Moorakhta (Punjabi Story) : Baldev Singh Grewal

ਮੂਰਖਤਾ (ਕਹਾਣੀ) : ਬਲਦੇਵ ਸਿੰਘ ਗਰੇਵਾਲ

ਨਸੀਬ ਦੀ ਗੱਲ ਸੁਣ ਕੇ ਮੈਂ ਠਠੰਬਰ ਕੇ ਖਲੋ ਗਿਆ ਸਾਂ। ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਕੰਬਦੀ ਜਾਪੀ ਸੀ। ਮੈਂ ਡਰ ਗਿਆ, ਜਿਵੇਂ ਮੈਨੂੰ ਬਾਰਾਂ ਪੱਥਰ ਕੀਤਾ ਜਾ ਰਿਹਾ ਹੋਵੇ...।

ਉਸ ਨੇ ਗੱਲ ਹੀ ਅਜਿਹੀ ਕੀਤੀ ਸੀ। ਅਸੀਂ ਸਾਹਮਣੀ ਪਹਾੜੀ ’ਤੇ ਰੈਕੀ ਕਰ ਰਹੇ ਸਾਂ। ਪਿੱਛਿਓਂ ਉਸ ਨੇ ਮੇਰੇ ਕੋਲ ਆ ਕੇ ਹੌਲੀ ਜਿਹੀ ਮੇਰੇ ਸਿਰ ’ਤੇ ਇਹ ਗੋਲ਼ਾ ਦਾਗ਼ ਦਿੱਤਾ ਸੀ। ਮੈਂ ਧੁਰ ਅੰਦਰ ਤੱਕ ਕੰਬ ਗਿਆ ਸਾਂ ਤੇ ਉਸ ਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ ਸੀ।
ਉਹ ਏਡੀ ਵੱਡੀ ਮੂਰਖਤਾ ਕਿਵੇਂ ਕਰ ਸਕਦਾ ਸੀ..?

ਇਹ ਸੰਨ 1965 ਦੀ ਗੱਲ ਹੈ। ਸਾਡੀ 3 ਸਿੱਖ ਰਜਮੈਂਟ ਨੇ ਕਸ਼ਮੀਰ ਵਿਚ, ਕੱਪੂਵਾੜਾ ਤੋਂ ਆ ਕੇ, ਸੀ. ਆਰ. ਪੀ. ਐਫ਼. ਤੋਂ ਲਾਸਡਟ ਚੌਂਕੀ ਦਾ ਚਾਰਜ ਸੰਭਾਲਿਆ ਸੀ। ਏਥੇ ਹੀ ਨਸੀਬ ਦੀ ਉਹ ਮੂਰਖਤਾ ਹੋਈ ਸੀ, ਜਿਸ ਨੇ ਇਕ ਪਲ ਲਈ ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਲੈ ਆਂਦਾ ਸੀ..।

ਇਹ ਪਹਾੜੀ ਇਲਾਕਾ ਸੀ। ਪਹਾੜੀ ਦੇ ਉਸ ਪਾਰ ਪਾਕਿਸਤਾਨੀਆਂ ਦੇ ਮੋਰਚੇ ਸਨ ਤੇ ਇਸ ਪਾਰ ਸਾਡੇ। ਅਸੀਂ ਪੂਰਾ ਇਲਾਕਾ ਦੂਰ ਤੱਕ ਸਾਫ਼ ਕਰ ਲਿਆ ਸੀ ਤਾਂ ਕਿ ਦੁਸ਼ਮਣ ਦੂਰੋਂ ਹੀ ਨਜ਼ਰੀਂ ਪੈ ਜਾਏ। ਅਸੀਂ ਆਪਣੇ ਮੋਰਚੇ ਬਣਾ ਰਹੇ ਸਾਂ। ਨਸੀਬ ਕਹਿਣ ਲਗਾ- ਯਾਰ ਕਸ਼ਮੀਰ ਨੂੰ ਤਾਂ ਧਰਤੀ ਦਾ ਸਵਰਗ ਆਖਦੇ ਨੇ।
-ਫੇਰ? ਤੈਨੂੰ ਕੋਈ ਤਕਲੀਫ਼ ਹੈ? ਉਸਦੇ ਸਾਥੀ ਗੁਰਮੁਖ ਨੇ ਕਿਹਾ।
-ਤਕਲੀਫ਼ ਤਾਂ ਹੈ। ਸਵਰਗ ਵਿਚ ਵੀ ਫ਼ੌਜੀ ਮੋਰਚੇ! ਨਸੀਬ ਨੇ ਬੇਲਚਾ ਇਕ ਪਾਸੇ ਨੂੰ ਸੁੱਟਦਿਆਂ ਕਿਹਾ।

- ਨਸੀਬ ਸਿਆਂ, ਬੇਲਚਾ ਚੁੱਕ ਤੇ ਮੋਰਚਾ ਖੋਦ। ਹਰ ਥਾਂ ਪੇਪਰ ਡਰਾਪ ਕਰ ਕੇ ਨਹੀਂ ਸਰਦਾ। ਮੇਰਾ ਆਰਡਰ ਸੁਣ ਕੇ ਉਸ ਨੇ ਨੀਵੀਂ ਪਾ ਲਈ ਸੀ। ਬੇਲਚਾ ਚੁੱਕ ਕੇ ਫਿਰ ਮੋਰਚਾ ਖੋਦਣ ਲੱਗ ਪਿਆ ਸੀ। ਕਿੰਨਾ ਹੀ ਚਿਰ, ਉਸ ਨੇ ਕਿਸੇ ਨਾਲ ਵੀ ਕੋਈ ਗੱਲ ਨਾ ਕੀਤੀ।

ਮੇਰਾ ਮਨ ਖ਼ਰਾਬ ਜਿਹਾ ਹੋ ਗਿਆ। ਮੈਨੂੰ ਲੱਗਾ, ਪੇਪਰ ਡਰਾਪ ਕਰਨ ਦਾ ਮਿਹਣਾ ਮਾਰ ਕੇ, ਮੈਂ ਉਹਦਾ ਦਿਲ ਦੁਖਾਇਆ ਸੀ। ਮੋਰਚੇ ਖੋਦਣ ਤੋਂ ਬਾਅਦ ਸ਼ਾਮੀਂ ਜਦ ਰੰਮ ਵਰਤਾਈ ਗਈ ਤਾਂ ਮੈਂ ਉਚੇਚਾ ਉਸ ਕੋਲ ਜਾ ਕੇ ਉਸ ਨਾਲ ਜਾਮ ਖੜਕਾਇਆ ਸੀ। ਮੈਨੂੰ ਸਾਰਾ ਦਿਨ ਇਸ ਗੱਲ ਦਾ ਪਛਤਾਵਾ ਰਿਹਾ ਸੀ। ਮੈਂ ਉਸਦੇ ਪੇਪਰ ਡਰਾਪ ਕਰਨ ਦੀ ਗਲ ਦੁਹਰਾ ਕੇ ਉਸ ਦਾ ਮਨ ਦੁਖੀ ਕੀਤਾ ਸੀ। ਉਸ ਨਾਲ ਜਾਮ ਖੜਕਾ ਕੇ ਸ਼ਾਇਦ ਮੈਂ ਆਪਣੇ ਹੀ ਦਿਲ ਦਾ ਭਾਰ ਹਲਕਾ ਕੀਤਾ ਸੀ। ਨਸੀਬ ਨੇ ਅੱਖਾਂ ਉਪਰ ਨਹੀਂ ਸੀ ਚੁੱਕੀਆਂ। ਚੁੱਪਚਾਪ ਗਲਾਸ ਖ਼ਾਲੀ ਕਰ ਕੇ ਇਕ ਪਾਸੇ ਨੂੰ ਤੁਰ ਗਿਆ ਸੀ। ਦੂਰ ਇਕ ਝਾੜੀ ਓਹਲੇ ਜਾ ਬੈਠਾ ਸੀ। ਮੈਨੂੰ ਪਤਾ ਸੀ, ਉਹ ਆਪਣੇ ਆਪ ਨਾਲ ਇਕ ਅਜੀਬ ਲੜਾਈ ਲੜ ਰਿਹਾ ਸੀ।

ਸਾਨੂੰ ਇੱਥੇ ਆਇਆਂ ਨੂੰ ਅਜੇ ਕੁਝ ਹੀ ਦਿਨ ਹੋਏ ਸਨ। ਸਵੇਰ ਦੇ ਪੰਜ ਵੱਜੇ ਸਨ। ਅਚਾਨਕ ਸਾਡੇ ’ਤੇ ਦੁਸ਼ਮਣ ਨੇ ਫ਼ਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਡੇ ਜਵਾਨਾਂ ਨੂੰ ਵੀ ਫ਼ਾਇਰਿੰਗ ਦਾ ਹੁਕਮ ਦਿੱਤਾ ਹੋਇਆ ਸੀ। ਅਸੀਂ ਵੀ ਜਵਾਬੀ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਦੁਸ਼ਮਣ ਦੇ ਤਿੰਨ ਇੰਚ ਮਾਰਟਰ ਦੇ ਫ਼ਾਇਰ ਸਾਡੇ ਉਪਰ ਆਣ ਕੇ ਡਿੱਗ ਰਹੇ ਸਨ। ਕੋਈ ਇਕ ਘੰਟਾ ਫ਼ਾਇਰਿੰਗ ਚਲਦੀ ਰਹੀ। ਅਸੀਂ ਆਪਣੇ ਮੋਰਚੇ ਬਹੁਤ ਮਜ਼ਬੂਤ ਕਰ ਲਏ ਸਨ। ਇਸ ਲਈ ਦੁਸ਼ਮਣ ਦੀ ਫ਼ਾਇਰਿੰਗ ਨਾਲ ਸਾਡਾ ਕੋਈ ਨੁਕਸਾਨ ਨਾ ਹੋਇਆ। ਕਈ ਘੰਟੇ ਲੜਾਈ ਚਲਦੀ ਰਹੀ। ਫਿਰ ਅਚਾਨਕ ਦੁਸ਼ਮਣ ਨੇ ਫ਼ਾਇਰ ਬੰਦ ਕਰ ਦਿੱਤਾ ਸੀ।

ਸਾਡੇ ਸੂਬੇਦਾਰ ਬਖ਼ਸ਼ੀਸ਼ ਸਿੰਘ ਨੇ ਪਿੱਛਿਓਂ ਹੈਡ ਕੁਆਟਰ ਤੋਂ ਕੰਡਿਆਲੀ ਤਾਰ ਮੰਗਵਾ ਕੇ ਚੌਂਕੀ ਦੁਆਲੇ ਦੂਰ ਤੱਕ ਲਗਵਾ ਦਿੱਤੀ ਸੀ। ਉਸਦੇ ਹੇਠਾਂ ਬਾਰੂਦੀ ਸੁਰੰਗਾਂ ਵੀ ਵਿਛਾ ਦਿੱਤੀਆਂ ਸਨ। ਉਸੇ ਦੀ ਸੂਝ ਬੂਝ ਅਤੇ ਤਜਰਬੇ ਸਦਕਾ, ਦੁਸ਼ਮਣ ਦੇ ਹਮਲੇ ਨਾਲ ਸਾਡਾ ਕੋਈ ਨੁਕਸਾਨ ਨਹੀਂ ਸੀ ਹੋਇਆ।
ਮੇਰਾ ਰੈਂਕ ਉਦੋਂ ਲਾਂਸ ਨਾਇਕ ਦਾ ਸੀ। ਦਿਨ ਚੜ੍ਹਿਆ ਤਾਂ ਮੈਨੂੰ ਹੁਕਮ ਹੋਇਆ ਕਿ ਸਾਹਮਣੀ ਪਹਾੜੀ ਤੇ ਜਾ ਕੇ ਰੈਕੀ ਕੀਤੀ ਜਾਵੇ। ਮੈਂ ਨਸੀਬ, ਗੁਰਮੁਖ ਤੇ ਇਕ ਸਕਾਊਟ ਆਪਣੇ ਨਾਲ ਲਏ ਤੇ ਪਹਾੜੀ ’ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਸਿੱਧੀ ਪਹਾੜੀ ਸੀ, ਚੜ੍ਹਦਿਆਂ ਦੋ ਘੰਟੇ ਲੱਗ ਗਏ। ਸਾਡੇ ਸਕਾਊਟ ਨੇ ਪੁਜ਼ੀਸ਼ਨ ਲੈ ਲਈ ਤੇ ਸਾਨੂੰ ਅੱਗੇ ਵੱਧਣ ਲਈ ਕਿਹਾ। ਅਸੀਂ ਪਹਾੜੀ ਦੀ ਚੋਟੀ ’ਤੇ ਪੁੱਜ ਗਏ। ਸਿਪਾਹੀ ਨਸੀਬ ਸਿੰਘ ਹੌਲੀ ਦੇਣੀ ਕਹਿਣ ਲੱਗਾ- ਗਿਆਨ ਸਿਆਂ, ਜੇ ਕੋਈ ਹੂਰ ਵਰਗੀ ਕਸ਼ਮੀਰਨ ਭੇਡਾਂ ਚਾਰਦੀ ਟੱਕਰ ਗਈ?

ਮੈਂ ਤਾਂ ਜਵਾਬ ਨਾ ਦਿੱਤਾ, ਦੂਜਾ ਸਿਪਾਹੀ ਗੁਰਮੁਖ ਸਿੰਘ ਕਹਿਣ ਲੱਗਾ ਭੇਡਾਂ ਚਾਰਦੀ ਹੂਰ ਦੀ ਥਾਂ, ਕਿਸੇ ਬੰਦੂਕ ਦੀ ਗੋਲੀ ਵੀ ਉਡੀਕਦੀ ਹੋ ਸਕਦੀ ਹੈ।
ਉਹਨਾਂ ਦੋਹਾਂ ਦੀ ਅਕਸਰ ਹੀ ਝੇਡ ਚਲਦੀ ਰਹਿੰਦੀ ਸੀ। ਉਹ ਇਕ ਦੂਜੇ ਨਾਲ ਸਿੰਙ ਫਸਾਈ ਹੀ ਰੱਖਦੇ ਸਨ। ਉਹਨਾਂ ਦੀ ਇਹ ਚੁੰਝ ਚਰਚਾ ਪੂਰੀ ਯੂਨਿਟ ਵਿਚ ਮਸ਼ਹੂਰ ਸੀ।

ਨਸੀਬ ਸਿੰਘ ਬੋਲਿਆ- ਓਏ ਗੁਰਮਖਾ, ਗੋਲ਼ੀਆਂ ਚੇਤੇ ਕਰਨ ਵਾਲਿਆਂ ਨੂੰ ਗੋਲ਼ੀਆਂ ਹੀ ਮਿਲਦੀਆਂ ਹੁੰਦੀਆਂ ਤੇ ਹੂਰਾਂ ਦੀ ਕਾਮਨਾ ਕਰਨ ਵਾਲਿਆਂ ਨੂੰ ਹੂਰਾਂ। ਚੋਟੀ ’ਤੇ ਜਾ ਕੇ ਮੈਂ ਦੂਰਬੀਨ ਨਾਲ ਦੇਖਿਆ। ਪਾਕਿਸਤਾਨੀਆਂ ਨੇ ਸਾਡੇ ਇਲਾਕੇ ਵਿਚ ਚੌਂਕੀ ਬਣਾਈ ਹੋਈ ਸੀ। ਕੰਪਾਸ ਨਾਲ ਨਕਸ਼ਾ ਚੈਕ ਕੀਤਾ। ਉਹ ਪਹਾੜੀ ਸਾਡੇ ਹੀ ਇਲਾਕੇ ਵਿਚ ਸੀ।

ਗੁਰਮੁਖ ਸਿੰਘ ਨੇ ਨਸੀਬ ਸਿੰਘ ਨੂੰ ਕਿਹਾ- ਔਹ ਦੇਖ ਤੇਰੀ ਹੂਰ ਭੇਡਾਂ ਚਾਰ ਰਹੀ ਹੈ। ਜਾਹ ਪਾ ਜੱਫੀ ਜਾ ਕੇ। ਸਿੱਧੀ ਗੋਲ਼ੀ ਪੁੜਪੜੀ ’ਚ ਵੱਜੂ।
-ਓਏ ਗੁਰਮੁਖਾ, ਗੋਲ਼ੀ ਗੋਲ਼ੀ ’ਤੇ ਵੀ ਖਾਣ ਵਾਲੇ ਦਾ ਨਾਂ ਲਿਖਿਆ ਹੁੰਦਾ।
ਕੀ ਪਤੈ ਕਿਸੇ ਗੋਲ਼ੀ ਤੇ ਮੇਰਾ ਨਾਂ ਲਿਖਿਆ ਹੀ ਨ ਗਿਆ ਹੋਵੇ ਤੇ ਤੇਰਾ ਲਿਖਿਆ ਗਿਆ ਹੋਵੇ!
-ਓਏ ਨਸੀਬ, ਬੰਦ ਰੱਖ ਆਪਣੀ ਕਾਲ਼ੀ ਜ਼ਬਾਨ। ਪਤੰਦਰੋ ਜੰਗ ਵਿਚ ਆਏ ਬੈਠੇ ਹੋ। ਜ਼ਿੰਦਗੀ ਦੀ ਖ਼ੈਰ ਮੰਗੋ। ਮੈਂ ਉਹਨਾਂ ਨੂੰ ਝਿੜਕ ਦਿੱਤਾ।
ਨਸੀਬ ਸਿੰਘ ਕਹਿਣ ਲੱਗਾ- ਗਿਆਨ ਸਿਆਂ, ਹੁਕਮ ਦੇਹ, ਮੈਂ ਹੁਣੇ ਜਾ ਕੇ ਦੁਸ਼ਮਣਾਂ ਨੂੰ ਨਾਨੀ ਚੇਤੇ ਕਰਾ ਆਉਨਾ।
-ਦੁਸ਼ਮਣ ਨੂੰ ਨਾਨੀ ਕਿਉਂ ਚੇਤੇ ਕਰਾਉਣੀ ਐ, ਜਾਹ ਤੂੰ ਆਪਣੀ ਹੂਰ ਵਰਗੀ ਕਸ਼ਮੀਰਨ ਨੂੰ ਜਾ ਕੇ ਮਿਲ। ਗੁਰਮੁਖ ਨੇ ਫਿਰ ਝੇਡ ਕੀਤੀ।

ਨਸੀਬ ਕਹਿਣ ਲਗਾ- ਗੁਰਮੁਖਾ, ਹੂਰਾਂ ਵੀ ਦੁਸ਼ਮਣ ਨੂੰ ਨਾਨੀ ਚੇਤੇ ਕਰਾਉਣ ਵਾਲਿਆਂ ਦੇ ਨਸੀਬ ’ਚ ਹੁੰਦੀਆਂ, ਦੁਸ਼ਮਣ ਦੇਖ ਕੇ ਦਰਕੀ ਜਾਣ ਵਾਲਿਆਂ ਨੂੰ ਤਾਂ ਘਰ ਵਾਲੀਆਂ ਵੀ ਪੱਠੇ ਨਹੀਂ ਪਾਉਂਦੀਆਂ। ਪਤਾ ਨਈਂ ਭਰਜਾਈ ਤੈਨੂੰ ਕਿੱਦਾਂ ਬਰਦਾਸ਼ਤ ਕਰਦੀ ਐ। ਹਰ ਵੇਲੇ ਸੜੀਊ ਗੱਲ ਈ ਕਰੇਂਗਾ।
-ਓਏ ਆਪਣੀ ਚੁੰਝ ਚਰਚਾ ਵਿਚ ਘਰ ਵਾਲੀਆਂ ਤੱਕ ਨਾ ਜਾਇਆ ਕਰੋ। ਮੈਂ ਦੋਹਾਂ ਨੂੰ ਝਿੜਕ ਕੇ ਫਿਰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ।
ਫਿਰ ਵੀ ਗੁਰਮੁਖ ਉਸਨੂੰ ਟਿੱਚਰ ਕਰਨ ਤੋਂ ਬਾਜ਼ ਨਾ ਆਇਆ। ਕਹਿਣ ਲਗਾ- ਓਏ, ਮੇਰੀ ਛੱਡ। ਤੂੰ ਦੱਸ ਫ਼ੌਜ ਵੱਲ ਨੂੰ ਕਿਉਂ ਭੱਜਿਆ ਸੀ ਆਪਣੀ ਹੂਰ ਨੂੰ ਛੱਡ ਕੇ?

- ਚੁੱਪ ਓਏ ਗੁਰਮੁਖ, ਇਸ ਤੋਂ ਅੱਗੇ ਕੋਈ ਗੱਲ ਨਹੀਂ ਕਰੇਂਗਾ। ਮੈਂ ਗੁਰਮੁਖ ਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ। ਮੈਨੂੰ ਪਤਾ ਸੀ ਉਹ ਨਸੀਬ ਦੀ ਦੁੱਖਦੀ ਰਗ ’ਤੇ ਹੱਥ ਰੱਖ ਰਿਹਾ ਸੀ। ਨਸੀਬ ਨੂੰ ਜਦ ਵੀ ਅਜਿਹੀ ਟਿੱਚਰ ਕੀਤੀ ਜਾਂਦੀ ਸੀ, ਉਹ ਚੁੱਪ ਕਰ ਜਾਇਆ ਕਰਦਾ ਸੀ। ਇਕੱਲਾ ਦੂਰ ਜਾ ਕੇ ਗਲੇਡੂ ਭਰਨ ਲੱਗ ਪਿਆ ਕਰਦਾ ਸੀ। ਉਸਨੂੰ ਇਕੱਲਿਆਂ ਇਕਲਵਾਂਝੇ ਚੁੱਪਚਾਪ ਅੱਥਰੂ ਕੇਰਦਿਆਂ ਅਸੀਂ ਕਈ ਵਾਰ ਦੇਖਿਆ ਸੀ।
ਮੇਰੀ ਝਿੜਕ ਤੋਂ ਬਾਅਦ ਉਹ ਦੋਵੇਂ ਚੁੱਪ ਕਰ ਗਏ। ਨਸੀਬ ਦੀ ਤਾਂ ਚਾਲ ਵੀ ਮੱਧਮ ਪੈ ਗਈ ਸੀ।

ਸਾਰੀ ਯੂਨਿਟ ਨੂੰ ਪਤਾ ਸੀ ਉਹ ਫ਼ੌਜ ਵਿਚ ਕਿਉਂ ਭਰਤੀ ਹੋਇਆ ਸੀ। ਉਸ ਦਾ ਫ਼ੌਜ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਉਹ ਪੜ੍ਹਾਈ ਵਿਚ ਹੁਸ਼ਿਆਰ ਸੀ। ਉਸ ਦੇ ਬਾਪ ਨੇ ਉਸ ਨੂੰ ਇੰਜਨੀਅਰ ਬਣਾਉਣ ਦੇ ਸੁਪਨੇ ਦੇਖੇ ਸਨ। ਦਸਵੀਂ ਫਸਟ ਕਲਾਸ ਵਿਚ ਪਾਸ ਕਰ ਕੇ ਉਹ ਨਾਨ-ਮੈਡੀਕਲ ਪੜ੍ਹ ਰਿਹਾ ਸੀ। ਸੈਕੰਡ ਯੀਅਰ ਵਿਚ ਉਸ ਦਾ ਨਾਲ ਪੜ੍ਹਦੀ ਕੁੜੀ ਨਾਲ ਪਿਆਰ ਹੋ ਗਿਆ ਸੀ ਤੇ ਉਹ ਉਸ ਦੇ ਪਿਆਰ ਵਿਚ ਪੜ੍ਹਨਾ ਲਿਖਣਾ ਹੀ ਭੁੱਲ ਗਿਆ ਸੀ। ਐਫ. ਐਸ. ਸੀ. ਦੇ ਪੇਪਰ ਡਰਾਪ ਕਰ ਕੇ, ਉਹ ਬਾਪ ਤੋਂ ਡਰਦਾ, ਜਲੰਧਰ ਕੈਂਟ ਜਾ ਕੇ , ਫ਼ੌਜ ਵਿਚ ਭਰਤੀ ਹੋ ਗਿਆ ਸੀ।

ਫ਼ੌਜ ਵਿਚ ਆ ਕੇ ਹੀ ਉਸਨੂੰ ਪਤਾ ਲਗਾ ਸੀ ਕਿ ਉਸ ਦੀ ਪ੍ਰੇਮਕਾ ਬੀਰੀ ਦਾ ਉਸ ਦੇ ਘਰ ਵਾਲਿਆਂ ਨੇ ਕਿਸੇ ਓਵਰਸੀਅਰ ਨਾਲ ਵਿਆਹ ਕਰ ਦਿੱਤਾ ਸੀ। ਜਿਸ ਦਿਨ ਉਸ ਨੂੰ ਇਹ ਖ਼ਬਰ ਮਿਲੀ ਸੀ, ਉਸਨੇ ਰੱਜ ਕੇ ਰੰਮ ਪੀਤੀ ਤੇ ਰੱਜ ਕੇ ਰੋਇਆ ਸੀ। ਕਈ ਦਿਨਾਂ ਤੱਕ ਉਹ ਕਿਸੇ ਨਾਲ ਸਿੱਧੇ ਮੂੰਹ ਬੋਲਿਆ ਵੀ ਨਹੀਂ ਸੀ।
ਮੈਂ ਪਿੱਛੇ ਮੁੜ ਕੇ ਦੇਖਿਆ, ਨਸੀਬ ਸਿੰਘ ਸਾਥੋਂ ਬਹੁਤ ਪਿੱਛੇ ਰਹਿ ਗਿਆ ਸੀ। ਮੈਂ ਗੁਰਮੁਖ ਨੂੰ ਕਿਹਾ- ਤੁਸੀਂ ਉਸ ਵਿਚਾਰੇ ਨੂੰ ਇਹ ਗਲ ਯਾਦ ਨਾ ਕਰਾਇਆ ਕਰੋ। ਗੁਰਮੁਖ ਸਿੰਘ ਖੜ੍ਹ ਕੇ ਉਸਨੂੰ ਉਡੀਕਣ ਲੱਗ ਪਿਆ। ਜ਼ਾਹਿਰ ਸੀ, ਗੁਰਮੁਖ ਨੂੰ ਵੀ ਉਸ ਦਾ ਦਿਲ ਦੁਖਾਉਣ ਦਾ ਦੁੱਖ ਸੀ।

ਅਸੀਂ ਰੈਕੀ ਕਰ ਕੇ ਮੁੜ ਆਏ। ਆ ਕੇ ਰਿਪੋਰਟਿੰਗ ਕੀਤੀ। ਇਸੇ ਚੌਂਕੀ ਤੋਂ ਹੀ ਸਿੱਧਾ ਸਾਡੇ ਤੇ ਫ਼ਾਇਰ ਹੋਇਆ ਸੀ। ਪਿੱਛੇ ਹੈਡਕੁਆਟਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ।

ਉਹਨਾਂ ਦਿਨਾਂ ਵਿਚ ਰੱਖੜ ਪੁੰਨਿਆਂ ਆ ਗਈ। ਸਾਡੀਆਂ ਸਾਰਿਆਂ ਦੀਆਂ ਰੱਖੜੀਆਂ ਆਈਆਂ। ਇਸ ਵਾਰ ਅਸੀਂ ਰੱਖੜੀਆਂ ਆਪਣੀਆਂ ਕਲਾਈਆਂ ’ਤੇ ਨਹੀਂ, ਆਪਣੀਆਂ ਗੰਨਾਂ ’ਤੇ ਬੰਨ੍ਹ ਲਈਆਂ ਸਨ। ਗੁਰਮੁਖ ਸਿੰਘ ਨੂੰ ਚਿੱਠੀ ਵਿਚ ਉਸ ਦੀ ਜਵਾਨ ਪਤਨੀ ਤੇ ਨਿੱਕੇ ਜਿਹੇ ਪੁੱਤਰ ਦੀ ਫੋਟੋ ਵੀ ਆਈ ਸੀ। ਉਹ ਵਾਰ ਵਾਰ ਫੋਟੋ ਨੂੰ ਦੇਖਦਾ ਸੀ ਅਤੇ ਚਿੱਠੀ ਨੂੰ ਪੜ੍ਹਦਾ ਸੀ, ਪਰ ਨਸੀਬ ਨੂੰ ਨਾ ਕੋਈ ਰੱਖੜੀ ਆਈ ਸੀ ਨਾ ਕੋਈ ਚਿੱਠੀ।
- ਕੀ ਲਿਖਦੀ ਐ ਭਾਬੀ? ਛੁੱਟੀ ਲੈ ਕੇ ਆ ਜਾ ਮਿੱਤਰਾ, ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ? ਨਸੀਬ ਸਿੰਘ ਨੇ ਗੁਰਮੁਖ ਨੂੰ ਟਿੱਚਰ ਕੀਤੀ।

ਗੁਰਮੁਖ ਸਿੰਘ ਚਿੱਠੀ ਪੜ੍ਹਦਾ ਪੜ੍ਹਦਾ ਹੀ ਕਹਿਣ ਲੱਗਾ- ਨਸੀਬ, ਤੈਨੂੰ ਤੀਮੀਆਂ ਬਾਰੇ ਕੀ ਪਤਾ। ਚੰਗਾ ਕੀਤੈ ਤੈਨੂੰ ਦੇਣ ਦੀ ਥਾਂ, ਉਹਨੀਂ ਕੁੜੀ ਕਿਸੇ ਓਵਰਸੀਜ਼ ਦੇ ਲੜ ਲਾ ਦਿੱਤੀ। ਗੁਰਮੁਖ ਦੀ ਜੱਟੀ ਨੇ ਛੁੱਟੀ ਲੈ ਕੇ ਆਉਣ ਨੂੰ ਨਹੀਂ ਕਿਹਾ, ਉਸ ਨੇ ਲਿਖਿਆ, ਦੁਸ਼ਮਣ ਦੇ ਦੰਦ ਖੱਟੇ ਕਰ ਕੇ ਹੀ ਪਰਤੀਂ। ਗੁਰਮੁਖ ਫਿਰ ਚਿੱਠੀ ਪੜ੍ਹਨ ਲਗ ਪਿਆ। ਨਸੀਬ ਦੂਰ ਇਕ ਝਾੜੀ ਓਹਲੇ ਜਾ ਬੈਠਾ। ਮੈਨੂੰ ਪਤਾ ਸੀ ਉਹ ਝਾੜੀ ਓਹਲੇ ਗਲੇਡੂ ਭਰ ਰਿਹਾ ਹੋਵੇਗਾ। ਆਪਣੀ ਪ੍ਰੇਮਕਾ ਨੂੰ ਯਾਦ ਕਰ ਰਿਹਾ ਹੋਵੇਗਾ।

ਗੁਰਮੁਖ ਸਿੰਘ ਨੇ ਚਿੱਠੀ ਪੜ੍ਹ ਕੇ ਜੇਬ ਵਿਚ ਪਾ ਲਈ। ਸਾਨੂੰ ਪਤਾ ਸੀ, ਉਹ ਇਸ ਚਿੱਠੀ ਨੂੰ ਵਾਰ ਵਾਰ ਪੜ੍ਹੇਗਾ। ਅਸੀਂ ਫ਼ੌਜੀ ਲੋਕ ਚਿੱਠੀਆਂ ਨੂੰ ਬਹੁਤ ਪਿਆਰ ਕਰਦੇ ਹਾਂ। ਮੋਰਚਿਆਂ ਵਿਚ ਇਹੀ ਸਾਡਾ ਸਹਾਰਾ ਬਣਦੀਆਂ ਹਨ। ਅਗਲੀ ਚਿੱਠੀ ਆਉਣ ਤੱਕ, ਪਹਿਲੀ ਨੂੰ ਹੀ ਵਾਰ ਵਾਰ ਪੜ੍ਹਦੇ ਰਹਿੰਦੇ ਹਾਂ।
ਨਸੀਬ ਨੂੰ ਕਦੇ ਕੋਈ ਚਿੱਠੀ ਨਹੀਂ ਸੀ ਆਈ। ਸ਼ਾਇਦ ਉਸਨੇ ਕਦੇ ਕਿਸੇ ਨੂੰ ਲਿਖੀ ਵੀ ਨਹੀਂ ਸੀ।
ਇਕ ਵਾਰ ਮੈਂ ਪੁੱਛਿਆ ਵੀ ਸੀ- ਤੇਰੀ ਕਦੇ ਕਿਉਂ ਕੋਈ ਚਿੱਠੀ ਨਹੀਂ ਆਈ? ਤੈਨੂੰ ਵੀ ਕਦੀ ਲਿਖਦੇ ਵੀ ਨਹੀਂ ਦੇਖਿਆ?

ਉਸ ਦੀਆਂ ਅੱਖਾਂ ਤਰਲ ਜਿਹੀਆਂ ਹੋ ਗਈਆਂ ਸਨ। ਉਸ ਨੇ ਨੀਵੀਂ ਪਾ ਲਈ ਸੀ। ਏਨਾ ਹੀ ਕਿਹਾ ਸੀ- ਕੌਣ ਲਿਖੂ ਮੈਨੂੰ ਚਿੱਠੀ? ਮਾਂ ਤਾਂ ਮੇਰੀ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤੁਰ ਗਈ ਸੀ। ਪਿਤਾ ਜੀ ਨੂੰ ਕੀ ਲਿਖਾਂ? ਉਹਨਾਂ ਨੇ ਮੇਰੇ ਬਾਰੇ ਜੋ ਸੁਪਨੇ ਦੇਖੇ ਸਨ, ਉਹ ਮੈਂ ਤੋੜ ਆਇਆ ਹਾਂ...।

ਨਸੀਬ ਗੱਲ ਮੁਕਾਉਂਦਾ ਮੇਰੇ ਤੋਂ ਦੂਰ ਚਲਾ ਗਿਆ ਸੀ। ਕਈ ਵਾਰ ਉਸ ਨੂੰ ਇਕੱਲਿਆਂ ਉਦਾਸ ਬੈਠਿਆਂ ਦੇਖ ਕੇ ਲੱਗਦਾ ਸੀ, ਜਿਵੇਂ ਉਹ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੋਵੇ। ਜਿਵੇਂ ਉਹ ਆਪਣੇ ਆਪ ਨਾਲ ਹੀ ਕੋਈ ਜੰਗ ਲੜ ਰਿਹਾ ਹੋਵੇ...।

ਲਾਸਡਟ ਆਉਣ ਤੋਂ ਕੁਝ ਦਿਨਾਂ ਬਾਦ ਸੱਚਮੁਚ ਜੰਗ ਸ਼ੁਰੂ ਹੋ ਗਈ। ਸਾਡੇ ਪਾਸ ਟਰਾਂਜ਼ਿਸਟਰ ਸੀ। ਅਸੀਂ ਖ਼ਬਰਾਂ ਸੁਣਦੇ ਰਹਿੰਦੇ ਸਾਂ। ਇਹ ਵੀ ਖ਼ਬਰ ਸੀ ਕਿ ਸਾਡੀਆਂ ਫ਼ੌਜਾਂ ਲਾਹੌਰ ਤੇ ਸਿਆਲਕੋਟ ਦੇ ਸੈਕਟਰ ਵਿਚੇ ਅੱਗੇ ਹੀ ਅੱਗੇ ਵਧਦੀਆਂ ਜਾ ਰਹੀਆਂ ਹਨ। ਅਸੀਂ ਵੀ ਹਮਲੇ ਦੀ ਉਡੀਕ ਕਰਨ ਲੱਗ ਪਏ। ਸਾਨੂੰ ਪੂਰਾ ਅਮਨੀਸ਼ਨ ਵੰਡ ਦਿੱਤਾ ਗਿਆ ਸੀ। ਦੁਸ਼ਮਣ ਨੂੰ ਦੇਖਦਿਆਂ ਹੀ ਫ਼ਾਇਰ ਕਰਨ ਦਾ ਆਰਡਰ ਸੀ।

ਇਕ ਦਿਨ ਮੂੰਹ ਹਨੇਰੇ ਹੀ ਸਾਡੇ ਉਪਰ ਹਮਲਾ ਹੋ ਗਿਆ। ਬਹੁਤ ਤੇਜ਼ ਫ਼ਾਇਰਿੰਗ ਸੀ। ਅਸੀਂ ਵੀ ਫ਼ਾਇਰਿੰਗ ਖੋਲ੍ਹ ਦਿੱਤੀ। ਅਸੀਂ ਤਾਂ ਇਸ ਦਿਨ ਦੀ ਉਡੀਕ ਵਿਚ ਸਾਂ। ਹਰ ਇਕ ਤਰ੍ਹਾਂ ਦੇ ਹਥਿਆਰ ਦਾ ਫ਼ਾਇਰ ਸੀ। ਲਾਈਟ ਮਸ਼ੀਨ ਗੰਨ, 2 ਇੰਚ ਮਾਰਟਰ ਅਤੇ ਤਿੰਨ ਇੰਚ ਮਾਰਟਰ। ਦੋ ਘੰਟੇ ਦੀ ਫ਼ਾਇਰਿੰਗ ਬਾਦ ਦਿਨ ਚੜ੍ਹ ਆਇਆ। ਹੁਣ ਅਸੀਂ ਦੂਰ ਤੱਕ ਦੇਖ ਸਕਦੇ ਸਾਂ।

ਦੁਸ਼ਮਣ ਨੇ ਅਚਾਨਕ ਫ਼ਾਇਰ ਬੰਦ ਕਰ ਕੇ ਲਾਊਡ ਸਪੀਕਰ ’ਤੇ ਬੋਲਣਾ ਸ਼ੁਰੂ ਕਰ ਦਿੱਤਾ- ਸਿੱਖੋ, ਇਥੋਂ ਭੱਜ ਜਾਉ। ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ। ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੇ, ਪਰ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਡੀਆਂ ਮੜ੍ਹੀਆਂ ਇੱਥੇ ਲਾਸਟਡ ਵਿਚ ਹੀ ਬਣਨਗੀਆਂ।

ਸਾਨੂੰ ਪਤਾ ਸੀ, ਉਹ ਬਨਾਵਟੀ ਟਾਰਗਟ ਖੜ੍ਹਾ ਕਰ ਕੇ ਸਾਨੂੰ ਧੋਖਾ ਦੇਣਾ ਚਾਹੁੰਦੇ ਸਨ ਤਾਂ ਕਿ ਚਾਲਾਕੀ ਨਾਲ ਪਿੱਛੋਂ ਸਾਡੇ ’ਤੇ ਹਮਲਾ ਕੀਤਾ ਜਾ ਸਕੇ। ਸਾਡਾ ਸੂਬੇਦਾਰ ਬਖ਼ਸ਼ੀਸ਼ ਸਿੰਘ ਪੁਰਾਣਾ ਫੌਜੀ ਸੀ। ਉਹ ਪਹਿਲਾਂ ਵੀ ਲੜਾਈਆਂ ਲੜ ਚੁੱਕਾ ਸੀ। ਉਹ ਹਰ ਇਕ ਨੌਜਵਾਨ ਨੂੰ ਹੌਸਲਾ ਦੇ ਰਿਹਾ ਸੀ- ਸਾਡਾ ਗੁਰੂ ਸਾਡੇ ਅੰਗ ਸੰਗ ਹੈ। ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦਾ। ਅਸੀਂ ਤਾਂ ਇਕ ਇਕ ਸਵਾ ਸਵਾ ਲੱਖ ’ਤੇ ਭਾਰੂ ਹਾਂ।
ਸਾਡੇ ਜਵਾਨ ਬਹੁਤ ਹੌਸਲੇ ਵਿਚ ਸਨ।

ਸਾਡੇ 2 ਇੰਚ ਤੇ 3 ਇੰਚ ਮਾਰਟਰ ਤੋਪਾਂ ਵਾਲੇ ਤਕਰੀਬਨ 75 ਡਿਗਰੀ ’ਤੇ ਫ਼ਾਇਰ ਕਰ ਰਹੇ ਸਨ। ਜੋ ਠੀਕ 500 ਗਜ਼ ’ਤੇ ਜਾ ਰਿਹਾ ਸੀ। ਦੁਸ਼ਮਣ ਪੰਜ ਸੌ ਗਜ਼ ਉਪਰ ਘੇਰਾ ਪਾਈ ਬੈਠਾ ਸੀ। ਐਲ. ਐਮ. ਜੀ. ਵੀ ਆਪਣੇ ਇਲਾਕੇ ਨੂੰ ਕਵਰ ਕਰ ਕੇ ਫ਼ਾਇਰ ਕਰ ਰਹੀਆਂ ਸਨ। ਦਸ ਵੱਜ ਚੁੱਕੇ ਸਨ, ਪਰ ਦੁਸ਼ਮਣ ਪਿੱਛੇ ਹਟਣ ਦਾ ਨਾਂ ਨਹੀਂ ਸੀ ਲੈ ਰਿਹਾ।

ਕੰਡਿਆਲੀ ਤਾਰ ਸਾਡਾ ਕਿਲਾ ਬਣ ਗਈ ਸੀ। ਦੁਸ਼ਮਣ ਜਦ ਵੀ ਅੱਗੇ ਵਧਣ ਲਗਦਾ, ਉਸ ਨੂੰ ਉਪਰ ਉਠਣਾ ਪੈਂਦਾ ਸੀ। ਉਸੇ ਵਕਤ ਸਾਡੇ ਨੌਜਵਾਨ ਉਹਨਾਂ ਨੂੰ ਨਿਸ਼ਾਨਾ ਬਣਾ ਲੈਂਦੇ ਸਨ। ਦੁਸ਼ਮਣ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ।
ਉਸ ਦਾ ਬਹੁਤ ਨੁਕਸਾਨ ਹੋ ਰਿਹਾ ਸੀ।

ਅਚਾਨਕ ਇਕ ਰਾਕਟ ਮੇਰੇ ਮੋਰਚੇ ਵਿਚ ਆਣ ਲਗਾ ਤੇ ਉਹ ਮਸ਼ੀਨਗੰਨ ’ਤੇ ਬੈਠੇ ਗੁਰਮੁਖ ਸਿੰਘ ਦੀ ਹਿੱਕ ਚੀਰਦਾ, ਪਿੱਛੇ ਮੋਰਚੇ ਦੀ ਕੰਧ ਵਿਚ ਜਾ ਵੱਜਾ।

ਗੁਰਮੁਖ ਸਿੰਘ ਸ਼ਹੀਦ ਹੋ ਗਿਆ। ਅਸੀਂ ਉਸ ਨੂੰ ਪਿੱਛੇ ਕੀਤਾ। ਉਸ ਉਪਰ ਸਫ਼ੇਦ ਕੱਪੜਾ ਪਾ ਦਿੱਤਾ। ਗੁਰਮੁਖ ਸਿੰਘ ਕੱਪੜੇ ਹੇਠ ਚੁੱਪਚਾਪ ਪਿਆ ਸੀ। ਸਾਨੂੰ ਉਸ ਦੀ ਆਖੀ ਗੱਲ ਵਾਰ ਵਾਰ ਯਾਦ ਆ ਰਹੀ ਸੀ- ਜੱਟੀ ਨੇ ਲਿਖਿਐ, ਦੁਸ਼ਮਣ ਦੇ ਦੰਦ ਖੱਟੇ ਕਰ ਕੇ ਹੀ ਪਰਤੀਂ।

ਉਸ ਵਾਲੀ ਮਸ਼ੀਨਗੰਨ ਨਸੀਬ ਸਿੰਘ ਨੇ ਸੰਭਾਲ ਲਈ। ਨਸੀਬ ਸਿੰਘ ਰੁਕ ਰੁਕ ਕੇ ਆਪਣੀਆਂ ਅੱਖਾਂ ਸਾਫ਼ ਕਰਦਾ ਸੀ ਤੇ ਵਿਚ ਵਿਚ ਚਿੱਟੇ ਕੱਪੜੇ ਹੇਠ ਪਏ ਗੁਰਮੁਖ ਸਿੰਘ ਵੱਲ ਦੇਖ ਲੈਂਦਾ ਸੀ।

ਕਹਿਣ ਲਗਾ- ਗਿਆਨ ਸਿਆਂ, ਮੇਰੀ ਹੀ ਜ਼ਬਾਨ ਕਾਲ਼ੀ ਐ... ਮੈਂ ਹੀ ਉਸ ਦਿਨ ਆਖ ਬੈਠਾ ਸੀ...। ਉਸ ਪਾਸੋਂ ਗੱਲ ਪੂਰੀ ਨਾ ਹੋਈ। ਉਸ ਦਾ ਗਲ਼ਾ ਭਰ ਆਇਆ ਸੀ।

ਮੈਂ ਉਸ ਦੀ ਪਿੱਠ ’ਤੇ ਹੱਥ ਰੱਖ ਦਿੱਤਾ ਤੇ ਕਿਹਾ- ਦਿਲ ਹੌਲ਼ਾ ਨਾ ਕਰ, ਨਸੀਬ। ਗੁਰਮੁਖ ਸਿੰਘ ਦੀ ਸ਼ਹਾਦਤ ਨੂੰ ਛੋਟੀ ਨਾ ਕਰ।

ਉਹ ਗ਼ੁੱਸੇ ਵਿਚ ਦੁਸ਼ਮਣ ਉਪਰ ਅੰਧਾ ਧੁੰਦ ਫ਼ਾਇਰਿੰਗ ਕਰਨ ਲੱਗ ਪਿਆ। ਦੁਸ਼ਮਣ ਵਾਲੇ ਪਾਸਿਉਂ ਆਉਂਦੀਆਂ ਚੀਕਾਂ ਦੱਸ ਰਹੀਆਂ ਸਨ, ਉਸ ਦਾ ਬਹੁਤ ਨੁਕਸਾਨ ਹੋ ਰਿਹਾ ਸੀ। ‘ਜੈ ਅਲੀ’ ਦੇ ਨਾਅਰੇ ਵੀ ਬਹੁਤ ਘੱਟ ਹੋ ਗਏ ਸਨ। ਹੁਣ ਉਹ ਸਪੀਕਰ ਉਪਰ ਵੀ ਰੋਹਬ ਨਾਲ ਨਹੀਂ ਸੀ ਬੋਲ ਰਹੇ। ਸ਼ਾਮ ਦੇ ਚਾਰ ਵੱਜ ਗਏ ਸਨ। ਅਸੀਂ ਨਾ ਚਾਹ ਪੀਤੀ ਨਾ ਪਾਣੀ। ਕੁਝ ਜਵਾਨਾਂ ਨੇ ਥੋੜ੍ਹੀ ਥੋੜ੍ਹੀ ਰੰਮ ਜ਼ਰੂਰ ਪੀ ਲਈ ਸੀ। ਨਸੀਬ ਸਿੰਘ ਨੇ ਉਹ ਵੀ ਨਾ ਪੀਤੀ। ਪਹਾੜੀਆਂ ਫ਼ਾਇਰਿੰਗ ਨਾਲ ਗੂੰਜ ਰਹੀਆਂ ਸਨ। ਸਾਡੇ ‘ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ’ ਦੇ ਨਾਅਰੇ ਗੂੰਜ ਰਹੇ ਸਨ...।

ਰਾਤ ਪੈ ਗਈ। ਸਾਡੇ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਚਾਰ ਜ਼ਖ਼ਮੀਂ ਹੋ ਗਏ ਸਨ। ਮੇਰੇ ਵੀ ਮੱਥੇ ਉਪਰ ਬੰਬ ਦਾ ਸਪਿਟਰ ਲਗਾ ਸੀ ਤੇ ਲਹੂ ਦੀ ਤਤੀਰੀ ਫੁਟ ਪਈ ਸੀ, ਪਰ ਉਸੇ ਟਾਈਮ ਪੱਟੀ ਹੋ ਗਈ ਤੇ ਮੈਂ ਲੜਾਈ ਜਾਰੀ ਰੱਖੀ। ਸਾਡਾ ਦੁਸ਼ਮਣ ਉਪਰ ਦਬਾਅ ਬਰਕਰਾਰ ਸੀ।

ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾ ਕੇ ਦੁਸ਼ਮਣ ਪਿੱਛੇ ਹਟ ਗਿਆ। ਆਪਣੇ ਮੁਰਦਾ ਤੇ ਜ਼ਖ਼ਮੀਂ ਸਿਪਾਹੀਆਂ ਨੂੰ ਵੀ ਪਿੱਛੇ ਛੱਡ ਗਿਆ। ਸਵੇਰ ਤੱਕ ਲੜਾਈ ਬਿਲਕੁਲ ਬੰਦ ਹੋ ਗਈ ਸੀ। ਕਿਸੇ ਪਾਸਿਓਂ ਵੀ ਫ਼ਾਇਰ ਨਹੀਂ ਸੀ ਹੋ ਰਿਹਾ। ਅਸੀਂ ਆਪੋ ਆਪਣੇ ਮੋਰਚੇ ਵਿਚ ਚਾਹ ਪਾਣੀ ਪੀਤਾ। ਆਪਣੇ ਸ਼ਹੀਦਾਂ ਨੂੰ ਇੱਜ਼ਤ ਮਾਣ ਨਾਲ ਇਕ ਪਾਸੇ ਕਰ ਕੇ ਰੱਖ ਦਿੱਤਾ ਅਤੇ ਉਹਨਾਂ ਉਪਰ ਇਕ ਸੰਤਰੀ ਪਹਿਰੇ ’ਤੇ ਬਿਠਾ ਦਿੱਤਾ।

ਹੈਡ ਕੁਆਟਰ ਤੋਂ ਆਏ ਹੁਕਮ ਮੁਤਾਬਕ ਅਸੀਂ ਆਪਣੇ ਸ਼ਹੀਦਾਂ ਨੂੰ ਇਸ਼ਨਾਨ ਕਰਵਾਇਆ। ਨਵੀਆਂ ਵਰਦੀਆਂ ਪੁਆਈਆਂ। ਨਸੀਬ ਸਿੰਘ ਨੇ ਗੁਰਮੁਖ ਸਿੰਘ ਦੀ ਜੇਬ ਵਿਚੋਂ ਉਸ ਦੀ ਚਿੱਠੀ ਕੱਢ ਲਈ। ਉਹ ਉਸ ਦੀ ਪਤਨੀ ਤੇ ਬੱਚੇ ਦੀ ਫੋਟੋ ਨੂੰ ਚਿਖਾ ਵਿਚ ਨਹੀਂ ਸੀ ਸਾੜਨਾ ਚਾਹੁੰਦਾ। ਸ਼ਹੀਦਾਂ ਨੂੰ ਸਾਲਾਮੀ ਦੇ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਰਾਤ ਪੈ ਗਈ, ਪਰ ਸਾਨੂੰ ਨੀਂਦ ਨਾ ਆਵੇ। ਗੁਰਮੁਖ ਸਿੰਘ ਦੀਆਂ ਗੱਲਾਂ ਯਾਦ ਆਈ ਜਾਣ। ਉਸ ਨਾਲ ਹਮੇਸ਼ਾ ਅੱਡੇ ਫਾਹੇ ਲੈਣ ਵਾਲਾ ਨਸੀਬ ਸਿੰਘ ਤਾਂ ਫੁੱਟ ਫੁੱਟ ਰੋ ਪਿਆ, ਵਾਰ ਵਾਰ ਆਖੀ ਜਾਵੇ- ਮੈਂ ਹੀ ਉਸ ਦਿਨ ਆਖ ਬੈਠਾ ਸੀ, ਗੋਲ਼ੀ ਗੋਲ਼ੀ ’ਤੇ ਖਾਣ ਵਾਲੇ ਦਾ ਨਾਂ ਲਿਖਿਆ ਹੁੰਦੈ। ਮੈਨੂੰ ਕੀ ਪਤਾ ਸੀ, ਮੇਰੇ ਗੁਰਮੁਖ ਦਾ ਨਾਂ ਵੀ ਕਿਸੇ ਗੋਲ਼ੀ ’ਤੇ ਲਿਖਿਆ ਹੋਇਆ ਸੀ।

ਉਹ ਗੁਰਮੁਖ ਸਿੰਘ ਦੀ ਪਤਨੀ ਤੇ ਪੁੱਤਰ ਦੀ ਇੱਜ਼ਤ ਮਾਣ ਨਾਲ ਸੰਭਾਲੀ ਹੋਈ ਫੋਟੋ ਵੱਲ ਦੇਖੀ ਜਾਵੇ। ਅਸੀਂ ਸਾਰੇ ਨਸੀਬ ਸਿੰਘ ਨੂੰ ਹੌਸਲਾ ਦਿੰਦੇ ਰਹੇ। ਸੰਤਰੀ ਪਹਿਰਾ ਦੇ ਰਹੇ ਸਨ, ਪਰ ਸਾਨੂੰ ਨੀਂਦ ਚੰਗੀ ਤਰ੍ਹਾਂ ਨਾ ਆਈ।

ਸਵੇਰੇ ਮੈਨੂੰ ਆਪਣੇ ਜਵਾਨ ਲੈ ਕੇ ਰੈਕੀ ਕਰਨ ਦਾ ਸੂਬੇਦਾਰ ਬਖ਼ਸ਼ੀਸ਼ ਸਿੰਘ ਨੇ ਹੁਕਮ ਦਿੱਤਾ। ਨਾਲ ਹੀ ਕਿਹਾ ਕਿ ਦੁਸ਼ਮਣ ਦੀਆਂ ਲਾਸ਼ਾਂ ਨੂੰ, ਉਹਨਾਂ ਦੇ ਧਰਮ ਅਨੁਸਾਰ, ਦਫ਼ਨਾ ਦਿੱਤਾ ਜਾਵੇ। ਸਾਡੇ ਨਾਲ ਲਾਗਲੇ ਪਿੰਡ ਦਾ ਇਕ ਮੁਸਲਮਾਨ ਸਾਥੀ ਸੀ ਫ਼ਿਰੋਜ਼ਦੀਨ।

ਸਾਨੂੰ ਥਾਂ ਥਾਂ ਪਈਆਂ 23 ਲਾਸ਼ਾਂ ਮਿਲੀਆਂ ਤੇ ਇਕ ਨੌਜਵਾਨ ਜ਼ਖ਼ਮੀਂ ਸਿਪਾਹੀ। ਜ਼ਖ਼ਮੀਂ ਨੂੰ ਅਸੀਂ ਮਲ੍ਹਮ ਪੱਟੀ ਕਰ ਕੇ ਕੈਦੀ ਬਣਾ ਲਿਆ ਅਤੇ ਲਾਸ਼ਾਂ ਨੂੰ ਇਸਲਾਮੀ ਢੰਗ ਨਾਲ ਦਫ਼ਨਾ ਦਿੱਤਾ।

ਅਸੀਂ ਵਾਪਸ ਆ ਰਹੇ ਸੀ ਤਾਂ ਪਾਣੀ ਵਿਚ ਇਕ ਹੋਰ ਲਾਸ਼ ਨਜ਼ਰ ਆਈ। ਉਸ ਨੂੰ ਬਾਹਰ ਕੱਢਿਆ। ਉਸ ਦੀ ਵੀ ਤਲਾਸ਼ੀ ਲਈ ਗਈ। ਉਸ ਦੀ ਜੇਬ ਵਿੱਚੋਂ 60 ਪਾਕਿਸਤਾਨੀ ਰੁਪਏ ਨਿਕਲੇ ਅਤੇ ਇਕ ਚਿੱਠੀ ਸੀ। ਚਿੱਠੀ ਮ੍ਰਿਤਕ ਦੀ ਪਤਨੀ ਦੀ ਸੀ। ਫ਼ਿਰੋਜ਼ਦੀਨ ਨੇ ਚਿਠੀ ਪੜ੍ਹ ਕੇ ਸੁਣਾਈ। ਰਾਜ਼ੀ ਬਾਜ਼ੀ ਤੋਂ ਬਾਅਦ ਲਿਖਿਆ ਹੋਇਆ ਸੀ- ਬੱਚੇ ਤੁਹਾਨੂੰ ਬਹੁਤ ਯਾਦ ਕਰਦੇ ਨੇ। ਸਾਡਾ ਕੋਠਾ ਬਰਸਾਤਾਂ ਕਾਰਣ ਢਹਿ ਪਿਆ ਏ। ਮੈਂ ਇੱਟਾਂ ਤੇ ਬਾਲੇ ਖ਼ਰੀਦ ਲਏ ਨੇ। ਤੁਸੀਂ ਕੱਝ ਦਿਨਾਂ ਦੀ ਛੁੱਟੀ ਆ ਜਾਵੋ। ਨਾਲੇ ਕੋਠਾ ਬਣਵਾ ਜਾਵੋ, ਨਾਲੇ ਬੱਚਿਆਂ ਨੂੰ ਮਿਲ ਜਾਵੋ। ਤੁਹਾਡੀ ਸਲਾਮਤੀ ਲਈ ਹਰ ਵਕਤ ਦੁਆ ਮੰਗਦੀ-ਤੁਹਾਡੀ ਬਰਕਤੇ।

ਚਿੱਠੀ ਸੁਣਦਿਆਂ ਸਾਡੀਆਂ ਅੱਖਾਂ ਭਰ ਆਈਆਂ। ਨਸੀਬ ਸਿੰਘ ਦੀ ਤਾਂ ਢਾਹ ਹੀ ਨਿਕਲ ਗਈ- ਹੁਣ ਕੌਣ ਕੋਠਾ ਬਣਵਾ ਕੇ ਦਊ ਉਹਨਾਂ ਵਿਚਾਰਿਆਂ ਨੂੰ?
ਚਿੱਠੀ ਵਿਚ ਉਸ ਦੇ ਪਿੰਡ ਦਾ ਪਤਾ ਵੀ ਸੀ। ਮਾਤਾ ਵਾਲੀ ਕਤਲੂਈ, ਜ਼ਿਲ੍ਹਾ ਕਸੂਰ, ਪਾਕਿਸਤਾਨ।
ਚਿੱਠੀ ਉਪਰ ਅੱਲਾ ਰੱਖਾ ਅਤੇ ਉਸ ਦੀ ਪਲਟਣ ਦਾ ਸਿਰਨਾਵਾਂ ਸੀ...।
ਅੱਲਾ ਰੱਖਾ...!

ਮੈਨੂੰ ਯਾਦ ਆਇਆ, ਮੇਰੇ ਪਿੰਡ ਮੇਰੇ ਗਵਾਂਢ ਵਿਚ ਇਕ ਮੇਰਾ ਹਾਣੀ ਹੁੰਦਾ ਸੀ ਅੱਲਾ ਰੱਖਾ। ਅਸੀਂ ਸਾਰਾ ਸਾਰਾ ਦਿਨ ਇਕੱਠੇ ਖੇਡਿਆ ਕਰਦੇ ਸਾਂ। ਉਸਦੀ ਮਾਂ ਰਹਿਮਤੇ ਨੂੰ ਉਸ ਦੀ ਰੀਸੇ ਮੈਂ ਵੀ ਅੰਮਾ ਹੀ ਕਿਹਾ ਕਰਦਾ ਸੀ। ਮੇਰੀ ਮਾਂ ਦੱਸਿਆ ਕਰਦੀ ਸੀ ਕਿ ਛੋਟੇ ਹੰੁਦਿਆਂ ਇਕ ਵਾਰ ਰਹਿਮਤੇ ਅੱਲਾ ਰੱਖੇ ਨੂੰ ਦੁੱਧ ਚੁੰਘਾ ਰਹੀ ਸੀ। ਮੈਂ ਅੜੀ ਕਰਨ ਲੱਗ ਪਿਆ ਸਾਂ ਕਿ ਮੈਂ ਵੀ ਦੁੱਧ ਚੁੰਘਣਾ ਹੈ। ਅੰਮਾ ਰਹਿਮਤੇ ਨੇ ਮੈਨੂੰ ਵੀ ਗੋਦ ’ਚ ਲੈ ਕੇ ਆਪਣਾ ਦੁੱਧ ਮੇਰੇ ਮੂੰਹ ਵਿਚ ਪਾ ਦਿੱਤਾ ਸੀ। ਆਖਦੇ ਨੇ ਬਚਪਨ ਵਿਚ ਮੈਂ ਤੁਰਨਾ ਵੀ ਉਹਨਾਂ ਦੇ ਵਿਹੜੇ ਵਿਚ ਹੀ ਸਿਖਿਆ ਸੀ। ’47 ਵਿਚ ਬਟਵਾਰੇ ਵੇਲੇ ਉਹ ਪਾਕਿਸਤਾਨ ਚਲੇ ਗਏ ਸੀ ਤੇ ਫਿਰ ਉਹਨਾਂ ਦੀ ਕੋਈ ਉਘ ਸੁੱਘ ਨਹੀਂ ਸੀ ਮਿਲੀ। ਮੇਰੀ ਰੂਹ ਹਮੇਸ਼ਾ ਅੱਲਾ ਰੱਖਾ ਤੇ ਅੰਮਾ ਰਹਿਮਤੇ ਨੂੰ ਮਿਲਣ ਲਈ ਤੜਫਦੀ ਰਹੀ ਸੀ।

ਸਾਨੂੰ ਜੰਗੀ ਕੈਦੀ ਬਣਾਇਆ ਪਾਕਿਸਤਾਨੀ ਸਿਪਾਹੀ ਦੱਸ ਰਿਹਾ ਸੀ- ਅੱਲਾ ਰੱਖਾ ਮੇਰੇ ਹੀ ਪਿੰਡਾਂ ਦਾ ਸੀ। ਘਰੋਂ ਬਹੁਤ ਗ਼ਰੀਬ ਸੀ। ’47 ਵਿਚ ਪਾਕਿਸਤਾਨ ਆਉਂਦਿਆਂ ਉਸ ਦੇ ਮਾਂ ਬਾਪ ਨੂੰ ਫ਼ਸਾਦੀਆਂ ਨੇ ਮਾਰ ਦਿੱਤਾ ਸੀ। ਉਸ ਮਛੋਰ ਦੀ ਕਿਸੇ ਸੱਤ ਬੇਗਾਨੇ ਨੇ ਪਾਲਣਾ ਪੋਸ਼ਣਾ ਕੀਤੀ ਸੀ। ਅੱਲਾ ਰੱਖਾ ਤੇ ਮੈਂ ਇਕੱਠੇ ਹੀ ਫ਼ੌਜ ਵਿਚ ਭਰਤੀ ਹੋਏ ਸਾਂ। ਕਈ ਚਿਰ ਤੋਂ ਉਹ ਛੁੱਟੀ ਮੰਗ ਰਿਹਾ ਸੀ ਆਪਣੇ ਟੱਬਰ ਕੋਲ ਜਾਣ ਲਈ, ਪਰ ਛੁੱਟੀ ਨਹੀਂ ਸੀ ਮਿਲ ਰਹੀ।

ਅੱਲਾ ਰੱਖਾ ਬਾਰੇ ਗੱਲਾਂ ਸੁਣ ਕੇ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਮੈਨੂੰ ਯਕੀਨ ਹੋ ਗਿਆ ਸੀ ਇਹ ਮੇਰਾ ਹੀ ਯਾਰ ਅੱਲਾ ਰੱਖਾ ਸੀ, ਜਿਸ ਨੂੰ ਮਿਲਣ ਨੂੰ ਮੇਰੀ ਰੂਹ ਏਨੇ ਸਾਲ ਤੜਪਦੀ ਰਹੀ ਸੀ। ਅੱਜ ਯਾਰ ਮਿਲਿਆ ਵੀ ਤਾਂ ਕਿਹੜੀ ਥਾਂ ’ਤੇ ਕਿਸ ਸੂਰਤ ਵਿਚ...!

ਮੈਨੂੰ ਸੋਚ ਸੋਚ ਹੋਰ ਵੀ ਦੁੱਖ ਹੋ ਰਿਹਾ ਸੀ ਕਿ ਮੇਰਾ ਯਾਰ ਅੱਲਾ ਰੱਖਾ ਹੋ ਸਕਦੈ ਮੇਰੀ ਹੀ ਗੋਲ਼ੀ ਨਾਲ ਮਰਿਆ ਹੋਵੇ...।
ਮੇਰੇ ਮੂੰਹੋਂ ਨਿਕਲ ਗਿਆ- ਅੱਲਾ ਰੱਖਾ ਮੇਰਾ ਦੋਸਤ ਸੀ, ਦੁਸ਼ਮਣ ਨਹੀਂ। ਮੇਰੀ ਉਸ ਦੀ ਕੀ ਲੜਾਈ ਸੀ?
ਨਸੀਬ ਸਿੰਘ ਨੇ ਕਿਹਾ- ਗੁਰਮੁਖ ਸਿੰਘ ਦੀ ਕਿਸੇ ਨਾਲ ਕੀ ਦੁਸ਼ਮਣੀ ਸੀ?
ਕੱਲ ਗੁਰਮੁਖ ਦਾ ਸਸਕਾਰ ਕੀਤਾ ਸੀ, ਹੁਣ ਅੱਲਾ ਰੱਖਾ...। ਏਨਾ ਆਖ ਕੇ ਉਹ ਮੂੰਹ ਦੂਜੇ ਪਾਸੇ ਕਰ ਕੇ ਆਪਣੀਆਂ ਅੱਖਾਂ ਪੂੰਝਣ ਲੱਗ ਪਿਆ।

ਜਦ ਅੱਲਾ ਰੱਖਾ ਨੂੰ ਦਫ਼ਨਾਇਆ ਗਿਆ, ਮੈਂ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਮਿੱਟੀ ਦਾ ਪਹਿਲਾ ਬੁੱਕ ਵੀ ਮੈਂ ਹੀ ਪਾਇਆ।
ਉਸ ਰਾਤ ਲੜ੍ਹਾਈ ਦਾ ਕੋਈ ਖ਼ਤਰਾ ਨਹੀਂ ਸੀ। ਸੂਬੇਦਾਰ ਬਖਸ਼ੀਸ਼ ਸਿੰਘ ਦੇ ਕਹਿਣ ’ਤੇ ਸਾਰੇ ਜਵਾਨਾਂ ਨੂੰ ਚੰਗਾ ਖਾਣਾ ਤੇ ਰੰਮ ਖੁੱਲ੍ਹੀ ਵਰਤਾਈ ਗਈ। ਨਸੀਬ ਸਿੰਘ ਨੇ ਰੰਮ ਲੈਣ ਤੋਂ ਉਕਾ ਹੀ ਨਾਂਹ ਕਰ ਦਿੱਤੀ ਸੀ। ਸੌਣ ਲੱਗਿਆਂ, ਜੰਗੀ ਕੈਦੀ ਸਿਪਾਹੀ ’ਤੇ ਪਹਿਰਾ ਦੇਣ ਦੀ ਡਿਊਟੀ ਨਸੀਬ ਸਿੰਘ ਦੀ ਲਗਾਈ ਗਈ। ਉਸ ਨੂੰ ਮੈਂ ਸਖ਼ਤ ਤਾੜਨਾ ਕੀਤੀ ਕਿ ਕੋਈ ਕੋਤਾਹੀ ਨਾ ਹੋਵੇ।

ਰੰਮ ਦੇ ਨਸ਼ੇ ਵਿਚ ਅਸੀਂ ਘੂਕ ਸੌਂ ਗਏ। ਸਵੇਰੇ ਉਠੇ ਤਾਂ ਵਖ਼ਤ ਪੈ ਗਿਆ।
ਜੰਗੀ ਕੈਦੀ ਕਿੱਧਰੇ ਭੱਜ ਗਿਆ ਸੀ। ਪਹਿਰੇ ’ਤੇ ਬੈਠੇ ਨਸੀਬ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਕਿੱਧਰੇ ਤੜਕਸਾਰ ਊਂਘ ਆ ਗਈ ਸੀ, ਜਦ ਅੱਖ ਖੁੱਲ੍ਹੀ ਤਾਂ ਕੈਦੀ ਗਾਇਬ ਸੀ। ਇਹ ਸੁਣਕੇ ਪੂਰੀ ਯੂਨਿਟ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਸਾਨੂੰ ਪਤਾ ਸੀ ਕਿ ਅਫਸਰਾਂ ਨੇ ਨਸੀਬ ਸਿੰਘ ਨੂੰ ਬਾਰਾਂ ਪੱਥਰ ਕਰ ਦੇਣਾ ਸੀ। ਮੈਨੂੰ ਸਾਰੇ ਆਖ ਰਹੇ ਸਨ ਕਿ ਉਸ ਨੂੰ ਬਚਾਉਣ ਦਾ ਕੋਈ ਚਾਰਾ ਕੀਤਾ ਜਾਵੇ। ਆਖਰ ਤਾਂ ਨੀਂਦ ਦੀ ਗੱਲ ਹੈ। ਨੀਂਦ ਤਾਂ ਕਿਸੇ ਨੂੰ ਸੂਲ਼ੀ ’ਤੇ ਵੀ ਆ ਸਕਦੀ ਹੈ। ਮੈਂ ਲਾਂਸ ਨਾਇਕ ਕੀ ਕਰ ਸਕਦਾ ਸਾਂ? ਵੱਡੇ ਅਫ਼ਸਰਾਂ ਅੱਗੇ ਮੇਰੀ ਕੀ ਔਕਾਤ ਸੀ? ਫਿਰ ਵੀ ਮੈਂ ਸਾਥੀਆਂ ਦੇ ਜੋਰ ਪਾਉਣ ’ਤੇ ਸੂਬੇਦਾਰ ਬਖਸ਼ੀਸ਼ ਸਿੰਘ ਦਾ ਤਰਲਾ ਕੀਤਾ। ਬਖਸ਼ੀਸ਼ ਸਿੰਘ ਸੋਚੀਂ ਪੈ ਗਿਆ। ਕਹਿਣ ਲੱਗਾ- ਮੋਰਚਾ ਫ਼ਤਹ ਕਰਨ ਨਾਲ ਜਿਤਨੀ ਇੱਜ਼ਤ ਬਣੀ ਸੀ, ਉਸ ਤੋਂ ਕਿਤੇ ਵੱਧ ਇਸ ਕੈਦੀ ਦੇ ਭੱਜਣ ਨਾਲ ਬਦਨਾਮੀ ਹੋਵੇਗੀ।

ਅਖ਼ੀਰ ਸੂਬੇਦਾਰ ਨੇ ਹੀ ਰਾਹ ਕੱਢਿਆ। ਕਹਿਣ ਲੱਗਾ- ਜੇ ਇਸ ਗੱਲ ਦੀ ਕਿਧਰੇ ਧੂੰ ਨਾ ਨਿਕਲੇ ਤਾਂ ਇਕ ਰਾਹ ਹੈ।
- ਜਨਾਬ, ਉਹ ਕੀ? ਮੈਂ ਕਾਹਲੀ ਨਾਲ ਪੁਛਿਆ।
- ਅਫ਼ਸਰਾਂ ਨੂੰ ਆਖ ਦਿੰਨੇ ਹਾਂ ਪਈ ਜੰਗੀ ਕੈਦੀ ਰਾਤ ਦੰਮ ਤੋੜ ਗਿਆ ਸੀ ਤੇ ਉਸ ਨੂੰ ਵੀ ਦਫ਼ਨਾ ਦਿੱਤਾ ਗਿਆ ਹੈ।
ਅਜਿਹਾ ਹੀ ਕੀਤਾ ਗਿਆ। ਮੈਂ ਸਭ ਨੂੰ ਮੂੰਹ ਬੰਦ ਰਖਣ ਦੀ ਤਾਕੀਦ ਕਰ ਦਿੱਤੀ। ਗੱਲ ਦੱਬੀ ਗਈ ਸੀ। ਅਫ਼ਸਰਾਂ ਨੂੰ ਕੋਈ ਸ਼ੰਕਾ ਵੀ ਨਾ ਹੋਈ।

ਹਫ਼ਤੇ ਕੁ ਬਾਅਦ ਅਸੀਂ ਪਹਾੜੀ ’ਤੇ ਰੈਕੀ ਕਰ ਰਹੇ ਸਾਂ। ਅਚਾਨਕ ਨਸੀਬ ਸਿੰਘ ਨੇ ਮੇਰੇ ਸਿਰ ’ਤੇ ਬੰਬ ਫਟਾ ਦਿੱਤਾ ਸੀ। ਉਸ ਦੀ ਗੱਲ ਸੁਣ ਕੇ ਮੈਂ ਠਠੰਬਰ ਕੇ ਖਲੋ ਗਿਆ ਸਾਂ। ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਕੰਬਦੀ ਜਾਪੀ ਸੀ। ਮੈਨੂੰ ਆਪਣਾ ਆਪ ਬਾਰਾਂ ਪੱਥਰ ਹੁੰਦਾ ਨਜ਼ਰ ਆਉਣ ਲਗ ਪਿਆ ਸੀ।
ਆਖਰ ਨਸੀਬ ਏਡੀ ਵੱਡੀ ਮੂਰਖਤਾ ਕਿਵੇਂ ਕਰ ਸਕਦਾ ਸੀ?
ਉਹ ਮੇਰੇ ਕੋਲ ਆਇਆ ਸੀ ਤੇ ਹੌਲੀ ਦੇਣੀ ਮੇਰੇ ਕੰਨ ਦੇ ਕੋਲ ਕਹਿਣ ਲੱਗਾ- ਗਿਆਨ ਸਿਆਂ, ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ।
-ਹੈਂ! ਇਹ ਤੂੰ ਕੀ ਬਕਵਾਸ ਕਰਦੈ?
ਨਸੀਬ ਸਿੰਘ ਨੇ ਆਪਣੀ ਜੇਬ ਚੋਂ ਕੱਢ ਕੇ, ਇਕ ਚਿੱਠੀ ਮੈਨੂੰ ਫੜ੍ਹਾ ਦਿੱਤੀ, ਕਹਿਣ ਲਗਾ- ਉਸ ਰਾਤ ਉਸ ਕੈਦੀ ਨੇ ਆਪਣੀ ਇਹ ਚਿੱਠੀ ਮੈਨੂੰ ਪੜ੍ਹ ਕੇ ਸੁਣਾਈ ਸੀ ਤੇ ਲਈ ਤਰਲਾ ਕੀਤਾ ਸੀ...

ਨਸੀਬ ਦਸ ਰਿਹਾ ਸੀ -ਇਹ ਚਿਠੀ ਪੜ੍ਹਦਿਆਂ, ਉਹ ਰੋਇਆ ਕੁਰਲਾਇਆ ਸੀ...ਇਹ ਚਿੱਠੀ ਉਸ ਕੈਦੀ ਦੀ ਪ੍ਰੇਮਿਕਾ ਦੀ ਹੈ। ਇਸ ਵਿਚ ਉਸਦੀ ਪ੍ਰੇਮਕਾ ਨੇ ਲਿਖਿਆ ਸੀ ਕਿ ਅੱਬੂ ਦੀ ਹਾਲਤ ਬਹੁਤ ਨਾਜ਼ੁਕ ਹੈ। ਇਲਾਜ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ। ਅੱਬੂ ਜ਼ਿੱਦ ਕਰ ਰਹੇ ਹਨ ਕਿ ਤੁਸੀਂ ਕੁਝ ਦਿਨਾਂ ਲਈ ਆ ਜਾਓ। ਉਹ ਸਾਡਾ ਨਿਕਾਹ ਕਰ ਕੇ ਜ਼ਿੰਮੇਵਾਰੀ ਤੋਂ ਫ਼ਾਰਗ਼ ਹੋਣਾ ਚਾਹੁੰਦੇ ਨੇ। ਇਸ ਲਈ ਤੁਸੀਂ ਜਲਦੀ ਆ ਜਾਓ। ਤੁਹਾਨੂੰ ਪਤਾ ਹੈ, ਜੇ ਅੱਬੂ ਨੂੰ ਕੁਝ ਹੋ ਗਿਆ ਤਾਂ ਭਾਈ ਸਾਹਿਬ ਸਾਡਾ ਨਿਕਾਹ ਕਦੇ ਨਹੀਂ ਹੋਣ ਦੇਣਗੇ। ਤੁਹਾਨੂੰ ਵੀ ਪਤਾ ਹੈ, ਉਹ ਮੇਰਾ ਨਿਕਾਹ ਆਪਣੇ ਯਾਰ ਹਾਮਿਦ ਨਾਲ ਕਰਨ ਦੀ ਠਾਣੀ ਬੈਠੇ ਨੇ। ਜੇ ਅਜਿਹਾ ਕੁਝ ਹੋਇਆ ਤਾਂ ਮੈਂ ਫਾਹਾ ਲੈ ਲਵਾਂਗੀ। ਛੇਤੀ ਆ ਕੇ ਮੈਨੂੰ ਆਪਣੀ ਬਣਾ ਲਓ... ਨਹੀਂ ਤੇ ਮੇਰੀ ਮੌਤ ਦੀ ਖ਼ਬਰ ਹੀ ਤੁਹਾਡੇ ਤੱਕ ਪੁੱਜੇਗੀ।
ਨਸੀਬ ਭਾਵਕ ਹੋਇਆ ਬੋਲੀ ਜਾ ਰਿਹਾ ਸੀ- ਗਿਆਨ ਸਿੰਆਂ, ਉਹ ਵਿਚਾਰਾ ਡਾਡਾਂ ਮਾਰ ਕੇ ਰੋ ਪਿਆ ਸੀ ਤੇ..
ਮੈਂ ਚਿੱਠੀ ਮੁੱਠ ਵਿਚ ਘੁੱਟ ਲਈ ਸੀ।
ਨਸੀਬ ਭਰੇ ਗਲ਼ੇ ਨਾਲ ਆਖ ਰਿਹਾ ਸੀ- ਮੈਂ ਉਸ ਵਿਚਾਰੇ ਦੀ ਦੁਨੀਆ ਉਜੜਦੀ ਨਾ ਦੇਖ ਸਕਿਆ...।
ਮੈਂ ਨਸੀਬ ਦੀ ਗੱਲ ਪੂਰੀ ਵੀ ਨਾ ਹੋਣ ਦਿੱਤੀ।
-ਬੱਸ, ਬੱਸ ਕਰ ਓਏ..। ਏਡੀ ਵੱਡੀ ਮੂਰਖਤਾ? ਤੂੰ ਜੰਗੀ ਕੈਦੀ ਨੂੰ ਜਾਣ ਬੁੱਝ ਕੇ ਭਜਾ ਦਿੱਤਾ?
ਮੈਨੂੰ ਉਸਦਾ ਹੀ ਨਹੀਂ, ਆਪਣਾ ਭਵਿੱਖ ਵੀ ਕਾਲ਼ਾ ਨਜ਼ਰ ਆਉਣ ਲੱਗ ਪਿਆ ਸੀ।
- ਮੈਨੂੰ ਪਤਾ ਸੀ, ਮੈਂ ਮੂਰਖਤਾ ਕਰ ਰਿਹਾਂ। ਮੈਨੂੰ ਪਤਾ ਸੀ, ਮੈਂ ਫ਼ੌਜ ਦਾ ਜ਼ਾਬਤਾ ਭੰਗ ਕਰ ਰਿਹਾਂ, ਪਰ ਗਿਆਨ ਸਿੰਆਂ, ਮੈਂ ਇਕ ਬਾਪ ਦਾ ਸੁਪਨਾ ਟੁੱਟਦਾ ਦੇਖ ਨਾ ਸਕਿਆ... ਉਸ ਗਰੀਬ ਦਾ ਪਿਆਰ ਉਜੜਦਾ ਨਾ ਦੇਖ ਸਕਿਆ। ਉਸ ਵਿਚਾਰੇ ਦਾ ਕੀ ਕਸੂਰ ਸੀ?
ਨਸੀਬ ਭਾਵਕ ਹੋਇਆ ਕਈ ਕੁਝ ਬੋਲੀ ਜਾ ਰਿਹਾ ਸੀ, ਪਰ ਮੇਰਾ ਦਿਮਾਗ਼ ਉਸ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ ਸ਼ਾਇਦ... ਮੈਂ ਸੋਚਾਂ ਵਿਚ ਗ਼ਲਤਾਨ ਹੋ ਗਿਆ ਸਾਂ... ਤੇ ਕਿਸੇ ਫ਼ੈਸਲੇ ’ਤੇ ਪੁੱਜਦਿਆਂ, ਮੈਂ ਇਤਨਾ ਹੀ ਆਖ ਸਕਿਆ ਨਸੀਬ, ਬੱਸ। ਹੁਣ ਪੂਰੀ ਹਿਆਤੀ ਇਹ ਗੱਲ ਦੁਬਾਰਾ ਤੇਰੀ ਜ਼ੁਬਾਨ ’ਤੇ ਨਹੀਂ ਆਉਣੀ ਚਾਹੀਦੀ।
... ਤੇ ਫਿਰ ਉਸ ਨੇ ਕਦੇ ਇਹ ਗੱਲ ਕਿਸੇ ਨਾਲ ਨਾ ਕੀਤੀ।
... ਤੇ ਫਿਰ ਪਹਿਲੀ ਵਾਰ ਉਸ ਨੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ ਸੀ। ਪਹਿਲੀ ਵਾਰ ਉਸ ਨੇ ਪਿਤਾ ਜੀ ਪਾਸੋਂ, ਉਹਨਾਂ ਦੇ ਸੁਪਨੇ ਪੂਰੇ ਨਾ ਕਰ ਸਕਣ ਦੀ, ਮੁਆਫ਼ੀ ਮੰਗ ਲਈ ਸੀ।
... ਤੇ ਫਿਰ ਕਦੇ ਕਿਸੇ ਨੇ ਉਸ ਨੂੰ ਇਕੱਲਿਆਂ ਗਲੇਡੂ ਭਰਦਿਆਂ ਵੀ ਦੇਖਿਆ ਨਹੀਂ ਸੀ ...

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਦੇਵ ਸਿੰਘ ਗਰੇਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ