Punjabi Stories/Kahanian
ਮੁਨਸ਼ੀ ਪ੍ਰੇਮਚੰਦ
Munshi Premchand

Punjabi Kavita
  

Laila Munshi Premchand

ਲੈਲਾ ਮੁਨਸ਼ੀ ਪ੍ਰੇਮਚੰਦ

ਇਹ ਕੋਈ ਨਹੀਂ ਜਾਣਦਾ ਸੀ ਕਿ ਲੈਲਾ ਕੌਣ ਹੈ, ਕਿੱਥੋਂ ਆਈ ਹੈ ਅਤੇ ਕੀ ਕਰਦੀ ਹੈ। ਇੱਕ ਦਿਨ ਲੋਕਾਂ ਨੇ ਇੱਕ ਬੇਜੋੜ ਹੁਸੀਨਾ ਨੂੰ ਤਹਿਰਾਨ ਦੇ ਚੌਂਕ ਵਿੱਚ ਆਪਣੀ ਡੱਫ 'ਤੇ ਹਾਫ਼ਿਜ਼ ਦੀ ਗ਼ਜ਼ਲ ਝੂਮ-ਝੂਮ ਕੇ ਗਾਉਂਦੇ ਸੁਣਿਆ ਤੇ ਸਾਰਾ ਤਹਿਰਾਨ ਉਸ 'ਤੇ ਫ਼ਿਦਾ ਹੋ ਗਿਆ, ਇਹੀ ਲੈਲਾ ਸੀ।
ਲੈਲਾ ਦੇ ਰੰਗ-ਰੂਪ ਦੀ ਕਲਪਨਾ ਕਰਨੀ ਹੋਵੇ ਤਾਂ ਪਹੁ-ਫੁਟਾਲ਼ੇ ਦੀ ਪ੍ਰਫੁੱਲ ਲਾਲੀ ਦੀ ਕਲਪਨਾ ਕਰ ਲਉ, ਜਦ ਨੀਲਾ ਅਸਮਾਨ ਸੁਨਹਿਰੀ ਪ੍ਰਕਾਸ਼ ਨਾਲ ਨਹਾ ਜਾਂਦਾ ਹੈ। ਬਹਾਰ ਦੀ ਕਲਪਣਾ ਕਰ ਲਉ, ਜਦ ਬਾਗ਼ 'ਚ ਰੰਗ-ਬਿਰੰਗੇ ਫੁੱਲ ਖਿੜ ਉੱਠਦੇ ਨੇ ਤੇ ਬੁਲਬੁਲਾਂ ਗਾਉਂਦੀਆਂ ਹਨ।
ਲੈਲਾ ਦੀ ਗਾਉਣ-ਕਲਾ ਦੀ ਕਲਪਨਾ ਕਰਨੀ ਹੋਵੇ ਤਾਂ ਉਸ ਘੰਟੀ ਦੀ ਨਿਰੰਤਰ ਧੁਨੀ ਦੀ ਕਲਪਨਾ ਕਰ ਲਉ ਜੋ ਰਾਤ ਦੀ ਤਨਹਾਈ 'ਚ ਊਠਾਂ ਦੀਆਂ ਗਰਦਨਾਂ 'ਤੋਂ ਵੱਜਦੀ ਹੋਈ ਸੁਣਾਈ ਦਿੰਦੀ ਹੈ, ਜਾਂ ਉਸ ਬੰਸਰੀ ਦੀ ਆਵਾਜ਼ ਜੋ ਸਿਖਰ ਦੁਪਹਿਰੇ ਦੀ ਅਲਸਾਈ ਸ਼ਾਂਤੀ ਵਿੱਚ ਕਿਸੇ ਰੁੱਖ ਦੀ ਛਾਂ ਹੇਠ ਲੇਟੇ ਕਿਸੇ ਆਜੜੀ ਦੇ ਮੂੰਹੋਂ ਨਿੱਕਲਦੀ ਹੈ।
ਜਿਸ ਵਕਤ ਲੈਲਾ ਮਸਤ ਹੋ ਕੇ ਗਾਉਂਦੀ ਸੀ, ਉਸਦੇ ਮੱਥੇ 'ਤੇ ਇੱਕ ਅਗੰਮੀ ਨੂਰ ਝਲਕਣ ਲਗ ਪੈਂਦਾ ਸੀ। ਉਹ ਕਾਵਿ, ਸੰਗੀਤ, ਸੌਰਭ ਅਤੇ ਸੁਸ਼ਮਾ ਦਾ ਇੱਕ ਮਨਮੋਹਕ ਮੁਜੱਸਮਾ ਸੀ, ਜਿਸਦੇ ਸਾਹਮਣੇ ਛੋਟੇ ਅਤੇ ਵੱਡੇ, ਅਮੀਰ ਅਤੇ ਗ਼ਰੀਬ ਸਭਨਾਂ ਦੇ ਸਿਰ ਝੁਕ ਜਾਂਦੇ ਸਨ, ਸਭ ਮੰਤਰ-ਮੁਗਧ ਹੋ ਜਾਂਦੇ ਸਨ, ਸਭ ਖੀਵੇ ਹੋ ਜਾਂਦੇ ਸਨ।
ਉਹ, ਉਸ ਆਉਣ ਵਾਲੇ ਸਮੇਂ ਦਾ ਸੰਦੇਸ਼ ਸੁਣਾਉਂਦੀ ਸੀ, ਜਦੋਂ ਦੇਸ਼ ਵਿੱਚ ਸੰਤੋਖ ਅਤੇ ਪ੍ਰੇਮ ਦਾ ਸਾਮਰਾਜ ਹੋਵੇਗਾ, ਜਦ ਆਪਸੀ ਕਲੇਸ਼ ਅਤੇ ਸੰਗ੍ਰਾਮ ਦਾ ਅੰਤ ਹੋ ਜਾਏਗਾ, ਉਹ ਰਾਜੇ ਨੂੰ ਜਗਾਉਂਦੀ ਤੇ ਕਹਿੰਦੀ ਇਹ ਵਿਲਾਸਤਾ ਕਦੋਂ ਤੱਕ, ਧਨ-ਦੌਲਤ ਦਾ ਭੋਗ ਆਖ਼ਿਰ ਕਦੋਂ ਤੱਕ? ਉਹ ਪਰਜਾ ਦੀਆਂ ਸੁੱਤੀਆਂ ਹੋਈਆਂ ਇੱਛਾਵਾਂ ਨੂੰ ਜਗਾਉਂਦੀ, ਉਹਨਾਂ ਦੇ ਦਿਲ ਦੀਆਂ ਤਾਰਾਂ ਨੂੰ ਆਪਣੀਆਂ ਸੁਰਾਂ ਨਾਲ ਝੰਜੋੜ ਦਿੰਦੀ। ਉਹ ਉਹਨਾਂ ਅਮਰ ਯੋਧਿਆਂ ਦੇ ਸੋਹਲੇ ਗਾਉਂਦੀ ਜੋ ਦੀਨ ਹੀਨਾਂ ਦੀ ਪੁਕਾਰ ਸੁਣ ਕੇ ਬਿਹਬਲ ਹੋ ਉੱਠਦੇ ਸਨ, ਉਹਨਾਂ ਸੁੱਘੜ-ਸਿਆਣੀਆਂ ਦੀ ਮਹਿਮਾ ਗਾਉਂਦੀ ਜੋ ਮਾਣ-ਮਰਿਆਦਾ ਉੱਪਰ ਮਰ ਮਿਟੀਆਂ ਸਨ, ਉਸਦੀ ਅਨੁਰਾਗੀ ਸੁਰ ਸੁਣਕੇ ਲੋਕ ਦਿਲ ਫੜ ਕੇ ਬਹਿ ਜਾਂਦੇ ਸਨ, ਤੜਫ਼ ਉੱਠਦੇ ਸਨ।
ਸਾਰਾ ਤਹਿਰਾਨ ਲੈਲਾ 'ਤੇ ਫ਼ਿਦਾ ਸੀ, ਦਲਿਤਾਂ ਲਈ ਉਹ ਆਸ਼ਾ ਦਾ ਦੀਪਕ ਸੀ, ਰਸੀਆਂ ਲਈ ਜੰਨਤ ਦੀ ਹੂਰ, ਧਨਾਢਾਂ ਲਈ ਆਤਮਾ ਦੀ ਜਾਗ੍ਰਿਤੀ ਅਤੇ ਸੱਤਾਵਾਦੀਆਂ ਲਈ ਦਿਆ ਅਤੇ ਧਰਮ ਦਾ ਸੰਦੇਸ਼, ਉਸਦੀ ਅੱਖ ਦੇ ਇਸ਼ਾਰੇ 'ਤੇ ਜਨਤਾ ਅੱਗ ਵਿੱਚ ਛਾਲ ਮਾਰ ਸਕਦੀ ਸੀ, ਜਿਵੇਂ ਚੇਤੰਨ ਜੜ ਨੂੰ ਆਕਰਸ਼ਿਤ ਕਰ ਦਿੰਦਾ ਹੈ, ਉਸੇ ਪ੍ਰਕਾਰ ਲੈਲਾ ਨੇ ਜਨਤਾ ਨੂੰ ਆਕਰਸ਼ਿਤ ਕਰ ਲਿਆ ਸੀ।
ਅਤੇ ਇਹ ਬੇਜੋੜ ਹੁਸਨ ਅੰਮ੍ਰਿਤ ਜਿਹਾ ਪਵਿੱਤਰ, ਬਰਫ਼ ਜਿਹਾ ਨਿਹਕਲੰਕੀ ਅਤੇ ਨਵਖਿੜੇ ਫੁੱਲ ਜਿਹਾ ਮਾਸੂਮ ਸੀ। ਉਸਦੇ ਇੱਕ ਪ੍ਰੇਮ ਕਟਾਖ, ਇੱਕ ਪ੍ਰੇਮ ਭਰੀ ਮੁਸਕਾਨ, ਇੱਕ ਰਸੀਲੀ ਅਦਾ ਉੱਪਰ ਕੀ ਨਹੀਂ ਹੋ ਜਾਂਦਾ- ਕੰਚਨ ਦੇ ਪਹਾੜ ਖੜ੍ਹੇ ਹੋ ਜਾਂਦੇ, ਸੰਪਦਾ ਮੱਥਾ ਟੇਕਦੀ, ਰਿਆਸਤਾਂ ਪੈਰਾਂ ਦੀ ਧੂੜ ਚੱਟਦੀਆਂ, ਕਵੀ ਕੱਟ ਜਾਂਦੇ, ਵਿਦਵਾਨ ਗੋਡੇ ਟੇਕ ਦਿੰਦੇ, ਪਰ ਲੈਲਾ ਕਿਸੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦੀ ਸੀ। ਉਹ ਇੱਕ ਰੁੱਖ ਦੀ ਛਾਂ ਹੇਠ ਰਹਿੰਦੀ, ਭਿਖਿਆ ਮੰਗ ਕੇ ਖਾਂਦੀ ਅਤੇ ਆਪਣੇ ਹਿਰਦੇ ਦੀ ਵੀਣਾ ਦੇ ਰਾਗ ਅਲਾਪਦੀ ਸੀ। ਉਹ ਕਵੀ ਦੀ ਸੁਰਤੀ ਵਾਂਗੂੰ ਕੇਵਲ ਆਨੰਦ ਅਤੇ ਪ੍ਰਕਾਸ਼ ਦੀ ਵਸਤੂ ਸੀ, ਭੋਗ ਦੀ ਨਹੀਂ, ਉਹ ਰਿਸ਼ੀਆਂ ਦੇ ਆਸ਼ੀਰਵਾਦ ਦੀ ਮੂਰਤੀ ਸੀ, ਕਲਿਆਣ ਵਿੱਚ ਡੁੱਬੀ ਹੋਈ, ਸ਼ਾਂਤੀ ਵਿੱਚ ਰੰਗੀ ਹੋਈ। ਉਹਨੂੰ ਕੋਈ ਛੂਹ ਨਹੀਂ ਸਕਦਾ ਸੀ, ਖ਼ਰੀਦ ਨਹੀਂ ਸਕਦਾ ਸੀ।
ਇੱਕ ਦਿਨ ਸ਼ਾਮ ਵੇਲੇ ਤਹਿਰਾਨ ਦਾ ਸਹਿਜ਼ਾਦਾ ਨਾਦਿਰ ਘੋੜੇ 'ਤੇ ਸਵਾਰ ਹੋ ਉਧਰੋਂ ਨਿੱਕਲਿਆ।ਲੈਲਾ ਗਾ ਰਹੀ ਸੀ। ਨਾਦਿਰ ਨੇ ਘੋੜੇ ਦੀਆਂ ਵਾਗਾਂ ਖਿੱਚ੍ਹ ਲਈਆਂ ਅਤੇ ਦੇਰ ਤੱਕ ਆਪਣਾ ਆਪ ਭੁਲਾ ਕੇ ਖੜ੍ਹਾ ਸੁਣਦਾ ਰਿਹਾ।
ਫਿਰ ਉਹ ਘੋੜੇ 'ਤੋਂ ਉੱਤਰ ਕੇ ਉਥੇ ਹੀ ਜ਼ਮੀਨ 'ਤੇ ਬੈਠ ਗਿਆ ਅਤੇ ਸਿਰ ਝੁਕਾ ਕੇ ਰੋਂਦਾ ਰਿਹਾ। ਫਿਰ ਉਹ ਉੱਠਿਆ ਅਤੇ ਲੈਲਾ ਦੇ ਕਰੀਬ ਜਾ ਕੇ ਉੇਸਦੇ ਕਦਮਾਂ 'ਤੇ ਸਿਰ ਧਰ ਦਿੱਤਾ। ਲੋਕ ਅਦਬ ਨਾਲ ਇਧਰ-ਉਧਰ ਹਟ ਗਏ।
ਲੈਲਾ ਨੇ ਪੁੱਛਿਆ- ''ਤੂੰ ਕੌਣ ਏਂ?''
ਨਾਦਿਰ- ''ਤੇਰਾ ਗ਼ੁਲਾਮ!''
ਲੈਲਾ- ''ਮੇਰੇ ਤੋਂ ਕੀ ਚਾਹੁੰਦਾ ਏਂ?''
ਨਾਦਿਰ- ''ਤੁਹਾਡੀ ਖ਼ਿਦਮਤ ਕਰਨ ਦਾ ਹੁਕਮ, ਮੇਰੇ ਝੌਂਪੜੇ ਨੂੰ ਆਪਣੇ ਕਦਮਾਂ ਨਾਲ ਰੌਸ਼ਨ ਕਰ ਦਿਓ।''
ਲੈਲਾ- ''ਇਹ ਮੇਰੀ ਆਦਤ ਨਹੀਂ।''
ਸ਼ਹਿਜ਼ਾਦਾ ਫਿਰ ਉਥੇ ਹੀ ਬੈਠ ਗਿਆ ਅਤੇ ਲੈਲਾ ਫਿਰ ਗਾਉਣ ਲੱਗ ਪਈ, ਪਰ ਗਲ਼ਾ ਥਰਥਰਾਉਣ ਲੱਗ ਪਿਆ ਜਿਵੇਂ ਵੀਣਾ ਦਾ ਕੋਈ ਤਾਰ ਟੁੱਟ ਗਿਆ ਹੋਵੇ। ਉਸਨੇ ਨਾਦਿਰ ਵੱਲ ਕਰੁਣਾਮਈ ਨਜ਼ਰਾਂ ਨਾਲ ਦੇਖ ਕੇ ਕਿਹਾ- ''ਤੂੰ ਐਥੇ ਨਾ ਬੈਠ।''
ਕਈ ਲੋਕਾਂ ਨੇ ਕਿਹਾ- ''ਲੈਲਾ, ਇਹ ਸਾਡੇ ਹਜ਼ੂਰ ਸ਼ਹਿਜ਼ਾਦਾ ਨਾਦਿਰ ਨੇ।''
ਲੈਲਾ ਬੇਪਰਵਾਹੀ ਨਾਲ ਬੋਲੀ-''ਬੜੀ ਖ਼ੁਸ਼ੀ ਦੀ ਗੱਲ ਹੈ,ਪਰ ਐਥੇ ਸ਼ਹਿਜ਼ਾਦਿਆਂ ਦਾ ਕੀ ਕੰਮ? ਉਹਨਾਂ ਲਈ ਮਹਿਲ ਨੇ, ਮਹਿਫ਼ਿਲਾਂ ਨੇ, ਸ਼ਰਾਬ ਦੇ ਦੌਰ ਨੇ। ਮੈਂ ਉਹਨਾਂ ਲਈ ਗਾਉਂਦੀ ਹਾਂ ਜਿਨ੍ਹਾ ਦੇ ਦਿਲ ਵਿੱਚ ਦਰਦ ਹੈ, ਉਹਨਾਂ ਲਈ ਨਹੀਂ ਜਿਨ੍ਹਾਂ ਦੇ ਦਿਲ ਵਿੱਚ ਸ਼ੌਂਕ ਏ।''
ਸ਼ਹਿਜ਼ਾਦੇ ਨੇ ਵਿਆਕੁਲ ਹੋ ਕੇ ਕਿਹਾ- ''ਲੈਲਾ! ਤੇਰੀ ਇੱਕ ਤਾਨ 'ਤੇ ਮੈਂ ਆਪਣਾ ਸਭ ਕੁਛ ਨਿਛਾਵਰ ਕਰ ਸਕਦਾ ਹਾਂ। ਮੈਂ ਸ਼ੌਂਕ ਦਾ ਗ਼ੁਲਾਮ ਸੀ, ਪਰ ਤੂੰ ਮੈਨੂੰ ਦਰਦ ਦਾ ਮਜ਼ਾ ਚਖਾ ਦਿੱਤਾ।''
ਲੈਲਾ ਫਿਰ ਗਾਉਣ ਲੱਗ ਪਈ, ਪਰ ਆਵਾਜ਼ ਕਾਬੂ ਦੇ ਵਿੱਚ ਨਹੀਂ ਸੀ, ਜਿਵੇਂ ਕਿ ਇਹ ਉਹਦਾ ਗਲ਼ਾ ਹੀ ਨਾ ਹੋਵੇ।
ਲੈਲਾ ਨੇ ਡੱਫ ਮੋਢੇ 'ਤੇ ਧਰ ਲਿਆ ਅਤੇ ਆਪਣੇ ਡੇਰੇ ਵੱਲ ਚਲੀ ਗਈ। ਸਰੋਤੇ ਆਪੋ ਆਪਣੇ ਘਰ ਚਲੇ ਗਏ। ਕੁਛ ਲੋਕ ਉਸਦੇ ਪਿੱਛੇ-ਪਿੱਛੇ ਉਸ ਰੁੱਖ ਤੱਕ ਆਏ, ਜਿੱਥੇ ਉਹ ਆਰਾਮ ਕਰਦੀ ਸੀ। ਜਦ ਉਹ ਆਪਣੀ ਝੋਂਪੜੀ ਦੇ ਬੂਹੇ 'ਤੇ ਪਹੁੰਚੀ, ਉਦੋਂ ਤੱਕ ਸਾਰੇ ਆਦਮੀ ਜਾ ਚੁੱਕੇ ਸਨ, ਸਿਰਫ਼ ਇੱਕ ਆਦਮੀ ਝੋਂਪੜੀ ਤੋਂ ਦੂਰ ਹੱਥ 'ਤੇ ਹੱਥ ਰੱਖੀ ਚੁੱਪ ਚਾਪ ਖੜ੍ਹਾ ਸੀ।
ਲੈਲਾ ਨੇ ਪੁੱਛਿਆ- ''ਤੂੰ ਕੌਣ ਏਂ?''
ਨਾਦਿਰ ਨੇ ਕਿਹਾ- ''ਤੇਰਾ ਗ਼ੁਲਾਮ ਨਾਦਿਰ।''
ਲੈਲਾ- ''ਤੈਨੂੰ ਪਤਾ ਨਹੀਂ ਕਿ ਮੈਂ ਆਪਣੇ ਅਮਨ ਦੇ ਗ਼ੋਸ਼ੇ ਵਿੱਚ ਕਿਸੇ ਨੂੰ ਆਉਣ ਨਹੀਂ ਦਿੰਦੀ?''
ਨਾਦਿਰ- ''ਇਹ ਤਾਂ ਦੇਖ ਹੀ ਰਿਹਾ ਹਾਂ।''
ਲੈਲਾ- ''ਫਿਰ ਐਥੇ ਕਿਉਂ ਬੈਠਾ ਏਂ?''
ਨਾਦਿਰ- ''ਉਮੀਦ ਦਾ ਪੱਲਾ ਫੜੀ ਬੈਠਾ ਹਾਂ।''
ਲੈਲਾ ਨੇ ਕੁਝ ਦੇਰ ਬਾਅਦ ਫਿਰ ਪੁੱਛਿਆ- ''ਕੁਛ ਖਾ ਕੇ ਆਇਆ ਏਂ?''
ਨਾਦਿਰ- ''ਹੁਣ ਤਾਂ ਨਾ ਭੁੱਖ ਹੈ ਨਾ ਪਿਆਸ।''
ਲੈਲਾ- ''ਆ ਜਾ, ਅੱਜ ਤੈਨੂੰ ਗ਼ਰੀਬਾਂ ਦੀ ਰੋਟੀ ਖੁਆਵਾਂ, ਇਸਦਾ ਸੁਆਦ ਵੀ ਚੱਖ ਲੈ।''
ਨਾਦਿਰ ਇਨਕਾਰ ਨਾ ਕਰ ਸਕਿਆ। ਅੱਜ ਬਾਜਰੇ ਦੀਆਂ ਰੋਟੀਆਂ ਵਿੱਚ ਵੀ ਉਸਨੂੰ ਅਭੂਤਪੂਰਵ ਸੁਆਦ ਮਿਲਿਆ।ਉਹ ਸੋਚ ਰਿਹਾ ਸੀ ਕਿ ਸੰਸਾਰ ਦੇ ਇਸ ਵਿਸ਼ਾਲ ਭਵਨ ਵਿੱਚ ਕਿੰਨਾ ਆਨੰਦ ਹੈ।ਉਸਨੂੰ ਆਪਣੀ ਆਤਮਾ ਵਿੱਚ ਵਿਕਾਸ ਦਾ ਅਨੁਭਵ ਹੋ ਰਿਹਾ ਸੀ।
ਜਦ ਉਹ ਖਾ ਚੁੱਕਿਆ ਤਾਂ ਲੈਲਾ ਨੇ ਕਿਹਾ- ''ਹੁਣ ਜਾਹ, ਅੱਧੀ ਤੋਂ ਜ਼ਿਆਦਾ ਰਾਤ ਗੁਜ਼ਰ ਗਈ।''
ਨਾਦਿਰ ਨੇ ਅੱਖਾਂ ਵਿੱਚ ਅੱਥਰੂ ਭਰ ਕੇ ਕਿਹਾ- ''ਨਹੀਂ ਲੈਲਾ, ਹੁਣ ਮੇਰਾ ਧੂਣਾ ਤਾਂ ਏਥੇ ਹੀ ਰਮੇਗਾ।''
ਨਾਦਿਰ ਦਿਨ ਭਰ ਲੈਲਾ ਦੇ ਨਗ਼ਮੇ ਸੁਣਦਾ, ਗਲ਼ੀਆਂ ਵਿੱਚ, ਸੜਕਾਂ 'ਤੇ, ਜਿਥੇ ਵੀ ਉਹ ਜਾਂਦੀ ਉਸਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ, ਅਤੇ ਰਾਤ ਨੂੰ ਉਸੇ ਰੁੱਖ ਹੇਠ ਪਿਆ ਰਹਿੰਦਾ। ਬਾਦਸ਼ਾਹ ਨੇ ਸਮਝਾਇਆ, ਮੱਲਿਕਾ ਨੇ ਸਮਝਾਇਆ, ਵਜ਼ੀਰਾਂ ਨੇ ਮਿੰਨਤਾਂ ਕੀਤੀਆਂ, ਪਰ ਨਾਦਿਰ ਦੇ ਸਿਰੋਂ ਲੈਲਾ ਦਾ ਭੂਤ ਨਾ ਉੱਤਰਿਆ। ਜਿਨ੍ਹੀਂ ਹਾਲੀਂ ਲੈਲਾ ਰਹਿੰਦੀ, ਉਨ੍ਹੀਂ ਹਾਲੀਂ ਉਹ ਵੀ ਰਹਿੰਦਾ। ਮੱਲਿਕਾ ਉਸ ਲਈ ਲਜ਼ੀਜ਼ ਤੋਂ ਲਜ਼ੀਜ਼ ਪਕਵਾਨ ਬਣਾ ਕੇ ਭੇਜਦੀ, ਪਰ ਨਾਦਿਰ ਉਨ੍ਹਾਂ ਵੱਲ ਦੇਖਦਾ ਵੀ ਨਹੀਂ ਸੀ।
ਪਰ ਲੈਲਾ ਦੇ ਸੰਗੀਤ ਵਿੱਚ ਹੁਣ ਪਹਿਲਾਂ ਵਾਲੀ ਖਿੱਚ੍ਹ ਨਹੀਂ ਰਹਿ ਗਈ ਸੀ।
ਉਸਦਾ ਸੰਗੀਤ ਹੁਣ ਟੁੱਟੀਆਂ ਹੋਈਆਂ ਤਾਰਾਂ ਦਾ ਰਾਗ਼ ਸੀ, ਜਿਸ ਵਿੱਚ ਨਾ ਉਹ ਲੋਚ ਸੀ, ਨਾ ਉਹ ਜਾਦੂ, ਤੇ ਨਾ ਹੀ ਉਹ ਅਸਰ।ਉਹ ਹੁਣ ਵੀ ਗਾਉਂਦੀ ਸੀ, ਸੁਣਨ ਵਾਲੇ ਹੁਣ ਵੀ ਆਉਂਦੇ ਸਨ, ਪਰ ਹੁਣ ਉਹ ਆਪਣਾ ਦਿਲ ਖ਼ੁਸ਼ ਕਰਨ ਲਈ ਨਹੀਂ ਸਗੋਂ ਉਹਨਾਂ ਦਾ ਦਿਲ ਖ਼ੁਸ਼ ਕਰਨ ਲਈ ਗਾਉਂਦੀ ਸੀ, ਅਤੇ ਸੁਣਨ ਵਾਲੇ ਵੀ ਬਿਹਬਲ ਹੋ ਕੇ ਨਹੀਂ, ਬਲਕਿ ਉਸਨੂੰ ਖ਼ੁਸ਼ ਕਰਨ ਲਈ ਆਉਂਦੇ ਸਨ।
ਇਸ ਤਰ੍ਹਾਂ ਛੇ ਮਹੀਨੇ ਗੁਜ਼ਰ ਗਏ।
ਇੱਕ ਦਿਨ ਲੈਲਾ ਗਾਉਣ ਨਾ ਗਈ, ਨਾਦਿਰ ਨੇ ਕਿਹਾ- ''ਕੀ ਗੱਲ ਲੈਲਾ, ਅੱਜ ਗਾਉਣ ਨਹੀਂ ਜਾਵੇਂਗੀ?''
ਲੈਲਾ ਨੇ ਕਿਹਾ- ''ਹੁਣ ਕਦੀ ਨਹੀਂ ਜਾਵਾਂਗੀ। ਸੱਚ ਦੱਸੀਂ, ਤੈਨੂੰ ਹੁਣ ਵੀ ਮੇਰੇ ਗਾਣੇ ਵਿੱਚ ਉਹ ਪਹਿਲਾਂ ਵਾਲਾ ਹੀ ਮਜ਼ਾ ਆਉਂਦਾ ਏ?''
ਨਾਦਿਰ ਬੋਲਿਆ- ''ਪਹਿਲਾਂ ਤੋਂ ਵੀ ਕਿਤੇ ਜ਼ਿਆਦਾ।''
ਲੈਲਾ- ''ਪਰ ਲੋਕ ਤਾਂ ਹੁਣ ਪਸੰਦ ਨਹੀਂ ਕਰਦੇ।''
ਨਾਦਿਰ- ''ਹਾਂ, ਮੈਨੂੰ ਇਸਦੀ ਹੈਰਾਨੀ ਹੈ।''
ਲੈਲਾ- ''ਹੈਰਾਨੀ ਦੀ ਗੱਲ ਨਹੀਂ, ਪਹਿਲਾਂ ਮੇਰਾ ਦਿਲ ਖੁੱਲ੍ਹਾ ਸੀ, ਉਸ ਵਿੱਚ ਸਭਨਾਂ ਲਈ ਜਗ੍ਹਾ ਸੀ, ਉਸਦੀ ਆਵਾਜ਼ ਸਭਨਾਂ ਦੇ ਦਿਲਾਂ ਤੱਕ ਪਹੁੰਚਦੀ ਸੀ, ਹੁਣ ਤੂੰ ਉਸਦਾ ਦਰਵਾਜ਼ਾ ਬੰਦ ਕਰ ਦਿੱਤਾ ਏ, ਹੁਣ ਉੱਥੇ ਸਿਰਫ਼ ਤੂੰ ਏਂ, ਇਸ ਲਈ ਇਸਦੀ ਆਵਾਜ਼ ਵੀ ਹੁਣ ਤੈਨੂੰ ਹੀ ਪਸੰਦ ਆਉਂਦੀ ਏ। ਇਹ ਦਿਲ ਹੁਣ ਤੇਰੇ ਸਿਵਾ ਕਿਸੇ ਹੋਰ ਦਾ ਨਹੀਂ ਰਿਹਾ। ਚੱਲ, ਅੱਜ ਤੱਕ ਤੂੰ ਮੇਰਾ ਗ਼ੁਲਾਮ ਸੀ, ਅੱਜ ਤੋਂ ਮੈਂ ਤੇਰੀ ਲੌਂਡੀ ਹੁੰਦੀ ਆਂ। ਚੱਲ ਮੈਂ ਤੇਰੇ ਪਿੱਛੇ-ਪਿੱਛੇ ਚੱਲਾਂਗੀ। ਅੱਜ ਤੋਂ ਤੂੰ ਮੇਰਾ ਮਾਲਿਕ ਏਂ। ਥੋੜ੍ਹੀ ਜਿਹੀ ਅੱਗ ਲੈ ਕੇ ਇਸ ਝੌਂਪੜੇ ਨੂੰ ਜਲਾ ਦੇ, ਇਸ ਡੱਫ ਨੂੰ ਵੀ ਉਸੇ ਵਿੱਚ ਹੀ ਜਲਾ ਦਿਆਂਗੀ।
ਤਹਿਰਾਨ ਦੇ ਘਰ-ਘਰ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਅੱਜ ਸ਼ਹਿਜ਼ਾਦਾ ਨਾਦਿਰ, ਲੈਲਾ ਨੂੰ ਵਿਆਹ ਕੇ ਲਿਆਇਆ ਸੀ। ਬਹੁਤ ਦਿਨਾਂ ਬਾਅਦ ਉਸਦੇ ਦਿਲ ਦੀ ਮੁਰਾਦ ਪੂਰੀ ਹੋਈ ਸੀ। ਸਾਰਾ ਤਹਿਰਾਨ ਸ਼ਹਿਜ਼ਾਦੇ 'ਤੇ ਜਾਨ ਦਿੰਦਾ ਸੀ ਅਤੇ ਉਸਦੀ ਖ਼ੁਸ਼ੀ ਵਿੱਚ ਸ਼ਰੀਕ ਸੀ। ਬਾਦਸ਼ਾਹ ਨੇ ਤਾਂ ਆਪਣੇ ਵੱਲੋਂ ਮੁਨਾਦੀ ਕਰਵਾ ਦਿੱਤੀ ਸੀ ਕਿ ਇਸ ਸ਼ੁਭ ਅਵਸਰ ਤੇ ਸਮੇਂ ਅਤੇ ਧਨ ਦੀ ਬਰਬਾਦੀ ਨਾ ਕੀਤੀ ਜਾਵੇ, ਸਿਰਫ਼ ਲੋਕ ਮਸਜਿਦਾਂ ਵਿੱਚ ਜਮਾਂ ਹੋ ਕੇ ਖ਼ੁਦਾ ਤੋਂ ਦੁਆ ਮੰਗਣ ਕਿ ਲਾੜਾ ਅਤੇ ਲਾੜੀ ਦੀ ਉਮਰ ਲੰਮੀ ਹੋਵੇ ਅਤੇ ਉਹ ਸੁੱਖ ਨਾਲ਼ ਰਹਿਣ। ਸਮੇਂ ਦਾ ਮੂੰਹ ਦੇਖਣਾ ਕਿਸੇ ਨੂੰ ਵੀ ਗਵਾਰਾ ਨਹੀਂ ਸੀ, ਰਈਸਾਂ ਨੇ ਮਹਿਫ਼ਿਲਾਂ ਸਜਾਈਆਂ, ਚਿਰਾਗ਼ ਜਲਾਏ, ਵਾਜੇ ਵਜਵਾਏ, ਗ਼ਰੀਬਾਂ ਨੇ ਆਪਣੀਆਂ ਡਫਲੀਆਂ ਸੰਭਾਲੀਆਂ ਅਤੇ ਸੜਕਾਂ ਤੇ ਘੁੰਮ-ਘੁੰਮ ਕੇ ਨੱਚਣ ਗਾਉਣ ਲੱਗੇ।
ਸ਼ਾਮ ਦੇ ਸਮੇਂ ਸ਼ਹਿਰ ਦੇ ਸਾਰੇ ਅਮੀਰ ਅਤੇ ਰਈਸ, ਸ਼ਹਿਜ਼ਾਦੇ ਨੂੰ ਵਧਾਈਆਂ ਦੇਣ ਲਈ ਦੀਵਾਨੇ-ਖ਼ਾਸ ਵਿੱਚ ਜਮ੍ਹਾਂ ਹੋਏ। ਸ਼ਹਿਜ਼ਾਦਾ ਇਤਰਾਂ ਨਾਲ ਮਹਿਕਦਾ, ਰਤਨਾਂ ਨਾਲ਼ ਚਮਕਦਾ ਅਤੇ ਅੰਦਰੂਨੀ ਖ਼ੁਸ਼ੀ ਨਾਲ ਖਿੜਿਆ ਹੋਇਆ ਆ ਕੇ ਖੜ੍ਹਾ ਹੋ ਗਿਆ।
ਕਾਜ਼ੀ ਨੇ ਅਰਜ਼ ਕੀਤੀ- ''ਹਜ਼ੂਰ 'ਤੇ ਖ਼ੁਦਾ ਦੀ ਬਰਕਤ ਹੋਵੇ।''
ਹਜ਼ਾਰਾਂ ਆਦਮੀਆਂ ਨੇ ਕਿਹਾ- ''ਆਮੀਨ।''
ਸ਼ਹਿਰ ਦੀਆਂ ਔਰਤਾਂ ਵੀ ਲੈਲਾ ਨੂੰ ਵਧਾਈ ਦੇਣ ਆਈਆਂ।ਲੈਲਾ ਨੇ ਬਿਲਕੁਲ ਸਾਦੇ ਕੱਪੜੇ ਪਹਿਨੇ ਹੋਏ ਸਨ, ਗਹਿਣਿਆਂ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ।
ਇੱਕ ਔਰਤ ਨੇ ਕਿਹਾ- ''ਤੁਹਾਡਾ ਸੁਹਾਗ ਸਦਾ ਸਲਾਮਤ ਰਹੇ।''
ਹਜ਼ਾਰਾਂ ਕੰਠਾਂ ਵਿੱਚੋਂ ਆਵਾਜ਼ ਨਿੱਕਲੀ- ''ਆਮੀਨ।''
ਕਈ ਸਾਲ ਗੁਜ਼ਰ ਗਏ, ਨਾਦਿਰ ਹੁਣ ਬਾਦਸ਼ਾਹ ਸੀ ਅਤੇ ਲੈਲਾ ਉਸਦੀ ਮੱਲਿਕਾ, ਈਰਾਨ ਦਾ ਸ਼ਾਸਨ ਇੰਨੇ ਸੁਚਾਰੂ ਢੰਗ ਨਾਲ ਕਦੇ ਵੀ ਨਹੀਂ ਚੱਲਿਆ ਸੀ, ਦੋਵੇਂ ਹੀ ਪਰਜਾ ਦੇ ਹਿਤੈਸ਼ੀ ਸਨ, ਦੋਵੇਂ ਹੀ ਉਨ੍ਹਾਂ ਨੂੰ ਸੁਖੀ ਅਤੇ ਸੰਪੰਨ ਦੇਖਣਾ ਚਾਹੁੰਦੇ ਸਨ। ਪਿਆਰ ਨੇ ਉਹ ਸਾਰੀਆਂ ਕਠਿਨਾਈਆਂ ਦੂਰ ਕਰ ਦਿੱਤੀਆਂ ਜੋ ਲੈਲਾ ਨੂੰ ਪਹਿਲਾਂ ਸ਼ੰਕਿਤ ਕਰਦੀਆਂ ਰਹਿੰਦੀਆਂ ਸਨ। ਨਾਦਿਰ ਰਾਜਸੱਤਾ ਦਾ ਵਕੀਲ ਸੀ, ਲੈਲਾ ਜਨਸੱਤਾ ਦੀ, ਪਰ ਵਿਵਹਾਰਿਕ ਰੂਪ ਵਿੱਚ ਉਹਨਾਂ ਵਿੱਚ ਕੋਈ ਮੱਤਭੇਦ ਨਹੀਂ ਪੈਦਾ ਹੁੰਦਾ ਸੀ। ਕਦੇ ਇਹ ਦਬ ਜਾਂਦਾ, ਕਦੇ ਉਹ ਹਟ ਜਾਂਦੀ। ਉਹਨਾਂ ਦਾ ਦੰਪਤੀ ਜੀਵਨ ਆਦਰਸ਼ ਸੀ, ਨਾਦਿਰ ਲੈਲਾ ਦਾ ਰੁਖ਼ ਦੇਖਦਾ ਸੀ, ਲੈਲਾ ਨਾਦਿਰ ਦਾ। ਕੰਮ-ਕਾਜ ਤੋਂ ਵਿਹਲ ਮਿਲਦੀ ਤਾਂ ਦੋਵੇਂ ਬੈਠ ਕੇ ਗਾਉਂਦੇ-ਵਜਾਉਂਦੇ, ਕਦੀ ਨਦੀਆਂ ਦੀ ਸੈਰ ਕਰਦੇ, ਕਦੀ ਕਿਸੇ ਰੁੱਖ ਦੀ ਛਾਂ ਹੇਠ ਬੈਠੇ ਹਾਫ਼ਿਜ਼ ਦੀਆਂ ਗ਼ਜ਼ਲਾਂ ਪੜ੍ਹਦੇ ਅਤੇ ਝੂਮਦੇ। ਨਾ ਲੈਲਾ ਵਿੱਚ ਹੁਣ ਓਨੀ ਸਾਦਗੀ ਸੀ, ਨਾ ਨਾਦਿਰ ਵਿੱਚ ਹੁਣ ਉਹ ਤਕੱਲੁਫ਼ ਸੀ। ਨਾਦਿਰ ਲੈਲਾ ਲਈ ਇਕਾਗਰ ਚਿੱਤ ਸੀ ਜੋ ਸਧਾਰਣ ਗੱਲ ਸੀ, ਜਿੱਥੇ ਬਾਦਸ਼ਾਹਾਂ ਦੀਆਂ ਮਹਿਲਸਰਾਵਾਂ ਵਿੱਚ ਬੇਗ਼ਮਾਂ ਦੇ ਮੁਹੱਲੇ ਵੱਸਦੇ ਸਨ, ਦਰਜਨਾਂ ਤੇ ਕੌਡੀਆਂ ਵਿੱਚ ਉਹਨਾਂ ਦੀ ਗਣਨਾ ਹੁੰਦੀ ਸੀ, ਉਥੇ ਲੈਲਾ ਇਕੱਲੀ ਸੀ। ਉਹਨਾਂ ਮਹਿਲਾਂ ਵਿੱਚ ਹੁਣ ਸ਼ਫ਼ਾਖ਼ਾਨੇ, ਮਦਰੱਸੇ ਅਤੇ ਪੁਸਤਕਾਲੇ ਸਨ। ਜਿੱਥੇ ਮਹਿਲਸਰਾਵਾਂ ਦਾ ਖ਼ਰਚਾ ਕਰੋੜਾਂ ਤੱਕ ਪਹੁੰਚਦਾ ਹੁੰਦਾ ਸੀ, ਉੱਥੇ ਹੁਣ ਹਜ਼ਾਰਾਂ ਤੋਂ ਅੱਗੇ ਨਹੀਂ ਵਧਦਾ ਸੀ, ਅਤੇ ਬਾਕੀ ਰੁਪਏ ਪਰਜਾ ਦੀ ਭਲਾਈ ਲਈ ਖ਼ਰਚ ਕਰ ਦਿੱਤੇ ਜਾਂਦੇ ਸਨ, ਇਹ ਸਾਰੀ ਵਿਉਂਤ-ਵਰਤੋਂ ਲੈਲਾ ਦੀ ਕੀਤੀ ਹੋਈ ਸੀ, ਬਾਦਸ਼ਾਹ ਨਾਦਿਰ ਸੀ,ਪਰ ਬਾਦਸ਼ਾਹਤ ਲੈਲਾ ਦੇ ਹੱਥਾਂ 'ਚ ਸੀ।
ਸਭ ਕੁਛ ਸੀ, ਪਰ ਪਰਜਾ ਸੰਤੁਸ਼ਟ ਨਹੀਂ ਸੀ। ਉਸਦਾ ਅਸੰਤੋਖ ਦਿਨੋ-ਦਿਨ ਵਧਦਾ ਜਾਂਦਾ ਸੀ, ਰਾਜ-ਸੱਤਾਵਾਦੀਆਂ ਨੂੰ ਭੈਅ ਸੀ ਕਿ ਜੇਕਰ ਇਹੀ ਹਾਲ ਰਿਹਾ ਤਾਂ ਬਾਦਸ਼ਾਹਤ ਦੇ ਮਿਟ ਜਾਣ ਵਿੱਚ ਸੰਦੇਹ ਨਹੀਂ। ਜਮਸ਼ੇਦ ਦਾ ਲਾਇਆ ਹੋਇਆ ਰੁੱਖ , ਜਿਸਨੇ ਹਜ਼ਾਰਾਂ ਸਦੀਆਂ ਤੋਂ ਹਨੇਰੀ ਅਤੇ ਤੂਫ਼ਾਨਾਂ ਦਾ ਸਾਹਮਣਾ ਕੀਤਾ, ਹੁਣ ਇੱਕ ਹੁਸੀਨਾ ਦੇ ਨਾਜ਼ੁਕ ਪਰ ਕਾਤਿਲ ਹੱਥਾਂ ਨਾਲ ਜੜ੍ਹ ਤੋਂ ਉਖਾੜਿਆ ਜਾ ਰਿਹਾ ਸੀ। ਉਧਰ ਜਨ-ਸੱਤਾਵਾਦੀਆਂ ਨੂੰ ਲੈਲਾ ਤੋਂ ਜਿੰਨੀਆਂ ਆਸ਼ਾਵਾਂ ਸੀ, ਸਭ ਦੁਰਇੱਛਾਵਾਂ ਸਿੱਧ ਹੋ ਰਹੀਆਂ ਸਨ। ਉਹ ਕਹਿੰਦੇ, ਜੇ ਈਰਾਨ ਇਸ ਚਾਲੇ ਤਰੱਕੀ ਦੇ ਰਾਹ ਚੱਲੇਗਾ ਤਾਂ ਇਸਤੋਂ ਪਹਿਲਾਂ ਕਿ ਉਹ ਮੰਜ਼ਿਲੇ-ਮਕਸੂਦ ਤੇ ਪਹੁੰਚਣ, ਕਿਆਮਤ ਆ ਜਾਵੇਗੀ। ਦੁਨੀਆਂ ਹਵਾਈ ਜਹਾਜ਼ ਉੱਤੇ ਬੈਠੀ ਉੱਡੀ ਜਾ ਰਹੀ ਹੈ ਅਤੇ ਅਸੀਂ ਠੇਲੇ 'ਤੇ ਬੈਠੇ ਵੀ ਡਰਦੇ ਹਾਂ ਕਿ ਕਿਤੇ ਇਸ ਹਰਕਤ ਨਾਲ ਦੁਨੀਆਂ ਵਿੱਚ ਭੂਚਾਲ ਹੀ ਨਾ ਆ ਜਾਵੇ। ਦੋਵਾਂਂ ਗੁੱਟਾਂ ਵਿੱਚ ਆਏ ਦਿਨ ਟਕਰਾਅ ਹੁੰਦੇ ਰਹਿੰਦੇ ਸਨ, ਨਾ ਨਾਦਿਰ ਦੇ ਸਮਝਾਉਣ ਦਾ ਅਸਰ ਅਮੀਰਾਂ 'ਤੇ ਹੁੰਦਾ ਸੀ, ਨਾ ਲੈਲਾ ਦੇ ਸਮਝਾਉਣ ਦਾ ਗ਼ਰੀਬਾਂ 'ਤੇ। ਸਾਮੰਤ ਨਾਦਿਰ ਦੇ ਖ਼ੂਨ ਦੇ ਪਿਆਸੇ ਹੋ ਗਏ, ਪਰਜਾ ਲੈਲਾ ਦੀ ਜਾਨੀ ਦੁਸ਼ਮਣ।
ਰਾਜ ਵਿੱਚ ਤਾਂ ਇਹ ਅਸ਼ਾਂਤੀ ਫੈਲੀ ਹੋਈ ਸੀ, ਵਿਦਰੋਹ ਦੀ ਅੱਗ ਦਿਲਾਂ ਵਿੱਚ ਸੁਲਗ ਰਹੀ ਸੀ ਅਤੇ ਰਾਜਭਵਨ ਵਿੱਚ ਪ੍ਰੇਮ ਦਾ ਸ਼ਾਂਤਮਈ ਰਾਜ ਸੀ, ਬਾਦਸ਼ਾਹ ਅਤੇ ਮੱਲਿਕਾ ਦੋਵੇਂ ਪਰਜਾ-ਸੰਤੋਖ ਦੀ ਕਲਪਨਾ ਵਿੱਚ ਮਗਨ ਸਨ।
ਰਾਤ ਦਾ ਸਮਾਂ ਸੀ, ਨਾਦਿਰ ਅਤੇ ਲੈਲਾ ਆਰਾਮਗਾਹ ਵਿੱਚ ਬੈਠੇ ਹੋਏ ਸ਼ਤਰੰਜ ਦੀ ਬਾਜ਼ੀ ਖੇਲ ਰਹੇ ਸਨ। ਕਮਰੇ ਵਿੱਚ ਕੋਈ ਸਜਾਵਟ ਨਹੀਂ ਸੀ, ਸਿਰਫ਼ ਇੱਕ ਚਟਾਈ ਵਿਛੀ ਹੋਈ ਸੀ।
ਨਾਦਿਰ ਨੇ ਲੈਲਾ ਦਾ ਹੱਥ ਫੜ ਕੇ ਕਿਹਾ- ''ਬੱਸ, ਹੁਣ ਇਹ ਜ਼ਿਆਦਤੀ ਨਹੀਂ, ਤੇਰੀ ਚਾਲ ਹੋ ਚੁੱਕੀ, ਇਹ ਦੇਖ, ਤੇਰਾ ਇੱਕ ਪਿਆਦਾ ਪਿਟ ਗਿਆ।''
ਲੈਲਾ- ''ਅੱਛਾ ਤਾਂ ਫਿਰ ਇਹ ਸ਼ਹਿ! ਤੁਹਾਡੇ ਸਾਰੇ ਪੈਦਲ ਰੱਖੇ ਰਹਿ ਗਏ ਅਤੇ ਬਾਦਸ਼ਾਹ 'ਤੇ ਸ਼ਹਿ ਹੋ ਗਈ, ਇਸੇ 'ਤੇ ਦਾਅਵਾ ਸੀ।''
ਨਾਦਿਰ- ''ਤੇਰੇ ਨਾਲ ਹਾਰਨ ਵਿੱਚ ਜੋ ਮਜ਼ਾ ਹੈ, ਉਹ ਜਿੱਤਣ ਵਿੱਚ ਨਹੀਂ।''
ਲੈਲਾ- ''ਅੱਛਾ, ਤਾਂ ਗੋਯਾ ਤੁਸੀਂ ਦਿਲ ਖ਼ੁਸ਼ ਕਰ ਰਹੇ ਹੋ। ਸ਼ਹਿ ਬਚਾਓ, ਨਹੀਂ ਤਾਂ ਦੂਸਰੀ ਚਾਲ ਵਿੱਚ ਮਾਤ ਹੁੰਦੀ ਹੈ।''
ਨਾਦਿਰ- ''(ਅੜਬ ਹੋ ਕੇ) ਅੱਛਾ, ਹੁਣ ਸੰਭਲਕੇ ਚੱਲੀਂ, ਤੂੰ ਮੇਰੇ ਬਾਦਸ਼ਾਹ ਦੀ ਤੌਹੀਨ ਕੀਤੀ ਹੈ, ਇੱਕ ਵਾਰ ਮੇਰਾ ਫ਼ਰਜ਼ੀ ਉੱਠਿਆ ਤਾਂ ਤੇਰੇ ਪਿਆਦਿਆਂ ਦਾ ਸਫ਼ਾਇਆ ਕਰ ਦੇਵੇਗਾ।''
ਲੈਲਾ- ''ਬਸੰਤ ਦੀ ਖ਼ਬਰ ਹੈ। ਇਹ ਲਓ ਸ਼ਹਿ, ਲਿਆਓ ਫ਼ਰਜ਼ੀ, ਹੁਣ ਕਹੋ, ਹੁਣ ਮੈਂ ਨਹੀਂ ਮੰਨਾਗੀ, ਆਖ ਦਿੰਨੀ ਆਂ ਤੁਹਾਨੂੰ, ਦੋ ਵਾਰ ਛੱਡ ਦਿੱਤਾ, ਇਸ ਵਾਰ ਬਿਲਕੁਲ ਨਹੀਂ ਛੱਡਾਂਗੀ।''
ਨਾਦਿਰ- ''ਜਦੋਂ ਤੱਕ ਮੇਰਾ ਦਿਲਰਾਮ (ਘੋੜਾ) ਹੈ,ਬਾਦਸ਼ਾਹ ਨੂੰ ਕੋਈ ਗ਼ਮ ਨਹੀਂ।''
ਲੈਲਾ- ''ਅੱਛਾ ਇਹ ਸ਼ਹਿ। ਲਿਆਓ ਆਪਣੇ ਦਿਲਰਾਮ ਨੂੰ, ਦੱਸੋ, ਹੁਣ ਤਾਂ ਮਾਤ ਹੋਈ ਕਿ ਨਹੀਂ?''
ਨਾਦਿਰ- ''ਹਾਂ ਜਾਨੇਮਨ! ਹੁਣ ਮਾਤ ਹੋ ਗਈ। ਜਦ ਮੈਂ ਹੀ ਤੇਰੀਆਂ ਅਦਾਵਾਂ 'ਤੇ ਨਿਸਾਰ ਹੋ ਗਿਆ ਤਾਂ ਮੇਰਾ ਬਾਦਸ਼ਾਹ ਕਿਵੇਂ ਬਚ ਸਕਦਾ ਸੀ।''
ਲੈਲਾ- ''ਗੱਲਾਂ ਨਾ ਬਣਾਉ, ਚੁਪਕੇ ਜਿਹੇ ਫ਼ਰਮਾਨ ਉੱਪਰ ਦਸਤਖ਼ਤ ਕਰ ਦਿਓ, ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।''
ਇਹ ਆਖਕੇ ਲੈਲਾ ਨੇ ਫ਼ਰਮਾਨ ਕੱਢਿਆ, ਜਿਸਨੂੰ ਉਸਨੇ ਆਪ ਆਪਣੇ ਮੋਤੀਆਂ ਵਰਗੇ ਅੱਖਰਾਂ ਵਿੱਚ ਲਿਖਿਆ ਸੀ, ਇਸ ਵਿੱਚ ਅੰਨ ਦਾ ਲਗਾਨ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ, ਲੈਲਾ ਪਰਜਾ ਨੂੰ ਭੁੱਲੀ ਨਹੀਂ ਸੀ, ਉਹ ਹੁਣ ਵੀ ਉਹਨਾਂ ਦੀ ਭਲਾਈ ਚਾਹੁਣ ਵਿੱਚ ਜੁਟੀ ਰਹਿੰਦੀ ਸੀ। ਨਾਦਿਰ ਨੇ ਇਸ ਸ਼ਰਤ ਉੱਤੇ ਫ਼ਰਮਾਨ ਉੱਪਰ ਦਸਤਖ਼ਤ ਕਰਨ ਦਾ ਵਚਨ ਦਿੱਤਾ ਸੀ ਕਿ ਲੈਲਾ ਉੇਸਨੂੰ ਸ਼ਤਰੰਜ ਵਿੱਚ ਤਿੰਨ ਵਾਰ ਮਾਤ ਦੇਵੇ। ਉਹ ਪਰਪੱਕ ਖਿਲਾੜੀ ਸੀ, ਲੈਲਾ ਇਹ ਜਾਣਦੀ ਸੀ, ਪਰ ਇਹ ਸ਼ਤਰੰਜ ਦੀ ਬਾਜ਼ੀ ਨਹੀਂ ਸੀ, ਸਿਰਫ਼ ਕਲੋਲਾਂ ਸੀ, ਨਾਦਿਰ ਨੇ ਮੁਸਕੁਰਾਉਂਦੇ ਹੋਏ ਫ਼ਰਮਾਨ ਉੱਪਰ ਦਸਤਖ਼ਤ ਕਰ ਦਿੱਤੇ, ਕਮਲ ਦੇ ਇੱਕ ਚਿੰਨ੍ਹ ਨਾਲ ਪਰਜਾ ਨੂੰ ਪੰਜ ਕਰੋੜ ਦੇ ਸਾਲਾਨਾ ਕਰ ਤੋਂ ਮੁਕਤੀ ਮਿਲ ਗਈ, ਲੈਲਾ ਦਾ ਮੁੱਖੜਾ ਮਾਣ ਨਾਲ ਸੂਹਾ ਹੋ ਗਿਆ, ਜੋ ਕੰਮ ਸਾਲਾਂ ਬੱਧੀ ਅੰਦੋਲਨ ਨਾਲ ਨਹੀਂ ਹੋ ਸਕਦਾ ਸੀ, ਉਹ ਪ੍ਰੇਮ-ਕਟਾਖਾਂ ਨਾਲ ਕੁਝ ਹੀ ਦਿਨਾਂ ਵਿੱਚ ਹੋ ਗਿਆ।
ਇਹ ਸੋਚ ਕੇ ਉਹ ਫੁੱਲੀ ਨਹੀਂ ਸਮਾਉਂਦੀ ਸੀ ਕਿ ਜਦੋਂ ਇਹ ਫ਼ਰਮਾਨ ਸਰਕਾਰੀ ਪੱਤਰਾਂ ਵਿੱਚ ਪ੍ਰਕਾਸ਼ਿਤ ਹੋ ਜਾਵੇਗਾ, ਅਤੇ ਵਿਵਸਥਾ ਕਰਨ ਵਾਲੇ ਲੋਕਾਂ ਨੂੰ ਜਦੋਂ ਇਸਦੇ ਦਰਸ਼ਨ ਹੋਣਗੇ, ਉਸ ਵਕਤ ਜਨ-ਸੱਤਾਵਾਦੀਆਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ, ਲੋਕ ਮੇਰੇ ਸੋਹਿਲੇ ਗਾਉਣਗੇ ਅਤੇ ਮੈਨੂੰ ਆਸ਼ੀਰਵਾਦ ਦੇਣਗੇ।
ਨਾਦਿਰ ਪ੍ਰੇਮ-ਮੁਗਧ ਹੋ ਕੇ ਉਸਦੇ ਚੰਨ ਜਿਹੇ ਮੁੱਖੜੇ ਨੂੰ ਦੇਖ ਰਿਹਾ ਸੀ, ਜਿਵੇਂ ਉਹਦਾ ਵੱਸ ਚੱਲਦਾ ਤਾਂ ਸੁੰਦਰਤਾ ਦੀ ਇਸ ਮੂਰਤੀ ਨੂੰ ਆਪਣੇ ਦਿਲ ਵਿੱਚ ਬਿਠਾ ਲੈਂਦਾ।
ਅਚਾਨਕ ਰਾਜ ਭਵਨ ਦੇ ਬੂਹੇ ਅੱਗੇ ਸ਼ੋਰ ਮੱਚਣ ਲੱਗ ਪਿਆ, ਅਗਲੇ ਹੀ ਪਲ ਪਤਾ ਚੱਲਿਆ ਕਿ ਜਨਤਾ ਦਾ ਇੱਕ ਟਿੱਡੀ-ਦਲ ਅਸਤਰਾਂ-ਸ਼ਸਤਰਾਂ ਨਾਲ ਲੈਸ, ਰਾਜ ਭਵਨ ਦੇ ਬੂਹੇ ਅੱਗੇ ਖੜ੍ਹਾ ਦੀਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਪਲ ਸ਼ੋਰ ਵਧਦਾ ਜਾ ਰਿਹਾ ਸੀ, ਅਤੇ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਗੁੱਸੇ ਨਾਲ ਭਰੀ ਜਨਤਾ ਦਰਵਾਜ਼ਿਆਂ ਨੂੰ ਤੋੜ ਕੇ ਅੰਦਰ ਵੜ ਜਾਵੇਗੀ। ਫਿਰ ਇਹ ਪਤਾ ਲੱਗਿਆ ਕਿ ਕੁਝ ਲੋਕ ਪੌੜੀਆਂ ਲਾ ਕੇ ਦੀਵਾਰਾਂ 'ਤੇ ਚੜ੍ਹ ਰਹੇ ਨੇ, ਲੈਲਾ ਸ਼ਰਮ ਤੇ ਦੁੱਖ ਨਾਲ ਸਿਰ ਝੁਕਾਈ ਖੜ੍ਹੀ ਸੀ, ਉਸਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿੱਕਲ ਰਿਹਾ ਸੀ। ਕੀ ਇਹ ਉਹੀ ਜਨਤਾ ਹੈ, ਜਿਸਦੇ ਕਸ਼ਟਾਂ ਦੀ ਕਥਾ ਕਹਿੰਦੀ ਹੋਈ ਉਸਦੀ ਆਵਾਜ਼ ਦਰਦ ਨਾਲ ਭਰ ਜਾਂਦੀ ਸੀ। ਇਹ ਉਹੀ ਕਮਜ਼ੋਰ, ਦਲਿਤ, ਸਤਾਈ ਹੋਈ, ਅੱਤਿਆਚਾਰ ਦੀ ਵੇਦਨਾ ਨਾਲ ਤੜਫ਼ਦੀ ਹੋਈ ਜਨਤਾ ਹੈ, ਜਿਸਨੂੰ ਉਹ ਆਪਣਾ ਆਪ ਅਰਪਿਤ ਕਰ ਚੁੱਕੀ ਸੀ?
ਨਾਦਿਰ ਵੀ ਖ਼ਾਮੋਸ਼ ਖੜ੍ਹਾ ਸੀ, ਪਰ ਸ਼ਰਮ ਦੇ ਮਾਰੇ ਨਹੀਂ, ਕ੍ਰੋਧ ਨਾਲ ਉਸਦਾ ਮੂੰਹ ਸੁਰਖ਼ ਹੋ ਗਿਆ ਸੀ, ਅੱਖਾਂ 'ਚੋਂ ਚੰਗਿਆੜੇ ਨਿੱਕਲ ਰਹੇ ਸਨ। ਉਹ ਵਾਰ-ਵਾਰ ਬੁੱਲ੍ਹ ਟੁੱਕਦਾ ਅਤੇ ਤਲਵਾਰ ਦੀ ਮੁੱਠ 'ਤੇ ਹੱਥ ਧਰ ਕੇ ਰਹਿ ਜਾਂਦਾ। ਉਹ ਵਾਰ-ਵਾਰ ਲੈਲਾ ਵੱਲ ਰੋਸ ਭਰੀਆਂ ਨਜ਼ਰਾਂ ਦੇਖ ਰਿਹਾ ਸੀ, ਜ਼ਰਾ ਜਿੰਨੇ ਇਸ਼ਾਰੇ ਦੀ ਦੇਰ ਸੀ, ਉਸਦੇ ਹੁਕਮ ਮਿਲਦੇ ਸਾਰ ਹੀ ਉਸਦੀ ਸੈਨਾ ਇਸ ਵਿਦਰੋਹੀ ਦਲ ਨੂੰ ਇਉਂ ਭਜਾ ਦਿੰਦੀ ਜਿਵੇਂ ਹਨੇਰੀ ਪੱਤੇ ਨੂੰ ਉਡਾ ਦਿੰਦੀ ਹੈ, ਪਰ ਲੈਲਾ ਉਸ ਨਾਲ ਅੱਖਾਂ ਨਹੀਂ ਮਿਲਾ ਰਹੀ ਸੀ।
ਅਖ਼ੀਰ ਉਸ ਵਿਆਕੁਲ ਹੋ ਕੇ ਆਖਿਆ- ''ਲੈਲਾ, ਮੈਂ ਰਾਜ ਸੈਨਾ ਨੂੰ ਬੁਲਾਉਣਾ ਚਾਹੂੰਦਾ ਹਾਂ, ਤੂੰ ਕੀ ਆਖਦੀ ਏਂ?''
ਲੈਲਾ ਨੇ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ- ''ਜ਼ਰਾ ਠਹਿਰ ਜਾਓ, ਪਹਿਲਾਂ ਇਹਨਾਂ ਲੋਕਾਂ ਨੂੰ ਪੁੱਛ ਤਾਂ ਲਉ ਕਿ ਇਹ ਕੀ ਚਾਹੁੰਦੇ ਹਨ?''
ਇਹ ਹੁਕਮ ਮਿਲਦੇ ਸਾਰ ਹੀ ਨਾਦਿਰ ਛੱਤ 'ਤੇ ਚੜ੍ਹ ਗਿਆ, ਲੈਲਾ ਵੀ ਉਹਦੇ ਪਿੱਛੇ-ਪਿੱਛੇ ਉੱਪਰ ਆ ਪਹੁੰਚੀ। ਦੋਵੇਂ ਹੁਣ ਜਨਤਾ ਦੇ ਸਨਮੁਖ ਆ ਕੇ ਖੜ੍ਹੇ ਹੋ ਗਏ। ਮਸ਼ਾਲਾਂ ਦੇ ਪ੍ਰਕਾਸ਼ ਵਿੱਚ ਲੋਕਾਂ ਨੇ ਦੋਵਾਂ ਨੂੰ ਛੱਤ 'ਤੇ ਖੜ੍ਹੇ ਦੇਖਿਆ, ਮਾਨੋ ਆਕਾਸ਼ 'ਤੋਂ ਦੇਵੀ-ਦੇਵਤਾ ਉੱਤਰ ਆਏ ਹੋਣ, ਅਨੇਕਾਂ ਕੰਠਾਂ 'ਚੋਂ ਆਵਾਜ਼ ਨਿੱਕਲੀ- ''ਉਹ ਖੜ੍ਹੀ ਏ, ਲੈਲਾ ਉਹ ਖੜ੍ਹੀ ਏ।'' ਇਹ ਉਹੀ ਜਨਤਾ ਸੀ ਜੋ ਲੈਲਾ ਦੇ ਮਧੁਰ ਸੰਗੀਤ 'ਤੇ ਮਸਤ ਹੋ ਜਾਇਆ ਕਰਦੀ ਸੀ।
ਨਾਦਿਰ ਨੇ ਬੁਲੰਦ ਆਵਾਜ਼ 'ਚ ਵਿਦਰੋਹੀਆਂ ਨੂੰ ਸੰਬੋਧਿਤ ਕੀਤਾ- '' ਐ ਈਰਾਨ ਦੀ ਬਦਨਸੀਬ ਪਰਜਾ, ਤੁਸੀਂ ਸ਼ਾਹੀ ਮਹਿਲ ਨੂੰ ਕਿਉਂ ਘੇਰਾ ਪਾਇਆ ਹੋਇਆ ਹੈ? ਬਗ਼ਾਵਤ ਦਾ ਝੰਡਾ ਕਿਉਂ ਬੁਲੰਦ ਕੀਤਾ ਹੋਇਆ ਹੈ? ਤੁਹਾਨੂੰ ਮੇਰਾ ਅਤੇ ਆਪਣੇ ਖ਼ੁਦਾ ਦਾ ਬਿਲਕੁਲ ਵੀ ਖ਼ੌਫ਼ ਨਹੀਂ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਇੱਕ ਇਸ਼ਾਰੇ 'ਤੇ ਤੁਹਾਡੀ ਹਸਤੀ ਮਿੱਟੀ ਵਿੱਚ ਮਿਲ ਸਕਦੀ ਹੈ? ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਫੌਰਨ ਇੱਥੋਂ ਚਲੇ ਜਾਉ, ਨਹੀਂ ਤਾਂ ਕਲਾਮੇ-ਪਾਕ ਦੀ ਕਸਮ, ਮੈਂ ਤੁਹਾਡੇ ਖ਼ੂਨ ਦੀਆਂ ਨਦੀਆਂ ਵਹਾ ਦਿਆਂਗਾ।''
ਇੱਕ ਆਦਮੀ ਨੇ, ਜੋ ਵਿਦਰੋਹੀਆਂ ਦਾ ਨੇਤਾ ਪ੍ਰਤੀਤ ਹੋ ਰਿਹਾ ਸੀ, ਸਾਹਮਣੇ ਹੋ ਕੇ ਕਿਹਾ- ''ਅਸੀਂ ਉਸ ਵਕਤ ਤੱਕ ਨਹੀਂ ਜਾਵਾਂਗੇ, ਜਦ ਤੱਕ ਸ਼ਾਹੀ ਮਹਿਲ ਲੈਲਾ ਤੋਂ ਸੱਖਣਾ ਨਹੀਂ ਹੋ ਜਾਂਦਾ।''
ਨਾਦਿਰ ਨੇ ਵਿਗੜਦਿਆਂ ਕਿਹਾ- ''ਉਏ ਨਾਸ਼ੁਕਰਿਓ, ਖ਼ੁਦਾ ਤੋਂ ਡਰੋ। ਤੁਹਾਨੂੰ ਆਪਣੀ ਮੱਲਿਕਾ ਦੀ ਸ਼ਾਨ ਵਿੱਚ ਐਡੀ ਗ਼ੁਸਤਾਖ਼ੀ ਕਰਦੇ ਹੋਏ ਸ਼ਰਮ ਨਹੀਂ ਆਉਂਦੀ? ਜਦੋਂ ਦੀ ਲੈਲਾ ਤੁਹਾਡੀ ਮੱਲਿਕਾ ਬਣੀ ਏ, ਉਸਨੇ ਤੁਹਾਡੇ ਨਾਲ ਕਿੰਨੀਆਂ ਰਿਆਇਤਾਂ ਕੀਤੀਆਂ ਹਨ, ਕੀ ਉਹਨਾਂ ਨੂੰ ਬਿਲਕੁਲ ਭੁੱਲ ਗਏ? ਜ਼ਾਲਿਮੋ, ਇਹ ਮੱਲਿਕਾ ਏ, ਪਰ ਉਹ ਖਾਣਾ ਖਾਂਦੀ ਏ, ਜੋ ਤੁਸੀਂ ਕੁੱਤਿਆਂ ਨੂੰ ਖਿਲਾ ਦਿੰਦੇ ਓ, ਉਹ ਕੱਪੜੇ ਪਹਿਨਦੀ ਏ, ਜੋ ਤੁਸੀਂ ਫ਼ਕੀਰਾਂ ਨੂੰ ਦੇ ਦਿੰਦੇ ਓ, ਆ ਕੇ ਮਹਿਲਸਰਾਂ ਵਿੱਚ ਵੇਖੋ, ਤੁਸੀਂ ਉਸਨੂੰ ਆਪਣੇ ਝੌਂਪੜੇ ਵਾਂਗ ਹੀ ਤਕੱਲੁਫ਼ ਅਤੇ ਸਜਾਵਟ ਤੋਂ ਖਾਲੀ ਪਾਉਗੇ। ਲੈਲਾ ਤੁਹਾਡੀ ਮੱਲਿਕਾ ਹੋ ਕੇ ਵੀ ਫ਼ਕੀਰੀ ਦੀ ਜ਼ਿੰਦਗੀ ਬਸਰ ਕਰ ਰਹੀ ਹੈ, ਹਮੇਸ਼ਾਂ ਤੁਹਾਡੀ ਖ਼ਿਦਮਤ ਵਿੱਚ ਮਗਨ ਰਹਿੰਦੀ ਹੈ, ਤੁਹਾਨੂੰ ਤਾਂ ਉਸਦੇ ਪੈਰਾਂ ਦੀ ਧੂੜ ਆਪਣੇ ਮੱਥੇ 'ਤੇ ਲਾਉਣੀ ਚਾਹੀਦੀ ਹੈ, ਅੱਖਾਂ ਦਾ ਸੁਰਮਾ ਬਣਾਉਣੀ ਚਾਹੀਦੀ ਹੈ। ਈਰਾਨ ਦੇ ਤਖ਼ਤ 'ਤੇ ਕਦੇ ਇਹੋ ਜਿਹੀ ਗ਼ਰੀਬਾਂ 'ਤੇ ਜਾਨ ਦੇਣ ਵਾਲੀ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੀ, ਗ਼ਰੀਬਾਂ 'ਤੇ ਆਪਣਾ ਆਪ ਨਿਸਾਰ ਕਰਨ ਵਾਲੀ ਮੱਲਿਕਾ ਨੇ ਕਦਮ ਨਹੀਂ ਰੱਖੇ, ਤੇ ਤੁਸੀਂ ਉਸਦੀ ਸ਼ਾਨ ਵਿੱਚ ਇਹ ਬੇਹੂਦਾ ਗੱਲਾਂ ਕਰ ਰਹੇ ਹੋ? ਅਫ਼ਸੋਸ! ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਜਾਹਿਲ, ਇਨਸਾਨੀਅਤ ਤੋਂ ਖਾਲੀ ਅਤੇ ਕਮੀਨੇ ਹੋ, ਤੁਸੀਂ ਇਸੇ ਕਾਬਿਲ ਹੋ ਕਿ ਤੁਹਾਡੀਆਂ ਗਰਦਨਾਂ ਖੁੰਢੀਆਂ ਛੁਰੀਆਂ ਨਾਲ ਵੱਢ ਦਿੱਤੀਆਂ ਜਾਣ, ਤੁਹਾਨੂੰ ਪੈਰਾਂ ਥੱਲੇ ਰੌਂਦਿਆ ਜਾਵੇ।''
ਨਾਦਿਰ ਆਪਣੀ ਗੱਲ ਪੂਰੀ ਵੀ ਨਾ ਕਰ ਪਾਇਆ ਕਿ ਵਿਦਰੋਹੀਆਂ ਨੇ ਇੱਕ ਸੁਰ ਵਿੱਚ ਚੀਕ ਕੇ ਕਿਹਾ- ''ਲੈਲਾ, ਲੈਲਾ ਸਾਡੀ ਦੁਸ਼ਮਣ ਹੈ। ਅਸੀਂ ਉਸਨੂੰ ਆਪਣੀ ਮੱਲਿਕਾ ਦੇ ਰੂਪ ਵਿੱਚ ਨਹੀਂ ਦੇਖ ਸਕਦੇ।''
ਨਾਦਿਰ ਨੇ ਜ਼ੋਰ ਨਾਲ ਚਿੱਲਾ ਕੇ ਕਿਹਾ- ''ਜ਼ਾਲਿਮੋਂ, ਜ਼ਰਾ ਖ਼ਾਮੋਸ਼ ਹੋ ਜਾਉ, ਦੇਖੋ, ਇਹ ਉਹ ਫ਼ਰਮਾਨ ਏ ਜਿਸ ਉੱਪਰ ਲੈਲਾ ਨੇ ਮੇਰੇ ਤੋਂ ਜ਼ਬਰਦਸਤੀ ਦਸਤਖ਼ਤ ਕਰਵਾਏ ਹਨ। ਅੱਜ ਤੋਂ ਗੱਲੇ ਦਾ ਮਹਿਸੂਲ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈ। ਤੁਹਾਡੇ ਸਿਰ ਤੋਂ ਮਹਿਸੂਲ ਦਾ ਬੋਝ ਪੰਜ ਕਰੋੜ ਘੱਟ ਹੋ ਗਿਆ ਹੈ।''
ਹਜ਼ਾਰਾਂ ਆਦਮੀਆਂ ਨੇ ਸ਼ੋਰ ਮਚਾਇਆ- ''ਇਹ ਬਹੁਤ ਪਹਿਲਾਂ ਮਾਫ਼ ਹੋ ਜਾਣਾ ਚਾਹੀਦਾ ਸੀ, ਅਸੀਂ ਇੱਕ ਕੌਡੀ ਨਹੀਂ ਦੇ ਸਕਦੇ। ਲੈਲਾ, ਲੈਲਾ ਨੂੰ ਅਸੀਂ ਆਪਣੀ ਮੱਲਿਕਾ ਦੀ ਸੂਰਤ ਵਿੱਚ ਨਹੀਂ ਦੇਖ ਸਕਦੇ।''
ਹੁਣ ਬਾਦਸ਼ਾਹ ਕ੍ਰੋਧ ਨਾਲ ਕੰਬਣ ਲੱਗ ਪਿਆ, ਲੈਲਾ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ- ''ਜੇ ਪਰਜਾ ਦੀ ਇਹੋ ਮਰਜ਼ੀ ਹੈ ਕਿ ਮੈਂ ਫ਼ਿਰ ਡੱਫ ਵਜਾ ਕੇ ਗਾਉਂਦੀ ਫਿਰਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਯਕੀਨ ਹੈ ਕਿ ਮੈਂ ਆਪਣੇ ਗਾਣੇ ਨਾਲ ਇੱਕ ਵਾਰ ਫਿਰ ਇਹਨਾਂ ਦੇ ਦਿਲਾਂ 'ਤੇ ਹਕੂਮਤ ਕਰ ਸਕਦੀ ਹਾਂ।''
ਨਾਦਿਰ ਨੇ ਉੱਤੇਜਿਤ ਹੋ ਕੇ ਕਿਹਾ-''ਲੈਲਾ, ਮੈਂ ਪਰਜਾ ਦੀਆਂ ਤੁਨਕ-ਮਿਜ਼ਾਜ਼ੀਆਂ ਦਾ ਗ਼ੁਲਾਮ ਨਹੀਂ, ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਆਪਣੇ ਪਹਿਲੂ ਤੋਂ ਵੱਖ ਕਰਾਂ, ਤਹਿਰਾਨ ਦੀਆਂ ਗਲੀਆਂ ਲਹੂ-ਲੁਹਾਣ ਹੋ ਜਾਣਗੀਆਂ, ਮੈਂ ਹੁਣੇ ਇਹਨਾਂ ਬਦਮਾਸ਼ਾਂ ਨੂੰ ਇਹਨਾਂ ਦੀ ਸ਼ਰਾਰਤ ਦਾ ਮਜ਼ਾ ਚਖਾਉਂਦਾ ਹਾਂ।''
ਨਾਦਿਰ ਨੇ ਮੀਨਾਰ 'ਤੇ ਚੜ੍ਹ ਕੇ ਖ਼ਤਰੇ ਦਾ ਘੰਟਾ ਵਜਾਇਆ। ਸਾਰੇ ਤਹਿਰਾਨ ਵਿੱਚ ਉਸਦੀ ਆਵਾਜ਼ ਗੂੰਜ ਉੱਠੀ, ਪਰ ਸ਼ਾਹੀ ਫੌਜ ਦਾ ਇੱਕ ਵੀ ਆਦਮੀ ਨਜ਼ਰ ਨਹੀਂ ਆਇਆ।
ਨਾਦਿਰ ਨੇ ਦੋਬਾਰਾ ਘੰਟਾ ਵਜਾਇਆ, ਪੂਰਾ ਆਕਾਸ਼ ਮੰਡਲ ਉਸਦੀ ਝਨਕਾਰ ਨਾਲ ਕੰਬ ਗਿਆ, ਤਾਰੇ ਵੀ ਕੰਬ ਉੱਠੇ, ਪਰ ਇੱਕ ਵੀ ਸੈਨਿਕ ਨਾ ਨਿੱਕਲਿਆ।
ਨਾਦਿਰ ਨੇ ਹੁਣ ਤੀਸਰਾ ਘੰਟਾ ਵਜਾਇਆ, ਪਰ ਉਸਦਾ ਉੱਤਰ ਵੀ ਇਕ ਮਰੀ ਜਿਹੀ ਪ੍ਰਤੀਧੁਨੀ ਨੇ ਦਿੱਤਾ, ਜਿਵੇਂ ਕਿਸੇ ਮਰਨ ਵਾਲੇ ਦੀ ਅੰਤਿਮ ਅਰਦਾਸ ਦੇ ਬੋਲ ਹੋਣ।
ਨਾਦਿਰ ਨੇ ਮੱਥੇ 'ਤੇ ਹੱਥ ਮਾਰਿਆ, ਉਹ ਸਮਝ ਗਿਆ ਕਿ ਬੁਰੇ ਦਿਨ ਆ ਪਹੁੰਚੇ, ਹਾਲੇ ਵੀ ਲੈਲਾ ਨੂੰ ਜਨਤਾ ਦੀ ਬੁਰੀ ਨੀਅਤ 'ਤੇ ਕੁਰਬਾਨ ਕਰ ਕੇ ਉਹ ਆਪਣੀ ਰਾਜਸੱਤਾ ਦੀ ਰਾਖੀ ਕਰ ਸਕਦਾ ਸੀ, ਪਰ ਲੈਲਾ ਉਸਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਸੀ। ਉਸਨੇ ਛੱਤ 'ਤੇ ਆ ਕੇ ਲੈਲਾ ਦਾ ਹੱਥ ਫੜ ਲਿਆ ਅਤੇ ਉਸਨੂੰ ਲੈ ਕੇ ਸਦਰ ਫਾਟਕ 'ਚੋਂ ਦੀ ਨਿਕਲ ਤੁਰਿਆ, ਵਿਦਰੋਹੀਆਂ ਨੇ ਜਿੱਤ ਦੇ ਨਾਅਰਿਆਂ ਨਾਲ ਉਸਦਾ ਸਵਾਗਤ ਕੀਤਾ, ਪਰ ਸਭ ਦੇ ਸਭ ਕਿਸੇ ਗੁਪਤ ਪ੍ਰੇਰਣਾ ਦੇ ਸਦਕੇ ਰਾਹ 'ਤੋਂ ਹਟ ਗਏ।
ਦੋਵੇਂ ਚੁੱਪ ਚਾਪ ਤਹਿਰਾਨ ਦੀਆਂ ਗਲ਼ੀਆਂ 'ਚੋਂ ਹੁੰਦੇ ਹੋਏ ਤੁਰੇ ਜਾ ਰਹੇ ਸਨ, ਚਾਰੇ ਪਾਸੇ ਅੰਧਕਾਰ ਸੀ, ਦੁਕਾਨਾਂ ਬੰਦ ਸਨ, ਬਾਜ਼ਾਰਾਂ ਵਿੱਚ ਚੁੱਪ ਵਰਤੀ ਪਈ ਸੀ, ਕੋਈ ਘਰੋਂ ਬਾਹਰ ਨਹੀਂ ਨਿੱਕਲ ਰਿਹਾ ਸੀ। ਫ਼ਕੀਰਾਂ ਨੇ ਵੀ ਮਸਜਿਦਾਂ 'ਚ ਪਨਾਹ ਲੈ ਲਈ ਸੀ, ਪਰ ਇਹਨਾਂ ਦੋਹਾਂ ਪ੍ਰਾਣੀਆਂ ਲਈ ਕੋਈ ਸਹਾਰਾ ਨਹੀਂ ਸੀ, ਨਾਦਿਰ ਦੇ ਲੱਕ ਨਾਲ ਤਲਵਾਰ ਲਟਕ ਰਹੀ ਸੀ, ਲੈਲਾ ਦੇ ਹੱਥ ਵਿੱਚ ਡੱਫ ਸੀ। ਇਹੀ ਉਹਨਾਂ ਦੀ ਵਿਸ਼ਾਲ ਧਨ ਸੰਪਦਾ ਦੇ ਆਖ਼ਰੀ ਚਿੰਨ੍ਹ ਸਨ।
ਪੂਰਾ ਸਾਲ ਗੁਜ਼ਰ ਗਿਆ, ਲੈਲਾ ਅਤੇ ਨਾਦਿਰ ਦੇਸ਼ ਵਿਦੇਸ਼ ਦੀ ਖ਼ਾਕ ਛਾਣਦੇ ਫਿਰ ਰਹੇ ਸਨ, ਸਮਰਕੰਦ ਅਤੇ ਬੁਖ਼ਾਰਾ, ਬਗ਼ਦਾਦ ਅਤੇ ਹਲਬ, ਕਾਹਿਰਾ ਅਤੇ ਹਦਨ, ਇਹ ਸਾਰੇ ਦੇਸ਼ ਉਹਨਾਂ ਗਾਹ ਦਿੱਤੇ, ਲੈਲਾ ਦੀ ਡੱਫ ਫਿਰ ਜਾਦੂ ਕਰਨ ਲੱਗੀ, ਉਸਦੀ ਆਵਾਜ਼ ਸੁਣਦੇ ਹੀ ਸ਼ਹਿਰ ਵਿੱਚ ਹਲਚਲ ਮੱਚ ਜਾਂਦੀ, ਆਦਮੀਆਂ ਦਾ ਮੇਲਾ ਲੱਗ ਜਾਂਦਾ, ਆਓ ਭਗਤ ਹੋਣ ਲਗ ਜਾਂਦੀ, ਪਰ ਇਹ ਦੋਵੇਂ ਯਾਤਰੀ ਕਿਤੇ ਵੀ ਇੱਕ ਦਿਨ ਤੋਂ ਵੱਧ ਨਾ ਠਹਿਰਦੇ, ਨਾ ਕਿਸੇ ਤੋਂ ਕੁਛ ਮੰਗਦੇ, ਨਾ ਕਿਸੇ ਬੂਹੇ 'ਤੇ ਜਾਂਦੇ, ਬੱਸ ਰੁੱਖਾ-ਸੁੱਖਾ ਭੋਜਨ ਕਰ ਲੈਂਦੇ ਅਤੇ ਕਦੇ ਕਿਸੇ ਰੁੱਖ ਦੇ ਹੇਠਾਂ, ਕਦੇ ਕਿਸੇ ਪਹਾੜ ਦੀ ਗੁਫ਼ਾ ਵਿੱਚ ਅਤੇ ਕਦੇ ਕਿਸੇ ਸੜਕ ਦੇ ਕਿਨਾਰੇ ਰਾਤ ਕੱਟ ਲੈਂਦੇ। ਦੁਨੀਆਂ ਦੇ ਕਠੋਰ ਰਵੱਈਏ ਨੇ ਉਹਨਾ ਨੂੰ ਵਿਰਕਤ ਕਰ ਦਿਤਾ ਸੀ, ਉਸਦੇ ਪ੍ਰਲੋਭਨ ਤੋਂ ਉਹ ਕੋਹਾਂ ਦੂਰ ਭੱਜਦੇ ਸਨ, ਉਹਨਾਂ ਨੂੰ ਅਨੁਭਵ ਹੋ ਗਿਆ ਸੀ ਕਿ ਇੱਥੇ ਜਿਸ ਉੇੱਤੇ ਜਾਨ ਵਾਰੋ, ਉਹੀ ਆਪਣਾ ਦੁਸ਼ਮਣ ਹੋ ਜਾਂਦਾ ਹੈ, ਜਿਸਦੇ ਨਾਲ ਭਲਾਈ ਕਰੋ, ਉਹੀ ਬੁਰਾਈ 'ਤੇ ਕਮਰ ਕਸ ਲੈਂਦਾ ਹੈ। ਇੱਥੇ ਕਿਸੇ ਨਾਲ ਦਿਲ ਨਹੀਂ ਲਗਾਉਣਾ ਚਾਹੀਦਾ। ਉਹਨਾਂ ਕੋਲ ਵੱਡੇ-ਵੱਡੇ ਰਈਸਾਂ ਦੇ ਸੱਦੇ-ਪੱਤਰ ਆਉਂਦੇ, ਉਹਨਾਂ ਨੂੰ ਇੱਕ ਦਿਨ ਲਈ ਆਪਣਾ ਮਹਿਮਾਨ ਬਣਾਉਣ ਲਈ ਲੋਕ ਹਜ਼ਾਰਾਂ ਤਰਲੇ ਕੱਢਦੇ, ਪਰ ਲੈਲਾ ਕਿਸੇ ਦੀ ਨਾ ਸੁਣਦੀ, ਨਾਦਿਰ 'ਤੇ ਕਦੇ-ਕਦੇ ਬਾਦਸ਼ਾਹਤ ਦੀ ਸਨਕ ਸਵਾਰ ਹੋ ਜਾਂਦੀ ਸੀ, ਉਹ ਚਾਹੁੰਦਾ ਸੀ ਕਿ ਗੁਪਤ ਰੂਪ ਵਿੱਚ ਤਾਕਤ ਇਕੱਠੀ ਕਰ ਕੇ ਤਹਿਰਾਨ ਉੱਤੇ ਚੜ੍ਹਾਈ ਕਰ ਦੇਵੇ ਅਤੇ ਬਾਗ਼ੀਆਂ ਦੇ ਦੰਦ ਖੱਟੇ ਕਰ ਕੇ ਅਖੰਡ ਰਾਜ ਕਰੇ, ਪਰ ਲੈਲਾ ਦੀ ਉਦਾਸੀਨਤਾ ਦੇਖ ਕੇ ਉਸਦਾ ਕਿਸੇ ਨੂੰ ਮਿਲਣ-ਜੁਲਣ ਦਾ ਹਿਆਂ ਨਾ ਪੈਂਦਾ। ਲੈਲਾ ਵਿੱਚ ਉਸਦੀ ਜਾਨ ਵਸਦੀ ਸੀ, ਉਹ ਉਸੇ ਦੇ ਇਸ਼ਾਰਿਆਂ 'ਤੇ ਚੱਲਦਾ ਸੀ।
ਉਧਰ ਈਰਾਨ 'ਚ ਵੀ ਅਰਾਜਕਤਾ ਫੈਲੀ ਹੋਈ ਸੀ, ਜਨਸੱਤਾ ਤੋਂ ਤੰਗ ਆ ਕੇ ਅਮੀਰਾਂ ਨੇ ਵੀ ਫੌਜਾਂ ਜਮ੍ਹਾ ਕਰ ਲਈਆਂ ਸਨ ਅਤੇ ਦੋਨਾਂ ਧਿਰਾਂ ਵਿੱਚ ਆਏ ਦਿਨ ਯੁੱਧ ਹੁੰਦਾ ਰਹਿੰਦਾ ਸੀ। ਪੂਰਾ ਸਾਲ ਬੀਤ ਗਿਆ ਪਰ ਖੇਤਾਂ ਵਿੱਚ ਹਲ਼ ਨਾ ਚੱਲੇ, ਦੇਸ਼ ਭਿਆਨਕ ਭੁੱਖਮਰੀ ਦਾ ਸ਼ਿਕਾਰ ਹੋਇਆ ਪਿਆ ਸੀ, ਵਪਾਰ ਠੱਪ ਸੀ, ਖ਼ਜ਼ਾਨਾ ਖਾਲੀ, ਦਿਨੋਂ-ਦਿਨ ਜਨਤਾ ਦੀ ਸ਼ਕਤੀ ਘਟਦੀ ਜਾਂਦੀ ਸੀ ਅਤੇ ਰਈਸਾਂ ਦਾ ਜ਼ੋਰ ਵਧਦਾ ਜਾਂਦਾ ਸੀ, ਆਖ਼ਿਰ ਇੱਥੋਂ ਤੱਕ ਨੌਬਤ ਆ ਪਹੁੰਚੀ ਕਿ ਜਨਤਾ ਨੇ ਹਥਿਆਰ ਸੁੱਟ ਦਿੱਤੇ ਅਤੇ ਅਮੀਰਾਂ ਨੇ ਰਾਜ ਭਵਨ 'ਤੇ ਆਪਣਾ ਅਧਿਕਾਰ ਜਮਾ ਲਿਆ। ਪਰਜਾ ਦੇ ਨੇਤਾਵਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ, ਕਿੰਨੇ ਹੀ ਕੈਦਖ਼ਾਨਿਆਂ ਵਿੱਚ ਸੁੱਟ ਦਿੱਤੇ ਗਏ ਅਤੇ ਜਨਸੱਤਾ ਦਾ ਅੰਤ ਹੋ ਗਿਆ। ਰਾਜ-ਸੱਤਾਵਾਦੀਆਂ ਨੂੰ ਹੁਣ ਨਾਦਿਰ ਦੀ ਯਾਦ ਆਈ, ਇਹ ਗੱਲ ਅਨੁਭਵ ਨਾਲ ਸਿੱਧ ਹੋ ਚੁੱਕੀ ਸੀ ਕਿ ਦੇਸ਼ ਵਿੱਚ ਪਰਜਾਤੰਤਰ ਸਥਾਪਿਤ ਕਰਨ ਦੀ ਸਮਰੱਥਾ ਦੀ ਅਣਹੋਂਦ ਹੈ। ਪ੍ਰਤੱਖ ਲਈ ਪ੍ਰਮਾਣ ਦੀ ਜ਼ਰੂਰਤ ਨਹੀਂ ਸੀ। ਇਸ ਮੌਕੇ ਰਾਜਸੱਤਾ ਹੀ ਦੇਸ਼ ਦਾ ਬੇੜਾ ਪਾਰ ਲਾ ਸਕਦੀ ਸੀ। ਇਹ ਵੀ ਮੰਨੀ ਹੋਈ ਗੱਲ ਸੀ ਕਿ ਲੈਲਾ ਅਤੇ ਨਾਦਿਰ ਨੂੰ ਵੀ ਹੁਣ ਜਨਮੱਤ ਨਾਲ ਕੋਈ ਖ਼ਾਸ ਲਗਾਅ ਨਹੀਂ ਰਹਿ ਗਿਆ ਹੋਵੇਗਾ। ਉਹ ਤਖ਼ਤ 'ਤੇ ਬੈਠ ਕੇ ਵੀ ਅਮੀਰਾਂ ਦੇ ਹੀ ਹੱਥਾਂ ਦੀ ਕਠਪੁਤਲੀ ਬਣੇ ਰਹਿਣਗੇ ਅਤੇ ਅਮੀਰਾਂ ਨੂੰ ਪਰਜਾ 'ਤੇ ਮਨਚਾਹੇ ਅੱਤਿਆਚਾਰ ਕਰਨ ਦਾ ਮੌਕਾ ਮਿਲੇਗਾ। ਇਸ ਸਦਕੇ ਆਪਸ ਵਿੱਚ ਸਲਾਹ ਕਰ ਕੇ ਉਹਨਾਂ ਨੇ ਆਪਣੇ ਇੱਕ ਪ੍ਰਤੀਨਿਧੀ ਨੂੰ ਨਾਦਿਰ ਨੂੰ ਮਨਾਉਣ ਲਈ ਰਵਾਨਾ ਕੀਤਾ।
ਸ਼ਾਮ ਦਾ ਵੇਲਾ ਸੀ, ਲੈਲਾ ਅਤੇ ਨਾਦਿਰ ਦਮਿਸ਼ਕ ਦੇ ਇੱਕ ਰੁੱਖ ਹੇਠਾਂ ਬੈਠੇ ਸਨ। ਅਸਮਾਨ 'ਤੇ ਲਾਲੀ ਛਾਈ ਹੋਈ ਸੀ ਅਤੇ ਉਸ ਨਾਲ ਖਹਿ ਰਹੀ ਪਰਬਤ-ਲੜੀ ਦੀ ਸਿਆਹ ਰੇਖਾ ਇਉਂ ਪ੍ਰਤੀਤ ਹੋ ਰਹੀ ਸੀ ਜਿਵੇਂ ਕਮਲ-ਦਲ ਮੁਰਝਾ ਗਿਆ ਹੋਵੇ। ਲੈਲਾ ਖ਼ੁਸ਼ਨੁਮਾ ਨਜ਼ਰਾਂ ਨਾਲ ਪ੍ਰਕਿਰਤੀ ਦੀ ਇਸ ਸ਼ੋਭਾ ਨੂੰ ਮਾਣ ਰਹੀ ਸੀ। ਨਾਦਿਰ ਮਲੀਨ ਅਤੇ ਚਿੰਤਤ ਭਾਵ ਨਾਲ ਪਿਆ ਸਾਹਮਣੇ ਦੇ ਪ੍ਰਾਂਤ ਨੂੰ ਤਰਸੀਆਂ ਨਿਗਾਹਾਂ ਨਾਲ ਦੇਖ ਰਿਹਾ ਸੀ, ਜਿਵੇਂ ਇਸ ਜੀਵਨ ਤੋਂ ਤੰਗ ਆ ਗਿਆ ਹੋਵੇ।
ਅਚਾਨਕ ਬਹੁਤ ਦੂਰ ਧੂੜ ਉੱਡਦੀ ਹੋਈ ਦਿਖਾਈ ਦਿੱਤੀ ਅਤੇ ਅਗਲੇ ਹੀ ਪਲ ਇਉਂ ਲੱਗਿਆ ਜਿਵੇਂ ਕੁਝ ਆਦਮੀ ਘੋੜਿਆਂ 'ਤੇ ਸਵਾਰ ਹੋ ਕੇ ਆ ਰਹੇ ਹੋਣ। ਨਾਦਿਰ ਉੱਠ ਬੈਠਿਆ ਅਤੇ ਗ਼ੌਰ ਨਾਲ ਦੇਖਣ ਲੱਗਿਆ ਕਿ ਇਹ ਆਦਮੀ ਕੌਣ ਹਨ। ਅਚਾਨਕ ਉਹ ਉੱਠ ਕੇ ਖੜ੍ਹਾ ਹੋ ਗਿਆ।ਉਸਦਾ ਮੁੱਖੜਾ ਦੀਵੇ ਵਾਂਗੂੰ ਚਮਕ ਉੱਠਿਆ, ਜਰਜਰ ਸਰੀਰ ਵਿੱਚ ਇੱਕ ਵਿਚਿੱਤਰ ਚੁਸਤੀ-ਫੁਰਤੀ ਦੌੜ ਗਈ। ਉਹ ਉਤਸੁਕਤਾ ਨਾਲ ਬੋਲਿਆ- ''ਲੈਲਾ, ਇਹ ਤਾਂ ਈਰਾਨ ਦੇ ਆਦਮੀ ਨੇ। ਕਲਾਮੇ-ਪਾਕ ਦੀ ਕਸਮ, ਇਹ ਈਰਾਨ ਦੇ ਹੀ ਆਦਮੀ ਨੇ, ਇਹਨਾਂ ਦੇ ਲਿਬਾਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ।''
ਲੈਲਾ ਨੇ ਵੀ ਉਹਨਾਂ ਯਾਤਰੀਆਂ ਵੱਲ ਦੇਖਿਆ ਤੇ ਸਚੇਤ ਹੋ ਕੇ ਕਿਹਾ- ''ਆਪਣੀ ਤਲਵਾਰ ਸੰਭਾਲ, ਸ਼ਾਇਦ ਉਸਦੀ ਲੋੜ ਪੈ ਜਾਵੇ।''
ਨਾਦਿਰ- ''ਨਹੀਂ ਲੈਲਾ, ਈਰਾਨ ਦੇ ਲੋਕ ਏਨੇ ਕਮੀਨੇ ਨਹੀਂ ਹਨ ਕਿ ਆਪਣੇ ਬਾਦਸ਼ਾਹ ਉੱਪਰ ਹੱਥ ਚੁੱਕਣ।''
ਸਵਾਰਾਂ ਨੇ ਕੋਲ ਆ ਕੇ ਘੋੜੇ ਰੋਕ ਲਏ ਅਤੇ ਉੱਤਰ ਕੇ ਬੜੇ ਅਦਬ ਨਾਲ ਨਾਦਿਰ ਨੂੰ ਸਲਾਮ ਕੀਤਾ।ਨਾਦਿਰ ਬਹੁਤ ਜ਼ਬਤ ਕਰਨ ਤੇ ਵੀ ਆਪਣੇ ਮਨੋਵੇਗ ਨੂੰ ਨਾ ਰੋਕ ਪਾਇਆ ਅਤੇ ਦੌੜ ਕੇ ਉਹਨਾਂ ਦੇ ਗਲ਼ ਨੂੰ ਚਿੰਬੜ ਗਿਆ। ਉਹ ਹੁਣ ਬਾਦਸ਼ਾਹ ਨਹੀਂ ਸੀ, ਈਰਾਨ ਦਾ ਇੱਕ ਮੁਸਾਫ਼ਿਰ ਸੀ, ਬਾਦਸ਼ਾਹਤ ਮਿਟ ਚੁੱਕੀ ਸੀ ਪਰ ਈਰਾਨੀਅਤ ਰੋਮ-ਰੋਮ ਵਿੱਚ ਭਰੀ ਹੋਈ ਸੀ। ਉਹ ਤਿੰਨੋਂ ਆਦਮੀ ਇਸ ਸਮੇਂ ਈਰਾਨ ਦੇ ਵਿਧਾਤਾ ਸਨ, ਉਹ ਉਹਨਾਂ ਨੂੰ ਖ਼ੂਬ ਪਛਾਣਦਾ ਸੀ, ਉਹਨਾਂ ਦੀ ਸਵਾਮੀ-ਭਗਤੀ ਦੀ ਉਹ ਕਈ ਵਾਰ ਪ੍ਰੀਖਿਆ ਲੈ ਚੁੱਕਾ ਸੀ। ਉਸਨੇ ਉਨ੍ਹਾਂ ਨੂੰ ਲਿਆ ਕੇ ਆਪਣੇ ਬੋਰੇ 'ਤੇ ਬਿਠਾਉਣਾ ਚਾਹਿਆ ਪਰ ਉਹ ਜ਼ਮੀਨ 'ਤੇ ਹੀ ਬੈਠੇ ਰਹੇ, ਉਹਨਾਂ ਦੀ ਨਜ਼ਰ 'ਚ ਉਹ ਬੋਰੀ ਉਸ ਸਮੇਂ ਤਖ਼ਤ ਸੀ, ਜਿਸ ਉੱਪਰ ਆਪਣੇ ਸਵਾਮੀ ਦੇ ਸਾਹਮਣੇ ਉਹ ਕਦਮ ਵੀ ਨਹੀਂ ਰੱਖ ਸਕਦੇ ਸਨ। ਗੱਲਬਾਤ ਛਿੜ ਪਈ, ਈਰਾਨ ਦੀ ਦਸ਼ਾ ਬਹੁਤ ਮਾੜੀ ਸੀ, ਲੁੱਟਮਾਰ ਦਾ ਬਾਜ਼ਾਰ ਗਰਮ ਸੀ, ਨਾ ਕੋਈ ਵਿਵਸਥਾ ਸੀ ਅਤੇ ਨਾ ਹੀ ਵਿਵਸਥਾ ਕਰਨ ਵਾਲੇ, ਜੇ ਇਹੀ ਦਸ਼ਾ ਰਹੀ ਤਾਂ ਸ਼ਾਇਦ ਬਹੁਤ ਜਲਦੀ ਉਸਦੇ ਗਲ਼ ਗ਼ੁਲਾਮੀ ਦੀ ਪੰਜਾਲ਼ੀ ਪੈ ਜਾਵੇਗੀ। ਦੇਸ਼ ਹੁਣ ਨਾਦਿਰ ਨੂੰ ਲੱਭ ਰਿਹਾ ਸੀ। ਉਸਦੇ ਸਿਵਾ ਕੋਈ ਦੂਸਰਾ ਉਸ ਡੁੱਬਦੇ ਹੋਏ ਬੇੜੇ ਨੂੰ ਪਾਰ ਨਹੀਂ ਲਗਾ ਸਕਦਾ ਸੀ। ਇਸੇ ਆਸ ਨੂੰ ਲੈ ਕੇ ਇਹ ਲੋਕ ਆਏ ਸਨ।
ਨਾਦਿਰ ਨੇ ਉਦਾਸੀਨਤਾ ਨਾਲ ਕਿਹਾ- ''ਇੱਕ ਵਾਰ ਇੱਜ਼ਤ ਉਤਾਰੀ, ਇਸ ਵਾਰ ਕੀ ਜਾਨ ਲੈਣ ਦੀ ਸੋਚੀ ਏ? ਮੈਂ ਬੜੇ ਆਰਾਮ ਨਾਲ ਹਾਂ, ਤੁਸੀਂ ਮੈਨੂੰ ਪਰੇਸ਼ਾਨ ਨਾ ਕਰੋ।''
ਸਰਦਾਰਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ- ''ਅਸੀਂ ਹਜ਼ੂਰ ਦਾ ਪੱਲਾ ਨਹੀਂ ਛੱਡਾਂਗੇ, ਇੱਥੇ ਹੀ ਆਪਣੀਆਂ ਗਰਦਨਾਂ 'ਤੇ ਛੁਰੀਆਂ ਫੇਰ ਕੇ ਆਪਣੇ ਹਜ਼ੂਰ ਦੇ ਕਦਮਾਂ ਵਿੱਚ ਜਾਨ ਦੇ ਦਿਆਂਗੇ, ਜਿਨ੍ਹਾਂ ਬਦਮਾਸ਼ਾਂ ਨੇ ਤੁਹਾਨੂੰ ਪਰੇਸ਼ਾਨ ਕੀਤਾ ਸੀ, ਹੁਣ ਉਹਨਾਂ ਦਾ ਕੋਈ ਨਾਮੋ-ਨਿਸ਼ਾਨ ਬਾਕੀ ਨਹੀਂ ਰਿਹਾ, ਅਸੀਂ ਉਨ੍ਹਾਂ ਨੂੰ ਹੁਣ ਕਦੇ ਵੀ ਸਿਰ ਉੇਠਾਉਣ ਨਹੀਂ ਦਿਆਂਗੇ, ਸਿਰਫ਼ ਹਜ਼ੂਰ ਦੀ ਸਰਪਰਸਤੀ ਚਾਹੀਦੀ ਹੈ।''
ਨਾਦਿਰ ਨੇ ਵਿੱਚੋਂ ਟੋਕ ਕੇ ਕਿਹਾ- ''ਸਾਹਿਬਾਨ, ਜੇਕਰ ਤੁਸੀਂ ਮੈਨੂੰ ਇਸ ਇਰਾਦੇ ਨਾਲ ਈਰਾਨ ਦਾ ਬਾਦਸ਼ਾਹ ਬਣਾਉਣਾ ਚਾਹੁੰਦੇ ਹੋ, ਤਾਂ ਮਾਫ਼ ਕਰੋ, ਇਸ ਸਫ਼ਰ ਵਿੱਚ ਮੈਂ ਪਰਜਾ ਦੀ ਹਾਲਤ ਦਾ ਬੜੇ ਗ਼ੌਰ ਨਾਲ ਮੁਲਾਹਜ਼ਾ ਕੀਤਾ ਹੈ ਅਤੇ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਸਾਰੇ ਮੁਲਕਾਂ ਵਿੱਚ ਉਸਦੀ ਹਾਲਤ ਖ਼ਰਾਬ ਹੈ, ਰਹਿਮ ਦੇ ਕਾਬਿਲ ਹੈ। ਈਰਾਨ ਵਿੱਚ ਮੈਨੂੰ ਕਦੇ ਇਹੋ ਜਿਹੇ ਮੌਕੇ ਨਹੀਂ ਮਿਲੇ ਸਨ। ਮੈਂ ਪਰਜਾ ਨੂੰ ਆਪਣੇ ਦਰਬਾਰੀਆਂ ਦੀਆਂ ਅੱਖਾਂ ਨਾਲ ਦੇਖਦਾ ਸੀ। ਮੇਰੇ ਤੋਂ ਤੁਸੀਂ ਇਹ ਉਮੀਦ ਨਾ ਰੱਖੋ ਕਿ ਮੈਂ ਪਰਜਾ ਨੂੰ ਲੁੱਟ ਕੇ ਤੁਹਾਡੀਆਂ ਜੇਬਾਂ ਭਰਾਂਗਾ। ਇਹ ਇਲਜ਼ਾਮ ਮੈਂ ਆਪਣੇ ਸਿਰ 'ਤੇ ਨਹੀਂ ਲੈ ਸਕਦਾ, ਮੈਂ ਇਨਸਾਫ਼ ਦੀ ਤੱਕੜੀ ਬਰਾਬਰ ਰੱਖਾਂਗਾ ਅਤੇ ਇਸੇ ਸ਼ਰਤ 'ਤੇ ਈਰਾਨ ਚੱਲ ਸਕਦਾ ਹਾਂ।''
ਲੈਲਾ ਨੇ ਮੁਸਕੁਰਾ ਕੇ ਕਿਹਾ- ''ਤੂੰ ਪਰਜਾ ਦਾ ਕਸੂਰ ਮਾਫ਼ ਕਰ ਸਕਦਾ ਏਂ, ਕਿਉਂਕਿ ਉਸਦੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਸਦੇ ਦੰਦ ਤਾਂ ਮੇਰੇ ਉੱਤੇ ਸਨ, ਮੈਂ ਉਸਨੂੰ ਕਿਵੇਂ ਮਾਫ਼ ਕਰ ਸਕਦੀ ਹਾਂ?''
ਨਾਦਿਰ ਨੇ ਬੜੀ ਗੰਭੀਰਤਾ ਨਾਲ ਕਿਹਾ- ''ਲੈਲਾ, ਮੈਨੂੰ ਯਕੀਨ ਨਹੀਂ ਆ ਰਿਹਾ ਕਿ ਮੈਂ ਤੇਰੇ ਮੂੰਹੋਂ ਏਹੋ ਜਿਹੀ ਗੱਲ ਸੁਣ ਰਿਹਾ ਹਾਂ।''
ਲੋਕਾਂ ਨੇ ਸਮਝਾਇਆ, ਹਾਲੇ ਉਨ੍ਹਾਂ ਨੂੰ ਭੜਕਾਉਣ ਦੀ ਜ਼ਰੂਰਤ ਹੀ ਕੀ ਹੈ? ਈਰਾਨ ਵਿੱਚ ਪਹੁੰਚ ਕੇ ਦੇਖਿਆ ਜਾਏਗਾ। ਦੋ-ਚਾਰ ਮੁਖ਼ਬਿਰਾਂ ਤੋਂ ਪਰਜਾ ਦੇ ਨਾਂ 'ਤੇ ਇਹੋ ਜਿਹੀਆਂ ਗੜਬੜੀਆਂ ਕਰਵਾ ਦਿਆਂਗੇ ਕਿ ਇਹਨਾਂ ਦੇ ਸਾਰੇ ਖ਼ਿਆਲਾਤ ਬਦਲ ਜਾਣਗੇ। ਇੱਕ ਸਰਦਾਰ ਨੇ ਬੇਨਤੀ ਕੀਤੀ- ''ਹਜ਼ੂਰ! ਇਹ ਕੀ ਆਖ ਰਹੇ ਹੋ? ਅਸੀਂ ਕੀ ਇੰਨੇ ਨਾਦਾਨ ਹਾਂ ਕਿ ਹਜ਼ੂਰ ਨੂੰ ਇਨਸਾਫ਼ ਦੇ ਰਸਤੇ 'ਤੋਂ ਭਟਕਾਉਣਾ ਚਾਹਾਂਗੇ? ਇਨਸਾਫ਼ ਹੀ ਬਾਦਸ਼ਾਹ ਦਾ ਜੌਹਰ ਹੈ, ਅਤੇ ਸਾਡੀ ਦਿਲੀ ਤਮੰਨਾ ਇਹੀ ਹੈ ਕਿ ਤੁਹਾਡਾ ਇਨਸਾਫ਼ ਨੌਂਸ਼ੇਰਵਾਂ ਨੂੰ ਵੀ ਸ਼ਰਮਸਾਰ ਕਰ ਦੇਵੇ। ਸਾਡੀ ਮਨਸ਼ਾ ਸਿਰਫ਼ ਏਹੋ ਹੈ ਕਿ ਅੱਗੇ ਤੋਂ ਅਸੀਂ ਪਰਜਾ ਨੂੰ ਕਦੇ ਏਹੋ ਜਿਹਾ ਮੌਕਾ ਨਹੀਂ ਦੇਵਾਂਗੇ ਕਿ ਉਹ ਹਜ਼ੂਰ ਦੀ ਸ਼ਾਨ ਵਿੱਚ ਬੇ-ਅਦਬੀ ਕਰ ਸਕੇ, ਅਸੀਂ ਆਪਣੀਆਂ ਜਾਨਾਂ ਹਜ਼ੂਰ 'ਤੇ ਵਾਰਨ ਲਈ ਹਮੇਸ਼ਾਂ ਤਿਆਰ ਹੋਵਾਂਗੇ।''
ਅਚਾਨਕ ਅਜਿਹਾ ਪ੍ਰਤੀਤ ਹੋਣ ਲੱਗਾ ਜਿਵੇਂ ਸਾਰੀ ਪ੍ਰਕਿਰਤੀ ਸੰਗੀਤਮਈ ਹੋ ਗਈ। ਪਹਾੜ ਅਤੇ ਰੁੱਖ, ਤਾਰੇ ਅਤੇ ਚੰਨ, ਹਵਾ ਅਤੇ ਪਾਣੀ, ਸਾਰੇ ਇੱਕੋ ਸੁਰ 'ਚ ਗਾਉਣ ਲੱਗ ਪਏ। ਚਾਨਣੀ ਦੀ ਨਿਰਮਲਤਾ ਵਿੱਚੋਂ, ਹਵਾ ਦੇ ਵਹਿਣ ਵਿੱਚੋਂ, ਸੰਗੀਤ ਦੀਆਂ ਤਰੰਗਾਂ ਉੱਠਣ ਲੱਗੀਆਂ, ਲੈਲਾ ਆਪਣਾ ਡੱਫ ਵਜਾ-ਵਜਾ ਕੇ ਗਾ ਰਹੀ ਸੀ, ਅੱਜ ਪਤਾ ਲੱਗਾ ਧੁਨੀ ਹੀ ਸ੍ਰਿਸ਼ਟੀ ਦਾ ਮੂਲ ਹੈ, ਪਹਾੜਾਂ ਉੱਪਰ ਦੇਵੀਆਂ ਨਿੱਕਲ-ਨਿੱਕਲ ਕੇ ਨੱਚਣ ਲਗ ਪਈਆਂ, ਆਕਾਸ਼ 'ਤੇ ਦੇਵਤਾ ਨੱਚਣ ਲੱਗ ਪਏ, ਸੰਗੀਤ ਨੇ ਇੱਕ ਨਵਾਂ ਸੰਸਾਰ ਰਚ ਦਿੱਤਾ।
ਉਸ ਦਿਨ ਤੋਂ, ਜਦੋਂ ਪਰਜਾ ਨੇ ਰਾਜ ਭਵਨ ਦੇ ਬੂਹੇ ਅੱਗੇ ਰੌਲਾ ਪਾਇਆ ਸੀ ਅਤੇ ਲੈਲਾ ਨੂੰ ਦੇਸ਼-ਨਿਕਾਲੇ ਲਈ ਮਜਬੂਰ ਕੀਤਾ ਸੀ, ਲੈਲਾ ਦੇ ਵਿਚਾਰਾਂ ਵਿੱਚ ਕ੍ਰਾਂਤੀ ਆ ਗਈ ਸੀ। ਜਨਮ ਤੋਂ ਹੀ ਉਸਨੇ ਜਨਤਾ ਦੇ ਨਾਲ ਸਹਾਨੁਭੂਤੀ ਕਰਨਾ ਸਿੱਖਿਆ ਸੀ, ਉਹ ਰਾਜ ਕਰਮਚਾਰੀਆਂ ਨੂੰ ਪਰਜਾ 'ਤੇ ਅੱਤਿਆਚਾਰ ਕਰਦੇ ਹੋਏ ਦੇਖਦੀ ਸੀ ਤਾਂ ਉਸਦਾ ਕੋਮਲ ਹਿਰਦਾ ਤੜਪ ਉੱਠਦਾ ਸੀ,ਉਦੋਂ ਧਨ, ਸੰਪਦਾ ਅਤੇ ਵਿਲਾਸ ਤੋਂ ਉਸਨੂੰ ਘ੍ਰਿਣਾ ਹੋਣ ਲਗਦੀ ਸੀ, ਜਿਸਦੇ ਕਾਰਣ ਪਰਜਾ ਨੂੰ ਇੰਨੇ ਦੁੱਖ ਸਹਿਣੇ ਪੈਂਦੇ ਸਨ। ਉਹ ਆਪਣੇ ਵਿੱਚ ਕੋਈ ਐਸੀ ਸ਼ਕਤੀ ਉਜਾਗਰ ਕਰਨਾ ਚਾਹੁੰਦੀ ਸੀ ਜੋ ਅੱਤਿਆਚਾਰੀਆਂ ਦੇ ਦਿਲਾਂ ਵਿੱਚ 'ਦਇਆ' ਅਤੇ ਪਰਜਾ ਦੇ ਦਿਲਾਂ ਵਿੱਚ 'ਨਿਡਰਤਾ' ਦਾ ਸੰਚਾਰ ਕਰ ਸਕੇ। ਉਸਦੀ ਬਾਲ-ਕਲਪਣਾ ਉਸਨੂੰ ਐਸੇ ਤਖ਼ਤ ਤੇ ਬਿਠਾ ਦਿੰਦੀ, ਜਿੱਥੇ ਉਹ ਆਪਣੀ ਨਿਆਂ ਨੀਤੀ ਨਾਲ ਸੰਸਾਰ ਵਿੱਚ ਯੁਗਾਂ ਤੱਕ ਉਪਸਥਿਤ ਕਰ ਦਿੰਦੀ। ਕਿੰਨੀਆਂ ਹੀ ਰਾਤਾਂ ਉਸਨੇ ਇਹ ਸੁਪਨਾ ਦੇਖਣ ਵਿੱਚ ਕੱਟੀਆਂ ਸਨ, ਕਿੰਨੀ ਵਾਰ ਉਹ ਅਨਿਆਂ ਪੀੜਤਾਂ ਦੇ ਸਿਰਹਾਣੇ ਬੈਠ ਕੇ ਰੋਈ ਸੀ, ਪਰ ਜਦ ਇੱਕ ਦਿਨ ਐਸਾ ਆਇਆ ਕਿ ਉਸਦੇ ਸੁਨਹਿਰੀ ਖ਼ਾਬ ਅੰਸ਼ਿਕ ਰੂਪ ਵਿੱਚ ਪੂਰੇ ਹੋਣ ਲੱਗੇ ਤਦ ਉਸਨੂੰ ਇੱਕ ਨਵਾਂ ਅਤੇ ਕਠੋਰ ਅਨੁਭਵ ਹੋਇਆ, ਉਸਨੇ ਦੇਖਿਆ ਕਿ ਪਰਜਾ ਇੰਨੀ ਸਹਿਣਸ਼ੀਲ, ਇੰਨੀ ਦੁਰਬਲ ਤੇ ਇੰਨੀ ਦੀਨ ਵੀ ਨਹੀਂ ਹੈ, ਜਿੰਨਾ ਉਹ ਸਮਝਦੀ ਸੀ।ਬਲਕਿ ਉਸ ਵਿੱਚ ਹੋਛੇਪਣ, ਅਵਿਚਾਰ ਅਤੇ ਅਸੱਭਿਅਕਤਾ ਦੀ ਮਾਤਰਾ ਕਿਤੇ ਜ਼ਿਆਦਾ ਸੀ। ਉਹ ਚੰਗੇ ਵਿਵਹਾਰ ਦੀ ਕਦਰ ਕਰਨਾ ਨਹੀਂ ਜਾਣਦੀ, ਤਾਕਤ ਹਾਸਿਲ ਕਰ ਕੇ ਵੀ ਉਸਦਾ ਸਹੀ ਉਪਯੋਗ ਨਹੀਂ ਕਰ ਸਕਦੀ, ਉਸੇ ਦਿਨ ਉਸਦਾ ਦਿਲ ਜਨਤਾ ਤੋਂ ਫਿਰ ਗਿਆ ਸੀ।
ਜਿਸ ਦਿਨ ਨਾਦਿਰ ਅਤੇ ਲੈਲਾ ਫਿਰ ਤਹਿਰਾਨ ਵਿੱਚ ਉਜਾਗਰ ਹੋਏ, ਸਾਰਾ ਨਗਰ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਨਿੱਕਲ ਪਿਆ। ਸ਼ਹਿਰ ਵਿੱਚ ਆਤੰਕ ਛਾਇਆ ਪਿਆ ਸੀ, ਹਰ ਪਾਸੇ ਪੀੜਾਮਈ ਰੁਦਨ ਦੀ ਧੁਨੀ ਸੁਣਾਈ ਦੇ ਰਹੀ ਸੀ, ਅਮੀਰਾਂ ਦੇ ਮੁਹੱਲੇ ਵਿੱਚ ਖ਼ੁਸ਼ੀ ਰੁਲਦੀ ਫਿਰ ਰਹੀ ਸੀ ਅਤੇ ਗ਼ਰੀਬਾਂ ਦੇ ਮੁਹੱਲੇ ਉੱਜੜੇ ਪਏ ਸਨ, ਉਹਨਾਂ ਨੂੰ ਦੇਖ ਕੇ ਕਲੇਜਾ ਫਟਿਆ ਜਾ ਰਿਹਾ ਸੀ, ਨਾਦਿਰ ਰੋ ਪਿਆ, ਪਰ ਲੈਲਾ ਦੇ ਬੁਲ੍ਹਾਂ 'ਤੇ ਕਠੋਰ, ਨਿਰਦਈ ਹਾਸਾ ਤੈਰ ਰਿਹਾ ਸੀ।
ਨਾਦਿਰ ਦੇ ਸਾਹਮਣੇ ਹੁਣ ਇੱਕ ਵਿਕਟ ਸਮੱਸਿਆ ਸੀ, ਉਹ ਨਿੱਤ ਦੇਖਦਾ ਕਿ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਨਹੀਂ ਹੁੰਦਾ ਅਤੇ ਜੋ ਨਹੀਂ ਕਰਨਾ ਚਾਹੁੰਦਾ, ਉਹੀ ਹੁੰਦਾ ਹੈ, ਅਤੇ ਇਸਦਾ ਕਾਰਣ ਲੈਲਾ ਹੈ। ਪਰ ਕੁਛ ਕਹਿ ਨਹੀਂ ਸਕਦਾ ਸੀ, ਲੈਲਾ ਉਸਦੇ ਹਰ ਕੰਮ ਵਿੱਚ ਆਪਣੀ ਟੰਗ ਅੜਾਉਂਦੀ ਸੀ। ਉਹ ਜਨਤਾ ਦੇ ਉਪਕਾਰ ਅਤੇ ਉੱਥਾਨ ਲਈ ਜੋ ਵੀ ਵਿਉਂਤ ਘੜਦਾ, ਲੈਲਾ ਉਸ ਵਿੱਚ ਕੋਈ ਨਾ ਕੋਈ ਵਿਘਨ ਪਾ ਦਿੰਦੀ ਅਤੇ ਉਸ ਨੂੰ ਚੁੱਪ ਰਹਿਣ ਦੇ ਸਿਵਾਏ ਕੁਝ ਨਾ ਸੁੱਝਦਾ। ਲੈਲਾ ਦੇ ਲਈ ਉਸਨੇ ਇੱਕ ਵਾਰ ਰਾਜਪਾਟ ਦਾ ਤਿਆਗ ਕਰ ਦਿੱਤਾ ਸੀ, ਉਦੋਂ ਬੁਰੇ ਵਕਤ ਵਿੱਚ ਲੈਲਾ ਦੀ ਪ੍ਰੀਖਿਆ ਲਈ ਸੀ, ਇੰਨੇ ਦਿਨਾਂ ਦੀ ਬਿਪਤਾ ਵਿੱਚ ਉਸਨੂੰ ਲੈਲਾ ਦੇ ਚਰਿੱਤਰ ਦਾ ਜੋ ਅਨੁਭਵ ਹੋਇਆ ਸੀ, ਉਹ ਇੰਨਾ ਮਨੋਹਰ, ਇੰਨਾ ਰਸਭਿੰਨਾ ਸੀ ਕਿ ਉਹ ਲੈਲਾ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਸੀ। ਲੈਲਾ ਹੀ ਉਸਦਾ ਸਵਰਗ ਸੀ, ਉਸਦੇ ਪ੍ਰੇਮ ਵਿੱਚ ਡੁੱਬੇ ਰਹਿਣਾ ਹੀ ਉਸ ਦੀ ਸਭ ਤੋਂ ਵੱਡੀ ਖ਼ਾਹਿਸ਼ ਸੀ, ਲੈਲਾ ਲਈ ਉਹ ਹੁਣ ਕੀ ਕੁਝ ਨਹੀਂ ਕਰ ਸਕਦਾ ਸੀ? ਪਰਜਾ ਦੀ ਅਤੇ ਸਾਮਰਾਜ ਦੀ ਉਸਦੇ ਸਾਹਮਣੇ ਕੀ ਹਸਤੀ ਸੀ?
ਇਸੇ ਤਰ੍ਹਾਂ ਤਿੰਨ ਸਾਲ ਬੀਤ ਗਏ, ਪਰਜਾ ਦੀ ਦਸ਼ਾ ਦਿਨ-ਬ-ਦਿਨ ਵਿਗੜਦੀ ਹੀ ਗਈ।
ਇੱਕ ਦਿਨ ਨਾਦਿਰ ਸ਼ਿਕਾਰ ਖੇਡਣ ਗਿਆ ਅਤੇ ਸਾਥੀਆਂ ਤੋਂ ਅਲੱਗ ਹੋ ਜੰਗਲ ਵਿੱਚ ਭਟਕਣ ਲੱਗਾ, ਇੱਥੋਂ ਤੱਕ ਕਿ ਰਾਤ ਹੋ ਗਈ, ਪਰ ਸਾਥੀਆਂ ਦਾ ਪਤਾ ਨਾ ਚੱਲਿਆ, ਘਰ ਪਰਤਣ ਦਾ ਰਾਹ ਵੀ ਉਹ ਨਹੀਂ ਜਾਣਦਾ ਸੀ। ਅਖ਼ੀਰ ਖ਼ੁਦਾ ਦਾ ਨਾਂ ਲੈ ਕੇ ਉਹ ਇੱਕ ਪਾਸੇ ਨੂੰ ਤੁਰ ਪਿਆ ਕਿ ਕਿਤੇ ਤਾਂ ਕਿਸੇ ਪਿੰਡ ਜਾਂ ਬਸਤੀ ਦਾ ਨਾਮੋ-ਨਿਸ਼ਾਨ ਮਿਲੇਗਾ, ਉਥੇ ਰਾਤ ਭਰ ਪਿਆ ਰਹਾਂਗਾ ਅਤੇ ਸਵੇਰੇ ਪਰਤ ਜਾਵਾਂਗਾ। ਚੱਲਦੇ-ਚੱਲਦੇ ਜੰਗਲ ਦੇ ਦੂਸਰੇ ਸਿਰੇ 'ਤੇ ਉਸਨੂੰ ਇੱਕ ਪਿੰਡ ਨਜ਼ਰ ਆਇਆ, ਜਿਸ ਵਿੱਚ ਮੁਸ਼ਕਿਲ ਨਾਲ ਦੋ ਚਾਰ ਘਰ ਹੋਣਗੇ, ਹਾਂ, ਇੱਕ ਮਸਜਿਦ ਜ਼ਰੂਰ ਬਣੀ ਹੋਈ ਸੀ, ਮਸਜਿਦ ਵਿੱਚ ਇੱਕ ਦੀਵਾ ਟਿਮਟਿਮਾ ਰਿਹਾ ਸੀ, ਪਰ ਕਿਸੇ ਆਦਮੀ ਜਾਂ ਆਦਮਜ਼ਾਤ ਦਾ ਨਾਮੋ- ਨਿਸ਼ਾਨ ਤੱਕ ਨਹੀਂ ਸੀ, ਅੱਧੀ ਰਾਤ ਤੋਂ ਜ਼ਿਆਦਾ ਬੀਤ ਚੁੱਕੀ ਸੀ, ਇਸ ਲਈ ਕਿਸੇ ਨੂੰ ਤਕਲੀਫ਼ ਦੇਣੀ ਵੀ ਠੀਕ ਨਹੀਂ ਸੀ। ਨਾਦਿਰ ਨੇ ਘੋੜੇ ਨੂੰ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਮਸਜਿਦ ਵਿੱਚ ਰਾਤ ਕੱਟਣ ਦੀ ਠਾਣ ਲਈ। ਉੱਥੇ ਇੱਕ ਫਟੀ ਜਿਹੀ ਚਟਾਈ ਪਈ ਸੀ, ਉਹ ਉਸੇ 'ਤੇ ਲੇਟ ਗਿਆ, ਦਿਨ ਭਰ ਦਾ ਥੱਕਿਆ ਮਾਰਿਆ ਸੀ, ਪੈਂਦੇ ਸਾਰ ਹੀ ਨੀਂਦ ਆ ਗਈ। ਪਤਾ ਨਹੀਂ ਉਹ ਕਿੰਨੀ ਦੇਰ ਸੁੱਤਾ ਰਿਹਾ, ਪਰ ਕਿਸੇ ਦੀ ਆਹਟ ਪਾ ਕੇ ਤ੍ਰਭਕਿਆ ਤਾਂ ਕੀ ਦੇਖਦਾ ਹੈ ਕਿ ਇੱਕ ਬੁੱਢਾ ਆਦਮੀ ਬੈਠਾ ਨਮਾਜ਼ ਪੜ੍ਹ ਰਿਹਾ ਹੈ, ਨਾਦਿਰ ਨੂੰ ਅਸਚਰਜ ਹੋਇਆ ਕਿ ਇੰਨੀ ਰਾਤ ਗਏ ਕੌਣ ਨਮਾਜ਼ ਪੜ੍ਹ ਰਿਹਾ ਹੈ। ਉਸਨੂੰ ਇਹ ਖ਼ਬਰ ਨਹੀਂ ਸੀ ਕਿ ਰਾਤ ਬੀਤ ਚੁੱਕੀ ਹੈ ਅਤੇ ਇਹ ਫ਼ਜ਼ਲ ਦੀ ਨਮਾਜ਼ ਹੈ। ਉਹ ਪਿਆ-ਪਿਆ ਦੇਖਦਾ ਰਿਹਾ। ਬਿਰਧ ਵਿਅਕਤੀ ਨੇ ਨਮਾਜ਼ ਅਦਾ ਕੀਤੀ, ਫਿਰ ਉਹ ਸੀਨੇ ਦੇ ਸਾਹਮਣੇ ਹੱਥ ਫੈਲਾ ਕੇ ਦੁਆ ਮੰਗਣ ਲੱਗਾ, ਦੁਆ ਦੇ ਸ਼ਬਦ ਸੁਣ ਕੇ ਉਸਦਾ ਖ਼ੂਨ ਸਰਦ ਹੋ ਗਿਆ। ਉਹ ਦੁਆ ਉਸਦੇ ਰਾਜਕਾਲ ਦੀ ਐਸੀ ਤੀਬਰ, ਐਸੀ ਵਾਸਤਵਿਕ, ਐਸੀ ਸਿੱਖਿਆਪਰਕ ਆਲੋਚਨਾ ਸੀ, ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਸੀ। ਉਸਨੂੰ ਆਪਣੇ ਜੀਵਨ ਵਿੱਚ ਆਪਣਾ ਅਪਯਸ਼ ਸੁਣਨ ਦਾ ਮੌਕਾ ਮਿਲ ਰਿਹਾ ਸੀ, ਉਹ ਇਹ ਤਾਂ ਜਾਣਦਾ ਸੀ ਕਿ ਉਸਦਾ ਸ਼ਾਸਨ ਆਦਰਸ਼ ਨਹੀਂ ਹੈ, ਪਰ ਇਹ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਸਥਿਤੀ ਇੰਨੀ ਅਸਹਿਣਯੋਗ ਹੋ ਗਈ ਹੈ, ਦੁਆ ਇਹ ਸੀ-
''ਐ ਖ਼ੁਦਾ! ਤੂੰ ਹੀ ਗ਼ਰੀਬਾਂ ਦਾ ਮਦਦਗ਼ਾਰ ਅਤੇ ਬੇਕਸਾਂ ਦਾ ਸਹਾਰਾ ਹੈਂ। ਤੂੰ ਇਸ ਜ਼ਾਲਿਮ ਬਾਦਸ਼ਾਹ ਦੇ ਜ਼ੁਲਮ ਦੇਖਦਾ ਹੈਂ ਤੇ ਤੇਰਾ ਕਹਿਰ ਉਸ 'ਤੇ ਨਹੀਂ ਡਿੱਗਦਾ, ਇਹ ਬੇ-ਦੀਨ ਕਾਫ਼ਿਰ, ਇੱਕ ਹਸੀਨ ਔਰਤ ਦੀ ਮੁਹੱਬਤ ਵਿੱਚ ਖ਼ੁਦ ਨੂੰ ਏਨਾ ਭੁੱਲ ਗਿਆ ਹੈ ਕਿ ਨਾ ਅੱਖਾਂ ਤੋਂ ਦੇਖਦਾ ਹੈ ਨਾ ਕੰਨਾਂ ਤੋਂ ਸੁਣਦਾ ਹੈ। ਜੇ ਦੇਖਦਾ ਹੈ ਤਾਂ ਉਸੇ ਔਰਤ ਦੀਆਂ ਅੱਖਾਂ ਤੋਂ, ਜੇ ਸੁਣਦਾ ਹੈ ਤਾਂ ਉਸੇ ਔਰਤ ਦੇ ਕੰਨਾਂ ਤੋਂ, ਹੁਣ ਇਹ ਮੁਸੀਬਤ ਨਹੀਂ ਸਹੀ ਜਾਂਦੀ, ਜਾਂ ਤਾਂ ਤੂੰ ਉਸ ਜ਼ਾਲਿਮ ਨੂੰ ਜਹੰਨੁਮ ਪਹੁੰਚਾ ਦੇ, ਜਾਂ ਸਾਨੂੰ ਬੇਕਸਾਂ ਨੂੰ ਇਸ ਦੁਨੀਆਂ 'ਤੋਂ ਉਠਾ ਲੈ, ਈਰਾਨ ਉਸਦੇ ਜ਼ੁਲਮ ਤੋਂ ਤੰਗ ਆ ਗਿਆ ਹੈ ਅਤੇ ਤੂੰ ਹੀ ਉਸਦੇ ਸਿਰ 'ਤੋਂ ਇਸ ਬਲਾ ਨੂੰ ਟਾਲ ਸਕਦਾ ਹੈਂ।''
ਬੁੱਢੇ ਨੇ ਤਾਂ ਆਪਣੀ ਖੂੰਡੀ ਸੰਭਾਲੀ ਅਤੇ ਤੁਰਦਾ ਬਣਿਆ, ਪਰ ਨਾਦਿਰ ਕਿਸੇ ਮੁਰਦੇ ਵਾਂਗ ਉੱਥੇ ਹੀ ਪਿਆ ਰਿਹਾ, ਜਿਵੇਂ ਉਸ 'ਤੇ ਬਿਜਲੀ ਡਿੱਗ ਪਈ ਹੋਵੇ।
ਇੱਕ ਹਫ਼ਤੇ ਤੱਕ ਨਾਦਿਰ ਦਰਬਾਰ ਵਿੱਚ ਨਾ ਆਇਆ ਤੇ ਨਾ ਹੀ ਕਿਸੇ ਕਰਮਚਾਰੀ ਨੂੰ ਆਪਣੇ ਕੋਲ ਆਉਣ ਦੀ ਆਗਿਆ ਦਿੱਤੀ, ਪੂਰਾ ਦਿਨ ਅੰਦਰ ਪਿਆ ਇਹ ਸੋਚਦਾ ਰਹਿੰਦਾ ਕਿ ਕੀ ਕਰਾਂ, ਨਾਂ-ਮਾਤਰ ਨੂੰ ਕੁਛ ਖਾ ਲੈਂਦਾ, ਲੈਲਾ ਬਾਰ-ਬਾਰ ਉੇਸਦੇ ਕੋਲ ਜਾਂਦੀ ਅਤੇ ਕਦੇ ਉਸਦਾ ਸਿਰ ਆਪਣੀ ਗੋਦੀ 'ਚ ਰੱਖ ਕੇ, ਕਦੇ ਉਸਦੇ ਗਲ਼ 'ਚ ਬਾਹਾਂ ਪਾ ਕੇ ਪੁੱਛਦੀ- ''ਤੂੰ ਕਿਉਂ ਏਨਾ ਉਦਾਸ ਤੇ ਪਰੇਸ਼ਾਨ ਏਂ?'' ਨਾਦਿਰ ਉਸਨੂੰ ਦੇਖ ਕੇ ਰੋਣ ਲੱਗ ਪੈਂਦਾ, ਪਰ ਮੂੰਹੋਂ ਕੁਝ ਨਾ ਕਹਿੰਦਾ, ਯਸ਼ ਜਾਂ ਲੈਲਾ, ਇਹੀ ਉਸਦੇ ਸਾਹਮਣੇ ਕਠਿਨ ਸਮੱਸਿਆ ਸੀ,ਉਸਦੇ ਹਿਰਦੇ ਵਿੱਚ ਭਿਅੰਕਰ ਦੁਚਿੱਤੀ ਲੱਗੀ ਰਹਿੰਦੀ, ਪਰ ਉਹ ਕੁਛ ਨਿਸ਼ਚੈ ਨਾ ਕਰ ਪਾਉਂਦਾ, ਯਸ਼ ਪਿਆਰਾ ਸੀ, ਪਰ ਲੈਲਾ ਉਸ 'ਤੋਂ ਵੀ ਪਿਆਰੀ ਸੀ, ਉਹ ਬਦਨਾਮ ਹੋ ਕੇ ਜਿਉਂਦਾ ਰਹਿ ਸਕਦਾ ਸੀ, ਪਰ ਲੈਲਾ ਦੇ ਬਿਨਾ ਉਹ ਆਪਣੇ ਜੀਵਨ ਦੀ ਕਲਪਣਾ ਹੀ ਨਹੀਂ ਕਰ ਸਕਦਾ ਸੀ, ਲੈਲਾ ਉਸਦੇ ਰੋਮ-ਰੋਮ ਵਿੱਚ ਵਿਆਪਕ ਸੀ।
ਅੰਤ ਵਿੱਚ ਉਸਨੇ ਨਿਸ਼ਚੈ ਕਰ ਲਿਆ- ਲੇਲਾ ਮੇਰੀ ਹੈ, ਮੈਂ ਲੈਲਾ ਦਾ ਹਾਂ, ਨਾ ਮੈਂ ਉਸਤੋਂ ਅਲੱਗ, ਨਾ ਉਹ ਮੇਰੇ ਤੋਂ ਜੁਦਾ, ਜੋ ਕੁਝ ਉਹ ਕਰਦੀ ਹੈ, ਮੇਰਾ ਹੈ, ਜੋ ਕੁਝ ਮੈਂ ਕਰਦਾ ਹਾਂ, ਉਸਦਾ ਹੈ। ਇੱਥੇ ਮੇਰ ਅਤੇ ਤੇਰ ਦਾ ਭੇਦ ਹੀ ਕਿੱਥੇ? ਬਾਦਸ਼ਾਹਤ ਨਸ਼ਵਰ ਹੈ, ਪ੍ਰੇਮ ਅਮਰ, ਅਸੀਂ ਅਨੰਤ ਕਾਲ ਤੱਕ ਇੱਕ ਦੂਸਰੇ ਦੀ ਬੁੱਕਲ ਵਿੱਚ ਬੈਠੇ ਹੋਏ ਸਵਰਗ ਦਾ ਸੁੱਖ ਭੋਗਾਂਗੇ, ਸਾਡਾ ਪ੍ਰੇਮ ਅਨੰਤ ਕਾਲ ਤੱਕ ਅਸਮਾਨ ਦੇ ਤਾਰੇ ਵਾਂਗੂੰ ਚਮਕੇਗਾ। ਨਾਦਿਰ ਪ੍ਰਸੰਨ ਹੋ ਕੇ ਉੱਠਿਆ। ਉਸਦਾ ਮੁੱਖੜਾ ਜਿੱਤ ਦੀ ਲਾਲੀ ਨਾਲ ਦਹਿਕ ਰਿਹਾ ਸੀ, ਅੱਖਾਂ ਵਿੱਚੋਂ ਸੂਰਬੀਰਤਾ ਝਲਕ ਰਹੀ ਸੀ। ਉਹ ਲੈਲਾ ਦੇ ਪ੍ਰੇਮ ਦਾ ਪਿਆਲਾ ਪੀਣ ਜਾ ਰਿਹਾ ਸੀ, ਜਿਸਨੂੰ ਇੱਕ ਹਫ਼ਤੇ ਤੱਕ ਉਸਨੇ ਮੂੰਹ ਵੀ ਨਹੀਂ ਲਾਇਆ ਸੀ। ਉਸਦਾ ਦਿਲ ਉਸੇ ਉਮੰਗ ਵਿੱਚ ਉੱਛਲ ਰਿਹਾ ਸੀ, ਜੋ ਅੱਜ ਤੋਂ ਪੰਜ ਸਾਲ ਪਹਿਲਾਂ ਉੱਠਿਆ ਕਰਦੀ ਸੀ। ਪ੍ਰੇਮ ਦਾ ਫੁੱਲ ਕਦੇ ਨਹੀਂ ਮੁਰਝਾਉਂਦਾ, ਪ੍ਰੇਮ ਦੀ ਨੀਂਦ ਕਦੇ ਨਹੀਂ ਉੱਤਰਦੀ।
ਪਰ ਲੈਲਾ ਦੀ ਆਰਾਮਗਾਹ ਦੇ ਬੂਹੇ ਬੰਦ ਸਨ ਅਤੇ ਡੱਫ ਜੋ ਬੂਹੇ 'ਤੇ ਨਿੱਤ ਇੱਕ ਕਿੱਲੀ 'ਤੇ ਟੰਗਿਆ ਰਹਿੰਦਾ ਸੀ, ਗ਼ਾਇਬ ਸੀ। ਨਾਦਿਰ ਦਾ ਕਲੇਜਾ ਸੁੰਨ ਹੋ ਗਿਆ। ਬੂਹਾ ਬੰਦ ਰਹਿਣ ਦਾ ਮਤਲਬ ਤਾਂ ਇਹ ਹੋ ਸਕਦਾ ਸੀ ਕਿ ਲੈਲਾ ਬਾਗ਼ ਵਿੱਚ ਹੋਵੇਗੀ, ਪਰ ਡੱਫ ਕਿੱਥੇ ਗਿਆ? ਸੰਭਵ ਹੈ, ਉਹ ਡੱਫ ਲੈ ਕੇ ਬਾਗ਼ ਵਿੱਚ ਗਈ ਹੋਵੇ, ਪਰ ਇਹ ਉਦਾਸੀ ਕਿਉਂ ਛਾਈ ਹੈ? ਇਹ ਮਾਯੂਸੀ ਕਿਉਂ ਟਪਕ ਰਹੀ ਹੈ? ਨਾਦਿਰ ਨੇ ਕੰਬਦੇ ਹੋਏ ਹੱਥਾਂ ਨਾਲ ਬੂਹਾ ਖੋਲ੍ਹ ਦਿੱਤਾ, ਲੈਲਾ ਅੰਦਰ ਨਹੀਂ ਸੀ। ਪਲੰਘ ਵਿਛਿਆ ਹੋਇਆ ਸੀ, ਸ਼ਮਾਂ ਜਲ ਰਹੀ ਸੀ, ਵੁਜ਼ੂ ਦਾ ਪਾਣੀ ਰੱਖਿਆ ਹੋਇਆ ਸੀ, ਨਾਦਿਰ ਦੇ ਪੈਰ ਥਰਥਰਾਉਣ ਲੱਗ ਪਏ। ਕੀ ਲੈਲਾ ਰਾਤ ਨੂੰ ਵੀ ਨਹੀਂ ਸੁੱਤੀ? ਕਮਰੇ ਦੀ ਇੱਕ-ਇੱਕ ਚੀਜ਼ ਵਿੱਚ ਲੈਲਾ ਦੀ ਯਾਦ ਸੀ, ਉਸਦੀ ਤਸਵੀਰ ਸੀ, ਉਸਦੀ ਮਹਿਕ ਸੀ ਪਰ ਲੈਲਾ ਨਹੀਂ ਸੀ, ਮਕਾਨ ਸੁੰਨਸਾਨ ਪ੍ਰਤੀਤ ਹੋ ਰਿਹਾ ਸੀ, ਜਿਵੇਂ ਜੋਤੀ ਰਹਿਤ ਨੇਤਰ।
ਨਾਦਿਰ ਦਾ ਦਿਲ ਭਰ ਆਇਆ, ਉਸਦੀ ਹਿੰਮਤ ਨਾ ਪਈ ਕਿ ਕਿਸੇ ਤੋਂ ਕੁਝ ਪੁੱਛੇ, ਦਿਲ ਏਨਾ ਕਾਤਿਰ ਹੋ ਗਿਆ ਕਿ ਮੂਰਖਾਂ ਦੇ ਵਾਂਗ ਫ਼ਰਸ਼ 'ਤੇ ਬੈਠ ਕੇ ਵਿਲਕ- ਵਿਲਕ ਕੇ ਰੋਣ ਲੱਗ ਪਿਆ। ਜਦੋਂ ਜ਼ਰਾ ਹੰਝੂ ਰੁਕੇ ਤਾਂ ਉਸਨੇ ਬਿਸਤਰ ਨੂੰ ਸੁੰਘਿਆ ਕਿ ਸ਼ਾਇਦ ਲੈਲਾ ਦੇ ਸਪਰਸ਼ ਦੀ ਗੰਧ ਆਏ, ਪਰ ਖ਼ਸ ਅਤੇ ਗ਼ੁਲਾਬ ਦੀ ਮਹਿਕ ਦੇ ਸਿਵਾ ਕੋਈ ਸੁਗੰਧ ਨਹੀਂ ਸੀ।
ਅਚਾਨਕ ਉਸਨੂੰ ਸਿਰਹਾਣੇ ਦੇ ਥੱਲਿਉਂ ਬਾਹਰ ਨਿੱਕਲਿਆ ਹੋਇਆ ਇੱਕ ਕਾਗਜ਼ ਦਾ ਪੁਰਜ਼ਾ ਦਿਖਾਈ ਦਿੱਤਾ। ਉਸਨੇ ਇੱਕ ਹੱਥ ਨਾਲ ਕਲੇਜੇ ਨੂੰ ਸੰਭਾਲ ਕੇ ਪੁਰਜ਼ਾ ਕੱਢ ਲਿਆ ਅਤੇ ਸਹਿਮੀਆਂ ਹੋਈਆਂ ਅੱਖਾਂ ਨਾਲ ਉਸਨੂੰ ਦੇਖਿਆ। ਇੱਕੋ ਨਿਗਾਹ ਵਿੱਚ ਸਾਰਾ ਭੇਤ ਖੁੱਲ੍ਹ ਗਿਆ। ਉਹ ਨਾਦਿਰ ਦੀ ਕਿਸਮਤ ਦਾ ਫੈਸਲਾ ਸੀ। ਨਾਦਿਰ ਦੇ ਮੂੰਹੋਂ ਨਿੱਕਲਿਆ- ''ਹਾਏ ਲੈਲਾ!'' ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਲੈਲਾ ਨੇ ਉਸ ਕਾਗਜ਼ ਦੇ ਪੁਰਜ਼ੇ 'ਤੇ ਲਿਖਿਆ ਸੀ- ''ਮੇਰੇ ਪਿਆਰੇ ਨਾਦਿਰ, ਤੇਰੀ ਲੈਲਾ ਤੇਰੇ ਤੋਂ ਜੁਦਾ ਹੁੰਦੀ ਏ- ਹਮੇਸ਼ਾਂ ਲਈ, ਮੇਰੀ ਤਲਾਸ਼ ਨਾ ਕਰੀਂ, ਤੈਨੂੰ ਮੇਰਾ ਸੁਰਾਗ਼ ਨਹੀਂ ਮਿਲੇਗਾ, ਮੈਂ ਤੇਰੀ ਮੁਹੱਬਤ ਦੀ ਗ਼ੁਲਾਮ ਸੀ, ਤੇਰੀ ਬਾਦਸ਼ਾਹਤ ਦੀ ਭੁੱਖੀ ਨਹੀਂ। ਅੱਜ ਇੱਕ ਹਫ਼ਤੇ ਤੋਂ ਦੇਖ ਰਹੀ ਹਾਂ, ਤੇਰੀ ਨਿਗਾਹ ਫਿਰੀ ਹੋਈ ਹੈ। ਤੂੰ ਮੇਰੇ ਨਾਲ ਬੋਲਦਾ ਨਹੀਂ, ਮੇਰੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦਾ, ਮੇਰੇ ਤੋਂ ਬੇਜ਼ਾਰ ਰਹਿੰਦਾ ਹੈਂ। ਮੈਂ ਕਿਹੜੇ -ਕਿਹੜੇ ਅਰਮਾਨ ਲੈ ਕੇ ਤੇਰੇ ਕੋਲ ਆਉਂਦੀ ਹਾਂ ਅਤੇ ਕਿੰਨੀ ਮਾਯੂਸ ਹੋ ਕੇ ਵਾਪਿਸ ਪਰਤਦੀ ਹਾਂ, ਇਸਦਾ ਤੂੰ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਸਜ਼ਾ ਦੇ ਲਾਇਕ ਮੈਂ ਕੋਈ ਕੰਮ ਨਹੀਂ ਕੀਤਾ। ਮੈਂ ਜੋ ਕੁਝ ਵੀ ਕੀਤਾ ਹੈ, ਤੇਰੀ ਹੀ ਭਲਾਈ ਦੇ ਖ਼ਿਆਲ ਨਾਲ। ਇੱਕ ਹਫ਼ਤਾ ਮੈਨੂੰ ਰੋਂਦੇ ਹੋਏ ਗੁਜ਼ਰ ਗਿਆ, ਮੈਨੂੰ ਲੱਗ ਰਿਹਾ ਹੈ ਕਿ ਹੁਣ ਮੈਂ ਤੇਰੀਆਂ ਨਜ਼ਰਾਂ 'ਚੋਂ ਗਿਰ ਗਈ, ਤੇਰੇ ਦਿਲ 'ਚੋਂ ਕੱਢ ਦਿੱਤੀ ਗਈ। ਆਹ! ਇਹ ਪੰਜ ਸਾਲ ਹਮੇਸ਼ਾਂ ਯਾਦ ਰਹਿਣਗੇ, ਹਮੇਸ਼ਾਂ ਤੜਪਾਉਂਦੇ ਰਹਿਣਗੇ, ਇਹੀ ਡੱਫ ਲੈਕੇ ਆਈ ਸੀ, ਇਹੀ ਡੱਫ ਲੈਕੇ ਜਾਂਦੀ ਹਾਂ। ਪੰਜ ਸਾਲ ਮੁਹੱਬਤ ਦੇ ਮਜ਼ੇ ਉਠਾਕੇ, ਜ਼ਿੰਦਗੀ ਭਰ ਲਈ ਹਸਰਤ ਦੇ ਦਾਗ਼ ਲਈ ਜਾਂਦੀ ਹਾਂ, ਲੈਲਾ ਮੁਹੱਬਤ ਦੀ ਗ਼ੁਲਾਮ ਸੀ, ਜਦ ਮੁਹੱਬਤ ਹੀ ਨਾ ਰਹੀ, ਤਾਂ ਲੈਲਾ ਕਿਉਂ ਕਰ ਰਹਿੰਦੀ? ਰੁਖ਼ਸਤ !''

(ਅਨੁਵਾਦਕ: ਹਰਦੇਵ ਗਰੇਵਾਲ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com