Punjabi Stories/Kahanian
ਸਆਦਤ ਹਸਨ ਮੰਟੋ
Saadat Hasan Manto

Punjabi Kavita
  

Mera Viah Saadat Hasan Manto

ਮੇਰਾ ਵਿਆਹ ਸਆਦਤ ਹਸਨ ਮੰਟੋ

ਮੇਰੀ ਦਿਲੀ ਖਾਹਸ਼ ਸੀ ਕਿ ਮੁਕਲਾਵੇ ਦੀ ਨੌਬਤ ਹੀ ਨਾ ਆਵੇ। ਮੈਂ ਬਹੁਤ ਡਰਿਆ ਹੋਇਆ ਸਾਂ, ਲਗਦਾ ਸੀ ਮੇਰੇ ਕੋਲੋਂ ਘਰ-ਬਾਰ ਨਹੀਂ ਚਲਾਇਆ ਜਾਣਾ, ਤੇ ਇਕ ਸ਼ਰੀਫ਼ ਲੜਕੀ ਦੀ ਸਾਰੀ ਉਮਰ ਬਗੈਰ ਕਿਸੇ ਕਸੂਰ ਦੇ, ਅਜ਼ਾਬ ਵਿਚ ਬੀਤੇਗੀ... ਪਰ ਦਿਨ ਮੁਕਰਰ ਹੋ ਚੁੱਕਾ ਸੀ, ਜੋ ਮੇਰੇ ਲਈ ਕਿਆਮਤ ਦਾ ਦਿਨ ਸੀ। ਮੁਕਲਾਵੇ ਵਿਚ ਜਦੋਂ ਦਸ ਦਿਨ ਬਾਕੀ ਰਹਿ ਗਏ, ਮੈਂ ਚੌਂਕ ਕੇ ਪੈਂਤੀ ਰੁਪਏ ਮਹੀਨੇ 'ਤੇ ਇਕ ਫਲੈਟ ਕਿਰਾਏ 'ਤੇ ਲੈ ਲਿਆ। ਹਫ਼ਤਾਵਾਰ 'ਮੁਸੱਵਰ' ਤੋਂ ਚਾਲੀ ਰੁਪਏ ਮਹੀਨੇ ਦੇ ਮਿਲਦੇ ਸਨ ਜੋ ਪੈਂਤੀ ਰੁਪਏ ਕਰਾਏ ਦੇ ਦੇ ਕੇ, ਹਰ ਮਹੀਨੇ ਮੈਨੂੰ ਪੰਜ ਰੁਪਏ ਬਚਦੇ ਸਨ, ਜਿਹਦੇ ਨਾਲ ਮੈਂ ਆਪਣਾ ਤੇ ਆਪਣੀ ਬੀਵੀ ਦਾ ਪੇਟ ਪਾਲਦਾ ਸੀ।
ਪਿਛਲੇ ਦਿਨਾਂ ਵਿਚ ਮੈਂ ਇਕ ਫਿਲਮੀ ਕਹਾਣੀ ਲਿਖੀ ਸੀ, ਜਿਹਦੀ ਫਿਲਮ ਬਣ ਕੇ ਚੱਲ ਚੁੱਕੀ ਸੀ, ਤੇ ਮੈਂ ਕੰਪਨੀ ਕੋਲੋਂ ਕਹਾਣੀ ਦੇ, ਤੇ ਕਈ ਮਹੀਨਿਆਂ ਦੀ ਤਨਖਾਹ ਦੇ ਅਠਾਰਾਂ ਸੌ ਰੁਪਈਏ ਲੈਣੇ ਸਨ, ਪਰ ਕੰਪਨੀ ਦੇ ਮਾਲਕ ਨੇ ਇਕ ਵੀ ਪੈਸਾ ਦੇਣ ਤੋਂ ਨਾਂਹ ਕਰ ਦਿੱਤੀ। ਮੈਂ ਹਾਰ ਕੇ ਬਾਬੂ ਰਾਉ ਪਟੇਲ ਕੋਲ ਗਿਆ ਕਿ ਜੇ ਮੈਨੂੰ ਕੰਪਨੀ ਨੇ ਪੈਸੇ ਨਾ ਦਿੱਤੇ ਤਾਂ ਮੈਂ ਭੁੱਖ ਹੜਤਾਲ ਕਰ ਦਿਆਂਗਾ। ਆਖਰ ਮੈਂ ਜਰਨਿਲਸਟ ਸਾਂ। ਪ੍ਰੈਸ ਮੇਰੇ ਨਾਲ ਸੀ। ਪਟੇਲ ਨੇ ਫੋਨ ਉਤੇ ਕੰਪਨੀ ਦੇ ਮਾਲਕ ਨੂੰ ਇਹ ਦੱਸਿਆ ਤਾਂ ਉਨ੍ਹਾਂ ਮੈਨੂੰ ਬੁਲਾ ਕੇ ਅੱਧੀ ਰਕਮ ਉਤੇ ਸਮਝੌਤਾ ਕਰ ਲੈਣ ਲਈ ਕਿਹਾ। ਨੌਂ ਸੌ ਰੁਪਏ ਦਾ ਚੈੱਕ ਦੇ ਦਿੱਤਾ, ਪਰ ਤਾਰੀਖ ਆਉਣ 'ਤੇ ਚੈੱਕ ਨੇ ਕੈਸ਼ ਕਿਥੋਂ ਹੋਣਾ ਸੀ! ਅਖੀਰ ਪੰਜ ਸੌ ਰੁਪਏ ਨਕਦ ਦੇ ਕੇ ਉਨ੍ਹਾਂ ਗੱਲ ਮੁਕਾਈ।
ਇਹੀ ਪੰਜ ਸੌ ਰੁਪਏ ਬੋਝੇ ਵਿਚ ਪਾ ਕੇ, ਮੈਂ ਦੁਲਹਨ ਲਈ ਕੁਝ ਸਾੜ੍ਹੀਆਂ ਖਰੀਦੀਆਂ, ਤੇ ਘਰ ਲਈ ਕੁਝ ਮੰਜੇ ਕੁਰਸੀਆਂ ਕਿਸ਼ਤਾਂ ਉਤੇ ਲਈਆਂ। ਇਹ ਕਰਦਿਆਂ ਤੱਕ ਬੋਝੇ ਵਿਚ ਇਕ ਚੁਆਨੀ ਰਹਿ ਗਈ, ਜਿਹਦੇ ਨਾਲ ਮੈਂ ਇਕ ਡੱਬੀ ਸਿਗਰਟਾਂ ਦੀ ਖਰੀਦੀ ਤੇ ਇਕ ਮਾਚਸ।
ਨਾਈ ਕੋਲੋਂ ਹਜਾਮਤ ਮੈਂ ਉਧਾਰ ਕਰਵਾ ਲਈ, ਤੇ ਉਹਦੇ ਹੀ ਗੁਸਲਖਾਨੇ ਵਿਚ ਗਰਮ ਪਾਣੀ ਨਾਲ ਉਧਾਰ 'ਤੇ ਗੁਸਲ ਕਰ ਲਿਆ। ਹੁਣ ਬਰਾਤ ਦਾ ਸਵਾਲ ਸੀ। ਬਾਬੂ ਰਾਉ ਪਟੇਲ ਨੂੰ ਫੋਨ ਕੀਤਾ ਜਿਹਨੇ ਪੱਤਰਕਾਰਾਂ ਦੀ ਅਤੇ ਫਿਲਮੀ ਅਦਾਕਾਰ ਪਦਮਾ ਨੂੰ ਵਾਲਦਾ ਦੀ ਮਦਦ ਲਈ ਭੇਜ ਦਿੱਤਾ।
ਬਰਾਤ ਵਿਚ ਦੁਲਹਾ ਬਣ ਕੇ ਜਾਣ ਵੇਲੇ ਤੱਕ ਮੇਰੀ ਸਿਗਰਟਾਂ ਦੀ ਡੱਬੀ ਵੀ ਖਤਮ ਹੋ ਚੁੱਕੀ ਸੀ, ਬੋਝੇ ਵਿਚ ਸਿਰਫ਼ ਮਾਚਸ ਰਹਿ ਗਈ ਸੀ, ਉਹ ਵੀ ਅੱਧੀ।
ਸਹੁਰਿਆਂ ਦੇ ਘਰ ਸਾਰੀ ਬਰਾਤ ਨੇ ਰੋਟੀ ਖਾਧੀ, ਤੇ ਜਦੋਂ ਦੁਲਹਨ ਨੂੰ ਲੈ ਕੇ ਘਰ ਆਇਆ, ਅੰਗ ਅੰਗ ਥਕਾਵਟ ਨਾਲ ਦੁਖਦਾ ਪਿਆ ਸੀ... ਉਤੋਂ ਦੋਸਤਾਂ ਮਿੱਤਰਾਂ ਦੇ ਵਿਦਾ ਹੋਣ ਲੱਗਿਆਂ, ਮੇਰੇ ਮਸਖਰੇ ਦੋਸਤ ਮਿਰਜ਼ਾ ਮੁਸ਼ੱਰਫ਼ ਨੇ ਮੇਰੇ ਕੰਨ ਵਿਚ ਕਿਹਾ- "ਮੁੰਨੇ! ਵੇਖੀਂ! ਸਾਡੀ ਨੱਕ ਨਾ ਕੱਟੀ ਜਾਏ...।"
ਦੂਸਰੀ ਸਵੇਰ ਮੈਂ ਮਹਿਸੂਸ ਕੀਤਾ ਕਿ ਮੇਰੇ ਵਜੂਦ ਦਾ ਇਕ ਚੌਥਾਈ ਹਿੱਸਾ ਸ਼ੌਹਰ ਬਣ ਚੁੱਕਾ ਹੈ... ਤੇ ਇਸ ਅਹਿਸਾਸ ਨਾਲ ਮੈਨੂੰ ਬੜਾ ਇਤਮੀਨਾਨ ਹਾਸਲ ਹੋਇਆ। ਬਾਹਰ ਛੱਜੇ ਵਿਚ ਮੈਨੂੰ ਰੱਸੀ ਟੰਗੀ ਹੋਈ ਨਜ਼ਰ ਆਉਣ ਲੱਗੀ ਜਿਥੇ ਨਿੱਕੇ ਪੋਤੜੇ ਟੰਗੇ ਹੋਏ ਸਨ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com