Punjabi Stories/Kahanian
ਐਸ. ਸਾਕੀ
S. Saki

Punjabi Kavita
  

Number Biasi S. Saki

ਨੰਬਰ ਬਿਆਸੀ ਐਸ ਸਾਕੀ

ਨੱਸੀ ਜਾਂਦੀ ਟੈਕਸੀ ਇੱਕ ਘਰ ਮੂਹਰੇ ਆ ਕੇ ਰੁਕ ਗਈ। ਮਾਸਟਰ ਸੰਤੋਖ ਸਿੰਘ ਨੂੰ ਸ਼ਾਮ ਦੇ ਪੰਜ ਵਜੇ ਹੀ ਸਾਈਡ ਦੇ ਸ਼ੀਸ਼ੇ ਰਾਹੀਂ ਟੈਕਸੀ ਤੋਂ ਬਾਹਰ ਘੁਸਮੁਸਾ ਜਿਹਾ ਦਿੱਸਿਆ। ਉਹ ਆਪਣੇ ਪੁੱਤ ਅਜੀਤ ਨਾਲ ਟੈਕਸੀ ’ਚੋਂ ਬਾਹਰ ਨਿਕਲ ਆਇਆ। ਉਹ ਪਹਿਲੀ ਵਾਰ ਆਪਣੇ ਪੁੱਤ ਨਾਲ ਆਸਟਰੇਲੀਆ ਆਇਆ ਸੀ। ਮਾਸਟਰ ਸੰਤੋਖ ਸਿੰਘ ਦੀ ਨਜ਼ਰ ਉਸ ਘਰ ਵੱਲ ਚਲੀ ਗਈ ਜਿਸ ਸਾਹਮਣੇ ਟੈਕਸੀ ਖੜ੍ਹੀ ਸੀ। ਇਹ ਉਸ ਦੇ ਪੁੱਤਰ ਦਾ ਘਰ ਸੀ। ਪਿੰਡੋਂ ਤੁਰਨ ਤੋਂ ਪਹਿਲਾਂ ਸੰਤੋਖ ਸਿੰਘ ਨੇ ਸੋਚਿਆ ਸੀ ਕਿ ਉਸ ਦੇ ਪੁੱਤ ਕੋਲ ਛੋਟਾ ਜਿਹਾ ਅਪਾਰਟਮੈਂਟ ਹੀ ਹੋਵੇਗਾ। ਕਿਉਂ ਜੋ ਉਹ ਅਕਸਰ ਅਖ਼ਬਾਰਾਂ ਵਿੱਚ ਪੜ੍ਹਦਾ ਸੀ ਕਿ ਉਸ ਦੇ ਮੁਲਕ ਦੇ ਲੋਕ ਵਿਦੇਸ਼ ਜਾ ਕੇ ਮਸਾਂ ਕੋਈ ਛੋਟਾ ਜਿਹਾ ਅਪਾਰਟਮੈਂਟ ਹੀ ਖ਼ਰੀਦ ਪਾਉਂਦੇ ਹਨ।
ਡਿੱਕੀ ਵਿੱਚੋਂ ਦੋ ਸੂਟਕੇਸ ਕੱਢ ਅਜੀਤ ਆਪਣੇ ਬਾਪੂ ਜੀ ਨੂੰ ਨਾਲ ਲੈ ਘਰ ਵੱਲ ਤੁਰ ਪਿਆ। ਡੋਰ ਬੈੱਲ ਵਜਾਉਣ ’ਤੇ ਦਰਵਾਜ਼ਾ ਖੁੱਲ੍ਹ ਗਿਆ। ਇੱਕ ਔਰਤ ਤੇ ਉਸ ਨਾਲ ਖੜ੍ਹੇ ਅੱਠ-ਨੌਂ ਵਰ੍ਹਿਆਂ ਦੇ ਮੁੰਡੇ ਨੇ ਮਾਸਟਰ ਸੰਤੋਖ ਸਿੰਘ ਦੇ ਪੈਰੀਂ ਹੱਥ ਲਾਇਆ। ਇਹ ਸੰਤੋਖ ਸਿੰਘ ਦੀ ਨੂੰਹ ਤੇ ਉਸ ਦਾ ਪੋਤਾ ਮਿੱਕੀ ਸਨ। ਅਜਿਹਾ ਹੋਣ ’ਤੇ ਸੰਤੋਖ ਸਿੰਘ ਦਾ ਅੰਦਰ ਖ਼ੁਸ਼ੀ ਨਾਲ ਭਰ ਗਿਆ ਕਿਉਂਕਿ ਉਸ ਨੂੰ ਨਹੀਂ ਜਾਪਦਾ ਸੀ ਕਿ ਵਿਦੇਸ਼ ’ਚ ਰਹਿਣ ਵਾਲੀ ਉਸ ਦੀ ਨੂੰਹ ਅਤੇ ਉੱਥੇ ਹੀ ਜਨਮੇ ਉਸ ਦੇ ਪੋਤੇ ਦੇ ਅਜਿਹੇ ਚੰਗੇ ਸੰਸਕਾਰ ਹੋਣਗੇ।
ਘਰ ਸਚਮੁੱਚ ਹੀ ਬਹੁਤ ਵੱਡਾ ਸੀ। ਨੂੰਹ ਗਾਇਤਰੀ ਨੇ ਸਹੁਰੇ ਦਾ ਸੂਟਕੇਸ ਤੇ ਬੈਗ ਉਸ ਦੇ ਬੈੱਡਰੂਮ ਵਿੱਚ ਰੱਖ ਦਿੱਤਾ। ਹੱਥ-ਮੂੰਹ ਧੋ ਮਾਸਟਰ ਸੰਤੋਖ ਸਿੰਘ ਡਰਾਇੰਗ ਰੂਮ ਵਿੱਚ ਆ ਸੋਫੇ ’ਤੇ ਬਹਿ ਗਿਆ। ਗਾਇਤਰੀ ਚਾਹ ਬਣਾ ਕੇ ਲੈ ਆਈ। ਚਾਹ ਪੀਂਦੇ ਹੋਏ ਸਾਰੇ ਗੱਲਾਂ ਕਰਦੇ ਰਹੇ।
ਲੰਬੇ ਸਫ਼ਰ ਦਾ ਥੱਕਿਆ ਹੋਣ ’ਤੇ ਰਾਤੀਂ ਰੋਟੀ ਖਾ ਕੇ ਸੰਤੋਖ ਸਿੰਘ ਆਪਣੇ ਬੈੱਡਰੂਮ ਵਿੱਚ ਸੌਣ ਚਲਾ ਗਿਆ। ਬੈੱਡ ’ਤੇ ਲੰਮੇ ਪਏ ਸੰਤੋਖ ਸਿੰਘ ਦੀ ਸੋਚ ਫੇਰ ਉਹਦੇ ਪਿੰਡ ਪਹੁੰਚ ਜਾਂਦੀ ਹੈ। ਕਾਸ਼ਤਕਾਰ ਪਰਿਵਾਰ ਸੀ ਉਨ੍ਹਾਂ ਦਾ। ਬਾਪੂ ਮੰਗਲ ਬਲ੍ਹਦਾਂ ਨਾਲ ਖੇਤੀ ਕਰਿਆ ਕਰਦਾ ਸੀ। ਦੋ ਪੁੱਤ ਸਨ ਉਹਦੇ। ਸੰਤੋਖ ਸਿੰਘ, ਗੁਰਦਿੱਤੇ ਨਾਲੋਂ ਦੋ ਵਰ੍ਹੇ ਛੋਟਾ ਸੀ। ਵੱਡਾ ਗੁਰਦਿੱਤਾ ਤਾਂ ਮਸਾਂ ਪੰਜਵੀਂ ਪਾਸ ਹੀ ਕਰ ਸਕਿਆ, ਪਰ ਸੰਤੋਖ ਸਿੰਘ ਪੰਜਵੀਂ ਪਾਸ ਕਰਕੇ ਨਾਲ ਦੇ ਪਿੰਡ ਮਿਡਲ ਸਕੂਲ ਵਿੱਚ ਜਾਣ ਲੱਗਾ। ਫਿਰ ਸ਼ਹਿਰੋਂ ਹਾਈ ਸਕੂਲ ਪਾਸ ਕਰਕੇ ਕਾਲਜ ਦਾਖ਼ਲਾ ਲੈ ਲਿਆ। ਅੰਗਰੇਜ਼ੀ ਦੀ ਐੱਮ ਏ ਕਰ ਉਸ ਨੇ ਟੀਚਰਜ਼ ਟਰੇਨਿੰਗ ਕੀਤੀ ਤੇ ਫਿਰ ਸ਼ਹਿਰ ਦੇ ਉਸੇ ਸਰਕਾਰੀ ਸਕੂਲ ’ਚ ਅਧਿਆਪਕ ਲੱਗ ਗਿਆ ਜਿੱਥੋਂ ਉਸ ਨੇ ਹਾਈ ਸਕੂਲ ਪਾਸ ਕੀਤਾ ਸੀ। ਪਹਿਲਾਂ ਵੱਡੇ ਦਾ ਵਿਆਹ ਹੋਇਆ ਤੇ ਫਿਰ ਸੰਤੋਖ ਸਿੰਘ ਨੇ ਆਪਣੇ ਨਾਲ ਕੰਮ ਕਰਦੀ ਮਨਜੀਤ ਨਾਂ ਦੀ ਅਧਿਆਪਕਾ ਨਾਲ ਵਿਆਹ ਕਰਵਾ ਲਿਆ। ਸੰਤੋਖ ਸਿੰਘ ਇੱਕ ਪੁੱਤ ਦਾ ਪਿਤਾ ਬਣ ਗਿਆ ਜਦੋਂਕਿ ਵੱਡੇ ਗੁਰਦਿੱਤੇ ਘਰ ਦੋ ਕੁੜੀਆਂ ਤੇ ਇੱਕ ਪੁੱਤ ਜਨਮਿਆ।
ਸੰਤੋਖ ਸਿੰਘ ਦਾ ਪੁੱਤ ਅਜੀਤ ਚੰਗੇ ਨੰਬਰਾਂ ਨਾਲ ਹਾਈ ਸਕੂਲ ਪਾਸ ਕਰਕੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਆਸਟਰੇਲੀਆ ਚਲਾ ਗਿਆ। ਉਸ ਨੇ ਇੰਜਨੀਅਰਿੰਗ ਪਾਸ ਕੀਤੀ। ਉਹ ਮੁੜ ਆਪਣੇ ਪਿੰਡ ਨਾ ਗਿਆ ਤੇ ਇੱਥੇ ਹੀ ਪੱਕਾ ਹੋ ਗਿਆ। ਫਿਰ ਆਪਣੇ ਨਾਲ ਕੰਮ ਕਰਦੀ ਗਾਇਤਰੀ ਨਾਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ।
ਵਿਆਹ ਕਰਵਾ ਕੇ ਪੰਦਰਾਂ ਦਿਨਾਂ ਲਈ ਆਪਣੇ ਪਿੰਡ ਆਇਆ। ਮਾਸਟਰ ਸੰਤੋਖ ਸਿੰਘ ਤੇ ਮਨਜੀਤ ਨੂੰ ਥੋੜ੍ਹੇ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੀ ਨੂੰਹ ਬਹੁਤ ਨੇਕ ਸੁਭਾਅ ਦੀ ਸੇਵਾ ਭਾਵ ਵਾਲੀ ਕੁੜੀ ਹੈ।
ਛੁੱਟੀਆਂ ਕੱਟ ਕੇ ਦੋਵੇਂ ਆਸਟਰੇਲੀਆ ਮੁੜ ਗਏ। ਦੋਵਾਂ ਨੇ ਸੰਤੋਖ ਸਿੰਘ ਤੇ ਮਨਜੀਤ ਨੂੰ ਇੰਡੀਆ ਛੱਡ ਕੇ ਨਾਲ ਚੱਲਣ ਲਈ ਕਿਹਾ, ਪਰ ਉਹ ਨਾ ਤਾਂ ਪਿੰਡ ਅਤੇ ਨਾ ਹੀ ਆਪਣਿਆਂ ਨੂੰ ਛੱਡ ਸਕੇ! ਆਸਟਰੇਲੀਆ ’ਚ ਰਹਿੰਦੇ ਹੋਏ ਅਜੀਤ ਤੇ ਗਾਇਤਰੀ ਇੱਕ ਪੁੱਤ ਦੇ ਮਾਪੇ ਬਣ ਗਏ। ਉਹ ਮੁੜ ਇੰਡੀਆ ਤਾਂ ਨਹੀਂ ਜਾ ਸਕੇ, ਪਰ ਇੰਨੀ ਦੂਰ ਰਹਿੰਦੇ ਹੋਏ ਉਹ ਦੋਵੇਂ ਚਿੱਠੀਆਂ ਤੇ ਫੋਨ ਰਾਹੀਂ ਸੰਤੋਖ ਸਿੰਘ ਤੇ ਮਨਜੀਤ ਨਾਲ ਜੁੜੇ ਰਹੇ।
ਮਾਸਟਰ ਸੰਤੋਖ ਸਿੰਘ ਤੇ ਮਨਜੀਤ ਨੂੰ ਪੈਨਸ਼ਨ ਮਿਲ ਗਈ ਸੀ। ਸੰਤੋਖ ਸਿੰਘ ਕਦੇ ਖੇਤ ਗੇੜਾ ਮਾਰ ਆਉਂਦਾ। ਫਿਰ ਇੱਕ ਦਿਨ ਮਨਜੀਤ ਵੀ ਚਲੀ ਗਈ। ਮਾਸਟਰ ਸੰਤੋਖ ਸਿੰਘ ਇਕੱਲਾ ਰਹਿ ਗਿਆ। ਕੁਝ ਦਿਨਾਂ ਦੀ ਛੁੱਟੀ ਲੈ ਕੇ ਅਜੀਤ ਪਿੰਡ ਆਇਆ। ਉਹ ਆਪਣੇ ਬਾਪੂ ਜੀ ਨੂੰ ਬਹੁਤ ਪਿਆਰ ਕਰਦਾ ਸੀ। ਮਾਂ ਦੇ ਚਲੇ ਜਾਣ ਬਾਅਦ ਉਸ ਨੂੰ ਪਤਾ ਸੀ ਕਿ ਇਕੱਲਿਆਂ ਉਸ ਦੇ ਬਾਪੂ ਜੀ ਲਈ ਪਿੰਡ ਵਿੱਚ ਰਹਿਣਾ ਕਿੰਨਾ ਔਖਾ ਸੀ। ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਲਿਆਉਣ ਦਾ ਸਾਰਾ ਪ੍ਰਬੰਧ ਕਰ ਲਿਆ ਸੀ। ਪੁੱਤ ਨੂੰ ਵੇਖ ਮਾਸਟਰ ਸੰਤੋਖ ਸਿੰਘ ਬਹੁਤ ਖ਼ੁਸ਼ ਹੋਇਆ, ਪਰ ਜਦੋਂ ਅਜੀਤ ਨੇ ਆਪਣੀ ਮਾਂ ਦੀ ਗੱਲ ਕੀਤੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਭਾਵੇਂ ਸੰਤੋਖ ਸਿੰਘ ਨੇ ਪੁੱਤ ਨਾਲ ਨਾ ਜਾਣ ਲਈ ਬਹੁਤ ਕਿਹਾ, ਪਰ ਉਸ ਨੂੰ ਪੁੱਤ ਅੱਗੇ ਅਖੀਰ ਹਾਰ ਮੰਨਣੀ ਹੀ ਪਈ।
ਆਸਟਰੇਲੀਆ ਆ ਕੇ ਉਸ ਲਈ ਪਹਿਲੀ ਰਾਤ ਬਹੁਤ ਸੁੱਖ ਭਰੀ ਸੀ। ਪਤਨੀ ਮਨਜੀਤ ਦੇ ਦੇਹਾਂਤ ਮਗਰੋਂ ਉਹ ਖ਼ੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ। ਇੱਥੇ ਪੁੱਤ, ਨੂੰਹ ਤੇ ਪੋਤੇ ਨੂੰ ਵੇਖ ਉਸ ਨੂੰ ਇਹ ਅਹਿਸਾਸ ਜ਼ਰੂਰ ਹੋ ਗਿਆ ਸੀ ਕਿ ਹੁਣ ਉਹ ਇਕੱਲਾ ਨਹੀਂ ਹੈ।
ਸ਼ਨਿੱਚਰਵਾਰ ਐਤਵਾਰ ਦੋ ਛੁੱਟੀਆਂ ਸਦਕਾ ਦੋ ਦਿਨ ਘੁੰਮਦਿਆਂ ਤੇ ਆਸਟਰੇਲੀਆ ਦੀਆਂ ਪ੍ਰਸਿੱਧ ਥਾਵਾਂ ਵੇਖਣ ਵਿੱਚ ਲੰਘ ਗਏ। ਮਾਸਟਰ ਸੰਤੋਖ ਸਿੰਘ ਨੂੰ ਇਸ ਤਰ੍ਹਾਂ ਹੋਣਾ ਬਹੁਤ ਚੰਗਾ ਲੱਗਾ ਸੀ।
ਫਿਰ ਸੋਮਵਾਰ ਦਾ ਦਿਨ ਆਇਆ। ਸੰਤੋਖ ਸਿੰਘ ਨੇ ਸਵੇਰੇ ਵੇਖਿਆ ਕਿ ਪੋਤਾ ਤੇ ਨੂੰਹ ਤਿਆਰ ਖੜ੍ਹੇ ਸਨ। ਨਾਸ਼ਤਾ ਬਣਾ, ਸਬਜ਼ੀ ਤੇ ਫੁਲਕੇ ਲਾਹ ਕੇ ਰਸੋਈ ਵਿੱਚ ਰੱਖਿਆ ਸਭ ਕੁਝ ਸਮਝਾ ਨੂੰਹ ਗਾਇਤਰੀ ਪੁੱਤ ਨੂੰ ਨਾਲ ਲੈ ਘਰੋਂ ਬਾਹਰ ਨਿਕਲ ਗਈ। ਫਿਰ ਪੁੱਤ ਅਜੀਤ ਤਿਆਰ ਹੋ ਕੇ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਤੇ ਉਸ ਦੇ ਪੈਰ ਛੂਹ ਬਾਹਰ ਖੜ੍ਹੀ ਆਪਣੀ ਕਾਰ ਵੱਲ ਤੁਰ ਪਿਆ।
ਉਨ੍ਹਾਂ ਦੇ ਜਾਣ ਬਾਅਦ ਸੰਤੋਖ ਸਿੰਘ ਜਾਗਿਆ। ਨਾਸ਼ਤਾ ਕੀਤਾ। ਟੀਵੀ ’ਤੇ ਅੰਗਰੇਜ਼ੀ ਖ਼ਬਰਾਂ ਵੇਖੀਆਂ। ਮਾਸਟਰ ਸੰਤੋਖ ਸਿੰਘ ਨੇ ਦੀਵਾਰ ਉੱਤੇ ਟੰਗੀ ਘੜੀ ’ਤੇ ਨਜ਼ਰ ਮਾਰੀ ਤਾਂ ਅਜੇ ਸਵੇਰ ਦੇ ਗਿਆਰਾਂ ਹੀ ਵੱਜੇ ਸਨ।
ਕੁਝ ਚਿਰ ਉਹ ਚੁੱਪ ਖੜ੍ਹਾ ਰਿਹਾ। ਫਿਰ ਪਤਾ ਨਹੀਂ ਕੀ ਸੋਚ ਕੇ ਉਹ ਬੂਹਾ ਖੋਲ੍ਹ ਘਰੋਂ ਬਾਹਰ ਆ ਗਿਆ। ਉਸ ਸੋਚਿਆ ਕਿ ਬਾਹਰ ਤੁਰਦੇ-ਫਿਰਦੇ ਲੋਕਾਂ ਨੂੰ ਵੇਖ ਉਸ ਦਾ ਮਨ ਬਹਿਲ ਜਾਵੇਗਾ। ਉਹ ਕਿਸੇ ਨਾਲ ਗੱਲਾਂ ਕਰ ਸਕੇਗਾ, ਪਰ ਬਾਹਰ ਤਾਂ ਉਸ ਨੂੰ ਕੋਈ ਵੀ ਨਹੀਂ ਦਿੱਸਿਆ। ਉਸ ਨੇ ਚਾਰੇ ਪਾਸੇ ਨਜ਼ਰ ਮਾਰੀ। ਬਾਹਰ ਤਾਂ ਸੁੰਨਸਾਨ ਸੀ। ਸੰਤੋਖ ਸਿੰਘ ਕਾਫ਼ੀ ਚਿਰ ਬਾਹਰ ਖੜੋਤਾ ਰਿਹਾ ਤੇ ਫਿਰ ਅੰਦਰ ਆ ਗਿਆ।
ਉਸ ਦਾ ਇਹ ਪਹਿਲਾ ਦਿਨ ਬਹੁਤ ਔਖਾ ਲੰਘਿਆ। ਕੁਝ ਦਿਨਾ ਮਗਰੋਂ ਉਸ ਨੇ ਇੱਥੇ ਗੁਰਦੁਆਰਾ ਲੱਭ ਲਿਆ। ਉਹ ਦੋਵੇਂ ਵੇਲੇ ਪੈਦਲ ਉੱਥੇ ਚਲਿਆ ਜਾਂਦਾ ਸੀ। ਉਸ ਨੇ ਸਵੇਰੇ-ਸ਼ਾਮ ਸੈਰ ਕਰਨ ਲਈ ਵੀ ਥਾਂ ਲੱਭ ਲਈ ਸੀ। ਸ਼ਨਿੱਚਰਵਾਰ ਤੇ ਐਤਵਾਰ ਤਾਂ ਉਸ ਦੇ ਬੱਚਿਆਂ ਨਾਲ ਲੰਘ ਜਾਂਦੇ। ਬਹੁਤ ਰੁੱਝਿਆਂ ਵੀ ਗਾਇਤਰੀ ਸਹੁਰੇ ਦਾ ਪੂਰਾ ਖ਼ਿਆਲ ਰੱਖਣ ਦੀ ਕੋਸ਼ਿਸ਼ ਕਰਦੀ ਸੀ।
ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਸਾਰਾ ਦਿਨ ਅਜੀਤ ਘਰ ਸੀ। ਸ਼ਾਮ ਦੇ ਪੰਜ ਵਜੇ ਹਨੇਰਾ ਹੋਣ ਲੱਗਾ ਸੀ ਕਿ ਅਜੀਤ ਨੇ ਕਿਹਾ, ‘‘ਬਾਪੂ ਜੀ, ਤੁਸੀਂ ਤਿਆਰ ਹੋ ਜਾਵੋ।’’
‘‘ਕਿਉਂ ਪੁੱਤ ਕਿਤੇ ਜਾਣਾ ਹੈ?’’ ਸੰਤੋਖ ਸਿੰਘ ਨੇ ਪੁੱਛਿਆ। ‘‘ਹਾਂ ਬਾਪੂ ਜੀ, ਇਸ ਬਲਾਕ ’ਚ ਨੰਬਰ ਬਿਆਸੀ ਵਿੱਚ ਡੇਵਿਡ ਦੇ ਘਰ ਜਾਣਾ ਹੈ।’’
ਡੇਵਿਡ ਬਾਰੇ ਕੁਝ ਵੀ ਪੁੱਛੇ ਬਿਨਾਂ ਉਹ ਤਿਆਰ ਹੋਣ ਲੱਗਾ। ਨੰਬਰ ਬਿਆਸੀ ਇਸੇ ਬਲਾਕ ਵਿੱਚ ਬਾਹਰੋਂ ਵੇਖਣ ਨੂੰ ਵੱਡਾ ਸਾਰਾ ਦੋ ਮੰਜ਼ਿਲਾ ਘਰ ਸੀ ਜਿਸ ਬਾਰੇ ਅਜੀਤ ਨੂੰ ਸਭ ਪਤਾ ਸੀ। ਉੱਥੇ ਪਹੁੰਚ ਸੰਤੋਖ ਸਿੰਘ ਨੂੰ ਨੰਬਰ ਬਿਆਸੀ ਮੂਹਰੇ ਵੱਡਾ ਸਾਰਾ ਲਾਅਨ ਦਿਖਾਈ ਦਿੱਤਾ ਜਿਸ ਵਿੱਚ ਪਹਿਲਾਂ ਤੋਂ ਹੀ ਦਸ-ਬਾਰਾਂ ਮਰਦ ਤੇ ਔਰਤਾਂ ਦਿੱਸੀਆਂ। ਅਜੀਤ ਨੇ ਉਸ ਘਰ ਜਾ ਆਪਣੇ ਬਾਪੂ ਜੀ ਦੀ, ਜਿਸ ਬੰਦੇ ਨਾਲ ਜਾਣ-ਪਛਾਣ ਕਰਵਾਈ, ਉਹ ਕੋਈ ਸੱਤਰ ਤੋਂ ਵੀ ਵੱਧ ਉਮਰ ਦਾ ਇੱਕ ਲੰਬਾ ਗੋਰਾ ਅੰਗਰੇਜ਼ ਡੇਵਿਡ ਸੀ। ਉਹ ਬਹੁਤ ਗਰਮਜੋਸ਼ੀ ਨਾਲ ਮਾਸਟਰ ਸੰਤੋਖ ਸਿੰਘ ਨੂੰ ਮਿਲਿਆ।
ਬਾਹਰ ਲਾਅਨ ਵਿੱਚ ਸਰਦੀ ਵੱਧ ਹੋਣ ਕਰਕੇ ਦੋ ਸਟੈਂਡਿੰਗ ਗੈਸ ਹੀਟਰ ਚੱਲ ਰਹੇ ਸਨ। ਇੱਕ ਪਾਸੇ ਨੂੰ ਕਰਕੇ ਬਾਰਬੀਕਿਉ ’ਤੇ ਸਬਜ਼ੀਆਂ ਭੁੰਨੀਆਂ ਜਾ ਰਹੀਆਂ ਸਨ। ਮਾਸ ਭੁੰਨਿਆ ਜਾ ਰਿਹਾ ਸੀ। ਉਸ ਨੇੜੇ ਮੇਜ਼ ’ਤੇ ਸ਼ਰਾਬ ਦੀਆਂ ਤਿੰਨ-ਚਾਰ ਬੋਤਲਾਂ ਪਈਆਂ ਸਨ। ਗਿਲਾਸ ਪਏ ਸਨ। ਕੁਰਸੀਆਂ ’ਤੇ ਬੈਠ ਸਾਰੇ ਕੁਝ ਖਾ ਰਹੇ ਸਨ। ਗੱਪਾਂ ਮਾਰ ਰਹੇ ਸਨ।
ਮਾਸਟਰ ਸੰਤੋਖ ਸਿੰਘ ਤੇ ਅਜੀਤ ਵੀ ਕੁਰਸੀਆਂ ’ਤੇ ਬੈਠ ਗਏ। ਅਜੀਤ ਨੇ ਆਪਣੇ ਬਾਪੂ ਜੀ ਨੂੰ ਦੱਸਿਆ, ‘‘ਡੇਵਿਡ ਇਸ ਵੱਡੇ ਸਾਰੇ ਘਰ ਵਿੱਚ ਇਕੱਲਾ ਰਹਿੰਦਾ ਹੈ। ਇਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਹੈ। ਇਸ ਦੀ ਪਤਨੀ ਪੰਜ ਸਾਲ ਪਹਿਲਾਂ ਕੈਂਸਰ ਨਾਲ ਮਰ ਗਈ ਸੀ। ਇਸ ਦਾ ਇੱਕੋ-ਇੱਕ ਪੁੱਤ ਅਮਰੀਕਾ ’ਚ ਇੰਜੀਨੀਅਰ ਲੱਗਿਆ ਹੋਇਆ ਹੈ। ਉਸ ਨੂੰ ਇਸ ਸ਼ਾਂਤ ਮੁਲਕ ਵਿੱਚ ਰਹਿਣਾ ਪਸੰਦ ਨਹੀਂ ਸੀ। ਕੰਪਨੀ ਨੇ ਉਸ ਨੂੰ ਉੱਥੇ ਜਾਣ ਲਈ ਆਫ਼ਰ ਦਿੱਤੀ ਤਾਂ ਉਹ ਝੱਟ ਤਿਆਰ ਹੋ ਗਿਆ। ਉਸ ਨੇ ਨਹੀਂ ਸੋਚਿਆ ਕਿ ਬਾਅਦ ਵਿੱਚ ਉਸ ਦੇ ਇਕੱਲੇ ਡੈਡ ਦਾ ਕੀ ਹੋਵੇਗਾ? ਉਹ ਆਸਟਰੇਲੀਆ ਇੱਕ ਵਾਰੀ ਚੱਕਰ ਮਾਰ ਗਿਆ ਸੀ, ਜਦੋਂ ਉਹਦੀ ਮਾਂ ਮਰੀ ਸੀ। ਫਿਰ ਉਹ ਮੁੜ ਕੇ ਕਦੇ ਨਹੀਂ ਆਇਆ। ਇਸ ਮੁਲਕ ਵਿੱਚ ਇਸੇ ਤਰ੍ਹਾਂ ਹੁੰਦਾ ਹੈ। ਜਦੋਂ ਬੱਚੇ ਸਕੂਲ ਪਾਸ ਕਰ ਲੈਂਦੇ ਹਨ ਤਾਂ ਆਪਣੀ ਗਰਲ ਫਰੈਂਡ ਨਾਲ ਆਪਣੇ ਮਾਪਿਆਂ ਨਾਲੋਂ ਵੱਖਰੇ ਹੋ ਜਾਂਦੇ ਹਨ। ਡੇਵਿਡ ਨੇ ਆਪਣੀ ਇਕੱਲ ਦੂਰ ਕਰਨ ਲਈ ਟੌਮੀ ਤੇ ਸੈਮੂ ਨਾਂ ਦੇ ਕੁੱਤੇ ਪਾਲ ਰੱਖੇ ਹਨ। ਉਹ ਆਪਣੇ ਕੱਤਿਆਂ ਨੂੰ ਬਹੁਤ ਪਿਆਰ ਕਰਦਾ ਹੈ। ਓਹੀ ਇਸ ਦੀ ਇਕੱਲ ਦੂਰ ਕਰਦੇ ਹਨ। ਇਹ ਸਾਰਾ ਦਿਨ ਉਨ੍ਹਾਂ ਵਿੱਚ ਰੁੱਝਿਆ ਰਹਿੰਦਾ ਹੈ। ਉਹ ਤਾਂ ਰਾਤੀਂ ਸੌਂਦੇ ਵੀ ਇਹਦੇ ਨਾਲ ਹਨ। ਡੇਵਿਡ ਘਰ ਮਹੀਨੇ ਦੇ ਦੂਜੇ ਤੇ ਆਖ਼ਰੀ ਸ਼ਨਿੱਚਰਵਾਰ ਬਲਾਕ ਦੇ ਕਾਫ਼ੀ ਲੋਕ ਆਉਂਦੇ ਹਨ। ਦਾਰੂ ਪੀਂਦੇ ਹਨ। ਭੁੰਨਿਆ ਮਾਸ ਖਾਂਦੇ ਹਨ। ਡੇਵਿਡ ਬਹੁਤ ਸੋਹਣਾ ਵਾਇਲਨ ਵਜਾਉਂਦਾ। ਕਈ ਵਾਰੀ ਉਸ ਦੇ ਵਾਇਲਨ ’ਚੋਂ ਸੋਗ ਭਰੀ ਆਵਾਜ਼ ਨਿਕਲਦੀ ਹੈ। ਪਤਾ ਨਹੀਂ ਉਸ ਨੂੰ ਕੌਣ ਯਾਦ ਆਉਂਦਾ ਹੈ? ਆਪਣਾ ਪੁੱਤ ਜਾਂ ਫਿਰ ਆਪਣੀ ਪਤਨੀ। ਸਾਰੇ ਮੰਤਰ ਮੁਗਧ ਹੋਏ ਵਾਇਲਨ ਸੁਣਦੇ ਰਹਿੰਦੇ ਨੇ।’’
ਜਦੋਂ ਮਾਸਟਰ ਸੰਤੋਖ ਸਿੰਘ ਪੁੱਤ ਅਜੀਤ ਨਾਲ ਘਰ ਮੁੜਿਆ ਤਾਂ ਰਾਤ ਦੇ ਦਸ ਵੱਜ ਰਹੇ ਸਨ। ਇਹ ਸਭ ਉਸ ਨੂੰ ਬਹੁਤ ਚੰਗਾ ਲੱਗਾ ਸੀ। ਨੰਬਰ ਬਿਆਸੀ ’ਚ ਜਾ ਕੇ ਉਹ ਭੁੱਲ ਹੀ ਗਿਆ ਸੀ ਕਿ ਇਸ ਮੁਲਕ ਵਿੱਚ ਟੁੱਟੇ-ਟੁੱਟੇ ਤੇ ਅੱਡ-ਅੱਡ ਲੋਕ ਰਹਿੰਦੇ ਹਨ। ਸਗੋਂ ਇੱਥੇ ਤਾਂ ਉਹ ਇੱਕ-ਦੂਜੇ ਨੂੰ ਇੰਜ ਮਿਲ ਰਹੇ ਸਨ ਜਿਵੇਂ ਇਹ ਤਾਂ ਸਾਰੇ ਕਦੇ ਵੱਖਰੇ ਹੋਏ ਹੀ ਨਹੀਂ। ਕਦੇ ਇਕੱਲੇ ਰਹੇ ਹੀ ਨਹੀਂ। ਡੇਵਿਡ ਨੂੰ ਵੇਖ ਉਹ ਆਪਣੇ ਬਾਰੇ ਸੋਚਣ ਲੱਗਦਾ, ‘‘ਜਦੋਂ ਡੇਵਿਡ ਇਕੱਲਾ ਬਿਨਾਂ ਕਿਸੇ ਆਸਰੇ ਦੇ ਰਹਿ ਸਕਦਾ। ਫਿਰ ਮੈਂ ਕਿਉਂ ਨਹੀਂ? ਮੇਰੇ ਨਾਲ ਤਾਂ ਮੇਰੀ ਨੂੰਹ ਹੈ। ਮੇਰਾ ਪੁੱਤ ਹੈ। ਮੇਰੇ ਨਾਲ ਤਾਂ ਮੇਰਾ ਪੋਤਾ ਹੈ।’’
ਉਸ ਨੂੰ ਆਸਟਰੇਲੀਆ ਆਇਆਂ ਨੂੰ ਚਾਰ ਮਹੀਨੇ ਹੋ ਚੱਲੇ ਸਨ। ਹੁਣ ਉਸ ਦੇ ਦਿਨ ਸੁਖਾਲੇ ਲੰਘਦੇ ਸਨ, ਪਰ ਮਹੀਨੇ ਵਿੱਚ ਡੇਵਿਡ ਘਰ ਜਾਣਾ ਉਸ ਨੂੰ ਹੋਰ ਵੀ ਚੰਗਾ ਲੱਗਦਾ ਸੀ। ਉਹ ਆਪ ਅਤੇ ਉਸ ਦਾ ਪੁੱਤ ਸ਼ਰਾਬ ਨਹੀਂ ਪੀਂਦੇ ਸਨ। ਉਹ ਤਾਂ ਸ਼ਾਕਾਹਾਰੀ ਵੀ ਸਨ, ਪਰ ਤਾਂ ਵੀ ਉਹ ਉਸ ਥਾਂ ਦੇ ਮਾਹੌਲ ਨੂੰ ਪਸੰਦ ਕਰਦੇ ਸਨ। ਡੇਵਿਡ ਕਿੰਨਾ-ਕਿੰਨਾ ਚਿਰ ਵਾਇਲਨ ਵਜਾਉਂਦਾ ਰਹਿੰਦਾ। ਉੱਥੇ ਦੋ ਤਿੰਨ ਜਣੇ ਅੰਗਰੇਜ਼ੀ ਗੀਤ ਵੀ ਗਾਉਂਦੇ। ਉਨ੍ਹਾਂ ਵਿੱਚੋਂ ਕਈ ਡੇਵਿਡ ਦੇ ਕੁੱਤਿਆਂ ਨਾਲ ਵੀ ਖੇਡਦੇ ਰਹਿੰਦੇ ਸਨ। ਉੱਥੇ ਮਾਸਟਰ ਸੰਤੋਖ ਸਿੰਘ ਲਈ ਸਾਰਾ ਕੁਝ ਬਹੁਤ ਦਿਲਪ੍ਰਚਾਵੇ ਵਾਲਾ ਹੁੰਦਾ ਸੀ। ਫਿਰ ਇੱਕ ਸ਼ਾਮ ਅਜੀਤ ਚਿਰਕਾ ਪਹਿਲਾਂ ਆਪਣੀ ਡਿਊਟੀ ਤੋਂ ਘਰ ਆ ਬੋਲਿਆ, ‘‘ਬਾਪੂ ਜੀ, ਛੇਤੀ ਤਿਆਰ ਹੋ ਜਾਵੋ। ਅਸੀਂ ਹੁਣੇ ਡੇਵਿਡ ਘਰ ਜਾਣਾ ਹੈ।’’
ਅਜੀਤ ਦੇ ਮੂੰਹੋਂ ਇਹ ਸੁਣ ਕੇ ਉਹ ਪੁੱਤ ਦੇ ਮੂੰਹ ਵੱਲ ਵੇਖਣ ਲੱਗਾ ਕਿਉਂਕਿ ਅੱਜ ਤਾਂ ਬੁੱਧਵਾਰ ਸੀ। ਫਿਰ ਡੇਵਿਡ ਘਰ…? ਉਹ ਪੁੱਛਦਾ-ਪੁੱਛਦਾ ਹੀ ਰਹਿ ਗਿਆ, ਪਰ ਉਸ ਨੇ ਕੁਝ ਨਹੀਂ ਪੁੱਛਿਆ। ਉਹ ਛੇਤੀ ਨਾਲ ਤਿਆਰ ਹੋ ਪੁੱਤ ਨਾਲ ਡੇਵਿਡ ਦੇ ਘਰ ਵੱਲ ਤੁਰ ਪਿਆ।
ਨੰਬਰ ਬਿਆਸੀ ਬਾਹਰ ਸੜਕ ’ਤੇ ਗੱਡੀਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ‘‘ਅੱਗੇ ਤਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ…’’ ਸੰਤੋਖ ਸਿੰਘ ਦੇ ਮਨ ਵਿੱਚ ਸੋਚ ਆਈ। ਉਹ ਪੁੱਤ ਨਾਲ ਘਰ ਅੰਦਰ ਦਾਖ਼ਲ ਹੋਇਆ ਤਾਂ ਉੱਥੇ ਬਹੁਤ ਸਾਰੇ ਬੰਦੇ ਬੈਠੇ ਦਿੱਸੇ। ਉਨ੍ਹਾਂ ਵਿੱਚੋਂ ਕੁਝ ਤਾਂ ਉਸ ਨੂੰ ਨੰਬਰ ਬਿਆਸੀ ਵਿੱਚ ਪਹਿਲੀ ਵਾਰੀ ਦਿਖਾਈ ਦਿੱਤੇ ਸਨ। ਉਹ ਸਾਰੇ ਚੁੱਪ ਸਨ। ਕੋਈ ਗੱਲ ਨਹੀਂ ਕਰ ਰਹੇ ਸਨ। ਕੁਝ ਬੋਲ ਨਹੀਂ ਰਹੇ ਸਨ। ਅੰਦਰ ਦਾ ਮਾਹੌਲ ਬਹੁਤ ਗ਼ਮਗੀਨ ਲੱਗ ਰਿਹਾ ਸੀ।
ਉਹ ਦੋਵੇਂ ਉਨ੍ਹਾਂ ਲੋਕਾਂ ਵਿੱਚ ਕੁਰਸੀਆਂ ’ਤੇ ਬਹਿ ਗਏ। ਅਜੀਤ ਨੇ ਆਪਣੇ ਬਾਪੂ ਜੀ ਨੂੰ ਹੌਲੇ ਦੇ ਕੇ ਕਿਹਾ, ‘‘ਬਾਪੂ ਜੀ, ਅਮਰੀਕਾ ਰਹਿੰਦਾ ਡੇਵਿਡ ਦਾ ਇਕੱਲਾ ਪੁੱਤ ਕਾਰ ਐਕਸੀਡੈਂਟ ਵਿੱਚ ਮਾਰਿਆ ਗਿਆ। ਭਾਵੇਂ ਇਸ ਗੱਲ ਨੂੰ ਤਾਂ ਹਫ਼ਤਾ ਹੋ ਚੱਲਿਆ, ਪਰ ਬਲਾਕ ’ਚ ਕੱਲ੍ਹ ਹੀ ਪਤਾ ਲੱਗਿਆ। ਅਸੀਂ ਸਾਰੇ ਉਸ ਦਾ ਅਫ਼ਸੋਸ ਕਰਨ ਲਈ ਨੰਬਰ ਬਿਆਸੀ ਵਿੱਚ ਆਏ ਹਾਂ।’’
ਇਹ ਸੁਣ ਕੇ ਇੱਕ ਵਾਰੀ ਤਾਂ ਮਾਸਟਰ ਸੰਤੋਖ ਸਿੰਘ ਦਾ ਅੰਦਰ ਧੱਕ ਕਰਕੇ ਹੋ ਗਿਆ ਤੇ ਫਿਰ ਉਸ ਦੀ ਨਜ਼ਰ ਡੇਵਿਡ ਦੇ ਚਿਹਰੇ ਵੱਲ ਚਲੀ ਗਈ। ਉਹ ਥੋੜ੍ਹਾ ਚੁੱਪ ਜ਼ਰੂਰ ਦਿੱਸਿਆ। ਇਸ ਤੋਂ ਵੱਧ ਤਾਂ ਉੱਥੇ ਹੋਰ ਕੁਝ ਵੀ ਨਹੀਂ ਸੀ। ਸੰਤੋਖ ਸਿੰਘ ਨੂੰ ਚੇਤੇ ਆਇਆ ਕਿ ਉਸ ਦੇ ਪਿੰਡ ਤਾਂ ਇਸ ਤਰ੍ਹਾਂ ਨਹੀਂ ਸੀ ਹੋਇਆ ਜਦੋਂ ਲੰਬੜਦਾਰ ਗੁਰਮੇਲ ਸਿੰਘ ਦਾ ਜਵਾਨ ਪੁੱਤ ਮੋਟਰਸਾਈਕਲ ’ਤੇ ਜਾਂਦਾ ਟਰੈਕਟਰ ਨਾਲ ਟਕਰਾ ਕੇ ਮਰ ਗਿਆ ਸੀ। ਉਦੋਂ ਇਕੱਲੇ ਲੰਬਰਦਾਰ ਨੇ ਹੀ ਨਹੀਂ ਸਗੋਂ ਘਰ ਦੇ ਬਾਕੀ ਜੀਆਂ ਨੇ ਵੀ ਚੀਕਾਂ ਮਾਰ-ਮਾਰ ਕੇ ਜਿਵੇਂ ਆਕਾਸ਼ ਹੀ ਹਿਲਾ ਦਿੱਤਾ ਸੀ।
ਫਿਰ ਨੰਬਰ ਬਿਆਸੀ ਵਿੱਚ ਆਏ ਸਾਰੇ ਜਣੇ ਇੱਕ ਵਾਰੀ ਖੜ੍ਹੇ ਹੋ ਗਏ। ਕੁਝ ਚਿਰ ਲਈ ਉਨ੍ਹਾਂ ਅੱਖਾਂ ਬੰਦ ਕਰ ਲਈਆਂ। ਫਿਰ ਉਹ ਇੱਕ-ਇੱਕ ਕਰਕੇ ਘਰੋਂ ਬਾਹਰ ਜਾਣ ਲੱਗੇ। ਹਰ ਕੋਈ ਕੁਝ ਪਲਾਂ ਲਈ ਡੇਵਿਡ ਸਾਹਮਣੇ ਖੜ੍ਹਾ ਹੁੰਦਾ। ਉਨ੍ਹਾਂ ਵਿੱਚੋਂ ਕੋਈ ਵੀ ਕੁਝ ਬੋਲਦਾ ਨਹੀਂ ਸੀ। ਬਾਕੀ ਬਹੁਤੇ ਤਾਂ ਚੁੱਪ-ਚਾਪ ਘਰੋਂ ਬਾਹਰ ਨਿਕਲ ਜਾਂਦੇ।
ਜਦੋਂ ਮਾਸਟਰ ਸੰਤੋਖ ਸਿੰਘ ਦੀ ਵਾਰੀ ਆਈ ਤਾਂ ਉਸ ਦੇ ਮੂੰਹੋਂ ‘ਵੈਰੀ ਸੈਡ’ ਸਿਰਫ਼ ਦੋ ਸ਼ਬਦ ਹੀ ਨਿਕਲੇ ਤੇ ਫਿਰ ਉਹ ਪੁੱਤ ਨਾਲ ਆਪਣੇ ਘਰ ਵੱਲ ਤੁਰ ਪਿਆ। ਘਰ ਆ ਕੇ ਅਜੀਤ ਤਾਂ ਪੁੱਤ ਤੇ ਪਤਨੀ ਨੂੰ ਨਾਲ ਲੈ ਕੇ ਕਿਸੇ ਦੋਸਤ ਘਰ ਚਲਾ ਗਿਆ ਤੇ ਮਾਸਟਰ ਸੰਤੋਖ ਇਕੱਲਾ ਘਰ ਰਹਿ ਗਿਆ। ਉਸ ਦਾ ਅੰਦਰ ਬਹੁਤ ਉਦਾਸ ਸੀ। ਉਸ ਨੂੰ ਡੇਵਿਡ ਦਾ ਖ਼ਿਆਲ ਆਈ ਜਾ ਰਿਹਾ ਸੀ ਜਿਸ ਦਾ ਇਕੱਲਾ ਜੁਆਨ ਪੁੱਤ ਹਾਦਸੇ ਵਿੱਚ ਮਰ ਗਿਆ ਸੀ। ਅਜਿਹਾ ਹੋਣ ’ਤੇ ਪੁੱਤ ਅਜੀਤ ਦੇ ਬਹੁਤ ਕਹਿਣ ਉੱਤੇ ਵੀ ਸੰਤੋਖ ਸਿੰਘ ਉਨ੍ਹਾਂ ਨਾਲ ਪਾਰਟੀ ’ਤੇ ਨਹੀਂ ਸੀ ਗਿਆ। ਸ਼ਾਮ ਹੋਈ ਤੇ ਫਿਰ ਰਾਤ ਹੋ ਗਈ। ਅਜੀਤ ਅਜੇ ਵਾਪਸ ਨਹੀਂ ਸੀ ਮੁੜਿਆ। ਮਾਸਟਰ ਸੰਤੋਖ ਸਿੰਘ ਦਾ ਅੰਦਰ ਬਹੁਤ ਕਾਹਲਾ ਪੈ ਰਿਹਾ ਸੀ। ਉਸ ਦਾ ਮਨ ਕਰ ਰਿਹਾ ਸੀ ਕਿ ਉਹ ਇਕੱਲਾ ਡੇਵਿਡ ਘਰ ਚਲਿਆ ਜਾਵੇ। ਉਸ ਨਾਲ ਗੱਲਾਂ ਕਰੇ। ਉਸ ਨੂੰ ਦਿਲਾਸਾ ਦੇਵੇ। ਉਸ ਦਾ ਸਾਰਾ ਦੁੱਖ ਵੰਡ ਲਵੇ।
ਉਹ ਸੱਚਮੁੱਚ ਘਰੋਂ ਬਾਹਰ ਨਿਕਲ ਆਇਆ। ਉਹ ਡੇਵਿਡ ਦੇ ਘਰ ਵੱਲ ਹੋ ਲਿਆ। ਤੁਰਦਿਆਂ ਮਾਸਟਰ ਸੰਤੋਖ ਸਿੰਘ ਨੂੰ ਦੂਰੋਂ ਨੰਬਰ ਬਿਆਸੀ ਦਿਸਿਆ, ਪਰ ਘਰ ਅੰਦਰ ਘੁੱਪ ਹਨੇਰਾ ਦਿਖਾਈ ਦਿੱਤਾ। ਕੋਈ ਬੱਤੀ ਨਹੀਂ ਜਗ ਰਹੀ ਸੀ ਜਦੋਂਕਿ ਅਜਿਹਾ ਤਾਂ ਬਲਾਕ ਦੇ ਕਿਸੇ ਘਰ ਵਿੱਚ ਨਹੀਂ ਹੁੰਦਾ।
‘‘ਉਹ ਜ਼ਰੂਰ ਪੁੱਤ ਦੇ ਦੁੱਖ ਵਿੱਚ ਘਰ ’ਚ ਹਨੇਰਾ ਕਰ ਮਰਿਆਂ ਵਾਂਗ ਬੈੱਡ ’ਤੇ ਲੰਮਾ ਪਿਆ ਹੋਵੇਗਾ।’’ ਇਹ ਸੋਚਦਾ ਹੋਇਆ ਸੰਤੋਖ ਸਿੰਘ ਨੰਬਰ ਬਿਆਸੀ ਨੇੜੇ ਪਹੁੰਚ ਗਿਆ, ਪਰ ਇਸ ਤਰ੍ਹਾਂ ਨਹੀਂ ਹੋਇਆ। ਭਾਵੇਂ ਨੰਬਰ ਬਿਆਸੀ ਵਿੱਚ ਉਸ ਵੇਲੇ ਘੁੱਪ ਹਨੇਰਾ ਸੀ, ਪਰ ਤਾਂ ਵੀ ਅੰਦਰੋਂ ਡੇਵਿਡ ਦੇ ਵਾਇਲਨ ਵਜਾਉਣ ਦੀ ਆਵਾਜ਼ ਆ ਰਹੀ ਸੀ।
ਤੁਰਦੇ ਹੋਏ ਮਾਸਟਰ ਸੰਤੋਖ ਸਿੰਘ ਦੇ ਕਦਮ ਰੁਕ ਗਏ। ਉਹ ਵਾਇਲਨ ਦੀ ਆਵਾਜ਼ ਸੁਣਨ ਲੱਗਿਆ। ਉਸ ਨੂੰ ਵਾਇਲਨ ਦੀਆਂ ਤਾਰਾਂ ਵਿੱਚੋਂ ਡੇਵਿਡ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਕਾਫ਼ੀ ਚਿਰ ਉੱਥੇ ਖੜ੍ਹਾ ਰਿਹਾ ਤੇ ਫਿਰ ਚੁੱਪ-ਚਾਪ ਆਪਣੇ ਘਰ ਆ ਗਿਆ।
ਤਿੰਨ-ਚਾਰ ਮਹੀਨੇ ਹੋਰ ਲੰਘ ਗਏ। ਮਹੀਨੇ ਦੇ ਦੂਜੇ ਤੇ ਆਖ਼ਰੀ ਸ਼ਨਿੱਚਰਵਾਰ ਫਿਰ ਸਾਰੇ ਡੇਵਿਡ ਘਰ ਇਕੱਠੇ ਹੋਣ ਲੱਗੇ। ਉੱਥੇ ਡੇਵਿਡ ਵਾਇਲਨ ਵਜਾਉਂਦਾ। ਇੱਕ-ਦੋ ਜਣੇ ਅੰਗਰੇਜ਼ੀ ਗੀਤ ਗਾਉਂਦੇ। ਇੱਕ-ਦੂਜੇ ਦੇ ਗਲ ਮਿਲਦੇ। ਜਿਵੇਂ ਉਹ ਸਾਰੇ ਕਦੋਂ ਦੇ ਡੇਵਿਡ ਦੇ ਪੁੱਤ ਦੀ ਮੌਤ ਬਾਰੇ ਭੁੱਲ ਗਏ ਸੀ। ਸਾਰਾ ਕੁਝ ਸਾਧਾਰਨ ਹੋ ਗਿਆ ਸੀ, ਪਰ ਮਾਸਟਰ ਸੰਤੋਖ ਸਿੰਘ…?
ਇੱਕ ਦਿਨ ਅਜੀਤ ਫਿਰ ਆਫਿਸ ਤੋਂ ਦੋ ਘੰਟੇ ਪਹਿਲਾਂ ਆ ਗਿਆ। ਉਸ ਦਿਨ ਵੀ ਸ਼ਨਿੱਚਰਵਾਰ ਦੀ ਛੁੱਟੀ ਨਹੀਂ ਸੀ। ਉਹ ਜਿਵੇਂ ਬਹੁਤ ਕਾਹਲ ਵਿੱਚ ਸੀ। ਉਸ ਨੇ ਆਉਂਦਿਆਂ ਫਿਰ ਆਪਣੇ ਬਾਪੂ ਜੀ ਨੂੰ ਤਿਆਰ ਹੋਣ ਲਈ ਕਿਹਾ ਕਿਉਂਕਿ ਡੇਵਿਡ ਘਰ ਜਾਣਾ ਸੀ।
ਇਸ ਵਾਰੀ ਵੀ ਸੰਤੋਖ ਸਿੰਘ ਨੂੰ ਕੁਝ ਸਮਝ ਨਹੀਂ ਆਈ। ਇਸ ਵਾਰੀ ਵੀ ਉਸ ਨੇ ਪੁੱਤ ਨੂੰ ਕੁਝ ਨਹੀਂ ਪੁੱਛਿਆ। ਉਹ ਨੰਬਰ ਬਿਆਸੀ ਨੇੜੇ ਪਹੁੰਚੇ ਤਾਂ ਫਿਰ ਪਹਿਲਾਂ ਵਾਂਗ ਉੱਥੇ ਕਾਰਾਂ ਦੀ ਲੰਮੀ ਕਤਾਰ ਦਿਸੀ, ‘ਇਹ ਸਾਰੇ ਅੱਜ ਇੱਥੇ ਕਿਉਂ? ਡੇਵਿਡ ਦਾ ਪੁੱਤ ਤਾਂ…?’ ਉਹੀ ਸੋਚ ਉਸ ਦੇ ਮਨ ਵਿੱਚ ਆਈ। ਘਰ ਅੰਦਰ ਪਹੁੰਚ ਸੰਤੋਖ ਸਿੰਘ ਨੂੰ ਫਿਰ ਪਹਿਲਾਂ ਵਾਂਗ ਸਾਰੇ ਜਣੇ ਕੁਰਸੀਆਂ ’ਤੇ ਬੈਠੇ ਦਿਸੇ। ਸਾਰੇ ਪਹਿਲਾਂ ਵਾਂਗ ਚੁੱਪ ਸਨ। ਉੱਥੇ ਦਾ ਮਾਹੌਲ ਫਿਰ ਪਹਿਲਾਂ ਵਾਂਗ ਉਦਾਸ ਲੱਗ ਰਿਹਾ ਸੀ।
ਸੰਤੋਖ ਸਿੰਘ ਪਹਿਲਾਂ ਵਾਂਗ ਪੁੱਤ ਨਾਲ ਜਾ ਕੇ ਕੁਰਸੀ ’ਤੇ ਬਹਿ ਗਿਆ। ਇਸ ਵਾਰੀ ਅਜੀਤ ਨੇ ਆਪਣੇ ਬਾਪੂ ਜੀ ਨੂੰ ਦੱਸਿਆ, ‘‘ਦੋ ਦਿਨ ਪਹਿਲਾਂ ਡੇਵਿਡ ਦਾ ਇੱਕ ਕੁੱਤਾ ਮਰ ਗਿਆ। ਉਹ ਕਈ ਦਿਨਾਂ ਤੋਂ ਬਿਮਾਰ ਸੀ। ਡੇਵਿਡ ਨੇ ਉਸ ਦਾ ਬਹੁਤ ਇਲਾਜ ਕਰਵਾਇਆ, ਪਰ ਉਹ ਤਾਂ ਵੀ ਬਚ ਨਹੀਂ ਸਕਿਆ। ਇਹ ਸਾਰੇ ਅੱਜ ਉਸ ਦੇ ਕੁੱਤੇ ਦੀ ਮੌਤ ਦਾ ਅਫ਼ਸੋਸ ਕਰਨ ਆਏ ਹਨ ਕਿਉਂਕਿ ਇਸ ਤੋਂ ਬਾਅਦ ਡੇਵਿਡ ਦਾ ਟੌਮੀ ਉਸੇ ਵਾਂਗ ਇਕੱਲਾ ਜੋ ਰਹਿ ਗਿਆ।’’
ਇੱਕ ਵਾਰੀ ਸਾਰੇ ਜਣੇ ਅਫ਼ਸੋਸ ਕਰਨ ਲਈ ਖੜ੍ਹੇ ਹੋ ਗਏ। ਸਭ ਨੇ ਅੱਖਾਂ ਬੰਦ ਕਰ ਲਈਆਂ। ਕੁਝ ਚਿਰ ਬਾਅਦ ਸਾਰੇ ਇੱਕ-ਇੱਕ ਕਰਕੇ ਡੇਵਿਡ ਨੂੰ ਕੁਝ ਬੋਲ ਘਰੋਂ ਬਾਹਰ ਜਾਣ ਲੱਗੇ। ਮਾਸਟਰ ਸੰਤੋਖ ਸਿੰਘ ਦੀ ਵਾਰੀ ਆਈ। ਉਹ ਵੀ ਸੈਮੀ ਦਾ ਅਫ਼ਸੋਸ ਕਰਨ ਲਈ ਡੇਵਿਡ ਸਾਹਮਣੇ ਜਾ ਖੜ੍ਹਾ ਹੋਇਆ।
ਸੰਤੋਖ ਸਿੰਘ ਨੇ ਡੇਵਿਡ ਨੂੰ ਅਜੇ ਪਹਿਲਾਂ ਵਾਂਗ ‘ਵੈਰੀ ਸੈਡ’ ਕਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਡੇਵਿਡ ਦੇ ਚਿਹਰੇ ਵੱਲ ਗਈ। ਉਸ ਦੀਆਂ ਅੱਖਾਂ ਵਿੱਚ ਪਾਣੀ ਭਰਿਆ ਹੋਇਆ ਸੀ। ਅਜੇ ਇੱਕ ਹੰਝੂ ਬਾਹਰ ਨਿਕਲਣ ਨੂੰ ਹੋਇਆ ਸੀ ਕਿ ਮਾਸਟਰ ਸੰਤੋਖ ਸਿੰਘ ਇਹ ਸਭ ਹੋਣ ਤੋਂ ਪਹਿਲਾਂ ਹੀ ਨੰਬਰ ਬਿਆਸੀ ’ਚੋਂ ਬਾਹਰ ਨਿਕਲ ਤੇਜ਼ੀ ਨਾਲ ਪੁੱਤ ਦੇ ਅੱਗੇ-ਅੱਗੇ ਘਰ ਵੱਲ ਤੁਰ ਪਿਆ।
ਘਰ ਵੱਲ ਜਾਂਦੇ ਸੰਤੋਖ ਸਿੰਘ ਸਮਝ ਨਹੀਂ ਸੀ ਆ ਰਹੀ ਕਿ ਡੇਵਿਡ ਦੀਆਂ ਅੱਖਾਂ ਵਿੱਚ ਅੱਜ ਇਹ ਹੰਝੂ ਕੁਝ ਮਹੀਨੇ ਪਹਿਲਾਂ ਮਰ ਗਏ ਉਸ ਦੇ ਜੁਆਨ ਪੁੱਤ ਲਈ ਆਏ ਸਨ ਜਾਂ ਉਸ ਦੇ ਪਿਆਰੇ ਕੁੱਤੇ ਸੈਮੀ ਲਈ?

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com