Khwaja Ahmad Abbas
ਖ਼ਵਾਜਾ ਅਹਿਮਦ ਅੱਬਾਸ

ਖ਼ਵਾਜਾ ਅਹਿਮਦ ਅੱਬਾਸ (੭ ਜੂਨ ੧੯੧੪–੧ ਜੂਨ ੧੯੮੭) ਦਾ ਜਨਮ ਪਾਨੀਪਤ (ਪੰਜਾਬ ਹੁਣ ਹਰਿਆਣਾ) ਵਿੱਚ ਹੋਇਆ । ਉਹ ਪ੍ਰਸਿੱਧ ਫ਼ਿਲਮ ਡਾਇਰੈਕਟਰ, ਨਾਵਲਕਾਰ, ਪਟਕਥਾ ਲੇਖਕ, ਅਤੇ ਪੱਤਰਕਾਰ ਸਨ।ਉਨ੍ਹਾਂ ਨੇ ਹਮੇਸ਼ਾ ਮੁਹੱਬਤ, ਸ਼ਾਂਤੀ ਅਤੇ ਮਨੁੱਖਤਾ ਦਾ ਪੈਗ਼ਾਮ ਦਿੱਤਾ। ਉਹ ਖ਼ਵਾਜਾ ਗ਼ੁਲਾਮ ਅੱਬਾਸ ਦੇ ਪੋਤਰੇ ਸਨ ਜੋ ੧੮੫੭ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਖਾਨਦਾਨ ਦਾ ਇਤਿਹਾਸ ਅਯੂਬ ਅੰਸਾਰੀ ਤੱਕ ਜਾਂਦਾ ਹੈ ਜੋ ਪੈਗੰਬਰ ਮੁਹੰਮਦ ਦੇ ਸਾਥੀ ਸਨ।ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ ਏ (੧੯੩੩) ਅਤੇ ਐਲ . ਐਲ . ਬੀ (੧੯੩੫) ਪੂਰੀ ਕੀਤੀ। ੧੯੪੫ ਵਿੱਚ ਖਵਾਜਾ ਸਾਹਿਬ ਦਾ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਕੈਰੀਅਰ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਇਪਟਾ ਲਈ ੧੯੪੩ ਦੇ ਬੰਗਾਲ ਵਿੱਚ ਪਏ ਅਕਾਲ ਤੇ ਆਧਾਰਿਤ 'ਧਰਤੀ ਕੇ ਲਾਲ' ਫ਼ਿਲਮ ਬਣਾਈ। ਉਨ੍ਹਾਂ ਨੇ ਕਈ ਹੋਰ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ । ਉਨ੍ਹਾਂ ਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ੭੩ ਕਿਤਾਬਾਂ ਲਿਖੀਆਂ ।ਸਾਹਿਤਕ ਖੇਤਰ ਵਿਚ 'ਇਨਕਲਾਬ' ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ ।