Manje Di Bahi (Punjabi Story) : Ajmer Singh Aulakh

ਮੰਜੇ ਦੀ ਬਾਹੀ (ਕਹਾਣੀ) : ਅਜਮੇਰ ਸਿੰਘ ਔਲਖ

ਗੱਲ ‘ਕੇਰਾਂ ਮੂੰਹੋਂ ਨਿਕਲੇ ਸਹੀ, ਫਿਰ ਆਖੂ ਤੂੰ ਕੌਣ ਤੇ ਮੈਂ ਕੌਣ? ਤੇ ਗੱਲ ਕੋਈ ਝੂਠੀ ਵੀ ਨਹੀਂ ਸੀ- ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀਂ ਲਿਆਉਣ ਲੱਗਾ ਸੀ।
ਗੱਜੂ ਦੀ ਭਰਜਾਈ ਸੰਤੋ ਨੇ ਸੁਣਿਆ, ਓਦ੍ਹੇ ਤਾਂ ਜਿਵੇਂ ਸਾਹ ਹੀ ਸੂਤੇ ਗਏ ਹੋਣ। “ਮਰ ਵੇ ਗੱਜੂ ਬੰਦਿਆ, ਤੇਰਾ ਬਹਿ ਜੇ ਬੇੜਾ!”
ਬੇੜਾ ਬੈਠੇ ਚਾਹੇ ਤਰੇ, ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ ਸੌ ਦੀ ਇਕ ਸੁਣਾ ਦਿੱਤੀ, “ਮੇਰੇ ਹਿੱਸੇ ਦੀ ਜਮੀਨ ਵੰਡ ਦੇਹ, ਨਹੀਂ ਤਾਂ ਪੰਚੈਤ ‘ਕੱਠੀ ਕਰਨੀ ਪਊ!”
ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ, ਉਂਜ ਵੀ ਸੁਭਾਅ ਦਾ ਕੂਲਾ ਸੀ, ਸੁਣ ਕੇ ਚੁੱਪ ਰਿਹਾ। ਇਕ ਦੋ ਬੰਦੇ ਉਸ ਨੇ ਵਿਚ-ਦੀ ਸੁੱਟੇ, ਪਰ ਗੱਜੂ ਤਾਂ ਪੈਰਾਂ ‘ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦਾ; ਅਖੇ, ਮੇਰਾ ਨੀ ਜੀਅ ਕਰਦਾ ਜੱਗ ‘ਤੇ ਬੂਟਾ ਲਾਉਣ ਨੂੰ?
ਅਸਲ ਵਿਚ ਗੱਲ ‘ਗਾਹਾਂ ਖਾਸੀ ਤੁਰ’ਗੀ ਸੀ। ਗੱਜੂ ਨੇ ਨੰਦ ਬੰਗਾਲੀ ਰਾਹੀਂ ਧਨੌਲੇ ਕੰਨੀਂ ਇਕ ਤੀਮੀਂ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ, ਸਿਰਫ ਰਕਮ ਤਾਰਨੀ ਬਾਕੀ ਸੀ। ਚਾਹੁੰਦਾ ਉਹ ਇਹ ਸੀ, ਬਈ ਤੀਮੀਂ ਲਿਆਉਣ ਤੋਂ ਪਹਿਲਾਂ ਮਾੜਾ-ਮੋਟਾ ਘਰ-ਘਾਟ ਦਾ ਬੰਨ੍ਹ-ਸੁੱਬ ਕਰ ਲਵੇ। ਚਾਰ ਕਿੱਲੇ ਭੋਇੰ ਉਸ ਨੂੰ ਆਉਣੀ ਸੀ। ਇਕ ਕਿੱਲਾ ਗਹਿਣੇ ਪਾਉਣਾ ਉਸ ਜੇਠੂ ਬਾਣੀਏ ਨਾਲ ਪੱਕਾ ਕਰ ਛੱਡਿਆ ਸੀ, ਤਿੰਨ ਹਜ਼ਾਰ ਵਿਚ। ਸੌਲਾਂ ਸੌ ਦੀ ਤੀਮੀਂ, ਬਾਕੀ ਘਰ ਦਾ ਲਕਾ ਤੁਕਾ! ‘ਕੇਰਾਂ ਜਮੀਨ ਵੰਡੀ ਜਾਵੇ, ਘਰ ਤਾਂ ਵੰਡਿਆ ਈ ਪਿਐ, ਉਛਲ ਸੱਜਣ ਦੀ- ਚਾਹੇ ਅੰਦਰਲਾ ਲੈ ਲਵੇ, ਚਾਹੇ ਬਾਹਰਲਾ।
ਜਦੋਂ ਕੋਈ ਵਾਹ ਨਾ ਗਈ, ਸੱਜਣ ਬਾਹਰਲੇ ਘਰ ਜਾ ਕੇ ਗੱਜੂ ਦੇ ਪੈਰੀਂ ਪੈ ਗਿਆ, “ਆਹ ਦੇਖ ਬਾਈ, ਤੇਰੇ ਪੈਰੀਂ ਪੱਗ ਧਰਨਾ। ਆਪਣੇ ਘਰ ਦੀ ਇੱਜਤ ਰੱਖ! ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਬਿਆਹ ਕਾਹਨੂੰ ਕਰਨਾ ਸੀ। ਰੱਬ ਦੀ ਕਿਰਪਾ ਨਾਲ ਆਪਣੀ ਜੜ੍ਹ ਲੱਗੀ ਹੋਈ ਐ। ਮੇਰੇ ਜਬਾਕ ਹੋਏ ਕਿ ਤੇਰੇ ਹੋਏ, ਇਕੋ ਗੱਲ ਐ। ਸੰਤੀ ਵੀ ਕਦੇ ਤੈਨੂੰ ਓਏ ਕਰ ਕੇ ਨੀ ਬੋਲੀ। ਨਾਲੇ ਮੁੱਲ ਦੀ ਤੀਮੀਂ ਦਾ ਕੀ ਪਤਾ ਹੁੰਦੈ, ਅੱਜ ਏਥੇ, ਕੱਲ੍ਹ ਓਥੇ।”
ਪਰ ਗੱਜੂ ਉਤੇ ਇਨ੍ਹਾਂ ਗੱਲਾਂ ਦਾ ਨਾ ਅਸਰ ਹੋਣਾ ਸੀ, ਤੇ ਨਾ ਹੀ ਹੋਇਆ। ਸੱਜਣ ਨੂੰ ਉਸ ਨੇ ਇਕੋ ਗੱਲ ਨਾਲ ਚੁੱਪ ਕਰ ਦਿੱਤਾ, “ਮੁੱਲ ਦੀ ਤੀਮੀਂ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋਊ, ਮੈਂ ਝੱਲ ਲੂੰ! ਪਰ ਸੱਜਣਾ, ਜਮੀਨ ਤਾਂ ਤੈਨੂੰ ਵੰਡਣੀ ਪਊ, ਭਾਈ ਭਰੱਪਣ ਨਾਲ ਵੰਡ ਦੇਂਗਾ ਤੇਰੀ ਸ਼ਾਬਾਸ਼ੇ, ਲੋਕ ਤਮਾਸ਼ਾ ਦਖਾਉਣੈਂ ਉਹ ਤੇਰੀ ਮਰਜੀ।”
ਸੱਜਣ ਪਰਨੇ ਨਾਲ ਅੱਖਾਂ ਪੂੰਝ ਕੇ ਅੰਦਰਲੇ ਘਰ ਨੂੰ ਤੁਰ ਪਿਆ। ਉਹ ਸੋਚਦਾ ਸੀ, ਚਾਰ ਕਿੱਲਿਆਂ ਦੇ ਸਿਰ ‘ਤੇ ਤਾਂ ਉਸ ਦੇ ਇਕ ਮੁੰਡੇ ਨੂੰ ਵੀ ਨਹੀਂ ਸਾਕ ਹੋਣਾ। ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜ੍ਹੀ ਜਾ ਰਹੀ ਸੀ, ਆਹ ਬਿਚ ਭੈਣ ਦੇਣੇ ਦਾ ਹੋਰ ਹੀ ਫਾਨਾ ਆ ਫਸਿਆ! ਪਰ ਸੱਜਣ ਇਹ ਵੀ ਜਾਣਦਾ ਸੀ, ਬਈ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਸੀ ਫਸਿਆ, ਸਗੋਂ ਸੰਤੋ ਨੇ ਫਸਾਇਆ ਸੀ। ਉਸ ਨੇ ਗੱਲੀਂ ਬਾਤੀਂ ਸੰਤੋ ਨੂੰ ਕਈ ਵਾਰ ਆਖਿਆ ਵੀ ਸੀ, “ਇਸ ਕਾਣੇ ਦਾ ਵਿਗੜਦੇ ਦਾ ਪਤਾ ਨੀ ਲਗਦਾ, ਤੂੰ ਏਹਨੂੰ ਪਲੋਸ ਪਲਾਸ ਕੇ ਰੱਖਿਆ ਕਰ।” ਪਰ ਸੰਤੋ ਨੇ ਜ਼ਿੱਦ ਨਾ ਛੱਡੀ, “ਮਰਨੀ ਮਰਜੂੰ, ਪਰ ਮੈਂ ਜੇਠ ਨੂੰ ਮੰਜੇ ਦੀ ਬਾਹੀ ‘ਤੇ ਨੀ ਬੈਠਣ ਦੇਣਾ।”
ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਨ੍ਹਾਂ ਦਾ ਘਰ ਵਸਾਉਣ ਵਿਚ ਗੱਜੂ ਦਾ ਹੀ ਹੱਥ ਸੀ। ਸੱਜਣ ਤਾਂ ਓਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ, ਜਦੋਂ ਉਨ੍ਹਾਂ ਦਾ ਪਿਉ ਲਾਂਗੇ ਦਾ ਗੱਡਾ ਲੱਦਦਾ ਡਿਗ ਕੇ ਮਰ ਗਿਆ ਸੀ। ਪੰਜ ਕੁ ਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਝੋਰਾ ਕਰਦੀ ਉਨ੍ਹਾਂ ਦੀ ਮਾਂ ਵੀ ਮੰਜੇ ਨਾਲ ਅੱਡੀਆਂ ਰਗੜਦੀ ਤੁਰ ਗਈ ਸੀ। ਗੱਜੂ ਉਤੇ ਈ ਆ ਪਿਆ ਸੀ ਸਾਰਾ ਭਾਰ! ਦੋ ਭੈਣਾਂ ਬੂਹਿਓਂ ਤੋਰੀਆਂ। ਸੱਜਣ ਨੂੰ ਭਾਈ ਨੀ, ਪੁੱਤਾਂ ਵਾਂਗੂ ਪਾਲਿਆ ਤੇ ਵੱਡਾ ਕੀਤਾ। ਫੇਰ ਇਕ ਵੱਡੀ ਕੁਰਬਾਨੀ, ਸੱਜਣ ਦਾ ਵਿਆਹ ਕੀਤਾ। ਜੱਟ ਦੇ ਪੁੱਤ ਨੂੰ ਚਾਰ ਕਿੱਲਿਆਂ ‘ਤੇ ਕਿਹੜਾ ਕੁੜੀ ਦਿੰਦੈ? ਗੱਜੂ ਨੇ ਸੋਚਿਆ, ਉਸ ਨੂੰ ਤਾਂ ਸਾਕ ਹੋਣੋਂ ਰਿਹਾ, ਇਕ ਤਾਂ ਰੱਬ ਨੇ ਉਂਜ ਬੱਜੋ-ਬੱਤਾ ਬਣਾ’ਤਾ, ਦੂਜੇ ਉਮਰ ਪਖੋਂ ਵੀ ਪੈਂਤੀ ਛੱਤੀ ਦਾ ਹੋ ਚੱਲਿਆ ਸੀ। ਚਲੋ, ਭਾਈ ਤਾਂ ਕੁਆਰਾ ਨਾ ਰਹੇ। ਉਸ ਨੇ ਬਾਰੂ-ਕੇ ਸੀਤੇ ਨਾਲ ਗੱਲ ਕੀਤੀ, “ਦੇਖ ਸੀਤਾ ਸਿਆਂ? ਮੈਂ ਤਾਂ ਨਾ ਵਿਆਹ ਕਰਾਵਾਂ, ਨਾ ਈਂ ਮੈਨੂੰ ਸਾਕ ਹੋਵੇ। ਅੱਠ ਕਿੱਲੇ ਸੱਜਣ ਨੂੰ ਮੁੱਕਦੇ ਨ੍ਹੀਂ, ਤੂੰ ਕਰ ਪੁੰਨ, ਆਪਣੀ ਸਾਲੀ ਦਾ ਸਾਕ ਲਿਆ। ਐਨੇ ਨਾਲ ਸਾਡਾ ਵੀ ਜੱਗ ਵਿਚ ਸੀਰ ਪੈਜੂ।” ਸੀਤੇ ਨੂੰ ਵੀ ਗੱਲ ਜਚ ਗਈ ਸੀ ਤੇ ਉਸ ਨੇ ਸੱਜਣ ਨੂੰ ਸਾਕ ਕਰਵਾ ਕੇ ਦੋ ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਨ੍ਹਾਂ ਦੇ ਘਰ ਲਿਆ ਬਠਾਈ ਸੀ।
ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ, ਜਿਵੇਂ ਉਹਦਾ ਆਪਣਾ ਵਿਆਹ ਹੋਇਆ ਹੋਵੇ। ਜੱਟ ਦਾ ਇਕ ਪੁੱਤ ਵਿਆਹਿਆ ਜਾਵੇ, ਸਮਝੋ ਸਾਰੇ ਵਿਆਹੇ ਗਏ। ਇਕ ਕਿੱਲਾ ਗਹਿਣੇ ਰੱਖ ਕੇ ਉਸ ਨੇ ਸੰਤੋ ਲਈ ਮੂੰਹ ਸਿਰ ਦੀਆਂ ਸਾਰੀਆਂ ਟੂੰਮਾਂ ਬਣਾ ਦਿੱਤੀਆਂ।
ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਮੀਂ ਸੀ, ਆਉਂਦਿਆਂ ਹੀ ਉਸ ਨੇ ਘਰ ਦੀ ਖਿੱਲਰੀ ਹੋਈ ਕਬੀਲਦਾਰੀ ਨੂੰ ਰੱਸਾ ਪਾ ਲਿਆ। ਉਤੋਂ ਚੰਗੇ ਭਾਗਾਂ ਨੂੰ, ਸਾਲੋਂ ਅੰਦਰ ਰੱਬ ਨੇ ਚੰਨ ਵਰਗਾ ਮੁੰਡਾ ਝੋਲੀ ਪਾ ਦਿੱਤਾ।
ਦਿਨਾਂ ਵਿਚ ਹੀ ਗੱਜੂ ਅਤੇ ਸੱਜਣ ਦੇ ਘਰ ਦਾ ਰੰਗ ਹੋਰ ਹੋ ਗਿਆ। ਚੁੰਬਕ ਦੀ ਤਰ੍ਹਾਂ, ਸੰਤੋ ਨੇ ਸਾਰੀਆਂ ਬਰਕਤਾਂ ਉਨ੍ਹਾਂ ਦੇ ਘਰ ਵੱਲ ਖਿੱਚ ਲਈਆਂ। ਸੰਤੋ ਦੁਆਲੇ ਉਹ ਊਰੀ ਆਗੂੰ ਘੁਕਦੇ ਰਹਿੰਦੇ। ਦੋ ਕੁ ਸਾਲਾਂ ਵਿਚ ਹੀ ਉਨ੍ਹਾਂ ਨੇ ਗਹਿਣੇ ਪਾਇਆ ਕਿੱਲਾ ਵੀ ਛੁਡਾ ਲਿਆ। ਫੁੱਲਾਂ ਵਰਗੇ ਦਿਨ ਲੰਘਣ ਲੱਗੇ। ਸੰਤੋ ਦੀ ਕੁੱਖੋਂ ਇਕ ਕੁੜੀ ਤੇ ਇਕ ਮੁੰਡਾ ਹੋਰ ਜੰਮੇ। ਹੋਰ ਜੱਟ ਨੂੰ ਕੀ ਚਾਹੀਦੈ? ਦੁੱਧ ਤੇ ਪੁੱਤ, ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦੈ!
ਪਰ ਅਚਾਨਕ ਫੁੱਲਾਂ ਉਤੇ ਖੇਡਦੀ ਕਾਟੋ ਨੂੰ ਇਕ ਭੂਤ ਦਿਖਾਈ ਦੇ ਗਿਆ। ਤਕਦੀਰ ਨੇ ਗੱਜੂ ਨਾਲ ਇਕ ਰਾਤ ਇਕ ਨਾਟਕ ਖੇਡਿਆ। ਉਸ ਨੂੰ ਸੁਪਨਾ ਆਇਆ, ਜਿਵੇਂ ਉਸ ਨਾਲ ਕੋਈ ਤੀਮੀਂ ਸੁੱਤੀ ਪਈ ਹੋਵੇ। ਗੱਜੂ ‘ਬਾਖਰੂ, ਬਾਖਰੂ’ ਕਰਦਾ ਉਠ ਖੜ੍ਹਾ ਹੋਇਆ। ਆਲੇ-ਦੁਆਲੇ ਅੱਖਾਂ ਪਾੜ ਪਾੜ ਵੇਖਿਆ, ਉਥੇ ਤਾਂ ਕੋਈ ਵੀ ਨਹੀਂ ਸੀ!
ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਵਿਚ ਘੁੰਮਦਾ ਰਿਹਾ। ਦਿਨ ਛਿਪਦੇ ਨਾਲ ਹੀ ਉਸ ਨੂੰ ਡਰ ਜਿਹਾ ਹੋਣ ਲੱਗਾ ਕਿ ਕਿਤੇ ਇਹ ਸੁਪਨਾ ਅੱਜ ਰਾਤੀਂ ਫਿਰ ਨਾ ਆ ਜਾਵੇ। ਉਸ ਨੇ ਆਪਣੇ ਛੇ ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ।
ਉਸ ਰਾਤ ਉਸ ਨੂੰ ਉਹ ਸੁਪਨਾ ਤਾਂ ਨਾ ਆਇਆ, ਪਰ ਜਿਹੜਾ ਆਇਆ, ਉਹ ਉਸ ਨਾਲੋਂ ਵੀ ਅਜੀਬ ਕਿਸਮ ਦਾ ਸੀ। ਉਹ ਡੇਰੇ ਆਲੀ ਢਾਬ ਵਿਚ ਨਹਾ ਰਿਹਾ ਸੀ, ਤੇੜ-ਸਿਰ ਦੇ ਕੱਪੜੇ ਲਾਹ ਕੇ, ਅਲਫ ਨੰਗਾ! ਇਕ ਤੀਮੀਂ ਆਈ ਤੇ ਉਸ ਦੇ ਕੱਪੜੇ ਚੁੱਕ ਕੇ ਪਰਾਂਹ ਵਣਾਂ ਵਿਚ ਜਾ ਲੁਕੀ।
ਏਦਾਂ ਮ੍ਹੀਨਾ-ਵੀਹ ਦਿਨ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ। ਹਰ ਸੁਪਨੇ ਵਿਚ ਕਹਾਣੀ ਵੱਖ ਹੁੰਦੀ ਹੋਈ ਵੀ ਇਕ ਗੱਲ ਸਾਂਝੀ ਹੁੰਦੀ, ਤੀਮੀਂ ਦੇ ਆਉਣ ਦੀ ਗੱਲ।
ਪਹਿਲੇ ਦੋ ਤਿੰਨ ਸੁਪਨਿਆਂ ਨੇ ਤਾਂ ਗੱਜੂ ਨੂੰ ਘਬਰਾਹਟ ਦਿੱਤੀ। ਪਰ ਫੇਰ ਉਸ ਨੂੰ ਇਹ ਸੁਪਨੇ ਚੰਗੇ ਚੰਗੇ ਲੱਗਣ ਲੱਗ ਪਏ। ਉਸ ਨੂੰ ਇਨ੍ਹਾਂ ਵਿਚੋਂ ਨਿੱਘ ਜਿਹਾ ਮਿਲਣ ਲੱਗਾ। ਸੱਚੀ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਅਜਿਹਾ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ ਟੁੱਟਿਆ ਜਿਹਾ ਮਹਿਸੂਸ ਕਰਦਾ। ਅਜੀਬ ਗੱਲ ਸੀ ਕਿ ਇਹ ਸੁਪਨੇ ਜਾਂ ਤਾਂ ਉਸ ਨੂੰ ਪੰਦਰਾਂ-ਸੋਲਾਂ ਸਾਲ ਦੀ ਉਮਰ ਤੋਂ ਲੈ ਕੇ ਛੱਬੀ-ਸਤਾਈ ਸਾਲ ਦੀ ਉਮਰ ਤਕ ਆਏ ਸਨ ਜਾਂ ਹੁਣ, ਜਦੋਂ ਉਹ ਚਹੁੰ ਤੇ ਚਾਲੀ ਸਾਲ ਦਾ ਹੋ ਚੱਲਿਆ ਸੀ!
ਇਕ ਦਿਨ ਹੋਰ ਹੀ ਭਾਣਾ ਵਰਤਿਆ। ਦਿਨ ਛਿਪੇ ਮੂੰਹ ਨ੍ਹੇਰੇ ਜਿਹੇ ਉਹ ਸੂਏ ਵੱਲ ਜੰਗਲ ਪਾਣੀ ਗਿਆ। ਸਕੂਲ ਵਿਚ ਦੀ ਲੰਘਦਿਆਂ ਉਸ ਨੂੰ ਇਕ ਤੀਮੀਂ ਤੇ ਇਕ ਮਰਦ ਦਾ ਝਉਲਾ ਪਿਆ। ਮਰਦ ਨੇ ਤੀਵੀਂ ਨੂੰ ਆਪਣੀ ਹਿੱਕ ਨਾਲ ਘੁੱਟ ਰੱਖਿਆ ਸੀ। ਗੱਜੂ ਨੇ ਦੋਵਾਂ ਨੂੰ ਜਾ ਗਿੱਚੀ ਤੋਂ ਨੱਪਿਆ। ਇਹ ਤਾਂ ਜੇਠੂ ਬਾਣੀਏ ਦੀ ਵੱਡੀ ਕੁੜੀ ਸ਼ੀਲੋ ਤੇ ਧਰਮੇ ਤਖਾਣ ਦਾ ਮੁੰਡਾ ਘੀਚਰ ਸੀ। ਘੀਚਰ ਉਸ ਦੇ ਪੈਰੀਂ ਪੈ ਗਿਆ, “ਚਾਚਾ ਹੱਥ ਬੰਨ੍ਹਾ ਲੈ, ਅੱਗੇ ਗੱਲ ਨਾ ਕਰੀਂ।”
“ਉਡ ਜੋ ਭੈਣ ਦਿਓ ਦੁੱਗੋ, ਜੇ ਅੱਗੇ ਨੂੰ ਏਹਾ ਜਾ ਕੰਮ ਕੀਤਾ ਤਾਂ ਦੇਖ ਲਿਓ ਫੇਰ?” ਕਹਿਣ ਨੂੰ ਤਾਂ ਗੱਜੂ ਨੇ ਉਨ੍ਹਾਂ ਨੂੰ ਕਹਿ ਦਿੱਤਾ ਪਰ ਅੰਦਰੋਂ, ਇਹ ਸਭ ਕੁਝ ਦੇਖ ਕੇ ਉਸ ਨੂੰ ਆਪ ਨੂੰ ਵੀ ਸੁਆਦ ਜਿਹਾ ਆ ਗਿਆ ਸੀ।
ਉਸ ਰਾਤ ਉਸ ਨੂੰ ਫਿਰ ਸੁਪਨਾ ਆਇਆ, ਪਹਿਲਿਆਂ ਸੁਪਨਿਆਂ ਵਰਗਾ, ਪਰ ਇਸ ਵਾਰੀ ਉਸ ਨੇ ਸੁਪਨੇ ਵਿਚਲੀ ਤੀਮੀਂ ਨੂੰ ਪਛਾਣ ਲਿਆ, ਇਹ ਤਾਂ ਸੰਤੋ ਸੀ, ਉਸ ਦੀ ਆਪਣੀ ਭਰਜਾਈ।
ਸੁਪਨਾ ਕਾਹਦਾ ਆਇਆ, ਗੱਜੂ ਨੂੰ ਸੂਲੀ ‘ਤੇ ਟੰਗ ਗਿਆ। ਕਦੇ ਉਸ ਨੂੰ ਲਗਦਾ, ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲ੍ਹਾਂ ਦੇਣ ਲੱਗ ਪੈਂਦਾ, “ਇਹ ਕੀ ਹੁੰਦਾ ਜਾਂਦੈ ਤੈਨੂੰ ਭੈਣ ਦਿਆ ਦੁੱਗਾ। ਧੌਲੀ ਦਾੜ੍ਹੀ ਹੁਣ ਤੈਨੂੰ ਇਹ ਕੀ ਚਾਅ ਕੁੱਦਣ ਲੱਗ ਪਿਐ!”
ਤੇ ਕਦੇ ਉਸ ਅੰਦਰ ਅੱਗ ਜਿਹੀ ਪੈਦਾ ਹੁੰਦੀ ਜਿਹੜੀ, ਉਸ ਨੂੰ ਲਗਦਾ ਉਸ ਨੂੰ ਸਾੜ ਕੇ ਹੀ ਸਾਹ ਲਵੇਗੀ। ਹਾਲਤ ਇਹ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹ ਇਸ ਸਮੱਸਿਆ ਨਾਲ ਉਲਝਿਆ ਰਹਿੰਦਾ। ਪਤਾ ਨਹੀਂ ਕਿਉਂ, ਉਹ ਸੰਤੋ ਨੂੰ ਹੁਣ ਚੋਰ ਅੱਖ ਨਾਲ ਵੇਖਣ ਲੱਗ ਪਿਆ। ਸੰਤੋ ਉਸ ਤੋਂ ਘੁੰਡ ਕੱਢਦੀ ਸੀ ਪਰ ਇਹ ਘੁੰਡ ਐਵੇਂ ਨਾਂ ਦਾ ਹੀ ਸੀ। ਉਸ ਨੇ ਸੰਤੋ ਦਾ ਚਿਹਰਾ-ਮੋਰ੍ਹਾ ਅੱਗੇ ਵੀ ਸੌ ਵਾਰੀ ਵੇਖਿਆ ਸੀ, ਪਰ ਉਸ ਚਿਹਰੇ-ਮੋਰ੍ਹੇ ਵਿਚ ਕੋਈ ਹੋਰ ਹੀ ਗੱਲ ਸੀ।
ਬਿਮਾਰੀ ਵਧਦੀ ਵਧਦੀ ਵਧ ਹੀ ਗਈ। ਅੱਗ ਦੇ ਭਾਂਬੜਾਂ ਨੇ ਗੱਜੂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਿਆਲਾਂ ਦੀ ਇਕ ਰਾਤ ਨੂੰ ਜਦੋਂ ਸੱਜਣ ਸੀਰੀ ਨਾਲ ਟਾਹਲੀ ਆਲੇ ਖੇਤ ਪਾਣੀ ਲਾਉਣ ਗਿਆ ਸੀ, ਗੱਜੂ ਆਪਣੇ ਆਪ ਨਾਲ ਘੁਲਦਾ ਸੰਤੋ ਦੇ ਮੰਜੇ ਦੀ ਬਾਹੀ ਉਤੇ ਜਾ ਬੈਠਾ। ਕੰਬਦੇ ਹੱਥਾਂ ਨਾਲ ਉਸ ਸੰਤੋ ਦੀ ਬਾਂਹ ਨੂੰ ਹਲੂਣਿਆ। ਸੰਤੋ ਤ੍ਰਭਕ ਕੇ ਉਠੀ, ਜਿਵੇਂ ਕਿਸੇ ਸੁਪਨੇ ਵਿਚੋਂ ਜਾਗੀ ਹੋਵੇ। ਗੱਜੂ ਨੂੰ ਆਪਣੇ ਮੰਜੇ ‘ਤੇ ਬੈਠਾ ਵੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ। ਇਕ ਵਾਰ ਤਾਂ ਉਸ ਨੂੰ ਸੱਜਣ ਦਾ ਝਉਲਾ ਵੀ ਪਿਆ, ਪਰ ਰਾਤ ਦੇ ਹਨੇਰੇ ਵਿਚ ਵੀ ਉਹ ਗੱਜੂ ਦੀ ਬੁਝੀ ਹੋਈ ਅੱਖ ਨੂੰ ਪਛਾਣ ਗਈ। ਉਸ ਅੰਦਰ ਜਿਵੇਂ ਕੋਈ ਸੁੱਤੀ ਹੋਈ ਬਘਿਆੜੀ ਜਾਗ ਪਈ ਹੋਵੇ। ਉਹ ਗੱਜੂ ‘ਤੇ ਝਪਟਣ ਹੀ ਵਾਲੀ ਸੀ ਕਿ ਉਸ ਦੀ ਤ੍ਰੀਮਤ-ਸੂਝ ਬੋਲ ਪਈ, “ਸੰਤੋ ਬੰਦੀਏ, ਕੁਝ ਹੋਸ਼ ਕਰ।” ਸਾਰੀ ਸ਼ਕਤੀ ‘ਕੱਠੀ ਕਰ ਕੇ ਉਸ ਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ, “ਗੱਜਣਾ, ਜੇ ਬੰਦੇ ਦਾ ਪੁੱਤ ਐਂ ਤਾਂ ਹੁਣੇ ਉਠ ਖੜ੍ਹ ਮੰਜੇ ਤੋਂ।”
ਗੱਜੂ ਦੇ ਸਿਰ ਉਤੇ ਜਿਵੇਂ ਕੋਤਰ-ਸੌ ਘੜਾ ਪਾਣੀ ਦਾ ਡੁੱਲ੍ਹ ਗਿਆ ਹੋਵੇ। ਸੰਤੋ ਨੂੰ ਉਹ ਇਕ ਸ਼ਬਦ ਵੀ ਨਾ ਕਹਿ ਸਕਿਆ। ਆਪਣੀ ਬਰਫ ਹੋਈ ਦੇਹ ਨੂੰ ਘਸੀਟਦਾ ਉਹ ਆਪਣੇ ਮੰਜੇ ‘ਤੇ ਆ ਡਿੱਗਾ। ਗਈ ਰਾਤ ਤਕ ਉਹ ਛੱਤ ਦੀਆਂ ਛਤੀਰੀਆਂ ਵੱਲ ਵੇਖਦਾ ਰਿਹਾ। ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ, ਸੁਪਨੇ ਜਿਨ੍ਹਾਂ ਵਿਚ ਘੋੜਿਆਂ ‘ਤੇ ਚੜ੍ਹੀਆਂ ਤੀਮੀਆਂ ਉਸ ਦੀ ਹਿੱਕ ਉਤੋਂ ਦੀ ਦਗੜ-ਦਗੜ ਘੋੜੇ ਦਬੱਲੀ ਜਾਂਦੀਆਂ ਹਨ।
ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰ ਸੌਣ ਲੱਗ ਪਿਆ। ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ, ਮਰਜ਼ੀ ਨਾਲ ਨਾ ਕਰਦਾ। ਗੱਜੂ ਨੂੰ ਕੋਈ ਤੋੜ ਜਿਹੀ ਲੱਗੀ ਰਹਿੰਦੀ ਤੇ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ ਕਰਦਾ। ਇਸ ਘਟਨਾ ਤੋਂ ਬਾਅਦ ਗੱਜੂ ਦਾ ਨੰਦ ਬੰਗਾਲੀ ਕੋਲ ਉਠਣ ਬਹਿਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ ਤੀਮੀਂ ਲਿਆਉਣ ਦਾ ਫੈਸਲਾ ਕਰ ਕੇ ਆਪਣੇ ਛੋਟੇ ਭਾਈ ਨੂੰ ਸੌ ਦੀ ਇਕ ਸੁਣਾਈ, “ਮੇਰੇ ਹਿੱਸੇ ਦੀ ਜਮੀਨ ਵੰਡ ਦੇਹ, ਨਹੀਂ ਤਾਂ ਪੰਚੈਤ ‘ਕੱਠੀ ਕਰਨੀ ਪਊ।”
ਜਦੋਂ ਕੋਈ ਵੀ ਹੀਲਾ ਲੋਟ ਨਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ, “ਚੰਗਾ ਭਰਾਵਾ, ਜਿਮੇਂ ਤੇਰੀ ਮਰਜ਼ੀ ਐ ਕਰ ਲੈ। ਜਮੀਨ ਵਿਚ ਤੇਰਾ ਅੱਧ ਐ, ਪਰਸੋਂ ਵੰਡ ਲਾਂਗੇ। ਪੰਚੈਤ ਕਾਹਨੂੰ ਪਾਉਣੀ ਐ ਵਿਚਾਲੇ। ਐਮੇਂ ਕੋਈ ਕੁਸ਼ ਆਖੂ, ਕੋਈ ਕੁਸ਼। ਮੈਂ ਅੱਜ ਜਾ ਕੇ ਕੱਲ੍ਹ ਨੂੰ ਮਾਮੇ ਨੂੰ ਲੈ ਆਉਨਾਂ। ਘਰ ਦੀ ਗੱਲ ਘਰ ਵਿਚ ਨਿਬੜ ਜੂ।”
ਸੱਜਣ ਤਾਂ ਐਨੀ ਕਹਿ ਕੇ ਨਾਨਕੀਂ ਮਾਮੇ ਨੂੰ ਲੈਣ ਚਲਿਆ ਗਿਆ, ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ। ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਮੀਂ ਸੱਚਮੁੱਚ ਹੀ ਲੈ ਆਵੇਗਾ। ਭਿਣਕ ਤਾਂ ਉਹਨੂੰ ਮਹੀਨਾ ਭਰ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਨੰਦ ਬੰਗਾਲੀ ਕੋਲ ਜਾਣ ਆਉਣ ਲੱਗ ਪਿਆ ਸੀ, ਪਰ ਉਹ ਸੋਚਦੀ ਸੀ, ਐਵੇਂ ਦੋ ਚਾਰ ਦਿਨ ਦਾ ਪਾਲਗਪਣ ਐ, ਆਪੇ ਠੀਕ ਹੋ ਜੂ। ਪਰ ਉਹਨੂੰ ਕੀ ਪਤਾ ਸੀ, ਗੱਜੂ ਆਪਣੀ ਹਿੰਡ ਨੂੰ ਏਨੀ ਦੂਰ ਤਕ ਲੈ ਜਾਵੇਗਾ।
ਹੁਣ ਜਦੋਂ ਗੱਲ ਜਮੀਨ ਵੰਡਣ ਤਕ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ, ਉਸ ਦਾ ਤਾਂ ਬਣਿਆ ਬਣਾਇਆ ਘਰ ਢਹਿ-ਢੇਰੀ ਹੋਣ ਲੱਗਾ ਐ। ਅੱਠਾਂ ਵਿਚੋਂ ਚਾਰ ਕਿਲੇ ਗੱਜੂ ਲੈ ਜੂ ਤਾਂ ਉਹਦੇ ਦੋ ਪੁੱਤਾਂ ਪੱਲੇ ਕੀ ਪਊ? ਅੱਗ ਤੇ ਸੁਆਹ? ਚਾਰ ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ। ਇਕ ਨੂੰ ਤਾਂ ਦੋ ਹੀ ਆਏ? ਫੇਰ ਉਹ ਨਪੁੱਤਿਆਂ ਦੀ ਪਤਾ ਨੀ ਕੇਹੇ ਜੇ ਘਰ ਦੀ ਹੋਊ? ਕਿਸੇ ਮਾੜੀ-ਧੀੜੀ ਦੀ ‘ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੂੰ। ਸ਼ਰੀਕੇ ਦਾ ਦਾਗ ਆਪ ਨੂੰ ਕੇਹੜਾ ਨਹੀਂ ਲੱਗੂ। ਮੈਂ ਬੀ ਐਂਮੇਂ ਜਿੱਦ ਜਿੱਦ ਵਿਚ ਸਾਰੀ ਖੇਡ ਬਗਾੜ ਲੀ। ਕੋਈ ਬਗਾਨਾ ਤਾਂ ਨੀ ਸੀ, ਸੱਜਣ ਦਾ ਈ ਭਾਈ ਐ! ਉਹ ਵੀ ਤੀਮੀਂਆਂ ਨੇ ਜਿਹੜੀਆਂ ਸੱਤ ਬਗਾਨਿਆਂ ਨਾਲ ਜਾ ਕੇ ਖੇਹ ਖਾਂਦੀਆਂ ਨੇ। ਇਹ ਤਾਂ ਫਿਰ ਘਰ ਦੀ ਘਰ ਵਿਚ ਗੱਲ ਐ। ਨਾਲੇ ਮਾੜੀ ਗੱਲ ਤੇ ਤਾਂ ਹੋਵੇ, ਜੇ ਘਰ ਦਾ ਬੰਦਾ ਬੁਰੀ ਮੰਨੇ। ਸੱਜਣ ਤਾਂ ਆਪ ਕੈ ਬਾਰ ਆਨੀਂ ਬਹਾਨੀਂ ਕਹਿ ਬੈਠੇ! “ਜਾ ਨੀ ਸੰਤੋ ਕਮਲੀਏ, ਆਪਣੇ ਹੱਥੀਂ ਆਪਣੀ ਖੇਡ ਆਪ ਹੀ ਬਗਾੜੀ ਜਾਨੀ ਐਂ। ਜੱਗ ਵਿਚ ਤੈਨੂੰ ਕੌਣ ਸਿਆਣੀ ਆਖੂ…।”
ਸੋਚਾਂ ਸੋਚਦੀ ਸੰਤੋ ਨੂੰ ਰਾਤ ਪੈ ਗੀ। ਰੋਟੀ ਦਾ ਰਾੜ੍ਹਾ-ਬੀੜ੍ਹਾ ਕਰ ਕੇ ਉਸ ਨੇ ਗੜਬੀ ਚੁੱਕੀ ਤੇ ਪੰਪ ਤੋਂ ਭਰ ਲਈ। ‘ਕੱਲੀ ਹੀ ਬਾਹਰ-ਕੰਨੀਂ ਚੱਲ ਪਈ। ਮੁੜਦੀ ਹੋਈ ਬੇਧੜਕ ਹੋ ਕੇ ਬਾਹਰਲੇ ਘਰ ਜਾ ਵੜੀ। ਗੱਜੂ ਮੰਜੇ ‘ਚ ਪਿਆ ਖਊਂ-ਖਊਂ ਕਰ ਰਿਹਾ ਸੀ। ਉਸ ਦੇ ਮੰਜੇ ਦੀ ਬਾਹੀ ‘ਤੇ ਬਹਿ ਕੇ ਉਹ ਭਰਜਾਈਆ ਵਾਲੇ ਮਿੱਠੇ ਅੰਦਾਜ਼ ਵਿਚ ਬੋਲੀ, “ਮਖਾਂ ਸੌਂ ਗਿਆ ਮਿੱਠੂ ਦੇ ਤਾਇਆ।”
ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਲਿਜਾ ਕੇ ਕਿਹਾ, “ਸਾਰਾ ਕੁਸ਼ ਠੀਕ-ਠਾਕ ਹੋ ਗਿਆ। ਮੈਂ ਡੰਮ੍ਹ ਆਈ ਆਂ ਰਾਤ ਕਾਣੇ-ਬਹੇੜ ਦਾ ਮੱਥਾ।”
ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ ਦਾਰੂ ਅਰਗਾ ਨਸ਼ਾ ਆ ਗਿਆ ਹੋਵੇ। “ਓਏ ਨਹੀਂ ਰੀਸਾਂ ਬਸੰਤ ਕੁਰ ਦੀਆਂ” ਕਹਿ ਕੇ ਉਸ ਨੇ ਸੰਤੋ ਨੂੰ ਜੱਫੀ ਵਿਚ ਘੁੱਟ ਕੇ ਇਕ ਨਹੀਂ, ਸੌ ਵਾਰੀ ਚੁੰਮਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੰਘ ਔਲਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ