Mehkan (Punjabi Story) : Savinder Singh Uppal

ਮਹਿਕਾਂ (ਕਹਾਣੀ) : ਸਵਿੰਦਰ ਸਿੰਘ ਉੱਪਲ

ਕਲਰਕ ਸਜੀਵ ਕਿਸੇ ਨਵ-ਵਿਆਹੇ ਜੋੜੇ ਨੂੰ ਵੇਖ ਕੇ ਕਈ ਵਾਰੀ ਸੋਚਦਾ ਕਿ ਕੀ ਕਦੇ ਮੇਰੀ ਜ਼ਿੰਦਗੀ ਵੀ ਹੁਸਨ ਦੀ ਬਹਾਰ ਵਾਂਗ ਰੁਮਾਂਸ ਦੇ ਨਸ਼ੇ ਨਾਲ ਨਸ਼ੀਲੀ ਹੋਵੇਗੀ ? ਜਵਾਨੀ ਦੇ ਰੰਗੀਨ ਚਮਨ ਵਿਚੋਂ ਲੰਘਦਿਆਂ ਵੀ ਉਹ ਕਈ ਵਾਰੀ ਮਾਸੂਸ ਕਰਦਾ ਜਿਵੇਂ ਆਰਥਕ ਥੁੜ ਨੇ ਉਸ ਦੇ ਦਿਲ ਦੀ ਸਲੇਟ ਉਤੇ ਇਤਨੇ ਚੀਚ ਬਲੋਲੇ ਗੂੜ੍ਹੇ ਗੂੜ੍ਹੇ ਕਰ ਕੇ ਪਾ ਦਿਤੇ ਹਨ ਕਿ ਅੱਵਲ ਤਾਂ ਇਥੇ ਇਸ਼ਕ ਦਾ ਸੁਨਹਿਰਾ ਤੇ ਸਜੀਲਾ ਸ਼ਬਦ ਲਿਖਿਆ ਹੀ ਨਹੀਂ ਜਾਣਾ ਤੇ ਜੇ ਕਿਸੇ ਵੀ ਨਸ਼ੀਲੀ ਅੱਖ ਦੇ ਮਸਤ ਇਸ਼ਾਰੇ ਨੇ ਕੁਝ ਲਿਖ ਵੀ ਦਿਤਾ ਤਾਂ ਉਹ ਪੜ੍ਹਿਆ ਨਹੀਂ ਜਾਣਾ।

ਆਪਣੀ ਇਸ ਰੁਖੀ ਜ਼ਿੰਦਗੀ ਵਿਚ ਸੋਹਜਵਾਦੀ ਕਰੂੰਬਲਾਂ ਫੁਟਣ ਲਈ ਅਤੇ ਰੁਪਏ ਪੈਸੇ ਦੀ ਘਾਟ-ਚੁਭਣ ਨੂੰ ਘਟਾਉਣ ਲਈ ਉਹ ਹਮੇਸ਼ਾਂ ਉਰਦੂ ਸਾਹਿੱਤ ਦੀ ਓਟ ਲੈਂਦਾ ਅਤੇ ਕਦੀ ਕਦੀ ਕਲਪਨਾ ਦੇ ਪਰਾਂ ਰਾਹੀਂ ਅਣਡਿਠ ਗਗਨਾਂ, ਬ੍ਰਹਿਮੰਡਾਂ ਵਿਚਲੇ ਇੰਦਰ-ਦਰਬਾਰ ਦੀ ਸੈਰ ਕਰ ਆਂਦਾ ਜਿਥੇ ਹਮੇਸ਼ਾਂ ਸੁਖ ਸੀ, ਅਤੇ ਹੁਸਨ ਇਸ਼ਕ ਦਾ ਇਕ ਰੰਗੀਨ ਨਸ਼ਾ ਵੀ ।

ਦਿੱਲੀ ਵਰਗੇ ਮਹਿੰਗੇ ਸ਼ਹਿਰ ਵਿਚ ਵਿਚਾਰੇ ਕਲਰਕ ਦੀ ਕੋਈ ਜ਼ਿੰਦਗੀ ਨਹੀਂ । ਇਕ ਮਕਾਨਾਂ ਦੀ ਤੰਗੀ ਅਤੇ ਦੂਜੇ ਜਿੰਨਾਂ ਦੇ ਖੁਲ੍ਹੇ ਮੂੰਹ ਵਾਂਗ ਰੁਪਏ ਹੜੱਪ ਕਰ ਲੈਣ ਵਾਲੇ ਮਹਿੰਗੇ ਕਰਾਏ । ਸਜੀਵ ਵਿਚਾਰੇ ਨੇ ਵੀ ਆਰਥਕ ਮਾਰ ਤੋਂ ਬਚਣ ਲਈ ਇਕ ਦੂਰ ਸਾਰੀ ਬਸਤੀ ਵਿਚ ਦੋ ਛੋਟੇ ਛੋਟੇ ਕਮਰੇ ਪੰਜਾਹ ਰੁਪਏ ਮਹੀਨੇ ਤੇ ਲਏ ਹੋਏ ਸਨ । ਸਾਰੀ ਉਸ ਦੀ ਤਨਖ਼ਾਹ ਦੋ ਸੌ ਸੀ ਜੋ ਉਸ ਨੂੰ ਸਾਰਾ ਮਹੀਨਾ ਕਲਮ ਘਸਾਈ ਵਜੋਂ ਇਕ ਫ਼ਰਮ ਵਿਚੋਂ ਮਿਲਦੀ ਸੀ। ਸਵੇਰੇ ਸਵੇਰੇ ਜਾਗ ਕੇ ਉਹ ਆਪਣੇ ਲਈ ਰੋਟੀ ਬਣਾਉਂਦਾ, ਬਸਾਂ ਦੇ ਭੀੜ-ਚੱਕਰ ਵਿਚੋਂ ਨਿਕਲਣ ਲਈ ਉਹ ਬਹੁਤ ਛੇਤੀ ਬਸ ਸਟੈਂਡ ਤੇ ਪੁਜਦਾ ਅਤੇ ਰੁਲ ਖੁਲ ਕੇ ਉਹ ਮਸਾਂ ਸਮੇਂ ਸਿਰ ਆਪਣੀ ਨੌਕਰੀ ਤੇ ਪੁਜਦਾ। ਦਿਨੇ ਉਹ ਇਕ-ਅੱਧ ਚਾਹ ਦੀ ਪਿਆਲੀ ਵੀ ਬੜੀ ਸੋਚ-ਸਮਝ ਕੇ ਪੀਂਦਾ। ਇਤਨੀ ਕਿਰਸੀ ਜ਼ਿੰਦਗੀ ਜੀਓ ਕੇ ਵੀ ਉਹ ਮਸਾਂ ਚਾਲੀ ਪੰਜਾਹ ਰੁਪਏ ਬਚਾ ਸਕਦਾ ਆਪਣੀ ਸਜ-ਵਿਆਹੀ ਤੀਵੀਂ ਨੂੰ ਘਰ ਲਿਆਉਣ ਦੀ ਰਸਮ ਤੇ ਖ਼ਰਚਣ ਲਈ । ਉਹ ਇਸ ਗੱਲ ਨੂੰ ਸਮਝਦਾ ਸੀ ਕਿ ਭਾਰਤ ਵਿਚ ਹਰ ਭਾਰਤੀ ਲਈ ਵਿਆਹ ਦੇ ਸਰਟੀਫੀਕੇਟ ਬਿਨਾਂ ਇੱਜ਼ਤ ਨਾਲ ਸਾਰੀ ਉਮਰ ਕਟਣੀ ਅਸੰਭਵ ਹੈ ।

ਹਾਂ, ਕਦੀ ਕਦੀ ਜਦੋਂ ਉਹ ਇਸ ਖਰਵੀ ਤੇ ਸੁੰਨਸਾਨ ਜ਼ਿੰਦਗੀ ਤੋਂ ਤੰਗ ਆਉਣ ਲੱਗਦਾ ਤਾਂ ਉਹ ਝਟ ਕਿਸੇ ਸ਼ਾਇਰ ਦੇ ਨਸ਼ੀਲੇ ਸ਼ਿਅਰ ਦਾ ਸਹਾਰਾ ਲੈ ਲੈਂਦਾ ਤੇ ਉਸ ਨੂੰ ਗੁਨਗੁਨਾ ਕੇ ਦਿਲ ਦੇ ਹੁੱਸੜ ਨੂੰ ਕੱਢ ਦੇਂਦਾ :

ਕਬ ਤੁਮ੍ਹਾਰਾ ਖ਼ਿਆਲ ਨਹੀਂ ਹੋਤਾ।
ਦਰਦ ਦਿਲ ਸੇ ਜਦਾ ਨਹੀਂ ਹੋਤਾ। ਉਸ ਦੇ ਵਿਆਹ ਦੀ ਗੱਲ ਤਾਂ ਕਈ ਵਾਰੀ ਤੁਰੀ ਸੀ, ਪਰ ਉਹ ਹਰ ਵਾਰੀ ਸੋਚਦਾ ਕਿ ਇਸ ਨਗੂਣੀ ਤਨਖ਼ਾਹ ਵਿਚ ਉਹ ਆਪਣਾ ਪੇਟ ਭਰੇਗਾ ਕਿ ਆਪਣੀ ਹੋਣ ਵਾਲੀ ਤੀਵੀਂ ਦਾ ਤੇ ਪਿਛੇ ਪਿਛੇ ਤੁਰੀ ਆਉਣ ਵਾਲੀ ਪਲਟਨ ਦਾ । ਪਰ ਦਿਲ ਦੀ ਉਮੰਗ ਜਦੋਂ ਕਦੀ ਕਦੀ ਜਵਾਨ ਹੋ ਕੇ ਅੰਗੜਾਈਆਂ ਲੈਣ ਲੱਗ ਪੈਂਦੀ ਤਾਂ ਉਹ ਆਪਣੇ ਆਪ ਨੂੰ ਵਿਆਹ ਲਈ ਤਿਆਰ ਕਰਨ ਲੱਗ ਜਾਂਦਾ । ਕਿਸ ਸਮਤ ਗੈਸੂਐ ਖ਼ੁਸ਼ਬੂ ਹੈ ਗੁਮ ਹੂਈ, ਨਾਸਰ ਸੇ ਜਾਨ ਛੂਟੇ ਤੋ ਜੁਸਤਜੂ ਕਰੇਂ।

ਤੇ ਆਖ਼ਰ ਉਸ ਦਾ ਵਿਆਹ ਬੇਲਾ ਨਾਲ ਹੋ ਗਿਆ। ਬੇਲਾ ਦੇ ਘਰ ਆ ਜਾਣ ਨਾਲ ਹੁਣ ਉਸ ਨੂੰ ਜੀਵਨ ਵਧੇਰੇ ਚੰਗਾ ਚੰਗਾ ਤੇ ਸੁਖਾਵਾਂ ਲੱਗਣ ਲੱਗ ਪਿਆ । ਕੋਈ ਉਸ ਲਈ ਰੋਟੀ ਤਿਆਰ ਕਰਨ ਵਾਲਾ ਹੈ ਸੀ; ਕੋਈ ਉਸ ਦੀ ਇੰਤਜ਼ਾਰ ਕਰਦਾ ਡੂੰਘੀਆਂ ਹੁੰਦੀਆਂ ਸ਼ਾਮਾਂ ਨੂੰ ਅਤੇ ਉਹ ਵੀ ਬੇਲਾ ਦਾ ਰੋਟੀ ਪਿਛੋਂ ਮੂੰਹ ਮਿੱਠਾ ਕਰਾਉਣ ਲਈ ਕੋਈ ਨਾ ਕੋਈ ਚੀਜ਼ ਲੈ ਕੇ ਹੀ ਘਰ ਆਉਂਦਾ ਹੋਰ ਨਹੀਂ ਤਾਂ ਪਾਨ ਹੀ ਸਹੀ। ਦਾਜ ਵਿਚ ਮਿਲੀਆਂ ਕੁਝ ਚੀਜ਼ਾਂ ਨੇ ਓਹਨਾਂ ਦਾ ਹੱਥ ਕੁਝ ਸੌਖਾ ਕਰ ਦਿਤਾ ਸੀ।ਹੁਣ ਘਰ ਵਿਚ ਰੇਡੀਉ ਸੀ ਜਿਸ ਰਾਹੀਂ ਉਹ ਦੋਵੇਂ ਗਾਣੇ ਸੁਣਦੇ, ਫ਼ਿਲਮਾਂ ਦੇ ਬੋਲਦੇ ਇਸ਼ਤਿਹਾਰਾਂ ਤੇ ਕਹਾਣੀਆਂ, ਨਾਟਕਾਂ ਤੋਂ ਜਾਣੂੰ ਹੁੰਦੇ । ਸਜੀਵ ਹੁਣ ਸੋਚਦਾ ਕਿ ਵਿਆਹ ਕਰਾਉਣ ਦਾ ਫ਼ੈਸਲਾ ਕਰ ਕੇ ਉਸ ਬੜੀ ਸਿਆਣਪ ਕੀਤੀ ਸੀ।

ਪਰ ਇਹ ਨਸ਼ਾ ਵੀ ਹੌਲੀ ਹੌਲੀ ਉਤਰਨ ਲੱਗਾ । ਦਿਨ-ਬ-ਦਿਨ ਵਧਦੀ ਮਹਿੰਗਾਈ ਤੇ ਘਰ ਦੀਆਂ ਵਧਦੀਆਂ ਲੋੜਾਂ ਨੇ ਓਹਨਾਂ ਦਾ ਹੱਥ ਤੰਗ ਕਰ ਦਿਤਾ। ਇਸ ਉਪਰ ਜਿਸ ਚੀਜ਼ ਦੀ ਉਸ ਨੂੰ ਸੋਚ ਖਾ ਰਹੀ ਸੀ, ਉਹ ਸੀ ਘਰ ਵਿਚ ਇਤਨੀ ਛੇਤੀ ਪ੍ਰਵੇਸ਼ ਕਰਨ ਵਾਲਾ ਨਵਾਂ ਜੀਵ । ਸਜੀਵ ਕਦੀ ਕਦੀ ਆਪਣੇ ਫੁਟਦੇ ਪਿਤਾ-ਪਿਆਰ ਦਾ ਗਲਾ ਘੁਟ ਕੇ ਦਬੀ ਆਵਾਜ਼ ਵਿਚ ਬੇਲਾ ਨੂੰ ਗਰਭ-ਗਰਾਉਣ ਲਈ ਆਖਦਾ, ਪਰ ਬੇਲਾ ਇਹ ਗੱਲ ਸੁਣ ਕੇ ਥਪੇੜ ਪਈ ਢੋਲਕ ਵਾਂਗ ਕੰਬ ਉਠਦੀ । ਉਹ ਤਾਂ ਆਪਣੇ ਅੰਦਰ ਇਕ ਸੰਗੀਤ ਸੁਣਦੀ, ਇਕ ਮਹਿਕ ਮਾਸੂਸਦੀ, ਜਿਸ ਕਾਰਣ ਉਸ ਦੀ ਮਾਂ ਬਣਨ ਦੀ ਲਾਲਸਾ ਹੋਰ ਦ੍ਰਿੜ੍ਹ ਹੋ ਜਾਂਦੀ । ਉਹ ਸਜੀਵ ਨੂੰ ਇਸ ਤਰ੍ਹਾਂ ਦੇ ਡੰਗਵੇਂ ਵਿਚਾਰਾਂ ਤੋਂ ਕਈ ਵਾਰੀ ਮੁਕਤ ਕਰਨ ਦੇ ਜਤਨ ਕਰਦੀ, ਪਰ ਸਜੀਵ ਤੇ ਬਹੁਤਾ ਅਸਰ ਨਾ ਹੁੰਦਾ । ਉਸ ਦਾ ਸੁਭਾ ਹੁਣ ਕੁਝ ਚਿੜਚਿੜਾ ਜਿਹਾ ਬਣਨਾ ਸ਼ੁਰੂ ਹੋ ਗਿਆ ਸੀ।

ਉਹ ਇਹ ਗੱਲ ਸੋਚਣੋਂ ਨਾ ਰਹਿ ਸਕਦਾ ਕਿ ਜਿਸ ਬੱਚੇ ਦੇ ਆਉਣ ਤੋਂ ਪਹਿਲਾਂ ਮੇਰੀ ਤੇ ਮੇਰੇ ਘਰ ਦੀ ਇਹ ਹਾਲਤ ਹੋ ਗਈ ਹੈ, ਉਸ ਦੇ ਜੰਮਣ ਪਿਛੋਂ ਕੀ ਬਣੇਗਾ ? ਹੁਣ ਤਨਖ਼ਾਹ ਵਿਚੋਂ ਕੁਝ ਨਹੀਂ ਸੀ ਬਚਦਾ, ਸਗੋਂ ਉਹ ਕਿਸੇ ਮਹੀਨੇ ਥੋੜ੍ਹੀ ਰਹਿ ਗਈ ਜੁੜੀ ਰਕਮ ਨੂੰ ਕੁਝ ਨਾ ਕੁਝ ਭੋਰਦੇ । ਪੈਸੇ ਦੀ ਤੰਗੀ ਕਾਰਣ ਦੋਹਾਂ ਦਾ ਆਪਸ ਵਿਚ ਕਦੀ ਕਦੀ ਝਗੜਾ ਵੀ ਹੋ ਜਾਂਦਾ । ਛੋਟੀ ਛੋਟੀ ਗੱਲ ਤੇ ਦੋਵੇਂ ਬੈਹਸ ਪੈਂਦੇ । ਕਦੀ ਕਦੀ ਸਜੀਵ ਆਪਣੇ ਆਪ ਨੂੰ ਲਾਨ੍ਹਤਾਂ ਪਾਉਂਦਾ ਕਿ ਇਕ ਤਾਂ ਬੇਲਾ ਸਰੀਰਕ ਤੌਰ ਤੇ ਇਤਨੀ ਤੰਗ ਰਹਿੰਦੀ ਹੈ ਤੇ ਉਪਰੋਂ ਮੈਂ ਇਨ੍ਹਾਂ ਦਿਨਾਂ ਵਿਚ ਉਸ ਨਾਲ ਅੇਵੇਂ ਹੀ ਨਿੱਕੀ ਨਿੱਕੀ ਗੱਲ ਤੇ ਉਲਝ ਜਾਂਦਾ ਹਾਂ । ਜੇ ਉਸ ਦੀ ਮਾਂ-ਦਿਲ ਦੀ ਸਹਿਕ ਉਸ ਨੂੰ ਇਹ ਸਰੀਰਕ ਕਸ਼ਟ ਸਹਿਣ ਦੀ ਪ੍ਰੇਰਨਾ ਦੇ ਰਹੀ ਹੈ ਤਾਂ ਮੈਂ ਵੀ ਪਿਉ ਬਣਨਾਂ ਹੈ ਅਤੇ ਮੇਰੇ ਅੰਦਰ ਵੀ ਇਕ ਪਿਉ ਦਾ ਧੜਕਦਾ ਦਿਲ ਹੈ ਤੇ ਦਿਲ ਵਿਚ ਸੁੱਤੀਆਂ ਸਧਰਾਂ । ਇਸ ਤਰ੍ਹਾਂ ਦੇ ਵਿਚਾਰਾਂ ਤੋਂ ਭਿਜ ਕੇ ਉਹ ਬੇਲਾ ਨੂੰ ਕਈ ਵਾਰੀ ਵਧੇਰੇ ਪਿਆਰ ਕਰਦਾ ਅਤੇ ਉਸ ਦੀ ਮਾਂ ਬਣਨ ਲਈ ਦਿਤੀ ਜਾ ਰਹੀ ਕੁਰਬਾਨੀ ਦੀ ਦਿਲ ਹੀ ਦਿਲ ਵਿਚ ਦਾਦ ਦੇਂਦਾ । ਪਰ ਇਸ ਪ੍ਰਭਾਵ ਦੀ ਹਵਾ ਉਸ ਦੇ ਪੰਚਰ ਦਿਲ ਵਿਚ ਥੋੜ੍ਹੀ ਦੇਰ ਹੀ ਟਿਕਦੀ। ਹੁਣ ਉਰਦੂ ਸਾਹਿੱਤ ਵੀ ਉਸ ਨੂੰ ਇਹਨਾਂ ਗ਼ਮਾਂ ਦੀਆਂ ਹਨੇਰੀਆਂ ਕੋਠੜੀਆਂ ਵਿਚੋਂ ਨਾ ਕੱਢ ਸਕਦਾ ।

ਤੇ ਆਖ਼ਰ ਬੇਲਾ ਨੇ ਇਕ ਕੁੜੀ ਨੂੰ ਜਨਮ ਦਿਤਾ । ਬੱਚੇ ਦੀ ਆਮਦ ਤੇ ਉਹ ਵੀ ਲੜਕੀ, ਨੇ ਸਜੀਵ ਨੂੰ ਹੋਰ ਉਦਾਸ ਕਰ ਦਿਤਾ । ਵਿਅੰਮ ਦੇ ਦਿਨਾਂ ਵਿਚ ਸਜੀਵ ਦੀ ਸੱਸ ਆਈ ਰਹੀ, ਦਾਈ ਨੂੰ ਪੈਸੇ ਦੇਣੇ ਪਏ, ਬੇਲਾ ਦੀ ਚੰਗੀ ਖ਼ੁਰਾਕ ਲਈ ਉਸ ਨੂੰ ਆਪਣੀ ਸੱਸ ਸਾਹਮਣੇ ਸ਼ਰਮੋਂ ਕੁਸ਼ਰਮੀ ਵਿੱਤ ਤੋਂ ਵਧ ਖ਼ਰਚ ਕਰਨਾ ਪਿਆ।ਸਜੀਵ ਕਈ ਵਾਰੀ ਮਾਸੂਸ ਕਰਦਾ ਕਿ ਉਹ ਦਿਨ-ਬ-ਦਿਨ ਸਾਹਸਤ-ਹੀਨ ਗ੍ਰਹਿਸਤ ਦੀ ਦਲਦਲ ਵਿਚ ਧਸਦਾ ਜਾ ਰਿਹਾ ਸੀ। ਕਦੀ ਕਦੀ ਤਾਂ ਉਹ ਘਰ ਬਾਹਰ ਛੱਡ ਕੇ ਨਸ ਜਾਣ ਜਹੀ ਨਕੰਮੀ ਗੱਲ ਵੀ ਸੋਚਣ ਲੱਗ ਜਾਂਦਾ । ਇਹਨਾਂ ਗੱਲਾਂ ਕਰ ਕੇ ਉਸ ਦੇ ਦਿਲ ਅੰਦਰ ਸੰਤੋਸ਼ ਧੀ ਦਾ ਜ਼ਰਾ ਮੋਹ ਨਾ ਜਾਗ ਸਕਿਆ । ਉਸ ਨੇ ਇਕ ਵਾਰੀ ਵੀ ਧੀ ਸੰਤੋਸ਼ ਨੂੰ ਚੁਕ ਕੇ ਦਿਲੋਂ ਪਿਆਰ ਨਾ ਕੀਤਾ ਤੇ ਬੇਲਾ ਦੀ ਇਹ ਮਾਂ-ਸੱਧਰ ਅਪੂਰਨ ਹੀ ਰਹੀ । ਸਗੋਂ ਸਜੀਵ ਨੂੰ ਤਾਂ ਦੂਰ ਦੀਆਂ ਭਵਿੱਖ-ਸੋਚਾਂ ਖਾਣ ਲੱਗ ਪਈਆਂ, ਇਸ ਨੂੰ ਪੜ੍ਹਾਨਾ ਪਏਗਾ, ਵਿਆਹੁਣਾ ਪਏਗਾ ਤੇ ਸਭ ਤੋਂ ਔਖੀ ਗੱਲ ਕੁਝ ਨਾ ਕੁਝ ਤਾਂ ਦਾਜ ਦਾ ਕਚੂਮਰ ਕੱਢਣ ਵਾਲਾ ਭਾਰ ਵੀ ਸਹਿਣਾ ਪਏਗਾ ।

ਚਲੀਏਂ ਤਕ ਘਰ ਵਿਚ ਸੱਸ ਰਹੀ ਤੇ ਉਤਨਾ ਚਿਰ ਉਹ ਦੋਵੇਂ ਇਕ ਦੂਜੇ ਨਾਲ ਰਸਮਨ ਗੱਲਬਾਤ ਕਰ ਲੈਂਦੇ । ਸਜੀਵ ਜੀਵਨ ਦੇ ਪਹਿਲੇ ਪੜਾਅ ਤੇ ਹੀ ਕੁਝ ਥੱਕਿਆ ਥੱਕਿਆ ਮਾਸੂਸ ਕਰਨ ਲੱਗਾ । ਸੱਸ ਦੇ ਜਾਣ ਪਿਛੋਂ ਓਹਨਾਂ ਦਾ ਝਗੜਾ ਕਈ ਵਾਰੀ ਤਾਂ ਖ਼ਤਰਨਾਕ ਸ਼ਕਲ ਇਖ਼ਤਿਆਰ ਕਰ ਜਾਂਦਾ। ਪਤਾ ਨਹੀਂ ਕਿਉਂ ਸਜੀਵ ਨੂੰ ਸੰਤੋਸ਼ ਚੰਗੀ ਨਾ ਲੱਗਦੀ ਤੇ ਬੇਲਾ ਨੂੰ ਸੰਤੋਸ਼ ਵਲ ਤੱਕ ਰਹੀਆ ਓਹਨਾਂ ਡਰਾਉਣੀਆਂ ਅੱਖਾਂ ਤੋਂ ਬੜਾ ਭੈ ਆਉਣ ਲੱਗਾ ।

ਮਾਂ ਬੇਲਾ, ਸਾਰਾ ਸਾਰਾ ਦਿਨ, ਆਪਣੇ ਆਪ ਤੋਂ ਬੇਖ਼ਬਰ ਆਪਣੀ ਧੀ ਦੀ ਸੇਵਾ ਵਿਚ ਲਗਾ ਦੇਂਦੀ। ਉਹ ਸਾਫ਼ ਸੁਥਰੇ ਕਪੜੇ ਵੀ ਨਾ ਪਾਂਦੀ, ਸਗੋਂ ਮੈਲੇ ਕੁਚੈਲੇ ਤੇ ਢਿੱਲੇ ਢਿੱਲੇ ਕਪੜੇ ਪਾਈ ਰਖਦੀ, ਇਸ ਡਰ ਵਜੋਂ ਕਿ ਕਿਧਰੇ ਸੰਤੋਸ਼ ਦੀ ਟੱਟੀ ਪਿਸ਼ਾਬ ਨਾਲ ਉਸ ਦੇ ਕਪੜੇ ਖ਼ਰਾਬ ਨਾ ਹੋ ਜਾਣ। ਉਹ ਸੋਚਦੀ ਨਵੇਂ ਤਾਂ ਕਿਸਮਤ ਨਾਲ ਬਣਨਗੇ, ਇਹਨਾਂ ਨੂੰ ਕਾਹਨੂੰ ਖ਼ਰਾਬ ਕੀਤਾ ਜਾਏ । ਇਸ ਤਰ੍ਹਾਂ ਦੀ ਮੈਲੀ ਕੁਚੈਲੀ ਮਾਂ ਬੇਲਾ ਹੌਲੀ ਹੌਲੀ ਸਜੀਵ ਦੇ ਮਨੋਂ ਲਥਦੀ ਗਈ । ਨਾਲੇ ਹੁਣ ਮਾਂ ਬੇਲਾ ਨੂੰ ਬਹੁਤਾ ਸਮਾਂ ਨਾ ਮਿਲਦਾ ਕਿ ਪਤਨੀ ਬਣ ਸਜੀਵ ਦੀ ਪਹਿਲੇ ਵਾਂਗ ਸੇਵਾ ਕਰ ਸਕੇ । ਉਹ ਪਹਿਲ ਆਪਣੀ ਨੰਨ੍ਹੀ ਜਾਨ ਨੂੰ ਦੇਂਦੀ ।

ਇਕ ਸ਼ਾਮ ਨੂੰ ਜਦੋਂ ਸਜੀਵ ਵਾਪਸ ਆਇਆ, ਤਾਂ ਬੇਲਾ ਨੇ ਇਕ ਲਫ਼ਾਫ਼ਾ ਅੱਗੇ ਕਰਦਿਆਂ ਕਿਹਾ, “ਅੱਜ ਇਕ ਮੇਰੀ ਫ਼ਰੈਂਡ ਦੀ ਚਿੱਠੀ ਆਈ ਹੈ ।”

“ਹੱਛਾ !” ਸਜੀਵ ਨੇ ਲਫ਼ਾਫ਼ੇ ਵਲ ਬੇਧਿਆਨੇ ਜਿਹੇ ਦੇਖਦਿਆਂ ਕਿਹਾ।

“ਪੜ੍ਹ ਕੇ ਵੇਖੋ ਉਨ੍ਹੇ ਕੀ ਲਿਖਿਆ ਹੈ।”

"ਤੂੰ ਹੀ ਦਸ ਦੇ", ਉਸ ਨੇ ਉਸੇ ਰੁਖੇ ਢੰਗ ਨਾਲ ਆਖਿਆ ।

ਪਰ ਅੱਜ ਬੇਲਾ ਉਸ ਦਾ ਮੂਡ ਠੀਕ ਕਰਨ ਤੇ ਤੁਲੀ ਹੋਈ ਸੀ ਕਿਉਂਕਿ ਅੱਜ ਉਸ ਨੂੰ ਆਪਣੀ ਇਕ ਪਰਮ ਸਹੇਲੀ ਸੁਨੀਲਾ ਦੀ ਚਿੱਠੀ ਵਿਆਹ ਤੋਂ ਪਿਛੋਂ ਪਹਿਲੀ ਵਾਰੀ ਮਿਲੀ ਸੀ ।

“ਪਤਾ ਜੇ ਸੁਨੀਲਾ ਇਕ ਪ੍ਰੋਫ਼ੈਸਰ ਹੈ ਤੇ ਮੇਰੀ ਬੜੀ ਪਿਆਰੀ ਸਹੇਲੀ ਹੈ । ਇਕ ਵਾਰੀ ਚਿੱਠੀ ਪੜ੍ਹ ਕੇ ਤੇ ਵੇਖੋ । ਮੈਂ ਤੁਹਾਡੀ ਕਿਸੇ ਸਹੇਲੀ ਦੀ ਚਿੱਠੀ ਨਹੀਂ ਪੜ੍ਹਾਂਗੀ ਬਦਲੇ ਵਿਚ।” ਬੇਲਾ ਨੇ ਮਜ਼ਾਕ ਕਰਦਿਆਂ ਕਿਹਾ ।

“ਮੇਰੀ ਕੋਈ ਸਹੇਲੀ ਜੰਮੇਗੀ ਤੋ ਤਾਂ ਹੀ ਤੂੰ ਉਸ ਦੀ ਚਿੱਠੀ ਪੜ੍ਹੇਂਗੀ ਨਾ।”

ਪਰ ਸੁਨੀਲਾ ਵਰਗਾ ਪਿਆਰਾ ਨਾਂ, ਫਿਰ ਇਕ ਐਮ. ਏ. ਪਾਸ ਪ੍ਰੋਫ਼ੈਸਰ ਦੀ ਚਿੱਠੀ ਮੇਰੀ ਪਤਨੀ ਨੂੰ, ਕੀ ਇਸ ਦੀਆਂ ਇਤਨੀਆਂ ਪੜ੍ਹੀਆਂ ਲਿਖੀਆਂ ਸਹੇਲੀਆਂ ਵੀ ਹਨ। ਏਹਨਾਂ ਸਾਰੀਆਂ ਗੱਲਾਂ ਦਾ ਕੁਝ ਨਾ ਕੁਝ ਅਸਰ ਸਜੀਵ ਤੇ ਜ਼ਰੂਰ ਹੋਇਆ ਅਤੇ ਪਤਨੀ ਨੂੰ ਖ਼ੁਸ਼ ਕਰਨ ਲਈ ਤੇ ਪਰ-ਇਸਤ੍ਰੀ-ਖਿੱਚ ਤ੍ਰਿਪਤਾਉਣ ਲਈ ਉਸ ਲਫ਼ਾਫ਼ੇ ਵਿਚਲੀ ਚਿੱਠੀ ਪੜ੍ਹਨੀ ਸ਼ੁਰੂ ਕਰ ਦਿਤੀ ।

ਉਸ ਲਿਖਿਆ ਸੀ ਕਿ ਉਸ ਬੜੀ ਮੁਸ਼ਕਲ ਨਾਲ ਉਸ ਦਾ ਐਡਰੇਸ ਲੱਭਿਆ ਹੈ । ੧੯੭੨ ਦੇ ਗਣਤੰਤਰ ਦਿਵਸ ਦਾ ਭਾਰਤ ਦੇ ਇਤਿਹਾਸ ਵਿਚ ਇਕ ਖ਼ਾਸ ਸਥਾਨ ਹੈ ਕਿਉਂਕਿ ਹੁਣੇ ਹੁਣੇ ਭਾਰਤ ਨੇ ਪਾਕਿਸਤਾਨ ਤੇ ਇਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਬੰਗਲਾ ਦੇਸ਼ ਵਰਗੇ ਮੁਲਕ ਨੂੰ ਆਪਣੇ ਪੈਰਾਂ ਤੇ ਸੁਤੰਤਰ ਰੂਪ ਵਿਚ ਖੜਾ ਕਰਨ ਲਈ ਇਸ ਇਕ ਲਾਜਵਾਬ ਕੰਮ ਕੀਤਾ ਹੈ । ਇਸ ਲਈ ਇਸ ਇਤਿਹਾਸਕ ਦਿਵਸ ਤੇ ਉਹ ਸਣੇ ਪਤੀ ਦਿੱਲੀ ਆ ਰਹੀ ਸੀ ਉਸ ਖ਼ੁਸ਼ੀ ਨਾਲ ਸਾਂਝ ਪਾਉਣ ਲਈ। ਬੇਲਾ ਨੇ ਵੇਖਿਆ ਕਿ ਸੁਨੀਲਾ ਦੀ ਚਿੱਠੀ ਨੇ ਸਜੀਵ ਤੇ ਬੜਾ ਸੁਖਾਵਾਂ ਪ੍ਰਭਾਵ ਪਾਇਆ ਹੈ ।

“ਇਹ ਸੁਨੀਲਾ ਕੌਣ ਹੈ ?'' ਸਜੀਵ ਨੇ ਅੱਧ-ਦਿਲਚਸਪੀ ਨਾਲ ਪੁੱਛਿਆ ।

ਇਹ ਮੇਰੇ ਬਚਪਨ ਦੀ ਇਕ ਬੜੀ ਪੱਕੀ ਸਹੇਲੀ ਹੈ । ਅਸੀਂ ਹਾਇਰ ਸੈਕੰਡਰੀ ਤੀਕ ਇਕੱਠੀਆਂ ਪੜ੍ਹੀਆਂ, ਇਕੱਠੀਆਂ ਖੇਡ ਵੱਡੀਆਂ ਹੋਈਆਂ, ਪਰ ਪਿਛੋਂ ਇਸ ਦੇ ਪਿਤਾ ਦੀ ਬਦਲੀ ਲਖਨਊ ਹੋ ਗਈ ਸੀ।”

“ਇਹ ਤੇਰੇ ਵਿਆਹ ਤੇ ਆਈ ਸੀ ?”

“ਨਹੀਂ, ਤਦੇ ਤਾਂ ਉਸ ਲਿਖਿਆ ਹੈ ਕਿ ਮੈਨੂੰ ਆਪਣੇ ਜੀਜਾ ਜੀ ਨੂੰ ਵੇਖਣ ਦਾ ਬੜਾ ਦਿਲ ਕਰਦਾ ਹੈ।”

ਬੇਲਾ ਦੀ ਇਕ ਪ੍ਰੋਫ਼ੈਸਰ ਸਹੇਲੀ ਉਸ ਨੂੰ ਵੇਖਣ ਆ ਰਹੀ ਸੀ, ਇਸ ਗੱਲ ਨੇ ਸਜੀਵ ਦੇ ਸਵੈਮਾਨ ਵਿਚ ਵਾਧਾ ਕੀਤਾ ਤੇ ਬੜਾ ਨਰਮ ਹੋ ਕੇ ਬੋਲਿਆ “ਇਹ ਤਾਂ ਕਾਫ਼ੀ ਅਮੀਰ ਹੋਣੀ ਏਂ ?”

“ਹਾਂ ਕਾਫ਼ੀ ਅਮੀਰ ਏ; ਇਹਦਾ ਘਰ ਵਾਲਾ ਵੀ ਅਫ਼ਸਰ ਏ ਤੇ ਇਹਦਾ ਵਿਆਹ ਮੇਰੇ ਤੋਂ ਛੇ ਮਹੀਨੇ ਪਹਿਲੇ ਹੋਇਆ ਸੀ।”

ਚਿੱਠੀ ਮਿਲਣ ਵਾਲੇ ਦਿਨ ਜਨਵਰੀ ਦੀ ੨੪ ਤਾਰੀਖ਼ ਸੀ । ਸੁਨੀਲਾ ਨੇ ੨੫ ਸ਼ਾਮ ਦੀ ਗੱਡੀ ਤੇ ਆਉਣਾ ਸੀ। ਦੋਹਾਂ ਇਹ ਵਿਚਾਰ ਬਣਾਇਆ ਕਿ ਸਜੀਵ ਦਫ਼ਤਰੋਂ ਸਿੱਧਾ ਸਟੇਸ਼ਨ 'ਤੇ ਆ ਜਾਏ ਤੇ ਬੇਲਾ ਸ਼ਾਮ ਨੂੰ ਸਟੇਸ਼ਨ ਤੇ ਪੁੱਜ ਜਾਏਗੀ ।

ਦੂਜੇ ਦਿਨ ਸ਼ਾਮ ਨੂੰ ਜਦੋਂ ਸਜੀਵ, ਬੇਲਾ ਤੇ ਸੁਨੀਲਾ ਘਰ ਪਹੁੰਚੇ ਤਾਂ ਸਜੀਵ ਵੇਖਿਆ ਕਿ ਬੇਲਾ ਨੇ ਘਰ ਨੂੰ ਕਾਫ਼ੀ ਸੁਆਰਿਆ ਹੋਇਆ ਸੀ। ਉਹ ਗੱਲ ਗੱਲ ਤੇ ਉਚੇਚਾ ਮੁਸਕਰਾਉਣ ਦੇ ਜਤਨ ਤਾਂ ਕਰਦੇ, ਪਰ ਇਹ ਹਾਸੇ ਦਾ ਮੇਕ-ਅੱਪ ਅਮੇਚਵੀਂ ਥਾਂ ਵੇਖ ਕੇ ਝਟ ਕਿਰ ਜਾਂਦਾ ।

ਸੁਨੀਲਾ ਦਾ ਸੁਭਾ ਬੜਾ ਹੱਸਮੁਖ ਤੇ ਹਲੀਮੀ ਵਾਲਾ ਸੀ । ਉਸ ਮਨੋ-ਵਿਗਿਆਨ ਦੀ ਐਮ. ਏ. ਕੀਤੀ ਹੋਈ ਸੀ ਅਤੇ ਛੇ ਸੌ ਮਾਹਵਾਰ ਤਨਖ਼ਾਹ ਲੈਣ ਦੇ ਬਾਵਜੂਦ ਉਸ ਵਿਚ ਕੋਈ ਨਖ਼ਰਾ ਨਹੀਂ ਸੀ ਅਤੇ ਨਾ ਹੀ ਕੋਈ ਹੰਕਾਰ । ਸਗੋਂ ਉਹ ਮਿਲਾਪੜੀ ਇਤਨੀ ਸੀ ਕਿ ਰਾਤੀਂ ਉਸ ਬੇਲਾ ਨਾਲ ਲੱਗ ਕੇ ਰੋਟੀ ਬਣਾਈ ।

ਸਰਦੀਆਂ ਦੇ ਦਿਨ ਸਨ ਤੇ ਰਾਤੀਂ ਰਜ਼ਾਈਆਂ ਵਿਚ ਬੈਠ ਕੇ ਖ਼ੂਬ ਗੱਪਾਂ ਚਲੀਆਂ। ਸੁਨੀਲਾ ਦਸਿਆ ਕਿ ਉਸ ਦੇ ਪਤੀ ਨੇ ਵੀ ਨਾਲ ਆਉਣਾ ਸੀ, ਪਰ ਅਚਾਨਕ ਸਰਕਾਰੀ ਕੰਮ ਪੈ ਜਾਣ ਕਾਰਨ ਉਹ ਨਹੀਂ ਆ ਸਕੇ । ਸੁਨੀਲਾ ਨੇ ਤਾਸ਼ ਖੇਡਣ ਦੀ ਇੱਛਾ ਪ੍ਰਗਟ ਕੀਤੀ । ਤਾਸ਼ ਤਾਂ ਅਧੇ ਪੌਣੇ ਘੰਟੇ ਦੀ ਤਲਾਸ਼ ਪਿਛੋਂ ਲੱਭ ਪਈ, ਪਰ ਉਸ ਦੀ ਨਵੀਂ ਨਕੋਰ ਦਿਖ ਨੂੰ ਵੇਖ ਕੇ ਉਸ ਮਾਸੂਸ ਕੀਤਾ ਜਿਵੇਂ ਇਹ ਤਾਸ਼ ਬੜੇ ਚਿਰਾਂ ਤੋਂ ਕਿਸੇ ਦੀ ਛੋਹ ਲਈ ਤਰਸ ਰਹੀ ਹੋਵੇ । ਉਹ ਇਹ ਵੀ ਜਾਣਦੀ ਸੀ ਕਿ ਬੇਲਾ ਤਾਸ਼ ਦੀ ਬੜੀ ਸ਼ੌਕੀਨ ਸੀ । ਮਸਾਂ ਦੋ ਚਾਰ ਬਾਜ਼ੀਆਂ ਹੀ ਚਲ ਸਕੀਆਂ। ਬਹੁਤ ਸਵੇਰੇ ਜਾਗਣ ਦੇ ਵਿਚਾਰ ਨੇ ਓਹਨਾਂ ਨੂੰ ਆਪੋ ਆਪਣੇ ਕਮਰੇ ਦੀ ਸ਼ਰਨ ਲੈਣ ਲਈ ਪ੍ਰੇਰਿਆ। ਟਾਈਮਪੀਸ ਤੇ ਅਲਾਰਮ ਲਾ ਤਾਂ ਦਿਤਾ ਗਿਆ, ਪਰ ਬੇਲਾ ਦਸਿਆ ਕਿ ਇਸ ਦੇ ਵੱਜਣ ਦਾ ਕੋਈ ਭਰੋਸਾ ਨਹੀਂ। ਉਹ ਸਾਰੇ ਸਰਘੀ ਵੇਲੇ ਜਾਗ, ਛੇਤੀ ਨਹਾ ਧੋ ਕੇ ਤਿਆਰ ਹੋਏ, ਫਿਰ ਰੋਟੀ ਬਣਾਈ ਗਈ ਤੇ ਟਿਫ਼ਨ ਵਿਚ ਬੰਦ ਕਰ ਕੇ ਨਾਲ ਲੈ ਤੁਰੇ। ਪ੍ਰੋਗਰਾਮ ਇਹ ਬਣਿਆ ਕਿ ਫ਼ੌਜ ਦੀ ਪਰੇਡ ਆਦਿ ਦੇਖ ਕੇ ਖਾਣਾ ਉਥੇ ਹੀ ਖਾਵਾਂਗੇ ।

ਘਰੋਂ ਠੀਕ ਸਮੇਂ ਨਾਲ ਤੁਰ ਪੈਣ ਕਾਰਣ ਓਹਨਾਂ ਨੂੰ ਬਸ ਵੀ ਆਰਾਮ ਨਾਲ ਮਿਲ ਗਈ ਅਤੇ ਇੰਡੀਆ ਗੇਟ ਦੇ ਨੇੜੇ ਵੇਖਣ ਲਈ ਥਾਂ ਵੀ ਓਹਨਾਂ ਵਧੀਆ ਮਲ ਲਈ । ਓਹਨਾਂ ਹਰ ਇਕ ਝਾਕੀ ਬੜੇ ਧਿਆਨ ਨਾਲ ਵੇਖੀ।

ਸਜੀਵ ਨੇ ਮਾਸੂਸ ਕੀਤਾ ਜਿਵੇਂ ਸੁਨੀਲਾ ਖੇੜੇ, ਹਾਸੇ ਤੇ ਸੁਖ ਸ਼ਾਂਤੀ ਦਾ ਪ੍ਰਤੀਕ ਹੋਵੇ ਜਿਸ ਦੇ ਆਉਣ ਨਾਲ ਓਹਨਾਂ ਦੇ ਸੁੰਨਸਾਨ ਘਰ ਵਿਚ ਖ਼ੁਸ਼ੀਆਂ ਤੇ ਹਾਸੇ ਟਹਿਕਣ ਲੱਗ ਪਏ ਹਨ; ਉਸ ਨੂੰ ਜ਼ਿੰਦਗੀ ਕੁਝ ਵਧੇਰੇ ਚੰਗੀ ਚੰਗੀ ਤੇ ਪਿਆਰੀ ਪਿਆਰੀ ਲੱਗਣ ਲੱਗ ਪਈ ਸੀ।

ਪ੍ਰੋਗਰਾਮ ਇਹ ਬਣਿਆਂ ਕਿ ਦੂਜੇ ਦਿਨ ਸਜੀਵ ਛੁੱਟੀ ਲਏ ਅਤੇ ਤਿੰਨੇ ਦਿੱਲੀ ਦੀ ਸਾਰੇ ਦਿਨ ਸੈਰ ਕਰਨ । ਸਜੀਵ ਅਗਲੇ ਦਿਨ ਦੀ ਛੁੱਟੀ ਦੀ ਅਰਜ਼ੀ ਆਪਣੇ ਇਕ ਸਾਥੀ ਨੂੰ ਦੇ ਆਇਆ ।

ਰਾਤੀਂ ਆਪਣੇ ਕਮਰੇ ਵਿਚ ਲੇਟਿਆਂ ਸੁਨੀਲਾ ਸੋਚਦੀ ਰਹੀ ਕਿ ਬੇਲਾ ਕਿਤਨੀ ਬਦਲ ਗਈ ਹੈ । ਉਹ ਕਿਤਨੀ ਹੱਸਮੁਖ ਤੇ ਰੌਣਕਣ ਹੋਇਆ ਕਰਦੀ ਸੀ। ਉਹ ਕਿਤਨੀਆਂ ਗੱਲਾਂ ਸੁਣਾਉਂਦੀ ਹੁੰਦੀ ਸੀ, ਪਰ ਹੁਣ ਤਾਂ ਜਿਵੇਂ ਉਸ ਦੇ ਮੂੰਹ ਵਿਚ ਜ਼ਬਾਨ ਹੀ ਨਾ ਹੋਵੇ। ਸਜੀਵ ਹੈ ਤਾਂ ਪੜ੍ਹਿਆ ਲਿਖਿਆ ਬਾਂਕਾ ਮੁੰਡਾ, ਫਿਰ ਇਹ ਮੁਰਦਿਆਉਣ ਕਿਉਂ ? ਭਾਵੇਂ ਉਹ ਹੱਸਣ ਦਾ ਜਤਨ ਕਰਦਾ ਹੈ, ਪਰ ਸਜੀਵ ਦੇ ਮੂੰਹ ਤੇ ਉਹ ਓਪਰਾ ਓਪਰਾ ਕਿਉਂ ਲੱਗਦਾ ਹੈ ? ਇਹਨਾਂ ਦੇ ਜੀਵਨ-ਸੁਖ ਨੂੰ ਜਿਵੇਂ ਕੋਈ ਕੀੜਾ ਲੱਗ ਗਿਆ ਹੈ ਜੋ ਹੌਲੀ ਹੌਲੀ ਇਹਨਾਂ ਦੇ ਜਵਾਨ ਜੁਸਿਆਂ ਨੂੰ ਖਾ ਰਿਹਾ ਹੈ ਅਤੇ ਇਹ ਦੋਵੇਂ ਬਿਨਾਂ ਜਾਣੇਂ ਅੰਦਰੋਂ ਖੋਖਲੇ ਹੋ ਰਹੇ ਹਨ ।ਸੰਤੋਸ਼ ਵਰਗਾ ਟਹਿਕਵਾਂ ਫੁੱਲ ਵੀ ਕਿਵੇਂ ਕੁਮਲਾ ਰਿਹਾ ਹੈ । ਸਜੀਵ ਤੇ ਬੇਲਾ ਆਪਸ ਵਿਚਲੇ ਪਿਆਰ-ਹੀਨ ਜੀਵਨ ਦੀ ਲਾਸ਼ ਨੂੰ ਐਵੇਂ ਹੀ ਧਰੂਕ ਰਹੇ ਹਨ, ਉਹ ਵੀ ਲੋਕ-ਲਾਜ ਦੀ ਖ਼ਾਤਰ । ਓਹਨਾਂ ਵਿਚ ਉਸ ਨੂੰ ਜੀਵਨ-ਚਿਣੰਗ ਬੁਝਦੀ ਬੁਝਦੀ ਜਾਪੀ। ਇਸ ਨਾਜ਼ੁਕ ਸਥਿਤੀ ਨੂੰ ਸੰਭਾਲਣ ਦੀ ਬੜੀ ਸਖ਼ਤ ਲੋੜ ਹੈ। ਸੁਨੀਲਾ ਆਪਣੇ ਬਿਸਤਰੇ ਦੀ ਇਕੱਠੀ ਹੋਈ ਚਾਦਰ ਨੂੰ ਜਦੋਂ ਸਿੱਧਾ ਕੀਤਾ ਉਸ ਵੇਖਿਆ, ਉਸ ਹੇਠਾਂ ਵਿਛੀ ਤਲਾਈ ਬੜੀ ਗੰਦੀ ਅਤੇ ਘਸੀ ਹੋਈ ਸੀ ਜਿਸ ਦਾ ਪੜਦਾ ਇਹ ਰੰਗਦਾਰ ਫੁੱਲਦਾਰ ਚਾਦਰ ਕੱਜ ਰਹੀ ਸੀ । ਸਰ੍ਹਾਣਾ ਵੀ ਉਸੇ ਬਰਾਦਰੀ ਦਾ ਸੀ ਜਿਸ ਉਤੇ ਸਫ਼ੈਦ ਗਲਾਫ਼ ਦਾ ਕੱਜਣ ਉਸ ਨੂੰ ਇਕ ਵੱਖਰੀ ਦਖ ਦੇ ਰਿਹਾ ਸੀ । ਅਚਾਨਕ ਹੱਥ ਲੱਗ ਜਾਣ ਕਾਰਣ ਉਸ ਦੇਖਿਆ ਦੀਵਾਰ ਨਾਲ ਲੱਗੇ ਪਲਾਸਟਕ ਦੇ ਰੰਗਦਾਰ ਫੁੱਲਾਂ ਵਾਲੇ ਗੁਲਦਸਤੇ ਤੇ ਪਈ ਅਣਝਾੜੀ ਮਿੱਟੀ ਨੇ ਉਸ ਨੂੰ ਬਦਰੰਗ ਕਰ ਦਿਤਾ ਸੀ । ਇਹੋ ਹਾਲ ਓਹਨਾਂ ਦੀ ਵਿਆਹ ਪਿਛੋਂ ਛੇਤੀ ਖਿਚਵਾਈ ਸਜ-ਵਿਆਹੇ ਜੋੜੇ ਦੀ ਤਸਵੀਰ ਦਾ ਸੀ। ਦੂਜੇ ਪਾਸੇ ਤਾਰੀਖਾਂ ਬਦਲਣ ਵਾਲੇ ਕੈਲੰਡਰ ਦੀ ਕਈ ਦਿਨਾਂ ਤੋਂ ਕਿਸੇ ਤਾਰੀਖ਼ ਨਹੀਂ ਸੀ ਬਦਲੀ।

ਸਵੇਰੇ ਬੇਲਾ ਨੇ ਮੁਨੀਲਾ ਨੂੰ ਦਸਿਆ ਕਿ ਰਾਤੀਂ ਸੰਤੋਸ਼ ਦਾ ਪਿੰਡਾ ਬਹੁਤ ਗਰਮ ਰਿਹਾ ਹੈ । ਕਲ੍ਹ ਸਾਰਾ ਦਿਨ ਬਾਹਰ ਰਹਿਣ ਕਾਰਨ ਸ਼ਾਇਦ ਉਸ ਨੂੰ ਕੁਝ ਠੰਢ ਲੱਗ ਗਈ ਸੀ। ਇਸ ਕਾਰਨ ਉਹ ਅੱਜ ਬਾਹਰ ਨਹੀਂ ਜਾ ਸਕੇਗੀ।

“ਚੰਗਾ ਫਿਰ ਅੱਜ ਦਾ ਪ੍ਰੋਗਰਾਮ ਕੈਂਸਲ।”

“ਨਹੀਂ ਨਹੀਂ ਨੀਲੂ, ਤੋਸ਼ੀ ਨੂੰ ਇਤਨੀ ਤਕਲੀਫ਼ ਨਹੀਂ, ਨਾਲੇ ਤੇਰੇ ਜੀਜਾ ਜੀ ਨੇ ਅੱਜ ਦੀ ਛੁੱਟੀ ਲਈ ਹੋਈ ਏ, ਤੂੰ ਇਨ੍ਹਾਂ ਨਾਲ ਦਿੱਲੀ ਘੁੰਮ ਆ ।”

"ਇਕੱਲੀ!"

“ਤਾਂ ਕੀ ਹੋਇਆ।"

“ਤੈਨੂੰ ਮੇਰੇ ਤੇ ਇਤਬਾਰ ਏ ?” ਸੁਨੀਲਾ ਨੇ ਮੁਸਕਰਾਂਦਿਆਂ, ਪਰ ਬੇਲਾ ਦੀਆਂ ਤੀਵੀਂ-ਅੱਖਾਂ ਦੀ ਡੂੰਘੀ ਤਹਿ ਵਿਚ ਵੇਖਦਿਆਂ ਆਖਿਆ।

“ਆਪਣੇ ਤੋਂ ਵੀ ਜ਼ਿਆਦਾ।"

ਤੇ ਸੁਨੀਲਾ ਸਜੀਵ ਨਾਲ ਬਾਹਰ ਘੁੰਮਣ ਚਲੀ ਗਈ ।

ਪਹਿਲਾਂ ਉਹ ਲਾਲ ਕਿਲ੍ਹੇ ਗਏ। ਇਹ ਇਮਾਰਤ ਮੁਗ਼ਲਾਂ ਦੀ ਰੁਲ ਗਈ ਹਕੂਮਤ ਤੇ ਸ਼ਾਨ ਦੀ ਸਾਖੀ ਭਰਦੀ ਸੀ। ਓਹਨਾਂ ਉਹ ਪਾਸਾ ਵੀ ਵੇਖਿਆ ਜਿਧਰ ਮੁਗ਼ਲ ਬੇਗਮਾਂ ਦੇ ਹਰਮ ਦਸੇ ਜਾਂਦੇ ਸਨ । ਇਸ ਪਿਛੋਂ ਉਹ ਕੁਤਬ ਦੀ ਲਾਠ ਵੇਖਣ ਲਈ ਮਹਿਰੌਲੀ ਚਲੇ ਗਏ। ਇਥੇ ਬੜੀ ਰੌਣਕ ਸੀ। ਲੋਕੀਂ ਵੰਨ-ਸਵੰਨੇ ਕਪੜੇ ਪਾਈ ਤੇ ਸਜੇ ਧਜੇ ਜਸ਼ਨ ਮਨਾ ਰਹੇ ਸਨ। ਇੰਜ ਜਾਪਦਾ ਸੀ ਜਿਵੇਂ ਇਹਨਾਂ ਦੀ ਜ਼ਿੰਦਗੀ ਵਿਚ ਗ਼ਮਗੀਨੀ ਹੈ ਹੀ ਨਹੀਂ। ਸੁਨੀਲਾ ਜਾਣਦੀ ਸੀ ਕਿ ਘਰੋਂ ਬਾਹਰ ਨਿਕਲਣ ਅਤੇ ਕੁਦਰਤ ਰਾਣੀ ਦੀ ਗੋਦੀ ਵਿਚ ਬੈਠ ਕੇ ਹੱਸਣ ਖੇਡਣ ਨਾਲ ਜੀਵਨ ਵਿਚ ਰੰਗੀਨੀ ਆ ਜਾਂਦੀ ਹੈ। ਉਸ ਸਜੀਵ ਤੋਂ ਪੁੱਛਿਆ, “ਤੁਸੀਂ ਤੇ ਬੇਲਾ ਮਹੀਨੇ ਵਿਚ ਕਿਤਨੀ ਵਾਰੀ ਪਿਕਨਿਕ ਲਈ ਨਿਕਲਦੇ ਹੋ ?"

ਸਜੀਵ ਚਾਹੁੰਦਾ ਹੋਇਆ ਵੀ ਸੁਨੀਲਾ ਦੀ ਲਾਜਵਾਬ ਸ਼ਖ਼ਸੀਅਤ ਅੱਗੇ ਝੂਠ ਨਾ ਬੋਲ ਸਕਿਆ, “ਬਹੁਤ ਘਟ ।”

"ਕਿਉਂ ?"

“ਐਵੇਂ ਹੀ, ਟਾਈਮ ਹੀ ਨਹੀਂ ਮਿਲਦਾ।”

“ਸ਼ਾਮ ਨੂੰ ਜਾਂ ਛੁੱਟੀ ਵਾਲੇ ਦਿਨ ਕੋਈ ਅਡੀਸ਼ਨਲ ਕੰਮ ਕਰਦੇ ਹੋ ? ਦਿੱਲੀ ਵਿਚ ਤਾਂ ਪਾਰਟ-ਟਾਈਮ ਕੰਮ ਮਿਲ ਵੀ ਜਾਂਦਾ ਹੈ ਅਤੇ ਇਥੇ ਦੇ ਖ਼ਰਚੇ ਪੂਰੇ ਕਰਨ ਲਈ ਹਰ ਇਕ ਨੂੰ ਕੁਝ ਕਰਨਾ ਵੀ ਚਾਹੀਦਾ ਹੈ ।“

“ਨਹੀਂ ਕੰਮ ਤੇ ਕੋਈ ਨਹੀਂ ਕਰਦਾ, ਕੁਝ ਚੰਗਾ ਹੀ ਨਹੀਂ ਲੱਗਦਾ ।”

“ਅੱਜ ਮੇਰੇ ਨਾਲ ਆਉਣਾ ਚੰਗਾ ਨਹੀਂ ਲੱਗਾ ?''

"ਨਹੀਂ ਨਹੀਂ ਐਸੀ ਗੱਲ ਨਹੀਂ, ਸਗੋਂ ਬ…ਬਹੁਤ ਚੰ...ਚੰਗਾ ਲੱਗਾ ਏ।" ਉਸ ਕੁਝ ਝਕਦਿਆਂ ਝਕਦਿਆਂ ਕਿਹਾ ।

“ਸੱਚ ?"

“ਬਿਲਕੁਲ ਸੱਚ !”

ਤੇ ਫਿਰ ਉਹ ਕੁਤਬ ਦੀਆਂ ਪਉੜੀਆਂ ਵਲ ਤੁਰ ਪਏ । ਸੁਨੀਲਾ ਨੇ ਸਜੀਵ ਵਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦਿਆਂ ਰਮਜ਼ ਨਾਲ ਆਖਿਆ, “ਸਜੀਵ ਜੀ ਮੈਂ ਇਤਨੀਆਂ ਜ਼ਿਆਦਾ ਪਉੜੀਆਂ ਚੜ੍ਹ ਸਕਾਂਗੀ ?"

“ਕਿਉਂ ਨਹੀਂ ?”

"ਜੇ ਡਿਗ ਪਈ ਤਾਂ ।

"ਨਹੀਂ ਡਿਗਦੇ।

“ਚੰਗਾ ਇਕ ਸ਼ਰਤ ਤੇ ਉਪਰ ਚੜ੍ਹਦੀ ਹਾਂ ਕਿ ਜਿਥੇ ਮੈਂ ਥਿੜਕਾਂ ਮੈਨੂੰ ਸੰਭਾਲ ਲੈਣਾ।”

ਦਸ ਪੰਦਰਾਂ ਪਉੜੀਆਂ ਚੜ੍ਹ ਕੇ ਉਸ ਦਾ ਪੈਰ ਥਿੜਕਿਆ ਤੇ ਸਜੀਵ ਨੇ ਝਟ ਉਸ ਨੂੰ ਆਪਣੇ ਨਾਲ ਲਾ ਕੇ ਸੰਭਾਲ ਲਿਆ। ਸੁਨੀਲਾ ਇਕ ਮਿੰਟ ਉਸ ਨਾਲ ਇੰਜ ਹੀ ਜੁੜੀ ਰਹੀ। ਉਸ ਦੀ ਸਰੀਰਕ ਛੋਹ ਨਾਲ ਸਜੀਵ ਇੰਜ ਮਾਸੂਸ ਕੀਤਾ ਜਿਵੇਂ ਉਸ ਨੂੰ ਇਕ ਕਰੰਟ ਲੱਗੀ ਹੋਵੇ । ਪਰ ਇਸ ਨਾਲ ਇਕ ਸਵਾਦ ਸਵਾਦ, ਇਕ ਨਸ਼ਾ ਨਸ਼ਾ ਵੀ ਉਸ ਨੂੰ ਆਇਆ । ਸੁਨੀਲਾ ਕੋਲੋਂ ਆ ਰਹੀ ਈਵਨਿੰਗ ਇਨ ਪੈਰਿਸ ਦੀ ਖ਼ੁਸ਼ਬੋ ਉਸ ਨੂੰ ਆਪਣੇ ਅੰਦਰ ਧਸੀਂਦੀ ਜਹੀ ਮਾਸੂਸ ਹੋਈ । ਉਸ ਦੇ ਨੱਕ ਨਾਲ ਲੱਗ ਰਿਹਾ ਸੁਨੀਲਾ ਦਾ ਜੂੜਾ ਉਸ ਨੂੰ ਇਕ ਕਾਲੇ ਗੁਲਾਬ ਦਾ ਫੁੱਲ ਲੱਗਾ ਜਿਸ ਦੀ ਮਹਿਕ ਉਸ ਨੂੰ ਪਾਗਲ ਬਣਾ ਰਹੀ ਸੀ। ਉਸ ਆਪਣੇ ਅੰਦਰ ਇਕ ਖ਼ਾਸ ਤਰ੍ਹਾਂ ਦੀ ਤਬਦੀਲੀ ਮਾਸੂਸ ਕੀਤੀ, ਜਿਵੇਂ ਉਸ ਦੀਆਂ ਨਾੜਾਂ ਵਿਚ ਮੁੱਦਤਾਂ ਦਾ ਸੁੱਤਾ ਲਹੂ ਸੁਨੀਲਾ ਦੀ ਪਿਆਰ-ਨਿੱਘ ਨਾਲ ਜਾਗ ਪਿਆ ਹੋਵੇ ।

ਫਿਰ ਓਹ ਹੌਲੀ ਹੌਲੀ ਦੋਵੇਂ ਉੱਪਰ ਚੜ੍ਹਦੇ ਗਏ । ਸਜੀਵ ਅੱਜ ਪਹਿਲੀ ਵਾਰੀ ਮਾਸੂਸ ਕੀਤਾ ਜਿਵੇਂ ਉਹ ਕੁਤਬ ਦੀਆਂ ਪਉੜੀਆਂ ਨਹੀਂ, ਸਗੋਂ ਮਹਿਕਾਂ ਦੀਆਂ ਪਉੜੀਆਂ ਚੜ੍ਹਦਾ ਉਹ ਇਸ਼ਕ ਦੀ ਸਿਖਰ-ਮੰਜ਼ਲ ਵਲ ਵਧਦਾ ਜਾ ਰਿਹਾ ਹੈ ਜਿਸ ਬਾਰੇ ਉਸ ਕਈ ਵਾਰੀ ਪਹਿਲਾਂ ਕਵਿਤਾ ਵਿਚ ਕੇਵਲ ਪੜ੍ਹਿਆ ਹੀ ਸੀ । ਧੁਰ ਉਪਰ ਚੜ੍ਹ ਕੇ ਓਹ ਕਿਤਨਾ ਚਿਰ ਇਕ ਦੂਜੇ ਕੋਲ ਢੁਕ ਖਲੋਤਿਆਂ ਇੰਜ ਮਾਸੂਸ ਕਰਦੇ ਰਹੇ ਜਿਵੇਂ ਉਹ ਨੀਲੇ ਆਸਮਾਨ ਦੀ ਅਸੀਮ ਵਿਸ਼ਾਲਤਾ ਨੂੰ ਨਾਪਣ ਵਾਲੇ ਦੋ ਨਰ ਮਾਦਾ ਪੰਛੀ ਹੋਣ ਜੋ ਨਾਲ ਨਾਲ ਢੁਕ ਕੇ ਦੁਨੀਆਂ ਤੋਂ ਬੇਖ਼ਬਰ ਹੋ ਚੁਕੇ ਹੋਣ। ਕੋਸੀ ਹਵਾ ਦੇ ਝਉਲੇ ਉਹਨਾਂ ਨੂੰ ਪਿਆਰ-ਮੁਗਧ ਵੇਖ ਕੇ ਓਹਨਾਂ ਦੇ ਵਾਲਾਂ ਨਾਲ ਅਠਖੇਲੀਆਂ ਕਰਨ ਲੱਗੇ । ਤੇ ਪਤਾ ਨਹੀਂ ਓਹ ਕਿਤਨਾ ਚਿਰ ਇੰਜ ਖਲੋਤੇ ਰਹੇ।

ਹੇਠਾਂ ਆ ਕੇ ਉਹ ਇਕ ਫੁੱਲਾਂ ਦੀ ਖਿੜੀ ਇਕਲਵਾਂਜੀ ਕਿਆਰੀ ਕੋਲ ਆ ਕੇ ਬੈਠ ਗਏ । ਸਜੀਵ ਨੂੰ ਆਪਣੇ ਕੋਲੋਂ ਵੀ ਖ਼ੁਸ਼ਬੋ ਆਉਣ ਲੱਗ ਪਈ ਸੀ ਤੇ ਇਕ ਵਾਰੀ ਉਸ ਨਜ਼ਰ ਭਰ ਕੇ ਸੁਨੀਲਾ ਦੀ ਭਰ ਜਵਾਨੀ ਦਾ ਜਾਮ ਵੀ ਪੀਤਾ ਤੇ ਕੁਝ ਗੁਨਗੁਨਾਉਣ ਲੱਗ ਪਿਆ। ਸੁਨੀਲਾ ਨੇ ਆਪਣੀ ਜਵਾਨੀ ਦਾ ਜਾਦੂ ਹੁੰਦਿਆਂ ਵੇਖ ਕੇ ਪੁੱਛਿਆ —

“ਤੁਸੀਂ ਮਿਊਜ਼ਿਕ ਦਾ ਸ਼ੌਂਕ ਰਖਦੇ ਹੋ ?"

“ਮਿਊਜ਼ਿਕ ਦਾ ਨਹੀਂ ਪੋਇਟਰੀ ਦਾ ।”

“ਤਾਂ ਫਿਰ ਹੋ ਜਾਏ ਕੋਈ ਸ਼ਿਅਰ ।"

“ਉਰਦੂ ਦੇ ਕੁਝ ਸ਼ੁਅਰਾ ਦਾ ਕਲਾਮ ਸੁਣਾਂਦਾ ਹਾਂ ।

ਵੋਹ ਆਏ ਹਮਾਰੇ ਘਰ ਮੇਂ, ਖ਼ੁਦਾ ਕੀ ਕੁਦਰਤ ਹੈ,
ਹਮ ਕਭੀ ਉਨ ਕੋ, ਕਭੀ ਅਪਨੇ ਘਰ ਕੋ ਦੇਖਤੇ ਹੈਂ।''

“ਸੱਚ ਕਿ ਝੂਠ ?” ਸੁਨੀਲਾ ਨੇ ਸਜੀਵ ਦੀ ਅੰਦਰਲੀ ਰਮਜ਼ ਨੂੰ ਸਮਝਦਿਆਂ ਆਖਿਆ-

“ਬਿਲਕੁਲ ਸੱਚ ।”

“ਤੁਸੀਂ ਤਾਂ ਛੁਪੇ ਰੁਸਤਮ ਨਿਕਲੇ । ਕਿਆ ਜ਼ਿੰਦਾ ਦਿਲੀ ਹੈ।”

ਸਜੀਵ ਦੇ ਆਸ਼ਕਾਨਾ ਮਜ਼ਾਜ ਤੇ ਧੜਕਦੇ ਦਿਲ ਤੋਂ ਝਾਕਾ ਤੇ ਰਸਮੀਪਨ ਦਾ ਪਰਦਾ ਉਠ ਚੁਕਾ ਸੀ।

“ਹਾਂ ਫਿਰ ਹੋ ਜਾਏ ।” ਸੁਨੀਲਾ ਨੇ ਸਜੀਵ ਨੂੰ ਪ੍ਰੇਰਨਾ ਤੇ ਉਤਸ਼ਾਹ ਵਜੋਂ ਆਖਿਆ।

ਜੋ ਕਿਸੀ ਪੈ ਫ਼ਿਦਾ ਨਹੀਂ ਹੋਤਾ,
ਉਸ ਕਾ ਸ਼ਾਇਦ ਖ਼ੁਦਾ ਨਹੀਂ ਹੋਤਾ ।
ਪਹਿਲੇ ਇਸ ਬੁਤ ਕੋ ਦੇਖੀਏ ਤੋ ਸਹੀ,
ਫਿਰ ਯੇਹ ਕਹੀਏ, ਖ਼ੁਦਾ ਨਹੀਂ ਹੋਤਾ?
ਏਕ ਤੁਮ ਮਿਹਰਬਾਂ ਨਹੀਂ ਹੋਤੇ,
ਵਰਨਾ ਦੁਨੀਆਂ ਮੈਂ ਕਿਆ ਨਹੀਂ ਹੋਤਾ।”

“ਬਹੁਤ ਖ਼ੂਬ, ਬਹੁਤ ਖ਼ੂਬ, ਕੌਣ ਮਿਹਰਬਾਂ ਨਹੀਂ ਹੋਤਾ ਤੁਸੀਂ ਕਿ ਮੈਂ ?" ਸੁਨੀਲਾ ਅੱਖਾਂ ਮਟਕਾਂਦਿਆਂ ਕਿਹਾ ।

"ਤੁਸੀਂ", ਸਜੀਵ ਬੇਤਕੁਲਫ਼ੀ ਨਾਲ ਕਹਿ ਗਿਆ ।

“ਹੱਛਾ ਜੀ, ਇਹ ਗੱਲ ਏ ।" ਫਿਰ ਕੁਝ ਰੁਕ ਕੇ ਸੁਨੀਲਾ ਬੋਲੀ, “ਅੱਜ ਬੜਾ ਮਜ਼ਾ ਆ ਰਿਹਾ ਏ । ਮੈਂ ਇਥੇ ਪਹਿਲੀ ਵਾਰੀ ਆਈ ਹਾਂ ਤੇ ਦਿਲ ਕਰਦਾ ਏ ਕਿ ਇਥੇ ਹੀ ਘਰ ਪਾ ਕੇ ਬਹਿ ਜਾਵਾਂ।"

“ਇਸ ਧਰਤੀ ਨੂੰ ਵੀ ਭਾਗ ਲੱਗ ਜਾਣਗੇ ।” ਸਜੀਵ ਨੇ ਆਪਣੇ ਦਿਲ ਵਲ ਇਸ਼ਾਰਾ ਕਰਦਿਆਂ ਕਿਹਾ।

ਸਜੀਵ ਹੁਣ ਕੁਝ ਨਿਝੱਕ ਹੋ ਕੇ ਸੁਨੀਲਾ ਨਾਲ ਗੱਲਾਂ ਕਰਨ ਲੱਗ ਪਿਆ ਸੀ । ਇਸ਼ਕ ਇਕ ਐਸਾ ਮਾਧਿਅਮ ਹੈ ਜੋ ਸਾਲਾਂ ਦੇ ਰਿਸ਼ਤੇ ਮਿੰਟਾਂ ਵਿਚ ਬਣਾ ਵਿਖਾਂਦਾ ਹੈ। ਸਜੀਵ ਅਨੁਭਵ ਕਰ ਰਿਹਾ ਸੀ ਜਿਵੇਂ ਸੁਨੀਲਾ ਨਾਲ ਉਸ ਦਾ ਰਿਸ਼ਤਾ ਸਦੀਆਂ ਪੁਰਾਣਾ ਹੋਵੇ।

“ਚਲੋ ਹੁਣ ਚਲੀਏ ਤੇ ਪੇਟ ਪੂਜਾ ਕਰੀਏ ।” ਇਹ ਕਹਿ ਕੇ ਸੁਨੀਲਾ ਉਸ ਨੂੰ ਨਾਲ ਲੈ ਤੁਰੀ ।

ਕਨਾਟ ਪਲੇਸ ਰੋਟੀ ਖਾਂਦਿਆਂ ਤੇ ਅਖ਼ਬਾਰ ਵਲ ਵੇਖਦਿਆਂ ਉਸ ਸਜੀਵ ਤੋਂ ਪੁੱਛਿਆ --

"ਤੁਸੀਂ 'ਬਲੋ ਹਾਟ ਬਲੋ ਕੋਲਡ' ਵੇਖੀ ਹੈ ? ਕਹਿੰਦੇ ਨੇ ਬਹੁਤ ਵਧੀਆ ਪਿਕਚਰ ਏ ?"

“ਨਹੀਂ।”

"ਕਿਉਂ ਪਿਕਚਰ ਨਹੀਂ ਵੇਖਦੇ ਹੁੰਦੇ ?"

“ਬਹੁਤ ਘਟ ।”

“ਕਦੀ ਕਦੀ ਜ਼ਰੂਹ ਵੇਖਿਆ ਕਰੋ । ਸਾਡੇ ਮੱਧ-ਸ਼੍ਰੇਣੀ ਦੇ ਲੋਕਾਂ ਕੋਲ ਇਸ ਤੋਂ ਸਿਵਾ ਹੋਰ ਇੰਟਰਟੇਨਮੇਂਟ ਹੀ ਕੀ ਹੈ । ਚਲੋ ਅੱਜ ਤੁਹਾਨੂੰ ਇਹ ਪਿਕਚਰ ਵਿਖਾਵਾਂ । ਹੋਟਲ ਦਾ ਸਾਰਾ ਬਿਲ ਸੁਨੀਲਾ ਜ਼ਿੱਦ ਕਰ ਕੇ ਦਿਤਾ । ਤੇ ਬਲੈਕ ਵਿਚ ਟਿਕਟਾਂ ਲੈ ਉਹ ਦੋਵੇਂ ਪਲਾਜ਼ਾ ਵਿਚ ਜਾ ਵੜੇ।

ਪਿਕਚਰ ਵਿਚਲੇ ਗਰਮ ਜੋੜੇ ਦੀਆਂ ਕਾਮ-ਭਰੀਆਂ ਪਿਆਰ ਖੁਲ੍ਹਾਂ ਨੂੰ ਵੇਖ ਕੇ ਸਜੀਵ ਸਹਿਮਿਆ ਬੈਠਾ ਰਿਹਾ, ਕਿਧਰੇ ਉਸ ਤੋਂ ਕੋਈ ਗੁਸਤਾਖ਼ੀ ਨਾ ਹੋ ਜਾਵੇ। ਸੁਨੀਲਾ ਦਾ ਹੱਥ ਪਕੜਨਾ ਚਾਹੁੰਦਾ ਹੋਇਆ ਵੀ, ਉਹ ਇੰਜ ਨਾ ਕਰ ਸਕਿਆ। ਪਿਕਚਰ ਖ਼ਤਮ ਹੋਣ ਤੇ ਸਜੀਵ ਦਾ ਰੋਮ ਰੋਮ ਇਸਤ੍ਰੀ-ਛੋਹ ਲਈ ਲਿਲ੍ਹਕ ਰਿਹਾ ਸੀ ।

ਜਦੋਂ ਸਕੂਟਰ ਵਿਚ ਘਰ ਪਹੁੰਚੇ, ਸਾਢੇ ਸੱਤ ਵਜਣ ਵਾਲੇ ਸਨ। ਤੋਸ਼ੀ ਹੁਣ ਰਾਜ਼ੀ ਬਾਜ਼ੀ ਖੇਡ ਰਹੀ ਸੀ। ਚਾਹ ਪੀਣ ਪਿਛੋਂ ਝਟ ਰੋਟੀ ਤੇ ਬੈਠ ਗਏ।ਬੇਲਾ ਰੋਟੀ ਤਿਆਰ ਕਰੀ ਬੈਠੀ ਸੀ। ਰੋਟੀ ਖਾਣ ਪਿਛੋਂ ਸਜੀਵ ਬਾਹਰ ਚਲਾ ਗਿਆ, ਇਸ ਡਰ ਵਜੋਂ ਕਿ ਕਿਧਰੇ ਬੇਲਾ ਹਨੇਰੇ ਵਿਚ ਵੀ ਉਸ ਦੀਆਂ ਜਾਗ ਪਈਆਂ ਅੱਖਾਂ ਦੀਆਂ ਨੰਗੀਆਂ ਨਜ਼ਰਾਂ ਵਿਚੋਂ ਸੁਨੀਲਾ ਲਈ ਪੈਦਾ ਹੋਈ ਖਿੱਚ ਨਾ ਪੜ੍ਹ ਲਵੇ ।

ਦੂਜੇ ਦਿਨ ਸਜੀਵ ਦਫ਼ਤਰ ਵਿਚ ਵੀ ਸੁਨੀਲਾ ਵਿਚਲੀਆਂ ਮਹਿਕਾਂ ਸੁੰਘਦਾ ਰਿਹਾ ।

ਦਿਨੇ ਆਰਾਮ ਕਰਦਿਆਂ ਸੁਨੀਲਾ ਨੇ ਬੇਲਾ ਅੰਦਰ ਕੁਝ ਇਸਤ੍ਰੀ-ਸਾੜਾ ਉਕਸਾਉਣ ਦੇ ਭਾਵ ਨਾਲ ਆਖਿਆ —

“ਨੀ ਬੇਲੋ, ਤੇਰਾ ਘਰ ਵਾਲਾ ਤਾਂ ਬੜਾ ਵਧੀਆ ਮਰਦ ਏ।"

“ਕਿਉਂ ਪਸੰਦ ਆ ਗਿਆ ਈ ?"

“ਬਹੁਤ, ਪਰ ਤੈਨੂੰ ਜਾਚ ਨਹੀਂ ਉਹਨੂੰ ਸੰਭਾਲਣ ਦੀ ।”

"ਕਿਉਂ ?"

"ਇਕ ਤਾਂ ਤੂੰ ਆਰਥਕ ਤੌਰ ਤੇ ਉਸ ਦੀ ਕੋਈ ਮਦਦ ਨਹੀਂ ਕਰਦੀ ਜਿਵੇਂ ਮੈਂ ਆਪਣੇ ਮਰਦ ਦੀ ਕਰਦੀ ਹਾਂ। ਮਸ਼ੀਨ ਤੇਰੇ ਕੋਲ ਏ ਤੇ ਤੂੰ ਕਪੜੇ ਸੀੜ ਵੀ ਵਧੀਆ ਲੈਂਦੀ ਸੈਂ । ਨਾਲੇ ਤੂੰ ਹਰ ਵੇਲੇ ਚੂੜ੍ਹੀ ਬਣੀ ਰਹਿਨੀ ਏਂ । ਤੂੰ ਹੁਣ ਸੋਚਦੀ ਹੋਣੀ ਏਂ ਵਿਆਹ ਤਾਂ ਹੋ ਹੀ ਗਿਆ ਏ, ਹੁਣ ਕੀ ਕਰਨਾ ਹੋਇਆ ਬਣ ਬਣ ਕੇ । ਸਿਆਣੀ ਔਰਤ ਆਪਣੇ ਖ਼ਾਵੰਦ ਨੂੰ ਕਦੀ ਬਹੀ ਪੁਰਾਣੀ ਲੱਗਣ ਨਹੀਂ ਦੇਂਦੀ । ਜੇ ਉਹ ਹਰ ਸਮੇਂ ਆਪਣੇ ਆਪ ਨੂੰ ਤੇ ਘਰ ਨੂੰ ਨਵੇਂ ਨਵੇਲੇ ਰੂਪ ਵਿਚ, ਬੱਚੇ ਦੀ ਸਤਰੰਗੀ ਗੇਂਦ ਵਾਂਗੂੰ ਉਸ ਦੇ ਸਾਹਮਣੇ ਲਿਆਉਂਦੀ ਰਹੇ ਤਾਂ ਉਹ ਸਾਰੀ ਜ਼ਿੰਦਗੀ ਉਸ ਦਾ ਲਟਬੌਰਾ ਹੋਇਆ ਦੁਗਣਾ ਤਿਗਣਾ ਕਮਾ ਵਿਖਾਉਂਦਾ ਹੈ । ਚਲ ਉੱਠ, ਅੱਜ ਮੈਂ ਤੈਨੂੰ ਤਿਆਰ ਕਰਾਂਗੀ । ਵਿਆਹ ਵੇਲੇ ਤਾਂ ਦੁਲ੍ਹਨ ਨੂੰ ਸਜਾ ਨਹੀਂ ਸਾਂ ਸਕੀ, ਉਹ ਸੱਧਰ ਹੁਣ ਪੂਰੀ ਕਰ ਲਵਾਂਗੀ।"

“ਹੱਛਾ ਬਾਬਾ !”

ਬੇਲਾ, ਸੁਨੀਲਾ ਦਾ, ਉਮਰ, ਅਕਲ ਤੇ ਪਦਵੀ ਵਿਚ ਵਡੇਰੀ ਹੋਣ ਕਾਰਣ, ਵੱਡੀ ਭੈਣ ਵਰਗਾ ਸਤਿਕਾਰ ਕਰਦੀ ਸੀ। ਦੋਵੇਂ ਸਹੇਲੀਆਂ ਉਠੀਆਂ । ਪਹਿਲਾਂ ਘਰ ਨੂੰ ਕੁਝ ਸੰਵਾਰਿਆ, ਲੱਗੇ ਜਾਲੇ ਲਾਹੇ, ਤੇ ਖ਼ੁਸ਼ਬੂਦਾਰ ਧੂਪ ਧੁਖਾਈ । ਗਮਲਿਆਂ ਵਿਚ ਲੱਗੇ ਪੌਦਿਆਂ ਨੂੰ ਗੋਡੀ ਕੀਤੀ ਤੇ ਪਾਣੀ ਦਿਤਾ । ਫਿਰ ਉਸ ਬੇਲਾ ਨੂੰ ਰੀਝ ਨਾਲ ਗੋਟੇ ਕਿਨਾਰੀ ਵਾਲੇ ਸੂਟ ਰਾਹੀਂ ਸਜਾਇਆ, ਜਿਵੇਂ ਉਹ ਸੱਚਮੁੱਚ ਉਸ ਨੂੰ ਫਿਰ ਦੁਲ੍ਹਨ ਦੇ ਰੂਪ ਵਿਚ ਢਾਲਣ ਲੱਗੀ ਹੋਵੇ। ਫਿਰ ਦੋਹਾਂ ਰਲ ਕੇ ਤੋਸ਼ੀ ਨੂੰ ਚਮਕਾਇਆ ਜੋ ਨਵਿਆਂ ਕਪੜਿਆਂ ਵਿਚ ਫੁੱਲ ਪਟਾਕਾ ਲੱਗਣ ਲੱਗ ਪਈ ਸੀ।

ਜਦੋਂ ਸਜੀਵ ਦਫ਼ਤਰੋਂ ਵਾਪਸ ਆਇਆ ਤਾਂ ਉਸ ਵੇਖਿਆ ਕਿ ਘਰ ਦੀ ਅਤੇ ਘਰ ਦੇ ਸਾਰੇ ਜੀਆਂ ਦੀ ਕਾਇਆਂ ਕਲਪ ਹੋਈ ਪਈ ਹੈ । ਘਰ ਦੀ ਹਰ ਚੀਜ਼ ਚੰਮ ਚੰਮ ਕਰ ਰਹੀ ਹੈ। ਇੰਜ ਜਿਵੇਂ ਕਿਸੇ ਮੁਰਦਾ ਘਰ ਵਿਚ ਰੂਹ ਫੂਕ ਦਿਤੀ ਹੋਵੇ। ਬੇਲਾ ਤਾਂ ਅੱਜ ਆਪਣੇ ਹੁਸਨ ਦੇ ਸਿਖਰ ਤੇ ਬੈਠਿਆਂ ਗੁਲਾਬੀ ਹੋਂਠਾਂ ਰਾਹੀਂ ਮੁਸਕਰਾਹਟਾਂ ਦੀਆਂ ਕਲੀਆਂ ਤੇ ਨਰਗਸੀ ਅੱਖਾਂ ਰਾਹੀਂ ਭੜਕੀਲੇ ਤੇਜ਼ ਕਾਮ ਬਾਣ ਛੱਡ ਰਹੀ ਸੀ। ਸੁਨੀਲਾ ਵਾਲੀ ਹੀ ਈਵਨਿੰਗ ਇਨ ਪੈਰਿਸ ਦੀ ਖ਼ੁਸ਼ਬੋ ਉਸ ਦੇ ਵਾਲਾਂ ਵਿਚੋਂ ਮਹਿਕ-ਸੁਨੇਹੇ ਘਲ ਰਹੀ ਸੀ । ਸੰਤੋਸ਼ ਵੀ ਪਟੋਲੇ ਦਾ ਪਟੋਲਾ ਬਣੀ ਉਸ ਵਲ ਮਾਸੂਮੀਅਤ ਤੇ ਮੋਹ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਸੀ । ਘਰ ਆਉਂਦਿਆਂ ਸਾਰ ਉਸ ਤੇ ਇਕ ਨਸ਼ਾ ਜਿਹਾ ਸਵਾਰ ਹੋ ਗਿਆ ਤੇ ਉਹ ਤੋਸ਼ੀ ਨੂੰ ਚੁਕ ਕੇ ਚੁੰਮ ਚੁੰਮ ਨਾ ਥਕਦਾ। ਸੰਤੋਸ਼ ਹੁਣ ਪਿਤਰੀ-ਨਿੱਘ ਨਾਲ ਮਿਲੀਆਂ ਅਣਗਿਣਤ ਚੁੰਮੀਆਂ ਕਾਰਣ ਬਹੁਤ ਹੀ ਗੁਟਕਣ ਲੱਗ ਪਈ ਸੀ।

ਸੁਨੀਲਾ ਨੇ ਓਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਓਹ ਰਲ ਕੇ ਰਾਤ ਦੇ ਸ਼ੋ ਦੀ ਕੋਈ ਪਿਕਚਰ ਵੇਖਣ। ਟਿਕਟਾਂ ਉਸ ਆਪ ਲਈਆਂ, ਇਹ ਆਖ ਕੇ ਕਿ ਉਹ ਓਹਨਾਂ ਦੋਹਾਂ ਤੋਂ ਵੱਡੀ ਹੈ । ਪਿਕਚਰ ਵੇਖਦਿਆਂ ਇਕ ਦੋ ਵਾਰੀ ਤੋਸ਼ੀ ਰੋਈ ਤਾਂ ਝਟ ਸੁਨੀਲਾ ਉਸ ਨੂੰ ਲੈ ਕੇ ਬਾਹਰ ਗੈਲਰੀ ਵਿਚ ਚਲੀ ਗਈ ਤੇ ਕੁਝ ਸਮੇਂ ਪਿਛੋਂ ਉਸ ਨੂੰ ਸੰਵਾ ਕੇ ਅੰਦਰ ਲੈ ਆਈ। ਪਿਕਚਰ ਸੀ ਵੀ ਬੜੀ ਰੋਮਾਂਟਿਕ ਜਿਸ ਵਿਚ ਨਾਇਕ ਤੇ ਨਾਇਕਾ ਇਕ ਦੂਜੇ ਦੀ ਛੋਹ-ਪ੍ਰਾਪਤੀ ਲਈ ਮੌਕੇ ਲੱਭਣ ਦੇ ਆਹਰ ਵਿਚ ਰਹਿੰਦੇ ਸਨ। ਸੁਨੀਲਾ ਵੇਖਿਆ ਕਿ ਉਸ ਦੀ ਗ਼ੈਰ-ਹਾਜ਼ਰੀ ਵਿਚ ਸਜੀਵ ਤੇ ਬੇਲਾ ਇਕ ਦੂਜੇ ਦੇ ਵਧੇਰੇ ਨੇੜੇ ਹੋ ਗੁਟਕਣ ਲੱਗ ਪਏ ਸਨ । ਸੁਨੀਲਾ ਨੇ ਮਾਸੂਸ ਕੀਤਾ ਜਿਵੇਂ ਬੇਲਾ ਤੇ ਸਜੀਵ ਅੰਦਰੋਂ ਦਬੀਆਂ ਪਿਆਰ-ਲਪਟਾਂ ਨਿਕਲ ਨਿਕਲ ਕੇ ਇਕ ਦੂਜੇ ਨੂੰ ਮਖ਼ਮੂਰ ਕਰ ਰਹੀਆਂ ਹੋਣ।

ਸਵੇਰੇ ਜਾਗਣ ਸਮੇਂ ਸੁਨੀਲਾ ਨੇ ਸਜੀਵ ਤੇ ਬੇਲਾ ਦੀਆਂ ਮੁਸਕਰਾਂਦੀਆਂ ਲਾਲ ਲਾਲ ਨੀਂਦਰਿਆਈਆਂ ਅੱਖਾਂ ਵਿਚ ਝਾਕ ਕੇ ਬੜਾ ਕੁਝ ਲਿਸ਼ਕਦਾ ਪੜ੍ਹ ਲਿਆ।

  • ਮੁੱਖ ਪੰਨਾ : ਕਹਾਣੀਆਂ, ਸਵਿੰਦਰ ਸਿੰਘ ਉੱਪਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ