Makki De Phulke Banaun Wali Bebe : Gurbachan Singh Bhullar

ਮੱਕੀ ਦੇ ਫੁਲਕੇ ਬਣਾਉਣ ਵਾਲੀ ਬੇਬੇ : ਗੁਰਬਚਨ ਸਿੰਘ ਭੁੱਲਰ

ਮੱਕੀ ਦੇ ਆਟੇ ਦਾ ਫੁਲਕਾ ਨਹੀਂ ਬਣਦਾ, ਰੋਟੀ ਪੱਕਦੀ ਹੈ। ਜਦੋਂ ਕਦੀ ਗੁਰਚਰਨ ਮੱਕੀ ਦੀ ਰੋਟੀ ਪਕਾਉਂਦੀ, ਆਖਦੀ, "ਮੱਕੀ ਦੀ ਰੋਟੀ ਕਿਸੇ ਤੋਂ ਨਹੀਂ ਫੁਲਦੀ, ਜਲਾਲਦੀਵਾਲ ਵਾਲੀ ਬੇਬੇ ਜੀ ਤਵੀ 'ਤੇ ਮੱਕੀ ਦੀਆਂ ਪਤਲੀਆਂ-ਪਤਲੀਆਂ ਰੋਟੀਆਂ ਲਾਹੁੰਦੀ ਤਾਂ ਕਣਕ ਵਾਂਗੂੰ ਫੁੱਲ ਜਾਂਦੀਆਂ।" ਉਸ ਦਾ ਭਾਵ ਗਦਰੀ ਬਾਬੇ ਦੁੱਲਾ ਸਿੰਘ ਜਲਾਲਦੀਵਾਲ ਦੀ ਨੂੰਹ, ਬੇਬੇ ਬਚਨ ਕੌਰ ਤੋਂ ਹੁੰਦਾ।
ਸਾਡੇ ਵਿਆਹ ਤੋਂ ਪਹਿਲਾਂ 1961 ਵਿਚ ਗੁਰਚਰਨ ਜਲਾਲਦੀਵਾਲ ਦੇ ਪੰਚਾਇਤੀ ਸਕੂਲ ਵਿਚ ਅਧਿਆਪਕਾ ਰਹੀ ਸੀ ਅਤੇ ਉਸ ਦੇ ਰਹਿਣ ਦਾ ਜ਼ਿੰਮਾ ਬਾਬਾ ਜੀ ਦੇ ਪਰਿਵਾਰ ਨੇ ਲਿਆ ਸੀ। ਬਾਬਾ ਜੀ ਉਸ ਸਮੇਂ ਜੀਵਤ ਸਨ। ਗੁਰਚਰਨ ਬਾਬਾ ਜੀ ਦੇ ਪੁੱਤਰ ਕਾਮਰੇਡ ਹਰਨਾਮ ਸਿੰਘ ਨੂੰ ਬਾਪੂ ਜੀ ਅਤੇ ਨੂੰਹ ਬਚਨ ਕੌਰ ਨੂੰ ਬੇਬੇ ਜੀ ਆਖਦੀ। ਸਾਰਾ ਪਰਿਵਾਰ ਉਸ ਨੂੰ ਘਰ ਦੇ ਬੱਚਿਆਂ ਵਿੱਚੋਂ ਇਕ ਸਮਝਦਾ।
ਬਾਬਾ ਜੀ ਅਕਸਰ ਹੀ ਗੁਰਚਰਨ ਨੂੰ ਕੋਲ ਬਿਠਾ ਕੇ ਗਦਰ ਲਹਿਰ ਦੀਆਂ ਗੱਲਾਂ ਸੁਣਾਉਂਦੇ। ਇਹ ਪਰ ਇਕ ਬਿਲਕੁਲ ਹੀ ਅਰਾਜਨੀਤਕ ਪਰਿਵਾਰ ਵਿਚੋਂ ਸੀ। ਇਸ ਨੂੰ ਉਨ੍ਹਾਂ ਵਡਮੁੱਲੀਆਂ ਗੱਲਾਂ ਦਾ ਕੁਝ ਵੀ ਪੱਲੇ ਨਾ ਪੈਂਦਾ। ਬੱਸ ਇਹ ਮੋਟੀ-ਮੋਟੀ ਗੱਲ ਏਨੀ ਕੁ ਸਮਝਦੀ ਕਿ ਬਾਬਾ ਜੀ ਦੇਸ-ਪਰਦੇਸ ਫਿਰ ਕੇ ਆਪਣਾ ਸਭ ਕੁਝ ਗਵਾ ਕੇ ਅੰਗਰੇਜ਼ਾਂ ਵਿਰੁਧ ਲੜਦੇ ਰਹੇ। ਮਗਰੋਂ ਜਦੋਂ ਮੇਰੇ ਨਾਲ ਵਾਹ ਸਦਕਾ ਉਸ ਨੂੰ ਰਾਜਨੀਤਕ ਸੋਝੀ ਆਈ, ਉਹ ਮੁੜ-ਮੁੜ ਝੂਰਦੀ, "ਮੈਂ ਏਨੀ ਮਹਾਨ ਹਸਤੀ ਦੇ ਘਰ ਰਹਿੰਦੀ ਰਹੀ, ਉਨ੍ਹਾਂ ਦਾ ਸਨੇਹ ਮਾਣਦੀ ਰਹੀ, ਪਰ ਮੇਰੀ ਅਗਿਆਨਤਾ ਕਿ ਮੈਨੂੰ ਇਸ ਦਾ ਪਤਾ ਤਕ ਨਹੀਂ ਸੀ। ਜੇ ਰਾਜਨੀਤਕ ਸਮਝ ਹੁੰਦੀ, ਮੇਰਾ ਉਹ ਸਮਾਂ ਕਿੰਨਾ ਵਡਮੁੱਲਾ ਹੋਣਾ ਸੀ।"
ਬਾਬਾ ਜੀ ਸਾਡੇ ਵਿਆਹ ਤੋਂ ਛੇਤੀ ਹੀ ਮਗਰੋਂ 1966 ਵਿਚ ਚਲਾਣਾ ਕਰ ਗਏ। ਦਿੱਲੀ ਦੇ ਰੁਝੇਵਿਆਂ ਵਿਚ ਉਲਝੇ ਅਸੀਂ ਬਾਕੀ ਪਰਿਵਾਰ ਨੂੰ ਮਿਲਣ ਦੀਆਂ ਵਿਉਂਤਾਂ ਬਣਾਉਂਦੇ ਰਹੇ ਕਿ ਬਹੁਤੇ ਜੀਅ ਹੌਲੀਹੌਲੀ ਅਮਰੀਕਾ ਅਤੇ ਕੈਨੇਡਾ ਜਾ ਟਿਕੇ।
ਆਪਣੀ ਅਮਰੀਕਾ ਦੀ ਫੇਰੀ ਸਮੇਂ ਜਦੋਂ ਉਥੇ ਵਸੇ ਆਪਣਿਆਂ ਨੂੰ ਚੇਤਾ ਕੀਤਾ ਤਾਂ ਬਾਬਾ ਜੀ ਦੇ ਪਰਿਵਾਰ ਨੂੰ ਮਿਲਣ ਦੀ ਤਾਂਘ ਸੁਭਾਵਿਕ ਸੀ। ਆਸ ਬਝਦੀ ਕਿ ਉਹ ਕਿਤੇ ਨਾ ਕਿਤੇ ਕੈਲੀਫੋਰਨੀਆ ਵਿਚ ਹੀ ਹੋਣਗੇ ਜੋ ਪੰਜਾਬੀ ਪਰਵਾਸੀਆਂ ਲਈ ਸੁਭਾਵਿਕ ਟਿਕਾਣਾ ਹੈ।
ਇਕ ਸ਼ਾਮ ਕਵੀ-ਗਾਇਕ ਮਿੱਤਰ ਪਸ਼ੌਰਾ ਸਿੰਘ ਢਿੱਲੋਂ ਦੇ ਘਰ ਬੈਠਿਆਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਉਥੇ ਉਨ੍ਹਾਂ ਦੀਆਂ ਯਾਦਗਾਰਾਂ ਦੀ ਗੱਲ ਚੱਲ ਪਈ। ਸਾਨੂੰ ਝੱਟ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪਰਵਾਸੀ ਪਰਿਵਾਰ ਦਾ ਖ਼ਿਆਲ ਆ ਗਿਆ। ਉਨ੍ਹਾਂ ਨਾਲ ਸਾਡੀ ਸਾਂਝ ਦਾ ਪਿਛੋਕੜ ਸੁਣ ਕੇ ਪਸ਼ੌਰਾ ਸਿੰਘ ਬੋਲੇ, "ਉਹ ਤਾਂ ਇੱਥੇ ਹੀ ਰਹਿੰਦੇ ਨੇ, ਆਪਣੇ ਨੇੜੇ, ਕੁਛ ਮੀਲਾਂ ਦੀ ਵਿੱਥ ਉਤੇ।"
"ਐਥੇ!" ਸਾਨੂੰ ਦੋਵਾਂ ਨੂੰ ਖੁਸ਼ੀ ਹੋਈ।
"ਹਰਨਾਮ ਸਿੰਘ ਹਨ, ਬਾਬਾ ਜੀ ਦੇ ਪੋਤ-ਜੁਆਈ ਕਿ ਦੋਹਤ ਜੁਆਈ," ਪਸ਼ੌਰਾ ਸਿੰਘ ਨੇ ਦੱਸਿਆ।
"ਪਰ ਹਰਨਾਮ ਸਿੰਘ ਤਾਂ ਬਾਬਾ ਜੀ ਦੇ ਸਪੁੱਤਰ ਸਨ ਤੇ ਉਨ੍ਹਾਂ ਦੇ ਚਲਾਣੇ ਬਾਰੇ ਮੈਂ ਕੋਈ ਦਸ-ਬਾਰਾਂ ਸਾਲ ਪਹਿਲਾਂ ਅਖ਼ਬਾਰਾਂ ਵਿਚ ਪੜ੍ਹਿਆ ਸੀ," ਮੈਂ ਨਾਂਵਾਂ ਦੀ ਦੂਹਰ ਨੂੰ ਸਾਫ਼ ਕਰਨਾ ਚਾਹਿਆ।
"ਇਨ੍ਹਾਂ ਦਾ ਨਾਂ ਵੀ ਹਰਨਾਮ ਸਿੰਘ ਹੀ ਹੈ," ਪਸ਼ੌਰਾ ਸਿੰਘ ਨੇ ਸਪਸ਼ਟ ਕੀਤਾ ਅਤੇ ਇਕਰਾਰ ਕੀਤਾ ਕਿ ਉਹ ਛੇਤੀ ਹੀ ਸਾਰਾ ਥਹੁਪਤਾ ਲੈ ਦੇਣਗੇ। ਅਗਲੇ ਦਿਨ ਉਨ੍ਹਾਂ ਦਾ ਫ਼ੋਨ ਆਇਆ, "ਹਰਨਾਮ ਸਿੰਘ ਬਾਬਾ ਜੀ ਦੇ ਪੋਤਜੁਆਈ ਹਨ। ਹੁਣੇ ਉਹ ਤੁਹਾਨੂੰ ਫੋਨ ਕਰਨਗੇ ਤੇ ਫੇਰ ਆਪਣੀ ਸ੍ਰੀਮਤੀ ਦੀ ਗੱਲ ਭੈਣ ਜੀ ਨਾਲ ਵੀ ਕਰਵਾਉਣਗੇ।"
ਮੈਂ ਗੁਰਚਰਨ ਨੂੰ ਦੱਸਿਆ ਤਾਂ ਉਹ ਬੋਲੀ, "ਵੱਡੀ ਬੇਟੀ ਦਾ ਨਾਂ ਤਾਂ ਗਿਆਨੋ ਸੀ, ਦੂਜੀਆਂ ਦੇ ਹੁਣ ਮੈਨੂੰ ਯਾਦ ਨਹੀਂ। ਇਹ ਪਤਾ ਨਹੀਂ ਉਨ੍ਹਾਂ ਵਿੱਚੋਂ ਕਿਹੜੀ ਹੈ।"
ਸਾਨੂੰ ਫੋਨ ਦੀ ਬਹੁਤੀ ਉਡੀਕ ਨਾ ਕਰਨੀ ਪਈ। ਆਵਾਜ਼ ਪਰ ਕਿਸੇ ਇਸਤਰੀ ਦੀ ਸੀ। ਸੰਕੋਚਵੇਂ ਜਿਹੇ ਬੋਲ ਸਨ, "ਸਤਿ ਸ੍ਰੀ ਅਕਾਲ ਜੀ, ਗੁਰਬਚਨ ਸਿੰਘ ਭੁੱਲਰ ਜੀ ਬੋਲਦੇ ਨੇ?"
ਸ਼ਾਇਦ ਫੋਨ ਹਰਨਾਮ ਸਿੰਘ ਦੇ ਪਰਿਵਾਰ ਦਾ ਨਾ ਹੋਵੇ, ਕਿਸੇ ਲੇਖਕ ਜਾਂ ਪਾਠਕ ਦਾ ਹੋਵੇ। ਮੈਂ ਵੀ ਉਤਰ ਸੰਕੋਚਵਾਂ ਹੀ ਦਿੱਤਾ, "ਸਤਿ ਸ੍ਰੀ ਅਕਾਲ ਜੀ, ਹਾਂ ਮੈਂ ਭੁੱਲਰ ਹੀ ਬੋਲਦਾ ਹਾਂ।" ਉਹ ਬੋਲੀ, "ਮੈਂ ਗੁਰਚਰਨ ਕੌਰ ਨਾਲ ਗੱਲ ਕਰ ਸਕਦੀ ਹਾਂ?" ਮੈਂ ਇਕ ਦਮ ਸੁਰ ਬਦਲੀ, "ਗੱਲ ਜ਼ਰੂਰ ਕਰ ਸਕਦੀ ਹੈਂ, ਪਰ ਸਿਰਫ਼ ਜੇ ਤੂੰ ਗਿਆਨੋ ਹੈਂ!"
ਉਸ ਦੀ ਸੁਰ ਵੀ ਝੱਟ ਬਦਲ ਗਈ, "ਹਾਂ ਜੀ, ਹਾਂ ਜੀ ਮੈਂ ਗਿਆਨੋ ਹੀ ਹਾਂ।"
ਇਕ ਸ਼ਾਮ ਉਨ੍ਹਾਂ ਦੇ ਘਰ ਗਏ ਤਾਂ ਦੋਵਾਂ ਜੀਆਂ ਨੂੰ ਚਾਅ ਚੜ੍ਹ ਗਿਆ। ਹਰਨਾਮ ਸਿੰਘ ਨੇ ਆਪਣੀ ਲਾਇਬਰੇਰੀ ਦਿਖਾਈ। ਧਾਰਮਿਕ ਤੇ ਸਮਾਜਿਕ ਪੰਜਾਬੀ ਪੁਸਤਕਾਂ ਸਜ਼ਾ ਕੇ ਰੱਖੀਆਂ ਹੋਈਆਂ ਦੇਖ ਸਾਹਿਤਕਾਰ ਦੇ ਨਾਤੇ ਮੇਰਾ ਮਨ ਖੁਸ਼ ਹੋ ਗਿਆ। ਪੁਸਤਕਾਂ ਦੇ ਨੇੜੇ ਹੀ ਸਾਰੰਗੀ ਵੀ ਪਈ ਸੀ ਤੇ ਢੱਡ ਵੀ। ਮੈਂ ਪੁੱਛਿਆ, "ਇਹ ਸ਼ੌਕ ਵੀ ਰੱਖਦੇ ਹੋ?" ਤੇ ਬੇਨਤੀ ਕੀਤੀ, "ਛੇੜੋ ਕੋਈ ਤਾਨ।"
ਉਨ੍ਹਾਂ ਨੇ ਅਦਬ ਨਾਲ ਮੱਥੇ ਨੂੰ ਲਾ ਕੇ ਸਾਰੰਗੀ ਚੁੱਕੀ ਅਤੇ ਸੂਤ ਕਰ ਕੇ ਗਜ਼ ਫੇਰਿਆ। ਮੈਨੂੰ ਅਜੇ ਆਨੰਦ ਆਉਣ ਹੀ ਲੱਗਿਆ ਸੀ ਕਿ ਉਹ ਅਚਾਨਕ ਤਾਰਾਂ ਤੋਂ ਗਜ਼ ਚੁੱਕ ਕੇ ਬੋਲੇ, "ਇਉਂ ਨਹੀਂ ਮੈਂ ਸੁਣਾਉਂਦਾ। ਸਾਡੇ ਘਰ ਰਹੋ ਕੁਛ ਦਿਨ। ਬੈਠਿਆ ਕਰਾਂਗੇ ਮੌਜ-ਮਸਤੀ ਵਿਚ!"
ਹੋਰ ਲੋਕ ਘਰ ਦਿਖਾਉਂਦਿਆਂ ਆਮ ਕਰਕੇ ਇਕ ਕਮਰਾ "ਗੈਸਟ ਰੂਮ" ਵਜੋਂ ਦਿਖਾਉਂਦੇ ਹਨ, ਹਰਨਾਮ ਸਿੰਘ ਨੇ ਸਜਾਏ-ਸੰਵਾਰੇ ਦੋ ਕਮਰੇ ਦਿਖਾਏ, "ਇਹ ਦੋ ਕਮਰੇ ਸੱਜਣਾਂ-ਪਿਆਰਿਆਂ ਲਈ ਹਨ ਪਰ ਦੂਰ ਪਰਦੇਸੀਂ ਕੋਈ ਆਉਂਦਾ ਹੀ ਨਹੀਂ।" ਉਹ ਵਾਰ-ਵਾਰ ਜ਼ੋਰ ਪਾਉਣ ਲੱਗੇ,
"ਤੁਸੀਂ ਰਹੋ ਸਾਡੇ ਕੋਲ।"
ਬੇਬੇ ਜੀ ਬਾਰੇ ਪਤਾ ਲੱਗਿਆ ਕਿ ਉਹ ਕੈਨੇਡਾ ਵਸਦੀਆਂ ਦੋ ਬੇਟੀਆਂ ਕੋਲ ਰਹਿ ਰਹੀ ਸੀ। ਸੌ ਤੋਂ ਪੰਜ-ਛੇ ਸਾਲ ਘੱਟ ਸੀ ਪਰ ਤੁਰਨਫਿਰਨ, ਖਾਣ-ਪੀਣ ਉਮਰ ਅਨੁਸਾਰ ਵਧੀਆ ਸੀ। ਬੱਸ ਗੱਲਾਂ ਭੁੱਲਣ ਲੱਗ ਪਈ ਸੀ। ਆਪਣੇ ਤੋਂ ਅੱਗੇ ਉਸ ਨੇ ਚਾਰ ਪੀੜ੍ਹੀਆਂ ਹੋਰ ਦੇਖ ਲਈਆਂ ਸਨ।
ਜਦੋਂ ਫਰਿਜ਼ਨੋ ਦੀਆਂ ਚਾਰ ਸਾਹਿਤਕ-ਸਭਿਆਚਾਰਕ ਸਭਾਵਾਂ ਨੇ ਮਿਲ ਕੇ ਮੇਰਾ ਸਨਮਾਨ ਕੀਤਾ, ਮੈਨੂੰ ਖੁਸ਼ੀ ਹੋਈ। ਮੈਥੋਂ ਮਗਰੋਂ ਪਰ ਗੁਰਚਰਨ ਨੂੰ ਸ਼ਾਲ ਭੇਟ ਕਰਨ ਲਈ ਜਦੋਂ ਉਨ੍ਹਾਂ ਨੇ ਆਪਣੇ ਨਾਲ ਬਾਬਾ ਦੁੱਲਾ ਸਿੰਘ ਦੀ ਪੋਤੀ ਅਤੇ ਬੇਬੇ ਬਚਨ ਕੌਰ ਦੀ ਪੁੱਤਰੀ ਗਿਆਨ ਕੌਰ ਨੂੰ ਮੰਚ ਉਤੇ ਬੁਲਾ ਲਿਆ, ਲੱਗਿਆ ਕਿ ਉਸ ਦਾ ਸਨਮਾਨ ਮੈਥੋਂ ਵੱਧ ਹੋ ਗਿਆ।
ਆਪਣੀ ਅਮਰੀਕਾ ਫੇਰੀ ਬਾਰੇ ਪੁਸਤਕ, 'ਇਕ ਅਮਰੀਕਾ ਇਹ ਵੀ' ਵਿਚ ਮੈਂ ਇਨ੍ਹਾਂ ਗੱਲਾਂ ਦਾ ਵੀ ਜ਼ਿਕਰ ਕੀਤਾ। ਇਸ 29 ਜਨਵਰੀ ਨੂੰ ਇਕ ਫੋਨ ਆਇਆ, "ਭੁੱਲਰ ਜੀ, ਮੱਕੀ ਦੇ ਫੁਲਕੇ ਬਣਾਉਣ ਵਾਲੀ ਬੇਬੇ 98 ਸਾਲ ਪੂਰੇ ਕਰ ਕੇ ਅੱਜ ਰਾਤ ਪੂਰੀ ਹੋ ਗਈ! ਮੈਂ ਜਲਾਲਦੀਵਾਲ ਤੋਂ ਬਾਬਾ ਦੁੱਲਾ ਸਿੰਘ ਜੀ ਦਾ ਪੋਤਾ ਸੁਰਿੰਦਰ ਬੋਲਦਾ ਹਾਂ।" ਮੈਂ ਪਰਦੇਸਾਂ ਵਿਚ ਕਈ ਥਾਂਈਂ ਖਿਲਰੇ ਹੋਏ ਪਰਿਵਾਰ ਦਾ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਸਬੱਬ ਨਾਲ ਬਹੁਤੇ ਜੀਅ ਆਪੋ-ਆਪਣੇ ਕਾਰਨਾਂ ਕਰਕੇ ਪਹਿਲਾਂ ਹੀ ਇਧਰ ਆਏ ਹੋਏ ਹਨ। ਬੇਬੇ ਵੀ ਦੋ-ਤਿੰਨ ਸਾਲ ਪਹਿਲਾਂ ਮਿਲਣ ਲਈ ਹੀ ਆਈ ਸੀ ਪਰ ਦੇਸ਼ ਦੀ ਮਿੱਟੀ ਵਿਚ ਸਮਾਉਣ ਦੇ ਇਰਾਦੇ ਨਾਲ ਪੱਕੀ ਨਾਗਰਿਕਤਾ ਦੇ ਬਾਵਜੂਦ ਉਸ ਨੇ ਪਰਦੇਸ ਪਰਤਣੋਂ ਇਨਕਾਰ ਕਰ ਦਿੱਤਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ