Punjabi Stories/Kahanian
ਕਰਤਾਰ ਸਿੰਘ ਦੁੱਗਲ
Kartar Singh Duggal

Punjabi Kavita
  

Maan Da Dil Kartar Singh Duggal

ਮਾਂ ਦਾ ਦਿਲ ਕਰਤਾਰ ਸਿੰਘ ਦੁੱਗਲ

ਹਿੰਦੂ-ਸਿੱਖ ਮੁੰਡਿਆਂ ਤੋਂ ਵਧੇਰੇ ਮੇਰੀ ਦੋਸਤੀ ਮੁਸਲਮਾਨ ਹਮ-ਜਮਾਤੀਆਂ ਨਾਲ ਹੁੰਦੀ ਸੀ। ਪਤਾ ਨਹੀਂ ਕਿਉਂ, ਉਨ੍ਹਾਂ ਨਾਲ ਖੇਡ ਕੇ ਮੈਂ ਖੁਸ਼ ਹੁੰਦਾ, ਉਨ੍ਹਾਂ ਨਾਲ ਮੇਰੀਆਂ ਸਾਂਝਾ ਬਣਦੀਆਂ ਰਹਿੰਦੀਆਂ। ਸਕੂਲ ਦੇ ਸਾਰੇ ਉਸਤਾਦਾਂ ਵਿਚੋਂ ਮੈਂ ਮੌਲਵੀ ਰਿਆਜ਼ਉਦੀਨ ਦਾ ਚਹੇਤਾ ਸਾਂ। ਹੁਣ ਭਾਵੇਂ ਉਹ ਸਾਡੀ ਕਲਾਸ ਦਾ ਟੀਚਰ ਨਹੀਂ ਸੀ, ਤਾਂ ਵੀ ਮੇਰੀ ਸ਼ਰਧਾ ਉਸ ਪ੍ਰਤੀ ਉਂਜ ਦੀ ਉਂਜ ਬਣੀ ਹੋਈ ਸੀ। ਮਾਸਟਰ ਅਨੂਪ ਚੰਦ, ਮਾਸਟਰ ਗਿਆਨ ਚੰਦ ਤੇ ਹੋਰ ਵੀ ਕਈ ਉਸਤਾਦ ਸਨ ਜਿਹੜੇ ਮੈਨੂੰ ਪਿਆਰ ਕਰਦੇ ਸਨ, ਮੇਰਾ ਖਿਆਲ ਰੱਖਦੇ ਸਨ, ਆਦਰ ਦਿੰਦੇ ਸਨ ਜਿਹੜਾ ਕਿਸੇ ਸਕੂਲ ਵਿਚ ਵਿਰਲੇ ਹੀ ਵਿਦਿਆਰਥੀ ਨੂੰ ਮਿਲਦਾ ਹੈ, ਪਰ ਮੌਲਵੀ ਰਿਆਜ਼ਉਦੀਨ ਨਾਲ ਮੇਰਾ ਰਿਸ਼ਤਾ ਨਿਵੇਕਲਾ ਸੀ।
ਹੁਣ ਕਿਉਂਕਿ ਮੈਂ ਵੱਡਾ ਹੋ ਰਿਹਾ ਸਾਂ, ਮੁਸਲਮਾਨ ਘਰਾਂ ਵਿਚ ਮੈਥੋਂ ਪਰਦਾ ਹੁੰਦਾ ਸੀ ਪਰ ਜਦੋਂ ਮੈਂ ਅਜਿਹੇ ਘਰਾਂ ਵਿਚ ਜਾਂਦਾ, ਇੰਜ ਮਹਿਸੂਸ ਹੁੰਦਾ ਜਿਵੇਂ ਪਹਿਲੋਂ ਤੋਂ ਕਿਤੇ ਵਧੇਰੇ ਮੈਨੂੰ ਕੋਈ ਅੱਖੀਆਂ ਵੇਖ ਰਹੀਆਂ ਹੋਣ। ਸਰਮਾਏਦਾਰ ਮੁਸਲਮਾਨ ਘਰਾਂ ਦੀਆਂ ਕੁੜੀਆਂ-ਚਿੜੀਆਂ ਜਿਨ੍ਹਾਂ ਮਰਦਾਂ ਤੋਂ ਪਰਦਾ ਕਰਦੀਆਂ ਸਨ, ਉਨ੍ਹਾਂ ਨੂੰ ਵੇਖਣ ਲਈ ਅਕਸਰ ਬੇਕਰਾਰ ਰਹਿੰਦੀਆਂ। ਕਈ ਢੰਗ ਉਨ੍ਹਾਂ ਨੇ ਕੱਢੇ ਹੋਏ ਸਨ ਜਿਨ੍ਹਾਂ ਦਾ ਸਦਕਾ ਉਹ ਜਿਸ ਪਰਾਏ ਮਰਦ ਨੂੰ ਚਾਹੁਣ ਵੇਖ ਸਕਦੀਆਂ ਸਨ, ਭਾਵੇਂ ਉਨ੍ਹਾਂ ਦਾ ਆਪਣਾ ਪਰਦਾ ਬਣਿਆ ਰਹਿੰਦਾ। ਜਦੋਂ ਕਦੀ ਵੀ ਮੈਨੂੰ ਮੌਕਾ ਮਿਲਦਾ, ਮੈਂ ਵੇਖਦਾ ਇਨ੍ਹਾਂ ਅਮੀਰ ਘਰਾਂ ਦੇ ਜ਼ਨਾਨਾ-ਖਾਨਿਆਂ ਦੀਆਂ ਚਿੱਕਾਂ ਦੀਆਂ ਉਨ੍ਹਾਂ ਥਾਂਵਾਂ ਵਿਚੋਂ (ਜਿਥੋਂ ਤੀਕ ਇਕ ਨੌਜਵਾਨ ਕੁੜੀ ਦੀਆਂ ਮੁਖੜ ਖੜੋ ਕੇ ਅੱਖਾਂ ਪੁੱਜਦੀਆਂ) ਛੇਦ ਹੋਏ ਹੁੰਦੇ। ਚਿੱਕਾਂ ਦੀਆਂ ਛਿਪਕੀਆਂ ਉਸ ਥਾਂ ਤੋਂ ਟੁੱਟੀਆਂ ਹੁੰਦੀਆਂ, ਭਾਵੇਂ ਬਾਕੀ ਚਿੱਕ ਨਵੀਂ ਨਕੋਰ ਹੋਵੇ। ਹੋਰ ਤੇ ਹੋਰ, ਕਈ ਘਰਾਂ ਦੀਆਂ ਬਾਹਰ ਖੁੱਲ੍ਹਦੀਆਂ ਗੈਲਰੀਆਂ ਵਿਚ ਲੱਕੜੀ ਦੀਆਂ ਫੱਟੀਆਂ ਦੀਆਂ ਚਿੱਕਾਂ ਬਣਾ ਕੇ ਲਾਈਆਂ ਹੁੰਦੀਆਂ। ਕੁੜੀਆਂ ਲੱਕੜੀ ਦੀਆਂ ਫੱਟੀਆਂ ਤੱਕ ਨੂੰ ਤੋੜ ਲੈਂਦੀਆਂ। ਗੈਲਰੀ ਵਿਚ ਖਲੋਤੀਆਂ ਜਦੋਂ ਵੀ ਵਿਹਲ ਹੁੰਦੀ, ਬਾਹਰ ਝਾਕਦੀਆਂ ਰਹਿੰਦੀਆਂ। ਉਨ੍ਹਾਂ ਦਾ ਆਪਣਾ ਪਰਦਾ ਬਣਿਆ ਰਹਿੰਦਾ, ਬਾਹਰ ਦਾ ਨਜ਼ਾਰਾ ਉਹ ਪੂਰਾ-ਪੂਰਾ ਕਰ ਲੈਂਦੀਆਂ।
ਇਹੀ ਨਹੀਂ, ਆਪਣੇ ਭਰਾਵਾਂ-ਭਤੀਜਿਆਂ, ਦਾਦੇ-ਪੋਤਰਿਆਂ, ਉਨ੍ਹਾਂ ਦੇ ਦੋਸਤਾਂ ਦੀ ਇਕ-ਇਕ ਗੱਲ ਉਹ ਸੁਣਦੀਆਂ ਰਹਿੰਦੀਆਂ। ਉਨ੍ਹਾਂ ਦੀ ਇਕ-ਇਕ ਹਰਕਤ ਦਾ ਉਨ੍ਹਾਂ ਨੂੰ ਪਤਾ ਹੁੰਦਾ। ਕਈ ਵਾਰ ਮੈਨੂੰ ਅਜੀਬ-ਅਜੀਬ ਲਗਦਾ ਜਦੋਂ ਉਹ ਪਰਦੇ ਪਿਛੇ ਖਲੋ ਕੇ ਚਟਾਖ-ਚਟਾਖ ਗੱਲਾਂ ਕਰਨ ਲੱਗ ਪੈਂਦੀਆਂ। ਕਿਤਨਾ-ਕਿਤਨਾ ਚਿਰ ਹੱਸ-ਹੱਸ ਕੇ ਗੱਲਾਂ ਕਰਦੀਆਂ ਰਹਿੰਦੀਆਂ। ਅਗਲਾ ਹੇਠੋਂ ਉਨ੍ਹਾਂ ਦੇ ਮਹਿੰਦੀ ਰੰਗੇ ਪੈਰ ਵੀ ਵੇਖ ਸਕਦਾ, ਪਰਦੇ ਪਿਛੋਂ ਕਿਤਾਬਾਂ ਕਾਪੀਆਂ ਜਾਂ ਹੋਰ ਕੋਈ ਚੀਜ਼ ਵਸਤ ਦੇ ਲੈ ਰਹੀਆਂ ਉਨ੍ਹਾਂ ਦੇ ਹੱਥ ਵੀ ਵੇਖ ਸਕਦਾ। ਵਧੇ ਹੋਏ ਨਹੁੰ, ਲਵੀਆਂ-ਲਵੀਆਂ ਖੁਸ਼ਬੂ-ਖੁਸ਼ਬੂ ਉਂਗਲੀਆਂ।
ਇਸ ਤਰ੍ਹਾਂ ਪਰਦੇ ਵਿਚ ਰਹਿੰਦੀਆਂ, ਆਪਣੇ ਕਈ ਮੁਸਲਮਾਨ ਦੋਸਤਾਂ ਦੀਆਂ ਭੈਣਾਂ ਨੂੰ ਮੈਂ ਇਸ ਤੋਂ ਕਿਤੇ ਵਧੇਰੇ ਜਾਣਦਾ ਸਾਂ ਜਿਤਨਾ ਮੈਂ ਆਪਣੇ ਹਿੰਦੂ-ਸਿੱਖ ਦੋਸਤਾਂ ਦੀਆਂ ਭੈਣਾਂ ਨੂੰ ਜਾਣਦਾ ਸਾਂ ਜਿਹੜੀਆਂ ਮੈਥੋਂ ਪਰਦਾ ਨਹੀਂ ਕਰਦੀਆਂ ਸਨ। ਇਸ ਤਰ੍ਹਾਂ ਦੀਆਂ ਮੁਸਲਮਾਨ ਕੁੜੀਆਂ ਨਾਲ ਕਿਤੇ ਵਧੇਰੇ ਮੇਰੀ ਗਪ-ਸ਼ਪ ਰਹਿੰਦੀ, ਬਨਿਸਬਤ ਉਨ੍ਹਾਂ ਗੈਰ-ਮੁਸਲਮਾਨ ਕੁੜੀਆਂ ਦੇ ਜਿਹੜੀਆਂ ਪਰਦੇ ਵਿਚ ਨਹੀਂ ਰਹਿੰਦੀਆਂ ਸਨ।
ਅਕਸਰ ਇਹ ਸੋਚ ਕੇ ਮੈਂ ਹੈਰਾਨ ਹੁੰਦਾ ਰਹਿੰਦਾ। ਕਦੀ-ਕਦੀ ਇਸ ਤਰ੍ਹਾਂ ਦੀਆਂ ਪਰਦਾਨਸ਼ੀਨ ਮੁਸਲਮਾਨ ਕੁੜੀਆਂ ਦੀਆਂ ਹਰਕਤਾਂ ਦੀ ਯਾਦ ਕਰ ਕੇ ਮੈਨੂੰ ਜਿਵੇਂ ਕੁਤ-ਕੁਤਾੜੀਆਂ ਹੋਣ ਲੱਗ ਪੈਂਦੀਆਂ। ਪਰਦੇ ਪਿਛੇ ਖਲੋਤੀਆਂ ਕੁੜੀਆਂ ਗੱਲ ਨੂੰ ਲਮਕਾਈ ਜਾਂਦੀਆਂ। ਫਿਲਮਾਂ ਦਾ ਜ਼ਿਕਰ, ਨਾਵਲਾਂ ਦਾ ਜ਼ਿਕਰ ਜਿਹੜੇ ਉਹ ਪੜ੍ਹ ਰਹੀਆਂ ਹੁੰਦੀਆਂ। ਆਂਢਣਾਂ-ਗੁਆਂਢਣਾਂ ਦਾ ਜ਼ਿਕਰ। ਆਪਣੇ ਸਕੂਲ ਦੀਆਂ ਉਸਤਾਨੀਆਂ ਦੀਆਂ ਹਰਕਤਾਂ। ਫਿਰ ਗਲੀ ਦੇ ਮੁੰਡਿਆਂ ਦੀਆਂ ਸ਼ਰਾਰਤਾਂ, ਵਗੈਰਾ-ਵਗੈਰਾ। ਜਿਵੇਂ ਉਨ੍ਹਾਂ ਦੀ ਤਾਰ-ਬਰਕੀ ਹੋਵੇ, ਇਕ ਕੁੜੀ ਦੀ ਗੱਲ ਮਹੱਲੇ ਦੀਆਂ ਬਾਕੀ ਕੁੜੀਆਂ ਨੂੰ ਅੱਖ ਪਲਕਾਰੇ ਵਿਚ ਅੱਪੜ ਜਾਂਦੀ।
ਉਸ ਦਿਨ ਤਾਂ ਮੈਂ ਹੱਕਾ-ਬੱਕਾ ਰਹਿ ਗਿਆ।
ਗੱਲ ਇੰਜ ਹੋਈ ਸਾਵਣ ਦਾ ਮਹੀਨਾ ਸੀ। ਰਿਮ-ਝਿਮ, ਬਾਹਰ ਕਣੀਆਂ ਵਸ ਰਹੀਆਂ ਸਨ। ਮੇਰਾ ਇਕ ਮੁਸਲਮਾਨ ਦੋਸਤ ਜਿਹੜਾ ਅਕਸਰ ਆਪਣੀ ਮੋਟਰ ਵਿਚ ਸਕੂਲ (ਮਿਲਟਰੀ ਛਾਉਣੀ ਪਬਲਿਕ ਸਕੂਲ ਰਾਵਲੀਪਿੰਡੀ) ਜਾਂਦਾ ਸੀ, ਮੈਨੂੰ ਕਹਿਣ ਲੱਗਾ, "ਸਾਈਕਲ 'ਤੇ ਤੂੰ ਭਿੱਜ ਜਾਵੇਂਗਾ, ਮੇਰੇ ਨਾਲ ਮੋਟਰ 'ਤੇ ਚੱਲ। ਜਦੋਂ ਬਾਰਸ਼ ਰੁਕੀ, ਤੂੰ ਘਰ ਚਲਾ ਜਾਵੀਂ।" ਮੈਨੂੰ ਉਹਦੀ ਗਲ ਸੁਖਾ ਗਈ ਤੇ ਮੈਂ ਕਿਤਾਬਾਂ ਫੜੀ ਉਹਦੀ ਮੋਟਰ ਵਿਚ ਜਾ ਬੈਠਾ। ਪਹਿਲੇ ਵੀ ਕਈ ਵਾਰ ਮੈਂ ਉਨ੍ਹਾਂ ਦੇ ਬੰਗਲੇ ਜਾ ਚੁੱਕਾ ਸਾਂ। ਕਿਤਨਾ-ਕਿਤਨਾ ਚਿਰ ਅਸੀਂ ਬੈਠੇ ਗ੍ਰਾਮੋਫੋਨ ਦੇ ਰਿਕਾਰਡ ਸੁਣਦੇ ਰਹਿੰਦੇ, ਹਾਰਮੋਨੀਅਮ ਵਜਾਂਦੇ ਰਹਿੰਦੇ, ਗਾਣੇ ਗਾਂਦੇ ਰਹਿੰਦੇ, ਹੱਸਦੇ ਰਹਿੰਦੇ, ਖੇਡਦੇ ਰਹਿੰਦੇ। ਮੇਰੇ ਇਸ ਮੁਸਲਮਾਨ ਦੋਸਤ ਦਾ ਕਮਰਾ ਉਨ੍ਹਾਂ ਦੀਆਂ ਪੌੜੀਆਂ ਚੜ੍ਹੋ, ਤਾਂ ਸੱਜੇ ਪਾਸੇ ਕਈ ਕਮਰਿਆਂ ਦੀ ਕਤਾਰ ਵਿਚ ਪਹਿਲਾ ਸੀ। ਖੱਬੇ ਹੱਥ ਗੋਲ ਕਮਰਾ ਸੀ। ਅਕਸਰ ਅਸੀਂ ਗੋਲ ਕਮਰੇ ਵਿਚ ਉਠਿਆ-ਬੈਠਿਆ ਕਰਦੇ ਸਾਂ, ਪਰ ਉਸ ਦਿਨ ਮੇਰਾ ਦੋਸਤ ਮੈਨੂੰ ਸੱਜੇ ਹੱਥ ਦੇ ਆਪਣੇ ਨਿਵੇਕਲੇ ਕਮਰੇ ਵਿਚ ਲੈ ਗਿਆ। ਇੰਜ ਜਾਪਦਾ ਹੈ, ਗੋਲ ਕਮਰੇ ਵਿਚ ਕੋਈ ਹੋਰ ਮਹਿਮਾਨ ਸਨ।
ਅਸੀਂ ਅਜੇ ਕਮਰੇ ਵਿਚ ਵੜੇ ਹੀ ਸਾਂ ਕਿ ਪਰਦੇ ਪਿਛੋਂ ਉਹਦੀ ਅੰਮੀ ਨੇ ਆਵਾਜ਼ ਦੇ ਕੇ ਮੇਰੇ ਦੋਸਤ ਨੂੰ ਬੁਲਾ ਲਿਆ। ਮੈਂ ਕੱਲਮੁਕੱਲਾ ਉਹਦੇ ਕਮਰੇ ਦੀ ਸ਼ਾਨ ਨੂੰ ਅੱਖੀਆਂ ਫਾੜ-ਫਾੜ ਕੇ ਵੇਖਣ ਲੱਗ ਪਿਆ। ਕਾਲੀਨ ਕੀ, ਪਰਦੇ ਕੀ, ਕੰਧ 'ਤੇ ਲੱਗੀਆਂ ਤਸਵੀਰਾਂ ਕੀ, ਫਰਨੀਚਰ ਕੀ! ਤੇ ਉਹ ਸਕੂਲ ਵਿਚ ਪੜ੍ਹਨ ਵਾਲੇ ਇਕ ਮੁੰਡੇ ਦਾ ਕਮਰਾ ਸੀ ਬੱਸ! ਮੁੰਡਾ ਬੇਸ਼ਕ ਦਸਵੀਂ ਵਿਚ ਪੜ੍ਹਦਾ ਸੀ, ਪਰ ਇਸ ਤਰ੍ਹਾਂ ਦੀ ਉਬਲ-ਉਥਲ, ਇਸ ਤਰ੍ਹਾਂ ਦੀ ਅਮਾਰਤ ਵੇਖ ਕੇ ਮੇਰੀਆਂ ਅੱਖੀਆਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਂਦੀਆਂ।
ਮੈਨੂੰ ਇੰਜ ਕਮਰੇ ਵਿਚ ਇਕੱਲੇ ਬਹੁਤ ਦੇਰ ਨਹੀਂ ਹੋਈ ਸੀ ਕਿ ਮੇਰੇ ਦੋਸਤ ਦਾ ਨੌਕਰ ਤਸ਼ਤਰੀ ਵਿਚ ਦੁੱਧ ਤੇ ਹੋਰ ਢੇਰ ਸਾਰਾ ਨਿੱਕ-ਸੁੱਕ ਖਾਣ ਲਈ ਲੈ ਆਇਆ। ਪੇਸਟਰੀ, ਕੇਕ, ਸੁੱਕਾ ਮੇਵਾ ਆਦਿ। "ਬਾਬਾ ਬਾਹਰ ਗਏ ਨੇ, ਛੋਟੀ ਬੀਬੀ ਨੂੰ ਸਕੂਲੋਂ ਲੈਣ। ਬਾਰਸ਼ ਹੋ ਰਹੀ ਹੈ ਤੇ ਡਰਾਈਵਰ ਅਜੇ ਅਪੜਿਆ ਨਹੀਂ, ਕਿਤੇ ਬਾਹਰ ਗਿਆ ਹੋਇਆ ਏ ਸਾਹਿਬ ਨੂੰ ਲੈ ਕੇ।" ਨੌਕਰ ਮੈਨੂੰ ਦੱਸ ਰਿਹਾ ਸੀ। ਇਤਨੇ ਵਿਚ ਮੇਰੇ ਦੋਸਤ ਦੀ ਅੰਮੀ ਆਪ ਪਰਦਾ ਹਟਾ ਕੇ ਕਮਰੇ ਵਿਚ ਆ ਗਈ।
"ਆਪਣੇ ਬੇਟੇ ਤੋਂ ਕੀ ਪਰਦਾ ਏ। ਬੇਟੇ ਦੇ ਦੋਸਤ ਬੇਟੇ ਹੀ ਤੇ ਹੁੰਦੇ ਨੇ।" ਉਹ ਆਪ ਹੀ ਆਪ ਮੁਸਕਾਨਾਂ ਖਲੇਰਦੀ ਹੋਈ ਆਈ, ਤੇ ਮੈਨੂੰ ਬਾਹਵਾਂ ਵਿਚ ਲੈ ਕੇ ਲਾਡ ਕਰਨ ਲੱਗ ਪਈ। ਆਪਣੇ ਅਤਿਅੰਤ ਨਾਜ਼ੁਕ, ਸ਼ਫਕਤ ਨਾਲ ਡੁੱਲ੍ਹ-ਡੁੱਲ੍ਹ ਪੈਂਦੇ ਹੋਠਾਂ ਨਾਲ ਉਸ ਮੇਰੇ ਮੱਥੇ ਨੂੰ ਚੁੰਮਿਆ, ਤੇ ਫਿਰ ਆਪਣੇ ਕੋਲ ਬਿਠਾ ਕੇ ਮੈਨੂੰ ਖੁਆਣ ਲੱਗ ਪਈ। "ਮੁਨੀਰ ਹੁਣੇ ਆਂਦਾ ਹੈ। ਮੈਂ ਹੀ ਉਸ ਨੂੰ ਝਟ ਘੜੀ ਲਈ ਬਾਹਰ ਭੇਜਿਆ ਹੈ।"
ਮੇਰੇ ਦੋਸਤ ਨੂੰ ਮੁੜਨ ਵਿਚ ਚੋਖਾ ਝੱਟ ਲੱਗ ਗਿਆ। ਉਹਦੀ ਅੰਮੀ ਜਿਵੇਂ ਮੁਹੱਬਤ ਦੀ ਪਟਾਰੀ ਹੋਵੇ, ਇਕ ਅਜੀਬ ਪਿਆਰ ਦੀ ਖੁਸ਼ਬੂ ਉਸ ਦੇ ਅੰਗ-ਅੰਗ ਵਿਚ ਉਮਲ ਰਹੀ ਸੀ। "ਬੇਟਾ ਅਸੀਂ ਬੋਹਰਾ ਲੋਕ ਮੋਟਾ ਮਾਸ ਨਹੀਂ ਖਾਂਦੇ। ਨਾ ਅਸੀਂ ਸਿਗਰਟ ਪੀਂਦੇ ਹਾਂ।" ਉਹਦਾ ਮਤਲਬ ਸੀ, ਮੈਂ ਬੇਖਟਕੇ ਉਨ੍ਹਾਂ ਦੇ ਘਰ ਖਾ ਸਕਦਾ ਸਾਂ, ਪੀ ਸਕਦਾ ਸਾਂ।
ਗੋਰਾ ਰੰਗ, ਲਚ-ਲਚ ਕਰਦੇ ਮੱਖਣ ਦੇ ਪੇੜੇ ਅੰਗ, ਸ਼ਾਹ ਕਾਲੀਆਂ ਅੱਖੀਆਂ, ਸਾਦ-ਮੁਰਾਦੀ ਗੁੱਤ; ਉਹਦੇ ਚਿਹਰੇ 'ਤੇ ਜਿਵੇਂ ਨੂਰ ਵਸ ਰਿਹਾ ਹੋਵੇ। ਸ਼ਰਾਫਤ ਦਾ ਪੁਤਲਾ, ਇਤਨੀਆਂ ਮਿੱਠੀਆਂ ਗਲਾਂ ਕਰਦੀ, ਮੇਰੇ ਭੈਣ-ਭਰਾਵਾਂ ਦਾ ਪੁੱਛ ਰਹੀ ਸੀ, ਆਪਣੇ ਬੱਚਿਆਂ ਦੇ ਗੁਣ ਗਿਣਵਾ ਰਹੀ ਸੀ। ਤੇ ਫਿਰ ਇਕ ਦਮ ਹੱਸਣ ਲੱਗ ਪਈ। "ਤੁਹਾਡੇ ਵੀ ਸੁਖ ਨਾਲ ਅੱਠ ਭੈਣ-ਭਰਾ, ਸਾਡੇ ਵੀ ਅੱਠ ਬੱਚੇ ਨੇ, ਪੰਜ ਪੁੱਤਰ ਤੇ ਤਿੰਨ ਧੀਆਂ। ਅੱਲਾ ਦਾ ਬੜਾ ਰਹਿਮ ਏ। ਪਰਵਰਦਿਗਾਰ ਦਾ ਬੜਾ ਫ਼ਜ਼ਲ ਏ।"
ਉਹ ਕਦੀ ਮੈਨੂੰ ਕੁਝ ਖਾਣ ਲਈ ਕਹਿੰਦੀ, ਕਦੀ ਕੁਝ। ਕਦੀ ਕੋਈ ਚੀਜ਼ ਮੇਰੇ ਅੱਗੇ ਕਰਦੀ, ਕਦੀ ਕੋਈ ਚੀਜ਼। ਜਦੋਂ ਮੈਂ ਚਾਹ ਪੀ ਚੁੱਕਾ, ਮੈਨੂੰ ਨਿਉਜ਼ੇ ਛਿਲ-ਛਿਲ ਕੇ ਖੁਆਣ ਲੱਗ ਪਈ। "ਅੰਮੀ ਜਾਨ, ਮੈਂ ਆਪ ਛਿੱਲ ਲਵਾਂਗਾ, ਤੁਸੀਂ ਕਾਹਨੂੰ ਤਕਲੀਫ ਕਰਦੇ ਹੋ? ਆਪਣੇ ਛਿੱਲੇ ਨਿਉਜ਼ੇ ਤੁਸੀਂ ਆਪ ਖਾਓ।" ਮੈਂ ਜ਼ਿਦ ਕਰ ਰਿਹਾ ਸਾਂ।
"ਨਾ ਪੁੱਤਰਾ! ਬੱਚਿਆਂ ਦਾ ਖਾਧਾ ਮਾਂਵਾਂ ਨੂੰ ਲਗਦਾ ਏ।" ਤੇ ਉਹ ਛਿੱਲੇ ਹੋਏ ਨਿਉਜ਼ਿਆਂ ਦੀ ਲਪ ਭਰੀ, ਅੱਗੇ ਵਧ ਕੇ ਮੇਰੇ ਮੂੰਹ ਵਿਚ ਪਾਉਣ ਲੱਗ ਪਈ। ਅੱਠ ਬੱਚਿਆਂ ਦੀ ਮਾਂ ਕਿਸੇ ਪਰਾਏ ਬੱਚੇ ਨਾਲ ਇਤਨਾ ਲਾਡ ਕਰ ਰਹੀ ਸੀ, ਮੈਨੂੰ ਆਪਣੀਆਂ ਅੱਖੀਆਂ 'ਤੇ ਇਤਬਾਰ ਨਾ ਆਉਂਦਾ। ਕੁਝ ਚਿਰ ਬਾਅਦ ਮੈਂ ਆਪਣੇ ਹੱਥੀਂ ਛਿੱਲੇ ਨਿਉਜ਼ੇ ਉਹਨੂੰ ਪੇਸ਼ ਕੀਤੇ, "ਅੰਮੀ ਜਾਨ, ਤੁਸੀਂ ਇਹ ਨਿਉਜ਼ੇ ਖਾਓ।" ਮੈਂ ਆਦਰ ਨਾਲ ਕਿਹਾ। "ਨਾ ਬੱਚਿਆ, ਮੇਰਾ ਤੇ ਰੋਜ਼ਾ ਏ।" ਤੇ ਮੈਨੂੰ ਯਾਦ ਆਇਆ, ਉਹ ਤੇ ਰਮਜ਼ਾਨ ਦਾ ਮਹੀਨਾ ਸੀ।
ਇਤਨੇ ਵਿਚ ਮੁਨੀਰ, ਮੇਰਾ ਦੋਸਤ ਆ ਗਿਆ। ਬੜਾ ਪ੍ਰੇਸ਼ਾਨ ਲੱਗ ਰਿਹਾ ਸੀ।
"ਕੀ ਹੋਇਆ?" ਉਹਦੀ ਮਾਂ ਨੇ ਉਸ ਤੋਂ ਪੁੱਛਿਆ।
"ਬੜਾ ਜ਼ੁਲਮ ਹੋਇਆ।" ਉਹ ਦੱਸਣ ਲੱਗਾ, "ਸ਼ਹਿਰ (ਰਾਵਲਪਿੰਡੀ) ਵਿਚ ਫਿਰਕੂ ਫਸਾਦ ਹੋ ਗਏ ਸਨ। ਮੁਸਲਮਾਨਾਂ ਤੇ ਸਿੱਖਾਂ ਵਿਚ। ਅੱਗਾਂ ਲਾਈਆਂ ਜਾ ਰਹੀਆਂ ਸਨ ਤੇ ਵੱਢ-ਟੁੱਕ ਹੋ ਰਹੀ ਸੀ।" ਮੁਨੀਰ ਨੇ ਆਪਣੇ ਅੱਖੀਂ ਛੁਰੇ ਚਲਦੇ ਵੇਖੇ ਸਨ। ਆਪਣੀ ਭੈਣ ਨੂੰ ਸ਼ਹਿਰ ਦੇ ਇਸਲਾਮੀਆ ਸਕੂਲ ਤੋਂ ਲਿਆ ਰਿਹਾ, ਉਹ ਬੜੀ ਮੁਸ਼ਕਲ ਨਾਲ ਘਰ ਅਪੜਿਆ ਸੀ। ਡਿੰਗੀ ਖੂਹੀ ਦੇ ਸਾਹਮਣੇ ਤਿੰਨ ਸਿੱਖਾਂ ਦੀਆਂ ਲਾਸ਼ਾਂ ਉਸ ਵੇਖੀਆਂ ਸਨ। ਰਾਜਾ ਬਾਜ਼ਾਰ ਵਿਚ ਅੱਗਾਂ ਲਾਈਆਂ ਜਾ ਰਹੀਆਂ ਸਨ। ਹਿੰਦੂਆਂ-ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ। ਕਹਿੰਦੇ ਨੇ ਸਿੱਖਾਂ ਦੇ ਗੁਰਪੁਰਬ ਦਾ ਜਲੂਸ ਜਦੋਂ ਜਾਮਾ ਮਸਜਿਦ ਦੇ ਸਾਹਮਣਿਓਂ ਗੁਜ਼ਰ ਰਿਹਾ ਸੀ, ਤਾਂ ਮਸੀਤ ਦੇ ਅੰਦਰੋਂ ਪੱਥਰਾਂ ਤੇ ਇੱਟਾਂ ਦੀ ਵਾਛੜ ਹੋਣ ਲੱਗ ਪਈ। ਮੁਸਲਮਾਨਾਂ ਦੀ ਇਹ ਹਰਕਤ ਵੇਖ ਕੇ ਸਿੱਖ ਤਲਵਾਰਾਂ ਲਿਸ਼ਕਾਂਦੇ ਮੁਸਲਮਾਨਾਂ 'ਤੇ ਝਪਟ ਪਏ। ਤੇ ਫਿਰ ਇਹ ਅੱਗ ਸਾਰੇ ਸ਼ਹਿਰ ਵਿਚ ਫੈਲ ਗਈ। ਮੁਸਲਮਾਨ ਕਹਿੰਦੇ ਸਨ, ਮਸੀਤ ਦੇ ਸਾਹਮਣੇ ਵਾਜਾ ਨਹੀਂ ਵੱਜ ਸਕਦਾ। ਸਿੱਖ ਕਹਿੰਦੇ, ਕੀਰਤਨ ਕਰਨਾ ਉਨ੍ਹਾਂ ਦਾ ਧਾਰਮਿਕ ਹੱਕ ਹੈ, ਉਹ ਤੇ ਗੁਰਬਾਣੀ ਗਾਉਣਗੇ। ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।
ਜਦੋਂ ਮੁਨੀਰ ਘਬਰਾਇਆ ਹੋਇਆ ਕਤਲੋ-ਗਾਰਤ ਦਾ ਜ਼ਿਕਰ ਕਰ ਰਿਹਾ ਸੀ ਜਿਹੜਾ ਉਸ ਆਪਣੇ ਅੱਖੀਂ ਝਟ ਕੁ ਪਹਿਲੇ ਵੇਖਿਆ ਸੀ, ਉਹਦੀ ਅੰਮੀ ਆਪਣੀ ਕੁਰਸੀ ਤੋਂ ਉਠੀ ਤੇ ਮੇਰੇ ਸੋਫੇ ਵੱਲ ਆ ਕੇ ਉਸ ਆਪਣੇ ਬੇਟੇ ਦੇ ਸਿੱਖ ਦੋਸਤ ਨੂੰ ਆਪਣੇ ਕਲੇਜੇ ਨਾਲ ਲਾ ਲਿਆ; ਤੇ ਮੁੜ-ਮੁੜ ਕੇ ਅੱਖਾਂ ਨਾਲ ਮੁਨੀਰ ਨੂੰ ਇਸ਼ਾਰੇ ਕਰ ਰਹੀ ਸੀ ਕਿ ਉਹ ਇਸ ਕਿੱਸੇ ਨੂੰ ਕਿਸੇ ਤਰ੍ਹਾਂ ਖਤਮ ਕਰੇ।
ਉਸ ਸ਼ਾਮ ਮੁਨੀਰ ਦੀ ਅੰਮੀ ਆਪ ਮੋਟਰ ਵਿਚ ਬੈਠੀ, ਤੇ ਮੈਨੂੰ ਸਾਡੇ ਪਿੰਡ (ਧਮਿਆਲ, ਰਾਵਲੀਪਿੰਡੀ) ਪਹੁੰਚਾ ਕੇ ਗਈ। ਮੁਨੀਰ ਨੇ ਕਿਹਾ ਕਿ ਉਹ ਮੈਨੂੰ ਪਹੁੰਚਾ ਆਵੇਗਾ, ਪਰ ਉਹ ਨਹੀਂ ਮੰਨੀ।
(ਸਵੈ-ਜੀਵਨੀ 'ਕਿਸੁ ਪਹਿ ਖੋਲਉ ਗੰਠੜੀ' ਵਿੱਚੋਂ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com