Moi Agg : Lu Xun

ਮੋਈ ਅੱਗ : ਲੂ ਸ਼ੁਨ

ਮੈਂ ਇੱਕ ਸੁਪਨਾ ਵੇਖਿਆ। ਮੈਂ ਬਰਫ਼ ਦੇ ਪਹਾੜ ‘ਤੇ ਭੱਜਿਆ ਜਾ ਰਿਹਾ ਸੀ।
ਇਹ ਇੱਕ ਵੱਡਾ, ਬਹੁਤ ਉੱਚਾ ਪਹਾੜ ਸੀ ਜਿਸਦੀਆਂ ਚੋਟੀਆਂ ਬਰਫ਼ੀਲੇ ਅਸਮਾਨ ਨੂੰ ਛੂਹ ਰਹੀਆਂ ਸਨ ਅਤੇ ਅਸਮਾਨ ਜੰਮੇ ਹੋਏ ਬੱਦਲਾਂ ਨਾਲ਼ ਭਰਿਆ ਹੋਇਆ ਸੀ ਜੋ ਮੱਛੀ ਦੀ ਖੱਲ ਵਾਂਗ ਲੱਗ ਰਹੇ ਸਨ। ਪਹਾੜ ਦੇ ਪੈਰਾਂ ਵਿੱਚ ਬਰਫ਼ ਦਾ ਜੰਗਲ਼ ਸੀ ਜਿਸ ਵਿੱਚ ਪਾਈਨ ਅਤੇ ਸਾਈਪ੍ਰਸ ਦੇ ਰੁੱਖਾਂ ਜਿਹੇ ਪੱਤੇ ਅਤੇ ਟਾਹਣੀਆਂ ਨਜ਼ਰ ਆ ਰਹੀਆਂ ਸਨ। ਸਭ ਕੁੱਝ ਬਰਫ਼ੀਲਾ ਠੰਢਾ ਸੀ, ਠੰਢੀ ਸਵਾਹ ਵਾਂਗਰ ਬੇਜਾਨ।
ਪਰ ਚਾਣਚੱਕ ਮੈਂ ਬਰਫ਼ ਦੀ ਘਾਟੀ ਵਿੱਚ ਡਿੱਗ ਪਿਆ।
ਚਾਰੇ ਪਾਸੇ, ਉੱਪਰ-ਹੇਠਾਂ ਸਭ ਕੁੱਝ ਬਰਫ਼ੀਲਾ ਠੰਢਾ ਸੀ, ਠੰਢੀ ਸਵਾਹ ਵਾਂਗੂ ਬੇਜਾਨ। ਪਰ ਰੰਗਹੀਣ ਬਰਫ਼ ਉੱਪਰ ਅਣਗਿਣਤ ਲਾਲ ਪ੍ਰਛਾਵੇਂ ਖਿੰਡੇ ਹੋਏ ਸਨ, ਮੂੰਗੇ ਦੇ ਜਾਲ਼ ਵਾਂਗ ਆਪਣੇ ਵਿੱਚ ਗੁੱਥਮ-ਗੁੱਥਾ। ਹੇਠਾਂ ਦੇਖਿਆ ਤਾਂ ਮੇਰੇ ਪੈਰਾਂ ਕੋਲ਼ ਇੱਕ ਭਾਂਬੜ ਪਿਆ ਦਿਸਿਆ।
ਇਹ ਮੋਈ ਅੱਗ ਸੀ। ਇਹਦਾ ਰੂਪ ਲਟ-ਲਟ ਕਰਦੀਆਂ ਲਪਟਾਂ ਜਿਹਾ ਸੀ, ਪਰ ਇਹ ਬਿਲਕੁਲ ਸਥਿਰ ਸੀ, ਪੂਰੀ ਤਰ੍ਹਾਂ ਜੰਮੀ ਹੋਈ, ਮੂੰਗੇ ਦੀਆਂ ਸ਼ਾਖਾਵਾਂ ਵਾਂਗ ਅਤੇ ਇਹਦੇ ਕਿਨਾਰਿਆਂ ‘ਤੇ ਜੰਮਿਆ ਹੋਇਆ ਕਾਲ਼ਾ ਧੂੰਆਂ, ਜੋ ਸਿੱਧਾ ਕਿਸੇ ਚਿਮਨੀ ਵਿੱਚੋਂ ਨਿੱਕਲ਼ਿਆ ਜਾਪ ਰਿਹਾ ਸੀ। ਚਾਰ-ਚੁਫੇਰੇ ਦੀ ਬਰਫ਼ ‘ਤੇ ਪੈ ਰਹੇ ਇਹਦੇ ਅਕਸ ਚਮਕਦੀ ਬਰਫ਼ ਵਿੱਚ ਕਈ ਗੁਣਾ ਹੋ ਕੇ ਅਣਗਿਣਤ ਦਿੱਖਾਂ ਵਿੱਚ ਬਦਲ ਗਏ ਸਨ, ਜਿਸ ਕਾਰਨ ਬਰਫ਼ ਦੀ ਘਾਟੀ ਮੂੰਗੇ ਵਾਂਗ ਲਾਲ ਹੋ ਗਈ ਸੀ।
ਆਹ!
ਬਚਪਨ ਵਿੱਚ ਤੇਜ ਚਲਦੇ ਜਹਾਜਾਂ ਕਾਰਨ ਸਮੁੰਦਰ ਵਿੱਚ ਉੱਠਦੀ ਝੱਗ ਅਤੇ ਮਘਦੀ ਭੱਠੀ ਵਿੱਚੋਂ ਨਿੱਕਲ਼ਦੀਆਂ ਲਪਟਾਂ ਨੂੰ ਵੇਖਣਾ ਮੈਨੂੰ ਬੜਾ ਚੰਗਾ ਲਗਦਾ ਸੀ। ਉਹਨਾਂ ਨੂੰ ਵੇਖਣਾ ਮੈਨੂੰ ਪਸੰਦ ਹੀ ਨਹੀਂ ਸੀ, ਸਗੋਂ ਮੈਂ ਉਹਨਾਂ ਨੂੰ ਸਾਫ਼-ਸਾਫ਼ ਵੇਖਣਾ ਚਾਹੁੰਦਾ ਸੀ। ਪਰ ਉਹ ਲਗਾਤਾਰ ਬਦਲਦੇ ਰਹਿੰਦੇ ਸਨ ਅਤੇ ਉਹਨਾਂ ਦਾ ਕੋਈ ਇੱਕ ਰੂਪ ਹੀ ਨਹੀਂ ਸੀ ਹੁੰਦਾ। ਮੈ ਚਾਹੇ ਜਿੰਨਾ ਵੀ ਮਰਜ਼ੀ ਨਿਗ੍ਹਾ ਟਿਕਾ ਕੇ ਵੇਖਦਾ, ਮੇਰੇ ਮਨ ਵਿੱਚ ਕਦੇ ਵੀ ਉਹਦੀ ਸਪੱਸ਼ਟ ਤਸਵੀਰ ਨਹੀਂ ਬਣਦੀ ਸੀ।
ਆਖ਼ਰ ਮੈਂ ਤੈਨੂੰ ਹਾਸਲ ਕਰ ਹੀ ਲਿਆ, ਮੋਈ ਲਾਟ!
ਮੈਂ ਉਸ ਮੋਈ ਅੱਗ ਨੂੰ ਨੇੜਿਓਂ ਵੇਖਣ ਲਈ ਚੁੱਕਿਆ ਤਾਂ ਉਹਦੇ ਬਰਫ਼ੀਲੇਪਨ ਨਾਲ਼ ਮੇਰੀਆਂ ਉਂਗਲ਼ਾਂ ਵੱਢੀਆਂ ਜਾਣ ਲੱਗੀਆਂ। ਪਰ ਦਰਦ ਸਹਿ ਕੇ ਵੀ ਮੈਂ ਉਹਨੂੰ ਆਪਣੀ ਜੇਬ ਵਿੱਚ ਪਾ ਲਿਆ। ਪੂਰੀ ਘਾਟੀ ਚਾਣਚੱਕ ਸਵਾਹ ਵਾਂਗ ਬਦਰੰਗ ਹੋ ਗਈ। ਮੈਂ ਸੋਚਣ ਲੱਗਿਆ ਕਿ ਇਸ ਥਾਂ ਤੋਂ ਨਿੱਕਲ਼ਿਆ ਕਿਵੇਂ ਜਾਵੇ।
ਮੇਰੇ ਸਰੀਰ ਵਿੱਚੋਂ ਕਾਲ਼ੇ ਧੂੰ ਦੀ ਇੱਕ ਲਕੀਰ ਲਰਜਦੀ ਜਿਹੀ ਬਾਹਰ ਨਿੱਕਲ਼ੀ ਅਤੇ ਤਾਰ ਦੇ ਸੱਪ ਵਾਂਗੂ ਉੱਪਰ ਉੱਠਣ ਲੱਗੀ। ਅਚਾਨਕ ਲਾਲ-ਲਾਲ ਲਪਟਾਂ ਹਰ ਪਾਸੇ ਵਹਿਣ ਲੱਗੀਆਂ ਅਤੇ ਮੈਂ ਇੱਕ ਬਹੁਤ ਵੱਡੇ ਅਗਨਕੁੰਡ ਦੇ ਐਨ ਵਿਚਕਾਰ ਸਾਂ। ਹੇਠਾਂ ਵੇਖਿਆ ਤਾਂ ਪਤਾ ਲੱਗਿਆ ਕਿ ਮੋਈ ਅੱਗ ਫਿਰ ਤੋਂ ਬਲ਼ ਉੱਠੀ ਸੀ, ਮੇਰੇ ਕੱਪੜਿਆਂ ਨੂੰ ਜਲ਼ਾ ਕੇ ਬਾਹਰ ਆ ਗਈ ਸੀ ਅਤੇ ਬਰਫ਼ੀਲੀ ਜ਼ਮੀਨ ‘ਤੇ ਵਹਿ ਰਹੀ ਸੀ।
”ਆਹ ਦੋਸਤ!” ਉਹਨੇ ਕਿਹਾ, ”ਤੂੰ ਮੈਨੂੰ ਆਪਣੀ ਗਰਮਾਹਟ ਨਾਲ਼ ਜਗਾ ਦਿੱਤੈ!”
ਮੈ ਉਹਨੂੰ ਅਵਾਜ਼ ਮਾਰੀ ਅਤੇ ਉਹਦਾ ਨਾਂ ਪੁੱਛਿਆ।
ਮੇਰੇ ਸਵਾਲ ਨੂੰ ਅਣਗੌਲਿਆਂ ਕਰਦਿਆਂ ਉਹਨੇ ਕਿਹਾ, ”ਲੋਕਾਂ ਨੇ ਮੈਨੂੰ ਇਸ ਬਰਫ਼ੀਲੀ ਘਾਟੀ ਵਿੱਚ ਲਿਆ ਕੇ ਛੱਡ ਦਿੱਤਾ ਸੀ। ਮੈਨੂੰ ਛੱਡਣ ਵਾਲ਼ੇ ਕਦੋਂ ਦੇ ਮਰ-ਖਪ ਗਏ ਹਨ ਅਤੇ ਮੈਂ ਵੀ ਇਸ ਬਰਫ਼ ਵਿੱਚ ਜੰਮ ਕੇ ਮਰਨ ਦੀ ਕੰਢੇ ਸੀ। ਜੇ ਤੂੰ ਮੈਨੂੰ ਦੁਬਾਰਾ ਗਰਮੀ ਨਾ ਦਿੰਦਾ ਅਤੇ ਮੈਨੂੰ ਫਿਰ ਤੋਂ ਨਾ ਜਗਾਉਂਦਾ, ਤਾਂ ਬਹੁਤ ਜਲਦੀ ਮੈਂ ਮਰ ਗਈ ਹੁੰਦੀ।”
”ਮੈਨੂੰ ਖੁਸ਼ੀ ਹੈ ਕਿ ਤੂੰ ਜਾਗ ਗਈ। ਮੈਂ ਇਸ ਬਰਫ਼ ਦੀ ਘਾਟੀ ਵਿੱਚੋਂ ਨਿੱਕਲ਼ਣ ਬਾਰੇ ਸੋਚ ਰਿਹਾ ਹਾਂ ਅਤੇ ਮੈਂ ਤੈਨੂੰ ਆਪਣੇ ਨਾਲ਼ ਲਿਜਾਣਾ ਚਾਹੁੰਦਾ ਹਾਂ ਤਾਂ ਕਿ ਤੂੰ ਫਿਰ ਕਦੇ ਜੰਮੇਂ ਨਾ, ਸਗੋਂ ਸਦਾ-ਸਦਾ ਲਈ ਬਲ਼ਦੀ ਰਹੇਂ।”
”ਉਹ ਨਹੀਂ! ਫੇਰ ਤਾਂ ਮੈਂ ਬਲ਼ ਕੇ ਖਤਮ ਹੋ ਜਾਵਾਂਗੀ।”
”ਜੇ ਤੂੰ ਬਲ਼ ਕੇ ਖਤਮ ਹੋ ਗਈ ਤਾਂ ਮੈਨੂੰ ਬੜਾ ਦੁੱਖ ਹੋਣੈ। ਚੰਗਾ ਹੋਊ ਜੇ ਮੈਂ ਤੈਨੂੰ ਇੱਥੇ ਹੀ ਛੱਡ ਦਿਆਂ।”
”ਉਹ ਨਹੀਂ! ਫੇਰ ਤਾਂ ਮੈਂ ਇੱਥੇ ਜੰਮ ਕੇ ਮਰ ਜਾਊਂ।”
”ਫੇਰ ਕੀ ਕੀਤਾ ਜਾਵੇ?”
”ਤੂੰ ਖੁਦ ਕੀ ਕਰੇਂਗਾ?” ਉਹਨੇ ਮੋੜਵਾਂ ਸਵਾਲ ਕੀਤਾ।
”ਜਿਵੇਂ ਕਿ ਮੈਂ ਤੈਨੂੰ ਦੱਸ ਚੁੱਕਾ ਹਾਂ, ਮੈਂ ਇਸ ਬਰਫ਼ ਦੀ ਘਾਟੀ ਵਿੱਚੋਂ ਬਾਹਰ ਨਿੱਕਲ਼ਣਾ ਚਾਹੁੰਦਾ ਹਾਂ।”
”ਫੇਰ ਬਿਹਤਰ ਇਹੋ ਹੋਵੇਗਾ ਕਿ ਮੈਂ ਬਲ਼ਦੀ-ਬਲ਼ਦੀ ਖਤਮ ਹੋ ਜਾਵਾਂ।”
ਉਹ ਇੱਕ ਲਾਲ ਪੂਛਲ਼ ਤਾਰੇ ਵਾਂਗ ਉੱਪਰ ਉੱਛਲ਼ੀ ਅਤੇ ਅਸੀਂ ਦੋਵੇਂ ਨਾਲ਼-ਨਾਲ਼ ਘਾਟੀ ਤੋਂ ਬਾਹਰ ਆ ਗਏ। ਚਾਣਚੱਕ ਇੱਕ ਵੱਡੀ ਸਾਰੀ ਪੱਥਰ ਦੀ ਗੱਡੀ ਚਲਦੀ ਹੋਈ ਆਈ ਅਤੇ ਮੈਂ ਉਹਦੇ ਚੱਕਿਆਂ ਹੇਠ ਕੁਚਲ਼ ਕੇ ਮਰ ਗਿਆ। ਪਰ ਮਰਦਿਆਂ-ਮਰਦਿਆਂ ਮੈਂ ਵੇਖਿਆ ਕਿ ਪੱਥਰ ਦੀ ਗੱਡੀ ਬਰਫ਼ ਦੀ ਘਾਟੀ ਵਿੱਚ ਡਿਗ ਰਹੀ ਹੈ।
”ਆਹ, ਤੂੰ ਮੋਈ ਅੱਗ ਨੂੰ ਫਿਰ ਕਦੇ ਨਹੀਂ ਮਿਲ਼ ਸਕੇਂਗਾ।” ਇਹ ਕਹਿਦਿਆਂ ਮੈਂ ਖੁਸ਼ੀ ਨਾਲ਼ ਹੱਸਿਆ, ਜਿਵੇਂ ਕਿ ਗੱਲ ਤੋਂ ਖੁਸ਼ ਹਾਂ ਕਿ ਅਜਿਹਾ ਹੋਣਾ ਚਾਹੀਦਾ ਸੀ।
(25 ਅਪ੍ਰੈਲ, 1925)

  • ਮੁੱਖ ਪੰਨਾ : ਲੂ ਸ਼ੁਨ ਚੀਨੀ ਕਹਾਣੀਆਂ ਅਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ