Punjabi Stories/Kahanian
ਪ੍ਰੇਮ ਗੋਰਖੀ
Prem Gorkhi

Punjabi Kavita
  

Moh Dian Tandan Prem Gorkhi

ਮੋਹ ਦੀਆਂ ਤੰਦਾਂ ਪ੍ਰੇਮ ਗੋਰਖੀ

ਦਾਸ ਨੂੰ ਪਤਾ ਨਈਂ ਕੀ ਹੋ ਗਿਆ ਸੀ, ਉਹ ਤਾਂ ਖ਼ੁਸ਼ ਹੀ ਬੜਾ ਰਹਿੰਦਾ ਹੁੰਦਾ ਸੀ। ਹਰ ਵੇਲੇ ਦੂਜਿਆਂ ਨੂੰ ਮਖੌਲ ਕਰੀ ਜਾਣੇ, ਟਿੱਚਰਾਂ ਕਰੀ ਜਾਣੀਆਂ। ਹੁਣ ਤਾਂ ਦਿਨ ਰਾਤ ਖਿਝਿਆ ਰਹਿੰਦਾ। ਔਖਾ ਔਖਾ ਬੋਲਦਾ ਤੇ ਦੇਖਦਾ ਵੀ ਵੱਢਖਾਣਿਆਂ ਵਾਂਗ। ਅਸੀਂ ਨਿਆਣੇ ਤਾਂ ਇਹੋ ਸੋਚਦੇ ਕਿ ਜਦੋਂ ਦੀ ਦਾਸ ਦੀ ਦੂਜੀ ਵਹੁਟੀ ਆਈ ਹੈ, ਉਸੇ ਨੇ ਕੋਈ ਜਾਦੂ-ਟੂਣਾ ਕਰ ਦਿੱਤਾ ਹੋਵੇਗਾ। ਕੀ ਪਤਾ ਉਹਨੇ ਆਪਣੇ ਪੇਕਿਆਂ ਦਿਓਂ ਲਿਆ ਕੇ ਦਾਸ ਨੂੰ ਤਵੀਤ ਖੁਆ ਦਿੱਤੇ ਹੋਣ, ਨਹਾਉਣ ਲੱਗੇ ਦਾਸ ਦੇ ਪਾਣੀ ਵਿਚ ਕਿਸੇ ਚੇਲੇ ਕੋਲੋਂ ਲਿਆ ਕੇ ਰਾਖ ਮਿਲਾ ਦਿੱਤੀ ਹੋਵੇ।
ਦਾਸ ਦੀ ਵਹੁਟੀ ਵੱਲ ਅਸੀਂ ਨਿਆਣੇ ਘੂਰ-ਘੂਰ ਕੇ ਦੇਖਦੇ। ਕਦੇ ਉਹਨੂੰ ‘ਪੈਰੀਂ ਪੈਣਾ’ ਜਾਂ ‘ਚਾਚੀ ਮੱਥਾ ਟੇਕਦਾਂ’ ਵੀ ਨਾ ਕਹਿੰਦੇ। ਉਹਨੇ ਸਾਡੇ ਤੋਂ ਸਾਡਾ ਚਾਚਾ ਜੁ ਖੋਹ ਲਿਆ ਸੀ। ਪਤਾ ਨਈਂ ਕਿਹੋ ਜਿਹੀ ਸੀ ਇਹ ਵਹੁਟੀ? ਸੋਹਣੀ ਤਾਂ ਬਥੇਰੀ ਐ, ਪਰ ਡਾਹਢੀ… ਨਾਲੇ ਇਹ ਕਿਹੜਾ ਵਿਆਹ ਕੇ ਲਿਆਂਦੀ ਐ… ਇਹ ਤਾਂ ਸਾਈਂ ਕੇ ਘਰ ਇੱਦਾਂ ਆ ਬੈਠੀ ਜਿੱਦਾਂ ਪ੍ਰਾਹੁਣੀ ਆਈ ਹੋਵੇ।
ਦਾਸ ਦੀ ਪਹਿਲੀ ਵਹੁਟੀ ਮਰ ਗਈ ਸੀ, ਡੇਢ ਕੁ ਸਾਲ ਦੀ ਕੁੜੀ ਨੂੰ ਛੱਡ ਕੇ। ਓਸ ਵਹੁਟੀ ਦਾ ਸੁਭਾਅ ਬੜਾ ਚੰਗਾ ਸੀ। ਜਦੋਂ ਵੀ ਸਾਈਂ ਦੀਆਂ ਬੇਰੀਆਂ ਨੂੰ ਬੇਰ ਲੱਗਦੇ, ਉਹ ਸਾਨੂੰ ਨਿਆਣਿਆਂ ਨੂੰ ਹਾਕਾਂ ਮਾਰ-ਮਾਰ ਕੇ ਬੇਰ ਵੰਡਦੀ। ਉਹ ਸਵੇਰੇ ਹੀ ਮਾਂਜਾ ਮਾਰਨ ਲੱਗੀ ਬੇਰ ’ਕੱਠੇ ਕਰਕੇ ਰੱਖ ਲੈਂਦੀ। ਅਸੀਂ ਤਾਂ ਉਹਦਾ ਨਾਂ ਈ ‘ਬੇਰਾਂ ਵਾਲੀ ਚਾਚੀ’ ਰੱਖ ਲਿਆ ਸੀ। ਸਾਡੇ ਵੱਲੋਂ ਰੱਖੇ ਏਸ ਨਾਂ ਨੂੰ ਸੁਣ ਕੇ ਦਾਸ ਦੀ ਮਾਂ ਬਿੱਸੀ ਬੜਾ ਖ਼ੁਸ਼ ਹੁੰਦੀ ਤੇ ਆਖਦੀ ‘‘ਸਾਡੀ ਵਹੁਟੀ ਵਰਗੀ ਤਾਂ ਰੱਬ ਸਾਰਿਆਂ ਨੂੰ ਦੇਵੇ, ਬੜੀ ਬਰਕਤ ਵਾਲੀ ਨੋਂਹ ਆਂ… ਜਿੱਦਣ ਦੀ ਵਿਆਹੀ ਆਈ ਐ ਸਾਡਾ ਘਰ ਤਾਂ ਮਹਿਕਾਂ ਨਾਲ ਭਰਿਆ ਰਹਿੰਦਾ… ਰੱਬ ਇਹਨੂੰ ਭਾਗ ਲਾਵੇ… ਮਹਾਰਾਜ ਇਹਨੂੰ ਖੁਸ਼ੀਆਂ ਦੇਵੇ…।’’
‘ਬੇਰਾਂ ਵਾਲੀ ਚਾਚੀ’ ਦਾ ਅਸੀਂ ਤਿਹੁ ਵੀ ਬਹੁਤ ਕਰਦੇ ਸੀ। ਉਹ ਜਦੋਂ ਖੂਹੀ ’ਤੇ ਪਸ਼ੂਆਂ ਨੂੰ ਪਾਣੀ ਡਾਹੁਣ ਲੱਗਦੀ ਤਾਂ ਅਸੀਂ ਮੁੰਡੇ ਤਿੰਨ ਤਿੰਨ ਜਣੇ ਰਲ ਕੇ ਬਾਲਟੀ ਦੀ ਲੱਜ ਖਿੱਚਦੇ ਤੇ ਘੜੀਆਂ ਪਲਾਂ ਵਿਚ ਹੀ ਟੱਬ ਭਰੀ ਜਾਂਦੇ। ਅਸੀਂ ਚਾਚੀ ਨੂੰ ਬਾਲਟੀ ਜਾਂ ਲੱਜ ਦੇ ਨੇੜੇ ਨਾ ਆਉਣ ਦਿੰਦੇ। ਚਾਰੇ ਪਸ਼ੂਆਂ ਨੂੰ ਪਾਣੀ ਡਾਹ ਕੇ ਚਾਚੀ ਸਾਨੂੰ ਬੇਰੀਆਂ ਹੇਠਾਂ ਲੈ ਜਾਂਦੀ ਤੇ ਤਿੰਨਾਂ ਬੇਰੀਆਂ ਨੂੰ ਇਕ ਹਲੂਣਾ ਤਾਂ ਜ਼ਰੂਰ ਦੇ ਦਿੰਦੀ। ਅਸੀਂ ਬੇਰਾਂ ਨਾਲ ਜੇਬਾਂ ਭਰੀ ਗਰਾਊਂਡ ਵੱਲ ਸ਼ੂਟਾਂ ਵੱਟ ਦਿੰਦੇ।
ਜਿਸ ਦਿਨ ‘ਬੇਰਾਂ ਵਾਲੀ ਚਾਚੀ’ ਚਲ ਵਸੀ ਸਾਨੂੰ ਮੁੰਡਿਆਂ ਨੂੰ ਬੜਾ ਵਿਯੋਗ ਲੱਗਾ। ਰੋਏ ਤਾਂ ਅਸੀਂ ਦਾਸ ਵੱਲ ਦੇਖ ਕੇ ਸੀ ਕਿਉਂਕਿ ਉਹ ਇਕ ਬੇਰੀ ਦੇ ਨਾਲ ਲੱਗਾ ਧਾਹਾਂ ਮਾਰ ਮਾਰ ਵਿਲਕ ਰਿਹਾ ਸੀ। ਫਿਰ ਸਾਲ ਕੁ ਬਾਅਦ ਹੀ ਦਾਸ ਦੇ ਘਰ ਨਵੀਂ ਵਹੁਟੀ ਆ ਗਈ।
ਦਾਸ ਦੀ ਨਵੀਂ ਵਹੁਟੀ ਨਾਲ ਕਈ ਮਹੀਨੇ ਸਾਡੀ ਸੁਰ ਸਾਂਝੀ ਨਾ ਹੋਈ। ਇਕ ਤਾਂ ਉਹਨੇ ਬੇਰ ਪੱਕਣ ਵੇਲੇ ਕਦੇ ਵੀ ਸਾਨੂੰ ਕੋਲ ਸੱਦ ਕੇ ਬੇਰ ਨਾ ਦਿੱਤੇ, ਫਿਰ ਪਸ਼ੂਆਂ ਨੂੰ ਪਾਣੀ ਡਾਹੁਣ ਵੇਲੇ ਸਾਨੂੰ ਹਾਕਾਂ ਮਾਰ ਕੇ ਖੂਹੀ ’ਚੋਂ ਪਾਣੀ ਕੱਢਣ ਲਈ ਨਾ ਕਿਹਾ। ਨਾ ਉਹਨੇ ਕਦੇ ਸਾਨੂੰ ਮਖਾਣੇ, ਮਰੂੰਡਾ ਜਾਂ ਠੂਠੀ ਖਾਣ ਨੂੰ ਦਿੱਤੀ। ਇਸੇ ਕਰਕੇ ਤਾਂ ਉਹ ਸਾਨੂੰ ਚੰਗੀ ਨਈਂ ਸੀ ਲੱਗਦੀ।
ਦਾਸ ਦੀ ਧੀ ਜਿਹਦਾ ਨਾਂ ਗੁੱਡੀ ਸੀ, ਅਜੇ ਤਾਂ ਬਹੁਤ ਛੋਟੀ ਸੀ। ਉਹਨੇ ਮਾਂ ਦਾ ਵਿਯੋਗ ਬੜਾ ਮੰਨਿਆ। ਉਹਨੂੰ ਮਾਂ ਨਾ ਦਿੱਸਦੀ ਤਾਂ ਉਹ ਲੇਰਾਂ ਮਾਰਨ ਲੱਗਦੀ। ਅਸੀਂ ਉਹਨੂੰ ਕਈ ਜਣੇ ਚੁੱਕੀ ਫਿਰਦੇ ਤੇ ਖਿਡਾਉਂਦੇ ਰਹਿੰਦੇ। ਉਂਜ ਤਾਂ ਦਾਦੀ ਬਿੱਸੀ, ਲਾਲੂ ਤੇ ਭਾਲੂ ਵੀ ਗੁੱਡੀ ਨੂੰ ਹੇਠਾਂ ਪੈਰ ਨਾ ਲਾਉਣ ਦਿੰਦੇ, ਪਰ ਕੁੜੀ ਨੂੰ ਮਾਂ ਨਾ ਭੁੱਲਦੀ।
ਫਿਰ ਵੇਖੋ ਕੁਦਰਤ ਦੀ ਖੇਡ ਕੀ ਬਣੀ, ਦਾਸ ਦੀ ਵਹੁਟੀ ਆਈ ਨੂੰ ਤੀਜਾ ਸਾਲ ਚੜ੍ਹ ਪਿਆ ਸੀ ਉਹਨੂੰ ਬੱਚਾ ਹੋਣ ਦਾ ਅਜੇ ਵੀ ਕੋਈ ਨਾਮੋ-ਨਿਸ਼ਾਨ ਨਹੀਂ ਸੀ ਦਿਸਦਾ। ਗਲੀ ਦੇ ਪੂਰੇ ਘਰਾਂ ਦੀਆਂ ਬੁੜ੍ਹੀਆਂ ਮੂੰਹ ਜੋੜ ਜੋੜ ਗੱਲਾਂ ਕਰਨ ਲੱਗੀਆਂ। ਹੁਣ ਤਾਂ ਇਹ ਵਿਉਂਤਾਂ ਸਿਰੇ ਚੜ੍ਹਨ ਲੱਗੀਆਂ ਕਿ ਲਾਲੂ ਦਾ ਵਿਆਹ ਕਰ ਦਿੱਤਾ ਜਾਵੇ। ਸਾਈਂ ਤੇ ਬਿੱਸੀ ਨੇ ਸਾਰੀ ਸਕੀਰੀ ਵਿਚ ਦੌੜ-ਭੱਜ ਸ਼ੁਰੂ ਕਰ ਦਿੱਤੀ।
ਲਾਲੂ ਰਤਾ ਮਧਰੇ ਕੱਦ ਦਾ ਸੀ, ਪੰਜ ਫੁੱਟ ਦੋ-ਤਿੰਨ ਇੰਚ। ਉਹ ਬਾਬੇ ਸਾਈਂ ’ਤੇ ਗਿਆ ਸੀ ਆਪਣੇ ਪਿਓ ’ਤੇ। ਲਾਲੂ ਤੋਂ ਛੋਟੇ ਭਾਲੂ ਦਾ ਕੱਦ-ਕਾਠ ਦਾਸ ਵਰਗਾ ਸੀ। ਸਾਨੂੰ ਇਕ ਗੱਲ ਹੋਰ ਵੀ ਕਈ ਚਿਰ ਬਾਅਦ ਪਤਾ ਲੱਗੀ ਕਿ ਦਾਸ ਦੀ ਬਹੂ ਦੂਜੇ ਥਾਂ ਬਿਠਾਈ ਗਈ ਸੀ। ਪਹਿਲੀ ਥਾਂ ਤੋਂ ਵੀ ਨਿਆਣਾ ਨਿੱਕਾ ਨਾ ਹੋਣ ਕਾਰਨ ਹੀ ਉਹਨੂੰ ਛੱਡਿਆ ਸੀ। ਇਸ ਗੱਲ ਦਾ ਸਾਈਂ-ਬਿੱਸੀ ਤੋਂ ਪੂਰੀ ਤਰ੍ਹਾਂ ਲੁਕੋ ਰੱਖਿਆ ਸੀ। ਇਹ ਭੇਦ ਹੁਣ ਉਸੇ ਪਿੰਡ ਦਾ ਕੋਈ ਬੰਦਾ ਖੋਲ੍ਹ ਗਿਆ ਸੀ ਜਿੱਥੇ ਇਹ ਵਹੁਟੀ ਪੰਜ ਸਾਲ ਰਹਿ ਕੇ ਆਈ ਸੀ।
ਇਧਰ ਸਾਈਂ ਤੇ ਬਿੱਸੀ ‘ਸਿਆਣਿਆਂ’ ਕੋਲ ਜਾਣ ਲੱਗੇ। ਜਿੱਥੇ ਵੀ ਕੋਈ ਦੱਸਦਾ ਉਹ ਉੱਥੇ ਜਾ ਪਹੁੰਚਦੇ। ਧਾਗਾ ਤਵੀਤ ਲਿਆਉਂਦੇ ਤੇ ਵਹੁਟੀ ਦੇ ਗਲ ਵਿਚ ਪਾ ਦਿੰਦੇ। ਚਾਚੀ ਚੰਨੋ ਦੱਸਦੀ ਸੀ ਕਿ ਵਹੁਟੀ ਤਾਂ ਟੂਣੇ ਵੀ ਕਰਨ ਲੱਗੀ ਸੀ। ਇਸੇ ਕਰਕੇ ਤਾਂ ਉਹਨੇ ਮੈਨੂੰ ਸਖ਼ਤ ਤਾੜਨਾ ਕਰ ਦਿੱਤੀ ਸੀ, ਮੈਨੂੰ ਕਹਿੰਦੀ, ‘‘ਓਏ ਊਥਰਾ, ਇਕ ਵਾਰੀ ਸੁਣ ਲਾ ਮੇਰੀ ਗੱਲ- ਪਹਿਲੀ ਗੱਲ ਤਾਂ ਚਾਚੀ ਬਿੱਸੀ ਕੇ ਘਰ ਆਉਣਾ ਜਾਣਾ ਬੰਦ ਕਰ… ਉਨ੍ਹਾਂ ਦੇ ਘਰੋਂ ਵਹੁਟੀ ਕੋਲੋਂ ਕੋਈ ਚੀਜ਼ ਲੈ ਕੇ ਨਈਂ ਖਾਣੀ… ਦੁੱਧ ਲੈ ਕੇ ਨਈਂ ਪੀਣਾ… ਮੈਂ ਤਾਂ ਕਹਿੰਦੀ ਆਂ ਤੂੰ ਭਾਲੂ ਦਾ ਸਾਥ ਈ ਛੱਡ…।’’
ਮੈਂ ਭਾਲੂ ਦਾ ਸਾਥ ਕਿੱਦਾਂ ਛੱਡਾਂ? ਅੱਠਵੀਂ ਵਿਚ ਦੋ ਵਾਰ ਫੇਲ੍ਹ ਹੋ ਕੇ ਮੈਂ ਉਹਦੇ ਨਾਲ ਆ ਮਿਲਿਆ ਸੀ। ਮੈਨੂੰ ਲਾਲਚ ਹੁੰਦਾ ਸੀ ਇਕ ਤਾਂ ਉਨ੍ਹਾਂ ਦੇ ਘਰ ਬਿਜਲੀ ਸੀ ਤੇ ਰਾਤ ਨੂੰ ਅਸੀਂ ਕਿੰਨਾ ਕਿੰਨਾ ਚਿਰ ਬਹਿ ਕੇ ਪੜ੍ਹਦੇ ਰਹਿੰਦੇ ਸੀ। ਦੂਜੀ ਗੱਲ ਪੂਰੇ ਵਿਹੜੇ ਵਿਚ ਸਾਈਂ ਕੇ ਘਰ ਹੀ ਬਿਜਲੀ ਵਾਲਾ ਰੇਡੀਓ ਸੀ ਜਿਹਦੇ ਉਪਰ ਖ਼ਬਰਾਂ ਵੀ ਆਉਂਦੀਆਂ ਤੇ ਪੰਜਾਬੀ ਦੇ ਗਾਣੇ-ਗੀਤ ਵੀ ਆਉਂਦੇ। ਫਿਰ ਬਿੱਸੀ ਤਾਂ ਮੈਨੂੰ ਭਾਲੂ ਤੋਂ ਵੱਧ ਮੋਹ ਕਰਦੀ ਸੀ। ਸੋ ਚਾਚੀ ਦੇ ਰੋਕਣ ਦੇ ਬਾਵਜੂਦ ਮੈਂ ਅੱਖ ਬਚਾਅ ਕੇ ਭਾਲੂ ਦੇ ਘਰ ਜਾ ਵੜਦਾ।
ਅਜਿਹੀ ਸਥਿਤੀ ਸਮੇਂ ਹੀ ਦਾਸ ਖਿਝਿਆ ਖਿਝਿਆ ਰਹਿਣ ਲੱਗਾ। ਉਹ ਸਾਨੂੰ ਗਾਲ੍ਹਾਂ ਕੱਢਦਾ ਤੇ ਬੇਰੀਆਂ ਹੇਠਾਂ ਮੰਜਿਆਂ ਉੱਤੇ ਬਹਿਣ ਨਾ ਦਿੰਦਾ। ਤਿੰਨ ਚਾਰ ਵਾਰ ਤਾਂ ਉਹਨੇ ਵਹੁਟੀ ਨੂੰ ਵੀ ਚੰਗਾ ਤਾਂਬੜ ਚਾੜ੍ਹ ਦਿੱਤਾ ਸੀ ਤੇ ਉਹ ਰੁੱਸ ਕੇ ਸੰਤੋਖਪੁਰੇ ਆਪਣੇ ਪੇਕੀਂ ਜਾ ਬੈਠੀ ਸੀ। ਦਾਸ ਤਾਂਗਾ ਲੈ ਕੇ ਕਿਸੇ ਕਿਸੇ ਦਿਨ ਸ਼ਹਿਰ ਨੂੰ ਵੀ ਨਾ ਜਾਂਦਾ। ਉਹਨੂੰ ਤਾਂ ਬੱਸ ਗੁੱਡੀ ਹੀ ਚੰਗੀ ਲੱਗਦੀ ਸੀ ਜਿਹਨੂੰ ਮੋਢਿਆਂ ’ਤੇ ਬਿਠਾਈ ਕਦੇ ਚਾਹ ਵਾਲੇ ਰਣੀਏ ਦੇ ਦੁਪਹਿਰ ਤਕ ਬੈਠਾ ਰਹਿੰਦਾ ਜਾਂ ਦੁਕਾਨਦਾਰ ਨਰੈਣੇ ਕੋਲ ਜਾ ਕੇ ਤਾਸ਼ ਖੇਡਣ ਲੱਗ ਪੈਂਦਾ। ਇਹ ਉਹੀ ਦਾਸ ਸੀ ਜਿਹੜਾ ਸ਼ਹਿਰੋਂ ਤਾਂਗਾ ਵਾਹ ਕੇ ਮੁੜਦਾ ਤਾਂ ਚੁਬਾਰੇ ਕੋਲ ਖੇਡਦੇ ਨਿਆਣਿਆਂ ਨੂੰ ਤਾਂਗੇ ਵਿਚ ਬਿਠਾਉਂਦਾ ਤੇ ਜਰਨੈਲੀ ਸੜਕ ਤਕ ਲੈ ਜਾਂਦਾ। ਨਿਆਣੇ ਵੀ ਖ਼ੁਸ਼ ਤੇ ਦਾਸ ਵੀ ਖਿੜਿਆ ਰਹਿੰਦਾ। ਪਰ ਹੁਣ ਤਾਂ ਪਤਾ ਨਈਂ ਕੀ ਸੱਪ ਸੁੰਘ ਗਿਆ ਸੀ ਕਿ ਦਾਸ ਸਾਰਿਆਂ ਨੂੰ ਹੀ ਟੁੱਟ ਟੁੱਟ ਪੈਂਦਾ।
‘‘ਸਾਰਾ ਰਾਹ ਮੱਲ ਕੇ ਬਹਿ ਜਾਂਦੇ ਆ… ਮੰਜੇ ਈ ਮੰਜੇ… ਇੱਥੇ ਮੇਲਾ ਲੱਗਾ ਸੀ… ਪਤਾ ਨੀਂ ਕਦੋਂ ਅਕਲ ਆਊ ਇਨ੍ਹਾਂ ਨੂੰ… ਮੈਂ ਤਾਂਗਾ ਚਾੜ੍ਹ ਕੇ ਕਿਸੇ ਦੀ ਬਾਹੀ ਸੇਰੂ ਤੋੜੂੰ ਫੇਰ ਈ ਡਾਹੁਣੋਂ ਹਟਣਗੇ… ਏਧਰ ਕੋਈ ਮੋਟਰ ਕਾਰ ਵਾਲਾ ਈ ਨੀਂ ਆਉਂਦਾ…’’ ਦਾਸ ਬੋਲੀ ਜਾਂਦਾ ਸੀ ਤੇ ਅਖੀਰ ਤਾਂਗੇ ਤੋਂ ਉਤਰ ਕੇ ਉਹਨੇ ਉਹ ਮੰਜੀ ਚੁੱਕੀ ਜਿਹੜੀ ਬੀਹੀ ਵਿਚ ਸਹਿਜ-ਸੁਭਾਅ ਡਿੱਗੀ ਪਈ ਸੀ।
‘‘ਦਾਸ ਕੀ ਗੱਲ ਹੋ ਗਈ ਐਵੇਂ ਨਈਂ ਕਰੋਧ ’ਚ ਭੁੱਜੇ ਰਹੀਦਾ… ਇਹ ਕਿਹੜਾ ਜੀਟੀ ਰੋਡ ਐ… ਬੀਹੀ ’ਚ ਮੰਜੇ ਰੱਖੇ ਈ ਹੁੰਦੇ ਐ… ਤੂੰ ਕਰਤਾਰਪੁਜੀਆਂ ਵਾਲੀ ਬੀਹੀ ਵੱਲੋਂ ਆ ਜਿਆ ਕਰ…’’ ਮੇਰਾ ਬਾਬਾ ਬਾਹਰ ਆ ਕੇ ਘੂਰ ਕੇ ਬੋਲਿਆ ਤਾਂ ਦਾਸ ਚੁੱਪ ਕਰਕੇ ਤੁਰ ਪਿਆ।
ਕੁਦਰਤ ਦਾ ਭਾਣਾ ਇਹ ਵਾਪਰਿਆ ਕਿ ਦਾਸ ਤੋਂ ਤੀਜੇ ਥਾਂ ਛੋਟੀ ਭੈਣ ਸ਼ੀਲੋ, ਜਿਹੜੀ ਬਿਣਗਾਂ ਵਿਆਹੀ ਹੋਈ ਸੀ, ਹਫ਼ਤਾ ਕੁ ਬਿਮਾਰ ਰਹਿ ਕੇ ਚੱਲ ਵਸੀ। ਉਹਦੀ ਧੀ ਤਾਂ ਦਾਸ ਦੀ ਵੱਡੀ ਭੈਣ ਨੇ ਗੋਦ ਲੈ ਲਈ ਤੇ ਉਹਦਾ ਮੁੰਡਾ ਉਨ੍ਹਾਂ ਦਾਸ ਦੀ ਝੋਲੀ ਪਾ ਦਿੱਤਾ। ਗੱਲ ਇਹ ਉਦੋਂ ਸਿਰੇ ਚੜ੍ਹੀ ਜਦੋਂ ਦਾਸ ਸ਼ੀਲੋ ਨੂੰ ਬਿਣਗਾਂ ਵਾਲੇ ਪ੍ਰਾਹੁਣੇ ਦੇ ਘਰ ਬਿਠਾਉਣੀ ਮੰਨ ਗਿਆ। ਦਾਸ ਮੁੰਡੇ ਨੂੰ ਵਹੁਟੀ ਦੀ ਗੋਦ ’ਚ ਬਿਠਾਉਂਦਾ ਬੋਲਿਆ, ‘‘ਸਤਗੁਰਾਂ ਨੇ ਆਪ ਆਪਣੀ ਝੋਲੀ ਪਾਇਆ ਕਾਕੇ ਨੂੰ… ਬਾਬਿਆਂ ਦਾ ਨਾਂ ਲੈ ਕੇ ਪਾਲ ਇਹਨੂੰ…।’’
ਦਾਸ ਦੀ ਵਹੁਟੀ ਨੇ ਮੁੰਡੇ ਨੂੰ ਝੋਲੀ ਪੁਆ ਕੇ ਸੱਤ ਵਾਰ ਧਰਤੀ ਨੂੰ ਨਮਸਕਾਰ ਕੀਤਾ ਤੇ ਬਾਬੇ ਗਿਆਨੀ ਦੀ ਸਮਾਧੇ ਨਾਲੇ ਤਾਂ ਮੁੰਡੇ ਦਾ ਮੱਥਾ ਟਿਕਾਇਆ, ਨਾਲ ਸਾਈਂ ਨੇ ਦੇਗ ਦਿੱਤੀ।
ਸੱਤ ਦਿਨਾਂ ਬਾਅਦ ਦਾਸ ਨੇ ਤਾਂਗਾ ਜੋੜਿਆ। ਉਹ ਘਰ ਬੈਠਾ ਧੀ ਨੂੰ ਤੇ ਗੋਦ ਲਏ ਮੁੰਡੇ ਨੂੰ ਹੀ ਖਿਡਾਈ ਗਿਆ।
ਹੁਣ ਉਹ ਸ਼ਹਿਰੋਂ ਆਉਂਦਾ ਹੋਇਆ ਮੁੰਡੇ ਲਈ ਬਰਫ਼ੀ ਲੈ ਕੇ ਆਉਂਦਾ। ਬੇਰੀਆਂ ਥੱਲੇ ਬਹਿ ਕੇ, ਭੋਰਾ ਭੋਰਾ ਕਰਕੇ ਦਾਸ ਮੁੰਡੇ ਨੂੰ ਬਰਫ਼ੀ ਖੁਆਉਂਦਾ ਤਾਂ ਮੁੰਡਾ ਬੜਾ ਖ਼ੁਸ਼ ਹੁੰਦਾ। ਕਿੰਨਾ ਕਿੰਨਾ ਚਿਰ ਬੈਠਾ ਉਹ ਮੁੰਡੇ ਨੂੰ ਖਿਡਾਈ ਜਾਂਦਾ।
ਇਕ ਦਿਨ ਬੜਾ ਔਖਾ ਜਿਹਾ ਹੋ ਕੇ ਸਾਈਂ ਦਾਸ ਕੋਲ ਆਇਆ ਤੇ ਚਮਕ ਕੇ ਉਹਨੂੰ ਪਿਆ, ‘‘ਓਏ ਅਹਿਮਕਾ! ਸ਼ਾਬਾਸ਼ੇ ਬਈ ਤੇਰੇ… ਵੱਡਿਆ ਖੱਬੀਖਾਨਾ ਇਹ ਜ਼ਾਦਾ ਬੱਲ੍ਹਾ ਐ… ਕੁੜੀ ਦੇ ਮੂੰਹ ’ਚ ਭੋਰਾ ਪਾਉਂਦੇ ਦਾ ਤੇਰਾ ਹੱਥ ਟੁੱਟਦਾ… ਚਕਿਆ ਰਵੇਦਾਰੀਆਂ ਦਾ…’’ ਕਹਿੰਦਿਆਂ ਸਾਈਂ ਨੇ ਝਪਟਾ ਮਾਰ ਕੇ ਦਾਸ ਕੋਲੋਂ ਬਰਫ਼ੀ ਵਾਲਾ ਲਿਫ਼ਾਫ਼ਾ ਖੋਹ ਲਿਆ ਤੇ ਦਰਾਂ ਵੱਲ ਚਲਾ ਗਿਆ।

(ਕਹਾਣੀਆਂ ਵਰਗੇ ਲੋਕ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com