Punjabi Stories/Kahanian
ਫ਼ਕੀਰ ਚੰਦ ਸ਼ੁਕਲਾ
Faqir Chand Shukla

Punjabi Kavita
  

Kujh Pal Hor Rabba Dr. Faqir Chand Shukla

ਕੁਝ ਪਲ ਹੋਰ ਰੱਬਾ (ਵਿਅੰਗ) ਡਾ. ਫ਼ਕੀਰ ਚੰਦ ਸ਼ੁਕਲਾ

ਅੱਜ ਦੇ ਅਖ਼ਬਾਰ ਵਿੱਚ ਇੱਕ ਵਾਰ ਫੇਰ ਕਿਸੇ ਸਾਹਿਤਕ ਸੰਸਥਾ ਵੱਲੋਂ ਇੱਕ ਲੇਖਕ ਦੇ ਅਕਾਲ ਚਲਾਣਾ ਕਰ ਜਾਣ ‘ਤੇ ਹੰਗਾਮੀ ਮੀਟਿੰਗ ਸੱਦ ਕੇ ਅਫ਼ਸੋਸ ਕਰਨ ਦੀ ਖ਼ਬਰ ਛਪੀ ਹੈ। ਅਫ਼ਸੋਸ ਕਰਨ ਵਾਲੇ 15-20 ਲੇਖਕ/ਲੇਖਕਾਵਾਂ ਦੇ ਨਾਂ ਵੀ ਨਾਲ ਛਪੇ ਹੋਏ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤਰ੍ਹਾਂ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿੱਚ ਅਕਸਰ ਪੜ੍ਹਨ ਲਈ ਮਿਲ ਜਾਂਦੀਆਂ ਹਨ।
ਪਰ ਸਾਹਿਤ ਸਭਾ ਦੇ ਇਹ ਅਹੁਦੇਦਾਰ ਅਤੇ ਮੈਂਬਰ ਸਿਰਫ਼ ਕਿਸੇ ਲੇਖਕ ਦੀ ਮੌਤ ‘ਤੇ ਹੀ ਅਫ਼ਸੋਸ ਨਹੀਂ ਕਰਦੇ। ਉਨ੍ਹਾਂ ਲਈ ਤਾਂ ਕੋਈ ਵੀ ਹੋਵੇ ਭਾਵੇਂ ਦੁਕਾਨਦਾਰ, ਗਵੱਈਆ, ਸਮਾਜ ਸੇਵਕ, ਛੋਟਾ-ਮੋਟਾ ਨੇਤਾ ਵਗੈਰਾ। ਸਿਰਫ਼ ਇਨ੍ਹਾਂ ਹਸਤੀਆਂ ਦੇ ਵਿਛੜਣ ਦਾ ਹੀ ਅਫ਼ਸੋਸ ਇਨ੍ਹਾਂ ਨੂੰ ਨਹੀਂ ਹੁੰਦਾ ਸਗੋਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੂਰ-ਦੁਰਾਡੇ ਦੇ ਕਿਸੇ ਰਿਸ਼ਤੇਦਾਰ ਦਾ ਅਫ਼ਸੋਸ ਕਰਨ ਦਾ ਮੌਕਾ ਵੀ ਇਹ ਨਹੀਂ ਖੁੰਝਣ ਦਿੰਦੇ।
ਕਈ ਵਾਰੀ ਤਾਂ ਇੰਜ ਜਾਪਦੈ ਜਿਵੇਂ ਸਾਹਿਤ ਸਭਾਵਾਂ ਦੇ ਇਹ ਅਲੰਬਰਦਾਰ ਸ਼ਾਇਦ ਇਸੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ ਕਿ ਕੋਈ ਆਖਰੀ ਸਾਹ ਲਵੇ ਤੇ ਇਹ ਤੁਰੰਤ ਅਫ਼ਸੋਸ ਹੋਣ ਦਾ ਮਸੌਦਾ ਤਿਆਰ ਕਰਕੇ ਅਖ਼ਬਾਰਾਂ ਵਿੱਚ ਛਪਣ ਲਈ ਭੇਜਣ।
ਸਿਰਫ਼ ਐਨੇ ਨਾਲ ਹੀ ਜਿਵੇਂ ਤਸੱਲੀ ਨਹੀਂ ਹੁੰਦੀ। ਮਰਨ ਵਾਲੇ ਦੀਆਂ ਪ੍ਰਾਪਤੀਆਂ (ਭਾਵੇਂ ਕੋਈ ਨਾ ਵੀ ਹੋਵੇ) ਦੇ ਉਹ ਸੋਹਲੇ ਗਾਏ ਹੁੰਦੇ ਹਨ ਕਿ ਮ੍ਰਿਤ ਲੇਖਕ/ਕਲਾਕਾਰ ਦੀ ਆਤਮਾ ਵੀ ਅਸ਼-ਅਸ਼ ਕਰ ਉੱਠਦੀ ਹੈ। ਇਸ ਨਾਲ ਮ੍ਰਿਤਕ ਨੂੰ ਹੈਰਾਨੀ ਭਰੀ ਖ਼ੁਸ਼ੀ ਹੁੰਦੀ ਹੈ ਕਿ ਉਸ ਨੂੰ ਤਾਂ ਅੱਜ ਤਕ ਪਤਾ ਹੀ ਨਹੀਂ ਸੀ ਕਿ ਆਪਣੇ ਜਿਉਂਦੇ ਜੀਅ ਉਸ ਨੇ ਸਮਾਜ ਵਿੱਚ ਇੰਨੇ ਵੱਡੇ-ਵੱਡੇ ਕਾਰਨਾਮੇ ਕਰਕੇ ਨਿਵੇਕਲੀ ਥਾਂ ਬਣਾਈ ਹੋਈ ਸੀ ਅਤੇ ਮਾਣ-ਸਨਮਾਨ ਪ੍ਰਾਪਤ ਕੀਤੇ ਸਨ ਕਿ ਮਰਨ ਮਗਰੋਂ ਉਸ ਦਾ ਬੁੱਤ ਲਗਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ।
ਇੱਕ ਵਾਰੀ ਵਿਦੇਸ਼ ਵਿੱਚ ਸਵਰਗਵਾਸ ਹੋਏ ਲੇਖਕ ਬਾਰੇ ਅਫ਼ਸੋਸ ਕਰਨ ਵਾਲਿਆਂ ਦੀ ਸੂਚੀ ਵਿੱਚ ਇੱਕ ਵਾਕਿਫ ਲੇਖਕਾ ਦਾ ਨਾਂ ਵੀ ਛਪਿਆ ਹੋਇਆ ਸੀ ਪਰ ਉਹ ਲੇਖਕਾ ਆਪਣੀ ਧੀ ਦਾ ਵਿਆਹ ਕਰਨ ਆਪਣੇ ਸ਼ਹਿਰ ਗਈ ਹੋਈ ਸੀ। ਜਿਸ ਦਿਨ ਹੰਗਾਮੀ ਮੀਟਿੰਗ ਹੋਈ ਸੀ ਉਸੇ ਦਿਨ ਉਸ ਦੀ ਧੀ ਦੇ ਆਨੰਦ ਕਾਰਜ ਸਨ। ਹੋ ਸਕਦੈ ਉਸ ਲੇਖਕਾ ਨੂੰ ਪਰਵਾਸੀ ਲੇਖਕ ਦੇ ਦੇਹਾਂਤ ਦਾ ਐਨਾ ਦੁੱਖ ਹੋਇਆ ਹੋਵੇ ਕਿ ਉਸ ਨੇ ਆਪਣੀ ਬੇਟੀ ਦੇ ਵਿਆਹ ਨਾਲੋਂ ਸ਼ੋਕ ਸਭਾ ਵਿੱਚ ਹਾਜ਼ਰ ਹੋਣ ਨੂੰ ਜ਼ਿਆਦਾ ਤਰਜੀਹ ਦਿੱਤੀ ਹੋਵੇ ਅਤੇ ਆਪਣੀ ਧੀ ਦੇ ਵਿਆਹ ਦਾ ਸਮਾਗਮ ਛੱਡ ਕੇ ਦੂਜੇ ਸ਼ਹਿਰ ਆ ਗਈ ਹੋਵੇ।
ਉਂਜ ਤਾਂ ਸਾਹਿਤ ਦੇ ਇਹ ਠੇਕੇਦਾਰ ਸ਼ਾਇਦ ਹੀ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਏ ਹੋਣ ਪਰ ਅਖ਼ਬਾਰਾਂ ਵਿੱਚ ਉਸ ਲੇਖਕ/ਕਲਾਕਾਰ ਦੀ ਆਰਥਿਕ ਮਦਦ ਕਰਨ ਲਈ ਅਪੀਲਾਂ ਜ਼ਰੂਰ ਕਰਨਗੇ। ਸਰਕਾਰ ਨੂੰ ਵੀ ਆਖਣਗੇ ਕਿ ਉਸ ਲੇਖਕ/ਕਲਾਕਾਰ ਦਾ ਇਲਾਜ ਸਰਕਾਰੀ ਖਰਚੇ ‘ਤੇ ਕੀਤਾ ਜਾਵੇ। ਪਤਾ ਨਹੀਂ ਇੰਜ ਕਦੇ ਮਦਦ ਮਿਲੀ ਵੀ ਹੈ ਕਿ ਨਹੀਂ ਪਰ ਅਖ਼ਬਾਰਾਂ ਵਿੱਚ ਆਪਣੇ ਨਾਂ ਛਪਵਾ ਕੇ ਇਨ੍ਹਾਂ ਦੀ ਆਤਮਾ ਜ਼ਰੂਰ ਸੰਤੁਸ਼ਟ ਹੋ ਜਾਂਦੀ ਹੈ। ਇੱਕ ਵਾਰੀ ਪਤਾ ਨਹੀਂ ਕਿਵੇਂ ਮੈਂ ਇੱਕ ਸ਼ੋਕ ਸਭਾ ਵਿੱਚ ਚਲਾ ਗਿਆ ਸਾਂ। ਉੱਥੇ ਮਸਾਂ ਪੰਜ ਬੰਦੇ ਸਨ ਪਰ ਅਗਲੇ ਦਿਨ ਛਪੀ ਖ਼ਬਰ ਵਿੱਚ ਵੀਹ ਦੇ ਕਰੀਬ ਬੰਦਿਆਂ ਅਤੇ ਚਾਰ ਬੀਬੀਆਂ ਦੇ ਨਾਂ ਛਪੇ ਹੋਏ ਸਨ। ਵੱਖ-ਵੱਖ ਬੁਲਾਰਿਆਂ ਵੱਲੋਂ ਵਿਛੜੀ ਆਤਮਾ ਦੀ ਪ੍ਰਸ਼ੰਸਾ ਵਿੱਚ ਖੜਕਾਏ ਛੁਣਛੁਣੇ ਦਾ ਵੀ ਜ਼ਿਕਰ ਸੀ।
ਅਜਿਹੀਆਂ ਹੰਗਾਮੀ ਮੀਟਿੰਗਾਂ ਵਿੱਚ ਬੋਲਣ ਵਾਲੇ ਵਿਦਵਾਨ ਕਈ ਵਾਰੀ ਤਾਂ ਕਮਾਲ ਕਰ ਦਿੰਦੇ ਹਨ। ਅਜਿਹੀ ਇੱਕ ਮੀਟਿੰਗ ਵਿੱਚ ਇੱਕ ਬੁਲਾਰਾ ਦੱਸ ਰਿਹਾ ਸੀ ਕਿ ਵਿਛੜੇ ਕਲਾਕਾਰ ਦੀ ਕਾਫ਼ੀ ਉਮਰ ਹੋ ਜਾਣ ਦੇ ਬਾਵਜੂਦ ਵਿਆਹ ਨਹੀਂ ਹੋ ਰਿਹਾ ਸੀ ਤੇ ਉਸ ਨੇ ਹੀ ਕਲਾਕਾਰ ਦੇ ਵਿਆਹ ਦਾ ਜੁਗਾੜ ਬਣਾਇਆ ਸੀ। ਪਤਾ ਨਹੀਂ ਕਿਉਂ ਮੈਨੂੰ ਉਸ ਵੇਲੇ ਇਹ ਡਰ ਲੱਗ ਰਿਹਾ ਸੀ ਕਿ ਕਿਤੇ ਵਿਦਵਾਨ ਬੁਲਾਰਾ ਕੁਝ ਹੋਰ ਹੀ ਨਾ ਆਖ ਦੇਵੇ।
ਅਫ਼ਸੋਸ ਕਰਨ ਅਤੇ ਇੰਤਕਾਲ ਹੋਏ ਵਿਅਕਤੀ ਦਾ ਗੁਣਗਾਨ ਕਰਨ ਵਾਲੀਆਂ ਭਾਵੇਂ ਤਿੰਨ-ਤਿੰਨ, ਚਾਰ-ਚਾਰ ਸੰਸਥਾਵਾਂ ਹੁੰਦੀਆਂ ਹਨ ਪਰ ਕਈ ਵਾਰੀ ਕੁਝ ਲੇਖਕਾਂ ਦੇ ਨਾਂ ਇੱਕ ਤੋਂ ਵੱਧ ਸੰਸਥਾਵਾਂ ਵੱਲੋਂ ਭੇਜੇ ਸੁਨੇਹਿਆਂ ਵਿੱਚ ਛਪੇ ਹੁੰਦੇ ਹਨ।
ਪਰ ਇੱਕ ਗੱਲ ਤਾਂ ਕਾਬਲੇ ਤਾਰੀਫ਼ ਹੈ ਕਿ ਜਿਉਂਦੇ ਜੀਅ ਭਾਵੇਂ ਕੋਈ ਸਾਹਿਤਕਾਰ ਜਾਂ ਅਹੁਦੇਦਾਰ ਮੱਥੇ ਲੱਗੇ ਜਾਂ ਨਾ ਪਰ ਮਰਨ ਮਗਰੋਂ ਤਾਂ ਇਸ ਕਦਰ ਤਾਰੀਫ਼ ਦੇ ਪੁਲ ਬੰਨ੍ਹੇ ਜਾਂਦੇ ਹਨ ਕਿ ਕਈ ਵਾਰੀ ਤਾਂ ਜਿਉਂਦੇ ਬੰਦੇ ਦੇ ਮਨ ਵਿੱਚ ਆ ਜਾਂਦੈ ਕਿ ਏਸ ਨਾਲੋਂ ਤਾਂ ਮਰੇ ਹੋਏ ਹੀ ਚੰਗੇ ਹਾਂ।
ਉਂਜ ਵੇਖਿਆ ਜਾਵੇ ਤਾਂ ਸ਼ੋਹਰਤ ਦੇ ਤਿਹਾਏ ਅਜਿਹੇ ਲੇਖਕਾਂ ਅਤੇ ਸਾਹਿਤ ਦੇ ਠੇਕੇਦਾਰਾਂ ਦਾ ਐਨਾ ਫਾਇਦਾ ਤਾਂ ਜ਼ਰੂਰ ਹੈ ਕਿ ਇਨ੍ਹਾਂ ਵੱਲੋਂ ਖ਼ਬਰਾਂ ਛਪਵਾਉਣ ਦੀ ਭੁੱਖ ਸਦਕਾ ਬੰਦੇ ਦੀ ਅਰਥੀ ਚੁੱਕਣ ਤੋਂ ਵੀ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਕੌਣ ਕੂਚ ਕਰ ਗਿਐ ਤੇ ਉਹ ਕਿੱਡੀ ਮਹਾਨ ਹਸਤੀ ਸੀ।
ਇਹ ਤਾਂ ਅਟੱਲ ਸਚਾਈ ਹੈ ਕਿ ਜਿਹੜਾ ਇਸ ਦੁਨੀਆਂ ਵਿੱਚ ਆਇਆ ਹੈ ਉਸ ਨੇ ਇੱਕ ਦਿਨ ਇੱਥੋਂ ਜ਼ਰੂਰ ਜਾਣਾ ਹੈ- ਭਾਵੇਂ ਕੋਈ ਕਿੱਡਾ ਵੱਡਾ ਨਾਢੂ ਖਾਂ ਹੀ ਕਿਉਂ ਨਾ ਹੋਵੇ।
ਪਰ ਰੱਬਾ ਮੇਰੀ ਤਾਂ ਤੈਨੂੰ ਇਹੋ ਬੇਨਤੀ ਹੈ ਕਿ ਜਦੋਂ ਚਾਹਵੇਂ ਲੈ ਜਾਈਂ ਪਰ ਮਰਨ ਤੋਂ ਅਗਲੇ ਦਿਨ ਕੁਝ ਪਲਾਂ ਲਈ ਮੁੜ ਜਿਉਂਦਾ ਕਰ ਦੇਵੀਂ ਤਾਂ ਜੋ ਅਖ਼ਬਾਰਾਂ ਵਿੱਚ ਵੇਖ ਸਕਾਂ ਕਿ ਕਿਹੜੀਆਂ-ਕਿਹੜੀਆਂ ਸਾਹਿਤਕ ਸੰਸਥਾਵਾਂ ਨੇ ਮੇਰੇ ਵਿਗਿਆਨੀ ਅਤੇ ਲੇਖਕ ਹੋਣ ਕਰਕੇ ਮੇਰੀਆਂ ਉਪਲੱਬਧੀਆਂ ਦੇ ਸੋਹਲੇ ਗਾਏ ਹਨ, ਕਿਹੜਾ ਮੇਰਾ ਪ੍ਰੇਰਣਾ ਸਰੋਤ ਰਿਹੈ, ਕਿਸ-ਕਿਸ ਨੇ ਮੇਰੀ ਯਾਦ ਵਿੱਚ ਕੋਈ ਐਵਾਰਡ ਸਥਾਪਤ ਕਰਨ ਜਾਂ ਢੁੱਕਵੀਂ ਯਾਦਗਾਰ ਬਣਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ, ਵਗੈਰਾ-ਵਗੈਰਾ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)