Kia Nere Kia Door (Story in Punjabi) : Ram Lal

ਕਿਆ ਨੇੜੇ ਕਿਆ ਦੂਰ (ਕਹਾਣੀ) : ਰਾਮ ਲਾਲ

ਯੂਨਿਟ ਦੇ ਮੈੱਸ ਵਿਚ ਸੈਕੰਡ ਲੈਫ਼ਟੀਨੈਂਟ ਸਿਨਹਾ ਨੇ ਕੈਪਟਨ ਸਿੰਘ ਪਾਸੋਂ ਹੌਲੀ ਜਿਹੀ ਪੁੱਛਿਆ...:
“ਕੈਪਟਨ ਸਾਹਬ, ਕਰਨਲ ਵਾਪਸ ਆ ਗਿਆ?”
“ਸਿਰਫ ਆ ਹੀ ਨਹੀਂ ਗਿਆ ਸਗੋਂ ਬੁੱਢੇ ਨੇ ਪੁਰਾਣੀ ਸਹੁੰ ਵੀ ਤੋੜ ਦਿੱਤੀ ਏ।”
“ਕੀ?” ਕਈ ਅੱਖਾਂ ਉਸ ਵੱਲ ਭੌਂ ਗਈਆਂ।
“ਹਾਂ!” ਕੈਪਟਨ ਨੇ ਆਪਣੀਆਂ ਮੁੱਛਾਂ ਵਿਚ ਅਟਕੀਆਂ ਸ਼ਰਾਬ ਦੀਆਂ ਕੁਝ ਬੂੰਦਾਂ, ਰੁਮਾਲ ਨਾਲ ਸਾਫ ਕਰਦਿਆਂ ਕਿਹਾ, “ਮੈਨੂੰ ਹੁਣੇ ਖ਼ਬਰ ਮਿਲੀ ਏ ਕਿ ਚਾਲ੍ਹੀ ਸਾਲਾ ਨੌਜਵਾਨ ਨੇ ਸੋਲ੍ਹਾਂ ਸਾਲ ਦੀ ਕੰਨਿਆਂ ਨਾਲ ਵਿਆਹ ਕਰ ਲਿਐ” ਲੈਫ਼ਟੀਨੈਂਟ ਬੋਸ ਨੇ ਸੰਗਦਿਆਂ ਸੰਗਦਿਆਂ ਆਖਿਆ।
“ਅੰਨ੍ਹੇ ਨੂੰ ਹਨੇਰੇ ਵਿਚ ਬੜੀ ਦੂਰ ਦੀ ਸੁੱਝੀ ਏ।” ਕੈਪਟਨ ਨੇ ਆਪਣਾ ਮਰਦਊ-ਠਹਾਕਾ ਵਾਤਾਵਰਣ ਵਿਚ ਖਿਲਾਰਦਿਆਂ ਕਿਹਾ, “ਹੈ ਕਿ ਨਹੀਂ?”
“ਪੰਦਰਾਂ ਸਾਲ ਬਾਅਦ ਦਸ ਦਿਨ ਦੀ ਛੁੱਟੀ ਕੱਟੀ ਤੇ ਸਹੁੰ ਤੋੜਨ ਪਿੱਛੋਂ ਤੁਰੰਤ ਤੌਬਾ ਕੀਤੀ ਤੇ ਦੂਜੇ ਦਿਨ ਪਰਤ ਆਏ।” ਮੇਜਰ ਮਹਾਰਾਜਕਰ ਨੇ ਅਜਿਹੀ ਸੰਜੀਦਗੀ ਨਾਲ ਕਿਹਾ ਕਿ ਸਾਰੀ ਮਹਿਫ਼ਿਲ ਵਿਚ ਹਾਸੜ ਮੱਚ ਗਈ।
“ਤੋ ਕਿਆ ਹੁਆ?” ਲੈਫ਼ਟੀਨੈਂਟ ਰਊਫ਼ ਨੇ ਖਾਲਸ ਲਖ਼ਨਵੀ ਅੰਦਾਜ਼ ਵਿਚ ਕਿਹਾ।
“ਹੁਆ ਯਿਹ ਮੇਰੇ ਬੱਚੜੇ!” ਕੈਪਟਨ ਸਿੰਘ ਨੇ ਬੜੇ ਪਿਆਰ ਭਰੇ ਅੰਦਾਜ਼ ਵਿਚ ਆਪਣਾ ਭਾਰੀ ਹੱਥ ਰਊਫ਼ ਦੇ ਮੋਢੇ ਉੱਤੇ ਮਾਰ ਕੇ ਆਖਿਆ, “ਕਰਨਲ ਹੁਰਾਂ ਇਕ ਪੈਗ ਦਾ ਆਰਡਰ ਦਿੱਤਾ ਏ।”
“ਪੈਗ!” ਮੇਜਰ ਮਹਾਰਾਜਕਰ ਨੇ ਆਪਣਾ ਗ਼ਲਾਸ ਕੈਪਟਨ ਦੇ ਗ਼ਲਾਸ ਨਾਲ ਟਕਰਾਂਦਿਆਂ ਕਿਹਾ, “ਬੁੱਢੇ ਦਾ ਜਾਮ-ਏ-ਸਿਹਤ!” ਤੇ ਪੂਰੀ ਮੈੱਸ ਵਿਚੋਂ ਗ਼ਲਾਸਾਂ ਦੇ ਦੀ ਖਣਕਾਰ ਆਉਣ ਲੱਗ ਪਈ।
ਤੇ ਉਧਰ ਲੈਫ਼ਟੀਨੈਂਟ ਕਰਨਲ ਗੌਤਮ ਆਪਣੇ ਕਮਰੇ ਵਿਚ ਰੱਖੇ ਹੋਏ ਗ਼ਲਾਸ ਵੱਲ ਘੂਰ ਰਿਹਾ ਸੀ ਜਿਹੜਾ ਇਕ ਘੰਟੇ ਦਾ ਉਸਦੇ ਸਾਹਮਣੇ ਪਿਆ ਸੀ। ਇਸ ਸਮੇਂ ਵਿਚ ਉਸਨੇ ਉਹ ਕਈ ਵਾਰ ਚੁੱਕਿਆ ਤੇ ਚੁੱਕ ਕੇ ਫੇਰ ਰੱਖ ਦਿੱਤਾ ਸੀ। ਅੰਤ ਵਿਚ ਆਪੇ ਹੀ ਹੌਲੀ ਜਿਹੀ ਚੁੱਕਿਆ ਤੇ ਭਾਰੀ ਪੈਰਾਂ ਨਾਲ ਕਮਰੇ ਦੇ ਬੂਹਿਓਂ ਬਾਹਰ ਨਿਕਲ ਗਿਆ, ਤੇ ਬੂਹੇ ਕੋਲ ਖੜ੍ਹੇ ਅਰਦਲੀ ਨਾਲ ਵੱਜਣੋ ਮਸਾਂ ਬਚਿਆ।
“ਸਰ!” ਅਰਦਲੀ ਨੇ ਅੱਡੀਆਂ ਜੋੜ ਕੇ ਖੜਕਾਉਂਦਿਆਂ ਕਿਹਾ। ਕਰਨਲ ਤ੍ਰਬਕ ਪਿਆ।
“ਓ ਮਹਾਂ ਸਿੰਘ!” ਕਰਨਲ ਨੇ ਉਸਦੀਆਂ ਅੱਖਾਂ ਵਿਚਲੀ ਹੈਰਾਨੀ ਅਤੇ ਟੋਹ ਦੇ ਭਾਵ ਪੜ੍ਹ ਲਏ ਸਨ ਤੇ ਮਹਾਂ ਸਿੰਘ ਨੇ ਅਗਾਂਹ ਵਧ ਕੇ ਕਰਨਲ ਦੇ ਹੱਥੋਂ ਨੱਕੋ-ਨੱਕ ਤੂਸੀ ਹੋਈ ਐਸ਼-ਟ੍ਰੇ ਫੜ੍ਹ ਲਈ, ਜਿਸਨੂੰ ਉਹ ਖਾਲੀ ਕਰਨ ਲੱਗਾ ਸੀ।
“ਜ਼ਿੰਦਗੀ ਬਹੁਤ ਵੱਡਾ ਮਜ਼ਾਕ ਏ।” ਕਰਨਲ ਬੁੱਲ੍ਹਾਂ ਵਿਚ ਹੀ ਬੜਰਾਇਆ।
“ਸਰ!” ਅਰਦਲੀ ਕਾਹਲ ਨਾਲ ਅੱਡੀਆਂ ਉੱਤੇ ਭੌਂ ਗਿਆ।
“ਕੁਛ ਨਹੀਂ, ਕੁਛ ਨਹੀਂ।” ਕਰਨਲ ਨੇ ਜਿਵੇਂ ਉਭੜ-ਵਾਹਿਆਂ ਵਾਂਗ ਕਿਹਾ।
“ਤੁਹਾਡਾ ਚਿੱਤ ਰਾਜ਼ੀ ਏ, ਸਰ?” ਅਰਦਲੀ ਨੇ ਕਰਨਲ ਦਾ ਅੰਦਰ ਟੋਂਹਦਿਆਂ ਕਿਹਾ, “ਡਾਕਟਰ ਸਾਹਬ ਨੂੰ ਸਲਾਮ...”
“ਨਹੀਂ-ਨਹੀਂ, ਡਾਕਟਰ ਸਾਹਬ ਦੀ ਜ਼ਰੂਰਤ ਨਹੀਂ।” ਤੇ ਅਰਦਲੀ ਅੱਧ ਭੀੜੇ ਬੂਹੇ ਵੱਲ ਝਾਕਣ ਲੱਗ ਪਿਆ। ਕਰਨਲ ਗੋਤਮ ਸਿਰਫ ਸਾਥੀਆਂ ਲਈ ਪਹੇਲੀ ਨਹੀਂ ਸੀ, ਉਹ ਆਪ ਆਪਣੇ ਲਈ ਵੀ ਇਕ ਭੇਦ ਸੀ। ਫ਼ੌਜ ਉਹਦੀ ਜ਼ਿੰਦਗੀ ਸੀ, ਖ਼ੁਰਾਕ ਸੀ, ਪੁਸ਼ਾਕ ਸੀ। ਏਨੇ ਥੋੜ੍ਹੇ ਸਮੇਂ ਵਿਚ ਉਹਦੀ ਏਨੀ ਤਰੱਕੀ ਉਹਦੀ ਲਗਨ ਦਾ ਸਿੱਟਾ ਸੀ। ਪਰ ਕਦੀ ਕਦੀ ਉਹਦੇ ਅੰਦਰਲਾ ਗੌਤਮ ਵਿਲਕ ਉਠਦਾ ਤਾਂ ਉਹ ਉਸ ਆਵਾਜ਼ ਨੂੰ ਸਖ਼ਤੀ ਨਾਲ ਆਹਾਂ ਤੇ ਸਿਗਰਟ ਦੇ ਧੂੰਏਂ ਹੇਠ ਦਬਾਉਣ ਦਾ ਯਤਨ ਕਰਦਾ।
ਉਸ ਪੰਦਰਾਂ ਸਾਲਾਂ ਵਿਚ ਇਕ ਦਿਨ ਛੁੱਟੀ ਨਹੀਂ ਸੀ ਲਈ। ਸ਼ਬਦ ਆਰਾਮ ਉਸ ਲਈ ਹਰਾਮ ਸੀ। ਮੁੱਦਤਾਂ ਉਸਦੇ ਸਾਥੀ ਉਸ ਲੋਹ-ਪੁਰਸ਼ ਦੀ ਮੁਸਕਾਣ ਨੂੰ ਤਰਸ ਜਾਂਦੇ। ਹੋਰ ਤਾਂ ਹੋਰ ਉਹਨੈ ਕਦੀ ਕਿਸੇ ਨੂੰ ਇਹ ਵੀ ਨਹੀਂ ਸੀ ਦੱਸਿਆ ਕਿ ਉਹ ਕਿਸ ਖ਼ਾਨਦਾਨ ਵਿਚੋਂ ਹੈ। ਕਿੱਥੋਂ ਦਾ ਰਹਿਣ ਵਾਲਾ ਹੈ। ਨਾ ਹੀ ਪਤਨੀ, ਨਾ ਬੱਚੇ, ਜਿਹਨਾਂ ਤੋਂ ਕੋਈ ਅਤਾ-ਪਤਾ ਲੱਗ ਸਕਦਾ। ਨਾ ਕਲੱਬ, ਨਾ ਖੇਡ-ਕੁੱਦ। ਵੱਡੀ ਤੋਂ ਵੱਡੀ ਗ਼ਲਤੀ ਉੱਤੇ ਉਹ ਮਾਤਹਿਤ ਦੀਆਂ ਅੱਖਾਂ 'ਚ ਅੱਖਾਂ ਗੱਡ ਕੇ ਇਕਦਮ ਚੁੱਪ ਹੋ ਜਾਂਦਾ। ਤੇ ਬਸ...! ਮਾਤਾਹਿਤਾਂ ਦੀ ਗੱਲ ਤਾਂ ਇਕ ਪਾਸੇ ਰਹੀ ਉਹਦੇ ਸਾਥੀਆਂ ਨੇ ਉਹਨੂੰ ਕਈ ਵਾਰ ਝੰਜੋੜਣ ਦੇ ਯਤਨ ਕੀਤੇ ਸਨ ਪਰ ਇਹ ਪੱਥਰ ਦਾ ਆਦਮੀ ਟੱਸ ਤੋਂ ਮੱਸ ਨਹੀਂ ਸੀ ਹੋਇਆ।
ਦਫ਼ਤਰੀ ਸੂਝ, ਜਾਤੀ ਸ਼ਰਾਫ਼ਤ ਅਤੇ ਮੋਰਚੇ ਉੱਤੇ ਡਟਣ ਦੀ ਦਲੇਰੀ ਨੇ ਉਹਨੂੰ ਹਰੇਕ ਖੇਤਰ ਵਿਚ ਹਰਮਨ-ਪਿਆਰਾ ਤੇ ਸਭਨਾਂ ਦੀਆਂ ਅੱਖਾਂ ਦਾ ਤਾਰਾ ਬਣਾ ਦਿੱਤਾ ਸੀ, ਪਰ ਏਨੇ ਕੁਝ ਦੇ ਬਾਵਜੂਦ ਵੀ ਉਹ ਦੂਸਰਿਆਂ ਲਈ ਬੁਝਾਰਤ ਸੀ। ਉਹਦੇ ਚਿਹਰੇ ਦੇ ਨਕਸ਼ ਜਿਹਨਾਂ ਵਿਚ ਅੰਤਾਂ ਦੀ ਖਿੱਚ ਸੀ, ਭਾਵਾਂ ਤੋਂ ਬਿਲਕੁਲ ਸੱਖਣੇ ਸਨ। ਉਹਦੀ ਸੁਲਝੀ ਹੋਈ, ਸਵੱਛ ਬੋਲ ਚਾਲ ਵਿਚ ਬਿਨਾਂ ਰਸਮੀ ਵਾਕਾਂ ਦੇ ਕੁਝ ਨਹੀਂ ਸੀ ਹੁੰਦਾ। ਉਹ ਕੌਣ ਸੀ? ਦੂਜਿਆਂ ਦੀ ਗੱਲ ਤਾਂ ਇਕ ਪਾਸੇ ਰਹੀ, ਉਹ ਆਪ ਵੀ ਇਹ ਨਹੀਂ ਸੀ ਜਾਣਦਾ।
ਤੇ ਜਦੋਂ ਪਿਛਲੇ ਮਹੀਨੇ ਉਸਦਾ ਤਬਾਦਲਾ ਦੇਸ਼ ਦੇ ਉਤਰ-ਪੱਛਮੀ ਹਿੱਸੇ ਵਲ ਹੋਇਆ, ਤਾਂ ਪਹਿਲੀ ਵਾਰ ਉਹਨੇ ਦਸ ਦਿਨਾਂ ਦੀ ਛੁੱਟੀ ਲਈ ਤੇ ਯਾਰ-ਲੋਕਾਂ ਵਿਚ ਖਲਬਲੀ ਜਿਹੀ ਮੱਚ ਗਈ ਸੀ! ਕਰਨਲ ਤੇ ਛੁੱਟੀ ਦੋ ਬਿਲਕੁਲ ਵਿਰੋਧੀ ਗੱਲਾਂ ਸਨ। ਪਰ ਪਰਤੱਖ ਤੌਰ 'ਤੇ ਉਹਨਾਂ ਉਸ ਨੂੰ ਵਿਦਾ ਕੀਤਾ ਸੀ। ਪਰ ਕਰਨਲ ਕਿੱਥੇ ਜਾ ਰਿਹਾ ਸੀ—ਇਹ ਕਿਸੇ ਨੂੰ ਵੀ ਪਤਾ ਨਹੀਂ ਸੀ। ਜਾਣ ਵੇਲੇ ਕਰਨਲ ਦੇ ਚਿਹਰੇ ਉੱਤੇ ਇਕ ਅਜੀਬ ਜਿਹੀ ਖੁਸ਼ੀ ਸੀ। ਆਪ ਕਰਨਲ ਮਹਿਸੂਸ ਕਰ ਰਿਹਾ ਸੀ ਕਿ ਅੱਜ ਉਹ ਸਿਰਫ ਕਰਨਲ ਹੀ ਨਹੀਂ, ਸੁਰੇਸ਼ ਵੀ ਸੀ।
ਜਦੋਂ ਕਰਨਲ ਦੀ ਜੀਪ ਸੱਤਰ ਮੀਲ ਦਾ ਪੰਧ ਮੁਕਾਉਣ ਮਗਰੋਂ ਇਕ ਪੁਰਾਣੇ ਜਿਹੇ ਕਸਬੇ ਵਿਚ ਦਾਖ਼ਲ ਹੋਈ ਤਾਂ ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਕਸਬੇ ਦੀਆਂ ਦੁਕਾਨਾਂ ਉਪਰ ਉਦਾਸੀ-ਜਿਹੀ ਰੋਣਕ ਸੀ। ਕਰਨਲ ਨੇ ਕਸਬੇ ਦੇ ਵੱਡੇ ਦਰਵਾਜ਼ੇ ਕੋਲ ਜੀਪ ਦਾ ਇੰਜਣ ਬੰਦ ਕਰ ਦਿੱਤਾ ਤੇ ਹੌਲੀ ਹੌਲੀ ਬਾਜ਼ਾਰ ਵਿਚ ਤੁਰ ਪਿਆ। ਲੋਕਾਂ ਦੀਆਂ ਨਜ਼ਰਾਂ ਉਹਦੇ ਮੋਢਿਆਂ 'ਤੇ ਪਈਆਂ, ਉਹਦੀ ਛਾਤੀ ਦੇ ਮੈਡਲਾਂ 'ਤੇ ਅਟਕੀਆਂ ਪਰ ਚਿਹਰੇ ਦੀ ਨੁਹਾਰ ਵੱਲ ਕਿਸੇ ਨੇ ਗੌਰ ਨਾਲ ਨਾ ਵੇਖੀ। ਕਰਨਲ ਨੇ ਦੁਬਾਰਾ ਗੱਡੀ ਸਟਾਰਟ ਕੀਤੀ ਤੇ ਜੀਪ ਬਾਹਰਲੀ ਸੜਕ ਉੱਤੇ ਨੱਠਣ ਲੱਗ ਪਈ। ਕਰਨਲ ਕੋਈ ਘੰਟਾ ਕੁ ਇਧਰ-ਉਧਰ ਭੌਂਦਾ ਰਿਹਾ। ਤੇ ਜਦੋਂ ਜੀਪ ਇਕ ਛੋਟੇ ਜਿਹੇ ਬੰਗਲੇ ਦੇ ਕੋਲ ਜਾ ਕੇ ਰੁਕੀ ਤਾਂ ਰਾਤ ਦੇ ਨੌਂ ਵੱਜ ਚੁੱਕੇ ਸਨ।
ਅੰਦਰਲੇ ਕਮਰੇ ਵਿਚ ਚਾਨਣ ਸੀ।
“ਭਾ-ਜੀ ਪੜ੍ਹ ਰਹੇ ਨੇ।” ਕਰਨਲ ਬੁੱਲ੍ਹਾਂ ਵਿਚ ਹੀ ਬਰੜਾਇਆ ਤੇ ਜਿਵੇਂ ਉਹਦੇ ਪਿੰਡੇ ਨਾਲੋਂ ਵੀਹ ਵਰ੍ਹੇ ਝੜ ਗਏ। “ਅੱਜ ਮੈਂ ਫੇਰ ਦੇਰ ਨਾਲ ਆਇਆਂ...ਭਾ-ਜੀ ਕੀ ਆਖਣਗੇ?” ਤੇ ਇਕੋ ਦਮ ਆਪਣੀ ਇਸ ਦਸ਼ਾ ਉੱਤੇ ਉਹ ਆਪ ਹੀ ਮੁਸਕਰਾ ਪਿਆ। “ਥੋੜ੍ਹੀ ਨਹੀਂ, ਵਾਹਵਾ ਦੇਰ ਨਾਲ ਆਇਆਂ। ਪੰਦਰਾਂ ਸਾਲ ਦੀ ਦੇਰ ਬਾਅਦ।” ਉਸਦਾ ਜੀਅ ਕੀਤਾ ਕਿ ਹੌਲੀ ਜਿਹੀ ਬਗ਼ੀਚੇ ਦਾ ਫਾਟਕ ਟੱਪ ਕੇ ਅਛੋਪਲੇ ਹੀ ਪਿਛਲੇ ਪਾਸੇ ਚਲਾ ਜਾਵੇ, ਤੇ ਗੰਗੂ ਨੂੰ ਆਖੇ ਕਿ ਉਸਦੀ ਰੋਟੀ ਉਹਦੇ ਕਮਰੇ ਵਿਚ ਹੀ ਪਹੁੰਚਾ ਦਵੇ। ਉਹ ਸੁਤੇ-ਸੁਧ ਇਓਂ ਕਰ ਵੀ ਬਹਿੰਦਾ, ਜੇ ਉਹਦਾ ਹੱਥ ਖੱਬੇ ਪਾਸੇ ਲੱਕ ਨਾਲ ਲਮਕਦੇ ਪਸਤੌਲ ਨਾਲ ਨਾ ਜਾ ਵੱਜਦਾ। “ਓ-ਅ!” ਉਹ ਚੇਤੰਨ ਹੋ ਗਿਆ। “ਭਾ-ਜੀ!” ਤੇ ਪੁਰਾਣੀਆਂ ਯਾਦਾਂ ਕਾਰਨ ਉਸਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਭਾ-ਜੀ ਨੇ ਕਦੇ ਉਹਨੂੰ ਝਿੜਕਿਆ ਨਹੀਂ ਸੀ। ਨਾ ਗੁੱਸੇ ਹੋਏ ਸਨ, ਪਰ ਪਤਾ ਨਹੀ ਕਿਉਂ ਫੇਰ ਵੀ ਉਹਨੂੰ ਉਹਨਾਂ ਕੋਲੋਂ ਡਰ ਆਉਂਦਾ ਸੀ। ਦੁਨੀਆਂ ਵਿਚ ਉਹਦੇ ਸਭ ਕੁਝ ਉਹੋ ਸਨ। ਮਾਂ, ਬਾਪ, ਭਰਾ, ਭੈਣ ਤੇ ਉਹਦੀ ਸਾਰੀ ਦੁਨੀਆਂ ਉਹਨਾਂ ਦੁਆਲੇ ਘੁੰਮਦੀ ਸੀ।
ਮਾਂ ਸੁਰੇਸ਼ ਦੇ ਜਨਮ ਸਮੇਂ ਹੀ ਮਰ ਗਈ ਸੀ ਤੇ ਪਿਓ ਬਾਰ੍ਹਾਂ ਵਰ੍ਹਿਆਂ ਦੀ ਉਮਰ ਵਿਚ ਉਹਨੂੰ ਯਤੀਮ ਕਰ ਗਿਆ ਸੀ ਤੇ ਭਾ-ਜੀ ਉਹਦੇ ਮਤਰਏ ਭਰਾ ਹਨ ਤੇ ਸ਼ਬਦ 'ਮਤਰੇਆ' ਉਹਨੂੰ ਸਕਿਆਂ ਨਾਲੋਂ ਵੀ ਵੱਧ ਪਿਆਰਾ ਸੀ। ਜਦੋਂ ਰਾਏ ਸਾਹਿਬ ਪੰਡਤ ਹਰੀ ਕ੍ਰਿਸ਼ਨ ਦੀ ਮੌਤ ਹੋਈ ਤਾਂ ਘਰ ਵਿਚ ਬਗ਼ੈਰ ਚਿੱਟੇ ਕੱਪੜਿਆਂ ਦੇ ਹੋਰ ਕੁਝ ਨਹੀਂ ਸੀ। ਨਿਆਏ ਸ਼ਰਮਾ ਨੇ ਉਹਨੀਂ ਦਿਨੀ ਐਮ.ਏ. ਕੀਤੀ ਸੀ।
ਸੁਰੇਸ਼ ਦਾ ਬਚਪਨ ਵੀ ਭਾ-ਜੀ ਦੀ ਨਿਗਰਾਨੀ ਹੇਠ ਹੀ ਬੀਤਿਆ ਸੀ। ਪਿਤਾ ਜੀ ਨੂੰ ਤਾਂ ਆਪਣੀ ਠੇਕੇਦਾਰੀ ਤੋਂ ਹੀ ਵਿਹਲ ਲਈ ਸੀ ਤੇ ਜਦੋਂ ਠੇਕੇਦਾਰੀ 'ਚ ਘਾਟੇ ਪਏ ਤਾਂ ਸ਼ਰਾਬ ਤੋਂ ਵਿਹਲ ਨਾ ਲੱਗੀ, ਤੇ ਜਦੋਂ ਇਕ ਦਿਨ ਪੀਂਦੇ-ਪੀਂਦੇ ਮਰ ਗਏ ਤਾਂ ਮੁਰਦ-ਘਾਟੋਂ ਮੁੜ ਕੇ ਪਹਿਲੀ ਵਾਰੀ ਭਾ-ਜੀ ਨੇ ਉਹਨੂੰ ਘੁੱਟ ਕੇ ਪਿਆਰ ਕੀਤਾ ਸੀ ਤੇ ਉਸ ਪਿੱਛੋਂ ਭਾ-ਜੀ ਤੇ ਉਹ ਇਕ ਤੰਗ-ਜਿਹੀ ਦੁਨੀਆਂ ਵਿਚ ਬੰਦ ਹੋ ਕੇ ਰਹਿ ਗਏ ਸਨ।
ਭਾ-ਜੀ ਦੀ ਜ਼ਿੰਦਗੀ ਕਾਲਜੋਂ ਘਰ ਤੇ ਘਰੋਂ ਕਾਲਜ, ਕਿਤਾਬਾਂ ਤੇ ਕਮਰਾ। ਪਰ ਸੁਰੇਸ਼ ਨੂੰ ਕਦੀ ਮਹਿਸੂਸ ਨਹੀਂ ਸੀ ਹੋਇਆ ਕਿ ਉਹ ਦੁਨੀਆਂ ਵਿਚ ਇਕੱਲਾ ਹੈ। ਸੁਰੇਸ਼ ਨੂੰ ਯਾਦ ਆਇਆ ਕਿ ਪਿਤਾ ਜੀ ਦੀ ਮੌਤ ਤੋਂ ਪਿੱਛੋਂ ਕਈ ਵਾਰੀ ਲੋਕ ਆਏ ਸਨ ਤੇ ਭਾ-ਜੀ ਨੇ ਬਸ ਹੱਥ ਜੋੜ ਛੱਡੇ ਸਨ। ਇਕ ਵਾਰ ਖ਼ੁਦ ਉਹਨੇ ਆਪਣੇ ਕੰਨੀਂ ਸੁਣਿਆ ਸੀ , “ਜ਼ਰਾ ਸੁਰੇਸ਼ ਨੂੰ ਪੜ੍ਹਾਈ ਮੁਕਾ ਲੈਣ ਦਿਓ, ਇਸ ਮਾਸਲੇ 'ਤੇ ਫੇਰ ਸੋਚਾਂਗੇ। ਅਜੇ ਤਾਂ ਇਕੋ ਜ਼ਿੰਮੇਵਾਰੀ ਨਹੀਂ ਨਿਭਦੀ ਪਈ।”
ਜਦੋਂ ਵੀ ਸੁਰੇਸ਼ ਕਦੇ ਪਹਿਲੇ ਨੰਬਰ 'ਤੇ ਆਇਆ, ਜਾਂ ਖੇਡ ਦੇ ਮੈਦਾਨ ਵਿਚ ਸੁਰੇਸ਼ 'ਬਕ-ਅਪ', 'ਗੌਤਮ-ਜ਼ਿੰਦਾਬਾਦ' ਹੋਈ ਤਾਂ ਭਾ-ਜੀ ਦੇ ਚਿਹਰੇ 'ਤੇ ਮਾੜੀ-ਜਿਹੀ ਮੁਬਕਰਾਹਟ ਆਈ ਤੇ ਬਸ। ਪਰ ਉਸ ਮੁਬਕਰਾਹਟ ਵਿਚ ਹਜ਼ਾਰਾਂ ਤਾੜੀਆਂ ਦੀ ਗੂੰਜ ਤੇ ਵੀਹਾਂ ਮਾਣ-ਪੱਤਰਾਂ ਦੇ ਸ਼ਬਦ ਗੁੰਦੇ ਹੋਏ ਹੁੰਦੇ ਸਨ।
ਸੁਰੇਸ਼ ਦੀ ਜ਼ਿੰਦਗੀ ਇਕਸਾਰ ਪੱਧਰੀ ਸੜਕ ਤੋਂ ਲੰਘਦੀ ਰਹੀ ਸੀ। ਉਹ ਖਰੂਦੀ ਸੀ ਪਰ ਬਗ਼ੀਚੇ ਦੇ ਫਾਟਕੋਂ ਬਾਹਰ। ਗਲਾਕੜੀ ਸੀ ਪਰ ਦੋਸਤਾਂ ਵਿਚ। ਹਸੰਦੜ ਸੀ ਪਰ ਸਿਰਫ਼ ਕਾਲਜ ਦੇ ਵਾਤਾਵਰਣ ਵਿਚ। ਖਿਲਾੜੀ ਸੀ ਪਰ ਮੈਦਾਨ ਵਿਚ। ਘਰ ਵਿਚ ਉਹ ਬਸ ਸੁਰੇਸ਼ ਸੀ।
ਸਮੇਂ ਦੇ ਨਾਲ ਨਾਲ ਪਰੋਫ਼ੈਸਰ ਨਿਆਏ ਸ਼ਰਮਾ ਦੀ ਸੰਜੀਦਗੀ ਡੂੰਘੀ ਤੇ ਸੁਰੇਸ਼ ਦੀ ਜ਼ਿੰਦਗੀ ਦਾ ਘੇਰਾ ਸਪਸ਼ਟ ਹੋ ਗਿਆ। ਭਾ-ਜੀ ਕੋਲ ਹਮਦਰਦੀ ਸੀ, ਪਿਆਰ ਸੀ, ਵੱਡਪਣ ਸੀ ਪਰ ਉਹ ਏਨਾ ਕੀਮਤੀ ਮੇਲ ਸੀ ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ। ਉਹਨਾਂ ਦੀ ਨੇੜਤਾ ਉੱਤੇ ਮਾਣ ਮਹਿਸੂਸਿਆ ਜਾ ਸਕਦਾ ਸੀ। ਘਰੇਲੂ ਸਜਾਵਟ ਵਿਚ ਵਾਧਾ ਹੋ ਸਕਦਾ ਸੀ ਪਰ ਆਮ ਵਰਤੋਂ ਨਹੀਂ ਸੀ ਹੋ ਸਕਦੀ। ਸੁਰੇਸ਼ ਦੀ ਨਵੀਂ ਜਵਾਨੀ ਠਹਾਕੇ ਮਾਰਨਾ ਲੋਚਦੀ ਸੀ ਤੇ ਉਤਰ ਵਿਚ ਸਿਰਫ ਧੀਮੀ-ਜਿਹੀ ਮੁਸਕਾਨ ਸੀ। ਉਹ ਖੁੱਲ੍ਹ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਉਧਰੋ ਬਸ 'ਹੂੰ-ਹਾਂ' ਹੁੰਦੀ ਸੀ। ਵੱਡਪਣ ਦਾ ਏਨਾ ਚੌੜਾ ਪਾੜਾ! ਭਾਵੇਂ ਦੋਵਾਂ ਦੀ ਉਮਰ ਵਿਚ ਕੁਲ ਦਸ ਸਾਲ ਦਾ ਫਰਕ ਸੀ ਪਰ ਭਾ-ਜੀ ਨੇ ਜ਼ਿੰਮੇਵਾਰੀ ਦਾ ਅਹਿਸਾਸ ਏਨੀ ਸੰਜੀਦਗੀ ਨਾਲ ਕੀਤਾ ਸੀ ਕਿ ਜਵਾਨੀ ਦੀ ਲੁਕਣ-ਮੀਟੀ ਲਈ ਉਸ ਵਿਚ ਕਿਤੇ ਵੀ ਕੋਈ ਰਖਣਾ ਜਾਂ ਵਿਰਲ ਨਹੀਂ ਸੀ ਰਹੀ। ਦੋਵਾਂ ਦਾ ਰਿਸ਼ਤਾ ਜਿਵੇਂ ਹਿਸਾਬ ਦਾ ਇਕ ਫਾਰਮੂਲਾ ਸੀ। ਜਿਸ ਨੂੰ ਕਿਸੇ ਤਰ੍ਹਾਂ ਹੱਲ ਕਰ ਲਵੋ, ਉਤਰ ਇਕੋ ਹੋਵੇਗਾ।
ਕਰਨਲ ਗੌਤਮ ਨੇ ਅਚਾਨਕ ਤ੍ਰਬਕ ਕੇ ਫਾਟਕ ਖੋੜ੍ਹਣਾ ਚਾਹਿਆ ਪਰ ਉਹਨੂੰ ਉਹ ਦਿਨ ਚੇਤੇ ਆ ਗਿਆ ਜਦੋਂ ਉਹ ਇਕ ਸ਼ਾਮ ਨੂੰ ਹੌਲੀ ਜਿਹੀ ਫਾਟਕ ਭੀੜ ਕੇ ਘਰ ਨੂੰ ਸਦਾ ਲਈ ਮੱਥਾ ਟੇਕ ਗਿਆ ਸੀ।
ਕੀ ਉਹ ਡਰਪੋਕ ਸੀ ?
ਨਹੀਂ। ਉਹਦਾ ਹੱਥ ਆਪ ਮੁਹਾਰੇ ਹੀ ਹਿੱਕ ਉੱਤੇ ਟੰਗੇ ਤਮਗਿਆਂ ਵਲ ਉਠ ਗਿਆ। ਇਹ ਤਮਗੇ ਉਹ ਜਾਣ-ਬੁਝ ਕੇ ਲਾ ਕੇ ਆਇਆ ਸੀ ਕਿ ਭਾ-ਜੀ ਨੂੰ ਵਿਖਾ ਸਕੇ ਉਹ ਕੀ ਬਣ ਗਿਆ ਹੈ। ਪਰ ਜਿਸ ਦਿਨ ਉਹ ਘਰੋਂ ਨਿਕਲਿਆ ਸੀ—ਉਸ ਦਿਨ ਉਹ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਤੇ ਏਸ ਛੁਟਕਾਰੇ ਲਈ ਉਹਨੇ ਖਾਨਦਾਨ ਦੀ ਇੱਜ਼ਤ, ਭਾ-ਜੀ ਦੀ ਮੁਹੱਬਤ ਤੇ ਆਪਣੇ ਵਲਵਲਿਆਂ ਨੂੰ ਪਿਛਾਂਹ ਸੁੱਟ ਦਿੱਤਾ ਸੀ। ਸਾਰਿਆਂ ਨੂੰ ਦਾਅ 'ਤੇ ਲਾ ਛੱਡਿਆ ਸੀ। ਤੇ ਅੱਜ ਉਹ ਇਸ ਜਾਣੇ-ਪਛਾਣੇ ਫਾਟਕ ਲਾਗੇ ਪਹੁੰਚ ਕੇ ਵੀ ਇਸ ਤੋਂ ਕਿੱਡਾ ਦੂਰ ਸੀ? ਜਿਹਦਾ ਦਿਲ ਗੋਲੀਆਂ ਦੀ ਛਾਂ ਥੱਲੇ ਵੀ ਨਹੀਂ ਸੀ ਕੰਬਿਆ ਅੱਜ ਉਹ ਆਪਣੇ ਘਰ ਵਿਚ ਆਪ ਹੀ ਓਪਰਾ ਸੀ। ਜੇ ਉਸ ਵਿਚ ਮਕਾਨ ਅੰਦਰ ਵੜਨ ਦੀ ਹਿੰਮਤ ਨਹੀਂ ਸੀ ਤਾਂ ਉਹ ਇੱਥੇ ਆਇਆ ਹੀ ਕਿਉਂ ਸੀ? ਉਸ ਆਪਣੇ ਆਪ ਨੂੰ ਸਵਾਲ ਕੀਤਾ।
ਅਜੇ ਉਹ ਉਧੇੜ-ਬੁਣ ਵਿਚ ਹੀ ਲੱਗਾ ਹੋਇਆ ਸੀ ਕਿ ਪਿੱਛੇ ਸਾਈਕਲ ਦੀ ਟੱਲੀ ਖੜਕੀ।
“ਤੁਸੀਂ ਕਿਸ ਨੂੰ ਮਿਲਣਾ ਏਂ?”
ਕਰਨਲ ਨੇ ਮੁੜ ਕੇ ਦੇਖਿਆ ਤਾਂ ਉਹ ਆਪ ਸਾਈਕਲ ਫੜ੍ਹੀ ਖੜ੍ਹਾ ਸੀ। ਅੱਜ ਤੋਂ ਵੀਹ-ਬਾਈ ਵਰ੍ਹੇ ਪਹਿਲਾਂ ਦਾ ਸੁਰੇਸ਼। ਤੇ ਉਹ ਆਪ ਕਰਨਲ ਗੌਤਮ ਸੀ। ਬੱਚਾ ਹੈਰਾਨੀ ਨਾਲ ਉਸ ਵੱਲ ਤੱਕ ਰਿਹਾ ਸੀ। ਉਹਦੇ ਮੋਢਿਆਂ 'ਤੇ ਇਮਤਿਆਜ਼ੀ ਰੰਗ ਨੂੰ, ਉਹਦੀ ਹਿੱਕ 'ਤੇ ਲੱਗੇ ਤਮਗਿਆਂ ਵੱਲ ਤੇ ਚਾਂਦੀ-ਨਹਾਤੀ ਜੇਬ ਨੂੰ।
“ਤੁਸੀਂ ਕਿਸ ਨੂੰ ਮਿਲਣਾ ਏਂ?” ਬੱਚੇ ਦੀ ਆਵਾਜ਼ ਵਿਚ ਹੈਰਾਨੀ ਸੀ।
“ਕੀ ਪ੍ਰੋਫ਼ੈਸਰ ਨਿਆਏ ਸ਼ਰਮਾ ਇੱਥੇ ਹੀ ਰਹਿੰਦੇ ਨੇ?” ਉਸ ਨੇ ਬੱਚੇ ਨੂੰ ਲਗਭਗ ਘੂਰਦਿਆਂ ਪੁੱਛਿਆ।
“ਜੀ...ਪ੍ਰਿਸੀਪਲ ਸ਼ਰਮਾ, ਅੰਦਰ ਨੇ, ਆਓ।” ਬੱਚੇ ਨੇ ਫਾਟਕ ਖੋਲ੍ਹ ਦਿੱਤਾ, “ਮੈਂ ਮੰਮੀ ਨੂੰ ਛੱਡਣ ਗਿਆ ਸਾਂ। ਕਿਸੇ ਦੇ ਘਰ ਵਿਆਹ ਸੀ। ਉਹ ਠਹਿਰ ਕੇ ਆਉਣਗੇ। ਪਰ ਤੁਸੀਂ ਤਾਂ ਡੈਡੀ ਨੂੰ ਮਿਲਣਾ ਏਂ।”
'ਤਾਂ ਭਾ-ਜੀ ਨੇ ਵਿਆਹ ਵੀ ਕਰ ਲਿਆ ਤੇ ਮੈਨੂੰ ਪਤਾ ਵੀ ਨਹੀਂ।' ਤੇ ਫੇਰ ਉਹ ਇਸ ਸੋਚ 'ਤੇ ਆਪਣੇ ਆਪ ਹੀ ਸ਼ਰਮਾ ਗਿਆ। 'ਉਹ ਪਤਾ ਦਿੰਦੇ ਵੀ ਤਾਂ ਕਿਸਨੂੰ? ਕੀ ਉਸ ਪਤਾ ਦੇਣ ਵਾਲਾ ਕੰਮ ਕੀਤਾ ਸੀ?—ਜਿਹਨਾਂ ਹਾਲਤਾਂ ਵਿਚ ਉਹ ਘਰ ਦੀ ਇੱਜ਼ਤ ਨੀਲਾਮ ਕਰਕੇ ਨਿਕਲਿਆ ਸੀ ਕੀ ਇਹ ਸੰਭਵ ਸੀ ਕਿ ਪੰਡਤ ਹਰੀ ਕ੍ਰਿਸ਼ਨ ਦੇ ਘਰਾਣੇ ਦੀ ਇੱਜ਼ਤ ਦਾ ਸੰਬੰਧ ਸੁਰੇਸ਼ ਨਾਲ ਬਣਿਆ ਰਹਿੰਦਾ।'
“ਆਓ ਨਾ—” ਬੱਚੇ ਦੀ ਆਵਾਜ਼ ਨੇ ਉਹਨੂੰ ਚੇਤੰਨ ਕੀਤਾ, “ਨਾਲੇ ਹਾਂ ਸੱਚ, ਮੈਂ ਡੈਡੀ ਨੂੰ ਕੀ ਆਖਾਂ, ਕੌਣ ਆਇਆ ਏ?”
“ਕੌਣ ਆਇਆ ਏ?” ਕਰਨਲ ਸੋਚੀਂ ਪੈ ਗਿਆ। 'ਬੱਚਾ ਮੈਨੂੰ ਮੇਰੇ ਭਰਾ ਨਾਲ ਮਿਲਾਏਗਾ ਤੇ ਭਰਾ ਵੀ ਉਹ ਜਿਸ ਨੇ ਉਹਦੀ ਪਾਲਣਾ ਬੱਚਿਆਂ ਵਾਂਗ ਕੀਤੀ ਸੀ। ਅੱਜ ਉਹ ਆਪਣਿਆਂ ਵਿਚ ਹੀ ਕਿੰਨਾ ਬੇਗਾਨਾ ਸੀ!' ਉਹਨੂੰ ਆਪਣੀ ਇਕੱਲ ਦਾ ਅਹਿਸਾਸ ਹੋਣ ਲੱਗਾ। ਉਹ ਫ਼ੌਜ ਵਿਚ ਵੀ ਅਜਨਬੀ ਸੀ। ਆਪਣੇ ਸਾਥੀਆਂ ਵਿਚ ਇਕੱਲਾ ਸੀ। ਅਸਲ ਵਿਚ ਉਹ ਆਪ ਵੀ ਆਪਣੇ-ਆਪ ਨੂੰ ਹੁਣ ਤਾਈਂ ਵਿਸਾਰ-ਜਿਹਾ ਬੈਠਾ ਸੀ।
“ਹਾਂ ਤਾਂ ਕੀ ਆਖਾਂ?”
“ਪੁੱਤਰ ਪ੍ਰਿੰਸੀਪਲ ਸ਼ਰਮਾ ਨੂੰ ਕਹਿ ਦੇਈਂ, ਕਰਨਲ ਗੌਤਮ ਤੁਹਾਨੂੰ ਮਿਲਣਾ ਚਾਹੁੰਦਾ ਹੈ।”
“ਕਰਨਲ ਗੌਤਮ!” ਬੱਚੇ ਨੇ ਇਕ ਭਰਪੂਰ ਨਿਗਾਹ ਆਉਣ ਵਾਲੇ 'ਤੇ ਮਾਰੀ। ਤੇ ਉਡਦੀ-ਉਡਦੀ ਨਜ਼ਰ ਜੀਪ 'ਤੇ ਪਾਈ। ਜਿਵੇਂ ਉਹ ਗੱਲ ਦੀ ਪਰਖ ਕਰ ਰਿਹਾ ਹੋਵੇ ਤੇ ਫੇਰ ਜਿਵੇਂ ਉਹਨੂੰ ਅਜਨਬੀ ਉੱਤੇ ਇਤਬਾਰ ਆ ਗਿਆ ਹੋਵੇ। ਉਸ ਕਿਹਾ, “ਆਓ ਨਾ। ਘਰੇ ਡੈਡੀ ਨੇ ਤੇ ਗੰਗੂ। ਹੋਰ ਕੋਈ ਨਹੀਂ।”
“ਗੰਗੂ ਵੀ ਹੈ!” ਸੁਰੇਸ਼ ਦੇ ਮੂੰਹੋਂ ਨਿਕਲਿਆ।
“ਤਾਂ ਤੁਸੀਂ ਗੰਗੂ ਨੂੰ ਜਾਣੇ ਓ?” ਬੱਚੇ ਨੇ ਹੈਰਾਨੀ ਨਾਲ ਪੁੱਛਿਆ ਤੇ ਸੁਰੇਸ਼ ਸੋਚਣ ਲੱਗਾ ਕਿ ਉਹ ਉਸ ਨੂੰ ਕਿਸ ਤਰ੍ਹਾਂ ਸਮਝਾਵੇ ਕਿ ਉਹ ਸਭ ਕੁਝ ਜਾਣਦਾ ਹੈ।
“ਸਾਡੇ ਵੀ ਇਕ ਅੰਕਲ ਫ਼ੌਜ ਵਿਚ ਨੇ—ਸੁਰੇਸ਼ ਅੰਕਲ। ਡੈਡੀ ਨੇ ਮੈਨੂੰ ਦੱਸਿਆ ਸੀ। ਕੀ ਉਹ ਤੁਹਾਡੇ ਦੋਸਤ ਨੇ? ਕੀ ਤੁਸੀਂ ਉਹਨਾਂ ਨੂੰ ਜਾਣਦੇ ਓ ਨਾ? ਉਹ ਸਾਨੂੰ ਮਿਲਣ ਕਦੀ ਨਹੀਂ ਆਏ। ਮੰਮੀ ਕਹਿੰਦੇ ਸੀ, ਉਹ ਕਿਸੇ ਬਾਹਰਲੇ ਮੁਲਕ ਵਿਚ ਗਏ ਹੋਏ ਨੇ।” ਬੱਚਾ ਉਸ ਨਾਲ ਖੁੱਲ੍ਹ ਗਿਆ।
ਅੰਦਰੋਂ ਆਵਾਜ਼ ਆਈ, “ਵਿਨੋਦ ਕੌਣ ਏਂ?”
ਉਹੀ ਬੋਲ-ਸ਼ੈਲੀ, ਉਹੀ ਠਹਿਰਾਅ; ਫਰਕ ਬਸ ਸੁਰੇਸ਼ ਤੇ ਵਿਨੋਦ ਦਾ ਸੀ। ਕਰਨਲ ਗੌਤਮ ਉਡੀਕਣ ਲੱਗਾ ਕਿ ਹੁਣ ਕਿਹਾ ਜਾਵੇਗਾ, 'ਸੁਰੇਸ਼ ਫਾਟਕ ਭੀੜ ਦੇਵੀਂ।' ਪਰ ਇਸ ਦੀ ਥਾਂ ਵਿਨੋਦ ਨੇ ਕਿਹਾ, “ਡੈਡੀ ਕਰਨਲ ਗੌਤਮ ਮਿਲਣ ਆਏ ਨੇ ਤੁਹਾਨੂੰ।”
“ਅੰਦਰ ਆ ਜਾਓ! ਲੰਘ ਆਓ!” ਤੇ ਬੱਚੇ ਨੇ ਉਹਦਾ ਹੱਥ ਫੜ੍ਹ ਕੇ ਲਗਭਗ ਅੰਦਰ ਘਸੀਟ ਹੀ ਤਾਂ ਲਿਆ ਸੀ।
ਭਾ-ਜੀ ਦੇ ਕਮਰੇ ਵਿਚ ਰੌਸ਼ਨੀ ਸੀ। ਉਹੀ ਕਮਰਾ, ਉਹੀ ਮੇਜ਼, ਕਿਤਾਬਾਂ, ਕੁਰਸੀ, ਅਲਮਾਰੀ, ਤਸਵੀਰਾਂ—ਬਸ ਭਾ-ਜੀ ਦੇ ਸਿਰ ਦੇ ਵਾਲ ਕੁਝ ਵਧੇਰੇ ਚਿਟਿਆ ਗਏ ਸਨ; ਨਹੀਂ ਤਾਂ ਇਹਨਾਂ ਪੰਦਰਾਂ ਸਾਲਾਂ ਵਿਚ ਕੁਝ ਵੀ ਤਾਂ ਨਹੀਂ ਸੀ ਬਦਲਿਆ, ਜਿਵੇਂ ਕਲ੍ਹ ਦੀ ਗੱਲ ਹੋਵੇ। ਭਾ-ਜੀ ਨੇ ਆਉਣ ਵਾਲੇ 'ਤੇ ਉਡਦੀ ਜਿਹੀ ਨਜ਼ਰ ਮਾਰੀ ਤੇ ਸੁਰੇਸ਼ ਨੇ ਮਹਿਸੂਸ ਕੀਤਾ ਕਿ ਪਹਿਲੀ ਵਾਰ ਭਾ-ਜੀ ਦੇ ਚਿਹਰੇ ਉੱਤੇ ਉਤਾਰ-ਚੜ੍ਹਾਅ ਆਏ ਸਨ ਪਰ ਉਹਨਾਂ ਉੱਤੇ ਛੇਤੀ ਹੀ ਕਾਬੂ ਪਾ ਲਿਆ ਗਿਆ।
“ਓ...ਸੁਰੇਸ਼ ਤੂੰ...ਅੱਛਾ...ਜਲਦੀ ਨਾਲ ਆਪਣੇ ਕਮਰੇ 'ਚ ਜਾਂਦਾ ਰਹੁ। ਕੱਪੜੇ ਬਦਲ ਲਈਂ—ਤੇ ਗੰਗੂ ਨੂੰ ਆਖੀਂ, ਤੇਰੀ ਰੋਟੀ ਪਾ ਦਵੇ।”
ਓਹੋ ਪੁਰਾਣੇ ਵਾਕ—ਜਿਵੇਂ ਸੁਰੇਸ਼ ਪੰਦਰਾਂ ਸਾਲ ਪਿੱਛੋਂ ਨਹੀਂ, ਸਿਰਫ ਸ਼ਾਮੀਂ ਕਾਲਜੋਂ ਅੱਧਾ ਘੰਟਾ ਲੇਟ ਮੁੜਿਆ ਹੋਵੇ। ਆਦਤ ਅਨੁਸਾਰ ਭਾ-ਜੀ ਨੇ ਨਾ ਹਾਲ-ਚਾਲ ਪੁੱਛਿਆ ਨਾ ਝਾੜ-ਝੰਭ ਕੀਤੀ। ਤੇ ਉਹ ਇਸ ਤਰ੍ਹਾਂ ਕਮਰੇ ਵਿਚੋਂ ਨਿਕਲ ਗਿਆ, ਜਿਵੇਂ ਉਹ ਭਾ-ਜੀ ਨੂੰ ਮੂੰਹ ਵਿਖਾ ਕੇ ਨਿਕਲ ਜਾਂਦਾ ਹੁੰਦਾ ਸੀ।
ਬਸ ਬੱਚੇ ਦੇ ਮੂੰਹ ਉੱਤੇ ਇਕ ਨਵਾਂ ਰੰਗ ਉਘੜ ਆਇਆ।
“ਓ, ਸੁਰੇਸ਼ ਅੰਕਲ ਤੁਸੀਂ!” ਉਸ ਸੁਰੇਸ਼ ਦਾ ਅਟੈਚੀ ਫੜ੍ਹ ਲਿਆ। “ਚੱਲੋ। ਮੈਂ ਤੁਹਾਡੇ ਕਮਰੇ 'ਚ ਲੈ ਚੱਲਾਂ। ਅਸੀਂ ਤੁਹਾਡੇ ਕਮਰੇ ਦੀ ਇਕ ਵੀ ਚੀਜ਼ ਨਹੀਂ ਛੇੜੀ। ਡੈਡੀ ਨੇ ਆਖ ਛੱਡਿਆ ਸੀ ਕਿ ਸੁਰੇਸ਼ ਅੰਕਲ ਦਾ ਕਮਰਾ ਹੈ। ਇਕ ਵਾਰੀ ਮੈਂ ਤੁਹਾਡਾ ਰੈਕਟ ਲੈਣ ਲੱਗਾ ਤਾਂ ਡੈਡੀ ਨੇ ਮਨ੍ਹਾਂ ਕਰ ਦਿੱਤਾ ਤੇ ਮੈਨੂੰ ਨਵਾਂ ਖਰੀਦ ਦਿੱਤਾ। ਗੰਗੂ ਰੋਜ਼ ਕਮਰੇ ਨੂੰ ਸਾਫ ਕਰ ਦਿੰਦਾ ਏ।”
ਤੇ ਸੱਚਮੁੱਚ ਹੀ ਕਮਰੇ ਦੀ ਇਕ ਵੀ ਚੀਜ਼ ਨਹੀਂ ਸੀ ਬਦਲੀ। ਉਹਦਾ ਬਿਸਤਰਾ, ਉਹਦੀਆਂ ਕਿਤਾਬਾਂ, ਉਹਦੀ ਸ਼ੀਸ਼ੇ ਵਿਚ ਮੜ੍ਹੀ ਹੋਈ ਐਮ.ਏ. ਦੀ ਡਿਗਰੀ ਵਾਲੀ ਤਸਵੀਰ, ਉਹਦਾ ਰੈਕਟ, ਹਾਕੀ, ਇੱਥੋਂ ਤਕ ਕਿ ਉਹਦਾ ਸਕਾਰਫ਼ ਵੀ ਹੈਂਗਰ 'ਤੇ ਟੰਗਿਆ ਹੋਇਆ ਸੀ। ਆਪਣੇ ਪੁਰਾਣੇ ਕਮਰੇ ਵਿਚ ਸੁਰੇਸ਼ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਵਿਛੜੇ ਹੋਏ ਦੋਸਤ ਨੂੰ ਮਿਲ ਰਿਹਾ ਹੋਵੇ। ਤੇ ਮੇਜ਼ ਉਪਰ ਉਹਦਾ ਉਹ ਖ਼ਤ ਵੀ ਪਿਆ ਸੀ—
“ਮੈਂ ਜਾ ਰਿਹਾ ਹਾਂ। ਮੈਨੂੰ ਭਾਲਣ ਦੀ ਕੋਸ਼ਿਸ਼ ਨਾ ਕਰਨਾ।”
ਖ਼ਤ ਵੇਖ ਕੇ ਸੁਰੇਸ਼ ਦੀਆਂ ਅੱਖਾਂ ਭਰ ਆਈਆਂ। ਤੇ ਬੱਚਾ ਕਹਿ ਰਿਹਾ ਸੀ—
“ਜੇ ਮੰਮੀ ਨੂੰ ਪਤਾ ਹੁੰਦਾ ਕਿ ਤੁਸੀਂ ਅੱਜ ਆਉਣਾ ਏਂ ਤਾਂ ਉਹ ਵਿਆਹ 'ਤੇ ਨਾ ਜਾਂਦੇ। ਉਹਨਾਂ ਨੂੰ ਕੀ ਪਤਾ ਸੀ?” ਤੇ ਫੇਰ ਉਹਦੀ ਹਿੱਕ 'ਤੇ ਲੱਗੇ ਤਮਗਿਆਂ ਵੱਲ ਵੇਖ ਕੇ ਕਹਿਣ ਲੱਗਾ, “ਤੁਸੀਂ ਤਾਂ ਅੰਕਲ ਬਹੁਤ ਨਵੇਂ ਨਵੇਂ ਮੁਲਕ ਦੇਖੇ ਹੋਣੇ ਨੇ? ਤੁਸੀਂ ਮੇਰੀ ਖਾਤਰ ਕੀ ਲਿਆਏ ਓ?”
“ਕੀ ਲਿਆਇਆ ਹਾਂ?” ਸੁਰੇਸ਼ ਸੋਚਣ ਲੱਗਾ, ਉਹ ਕੀ ਲਿਆਇਆ ਹੈ। ਇਕ ਯਾਦ, ਇਕ ਤਲਖ਼ੀ। ਵਿਨੋਦ ਅਟੈਚੀ ਫਰੋਲ ਰਿਹਾ ਸੀ। “ਅੰਕਲ ਤੁਹਾਡੇ ਕੱਪੜੇ।”
ਤੇ ਸੁਰੇਸ਼ ਵਿਨੋਦ ਨੂੰ ਆਪਣੀ ਇਕ ਪੁਰਾਣੀ ਫੋਟੋ ਨਾਲ ਮੇਲ ਰਿਹਾ ਸੀ। ਵਿਨੋਦ ਨੇ ਉਹਦੀ ਚੋਰੀ ਫੜ੍ਹ ਲਈ, “ਮੇਰੀ ਸ਼ਕਲ ਤੁਹਾਡੇ ਨਾਲ ਵਾਹਵਾ ਮਿਲਦੀ ਏ ਨਾ?” ਵਿਨੋਦ ਨੇ ਮਾਣ ਨਾਲ ਆਖਿਆ, “ਮੈਂ ਵੀ ਵੱਡਾ ਹੋ ਕੇ ਕਰਨਨ ਬਣਾਗਾ। ਆਪਣੇ ਕੋਲ ਪਿਸਤੌਲ ਰੱਖਾਂਗਾ। ਤੇ ਸਾਰਿਆਂ ਦੁਸ਼ਮਣਾ ਨੂੰ ਫੁੰਡ ਸੁੱਟਾਂਗਾ। ਕਿਉਂ ਅੰਕਲ?”
“ਹਾਂ ਪੁੱਤਰ!” ਸੁਰੇਸ਼ ਨੇ ਧੀਮੀ ਆਵਾਜ਼ ਵਿਚ ਕਿਹਾ। ਤੇ ਜੇਬ ਵਿਚੋਂ ਸਿਗਰਟਾਂ ਵਾਲੀ ਡੱਬੀ ਕੱਢ ਕੇ ਇਕ ਸਿਗਰਟ ਸੁਲਗਾਉਣ ਹੀ ਲੱਗਾ ਸੀ ਕਿ ਕੁਝ ਸੋਚ ਕੇ ਸਿਗਰਟ ਮੁੜ ਡੱਬੀ ਵਿਚ ਪਾ ਲਈ। ਉਸ ਭਾ-ਜੀ ਸਾਹਮਣੇ ਕਦੀ ਸਿਗਰਟ ਨਹੀਂ ਸੀ ਪੀਤੀ।
“ਤੇ ਮੈਂ ਅੱਜ ਤੁਹਾਡੇ ਨਾਲ ਸੰਵਾਂਗਾ, ਠੀਕ ਏ ਨਾ ਅੰਕਲ? ਮੰਮੀ ਮੈਨੂੰ ਏਸ ਕਮਰੇ 'ਚ ਨਹੀਂ ਸੌਣ ਦਿੰਦੀ। ਮੈਂ ਕਈ ਵਾਰ ਆਖਿਐ ਬਈ ਅੰਕਲ ਤਾਂ ਬਾਹਰ ਗਏ ਹੋਏ ਨੇ, ਮੈਨੂੰ ਇਹ ਕਮਰਾ ਦੇ ਦਿਓ, ਮੈਂ ਏਥੇ ਪੜ੍ਹਿਆ ਕਰਾਂਗਾ। ਪਰ ਡੈਡੀ ਕਹਿੰਦੇ ਨੇ—ਅੰਕਲ ਦੀਆਂ ਚੀਜ਼ਾਂ ਖ਼ਰਾਬ ਹੋ ਜਾਣਗੀਆਂ। ਤੇ ਮੰਮੀ ਵੀ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿ ਸਾਨੂੰ ਅੰਕਲ ਦੇ ਕਮਰੇ ਵਿਚ ਨਹੀਂ ਸੌਣਾ ਚਾਹੀਦਾ। ਜਦ ਅੰਕਲ ਸਾਡੇ ਕੋਲ ਨਹੀਂ ਆਉਂਦੇ, ਸਾਨੂੰ ਖ਼ਤ ਨਹੀਂ ਲਿਖਦੇ ਤਾਂ ਅਸੀਂ ਭਲਾ ਉਹਨਾਂ ਦੇ ਕਮਰੇ ਵਿਚ ਕਿਉਂ ਜਾਈਏ? ਤੇ ਮੰਮੀ ਵੀ ਤੁਹਾਡੇ ਕਮਰੇ ਵਿਚ ਨਹੀਂ ਵੜਦੇ। ਕਦੀ ਗੰਗੂ ਕਮਰਾ ਸਾਫ ਕਰਦਾ ਕਰਦਾ ਮੰਮੀ ਤੋਂ ਕੁਝ ਪੁਛਦੈ ਤਾਂ ਵੀ ਨਹੀਂ ਆਂਦੇ, ਕਹਿੰਦੇ ਨੇ ਸਾਹਿਬ ਕੋਲੋਂ ਪੁੱਛ ਲੈ।”
ਤੇ ਸੁਰੇਸ਼ ਸੋਚਣ ਲੱਗਾ 'ਪਤਾ ਨਹੀਂ ਭਾਬੀ ਕਿਹੋ ਜਿਹੀ ਏ। ਮੈਥੋਂ ਕਿਉਂ ਚਿੜ ਏ। ਮੇਰਾ ਤਾਂ ਹੁਣ ਏਸ ਘਰ ਨਾਲ ਕੋਈ ਵਾਸਤਾ ਨਹੀਂ—ਰਿਸ਼ਤਾ ਵੀ ਬਹੁਤ ਥੋੜ੍ਹਾ ਰਹਿ ਗਿਐ। ਧੁੜਕੂ ਲੱਗਾ ਰਹਿੰਦਾ ਹੋਣੈ ਕਿ ਮੈਂ ਵਿਨੋਦ ਦੇ ਹੱਥ 'ਤੇ ਡਾਕਾ ਮਾਰਾਂਗਾ। ਮੇਰਾ ਤੇ ਭਾ-ਜੀ ਦਾ ਇਸ ਜ਼ਿੰਦਗੀ ਵਿਚ ਹੋਰ ਹੈ ਹੀ ਕੌਣ ਬਿਨਾਂ ਵਿਨੋਦ ਤੋਂ।' ਤੇ ਪਹਿਲੀ ਵਾਰ ਉਸ ਵਿਨੋਦ ਨੂੰ ਹਿੱਕ ਨਾਲ ਘੁੱਟ ਲਿਆ।
ਰਾਤ ਦੇ ਲਗਭਗ ਗਿਆਰਾਂ ਵਜੇ ਜਦ ਭਾਬੀ ਜੀ ਮੁੜੇ ਤਾਂ ਸੁਰੇਸ਼ ਜਾਗ ਰਿਹਾ ਸੀ। ਵਿਨੋਦ ਉਹਦੇ ਨਾਲ ਚੰਬੜਿਆ, ਸੁੱਤਾ ਪਿਆ ਸੀ। ਤੇ ਭਾਬੀ ਭਾ-ਜੀ ਤੋਂ ਪੁੱਛ ਰਹੇ ਸੀ—
“ਵਿਨੋਦ ਕਿੱਥੇ ਐ?”
“ਸੁਰੇਸ਼ ਦੇ ਕਮਰੇ 'ਚ।”
“ਸੁਰੇਸ਼ ਦੇ ਕਮਰੇ 'ਚ?” ਆਵਾਜ਼ ਵਿਚ ਹੈਰਾਨੀ ਸੀ। ਪਰ ਸੁਰੇਸ਼ ਨੂੰ ਇੰਜ ਲੱਗਾ ਜਿਵੇਂ ਉਹ ਇਸ ਆਵਾਜ਼ ਦਾ ਸਿਆਣੂ ਹੋਵੇ।
“ਸੁਰੇਸ਼ ਆਇਐ।” ਭਾ-ਜੀ ਨੇ ਉਤਰ ਦਿੱਤਾ।
“ਸੁਰੇਸ਼ ਆਇਐ!” ਭਾਬੀ ਨੇ ਵਾਕ ਦੁਹਰਾਇਆ।
ਪਰ ਆਵਾਜ਼ ਵਿਚ ਕਾਂਬਾ ਸੀ।
“ਜਾਹ, ਮਿਲ ਲੈ।” ਭਾ-ਜੀ ਨੇ ਆਪਣੇ ਬੋਲਾਂ ਵਿਚ ਸਪਸ਼ਟਤਾ ਲਿਆਉਂਦਿਆਂ ਕਿਹਾ ਤੇ ਸੁਰੇਸ਼ ਨੇ ਕੋਸ਼ਿਸ਼ ਕੀਤੀ ਕਿ ਉਹ ਆਪ ਉਠ ਕੇ ਭਾਬੀ ਨੂੰ ਮਿਲ ਲਏ। ਪਰ ਵਿਨੋਦ ਨੇ ਆਪਣੇ ਹੱਥ ਉਸ ਦੁਆਲੇ ਇੰਜ ਕਸੇ ਹੋਏ ਸਨ ਜਿਵੇਂ ਉਹ ਫੇਰ ਕਿਤੇ ਭੱਜ ਨਾ ਜਾਏ।
ਉਸ ਸੁੱਤੇ ਪਏ ਬੱਚੇ ਦੇ ਮੂੰਹ ਵੱਲ ਤੱਕਿਆ। ਕਿੰਨੀ ਅਭੋਲਤਾ, ਕਿੰਨਾ ਆਪਣਾਪਣ ਸੀ।
ਪਹਿਲੀ ਵਾਰ ਉਹਦੇ ਚਿਹਰੇ ਉੱਤੇ ਮਿੰਨ੍ਹੀ ਜਿਹੀ ਮੁਸਕਾਨ ਆਈ। ਉਹ ਇਕੱਲਾ ਨਹੀਂ ਸੀ—ਉਹ ਇਸ ਘਰ ਵਿਚ ਓਪਰਾ ਨਹੀਂ ਸੀ। ਵਿਨੋਦ ਉਸਦੇ ਨਾਲ ਸੀ।
ਉਹਨੇ ਵਿਨੋਦ ਦੇ ਮੱਥੇ ਤੋਂ ਵਾਲ ਹਟਾਏ ਤੇ ਆਪ ਮੁਹਾਰੇ ਹੀ ਉਹਦਾ ਮੱਥਾ ਚੁੰਮ ਲਿਆ। ਉਹਦੀਆਂ ਸੁੱਤੇ ਪਏ ਦੀਆਂ ਗੱਲ੍ਹਾਂ ਥਾਪੜਣ ਲੱਗ ਪਿਆ ਸੀ, ਕਿ ਬੂਹੇ ਵਲੋਂ ਭਾਬੀ ਦੀ ਆਵਾਜ਼ ਆਈ—
“ਨਮਸਤੇ ਸੁਰੇਸ਼!”
“ਓ—ਓਮਾ ਤੂੰ?”
ਸੁਰੇਸ਼ ਬੌਂਦਲ ਜਿਹਾ ਗਿਆ।
ਉਸ ਕੋਈ ਉਤਰ ਦਿੱਤੇ ਬਿਨਾਂ ਸੁਰੇਸ਼ ਨਾਲ ਪਏ ਵਿਨੋਦ ਨੂੰ ਚੁੱਕਣ ਦਾ ਯਤਨ ਕੀਤਾ। ਪਰ—
ਸੁਰੇਸ਼ ਨੇ ਹੌਲੀ ਜਿਹੀ ਕਿਹਾ, “ਇਹਨੂੰ ਇੱਥੇ ਈ ਰਹਿਣ ਦਿਓ।”
“ਤੈਨੂੰ ਤਕਲੀਫ਼ ਹੋਏਗੀ।”
“ਤਕਲੀਫ਼ ਏਸੇ ਲਈ ਹੁੰਦੀ ਏ ਕਿ ਝੱਲੀ ਜਾਵੇ।” ਸੁਰੇਸ਼ ਨੇ ਫਿਲਾਸਫਰਾਂ ਵਾਂਗ ਕਿਹਾ।
“ਤਾਂ ਤੈਨੂੰ ਏਸ ਗੱਲ ਦਾ ਪਤਾ ਏ !” ਓਮਾ ਨੇ ਮੁੜਦਿਆਂ ਹੋਇਆਂ ਕਿਹਾ, ਤੇ ਬਾਹਰ ਨਿਕਲ ਗਈ।
ਤਾਂ ਭਾ-ਜੀ ਨੇ ਵਿਆਹ ਕਰ ਲਿਐ ਤੇ ਵਿਨੋਦ ਉਹਦਾ ਆਪਣਾ ਮੁੰਡਾ ਏ। ਜਿਹੜਾ ਕੰਮ ਮੈਂ ਨਹੀਂ ਕਰ ਸਕਿਆ—ਉਹਦਾ ਇਲਜ਼ਾਮ ਭਾ-ਜੀ ਨੇ ਆਪਦੇ ਸਿਰ ਲੈ ਲਿਆ।' ਸੁਰੇਸ਼ ਵਿਨੋਦ ਨੂੰ ਝੱਲਿਆਂ ਵਾਂਗ ਚੁੰਮ ਰਿਹਾ ਸੀ।
'ਭਾ-ਜੀ...ਓਮਾ...ਵਿਨੋਦ...ਤੇ ਉਹ ਆਪ, ਉਹਦਾ ਆਪਦਾ ਰੋਲ ਇਸ ਡਰਾਮੇ ਵਿਚ ਕੀ ਸੀ?'
ਉਸ ਧਰਤੀ ਦੀ ਛਾਤੀ ਵਿਚ ਪਾਪ ਦਾ ਬੀਜ ਬੀਜਿਆ ਸੀ, ਪਰ ਫਸਲ ਪੱਕਣ ਤੋਂ ਪਹਿਲਾਂ ਹੀ ਨੱਠ ਗਿਆ ਸੀ। ਕਿਤੇ ਲੋਕ 'ਇਹ' ਨਾ ਕਹਿਣ 'ਔਹ' ਨਾ ਕਹਿਣ। ਪਰ ਭਾ-ਜੀ ਨੇ ਜ਼ਮੀਨ ਦਾ ਉਹ ਟੋਟਾ ਹੀ ਖਰੀਦ ਲਿਆ।
ਧਰਤੀ ਕਦੀ ਅਪਵਿੱਤਰ ਨਹੀਂ ਹੁੰਦੀ। ਭਾ-ਜੀ ਹੁਰਾਂ ਨੇ ਉਹ ਫਸਲ ਆਪਣੀ ਝੋਲੀ ਵਿਚ ਸਮੇਟ ਲਈ। 'ਭਾ-ਜੀ ਤੁਹਾਡੀ ਇਸ ਅਥਾਹ ਸੰਜੀਦਗੀ ਪਿੱਛੇ ਕੇਡਾ ਵੱਡਾ ਦਿਲ ਏ—'
ਉਹਦਾ ਦਿਲ ਉਸ ਸਮੇਂ ਓਮਾ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਪੁੱਛਣਾ ਚਾਹੁੰਦਾ ਸੀ—ਇਹ ਕੀ ਹੋ ਗਿਆ?
ਕਿੱਦਾਂ ਵਾਪਰਿਆ ?
ਪਰ ਓਮਾ ਖ਼ੁਦ ਕਮਰੇ ਵਿਚ ਸੀ। ਉਸ ਵਿਨੋਦ ਦਾ ਕੰਬਲ ਚੰਗੀ ਤਰ੍ਹਾਂ ਉਸ ਉੱਤੇ ਦੇ ਦਿੱਤਾ।
ਤੇ ਫੇਰ—
ਸੁਰੇਸ਼ ਦਾ ਕੰਬਲ ਠੀਕ ਕਰਨ ਲੱਗੀ। ਅਣਵੱਸ ਹੀ ਸੁਰੇਸ਼ ਨੇ ਓਮਾ ਦਾ ਹੱਥ ਫੜ੍ਹ ਲਿਆ।
“ਓਮਾ ਤੂੰ?”
ਓਮਾ ਨੇ ਅਛੋਪਲੇ ਹੀ ਹੱਥ ਛੁਡਾਉਂਦਿਆ ਕਿਹਾ—
“ਓਮਾ ਨਹੀਂ...ਭਾਬੀ।”
ਤੇ ਹੌਲੀ ਜਿਹੀ ਮੁਸਕਰਾ ਕੇ ਕਿਹਾ, “ਛੋਟੇ ਵੱਡਿਆਂ ਦਾ ਨਾਂ ਨਹੀਂ ਲਿਆ ਕਰਦੇ। ਵੱਡੀ ਭਾਬੀ ਮਾਂ ਬਰੋਬਰ ਹੁੰਦੀ ਏ ਸੁਰੇਸ਼।”
ਸੁਰੇਸ਼ ਤੜਪ ਕੇ ਮੰਜਿਓਂ ਉਠ ਖੜੋਤਾ।
“ਠੀਕ ਕਹਿਣੀ ਏਂ ਭਾਬੀ।” ਉਸ ਨੇ ਗਵਾਚਿਆਂ ਵਾਂਗ ਕਿਹਾ। ਕਾਹਲੀ-ਕਾਹਲੀ ਆਪਣੇ ਕੱਪੜੇ ਸਮੇਟ ਕੇ ਅਟੈਚੀ ਵਿਚ ਪਾ ਲਏ। ਕੁਝ ਮਿੰਟਾਂ ਵਿਚ ਉਹ ਕਮਰੇ ਵਿਚਕਾਰ ਖਲੋਤਾ ਸੀ। ਉਸ ਓਮਾ ਦੇ ਪੈਰਾਂ ਵੱਲ ਦੇਖਦਿਆਂ ਕਿਹਾ—“ਪੈਰੀਂ ਪੈਨਾਂ ਭਾਬੀ!” ਤੇ ਫੁਰਤੀ ਨਾਲ ਕਮਰੇ ਵਿਚੋਂ ਨਿਕਲ ਗਿਆ।
ਪ੍ਰਿੰਸੀਪਲ ਨਿਆਏ ਸ਼ਰਮਾ ਦਾ ਕਮਰਾ ਹੌਲੀ ਜਿਹੀ ਖੁੱਲ੍ਹਿਆ। ਉਹ ਆਪਣੀ ਐਨਕ ਦੇ ਸ਼ੀਸ਼ੇ ਰੁਮਾਲ ਨਾਲ ਪੂੰਝ ਰਹੇ ਸਨ। ਓਮਾ ਨੇ ਝੁਕ ਕੇ ਉਹਨਾਂ ਦੇ ਪੈਂਰੀ ਹੱਥ ਲਾਏ ਤੇ ਹੌਲੀ ਜਿਹੀ ਬੋਲੀ—
“ਸੁਰੇਸ਼ ਜਾ ਰਿਹਾ ਏ।”
ਤੇ ਪੰਦਰਾਂ ਵਰ੍ਹਿਆਂ ਵਿਚ ਪਹਿਲੀ ਵਾਰ ਉਹਨਾਂ ਨੇ ਓਮਾ ਦੀ ਗੱਲ੍ਹ ਥਾਪੜਦਿਆਂ ਕਿਹਾ—“ਮੈਨੂੰ ਪਤਾ ਹੈ।” ਤੇ ਹੌਲੀ ਜਿਹੀ ਬੋਲੇ—“ਤੇ ਐਤਕੀਂ ਉਹ ਸਭ ਨੂੰ ਪੁੱਛ ਕੇ ਜਾ ਰਿਹੈ।”
ਤੇ ਓਮਾ ਉਹਨਾਂ ਦੀ ਹਿੱਕ 'ਤੇ ਸਿਰ ਰੱਖ ਕੇ ਰੋਣ ਲੱਗ ਪਈ।
ਦੂਸਰੇ ਦਿਨ ਸਵੇਰੇ ਕਰਨਲ ਗੌਤਮ ਆਪਣੇ ਕਮਰੇ ਵਿਚ ਸੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ