Punjabi Stories/Kahanian
ਬਲਰਾਜ ਸਾਹਨੀ
Balraj Sahni

Punjabi Kavita
  

Lahore Pheri Balraj Sahni

ਲਾਹੌਰ ਫੇਰੀ ਬਲਰਾਜ ਸਾਹਨੀ

ਲਾਹੌਰ, 11 ਅਕਤੂਬਰ 1962

ਰਾਤੀਂ ਬੜੇ ਚਾਅ ਨਾਲ ਫੈਸਲਾ ਕਰ ਕੇ ਸੁੱਤਾ ਸਾਂ ਕਿ ਸਵੇਰੇ ਮੂੰਹ-ਹਨੇਰੇ ਲੰਮੀ ਸੈਰ ‘ਤੇ ਨਿਕਲ ਜਾਵਾਂਗਾ ਪਰ ਵੇਲਾ ਆਉਣ ‘ਤੇ ਜੋਸ਼ ਠੰਢਾ ਹੋਇਆ ਪਿਆ ਸੀ। ਬਿਸਤਰੇ ਵਿਚ ਲੇਟਿਆਂ-ਲੇਟਿਆਂ ਖਿਆਲ ਆਉਣ ਲੱਗ ਪਏ- ‘ਜਿਸ ਦੇਸ਼ ਦੀ ਹੋਂਦ ਦਾ ਆਧਾਰ ਫਿਰਕਾਪ੍ਰਸਤੀ ਹੋਵੇ, ਉਸ ਵਿਚ ਬੰਦਾ ਕਿੰਝ ਖੁੱਲ੍ਹ ਕੇ ਸਾਹ ਲੈ ਸਕਦਾ ਹੈ, ਖਾਸ ਕਰ ਕੇ ਜਦ ਉਹ ਆਪ ਪਸੰਦੀਦਾ ਫਿਰਕੇ ਦਾ ਆਦਮੀ ਨਾ ਹੋਵੇ।’ ਫਿਰਕਾਪ੍ਰਸਤੀ ਨਾਲ ਕਿਤਨੀ ਨਫਰਤ ਕੀਤੀ ਜਾਂਦੀ ਸੀ, ਕਿਤਨਾ ਉਸ ਦੇ ਨਤੀਜਿਆਂ ਤੋਂ ਡਰ ਲਗਦਾ ਸੀ, ਪਰ ਅਖੀਰ ਵਿਚ ਇਥੇ ਉਹ ਤਸਲੀਮ-ਸ਼ੁਦਾ ਅਤੇ ਕਾਨੂੰਨ ਵਲੋਂ ਨਿਵਾਜੀ ਹੋਈ ਹਕੀਕਤ ਬਣ ਗਈ। ਜੇ ਹਿੰਦੁਤਸਾਨ ਕੇਵਲ ਹਿੰਦੂਆਂ ਦਾ ਮੁਲਕ ਪ੍ਰਵਾਨ ਕਰ ਲਿਆ ਜਾਏ, ਹਰ ਵੇਲੇ ਮੰਦਰਾਂ ਦੇ ਟੱਲ ਖੜਕਿਆ ਕਰਨ, ਤਾਂ ਕੀ ਉਹ ਰਹਿਣ ਦੇ ਕਾਬਿਲ ਮੁਲਕ ਰਹਿ ਜਾਏਗਾ?
ਫਿਰ ਮਨ ਵਿਚ ਸੁਆਲ ਉਠਿਆ- ਕੀ ਹੁਣ ਤੀਕ ਭਾਰਤ ਨੂੰ ਅਸੀਂ ਸਹੀ ਮਾਅਨਿਆਂ ਵਿਚ ਅ-ਧਰਮੀ ਗਣਰਾਜ (ਸੈਕੂਲਰ ਰਿਪਬਲਿਕ) ਬਣਾ ਸਕੇ ਹਾਂ? ਮੈਂ ਧਾਰਮਿਕ ਰੁਚੀਆਂ ਵਾਲਾ ਆਦਮੀ ਭਾਵੇਂ ਨਾ ਸਹੀ, ਫਿਰ ਵੀ ਬਹੁ-ਗਿਣਤੀ ਫਿਰਕੇ ਨਾਲ ਸਬੰਧਤ ਜੀਵ ਹਾਂ। ਮੈਨੂੰ ਕੀ ਪਤਾ ਘੱਟ-ਗਿਣਤੀ ਵਾਲੇ ਫਿਰਕੇ ਆਪਣੇ-ਆਪ ਨੂੰ ਹਿੰਦੂਆਂ ਦੇ ਬਰਾਬਰ ਸੁਰੱਖਿਅਤ ਅਤੇ ਆਜ਼ਾਦ ਮਹਿਸੂਸ ਕਰਦੇ ਹਨ ਕਿ ਨਹੀਂ? ਕਦੇ ਮੈਂ ਇਸ ਸਮੱਸਿਆ ਉਪਰ ਗੰਭੀਰਤਾ ਨਾਲ ਜਾਂਚ-ਪੜਤਾਲ ਕੀਤੀ ਹੈ? ਕਦੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨ ਜਨਤਾ ਕਿਵੇਂ ਰਹਿੰਦੀ ਹੈ, ਉਸ ਦੇ ਦ੍ਰਿਸ਼ਟੀਕੋਣ ਕੀ ਹਨ? ਕੁਰਾਨ ਸ਼ਰੀਫ ਦਾ ਅਧਿਐਨ ਵੀ ਬੰਬਈਓਂ ਟੁਰਨ ਤੋਂ ਕੁਝ ਦਿਨ ਪਹਿਲਾਂ ਕੀਤਾ ਸੀ, ਉਹ ਵੀ ਸ਼ਾਇਦ ਆਪਣੀ ਸੁਰੱਖਿਅਤਾ ਦੀ ਗਰਜ਼ ਤੋਂ ਮਜਬੂਰ ਹੋ ਕੇ ਪਰ ਉਸ ਨਾਲ ਮੇਰੇ ਮਨ ਦੇ ਕਿਤਨੇ ਭਰਮ ਦੂਰ ਹੋਏ ਸਨ, ਹਜ਼ਰਤ ਮੁਹੰਮਦ ਦੀ ਜਾਤ ਅਤੇ ਉਨ੍ਹਾਂ ਦੀ ਸਿਖਿਆ ਲਈ ਦਿਲ ਵਿਚ ਕਿਤਨਾ ਆਦਰ ਪੈਦਾ ਹੋਇਆ ਸੀ ਪਰ ਹਾਲਾਂ ਵੀ ਮੇਰੇ ਅੰਦਰ ਕਿਤਨਾ ਅਗਿਆਨ ਹੈ, ਕਿਤਨੇ ਤੁਅੱਸਬ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਅਸੀਂ ਲੋਕ ਕਿਤਨੇ ਕੁ ਉਪਰਾਲੇ ਕਰਦੇ ਹਾਂ? ਕੀ ਹਾਲਾਂ ਵੀ ਸਾਡੇ ਦੇਸ਼ ਵਿਚ ਅਛੂਤਾਂ ਨਾਲ ਪਸ਼ੂਆਂ ਵਾਲਾ ਸਲੂਕ ਨਹੀਂ ਕੀਤਾ ਜਾਂਦਾ? ਹੋ ਸਕਦਾ ਹੈ, ਹਿੰਦੂਆਂ ਦੇ ਤੁਰ ਜਾਣ ਨਾਲ ਪਾਕਿਸਤਾਨ ਦੇ ਮੁਸਲਮਾਨਾਂ ਨੇ ਸ਼ੁਕਰ ਕੀਤਾ ਹੋਵੇ। ਉਨ੍ਹਾਂ ਦੀ ਕੋਈ ਵੀ ਤਾਂ ਗੱਲ ਹਿੰਦੂਆਂ ਨੂੰ ਚੰਗੀ ਨਹੀਂ ਸੀ ਲੱਗਦੀ ਹੁੰਦੀ। ਹਰ ਵੇਲੇ ਹਿੰਦੂਆਂ ਦੀਆਂ ਨੁਕਤਾਚੀਨ ਨਿਗਾਹਾਂ ਉਨ੍ਹਾਂ ਨੂੰ ਸੱਲਦੀਆਂ ਰਹਿੰਦੀਆਂ ਸਨ, ਉਨ੍ਹਾਂ ਦੇ ਸਵੈ-ਮਾਣ ਨੂੰ ਡਸਦੀਆਂ ਰਹਿੰਦੀਆਂ ਸਨ।
ਦੂਜੇ ਪਾਸੇ ਇਹ ਵੀ ਤਾਂ ਮੰਨਣਾ ਪਏਗਾ ਕਿ ਹਿੰਦੁਸਤਾਨ ਦਾ ਵਿਧਾਨ ਨਿਆਂਕਾਰੀ ਹੈ, ਅਗਾਂਹ-ਵਧੂ ਹੈ। ਉਥੇ ਕਾਨੂੰਨੀ ਤੌਰ ‘ਤੇ ਤਾਂ ਇਕ ਫਿਰਕੇ ਨੂੰ ਪ੍ਰੋੜਤਾ ਮੁਯੱਸਰ ਨਹੀਂ, ਭਾਵੇਂ ਅੰਦਰ-ਖਾਤੇ ਕਿਤਨੀਆਂ ਬੁਰਾਈਆਂ ਮੌਜੂਦ ਹੈ? ਉਥੇ ਕਦੇ ਨਾ ਕਦੇ ਅਗਿਆਨਤਾ ਦੂਰ ਹੋਣ ਦੀ, ਦਿਲਾਂ ਦੇ ਮੋਕਲੇ ਹੋਣ ਦੀ ਆਸ ਤਾਂ ਕੀਤੀ ਜਾ ਸਕਦੀ ਹੈ? ਪਰ ਪਾਕਿਸਤਾਨ ਦਾ ਵਿਧਾਨ ਹੀ...
ਜਦ ਰਾਤੀਂ ਲੁਹਾਰੀ ਦਰਵਾਜ਼ਿਉਂ ਫੁਲਾਹ ਦੀਆਂ ਦਾਤਣਾਂ ਖਰੀਦੀਆਂ ਸਨ, ਉਨ੍ਹਾਂ ਵੱਲ ਧਿਆਨ ਜਾਂਦਿਆਂ ਸ਼ੌਕ ਫਿਰ ਜਾਗ ਪਏ। ਵੇਖਾਂ ਤਾਂ ਸਹੀਂ ਪਿੰਡੀ (ਰਾਵਲਪਿੰਡੀ) ਦੀ ਫੁਲਾਹ ਨਾਲ ਟੱਕਰ ਖਾਂਦੀਆਂ ਨੇ ਕਿ ਨਹੀਂ? ਫੁਲੇਰੀਆਂ ਦੀਆਂ ਹੱਟੀਆਂ ਲਾਗੇ ਭੁੰਜੇ ਬੈਠੇ ਇਕ ਬੰਦੇ ਨੇ ਕਿਵੇਂ ਸੁਰੀਲੀ ਹੇਕ ਮਾਰੀ- “ਓਏ ਭਲਵਾਨੇਅੰ... ਬਾਊਰਾਂ ਨੂੰ ਫੁਲਾਹ ਦੀ ਗੱਠੀ ਕੱਢ ਕੇ ਜ਼ਰਾ!”
ਅੰਗੀਠੀ ਤੋਂ ਦਾਤਣਾਂ ਚੁਕ ਕੇ ਗੁਸਲਖਾਨੇ ਵਿਚ ਚਲਾ ਗਿਆ। ਸ਼ੇਵ ਕੀਤਾ, ਨ੍ਹਾਤਾ ਧੋਤਾ, ਫਿਰ ਕੈਮਰਾ ਮੋਢੇ ਉਤੇ ਸੁੱਟ ਕੇ ਨਿਕਲ ਪਿਆ ਬਾਹਰ।
ਆਪਣੇ ਪੁਰਾਣੇ ਨਿਊ ਹੋਸਟਲ ਅੱਗਿਉਂ ਲੰਘਿਆ। ਰੁਕ ਜਾਂ ਥੋੜ੍ਹੀ ਦੇਰ? ਫੋਟੋ ਖਿੱਚ ਲਾਂ? ਨਹੀਂ, ਨਹੀਂ... ਮਤੇ ਕੋਈ ਵੇਖ ਕੇ ਖਾਹ-ਮਖਾਹ ਸ਼ੱਕ ਕਰਨ ਲੱਗ ਪਏ। ਮੇਰਾ ਕੌਣ ਮੁਹਾਫਿਜ਼ ਏ ਇਥੇ? ਸੱਚ ਕਿਤਨਾ ਡਰਪੋਕ ਹਾਂ ਮੈਂ। ਇਹ ਤਾਂ ਮੇਰਾ ਆਪਣਾ ਹੋਸਟਲ ਹੈ। ਖੈਰ! ਹੋਸਟਲ ਵੀ ਤਾਂ ਹੁਣ ਮੇਰੇ ਵਾਂਗ ਥੱਕਿਆ-ਥੱਕਿਆ ਤੇ ਪੁਰਾਣਾ-ਪੁਰਾਣਾ ਹੋ ਗਿਆ ਹੈ। ਸਮੇਂ ਨੇ ਇਹਨੂੰ ਵੀ ਮੇਰੇ ਵਾਂਗ ਅਧਖੜ ਕਰ ਛਡਿਆ ਹੈ। ਅਫਸੋਸ ਦੀ ਥਾਂ ਤਸਕੀਨ ਹੋਈ ਵੇਖ ਕੇ।
ਹੋਸਟਲ ਦੇ ਸਾਹਮਣੇ ਵਾਲਾ ਥਾਣਾ ਹਾਲਾਂ ਵੀ ਮੌਜੂਦ ਸੀ। ਇਹਦੇ ਹਾਤੇ ਵਿਚ ਥਕੇਵਾਂ ਲਾਹਣ ਲਈ, ਕਿਸੇ-ਕਿਸੇ ਰਾਤ ਸਿਪਾਹੀ ਆਪਣੇ ਪਿੰਡਾਂ ਦੇ ਮਾਹੀਏ ਤੇ ਢੋਲੇ ਛੋਹ ਦਿੰਦੇ। ਅਸੀਂ ਅੰਗਰੇਜ਼ੀ ਰਾਗ-ਵਿਦਿਆ ਦੇ ਉਪਾਸ਼ਕ ਵਿਦਿਆਰਥੀ ਚੀਕਾਂ ਮਾਰ-ਮਾਰ ਕੇ ਉਨ੍ਹਾਂ ਨੂੰ ‘ਸ਼ਟਅਪ’ ਆਖਦੇ, ਅਸਭਿਅਤਾ ਭਰੀਆਂ ਨਕਲਾਂ ਲਾ ਕੇ ਖਿਝਾਂਦੇ, ਹਰ ਮੁਮਕਿਨ ਢੰਗ ਨਾਲ ਉਨ੍ਹਾਂ ਦਾ ਮਜ਼ਾ ਖਰਾਬ ਕਰ ਕੇ ਖੁਸ਼ ਹੁੰਦੇ।
ਥਾਣੇ ਲਾਗਿਉਂ ਟ੍ਰੇਨਿੰਗ ਕਾਲਜ ਵਲ ਜਾਂਦੀ ਗਲੀ ਵਿਚੋਂ ਲੰਘ ਕੇ ਆਪਣੀ ਭੂਆ ਦੇ ਘਰ ਜਾਂਦਾ ਹੁੰਦਾ ਸਾਂ। ਅਜ ਵੀ ਲੰਘਿਆ ਉਧਰੋਂ, ਪਰ ਸਹਿਮ-ਸਹਿਮ ਕੇ, ਮਤੇ ਕਿਤੇ ਮੇਰੀ ਚਾਲ-ਢਾਲ ਵਿਚ ਹਿੰਦੂਆਂ ਵਾਲੀ ਵਿਸ਼ੇਸ਼ਤਾ ਨਾ ਪ੍ਰਗਟ ਹੋ ਜਾਏ ਪਰ ਗਲੀ ਦੀ ਗਰੀਬੜੀ ਜਿਹੀ ਵਸੋਂ ਨੂੰ ਜਿਹੜੀ ਸਿਰ ‘ਤੇ ਬਿਨਾਂ ਬੁਲਾਏ ਆਣ ਖਲੋਤੀ ਸਵੇਰ ਦੇ ਸੁਆਗਤ ਵਿਚ ਡਰੇ ਹੋਏ ਘੋਗੇ ਵਾਂਗ ਹੌਲੇ-ਹੌਲੇ ਸਿੰਗ ਬਾਹਰ ਕੱਢ ਰਹੀ ਸੀ, ਮੇਰੇ ਵਲ ਅੱਖ ਚੁੱਕ ਕੇ ਵੇਖਣ ਦੀ ਫੁਰਸਤ ਨਹੀਂ ਸੀ। ਮੋੜ ‘ਤੇ ਹਲਵਾਈ ਦੀ ਦੁਕਾਨ ਜਿਥੇ ਸੋਡਾਵਾਟਰ, ਸਿਗਰਟ, ਪਾਨ ਅਤੇ ਅਖਬਾਰ ਆਦਿ ਵੀ ਵਿਕਿਆ ਕਰਦੇ ਸਨ, ਉਸੇ ਤਰ੍ਹਾਂ ਮੌਜੂਦ ਸੀ। ਜਿਸ ਪਟੜੇ ਤੋਂ ਹਿੰਦੂ ਹਲਵਾਈ ਉਠ ਕੇ ਚਲਾ ਗਿਆ, ਮੁਸਲਮਾਨ ਹਲਵਾਈ ਆ ਕੇ ਬਹਿ ਗਿਆ, ਬਸ ਇਤਨਾ ਹੀ ਫਰਕ ਸੀ। ਇਹ ਸ਼ਾਇਦ ਉਧਰੋਂ ਕਿਸੇ ਪਟੜੇ ਤੋਂ ਉਠ ਕੇ ਆ ਗਿਆ ਹੋਣੈ! ਮੁਸਲਮਾਨ ਨੂੰ ਹਲਵਾਈ ਦੇ ਰੂਪ ਵਿਚ ਵੇਖਣਾ ਅਜੀਬ ਲਗਦਾ ਸੀ।
ਪਾਰਸੀ ਇਬਾਦਤਖਾਨੇ ਦੇ ਸਾਹਮਣੇ ਮੇਰੀ ਭੂਆ ਦਾ ਘਰ ਵੀ ਉਸੇ ਦਾ ਉਸੇ ਤਰ੍ਹਾਂ ਖੜ੍ਹਾ ਸੀ। ਉਸ ਦਾ ਮੂੰਹ-ਮੱਥਾ ਮੈਨੂੰ ਖਾਮੋਸ਼ੀ ਨਾਲ ਪਛਾਣਨ ਤੇ ਆਪਣੀ ਬੇਵਸੀ ਜਤਾਉਣ ਲੱਗ ਪਿਆ। ਫੋਟੋ ਖਿੱਚ ਕੇ ਉਹਦੇ ਜਜ਼ਬਾਤ ਦਾ ਅਨਾਦਰ ਕਰਨਾ ਮੈਨੂੰ ਮੁਨਾਸਬ ਨਾ ਦਿਸਿਆ। ਉਸ ਤੋਂ ਅੱਗੇ ਪ੍ਰੋਫੈਸਰ ਰੁਚੀ ਰਾਮ ਹੋਰਾਂ ਦੀ ਕੋਠੀ ਵੇਖੀ। ਉਥੇ ਮੇਰੀ ਨਿੱਕੀ ਭੂਆ ਰਹਿੰਦੀ ਹੁੰਦੀ ਸੀ। ਅੱਜ ਕੱਲ੍ਹ ਉਹ ਡੇਹਰਾਦੂਨ ਵਿਚ ਹੈ। ਅੱਜ ਉਸ ਦੀ ਕੋਠੀ ਤਾਂ ਵੇਖ ਲਈ, ਪਰ ਵੰਡ ਤੋਂ ਬਾਅਦ ਉਹਨੂੰ ਮਿਲਣ ਦਾ ਅਵਸਰ ਹਾਲਾਂ ਤਕ ਨਸੀਬ ਨਹੀਂ ਹੋਇਆ। ਇਨ੍ਹਾਂ ਕੋਠੀਆਂ ਕੋਲੋਂ ਇਕ ਗਲੀ ਮਵੇਸ਼ੀ ਹਸਪਤਾਲ ਵਾਲੀ ਸੜਕ ਨੂੰ ਜਾਂਦੀ ਹੈ। ਇਸ ਗਲੀ ਵਿਚ ਮੇਰੇ ਸੰਸਕ੍ਰਿਤ ਦੇ ਪ੍ਰੋਫੈਸਰ ਗੁਲਬਹਾਰ ਸਿੰਘ ਜੀ ਦਾ ਘਰ ਸੀ ਜੋ ਹੁਣ ਸੁਰਗਵਾਸ ਹੋ ਚੁੱਕੇ ਹਨ। ਬੜਾ ਪਿਆਰ ਕਰਦੇ ਸਨ ਉਹ ਮੈਨੂੰ। ਮਵੇਸ਼ੀ ਹਸਪਤਾਲ ਵਾਲੀ ਸੜਕ ‘ਤੇ ਪੁੱਜ ਕੇ ਆਪਣੇ ਅੰਗਰੇਜ਼ੀ ਦੇ ਹਰਮਨ ਪਿਆਰੇ ਪ੍ਰੋਫੈਸਰ ਮਦਨ ਗੋਪਾਲ ਸਿੰਘ ਦੀ ਕੋਠੀ ਵੇਖੀ ਜਿਹਦੀ ਮਮਟੀ ‘ਤੇ ‘ਓਮ’ ਉਸੇ ਤਰ੍ਹਾਂ ਉਕਰਿਆ ਹੋਇਆ ਸੀ। ਆਪ ਉਹ ਵੰਡ ਦੇ ਫਸਾਦਾਂ ਵਿਚ ਮਾਰੇ ਗਏ ਸਨ।
ਇਹ ਪਰਿਕਰਮਾ ਸੰਪੂਰਨ ਕਰ ਕੇ ਫਿਰ ਵਾਪਸ ਕਚਹਿਰੀ ਰੋਡ ‘ਤੇ ਆ ਗਿਆ। ਡੀ.ਏ.ਵੀ. ਕਾਲਜ ਦੇ ਫਾਟਕ ਉਪਰ ਹੁਣ ਇਸਲਾਮੀਆ ਕਾਲਜ ਦਾ ਬੋਰਡ ਲਗਾ ਹੋਇਆ ਹੈ, ਪਰ ਇਮਾਰਤ ਦੀ ਮਹਿਰਾਬ ਉਪਰ ਨਾਗਰੀ ਵਿਚ ਦਯਾਨੰਦ ਐਂਗਲੋ ਵੈਦਿਕ ਕਾਲਜ ਉਸੇ ਤਰ੍ਹਾਂ ਲਿਖਿਆ ਹੋਇਆ ਹੈ। ਕਾਲਜ ਦੇ ਹੋਸਟਲ ਅੱਗਿਉਂ ਗੋਲਬਾਗ ਵੱਲ ਲੰਘ ਕੇ ਫਿਰ ਸਾਂਦਾ ਰੋਡ ਵਲ ਟੁਰ ਪਿਆ। ਰਾਹ ਵਿਚ ਥਾਂ-ਥਾਂ ‘ਤੇ ਸਨਸਨੀਖੇਜ਼ ਸੁਰਖੀ ਵਾਲਾ ਇਸ਼ਤਿਹਾਰ ਲੱਗਿਆ ਹੋਇਆ ਸੀ:
'ਕਿਆ ਆਪ ਚਾਹਤੇ ਹੈਂ ਕਿ ਹਿੰਦੁਸਤਾਨੀ, ਹਮਾਰੀ ਬਹੂ ਬੇਟੀਉਂ ਕੋ ਉਠਾ ਕਰ ਲੇ ਜਾਏ?'
ਹੋ ਸਕਦਾ ਹੈ ਕਿਸੇ ਸਿਆਸੀ ਪਾਰਟੀ ਦੀ ਵੰਗਾਰ ਹੋਵੇ, ਜਾਂ ਭਾਵੇਂ ਅੰਮ੍ਰਿਤਸਰ ਵਾਂਗ ਇਥੋਂ ਦੇ ਕਿਸੇ ਹਕੀਮ ਨੇ ਵੀ ਐਨਕ ਤੋੜ ਕਿਸਮ ਦਾ ਸੁਰਮਾ ਤਿਆਰ ਕੀਤਾ ਹੋਵੇ! ਠੀਕ ਗੱਲ ਹੈ। ਜੇ ਬੀਨਾਈ ਚੰਗੀ ਹੋਵੇਗੀ ਤਾਂ ਬਹੂ ਬੇਟੀਆਂ ਦੀ ਰਖਵਾਲੀ ਚੰਗੀ ਤਰ੍ਹਾਂ ਹੋ ਸਕੇਗੀ, ਤੇ ਉਹ ਹਿੰਦੁਸਤਾਨੀਆਂ ਹੱਥੋਂ ਉਧਾਲੇ ਜਾਣ ਦੇ ਖਤਰੇ ਤੋਂ ਬਚ ਜਾਣਗੀਆਂ। ਵਰਤਮਾਨ ਯੁਗ ਦੇ ਸਭਿਆਚਾਰ ਵਿਚ ਹਰ ਚੀਜ਼ ਇਸ਼ਤਿਹਾਰੀ ਹੁੰਦੀ ਜਾ ਰਹੀ ਹੈ। ਬਹਰਹਾਲ ਇਸ਼ਤਿਹਾਰ ਪੜ੍ਹਨ ਦੀ ਮੈਨੂੰ ਕੋਈ ਉਤਸੁਕਤਾ ਨਹੀਂ ਹੋਈ।
ਅੱਗਿਉਂ ਇਕ ਪਾਗਲ ਆਦਮੀ ਆਉਂਦਾ ਦਿਸਿਆ ਜਿਹੜਾ ਲੀਡਰੀ ਅੰਦਾਜ਼ ਨਾਲ ਸਿਰ ਹਿਲਾ-ਹਿਲਾ ਕੇ ਸ਼ਰ੍ਹਾ ਤੇ ਹਦੀਸ ਦੇ ਨੁਕਤੇ ਬਿਆਨ ਕਰ ਰਿਹਾ ਸੀ।
ਯੂਨੀਵਰਸਿਟੀ ਗਰਾਊਂਡ ਵਾਲੇ ਮੋੜ ‘ਤੇ ਚਾਹ ਪਾਣੀ ਦੀ ਨਿੱਕੀ ਜਿਹੀ ਦੁਕਾਨ ਦਿਸੀ। ਮਲੇਸ਼ੀਏ ਦੀ ਸਲਵਾਰ ਕਮੀਜ਼ ਪਾਈ ਮੱਸ ਫੁਟ ਮੁੰਡਾ ਮੇਜ਼ ਕੁਰਸੀਆਂ ਪੂੰਝ ਰਿਹਾ ਸੀ। ਮੈਂ ਕੋਲ ਜਾ ਕੇ ਕਿਹਾ- “ਕਿਉਂ ਭਾਈ, ਚਾਹ ਦੀ ਪਿਆਲੀ ਮਿਲੇਗੀ?”
ਜੁਆਬ ਵਿਚ ਉਹ ਹੱਸਣ ਲਗ ਪਿਆ, ਜਿਵੇਂ ਮੈਂ ਉਹਨੂੰ ਕੁਤ-ਕੁਤਾਰੀ ਕੱਢ ਦਿੱਤੀ ਹੋਵੇ।
“ਇਸ ਵਿਚ ਹੱਸਣ ਦੀ ਕੀ ਗੱਲ ਹੈ?” ਮੈਂ ਹੈਰਾਨ ਹੋ ਕੇ ਪੁੱਛਿਆ।
ਉਸ ਲਈ ਹਾਸਾ ਰੋਕਣਾ ਹੀ ਮੁਸ਼ਕਲ ਹੋ ਗਿਆ। ਬਦਸਤੂਰ ਕੁਰਸੀਆਂ ਸਾਫ ਕਰਦਾ-ਕਰਦਾ ਅਖੀਰ ਬੋਲਿਆ, “ਹਾਲੇ ਦੁੱਧ ਨਹੀਂ ਆਇਆ।” ਉਹਦਾ ਗੋਰਾ ਰੂੰ ਚਿਹਰਾ ਲਾਲ ਸੁਰਖ ਹੁੰਦਾ ਜਾ ਰਿਹਾ ਸੀ।
ਉਹਦੀ ਮੂਰਖਤਾ ‘ਤੇ ਹੈਰਾਨ ਹੁੰਦਾ ਮੈਂ ਅੱਗੇ ਟੁਰ ਪਿਆ। ਕੰਬਖਤ ਹੱਸਿਆ ਕਿਸ ਗੱਲ ‘ਤੇ ਸੀ? ਬਹੁਤ ਸੋਚਣ ਬਾਅਦ ਇਕੋ ਕਾਰਨ ਸਮਝ ਵਿਚ ਆਇਆ। ਉਹ ਜ਼ਰੂਰ ਮੇਰੀ ਪੰਝੀਆਂ ਸਾਲਾਂ ਤੋਂ ਪਰਦੇਸਾਂ ਵਿਚ ਭਟਕਦੀ ਜੰਗ-ਲੱਗੀ ਪੰਜਾਬੀ ਬੋਲਚਾਲ ‘ਤੇ ਹੱਸਿਆ ਹੋਣੈ। ਮੈਂ ਗਾਹਕਾਂ ਵਾਂਗ ਨਹੀਂ, ਸ਼ਾਇਦ ਫਕੀਰਾਂ ਵਾਂਗ ਚਾਹ ਦੀ ਮੰਗੀ ਸੀ।
ਸੜਕ ਦੇ ਦੂਜੇ ਬੰਨੇ ਇਕ ਚਾਹ ਵਾਲਾ ਭੁੰਜੇ ਦੁਕਾਨ ਲਾ ਕੇ ਬੈਠਾ ਹੋਇਆ ਸੀ। ਉਹਦੇ ਆਲੇ-ਦੁਆਲੇ ਗਰੀਬੜੇ ਗਾਹਕਾਂ ਦੀ ਕਚਹਿਰੀ ਲੱਗੀ ਹੋਈ ਸੀ। ਮੈਨੂੰ ਇਥੇ ਕਿਸ ਨੇ ਪਛਾਣਨਾ ਸੀ? ਮੈਂ ਹਿੰਮਤ ਕਰ ਕੇ ਕੋਲ ਜਾ ਖਲੋਤਾ ਤੇ ਐਂਤਕੀ ਜ਼ਰਾ ਰੋਅਬ ਤੇ ਮੁਹਾਵਰੇ ਨਾਲ ਫਰਮਾਇਸ਼ ਕੀਤੀ, “ਭਲਵਾਨ ਜੀ, ਚਾਹ ਦਾ ਪਿਆਲਾ ਸਾਨੂੰ ਵੀ ਬਣਾ ਕੇ ਦੇਣਾ ਜ਼ਰਾ।”
ਪਰ ਨਿਸ਼ਾਨਾ ਫਿਰ ਖਤਾ ਹੋ ਗਿਆ। ਇਹ ਯੂਵਾਲੇ ਪਾਸੇ ਦਾ ਬੰਦਾ ਨਿਕਲ ਆਇਆ।
“ਹਜ਼ੂਰ ਨਮਕੀਨ ਹੈ।” ਉਹ ਬੜੀ ਨਿਮਰਤਾ ਨਾਲ ਬੋਲਿਆ।
“ਕੋਈ ਬਾਤ ਨਹੀਂ, ਨਮੀਕਨ ਹੀ ਪੀ ਲੇਂਗੇ”, ਹਿੰਦੀ ਬੋਲਦਿਆਂ ਮੈਂ ਆਰਜ਼ੀ ਜਿਹਾ ਸੁਖੱਲ ਮਹਿਸੂਸ ਕੀਤਾ।
ਚਾਹ ਇਕਦਮ ਬੇ-ਸੁਆਦੀ ਸੀ, ਤੇ ਪਿਆਲੇ ਗੰਦੇ ਪਰ ਅਨੋਖੇ ਅਨੁਭਵ ਦਾ ਕੁਝ ਨਾ ਕੁਝ ਲੁਤਫ ਵੀ ਜ਼ਰੂਰ ਹੁੰਦਾ ਹੈ। ਗਾਹਕਾਂ ਦੀ ਜੁੰਡਲੀ ਵਿਚੋਂ ਇਕ ਆਦਮੀ ਨੇ ਜੋ ਬਿਹਾਰ ਵਾਲੇ ਪਾਸੇ ਦਾ ਜਾਪਦਾ ਸੀ, ਮੇਰੇ ਆਗਮਨ ਕਾਰਨ ਰੁਕੀ ਗੱਲਬਾਤ ਦਾ ਸਿਲਸਿਲਾ ਫਿਰ ਚਾਲੂ ਕੀਤਾ।
“ਅਜੀ ਸਾਹਬ, ਜੋ ਮਰਦ ਅਕੇਲੇ ਕਮ ਸੇ ਕਮ ਏਕ ਔਰਤੋਂ ਪਰ ਹਾਵੀ ਨਾ ਹੋ ਸਕੇ, ਭਲਾ ਵੋਹ ਮਰਦ ਕਾਹੇ ਕਾ? ਹਮਾਰੇ ਇਲਾਕੇ ਮੇਂ ਏਕ ਖਾਨਜ਼ਾਦੇ ਥੇ। ਸਾਠ ਸਾਲ ਦੀ ਉਮਰ ਮੇਂ ਬਾਰਾਂ ਸਾਲ ਕੀ ਲੜਕੀ ਸੇ ਨਿਕਾਹ ਪੜ੍ਹਵਾ ਲੀਯਾ। ਖੁਦਾ ਝੂਠ ਨਾ ਬੁਲਵਾਏ, ਪਹਿਲੀ ਬੀਵੀਓਂ ਸੇ ਲੜਕੇ ਲੜਕੀਓਂ ਔਰ ਦੁਹਤੋਂ ਪੋਤੋਂ ਕੀ ਤਾਦਾਦ ਸੈਂਕੜੋਂ ਤਕ ਪਹੁੰਚਤੀ ਥੀ। ਫਿਰ ਭੀ ਚੱਟਾਨ ਕੀ ਤਰ੍ਹਾਂ ਅਪਨੀ ਜਗ੍ਹਾ ਕਾਇਮ ਥੇ। ਛੋਕਰੀ ਕੋ ਦੋ-ਤੀਨ ਬਰਸ ਖੂਬ ਖਿਲਾਇਆ ਪਿਲਾਇਆ, ਜਵਾਨ ਕੀਯਾ, ਫਿਰ ਕਿਆ... ਹਰ ਸਾਲ ਬੱਚਾ ਜਨਤੀ ਥੀ। ਏਕ ਹਕੀਮ ਸਾਹਿਬ ਉਨ ਕੋ ਰੋਜ਼ਾਨਾ ਚਾਵਲ ਕੇ ਦਾਨੇ ਕੇ ਬਰਾਬਰ ਗੋਲੀ ਖਾਨੇ ਕੋ ਦੀਯਾ ਕਰਤੇ ਥੇ, ਪਰ ਸ਼ਰਤ ਯਿਹ ਕਿ ਸਾਥ ਮੇਂ ਖੁਰਾਕ ਹੋ। ਭਈ ਕਿਯਾ ਕੀਯਾ ਖਾਤੇ ਥੇ ਵੋ, ਕਿਯਾ ਨਾ ਖਾਤੇ ਥੇ! ਅਜੀ ਅਗਰ ਖੁਰਾਕ ਤਗੜੀ ਨਾ ਹੋ, ਸਭੀ ਅੰਗੋਂ ਮੇਂ ਜ਼ਹਿਰ ਫੈਲ ਜਾਏ ਦਵਾਈ ਕਾ, ਇਤਨੀ ਤੇਜ਼ ਥੀ ਕੰਬਖਤ। ਪਚਾਸ ਬਰਸ ਸੇ ਕਮ ਉਮਰ ਦਾ ਆਦਮੀ ਤੋ ਉਸੇ ਖਾ ਨਹੀਂ ਸਕਤਾ, ਵਹੀਂ ਖਤਮ ਹੋ ਜਾਏ।”
ਇਸ ਆਦਮੀ ਦੇ ਅੰਦਾਜ਼ ਵਿਚ ਬੜੀ ਜਾਣੀ-ਜਾਣਤਾ ਸੀ। ਇੰਜ ਜਾਪਦਾ ਸੀ ਜਿਵੇਂ ਕਾਫੀ ਚਿਰ ਤੋਂ ਸ੍ਰੋਤਿਆਂ ਦੀ ਕਾਮ-ਵਾਸਨਾ ਨੂੰ ਉਭਾਰ ਰਿਹਾ ਹੈ ਪਰ ਉਹਦੀਆਂ ਗੱਲਾਂ ਦਾ ਪ੍ਰਤਿਕਰਮ ਜੁੰਡਲੀ ਤੋਂ ਰਤਾ ਕੁ ਅਲੱਗ ਹੋ ਕੇ ਬੈਠੇ, ਹੁੱਕਾ ਪੀਂਦੇ, ਕਾਮੇ ਜਿਹੇ ‘ਤੇ ਕੁਝ ਹੋਰ ਤਰ੍ਹਾਂ ਦਾ ਹੋਇਆ। ਉਹ ਅੱਧ-ਵਿਚਾਲੇ ਰੋਸ-ਭਰੇ ਅੰਦਾਜ਼ ਨਾਲ ਆਪਣੀ ਦਾਤਰੀ ਤੇ ਪੱਠਿਆ ਦੀ ਗੰਢ ਚੁਕ ਕੇ ਉਠ ਖਲੋਤਾ ਤੇ ਇਹ ਕਹਿ ਕੇ ਟੁਰਦਾ ਬਣਿਆ, “ਆਹੋ ਮੀਆਂ, ਸਭ ਦੌਲਤਾਂ ਦੀਆਂ ਬਰਕਤਾਂ ਨੇ।”
ਜੁੰਡਲੀ ਉਪਰ ਉਸ ਦੀ ਗੱਲ ਦਾ ਕਾਫੀ ਅਸਰ ਪਿਆ, ਤੇ ਖਾਮੋਸ਼ੀ ਛਾ ਗਈ। ਫਿਰ ਲੰਮੇ ਝਾਟੇ ਤੇ ਦਾੜ੍ਹੀ ਵਾਲੇ ਮਲੰਗ ਨੇ ਉੱਚੀ-ਉੱਚੀ ਉਰਦੂ ਸ਼ੇਅਰ ਪੜ੍ਹਨੇ ਸ਼ੁਰੂ ਕਰ ਦਿੱਤੇ।
ਯੂਨੀਵਰਸਿਟੀ ਗਰਾਊਂਡ ਦੇ ਨਾਲ-ਨਾਲ ਟੁਰਦਾ, ਦਰਖਤਾਂ ਦੀ ਜਾਣੀ-ਪਛਾਣੀ ਛਾਂ ਦਾ ਸੁੱਖ ਮਾਣਦਾ, ਚਬੁਰਜੀ ਅੱਪੜ ਗਿਆ। ਅੱਗਿਉਂ ਜੱਟਾਂ ਦੀ ਝੂਮਦੀ ਟੋਲੀ ਆ ਰਹੀ ਸੀ। ਉਨ੍ਹਾਂ ਨਾਲ ਘੜੀ ਗੱਲਬਾਤ ਕਰਨ ਦਾ ਲਾਲਚ ਮੈਂ ਨਾ ਵਰਜ ਸਕਿਆ। ਪਿੰਡ ਨਾਥਣ ਬਾਵਿਆਂਵਾਲੇ ਦੇ ਵਸਨੀਕ ਸਨ ਉਹ। ਸ਼ਹਿਰ ਵੱਲ ਖਰੀਦੋ-ਫਰੋਖਤ ਕਰਨ ਜਾ ਰਹੇ ਸਨ। ਮੈਂ ਉਨ੍ਹਾਂ ਨੂੰ ਰੋਕ ਆਪਣਾ ਪ੍ਰੀਚੈ ਦਿਤਾ ਤੇ ਫੋਟੋ ਖਿੱਚਣ ਦੀ ਇਜ਼ਾਜ਼ਤ ਮੰਗੀ। ਉਨ੍ਹਾਂ ਨੂੰ ਅਚੰਭਾ ਮੇਰੇ ਭਾਰਤੀ ਜਾਂ ਹਿੰਦੂ ਹੋਣ ਉਪਰ ਇਤਨਾ ਨਹੀਂ ਸੀ ਜਿਤਨਾ ਇਸ ਗੱਲ ‘ਤੇ ਕਿ ਕੋਈ ਪਤਲੂਣ ਵਾਲਾ ਬਾਊ ਪੇਂਡੂਆਂ ਨਾਲ ਦੋਸਤੀ ਲਾਉਣ ਦੀ ਤਕਲੀਫ ਕਰ ਰਿਹਾ ਹੈ। ਬੰਬਈ ਸ਼ਹਿਰ ਅਤੇ ਹਿੰਦੀ ਫਿਲਮਾਂ ਬਾਰੇ ਉਨ੍ਹਾਂ ਮੇਰੇ ਕੋਲੋਂ ਇਕੋ ਸਾਹ ਕਿਤਨੇ ਈ ਸੁਆਲ ਪੁੱਛ ਛੱਡੇ, ਤੇ ਫਿਰ ਫੋਟੋ ਖਿਚਵਾਉਣਾ ਵੀ ਪਰਵਾਨ ਕਰ ਲਿਆ। ਬੜੀ ਸੁਆਦਲੀ ਮਿਲਣੀ ਸੀ।
ਕਿਨੇਰਡ ਕਾਲਜ ਨੇੜੇ ਇਕ ਕੋਠੀ ਵਿਚ ਕਦੇ ਮੈਂ ਪੂਰਾ ਸਾਲ ਤੰਬੂ ਲਾ ਕੇ ਰਿਹਾ ਸਾਂ- ਨਿਊ ਹੋਸਟਲ ਵਿਚੋਂ ਧੱਕਿਆ ਜਾਣ ਕਰ ਕੇ। ਧੱਕੇ ਜਾਣ ਦੇ ਕਾਰਨਾਂ ਵਿਚੋਂ ਇਕ ਇਹ ਸੀ- ਡਾਰਮਿਟਰੀਆਂ ਵਿਚ ਟੈਨਸ ਖੇਡਣਾ ਤੇ ਸ਼ੀਸ਼ੇ ਭੰਨਣਾ। ਕੋਠੀ ਮੇਰੇ ਇਕ ਪਿਆਰੇ ਜਮਾਤੀ ਦੀ ਸੀ। ਉਸ ਦੇ ਪਿਤਾ ਬੜੇ ਉਦਾਰ ਤੇ ਬਾਰਸੂਖ ਆਦਮੀ ਸਨ। ਕੋਠੀ ਦੀ ਬੜੀ ਜ਼ਮੀਨ ਸੀ। ਉਸ ਦੀ ਇਕ ਨੁਕਰੇ ਤੰਬੂ ਲਾਣ ਦੀ ਇਜਾਜ਼ਤ ਆਸਾਨੀ ਨਾਲ ਮਿਲ ਗਈ ਪਰ ਇਹ ਸੌਦਾ ਮੇਰੇ ਮਿੱਤਰ ਦੇ ਪਿਤਾ ਨੂੰ ਮਹਿੰਗਾ ਪਿਆ। ਜਦੋਂ ਵੀ ਉਹ ਘਰ ਵਿਚ ਕੋਈ ਵੱਡੀ ਪਾਰਟੀ ਕਰਦੇ, ਤੰਬੂ ਵਿਚ ਕਾਲਜ ਦੇ ਮੁੰਡਿਆਂ ਦੀ ਪਾਰਟੀ ਮੁਫਤੋ-ਮੁਫਤ ਹੋ ਜਾਂਦੀ।
ਕੋਠੀ ਦੇ ਫਾਟਕ ਕੋਲ ਖਲੋ ਮੈਂ ਖਾਲੀ ਪਈ ਥਾਂ ਨੂੰ ਵੇਖ-ਵੇਖ ਕੇ ਉਨ੍ਹਾਂ ਰੰਗੀਲੇ ਦਿਨਾਂ ਨੂੰ ਯਾਦ ਕਰਨ ਲੱਗ ਪਿਆ। ਕਦੇ-ਕਦੇ ਛੁੱਟੀ ਵਾਲੇ ਦਿਨ ਕੋਠੀ ਦੇ ਹਾਤੇ ਵਿਚ ਕ੍ਰਿਕਟ ਵੀ ਲਗਦੀ ਸੀ। ਬੈਟਸਮੈਨ ਦਾ ਜਿਹੜਾ ਟੁੱਲਾ ਗੇਂਦ ਨੂੰ ਉਛਾਲ ਕੇ ਮੇਰੇ ਤੰਬੂ ਉਤੇ ਲਿਆ ਸੁੱਟੇ, ਛੱਕਾ ਗਿਣਿਆਂ ਜਾਂਦਾ ਸੀ; ਤੇ ਹਰ ਛੱਕੇ ਪਿਛੋਂ ਘੱਟੇ ਦੀ ਮੋਟੀ ਤਹਿ ਤੰਬੂ ਦੇ ਅੰਦਰ ਪਏ ਸਾਮਾਨ ਉਪਰ ਜੰਮ ਜਾਂਦੀ ਸੀ, ਪਰ ਨਰਾਜ਼ ਹੋਣ ਦੀ ਥਾਂ ਮੈਂ ਆਪ ਇਹਨੂੰ ਖੇਡ ਦਾ ਕਰਾਮਾਤੀ ਅੰਗ ਸਮਝਦਾ ਸਾਂ।
ਕੋਠੀ ਦੇ ਦੋਵੇਂ ਫਾਟਕ ਦਿਨੇ ਰਾਤੀਂ ਖੁੱਲ੍ਹੇ ਰਹਿੰਦੇ ਸਨ ਤੇ ਮੇਰਾ ਤੰਬੂ ਇਕ ਦੇ ਬਿਲਕੁਲ ਨੇੜੇ ਸੀ। ਇਸੇ ਕਾਰਨ ਮਨ ਦੀ ਕਿਸੇ ਹੇਠਲੀ ਤਹਿ ਵਿਚ ਚੋਰ-ਚਕਾਰ ਦਾ ਖਤਰਾ ਬਣਿਆ ਰਹਿੰਦਾ ਸੀ। ਇਕ ਰਾਤ ਟਾਮਸ ਹਾਰਡੀ ਦਾ ਦੁਖਾਂਤ ਨਾਵਲ ‘ਟੈੱਸ’ ਪੜ੍ਹਦਾ-ਪੜ੍ਹਦਾ ਦੇਰ ਨਾਲ ਸੁੱਤਾ। ਨੀਂਦਰ ਵੀ ਚੰਦਰੀ ਜਿਹੀ ਆਈ। ਘੜੀ-ਮੁੜੀ ਮਾੜਾ ਸੁਪਨਾ ਆਉਂਦਾ ਤੇ ਅੱਖ ਖੁੱਲ੍ਹ ਜਾਂਦੀ। ਇਕ ਵਾਰੀ ਜਾਗੋਮੀਟੋ ਦੀ ਹਾਲਤ ਵਿਚ ਇੰਝ ਦਿਸਿਆ ਜਿਵੇਂ ਤੰਬੂ ਵਿਚ ਚੋਰ ਵੜ ਆਇਆ ਹੈ ਅਤੇ ਇਧਰ-ਉਧਰ ਟੁਰਦਾ ਕੋਈ ਚੀਜ਼ ਢੂੰਡ ਰਿਹਾ ਹੈ। ਪਹਿਲਾਂ ਤਾਂ ਮੈਂ ਡਰ ਨਾਲ ਸਹਿਮ ਗਿਆ, ਫਿਰ ਅੱਭੜਵਾਹੇ ਅੰਗਰੇਜ਼ਾਂ ਵਾਲੀ ‘ਵਾਜ ਬਣਾ ਕੇ ਚੀਕਣਾ ਸ਼ੁਰੂ ਕਰ ਦਿੱਤਾ- “ਕੋਨ ਹਾਏ, ਯੂ ਬਲੱਡੀ ਡੈਮ-ਫੂਲ, ਕਾਲਾ ਆਡਮੀ, ਚਲਾ ਜਾਓ ਏਕਡਮ, ਨਹੀਂ ਟੋ ਹਮ ਗੋਲੀ ਮਾਰ ਡੇਗਾ।”
ਇਸ ਧੌਂਸ ਦਾ ਕੋਈ ਅਸਰ ਨਾ ਹੋਇਆ। ਚੋਰ ਉਸੇ ਤਰ੍ਹਾਂ ਨਿਧੜਕ ਟੁਰ-ਫਿਰ ਰਿਹਾ ਸੀ। ਹੁਣ ਮੈਥੋਂ ਵੱਡੀ ਗਲਤੀ ਹੋ ਗਈ। ਮੈਂ ਮੱਛਰਦਾਨੀ ਦੇ ਅੰਦਰਵਾਰ ਲੱਗੇ ਬਿਜਲੀ ਦੇ ਲੰਪ ਦਾ ਬਟਨ ਦਬਾ ਦਿੱਤਾ ਜਿਸ ਕਾਰਨ ਬਾਹਰ ਦਾ ਕੁਝ ਦਿਸਣ ਦੀ ਥਾਂ ਕੇਵਲ ਮੱਛਰਦਾਨੀ ਦੇ ਅੰਦਰਵਾਰ ਜਗਮਗ ਹੋ ਗਈ। ਹੁਣ ਤਾਂ ਮੈਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ। ਝੱਟ ਬੱਤੀ ਬੁਝਾ ਕੇ ਤੰਬੂ ਦੀ ਕੰਧ ਵਾਲੇ ਪਾਸਿਉਂ ਖਿਸਕ ਕੇ ਮੰਜੇ ਹੇਠਾਂ ਲੁਕਣ ਦੀ ਕੀਤੀ। ਨੰਗ-ਧੜੰਗ ਸਾਂ। ਫਰਸ਼ ‘ਤੇ ਪਿਆ ਆਖਰਾਂ ਦੀ ਸਰਦੀ ਵਿਚ ਖੌਰੇ ਕਿਤਨੀ ਦੇਰ ਠਰਦਾ ਰਿਹਾ, ਪਰ ਦੁਸ਼ਮਣ ਦਾ ਹਮਲਾ ਕੋਈ ਨਾ ਹੋਇਆ, ਤੇ ਹੌਲੀ-ਹੌਲੀ ਮੇਰੀ ਹੋਸ਼ ਵੀ ਟਿਕਾਣੇ ਆ ਗਈ। ਮਲੂਮ ਹੋਇਆ ਕਿ ਬਾਹਰ ਸੜਕ ਉਤੇ ਲੱਗੇ ਬਿਜਲੀ ਦੇ ਖੰਭੇ ਦੀ ਰੌਸ਼ਨੀ ਤੰਬੂ ਕੇ ਦਰਵਾਜ਼ਿਆਂ ਉਪਰ ਲਟਕਦੀਆਂ, ਤੇ ਹਵਾ ਨਾਲ ਹਿਲਦੀਆਂ ਚਿਕਾਂ ਵਿਚੋਂ ਛਣ ਕੇ ਦੋ ਲੱਤਾਂ ਦੇ ਟੁਰਨ ਦਾ ਵਹਿਮ ਪੈਦਾ ਕਰ ਰਹੀ ਸੀ। ਇਤਨੀ ਦੇਰ ਵਿਚ ਹਾਲ-ਪਾਹਰਿਆ ਸੁਣ ਕੇ ਘਰ ਦੇ ਬੰਦੇ ਨੱਠ ਕੇ ਆ ਗਏ, ਤੇ ਮੈਨੂੰ ਬੜਾ ਹੀ ਸ਼ਰਮਸ਼ਾਰ ਹੋਣਾ ਪਿਆ।
ਅੱਜ ਉਸ ਘਟਨਾ ਨੂੰ ਯਾਦ ਕਰ ਕੇ ਫਿਰ ਸ਼ਰਮਸਾਰ ਹੋ ਰਿਹਾ ਸਾਂ। ਆਪਣੇ ਕਿਸੇ ਹਮਵਤਨ ਨੂੰ ਡਰਾਉਣ ਲਈ-ਭਾਵੇਂ ਉਹ ਚੋਰ ਵੀ ਹੋਵੇ, ਫਰੰਗੀਆਂ ਵਾਂਗ ਭੌਂਕਣਾ ਕਿਤਨੀ ਘਿਨਾਉਣੀ ਮਨੋਬਿਰਤੀ ਦਾ ਸੂਚਕ ਸੀ।
ਚੌਕ ‘ਤੇ ਪੁੱਜ ਕੇ ਸਮਝ ਨਾ ਆਇਆ ਕਿ ਅੱਗਿਉਂ ਕੀ ਕਰਾਂ। ਵਕਤ ਟਪਾਉਣ ਲਈ ਵਿਦੇਸ਼ੀ ਸੈਲਾਨੀਆਂ ਵਾਂਗ ਚਬੁਰਜੀ ਨੂੰ ਅੰਦਰੋਂ-ਬਾਹਰੋਂ ਗੌਰ ਨਾਲ ਵੇਖਣ ਲੱਗਾ, ਹਾਲਾਂਕਿ ਵੇਖਣ ਵਾਲੀ ਕੋਈ ਖਾਸ ਚੀਜ਼ ਉਥੇ ਨਹੀਂ ਸੀ। ਫਿਰ ਇਕ ਟਾਂਗੇ ਵਾਲੇ ਨੂੰ ‘ਮੁਜ਼ੰਗ ਮੁਜ਼ੰਗ’ ਪੁਕਾਰਦਿਆਂ ਸੁਣ ਕੇ ਉਹਦੇ ਟਾਂਗੇ ‘ਤੇ ਜਾ ਚੜ੍ਹਿਆ। ਧੁੱਪਾਂ ਜ਼ੋਰ ਦੀਆਂ ਚੜ੍ਹ ਆਈਆਂ ਸਨ, ਆਵਾਜਾਈ ਚੋਖੀ ਵਧ ਗਈ ਸੀ। ਇਕ ਬਸ ਸਟਾਪ ਉਤੇ ਕਾਲੇ ਬੁਰਕੇ ਪਾਈ ਖਲੋਤੀਆਂ ਕਾਲਜੀਏਟ ਕੁੜੀਆਂ ਦਾ ਪੰਛੀਆਂ ਵਰਗਾ ਵੱਡਾ ਸਾਰਾ ਝੁਰਮਟ ਸੀ। ਅਜਿਹੇ ਝੁਰਮਟ ਕੱਲ੍ਹ ਵੀ ਮੈਂ ਕਈ ਥਾਂ ਵੇਖੇ ਸਨ। ਮੰਨਿਆਂ ਬੁਰਕਾਪੋਸ਼ੀ ਪਿਛਾਂਹ-ਖਿਚੂ ਚੀਜ਼ ਸਹੀ, ਪਰ ਕੁੜੀਆਂ ਲਈ ਤਾਲੀਮ ਤਾਂ ਉਤਨੀ ਹੀ ਆਮ ਹੋ ਗਈ ਜਾਪਦੀ ਹੈ ਜਿਤਨੀ ਹੋਰ ਕਿਸੇ ਦੇਸ਼ ਵਿਚ। ਨਾਲੇ ਇਹ ਬੁਰਕਾ ਪੁਰਾਣੇ ਜ਼ਮਾਨੇ ਦੇ ਤੰਬੂ-ਨੁਮਾ ਬੁਰਕਿਆਂ ਵਰਗਾ ਨਹੀਂ। ਇਹ ਹੁਸਨ ਨੂੰ ਲਕਾਉਂਦਾ ਹੈ ਜਾਂ ਹੋਰ ਵੀ ਨਿਖਾਰਦਾ ਹੈ- ਵਿਚਾਰਨ ਵਾਲੀ ਗੱਲ ਹੈ। ਬਸਾਂ, ਮੋਟਰਾਂ, ਟੈਕਸੀਆਂ ਮੁਲਤਾਨ ਰੋਡ ਉਤੇ ਦੂਰ-ਦੂਰ ਜਾਂਦੀਆਂ ਦਿਸ ਰਹੀਆਂ ਸਨ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਪਾਸੇ ਸ਼ਹਿਰ ਦੀ ਆਬਾਦੀ ਬਹੁਤ ਵਧ ਗਈ ਹੈ।
ਟਾਂਗੇ ਵਾਲਾ ਕਿਹੜੀ-ਕਿਹੜੀ ਸੜਕ ਤੋਂ ਲੰਘ ਕੇ ਮੁਜ਼ੰਗ ਜਾਏਗਾ, ਇਹ ਨਕਸ਼ਾ ਯਾਦ ਵਿਚ ਨਹੀਂ ਸੀ ਆ ਰਿਹਾ, ਪਰ ਮੈਨੂੰ ਜਾਪਿਆ ਕਿ ਇਧਰੋਂ ਇਕ ਸੜਕ ਬਾਹਰਵਾਰ ਲਾਰੰਸ ਗਾਰਡਨ ਨੂੰ ਵੀ ਜਾਂਦੀ ਸੀ। ਮਨੁੱਖ ਦਾ ਜੀਵਨ ਦਰਅਸਲ ਜੀਵਨ ਨਹੀਂ, ਉਹ ਪੜਾਅ-ਪੜਾਅ ‘ਤੇ ਸੰਪੂਰਨ ਕੀਤੇ ਅਨੇਕ ਜੀਵਨਾਂ ਦਾ ਸਮੂਹ ਹੈ ਅਤੇ ਮੈਂ ਆਪਣੇ ਅਜਿਹੇ ਜੀਵਨ ਦਾ ਇਸ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਭੋਗ ਪਾਇਆ ਸੀ...
ਇਹੋ ਜਿਹੀ ਹੀ ਕੋਈ ਸਵੇਰ ਸੀ। ਮੈਂ ਤੇ ਮੇਰੀ ਪ੍ਰੀਤਮਾ ਆਪੋ-ਆਪਣੇ ਘਰੋਂ ਸੈਰ ਦਾ ਬਹਾਨਾ ਕਰ ਕੇ ਨਿਕਲੇ ਹੋਏ, ਭਟਕਦੇ ਭਟਕਦੇ, ਉਸ ਸੜਕ ‘ਤੇ ਆ ਗਏ ਸਾਂ। ਹੱਥ ਵਿਚ ਹੱਥ ਨਹੀਂ ਸਨ ਪਾਏ ਉਸ ਦਿਨ, ਮੂੰਹਾਂ ਦੇ ਸੋਕੇ ਤੇ ਕੁੜਿੱਤਣਾਂ ਕਾਰਨ ਗੱਲ ਕਰਨਾ ਵੀ ਔਖਾ ਔਖਾ ਮਹਿਸੂਸ ਹੁੰਦਾ ਸੀ। ਮੈਂ ਉਸ ਅੱਗੇ ਤਜਵੀਜ਼ ਰੱਖੀ ਸੀ, ਕਿਧਰੇ ਨੱਠ ਜਾਣ ਦੀ ਵਿਉਂਤ ਬਣਾਈਏ। ਉਸ ਜੁਆਬ ਦਿਤਾ ਸੀ, “ਵਿਉਂਤਾਂ ਬਣਾਉਣ ਦੀ ਲੋੜ ਨਹੀਂ, ਜੇ ਨੱਠਣਾ ਹੈ ਤਾਂ ਇਸੇ ਵੇਲੇ ਨੱਠ ਚਲੋ। ਇਕ ਵਾਰੀ ਘਰ ਪਰਤ ਕੇ ਮੇਰੇ ਕੋਲੋਂ ਫਿਰ ਨਹੀਂ ਕਿਧਰੇ ਜਾਇਆ ਜਾਣਾ।” ਪਰ ਮੈਨੂੰ ਬਿਨਾਂ ਤਿਆਰੀ ਨੱਠਣਾ ਅਸੰਭਵ ਦਿਸਦਾ ਸੀ। ਤੇ ਉਹ ਪੁੱਛਦੀ ਸੀ, “ਕੀ ਤਿਆਰੀ? ਕਿਸ ਕਿਸਮ ਦੀ ਤਿਆਰੀ?”
ਅੱਜ ਪੰਝੀ ਵਰ੍ਹਿਆਂ ਬਾਅਦ ਪਿਛੇ ਮੁੜ ਕੇ ਵੇਖਦਿਆਂ ਮੈਨੂੰ ਆਪਣੀ ਮੂਰਖਤਾ ਅਤੇ ਉਸ ਦੀ ਸਿਆਣਪ ਉਤੇ ਹੈਰਾਨ ਹੋਣਾ ਪੈ ਰਿਹਾ ਹੈ।
ਉਹ ਬਾਲੜੀ ਜਿਨ੍ਹੇ ਮੇਰੀ ਐਮ.ਏ. ਦੀ ਡਿਗਰੀ ਦੇ ਮੁਕਾਬਲੇ ਵਿਚ ਮਸਾਂ ਮੈਟ੍ਰਿਕ ਪਾਸ ਕੀਤਾ ਸੀ, ਖੌਰੇ ਕਿਵੇਂ ਜਾਣ ਗਈ ਸੀ ਕਿ ਜਿਥੇ ਜਾਨ ਦੀ ਬਾਜ਼ੀ ਲਾਉਣੀ ਹੋਵੇ, ਉਥੇ ਵਿਉਂਤਾਂ ਬਣਾਉਣ ਤੇ ਆਸਰੇ ਢੂੰਡਣ ਦੀ ਜ਼ਰੂਰਤ ਨਹੀਂ ਰਹਿੰਦੀ। ਸਾਡੇ ਪ੍ਰੇਮ ਦੇ ਸੁਪਨ-ਮਹਿਲ ਤੋਂ ਬਾਹਰ ਚਵ੍ਹੀਂ ਪਾਸੇ ਹਨੇਰਾ ਹੀ ਹਨੇਰਾ ਸੀ। ਜੀਵਨ ਦਾ ਨਾ ਮੈਨੂੰ ਕੋਈ ਤਜਰਬਾ ਸੀ, ਨਾ ਉਹਨੂੰ; ਫਿਰ ਵੀ ਹਨੇਰੇ ਵਿਚ ਛਾਲ ਮਾਰਨ ਦਾ ਉਹਨੂੰ ਡਰ ਨਹੀਂ ਸੀ, ਤੇ ਮੈਂ ਝਿਜਕ ਰਿਹਾ ਸਾਂ। ਸ਼ਾਇਦ ਉਹ ਜਾਣ ਗਈ ਸੀ ਕਿ ਵਿਉਂਤਾਂ ਬਣਾਉਣ ਦੀਆਂ ਗੱਲਾਂ ਕਰ ਕੇ ਦਰਅਸਲ ਮੈਂ ਆਪਣੀ ਕਾਇਰਤਾ ਲੁਕਾ ਰਿਹਾ ਸਾਂ। ਬੜੀ ਭਿਆਨਕ ਹਾਲਤ ਸੀ ਸਾਡੀ, ਤੇ ਉਸੇ ਅਨੁਕੂਲ ਉਹ ਸੜਕ ਵੀ ਬੜੀ ਭਿਆਨਕ ਸੀ, ਜਿਵੇਂ ਸੈਨਤਾਂ ਨਾਲ ਹੋਣੀ ਦੇ ਝਾਉਲੇ ਵਿਖਾ ਰਹੀ ਹੋਵੇ! ਹਰ ਪਾਸੇ ਕਬਰਿਸਤਾਨ, ਖਨਗਾਹਾਂ ਦੇ ਖੰਡਰ, ਨਹਿਸ਼ ਦਰਖਤਾਂ ਉਪਰ ਬੈਠੀਆਂ ਗਿੱਧਾਂ ਦੀਆਂ ਕਤਾਰਾਂ, ਸੂਲਾਂ ਵਾਂਗ ਤਿੱਖੀਆਂ ਤੇ ਮੋਏ ਪਸ਼ੂਆਂ ਦੇ ਜਬਾੜਿਆਂ ਵਾਂਗ ਲਿਸ਼ਕਦੀਆਂ ਕਿੱਕਰ ਦੀਆਂ ਕੰਡਿਆਲੀਆਂ ਵਾੜਾਂ।
ਮੈਂ ਵੇਖਿਆ, ਟਾਂਗੇ ਵਾਲਾ ਉਸੇ ਸੜਕ ਉਤੇ ਪੈ ਗਿਆ ਹੈ। ਮੈਂ ਤੌਖਲੇ ਨਾਲ ਉਹਨੂੰ ਰੋਕਿਆ- “ਨਹੀਂ ਭਾਈਆ, ਇਸ ਸੜਕੋਂ ਨਹੀਂ, ਕਿਸੇ ਹੋ ਪਾਸਿਉਂ ਚੱਲ।”
“ਜੀ ਅਹੁ, ਅਗਾਂਹ ਅਸੀਂ ਖੱਬੇ ਨੂੰ ਭੌਂ ਜਾਣਾਂ, ਇਸ ਸੜਕ ਨੂੰ ਕੀ ਕਰਨੈਂ ਅਸੀਂ?”
ਉਸੇ ਤਰ੍ਹਾਂ ਵੀਰਾਨ ਪਈ ਸੀ ਉਹ ਸੜਕ, ਜ਼ਰਾ ਵੀ ਨਹੀਂ ਸੀ ਬਦਲੀ। ਹਾਂ, ਪਰ ਕਬਰਿਸਤਾਨਾਂ ਵਿਚ ਮੇਰੇ ਜੀਵਨ ਦੀ ਕਬਰ ਦਾ ਵਾਧਾ ਜ਼ਰੂਰ ਸੀ।

('ਮੇਰਾ ਪਾਕਿਸਤਾਨੀ ਸਫ਼ਰਨਾਮਾ' ਵਿੱਚੋਂ)


ਪੰਜਾਬੀ ਕਹਾਣੀਆਂ (ਮੁੱਖ ਪੰਨਾ)