Kubba (Punjabi Story) : Professor Mohan Singh

ਕੁੱਬਾ (ਕਹਾਣੀ) : ਪ੍ਰੋਫ਼ੈਸਰ ਮੋਹਨ ਸਿੰਘ

ਸਾਡੀ ਗਲੀ ਵਿਚੋਂ ਬਾਹਰ ਨਿਕਲਦਿਆਂ ਹੀ ਸੱਜੇ ਕੋਨੇ ਤੇ ਇਕ ਫਲਾਂ ਦੀ ਦੁਕਾਨ ਹੈ, ਜਿਸ ਦਾ ਮਾਲਕ ਇਕ ਕੁੱਬਾ ਹੈ । ਪਹਿਲੇ ਪਹਿਲ ਜਦ ਮੈਂ ਉਸ ਨੂੰ ਵੇਖਿਆ ਤਾਂ ਮੈਨੂੰ ਉਸ ਦੀ ਸ਼ਕਲ ਬੜੀ ਮਕਰੂਹ, ਜਾਪੀ ਅਤੇ ਮੇਰੇ ਦਿਲ ਵਿਚ ਉਸ ਲਈ ਸਹਿਜ ਸੁਭਾ ਹੀ ਕੁਝ ਨਫ਼ਰਤ ਜਹੀ ਪੈਦਾ ਹੋ ਗਈ। ਸ਼ੁਰੂ ਸ਼ੁਰੂ ਵਿਚ ਇਹ ਨਫ਼ਰਤ ਐਵੇਂ ਬੇਮਲੂਮੀ ਜਹੀ ਸੀ ਤੇ ਸਦਾ ਸੁਤੀ ਸੁਤੀ ਰਹਿੰਦੀ ਸੀ, ਕਦੀ ਕਿਤੇ ਮਾੜੀ ਜਹੀ ਅੱਖ ਪੱਟੇ ਤੇ ਪੱਟੇ। ਪਰ ਹੌਲੀ ਹੌਲੀ, ਖਬਰ ਨਹੀਂ ਕਿਉਂ ਇਹ ਬੇਮਲੂਮੀ ਨਫ਼ਰਤ ਘੋਰ ਘ੍ਰਿਣਾ ਵਿਚ ਬਦਲ ਗਈ। ਪਹਿਲਾਂ, ਮੈਂ ਉਸ ਦੀ ਹੱਟੀ ਅਗੋਂ ਬੇਧਿਆਨ ਹੀ ਲੰਘ ਜਾਇਆ ਕਰਦਾ ਸੀ, ਪਰ ਹੁਣ ਉਸ ਦੀ ਮਕਰੂਹ ਹੋਂਦ ਨੂੰ ਅਨੁਭਵ ਕੀਤੇ ਬਿਨਾਂ, ਮੇਰੇ ਲਈ ਉਥੋਂ ਲੰਘਣ ਕਠਣ ਹੋ ਗਿਆ । ਉਸ ਦੀ ਹੱਟੀ ਲਾਗੇ ਅਪੜਦਿਆਂ ਹੀ ਮੇਰਾ ਨੱਕ ਚੜ੍ਹ ਜਾਂਦਾ ਅਤੇ ਸਾਹ ਲੈਣ ਤੋਂ ਇਨਕਾਰ ਜਿਹਾ ਕਰ ਦੇਂਦਾ, ਜਾਣੋ ਹੱਟੀ ਦੀ ਲਾਗਲੀ ਫ਼ਜ਼ਾ ਵਿਚ ਵਿਸ ਭਰੀ ਹੋਈ ਹੈ । ਮੈਂ ਕਈ ਵਾਰੀ ਆਪਣੇ ਖ਼ਿਆਲਾਂ ਯਾ ਦੋਸਤਾਂ ਦੀਆਂ ਗਲਾਂ ਵਿਚ ਗ਼ਲਤਾਨ ਉਥੋਂ ਲੰਘਿਆ ਸਾਂ, ਪਰ ਕਦੀ ਵੀ ਐਸਾ ਨਹੀ ਹੋਇਆ ਕਿ ਮੈਂ ਕੁੱਬੇ ਦੀ ਹੋਂਦ ਨੂੰ ਮਹਿਸੂਸ ਕੀਤੇ ਬਿਨਾ ਲੰਘ ਸਕਿਆ ਹੋਵਾਂ ਤੇ ਮੇਰੀ ਮਹਿਵੀਅਤ ਘੜੀ ਦੀ ਘੜੀ ਲਈ ਨਾ ਟੁੱਟੀ ਹੋਵੇ । ਮੈਂ ਇਹ ਤਜਰਬਾ ਕਰ ਕੇ ਬੜਾ ਹੈਰਾਨ ਸਾਂ ਕਿ ਸਾਡੇ ਪਿਆਰ ਦੇ ਪਾਤਰਾਂ ਵਾਂਗ ਸਾਡੀ ਘ੍ਰਿਣਾ ਦੇ ਪਾਤਰ ਵੀ ਕਿਵੇਂ ਸਾਡੇ ਦਿਲ ਦਿਮਾਗ ਤੇ ਸਮੇਂ ਉਤੇ ਛਾਏ ਰਹਿਣ ਦੀ ਸਮਰੱਥਾ ਰੱਖਦੇ ਹਨ ।
ਕਦੀ ਕਦੀ ਮੇਰੀ ਵਿਚਾਰ-ਬਿਰਤੀ ਇਸ ਅਕਾਰਣ ਘ੍ਰਿਣਾ ਦੇ ਵਿਰੁੱਧ ਜਹਾਦ ਕਰ ਦੇਂਦੀ ਅਤੇ ਆਪਣੇ ਠੰਡਿਆਂ ਪਲਾਂ ਵਿਚ ਮੈਂ ਸੋਚਦਾ ਕਿ ਮੰਨ ਲਿਆ ਉਹ ਕੁੱਬਾ ਹੈ, ਕੋਝਾ ਹੈ, ਬਦਸ਼ਕਲ ਹੈ, ਪਰ ਆਖ਼ਰ ਮੇਰੇ ਵਾਂਗ ਇਨਸਾਨ ਹੈ, ਦਸਾਂ ਨਵਾਂ ਦੀ ਕਿਰਤ ਕਰ ਕੇ ਖਾਂਦਾ ਹੈ, ਮੇਰੇ ਯਾ ਕਿਸੇ ਹੋਰ ਅੱਗੇ ਹੱਥ ਨਹੀਂ ਟਡਦਾ । ਫਿਰ ਮੈਂ ਕਿਉਂ ਉਸ ਨਾਲ ਨਫ਼ਰਤ ਕਰਦਾ ਹਾਂ ਅਤੇ ਨਜ਼ਦੀਕੀ ਗਵਾਂਢੀ ਹੋਣ ਤੋਂ ਵੀ ਮੈਂ ਉਸ ਦੀ ਹੱਟੀ ਨੂੰ ਰਾਹ ਵਿਚ ਛਡ ਕੇ ਚਾਰ ਪੰਜ ਸੌ ਗਜ਼ ਪਰੇਡਿਓਂ ਜਾ ਕੇ ਫਲ ਲਿਆਉਂਦਾ ਹਾਂ ? ਇਸ ਤਰ੍ਹਾਂ ਮੈਂ ਕਈ ਵਾਰ ਆਪਣੇ ਆਪ ਨੂੰ ਲਾਹਨਤਾਂ ਪਾ ਚੁਕਾ ਸਾਂ, ਪਰ ਫਿਰ ਵੀ ਪਤਾ ਨਹੀਂ ਕਿਉਂ ਉਸ ਦੀ ਹੱਟੀ ਨੇੜੇ ਆਈ ਨਹੀਂ ਕਿ ਮੇਰਾ ਨਕ ਚੜ੍ਹਿਆ ਨਹੀਂ ।
ਏਸੇ ਤਰਾਂ ਚਾਰ ਪੰਜ ਮੰਹੀਨੇ ਲੰਘ ਗਏ ਅਤੇ ਹੌਲੀ ਹੌਲੀ ਕੁੱਬੇ ਨੂੰ ਵੀ ਮੇਰੀ ਨਫ਼ਰਤ ਦਾ ਪਤਾ ਲਗ ਗਿਆ। ਮੈਂ ਦਿਲ ਵਿਚ ਸੋਚਦਾ ਸੀ ਕਿ ਉਸ ਨੂੰ ਇਸ ਗਲ ਦਾ ਕਿਵੇਂ ਪਤਾ ਲਗ ਗਿਆ ਹੈ । ਸ਼ਾਇਦ ਇਸ ਕਰ ਕੇ ਕਿ ਮੈਂ ਉਸ ਦੀ ਦੁਕਾਨ ਰਾਹ ਵਿਚ ਛਡ ਕੇ ਅਗਲੀ ਦੁਕਾਨ ਤੋਂ ਚੀਜ਼ਾਂ ਲੈਂਦਾ ਸਾਂ । ਇਹ ਕੋਈ ਖ਼ਾਸ ਦਲੀਲ ਨਹੀਂ, ਕਿਉਂਕਿ ਗਲੀ ਦੇ ਹੋਰ ਕਈ ਆਦਮੀ ਵੀ ਏਸੇ ਤਰਾਂ ਕਰਦੇ ਸਨ। ਫਿਰ ਇਸ ਦਾ ਮਤਲਬ ਇਹ ਹੋਇਆ ਕਿ ਕੁੱਬਾ ਕਾਫ਼ੀ ਸਮਝਦਾਰ ਹੈ ਅਤੇ ਆਦਮੀ ਦੇ ਚਿਹਰੇ ਤੋਂ ਅੰਦਰਲੇ ਭਾਵ ਪੜ੍ਹ ਸਕਦਾ ਹੈ । ਇਹ ਸੋਚ ਕੇ ਮੈਂ ਆਪਣੇ ਆਪ ਨੂੰ ਝਾੜਦਾ ਕਿ ਕਮਬਖ਼ਤ, ਘਟੋ ਘਟ ਇਸੇ ਲਈ ਨਫ਼ਰਤ ਛਡ ਦੇ ਕਿ ਉਹ ਸਮਝਦਾਰ ਹੈ । ਕੀ ਸਮਝਦਾਰ ਹੋਣ ਵਿਚ ਕੋਈ ਹੁਸਨ ਨਹੀਂ ? ਪਰ ਛੇਤੀ ਹੀ ਘ੍ਰਿਣਾ-ਬਿਰਤੀ ਦਾ ਹੜ੍ਹ ਮੇਰੀ ਵਿਚਾਰ ਬਿਰਤੀ ਦੀਆਂ ਉਠ ਰਹੀਆਂ ਨਿਕੀਆਂ ਨਿੱਕੀਆਂ ਲਹਿਰਾਂ ਨੂੰ ਸਮੇਟ ਕੇ ਲੈ ਜਾਂਦਾ ਅਤੇ ਫਿਰ ਕੁੱਬੇ ਕੀ ਮਕਰੂਹ ਸ਼ਕਲ ਮੇਰੇ ਸਾਹਮਣੇ ਆ ਜਾਂਦੀ ਅਤੇ ਉਹ ਮੈਨੂੰ ਗਲੀ ਦੀ ਬੱਜ ਵਾਂਗ ਦਿੱਸਣ ਲਗ ਪੈਂਦਾ ।
ਇਕ ਦਿਨ ਮੈਂ ਬੈਠਾ ਪੜ ਰਿਹਾ ਸਾਂ ਕਿ ਬਾਲੇ ਕਿੰਗ ਨੇ (ਇਹ ਮੇਰੇ ਨਿਕੇ ਭਰਾ ਦਾ ਲਾਡ ਨਾਂ ਹੈ) ਇਕ ਫੁਲ ਮੇਰੀ ਕੋਟਖੁੱਟੀ ਵਿਚ ਅੜਾ ਦਿੱਤਾ । ਮੈਂ ਆਖ ਭਵਾ ਕੇ ਫੁਲ ਵਲ ਵੇਖਿਆ। ਫੁਲ ਕਾਗਜ਼ ਦਾ ਬਣਿਆ ਹੋਇਆ ਸੀ, ਪਰ ਕਸਬ ਦੇ ਜ਼ੋਰ ਨਾਲ ਅਸਲ ਵਰਗਾ ਜਾਪਦਾ ਸੀ । ਮੈਂ ਮੁੰਡੇ ਨੂੰ ਪਿਆਰ ਨਾਲ ਲੱਤਾਂ ਵਿਚ ਵਲੇਟ ਕੇ ਪੁਛਿਆ, "ਮਾਰ ਵਾ ਸੂਰਾ, ਕਿੱਥੋਂ ਆਂਦਾ ਈ ਜਿਹਾ ਸੋਹਣਾ ਫੁੱਲ ?"
"ਕੁੱਬੇ ਦਿੱਤੈ" ਬਾਲੇ ਕਿੰਗ ਨੇ ਬੜੇ ਉਤਸ਼ਾਹ ਨਾਲ ਧੌਣ ਅਕੜਾ ਕੇ ਆਖਿਆ, "ਭਾਪਾ ਜੀ, ਕੁੱਬਾ ਡਾਢੇ ਸੋਹਣੇ ਫੁੱਲ ਬਣਾਨੈਂ, ਅਸਾਂ ਕੀ ਹੈਡੇ ਹੈਡੇ ਦੇਨੈਂ ।" ਫਿਰ ਕੁਝ ਸੋਚਕੇ "ਨਾਲੇ ਆਖਨਾ ਹੋਨੈਂ ਭਾਪੇ ਜੀ ਨੀ ਖੁੱਟੀ ਵਿਚ ਲਾਇਆ ਕਰ ।"
ਇਹ ਸੁਣ ਕੇ ਮੇਰੀ ਸੁਹਜ-ਕਲਾ ਦੀ ਕਦਰਦਾਨ ਬਿਰਤੀ ਪ੍ਰਬਲ ਹੋ ਗਏ । ਮੈਂ ਫੁਲ ਨੂੰ ਖੁਟੀ 'ਚੋਂ ਕੱਢ ਕੇ ਉਸਦੀ ਅਸਲ ਵਰਗੀ ਰੰਗਤ ਤੇ : ਬਨਾਵਟ ਉਤੇ ਬੜੇ ਸਵਾਦ ਨਾਲ ਵਿਚਾਰ ਕਰਨ ਲਗ ਪਿਆ । ਆਖਰ ਕਲ ਨਸ਼ੇ ਵਿਚ ਮੇਰੇ ਮੂੰਹੋਂ ਨਿਕਲ ਗਿਆ, "ਮਾਰ ਵਾ ਕੁੱਬਿਆ !" ਇਹ ਸੁਣ ਕੇ ਕੋਲੋਂ ਮੇਰੀ ਮਾਂ ਬੋਲ ਉਠੀ ਕਹਿ ਕਿਆ ਈ, ਕੁੱਬਾ ਨਾ ਕਮਾਲ ਤਕਣਾ ਈ ਤੇ ਜੀਤ ਸਿੰਘ ਨੇ ਗੁਰਦਵਾਰੇ ਜਾ ਕੇ ਤਕ । ਕੰਧਾਂ ਤੇ ਫੁੱਲ, ਭਿੱਤਾਂ ਤੇ ਫੁਲ, ਛੱਤਾਂ ਤੇ ਫੁਲ, ਹਿਕੇ ਹਿਕ ਸਰੂ ਬਣਾਨੈ ਤਕਿਆਂ ਭੁਖ਼ ਤ੍ਰੇਹ ਲਹਿ ਜਾਨੀਐਂ। ਇਹ ਕੁੱਬਾ ਕਿਐ ਹਿਕ ਚੀਜ਼ ਐ।" ਇਹ ਸੁਣ ਕੇ ਥੋੜੇ ਚਿਰ ਲਈ ਮੇਰੀ ਕੁੱਬੇ ਬਾਰੇ ਰਾਏ ਬਦਲ ਗਈ, ਪਰ ਛੇਤੀ ਹੀ ਘ੍ਰਿਣ-ਅਮਾਵਸ ਵਿਚ ਸੁਹਜ-ਕਲਾ ਦੀਆਂ ਬਰੀਕੀਆਂ ਅਲੋਪ ਹੋ ਗਈਆਂ ।
ਉਸੇ ਦਿਨ ਸ਼ਾਮ ਵੇਲੇ ਗਲੀ ਵਿਚੋਂ ਲੰਘਦਿਆਂ ਮੈਂ ਇਕ ਮੁੰਡੇ ਨੂੰ ਗੰਡੇਰੀਆਂ ਚੂਪਦਿਆਂ ਵੇਖਿਆ ਜੇ ਵਿਚ ਵਿਚ ਹੁਜਕੇ ਮਾਰ ਮਾਰ ਕੇ ਗਾ ਰਿਹਾ ਸੀਆ-
ਕੂਬਾ ਭਾਵੇਂ ਕੂਬਾ, ਮੂੰਹ ਉਹਦਾ ਚੁਬਾ
ਸਭਨਾਂ ਤੋਂ ਵਧੇਰੀਆਂ, ਦੇਂਦਾ ਪਰ ਗਨੇਰੀਆਂ ।
ਮੁੰਡਾ ਤਾਂ ਗਾਂਦਾ ਲੰਘ ਗਿਆ, ਪਰ ਮੇਰਾ ਮਨ ਫੇਰ ਸੋਚ-ਸਾਗਰ ਵਿਚ ਗੋਤੇ ਖਾਣ ਲਗ ਪਿਆ। ਮੈਂ ਇਹ ਦੇਖ ਕੇ ਹੈਰਾਨ ਸਾਂ, ਕਿ ਕਿਵੇਂ ਗਲੀ ਦਾ ਬੱਚਾ ਬੱਚਾ ਕੁੱਬੇ ਉਤੇ ਖੁਸ਼ ਹੈ, ਪਰ ਮੈਂ ਹਾਂ ਕਿ ਅਕਾਰਣ ਨਫ਼ਰਤ ਕਰੀ ਜਾਂਦਾ ਹਾਂ । ਏਨੇ ਨੂੰ ਕੁੱਬੇ ਦੀ ਹੱਟੀ ਆ ਗਈ ਅਤੇ ਮੇਰੀਆਂ ਅੱਖਾਂ ਆਪਣੇ ਆਪ ਕੁੱਬੇ ਵਲ ਮੁੜੀਆਂ 'ਕੁੱਬਾ ਮੇਰੀ ਵਲ ਪਹਿਲਾਂ ਹੀ ਦੇਖ ਰਿਹਾ ਸੀ। ਉਸ ਦੀਆਂ ਸੰਘਣੀਆਂ ਮੁੱਛਾਂ ਵਿਚੋਂ ਇਕ ਅਜੀਬ ਜਹੀ ਮੁਸਕਾਹਟ ਨੇ ਮੇਰੀ ਵਲ ਝਾਕਿਆ, ਜਿਸ ਉਤੇ ਵਿਚਾਰ ਕਰਦਾ ਮੈਂ ਅੱਗੇ ਲੰਘ ਗਿਆ।
ਰਾਤ ਵੇਲੇ ਸੌਣ ਲਈ ਜਦ ਮੈਂ ਬਿਜਲੀ ਬੁਝਾ ਕੇ ਮੰਜੇ ਉਤੇ ਲੇਟਿਆ ਤਾਂ ਹਨੇਰੇ ਦੀ ਚਾਦਰ ਉਤੇ ਕੁੱਬੇ ਦੀ ਅਜੀਬ ਮੁਸਕ੍ਰਾਹਟ ਬਿਜਲੀ ਵਾਂਗ ਦਿਸਣ-ਲੁਕਣ, ਲਗੀ । ਮੈਂ ਆਪਣੇ ਮਨ ਨੂੰ ਬਥੇਰਾ ਹੋਰ ਹੋਰ ਪਾਸੇ ਲਾਉਣ ਦੇ ਯਤਨ ਕਰਦਾ ਸਾਂ, ਪਰ ਮੁਸਕ੍ਰਾਹਟ ਅੱਖਾਂ ਅੱਗੋਂ ਨਹੀਂ ਸੀ ਹਟਦੀ। ਅਗਲੇ ਦਿਨ ਵੀ ਇਕ ਦੋ ਵਾਰੀ ਕੁੱਬੇ ਦੀ ਮੁਸਕਾਨ ਨੇ ਦਰਸ਼ਨ ਦਿੱਤੇ। ਇਸ ਤਰਾਂ ਕਿੰਨਾ ਚਿਰ ਗੁਜ਼ਰ ਗਿਆ, ਪਰ ਏਸ ਅਰਸੇ ਵਿਚ ਕੋਈ ਦਿਨ ਐਸਾ ਨਹੀਂ ਸੀ ਲੰਘਿਆ ਜਿਸ ਦਿਨ ਇਹ ਅਜੀਬ ਮੁਸਕਾਨ ਮੁੱਛਾਂ ਵਿਚੋਂ ਨਾ ਝਾਕੀ ਹੋਵੇ।
ਹੁਨਾਲ ਵਿਚ ਮੈਂ ਦੋਸਤਾਂ ਨਾਲ ਕਸ਼ਮੀਰ ਚਲਾ ਗਿਆ । ਉੱਥੇ ਜਾ ਕੇ ਮੇਰੀ ਆਦਤ ਹੈ ਕਿ ਮੈਂ ਹਰ ਇਕ ਚੀਜ਼ ਭੁੱਲ ਜਾਂਦਾ ਹਾਂ, ਇਥੋਂ ਤਕ ਕਿ ਅਖ਼ਬਾਰ ਤੇ ਕਿਤਾਬਾਂ ਵੀ ਨਹੀਂ ਪੜ੍ਹਦਾ। ਕਿਉਂਕਿ ਕੁਝ ਦਿਨ ਲਈ ਬਾਹਰਲੀ ਦੁਨੀਆਂ ਨੂੰ ਪੂਰੀ ਤਰਾਂ ਭੁਲ ਜਾਣਾ ਆਦਮੀ ਨੂੰ ਦੁਨੀਆਂ ਦੇ ਕੰਮਾਂ ਲਈ ਵਧੇਰੇ ਯੋਗ ਬਣਾ ਦੇਂਦਾ ਹੈ । ਨਾਲੇ ਜ਼ਹਿਰਮੁਹਰਾ ਨਦੀਆਂ, ਕੰਵਲ ਜੜੀਆਂ ਝੀਲਾਂ; ਨੀਲੇ ਅਕਾਸ਼ਾਂ, ਚੀਲ-ਕਜੇ ਪਹਾੜਾਂ ਅਤੇ ਹੋਰ ਅਨੇਕਾਂ ਕੁਦਰਤ ਦੀਆਂ ਜਿਉਂਦੀਆਂ ਜਾਗਦੀਆਂ ਪਾਕ-ਕਿਤਾਬਾਂ ਨੂੰ ਛੱਡ ਕੇ ਮੈਨੂੰ ਮੁਰਦਾ ਤੇ ਬੇਜਾਨ ਕਾਗਜ਼ਾਂ ਨੂੰ ਫਰੋਲਣ ਵਿਚ ਕੋਈ ਦਾਨਾਈ ਨਹੀਂ ਦਿਸਦੀ। ਹਾਂ, ਮੈਂ ਉਥੇ ਜਾ ਕੇ ਸਭ ਕੁਝ ਭੁਲ ਗਿਆ ਪਰ ਕੁੱਬੇ ਦੀ ਸਰਬ-ਵਿਆਪੀ ਮੁਸਕਾਨ ਉੱਥੇ ਵੀ ਪਹੁੰਚ ਚੁੱਕੀ ਹੋਈ ਸੀ। ਇਹ ਵੇਖ ਮੈਂ ਬਹੁਤ ਛਿੱਥਾ ਪਿਆ । ਅਤੇ ਹੌਲੀ ਹੌਲੀ ਇਹ ਛਿੱਥਾਪਨ ਡਰ ਵਿਚ ਬਦਲਣ ਲਗ ਪਿਆ । ਕੁਝ ਚਿਰ ਮਗਰੋਂ ਮੈਨੂੰ ਯਕੀਨ ਹੋ ਗਿਆ ਕਿ ਇਹ ਮੁਸਕਾਨ ਮੈਨੂੰ ਕਿਸੇ ਦਿਨ ਸੁਦਾਈ ਬਣਾ ਕੇ ਹੀ ਸਾਹ ਲਏਗੀ। ਇਹ ਸੋਚ ਕੇ ਮੈਨੂੰ ਕੁੱਬੇ ਨਾਲ ਹੋਰ ਵੀ ਨਫ਼ਰਤ ਹੋ ਗਈ । ਪਹਿਲੇ ਮੈਂ ਉਸ ਨੂੰ ਕੇਵਲ ਇਕ ਬਦਸ਼ਕਲ ਇਨਸਾਨ ਸਮਝਦਾ ਸਾਂ, ਪਰ ਹੁਣ ਇਕ ਭਿਆਨਕ ਭੂਤ ।
ਦੋ ਮਹੀਨਿਆਂ ਬਾਅਦ ਮੈਂ ਕਸ਼ਮੀਰੋਂ ਪਰਤਿਆ ਅਤੇ ਰਾਤ ਨੂੰ ਖੁਲੀ ਛਤ ਉਤੇ ਲੇਟਿਆ । ਕੋਈ ਦਸ ਕੁ ਵਜੇ ਨਾਲ ਘਰ ਦੇ ਸਾਰੇ ਜੀ ਮੇਰੇ ਕੋਲੋਂ ਕਸ਼ਮੀਰ ਦੀਆਂ ਗਲਾਂ ਸੁਣਦੇ ਸੁਣਦੇ ਸੌਂ ਗਏ ਸਨ । ਮੇਰੀਆਂ ਅੱਖਾਂ ਨੀਂਦਰ ਤੇ ਥਕੇਵੇਂ ਨਾਲ ਭਾਰੀਆਂ ਹੋ ਕੇ ਮੁੰਦੀਣ ਵਾਲੀਆਂ ਹੀ ਸਨ ਕਿ ਕਿਸੇ ਦੇ ਗਾਉਣ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ । ਰਾਤ ਦੀ ਸ਼ਾਂਤ-ਚੁਪ ਵਿਚ ਬਿਹਾਗ ਦੀਆਂ ਅਲਸਾਈਆਂ ਤਾਨਾਂ ਮੈਨੂੰ ਬਹੁਤ ਮਿਠੀਆਂ ਲਗੀਆਂ । ਬਾਲਾ ਕਿੰਗ, ਜੋ ਅਜੇ ਪਾਸੇ ਮਾਰ ਰਿਹਾ ਸੀ, ਬੋਲ ਉਠਿਆ, "ਭਾਪਾ ਜੀ, ਕੁੱਬੈਅ! ਹਾਂਆਂ ! ਕੁਬੈਅ ! ਮੈਂ ਕੁੱਬੇ ਦੇ ਕਸਬ ਨੂੰ ਸਲਾਹੁੰਦਾ ਤੇ ਆਪਣੇ ਬੁਰੇ ਵਤੀਰੇ ਤੇ ਲਾਹਨ ਤਾਹਨ ਕਰਦਾ ਛੇਤੀ ਹੀ ਸੌਂ ਗਿਆ ।
ਸੁਤਿਆਂ ਸੁਤਿਆਂ ਕੀ ਵੇਖਦਾ ਹਾਂ ਕਿ ਮੈਨੂੰ ਪਲੇਗ ਦੀ ਗਿਲਟੀ ਨਿਕਲੀ ਹੋਈ ਹੈ ਅਤੇ ਮੰਜੇ ਉਤੇ ਕਲ-ਮੁਕਲਾ ਪਿਆ ਕੱਰਾਹ ਰਾਹ ਰਿਹਾ ਹਾਂ । ਸਾਰਾ ਮਹੱਲਾ ਮਰਘਟ, ਵਾਂਗ ਸੁਨਸਾਨ ਤੇ ਉਜਾੜ ਪਿਆ ਹੈ । ਆਦਮੀ ਤਾਂ ਇਕ ਪਾਸੇ ਰਹੇ, ਜਨੌਰ ਤੇ ਪੰਛੀ ਤਕ ਨਹੀਂ ਦਿਸਦੇ ਮਾਂ, ਬਾਪ, ਭੈਣ, ਭਰਾ, ਵਹੁਟੀ, ਬੱਚੇ-ਸਭ ਮੈਨੂੰ ਕਲਿਆਂ ਛੱਡ ਕੇ ਨਸ ਗਏ ਹੋਏ ਹਨ । ਸਿਰਫ਼ ਇਕ ਆਦਮੀ ਮੇਰੀ ਸਰਾਂਦੀ ਬੈਠਾ ਹੈ ਜੋ ਥੋੜੇ ਥੋੜੇ ਵਕਫ਼ੇ ਪਿਛੇ ਮੇਰੇ ਮੂੰਹ ਵਿਚ ਦਵਾਈ ਦਾ ਚਮਚਾ ਪਾ ਦਿੰਦਾ ਹੈ । ਮੈਂ ਉਸ ਨੂੰ ਪਛਾਣ ਨਹੀਂ ਸਕਦਾ, ਕਿਉਂਕਿ ਮੇਰੀਆਂ ਅੱਖਾਂ ਬੁਖਾਰ ਦੇ ਨਾਲ ਬੰਦ ਹਨ, ਪਰ ਕਦੀ ਕਦੀ ਕਿਸੇ ਦੇ ਪਿਆਰ-ਭਰੇ ਹੱਥ ਮੈਨੂੰ ਆਪਣੇ ਮੱਥੇ ਤੇ ਫਿਰਦੇ ਅਨੁਭਵ ਹੁੰਦੇ ਹਨ । ਮੇਰੀ ਉਘਲਾਂਦੀ ਚੇਤਨਤਾ ਸ਼ੁਕਰਾਨੇ ਨਾਲ ਨਿਉਂ ਨਿਉਂ ਜਾ ਰਹੀ ਹੈ। ਕੁਝ ਚਿਰ ਮਗਰੋਂ ਮੇਰੀ ਘੂਕੀ ਮੱਠੀ ਪੈਂਦੀ ਹੈ, ਅਤੇ ਮਾੜੀਆਂ ਮਾੜੀਆਂ ਅੱਖਾਂ ਖੁਲ੍ਹਦੀਆਂ ਹਨ । ਕੀ ਵੇਖਦਾ ਹਾਂ ਕੁੱਬਾ ਸਰ੍ਹਾਣੇ ਬੈਠਾ ਮੇਰੇ ਮੱਥੇ ਤੇ ਹੱਥ ਫੇਰ ਰਿਹਾ ਹੈ ਅਤੇ ਉਸ ਦੀਆਂ ਸੰਘਣੀਆਂ ਮੁੱਛਾਂ ਵਿਚੋਂ ਓਹੀ ਅਜਬ ਮੁਸਕਾਨ ਛਣ ਛਣ ਕੇ ਮੇਰੀ, ਵਲ ਝਾਕ ਰਹੀ ਹੈ । ਫਿਰ ਮੈਨੂੰ ਕੁੱਬੇ ਦੇ ਬੁਲ੍ਹ ਹਿਲਦ ਨਜ਼ਰ ਆਉਂਦੇ ਹਨ ਅਤੇ ਬੜੀ ਮੱਧਮ ਜਿਹੀ ਅਵਾਜ਼ ਮੇਰੇ ਕੰਨਾਂ ਵਿਚ ਪੈਂਦੀ ਹੈ, 'ਗੁਰੂ ਨਾਨਕ ਨੀ ਮਿਹਰੈ, ਬਾਬਾ ਤਰੁੱਠ ਪਿਐ ਬਸ ਹੁਣ ਵਲ ਹੋਇਆ ਸਮਝ !" ਮੈਂ ਸੁਕਰਾਨੇ ਦੇ ਦੇਸ਼ ਵਿਚ ਕੁੱਬੇ ਦੇ ਪੈਰੀਂ ਡਿਗਣ ਲਈ ਜ਼ੋਰ ਨਾਲ ਉਛਲਦਾ ਹਾਂ ਅਤੇ ਏਨੇ ਵਿਚ ਮੇਰੀ ਅੱਖ, ਖੁਲ੍ਹ ਜਾਂਦੀ ਹੈ । ਨੀਲੇ ਅਸਮਾਨ ਵਿਚ ਤਾਰੇ ਚੁਪ ਚਾਪ ਪ੍ਰੋਤੇ ਹੋਏ ਸਨ ਅਤੇ ਮੈਂ ਕੁੱਬੇ ਦੀ ਪ੍ਰਬਲ ਸ਼ਖਸੀਅਤ ਦਾ ਢਾਹਿਆ ਝੰਬਿਆ ਉਨ੍ਹਾਂ ਵਲ ਝਾਕ ਰਿਹਾ ਸਾਂ। ਹੁਣ ਮੈਨੂੰ ਕੁੱਬਾ ਤਾਰਿਆਂ ਤੋਂ ਵੀ ਵਧ ਸੁੰਦਰ ਤੇ ਨਿਰਮਲ ਜਾਪ ਰਿਹਾ ਸੀ ।
ਸਵੇਰ ਹੁੰਦਿਆਂ ਹੀ ਮੈਂ ਕੁੱਬੇ ਦੀ ਹੱਟੀ ਤੇ ਗਿਆ ਅਤੇ ਸ਼ਰਮਾਂਦਿਆਂ ਸ਼ਰਮਾਂਦਿਆਂ ਕੁਝ ਫਲਾਂ ਲਈ ਕਿਹਾ । ਕੁਬੇ ਦੀਆਂ ਅਖਾ ਜਿੱਤ-ਨਸ਼ੇ ਨਾਲ ਗੁਟ ਸਨ ਅਤੇ ਉਸ ਦੀਆਂ ਮੁੱਛਾਂ ਵਿਚੋਂ ਝਾਕਦੀ ਮੁਸਕਾਨ ਅੱਤ ਨਿੱਘੀ ਸੀ ।

  • ਮੁੱਖ ਪੰਨਾ : ਕਹਾਣੀਆਂ, ਪ੍ਰੋਫ਼ੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ