Nangian Lattan Wala Munda (Punjabi Story) : S. Saki

ਨੰਗੀਆਂ ਲੱਤਾਂ ਵਾਲਾ ਮੁੰਡਾ (ਕਹਾਣੀ) : ਐਸ ਸਾਕੀ

ਦਿੱਲੀ ਯੂ ਪੀ ਬਾਰਡਰ ’ਤੇ ਇੱਕ ਕਲੋਨੀ ਵਿੱਚ ਮੇਰਾ ਘਰ ਹੈ। ਅਸਲ ਵਿੱਚ ਵੇਖਣ ਨੂੰ ਤਾਂ ਇਹ ਇਲਾਕਾ ਦਿੱਲੀ ਦਾ ਹੀ ਹਿੱਸਾ ਲੱਗਦਾ ਹੈ। ਦਿੱਲੀ ਅਤੇ ਯੂ ਪੀ ਵਿਚਕਾਰ ਇੱਕ ਸੜਕ ਪੈਂਦੀ ਹੈ ਜਿਹੜੀ ਬਹੁਤ ਚੱਲਦੀ ਹੈ। ਇਹੋ ਸੜਕ ਯੂ ਪੀ ਅਤੇ ਦਿੱਲੀ ਨੂੰ ਵੱਖਰਾ ਕਰਦੀ ਹੈ। ਜੇ ਉਸ ਸੜਕ ਨੂੰ ਵਿਚਕਾਰੋਂ ਹਟਾ ਲਿਆ ਜਾਵੇ ਤਾਂ ਸਾਰਾ ਇਲਾਕਾ ਦਿੱਲੀ ਬਣ ਜਾਵੇਗਾ।
ਯੂ ਪੀ ਇਲਾਕੇ ਦੀ ਜਿਸ ਕਲੋਨੀ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਤਿੰਨ ਬਲਾਕਾਂ ਵਿੱਚ ਵੰਡਿਆ ਹੋਇਆ ਹੈ। ਉਨ੍ਹਾਂ ਦੇ ਏ, ਬੀ, ਸੀ ਨਾਂ ਰੱਖੇ ਹੋਏ ਹਨ। ਹਰ ਬਲਾਕ ਵਿੱਚ ਸਰਕਾਰ ਵੱਲੋਂ ਇੱਕ ਮਾਰਕੀਟ ਬਣਾਈ ਹੋਈ ਹੈ। ਦੁਕਾਨਾਂ ਦੀ ਇੱਕ ਲੰਬੀ ਸਾਰੀ ਕਤਾਰ, ਜਿਨ੍ਹਾਂ ਵਿੱਚੋਂ ਉੱਥੋਂ ਦੀ ਵਸੋਂ ਲਈ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਉਪਲੱਬਧ ਹਨ। ਉੱਥੇ ਹਲਵਾਈ, ਪਰਚੂਨ ਤੇ ਮੁਨਿਆਰੀ ਦੀ ਦੁਕਾਨ ਹੈ। ਉੱਥੇ ਡਾਕਟਰ ਤੇ ਨਾਈ ਵੀ ਹੈ। ਮੇਰਾ ਘਰ ਬਲਾਕ ਏ ਵਿੱਚ ਪੈਂਦਾ ਹੈ। ਉਸ ਬਲਾਕ ਦੀ ਮਾਰਕੀਟ ਵਿੱਚ ਵੀ ਜ਼ਰੂਰਤ ਦੀਆਂ ਸਾਰੀਆਂ ਦੁਕਾਨਾਂ ਹਨ। ਉਸ ਵਿੱਚ ਵਿੱਕੀ ਨਾਂ ਦਾ ਇੱਕ ਰੈਸਤੋਰਾਂ ਵੀ ਖੁੱਲ੍ਹਾ ਹੋਇਆ ਹੈ।
ਵਿੱਕੀ ਰੈਸਤੋਰਾਂ ਨੂੰ ਦੋ ਸਕੇ ਭਰਾ ਚਲਾਉਂਦੇ ਹਨ। ਇੱਕ ਅਠੱਤੀ ਕੁ ਸਾਲ ਦਾ ਲੱਗਦਾ ਹੈ ਤੇ ਦੂਜਾ ਕੋਈ ਚਾਲੀ ਦਾ ਹੋਵੇਗਾ। ਉਹ ਦੋਵੇਂ ਰੈਸਤੋਰਾਂ ਤੋਂ ਤਿੰਨ-ਚਾਰ ਮੀਲ ਦੂਰ ਇੱਕ ਪੌਸ਼ ਕਲੋਨੀ ਵਿੱਚ ਰਹਿੰਦੇ ਹਨ।
ਛੋਟਾ ਭਰਾ, ਮੈਨੂੰ ਜਿਸ ਦਾ ਨਾਂ ਤਾਂ ਪਤਾ ਨਹੀਂ, ਗੋਰਾ, ਲੰਮ ਸੁਲੰਮਾ, ਸਮਾਰਟ ਦਿਸਦਾ ਹੈ। ਸਿਰ ਦੇ ਖਾਸੇ ਵਾਲ ਉੱਡੇ ਹੋਏ ਹਨ। ਉਹ ਆਪਣੀ ਸਿਹਤ ਬਾਰੇ ਬਹੁਤ ਸੁਚੇਤ ਰਹਿੰਦਾ ਹੈ। ਅਸਲ ਵਿੱਚ ਉਹ ਇੰਗਲੈਂਡ ਤਿੰਨ-ਚਾਲ ਸਾਲ ਲਾ ਆਇਆ ਹੈ। ਮੈਨੂੰ ਇਹ ਪਤਾ ਨਹੀਂ ਕਿ ਉਹ ਇੰਗਲੈਂਡ ਕੀ ਕਰਨ ਗਿਆ ਸੀ। ਬੱਸ ਉਹਦੇ ਪਹਿਰਾਵੇ ਤੋਂ ਹੀ ਅੰਦਾਜ਼ਾ ਲੱਗਦਾ ਹੈ ਕਿ ਉਹ ਬਾਹਰਲਾ ਮੁਲਕ ਵੇਖ ਚੁੱਕਿਆ ਹੈ।
ਉਹ ਘਰੋਂ ਚਾਰ ਮੀਲ ਦੂਰ ਪੈਦਲ ਹੀ ਪਹੁੰਚਦਾ ਹੈ। ਕਈ ਵਾਰੀ ਉਹ ਵਿਚਕਾਰ ਨੱਸਣ ਵੀ ਲੱਗਦਾ ਹੈ, ਪਰ ਵੱਡਾ ਭਰਾ ਸਾਧਾਰਨ ਜਿਹਾ ਜਾਪਦਾ ਹੈ। ਉਸ ਦਾ ਪਹਿਰਾਵਾ ਵੀ ਬੱਸ ਆਮ ਜਿਹਾ। ਨਾਂ ਉਹਦੇ ਦਾ ਵੀ ਮੈਨੂੰ ਪਤਾ ਨਹੀਂ।
ਕਤਾਰ ਵਿੱਚ ਸਭ ਦੁਕਾਨਾਂ ਮੂਹਰੇ ਵਰਾਂਡਾ ਛੱਡਿਆ ਹੋਇਆ ਹੈ। ਦੁਕਾਨਾਂ ਦਾ ਆਕਾਰ ਬਹੁਤਾ ਵੱਡਾ ਨਹੀਂ। ਉਨ੍ਹਾਂ ਨੇ ਆਪਣੇ ਬੈਠਣ ਲਈ ਵਰਾਂਡੇ ’ਚ ਕਾਊਂਟਰ ਲਾ ਕੇ ਥਾਂ ਬਣਾਈ ਹੋਈ ਹੈ, ਜਿਸ ਪਿੱਛੇ ਪਈ ਕੁਰਸੀ ’ਤੇ ਦੋਵੇਂ ਭਰਾ ਵਾਰੋ-ਵਾਰੀ ਬੈਠਦੇ ਜਾਂ ਆਪਣੀ ਡਿਊਟੀ ਦਿੰਦੇ ਹਨ। ਗਾਹਕ ਆਉਂਦਾ ਅਤੇ ਪੈਸੇ ਦਿੰਦਾ ਹੈ। ਉਨ੍ਹਾਂ ਨੇ ਸੱਜੇ ਹੱਥ ਇੱਕ ਸੰਦੂਕੜੀ ਰੱਖੀ ਹੋਈ ਹੈ, ਜਿਹੜੀ ਖੁੱਲ੍ਹੀ ਹੀ ਰਹਿੰਦੀ ਹੈ।
ਸੰਦੂਕੜੀ ਦੇ ਦੋ ਭਾਗ ਹਨ। ਉਪਰਲੇ ਭਾਗ ਵਿੱਚ ਉਹ ਸਿੱਕੇ ਰੱਖਦੇ ਹਨ ਜਾਂ ਪੰਜ-ਦਸ ਦੇ ਨੋਟ। ਹੇਠਲੇ ਭਾਗ ਵਿੱਚ ਉਹ ਪੰਜਾਹਾਂ ਤੋਂ ਲੈ ਕੇ ਪੰਜ ਸੌ ਜਾਂ ਕਈ ਵਾਰੀ ਹਜ਼ਾਰ ਦਾ ਨੋਟ ਪਾਉਂਦੇ ਰਹਿੰਦੇ ਨੇ।
ਕਾਊਂਟਰ ਪਿੱਛੇ ਦੋ ਦੁਕਾਨਾਂ ਜੋੜ ਕੇ ਹਾਲਨੁਮਾ ਥਾਂ ਬਣਾਈ ਹੋਈ ਹੈ। ਉਸ ਵਿੱਚ ਰੋਟੀ ਖਾਣ ਵਾਲਿਆਂ ਲਈ ਵਧੀਆ ਫਰਨੀਚਰ ਲੱਗਿਆ ਹੋਇਆ ਹੈ। ਹਾਲ ਏਸੀ ਹੈ। ਬਹੁਤੇ ਗਾਹਕ ਰਾਤੀਂ ਆ ਕੇ ਉਸ ’ਚ ਬੈਠ ਖਾਣੇ ਦਾ ਅਨੰਦ ਮਾਣਦੇ ਹਨ।
ਵਰਾਂਡੇ ਅੱਗੇ ਖਾਸੀ ਖੁੱਲ੍ਹੀ ਥਾਂ ਹੈ। ਗਰਮੀ ਦੇ ਮੌਸਮ ’ਚ ਸ਼ਾਮ ਹੁੰਦਿਆਂ ਇੱਕ ਨੌਕਰ ਉਸ ਖੁੱਲ੍ਹੀ ਥਾਂ ਨੂੰ ਸਾਫ਼ ਕਰ ਕੇ ਉਸ ’ਤੇ ਪਾਣੀ ਦਾ ਛਿੜਕਾਓ ਕਰ ਮੇਜ਼ ਕੁਰਸੀਆਂ ਲਾ ਦਿੰਦਾ ਹੈ। ਸਟੈਂਡ ਵਾਲੇ ਦੋ ਕੂਲਰ ਰੱਖ ਦਿੰਦਾ ਹੈ। ਜਦੋਂ ਹਨੇਰਾ ਹੋਏ ਖਾਣ ਵਾਲੇ ਗਾਹਕ ਬਹੁਤੇ ਹੋ ਜਾਣ ਅਤੇ ਏਸੀ ਹਾਲ ਵਿੱਚ ਥਾਂ ਨਹੀਂ ਮਿਲਦੀ ਤਾਂ ਉਹ ਬਾਹਰ ਬੈਠ ਜਾਂਦੇ ਹਨ। ਕਈ ਸ਼ੌਕੀਨ ਤਾਂ ਇੰਜ ਵੀ ਖੁੱਲ੍ਹੇ ’ਚ ਬੈਠ ਕੇ ਖਾਣਾ ਪਸੰਦ ਕਰਦੇ ਹਨ।
ਉਸ ਖਾਲੀ ਥਾਂ ’ਚ ਇੱਕ ਵੱਡਾ ਸਾਰਾ ਰੁੱਖ ਵੀ ਹੈ, ਜਿਸ ਦੀ ਜੜ੍ਹ ਵਿੱਚ ਲਾਲ ਰੰਗ ਦੇ ਫੁੱਲਾਂ ਵਾਲੀ ਬੋਗੋਨਵਿਲੀਆ ਦੀ ਵੇਲ ਉੱਗੀ ਹੋਈ ਹੈ। ਭਾਵੇਂ ਉਹ ਰੁੱਖ ਤਾਂ ਨਿੰਮ ਦਾ ਹੈ, ਪਰ ਫੁੱਲਾਂ ਦਾ ਮੌਸਮ ਆਉਣ ’ਤੇ ਬੋਗੋਨਵਿਲੀਆ ਦੇ ਫੁੱਲਾਂ ਨਾਲ ਭਰ ਜਾਂਦਾ ਹੈ। ਇਉਂ ਜਾਪਦਾ ਜਿਵੇਂ ਉਹ ਨਿੰਮ ਦਾ ਨਹੀਂ, ਸਗੋਂ ਬੋਗੋਨਵਿਲੀਆ ਦਾ ਹੀ ਰੁੱਖ ਹੋਵੇ।
ਰੈਸਤੋਰਾਂ ਦੀ ਅਗਲੀ ਯਾਨੀ ਤੀਜੀ ਦੁਕਾਨ ਨੂੰ ਉਨ੍ਹਾਂ ਨੇ ਸਟੋਰ ਬਣਾਇਆ ਹੋਇਆ ਹੈ। ਉਸ ਵਿੱਚ ਬੈਠ ਕੇ ਨੌਕਰ ਸਬਜ਼ੀ ਕੱਟਦੇ, ਆਟਾ ਗੁੰਨ੍ਹਦੇ ਅਤੇ ਮਸਾਲਾ ਕੁੱਟਦੇ ਹਨ। ਉਨ੍ਹਾਂ ਉਸ ਵਿੱਚ ਇੱਕ ਪੁਰਾਣਾ ਟੇਪ ਰਿਕਾਰਡਰ ਵੀ ਰੱਖਿਆ ਹੋਇਆ ਹੈ, ਜਿਸ ’ਤੇ ਹਰ ਵੇਲੇ ਫ਼ਿਲਮੀ ਗਾਣੇ ਵੱਜਦੇ ਰਹਿੰਦੇ ਹਨ। ਦੋਵੇਂ ਭਰਾਵਾਂ ਨੇ ਬਹੁਤ ਹੁਨਰਮੰਦ ਕੁੱਕ ਰੱਖੇ ਹੋਏ ਹਨ ਜਿਹੜੇ ਬਹੁਤ ਸੁਆਦ ਖਾਣਾ ਪਕਾਉਂਦੇ ਹਨ।
ਸਾਰਾ ਖਾਣਾ ਦੇਸੀ ਘਿਓ ਵਿੱਚ ਤਿਆਰ ਹੁੰਦਾ ਹੈ, ਜਿਸ ਲਈ ਕਦੇ ਵੀ ਕੰਜੂਸੀ ਨਹੀਂ ਵਰਤੀ ਜਾਂਦੀ। ਕੁੱਕ ਕਾਲੀ ਦਾਲ, ਸ਼ਾਹੀ ਪਨੀਰ ਅਤੇ ਮਲਾਈ ਕੋਫਤਾ ਬਣਾਉਂਦੇ ਹਨ। ਇਨ੍ਹਾਂ ਨਾਲ ਦੋ ਸੁੱਕੀਆਂ ਸਬਜ਼ੀਆਂ ਵੀ ਬਣਾਉਂਦੇ ਹਨ। ਗਾਹਕ ਕਦੇ ਕਦਾਈਂ ਬਦਲਾਅ ਲਈ ਰੈਸਤੋਰਾਂ ’ਚ ਰੋਟੀ ਖਾਣਾ ਪਸੰਦ ਕਰਦੇ ਹਨ। ਕਿਸੇ ਦਿਨ ਜਨਮ ਦਿਨ ਦੀ ਪਾਰਟੀ ਜਾਂ ਕਿਸੇ ਦੇ ਵਿਆਹ ਦੀ ਵਰ੍ਹੇਗੰਢ ’ਤੇ ਵੀ ਗਾਹਕਾਂ ਦੀ ਭੀੜ ਜੁੜ ਜਾਂਦੀ ਹੈ।
ਕਈ ਗਾਹਕ ਉੱਥੋਂ ਰਾਤੀਂ ਖਾਣਾ ਪੈਕ ਕਰਵਾ ਕੇ ਵੀ ਲੈ ਜਾਂਦੇ ਹਨ। ਗਾਹਕ ਆਪ ਕਾਊਂਟਰ ’ਤੇ ਆਰਡਰ ਦਿੰਦਾ ਹੈ। ਉਹ ਆਪਣੀ ਪਸੰਦ ਦੀਆਂ ਚੀਜ਼ਾਂ ਲਿਖਵਾ ਦਿੰਦਾ ਹੈ। ਕਾਊਂਟਰ ’ਤੇ ਮਾਈਕ ਲੱਗਿਆ ਹੋਇਆ ਹੈ ਜਿਸ ਦਾ ਸੰਪਰਕ ਤਿੰਨ ਨੰਬਰ ਦੁਕਾਨ ਨਾਲ ਹੈ।
ਮਾਲਕ ਆਪਣੀ ਸੀਟ ’ਤੇ ਬੈਠਾ ਤੀਜੀ ਦੁਕਾਨ ਤੀਕ ਮਾਈਕ ਰਾਹੀਂ ਬੋਲ ਕੇ ਆਰਡਰ ਕਰਦਾ ਹੈ ਤੇ ਜੋ ਚੀਜ਼ ਗਾਹਕ ਨੇ ਲਿਜਾਣੀ ਹੁੰਦੀ ਹੈ, ਉਹ ਪੈਕ ਹੋ ਕੇ ਆ ਜਾਂਦੀ ਹੈ।
ਦੋਵੇਂ ਭਾਈਆਂ ਦਾ ਇਹ ਰੈਸਤੋਰਾਂ ਸਿਰਫ਼ ਖਾਣ-ਪੀਣ ਤੀਕ ਹੀ ਸੀਮਤ ਨਹੀਂ। ਉਨ੍ਹਾਂ ਨੇ ਇਸ ਤੋਂ ਇਲਾਵਾ ਦੁੱਧ ਦਾ ਕੰਮ ਵੀ ਤੋਰਿਆ ਹੋਇਆ ਹੈ। ਦੁੱਧ ਵਾਲੀਆਂ ਵੱਡੀਆਂ ਕੰਪਨੀਆਂ ਸਵੇਰੇ ਚਾਰ ਵਜੇ ਟਰੱਕਾਂ ’ਚੋਂ ਦੁੱਧ ਦੀਆਂ ਥੈਲੀਆਂ ਲਾਹ ਰੈਸਤੋਰਾਂ ’ਤੇ ਛੱਡ ਜਾਂਦੀਆਂ ਹਨ। ਪਿੰਡਾਂ ਦੇ ਦੋਧੀ ਵੀ ਸਾਈਕਲਾਂ ’ਤੇ ਡਰੰਮਾਂ ਰਾਹੀਂ ਸਵੇਰੇ ਪੰਜ ਵਜੇ ਤੀਕ ਦੁੱਧ ਦੁਕਾਨ ’ਤੇ ਖੁੱਲ੍ਹੇ ਮੂੰਹ ਵਾਲੇ ਡਰੰਮ ਵਿੱਚ ਪਾ ਜਾਂਦੇ ਹਨ। ਛੇ ਵਜੇ ਤੀਕ ਬਲਾਕ ਏ ਵਾਲੇ ਲੋਕ ਹੱਥਾਂ ’ਚ ਡੋਲੂ ਜਾਂ ਡੱਬੇ ਲੈ ਕੇ ਦੁੱਧ ਲੈਣ ਦੁਕਾਨ ’ਤੇ ਆਉਣ ਲੱਗਦੇ ਹਨ। ਇਸ ਤੋਂ ਇਲਾਵਾ ਉਹ ਇਸ ਨਾਲ ਕਈ ਵਾਰੀ ਬਰੈੱਡ, ਬਿਸਕੁਟ, ਰਸ ਜਾਂ ਨਮਕੀਨ ਵੀ ਖ਼ਰੀਦ ਕੇ ਲੈ ਜਾਂਦੇ ਹਨ। ਇਹ ਸਭ ਚੀਜ਼ਾਂ ਵੀ ਦੁਕਾਨ ’ਤੇ ਮਿਲਦੀਆਂ ਹਨ।
ਰੈਸਤੋਰਾਂ ’ਚ ਦੋਵੇਂ ਭਰਾ ਡਿਊਟੀ ਨਿਭਾਉਂਦੇ ਹਨ। ਦੁੱਧ ਅਤੇ ਹੋਰ ਸਾਮਾਨ ਦੀ ਵਿਕਰੀ ਸਵੇਰੇ ਛੇ ਵਜੇ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਜਿਸ ਵਿੱਚ ਬਹੁਤੇ ਬੰਨ੍ਹੇ ਗਾਹਕ ਹੀ ਆਉਂਦੇ ਹਨ।
ਸਵੇਰ ਦੇ ਸੱਤ ਵਜੇ ਤੀਕ ਇਹ ਸਾਰਾ ਕੰਮ ਇੱਕ ਖ਼ਾਸ ਨੌਕਰ ਦੇ ਸਿਰ ਛੱਡਿਆ ਹੁੰਦਾ ਹੈ ਜਿਹੜਾ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਬਹੁਤ ਈਮਾਨਦਾਰ ਹੈ। ਫਿਰ ਸੱਤ ਵਜੇ ਤੀਕ ਛੋਟਾ ਭਰਾ ਆਪਣੀ ਸਿਹਤ ਦਾ ਖ਼ਿਆਲ ਰੱਖਦਾ ਹੋਇਆ ਘਰੋਂ ਪੈਦਲ ਚੱਲਦਾ ਤੇ ਕਦੇ ਨੱਸਦਾ ਠੀਕ ਵਕਤ ’ਤੇ ਰੈਸਤੋਰਾਂ ਆ ਕੰਮ ਸਾਂਭ ਲੈਂਦਾ ਹੈ।
ਮੈਂ ਵੀ ਸਵੇਰੇ ਛੇ ਜਾਂ ਸਵਾ ਛੇ ਵਜੇ ਤੀਕ ਦੁੱਧ ਵਾਲਾ ਡੋਲੂ ਲੈ ਉੱਥੇ ਪਹੁੰਚ ਜਾਂਦਾ ਹਾਂ। ਕਈ ਦਿਨਾਂ ਤੋਂ ਮੈਂ ਰੈਸਤੋਰਾਂ ’ਤੇ ਇੱਕ ਅਜੀਬ ਜਿਹੀ ਗੱਲ ਹੁੰਦੀ ਵੇਖਦਾ ਆ ਰਿਹਾ ਹਾਂ। ਸਰਦੀਆਂ ਦੇ ਦਿਨ ਹੋਣ ਕਰਕੇ ਅਜੇ ਸਵੇਰੇ ਹਨੇਰਾ ਹੁੰਦਾ ਹੈ। ਸਵਾ ਛੇ ਵਜੇ ਕੋਈ ਅਠਾਈ ਤੀਹ ਸਾਲ ਦੀ ਉਮਰ ਵਾਲਾ ਇੱਕ ਬੰਦਾ ਰੋਜ਼ ਸਾਈਕਲ ’ਤੇ ਉੱਥੇ ਆਉਂਦਾ ਹੈ। ਉਹ ਸਾਈਕਲ ਬੈਂਚ ਨਾਲ ਲਾ ਕੇ ਖੜ੍ਹਾ ਕਰ ਤਿੰਨ ਨੰਬਰ ਕਮਰੇ ਅੱਗੇ ਬਣੇ ਵਰਾਂਡੇ ਵਿੱਚ ਜਾਂਦਾ ਹੈ, ਜਿੱਥੇ ਅਕਸਰ ਹਨੇਰਾ ਹੁੰਦਾ ਕਿਉਂਕਿ ਉਸ ਵੇਲੇ ਰੈਸਤੋਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਉੱਥੇ ਸੁੱਤੇ ਪਏ ਹੁੰਦੇ ਹਨ। ਰੈਸਤੋਰਾਂ ਦੀ ਸਿਰਫ਼ ਓਹੀ ਬੱਤੀ ਜਗਦੀ ਹੁੰਦੀ, ਜਿਹੜੀ ਕਾਊਂਟਰ ’ਤੇ ਲੱਗੀ ਹੋਈ ਹੈ।
ਉੱਥੇ ਘੁਸਮੁਸੇ ਵਿੱਚ ਉਹ ਸ਼ਖ਼ਸ ਇੱਕ ਕਨੱਸਤਰ ਚੁੱਕੀ ਆਉਂਦਾ ਦਿਸਦਾ ਹੈ। ਵਰਾਂਡੇ ’ਚੋਂ ਚੁੱਕ ਕੇ ਲਿਆਂਦੇ ਕਨੱਸਤਰ ਵਿੱਚੋਂ ਉਹ ਕੁਝ ਆਪਣੇ ਸਾਈਕਲ ਉੱਤੇ ਟੰਗੇ ਪੀਪੇ ਵਿੱਚ ਪਾਉਂਦਾ ਹੈ। ਖਾਲੀ ਕੀਤਾ ਕਨੱਸਤਰ ਉੱਥੇ ਜ਼ਮੀਨ ’ਤੇ ਧਰਦਾ ਅਤੇ ਆਪਣੇ ਸਾਈਕਲ ’ਤੇ ਚੜ੍ਹ ਅੱਗੇ ਲੰਘ ਜਾਂਦਾ ਹੈ। ਇਹ ਸਭ ਮੈਂ ਕਈ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ ਕਿਉਂਕਿ ਮੇਰਾ ਦੁੱਧ ਲੈਣ ਆਉਣ ਦਾ ਤੇ ਉਸ ਦਾ ਰੈਸਤੋਰਾਂ ਆਉਣ ਦਾ ਲਗਪਗ ਇੱਕੋ ਵਕਤ ਹੁੰਦਾ ਹੈ।
ਇੱਕ ਦਿਨ ਮੇਰੇ ਮਨ ’ਚ ਆਈ, ਦੁੱਧ ਵੇਚ ਰਹੇ ਨੌਕਰ ਕੋਲੋਂ ਇਸ ਬੰਦੇ ਬਾਰੇ ਪੁੱਛਾਂ ਕਿ ਉਹ ਕੌਣ ਹੈ ਜਿਹੜਾ ਸਵੇਰੇ ਉੱਥੇ ਦਿਸਦਾ, ਪਰ ਮੈਂ ਇਸ ਨੂੰ ਐਵੇਂ ਫਜ਼ੂਲ ਗੱਲ ਸਮਝ ਕੁਝ ਨਹੀਂ ਕਿਹਾ।
ਫਿਰ ਇੱਕ ਦਿਨ ਰੋਜ਼ ਵਾਂਗ ਮੈਂ ਸਵੇਰੇ ਦੁੱਧ ਲੈਣ ਲਈ ਹੱਥ ’ਚ ਡੋਲੂ ਫੜੀ ਰੈਸਤੋਰਾਂ ਵੱਲ ਆ ਰਿਹਾ ਸੀ। ਉਸ ਦਿਨ ਮੌਸਮ ਬਹੁਤ ਠੰਢਾ ਸੀ। ਤੇਜ਼ ਸੀਤ ਹਵਾ ਚੱਲ ਰਹੀ ਸੀ। ਪਾਲਾ ਰੋਜ਼ ਨਾਲੋਂ ਵੱਧ ਮਹਿਸੂਸ ਹੋ ਰਿਹਾ ਸੀ। ਲੋਈ ’ਚ ਲਿਪਟੇ ਹੋਣ ’ਤੇ ਵੀ ਠੰਢ ਲੱਗ ਰਹੀ ਸੀ।
ਅਜੇ ਮੈਂ ਰੈਸਤੋਰਾਂ ’ਤੇ ਪਹੁੰਚਣ ਵਾਲਾ ਹੀ ਸੀ ਕਿ ਮੇਰੀ ਨਜ਼ਰ ਦੂਰੋਂ ਉਸ ਸਾਈਕਲ ਵਾਲੇ ’ਤੇ ਪਈ, ਜਿਸ ਨੇੜੇ ਦਸ-ਗਿਆਰਾਂ ਸਾਲਾਂ ਦਾ ਇੱਕ ਮੁੰਡਾ ਖੜ੍ਹਾ ਸੀ। ਮੁੰਡੇ ਦੇ ਹੱਥ ਵਿੱਚ ਵੱਡਾ ਸਾਰਾ ਭਾਂਡਾ ਫੜਿਆ ਹੋਇਆ ਸੀ। ਸਾਈਕਲ ਵਾਲਾ ਉੱਚੀ ਆਵਾਜ਼ ਵਿੱਚ ਪਤਾ ਨਹੀਂ ਉਸ ਨੂੰ ਕੀ ਕਹਿ ਰਿਹਾ ਸੀ।
ਅਜੇ ਮੈਂ ਉਨ੍ਹਾਂ ਵੱਲ ਵੇਖ ਹੀ ਰਿਹਾ ਸੀ ਕਿ ਸਾਈਕਲ ਵਾਲੇ ਨੇ ਉਸ ਮੁੰਡੇ ਦੇ ਮੂੰਹ ’ਤੇ ਦੋ-ਤਿੰਨ ਚਪੇੜਾਂ ਮਾਰੀਆਂ ਅਤੇ ਉਹਦੇ ਹੱਥ ਫੜਿਆ ਭਾਂਡਾ ਖੋਹ ਕੇ ਦੂਰ ਵਗਾਹ ਮਾਰਿਆ। ਇਸ ਤਰ੍ਹਾਂ ਕਰ ਕੇ ਉਹ ਫਿਰ ਉੱਚੀ ਆਵਾਜ਼ ਵਿੱਚ ਮੁੰਡੇ ਨੂੰ ਗਾਲ੍ਹਾਂ ਕੱਢਣ ਲੱਗਿਆ।
ਮੈਂ ਦੁੱਧ ਲੈਣ ਜਾਣ ਦੀ ਥਾਂ ਸਿੱਧਾ ਉਸ ਕੋਲ ਆ ਜਾਂਦਾ ਹਾਂ। ‘‘ਕੀ ਹੋਇਆ, ਬਈ ਕਿਉਂ ਸਵੇਰੇ ਸਵੇਰੇ ਠੰਢ ’ਚ ਇਸ ਜੁਆਕ ਨੂੰ ਮਾਰ ਰਿਹਾ ਹੈਂ?’’ ਮੈਂ ਪੁੱਛਿਆ।
‘‘ਬਾਬੂ ਜੀ ਚੋਰ ਹੈ ਇਹ।’’
ਉਸ ਦੀ ਇਸ ਗੱਲ ’ਤੇ ਮੈਂ ਉਸ ਮੁੰਡੇ ਵੱਲ ਵੇਖਣ ਲੱਗਦਾ ਹਾਂ, ਜਿਸ ਨੇ ਸਰੀਰ ’ਤੇ ਸਿਰਫ਼ ਇੱਕ ਪਤਲੀ ਜਿਹੀ ਕਮੀਜ਼ ਪਹਿਨੀ ਹੋਈ ਹੈ। ਇੰਨੀ ਠੰਢ ਵਿੱਚ ਵੀ ਜਿਸ ਦੀਆਂ ਲੱਤਾਂ ਨੰਗੀਆਂ ਹਨ, ਜਿਸ ਦੇ ਪੈਰ ਨੰਗੇ ਹਨ। ਉਹ ਅੱਖਾਂ ’ਤੇ ਆਪਣਾ ਸੱਜਾ ਹੱਥ ਧਰ ਕੇ ਰੋ ਰਿਹਾ ਸੀ।
‘‘ਬਈ ਇੰਨੀ ਸਵੇਰੇ ਇਸ ਨੇ ਤੇਰੀ ਕੀ ਚੋਰੀ ਕਰ ਲਈ ਜਿਹੜਾ ਤੂੰ ਇਸ ਨੂੰ ਮਾਰਿਆ?’’ ਮੈਂ ਸਾਈਕਲ ਵਾਲੇ ਨੂੰ ਪੁੱਛਿਆ।
‘‘ਨਾ ਹੀ ਪੁੱਛੋ ਬਾਬੂ ਜੀ, ਮੇਰਾ ਤਾਂ ਮਨ ਕਰਦਾ ਮਾਰ ਮਾਰ ਕੇ ਇਹਦੀ ਚਮੜੀ ਉਧੇੜ ਦੇਵਾਂ, ਇਹਦੀ ਸ਼ਕਲ ਵਿਗਾੜ ਦੇਵਾਂ।’’ ਸਾਈਕਲ ਵਾਲਾ ਗੁੱਸੇ ਨਾਲ ਮੁੰਡੇ ਵੱਲ ਵੇਖ ਕੇ ਬੋਲਿਆ।
ਉਹ ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ।
‘‘ਬਈ, ਤੂੰ ਗੱਲ ਤਾਂ ਦੱਸ, ਫਿਰ ਤੂੰ ਭਾਵੇਂ ਇਸ ਦੀ ਚਮੜੀ ਉਧੇੜ ਦੇਈਂ ਜਾਂ ਸ਼ਕਲ ਵਿਗਾੜ ਦੇਈਂ।’’
ਮੇਰੀ ਗੱਲ ਸੁਣ ਸਾਈਕਲ ਵਾਲਾ ਸਾਰੀ ਕਹਾਣੀ ਦੱਸਣ ਲੱਗਾ:
‘‘ਬਾਬੂ ਜੀ ਇਸ ਰੈਸਤੋਰਾਂ ਵਿੱਚ ਜਿਹੜੇ ਬੰਦੇ ਰੋਟੀ ਖਾਣ ਆਉਂਦੇ ਨੇ, ਉਹ ਪੈਸੇ ਵਾਲੇ ਹੀ ਹੁੰਦੇ ਨੇ। ਇੱਥੇ ਤਾਂ ਦਾਲ ਦੀ ਇੱਕ ਪਲੇਟ ਚਾਲੀ ਰੁਪਏ ਦੀ ਮਿਲਦੀ ਹੈ ਜਦੋਂਕਿ ਇਨ੍ਹਾਂ ਚਾਲੀ ਰੁਪਿਆਂ ਨਾਲ ਇੱਕ ਗ਼ਰੀਬ ਪਰਿਵਾਰ ਹਫ਼ਤਾ ਭਰ ਦਾਲ ਪਕਾ ਕੇ ਰੋਟੀ ਖਾ ਸਕਦਾ ਹੈ। …ਪਨੀਰ ਤੇ ਮਲਾਈ ਕੋਫਤੇ ਦੀ ਤਾਂ ਗੱਲ ਹੀ ਨਾ ਕਰੋ।’’ ਸਾਈਕਲ ਵਾਲਾ ਬਿਨਾਂ ਰੁਕੇ ਬੋਲਦਾ ਜਾ ਰਿਹਾ ਸੀ, ‘‘ਉਨ੍ਹਾਂ ਅਮੀਰ ਲੋਕਾਂ ਦਾ ਖਾਣਾ ਖਾਣ ਦਾ ਵੀ ਇੱਕ ਅੰਦਾਜ਼ ਹੁੰਦਾ ਹੈ। ਪਲੇਟਾਂ ਵਿੱਚ ਜੂਠ ਛੱਡਣਾ ਉਹ ਆਪਣੀ ਸ਼ਾਨ ਸਮਝਦੇ ਹਨ। ਉਹ ਅਜਿਹਾ ਇਹ ਦਰਸਾਉਣ ਲਈ ਵੀ ਕਰਦੇ ਹਨ ਕਿ ਉਹ ਰੱਜੇ ਹੋਏ ਹਨ, ਭੁੱਖੇ ਨਹੀਂ। ਰੈਸਤੋਰਾਂ ’ਤੇ ਤਾਂ ਉਹ ਐਵੇਂ ਆ ਜਾਂਦੇ ਹਨ। ਫਿਰ ਉਹ ਕੰਜੂਸ ਵੀ ਨਹੀਂ ਸਗੋਂ ਖੁੱਲ੍ਹੇ ਦਿਨ ਵਾਲੇ ਹਨ। ਮੇਰੇ ਕਿਹਾਂ ਰੈਸਤੋਰਾਂ ’ਚ ਜੂਠੀਆਂ ਪਲੇਟਾਂ ਧੋਣ ਵਾਲਾ ਮੁੰਡਾ ਪਲੇਟਾਂ ਦੀ ਜੂਠ ਇੱਕ ਕਨੱਸਤਰ ਵਿੱਚ ਇਕੱਠੀ ਕਰਦਾ ਰਹਿੰਦਾ ਹੈ। ਰਾਤ ਹੋਣ ਤਕ ਕਨੱਸਤਰ ਮੂੰਹ ਤਕ ਭਰ ਜਾਂਦਾ ਹੈ। ਮੈਂ ਸਵੇਰੇ ਹਨੇਰੇ ਜਿਹੇ ਆਉਂਦਾ ਹਾਂ ਤੇ ਜੂਠ ਨਾਲ ਭਰਿਆ ਕਨੱਸਤਰ ਸਾਈਕਲ ’ਤੇ ਟੰਗੇ ਪੀਪੇ ਵਿੱਚ ਉਲਟਾ ਕੇ ਲੈ ਜਾਂਦਾ ਹਾਂ। ਇਸ ਦੇ ਬਦਲੇ ਮੁੰਡੇ ਨੂੰ ਰੋਜ਼ ਦੇ ਪੰਜ ਰੁਪਏ ਦੇ ਦਿੰਦਾ ਹਾਂ।’’
‘‘ਪਰ ਇਸ ਕਨੱਸਤਰ ਦਾ ਮਾਲ ਤੇਰੇ ਕੀ ਕੰਮ ਆਉਂਦਾ ਹੈ?’’ ਮੈਂ ਸਾਈਕਲ ਵਾਲੇ ਦੀ ਗੱਲ ਕੱਟਦਿਆਂ ਪੁੱਛਦਾ ਹਾਂ।
‘‘ਬਾਊ ਜੀ! ਮੈਂ ਕਈ ਸੂਰ ਪਾਲ ਰੱਖੇ ਹਨ। ਇਹ ਸਾਰਾ ਕੁਝ ਮੈਂ ਇੱਕ ਬੱਠਲ ’ਚ ਪਾ ਕੇ ਉਨ੍ਹਾਂ ਮੂਹਰੇ ਧਰ ਦਿੰਦਾ ਹਾਂ। ਆਪ ਬਾਬੂ ਜੀ ਯਕੀਨ ਕਰੋ ਜਿੱਦਣ ਦੇ ਸੂਰ ਇਹ ਜੂਠ ਖਾਣ ਲੱਗੇ ਨੇ, ਬਹੁਤ ਛੇਤੀ ਵਧਦੇ ਹੋਏ ਮੋਟੇ ਵੀ ਹੁੰਦੇ ਜਾਂਦੇ ਨੇ। ਰੋਜ਼ ਦੇ ਕੁੱਲ ਪੰਜ ਰੁਪਏ ਨਾਲ ਉਨ੍ਹਾਂ ਦਾ ਪੇਟ ਵੀ ਭਰ ਜਾਂਦਾ ਹੈ। ਕਿੰਨਾ ਸਸਤਾ ਹੈ ਇਹ ਕੰਮ!’’ ਉਸ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ।
‘‘ਪਰ ਤੂੰ ਇਸ ਮੁੰਡੇ ਨੂੰ ਕਿਉਂ ਮਾਰਿਆ?’’ ਮੈਂ ਫਿਰ ਪਹਿਲਾਂ ਵਾਲਾ ਸੁਆਲ ਦੁਹਰਾਇਆ। ‘‘ਇਹ ਚੋਰ ਹੈ ਬਾਊ ਜੀ। ਮੈਂ ਕਈ ਦਿਨਾਂ ਦਾ ਵੇਖ ਰਿਹਾ ਸੀ ਕਿ ਸੂਰਾਂ ਲਈ ਜੂਠ ਨਾਲ ਕਨੱਸਤਰ ਭਰਿਆ ਨਹੀਂ ਸੀ ਹੁੰਦਾ, ਸਗੋਂ ਰੋਜ਼ ਖਾਸਾ ਨੀਵਾਂ ਹੁੰਦਾ ਸੀ। ਜਦੋਂ ਮੈਂ ਪਲੇਟਾਂ ਸਾਫ਼ ਕਰਨ ਵਾਲੇ ਮੁੰਡੇ ਨੂੰ ਇਸ ਦਾ ਉਲਾਂਭਾ ਦਿੱਤਾ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਰੋਜ਼ ਰਾਤੀਂ ਗਿਆਰਾਂ ਵਜੇ ਕਨੱਸਤਰ ਭਰ ਕੇ ਰੱਖਣ ਦੇ ਹੀ ਪੰਜ ਰੁਪਏ ਲੈਂਦਾ ਹੈ। ਫੇਰ ਮੈਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਗੜਬੜ ਹੈ।’’
ਸਾਈਕਲ ਵਾਲਾ ਆਪਣੀ ਕਹਾਣੀ ਸੁਣਾ ਰਿਹਾ ਸੀ ਅਤੇ ਉਸ ਕੋਲ ਖੜ੍ਹਾ ਉਹ ਦਸ-ਗਿਆਰਾਂ ਸਾਲ ਦਾ ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ। ਸਾਈਕਲ ਵਾਲੇ ਨੇ ਗੱਲ ਮੁੜ ਸ਼ੁਰੂ ਕੀਤੀ, ‘‘ਮੈਂ ਸਮਝ ਗਿਆ ਬਾਊ ਜੀ ਕਿ ਕਨੱਸਤਰ ’ਚੋਂ ਮਾਲ ਚੋਰੀ ਹੁੰਦਾ ਹੈ। ਬਸ ਫਿਰ ਕੀ ਮੈਂ ਅੱਜ ਸਵੇਰੇ ਚੋਰ ਨੂੰ ਫੜਨ ਲਈ ਜਲਦੀ ਆ ਗਿਆ ਤੇ ਹਨੇਰੇ ਵਿੱਚ ਲੁਕ ਕੇ ਖੜ੍ਹ ਗਿਆ। ਕੋਈ ਛੇ ਵਜੇ ਤੋਂ ਵੀ ਪਹਿਲਾਂ। ਮੈਂ ਵੇਖਿਆ, ਇਹ ਉਧਰ ਝੁੱਗੀਆਂ ਵੱਲੋਂ ਟੁਰਿਆ ਆ ਰਿਹਾ ਸੀ। ਮੈਂ ਚੁੱਪ ਖੜ੍ਹਾ ਇਸ ਨੂੰ ਵੇਖਦਾ ਰਿਹਾ। ਫਿਰ ਵਰਾਂਡੇ ਵਿੱਚ ਜਾ ਕੇ ਇਸ ਨੇ ਕਨੱਸਤਰ ਵਿੱਚੋਂ ਇੱਕ ਵੱਡਾ ਡੱਬਾ ਮਾਲ ਦਾ ਭਰ ਲਿਆ। ਇਹ ਅਜੇ ਮੁੜ ਝੁੱਗੀਆਂ ਵੱਲ ਜਾਣ ਨੂੰ ਹੋਇਆ ਹੀ ਸੀ ਕਿ ਮੈਂ ਇਸ ਨੂੰ ਰੰਗੇ ਹੱਥੀਂ ਫੜ ਲਿਆ। ਫਿਰ ਇਹ ਚੋਰ ਹੀ ਤਾਂ ਹੋਇਆ।’’
ਆਪਣੀ ਗੱਲ ਮੁਕਾਉਂਦਿਆਂ ਸਾਰ ਸਾਈਕਲ ਵਾਲੇ ਨੇ ਨੰਗੀਆਂ ਲੱਤਾਂ ਵਾਲੇ ਮੁੰਡੇ ਦੇ ਮੂੰਹ ’ਤੇ ਜ਼ੋਰ ਨਾਲ ਇੱਕ ਚਪੇੜ ਮਾਰੀ। ਉਸ ਨੂੰ ਚੋਰ ਆਖ ਗਾਲ੍ਹ ਕੱਢੀ।
‘‘ਬਈ ਤੂੰ ਇਸ ਨੂੰ ਨਾ ਮਾਰ। ਮੈਂ ਇਸ ਕੋਲੋਂ ਪੁੱਛਦਾ ਹਾਂ ਗੱਲ ਕੀ ਹੈ।’’
‘‘ਕਿਉਂ ਬਈ ਤੂੰ ਇਸ ਤਰ੍ਹਾਂ ਕਿਉਂ ਕਰਦਾ ਸੀ?’’ ਮੈਂ ਉਸ ਮੁੰਡੇ ਕੋਲੋਂ ਪੁੱਛਿਆ। ਪਹਿਲਾਂ ਤਾਂ ਉਸ ਨੇ ਕੋਈ ਜੁਆਬ ਨਹੀਂ ਦਿੱਤਾ, ਪਰ ਦੂਜੀ ਵਾਰੀ ਪੁੱਛਣ ’ਤੇ ਉਹ ਰੋਂਦਾ ਹੋਇਆ ਬੋਲਣ ਲੱਗਾ, ‘‘ਮਾਂ ਮੈਨੂੰ ਸਵੇਰੇ ਹਨੇਰੇ ਉਠਾ ਦਿੰਦੀ ਹੈ। ਉਸ ਵੇਲੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ। ਫਿਰ ਮੈਨੂੰ ਠੰਢ ਵੀ ਬਹੁਤ ਲੱਗਦੀ ਹੈ। ਸਾਰਿਆਂ ਤੋਂ ਪਹਿਲਾਂ ਡੱਬਾ ਲੈ ਕੇ ਮੈਂ ਇੱਥੇ ਆ ਜਾਂਦਾ ਹਾਂ। ਮੈਨੂੰ ਪਤਾ ਹੁੰਦਾ ਹੈ ਕਿ ਭਾਂਡੇ ਸਾਫ਼ ਕਰਨ ਵਾਲਾ ਮੁੰਡਾ ਹਨੇਰੇ ਵਿੱਚ ਪੀਪਾ ਕਿੱਥੇ ਰੱਖਦਾ ਹੈ? ਫਿਰ ਮੈਂ ਚੁੱਪਚਾਪ ਪੀਪੇ ’ਚੋਂ ਮਾਲ ਦਾ ਡੱਬਾ ਭਰ ਕੇ ਘਰ ਲੈ ਜਾਂਦਾ ਹਾਂ।’’
‘‘ਪਰ ਤੁਸੀਂ ਇਸ ਦਾ ਕੀ ਕਰਦੇ ਹੋ?’’ ਮੈਂ ਉਸ ਦੀ ਗੱਲ ਕੱਟ ਕੇ ਅਗਲਾ ਸੁਆਲ ਪੁੱਛਦਾ ਹਾਂ, ਪਰ ਇਸ ਵਾਰੀ ਉਹ ਮੁੰਡਾ ਰੁਕਦਾ ਨਹੀਂ ਸਗੋਂ ਤੁਰੰਤ ਮੇਰੇ ਸੁਆਲ ਦਾ ਜੁਆਬ ਦੇਣ ਲੱਗਦਾ ਹੈ, ‘‘ਸਾਡਾ ਬਾਪੂ ਨਹੀਂ ਹੈ। ਉਹ ਤਾਂ ਪਿਛਲੇ ਸਾਲ ਬਿਮਾਰ ਹੋ ਕੇ ਮਰ ਗਿਆ ਸੀ। ਹੁਣ ਮੇਰੀ ਮਾਂ ਹੈ, ਜਿਸ ਨਾਲ ਅਸੀਂ ਚਾਰ ਭੈਣ ਭਰਾ ਰਹਿੰਦੇ ਹਾਂ। ਮੈਂ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਹਾਂ। ਅਸੀਂ ਸਾਰੇ ਬਾਪੂ ਨਾਲ ਪਿੰਡੋਂ ਸ਼ਹਿਰ ਕੰਮ ਕਰਨ ਲਈ ਆਏ ਸੀ। ਇੱਥੇ ਸਰਕਾਰੀ ਕੁਆਟਰ ਬਣ ਰਹੇ ਹਨ। ਠੇਕੇਦਾਰ ਨੇ ਸਾਡੇ ਰਹਿਣ ਲਈ ਕੁਆਟਰਾਂ ਨੇੜੇ ਹੀ ਝੁੱਗੀਆਂ ਬਣਾ ਰੱਖੀਆਂ ਹਨ। ਪਹਿਲਾਂ ਤਾਂ ਮੇਰੀ ਮਾਂ, ਬਾਪੂ ਨਾਲ ਮਿਲ ਕੇ ਦਿਹਾੜੀ ਕਰਿਆ ਕਰਦੀ ਸੀ ਤੇ ਸਭ ਕੁਝ ਠੀਕ-ਠਾਕ ਟੁਰਦਾ ਸੀ, ਪਰ ਹੁਣ ਇਕੱਲੀ ਮਾਂ ਦਿਹਾੜੀ ਕਰਦੀ ਹੈ। ਮੈਂ ਤਾਂ ਅਜੇ ਛੋਟਾ ਹਾਂ ਕੁਝ ਕਰਨ ਜੋਗਾ ਨਹੀਂ। ਬਸ ਮਾਂ ਦਿਹਾੜੀ ਕਰਦੀ ਹੈ ਤੇ ਮੈਂ ਛੋਟੇ ਭੈਣ ਭਰਾਵਾਂ ਨੂੰ ਸਾਂਭਦਾ ਹਾਂ। ਇਕੱਲੀ ਮਾਂ ਦੀ ਦਿਹਾੜੀ ਦੇ ਪੈਸਿਆਂ ਨਾਲ ਤਾਂ ਦਾਲ-ਸਬਜ਼ੀ ਨਹੀਂ ਖ਼ਰੀਦੀ ਜਾ ਸਕਦੀ। ਉਸ ਨਾਲ ਤਾਂ ਮਸਾਂ ਆਟਾ ਤੇ ਦੁੱਧ-ਚਾਹ ਚਲਦੀ ਹੈ। ਮੈਂ ਸਵੇਰੇ ਕਿਸੇ ਦੇ ਆਉਣ ਤੋਂ ਪਹਿਲਾਂ ਪੀਪੇ ’ਚੋਂ ਮਾਲ ਦਾ ਡੱਬਾ ਭਰ ਕੇ ਲੈ ਜਾਂਦਾ ਹਾਂ ਜਿਸ ਨਾਲ ਅਸੀਂ ਸਾਰੇ ਸਵੇਰੇ-ਸ਼ਾਮ ਰੋਟੀ ਖਾ ਲੈਂਦੇ ਹਾਂ। ਸਾਨੂੰ ਇਹ ਸੁਆਦ ਵੀ ਬਹੁਤ ਲੱਗਦਾ ਹੈ। ਭਾਵੇਂ ਸਵੇਰੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ…। ਭਾਵੇਂ ਸਵੇਰੇ ਮੇਰੀਆਂ ਲੱਤਾਂ ਨੰਗੀਆਂ ਹੁੰਦੀਆਂ ਹਨ… ਮੈਨੂੰ ਠੰਢ ਵੀ ਬਹੁਤ ਲੱਗਦੀ ਹੈ, ਪਰ ਤਾਂ ਵੀ ਮੈਂ ਮਾਂ ਦੇ ਕਿਹਾਂ ਇੱਧਰ ਆ ਜਾਂਦਾ ਹਾਂ ਤੇ…!’’
ਮੁੰਡਾ ਬੋਲਣਾ ਬੰਦ ਕਰ ਦਿੰਦਾ ਹੈ। ਕਹਾਣੀ ਇੱਥੇ ਹੀ ਮੁੱਕ ਜਾਂਦੀ ਹੈ।
ਠੰਢ ਨਾਲ ਕੰਬਦਾ ਮਾਹੌਲ ਜਿਵੇਂ ਭੈਅਭੀਤ ਹੋ ਜਾਂਦਾ ਹੈ, ਸ਼ਾਂਤ ਤੇ ਡਰਾਉਣਾ ਹੋ ਜਾਂਦਾ ਹੈ, ਪਰ ਉਦੋਂ ਹੀ ਮੈਨੂੰ ਨੰਗ-ਧੜੰਗੇ ਉਹ ਚਾਰ ਬੱਚੇ ਇੱਕ-ਦੂਜੇ ਨੂੰ ਧੱਕੇ ਮਾਰਦੇ ਹੋਏ, ਭੁੱਖੇ, ਹਾਬੜੇ ਬੱਠਲ ਵਿੱਚ ਮੂੰਹ ਮਾਰਦੇ ਦਿਸਣ ਲੱਗਦੇ ਹਨ। ਇਕੱਲੇ ਨਹੀਂ ਸਗੋਂ ਸੂਰਾਂ ਨਾਲ ਮਿਲ ਕੇ ਬੱਠਲ ਵਿੱਚ ਪਈ ਜੂਠ ਖਾਂਦੇ ਦਿਸਣ ਲੱਗਦੇ ਹਨ…।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ