Punjabi Stories/Kahanian
Kamlesh Bharti
ਕਮਲੇਸ਼ ਭਾਰਤੀ
 Punjabi Kahani
Punjabi Kavita
  

Minni Kahanian Kamlesh Bharti

ਮਿੰਨੀ ਕਹਾਣੀਆਂ ਕਮਲੇਸ਼ ਭਾਰਤੀ

1. ਮੇਰੇ ਆਪਣੇ ਕਮਲੇਸ਼ ਭਾਰਤੀ

ਆਪਣਾ ਸ਼ਹਿਰ ਤੇ ਘਰ ਛੱਡੇ ਵੀਹ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਬੇਟੀ ਸਿਆਣੀ ਹੋ ਗਈ। ਉਸ ਲਈ ਵਰ ਲੱਭਿਆ ਤੇ ਹੱਥ ਪੀਲੇ ਕਰਨ ਦਾ ਸਮਾਂ ਆ ਗਿਆ। ਵਿਆਹ ਦੇ ਕਾਰਡ ਛਪੇ, ਸਕਿਆਂ-ਸੰਬੰਧੀਆਂ ਤੇ ਮਿੱਤਰਾਂ ਨੂੰ ਭੇਜੇ ਗਏ। ਵਿਆਹ ਦੇ ਸਗਨ ਸ਼ੁਰੂ ਹੋਏ ਤੇ ਅੱਖਾਂ ਦਰਵਾਜੇ ਤੇ ਲੱਗੀਆਂ ਰਹੀਆਂ, ਇਸ ਆਸ ਵਿਚ ਕਿ ਦੂਰ-ਦਰਾਜ ਤੋਂ ਸਕੇ-ਸੰਬੰਧੀ ਆਉਣਗੇ। ਉਹ ਸੰਬੰਧੀ, ਜਿਹਨਾਂ ਨੇ ਬੇਟੀ ਨੂੰ ਗੋਦੀ ਵਿਚ ਖਿਡਾਇਆ ਤੇ ਜਿਹਨਾਂ ਨੂੰ ਉਸ ਨੇ ਆਪਣੀ ਤੋਤਲੀ ਜ਼ਬਾਨ ਵਿਚ ਪੁਕਾਰਿਆ ਸੀ। ਪੰਡਤ ਜੀ ਪੂਜਾ ਦੀ ਥਾਲੀ ਸਜਾਉਂਦੇ ਰਹੇ। ਮੈਂ ਦਰਵਾਜੇ ਵੱਲ ਟਕਟਕੀ ਲਾਈ ਦੇਖਦਾ ਰਿਹਾ। ਮੋਬਾਈਲ ਉੱਪਰ ਸੰਬੰਧੀਆਂ ਦੇ ਸੰਦੇਸ਼ ਆਉਣ ਲੱਗੇ–ਸਿੱਧੇ ਵਿਆਹ ਵਾਲੇ ਦਿਨ ਹੀ ਪਹੁੰਚਾਂਗੇ, ਛੇਤੀ ਨਾ ਆ ਸਕਣ ਦੀਆਂ ਮਜਬੂਰੀਆਂ ਬਿਆਨ ਕਰਦੇ ਰਹੇ।
ਮੈਂ ਉਦਾਸ ਖੜਾ ਸੀ। ਏਨੇ ਵਿਚ ਢੋਲ ਵਾਲਾ ਆ ਗਿਆ। ਉਹਨੇ ਢੋਲ ਵਜਾਉਣਾ ਸ਼ੁਰੂ ਕੀਤਾ। ਸਾਰੇ ਗੁਆਂਢੀ ਭੱਜੇ ਚਲੇ ਆਏ ਤੇ ਪੰਡਤ ਜੀ ਨੂੰ ਕਹਿਣ ਲੱਗੇ, “ਹੋਰ ਕਿੰਨੀ ਦੇਰ ਐ? ਸ਼ੁਰੂ ਕਰੋ ਨਾ ਕਾਰ-ਵਿਹਾਰ!”
ਪੰਡਤ ਜੀ ਨੇ ਮੇਰੇ ਵੱਲ ਦੇਖਿਆ, ਜਿਵੇਂ ਪੁੱਛ ਰਹੇ ਹੋਣ–‘ਕੀ ਆਪਣੇ ਸਭ ਆ ਗਏ?’
ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ, ਪਰਦੇਸ ਵਿਚ ਇਹੀ ਤਾਂ ਮੇਰੇ ਆਪਣੇ ਹਨ। ਮੈਂ ਪੰਡਤ ਜੀ ਨੂੰ ਕਿਹਾ, “ਸ਼ੁਰੂ ਕਰੋ ਸਗਨ, ਮੇਰੇ ਆਪਣੇ ਸਭ ਆ ਗਏ।”
(ਅਨੁਵਾਦ: ਸ਼ਿਆਮ ਸੁੰਦਰ ਅਗਰਵਾਲ)

2. ਬੈਗ ਕਮਲੇਸ਼ ਭਾਰਤੀ

ਵਿਦੇਸ਼ ਤੋਂ ਵਰ੍ਹਿਆਂ ਬਾਅਦ ਆਪਣੇ ਘਰ ਆਈ ਕੁੜੀ ਨੇ ਲੰਮੀ ਯਾਤਰਾ ਦੀ ਥਕਾਵਟ ਉਤਰਨ ਤੋਂ ਬਾਅਦ ਆਪਣਾ ਬੈਗ ਕਮਰੇ ਦੇ ਐਨ ਵਿਚਾਲੇ ਰੱਖਿਆ। ਸਾਰੇ ਛੋਟੇ ਵੱਡੇ ਉਸ ਬੈਗ ਦੇ ਆਸਪਾਸ ਇਕੱਠੇ ਹੋ ਗਏ ਕਿ ਵੇਖੀਏ ਕਿਸ ਲਈ ਕੀ ਲਿਆਈ ਹੈ?
ਕਿਸੇ ਜੇਤੂ ਵਾਂਗ ਕੁੜੀ ਇੱਕ ਇੱਕ ਨੂੰ ਉਸ ਦਾ ਤੋਹਫਾ ਗਲੇ ਮਿਲ ਕੇ ਜਾਂ ਚੁੰਮ ਕੇ ਜਾਂ ਅਸ਼ੀਰਵਾਦ ਲੈ ਕੇ ਦਿੰਦੀ ਗਈ। ਆਖਰਕਾਰ ਬੈਗ ਖਾਲੀ ਹੋ ਗਿਆ।
ਕੁੜੀ ਨੇ ਦੱਸਿਆ ਕਿ ਕਿਸ ਤਰ੍ਹਾਂ ਸਰਦੀਆਂ ਦੀਆਂ ਰਾਤਾਂ ਵਿੱਚ ਬਰਫ ਵਿੱਚ ਠੁਰ-ਠੁਰ ਕਰਦੀ ਨੇ ਪੈਸੇ ਕਮਾ ਅਤੇ ਸਭ ਲਈ ਤੋਹਫੇ ਖਰੀਦਣ ਵਾਸਤੇ ਬਾਜ਼ਾਰ ਦਰ ਬਾਜ਼ਾਰ ਵਿੱਚ ਸਮਾਂ ਲਾਇਆ। ਬੈਗ ਨੂੰ ਕੰਧ ਨਾਲ ਲਾਉਂਦੀ ਨੇ ਅੱਖਾਂ ਵਿੱਚ ਅੱਥਰੂ ਭਰ ਕੇ ਕਿਹਾ, ‘‘ਮਾਂ, ਏਸ ਬੈਗ ਨੂੰ ਭਰਨਾ ਵੀ ਪਵੇਗਾ। ਨਹੀਂ ਤਾਂ ਵਿਦੇਸ਼ ਵਿੱਚ ਮੁੜਨ ‘ਤੇ ਪੁੱਛਣਗੇ ਕਿ ਕੀ ਲੈ ਕੇ ਆਈ ਏਂ?”
ਸਭ ਦੇ ਚਿਹਰੇ ਫਿਰ ਉਤਰ ਗਏ।

3. ਅਪਰਾਧ ਕਮਲੇਸ਼ ਭਾਰਤੀ

ਰਾਤੀ ਲੇਟ ਆਏ ਸੀ। ਇਸ ਲਈ ਸਵੇਰੇ ਅੱਖ ਵੀ ਦੇਰ ਨਾਲ ਖੁੱਲ੍ਹੀ। ਧਿਆਨ ਆਇਆ ਕਿ ਕੰਮਵਾਲੀ ਨਹੀਂ ਆਈ ਅਜੇ ਤਕ। ਸ਼ੁਕਰ ਹੈ ਕਿ ਉਸ ਨੇ ਆਪਣਾ ਫ਼ੋਨ ਨੰਬਰ ਸਾਨੂੰ ਦੇ ਰੱਖਿਆ ਸੀ। ਫ਼ੋਨ ਕੀਤਾ ਤਾਂ ਉਸ ਦੇ ਘਰਵਾਲੇ ਨੇ ਦੱਸਿਆ ਕਿ ਰੀਟਾ ਬੀਮਾਰ ਹੈ ਤੇ ਕੰਮ ’ਤੇ ਨਹੀਂ ਆਏਗੀ। ਪਤਾ ਨਹੀਂ ਮੈਨੂੰ ਕਿਵੇਂ ਗੁੱਸਾ ਆ ਗਿਆ। ਮੈਂ ਕਿਹਾ, ‘‘ਤਿੰਨ ਦਿਨ ਬਾਅਦ ਤਾਂ ਅਸੀਂ ਆਏ ਹਾਂ ਤੇ ਸਾਰੇ ਘਰ ਦਾ ਸਾਮਾਨ ਖਿੰਡਿਆ ਹੋਇਆ ਹੈ। ਕੱਪੜੇ ਵੀ ਧੋਣੇ ਨੇ। ਅਸੀਂ ਕਿੱਥੇ ਜਾਈਏ?’’ ਕੰਮ ਵਾਲੀ ਦੇ ਘਰਵਾਲੇ ਨੇ ਕਿਹਾ, ‘‘ਸਾਹਿਬ ਜੀ, ਦੱਸ ਤਾਂ ਰਿਹਾ ਹਾਂ ਉਹ ਬੀਮਾਰ ਹੈ ਤੇ ਦਵਾਈ ਲੈ ਕੇ ਸੁੱਤੀ ਪਈ ਹੈ, ਗੱਲ ਵੀ ਨਹੀਂ ਕਰ ਸਕਦੀ।’’
‘‘ਅਸੀਂ ਪਹਿਲਾਂ ਹੀ ਤਿੰਨ ਦਿਨਾਂ ਬਾਅਦ ਵਾਪਸ ਆਏ ਹਾਂ, ਪਹਿਲਾਂ ਹੀ ਛੁੱਟਿਆਂ ਦੇ ਦਿੱਤੀਆਂ ਹਨ, ਹੁਣ ਕੰਮ ਵਾਲੇ ਦਿਨ ਵੀ ਛੁੱਟੀ ਕਰੇਗੀ ਤਾਂ ਕਿਵੇਂ ਚੱਲੇਗਾ ?’’
‘‘ਕੀ ਉਸ ਨੂੰ ਬੀਮਾਰ ਹੋਣ ਦਾ ਵੀ ਹੱਕ ਨਹੀਂ ਹੈ?’’
‘‘ਸਾਨੂੰ ਨਹੀਂ ਪਤਾ, ਕਿਸੇ ਹੋਰ ਨੂੰ ਭੇਜੋ?’’
‘‘ਠੀਕ ਹੈ ਸਾਹਿਬ ਜੀ ਮੇਰੇ ਬੱਚੇ ਕੰਮ ਕਰਨ ਆ ਜਾਣਗੇ।’’
ਕੁਝ ਹੀ ਦੇਰ ਵਿੱਚ ਸਕੂਲ ਦੀ ਵਰਦੀ ’ਚ ਦੋ ਨਿੱਕੇ-ਨਿੱਕੇ ਬੱਚੇ ਆ ਗਏ। ਜਲਦੀ-ਜਲਦੀ ਕ੍ਰਿਕੇਟ ਦੀ ਤਰ੍ਹਾਂ ਕੰਮ ਕਰਨ ਲੱਗੇ। ਇੱਕ ਛੋਟੀ ਕੁੜੀ ਸੀ ਤੇ ਦੂਜਾ ਮੁੰਡਾ ਉਸ ਤੋਂ ਥੋੜ੍ਹਾ ਵੱਡਾ ਸੀ। ਕੁੜੀ ਨੇ ਭਾਂਡੇ ਮਾਂਜੇ ਤੇ ਭਰਾ ਨੇ ਝਾੜੂ ਮਾਰਿਆ। ਕੰਮ ਖ਼ਤਮ ਕਰ ਪੁੱਛਿਆ, ‘‘ਹੁਣ ਅਸੀਂ ਜਾਈਏ?’’
ਮੈਂ ਪੁੱਛਿਆ, ‘‘ਤੁਸੀਂ ਪਹਿਲਾਂ ਵੀ ਕਿਤੇ ਕੰਮ ਕਰਨ ਗਏ ਹੋ?’’
ਬੱਚਿਆਂ ਨੇ ਡਰਦੇ ਹੋਏ ਕਿਹਾ, ‘‘ਨਹੀਂ ਸਾਹਿਬ! ਮਾਂ ਨੇ ਦਰਦ ਨਾਲ ਤੜਫ਼ਦੇ ਹੋਏ ਕਿਹਾ ਸੀ ਜਾਓ ਤੇ ਕੰਮ ਕਰ ਆਉ। ਨਹੀਂ ਤਾਂ ਨੌਕਰੀ ਚਲੀ ਜਾਵੇਗੀ।’’ ਮੈਂ ਸ਼ਰਮਿੰਦਾ ਹੋ ਗਿਆ। ਕਿੰਨੀ ਵਾਰੀ ਤਾਂ ਬਾਲ ਮਜ਼ਦੂਰੀ ਬਾਰੇ ਰਿਪੋਰਟ ਲਿਖੀ ਹੈ। ਅੱਜ ਕਿੰਨਾ ਵੱਡਾ ਅਪਰਾਧ ਕੀਤਾ ਹੈ। ਮੈਂ ਹੀ ਆਪਣੇ ਸਾਹਮਣੇ ਬਾਲ ਮਜ਼ਦੂਰਾਂ ਨੂੰ ਜਨਮ ਦਿੱਤਾ ਹੈ। ਇਸ ਤੋਂ ਵੱਡਾ ਹੋਰ ਕੋਈ ਅਪਰਾਧ ਨਹੀਂ ਹੈ? ਆਪਣੇ ਦਿਲ ਤੇ ਇਹ ਭਾਰ ਕਦੋਂ ਤਕ ਚੁੱਕਾਂਗਾ? ਮੈਂ ਉਨ੍ਹਾਂ ਬੱਚਿਆਂ ਨੂੰ ਬਿਸਕੁਟ ਤੇ ਕੁਰਕੁਰੇ ਦਿੱਤੇ ਪਰ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਆਪਣਾ ਅਪਰਾਧ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਪਰਾਧ ਤਾਂ ਸੱਚਮੁਚ ਬਹੁਤ ਵੱਡਾ ਹੈ।
(ਅਨੁਵਾਦ: ਸੁਰੇਖਾ ਮਿੱਡਾ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com