Mohri (Punjabi Story) : Prem Parkash

ਮੋਹੜੀ (ਕਹਾਣੀ) : ਪ੍ਰੇਮ ਪ੍ਰਕਾਸ਼

ਦਿੱਲੀ ਤੋਂ ਪੰਜਾਬ ਵੱਲ ਭੱਜੀ ਜਾਂਦੀ ਟ੍ਰੇਨ 'ਚ ਬੈਠੇ ਨੂੰ ਮੈਨੂੰ ਮਹਿਸੂਸ ਹੋ ਰਿਹਾ ਏ ਕਿ ਮੈਂ ਆਪਣੇ ਜੱਦੀ ਕਸਬੇ ਸ਼ਾਹਪੁਰ ਨੂੰ ਕਿਸੇ ਟੂਣੇ ਦੇ ਅਸਰ ਹੇਠ ਜਾ ਰਿਹਾ ਹਾਂ। ਕਦੇ ਕਦੇ ਅਜਿਹੀ ਅਵਸਥਾ 'ਚ ਫਸ ਕੇ ਕੰਮ ਕਰੀ ਜਾਣ ਦੀ ਕਸਰ ਤਾਂ ਮੈਨੂੰ ਬਚਪਨ ਤੋਂ ਏ, ਪਰ ਰੀਟਾਇਰ ਹੋਣ ਬਾਅਦ ਵੱਧ ਗਈ ਏ। ਦਿੱਲੀ 'ਚ ਅਠੱਤੀ ਵਰ੍ਹੇ ਰਹਿੰਦਿਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਮੇਰੀਆਂ ਦੇਖੀਆਂ ਹੋਈਆਂ ਨੇ। ਫੇਰ ਵੀ ਕਦੇ ਮਨ 'ਚ ਅਚਾਨਕ ਘੌਂਕਾ ਜਿਹਾ ਉੱਠਦਾ ਏ। ਮੈਂ ਕਿਸੇ ਵੀਰਾਨ ਖੰਡਰ 'ਚ ਜਾ ਬਹਿੰਦਾ ਹਾਂ। ਦੇਖਦਾ ਰਹਿੰਦਾ ਹਾਂ-ਸਦੀਆਂ ਪੁਰਾਣੀਆਂ ਇੱਟਾਂ, ਡਿੱਗਦਾ ਚੂਨਾ - ਪਲਸਤਰ ਤੇ ਕਿਸੇ ਪੰਛੀ ਦੇ ਉਡਣ ਨਾਲ ਉਡੀ ਮਿੱਟੀ, ਤ੍ਰੇੜਾਂ 'ਚ ਵਸਦੇ ਕੀੜੇ …। ਮੇਰੇ ਸਾਹਮਣੇ ਰਾਜਿਆਂ ਦੇ ਦਰਬਾਰ ਸਜਦੇ ਨੇ, ਫੌਜਾਂ ਲੰਘਦੀਆਂ ਨੇ। ਮਹਾਂਯੁਧ ਹੁੰਦੇ ਨੇ। ਭਿਕਸ਼ੂ ਵਿਹਾਰਾਂ 'ਚ ਚੁੱਪ ਬੈਠੇ ਨੇ। ਨਗਰਾਂ 'ਚ ਉਪਦੇਸ਼ ਦੇਂਦੇ ਨੇ। … ਕੋਈ ਧਰਤੀ ਵਾਹੁੰਦਾ ਏ। ਹੱਥ ਹੱਥ ਥਾਂ 'ਤੇ ਮੁਰਦੇ ਪਏ ਨੇ। ਚੁਲ੍ਹਿਆਂ ਦੀ ਸੁਆਹ ਲੱਭਦੀ ਏ ਜਾਂ ਟੁੱਟੇ ਹੋਏ ਮਿੱਟੀ ਦੇ ਭਾਂਡੇ … ਅੱਜ ਸਵੇਰੇ ਰੀਟਾਇਰਡ ਬੁੱਢਿਆਂ ਦੇ ਚਾਂਭਲੇ ਇੱਜੜ 'ਚ ਘੁੰਮਦਿਆਂ ਸਹਿਗਲ ਅੰਬਰਸਰੀਏ ਨੇ ਐਲਾਨ ਕੀਤਾ ਸੀ, "ਬੱਸ, ਸ਼ਰੀਫਪੁਰੇ ਟੁਰ ਜਾਣਾ ਏ। ਮਿੱਟੀ ਬੁਲਾਂਦੀ ਪਈ ਏ ਅੰਬਰਸਰ ਦੀ …!"
ਲਹੌਰੀਏ ਮੋਹਣੇ ਨੇ ਹੱਸਦਿਆਂ ਆਖਿਆ ਸੀ, "ਲਉ, ਦਿੱਲੀ ਦੇ ਬਦਮਾਸ਼ ਵੀ ਸ਼ਰੀਫਪੁਰੇ ਜਾ ਕੇ ਮਰਨਾ ਚਾਹੁੰਦੇ ਨੇ।"
ਡਾਕ ਬਾਬੂ ਸ਼ਰਮਾ ਨੇ ਔਖਿਆਂ ਹਾਸਾ ਰੋਕਦਿਆਂ ਕਿਹਾ ਸੀ, "ਉਏ ਤੇਰੇ ਨੜੋਏ ਕਿਸੇ ਨਹੀਂ ਜਾਣਾ ਉਥੇ। … ਏਥੇ ਸਾਰੀ ਜੰਞ ਢੁਕੇਗੀ।"
ਡੀ. ਕੇ. ਪਾਠਕ ਨੇ ਉੱਚੀ ਦੇਣੀ ਗਾਇਆ ਸੀ, "ਕਬਰਾਂ ਉਡੀਕਦੀਆਂ, ਜਿਉਂ ਪੁੱਤਰਾਂ ਨੂੰ ਮਾਵਾਂ।" … ਉਹਨੂੰ 'ਫਿੱਟੇ ਮੂੰਹ, ਲੱਖ ਲਾਹਣਤਾਂ ਦੀ ਦਾਦ ਮਿਲੀ ਸੀ। ਪੱਤਰਕਾਰ, ਜੀਹਦਾ ਨਾਂ ਮੈਂ ਅਕਸਰ ਭੁੱਲ ਜਾਦਾ ਹਾਂ, ਨੇ ਸੜਕ 'ਤੇ ਮਰੇ ਕੁੱਤੇ ਵੱਲ ਸੈਨਤ ਕਰਦਿਆਂ ਕਿਹਾ ਸੀ, "ਨਹੀਂ-ਸੜਕਾਂ ਉਡੀਕਦੀਆਂ, ਜਿਉਂ ਕੁੱਤਿਆਂ …।"
ਘਰ ਆਉਂਦਿਆਂ ਈ ਪਤਾ ਨਹੀਂ ਕਿਉਂ, ਮੈਨੂੰ ਫੇਰ ਉਹੀ ਕਸਰ ਹੋ ਗਈ ਸੀ। ਮੈਂ ਪਿੰਡ ਜਾਣ ਲਈ ਬੈਗ ਤਿਆਰ ਕਰਨ ਲੱਗ ਪਿਆ ਸੀ। ਨੂੰਹ ਨੇ ਟਿਫਨ ਤਿਆਰ ਕੀਤਾ ਸੀ। ਆਪਣੀ ਮੋਈ ਸੱਸ ਵਾਂਗ ਮੇਰੀਆਂ ਦਵਾਈਆਂ ਬੈਗ ਦੀ ਜੇਬ 'ਚ ਪਾਈਆਂ ਸਨ ਤੇ ਨਿੱਕਾ ਪੁੱਤ ਗੱਡੀ ਚੜ੍ਹਾ ਗਿਆ ਸੀ।
ਦੁਪਹਿਰ ਦੀ ਰੋਟੀ ਖਾ ਕੇ ਮੈਂ ਜਿਹੜੀ ਗੋਲੀ ਖਾਧੀ ਏ, ਉਹਨੇ ਮੈਨੂੰ ਕੁੱਝ ਨਿਢਾਲ ਜਿਹਾ ਕਰ ਦਿੱਤਾ ਏ। ਦਿੱਸਦੀਆਂ ਜਾਂ ਸੋਚਾਂ 'ਚ ਆਉਂਦੀਆਂ ਵਸਤਾਂ ਸੁਫ਼ਨਿਆਂ 'ਚ ਫਿਰਦੀਆਂ ਦਿੱਸਦੀਆਂ ਪਈਆਂ ਨੇ। … ਨਿੱਕਾ ਜਿਹਾ ਰੇਲਵੇ ਸਟੇਸ਼ਨ … ਦੋ ਕੁ ਕਿਲੋਮੀਟਰ ਦਾ ਟੋਟਾ, ਪੀਰਾਂ ਦਾ ਤਕੀਆ, ਸਮਾਧਾਂ, ਬੱਸ ਅੱਡਾ, ਸ਼ਿਵਾਲਾ, ਦਿੱਲੀ ਦਰਵਾਜ਼ਾ, ਸਾਡਾ ਜੱਦੀ ਘਰ। ਜਿਥੇ ਤਾਏ ਦੇ ਪੁੱਤਰ ਮੁਕੰਦੀ ਸ਼ਾਹ ਦਾ ਟੱਬਰ ਰਹਿੰਦਾ ਏ … ਸਭ ਕੁੱਝ ਝੌਲਾ ਝੌਲਾ ਗੱਡਮਡ ਹੋ ਕੇ ਸੁੰਗੜੀ ਤੇ ਫੈਲੀ ਜਾਂਦਾ ਪਿਆ ਏ। …
ਅਚਾਨਕ ਗੋਲੀ ਚੱਲਦੀ ਏ। ਤੇਜੂ ਦੀ ਨਿੰਮ ਹੇਠ ਬੈਠੇ ਹੁੱਕੇ ਪੀਂਦੇ ਕਿੰਨੇ ਈ ਬੰਦੇ ਮਾਰੇ ਜਾਂਦੇ ਨੇ। ਆਬਾਦੀ ਦਾ ਅੱਧ ਸੰਸਕਾਰਾਂ ਦੀਆਂ ਤਿਆਰੀਆਂ ਕਰਦਾ ਏ। … ਮੇਰੀ ਇੱਕ ਬਾਂਹ ਤੇ ਇੱਕ ਲੱਤ ਠਾਹ ਦੇਣੀ ਡੱਬੇ ਦੀ ਲੱਕੜ ਨਾਲ ਵੱਜਦੀ ਏ। ਨਾਲ ਦੀਆਂ ਸਵਾਰੀਆਂ ਮੈਨੂੰ ਤੱਕਦੀਆਂ ਨੇ। ਜਿਵੇਂ ਮੈਨੂੰ ਮਿਰਗੀ ਦਾ ਦੌਰਾ ਪਿਆ ਹੋਵੇ। ਮੈਂ ਸ਼ਰਮਸਾਰ ਜਿਹਾ ਬੋਤਲ 'ਚੋਂ ਪਾਣੀ ਪੀਂਦਾ ਹਾਂ। ਹੁਣ ਆਪਣੇ ਪਿੰਡ ਜਾਂਦਿਆਂ ਏਨਾ ਡਰ ਨਹੀਂ ਲੱਗਦਾ। ਅੱਗੇ ਤਾਂ ਗੱਡੀ 'ਚ, ਬੱਸ 'ਚ, ਰਾਹ 'ਚ, ਘਰ 'ਚ … ਕਿਸੇ ਵੀ ਵੇਲੇ ਅੱਤਵਾਦੀ ਦੀ ਗੋਲੀ ਮਾਰ ਸਕਦੀ ਸੀ। ਮੇਰੇ ਤਾਏ ਦਾ ਛੋਟਾ ਪੁੱਤਰ ਸ਼ੰਕਰ ਸ਼ਿਵਾਲੇ 'ਚ ਮਾਰ ਦਿੱਤਾ ਗਿਆ ਸੀ। ਸਿੱਧੜ ਸੀ ਉਹ। ਉਹਨੂੰ ਸ਼ਿਵ ਜੀ ਦੀ ਬਚਾਉਣ ਵਾਲੀ ਸ਼ਕਤੀ 'ਚ ਵਿਸ਼ਵਾਸ ਸੀ। ਜਲ ਚੜ੍ਹਾਉਣ ਗਿਆ ਸੀ ਤੜਕੇ। ਖ਼ੂਨ ਚੜ੍ਹ ਗਿਆ ਸੀ। ਸੂਰਜ ਛਿਪਣ ਵਾਲਾ ਏ। ਮੈਂ ਨਿੱਕੇ ਜਿਹੇ ਸਟੇਸ਼ਨ ਤੇ ਉੱਤਰਦਾ ਹਾਂ। ਵਾਕਿਫ ਟਾਂਗੇ ਵਾਲੇ ਅਵਾਜ਼ਾਂ ਮਾਰਦੇ ਨੇ। ਪਰ ਮੈਂ ਬੈਗ ਮੋਢੇ 'ਤੇ ਲਟਕਾਈ ਟੁਰੀ ਜਾਂਦਾ ਹਾਂ। ਹੁਣ ਡਰ ਤੋਂ ਲੁਕਣ ਲਈ ਕਿਸੇ ਦੇ ਸੰਗ ਦੀ ਲੋੜ ਨਹੀਂ।
ਅੱਧਵਾਟੇ ਸਰਕੜਿਆਂ ਦੇ ਉਹਲੇ ਹੋ ਕੇ ਪੇਸ਼ਾਬ ਕਰਦਾ ਹਾਂ। ਚੰਗੀ ਲੱਗਦੀ ਏ ਇਹ ਆਜ਼ਾਦੀ। ਇਹ ਟਾਹਲੀਆਂ ਤੇ ਕਿੱਕਰਾਂ …। ਮੈਂ ਐਵੇਂ ਉਹਨਾਂ ਦੇ ਨਾਲ ਨਾਲ ਹੋ ਕੇ ਤੁਰੀ ਜਾਂਦਾ ਹਾਂ। … ਸ਼ੰਕਰ ਪਿੰਡ ਦੇ ਮੁੰਡਿਆਂ ਨੇ ਏਸ ਤਰ੍ਹਾਂ ਮਾਰ ਦਿੱਤਾ ਸੀ ਜਿਵੇਂ 'ਦੂਜੇ ਪਿੰਡ ਦਾ ਕੁੱਤਾ' ਹੋਵੇ। … ਪਾਕਿਸਤਾਨ ਬਣਨ ਵੇਲੇ ਵੀ ਇਵੇਂ ਬੰਦੇ ਪਿੰਡ ਦੇ ਬੰਦਿਆਂ ਨੇ ਈ ਮਾਰੇ ਸਨ। … ਪਰ ਉਹਨਾਂ ਮਾੜੇ ਦਿਨਾਂ 'ਚ ਵੀ ਮੈਂ ਕਿਉਂ ਆਉਂਦਾ ਰਿਹਾ ਸੀ ਪਿੰਡ? … ਬੰਦਾ ਜਦ ਮਰਨ ਨੇੜੇ ਹੁੰਦਾ ਏ ਤਾਂ ਆਪਣੇ ਜੱਦੀ ਪਿੰਡ ਨੂੰ ਕਿਉਂ ਜਾਣਾ ਚਾਹੁੰਦਾ ਏ? ਕਿਉਂ ਚਾਹੁੰਦਾ ਏ ਕਿ ਉਹਦੀ ਅਰਥੀ ਉਹਨਾਂ ਗਲੀਆਂ ਵਿਚੀਂ ਲੰਘੇ, ਜਿਥੇ ਉਹ ਖੇਡਿਆ ਸੀ? ਉਹਦਾ ਸੰਸਕਾਰ ਉਸ ਥਾਂ ਹੋਵੇ, ਜਿਥੇ ਉਹਦੇ ਪੁਰਖਿਆਂ ਦਾ ਹੋਇਆ ਸੀ?
ਬੱਸ ਅੱਡੇ ਕੋਲ ਥਾਂ-ਥਾਂ ਹੱਟੀਆਂ ਬਣ ਗਈਆਂ ਨੇ। … ਇਹ ਤਾਂ ਪਿੰਡ ਜਾ ਕੇ ਈ ਪਤਾ ਲੱਗੇਗਾ ਕਿ ਜਿਹੜੇ ਘਰਾਂ ਨੂੰ ਜਿੰਦਰੇ ਮਾਰ ਕੇ ਭੱਜ ਗਏ ਸਨ, ਉਹਨਾਂ 'ਚੋਂ ਕਿੰਨੇ ਮੁੜ ਆਏ ਨੇ। ਕੌਣ ਮਕਾਨ ਤੇ ਜ਼ਮੀਨ ਵੇਚ ਕੇ ਉੱਜੜ ਈ ਗਿਆ, ਪੱਕੇ ਤੌਰ 'ਤੇ। … ਮੇਰਾ ਦਿਲ ਘਬਰਾ ਗਿਆ ਏ। ਮੈਂ ਸ਼ਿਵਾਲੇ ਦੀ ਖੂਹੀ ਤੋਂ ਪਾਣੀ ਲੈ ਕੇ ਗੋਲੀ ਖਾਂਦਾ ਹਾਂ। … ਕੀ ਮੈਂ ਵੀ ਏਥੇ ਮਰਨ ਈ ਆਇਆ ਹਾਂ? … ਬਿਉ ਮਾਤਾ ਨੇ ਕਿਹਾ ਸੀ ਕੁੱਝ ਸਵੇਰੇ?
ਘਰ 'ਚ ਚਾਹ ਪੀ ਕੇ ਮੈਂ ਉਠ ਕੇ ਓਸ ਮੋਹੜੀ ਵਾਲੀ ਥਾਂ ਨੂੰ ਦੇਖਦਾ ਹਾਂ, ਜਿਹੜੀ ਸਾਡੇ ਵੱਡ ਵਡੇਰੇ ਬਜ਼ੁਰਗ ਨੇ ਪਿੰਡ ਬੰਨ੍ਹਣ ਵੇਲੇ ਪਰੋਹਤ ਜੀ ਦੇ ਮੰਤ੍ਰ ਉਚਾਰਨ ਨਾਲ ਗੱਡੀ ਸੀ। ਨੱਗਰ ਖੇੜੇ ਦੀ ਸੁੱਖ ਮੰਗੀ ਸੀ, ਜੁੜੇ ਲੋਕਾਂ ਨੇ। … ਇਹ ਹੁਣ ਕੁੱਝ ਨਿੱਕੀਆਂ ਇੱਟਾਂ ਦੀ ਮਟੀ ਜਿਹੀ ਏ, ਚੂਨੇ ਨਾਲ ਲਿਪੀ ਹੋਈ। ਉਤੇ ਤਿੰਨ ਖਣਾਂ ਦੀ ਛੱਤ ਬਣਾਈ ਹੋਈ ਏ, ਡਾਟਾਂ ਬੀੜ ਕੇ। … ਮੈਂ ਪੌੜੀਆਂ ਚੜ੍ਹਦਾ ਹਾਂ ਤਾਂ ਇੱਟਾਂ ਤੇ ਮਿੱਟੀ 'ਚੋਂ ਉਹੋ ਜਿਹੀ ਬਾਸ ਆਉਂਦੀ ਏ, ਦਿੱਲੀ ਦੇ ਖੰਡਰਾਂ ਵਰਗੀ।
ਮੈਂ ਆਖਰੀ ਪੌੜੀ 'ਤੇ ਖਲੋ ਕੇ ਟੁੱਟੇ ਬੂਹੇ ਦੇ ਅੰਦਰ ਝਾਕਦਾ ਹਾਂ ਤਾਂ ਕਿੰਨੇ ਸਾਰੇ ਕਬੂਤਰ ਉਡ ਜਾਂਦੇ ਨੇ ਮੇਰੇ ਸਿਰ ਦੇ ਉਤੋਂ ਦੀ। ਫੜਫੜਾਉਂਦੇ। ਅੰਦਰਲੇ ਹਨੇਰੇ 'ਚ ਸੰਗਲਾਂ ਨਾਲ ਟੰਗੀਆਂ ਕੜਾਹੀਆਂ ਹਿੱਲਦੀਆਂ ਨੇ। ਕਬੂਤਰ ਹੁਣ ਦਰਵਾਜ਼ੇ ਦੇ ਅੰਦਰਲੇ ਟੰਗਣਿਆਂ 'ਤੇ ਜਾ ਬੈਠੇ ਹੋਣਗੇ। ਮੈਂ ਪੁਰਾਣਾ ਚੁਬਾਰਾ ਖੋਹਲ ਕੇ ਆਪਣੇ ਦਾਦੇ ਵਾਲੀ ਆਰਾਮ ਕੁਰਸੀ ਝਾੜ ਕੇ ਜੰਗਲੇ 'ਚ ਡਾਹ ਕੇ ਬਹਿ ਗਿਆ ਹਾਂ। ਦੁਆਲੇ ਦੇਖਦਿਆਂ, ਸਿਗਰਟ ਪੀਂਦਿਆਂ ਕਦੇ ਸੁੱਖ ਸੁਆਦ ਦੀ ਤਰੰਗ ਉਠਦੀ ਏ ਤੇ ਕਦੇ ਦੁੱਖ ਦਿਲ ਨੂੰ ਢਾਹੁਣ ਲੱਗ ਪੈਂਦਾ ਏ। ਇਹ ਸਾਹਮਣਾ ਦਿੱਲੀ ਦਰਵਾਜਾ ਢਾਹੁਣਾ ਏ ਕਮੇਟੀ ਨੇ। ਜਦ ਇਹ ਨਹੀਂ ਰਹਿਣਾ ਫੇਰ ਨਾ ਟੰਗਣੇ ਰਹਿਣੇ ਨੇ, ਨਾ ਕਬੂਤਰ।
ਜਦ ਮੈਂ ਆਇਆ ਸੀ, ਹੇਠਾਂ ਲੇਟੇ ਮੁਕੰਦੀ ਦੀ ਹਾਲਤ ਦੇਖ ਨਹੀਂ ਸੀ ਸਕਿਆ। ਕਈ ਵਰ੍ਹੇ ਪਹਿਲਾਂ ਅੱਤਵਾਦੀ ਉਹਨੂੰ ਜੀਪ 'ਚ ਲੱਦ ਕੇ ਲੈ ਗਏ ਸਨ। ਉਦੋਂ ਉਹਦੀ ਉਮਰ ਪੂਰੇ ਸੱਠ ਸਾਲ ਸੀ। ਉਹਨੂੰ ਸਿਰਫ ਉਸੇ ਉਮਰ ਦੀ ਸੋਝੀ ਸੀ। ਹੋਰ ਸਭ ਕੁੱਝ ਭੁੱਲ ਗਿਆ ਸੀ। … ਹੁਣ ਉਹਦਾ ਦਿਮਾਗ ਅੱਧਮਰਿਆ ਪਿਆ ਏ। ਸਰੀਰ ਵੀ ਮਰਦਾ ਜਾਂਦਾ ਏ। ਉਹਦੇ ਕੋਲੋਂ ਆਪ ਉਠ ਨਹੀਂ ਹੁੰਦਾ। ਹੌਲੀ-ਹੌਲੀ ਤੁਰਦਾ ਏ। ਖੜ੍ਹੀਆਂ ਅੱਖਾਂ ਨਾਲ ਦੇਖਦਾ ਤੇ ਭੁਰੇ-ਭੁਰੇ ਸ਼ਬਦ ਬੋਲਦਾ ਏ। …
ਜਦ ਮੈਂ ਪੌੜੀ ਚੜ੍ਹਨ ਲੱਗਿਆ ਸੀ-ਤਾਂ ਉਹਨੇ ਉਠਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ ਸੀ, "ਕਿਸ਼ੂ, ਮੈਂ ਤੇਰੇ ਨਾਲ ਆ ਜਾਂ?"
ਤਦ ਉਹਦੇ ਸ਼ਰਾਬੀ ਹੋਏ ਪੁੱਤਰ ਮੱਦੀ ਸ਼ਾਹ ਨੇ ਉਹਨੂੰ ਫੜ ਕੇ ਮੰਜੇ 'ਤੇ ਬਹਾ ਦਿੱਤਾ ਸੀ। ਪਰ ਉਹ ਢਿੱਲੇ ਮੰਜੇ ਵਿੱਚ ਫਸ ਗਿਆ ਸੀ। ਮਰਦੇ ਹੋਏ ਜਾਨਵਰ ਵਾਂਗ ਹੱਥ ਪੈਰ ਮਾਰਦਾ ਮਿਆਂਕਦਾ ਰਿਹਾ ਸੀ। ਬੇਵਸੀ 'ਚ ਚੁੱਪ ਕਰ ਗਿਆ ਸੀ। … ਇਹ ਦੇਖਣ ਮੈਂ ਕਾਹਣੂੰ ਆ ਗਿਆ ਏਥੇ? ਮੈਨੂੰ ਪਤਾ ਲੱਗਿਆ ਏ ਕਿ ਮੱਦੀ ਬਾਪ ਨੂੰ ਬਾਹਰ ਨਹੀਂ ਜਾਣ ਦੇਂਦਾ। ਉਹ ਮੁਕੰਦੀ ਸ਼ਾਹ ਦਾ ਲਾਡਲਾ ਪੁੱਤਰ ਸੀ। ਪਰ ਹੁਣ ਮੁਕੰਦੀ ਪਾਗਲ ਦਾ ਪੁੱਤਰ ਨਹੀਂ ਅਖਵਾਉਣਾ ਚਾਹੁੰਦਾ। … ਮੇਰੇ ਸਾਹਮਣੇ ਤੇਜੂ ਮਿਸਤਰੀ ਦੀ ਨਿੰਮ ਏ। ਜਿਥੇ ਅਸੀਂ ਖੇਡਦੇ ਹੁੰਦੇ ਸੀ। … ਤੇਜੂ ਦੇ ਪੱਕੇ ਮਕਾਨ ਨੂੰ ਜਿੰਦਰਾ ਵਜਿਆ ਹੋਇਆ ਏ। ਉਹ ਹਰ ਪੰਜਾਂ ਸਾਲਾਂ ਬਾਅਦ ਮਕਾਨ ਸੁਆਰਨ ਵਲੈਤ ਤੋਂ ਆਉਂਦਾ ਸੀ। ਹੁਣ ਆਉਣ ਜੋਗਾ ਨਹੀਂ ਰਿਹਾ ਤੇ ਉਹਦੇ ਪੁੱਤਰਾਂ ਨੂੰ ਲੋੜ ਨਹੀਂ।
ਮੈਂ ਛੋਟੇ ਭਾਈ ਦੇ ਘਰ ਰਾਤ ਦਾ ਖਾਣਾ ਖਾ ਰਿਹਾ ਹਾਂ। ਨਿੱਕਾ ਤੇ ਉਹਦੀ ਘਰਵਾਲੀ ਦੱਸੀ ਜਾਂਦੇ ਨੇ ਕਿ ਕਿਹੜਾ ਟੱਬਰ ਮੁੜ ਆਇਆ ਏ ਤੇ ਕਿਹੜਾ ਅੱਧਾ ਮੁੜ ਆਇਆ। ਉਹਦੇ ਜੀਅ ਦਾ ਨੁਕਸਾਨ ਹੋ ਗਿਆ ਸੀ। ਜੱਟਾਂ ਦੇ ਕਿਹੜੇ ਮੁੰਡੇ ਫੜੇ ਜਾਂ ਮਾਰੇ ਗਏ ਨੇ, ਉਹ ਸਾਰੀਆਂ ਗੱਲਾਂ ਦੱਸੀ ਜਾਂਦੇ ਨੇ। ਪਰ ਮੈਂ ਅੱਕ ਗਿਆ ਹਾਂ। ਮੈਂ ਗੱਲ ਮੋੜ ਕੇ ਦਿੱਲੀ ਦਰਵਾਜ਼ੇ ਦੇ ਢਾਹੁਣ ਬਾਰੇ ਪੁੱਛਦਾ ਹਾਂ। - "ਉਹ ਤਾਂ ਕੱਲ੍ਹ ਨੂੰ ਦੇਖ ਲੀਂ ਤਮਾਸ਼ਾ। ਢੋਲ ਵੱਜਣੈ। ਡੱਗਾ ਖੜਕਣੈ।" ਫੇਰ ਛੋਟਾ ਭਾਈ ਕੇਸ ਦੀਆਂ ਬਰੀਕੀਆਂ ਦੱਸਦਾ ਏ," ਅੱਧੇ ਲੋਕ ਢਾਹੁਣ ਵਾਲਿਆਂ 'ਚ ਤੇ ਅੱਧੇ ਰੋਕਣ ਵਾਲੇ। ਕੇਸ ਕਈ ਸਾਲਾਂ ਤੋਂ ਚਲਦੈ। ਹੁਣ ਕਲ੍ਹ ਹਾਈਕੋਰਟ ਦਾ ਫੈਸਲਾ ਆਇਆ।" "ਏਥੇ ਸ਼ਾਮਲਾਟ 'ਚ ਪੰਜਵਾਂ ਹਿੱਸਾ ਆਪਣੇ ਖਾਨਦਾਨ ਦਾ ਏ।" -ਮੈਂ ਉਹਨੂੰ ਦੱਸਦਾ ਹਾਂ। "ਕੌਣ ਪੁੱਛਦੈ ਹੁਣ …? ਪੰਜ ਤੀਰਥੀ ਟੋਭੇ ਆਲਾ ਸਾਰਾ ਥਾਉਂ ਜੱਟਾਂ ਨੇ ਧੱਕੇ ਨਾਲ ਮੱਲ ਲਿਆ। ਦੁਕਾਨਾਂ ਪਾ ਲਈਆਂ ਨੇ।"
-ਮੈਨੂੰ ਉਹਦੀ ਇਹ ਐਡੇ ਦੁਖ ਦੀ ਗੱਲ ਛੋਟੀ ਲੱਗਦੀ ਏ। -ਅਸੀਂ ਜਿਉਂਦੇ ਹਾਂ, ਕੀ ਇਹ ਕਾਫੀ ਨਹੀਂ? -ਮੈਂ ਸੋਚਦਾ ਹਾਂ। ਕਹਿਣ ਨੂੰ ਜੀਅ ਨਹੀਂ ਕਰਦਾ। ਆਪਣੇ ਈ ਸਿਰ 'ਚ ਜੁੱਤੀ ਪੈਂਦੀ ਏ

ਗੱਲ ਗਵਾਉਣ ਲਈ ਮੈਂ ਰਾਈਆਂ ਵਿਹੜੇ ਵਾਲੇ ਬੰਤਾ ਸਿਆਲਕੋਟੀਏ ਬਾਰੇ ਪੁੱਛਦਾ ਹਾਂ, "ਉਹ ਪਾਕਿਸਤਾਨ ਨਹੀਂ ਗਿਆ ਹਾਲੇ, ਆਪਣਾ ਘਰ ਵੇਖਣ?"
"ਨਹੀਂ। … ਕਹਿੰਦਾ ਪਹਿਲਾਂ ਮੈਂ ਅੰਬਰਸਰ ਜਾਣਾ ਏ, ਅੱਖਾਂ ਬਣਵਾਉਣ। ਫੇਰ ਜਾ ਕੇ ਵੇਖਣਾ ਏ ਆਪਣਾ ਘਰ। ਸੁਣਿਐ, ਸਿਆਲਕੋਟ ਦੀ ਕਮੇਟੀ ਵਾਲੇ ਢੁਆ ਰਹੇ ਨੇ ਮੇਰਾ ਘਰ।
ਸਿਆਲਕੋਟ ਨਾ ਜਾਣਾ ਹੁੰਦਾ ਤਾਂ ਅੱਖਾਂ ਕਾਹਨੂੰ ਬਣਵਾਉਂਦਾ। ਮੈਂ ਕੋਈ ਸੂਈ 'ਚ ਧਾਗਾ ਪਾਉਣਾ ਏ?" ਨਿੱਕਾ ਦੱਸਦਾ ਹੱਸਦਾ ਏ।
ਅੱਜ ਦਿੱਲੀ ਦਰਵਾਜ਼ਾ ਢਾਇਆ ਜਾਣਾ ਏ। ਸਵੇਰ ਦੇ ਅੱਠ ਵਜੇ ਨੇ। ਮੈਂ ਆਪਣੇ ਤਾਏ ਦੇ ਘਰ ਪੁਰਾਣੇ ਚੁਬਾਰੇ ਦੇ ਜੰਗਲੇ 'ਚ ਅਰਾਮ ਕੁਰਸੀ 'ਤੇ ਬੈਠਾ ਸਿਗਰਟ ਪੀ ਰਿਹਾ ਹਾਂ। ਏਸ ਦਰਵਾਜ਼ੇ 'ਚ ਅਸੀਂ ਤਾਸ਼, ਬਲੌਰ ਤੇ ਖਰੋਟ ਖੇਡਦੇ ਹੁੰਦੇ ਸੀ। ਬਜ਼ੁਰਗ ਵੀ ਗੱਪਾਂ ਮਾਰਦੇ, ਹੁੱਕੇ ਪੀਂਦੇ ਰਹਿੰਦੇ ਸੀ। -ਏਸ ਚੁਬਾਰੇ 'ਚ ਲਾਲਟੇਨ ਬਾਲ ਕੇ ਮੈਂ ਤੇ ਮੁਕੰਦੀ ਪੜ੍ਹਦੇ ਹੁੰਦੇ ਸੀ। ਔਹ ਵੱਡੀ ਅਲਮਾਰੀ ਮੁਕੰਦੀ ਦੀ ਹੁੰਦੀ ਸੀ ਤੇ ਛੋਟੀ ਮੇਰੀ।
ਅਸੀਂ ਕਦੇ ਸਾਹਮਣੀ ਨਿੰਮ 'ਤੇ ਚੜ੍ਹ ਜਾਂਦੇ ਸੀ, ਤੇਜੂ ਚਾਚੇ ਦੀਆਂ ਗਾਲ੍ਹਾਂ ਖਾਣ ਨੂੰ। … ਉਹਦੇ ਘਰ ਨੂੰ ਲੱਗਿਆ ਜਿੰਦਾ ਮੈਨੂੰ ਤੰਗ ਕਰਦਾ ਏ। … ਉਹ ਮੇਰੇ ਦਾਦੇ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ। …
ਕਦੇ-ਕਦੇ ਮੇਰਾ ਦਾਦਾ ਤਾਸ਼ ਦੀ ਖੇਡ ਜਾਂ ਹੁੱਕਾ ਵਿੱਚੇ ਛੱਡ ਕੇ ਅਚਾਨਕ ਉਠ ਖਲੋਂਦਾ ਸੀ। ਘੋੜੀ 'ਤੇ ਜੀਨ ਕਸਵਾਉਂਦਾ ਸੀ ਤੇ ਪਿਲਕਣ ਵਾਲੇ ਖੂਹ 'ਤੇ ਚਲਿਆ ਜਾਂਦਾ ਸੀ। ਕਦੇ-ਕਦੇ ਮੈਂ ਪਿਛੇ-ਪਿਛੇ ਜਾ ਰਲਦਾ ਸੀ। ਉਹ ਚਿੱਟੀ ਦਾਹੜੀ 'ਤੇ ਹੱਥ ਫੇਰਦਾ ਫਸਲਾਂ, ਖਾਲਾਂ ਤੇ ਦਰਖਤਾਂ ਨੂੰ ਦੇਖਦਾ ਰਹਿੰਦਾ ਸੀ। … ਕਦੇ ਮੈਨੂੰ ਦੇਖ ਕੇ ਜਾਂ ਅਣਦੇਖਿਆਂ ਈ ਆਖ ਦੇਂਦਾ ਸੀ … 'ਏਥੇ, ਏਸ ਸੰਭਾਲੂ ਦੇ ਨੇੜੇ ਸੰਸਕਾਰ ਕਰਿਓ ਮੇਰਾ। ਚਾਰ ਇੱਟਾਂ ਜੋੜ ਦਿਓ। ਜਿਥੇ ਪਿਲਕਣ ਦੀ ਛਾਉਂ ਆ ਜਾਇਆ ਕਰੂ, ਦਿਨ ਢਲਦੇ ਨੂੰ।'
ਮੈਂ ਹੈਰਾਨ ਹੋ ਕੇ ਸੋਚਦਾ ਸੀ ਕਿ ਮਰੇ ਬੰਦੇ ਨੂੰ ਏਸ ਗੱਲ ਦਾ ਕੀ ਦੁੱਖ ਸੁੱਖ ਕਿ ਉਹਨੂੰ ਕਿਥੇ ਫੂਕਿਆ ਜਾਣਾ ਏ? ਉਹਦੀ ਸੁਆਹ 'ਤੇ ਲੱਗੀਆਂ ਚਾਰ ਇੱਟਾਂ 'ਤੇ ਛਾਂ ਆਉਣ ਨਾਲ ਉਹਨੂੰ ਕੀ ਠੰਢ ਪੈਣੀ ਏ?
ਮੈਜਿਸਟ੍ਰੇਟ ਤੇ ਪੁਲੀਸ ਗਾਰਦ ਆ ਗਈ ਏ। ਲੋਕ ਤਮਾਸ਼ਾ ਵੇਖਣ ਛੱਤਾਂ 'ਤੇ ਖਲੋ ਗਏ ਨੇ। ਦਰਵਾਜ਼ਾ ਢਾਹੁਣਾ ਸ਼ੁਰੂ ਹੋ ਗਿਆ ਏ। ਟਰਾਲੀਆਂ ਮਲਬਾ ਢੋ-ਢੋ ਕੇ ਸ਼ਿਵਾਲੇ ਦੇ ਮਗਰਲੇ ਟੋਏ ਭਰੀ ਜਾਂਦੀਆਂ ਨੇ। ਪ੍ਰਧਾਨ ਹੁਕਮ ਦੇਈ ਜਾਂਦਾ ਏ ਤੇ ਅੱਠ ਹੱਥ ਚੌੜੀ ਕੰਧ ਵਿਚੋਂ ਛੇ ਹੱਥ ਫੇਰ ਵਾਲਾ ਪਿੱਪਲ ਨੰਗਾ ਹੋਈ ਜਾਂਦਾ ਏ। ਉਹਦੀਆਂ ਟਾਹਣੀਆਂ, ਪੱਤੇ ਘੱਟ ਵੱਧ ਈ ਦਿਸਦੇ ਨੇ। ਅਸ਼ਟਾਵਕਰ ਜਿਹਾ ਉਹਦਾ ਵਜੂਦ ਅੰਦਰੇ ਅੰਦਰ ਫੈਲਦਾ ਰਿਹਾ ਏ। ਜੜ੍ਹਾਂ ਨੇ ਇੱਟਾਂ ਨੂੰ ਤੇ ਇੱਟਾਂ ਨੇ ਜੜ੍ਹਾਂ ਨੂੰ ਵਲਿਆ ਹੋਇਆ ਏ। … ਕਦੇ ਵੱਡੀ ਢਿੱਗ ਡਿੱਗਦੀ ਏ ਤਾਂ ਧੂੜ ਮੇਰੇ ਤਕ ਆ ਜਾਂਦੀ ਏ। ਜੀਹਦੀ ਹਮਕ, ਇਹੋ ਜਿਹੀ ਏ, ਜਿਹੋ ਜਿਹੀ ਸਾਡੀਆਂ ਪੌੜੀਆਂ 'ਚ ਏ ਜਾਂ ਮੋਹੜੀ ਦੇ ਉਤੇ ਪਈ ਡਾਟਾਂ ਵਾਲੀ ਛੱਤ ਹੇਠੋਂ ਆਉਂਦੀ ਏ। ਜਾਂ ਕਬੂਤਰਾਂ ਵਾਲੇ ਚੁਬਾਰੇ ਵਿਚੋਂ।
ਡਿਊਟੀ ਮੈਜਿਸਟ੍ਰੇਟ ਤੇ ਹੋਰ ਸਰਕਾਰੀ ਅਮਲਾ ਚਲਿਆ ਗਿਆ ਏ। ਪ੍ਰਧਾਨ ਦਰਵਾਜ਼ੇ ਦੇ ਖੜ੍ਹੇ ਹਿੱਸੇ 'ਚੋਂ ਮੰਗਤਿਆਂ ਨੂੰ ਭਜਾਉਣ ਲਈ ਉਹਨਾਂ ਦੇ ਭਾਂਡੇ ਟੀਂਡੇ ਤੇ ਗੋਦੜੇ ਬਾਹਰ ਸੁਟਵਾ ਰਿਹਾ ਏ। ਉਹ ਗਾਹਲਾਂ ਕੱਢਦੇ ਤੇ ਦੁਰਸੀਸਾਂ ਦੇਂਦੇ ਅੱਡੇ ਵਲ ਟੁਰੀ ਜਾਂਦੇ ਨੇ।
ਦਰਬਾਨ ਵਾਲੀ ਕੋਠੜੀ ਵਿਚੋਂ ਜਿਹੜੇ ਗੋਦੜੇ ਕੱਢ ਕੇ ਸਾਡੇ ਘਰ ਦੇ ਅੱਗੇ ਵਾਲੇ ਚੌਂਤਰੇ 'ਤੇ ਰਖੇ ਨੇ, ਉਹਨਾਂ ਵਿਚੋਂ ਜਿਊਂਦਾ ਬੰਦਾ ਲਭਿਆ ਏ। ਗੋਰੇ ਰੰਗ ਦੇ ਉਸ ਬੰਦੇ ਦੇ ਕਈ ਦਿਨਾਂ ਦੀ ਵਧੀ ਹੋਈ ਦਾੜ੍ਹੀ ਏ। ਐਨਕ ਲੱਗੀ ਹੋਈ ਏ। ਉਹ ਪਾਣੀ ਪੀਣ ਤੋਂ ਇਨਕਾਰੀ ਏ। ਉਹਨੂੰ ਉਡੀਕ ਏ ਛੇਤੀ ਮੁੱਕ ਜਾਣ ਦੇ। … ਮੈਂ ਉਹਨੂੰ ਦੇਖਣ ਲਈ ਲੋਕਾਂ ਦੀ ਭੀੜ 'ਚ ਸ਼ਾਮਲ ਹੋ ਗਿਆ ਹਾਂ। ਸਾਰਾ ਕੰਮ ਰੁਕ ਗਿਆ ਏ। ਮੇਰੀ ਭਾਬੀ ਨੇ ਚੌਂਤਰਾ ਗਊ ਦੇ ਗੋਹੇ ਨਾਲ ਲਿੱਪ ਦਿੱਤਾ ਏ। ਮਰਦਾਂ ਨੇ ਉਹਦੇ ਗੰਦੇ ਕਪੜੇ ਲਾਹ ਕੇ ਪਵਿੱਤਰ ਥਾਂ 'ਤੇ ਲਿਟਾ ਦਿੱਤਾ ਏ। ਦੀਵਾ ਬੱਤੀ ਕੀਤੀ ਏ। ਵਿਸ਼ਨੂੰ ਪਰੋਹਤ ਗੀਤਾ ਸੁਣਾ ਰਿਹਾ ਏ। ਲੋਕੀਂ ਉਹਦੀ ਪਛਾਣ ਕੱਢਦੇ ਪਏ ਨੇ। ਬਿਲਾਂ ਵਾਲੀ ਛੱਪੜੀ ਵਾਲਾ ਸਾਧੂ ਰਾਮ ਹਕੀਮ ਦੱਸਦਾ ਏ ਕਿ ਇਹ ਤਾਂ ਜਗਤ ਰਾਮ ਏ। ਉਹਦੇ ਕੋਲ ਦਵਾਈਆਂ ਕੁੱਟਦਾ ਛਾਣਦਾ ਰਿਹਾ ਏ। ਉਹਦੇ ਦੋ ਪੁੱਤਰ ਲੁਧਿਆਣੇ ਵਕੀਲ ਨੇ। ਪਰ ਇਹ ਕਹਿੰਦਾ ਹੁੰਦਾ ਸੀ ਕਿ ਨੂੰਹਾਂ ਪੁੱਤਰਾਂ ਦਾ ਦਿੱਤਾ ਨਹੀਂ ਖਾਣਾ। ਉਹਨਾਂ ਦੇ ਘਰੀਂ ਨਹੀਂ ਮਰਨਾ। ਗੀਤਾ ਦਾ ਪਾਠ ਰੁਕ ਗਿਆ ਏ। ਭਾਬੀ ਨੇ ਕੱਫਣ ਪਾ ਦਿੱਤਾ ਏ। ਲੱਗਦਾ ਏ ਕਿ ਮੈਂ ਉਹਨੂੰ ਦੇਖਿਆ ਏ ਕਿਤੇ … ਏਸ ਜਾਂ ਕਿਸੇ ਹੋਰ ਸਕੂਲ 'ਚ। ਕਿਸੇ ਨੇ ਬਰਫ਼ ਦੀਆਂ ਸਿੱਲੀਆਂ ਮੰਗਵਾ ਲਈਆਂ ਨੇ। ਗਰਮੀ ਵੱਧ ਗਈ ਏ। ਬਾਬਾ ਜੋਗਾ ਉਹਨੂੰ ਸੂਦਾਂ ਦੇ ਮੁੰਡੇ ਵਜੋਂ ਸਿਆਣਦਾ ਏ। ਜਿਹੜੇ ਹੱਲਿਆਂ (੪੭ ਦੇ ਫਸਾਦਾਂ) ਤੋਂ ਪਹਿਲਾਂ ਈ ਇਥੋਂ ਚਲੇ ਗਏ ਸਨ।
ਮਰਨ ਵਾਲੇ ਦਾ ਕੋਈ ਵਾਰਸ ਨਹੀਂ ਆਇਆ। ਸੰਸਕਾਰ ਦੀ ਤਿਆਰੀ ਹੋਣ ਲੱਗ ਪਈ ਏ। ਰਘੂ ਪਾਂਧਾ ਆ ਗਿਆ ਏ। ਸੀੜ੍ਹੀ ਬਣਦੀ ਪਈ ਏ। ਹਰੇਕ ਵਸਤ ਆਪੇ ਆ ਜੁੜੀ ਜਾਂਦੀ ਏ। …
ਬੁੱਢੇ ਕਿਸੇ ਦੇ ਇੰਜ ਲਾਵਾਰਸ ਮਰਨ ਵਾਲਿਆਂ ਦੀਆ ਗੱਲਾਂ ਕਰਦੇ ਪਏ ਨੇ। ਜ਼ਨਾਨੀਆਂ ਰੋਂਦੀਆਂ, ਹੱਸਦੀਆਂ ਤੇ ਮਸ਼ਕਰੀਆਂ ਕਰਦੀਆਂ ਨੇ। ਲਾਸ਼ ਦੁਆਲੇ ਖਲੋਤੇ ਨ੍ਹਾਈ ਧੋਈ ਕਰਾ ਚੁਕੇ ਮਰਦਾਂ ਨੂੰ ਵਾਰ-ਵਾਰ ਕਹਿੰਦੀਆਂ ਨੇ, "ਹੁਣ ਲੈ ਚਲੋ ਭਾਈ, ਦਿਨ ਤਾਂ ਚੱਲਿਆ।"
ਪ੍ਰਧਾਨ ਨੂੰ ਇਹਦੇ ਨਾਲ ਦਰਵਾਜ਼ਾ ਢਾਹੁਣ ਦਾ ਕੰਮ ਮੁਕਾਉਣ ਦੀ ਵੀ ਕਾਹਲ ਏ। ਉਹ ਬੰਦਿਆਂ ਨੂੰ ਕੰਮ ਚਾਲੂ ਰੱਖਣ ਲਈ ਵੀ ਘੂਰੀ ਜਾਂਦਾ ਏ ਤੇ ਕਦੇ ਮੇਰੇ ਕੋਲ ਆ ਕੇ ਆਖ ਜਾਂਦਾ ਏ- "ਏਸ ਕੌਮ ਦਾ ਕੀ ਬਣੂ ਬਾਬੂ ਕਿਸ਼ਨ ਲਾਲ? ਲੋਕ ਚੰਦ 'ਤੇ ਚੜ੍ਹ ਗੇ …।"
ਚੱਕੋ ਚੱਕੀ ਹੋ ਗਈ ਏ। ਚੱਕਣ ਵਾਲੇ ਚਾਰ ਜਵਾਨ ਕਾਨ੍ਹੀ ਮੁਸਕੜੀਆਂ ਹੱਸਦੇ ਨੇ। ਕਿੰਨੇ ਈ ਲੋਕ ਮਗਰ ਤੁਰੇ ਨੇ। ਜਿਵੇਂ ਜਰਗ ਦੇ ਮੇਲੇ ਚੱਲੇ ਹੋਣ। ਏਨੇ ਬੰਦੇ ਤਾਂ ਨੰਬਰਦਾਰਾਂ ਦੇ ਬੁੜ੍ਹੇ ਮਗਰ ਵੀ ਨਹੀਂ ਸਨ ਤੁਰੇ।
ਤਿੰਨ ਮੋੜਾਂ ਤੇ ਪਿੰਡ-ਛੁਡਾਈ ਹੁੰਦੀ ਏ ਪਹਿਲਾਂ ਗੁਰਦੁਆਰੇ ਤੇ ਫੇਰ ਮੰਦਰ ਮੂਹਰੇ ਸਿਰ ਨੀਵਾਂ ਕੀਤਾ ਜਾਂਦਾ ਏ। … ਤੀਜਾ ਮੋੜ ਮੁੜਦਿਆਂ ਈ ਮੇਰਾ ਭਾਈ ਮੇਰੇ ਨੇੜੇ ਹੋ ਕੇ ਹੌਲੀ ਦੇਣੀ ਪੁੱਛਦਾ ਏ, "ਬੀਰ, ਜੇ ਕਹੇਂ ਤਾਂ ਨੀਰੇ ਆਲਾ ਖੋਲਾ ਬੇਚ ਦਈਏ? ਚੰਗੀ ਰਕਮ ਮਿਲਦੀ ਐ।" "ਸੋਚੂੰਗਾ।" ਆਖ ਕੇ ਮੈਂ ਅੱਗੇ ਜਾਂਦੇ ਆਪਣੇ ਜਮਾਤੀ ਤਿਲਕੂ ਗੋਸਾਈਂ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਦਾ ਹਾਂ, "ਕੀ ਕਰਦੈਂ … ਅੱਜ ਕੱਲ੍ਹ?"
"ਪਟਿਆਲੇ ਜਿਓਤਿਸ਼ ਕਾਰਿਆਲਿਐ। … ਤੂੰ ਸੁਣਾ … ਐਥੇ ਜ਼ਮੀਨ ਵੇਚਣ ਆਇਐਂ ਜਾਂ ਊਈਂ ਗ੍ਰਹਿ ਧੱਕ ਲਿਆਏ ਨੇ?" ਆਖ ਕੇ ਉਹ ਮੁਸਕਰਾਉਂਦਾ ਏ ਤੇ ਚਾਰ ਕਹਾਰਾਂ ਦੇ ਮੋਢਿਆਂ 'ਤੇ ਸਵਾਰ ਹੋ ਕੇ ਜਾਣ ਵਾਲੇ ਵੱਲ ਇਸ਼ਾਰਾ ਕਰਦਾ ਏ।
"ਇਹ ਆਪਣੀ ਮਰਜ਼ੀ ਨਾਲ ਥੋੜ੍ਹੇ ਆਇਐ ਏਥੇ। ਇਹਨੂੰ ਗ੍ਰਹਿ ਖਿੱਚ ਲਿਆਏ ਨੇ। … ਇਹ ਕੋਠੜੀ ਸੈਂਕੜੇ ਸਾਲ ਪਹਿਲਾਂ ਇਹਦੇ ਅੰਤਮ ਸਾਹ ਲੈਣ ਨੂੰ ਬਣਾਈ ਗਈ ਸੀ। … ਆਪਾਂ ਵੀ ਏਥੇ ਹੀ ਆਉਣੈ, ਸਮੇਂ ਸਿਰ।" ਉਹ ਹੱਸਦਾ ਏ, "ਆਤਮਾ ਦਾ ਆਨੰਦ, ਪਾਰਬ੍ਰਹਮ 'ਚ ਲੀਨ ਹੋਣਾ। … ਤੂੰ ਕੀ ਜਾਣੇ, ਖੱਤਰੀ ਪੁੱਤਰਮ। … ਜਿਵੇਂ ਬੰਦੇ ਦੀ ਕੁੰਡਲੀ ਹੁੰਦੀ ਐ, ਉਵੇਂ ਘਰਾਂ, ਸਥਾਨਾਂ, ਪਿੰਡਾਂ, ਸ਼ਹਿਰਾਂ ਦੀਆਂ ਵੀ ਕੁੰਡਲੀਆਂ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਗ੍ਰਹਿ ਖਿੱਚ ਕੇ ਕਿਥੇ ਲੈ ਜਾਂਦੈ ਬੰਦੇ ਨੂੰ। … ਕੁਛ ਮਿੱਟੀ ਖਿੱਚਦੀ ਐ ਤੇ ਕੁਛ ਗ੍ਰਹਿ ਧੱਕਦੇ ਨੇ।" ਸ਼ਮਸ਼ਾਨ ਘਾਟ 'ਚ ਬਹੁਤ ਭੀੜ ਏ। ਹਰ ਸ਼ੈਅ ਤਿਆਰ ਪਈ ਏ। … ਲਾਖਾ ਭੰਗੀ ਚਾਕੂ ਨਾਲ ਰੱਸੀਆਂ ਕੱਟਦਾ ਏ। ਰਘੂ ਪਾਂਧਾ ਸਾਰੀਆਂ ਧਾਰਮਿਕ ਰੀਤਾਂ ਨਿਭਾਉਂਦਾ ਏ। ਅਨਾਥ ਆਸ਼ਰਮ ਦਾ ਬ੍ਰਹਮਚਾਰੀ, ਜੀਹਨੇ ਕਦੇ ਆਪਣਾ ਬਾਪ ਨਹੀਂ ਦੇਖਿਆ, ਲਾਂਬੂ ਲਾਉਂਦਾ ਏ। ਕਪਾਲ ਕਿਰਿਆ ਕਰ ਕੇ ਬਾਂਸ ਵਗਾਹ ਮਾਰਦਾ ਏ ਮੁਰਦੇ ਦੇ ਉਤੋਂ ਦੀ।
ਰਘੂ ਪਾਧਾ ਮਰਨ ਵਾਲੇ ਦੇ ਨਕਲੀ ਪੁੱਤਰ ਬ੍ਰਹਮਚਾਰੀ ਨੂੰ ਬਹਾ ਕੇ ਆਖ਼ਰੀ ਪਿੰਡ ਉਹਦੇ ਹੱਥਾਂ 'ਤੇ ਧਰ ਕੇ- 'ਜਗਤ ਰਾਮੇ, ਅਨਾਮ ਗੋਤਰੇ, ਅਨਾਮ ਪਿੱਤਰੇ, ਅਨਾਮ ਸਥਾਨੇ' -ਆਖ ਕੇ ਪਿੰਡ ਛੁਡਾ ਦੇਂਦਾ ਏ।
ਲੋਕ ਮੁੜਨ ਤੋਂ ਪਹਿਲਾਂ ਰਘੂ ਪਾਂਧੇ ਤੋਂ ਫੁੱਲ ਚੁਗਣ ਤੇ ਕਿਰਿਆ ਕਰਨ ਦੀ ਤਿਥ ਸੁਣਨ ਲਈ ਬੈਠਦੇ ਨੇ ਤਾਂ ਤਿੰਨ ਚਾਰ ਕਾਰਾਂ ਆ ਜਾਂਦੀਆਂ ਨੇ। ਉਹ ਮਰਨ ਵਾਲੇ ਦੇ ਪੁੱਤ ਪੋਤੇ ਤੇ ਸਾਕ ਨੇ।
… ਚੁੱਪ ਬੈਠੀਆਂ ਜ਼ਨਾਨੀਆਂ ਖਲੋ ਕੇ ਉਨ੍ਹਾਂ ਵੱਲ ਮੂੰਹ ਕਰ ਕੇ ਕੀਰਨੇ ਪਾਉਣ ਲੱਗ ਪੈਂਦੀਆਂ ਨੇ। ਜਿਵੇਂ ਉਹ ਮਰਨ ਵਾਲੇ ਨੂੰ ਨਹੀਂ ਉਹਦੇ ਵਾਰਸਾਂ ਨੂੰ ਰੋਂਦੀਆਂ ਨੇ। ਕਈ ਬੁੱਢੀਆਂ ਉਹਨਾਂ ਸੁਹਣੇ ਕੱਪੜਿਆਂ ਵਾਲਿਆਂ ਦੀਆਂ ਕੂਹਣੀਆਂ ਫੜ-ਫੜ ਪੁੱਛਦੀਆਂ ਨੇ, "ਕਿਉਂ ਭਾਈ, ਇਹ ਥੋਡਾ ਬਾਪ ਤਾ?"
ਉਹ ਚੁੱਪ ਨੇ ਸਾਰੇ। ਹੱਥ ਜੋੜੀ ਖਲੋਤੇ ਨੇ। ਵੱਡਾ ਨੋਟਾਂ ਦੀਆਂ ਦੱਥੀਆਂ ਲਈ ਫਿਰਦਾ ਏ, ਕਿਸੇ ਨੂੰ ਵੀ ਫੜਾਉਣ ਲਈ। … ਏਨੇ ਮੇਲੇ ਵਿੱਚ ਕੁੱਝ ਪਤਾ ਨਹੀਂ ਚਲਦਾ ਕਿ ਕੀ ਹੋਇਆ ਏ? ਕੀਹਨੇ ਕੀ ਕੀਤਾ ਏ?
ਸਭ ਨ੍ਹਾ ਧੋ ਕੇ ਮੁੜੇ ਜਾਂਦੇ ਪਏ ਨੇ। ਸਭ ਤੋਂ ਪਹਿਲਾਂ ਰਘੂ ਪਾਂਧਾ ਲੰਘਦਾ ਏ। ਜੀਹਨੇ ਕਿਸੇ ਤੋਂ ਕੁੱਝ ਵੀ ਲਏ ਬਿਨਾਂ ਇਹ ਕਾਰਜ ਜੀਵਨ ਭਰ ਨਿਭਾਉਣ ਦਾ ਸੰਕਲਪ ਕੀਤਾ ਹੋਇਆ ਏ। ਉਹ ਮਸਤੀ 'ਚ ਟੁਰਦਾ ਏ। ਕਿਸੇ ਦੀ ਗੱਡੀ 'ਚ ਨਹੀਂ ਬਹਿੰਦਾ।
ਚਾਨਣੀ ਰਾਤ ਏ। ਪ੍ਰਧਾਨ ਨੇ ਦਰਵਾਜ਼ਾ ਪੂਰਾ ਢੁਹਾ ਲਿਆ ਏ। ਵਿਚੋਂ ਸੱਪ ਨਿਕਲੇ ਨੇ। ਸਕੂਲ ਵੇਲੇ ਦੇਖੇ ਸੱਪਾਂ ਦੀਆ ਗੱਲਾਂ ਦੱਸਣ ਮੁਕੰਦੀ ਮੇਰੇ ਕੋਲ ਆਉਣ ਨੂੰ ਤਰਲੇ ਲੈਂਦਾ ਏ। ਉਹਤੋਂ ਪੌੜੀਆਂ ਨਹੀਂ ਚੜ੍ਹਿਆ ਜਾਂਦਾ। …
ਅਖੀਰ ਮੇਰਾ ਛੋਟਾ ਭਰਾ ਆ ਕੇ ਜ਼ਮੀਨ ਦੇ ਵਧੇ ਭਾਅ ਦੱਸਦਾ ਏ। ਮੈਂ ਸੁਣਦਾ ਹਾਂ, ਪਰ ਜਿਵੇਂ ਮੇਰੀ ਦਿਲਚਸਪੀ ਪਲੋ-ਪਲ ਘਟਦੀ ਜਾਂਦੀ ਏ। … ਛੋਟਾ ਭਾਈ ਅਖੀਰ 'ਚ ਪੁੱਛਦਾ ਏ, "ਫੇਰ ਬੀਰ … ਨੀਰੇ ਆਲਾ ਖੋਲਾ?"
ਮੈਂ ਨੀਂਦ ਦਾ ਬਹਾਨਾ ਕਰਦਾ ਕਹਿੰਦਾ ਹਾਂ ਕਿ ਸਵੇਰੇ ਜਾਣ ਤੋਂ ਪਹਿਲਾਂ ਦੱਸਾਂਗਾ? … ਉਹ ਚੁੱਪ ਏ। ਮੁਕੰਦੀ ਮੈਨੂੰ ਵਾਜਾਂ ਮਾਰੀ ਜਾਂਦਾ ਏ, 'ਕਿਸ਼ੂ-ਕਿਸ਼ੂ-ਕਿਸ਼ੂ'। ਮੈਨੂੰ ਲੱਗਦਾ ਏ … ਉਹ ਅਵਾਜ਼ਾਂ ਮੋਹੜੀ ਵਾਲੀ ਡਾਟਾਂ ਵਾਲੀ ਛੱਤ ਹੇਠੋਂ, ਪੌੜੀਆਂ ਵਿਚੋਂ, ਕਬੂਤਰਾਂ ਦੇ ਟੰਗਣਿਆਂ 'ਚੋਂ ਤੇ ਢੱਠੇ ਦਿੱਲੀ ਦਰਵਾਜ਼ੇ ਵਿਚੋਂ ਆ ਰਹੀਆਂ ਨੇ। ਜਿਥੇ ਵਾਰ-ਵਾਰ ਰਘੂ ਪਾਂਧਾ ਦੇ ਉਚਾਰੇ ਮੰਤਰਾਂ ਦੇ ਬੋਲ ਸੁਣੀਂਦੇ ਨੇ 'ਅਨਾਮ ਗੋਤਰੇ' 'ਅਨਾਮ ਪਿੱਤਰੇ, 'ਅਨਾਮ ਸਥਾਨੇ।'
ਮੈਨੂੰ ਪਤਾ ਏ ਕਿ ਏਸ ਦਰਵਾਜ਼ੇ ਨੇ ਕਿਸੇ ਦਿਨ ਆਪ ਈ ਡਿੱਗ ਪੈਣਾ ਸੀ। ਮਲਬੇ ਹੇਠ ਪਤਾ ਨਹੀਂ ਕਿੰਨੇ ਜੀਅ ਮਿਧੇ ਜਾਣੇ ਸਨ। ਫੇਰ ਵੀ ਮੇਰਾ ਦਿਲ ਕਰਦਾ ਏ ਕਿ ਪ੍ਰਧਾਨ ਨੂੰ ਆਖਾਂ-ਕੋਈ ਇੱਕ ਤਾਂ ਨਿਸ਼ਾਨੀ ਰੱਖ ਲਓ ਆਪਣੇ ਪੁਰਖਿਆਂ ਦੀ। ਭਾਵੇਂ ਉਹ ਸਾਡੇ ਜਾਤੀ ਗੋਤੀ ਹੋਣ ਜਾਂ ਨਾ ਹੋਣ।
ਸਵੇਰੇ ਛੋਟਾ ਮੈਨੂੰ ਗੱਡੀ ਚੜ੍ਹਾਉਣ ਆਉਂਦਾ ਏ। ਉਹ ਝਿਜਕਦਾ ਹੋਇਆ ਫੇਰ ਉਹੀ ਸਵਾਲ ਪੁੱਛਦਾ ਏ? … ਮੈਂ ਗੱਡੀ 'ਚ ਬੈਠਾ ਉਹਨੂੰ ਪਲੇਟਫਾਰਮ ਤੇ ਖੜ੍ਹੇ ਨੂੰ ਦੱਸਦਾ ਹਾਂ, "ਇਹ ਪਿੰਡ ਆਪਣੇ ਬਜ਼ੁਰਗਾਂ ਨੇ ਵਸਾਇਆ ਸੀ। … ਹੁਣ ਏਥੇ ਮੇਰੀ ਜ਼ਮੀਨ ਨਹੀਂ ਰਹੀ … ਇਹ ਖੋਲ਼ਾ ਰਖ ਕੇ ਮੈਂ ਕੀ ਕਰਨੈ? ਤੂੰ ਸਾਂਭ ਲੈ। ਮੈਂ ਲਿਖ ਕੇ ਭੇਜ ਦਿਆਂਗਾ ਮੁਖ਼ਤਾਰਨਾਮਾ। ਪਰ ਮੈਂ ਵੇਚਣਾ ਨਹੀਂ।"
ਮੇਰੇ ਬੋਲਦਿਆਂ ਗੱਡੀ ਟੁਰ ਪਈ ਏ। ਮੈਨੂੰ ਲੱਗਦਾ ਏ ਜਿਵੇਂ ਏਸ ਵਾਰ ਮੇਰੇ ਸਾਰੇ ਮੋਹ ਟੁੱਟ ਗਏ ਨੇ … ਏਸ ਕਸਬੇ ਨਾਲ। ਘਰਾਂ ਨਾਲ। ਗਲੀਆਂ ਨਾਲ। ਧਰਤੀ ਤੇ ਖੋਲ਼ਿਆਂ ਨਾਲ-ਉਹਦੇ ਨਾਲ ਵੀ, ਜੀਹਨੂੰ ਖ਼ੂਨ ਦਾ ਰਿਸ਼ਤਾ ਆਖਦੇ ਨੇ। … ਪਰ ਮੈਨੂੰ ਇਹ ਸਮਝ ਨਹੀਂ ਪੈਂਦੀ ਕਿ ਖੋਲ਼ਾ 'ਨਾ ਵੇਚਣ' ਦੀ ਘੁੰਡੀ ਪਾਉਣ ਦੀ ਮੈਨੂੰ ਕੀ ਲੋੜ ਪਈ ਸੀ? …

  • ਮੁੱਖ ਪੰਨਾ : ਕਹਾਣੀਆਂ, ਪ੍ਰੇਮ ਪ੍ਰਕਾਸ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ