੈਰ–ਪ੍ਰਗਤੀਵਾਦੀਆਂ 'ਤੇ। ਨਾ ਪਾਕਿਸਤਾਨ ਉੱਤੇ ਖੁਸ਼ ਸੀ, ਨਾ ਹਿੰਦੁਸਤਾਨ ਉੱਤੇ। ਨਾ ਅੰਕਲ ਸ਼ਾਮ 'ਤੇ ਨਾ ਰੂਸ 'ਤੇ-ਪਤਾ ਨਹੀਂ, ਉਸਦੀ ਤੜਫਦੀ ਹੋਈ ਬੇਚੈਨ ਆਤਮਾਂ ਕੀ ਚਾਹੁੰਦੀ ਸੀ ? ਉਸਦੀ ਜ਼ਬਾਨ ਬੜੀ ਕੁਸੈਲੀ ਸੀ-ਗੱਲ ਕਰਨ ਦਾ ਢੰਗ–ਤਰੀਕਾ ਤਿੱਖਾ ਤੇ ਤੀਰ ਵਾਂਗ ਚੁਭਵਾਂ ਤੇ ਬੇਰਹਿਮ...ਪਰ ਤੁਸੀਂ ਉਸਦੀ ਗਾਲ੍ਹ ਨੂੰ, ਉਸਦੀ ਕੁਸੈਲੀ ਗੱਲਬਾਤ ਨੂੰ, ਉਸਦੇ ਤੇਜ਼, ਨੁਕੀਲੇ ਕੰਡਿਆਂ ਵਰਗੇ ਸ਼ਬਦਾਂ ਨੂੰ ਜ਼ਰਾ ਠਰੰਮੇ ਨਾਲ ਚੱਖੋ-ਅੰਦਰੋਂ ਜ਼ਿੰਦਗੀ ਦਾ ਮਿਠਾ–ਮਿਠਾ ਰਸ ਟਪਕਦਾ ਲਭੇਗਾ। ਇਸਦੀ ਨਫ਼ਰਤ ਵਿਚ ਪਿਆਰ ਸੀ ; ਨੰਗੇਪਨ ਉਪਰ ਪਰਦਾ ਇੰਜ ਪਾ ਦੇਂਦਾ ਸੀ ਕਿ ਤਨ ਵੇਚਣ ਵਾਲੀਆਂ ਵੇਸਵਾਵਾਂ ਦੇ ਪੱਲੇ ਵੀ ਸ਼ਰਮ ਹਯ ਦੀ ਲਾਲੀ ਦੀ ਚਮਕ ਨਾਲ ਭਰੇ ਜਾਪਦੇ ਸਨ-ਜਿਹੜੇ ਉਸਦੇ ਸਾਹਿਤ ਦੀ ਪਵਿੱਤਰਤਾ ਦਾ ਐਲਾਨ ਕਰਦੇ ਨੇ। ਮੰਟੋ ਨਾਲ ਜ਼ਿੰਦਗੀ ਨੇ ਇਨਸਾਫ ਨਹੀਂ ਕੀਤਾ, ਪਰ ਇਤਿਹਾਸ ਜ਼ਰੂਰ ਉਸ ਨਾਲ ਨਿਆਂ ਕਰੇਗਾ।
ਮੰਟੋ ਤਾਂ ਬਿਆਲੀ ਵਿਚ ਹੀ ਮਰ ਗਿਆ ਸੀ...ਪਰ ਅਜੇ ਇਸ ਦੇ ਕੁਝ ਕਹਿਣ ਤੇ ਸੁਣਨ ਦੇ ਦਿਨ ਰਹਿੰਦੇ ਸਨ ; ਅਜੇ ਜ਼ਿੰਦਗੀ ਦੇ ਕੌੜੇ ਤਜ਼ਰਬਿਆਂ ਨੇ, ਵਰਤਮਾਨ ਸਮਾਜ ਦੀ ਕਠੋਰਤਾ ਨੇ, ਮੁਸੀਬਤ ਭਰੀ ਜ਼ਿੰਦਗੀ ਦੇ ਛਿਣਾ ਵਿਚ, ਇਸ ਦੇ ਟੁੱਟੇ–ਤਿੜਕੇ ਵਿਅਕਤੀਤਵ ਦੇ ਕਰੋਧ ਤੇ ਵਿਰੋਧ ਦੇ ਜਖ਼ਮਾਂ ਨੇ ਉਸ ਤੋਂ 'ਟੋਭਾ ਟੇਕ ਸਿੰਘ' ਵਰਗੀਆਂ ਕਈ ਹੋਰ ਕਹਾਣੀਆਂ ਲਿਖਵਾਉਣੀਆਂ ਸਨ। ਦੁੱਖ ਮੰਟੋ ਦੀ ਮੌਤ ਦਾ ਨਹੀਂ-ਮੌਤ ਤਾਂ ਹਰੇਕ ਨੂੰ ਆਉਣੀ ਹੈ, ਮੈਨੂੰ ਵੀ ਤੇ ਤੁਹਾਨੂੰ ਵੀ-ਦੁੱਖ ਤਾਂ ਇਸ ਗੱਲ ਦਾ ਹੈ ਕਿ ਉਹਨੇ ਸਾਹਿਤ ਨੂੰ ਜਿਹੜੇ ਹੀਰੇ, ਪੰਨੇ ਤੇ ਜਵਾਹਰਾਤ ਦੇਣੇ ਸੀ, ਉਹ ਹੁਣ ਨਹੀਓਂ ਮਿਲਣੇ। ਉਹ ਸਿਰਫ ਮੰਟੋ ਹੀ ਦੇ ਸਕਦਾ ਸੀ। ਉਰਦੂ ਸਾਹਿਤ ਵਿਚ ਚੰਗੇ ਚੰਗੇ ਕਹਾਣੀਕਾਰ ਹੈਨ ਤੇ ਪੈਦਾ ਹੋਣਗੇ ; ਪਰ ਮੰਟੋ ਦੁਬਾਰਾ ਨਹੀਂਓਂ ਪੈਦਾ ਹੋਣਾ। ਹੁਣ ਕੋਈ ਉਸਦੀ ਜਗ੍ਹਾ ਪੁਰ ਨਹੀਂ ਕਰ ਸਕੇਗਾ। ਇਹ ਗੱਲ ਮੈਂ ਵੀ ਜਾਣਾ ਹਾਂ ਤੇ ਰਾਜਿੰਦਰ ਸਿੰਘ ਬੇਦੀ ਵੀ, ਇਸਮਤ ਚੁਗ਼ਤਾਈ ਵੀ ਤੇ ਖ਼ਵਾਜਾ ਅਹਿਮਦ ਅੱਬਾਸ ਵੀ ਤੇ ਉਪਿੰਦਰ ਨਾਥ ਅਸ਼ਕ ਵੀ। ਅਸੀਂ ਸਾਰੇ ਲੋਕ ਉਸਨੂੰ ਚਾਹੁਣ ਵਾਲੇ, ਉਸ ਨਾਲ ਝਗੜਾ ਕਰਨ ਵਾਲੇ, ਉਸਨੂੰ ਪਿਆਰ ਕਰਨ ਵਾਲੇ, ਉਸ ਨਾਲ ਨਫ਼ਰਤ ਕਰਨ ਵਾਲੇ, ਉਸਦੇ ਸਾਥੀ ਤੇ ਹਮਸਫ਼ਰ ਸਾਂ ਤੇ ਅੱਜ ਜਦ ਉਹ ਸਾਡੇ ਵਿਚਕਾਰ ਨਹੀਂ ਹੈ, ਸਾਡੇ ਵਿਚੋਂ ਹਰੇਕ ਨੇ ਉਸਦੀ ਮੌਤ ਦੇ ਜਨਾਜੇ ਨੂੰ ਆਪਣੇ ਮੋਢਿਆਂ ਉੱਤੇ ਮਹਿਸੂਸ ਕੀਤਾ ਹੈ। ਅੱਜ ਸਾਡੇ ਵਿਚੋਂ ਹਰੇਕ ਦੀ ਜ਼ਿੰਦਗੀ ਦਾ ਇਕ ਹਿੱਸਾ ਮਰ ਗਿਆ ਹੈ, ਉਸਦੀ ਪੂਰਤੀ ਕਦੰਤ ਨਹੀਂ ਹੋ ਸਕਣੀ। ਅੱਜ ਸਾਡੇ ਵਿਚੋਂ ਹਰੇਕ ਜਣਾ ਮੰਟੋ ਦੇ ਨਜ਼ਦੀਕ ਹੈ ਤੇ ਇਕ ਦੂਜੇ ਨਾਲੋਂ ਵਧ। ਅਜਿਹੇ ਸਮੇਂ, ਜੇ ਅਸੀਂ ਇਹ ਫੈਸਲਾ ਕਰ ਲਈਏ ਕਿ ਅਸੀਂ ਮੰਟੋ ਦੀਆਂ ਜ਼ਿੰਮੇਂਵਾਰੀਆਂ ਨੂੰ ਰਲ ਕੇ ਪੂਰਾ ਕਰਾਂਗੇ ਤਾਂ ਉਸਦੀ ਆਤਮਾ ਬੇਚੈਨ ਨਹੀਂ ਰਹੇਗੀ।
ਅੱਜ ਤੋਂ ਚੌਦਾਂ ਸਾਲ ਪਹਿਲਾਂ ਮੈਂ ਤੇ ਮੰਟੋ ਨੇ ਰਲ ਕੇ ਇਕ ਕਹਾਣੀ ਲਿਖੀ ਸੀ, 'ਵਣਜਾਰਾ'। ਮੰਟੋ ਨੇ ਅੱਜ ਤਕ ਕਿਸੇ ਦੂਜੇ ਲੇਖਕ ਨਾਲ ਰਲ ਕੇ ਕੋਈ ਕਹਾਣੀ ਨਹੀਂ ਲਿਖੀ, ਨਾ ਉਸ ਤੋਂ ਪਹਿਲਾਂ ਨਾ ਉਸ ਤੋਂ ਬਾਅਦ। ਉਹ ਦਿਨ, ਕੜਾਕੇ ਦੀ ਸਰਦੀ ਦੇ ਸਨ। ਮੇਰਾ ਸੂਟ ਬੇਕਾਰ ਹੋ ਕੇ ਲਟਕ ਗਿਆ ਸੀ ਤੇ ਮੰਟੋ ਦਾ ਸੂਟ ਵੀ ਲਿੱਸੜ ਜਿਹਾ ਹੋਇਆ ਪਿਆ ਸੀ। ਮੰਟੋ ਮੇਰੇ ਕੋਲ ਆਇਆ ਤੇ ਬੋਲਿਆ, 'ਕ੍ਰਿਸ਼ਨ ਨਵਾਂ ਸੂਟ ਚਾਹੀਦੈ...'
ਮੈਂ ਕਿਹਾ, 'ਹਾਂ।'
'ਤਾਂ ਚੱਲ ਮੇਰੇ ਨਾਲ...'
'ਕਿੱਥੇ ?'
'ਬਸ, ਬਹੁਤੀ ਬਕਵਾਸ ਨਾ ਕਰ, ਚੱਲ ਚੱਲੀਏ....'
ਅਸੀਂ ਦੋਵੇਂ ਇਕ ਫ਼ਿਲਮ ਡਿਸਟ੍ਰੀਬਿਊਟਰ ਕੋਲ ਚਲੇ ਗਏ। ਮੈਂ ਉੱਥੇ ਕੁਝ ਬੋਲਦਾ ਤਾਂ ਸੱਚਮੁੱਚ ਬਕਵਾਸ ਹੀ ਕਰਦਾ, ਇਸ ਲਈ ਚੁੱਪ ਹੀ ਰਿਹਾ। ਡਿਸਟ੍ਰੀਬਿਊਟਰ, ਫ਼ਿਲਮ ਪ੍ਰੋਡਕਸ਼ਨ ਦੇ ਮੈਦਾਨ ਵਿਚ ਆਉਣਾ ਚਾਹੁੰਦਾ ਸੀ। ਮੰਟੋ ਨੇ ਪੰਦਰਾਂ–ਵੀਹ ਮਿੰਟਾਂ ਦੀ ਗੱਲਬਾਤ ਵਿਚ ਹੀ ਉਸਨੂੰ ਕਹਾਣੀ ਵੇਚ ਦਿੱਤੀ ਤੇ ਉਸ ਤੋਂ ਪੰਜ ਸੌ ਰੁਪਏ ਨਕਦ ਲੈ ਲਏ। ਬਾਹਰ ਆ ਕੇ ਉਸਨੇ ਢਾਈ ਸੌ ਮੈਨੂੰ ਦੇ ਦਿੱਤੇ ਤੇ ਢਾਈ ਸੌ ਆਪ ਰੱਖ ਲਏ। ਅਸਾਂ ਦੋਹਾਂ ਨੇ ਆਪਣੇ ਆਪਣੇ ਸੂਟ ਦਾ ਵਧੀਆ ਕਪੜਾ ਖਰੀਦਿਆ ਤੇ ਅਬਦੁਲ ਗਨੀ ਟੇਲਰ ਮਾਸਟਰ ਦੀ ਦੁਕਾਨ 'ਤੇ ਜਾ ਪਹੁੰਚੇ ਤੇ ਉਸਨੂੰ ਸੂਟ ਜਲਦੀ ਸਿਊਂ ਦੇਣ ਦੀ ਹਦਾਇਤ ਕੀਤੀ। ਫੇਰ ਸੂਟ ਤਿਆਰ ਹੋ ਗਏ। ਪਾ ਵੀ ਲਏ ਗਏ। ਪਰ ਸੂਟਾਂ ਦਾ ਕਪੜਾ ਦਰਜੀ ਨੂੰ ਦੇਣ ਤੇ ਸਿਵਾਉਣ ਵਿਚਕਾਰ, ਜਿੰਨਾ ਸਮਾਂ ਲੰਘਿਆ, ਉਸ ਵਿਚ ਅਸੀਂ ਬਾਕੀ ਦੇ ਰੁਪਏ ਘੋਲ ਕੇ ਪੀ ਗਏ। ਇਸ ਲਈ ਅਬਦੁਲ ਗਨੀ ਨਾਲ ਉਧਾਰ ਕਰਨਾ ਪਿਆ। ਉਸਨੇ ਸਾਨੂੰ ਸੂਟ ਪਾਉਣ ਲਈ ਦੇ ਦਿੱਤੇ। ਪਰ ਕਈ ਮਹੀਨਿਆਂ ਤਕ ਅਸੀਂ ਉਸਦਾ ਉਧਾਰ ਨਹੀਂ ਸੀ ਲਾਹ ਸਕੇ।
ਇਕ ਦਿਨ ਮੰਟੋ ਤੇ ਮੈਂ ਕਸ਼ਮੀਰੀ ਗੇਟ ਕੋਲੋਂ ਲੰਘ ਰਹੇ ਸਾਂ ਕਿ ਮਾਸਟਰ ਅਬਦੁਲ ਗਨੀ ਨੇ ਸਾਨੂੰ ਆ ਘੇਰਿਆ। ਮੈਂ ਸੋਚਿਆ, ਅੱਜ ਭਰਪੂਰ ਬੇਇੱਜ਼ਤੀ ਹੋਵੇਗੀ। ਮਾਸਟਰ ਅਬਦੁਲ ਗਨੀ ਨੇ ਮੰਟੋ ਨੂੰ ਕਾਲਰ ਤੋਂ ਫੜ੍ਹ ਕੇ ਕਿਹਾ, 'ਉਹ, 'ਹੱਤਕ' ਤੂੰ ਲਿਖੀ ਐ ?'
ਮੰਟੋ ਨੇ ਕਿਹਾ, 'ਹਾਂ,ਲਿਖੀ ਐ, ਫੇਰ ? ਜੇ ਤੈਥੋਂ ਸੂਟ ਉਧਾਰ ਸਿਵਾਅ ਲਿਆ ਤਾਂ ਇਸਦਾ ਇਹ ਮਤਲਬ ਨਹੀਂ, ਕਿ ਤੂੰ ਮੇਰੀ ਕਹਾਣੀ ਦਾ ਚੰਗਾ ਸਮਾਲੋਚਕ ਵੀ ਬਣ ਗਿਐਂ। ਅਹਿ ਕਾਲਰ ਛੱਡ।' ਅਬਦੁਲ ਗਨੀ ਦੇ ਚਿਹਰੇ 'ਤੇ ਇਕ ਅਜੀਬ ਜਿਹੀ ਮੁਸਕਰਾਹਟ ਆਈ। ਉਸਨੇ ਮੰਟੋ ਦਾ ਕਾਲਰ ਛੱਡ ਦਿੱਤਾ ਤੇ ਉਸ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਕੇ ਕਹਿਣ ਲੱਗਾ, 'ਜਾਹ ਤੇਰੇ ਉਧਾਰ ਦੇ ਪੈਸੇ ਮਾਫ ਕੀਤੇ।'
ਫੇਰ ਉਹ ਮੁੜਿਆ ਤੇ ਤੁਰ ਗਿਆ। ਕੁਝ ਛਿਣ, ਮੰਟੋ ਚੁੱਪਚਾਪ ਖੜ੍ਹਾ ਰਿਹਾ। ਉਹ ਉਸ ਤਾਰੀਫ ਤੋਂ ਬਿਲਕੁਲ ਖੁਸ਼ ਨਹੀਂ ਸੀ ਹੋਇਆ...ਸਗੋਂ ਦੁੱਖ ਤੇ ਗੁੱਸੇ ਵਿਚ ਭਰਿਆ ਨਜ਼ਰ ਆਉਣ ਲੱਗ ਪਿਆ ਸੀ। 'ਸਾਲਾ ਮੇਰਾ, ਕੀ ਸਮਝਦੈ ਆਪਣੇ ਆਪ ਨੂੰ-ਮੈਨੂੰ ਪ੍ਰੇਸ਼ਾਨ ਕਰ ਦਵੇਗਾ, ਮੈਂ ਉਸਦੀ ਪਾਈ–ਪਾਈ ਲਾਹ ਦਿਆਂਗਾ। ਸਾਲਾ ਸਮਝਦੈ, ਹੱਤਕ ਮੇਰੀ ਚੰਗੀ ਕਹਾਣੀ ਏ। ਹੱਤਕ-ਹੱਤਕ ਤਾਂ ਮੇਰੀ ਸਭ ਨਾਲੋਂ ਚੰਗੀ ਕਹਾਣੀ ਹੈ।'
ਪਰ ਨਾ ਮੈਂ, ਤੇ ਨਾ ਹੀ ਮੰਟੋ ਨੇ ਹੀ ਅਬਦੁਲ ਗਨੀ ਦੇ ਪੈਸੇ ਦਿੱਤੇ...ਤੇ ਨਾ ਹੀ ਉਸਨੇ ਸਾਥੋਂ ਕਦੀ ਮੰਗੇ। ਅੱਜ ਜਦ ਮੈਨੂੰ ਇਹ ਘਟਨਾ ਯਾਦ ਆਈ ਤਾਂ ਮੈਂ ਤੁਰੰਤ ਹੀ ਅਬਦੁਲ ਗਨੀ ਨੂੰ ਮਿਲਣ ਲਈ ਕਸ਼ਮੀਰੀ ਗੇਟ ਜਾ ਪਹੁੰਚਿਆ। ਪਰ ਅਬਦੁਲ ਗਨੀ ਕਈ ਵਰ੍ਹੇ ਪਹਿਲਾਂ ਉੱਥੋਂ ਪਾਕਿਸਤਾਨ ਚਲਾ ਗਿਆ ਸੀ। ਕਾਸ਼, ਅੱਜ ਅਬਦੁਲ ਗਨੀ ਟੇਲਰ ਮਾਸਟਰ ਮਿਲ ਜਾਂਦਾ ! ਉਸ ਨਾਲ ਮੰਟੋ ਬਾਰੇ ਦੋ ਗੱਲਾਂ ਕਰ ਲੈਂਦਾ...ਇਸ ਵੱਡੇ ਸ਼ਹਿਰ ਵਿਚ ਕਿਸੇ ਹੋਰ ਕੋਲ ਤਾਂ ਇਸ ਵਿਅਰਥ ਕੰਮ ਲਈ ਵਿਹਲ ਨਹੀਂ ਸੀ।
ਸ਼ਾਮੀਂ ਮੈਂ, ਜੋ.ਏ.ਅੰਸਾਰੀ ਸੰਪਾਦਕ 'ਸ਼ਾਹਰਾਹ' ਨਾਲ ਜਾਮਾ ਮਸਜਿਦ ਤੋਂ ਤੀਸ ਹਜ਼ਾਰੀ ਆਪਣੇ ਘਰ ਨੂੰ ਆ ਰਿਹਾ ਸਾਂ। ਰਸਤੇ ਵਿਚ ਅਸੀਂ ਦੋਵੇਂ ਹੌਲੀ ਹੌਲੀ ਮੰਟੋ ਦੇ ਵਿਅਕਤੀਤਵ ਤੇ ਉਸਦੀ ਕਲਾ ਉਪਰ ਬਹਿਸ ਕਰਦੇ ਰਹੇ। ਸੜਕ ਵਿਚ ਖੱਡੇ ਬਹੁਤ ਸਨ, ਇਸ ਲਈ ਬਹਿਸ ਵਿਚ ਬਹੁਤ ਸਾਰੇ ਨਾਜ਼ੁਕ ਸਥਾਨ ਵੀ ਆਏ। ਇਕ ਵਾਰੀ ਪੰਜਾਬੀ ਕੋਚਵਾਨ ਨੇ ਹੈਰਾਨੀ ਨਾਲ ਤ੍ਰਬਕ ਕੇ ਪੁੱਛਿਆ, 'ਕੀ ਕਿਹੈ ਜੀ, ਮੰਟੋ ਮਰ ਗਿਆ ?'
ਅੰਸਾਰੀ ਨੇ ਧੀਮੀ ਆਵਾਜ਼ ਵਿਚ ਕਿਹਾ, 'ਹਾਂ ਭਰਾ !' ਤੇ ਫੇਰ ਆਪਣੀ ਗੱਲ ਜਾਰੀ ਰੱਖੀ।
ਕੋਚਵਾਨ ਹੌਲੀ ਹੌਲੀ ਆਪਣਾ ਤਾਂਗਾ ਚਲਾਉਂਦਾ ਰਿਹਾ ਪਰ ਮੋਰੀ ਗੇਟ ਕੋਲ ਆ ਕੇ ਉਸਨੇ ਤਾਂਗਾ ਰੋਕ ਦਿੱਤਾ ਤੇ ਸਾਡੇ ਵੱਲ ਭੌਂ ਕੇ ਬੋਲਿਆ, 'ਸਾਹਬ ਤੁਸੀਂ ਲੋਕ ਕੋਈ ਹੋਰ ਤਾਂਗਾ ਕਰ ਲਓ...ਮੈਂ ਅੱਗੇ ਨਹੀਂ ਜਾ ਸਕਾਂਗਾ।' ਉਸਦੀ ਆਵਾਜ਼ ਵਿਚ ਇਕ ਅਜੀਬ ਜਿਹਾ ਦਰਦ ਸੀ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਹਿੰਦੇ ਉਹ ਸਾਡੇ ਵੱਲ ਦੇਖੇ ਬਿਨਾ ਤਾਂਗੇ ਤੋਂ ਉਤਰਿਆ ਤੇ ਸਿੱਧਾ ਸਾਹਮਣੀ ਬਾਰ ਵਿਚ ਚਲਾ ਗਿਆ।

(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ