Punjabi Stories/Kahanian
ਦਲਬੀਰ ਚੇਤਨ
Dalbir Chetan

Punjabi Kavita
  

Khara Badal Dalbir Chetan

ਖਾਰਾ ਬੱਦਲ ਦਲਬੀਰ ਚੇਤਨ

ਖੁਸ਼ਖਬਰੀ ਸੁਣਦਿਆਂ ਹੀ ਡਾਕਟਰ ਦੀਪਾ ਨੇ ਸੋਚਿਆ ਕਿ ਡਾਕਟਰ ਸਵਰਾਜ ਨੂੰ ਫੋਨ ਕੀਤਾ ਜਾਵੇ, ''ਹਸਪਤਾਲ ਛੇਤੀ ਪਹੁੰਚ ਤੇਰੇ ਨਾਲ ਇਕ ਬਹੁਤ ਵੱਡੀ ਖੁਸ਼ੀ ਸਾਂਝੀ ਕਰਨੀ ਹੈ।''
ਉਸਨੂੰ ਪਤਾ ਸੀ ਉਹ ਅਗੋਂ ਕਹੇਗਾ, ''ਖੁਸ਼ੀਆਂ ਤਾਂ ਹੁੰਦੀਆਂ ਹੀ ਸਾਂਝੀਆਂ ਕਰਨ ਲਈ ਨੇ ਪਰ ਥੋੜ੍ਹਾ ਜਿਹਾ ਪਤਾ ਤਾਂ ਲੱਗੇ?''
''æææਬਸ ਤੂੰ ਛੇਤੀ ਆ ਜਾ, ਇਹ ਖੁਸ਼ੀ ਮਿਲ ਕੇ ਹੀ ਦੱਸੀ ਜਾ ਸਕਦੀ ਹੈ।'' ਦੀਪਾ ਨੇ ਰਸੀਵਰ ਵੀ ਚੁੱਕਿਆ, ਨੰਬਰ ਵੀ ਡਾਇਲ ਕੀਤਾ ਪਰ ਫੇਰ ਕਈ ਕੁਝ ਸੋਚਦਿਆਂ, ਆਪੇ ਹੀ ਫੋਨ ਕੱਟ ਦਿੱਤਾ।
ਡਾਕਟਰ ਦੀਪਾ ਨੇ ਆਪਣੇ ਕਈ ਜਾਣੂਆਂ ਪਛਾਣੂਆਂ ਨੂੰ ਇਹ ਖੁਸ਼ਖਬਰੀ ਦੱਸਣ ਲਈ ਫੋਨ ਖੜਕਾਏ ਤੇ 'ਦੀਪਾ ਮੈਟਰਨਟੀ ਹੋਮ' ਦੇ ਸਾਰੇ ਮਰੀਜ਼ਾਂ ਤੇ ਕਰਮਚਾਰੀਆਂ 'ਚ ਲੱਡੂ ਵੰਡੇ।
ਡਾਕਟਰੀ ਪੇਸ਼ੇ 'ਚ ਆਉਣ ਤੋਂ ਬਾਅਦ ਜਨਮ-ਮੌਤ ਦੀ ਖੁਸ਼ੀ-ਗਮੀ, ਉਹਦੇ ਲਈ ਆਮ ਤੇ ਸਾਧਾਰਨ ਜਿਹੀ ਗੱਲ ਬਣ ਗਈ ਸੀ ਪਰ ਅੱਜ ਉਹਨੂੰ ਮਹਿਸਾਸ ਹੋਇਆ ਕਿ ''ਆਪਣਿਆਂ'' ਦੀ ਖੁਸ਼ੀ-ਗਮੀ ''ਦੂਸਰਿਆਂ'' ਦੀ ਖੁਸ਼ੀ-ਗਮੀ ਨਾਲੋਂ ਵੱਖਰੀ ਹੀ ਤਰ੍ਹਾਂ ਦੀ ਹੁੰਦੀ ਹੈ।
ਖੁਸ਼ੀ ਨਾਲ ਚਾਮ੍ਹਲੀ ਉਹ ਕਦੇ ਤਨਵੀਰ ਨੂੰ ਚੁੰਮ ਲੈਂਦੀ ਤੇ ਕਦੇ ਤਨਵੀਰ ਦੀ ਬੇਟੀ ਨੂੰ। ਅੱਜ ਉਹਦੀ ਬਚਪਨ ਦੀ ਸਹੇਲੀ ਤਨਵੀਰ ਦੇ ਘਰ, ਵਿਆਹ ਤੋਂ ਕਈ ਸਾਲਾਂ ਬਾਅਦ ਬੇਟੀ ਨੇ ਜਨਮ ਲਿਆ ਸੀ। ਉਹ ਇਸ ਖੁਸ਼ੀ 'ਚ ਬੌਅਰੀ ਹੋਈ, ਉਸ ਬਚਪਨ ਵਲ ਪਰਤ ਗਈ ਜਿੱਥੇ ਉਨ੍ਹਾਂ ਇਕੱਠਿਆਂ ਹੀ ਗੁੱਡੀਆਂ ਪਟੋਲੇ ਤੇ ਗੀਅਟੇ ਵੀ ਖੇਡੇ ਸਨ।
ਅੱਜ ਉਹਨੂੰ ਰਹਿ ਰਹਿ ਕੇ ਯਾਦ ਆ ਰਿਹਾ ਸੀ ਪੇਂਡੂ ਬਚਪਨ ਦਾ ਉਹ ਅੱਥਰਾਪਣ, ਜਿਥੇ ਖੇਡਦਿਆਂ, ਖਿਡਾਉਂਦਿਆਂ ਕਈ ਵਾਰ ਲੜਾਈਭੜਾਈ ਵੀ ਹੋ ਜਾਂਦੀ ਸੀ ਤੇ ਲੜਦਿਆਂ ਭਿੜਦਿਆਂ ਬਚਪਨ ਦਾ ਇਹ ਭੋਲਾਪਣ, ਫੇਰ ਇਕ ਦੂਸਰੇ ਨੂੰ ਗਲਵੱਕੜੀ ਵਿਚ ਲੈ ਕੇ ਘੁੱਟ ਲੈਂਦਾ ਸੀ।
ਹੌਲੀ ਹੌਲੀ ਬਚਪਨ ਦਾ ਇਹ ਮੋਹ ਮਿਲਾਪ, ਸਹੇਲਪੁਣੇ 'ਚ ਬਦਲ ਗਿਆ ਤੇ ਇਹ ਸਹੇਲਪੁਣਾ ਜਿਵੇਂ ਉਮਰ ਭਰ ਦੀ ਦੋਸਤੀ ਦੀ ਮੋਹਰ ਹੀ ਬਣ ਗਿਆ।
ਹਰਦੀਪ ਢਿੱਲੋਂ ਪਰਿਵਾਰ 'ਚ ਵਿਆਹੀ ਗਈ ਤਾਂ ਘਰ ਵਾਲੇ ਦੀ ਇੱਛਾ ਅਨੁਸਾਰ 'ਦੀਪ ਢਿੱਲੋਂ' ਬਣ ਗਈ। ਜਦੋਂ ਉਹਦੇ ਡਾਕਟਰੀ ਸਹੁਰਾ ਪਰਿਵਾਰ ਨੇ ਆਪਣੀ ਚਰੋਕਣੀ ਖਾਹਿਸ਼ ਨੂੰ ਪੂਰਾ ਕਰਨ ਲਈ 'ਮੈਟਰਨਿਟੀ ਹੋਮ' ਖੋਲ੍ਹਣਾ ਚਾਹਿਆ ਤਾਂ ਉਹਦਾ ਨਾਂ 'ਦੀਪ ਮੈਟਰਨਿਟੀ ਹੋਮ' ਰੱਖ ਲਿਆ ਤਾਂ ਹੌਲੀ ਹੌਲੀ ਉਹਨੂੰ ਸਾਰੇ ਡਾਕਟਰ ਦੀਪਾ ਹੀ ਕਹਿਣ ਲੱਗ ਪਏ।
ਹਰਦੀਪ ਨੂੰ ਯਾਦ ਸੀ ਕਿ ਤਨਵੀਰ ਨੂੰ ਘਰ ਵਾਲੇ ਤੇ ਬਹੁਤ ਲੋਕ ਛੋਟੇ ਨਾਂ ਦੇ ਤੌਰ 'ਤੇ 'ਤਨੂੰ' ਕਹਿੰਦੇ ਹੁੰਦੇ ਸਨ। ਪਰ ਤਨਵੀਰ ਨੂੰ ਆਪਣਾ ਇਹ ਨਾਂ ਕਦੇ ਵੀ ਪਸੰਦ ਨਾ ਆਇਆ।
ਹਰਦੀਪ ਉਹਨੂੰ ਪੂਰੀ ਤਰ੍ਹਾਂ ਸਮਝਦੀ ਤੇ ਜਾਣਦੀ ਸੀ, ਸ਼ਾਇਦ ਇਸੇ ਲਈ ਉਹ ਉਹਨੂੰ ਹਮੇਸ਼ਾ ਤਨਵੀਰ ਹੀ ਕਹਿੰਦੀ ਸੀ। ਜਦੋਂ ਪੜ੍ਹ ਲਿਖ ਕੇ ਉਹ ਸਰਕਾਰੀ ਕਾਲਜ 'ਚ ਪੜ੍ਹਾਉਣ ਲੱਗ ਪਈ ਤਾਂ ਸਾਰੇ 'ਤਨੂੰ' ਨੂੰ ਤਨਵੀਰ ਹੀ ਕਹਿਣ ਲੱਗ ਪਏ।
ਵਿਆਹ ਦੇ ਛੇ ਸੱਤ ਸਾਲ ਬਾਅਦ ਵੀ ਜਦੋਂ ਤਨਵੀਰ ਦੇ ਘਰ ਕੋਈ ਬੱਚਾ ਨਾ ਹੋਇਆ ਤਾਂ ਤਨਵੀਰ ਤਾਂ ਸੋਚੀਂ ਪਈ ਹੀ ਪਈ ਸੀ, ਦੀਪਾ ਦੀ ਸੋਚ ਵੀ ਗੰਭੀਰਤਾ ਦੀ ਹੱਦ ਤਕ ਚਲੀ ਗਈ। ਸੋਚ ਵਿਚਾਰ ਤੋਂ ਬਾਅਦ ਉਹਨੇ ਮੀਆਂ ਬੀਵੀ ਨੂੰ ਲੈਬਾਰਟਰੀ ਦੇ ਟੈਸਟਾਂ ਵਿਚੋਂ ਲੰਘਾਉਣਾ ਜ਼ਰੂਰੀ ਸਮਝਿਆ ਸੀ।
ਲੈਬਾਰਟਰੀ ਦੇ ਟੈਸਟਾਂ ਵਿਚ ਤਨਵੀਰ ਤਾਂ ਬਿਲਕੁਲ ਠੀਕ ਠਾਕ ਤੇ ਮਾਂ ਬਣਨ ਦੇ ਕਾਬਲ ਸੀ ਪਰ ਉਹਦਾ ਪਤੀ, ਡਾਕਟਰੀ ਰਿਪੋਰਟ ਵਿਚ ਪਿਓ ਬਣਨ ਦੇ ਯੋਗ ਨਹੀਂ ਸੀ ਪਾਇਆ ਗਿਆ।
ਪਰ ਦੀਪਾ ਨੇ ਦੋਹਾਂ ਨੂੰ ਸੱਦ ਕੇ ਕਹਿ ਦਿੱਤਾ ਸੀ ਕਿ ਰਿਪੋਟਰ ਵਿਚ ਸਭ ਠੀਕ ਠਾਕ ਹੈ। ਫੇਰ ਉਹਨੇ ਇਸ ਭੇਦ ਨੂੰ ਡਾਕਟਰੀ ਹਾਸੇ 'ਚ ਲੁਕਾਉਂਦਿਆਂ ਕਿਹਾ ਸੀ, ''ਜਾਉ ਤੇ ਸਾਲ ਦੇ ਵਿਚ ਵਿਚ ਲੱਡੂ ਖਵਾਉਣ ਦਾ ਪ੍ਰਬੰਧ ਕਰੋ!''
ਪਰ ਤਨਵੀਰ ਨੂੰ ਉਹਨੇ ਵੱਖਰੇ ਤੌਰ 'ਤੇ ਸਭ ਕੁਝ ਵੇਰਵੇ ਨਾਲ ਸਮਝਾਉਂਦਿਆਂ ਕਿਹਾ ਸੀ, ''ਚਿੰਤਾ ਕਰਨ ਦੀ ਕੋਈ ਲੋੜ ਨਹੀਂ-ਤੂੰ ਜ਼ਰੂਰ ਮਾਂ ਬਣੇਂਗੀ-ਇਹ ਜ਼ਿੰਮੇਵਾਰੀ ਮੇਰੀ ਰਹੀ।''
ਇਕ ਦਿਨ, ਉਹ ਬੜੀ ਗੰਭੀਰਤਾ ਨਾਲ ਇਸ ਬਾਰੇ ਵਿਚਾਰ ਕਰਦੀਆਂ ਰਹੀਆਂ। ਆਮ ਔਰਤਾਂ ਵਾਂਗ ਤਨਵੀਰ ਦੀ ਵੀ ਇੱਛਾ ਸੀ ਕਿ ਉਹ ਵੀ ਮਾਂ ਬਣੇ ਤੇ ਨਵੇਂ ਸਿਰਿਓਂ ਆਪਣੇ ਆਪ ਨੂੰ, ਆਪਣੇ ਬੱਚੇ 'ਚ ਜਿਊਂਦਾ ਵੇਖ ਸਕੇ।
ਦੀਪਾ ਨੂੰ ਉਹਦੇ ਲੂੰ ਲੂੰ ਦਾ ਪਤਾ ਸੀ, ਇਸ ਲਈ ਉਹਨੇ ਤਨਵੀਰ ਨੂੰ ਕਿਹਾ, ''ਮੈਨੂੰ ਪਤਾ, ਕਿਸੇ ਦਾ ਬੱਚਾ ਗੋਦ ਲੈਣ ਨਾਲੋਂ ਤੂੰ ਮਨਸੂਈ ਬੱਚਾ ਧਾਰਨ ਕਰ ਲੈ!''
ਤਨਵੀਰ ਨੇ ਇਸ ਬਾਰੇ ਸ਼ਾਇਦ ਕਦੇ ਸੋਚਿਆ ਹੀ ਨਹੀਂ ਸੀ। ਇਸ ਲਈ ਉਹ ਡੂੰਘੀ ਸੋਚੀਂ ਪੈ ਗਈ, ''ਪਰ ਕਿਹੜੇ ਮਰਦ ਦਾ? ਉਹਦਾ ਅੱਗਾ ਪਿੱਛਾ, ਸ਼ਕਲ ਸੂਰਤ, ਰੰਗ ਢੰਗ, ਕੁਝ ਪਤਾ ਤਾਂ ਹੋਵੇ?'' ਉਹ ਗੰਭੀਰਤਾ ਜਿਹੀ ਨਾਲ, ਇਕੋ ਸਾਹੇ ਕਈ ਕੁਝ ਪੁੱਛ ਗਈ।
''ਲਾਗੇ ਬੰਨਿਓਂ, ਰਿਸ਼ਤੇਦਾਰੀ, ਸ਼ਰੀਕੇ, ਭਾਈਚਾਰੇ 'ਚੋਂ ਲੱਭ ਲਾ ਨਾ, ਕੋਈ ਚੰਗਾ ਲੱਗਦਾ।'' ਦੀਪਾ ਨੇ ਸਲਾਹ ਦਿੱਤੀ।
ਤਨਵੀਰ ਨੇ ਗੰਭੀਰ ਜਿਹੀ ਹੁੰਦਿਆਂ ਕਿਹਾ, ''ਜੇ ਕੋਈ ਅਜਿਹਾ ਲੱਭ ਵੀ ਪਿਆ ਤਾਂ ਕੀ ਉਹ ਖਲੋ ਜਾਏਗਾ ਇਥੋਂ ਤੱਕ ਦਾ ਪੈਂਡਾ ਤੈਅ ਕਰਕੇ? ਕੀ ਉਹ ਮੇਰੇ ਉਤੇ ਕਿਸੇ ਤਰ੍ਹਾਂ ਦਾ ਹੱਕ ਨਹੀਂ ਜਤਲਾਏਗਾ? ਕੀ ਉਹ ਨਕਲੀ ਤੋਂ ਫੇਰ ਅਸਲੀ ਬਣਨ ਦੀ ਇੱਛਾ ਨਹੀਂ ਰੱਖੇਗਾ। ਇਹ ਸਭ ਕੁਝ ਸੋਚ ਕੇ ਮੈਨੂੰ ਨੇੜਲੇ ਲੋਕਾਂ ਤੋਂ ਬਹੁਤ ਡਰ ਲੱਗਦਾ ਏ।'' ਫੇਰ ਉਹਨੇ ਨਾਂਹ ਵਿਚ ਸਿਰ ਮਾਰਦੀ ਨੇ ਕਿਹਾ ਸੀ, ''ਮੈਂ ਕਿਸੇ ਵੀ ਜਾਣੂਪਛਾਣੂ ਰਾਹੀਂ ਇੰਜ ਨਹੀਂ ਕਰਵਾ ਸਕਦੀ!''
''ਮੈਂ ਸਮਝਦੀ ਆਂ, ਪਰ ਜਿਹੜਾ ਬੰਦਾ ਤੈਨੂੰ ਚੰਗਾ ਲਗਦਾ ਤੇ ਮੇਰੀ ਗੱਲ ਮੰਨ ਕੇ ਸਾਡੀ ਮਦਦ ਵੀ ਕਰ ਸਕਦਾ, ਜੇ ਉਨ੍ਹੇ ਵੀ ਕਦੇ ਇੰਜ ਦੀ ਇੱਛਾ ਜ਼ਾਹਰ ਕੀਤੀ ਤਾਂæææ?'' ਦੀਪਾ ਵੀ ਜਿਵੇਂ ਨਵਾਂ ਰਾਹ ਤਲਾਸ਼ਦੀ ਗੰਭੀਰ ਤੇ ਸ਼ੰਕਾ ਗ੍ਰਸਤ ਜਿਹੀ ਹੋ ਗਈ ਸੀ।
''ਪਰ ਉਹਦੇ 'ਚ ਤੇ ਮੇਰੇ ਨੇੜਲਿਆਂ 'ਚ ਫਰਕ ਵੀ ਤਾਂ ਹੋਊਗਾ। ਨੇੜਲਾ ਤਾਂ ਕਿਸੇ ਖੁਸ਼ੀਗ਼ਮੀ ਦੇ ਜੁੜੇ ਇਕੱਠ 'ਤੇ ਕਿਸੇ ਨੂੰ ਇਹ ਵੀ ਕਹਿ ਸਕਦਾ, ''ਵੇਖ ਨਿਆਣਾ ਮੇਰਾ ਚੁੱਕੀ ਫਿਰਦੀ ਊ-ਉਂਜ ਅੱਖ ਵੀ ਨਈਂ ਮਿਲਾਉਂਦੀ।''
ਦੀਪਾ ਸੁਣ ਕੇ ਜ਼ੋਰ ਦੀ ਹੱਸੀ, ''ਮੁੰਡਾ ਤੇਰਾ ਤੇ ਮੁਹਾਂਦਰਾ ਮੇਰਾ...।
''ਹਾਂ, ਬਿਲਕੁਲ ਇਸੇ ਹੀ ਤਰ੍ਹਾਂ।'' ਤਨਵੀਰ ਦੀਪਾ ਤੋਂ ਵੀ ਜ਼ੋਰ ਦੀ ਹੱਸੀ।
ਦੋਵੇਂ ਹੱਸੀਆਂ ਤੇ ਫੇਰ ਹੱਸਦੀਆਂ ਹੀ ਰਹੀਆਂ। ਹਾਸੇ ਦੀ ਧੁੱਪ ਵਿਚ ਗੰਭੀਰਤਾ ਦੀ ਧੁੰਦ ਕੁਝ ਚੁੱਕੀ ਜਿਹੀ ਗਈ।
ਦੀਪਾ ਨੇ ਕਿਹਾ, ''ਮੇਰੀ ਪਸੰਦ ਵਾਲਾ ਬੰਦਾ ਤੇ ਹੈ ਵਧੀਆ ਪਰ ਜੇ ਤੇਰੇ ਹੁਸਨ 'ਤੇ ਬੇਈਮਾਨ ਹੋ ਕੇ ਉਹਨੇ ਵੀ ਕਦੇ ਇਹੋ ਜਿਹੀ ਇੱਛਾ ਹੀ ਜ਼ਾਰ ਕੀਤੀ ਤਾਂ ਫੇਰ...?''
''ਚਲ ਫੇਰ ਨਾਲ ਤਾਂ ਫੇਰ ਵੇਖਾਂਗੇ ਪਰ ਜਿਹੜਾ ਮਰਦ ਤੂੰ ਚੁਣੇਗੀ, ਮੇਰਾ ਨਹੀਂ ਖ਼ਿਆਲ ਕਿ ਉਹ ਏਨਾ ਗਿਆ ਗੁਜ਼ਰਿਆ ਹੋਵੇ?''
''ਤੂੰ ਕਿਉਂ ਭੁੱਲ ਗਈ ਏਂ ਕਿ ਔਰਤ ਦੇ ਸਬੰਧ ਵਿਚ ਪਾ ਲਾ ਕੇ ਸਾਰੇ ਮਰਦ ਇਕੋ ਜਿਹੇ ਹੀ ਹੁੰਦੇ ਨੇ।''
''ਨਹੀਂ ਦੀਪਾ, ਬੰਦੇ ਬੰਦੇ 'ਚ ਥੋੜ੍ਹਾ ਬਹੁਤ ਫ਼ਰਕ ਵੀ ਤਾਂ ਹੁੰਦਾ ਈ ਏ।''
''ਜੇ ਤੈਨੂੰ ਫ਼ਰਕ ਲੱਗਣ ਲੱਗ ਪਿਆ ਤਾਂ ਨਵੇਂ ਸਿਰੇ ਤੋਂ ਪਰਖ ਕੇ ਵੇਖ ਲੈਂਦੇ ਆਂ-ਉਂਜ ਮੈਂ ਉਸ ਮਰਦ ਨੂੰ ਮਰਦ ਹੀ ਨਾ ਸਮਝੂੰ ਜਿਹੜਾ ਤੇਰੇ ਵਰਗੀ ਖੂਬਸੂਰਤ ਔਰਤ ਨੂੰ ਵੇਖ ਕੇ ਬੇਈਮਾਨ ਨਾ ਹੋ ਜਾਵੇ।''
ਤਨਵੀਰ ਨੇ ਸ਼ੋਖ ਜਿਹਾ ਮੁਸਕਰਾ ਕੇ ਦੀਪਾ ਦੀ ਖੱਬੀ ਗੱਲ੍ਹ ਉਤੇ ਸੱਜੇ ਹੱਥ ਦੀ ਹਲਕੀ ਜਿਹੀ ਥਾਪ ਦੇ ਦਿੱਤੀ।
''ਦੀਪਾ ਇਕ ਗੱਲ ਬੜੀ ਜ਼ਰੂਰੀ ਹੈ ਕਿ ਉਹਦਾ ਰੰਗ ਰੂਪ, ਡੀਲ ਡੌਲ ਮੇਰੇ ਨਾਲ ਮੇਲ ਖਾਂਦੀ ਹੋਵੇ। ਜੇ ਸੱਚੀਂ-ਮੁੱਚੀਂ ਗੱਲ ਸਿਰੇ ਚੜ੍ਹ ਜਾਏ ਤਾਂ, ਬੱਚਾ ਵੇਖ ਕੇ ਕੋਈ ਇਹ ਵੀ ਨਾ ਆਖੇ ਕਿ ਲਾਵਾਂ ਈ ਲਾਇਆ ਲੱਗਦਾ।''
ਦੋਵੇਂ ਜਣੀਆਂ ਫੇਰ ਉਚੀ ਉਚੀ ਹੱਸੀਆਂ।
''ਮੇਰਾ ਇਹ ਵੀ ਦਿਲ ਕਰਦਾ ਕਿ ਉਹ ਸੋਹਣਾ ਸਨੁੱਖਾ ਤਾਂ ਹੋਵੇ ਈ...ਸਿਆਣਾ ਵੀ ਜ਼ਰੂਰ ਹੋਵੇ।''
''ਮਰ ਜਾਏਂ, ਉਹ ਮੇਰੇ ਹੀ ਹੋਮ ਦਾ ਚਾਈਲਡ ਸਪੈਸ਼ਲਿਸਟ ਦੇ ਤੌਰ ਉਤੇ 'ਵਿਜ਼ਟਿੰਗ ਡਾਕਟਰ' ਏ ਤੇ ਸੋਹਣਾ ਏਨਾ ਕਿ ਕਦੇ ਕਦਾਈਂ ਮੇਰਾ ਵੀ ਉਹਦੇ ਨਾਲ ਮਾੜਾ ਮੋਟਾ ਰੋਮਾਂਸ ਕਰਨ ਨੂੰ ਜੀਅ ਕਰ ਆਉਂਦਾ।'' ਹਾਸਾ ਫੇਰ ਉਚਾ ਹੋਇਆ।
''ਦੀਪਾ, ਇਸ ਸਭ ਕਾਸੇ ਤੋਂ ਪਹਿਲਾਂ, ਮੇਰਾ ਉਹਨੂੰ ਵੇਖਣ ਨੂੰ ਜੀਅ ਕਰਦਾ ਹੈ।''
''ਠੀਕ ਏ, ਮੈਂ ਤੈਨੂੰ ਵਿਖਾ ਦੇਵਾਂਗੀ ਪਰ ਜੇ ਉਨ੍ਹੇ ਵੀ ਤੈਨੂੰ ਵੇਖਣਾ ਚਾਹਿਆ?''
''ਨਹੀਂ, ਸ਼ਾਇਦ ਉਹ ਇੰਜ ਨਾ ਹੀ ਚਾਹੇ'', ਫੇਰ ਕੁਝ ਚਿਰ ਸੋਚ ਕੇ ਕਹਿਣ ਲੱਗੀ, ''ਮੈਨੂੰ ਲੱਗਦਾ, ਜਿਵੇਂ ਇਸ ਸਿਲਸਿਲੇ 'ਚ ਮਰਦ ਦਾ ਕਰਮ ਕੁਝ ਇੰਜ ਦਾ ਹੈ ਜਿਵੇਂ ਕਿਸੇ ਨੂੰ ਕੋਈ ਫਾਲਤੂ ਚੀਜ਼ ਦੇ ਕੇ ਭੁੱਲ ਜਾਈਦਾ ਹੈ-ਪਰ ਔਰਤ ਨੇ ਤਾਂ ਸਭ ਕਾਸੇ ਨੂੰ ਧਾਰਨ ਕਰਕੇ, ਆਪਣੇ ਪੂਰੇ ਜਿਸਮ 'ਚ ਰਚਾ ਕੇ, ਨਵੇਂ ਸਿਰਿਉਂ ਫੇਰ ਉਸਨੂੰ ਜਨਮ ਦੇਣਾ ਹੁੰਦਾ ਹੈ।''
''ਗੱਲ ਤਾਂ ਤੇਰੀ ਠੀਕ ਏ ਪਰ ਫਿਰ ਵੀ ਜੇ ਉਹਨੇ ਵੀ ਸੋਚ ਲਿਆ ਕਿ ਕੋਈ ਫਾਲਤੂ ਚੀਜ਼ ਨਹੀਂ, ਜ਼ਿੰਦਗੀ ਦਾ ਹੁਸੀਨ ਤੋਹਫਾ ਕਿਸੇ ਨੂੰ ਦੇ ਰਿਹਾ ਹਾਂ ਤਾਂ ਫੇਰ?'' ਦੀਪਾ ਨੇ ਪੁੱਛਿਆ।
ਦੀਪਾ ਦੀ ਗੱਲ ਸੁਣ ਕੇ ਤਨਵੀਰ ਚੁੱਪ ਜਿਹੀ ਹੋ ਗਈ। ਕਿੰਨਾ ਚਿਰ ਸੋਚਦੀ ਰਹੀ ਤੇ ਫੇਰ ਹੌਲੀ ਜਿਹੀ ਬੋਲੀ, ''ਜੇ ਉਹਨੇ ਜ਼ਿੱਦ ਕੀਤੀ ਤਾਂ ਥੋੜ੍ਹੇ ਮਰੀਜ਼ ਆਉਂਦੇ ਨੇ ਤੇਰੇ ਕੋਲ। ਕਿਸੇ, ਮੇਰੇ ਨਾਲ ਰਲਦੀ ਮਿਲਦੀ ਨੂੰ ਵਿਖਾ ਛੱਡੀਂ। ਕਿਸੇ ਦੇ ਭਲੇ ਲਈ ਡਾਕਟਰਾਂ ਨੂੰ ਏਨਾ ਕੁ ਝੂਠ ਤਾਂ ਜਾਇਜ਼ ਹੈ।''
'ਗੋ 'ਅਹੈਡ'।'' ਦੋਵੇਂ ਫੇਰ ਮੁਸਕਰਾਈਆਂ। ਦੀਪਾ ਨੇ ਕਿਹਾ, ''ਇਹ ਨਿੱਕੇ ਨਿੱਕੇ ਝੂਠਾਂ ਨੂੰ ਅਸੀਂ ਡਾਕਟਰ ਲੋਕ, ਜ਼ਿੰਦਗੀ ਦਾ ਸੱਚ ਕਹਿੰਦੇ ਹੁੰਦੇ ਆਂ-ਉਂਜ ਜੇ ਵੇਖਿਆ ਜਾਵੇ ਤਾਂ ਉਹ ਝੂਠ ਸੱਚ ਤੋਂ ਵੀ ਕਿਤੇ ਵੱਡੇ ਹੁੰਦੇ ਨੇ।''
ਲਗਾਤਾਰ ਤਿੰਨ ਮਹੀਨੇ, ਪੂਰੇ ਜਰਖੇਜ਼ ਦਿਨਾਂ 'ਚ ਸਕੈਨਿੰਗ ਕਰਨ ਤੋਂ ਬਾਅਦ ਮਸਨੂਈ ਕਰਮ ਨੂੰ ਦੁਹਰਾਇਆ ਜਾਂਦਾ ਰਿਹਾ।
ਚੌਥੇ ਮਹੀਨੇ ਦੀਆਂ ਅਲਾਮਤਾਂ ਨਾਲ ਇਕ ਆਸ ਜਿਹੀ ਬੱਝੀ ਤੇ ਟੈਸਟ ਕਰਨ ਤੋਂ ਇਹ ਆਸ ਯਕੀਨ ਵਿਚ ਬਦਲ ਗਈ।
ਦੀਪਾ ਕੋਲੋਂ ਟੈਸਟ ਦੀ ਰਿਪੋਰਟ ਸੁਣ ਕੇ ਤਨਵੀਰ ਨੂੰ ਖੁਸ਼ੀ ਹੋਈ ਪਰ ਜਦ ਦੀਪਾ ਨੇ ਸੰਭਾਵੀ ਖਤਰਿਆਂ ਨੂੰ ਵੇਖਦਿਆਂ ਸਾਰਾ ਸਮਾਂ ਮੁਕੰਮਲ 'ਬੈਡ ਰੈਸਟ' ਦਾ ਹੁਕਮ ਵੀ ਦਾਗ ਦਿੱਤਾ ਤਾਂ ਤਨਵੀਰ ਨੂੰ ਇਹ ਬੜਾ ਹੀ ਔਖਾ ਜਿਹਾ ਲੱਗਾ।
ਲਗਾਤਾਰ ਮੰਜੇ 'ਤੇ ਬੈਠੀ ਰਹਿਣ ਜਾਂ ਲੰਮੇ ਪੈਣ ਦੇ ਵਿਹਲੇਪਣ ਨੇ ਉਹਨੂੰ ਅੰਤਰਮੁਖੀ ਜਿਹੀ ਬਣਾ ਦਿੱਤਾ। ਉਹਦੇ ਕੋਲ ਕੁਝ ਕੁ ਹੀ ਕੰਮ ਰਹਿ ਗਏ ਸਨ-ਪੜ੍ਹਨਾ, ਸੋਚਣਾ ਜਾਂ ਸੰਗੀਤ ਸੁਣਨਾ।
ਜਦੋਂ ਉਹ ਕੁਝ ਪੜ੍ਹਦੀ ਤਾਂ ਨਾਵਲ ਕਹਾਣੀਆਂ ਦਾ ਨਾਇਕ ਉਹਨੂੰ ਸਵਰਾਜ ਵਰਗਾ ਲੱਗਦਾ। ਜਦੋਂ ਉਹ ਕੁਝ ਸੋਚਦੀ ਤਾਂ ਡਾਕਟਰ ਸਵਰਾਜ ਦੇ ਨੈਣ ਨਕਸ਼ ਆਪਣੇ ਸਾਰੇ ਸਰੀਰ ਵਿਚ ਰਚ ਗਏ ਮਹਿਸੂਸ ਕਰਦੀ। ਸੰਗੀਤ ਸੁਣਦਿਆਂ ਵੀ ਉਹਨੂੰ ਇੰਜ ਲੱਗਦਾ ਜਿਵੇਂ ਉਹਦਿਆਂ ਕੰਨਾਂ 'ਚ ਉਸ ਦਿਨ ਵਾਲਾ ਗੀਤ ਗੂੰਜ ਰਿਹਾ ਹੋਵੇ ਤੇ ਉਹ ਮੰਤਰ-ਮੁਗਧ ਜਿਹੀ ਹੋਈ ਚੁਟਕੀਆਂ ਨਾਲ ਗੀਤ ਨੂੰ ਤਾਲ ਦੇ ਰਹੀ ਹੋਵੇ।
ਇਹ ਗੀਤ ਸਵਰਾਜ ਨੇ, ਦੀਪਾ ਦੇ ਬੱਚੇ ਦੀ ਜਨਮ ਪਾਰਟੀ ਵਿਚ ਗਾਇਆ ਸੀ, ਤਨਵੀਰ ਸ਼ਾਇਦ ਉਹ ਦਿਨ ਇਸੇ ਲਈ ਬੜਾ ਯਾਦ ਆਉਂਦਾ ਸੀ ਕਿ ਉਹਨੇ ਸਵਰਾਜ ਨਾਲ ਪਹਿਲੀ ਵਾਰ ਏਨੀ ਨੇੜਤਾ ਮਹਿਸੂਸ ਕੀਤੀ ਸੀ।
ਬਹੁਤ ਸਾਰੇ ਲੋਕ ਦੀਪਾ ਨੇ ਕਦੇ ਵੀ ਨਹੀਂ ਸਨ ਸੱਦੇ ਪਰ ਇਸ ਵਾਰ ਤਨਵੀਰ ਦੇ ਕਹਿਣ ਉਤੇ ਉਹਨੇ ਸਵਰਾਜ ਨੂੰ ਵੀ ਸੱਦ ਲਿਆ ਸੀ। ਸਵਰਾਜ ਨਾਲ ਮਿਲਾਉਂਦਿਆਂ ਦੀਪਾ ਨੇ ਕਿਹਾ ਸੀ, ''ਮੇਰੀ ਬਚਪਨ ਦੀ ਸਭ ਤੋਂ ਪਿਆਰੀ ਸਹੇਲੀ ਤਨਵੀਰ-ਤੇ ਤਨਵੀਰ ਇਹ ਡਾਕਟਰ ਸਵਰਾਜ।''
ਏਨੀ ਕੁ ਜਾਣਕਾਰੀ ਤੋਂ ਬਾਅਦ ਉਹ ਆਪ ਤਾਂ ਏਧਰ ਉਧਰ ਹੀ ਹੋਈ ਰਹੀ ਸੀ ਤੇ ਉਹ ਦੋਵੇਂ ਬੜੀ ਹੀ ਸ਼ਿੱਦਤ ਨਾਲ ਇਕ ਦੂਸਰੇ ਨਾਲ ਗੱਲਾਂ ਕਰਦੇ ਰਹੇ ਸਨ। ਇਹ ਨੇੜਤਾ ਆਮ ਲੋਕਾਂ ਨਾਲੋਂ ਕਿਤੇ ਵਧੇਰੇ ਸੀ। ਸਵਰਾਜ ਦੇ ਰੋਮਾਂਚਿਕ ਸੁਭਾ ਬਾਰੇ ਉਹਨੂੰ ਦੀਪਾ ਰਾਹੀਂ ਏਨਾ ਕੁ ਪਤਾ ਲੱਗ ਚੁੱਕਾ ਸੀ ਕਿ ਉਹ ਖੂਬਸੂਰਤ ਔਰਤਾਂ ਨਾਲ ਦਿਲਚਸਪੀ ਰੱਖਦਾ ਹੈ। ਉਨ੍ਹਾਂ 'ਚ ਘੁਲ ਮਿਲ ਜਾਣ ਦਾ ਤੇ ਢੁੱਕਵੇਂ ਹਾਸੇ ਮਜ਼ਾਕ ਨਾਲ ਆਪਣੇ ਪ੍ਰਤੀ ਖਿੱਚ ਪੈਦਾ ਕਰਨ ਦਾ ਉਹ ਕਾਫੀ ਮਾਹਰ ਹੈ।
ਪਰ ਤਨਵੀਰ ਨੂੰ ਹੈਰਾਨੀ ਇਹ ਹੋ ਰਹੀ ਸੀ ਕਿ ਸਵਰਾਜ ਦੀ ਕਿਸੇ ਖਾਸ ਕੋਸ਼ਿਸ਼ ਤੋਂ ਬਗੈਰ ਹੀ ਉਹ ਆਪ ਹੀ ਉਹਦੇ ਵੱਲ ਖਿੱਚੀ ਜਿਹੀ ਜਾ ਰਹੀ ਸੀ ਤੇ ਲੋੜੋਂ ਵੱਧ ਨੇੜਤਾ ਪੈਦਾ ਕਰ ਰਹੀ ਸੀ। ਉਹ ਮਹਿਸੂਸ ਕਰ ਰਹੀ ਸੀ ਕਿ ਉਹਦੀ ਵੇਖਣੀ, ਚਾਖਣੀ, ਗੁਫ਼ਤਗੂ ਤੇ ਸਾਰੇ ਅੰਦਾਜ਼ ਕਿਸੇ ਤਰ੍ਹਾਂ ਵੀ ਸਾਧਾਰਨ ਨਹੀਂ ਸਨ। ਉਹ ਆਪ ਵੀ ਸਿਰ ਤੋਂ ਪੈਰਾਂ ਤੱਕ ਹਿੱਲ ਗਈ ਸੀ ਤੇ ਇਹੋ ਹਾਲ ਉਹਨੂੰ ਸਵਰਾਜ ਦਾ ਲੱਗ ਰਿਹਾ ਸੀ।
ਸਵਰਾਜ ਆਪਣੀਆਂ ਨੀਲੀਆਂ ਅੱਖਾਂ ਨੂੰ ਅੱਧਮੀਟੀਆਂ ਜਿਹੀਆਂ ਕਰਦਾ ਕਹਿ ਰਿਹਾ ਸੀ, ''ਤਨਵੀਰ, ਮੈਂ ਵਿਆਹਿਆ ਵਰ੍ਹਿਆਂ ਵੀ ਹਾਂ। ਮੇਰੀ ਬੀਵੀ ਖੂਬਸੂਰਤ ਵੀ ਹੈ, ਪਰ ਫੇਰ ਵੀ ਕੋਈ ਹੋਰ ਖੂਬਸੂਰਤ ਚਿਹਰਾ ਵੇਖ ਕੇ ਜੀ ਕਰਦਾ ਹੈ ਕਿ ਮੇਰੀ ਉਹਦੇ ਨਾਲ ਕੋਈ ਸਾਂਝ ਹੋਵੇ। ਭਾਵੇਂ ਕਿਸੇ ਦੀ ਤਰ੍ਹਾਂ ਜਾਂ ਕਿਸੇ ਵੀ ਰਿਸ਼ਤਿਓਂ, ਮੈਂ ਉਹਦੇ ਨਾਲ ਨੇੜਤਾ ਬਣਾ ਲਵਾਂ ਤੇ ਦਿਲ ਦੀ ਹਰ ਗੱਲ ਸਾਂਝੀ ਕਰ ਸਕਾਂ।'' ਸੁਣ ਕੇ ਤਨਵੀਰ ਦਾ ਦਿਲ ਕੀਤਾ ਸੀ ਕਿ ਉਹ ਸਵਰਾਜ ਦੇ ਮੋਢੇ ਉਤੇ ਆਪਣਾ ਸਿਰ ਰੱਖ ਦੇਵੇ।
ਉਸ ਦਿਨ ਪਾਰਟੀ 'ਚ ਜਦ ਉਹਨੇ ਗੀਤ ਗਾਇਆ ਸੀ ਤਾਂ ਉਹ ਤਰਲ ਜਿਹੀ ਬਣੀ, ਗੀਤ ਨੂੰ ਸੁਣਦੀ, ਆਪਣੇ ਸੱਜੇ ਹੱਥ ਨਾਲ ਪੱਟ ਉਤੇ ਤਾਲ ਦਿੰਦੀ ਰਹੀ ਸੀ ਤੇ ਗੀਤ ਦੇ ਅੰਤ ਉਤੇ ਜਦੋਂ ਸਾਰੇ ਲੋਕ ਤਾੜੀਆਂ ਮਾਰਨੋਂ ਹਟ ਗਏ ਸਨ ਤਾਂ ਉਹਦੀ ਥਾਪ ਉਦੋਂ ਵੀ ਜਾਰੀ ਸੀ।
ਤਨਵੀਰ ਦਾ ਘਰ ਵਾਲਾ ਐਸ਼ਡੀæਓæ ਸੀ ਤੇ ਕਿਸੇ ਦੂਰ ਜ਼ਿਲ੍ਹੇ ਵਿਚ ਤਬਦੀਲ ਸੀ। ਉਹ ਹਫਤੇ ਦੇ ਅਖੀਰ ਵਿਚ ਆਉਂਦਾ। ਬਾਕੀ ਦੇ ਸਾਰੇ ਦਿਨ ਤਨਵੀਰ ਨੂੰ ਇਕੱਲਿਆਂ ਹੀ ਕੱਟਣੇ ਪੈਂਦੇ।
ਇਸ ਸਾਰੇ ਸਮੇਂ 'ਚ ਉਹ ਪਹਿਲਾਂ ਬਹੁਤਾ ਸਮਾਂ ਆਪਣੇ ਘਰ ਵਾਲੇ ਬਾਰੇ ਸੋਚਦੀ ਰਹਿੰਦੀ ਤੇ ਇਹ ਉਹਨੂੰ ਚੰਗਾ ਵੀ ਲੱਗਦਾ। ਪਰ ਪਿਛਲੇ ਕੁਝ ਸਮੇਂ ਤੋਂ ਉਹ ਘਰ ਵਾਲੇ ਨਾਲੋਂ ਜ਼ਿਆਦਾ ਸਵਰਾਜ ਬਾਰੇ ਸੋਚਣ ਲੱਗ ਪਈ ਸੀ। ਇੰਜ ਕਰਦਿਆਂ ਉਹ ਕਈ ਵਾਰ ਆਪਣੇ ਆਪ ਨੂੰ ਬੜੀ ਹੀ ਗਲਤ ਮਾਨਸਿਕਤਾ ਦਾ ਸ਼ਿਕਾਰ ਹੋਈ ਸਮਝਦੀ ਤੇ ਕਦੀ-ਕਦਾਈਂ ਆਪੇ ਹੀ ਆਪਣੇ ਆਪ ਨੂੰ ਸਹੀ ਮਿੱਥ ਲੈਂਦੀ। ਬੜੀ ਹੀ ਅਜੀਬ ਜਿਹੀ ਕਸ਼ਮਕਸ਼ ਵਿਚੋਂ ਉਹ ਲੰਘ ਰਹੀ ਸੀ। ਸਵਰਾਜ ਬਾਰੇ ਸੋਚਦਿਆਂ ਉਹਨੂੰ ਚੰਗਾ ਵੀ ਲੱਗਦਾ ਤੇ ਕਦੇ-ਕਦਾਈਂ ਇੰਜ ਸੋਚਦਿਆਂ ਉਹ ਪ੍ਰੇਸ਼ਾਨ ਜਿਹੀ ਹੋ ਕੇ ਆਪਣੇ ਆਪ ਨੂੰ ਗੁਨਾਹਗਾਰ ਜਿਹੀ ਸਮਝਣ ਲੱਗ ਪੈਂਦੀ।
ਉਹ ਹਰ ਪੰਦਰੀਂ ਦਿਨੀਂ ਚੈਕਅੱਪ ਲਈ ਜਾਣ ਲੱਗਿਆਂ ਸੋਚਦੀ ਕਿ ਸ਼ਾਇਦ ਦੀਪਾ, ਸਵਰਾਜ ਦੀ ਕੋਈ ਗੱਲ ਕਰੇ। ਉਹ ਕਈ ਵਾਰ ਆਪ ਵੀ ਅਜਿਹਾ ਮਾਹੌਲ ਸਿਰਜ ਦੇਂਦੀ ਜਿਥੇ ਸਵਰਾਜ ਦੀ ਗੱਲ ਕਰਨੀ ਜ਼ਰੂਰੀ ਹੋ ਜਾਏ ਪਰ ਇੰਜ ਦਾ ਕਦੇ ਵੀ ਕੁਝ ਨਾ ਵਾਪਰਿਆ।
ਉਹਨੂੰ ਕਈ ਵਾਰ ਖਿੱਝ ਜਿਹੀ ਵੀ ਆਉਂਦੀ ਕਿ ਦੀਪਾ, ਸਵਰਾਜ ਦੀ ਕੋਈ ਗੱਲ ਕਰਨ ਤੋਂ ਗੁਰੇਜ਼ ਕਿਉਂ ਕਰਦੀ ਹੈ?
ਚੈਕਅੱਪ ਤੋਂ ਵਿਹਲਿਆਂ ਹੋ ਕੇ ਤਨਵੀਰ ਖਾਹਮਖਾਹ ਹੀ ਹਸਪਤਾਲ ਦੇ ਚੱਕਰ ਜਿਹੇ ਕੱਢਦੀ ਰਹਿੰਦੀ। ਬਸ ਐਵੇਂ ਹੀ ਬੂਹੇ ਬਾਰੀਆਂ ਕੋਲ ਢੋਅ ਲਾ ਕੇ ਉਹ ਸੋਚਾਂ ਵਿਚ ਭਟਕਦੀ ਫਿਰਦੀ। ਉਹਦੀਆਂ ਉਡਵੀਆਂ ਨਜ਼ਰਾਂ, ਏਧਰ-ਉਧਰ ਸਵਰਾਜ ਨੂੰ ਲੱਭਦੀਆਂ ਰਹਿੰਦੀਆਂ ਤੇ ਅੰਤ ਹਾਰ ਹੰਭ ਜਿਹੀਆਂ ਜਾਂਦੀਆਂ ਪਰ ਸਵਰਾਜ ਕਦੇ ਵੀ ਨਾ ਮਿਲਿਆ।
ਇਕ ਦਿਨ ਉਹਨੇ ਬੜੇ ਧਿਆਨ ਨਾਲ ਹਸਪਤਾਲ ਦੇ ਕਾਰਡ ਤੋਂ ਉਹਦੇ 'ਵਿਜ਼ਟਿੰਗ ਡੇਅਜ਼ ਅਤੇ ਸਮਾਂ ਪੜ੍ਹਿਆ ਤੇ ਮਨ ਹੀ ਮਨ ਪੱਕੇ ਤੌਰ ਉਤੇ, ਉਸੇ ਦਿਨ ਤੇ ਉਸੇ ਸਮੇਂ ਹਸਪਤਾਲ ਜਾਣ ਬਾਰੇ ਸੋਚ ਲਿਆ।
ਉਹ ਆਮ ਦੀ ਤਰ੍ਹਾਂ ਉਸ ਦਿਨ ਸਿੱਧਾ ਦੀਪਾ ਕੋਲ ਨਹੀਂ ਗਈ-ਬਸ ਇਕ ਨੁੱਕਰੇ ਖਲੌਤੀ ਉਹ ਸਵਰਾਜ ਨੂੰ ਉਡੀਕਦੀ ਰਹੀ। ਤੇ ਜਦੋਂ ਸਵਰਾਜ ਬੱਚਿਆਂ ਨੂੰ ਵਿੰਹਦਾ ਵਿੰਹਦਾ ਇਕ ਕਮਰੇ ਤੋਂ ਦੂਸਰੇ ਕਮਰੇ ਤੱਕ ਤੁਰਦਾ ਗਿਆ ਤੇ ਉਹ ਇਕ ਨੁੱਕੇ ਲੱਗੀ ਕਈ ਕੁਝ ਸੋਚਦੀ ਰਹੀ ਤੇ ਉਹਦਾ ਹੱਥ ਆਪਣੇ ਆਪ ਜਿਵੇਂ ਆਪਣੇ ਹੀ ਢਿੱਡ ਨੂੰ ਟੋਹਣ ਲੱਗ ਪਿਆ।
ਜਦੋਂ ਸਵਰਾਜ ਕਿਸੇ ਨਵੇਂ ਜੰਮੇ ਬੱਚੇ ਨੂੰ ਚੈਕ ਕਰਨ ਲਈ ਉਹਦੇ ਕਮਰੇ 'ਚ ਗਿਆ ਤਨਵੀਰ ਅੰਦਾਜ਼ਾ ਜਿਹਾ ਲੈ ਕੇ ਕਮਰੇ ਦੇ ਰਾਹ ਵਿਚ ਇੰਜ ਖਲੋ ਗਈ ਜਿਵੇਂ ਮਿਲਣ ਉਤੇ ਸਭ ਕੁਝ ਸੁਭਾਵਕ ਤੇ ਅਚਨਚੇਤ ਜਿਹਾ ਲੱਗੇ।
ਤੇ ਇੰਜ ਹੀ ਹੋਇਆ। ਸਵਰਾਜ ਸਾਹਮਣੇ ਆਇਆ। ਉਹਨੂੰ ਵੇਖਕੇ ਉਹ ਮੁਸਕਾਈ ਤਾਂ ਆਪਣੇ ਵਲੋਂ ਦਬਵਾਂ ਜਿਹਾ ਹੀ ਪਰ ਉਹਨੂੰ ਪਤਾ ਸੀ ਕਿ ਇਹ ਖੁੱਲ੍ਹ ਕੇ ਮੁਸਕਾਉਣ ਨਾਲੋਂ ਕਿਤੇ ਵਧ ਸੀ।
ਸਵਰਾਜ ਦੇ ਚਲਦੇ ਕਾਹਲੇ ਕਦਮ ਵੀ ਇਕਦਮ ਰੁਕ ਗਏ। ਉਹ ਵੀ ਮੁਸਕਰਾਇਆ। ਤਨਵੀਰ ਨੂੰ ਉਹਦੀ ਮੁਸਕਰਾਹਟ ਲੋਅ ਵਾਂਗ ਚਮਕੀਲੀ ਜਿਹੀ ਲੱਗੀ।
ਸਵਰਾਜ ਨੇ ਕਿਹਾ, ''ਕਿਥੇ ਅਲੋਪ ਹੋ ਗਏ ਸੀ ਤੁਸੀਂ, ਫੇਰ ਮੇਲ ਹੀ ਨਹੀਂ ਹੋਇਆ?''
''ਤੈਨੂੰ ਕੀ ਦੱਸਾਂ ਕਿ ਮੈਂ ਤੈਨੂੰ ਕਿੰਨਾ ਉਡੀਕਿਆ। ਪਲ ਤਾਂ ਬਹੁਤ ਵੱਡਾ ਹੁੰਦਾ ਹੈ, ਮੈਂ ਤੈਨੂੰ ਇਕ ਪਲ 'ਚ ਕਈ ਵਾਰ ਯਾਦ ਕੀਤਾ।''
ਅੱਖਾਂ ਮੁੰਦੀ ਉਹਨੇ ਇੰਜ ਦਾ ਹੀ ਸੋਚਿਆ। ਅੱਖਾਂ ਉਘੇੜ ਕੇ ਉਹ ਸਵਰਾਜ ਵੱਲ ਵੇਖ ਕੇ ਮੁਸਕਾਈ ਤੇ ਐਵੇਂ ਝੂਠ ਦਾ ਆਸਰਾ ਜਿਹਾ ਲੈਂਦੀ ਬੋਲੀ, ''ਸਾਡੇ ਵਿਆਹ ਦੀ ਦੂਸਰੀ ਸਾਲਗਿਰ੍ਹਾ ਸੀ, ਕੁਝ ਦਿਨਾਂ ਲਈ ਮੈਂ ਆਪਣੇ ਹਸਬੈਂਡ ਨਾਲ ਬਾਹਰ ਚਲੀ ਗਈ ਸਾਂ। ਉਹ ਪਹਾੜਾਂ 'ਤੇ ਘੁੰਮਣ ਫਿਰਨ ਦੇ ਬਹੁਤ ਸ਼ੌਕੀਨ ਨੇ।'' ਦੀਪ ਦੀਆਂ ਹਦਾਇਤਾਂ ਅਨੁਸਾਰ ਦੂਸਰੀ ਸਾਲਗਿਰ੍ਹਾ ਦਾ ਝੂਠ ਬੋਲ ਕੇ, ਉਹਨੇ ਆਪਣੀ ਸ਼ਨਾਖਤ ਨੂੰ ਹੋਰ ਵੀ ਬੇ-ਪਛਾਣ ਜਿਹਾ ਬਣਾ ਲਿਆ।
''ਅੱਜ ਕਿਵੇਂ ਆਉਣਾ ਹੋਇਆ?'' ਸਵਰਾਜ ਨੇ ਦੁਨਿਆਵੀ ਜਿਹੇ ਸ਼ਬਦਾਂ ਵਿਚ ਜਿਵੇਂ ਗੱਲ ਹੀ ਅਗਾਂਹ ਤੋਰੀ ਸੀ।
ਤਨਵੀਰ ਨੇ ਸਵਰਾਜ ਦੀਆਂ ਅੱਖਾਂ ਵਿਚ ਡੂੰਘਾ ਝਾਕਿਆ, ''ਮੈਂ ਮਾਂ ਬਣਨ ਵਾਲੀ ਆਂ ਤੇਰੇ ਬੱਚੇ ਦੀ, ਤੇ ਬੱਸ ਤੈਨੂੰ ਮਿਲਣ ਆਈ ਆਂ ਤੇ ਤੂੰ ਪੁੱਛ ਰਿਹਾਂ ਕਿਵੇਂ ਆਉਣਾ ਹੋਇਆ?'' ਉਹਦੀਆਂ ਅੱਖਾਂ ਨੇ ਆਖਿਆ ਪਰ ਆਪ ਉਹ ਸਿਰਫ ਏਨਾ ਹੀ ਕਹਿ ਸਕੀ, ''ਬਸ ਦੀਪਾ ਨੂੰ ਮਿਲਣ ਆਈ ਸਾਂ ਤੇ ਅਚਾਨਕ ਤੁਹਾਡੇ ਨਾਲ ਮੁਲਾਕਾਤ ਹੋ ਗਈ।''
''ਹੋਰ ਕੋਈ ਸੇਵਾ ਮੇਰੇ ਲੈਕ?'' ਰੋਜ਼ਮੱਰ੍ਹਾ ਜ਼ਿਦੰਗੀ 'ਚ ਇਹੋ ਜਿਹੇ ਸ਼ਬਦ ਆਮ ਹੀ ਬੋਲੇ ਜਾਂਦੇ ਹਨ। ਸਵਰਾਜ ਨੇ ਵੀ ਬੋਲ ਦਿੱਤੇ।
''ਬਸ ਸ਼ੁਕਰੀਆਂ, ਡਾਕਟਰ!'' ਜਵਾਬ ਵੀ ਰੋਜ਼ਾਨਾ ਦੁਨਿਆਵੀ ਜ਼ਿੰਦਗੀ ਵਰਗਾ ਹੀ ਸੀ।
''ਮੈਂ ਰਾਊਂਡ ਲਾ ਆਵਾਂ ਫੇਰ ਮਿਲਦੇ ਆਂ।''
ਸਵਰਾਜ ਨੇ ਕਿਹਾ ਤੇ ਫੇਰ ਕਾਹਲੀ ਨਾਲ ਅਗਾਂਹ ਤੁਰਦਾ ਬਣਿਆ ਤੇ ਤਨਵੀਰ ਉਥੇ ਹੀ ਖਲੋਤੀ ਸੋਚਦੀ ਰਹੀ, ''ਹੋਰ ਕੋਈ ਸੇਵਾ ਮੇਰੇ ਲੈਕ'' ਦਾ ਅਰਥ ਕੀ ਹੋ ਸਕਦੈ, ''ਕੀ ਉਹਨੂੰ ਆਪਣੀ ਪਹਿਲੀ ਕੀਤੀ ਸੇਵਾ ਦਾ ਪਤਾ ਹੈ? ਜੇ ਪਤਾ ਹੈ ਤਾਂ ਇਸਤੋਂ ਇਲਾਵਾ ਹੋਰ ਕਿਹੜੀ ਸੇਵਾ ਹੋ ਸਕਦੀ ਹੈ?''
ਫੇਰ ਉਹ ਆਪਣੇ ਆਪ ਨੂੰ ਸੰਬੋਧਨ ਹੋਈ, ''ਤੂੰ ਉਹਦੀ ਛੱਡ ਤੇ ਆਪਣੀ ਹੀ ਦੱਸ ਕਿ 'ਬਸ ਸ਼ੁਕਰੀਆ, ਡਾਕਟਰ' ਕਹਿਣ ਦੀ ਕੀ ਲੋੜ ਪੈ ਗਈ ਸੀ। ਇਹਦਾ ਅਰਥ ਵੀ ਤਾਂ ਇਹ ਹੋ ਸਕਦਾ ਹੈ ਕਿ ਤੂੰ ਉਹਦੀ ਉਸੇ ਮਿਹਰਬਾਨੀ ਨਾਲ ਹੀ ਸੰਤੁਸ਼ਟ ਏਂ ਤੇ ਤੈਨੂੰ ਉਹਦੇ ਵਲੋਂ ਹੋਰ ਕੁਝ ਨਹੀਂ ਚਾਹੀਦਾ।''
ਸਵਰਾਜ ਜਾ ਚੁੱਕਾ ਸੀ। ਬਸ ਉਹ ਉਥੇ ਖਲੋਤੀ ਸ਼ਬਦਾਂ ਨੂੰ ਆਪਣੇ ਹੀ ਬਦਲਵੇਂ ਅਰਥ ਦਿੰਦੀ ਵੱਖਰੇ-ਵੱਖਰੇ ਜ਼ਾਵੀਏ ਤੋਂ ਕਈ ਕੋਣਾਂ ਤਿਕੋਣਾਂ ਜਿਹੀਆਂ ਬਣਾਉਂਦੀ ਰਹੀ।
ਕਈ ਵਾਰ ਉਸ ਸੋਚਦੀ ਕਿ ਇਹ ਕੀ ਹੁੰਦਾ ਜਾ ਰਿਹਾ ਸੀ ਉਸਨੂੰ? ਏਨਾ ਚੰਗਾ ਉਹਦਾ ਘਰ ਵਾਲਾ। ਹਰ ਤਰ੍ਹਾਂ ਦਾ ਸੁਖ ਆਰਾਮ ਉਹਦੇ ਘਰ ਵਿਚ। ਹਰ ਪੱਖੋਂ ਹੀ ਤਾਂ ਉਹ ਸੰਤੁਸ਼ਟ ਸੀ। ਜੇ ਕਦੇ ਰੜਕਦੀ ਸੀ ਤਾਂ ਬੱਸ ਬੱਚੇ ਦੀ ਘਾਟ ਹੀ ਰੜਕਦੀ ਸੀ ਪਰ ਹੁਣ ਉਹ, ਉਸ ਦੀ ਪੂਰਤੀ ਵਲ ਵਧਦੀ ਵੀ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਿਉਂ ਨਹੀਂ ਸੀ ਕਰ ਰਹੀ?
ਹਰ ਤਰ੍ਹਾਂ ਦੀ ਬਹੁਲਤਾ ਉਹਦੇ ਕੋਲ ਸੀ ਪਰ ਫੇਰ ਵੀ ਉਹਨੂੰ ਕੁਝ ਸੱਖਣੇਪਣ ਵਰਗਾ ਹਮੇਸ਼ਾ ਹੀ ਕਿਉਂ ਰੜਕਦਾ ਰਹਿੰਦਾ ਸੀ?
ਉਦੋਂ ਉਹਨੂੰ ਕਈ ਵਾਰ ਗੁਨਾਹ ਵਰਗਾ ਅਹਿਸਾਸ ਵੀ ਹੁੰਦਾ, ਜਦੋਂ ਪਤੀ ਨਾਲ ਸੁੱਤੀ ਉਹ ਸਵਰਾਜ ਬਾਰੇ ਸੋਚਣ ਲੱਗ ਪੈਂਦੀ, ਪਤੀ ਨਾਲ ਗੱਲਾਂ ਕਰਦਿਆਂ ਉਹ ਸਵਰਾਜ ਦੀਆਂ ਸੋਚਾਂ ਵਿਚ ਕਿਸੇ ਹੋਰ ਹੀ ਪਾਸੇ ਉਲਝ ਜਾਂਦੀ। ਉਹਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਆਪਣੇ ਪਤੀ ਨਾਲ ਪਹਿਲਾਂ ਵਾਂਗ ਜੁੜੀ ਨਹੀਂ ਸੀ ਰਹਿ ਸਕੀ ਤੇ ਉਹਦਾ ਬਹੁਤ ਕੁਝ ਉਥੋਂ ਟੁੱਟ ਕੇ ਜਿਵੇਂ ਸਵਰਾਜ ਨਾਲ ਜੁੜ ਗਿਆ ਸੀ ਤੇ ਦਿਨ-ਬ-ਦਿਨ ਜੁੜਦਾ ਜਾ ਰਿਹਾ ਸੀ।
ਇਹ ਮਹਿਸੂਸ ਕਰਕੇ ਉਹ ਘਬਰਾ ਜਾਂਦੀ। ਕਈ ਵਾਰ ਉਹ ਸੋਚਦੀ ਕਿ ਉਹਦੇ ਘਰ ਵਾਲਾ ਖੁਸ਼ ਸੀ ਕਿ ਏਨੇ ਸਾਲਾਂ ਬਾਅਦ ਉਹ ਪਿਓ ਬਣਨ ਵਾਲਾ ਹੈ। ਉਹ ਆਪ ਵੀ ਖੁਸ਼ ਸੀ ਕਿ ਉਹ ਮਾਂ ਬਣਨ ਜਾ ਰਹੀ ਹੈ ਪਰ ਜੀਹਦੇ ਨਾਲ ਉਹ ਖੁਸ਼ੀ ਸਾਂਝੀ ਕਰਨੀ ਚਾਹੁੰਦੀ ਸੀ ਉਹਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਇਹ ਸੋਚ ਕੇ ਉਹ ਹੋਰ ਵੀ ਦੁਖੀ ਤੇ ਉਦਾਸ ਜਿਹੀ ਹੋ ਜਾਂਦੀ।
ਰਿਸ਼ਤਿਆਂ ਦੀਆਂ ਬਰੀਕ ਤੰਦਾਂ, ਉਹਨੂੰ ਗਲ 'ਚ ਪਾਈ ਗਾਨੀ ਵਾਂਗ ਚੁਭਣ ਲੱਗ ਪੈਂਦੀਆਂ। ਆਪਣਾ ਹੀ ਸਿਰੜ, ਮੋਢਿਆਂ ਉਤੇ ਚੁੱਕਿਆ, ਵਾਧੂ ਭਾਰ ਜਿਹਾ ਲੱਗਦਾ ਤੇ ਉਹਦਾ ਜੀਅ ਕਰਦਾ ਕਿ ਉਹ ਉਹਲੇ ਦੇ ਇਸ ਚਬੂਤਰੇ ਨੂੰ ਆਪਣੇ ਹੀ ਹੱਥੀਂ ਢਾਹ ਢੇਰੀ ਕਰੇ।
ਪਹਿਲਾਂ, ਜਿਹੜੀ ਗੱਲ ਕਰਕੇ ਉਹ ਦੀਪਾ ਨੂੰ ਸਿਆਣੀ ਸਮਝਦੀ ਸੀ ਹੁਣ ਉਸੇ ਹੀ ਕਾਰਨ, ਉਹਨੂੰ ਕਈ ਵਾਰ ਉਹਦੇ ਉਤੇ ਗੁੱਸਾ ਆ ਜਾਂਦਾ। ਇਹ ਤਾਂ ਠੀਕ ਹੈ ਕਿ ਦੀਪਾ ਨੂੰ ਉਹਨੇ ਹੀ ਪਛਾਣ ਨਾ ਦੱਸਣ ਬਾਰੇ ਕਿਹਾ ਸੀ ਪਰ ਜੇ ਉਹ ਇੰਜ ਕਰ ਵੀ ਦਿੰਦੀ ਤਾਂ ਕਿਹੜਾ ਸੱਤਵਾਂ ਅਸਮਾਨ ਢਹਿ ਪੈਣਾ ਸੀ? ਘੱਟੋ ਘੱਟ ਇਸ ਪਛਾਣ ਦਾ ਕੋਈ ਆਧਾਰ ਤਾਂ ਹੁੰਦਾ। ਉਸ ਆਧਾਰ ਦੇ ਆਸਰੇ ਉਹਦੇ ਨਾਲ ਗੱਲ ਤਾਂ ਕੀਤੀ ਜਾ ਸਕਦੀ ਸੀ। ਸ਼ਾਇਦ ਮੈਂ ਇਕੱਲੀ ਹੀ ਉਹਦੇ ਬਾਰੇ ਨਾ ਸੋਚਦੀ। ਕਦੇ ਕਦਾਈਂ ਥੋੜ੍ਹਾ ਬਹੁਤ ਉਹ ਵੀ ਮੇਰੇ ਬਾਰੇ ਸੋਚਦਾ ਤੇ ਸ਼ਾਇਦ ਗੱਲ ਥੋੜ੍ਹੀ ਬਹੁਤ ਅੱਗੇ ਤੁਰਦੀ।
ਉਸ ਦਿਨ ਦੀਪਾ ਦੇ ਬੱਚੇ ਦੀ ਪਾਰਟੀ ਵਿਚ ਉਨ੍ਹਾਂ ਕਿੰਨੀਆਂ ਗੱਲਾਂ ਕੀਤੀਆਂ ਸਨ ਪਰ ਉਹ ਤਾਂ ਸਭ ਹਵਾਈ ਜਿਹੀਆਂ ਹੀ ਸਨ-ਬਸ ਇਧਰ ਉਧਰ ਦੀਆਂ। ਉਨ੍ਹਾਂ 'ਚ ਸਾਂਝੀ ਧਰਤੀ ਤਾਂ ਕੋਈ ਵੀ ਨਹੀਂ ਸੀ। ਇੰਜ ਸੋਚਦਿਆਂ ਉਹਨੂੰ ਕਿਸੇ ਸਾਂਝੀ ਧਰਾਤਲ ਦੀ ਲੋੜ ਮਹਿਸੂਸ ਹੁੰਦੀ।
ਇਕ ਦਿਨ ਪਤਾ ਨਹੀਂ ਕਿਹੋ ਜਿਹੀ ਪੌਣ ਦਾ ਪਹਿਰਾ ਸੀ ਉਹਦੇ ਸਿਰ ਉਤੇ ਕਿ ਉਹਨੇ ਦੀਪਾ ਨੂੰ ਮੂੰਹ ਜ਼ੋਰ ਹੋ ਕੇ ਕਹਿ ਦਿੱਤਾ ਸੀ, ''ਮੇਰਾ ਬੜਾ ਜੀਅ ਕਰਦਾ ਹੈ ਸਵਰਾਜ ਨੂੰ ਮਿਲਣ ਲਈ। ਮੇਰਾ ਦਿਲ ਕਰਦਾ ਹੈ, ਉਹਦੇ ਨਾਲ ਰੱਜ ਕੇ ਗੱਲਾਂ ਕਰਾਂ। ਉਹਦਾ ਧੰਨਵਾਦ ਕਰਾਂ ਕਿ ਉਹਦੇ ਯਤਨਾਂ ਨੇ ਮੈਨੂੰ ਦੁਨੀਆਂ 'ਚ ਖਲੋਣ ਜੋਗੀ ਬਣਾ ਦਿੱਤਾ ਹੈ। ਮੈਂ ਤਰਸ ਜਿਹੀ ਗਈ ਹਾਂ ਕਿ ਉਹਦੇ ਹੱਥਾਂ ਨੂੰ ਹੀ ਮਾੜਾ ਜਿਹਾ ਛੂਹ ਲਵਾਂ ਜਿਸਦੀ ਹੋਂਦ ਮੈਂ ਆਪਣੇ ਸਾਰੇ ਜਿਸਮ 'ਚ ਰਚਾਈ ਫਿਰਦੀ ਆਂ।''
ਦੀਪਾ ਸਾਰਾ ਕੁਝ ਸੁਣਦੀ ਰਹੀ ਤੇ ਫੇਰ ਬੜੇ ਹੀ ਸਖਤ ਵਤੀਰੇ ਨਾਲ ਘੁਰਕੀ ਜਿਹੀ ਲੈਂਦਿਆਂ ਉਹਨੂੰ ਸਭ ਕਾਸੇ ਤੋਂ ਵਰਜ ਦਿੱਤਾ। ਉਹਦੇ ਮੱਥੇ 'ਤੇ ਤਿਊੜੀਆਂ ਭਰਦਿਆਂ ਕਿਹਾ ਸੀ, ''ਤੂੰ ਠੀਕ ਤਾਂ ਏ? ਆਪਣਾ ਹਰ ਪੈਰ ਸੋਚ ਸਮਝ ਕੇ, ਬੋਚ ਕੇ ਰੱਖਣ ਵਾਲੀ ਤੇ ਮੇਰੇ ਸਮੇਤ ਕਈਆਂ ਨੂੰ ਨਸੀਹਤਾਂ ਦੇਣ ਵਾਲੀ ਅੱਜ ਡਾਵਾਂਡੋਲ ਜਿਹੀ ਕਿਵੇਂ ਹੋ ਗਈ?''
''ਤੂੰ ਕਿਉਂ ਨਹੀਂ ਸਮਝਦੀ ਦੀਪਾ ਕਿ ਸਵਰਾਜ ਦੀ ਮਿਹਰਬਾਨੀ ਅੱਗੇ ਜਦੋਂ ਮੇਰਾ ਮਨ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦਾ ਹੈ ਤਾਂ ਮੈਥੋਂ ਆਪਣੇ ਆਪ ਸੰਭਾਲਿਆ ਨਹੀਂ ਜਾਂਦਾ।''
''ਮਰਦ ਵੀ ਕਿਸੇ ਕੀਤੀ ਮਿਹਰਬਾਨੀ ਨੂੰ ਕਿਹੜਾ ਭੁੱਲਦੇ ਨੇ। ਉਹ ਵੀ ਝੱਟ ਕੈਸ਼ ਕਰਵਾਉਣ ਲਈ ਤਿਆਰ ਹੋ ਜਾਂਦੇ ਨੇ।'' ਦੀਪਾ ਨੇ ਵੀ ਬੜੇ ਵਿਅੰਗ ਜਿਹੇ ਨਾਲ ਕਿਹਾ।
''ਸੱਚੀ ਮੁੱਚੀ, ਮੇਰਾ ਵੀ ਜੀ ਕਰਦਾ ਹੈ ਕਿ ਸਵਰਾਜ ਮੈਨੂੰ ਪੂਰੀ ਦੀ ਪੂਰੀ ਕੈਸ਼ ਕਰਵਾ ਲਵੇ।''
''ਮੈਨੂੰ ਸਮਝ ਨਹੀਂ ਲੱਗਦੀ ਕਿ ਜੇ ਤੇਰਾ ਹਾਲ ਇਹੀ ਰਿਹਾ ਤਾਂ ਵਸੇਬਾ ਕਿਵੇਂ ਹੋਊ?'' ਦੀਪਾ ਨੇ ਤਨਵੀਰ ਦਾ ਕੰਨ ਫੜ੍ਹ ਕੇ ਖਿੱਚਦਿਆਂ ਕਿਹਾ, ''ਉਂਜ ਕਈ ਵਾਰ ਮੇਰਾ ਵਾਹ, ਤੇਰੇ ਤੋਂ ਵੀ ਅਲੋਕਾਰ ਤੇ ਵੱਖਰੀ ਕਿਸਮ ਦੀਆਂ ਔਰਤਾਂ ਨਾਲ ਪੈ ਜਾਂਦਾ ਹੈ।''
''ਮਸਲਨ?'' ਤਨਵੀਰ ਨੇ ਬੜੀ ਹੀ ਔਖੀ ਤਰ੍ਹਾਂ ਦੀ ਹੈਰਾਨੀ ਜਿਹੀ ਨਾਲ ਪੁੱਛਿਆ।
''ਮਸਲਨ, ਕਿਸੇ ਦਾ ਪਤੀ ਸੋਹਣਾ ਨਹੀਂ ਪਰ ਉਹ 'ਆਰਟੀਫੀਸ਼ਲ ਇਨਸਾਈਮੇਸ਼ਨ' ਰਾਹੀਂ ਖੂਬਸੂਰਤ ਬੱਚਾ ਪੈਦਾ ਕਰਨਾ ਚਾਹੁੰਦੀ ਹੈ।''
''ਮਸਲਨ, ਕੋਈ ਔਰਤ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੇ ਮਰਦ ਰਾਹੀਂ ਕਨਸੀਵ ਹੋ ਜਾਂਦੀ ਹੈ। ਪਰ ਉਹ ਸਭ ਕਾਸੇ ਨੂੰ ਖ਼ਤਮ ਕਰਕੇ, ਪਹਿਲਾ ਬੱਚਾ ਆਪਣੇ ਪ੍ਰੇਮੀ ਦਾ ਪੈਦਾ ਕਰਨਾ ਚਾਹੁੰਦੀ ਹੈ।''
ਮਸਲਨ-ਔਰਤ ਬੱਚਾ ਹੀ ਨਹੀਂ ਪੈਦਾ ਕਰਨਾ ਚਾਹੁੰਦੀ।
ਤਨਵੀਰ ਇਕਦਮ ਤ੍ਰਬਕੀ- "ਸੱਚ ਇੰਜ ਵੀ?''
ਦੀਪਾ ਨੇ ਮੁਸਕਰਾ ਕੇ ਕਿਹਾ, ''ਸਿਰਫ ਇੰਜ ਹੀ ਨਹੀਂ, ਅਜੇ ਤਾਂ ਹੋਰ ਵੀ ਬੜੇ ਮਸਲਨ ਹਨ ਜੇ ਤੂੰ ਸੁਣਨਾ ਚਾਹੇਂ ਤਾਂ...?''
''ਬਹੁਤ ਨੇ ਡਾਕਟਰ ਦੀਪਾ, ਏਨੇ ਹੀ ਬਹੁਤ ਨੇ। ਫੇਰ ਤੂੰ ਕੀ ਕਹਿੰਦੀ ਹੁੰਦੀ ਏਂ?'' ਉਹਨੇ ਹੈਰਾਨੀ ਨਾਲ ਪੁੱਛਿਆ।
''ਕਹਿਣਾ ਕੀ ਹੈ, ਮੈਨੂੰ ਇਹੋ ਜਿਹੀਆਂ ਔਰਤਾਂ ਨਾਲ ਕਦੇ ਕੋਈ ਹਮਦਰਦੀ ਨਹੀਂ ਹੋਈ।''
''ਕਮਾਲ ਆ ਬਈ-ਔਰਤਾਂ ਵੀ ਇਥੋਂ ਤੱਕ ਪਹੁੰਚ ਚੁੱਕੀਆਂ ਨੇ?'' ਤਨਵੀਰ ਨੇ ਹੈਰਾਨੀ ਜਿਹੀ ਜ਼ਾਹਰ ਕੀਤੀ।
''ਹਾਂ, ਮੈਂ ਇਕ ਅੱਧੀ ਅਜਿਹੀ ਔਰਤ ਨੂੰ ਵੀ ਜਾਣਦੀ ਹਾਂ ਜਿਹੜੀ ਕਿਸੇ ਪਰਾਏ ਮਰਦ ਰਾਹੀਂ, ਮਸਨੂਈ ਤਰੀਕੇ ਨਾਲ ਖੂਬਸੂਰਤ ਬੱਚਾ ਪੈਦਾ ਕਰਨ ਦੀ ਲਾਲਸਾ ਨਾਲ, ਇੰਜ ਥਿੜਕੀ ਕਿ ਉਹ ਮਰਦ ਉਸਨੂੰ ਹੁਣ ਤੱਕ 'ਬਲੈਕ ਮੇਲ' ਕਰਕੇ ਚੂੰਡ ਰਿਹਾ ਹੈ।'' ਦੀਪਾ ਦੀ ਗੱਲ ਸੁਣ ਕੇ ਤਨਵੀਰ ਸਿਰ ਤੋਂ ਪੈਰਾਂ ਤੱਕ ਝੰਜੋੜੀ ਜਿਹੀ ਗਈ।
ਦੀਪਾ ਕਹਿ ਰਹੀ ਸੀ, ''ਮੈਨੂੰ ਇਹ ਵੀ ਪਤਾ ਸੀ ਕਿ ਤੇਰੇ ਵਰਗੀਆਂ ਭਾਵੁਕ ਕਿਸਮ ਦੀਆਂ ਔਰਤਾਂ, ਇਹੋ ਜਿਹੇ ਮਰਦ ਨਾਲ ਵੀ ਮਾਨਸਿਕ ਤੌਰ ਉਤੇ ਜੁੜ ਜਾਂਦੀਆਂ ਨੇ ਇਸੇ ਲਈ ਮੈਂ ਤੇਰੀ ਪਛਾਣ ਤੱਕ ਵੀ ਸਵਰਾਜ ਨੂੰ ਨਹੀਂ ਦੱਸੀ ਤੇ ਤੈਨੂੰ ਮਿਲਣ ਤੋਂ ਵੀ ਵਰਜਦੀ ਰਹੀ।'' ਤਜਰਬੇ 'ਚੋਂ ਕਮਾਇਆ ਦੀਪਾ ਦਾ ਸੱਚ ਤਨਵੀਰ ਨੂੰ ਬੁਰਾ ਨਾ ਲੱਗਾ।
ਦੀਪਾ ਨੇ ਗੱਲ ਜਾਰੀ ਰੱਖੀ, ''ਉਂਜ ਸਵਰਾਜ ਨੇ ਵੀ ਮੇਰੇ ਕੋਲ ਤੈਨੂੰ ਮਿਲਣ ਦੀ ਇੱਛਾ ਕਈ ਵਾਰ ਜ਼ਾਹਰ ਕੀਤੀ ਸੀ। ਆਨੇ-ਬਹਾਨੇ ਤੇਰੇ ਬਾਰੇ ਪੁੱਛਦਾ ਵੀ ਰਹਿੰਦਾ ਸੀ।
'ਕਿੱਦਾਂ ਦੀ ਹੈ, ਕੀ ਕਰਦੀ ਹੈ? ਮੇਰੇ ਬਾਰੇ ਕੀ ਮਹਿਸੂਸ ਕਰੇਗੀ? ਕੀ ਉਹ ਬੱਚੇ ਦਾ ਅਸਲੀ ਬਾਪ ਮੈਨੂੰ ਮਿੱਥ ਸਕੇਗੀ? ਕੀ ਉਹਦਾ ਮੇਰੇ ਪ੍ਰਤੀ ਲਗਾਅ ਸੁਭਾਵਿਕ ਨਹੀਂ ਹੋਵੇਗਾ? ਉਸ ਬੱਚੇ ਦੇ ਦੁਖ ਸੁਖ ਨੂੰ ਮੈਂ ਕਿਵੇਂ ਮਹਿਸੂਸ ਕਰਿਆ ਕਰਾਂਗਾ! ਕੀ ਇਹ ਮਸਨੂਈ ਰਿਸ਼ਤਾ ਸੱਚ ਵੀ ਬਣ ਸਕੇਗਾ?
''ਬਸ ਤੇਰੇ ਵਾਂਗ ਹੀ ਉਹ ਇਕ ਨਹੀਂ ਅਨੇਕਾਂ ਸਵਾਲ ਅਕਸਰ ਪੁੱਛਦਾ ਰਹਿੰਦਾ ਸੀ। ਮੈਂ ਹੀ ਟਾਲ-ਮਟੋਲ ਕਰਦੀ ਰਹੀ। ਆਖਰ ਮੈਂ ਵੀ ਉਹਦੀ ਜ਼ਿੱਦ ਅੱਗੇ ਹਾਰਦਿਆਂ ਕਹਿ ਦਿੱਤਾ ਕਿ ਬੱਚੇ ਦੇ ਜਨਮ ਤੋਂ ਬਾਅਦ ਉਹਨੂੰ ਤੇਰੇ ਨਾਲ ਜ਼ਰੂਰ ਮਿਲਾ ਦਿੱਤਾ ਜਾਵੇਗਾ।''
ਸੁਣਦਿਆਂ ਸੁਣਦਿਆਂ ਤਨਵੀਰ ਦਾ ਕੱਚਾ ਸਰੀਰ ਕੰਬਣੀ ਖਾ ਗਿਆ ਤੇ ਉਹ ਉਦਾਸ ਜਿਹੀ ਹੋ ਗਈ।
''ਦੀਪਾ, ਜੇ ਸਵਰਾਜ ਨੇ ਵੀ ਨਕਲੀ ਤੋਂ ਅਸਲੀ ਬਣਨ ਦੀ ਕੋਸ਼ਿਸ਼ ਕੀਤੀ ਤਾਂ...?''
''ਤੂੰ ਵੀ ਤਾਂ ਇਹੋ ਚਾਹੁੰਦੀ ਏਂ?''
ਦੀਪਾ ਦੀ ਖਰੀ ਗੱਲ ਸੁਣ ਕੇ, ਤਨਵੀਰ ਕੋਲੋਂ ਕੁਝ ਵੀ ਨਾ ਬੋਲਿਆ ਗਿਆ ਤੇ ਉਹ ਹੈਰਾਨ ਹੋਈ ਦੀਪਾ ਦੇ ਚਿਹਰੇ ਵੱਲ ਲਗਾਤਾਰ ਵਿੰਹਦੀ ਰਹੀ ਪਰ ਦੀਪਾ ਲਗਾਤਾਰ ਬੱਚੀ ਨੂੰ ਵੇਖ ਰਹੀ ਸੀ। ਬੇਟੀ ਉਸਨੂੰ ਬੜੀ ਪਿਆਰੀ ਲੱਗ ਰਹੀ ਸੀ। ਉਹਨੇ ਬੱਚੀ ਨੂੰ ਤਨਵੀਰ ਨਾਲੋਂ ਚੁੱਕਿਆ ਤੇ ਆਪਣੀਆਂ ਬਾਹਾਂ 'ਚ ਲੈ ਕੇ ਉਹਦੇ ਨਕਸ਼ ਹੋਰ ਵੀ ਨੇੜਿਉਂ ਨਿਹਾਰਨ ਲੱਗ ਪਈ। ਬੱਚੀ ਨੇ ਅੱਖਾਂ ਉਘੇੜੀਆਂ ਤਾਂ ਉਹ ਵੇਖਕੇ ਹੋਰ ਵੀ ਹੈਰਾਨ ਹੋਈ ਕਿ ਬੱਚੀ ਦੀਆਂ ਅੱਖਾਂ ਇੰਨ ਬਿੰਨ ਸਵਰਾਜ ਵਰਗੀਆਂ ਗੂੜ੍ਹੀਆਂ ਨੀਲੀਆਂ ਸਨ।
ਉਹਨੇ ਇਹ ਗੱਲ ਬੜੇ ਚਾਅ ਨਾਲ ਤਨਵੀਰ ਨੂੰ ਦੱਸੀ। ਤਨਵੀਰ 'ਹਾਂ' ਵਿਚ ਸਿਰ ਹਿਲਾਉਂਦਿਆਂ ਇੰਜ ਮੁਸਕਰਾਈ ਜਿਵੇਂ ਉਸਨੂੰ ਸਭ ਕਾਸੇ ਦਾ ਪਹਿਲਾਂ ਹੀ ਪਤਾ ਸੀ ਤੇ ਕਹਿਣ ਲੱਗੀ, ''ਉਸ ਦਿਨ ਤੇਰੇ ਬੇਟੇ ਦੇ ਜਨਮ ਦਿਨ ਵਾਲੀ ਪਾਰਟੀ ਵਿਚ ਮੈਂ ਜਦੋਂ ਉਹਦੀਆਂ ਅੱਖਾਂ ਨੂੰ ਬੜੀ ਗਹੁ ਨਾਲ ਵੇਖਿਆ ਤਾਂ ਮੈਨੂੰ ਪਤਾ ਨਹੀਂ ਕੀ ਹੋ ਗਿਆ। ਮੇਰਾ ਜੀ ਕਰੇ ਕਿ ਮੈਂ ਇਨ੍ਹਾਂ ਨੂੰ ਵੇਖਦੀ ਵੇਖਦੀ ਇਨ੍ਹਾਂ ਦੀਆਂ ਡੂੰਘਾਈਆਂ 'ਚ ਹੀ ਡੁੱਬ ਜਾਵਾਂ। ਸੱਚਮੁੱਚ ਉਹਦੀਆਂ ਅੱਖਾਂ ਦੀ ਨੀਲੱਤਣ ਵਿੰਹਦੀ ਵਿੰਹਦੀ ਮੈਂ ਆਵੇਸ਼ ਜਿਹੀ ਅਵੱਸਥਾ ਵਿਚ ਪਹੁੰਚ ਗਈ ਸਾਂ।
ਸੁਤੇ ਸਿੱਧ ਹੀ ਮੈਥੋਂ ਕਹਿ ਹੋ ਗਿਆ, ''ਤੁਹਾਡੀਆਂ ਅੱਖਾਂ ਬਹੁਤ ਪਿਆਰੀਆਂ ਨੇ-ਜੀ ਕਰਦਾ ਇਨ੍ਹਾਂ ਦੀ ਫੋਟੋ ਲੁਹਾ ਕੇ ਜੇਬ ਵਿਚ ਪਾ ਛੱਡੀਏ ਤੇ ਜਦੋਂ ਜੀ ਕਰੇ ਕੱਢ ਕੇ ਵੇਖ ਲਈਏ।'' ਤੇ ਪਤਾ ਈ ਉਹ ਅੱਗੋਂ ਹੱਸ ਕੇ ਕੀ ਕਹਿਣ ਲੱਗਾ? ਕਹਿੰਦਾ, ਫੋਟੋ ਦੀ ਕੀ ਲੋੜ ਆ, ਤੁਸੀਂ ਹੁਕਮ ਤਾਂ ਕਰ ਕੇ ਵੇਖੋ, ਅਸੀਂ ਅੱਖਾਂ ਹੀ ਤੁਹਾਡੇ ਨਾਂ ਲੁਆ ਦਿੰਦੇ ਆਂ।''
''ਮੈਂ ਹੈਰਾਨ ਹਾਂ ਦੀਪਾ! ਉਹਨੂੰ ਤਾਂ ਕੁਝ ਨਹੀਂ ਸੀ ਨਾ ਪਤਾ, ਜਦਕਿ ਮੈਨੂੰ ਸਭ ਕਾਸੇ ਦਾ ਪਤਾ ਸੀ-ਬਸ ਐਵੇਂ ਹੀ ਮੈਂ ਉਹਦੇ ਉਤੇ ਜਿਵੇਂ ਆਪਣਾ ਹੱਕ ਸਮਝਣ ਲੱਗ ਪਈ ਸਾਂ। ਮੇਰੇ ਝੱਲਪੁਣੇ ਦਾ ਸਿਖਰ ਸੀ ਕਿ ਉਸ ਦਿਨ ਸਵਰਾਜ ਹੱਥੋਂ ਰੁਮਾਲ ਫੜ ਕੇ ਮੈਂ ਆਪਣੇ ਹੱਥ ਪੂੰਝੇ ਤੇ ਫੇਰ ਰੁਮਾਲ ਉਹਨੂੰ ਵਾਪਸ ਕਰਨ ਦੀ ਬਜਾਏ, ਆਪਣੇ ਪਰਸ ਵਿਚ ਪਾ ਲਿਆ।'' ਹੁਣ ਵੀ ਤਨਵੀਰ ਨੇ ਉਸੇ ਰੁਮਾਲ ਨਾਲ ਆਪਣੇ ਮੱਥੇ ਨੂੰ ਪੂੰਝਿਆ, ਤੇ ਰੁਮਾਲ ਸਿਰਹਾਣੇ ਥੱਲੇ ਰੱਖ ਲਿਆ।
''ਜੇ ਤੂੰ ਚਾਹੇਂ ਤਾਂ ਅੱਜ ਉਹਨੂੰ ਮਿਲ ਸਕਦੀ ਏਂ, ਮੇਰਾ ਵੀ ਵਾਅਦਾ ਪੂਰਾ ਹੋ ਜਾਊ।'' ਦੀਪਾ ਨੇ ਬੜਾ ਹੀ ਸਹਿ ਸੁਭਾਵਕ ਪੁੱਛਿਆ।
ਜਵਾਬ ਦੇਣ ਦੀ ਥਾਂ ਤਨਵੀਰ ਵੀ ਜਿਵੇਂ ਸਵਾਲ ਬਣ ਗਈ, ''ਦੀਪਾ, ਉਸ ਮਰਦ ਵਾਂਗ ਕੀ ਸਵਰਾਜ ਵੀ ਮੈਨੂੰ ਬਲੈਕ ਮੇਲ ਕਰ ਸਕਦਾ?'' ਉਹਨੇ ਬੜੀ ਔਖ ਜਿਹੀ ਨਾਲ ਪੁੱਛਿਆ।
ਦੀਪਾ ਨੇ ਹੱਸ ਕੇ ਕਿਹਾ, ''ਤੁਸੀਂ ਦੋਵੇਂ ਜਜ਼ਬਾਤੀ ਤੌਰ ਉਤੇ 'ਮੇਲ' ਕਰਨ ਲਈ ਤਿਆਰ ਬੈਠੇ ਜੋ, ਫੇਰ 'ਬਲੈਕ ਮੇਲ' ਦੀ ਕੀ ਲੋੜ?''
ਤਨਵੀਰ ਵੀ ਹੱਸੀ।
''ਦੱਸ ਨਾ ਫੇਰ, ਕਰਾ ਸਵਰਾਜ ਨੂੰ ਫੋਨ?''
ਦੀਪਾ ਨੇ ਤਨਵੀਰ ਨੂੰ ਝੰਜੋੜ ਕੇ ਪੁੱਛਿਆ।
ਤਨਵੀਰ ਨੇ ਇਕ ਲੰਮਾ ਜਿਹਾ ਹਉਕਾ ਲੈਂਦਿਆਂ ਕਿਹਾ, ''ਸੱਚ ਜਾਣੀ ਦੀਪਾ, ਉਹਨੂੰ ਮਿਲਣ ਲਈ ਬੜਾ ਦਿਲ ਕਰਦਾ ਪਰ ਮੈਨੂੰ ਇਹ ਵੀ ਪਤਾ ਕਿ ਉਹਨੂੰ ਵੇਖ ਕੇ ਮੈਂ ਸਾਵੀਂ ਨਹੀਂ ਰਹਿ ਸਕਣਾ। ਉਹਦੀਆਂ ਸਮੁੰਦਰ ਵਰਗੀਆਂ ਡੂੰਘੀਆਂ ਨੀਲੀਆਂ ਅੱਖਾਂ 'ਚ ਮੈਂ ਡੱਕੇ ਡੋਲੇ ਖਾਣ ਲੱਗ ਪੈਂਦੀ ਆਂ।''
ਦੀਪਾ ਨੇ ਮੋਬਾਈਲ ਫੋਨ ਉਤੇ ਸਵਰਾਜ ਨੂੰ ਨੰਬਰ ਮਿਲਾਉਂਦਿਆਂ ਤਨਵੀਰ ਨੂੰ ਕਿਹਾ, ''ਉਹਨੂੰ ਸੱਦ ਲੈਂਦੀ ਆਂ ਪਰ ਦੱਸਾਂਗੀ ਕੁਝ ਨਹੀਂ।''
ਤਨਵੀਰ ਦੇ ਬੁੱਲ੍ਹਾਂ 'ਤੇ ਪੇਤਲੀ ਜਿਹੀ ਮੁਸਕਰਾਹਟ ਫੈਲ ਗਈ। ਇਹ ਮੁਸਕਰਾਹਟ ਸਵਰਾਜ ਦੀ ਆਮਦ ਨੂੰ ਕਿਆਸਦੀ ਆਪ ਮੁਹਾਰੀ ਮੁਸਕਰਾਹਟ ਸੀ। ਫੇਰ ਇਹ ਮੁਸਕਰਾਹਟ ਹੌਲੀ ਹੌਲੀ ਅਲੋਪ ਹੁੰਦੀ ਗਈ ਤੇ ਉਹਦੇ ਮੱਥੇ 'ਤੇ ਪਸੀਨਾ ਚਮਕ ਆਇਆ। ਉਹਨੇ ਦੀਪਾ ਦਾ ਹੱਥ ਫੜ ਕੇ ਵਾਸਤਾ ਜਿਹਾ ਪਾਇਆ, ''ਪਲੀਜ਼ ਦੀਪਾ, ਸਵਰਾਜ ਨੂੰ ਫੋਨ ਨਾ ਕਰੀਂ।'' ਏਨੇ ਕੁ ਬੋਲ ਬੋਲਦਿਆਂ ਹੀ ਉਹਦਾ ਗੱਚ ਭਰ ਆਇਆ।
ਉਹਨੇ ਆਪਣੀ ਧੀ ਨੂੰ ਕਲਾਵੇ 'ਚ ਲੈ ਕੇ ਘੁੱਟਿਆ, ਚੁੰਮਿਆ ਤੇ ਫੇਰ ਉਹਦੀਆਂ ਨੀਲੀਆਂ ਅੱਖਾਂ ਨੂੰ ਵੇਖਣ ਲੱਗ ਪਈ। ਵੇਖਦਿਆਂ ਵੇਖਦਿਆਂ ਉਹਨੂੰ ਲੱਗਾ ਜਿਵੇਂ ਉਹ ਬੇਟੀ ਦੀਆਂ ਨਹੀਂ ਸਵਰਾਜ ਦੀਆਂ ਅੱਖਾਂ 'ਚ ਡੂੰਘਾ ਵੇਖ ਰਹੀ ਹੋਵੇ। ਇੰਜ ਕਰਦਿਆਂ, ਉਹ ਨਵੇਂ ਸਿਰਿਉਂ ਫੇਰ ਸਵਰਾਜ ਦੀਆਂ ਨੀਲੀਆਂ ਅੱਖਾਂ ਵਿਚ ਡੱਕੋ ਡੋਲੇ ਖਾਣ ਲੱਗ ਪਈ। ਉਹਨੇ ਉਦਾਸ ਜਿਹੀ ਹੋ ਕੇ ਇਕ ਲੰਮਾ ਸਾਹ ਲਿਆ।
ਉਹਨੇ ਬੇਟੀ ਨੂੰ ਦੋਹਾਂ ਹੱਥਾਂ 'ਚ ਲੈ ਕੇ ਇਕ ਵਿੱਥ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਤੇ ਲਗਾਤਾਰ ਵਿੰਹਦੀ ਰਹੀ। ਵਿੱਥ ਤੋਂ ਇਹ ਅੱਖਾਂ ਉਹਨੂੰ ਹੋਰ ਵੀ ਖੂਬਸੂਰਤ ਲੱਗੀਆਂ। ਉਹਦੇ ਵਲ ਲਗਾਤਾਰ ਵਿੰਹਿਦਿਆਂ ਉਹਦੀਆਂ ਆਪਣੀਆਂ ਅੱਖਾਂ ਭਰ ਆਈਆਂ ਤੇ ਇਹ ਭਰੀਆਂ ਅੱਖਾਂ ਬੂੰਦ ਬੂੰਦ ਬਣ ਕੇ ਵਰ੍ਹਨ ਲੱਗ ਪਈਆਂ। ਉਹਦੀਆਂ ਅੱਖਾਂ ਦਾ ਖਾਰਾ ਬੱਦਲ ਜਦੋਂ ਪੂਰੀ ਤਰ੍ਹਾਂ ਸਾਫ ਹੋ ਗਿਆ ਤਾਂ ਉਹਨੂੰ ਲੱਗਾ ਜਿਵੇਂ ਉਹਨੇ ਸਵਰਾਜ ਦੇ ਸਾਰੇ ਅਹਿਸਾਨਾਂ ਦਾ ਕਰਜ਼ ਉਤਾਰ ਦਿੱਤਾ ਹੋਵੇ।
ਉਹਨੇ ਸਿਰਹਾਣੇ ਥੱਲਿਉਂ ਰੁਮਾਲ ਕੱਢ ਕੇ ਆਪਣੀਆਂ ਅੱਖਾਂ ਪੂੰਝੀਆਂ ਤੇ ਰੁਮਾਲ ਕੂੜੇ ਕਰਕਟ ਵਾਲੀ ਟੋਕਰੀ 'ਚ ਸੁੱਟ ਦੇਣਾ ਚਾਹਿਆ ਪਰ ਉਹ ਇੰਜ ਕਰ ਨਾ ਸਕੀ ਤੇ ਪਤਾ ਨਹੀਂ ਕੀ ਸੋਚ ਕੇ ਉਹਨੇ ਰੁਮਾਲ ਫੇਰ ਸਿਰਹਾਣੇ ਥੱਲੇ ਰੱਖਦਿਆਂ ਆਪਣੀ ਬੇਟੀ ਦੀਆਂ ਅੱਖਾਂ ਨੂੰ ਚੁੰਮ ਲਿਆ। ਉਹਨੂੰ ਜਾਪਿਆ ਜਿਵੇਂ ਸਵਰਾਜ ਨੇ ਸੱਚਮੁੱਚ ਹੀ ਉਮਰ ਭਰ ਲਈ ਆਪਣੀਆਂ ਅੱਖਾਂ ਉਹਦੇ ਨਾਂ ਲਵਾ ਦਿੱਤੀਆਂ ਹੋਣ।
ਉਦਾਸ ਖੜ੍ਹੀ ਦੀਪਾ ਸਭ ਕੁਝ ਵੇਖ ਕੇ ਹੋਰ ਵੀ ਉਦਾਸ ਹੋ ਰਹੀ ਸੀ

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com