Naagfani (Story in Punjabi) : Ram Lal

ਨਾਗਫ਼ਨੀ (ਕਹਾਣੀ) : ਰਾਮ ਲਾਲ

ਓਸਲੋ ਤੋਂ ਲੰਦਰ ਤਕ ਦੀ ਚਾਰਟਰਡ ਫਲਾਈਟ ਵਿਚ ਜਿੰਨੇ ਮੁਸਾਫਿਰ ਸਨ, ਉਹਨਾਂ ਵਿਚੋਂ ਵਧੇਰੇ ਸਿਰਫ ਛੁੱਟੀਆਂ ਮਨਾਉਣ ਖਾਤਰ ਹੀ ਇੰਗਲੈਂਡ ਜਾ ਰਹੇ ਸਨ। ਮੇਰੇ ਨਾਲ ਵਾਲੀ ਸੀਟ ਉੱਤੇ ਦੋ ਔਰਤਾਂ ਬੈਠੀਆਂ ਹੋਈਆਂ ਸਨ। ਇਕ ਤਾਂ ਡੈਨਮਾਰਕ ਦੀ ਏਲਿਸ ਮੇਥੇਲਿਨ ਸੀ ਜਿਹੜੀ ਪਿੱਛਲੇ ਕਈ ਸਾਲਾਂ ਤੋਂ ਨਾਰਵੇ ਵਿਚ ਇਕ ਸਾਊਥ ਇੰਡੀਅਨ ਨਾਲ ਰਹਿ ਰਹੀ ਸੀ—ਪਰ ਉਹਨਾਂ ਅਜੇ ਤਕ ਵਿਆਹ ਨਹੀਂ ਸੀ ਕਰਵਾਇਆ ਤੇ ਨਾ ਹੀ ਦੋਹਾਂ ਦਾ ਅਜੇ ਵਿਆਹ ਕਰਨ ਦਾ ਇਰਾਦਾ ਹੀ ਸੀ।
ਤੇ ਦੂਜੀ ਨਾਦਿਰਾ ਨਾਸਰੀ ਫਿਲਿਸਤੀਨੀ ਸੀ। ਉਹ ਚਿੱਤਰਕਾਰ ਵੀ ਸੀ ਤੇ ਸ਼ਾਇਰੀ ਵੀ ਕਰਦੀ ਸੀ। ਕੁਝ ਦਿਨ ਪਹਿਲਾਂ ਹੀ ਜਾਰਡਨ ਤੋਂ ਵਾਪਸ ਆਈ ਸੀ। ਉੱਥੇ ਉਸਦੀ ਬੁੱਢੀ ਜਰਮਨ ਚਾਚੀ ਰਹਿੰਦੀ ਸੀ ਤੇ ਉਸ ਕੋਲ ਹੀ ਉਸਦੇ ਮੁੱਢਲੇ ਹੱਥ ਚਿੱਤਰ ਤੇ ਨਜ਼ਮਾਂ ਦੇ ਖਰੜੇ ਪਏ ਸਨ। ਅਕਸਰ ਬਿਮਾਰ ਰਹਿਣ ਕਰਕੇ ਹੁਣ ਉਸਦੀ ਚਾਚੀ ਦੀ ਜ਼ਿੰਦਗੀ ਦਾ ਭਰੋਸਾ ਨਹੀਂ ਸੀ ਰਿਹਾ, ਸੋ ਆਪ ਜਾ ਕੇ ਆਪਣੀਆਂ ਕਲਾ-ਕਿਰਤਾਂ ਤੇ ਰਚਨਾਵਾਂ ਨੂੰ ਦੋ ਪੈਕਟਾਂ ਵਿਚ ਬੰਨ੍ਹ ਕੇ ਹਵਾਈ ਸਰਵਿਸ ਦੁਆਰਾ ਪੋਸਟ ਕਰਵਾ ਆਈ ਸੀ—ਪਰ ਪੈਕੇਟ ਅੱਜ ਤਾਈਂ ਓਸਲੋ ਨਹੀਂ ਸਨ ਪਹੁੰਚੇ। ਜਿਵੇਂ ਕਿ ਹਰੇਕ ਮੁਸਾਫ਼ਰ ਇਹੀ ਸਮਝਦਾ ਹੈ ਕਿ ਉਸਦਾ ਸਾਮਾਨ ਉਸਦੇ ਨਾਲ-ਨਾਲ ਜਹਾਜ਼ ਵਿਚ ਸਫ਼ਰ ਕਰ ਰਿਹਾ ਹੋਏਗਾ, ਨਾਸਰੀ ਵੀ ਇਹੀ ਸਮਝਦੀ ਰਹੀ ਸੀ। ਇਹ ਗੱਲ ਤਾਂ ਅੱਜ ਵੀ ਉਹ ਪੂਰੇ ਵਿਸ਼ਵਾਸ ਨਾਲ ਕਹਿ ਰਹੀ ਸੀ ਕਿ ਉਸਨੇ ਬੈਰੂਤ ਦੇ ਹਵਾਈ ਅੱਡੇ ਉੱਤੇ ਆਪਣੇ ਪੈਕਟਾਂ ਨੂੰ ਹੋਰ ਕਾਰਗੋ ਨਾਲ ਇਕ ਵੱਡੇ ਟਰਾਲੇ ਵਿਚ ਲੱਦਿਆ ਵੇਖਿਆ ਹੈ, ਫੇਰ ਪਤਾ ਨਹੀਂ ਕੀ ਹੋਇਆ ਸੀ ਕਿ ਉਹ ਓਸਲੋ ਨਹੀਂ ਸਨ ਪਹੁੰਚੇ! ਉਸਨੇ ਕਈ ਹਵਾਈ ਕੰਪਨੀਆਂ ਨੂੰ ਜਿਹਨਾਂ ਦੇ ਵਪਾਰਕ ਸੰਬੰਧ ਬੈਰੂਤ ਦੇ ਨਾਲ ਨਾਲ ਮਾਸਕੋ, ਲੰਦਨ, ਨਵੀਂ ਦਿੱਲੀ, ਐਮਸਟਰਡਮ, ਕਰਾਚੀ ਤੇ ਫਰੈਂਕਫਰਟ ਨਾਲ ਵੀ ਸਨ, ਆਪਣੀਆਂ ਰਚਨਾਵਾਂ ਦੇ ਭਾਵੁਕ ਮਹੱਤਵ ਬਾਰੇ ਅਨੇਕਾਂ ਖ਼ਤ ਲਿਖੇ ਸਨ...ਤੇ ਉਹਨਾਂ ਨੇ ਆਪਣੇ ਉਪਚਾਰਕ ਨਿਯਮਾਂ ਅਧੀਨ ਉਸਦੇ ਹਰੇਕ ਖ਼ਤ ਦਾ ਜਵਾਬ ਵੀ ਤੁਰੰਤ ਹੀ ਦੇ ਦਿੱਤਾ ਸੀ—ਪਰ ਉਹਨਾਂ ਖ਼ਤਾਂ ਵਿਚ ਉਸਦੇ ਸਾਮਾਨ ਦੇ ਨਾ ਮਿਲ ਸਕਣ ਬਾਰੇ ਅਫ਼ਸੋਸ ਹੀ ਪਰਗਟ ਕੀਤਾ ਗਿਆ ਸੀ। ਹੁਣ ਉਹ ਆਪਣੀ ਚਿੱਤਰ-ਪ੍ਰਦਰਸ਼ਨੀ ਵਿਚ ਆਪਣੀਆਂ ਮੁੱਢਲੀਆਂ ਕਲਾ-ਕਿਰਤਾਂ ਨਹੀਂ ਰੱਖ ਸਕੇਗੀ, ਜਿਹਨਾਂ ਦੀ ਅਲੋਚਕ ਮੰਗ ਕਰ ਰਹੇ ਸਨ...ਤੇ ਉਸ ਮੌਕੇ ਉਪਰ ਇਕੱਠੇ ਹੋਏ ਕਲਾ ਪ੍ਰੇਮੀਆਂ ਨੂੰ ਆਪਣੀਆਂ ਪੁਰਾਣੀਆਂ ਤੇ ਨਵੀਂਆਂ ਨਜ਼ਮਾਂ ਸੁਣ ਕੇ ਜਿਸ ਨਵੀਂ ਪਰੰਪਰਾ ਦੀ ਨੀਂਹ ਰੱਖਣੀ ਚਾਹੁੰਦੀ ਸੀ—ਆਪਣੀ ਅਮੁੱਲ ਸੰਪਤੀ ਗਵਾਚ ਜਾਣ ਕਰਕੇ—ਇੰਜ ਨਹੀਂ ਸੀ ਕਰ ਸਕਦੀ। ਉਹ ਖਾਸੀ ਉਦਾਸ ਸੀ ਤੇ ਉਸਦਾ ਜ਼ਿਕਰ ਕਰਦੀ ਹੋਈ ਰੋਣ ਲੱਗ ਪੈਂਦੀ ਸੀ—ਹੁਣੇ ਕੁਝ ਚਿਰ ਪਹਿਲਾਂ ਉਸਨੇ ਮੇਰੇ ਸਾਹਮਣੇ ਵੀ ਅੱਥਰੂ ਵਹਾਏ ਸਨ। ਅੱਜ ਉਹ ਪੂਰੇ ਤਿੰਨ ਮਹੀਨੇ ਬਾਅਦ ਆਖ਼ਰੀ ਵਾਰ ਉਹਨਾਂ ਨੂੰ ਭਾਲਣ ਖਾਤਰ ਲੰਦਨ ਜਾ ਰਹੀ ਸੀ—ਇਸ ਉਮੀਦ 'ਤੇ ਕਿ ਸ਼ਾਇਦ ਉਹ ਕਿਸੇ ਅਜਿਹੇ ਕਾਰਗੋ ਵਿਚ ਪਏ ਲੱਭ ਪੈਣ, ਜਿਹਨਾਂ ਦੀ ਪਛਾਣ ਦੇ ਸਾਰੇ ਲੇਬਲ ਤੇ ਨਿਸ਼ਾਨ ਮਿਟ ਗਏ ਹੁੰਦੇ ਨੇ! ਆਪਣੀ ਪ੍ਰੇਸ਼ਾਨੀ ਕਰਕੇ ਉਹ ਸਾਡੇ ਨਾਲ ਗੱਲਾਂ-ਗੱਪਾਂ ਵਿਚ ਵੀ ਸ਼ਰੀਕ ਨਹੀਂ ਸੀ ਹੋ ਸਕੀ—ਡੇਢ ਘੰਟੇ ਦੀ ਫਲਾਈਟ ਦੌਰਾਨ ਮੈਂ ਤੇ ਏਲਿਸ ਹੀ ਗੱਲਾਂ ਕਰਦੇ ਰਹੇ ਸਾਂ...
ਏਲਿਸ ਲਗਭਗ ਪੌਣੇ ਛੇ ਫੁੱਟ ਉੱਚੀ ਸੀ—ਮੇਰੇ ਨਾਲੋਂ ਕੋਈ ਛੇ ਕੁ ਇੰਚ ਲੰਮੀ। ਉਸ ਵਿਚ ਪੱਛਮੀ ਔਰਤਾਂ ਵਾਲੇ ਸਾਰੇ ਗੁਣ ਸਨ, ਪਰ ਆਕੜ ਜ਼ਰਾ ਵੀ ਨਹੀਂ ਸੀ। ਸਗੋਂ ਔਰਤ ਜਾਤ ਦੀ ਸੁਭਾਵਿਕ ਨਿਮਰਤਾ ਦਾ ਉਹ ਅੰਸ਼ ਕੁਝ ਵਧੇਰੇ ਹੀ ਸੀ ਜੋ ਮਰਦਾਂ ਲਈ ਖ਼ੁਸ਼ੀ ਤੇ ਆਨੰਦ ਦਾ ਸੰਬਲ ਬਣ ਜਾਂਦਾ ਹੈ—ਤੇ ਉਸ ਦੀ ਝਲਕ ਸਦਕਾ ਉਸਦਾ ਗੋਰਾ ਮੁਖੜਾ ਅੱਤ ਹੁਸੀਨ ਤੇ ਦਿਲਕਸ਼ ਲੱਗਦਾ ਸੀ। ਉਸਦੇ ਡਾਈ ਕੀਤੇ, ਕੱਕੇ-ਭੂਰੇ ਵਾਲ ਉਸਦੇ ਮੋਢਿਆਂ ਉੱਤੇ ਝੂਲ ਰਹੇ ਸਨ। ਉਹ ਨਾਰਵੇ ਦੇ ਜੀਵਨ ਤੋਂ ਸੰਤੁਸ਼ਟ ਨਹੀਂ ਸੀ ਲੱਗ ਰਹੀ...ਕਿਉਂਕਿ ਵਾਰ-ਵਾਰ ਆਪਣੇ ਦੇਸ਼ ਦੇ ਸਾਹਿਤ, ਕਲਾ ਤੇ ਰੰਗਮੰਚ ਦੀ ਪਰੰਪਰਾ ਦੇ ਗੁਣ ਗਾਉਣ ਲੱਗ ਪੈਂਦੀ ਸੀ ਤੇ ਉਸਨੂੰ ਮਹਾਨ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਕੇਂਡੇਨੇਵੀਅਨ ਏਅਰ ਸਰਵਿਸ ਦੀ ਇਸ ਉਡਾਨ ਵਿਚ ਵਾਰੀ-ਵਾਰੀ ਹਵਾ ਦਾ ਦਬਾਅ ਘਟਣ ਜਾਂ ਵਧਣ ਲੱਗ ਪੈਂਦਾ ਸੀ—ਇਸ ਕਰਕੇ ਵੀ ਉਹਨਾਂ ਦੀ ਭਰਪੂਰ ਆਲੋਚਨਾ ਕਰ ਰਹੀ ਸੀ।
ਇਹਨਾਂ ਸਾਰੀਆਂ ਗੱਲਾਂ ਪਿੱਛੇ ਉਸਦੇ ਸਵੈਮਾਨ ਦਾ ਚੋਖਾ ਹੱਥ ਸੀ—ਕਿਉਂਕਿ ਜਦੋਂ ਮੈਂ ਕਾਫੀ ਸੋਚ ਵਿਚਾਰ ਪਿੱਛੋਂ ਕਿ ਉਸ ਦੀ ਸ਼ਕਲ-ਸੂਰਤ ਕਿਸ ਨਾਲ ਮਿਲਦੀ ਹੈ...ਉਸਦੀ ਤੁਲਨਾ ਗਰੇਟਾ ਗਾਰਬੋ ਨਾਲ ਕੀਤੀ ਸੀ ਤਾਂ ਉਹ ਖਿੜ ਕੇ ਬੋਲੀ ਸੀ—''ਓ...ਤੁਸੀਂ ਜਾਣਦੇ ਓ, ਗਰੇਟਾ ਗਾਰਬੋ ਵੀ ਡੈਨਿਸ਼ ਸੀ?...ਤੇ ਇਹੀ ਗੱਲ ਕਈ ਹੋਰ ਲੋਕਾਂ ਨੇ ਵੀ ਮੈਨੂੰ ਕਹੀ ਹੈ...''
ਇਹ ਕਹਿ ਕੇ ਉਸਨੇ ਆਪਣੇ ਪਰਸ ਵਿਚੋਂ ਕਾਲੀਆਂ ਐਨਕਾਂ ਕੱਢ ਕੇ ਲਾ ਲਈਆਂ ਸਨ ਤੇ ਹੋਠਾਂ ਨੂੰ ਰੀ-ਟੱਚ ਕਰਦਿਆਂ ਨਾਦਿਰਾ ਨਾਸਿਰੀ ਤੋਂ ਪੁੱਛਿਆ ਸੀ, ''ਤੂੰ ਕਦੇ ਗਰੇਟਾ ਗਾਰਬੋ ਨੂੰ ਸਕਰੀਨ ਉੱਤੇ ਦੇਖਿਆ ਹੈ?''
ਨਾਦਿਰ ਆਪਣੀ ਮਾਨਸਿਕ ਪ੍ਰੇਸ਼ਾਨੀ ਤੋਂ ਖਹਿੜਾ ਛੁਡਾਉਣ ਲਈ 'ਰੂਟਸ' ਨਾਵਲ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਬਿਨਾਂ ਸਿਰ ਚੁੱਕੇ ਉਸਨੇ ਸੰਖੇਪ ਜਿਹਾ ਉਤਰ ਦਿੱਤਾ, ''ਹਾਂ, ਸਿਰਫ ਇਕ ਵਾਰੀ—ਪਰ ਉਹ ਫ਼ਿਲਮ ਬੜੀ ਵਾਹਯਾਤ ਸੀ।''
ਨਾਦਿਰਾ ਨੇ ਮੇਰੀ ਗੱਲ ਬਿਲਕੁਲ ਅਣਗੌਲੀ ਕਰ ਛੱਡੀ ਸੀ, ਜਿਹੜੀ ਕੁਝ ਚਿਰ ਪਹਿਲਾਂ ਮੈਂ ਏਨਿਸ ਮੈਥੇਲਿਨ ਤੇ ਹਾਲੀਵੁੱਡ ਦੀ ਸੁਪ੍ਰਸਿੱਧ ਅਭਿਨੇਤਰੀ ਦੀ ਆਪਸ ਵਿਚ, ਹੈਰਾਨੀ ਦੀ ਹੱਦ ਤਕ, ਮਿਲਦੀ ਸ਼ਕਲ ਬਾਰੇ ਕਹੀ ਸੀ। ਜੇ ਸੁਣੀ ਵੀ ਹੋਏਗੀ ਤਾਂ ਇਹ ਸੋਚ ਕੇ ਆਪਣੇ ਚਿਹਰੇ ਉੱਤੇ ਕੋਈ ਪ੍ਰਭਾਵ ਨਹੀਂ ਆਉਣ ਦਿੱਤਾ ਹੋਏਗਾ ਕਿ ਉਹ ਸਭ ਕੁਝ ਮੈਂ ਸਿਰਫ ਏਲਿਸ ਨੂੰ ਖ਼ੁਸ਼ ਕਰਨ ਵਾਸਤੇ ਹੀ ਕਹਿ ਰਿਹਾ ਸਾਂ। ਉਦੋਂ ਏਲਿਸ ਨੇ ਉਸ ਫਿਲਿਸਤੀਨੀ ਔਰਤ ਵੱਲ ਅੱਤ ਕਹਿਰ ਭਰੀਆਂ, ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਸੀ। ਭਾਵੇਂ ਨਾਦਿਰਾ ਉਸ ਨਾਲੋਂ ਖਾਸੀ ਮਧਰੀ ਸੀ, ਪਰ ਉਸ ਵਿਚਲਾ ਅਕਰਖ਼ਣ ਵੀ ਘੱਟ ਨਹੀਂ ਸੀ। ਉਸ ਦੇ ਵਾਲ ਸ਼ਾਹ-ਕਾਲੇ ਸਨ ਤੇ ਡਾਈ ਵੀ ਕੀਤੇ ਹੋਏ ਸਨ, ਜੋ ਉਸਦੇ ਕਣਕ-ਵੰਨੇ ਰੰਗ ਉਪਰ ਖਾਸੇ ਫ਼ੱਬ ਰਹੇ ਸਨ। ਕਣਕ ਵੰਨੇ ਰੰਗ ਦੇ ਬਾਵਜ਼ੂਦ ਉਸ ਦਾ ਨੱਕ-ਨਕਸ਼ਾ ਬੜਾ ਦਿਲਕਸ਼ ਸੀ, ਸੋ ਮੇਰੇ ਲਈ ਇਹ ਕਹਿਣਾ ਬੜਾ ਮੁਸ਼ਕਿਲ ਹੈ ਕਿ ਜੇ ਉਸ ਡੇਨਿਸ਼ ਔਰਤ ਵਾਂਗ ਹੀ ਨਾਦਿਰਾ ਨੇ ਵੀ ਮੇਰੇ ਨਾਲ ਗੱਲਾਂਬਾਤਾਂ ਕਰਨ ਵਿਚ ਓਨੀ ਹੀ ਦਿਲਚਸਪੀ ਦਿਖਾਈ ਹੁੰਦੀ ਤਾਂ ਮੈਂ ਦੋਹਾਂ ਵਿਚੋਂ ਕਿਸ ਨੂੰ ਵਧੇਰੇ ਮਹੱਤਵ ਦੇਂਦਾ...!
ਅਚਾਨਕ ਏਲਿਸ ਨੇ ਉਪਰ ਲੱਗੀ ਕਾਲ-ਬੈੱਲ ਦਾ ਬਟਨ ਦੱਬ ਕੇ ਏਅਰ ਹੌਸਟੇਸ ਨੂੰ ਬੋਲਾਇਆ ਤੇ ਦੋ ਗ਼ਲਾਸ ਰੈਡ ਵਾਈਨ ਲੈ ਆਉਣ ਲਈ ਕਿਹਾ। ਨਾਦਿਰਾ ਨੂੰ ਪੁੱਛਣ ਦੀ ਉਸਨੇ ਲੋੜ ਹੀ ਨਹੀਂ ਸੀ ਸਮਝੀ—ਉਂਜ ਪੁੱਛਿਆ ਮੈਥੋਂ ਵੀ ਨਹੀਂ ਸੀ। ਮੈਂ ਆਪ ਵੀ ਆਰਡਰ ਦੇ ਸਕਦਾ ਸਾਂ, ਜੀਕਰ ਨਾਦਿਰਾ ਨੇ ਵੀ ਏਅਰ ਹੌਸਟੇਸ ਨੂੰ ਦੇਖ ਕੇ ਬੀਅਰ ਲੈ ਆਉਣ ਲਈ ਕਿਹਾ ਸੀ। ਏਲਿਸ ਤੇ ਮੈਂ ਮੁੜ ਦੋ ਪੱਕੇ ਪੁਰਾਣੇ ਮਿੱਤਰਾਂ ਵਾਂਗ ਗੱਲਾਂ ਕਰਨ ਵਿਚ ਰੁੱਝ ਗਏ ਤੇ ਵਾਈਨ ਪੀਂਦੇ ਰਹੇ। ਮੈਂ ਉਸ ਦੇ ਵਤੀਰੇ ਤੋਂ ਇੰਜ ਮਹਿਸੂਸ ਕਰ ਰਿਹਾ ਸਾਂ ਜਿਵੇਂ ਉਹ ਮੇਰੀਆਂ ਗੱਲਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਦਿਲਚਸਪੀ ਦਿਖਾਅ ਕੇ, ਨਾਦਿਰਾ ਨੂੰ ਸਾਡੀ ਗੱਲਬਾਤ ਤੋਂ ਲਾਂਭੇ ਰੱਖ ਕੇ, ਉਸਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ।
ਲੰਦਨ ਵਿਚ ਇਕ ਹਫ਼ਤਾ ਠਹਿਰਣ ਦੌਰਾਨ ਉਸਨੇ ਘੱਟੋਘੱਟ ਤਿੰਨ ਦਿਨ ਮੇਰੇ ਨਾਲ ਬਿਤਾਉਣ ਦਾ ਪ੍ਰੋਗਰਾਮ ਬਣਾਇਆ ਤੇ ਮੈਥੋਂ ਵਾਅਦਾ ਲਿਆ ਕਿ ਮੈਂ ਹਰ ਰੋਜ਼ ਸਵੇਰੇ ਉਠਣ ਸਾਰ ਉਸ ਨੂੰ ਫ਼ੋਨ ਕਰਿਆ ਕਰਾਂਗਾ—ਕਿਉਂਕਿ ਸਾਨੂੰ ਵੱਖ-ਵੱਖ ਹੋਟਲਾਂ ਵਿਚ ਠਹਿਰਾਇਆ ਜਾ ਰਿਹਾ ਸੀ। ਮੇਰੀ ਰਿਹਾਇਸ਼ ਦਾ ਪ੍ਰਬੰਧ ਕਿੰਗਸਟਨ ਵਿਚ ਕੀਤਾ ਗਿਆ ਸੀ ਤੇ ਉਸ ਨੂੰ ਤਿੰਨ ਦਰਜਨ ਹੋਰ ਟੂਰਿਸਟਾਂ ਨਾਲ ਅਪੋਲੋ ਵਿਚ ਠਹਿਰਾਇਆ ਜਾ ਰਿਹਾ ਸੀ। ਦੋਹਾਂ ਹੋਟਲਾਂ ਦਾ ਖਰਚਾ ਸਾਡੀ ਚਾਰਟਰਡ ਫਲਾਈਟ ਵਿਚ ਸ਼ਾਮਲ ਸੀ।
ਜਿਸ ਦਿਨ ਸਵੇਰੇ ਮੈਂ ਤੇ ਏਲਿਸ ਦੋਹਾਂ ਨੇ ਲੰਦਨ ਦੇ ਦੋ ਵੱਡੇ ਮਿਊਜ਼ਿਅਮ ਦੇਖੇ ਸਨ, ਉਸੇ ਸ਼ਾਮ ਮੈਂ ਉਸ ਨੂੰ ਇਕ ਅਰਬ ਹੋਟਲ ਵਿਚ ਲੈ ਗਿਆ ਸਾਂ। ਉਹ ਹੋਟਲ ਪਿਕਾਡਿਲੀ ਦੇ ਸੰਘਣੇ ਅਬਾਦੀ ਵਾਲੇ ਇਲਾਕੇ ਦੀ ਇਕ ਗਲੀ ਵਿਚ ਬਣਿਆ ਹੋਇਆ ਹੈ। ਖਾਣੇ ਕੀ ਮੇਜ਼ ਉਪਰ ਏਲਿਸ ਨੇ ਮੈਨੂੰ ਦੱਸਿਆ, ''ਨਾਦਿਰਾ ਨੂੰ ਮੈਂ ਸਿਰਫ ਇਕ ਹਮਸਫ਼ਰ ਦੇ ਤੌਰ 'ਤੇ ਹੀ ਨਹੀਂ ਜਾਣਦੀ ਬਲਕਿ ਉਸ ਤੋਂ ਪਹਿਲਾਂ ਵੀ ਸਾਡੇ ਸੰਬੰਧਾਂ ਦੀ ਇਕ ਲੰਮੀ ਕਹਾਣੀ ਹੈ।''
ਸਾਡੇ ਆਸ-ਪਾਸ ਦੀਆਂ ਮੇਜ਼ਾਂ ਉਪਰ ਕਈ ਏਸ਼ੀਆਈ, ਅਫ਼ਰੀਕੀ, ਸਾਊਥ ਈਸਟ ਏਸ਼ੀਆਈ ਲੋਕ ਬੈਠੇ ਸਨ। ਜਰਮਨ ਕੁੜੀਆਂ-ਮੁੰਡੇ ਬੜੀ ਮੁਸ਼ਤੈਦੀ ਨਾਲ ਖਾਣੇ ਪਰੋਸ ਰਹੇ ਸਨ। ਇਕ ਨੀਗਰੋ ਆਪਣੇ ਸਾਹਮਣੇ ਰੱਖੀ ਗਰਮਾ-ਗਰਮ ਮੀਟ ਦੀ ਡਿਸ਼ ਨੂੰ ਭੁੱਲ ਕੇ ਆਪਣੀ ਸਫੇਦ ਰੰਗਤ ਵਾਲੀ ਗਰਲ-ਫਰੈਂਡ ਨੂੰ ਚੁੰਮਣ-ਚੂੰਡਣ ਵਿਚ ਮਸਤ ਸੀ। ਏਲਿਸ ਮੈਥੇਲਿਨ ਨੇ ਆਪਣੇ ਵਾਰੀ-ਵਾਰੀ ਅੱਗੇ ਆ ਜਾਂਦੇ ਵਾਲਾਂ ਨੂੰ ਕਲਿੱਪ ਵਿਚ ਕੈਦ ਕਰਦਿਆਂ ਕਿਹਾ, ''ਦਸ ਸਾਲ ਪਹਿਲਾਂ ਅਚਾਨਕ ਉਸਨੇ ਮੇਰੇ ਪਤੀ ਏਨਿਸ ਗੁਮਰਜ਼ਰੂਡ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਸਾਨੂੰ ਵੱਖ ਹੋਣਾ ਪਿਆ। ਅੱਜ ਕੱਲ੍ਹ ਉਹ ਕਾਬੁਲ ਵਿਚ ਡੈਨਿਸ ਡਿਪਟੀ ਕਾਊਂਸਲਰ ਲੱਗਿਆ ਹੋਇਆ ਹੈ। ਦੋਹਾਂ ਦੀ ਜ਼ਿਆਦਾ ਦੇਰ ਨਿਭ ਵੀ ਨਹੀਂ ਸਕੀ—ਨਿਭ ਹੀ ਨਹੀਂ ਸੀ ਸਕਦੀ—ਉਹ ਕਿਸੇ ਇਕ ਮਰਦ ਨਾਲ ਲੰਮਾਂ ਸਮੇਂ ਤਕ ਬੱਝੀ ਨਹੀਂ ਰਹਿ ਸਕਦੀ। ਸਿਰਫ ਮਾਨਸਿਕ ਪ੍ਰਯੋਗ ਕਰਦੀ ਏ ਤੇ ਸ਼ਾਇਦ ਕਿਸੇ ਫਰਾਂਸੀਸੀ ਜਨਰਲ ਵਾਸਤੇ ਬਿਨਾਂ ਨਾਗਾ ਡਾਇਰੀ ਲਿਖਦੀ ਹੈ।''
ਏਲਿਸ ਦੀਆਂ ਗੱਲਾਂ ਵਿਚ ਡਾਢੀ ਕੁਸੈਲ ਘੁਲੀ ਹੋਈ ਸੀ, ''ਅੱਜ ਤਕ ਉਸ ਨੇ ਸਿਰਫ ਚਾਰ ਵਿਆਹ ਕਰਵਾਏ ਨੇ—ਹਰੇਕ ਦਾ ਅੰਤ ਤਲਾਕ ਨਾਲ ਹੋਇਆ। ਉਸਦੇ ਦੋ ਬੱਚੇ ਵੀ ਹੋਏ ਸਨ, ਪਰ ਦੋਹੇਂ ਉਸ ਨੇ ਦੋ ਜ਼ਰੂਰਤਮੰਦ ਜੋੜਿਆਂ ਨੂੰ ਦੇ ਦਿੱਤੇ। ਉਸਦਾ ਇਕ ਮੁੰਡਾ, ਇੱਥੇ ਲੰਦਨ ਵਿਚ ਪੜ੍ਹਦਾ ਏ। ਅਸਲ ਵਿਚ ਉਹ ਉਸੇ ਨੂੰ ਮਿਲਣ ਵਾਸਤੇ ਆਈ ਏ—ਗਵਾਚੇ ਹੋਏ ਸਾਮਾਨ ਦਾ ਤਾਂ ਸਿਰਫ ਬਹਾਨਾ ਹੈ। ਉਹ ਨਾ ਵੀ ਗਵਾਚਿਆ ਹੁੰਦਾ ਤਾਂ ਵੀ ਉਸ ਨੇ ਕੁਝ ਨਾ ਕੁਝ ਲੱਭਦਿਆਂ ਨਜ਼ਰ ਆਉਣਾ ਸੀ।''
ਜਦੋਂ ਅਸੀਂ ਹੋਟਲ ਵਿਚੋਂ ਬਾਹਰ ਨਿਕਲੇ...ਪਿਕਾਡਲੀ ਦੇ ਥਿਏਟਰਾਂ ਤੇ ਸਿਨੇਮਾ ਘਰਾਂ ਸਾਹਮਣੇ ਅਨੇਕਾਂ ਲੋਕ ਆਖ਼ਰੀ ਸ਼ੋਅ ਦੇ ਇੰਤਜ਼ਾਰ ਵਿਚ ਕਤਾਰਾਂ ਬੰਨ੍ਹੀ ਖੜ੍ਹੇ ਨਜ਼ਰ ਆਏ; ਸੈਕਸ ਵੇਚਣ ਵਾਲੀਆਂ ਕੁੜੀਆਂ, ਇਕ ਖ਼ੁਸ਼ਕ ਫੁਆਰੇ ਦੇ ਚਬੂਤਰੇ ਉੱਤੇ ਬੈਠੀਆਂ ਗੱਪਾਂ ਮਾਰ ਰਹੀਆਂ ਸਨ—ਕਿਸੇ ਮਰਦ ਨੂੰ ਇਕੱਲਾ ਵੇਖ ਕੇ ਮੂੰਹ ਨਾਲ ਸੀਟੀ ਵਜਾਉਣ ਲੱਗ ਪੈਂਦੀਆਂ ਜਾਂ 'ਹੈਲੋ' ਆਖ ਕੇ ਉਸਦਾ ਧਿਆਨ ਆਪਣੇ ਵੱਲ ਖਿੱਚਦੀਆਂ। ਇਕ ਨੌਜਵਾਨ 'ਅੰਗਰੇਜ਼-ਬੱਚਾ' ਇਕ ਸੁਡੌਲ ਨੀਗਰੋ ਮੁਟਿਆਰ ਦੇ ਲੱਕ ਦੁਆਲੇ ਬਾਂਹ ਵਲੀ ਸਾਡੇ ਸਾਹਾਮਣਿਓਂ ਲੰਘਿਆ...ਅਸੀਂ ਚੁੱਪਚਾਪ ਟਿਊਬ ਸਟੇਸ਼ਨ ਵੱਲ ਵਧਦੇ ਰਹੇ।
ਅਗਲੇ ਦਿਨ ਐਤਵਾਰ ਸੀ। ਏਲਿਸ ਹੋਰ ਲੋਕਾਂ ਨਾਲ ਟੂਰਿਸਟ ਬੱਸ ਵਿਚ ਲਾਗਲੇ ਪਿੰਡ ਦੇਖਣ ਜਾ ਚੁੱਕੀ ਸੀ। ਮੈਂ ਹਾਈਡਲ ਪਾਰਕ ਦੇਖਣ ਤੁਰ ਪਿਆ...ਜਿਵੇਂ ਸੁਣਿਆਂ ਸੀ ਉੱਥੇ ਹਜ਼ਾਰਾਂ ਲੋਕ ਇਧਰ ਉਧਰ ਘੁੰਮ ਰਹੇ ਸਨ ਜਾਂ ਘਾਹ ਉੱਤੇ ਬੈਠੇ ਬੀਅਰ ਦੀਆਂ ਬੋਤਲਾਂ ਖ਼ਾਲੀ ਕਰ ਰਹੇ ਸਨ। ਕਈ ਸਟੂਡੈਂਟ ਤੇ ਪੇਸ਼ਾਵਰ ਲੀਡਰ ਲੋਕ ਆਪੋ ਆਪਣੇ ਡੈਕਸਾਂ, ਕੁਰਸੀਆਂ, ਲੱਕੜ ਦੇ ਬਕਸਿਆਂ ਵਗ਼ੈਰਾ ਉੱਤੇ ਚੜ੍ਹੇ ਭਾਸ਼ਣ ਕਰ ਰਹੇ ਸਨ। ਕਿਸੇ ਦੁਆਲੇ ਸਰੋਤਿਆਂ ਦੀ ਖਾਸੀ ਭੀੜ ਸੀ ਤੇ ਕਿਸੇ ਕੋਲ ਇਕ ਦੋ ਸੁਣਨ ਵਾਲੇ ਹੀ ਸਨ। ਉੱਥੇ ਅਚਾਨਕ ਉਸ ਪਤਲੀ ਤੇ ਮਧਰੀ ਔਰਤ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਸੀ। ਉਸਦੇ ਵਾਲ ਬਿਲਕੁਲ ਨਾਦਿਰਾ ਦੇ ਵਾਲਾਂ ਵਾਂਗ ਕੱਟੇ, ਸੰਵਾਰੇ ਤੇ ਸ਼ਾਹ-ਕਾਲੇ ਸਨ। ਉਸਦੀ ਇਕ ਬਾਂਹ ਉੱਤੇ ਇਸ਼ਤਿਹਾਰਾਂ ਦਾ ਇਕ ਬੰਡਲ ਟਿਕਿਆ ਹੋਇਆ ਸੀ, ਜਿਹਨਾਂ ਨੂੰ ਉਹ ਇਕ ਈਰਾਨੀ ਸਟੂਡੈਂਟ ਲੀਡਰ ਦੁਆਲੇ ਇਕੱਤਰ ਹੋਈ ਭੀੜ ਵਿਚ ਵੰਡ ਰਹੀ ਸੀ। ਈਰਾਨੀ ਮੁੰਡੇ ਤੇ ਕੁੜੀਆਂ ਸ਼ਾਹ ਦੇ ਖ਼ਿਲਾਫ਼ ਨਾਅਰੇ ਲਾ ਰਹੇ ਸਨ। ਜਦੋਂ ਉਸਦੇ ਸਾਰੇ ਇਸ਼ਤਿਹਾਰ ਮੁੱਕ ਗਏ, ਉਹ ਭੀੜ ਵਿਚ ਇਕ ਪਾਸੇ ਜਾ ਖਲੋਤੀ। ਇਕ ਅਫ਼ਰੀਕੀ ਈਸਾ ਮਸੀਹ ਦੇ ਖ਼ਿਲਾਫ਼ ਭਾਸ਼ਣ ਦੇ ਰਿਹਾ ਸੀ। ਮੈਂ ਦੇਖਿਆ, ਉਹ ਔਰਤ ਗੌਰ ਨਾਲ ਕੁਝ ਚਿਰ ਉਸਦੀਆਂ ਗੱਲਾਂ ਸੁਣਦੀ ਰਹੀ; ਫੇਰ ਕੂਕਦੀ ਹੋਈ ਅਚਾਨਕ ਭੀੜ ਵਿਚੋਂ ਬਾਹਰ ਨਿਕਲ ਗਈ—'ਖ਼ੁਦਾ ਹੈ, ਖ਼ੁਦਾ ਹੈ...ਤੂੰ ਝੂਠ ਬੋਲ ਰਿਹੈਂ, ਬਈ ਖ਼ੁਦਾ ਨਹੀਂ ਹੈ...'
ਮੈਨੂੰ ਉਸਦੇ ਚਿਹਰੇ ਦੀ ਉਤੇਜਨਾ ਬੜੀ ਚੰਗੀ ਲੱਗੀ। ਉਸ ਕਰਕੇ ਉਹ ਪਹਿਲਾਂ ਨਾਲੋਂ ਵਧੇਰੇ ਹੁਸੀਨ ਨਜ਼ਰ ਆਉਣ ਲੱਗ ਪਈ ਸੀ। ਉਹ ਆਪਣੇ ਬੈਗ ਨੂੰ ਮੋਢੇ 'ਤੇ ਝੂਲਾਂਦੀ, ਇਕ ਅਜਿਹੇ ਆਦਮੀ ਕੋਲ ਜਾ ਬੈਠੀ ਜਿਹੜਾ ਇਕੱਲਾ ਖੜ੍ਹਾ ਭਾਸ਼ਣ ਦੇ ਰਿਹਾ ਸੀ—ਕੁਝ ਚਿਰ ਉਸਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਰਹੀ, ਫੇਰ ਕੋਲ ਪਿਆ ਇਕ ਅਖ਼ਬਾਰ ਚੁੱਕ ਕੇ ਘਾਹ ਉੱਤੇ ਲੇਟ ਗਈ ਤੇ ਅਖ਼ਬਾਰ ਨੂੰ ਮੂੰਹ ਉੱਤੇ ਲੈ ਲਿਆ। ਪਤਾ ਨਹੀਂ ਫੇਰ ਉਹ ਸੌਂ ਗਈ ਸੀ ਕਿ ਉਸਦਾ ਭਾਸ਼ਣ ਸੁਣ ਰਹੀ ਸੀ!
---
ਅਗਲੇ ਦਿਨ ਮੈਂ ਬੁਸ਼ ਹਾਊਸ ਚਲਾ ਗਿਆ ਸਾਂ। ਬਾਹਰ ਨਿਕਲਿਆ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਉੱਥੇ ਇਕ ਦੋਸਤ ਨੂੰ ਮਿਲਣਾ ਸੀ, ਉਸਦੀ ਡਿਊਟੀ ਤਿੰਨ ਵਜੇ ਸ਼ੁਰੂ ਹੋਣੀ ਸੀ। ਉਹ ਇਸ ਸਮੇਂ ਵੀ ਦੂਜੇ ਦੇਸ਼ਾਂ ਦੀਆਂ ਯੂਨਿਟਾਂ ਦੇ ਲੋਕਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਜਦੋਂ ਮੈਂ ਉੱਥੇ ਪਹੁੰਚਿਆ ਸੀ ਉਸਦੀ ਮੇਜ਼ ਉਪਰ ਦੋ ਬਰਮੀ ਨਿਊਜ਼ਮੈਨ ਤੇ ਇਕ ਭਾਰਤੀ ਔਰਤ ਬੈਠੀ ਹੋਈ ਸੀ। ਭਾਰਤੀ ਔਰਤ ਨੇ ਜ਼ਿਆਦਾ ਦੇਰ ਤਕ ਬੈਠਣਾ ਠੀਕ ਨਾ ਸਮਝਿਆ...ਉਸਦੇ ਜਾਣ ਪਿੱਛੋਂ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਉਹ ਉਸਦੀ ਪਹਿਲੀ ਪਤਨੀ ਸੀ, ਹੁਣ ਵੀ ਕਦੇ-ਕਦਾਰ ਮਿਲਣ ਆ ਜਾਂਦੀ ਹੈ—ਇਕ ਚੰਗੇ ਮਿੱਤਰ ਵਾਂਗ। ਉਂਜ ਉਹਨਾਂ ਨੂੰ ਵੱਖ ਹੋਇਆਂ ਵੀਹ ਸਾਲ ਹੋ ਚੁੱਕੇ ਨੇ ਤੇ ਦੋਹਾਂ ਵਿਚੋਂ ਕਿਸੇ ਨੂੰ ਵੀ ਇਸ ਗੱਲ ਦਾ ਗ਼ਮ ਨਹੀਂ ਕਿ ਉਹ ਵੱਖ-ਵੱਖ ਕਿਉਂ ਰਹਿ ਰਹੇ ਨੇ...ਬਲਕਿ ਦੋਹੇਂ ਆਪਣੀ ਨਿੱਜੀ ਜ਼ਿੰਦਗੀ ਤੋਂ ਸੰਤੂਸ਼ਟ ਨਜ਼ਰ ਆਉਂਦੇ ਸਨ। ਮਸੂਦ ਦੀ ਹੁਣ ਵਾਲੀ ਪਤਨੀ ਫਰਾਂਸੀਸੀ ਸੀ ਤੇ ਦਯਾ ਨੇ ਇਕ ਅੰਗਰੇਜ਼ ਨਾਲ ਵਿਆਹ ਕਰਵਾ ਲਿਆ ਸੀ।
ਵਾਪਸੀ ਦਾ ਸਫ਼ਰ ਮੈਂ ਬੇਕਰਲੂ ਟਿਊਬ ਲਾਈਨ ਰਾਹੀਂ ਕੀਤਾ। ਇਕ ਟ੍ਰਾਂਜਿਟ ਸਟੇਸ਼ਨ ਉੱਤੇ ਮੈਨੂੰ ਸਤ ਅੱਠ ਸੌ ਫੁਟ ਹੇਠ ਜਾਣਾ ਪਿਆ—ਟੇਮਜ਼ ਨਦੀ ਦੇ ਬੈੱਡ ਤੋਂ ਲਗਭਗ ਸੌ ਕੁ ਫੁੱਟ ਹੇਠਾਂ। ਇੰਜ ਜਾਪਦਾ ਸੀ ਜਿਵੇਂ ਪਤਾਲ ਨਗਰੀ ਇਹੀ ਹੈ। ਸੈਂਕੜੇ ਸਾਲ ਪਹਿਲਾਂ ਜਿਸ ਪਤਾਲ ਦਾ ਜ਼ਿਕਰ ਮਹਾਂਭਾਰਤ ਵਿਚ ਮਿਲਦਾ ਹੈ, ਲੱਗਿਆ, ਉਸ ਵਿਚ ਕੋਈ ਸੱਚਾਈ ਜ਼ਰੂਰ ਹੈ। ਕਿਤੇ ਨਾ ਕਿਤੇ, ਉਦੋਂ ਅੱਤ ਸੁੰਦਰ ਨਗਰ ਧਰਤੀ ਦੇ ਹੇਠਾਂ ਵਸਾਏ ਜਾਂਦੇ ਹੋਣਗੇ...ਹੁਣ ਤਾਂ ਉਹਨਾਂ ਦੇ ਰਸਤੇ ਹੀ ਬਾਕੀ ਬਚੇ ਨੇ। ਡਾਇਆਗ੍ਰਾਮ ਦੀ ਮਦਦ ਨਾਲ ਮੰਜ਼ਲ ਭਾਲਦੇ-ਭਾਲਦੇ ਫੇਰ ਉਪਰ ਜਾ ਪਹੁੰਚਦੇ ਹਾਂ। ਜਦੋਂ ਮੈਂ ਨੌਟਿੰਗਮ ਹਿਲ ਗੇਟ ਤੋਂ ਲਾਈਨ ਬਦਲ ਕੇ ਉਹਨਾਂ ਭੁੱਲ-ਭਲਾਵਿਆਂ ਵਿਚ ਭਟਕ ਰਿਹਾ ਸਾਂ, ਅਚਾਨਕ ਮੇਰੀ ਨਜ਼ਰ ਇਕ ਬੈਂਚ ਉੱਤੇ ਸ਼ਾਂਤ ਲੇਟੀ ਨਾਸਿਰੀ 'ਤੇ ਜਾ ਪਈ। ਬਿਲਕੁਲ ਉਹੀ ਸੀ ਉਹ। ਇਸ ਵਾਰੀ ਮੈਂ ਉਸਨੂੰ ਫੌਰਨ ਪਛਾਣ ਲਿਆ ਸੀ। ਬੈਗ ਉਸ ਨੇ ਸਿਰ ਹੇਠ ਰੱਖਿਆ ਹੋਇਆ ਸੀ, ਕਾਲੀ ਸਕਰਟ ਵਿਚੋਂ ਉਸ ਦੀ ਲਾਂਗ ਬਰਾਊਣ, ਸਟਾਕਿੰਗਜ਼ ਅੱਧੇ ਪੱਟਾਂ ਤਕ ਦਿਖਾਈ ਦੇ ਰਹੀ ਸੀ। ਉਸਦਾ ਚਿਹਰਾ ਸ਼ਾਹ-ਕਾਲੇ ਵਾਲਾਂ ਨੇ ਢਕਿਆ ਹੋਇਆ ਸੀ ਤੇ ਉਸਦੇ ਹੱਥ ਵਿਚ ਇਕ ਅੱਧਾ-ਖਾਧਾ ਚਾਕਲੇਟ ਫੜਿਆ ਹੋਇਆ ਸੀ। ਮੈਂ ਉਸਦੇ ਕੋਲ ਹੀ ਜਗ੍ਹਾ ਬਣਾ ਕੇ ਬੈਠ ਗਿਆ ਤੇ ਉਸ ਨੂੰ ਆਵਾਜ਼ ਦਿੱਤੀ। ਉਸਨੇ ਕੋਈ ਉਤਰ ਨਾ ਦਿੱਤਾ ਤਾਂ ਮੈਂ ਉਸਦੇ ਚਿਹਰੇ ਤੋਂ ਵਾਲ ਪਰ੍ਹਾਂ ਹਟਾਅ ਕੇ ਉਸਦੀਆਂ ਗੱਲ੍ਹਾਂ ਥਾਪੜਣ ਲੱਗ ਪਿਆ—ਸਿਰਫ ਉਸਨੂੰ ਜਗਾਉਣ ਖਾਤਰ। ਉਸਨੇ ਖਾਸੀ ਪੀਤੀ ਹੋਈ ਸੀ, ਪਰ ਗੁਫ਼ਾਵਾਂ ਵਿਚੋਂ ਨਿਕਲ-ਨਿਕਲ ਆਉਣ ਵਾਲੇ ਲੋਕਾਂ ਨੇ ਬਿਲਕੁਲ ਸਾਡੇ ਵੱਲ ਧਿਆਨ ਨਹੀਂ ਸੀ ਦਿੱਤਾ—ਉਹਨਾਂ ਨੂੰ ਫ਼ੁਰਸਤ ਹੀ ਨਹੀਂ ਸੀ। ਹਰੇਕ ਵਿਅਕਤੀ ਸਾਰੇ ਦਿਨ ਦੇ ਰੁਝੇਵਿਆਂ ਤੋਂ ਮੁਕਤ ਹੁੰਦਾ ਹੀ ਘਰੇ ਨੱਸ ਜਾਣਾ ਚਾਹੁੰਦਾ ਸੀ। ਟਰੇਨਾਂ, ਪਲੇਟਫ਼ਾਰਮ ਉਪਰ ਆ ਕੇ ਬੜੀ ਤੇਜ਼ੀ ਨਾਲ ਰੁਕਦੀਆਂ ਤੇ ਫੇਰ ਆਪਣੀ ਅਗਲੀ ਮੰਜ਼ਲ ਵੱਲ ਰਵਾਨਾ ਹੋ ਜਾਂਦੀਆਂ—ਉਹ ਉਹਨਾਂ ਉਪਰ ਇੰਜ ਝਪਟਦੇ ਜਿਵੇਂ ਉਹਨਾਂ ਨੂੰ ਮਿਸ ਕਰਨਾ ਅਫੋਰਡ ਨਾ ਕਰ ਸਕਦੇ ਹੋਣ। ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਨਾਦਿਰਾ ਨੂੰ ਇਸ ਸਥਿਤੀ ਵਿਚ ਲਿਆਂਦਾ ਕਿ ਉਹ ਮੇਰੇ ਮੋਢੇ ਦਾ ਸਹਾਰਾ ਲੈ ਕੇ ਤੁਰ ਸਕੇ। ਛੇ ਸੌ ਫੁੱਟ ਉਪਰ ਉਭਰਣ ਵਾਲੇ ਐਕਸਲੇਟਰ ਦੀਆਂ ਪੌੜੀਆਂ 'ਤੇ ਉਹ ਮੇਰੇ ਨਾਲ ਚਿਪਕੀ ਖੜ੍ਹੀ ਰਹੀ। ਉਸਨੇ ਮੈਨੂੰ ਪਛਾਣ ਤਾਂ ਲਿਆ ਸੀ ਪਰ ਮੂੰਹੋਂ ਕੁਝ ਵੀ ਨਹੀਂ ਸੀ ਬੋਲੀ। ਜਦੋਂ ਅਸੀਂ ਕਿੰਗਸਟਨ ਹਾਈ ਸਟਰੀਟ ਪਹੁੰਚੇ, ਹਲਕੀ-ਹਲਕੀ ਫੁਆਰ ਪੈ ਰਹੀ ਸੀ—ਸੜਕਾਂ ਭਿੱਜੀਆਂ ਹੋਈਆਂ ਸਨ ਤੇ ਉਹਨਾਂ ਉਪਰ ਦੌੜ ਰਹੀਆਂ ਕਾਰਾਂ ਤੇ ਬੱਸਾਂ ਦੇ ਪਹੀਆਂ ਨਾਲ ਇਕ ਅਜੀਬ, ਉਦਾਸ ਜਿਹਾ ਸੰਗੀਤ ਮਾਹੌਲ ਵਿਚ ਘੁਲ ਰਿਹਾ ਸੀ। ਮੈਂ ਆਪਣਾ ਓਵਰ ਕੋਟ ਲਾਹ ਕੇ ਉਸਨੂੰ ਦੇਣਾ ਚਾਹਿਆ, ਪਰ ਉਸਨੇ ਮੇਰੀ ਪੇਸ਼ਕਸ਼ ਸਵੀਕਾਰ ਨਾ ਕੀਤੀ ਤੇ ਆਪਣੇ ਪੁਲ-ਓਵਰ ਦੇ ਚੌੜੇ ਕਾਲਰ ਖੜ੍ਹੇ ਕਰਕੇ ਆਪਣਾ ਸਿਰ ਢਕ ਲਿਆ ਤਾਂ ਕਿ ਮੀਂਹ ਨਾਲ ਉਸਦੇ ਵਾਲ ਨਾ ਭਿੱਜਣ। ਮੈਂ ਚਾਹੁੰਦਾ ਸਾਂ ਕਿ ਨਾਲ ਜਾ ਕੇ ਉਸਨੂੰ ਅਪੋਲੋ ਤਕ ਛੱਡ ਆਵਾਂ। ਉਹ ਵੀ ਏਲਿਸ ਹੁਰਾਂ ਨਾਲ ਹੀ ਠਹਿਰੀ ਹੋਈ ਸੀ, ਪਰ ਅਚਾਨਕ ਉਹ ਇਕ ਟੈਕਸੀ ਰੋਕ ਕੇ ਉਸ ਵਿਚ ਬੈਠ ਗਈ ਮੈਨੂੰ ਸਿਰਫ ਏਨਾ ਕਿਹਾ, ''ਥੈਂਕਸ, ਹੁਣ ਮੈਂ ਆਪੇ ਪਹੁੰਚ ਜਾਵਾਂਗੀ।''
---
ਉਸ ਰਾਤ ਕਾਫੀ ਦੇਰ ਤਕ ਮੈਂ ਲੋਕਾਂ ਨੂੰ ਖ਼ਤ ਲਿਖਦਾ ਰਿਹਾ। ਇਕ ਖ਼ਤ ਆਪਣੀ ਪਤਨੀ ਨੂੰ ਵੀ ਲਿਖਿਆ—'ਇਹ ਸ਼ਹਿਰ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ, ਭਾਵੇਂ ਹੁਣ ਆਪਣੇ ਅੰਦਰੋਂ ਅੰਗਰੇਜ਼ਾਂ ਨੂੰ ਨਫ਼ਰਤ ਕਰਨ ਦਾ ਕੋਈ ਮੁਨਾਸਿਬ ਕਾਰਨ ਵੀ ਨਹੀਂ ਲੱਭ ਰਿਹਾ ਮੈਨੂੰ...ਤੇ ਮੈਂ ਸਾਊਥਹਾਲ ਦੇ ਇਕ ਖ਼ਤ ਵਿਚ ਕੁਝ ਹਿੰਦੁਸਤਾਨੀ ਤੇ ਪਾਕਿਸਤਾਨੀ ਵਿਦਿਆਰਥੀਆਂ ਨਾਲ ਕੀਤੇ ਆਪਣੇ ਉਸ ਮਜ਼ਾਕ ਨੂੰ ਵੀ ਆਪਣੇ ਦਿਲ ਅਤੇ ਦਿਮਾਗ਼ ਵਿਚੋਂ ਕੱਢ ਸੁੱਟਿਆ ਏ ਕਿ ਸਾਨੂੰ ਰਲ ਕੇ ਇੰਗਲੈਂਡ ਉੱਤੇ ਕਬਜਾ ਕਰ ਲੈਣਾ ਚਾਹੀਦਾ ਹੈ...ਤੇ ਆਪਸੀ ਵੰਡ ਅਸੀਂ ਇਸ ਢੰਗ ਨਾਲ ਕਰਾਂਗੇ ਕਿ ਕਸ਼ਮੀਰ ਵਰਗਾ ਕੋਈ ਰੇੜਕਾ ਵੀ ਨਾ ਰਹੇ, ਬਾਅਦ ਵਿਚ...' ਮੈਂ ਉਸਨੂੰ ਡੈਨਿਸ਼ ਤੇ ਫਿਲਿਸਤੀਨੀ ਦੋਹਾਂ ਔਰਤਾਂ ਬਾਰੇ ਵੀ ਵਿਸਥਾਰ ਨਾਲ ਲਿਖ ਦੇਣਾ ਚਾਹੁੰਦਾ ਸਾਂ, ਪਰ ਫੇਰ ਜਾਣ ਬੁੱਝ ਕੇ ਉਹਨਾਂ ਦੇ ਜ਼ਿਕਰ ਨੂੰ ਗੋਲ ਕਰ ਗਿਆ ਤੇ—'ਤੂੰ ਬੜੀ ਯਾਦ ਆ ਰਹੀ ਏਂ, ਵਗ਼ੈਰਾ ਵਗ਼ੈਰਾ।'
ਦੋ ਦਿਨਾਂ ਬਾਅਦ ਸਾਡੀ ਵਾਪਸੀ ਸੀ। ਇਹ ਜ਼ਿੰਮੇਦਾਰੀ ਸ਼ਾਰੇਬਰਗ ਟਰੈਵਲ ਏਜੰਸੀ ਦੀ ਸੀ ਕਿ ਸਾਨੂੰ ਸਾਡੇ ਵੱਖ-ਵੱਖ ਠਿਕਾਣਿਆਂ ਤੋਂ ਬੱਸਾਂ ਰਾਹੀਂ ਲੋਟਨ ਹਵਾਈ ਅੱਡੇ 'ਤੇ ਪਹੁੰਚਾਵੇ। ਰਵਾਨਗੀ ਵਾਲੇ ਦਿਨ ਮੈਂ ਸਵੇਰੇ-ਸਵੇਰੇ ਹੀ ਤਿਆਰ ਹੋ ਕੇ ਰਿਸੇਪਸ਼ਨ ਕਾਊਂਟਰ ਕੋਲ ਪਏ ਸੋਫੇ ਉੱਤੇ ਜਾ ਬੈਠਿਆ। ਭਾਵੇਂ ਇਕ ਨਾਰਵੇਜੀਅਨ ਕੰਪਿਊਟਰ ਮਕੈਨਿਕ—ਜਿਹੜਾ ਸਾਡੇ ਨਾਲ ਹੀ ਆਇਆ ਸੀ—ਡਾਲਰ, ਪੌਂਡ ਤੇ ਕਵਾਇੰਜ਼ ਦੇ ਫਾਰਨ ਐਕਸਚੇਂਜ ਵੇਲੇ ਸਥਾਨਕ ਬੈਂਕਾਂ ਦੇ ਤਿੱਖਪੁਣੇ ਦੀਆਂ ਗੱਲਾਂ ਸੁਣਾ ਕੇ ਮੇਰਾ ਜੀਅ ਲਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਪਲ-ਪਲ ਇਹੀ ਸੋਚ ਰਿਹਾ ਸਾਂ ਕਿ ਪਤਾ ਨਹੀਂ ਇਸ ਵਾਰੀ ਜਹਾਜ਼ ਵਿਚ ਏਲਿਸ ਤੇ ਨਾਦਿਰਾ ਦਾ ਸਾਥ ਨਸੀਬ ਹੋਏਗਾ ਜਾਂ ਨਹੀਂ। ਪਤਾ ਨਹੀਂ ਹੁਣ ਸਾਡੀਆਂ ਸੀਟਾਂ ਨਾਲ-ਨਾਲ ਹੋਣਗੀਆਂ ਜਾਂ ਦੂਰ ਦੂਰ! ਉਂਜ ਪਿੱਛਲੀ ਰਾਤ ਏਲਿਸ ਨੇ ਮੈਨੂੰ ਆਪਣਾ ਓਸਲੋ ਦਾ ਫ਼ੋਨ ਨੰਬਰ ਦੇ ਦਿੱਤਾ ਸੀ ਤੇ ਕਿਹਾ ਸੀ, ''ਮੈਂ ਤੁਹਾਨੂੰ ਆਪਣੇ ਘਰ ਦਾ ਪਤਾ ਨਹੀਂ ਦੇ ਸਕਦੀ। ਹਾਂ, ਜਦ ਵੀ ਤੁਸੀਂ ਫ਼ੋਨ ਕਰੋਗੇ, ਆਪਾਂ ਮਿਲਣ ਦਾ ਸਮਾਂ ਤੇ ਸਥਾਨ ਨਿਸ਼ਚਿਤ ਕਰ ਲਵਾਂਗੇ।''
ਅਚਾਨਕ ਕਾਊਂਟਰ ਵੱਲੋਂ ਇਕ ਕੁੜੀ ਸਾਡੇ ਵੱਲ ਆਈ ਤੇ ਮੈਨੂੰ ਕਹਿਣ ਲੱਗੀ, ''ਸ਼ਾਇਦ ਤੁਸੀਂ ਹੀ ਉਹ ਇੰਡੀਅਨ ਹੋ ਜਿਹੜੇ ਚਾਰ ਸੌ ਤੇਰਾਂ ਵਿਚ ਠਹਿਰੇ ਹੋਏ ਸੌ...ਤੁਹਾਡੇ ਲਈ ਇਕ ਕਾਲ ਹੈ।''
ਮੈਂ ਫ਼ੋਨ ਚੁੱਕਿਆ, ਓਧਰ ਏਲਿਸ ਬੋਲ ਰਹੀ ਸੀ। ਉਹ ਖਾਸੀ ਘਬਰਾਈ ਜਿਹੀ ਲੱਗ ਰਹੀ ਸੀ, ''ਮੈਨੂੰ ਅਫ਼ਸੋਸ ਹੈ, ਮੈਂ ਅੱਜ ਤੁਹਾਡੇ ਨਾਲ ਵਾਪਸ ਨਹੀਂ ਜਾ ਸਕਾਂਗੀ। ਇਕ ਬੁਰੀ ਖ਼ਬਰ ਹੈ...ਕਲ੍ਹ ਰਾਤੀਂ ਨਾਦਿਰਾ ਨਾਸਿਰੀ ਮਰ ਗਈ। ਅਚਾਨਕ ਬਿਮਾਰ ਹੋ ਗਈ ਸੀ, ਵਿਚਾਰੀ ਨੂੰ ਕੋਈ ਮੈਡੀਕਲ ਏਡ ਤਕ ਨਹੀਂ ਦਿੱਤੀ ਜਾ ਸਕੀ। ਸਭ ਕੁਝ ਅਚਾਨਕ ਹੀ ਵਾਪਰ ਗਿਆ। ਮੈਂ ਸਿਰਫ ਇਸ ਲਈ ਰੁਕ ਗਈ ਹਾਂ ਕਿ ਪੁਲਸ ਦੀ ਸੂਚਨਾ ਮੁਤਾਬਕ ਉਸਦੀ ਡਾਇਰੀ ਵਿਚ, ਮੇਰੇ ਨਾਂ, ਕੋਈ ਤਾਜ਼ਾ ਨਜ਼ਮ ਲਿਖੀ ਹੋਈ ਹੈ। ਪਤਾ ਨਹੀਂ ਕੀ ਕੁਝ ਲਿਖਿਆ ਹੋਏਗਾ, ਅੱਧੀ ਕਮਲੀ ਤਾਂ ਸੀ ਹੀ ਉਹ। ਖ਼ੈਰ, ਮੈਂ ਪਿੱਛੋਂ ਆ ਜਾਵਾਂਗੀ। ਉਦੋਂ ਤਕ ਇਸ 'ਸ਼ਾਕ' ਤੋਂ ਵੀ ਮੁਕਤ ਹੋ ਚੁੱਕੀ ਹੋਵਾਂਗੀ—ਤੇ ਹਾਂ, ਤੁਸੀਂ ਵੀ ਇਸ 'ਸ਼ਾਕ' ਨੂੰ ਹਰਗਿਜ਼ ਕਬੁਲ ਨਹੀਂ ਕਰਨਾ, ਸਮਝੇ? ਤੁਸੀਂ ਦੇਖਣਾ, ਜਦੋਂ ਅਸੀਂ ਦੁਬਾਰਾ ਮਿਲਾਂਗੇ, ਕਿੰਨੇ ਬਦਲੇ-ਬਦਲੇ ਤੇ ਖ਼ੁਸ਼-ਖ਼ੁਸ਼ ਹੋਵਾਂਗੇ—ਪਹਿਲਾਂ ਨਾਲੋਂ ਵਧੇਰੇ ਨਜ਼ਦੀਕ ਵੀ। ਮੈਨੂੰ ਤੁਹਾਡੇ ਨਾਲ ਮਿਲਣਾ-ਵਰਤਣਾ ਚੰਗਾ ਲੱਗਦਾ ਹੈ। ਤੁਹਾਡੇ ਕੋਲ ਮੇਰਾ ਫ਼ੋਨ ਨੰਬਰ ਤਾਂ ਹੈ ਹੀ—ਹੈ ਨਾ? ਉਸ ਨੂੰ ਗੁਵਾਅ ਨਾ ਦੇਣਾ...ਤੇ ਤੁਸੀਂ ਛੇਤੀ ਹੀ ਇੰਡੀਆਂ ਵਾਪਸ ਤਾਂ ਨਹੀਂ ਜਾ ਰਹੇ ਨਾ? ਮੈਂ ਕਹਿੰਦੀ ਹਾਂ, ਜਾਣ ਦੀ ਜਲਦੀ ਨਾ ਕਰਿਓ, ਫੇਰ ਐਨੀ ਦੂਰੋਂ ਆਉਣਾ ਆਸਾਨ ਨਹੀਂ ਹੁੰਦਾ। ਚੰਗਾ ਉਦੋਂ ਤਕ ਬਾਏ-ਬਾਏ! ਸੀ ਯੂ...''
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ