Maun Vrat (Punjabi Satire ) : Satinderpal Singh Bawa

ਮੌਨ ਵਰਤ (ਵਿਅੰਗ) : ਸਤਿੰਦਰਪਾਲ ਸਿੰਘ ਬਾਵਾ

ਪਹਿਲਾਂ ਅਸੀਂ ਵਰਤਾਂ ਵਿਚ ਵਿਸ਼ਵਾਸ ਨਹੀਂ ਸੀ ਰੱਖਦੇ ਪਰ ਜਦੋਂ ਤੋਂ ਨਵ-ਵਰਤਾਰਿਆਂ ਦਾ ਦੌਰ ਸ਼ੁਰੂ ਹੋਇਆ ਹੈ ਤਾਂ ਇਹਨਾਂ ਵਰਤਾਰਿਆਂ ਨਾਲ ਨਜਿਠਣ ਲਈ ਅਸੀਂ ਵਰਤ ਰੱਖਣੇ ਆਰੰਭ ਕਰ ਦਿੱਤੇ ਕਿਉਂਕਿ ਸਾਡਾ ਮੰਨਣਾ ਹੈ ਕਿ ਜੇ ਕਿਸੇ ਯੁੱਗ ਦੀ ਵਿਚਾਰਧਾਰਾ ਨੂੰ ਸਮਝਣਾ ਹੈ ਤਾਂ ਉਸ ਯੁੱਗ ਦੇ ਮਹਾਂ ਪ੍ਰਵਚਨਾਂ ਨੂੰ ਵਿਹਾਰਕ ਰੂਪ ਵਿਚ ਅਪਣਾ ਕੇ ਹੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਸੋ ਸਾਡੇ ਸਮਕਾਲ ਨੂੰ ਅਸੀਂ ਵਰਤ ਰੱਖ ਕੇ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਥੇ ਵਰਤ ਤੋਂ ਸਾਡਾ ਭਾਵ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਿਆਗ ਨਾ ਸਮਝ ਲੈਣਾ। ਵੈਸੇ ਵੀ ਨਵ-ਵਰਤਾਰਿਆਂ ਦੇ ਸਮਰਥਕਾਂ ਨੇ ਪਹਿਲਾਂ ਹੀ ਖਾਣ ਪੀਣ ਵਾਲੀਆਂ ਚੀਜ਼ਾਂ `ਤੇ ਕਈ ਰੋਕਾਂ ਲਾ ਕੇ ਵਰਤ ਵਰਗੀ ਸਥਿਤੀ ਬਣਾਈ ਹੋਈ ਹੈ। ਦੂਜਾ ਹੁਣ ਅਸੀਂ ਖਾਣ ਤੋਂ ਬਿਨਾਂ ਤਾਂ ਰਹਿ ਨਹੀਂ ਸਕਦੇ ਸੀ, ਸੋ ਅਸੀਂ ਮੂੰਹ ਜੁਬਾਨੀ ਵਰਤ ਰੱਖਣਾ ਆਰੰਭ ਕਰ ਦਿੱਤਾ ਭਾਵ ਮੌਨ ਵਰਤ।

ਹੁਣ ਜਦੋਂ ਚਾਰ ਚੁਫੇਰੇ ਹੋ-ਹੱਲਾ ਹੋ ਰਿਹਾ ਹੈ ਤਾਂ ਤੁਹਾਡੇ ਵਿਚੋਂ ਕੋਈ ਸੱਜਣ ਪੁੱਛ ਸਕਦਾ ਹੈ ਕਿ ਹੁਣ ਮੌਨ ਕੌਣ ਰਹਿੰਦਾ ਹੈ? ਇਹ ਕਿਹੜਾ ਮਹਾਤਮਾ ਗਾਂਧੀ ਦਾ ਜਮਾਨਾ ਹੈ ਕਿ ਵਰਤ ਰੱਖ ਕੇ ਜਾਂ ਮੌਨ ਵਰਤ ਰੱਖ ਕੇ ਅਸੀਂ ਆਪਣੀਆਂ ਮੰਗਾ ਮੰਗਵਾ ਸਕਦੇ ਹਾਂ। ਪਰ ਭਾਈ ਅਸੀਂ ਦਲੀਲ ਨਾਲ ਸਿੱਧ ਕਰ ਸਕਦੇ ਹਾਂ ਕਿ ਅੱਜ ਵੀ ਮੌਨ ਵਰਤ ਦੀ ਜ਼ਰੂਰਤ ਉਨੀਂ ਹੀ ਹੈ ਜਿੰਨੀ ਅੰਗਰੇਜ਼ੀ ਸਰਕਾਰ ਵੇਲੇ ਭਾਰਤ ਵਿਚ ਸੀ।

ਜਦੋਂ ਮੌਨ ਨਾਲ ਵਰਤ ਸ਼ਬਦ ਜੁੜ ਜਾਂਦਾ ਹੈ ਤਾਂ ਇਹ ਸਮਾਸ ਦਾ ਰੂਪ ਧਾਰਦਾ ਹੋਇਆ ਨਵੇਂ ਅਰਥਾਂ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਵਿਗਿਆਪਨਾਂ ਵਿਚ ਛੋਟਾ ਜਿਹਾ ਤਾਰਾ ‘ਸ਼ਰਤਾਂ ਲਾਗੂ’ ਕਹਿ ਕੇ ਭੰਬੂਤਾਰੇ ਦਿਖਾ ਦਿੰਦਾ ਹੈ। ਉਸੇ ਤਰ੍ਹਾਂ ਮੌਨ ਦੇ ਨਾਲ ਵਰਤ ਸ਼ਬਦ ਜੁੜ ਕੇ ਸ਼ਰਤਾਂ ਦੀ ਕਠੋਰ ਨਿਯਮਾਵਲੀ ਵਿਚ ਦਾਖਲ ਹੋ ਜਾਂਦਾ ਹੈ; ਦੂਜਾ ਮੌਨ ਵਿਚ ‘ਮਨ ਦੀ ਮੌਤ’ ਦਾ ਐਲਾਨ ਸਹਿਜੇ ਹੀ ਸ਼ਾਮਲ ਹੁੰਦਾ ਹੈ। ਪਰ ਅਸੀਂ ਹੈਰਾਨ ਹਾਂ ਕਿ ਭਾਵੇਂ ਅਸੀਂ ਮੌਨ ਵਰਤ ਰੱਖਿਆ ਹੋਇਆ ਹੈ ਪਰ ਸਾਡੇ ਮਨ ਦੀ ਮੌਤ ਨਹੀਂ ਹੋਈ! ਭਾਈ ਮਨ ਤਾਂ ਮਨ ਹੈ, ਜਿਹੜਾ ਹਰ ਵਕਤ ਨਾਮੁਮਕਿਨ ਨੂੰ ਮੁਮਕਿਨ ਕਰਨ ਲਈ ਹੀ ਤੜਪਦਾ ਰਹਿੰਦਾ ਹੈ। ਇਸੇ ਲਈ ਅਸੀਂ ਵਰਤ ਵਿਧੀ ਵਿਧਾਨ ਨੂੰ ਸਮੁੱਚੀ ਦੇਹ ’ਤੇ ਅਜਮਾਉਣ ਦੀ ਬਜਾਏ ਕੇਵਲ ਸਾਡੀ ਜੀਭ `ਤੇ ਹੀ ਅਜਮਾਉਣ ਦਾ ਕਠੋਰ ਫੈਸਲਾ ਲਿਆ ਹੈ। ਇਸ ਵਰਤ ਵਿਚ ਸੱਚੀਂ ਮੁਚੀਂ ਕੁਝ ਨਹੀਂ ਛੱਡਣਾ ਪੈਂਦਾ, ਸਗੋਂ ਜੀਭ ਦੇ ਸਾਰੇ ਸੁਆਦ ਵੀ ਪੂਰੇ ਦੇ ਪੂਰੇ ਅਤੇ ਵਰਤ ਦਾ ਵਰਤ, ਅਖੇ ‘ਨਾਲੇ ਪੁੰਨ ਨਾਲੇ ਫਲੀਆਂ’। ਇਸ ਤਰ੍ਹਾਂ ਅਸੀਂ ਵੱਡੇ ਤੋਂ ਵੱਡੇ ਵਰਤਾਰੇ ਦਾ ਰਸ ਵੀ ‘ਗੂੰਗੇ ਦੇ ਗੁੜ ਖਾਣ ਵਾਂਗ’ ਅੰਦਰੋ ਅੰਦਰੀ ਹੀ ਮਾਨਣਦੇ ਰਹਿੰਦੇ ਹਾਂ। ਦੇਸ਼ ਵਿਚਲੀ ਕੋਈ ਵੱਡੀ ਤੋਂ ਵੱਡੀ ਘਟਨਾ ਜਾਂ ਦੁਰਘਟਨਾ ਵੀ ਸਾਡਾ ਮੌਨ ਵਰਤ ਨਹੀਂ ਤੁੜਵਾ ਸਕਦੀ।

ਜਿਸ ਦਿਨ ਤੋਂ ਅਸੀਂ ਇਸ ਮੌਨ ਵਰਤ ਵਾਲੇ ਨਿਰਣੇ ਨੂੰ ਅੰਗੀਕਾਰ ਕੀਤਾ ਐ ਸੱਚ ਜਾਣਿਉ ਉਦਣ ਤੋਂ ਹੀ ਅਨੇਕਾਂ ਵਾਰ ਸਾਡੀ ਚੁੱਪ `ਤੇ ਸਰਜੀਕਲ ਸਟਰਾਇਕ ਹੁੰਦੇ ਆ ਰਹੇ ਹਨ। ਪਰ ਮਜਾਲ ਐ ਅਸੀਂ ਆਪਣੀ ਚੁੱਪ ਤੋੜੀ ਹੋਵੇ। ਪਹਿਲਾਂ ਸਾਨੂੰ ਲੱਗਦਾ ਸੀ ਕਿ ਸਾਡੇ ਗੁਆਂਢੀ ਹੀ ਸਾਡੀ ਚੁੱਪ ਤੋਂ ਦੁਖੀ ਹਨ ਪਰ ਹੁਣ ਲਗਦਾ ਹੈ ਕਿ ਨਵ-ਵਰਤਾਰਿਆਂ ਦੀ ਸੱਚੀ ਸੁੱਚੀ ਭਾਵਨਾ ਕਾਰਨ ਸਮੁੱਚਾ ਦੇਸ਼ ਹੀ ਸਾਡੀ ਚੁੱਪ ਤੋਂ ਖਫਾ ਹੈ ਕਿਉਂਕਿ ਭਾਈ ਅਸੀਂ ਨਵ-ਵਰਤਾਰਿਆਂ ਦੇ ਸਿਰਜਕਾਂ ਦੀ ਉਸਤਤ ਸਾਧਨਾ ਨਹੀਂ ਨਾ ਕਰਦੇ, ਜੇ ਸੱਚ ਪੁੱਛੋ ਤਾਂ ਇਹਨਾਂ ਕਾਰਨਾਂ ਕਰਕੇ ਹੀ ਤਾਂ ਸਾਨੂੰ ਮੌਨ ਵਰਤ ਸੰਤਾਪ ਹੰਢਾਉਣਾ ਪੈ ਰਿਹਾ ਹੈ। ਸਾਨੂੰ ਲਗਦਾ ਹੈ ਕਿ ਸਾਡੀ ਚੁੱਪ ਦਾ ਰਾਸ਼ਟਰੀਕਰਨ ਹੋ ਗਿਆ ਹੈ। ਕਦੇ ਕਦੇ ਤਾਂ ਸਾਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਡੀ ਚੁੱਪ ਦਾ ਵਿਸ਼ਵੀਕਰਨ ਹੋ ਰਿਹਾ ਹੈ ਹੁਣ ਤਾਂ ਬਾਹਰਲੇ ਮੁਲਕਾਂ ਵਿਚ ਵੀ ਲੰਮੇ ਲੰਮੇ ਲੇਖ ਸਾਡੀ ਚੁੱਪ ਬਾਰੇ ਹੀ ਛਪਦੇ ਹਨ। ਆਫਰ ਆਲ ਭਾਈ ਅਸੀਂ ਵੀ ਗਲੋਬਲ ਪਿੰਡ ਦੇ ਨਾਗਰਿਕ ਹਾਂ ਥੋੜ੍ਹੀ ਬਹੁਤੀ ਖ਼ਬਰ ਸਾਰ ਤਾਂ ਰੱਖਣੀ ਪੈਂਦੀ ਹੈ। ਖੈਰ ਸਾਡੀ ਪਤਨੀ ਨੂੰ ਸਾਡੇ ਮੌਨ ਵਰਤ ਦਾ ਬਹੁਤ ਦੁਖ ਹੋਇਆ। ਪਹਿਲਾਂ ਸਾਡੇ ਦਰਮਿਆਨ ਟੋਕਾ ਟਾਕੀ ਦਾ ਤੀਜਾ ਮਹਾਂ ਯੁੱਧ ਚਲਦਾ ਹੀ ਰਹਿੰਦਾ ਸੀ। ਇਕ ਦੋ ਸ਼ਿਫਟਾਂ ਤਾਂ ਕਈ ਵਾਰ ਸੰਸਦੀ ਮਹੌਲ ਵਾਲੀਆਂ ਵੀ ਲੱਗ ਜਾਂਦੀਆਂ ਸਨ। ਪਰ ਹੁਣ ਉਸ ਦੀ ਹਾਲਤ ਤਾਂ ਬਹੁਮਤ ਨਾਲ ਜਿੱਤੀ ਪਾਰਟੀ ਵਰਗੀ ਹੋ ਗਈ ਹੈ ਜਿਥੇ ਵਿਰੋਧ ਦੀਆਂ ਸਾਰੀਆਂ ਸੰਭਾਵਨਾਵਾਂ ਹੀ ਖਤਮ ਹੋ ਗਈਆਂ ਹੋਣ। ਉਲਟਾ ਉਸਨੇ ਆਪਣੇ ਨਿਰਣਿਆ ਤੇ ਨਤੀਜਿਆਂ ਦੇ ਮੁਲਾਂਕਣ ਉਪਰੰਤ ਅਨੇਕਾਂ ਵਾਰ ਸਾਡੇ ਕੋਲ ਸ਼ੀਤ ਯੁੱਧ ਦਾ ਪ੍ਰਸਤਾਵ ਪੇਸ਼ ਕੀਤਾ ਹੈ ਪਰ ਅਸੀਂ ਉਸਦੀ ਕਿਸੇ ਗੱਲ ਦਾ ਉੱਤਰ ਨਹੀਂ ਦਿੱਤਾ ਕਿਉਂਕਿ ਅਸੀਂ ਤਾਂ ਮੌਨ ਵਰਤ ਰੱਖਿਆ ਹੋਇਆ ਹੈ।

ਸਾਡੀ ਚੁੱਪ ਬਾਰੇ ਅਨੇਕਾਂ ਤਰ੍ਹਾਂ ਦੇ ਟੇਵੇ ਲੱਗਦੇ ਰਹਿੰਦੇ ਹਨ। ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਸਾਡਾ ਗੁਆਂਢੀ ਕਹਿੰਦਾ ਕਿਵੇਂ ਬੜਬੋਲਾ ਰਾਮ ਜੀ ਅੱਜ ਕੱਲ੍ਹ ਬੜੇ ਚੱਪ ਰਹਿਣ ਲੱਗ ਪਏ ਹੋ। ਅਸੀਂ ਕੀ ਦੱਸਦੇ ਕਿ ਅੰਦਰੂਨੀ ਅਤੇ ਬਾਹਰੀ ਵਰਤਾਰਿਆਂ ਦੀ ਮਹਾਂ ਕਰੋਪੀ ਕਾਰਨ ਹੀ ਸਭ ਕੁਝ ਵਾਪਰ ਰਿਹਾ ਹੈ। ਅਸੀਂ ਉਸਦੀ ਗੱਲ ਅਣਸੁਣੀ ਜਿਹੀ ਕਰਕੇ ਅਗਾਂਹ ਤੁਰ ਪਏ। ਨਾਲੇ ਵੈਸੇ ਵੀ ਭਾਈ ਸਿਆਣੇ ਕਹਿੰਦੇ ਐ ਕਿ ‘ਇਕ ਚੁੱਪ ਸੌ ਸੁੱਖ’। ਇਸ ਆਖਾਣ ਦੇ ਸਿਰਜਕਾਂ ਦੀ ਦੂਰ ਦ੍ਰਿਸ਼ਟੀ `ਤੇ ਕੁਰਬਾਨ ਜਾਣ ਨੂੰ ਦਿਲ ਕਰਦਾ ਐ। ਪਤਾ ਨਹੀਂ ਉਹਨਾਂ ਨੂੰ ਕਿਵੇਂ ਨਵ-ਵਰਤਾਰਿਆਂ ਦਾ ਗਿਆਨ ਪਹਿਲਾਂ ਹੀ ਹੋ ਗਿਆ ਸੀ। ਖੈਰ ਅਸੀਂ ਇਹ ਦੇਸੀ ਨੁਕਸਾ ਅਜ਼ਮਾ ਕੇ ਵੀ ਦੇਖ ਲਿਆ ਹੈ ਇਸ ਆਖਾਣ ਵਿਚ ਗੱਲ ਸੋਲਾਂ ਆਨੇ ਸੱਚ ਕਹੀ ਗਈ ਹੈ। ਜਦੋਂ ਦਾ ਅਸੀਂ ਮੌਨ ਵਰਤ ਰੱਖਿਆ ਹੈ ਸਾਨੂੰ ਆਪਣੀ ਸਲਾਮਤੀ ਲਈ ਕਿਧਰੇ ਸੁਖਣਾ ਸੁਖਣ ਦੀ ਜ਼ਰੂਰਤ ਨਹੀਂ ਪਈ। ਕਿਉਂਕਿ ਸਾਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਜਿਨਾਂ ਚਿਰ ਅਸੀਂ ਚੁੱਪ ਹਾਂ ਉਨਾਂ ਚਿਰ ਅਸੀਂ ਸੁਰੱਖਿਅਤ ਹੱਥਾਂ ਵਿਚ ਹਾਂ, ਅਸੀਂ ਦੇਸ਼ ਪ੍ਰੇਮੀ ਹਾਂ, ਦੇਸ਼ ਭਗਤ ਹਾਂ ਤੇ ਸਭ ਤੋਂ ਵੱਧ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ‘ਚੁਪ ਦਾ ਦਾਨ ਬਖਸ਼ ਕੇ’ ਕਰ ਰਹੇ ਹਾਂ। ਇਧਰੋਂ ਅਸੀਂ ਆਪਣਾ ਮੂੰਹ ਨਵ-ਵਰਤਾਰਿਆਂ ਦੇ ਵਿਰੋਧ ਵਿਚ ਖੋਲਿਆ ਨਹੀਂ; ਉਧਰੋਂ ਹਮਲੇ ਹੋਣੇ ਸ਼ੁਰੂ ਹੋਏ ਨਹੀਂ ਕਿ ਇਹ ਰਾਸ਼ਟਰ ਵਿਰੋਧੀ ਹੈ, ਦੇਸ਼ ਦੇ ਵਿਕਾਸ ਵਿਚ ਰੁਕਾਵਟ ਪਾਉਂਦਾ ਹੈ, ਹੋਰ ਨਹੀਂ ਤਾਂ ਸਾਨੂੰ ਨਕਸਲੀ ਸਮਰਥਕ ਕਹਿਣਾ ਹੀ ਸ਼ੁਰੂ ਕਰ ਦੇਣਗੇ। ਭਾਵੇਂ ਅਸੀਂ ਮਹਾਤਮਾ ਗਾਂਧੀ ਦੇ ਸ਼ਾਤੀ ਸੰਦੇਸ਼ ਤੋਂ ਬੇਹੱਦ ਪ੍ਰਭਾਵਿਤ ਅਤੇ ਪ੍ਰੇਰਿਤ ਹਾਂ

ਪਰ ਸੱਚ ਜਾਣਿਉ ਹੁਣ ਅਸੀਂ ਸ਼ਾਤੀ ਦਾ ਪ੍ਰਚਾਰ ਵੀ ਕਰਨਾ ਛੱਡ ਦਿੱਤਾ ਐ, ਨਹੀਂ ਤਾਂ ਕੀ ਪਤੈ ਕਿਹੜੇ ਵੇਲੇ ਕਿਧਰੋ ਸਾਨੂੰ ਕੋਈ ਪਾਕਿਸਤਾਨ ਘੱਲਣ ਦਾ ਫਤਵਾ ਜਾਰੀ ਕਰ ਦੇਵੇ। ਇਸੇ ਲਈ ਭਾਈ ਅਸੀਂ ਮੌਨ ਵਰਤ ਰੱਖਿਆ ਹੋਇਆ ਹੈ। ਪਰ ਮੌਨ ਵਰਤ ਰੱਖਣ ਨਾਲ; ਸਾਡੀ ਸੂਖਮ ਦ੍ਰਿਸ਼ਟੀ ਵਿਚ ਢੇਰ ਵਾਧਾ ਹੋਇਆ ਹੈ ਹੁਣ ਅਸੀਂ ਥਾਂ ਥਾਂ `ਤੇ ਲੱਗੇ ਸਰਕਾਰੀ ਬੋਰਡਾਂ ਦੇ ਅਰਥਾਂ ਨੂੰ ਖ਼ੂਬ ਸਮਝਦੇ ਹਾਂ ਮਸਲਨ ‘ਬਚਾਉ ਵਿਚ ਹੀ ਬਚਾਉ’, ‘ਆਪਣੀ ਸੁਰੱਖਿਆ ਪਰਿਵਾਰ ਦੀ ਰੱਖਿਆ’ ਆਦਿ। ਤੁਸੀਂ ਕਹੋਗੇ ਕਿ ਅਸੀਂ ਬੜੀਆਂ ਸਵੈ-ਵਿਰੋਧੀ ਗੱਲਾਂ ਕਰ ਰਹੇ ਹਾਂ। ਓ ਭਾਂਈ ਜਦੋਂ ਇਹ ਯੁਗ ਹੀ ਸਵੈ-ਵਿਰੋਧੀ ਵਿਚਾਰਧਾਰਾ ਦਾ ਯੁਗ ਹੈ ਤਾਂ ਅਸੀਂ ਕਿਵੇਂ ਇਸ ਦੇ ਪ੍ਰਭਾਵ ਤੋਂ ਮੁਕਤ ਰਹਿ ਸਕਦੇ ਹਾਂ! ਪਰ ਅਸੀਂ ਆਪਣੀ ਸੂਖਮ ਦ੍ਰਿਸ਼ਟੀ ਨਾਲ ਤੁਹਾਡੇ ਅਗਲੇ ਸੁਆਲ ਨੂੰ ਵੀ ਜਾਣ ਲਿਆ ਹੈ ਕਿ ਤੁਸੀਂ ਕੀ ਪੁੱਛਣ ਵਾਲੇ ਹੋ। ਓ ਮਾਹਰਾਜ..! ਭੁੱਲ ਗਏ ਅਸੀਂ ਤਾਂ ਮੌਨ ਵਰਤ ਰੱਖਿਆ ਹੋਇਆ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਤਿੰਦਰਪਾਲ ਸਿੰਘ ਬਾਵਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ