Punjabi Stories/Kahanian
ਨਿਕੋਲਾਈ ਗੋਗੋਲ
Nikolai Gogol

Punjabi Kavita
  

The Overcoat Nikolai Gogol

ਓਵਰਕੋਟ ਨਿਕੋਲਾਈ ਗੋਗੋਲ

ਉਹ ਇੱਕ ਸਰਕਾਰੀ ਵਿਭਾਗ ਦਾ ਕਰਮਚਾਰੀ ਸੀ । ਕਿਹੜਾ ਵਿਭਾਗ ? . . . ਕੀ ਫਰਕ ਪੈਂਦਾ ਹੈ , ਕਿਉਂਕਿ ਸਾਰੇ ਵਿਭਾਗ ਇੱਕੋ ਜਿਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਕਾਰਜ ਸਮਰਥਾ ਵੀ ! ਹੁਣ ਕਿਸੇ ਇੱਕ ਵਿਭਾਗ ਦਾ ਨਾਮ ਲਵਾਂਗਾ ਤਾਂ ਪੱਕੀ ਜਾਣੋ ਕਿ ਉਹ ਮੇਰੀ ਜਾਨ ਦੇ ਦੁਸ਼ਮਣ ਬਣ ਜਾਣਗੇ । ਹਾਂ , ਤਾਂ ਇਹ ਕਿੱਸਾ ਸੇਂਟ ਪੀਟਰਸਬਰਗ ਵਿੱਚ ਸਥਿਤ ਕਈ ਵਿਭਾਗਾਂ ਵਿੱਚੋਂ ਇੱਕ ਵਿਭਾਗ ਦੇ ਇੱਕ ਕਰਮਚਾਰੀ ਦਾ ਹੈ । ਆਮ ਕਰਮਚਾਰੀ ਦੀ ਤਰ੍ਹਾਂ ਉਹ ਵੀ ਸਧਾਰਣ ਨੈਣ-ਨਕਸ਼ ਵਾਲਾ , ਮਰੀਅਲ ਜਿਹੇ ਸਰੀਰ ਦਾ ਵਿਅਕਤੀ ਸੀ । ਸਿਰ ਦੇ ਵਾਲ ਤਾਂ ਆਪਣੀ ਗੈਰ ਹਾਜਰੀ ਕਦੋਂ ਦੇ ਦਰਜ ਕਰਾ ਚੁੱਕੇ ਸਨ , ਜਿਸ ਕਰਕੇ ਮੱਥੇ ਅਤੇ ਸਿਰ ਦੀ ਵੰਡ ਰੇਖਾ ਨੂੰ ਤੈਅ ਕਰਨਾ ਔਖਾ ਸੀ । ਇਸ ਵੇਰਵੇ ਤੋਂ ਪਾਠਕ ਨੂੰ ਉਸਦੀ ਆਰਥਕ ਹਾਲਤ ਦਾ ਵੀ ਅੰਦਾਜਾ ਹੋ ਗਿਆ ਹੋਵੇਗਾ ।
ਓਏ . . . ਮੈਂ ਤਾਂ ਉਸਦਾ ਨਾਮ ਦੱਸਣਾ ਹੀ ਭੁੱਲ ਗਿਆ ! ਉਸਦੇ ਨਾਮ ਦੇ ਪਿੱਛੇ ਵੀ ਇੱਕ ਲੰਬੀ ਕਹਾਣੀ ਛੁਪੀ ਹੋਈ ਹੈ ; ਪਰ ਮੁੱਕਦੀ ਗੱਲ ਇਹ ਕਿ ਉਸਦੇ ਪੈਦਾ ਹੁੰਦੇ ਹੀ ਮਾਂ ਨੂੰ ਸੁਝਾਏ ਗਏ ਨਾਮਾਂ ਵਿੱਚੋਂ ਕੋਈ ਵੀ ਨਾਮ ਪਸੰਦ ਨਹੀਂ ਆਇਆ ਤਾਂ ਹਾਰ ਕੇ ਉਸਨੇ ਕਿਹਾ , ਇਸਦੇ ਪਿਤਾ ਦਾ ਨਾਮ ਅਕਾਕੀ ਸੀ , ਇਸ ਲਈ ਇਸਦਾ ਨਾਮ ਅਕਾਕੀ ਅਕਾਕੀਵਿਚ ਰੱਖਦੇ ਹਾਂ ।
ਪਤਾ ਨਹੀਂ ਅਕਾਕੀ ਅਕਾਕੀਵਿਚ ਉਸ ਵਿਭਾਗ ਵਿੱਚ ਕਦੋਂ ਤੋਂ ਹੈ , ਕਿਸਨੇ ਉਸ ਨੂੰ ਨੌਕਰੀ ਦਿੱਤੀ . . . . . ਪਰ ਉਹ ਜਿੱਥੇ ਬੈਠਾ ਹੈ , ਲੋਕਾਂ ਨੇ ਉਸਨੂੰ ਹਮੇਸ਼ਾ ਉਥੇ ਹੀ ਬੈਠੇ ਵੇਖਿਆ ਹੈ । ਪਤਾ ਨਹੀਂ ਕਿੰਨੇ ਕਰਮਚਾਰੀ ਆਏ , ਤਰੱਕੀ ਪਾ ਕੇ ਚਲੇ ਗਏ ; ਕਿੰਨੇ ਟਰਾਂਸਫਰ ਹੋਏ ; ਕਿੰਨਿਆਂ ਨੇ ਛੁੱਟੀ ਪ੍ਰਾਪਤ ਕੀਤੀ ; ਪਰ ਅਕਾਕੀ ਅਕਾਕੀਵਿਚ ਨਾ ਹੀ ਟਰਾਂਸਫਰ ਹੋਇਆ ਅਤੇ ਨਾ ਹੀ ਉਸਨੇ ਛੁੱਟੀ ਲਈ । ਉਸਦਾ ਕੰਮ ਸੀ ਵਿਭਾਗ ਦੇ ਕਿਸੇ ਵੀ ਖਰੜੇ ਦਾ ਸੁਲੇਖ ਕਰਕੇ ਮੋੜਨਾ ।
ਅਕਾਕੀ ਅਕਾਕੀਵਿਚ ਪੂਰੀ ਨਿਸ਼ਾ ਨਾਲ ਆਪਣਾ ਕੰਮ ਕਰਦਾ ਸੀ । ਰੰਗ – ਬਿਰੰਗੀ ਸਿਆਹੀ ਨਾਲ ਆਪਣੇ ਸੁਲੇਖ ਨੂੰ ਸਜਾਉਂਦਾ ਅਤੇ ਕਾਗਜ ਤੇ ਬਿਖਰੇ ਮੋਤੀਆਂ ਵਰਗੇ ਅੱਖਰਾਂ ਨੂੰ ਵੇਖਕੇ ਕਦੇ ਮੁਸਕੁਰਾਉਂਦਾ , ਕਦੇ ਪ੍ਰਸੰਨਤਾ ਨਾਲ ਸੀਟੀ ਵਜਾਉਂਦਾ ਤੇ ਕਦੇ ਹੱਸ ਦਿੰਦਾ । ਅਕਸਰ ਸਹਕਰਮੀ ਉਸਦੀ ਇਸ ਕਰਤਵ ਨਿਸ਼ਾ ਅਤੇ ਸਾਦਗੀ ਨੂੰ ਲੈ ਕੇ ਉਸਦਾ ਮਜਾਕ ਉਡਾਉਂਦੇ , ਗੱਲ ਕਈ ਵਾਰ ਖਿੱਲੀ ਤੱਕ ਪਹੁੰਚ ਜਾਂਦੀ ਪਰ ਉਸਦਾ ਕੋਈ ਅਸਰ ਅਕਾਕੀ ਅਕਾਕੀਵਿਚ ਤੇ ਨਾ ਹੁੰਦਾ । ਅਜਿਹਾ ਪ੍ਰਤੀਤ ਹੁੰਦਾ ਜਿਵੇਂ ਉਸਨੇ ਕੁੱਝ ਸੁਣਿਆ ਹੀ ਨਹੀਂ । ਉਹਨੂੰ ਛੇੜਨ ਦਾ ਇੱਕ ਕਾਰਨ ਇਹ ਵੀ ਸੀ ਕਿ ਅਕਾਕੀ ਅਕਾਕੀਵਿਚ ਨੂੰ ਵੇਖਕੇ ਕਿਸੇ ਨੂੰ ਵੀ ਗੁਦਗੁਦੀ ਹੁੰਦੀ । ਉਸਦੇ ਗੰਜੇ ਸਿਰ ਤੇ ਕਦੇ ਘਾਹ – ਫੂਸ ਪਈ ਰਹਿੰਦੀ ਤਾਂ ਕਦੇ ਕੱਪੜਿਆਂ ਤੇ ਧਾਗੇ ਜਾਂ ਕੂੜਾ ਚਿਪਕਿਆ ਰਹਿੰਦਾ ਜਿਸਦਾ ਉਸਨੂੰ ਖਿਆਲ ਤੱਕ ਨਾ ਰਹਿੰਦਾ । ਦਰਅਸਲ , ਰਾਹ ਜਾਂਦੇ ਹੋਏ ਉਸਨੂੰ ਇਹ ਵੀ ਪਤਾ ਨਹੀਂ ਰਹਿੰਦਾ ਕਿ ਉਹ ਫੁਟਪਾਥ ਤੇ ਚੱਲ ਰਿਹਾ ਹੈ ਜਾਂ ਸੜਕ ਤੇ ; ਉਹ ਕਿਸੇ ਘਰ ਦੀ ਬਾਲਕੋਨੀ ਦੇ ਹੇਠੋਂ ਗੁਜਰ ਰਿਹਾ ਹੈ ਜਾਂ ਕਿਸੇ ਦਰਖਤ ਦੇ ਹੇਠੋਂ ; ਉੱਤੋਂ ਕੂੜਾ ਡਿੱਗ ਰਿਹਾ ਹੈ ਜਾਂ ਬਿਠਾਂ ; ਅਤੇ ਜੇਕਰ ਕੁੱਝ ਡਿਗਿਆ ਵੀ ਤਾਂ ਉਸਨੂੰ ਝਟਕਣ ਜਾਂ ਸਾਫ਼ ਕਰਨ ਦੀ ਕੋਈ ਚਿੰਤਾ ਨਹੀਂ ।
ਵਰ੍ਹਿਆਂ ਤੋਂ ਪਾਇਆ ਕੋਟ ਨਾ ਕੇਵਲ ਬਦਰੰਗ ਹੋ ਗਿਆ ਸੀ , ਸਗੋਂ ਉਸਦੇ ਰੰਗ ਦੀ ਪਛਾਣ ਕਰਨਾ ਵੀ ਸੰਭਵ ਨਹੀਂ ਸੀ । ਮਟਮੈਲਾ , ਥਾਂ – ਥਾਂ ਸਿਓਣਾਂ ਉਧੜਨ ਅਤੇ ਫੇਰ ਸਿਓਣ ਨਾਲ ਕੋਟ ਦਾ ਅਕਾਰ ਵੀ ਛੋਟਾ ਹੋ ਚਲਿਆ ਸੀ ਅਤੇ ਇੰਨਾ ਛਿਦਾ ਕਿ ਹੁਣ ਤਾਂ ਅਸਤਰ ਵੀ ਅੰਦਰੋਂ ਝਾਕਣ ਲਗਾ ਪਿਆ ਸੀ ।
ਸਰਦੀ ਦਾ ਮੌਸਮ ਦਸਤਕ ਦੇ ਰਿਹਾ ਸੀ ਤਾਂ ਅਕਾਕੀ ਅਕਾਕੀਵਿਚ ਨੇ ਸੋਚਿਆ ਕਿ ਕੋਟ ਦੀ ਮਰੰਮਤ ਜਰੂਰੀ ਹੈ । ਇਸਦੇ ਲਈ ਸਮਾਂ ਕੱਢ ਕੇ ਉਸ ਬਦਮਿਜਾਜ਼ ਦਰਜੀ ਪੇਤਰੋਵਿਚ ਦੇ ਕੋਲ ਜਾਣਾ ਹੀ ਹੋਵੇਗਾ ।
ਪੇਤਰੋਵਿਚ ਬਦਮਿਜਾਜ਼ ਹੀ ਤਾਂ ਸੀ । ਪਤਨੀ ਨਾਲ ਜਦੋਂ ਉਸਦੀ ਲੜਾਈ ਹੁੰਦੀ ਤਾਂ ਉਹ ਆਪਣਾ ਸਾਰਾ ਨਜ਼ਲਾ ਗਾਹਕ ਪਰ ਉਤਾਰਦਾ ਸੀ । ਜਦੋਂ ਉਹ ਬਹਤੀ ਪੀ ਕੇ ਨਸ਼ੇ ਵਿੱਚ ਹੁੰਦਾ ਤਾਂ ਇੰਨੀ ਨਿਮਰਤਾ ਵਰਤਦਾ ਜਿਸਦਾ ਫ਼ਾਇਦਾ ਗਾਹਕ ਘੱਟ ਪੈਸੇ ਦੇ ਕੇ ਉਠਾਉਂਦੇ ਅਤੇ ਇਸ ਕਰਕੇ ਉਸਨੂੰ ਪਤਨੀ ਦੀਆਂ ਝਿੜਕਾਂ ਪੈਂਦੀਆਂ । ਅਕਾਕੀ ਅਕਾਕੀਵਿਚ ਜਦੋਂ ਪੇਤਰੋਵਿਚ ਦੇ ਘਰ ( ਇਸਨੂੰ ਦੁਕਾਨ ਵੀ ਕਹਿ ਸਕਦੇ ਹੋ, ਕਿਉਂਕਿ ਉਹ ਇੱਕ ਕਮਰਾ ਘਰ ਅਤੇ ਦੁਕਾਨ – ਦੋਨਾਂ ਦਾ ਕੰਮ ਦਿੰਦਾ ਹੈ ) ਪਹੁੰਚਿਆ ਤਾਂ ਉਸਨੇ ਵੇਖਿਆ ਕਿ ਪੇਤਰੋਵਿਚ ਦੀ ਪਤਨੀ ਉਸਨੂੰ ਫਟਕਾਰ ਰਹੀ ਸੀ । ਅਕਾਕੀ ਅਕਾਕੀਵਿਚ ਸਮਝ ਗਿਆ ਕਿ ਉਹ ਗਲਤ ਸਮੇਂ ਤੇ ਆ ਗਿਆ ਹੈ । ਉਹ ਪਰਤਣ ਲਗਿਆ ਪਰ ਦੇਰ ਹੋ ਚੁੱਕੀ ਸੀ । ਪੇਤਰੋਵਿਚ ਦੀ ਨਜ਼ਰ ਉਸ ਤੇ ਪੈ ਗਈ ਸੀ ਅਤੇ ਹੁਣ ਉਸਦੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਸੀ । ਉਸਨੇ ਅੰਦਰ ਪਹੁੰਚ ਕੇ ਪੇਤਰੋਵਿਚ ਨੂੰ ਨਿਮਰਤਾ ਨਾਲ ਆਪਣਾ ਕੋਟ ਵਿਖਾ ਕੇ ਝਿਝਕਦੇ ਹੋਏ ਕਿਹਾ , ਬਹੁਤ ਜਿਆਦਾ ਨਹੀਂ . . . ਕੁੱਝ ਇੱਥੇ ਮੋਢੇ ਦੇ ਕੋਲ . . . ਅਤੇ ਔਥੇ ਕਾਲਰ ਦੇ ਕੋਲ . . . ਅਤੇ ਇਹ ਥੋੜ੍ਹਾ ਪਿੱਛੇ ਅਸਤਰ . . .
ਪੇਤਰੋਵਿਚ ਨੇ ਕੋਟ ਨੂੰ ਉਲਟਿਆ – ਪਲਟਿਆ , ਫਿਰ ਸਿਰ ਹਿਲਾਇਆ ; ਫਿਰ ਏਧਰ – ਉੱਧਰ ਵੇਖਿਆ ਅਤੇ ਸਿਰ ਹਿਲਾਇਆ । ਹੱਥ ਵਧਾ ਕੇ ਮੇਜ਼ ਤੋਂ ਨਸਵਾਰ ਦੀ ਡੱਬੀ ਚੁੱਕੀ , ਢੱਕਣ ਖੋਲਿਆ ਅਤੇ ਇੱਕ ਚੁਟਕੀ ਨਾਸ ਆਪਣੀ ਨਾਸ ਦੇ ਕੋਲ ਲੈ ਜਾਕੇ ਸੁੜਾਕਾ ਮਾਰਿਆ – ਇਸਦੀ ਸਰਵਿਸ ਹੋ ਗਈ ਹੈ ।
ਅਕਾਕੀ ਅਕਾਕੀਵਿਚ ਦਾ ਦਿਲ ਬੈਠ ਗਿਆ । ਮਿੰਨਤ ਦੇ ਲਹਿਜੇ ਵਿੱਚ ਕੁੱਝ ਕਰਨ ਲਈ ਕਹਿ ਹੀ ਰਿਹਾ ਸੀ ਕਿ ਪੇਤਰੋਵਿਚ ਨੇ ਆਪਣਾ ਫੈਸਲਾ ਸੁਣਾ ਦਿੱਤਾ – ਨਵਾਂ ਕੋਟ ਹੀ ਬਣਾਉਣਾ ਪਵੇਗਾ । ਅਕਾਕੀ ਅਕਾਕੀਵਿਚ ਨੇ ਗਿੜਗਿੜਾਉਂਦੇ ਹੋਏ ਕਿਹਾ ਕਿ ਕੁੱਝ ਟਾਕੀਆਂ ਤਾਂ ਲਾ ਹੀ ਦਿਓ ਤਾਂ ਕਿ ਇਹ ਮੌਸਮ ਗੁਜ਼ਰ ਜਾਵੇ ; ਪਰ ਪੇਤਰੋਵਿਚ ਦਾ ਫੈਸਲਾ ਅਟਲ ਸੀ । ਹਾਰ ਕੇ ਅਕਾਕੀ ਅਕਾਕੀਵਿਚ ਨੇ ਪੁੱਛਿਆ ਕਿ ਨਵਾਂ ਕੋਟ ਕਿੰਨੇ ਵਿੱਚ ਬਣੇਗਾ ?
ਡੇਢ ਸੌ ਰੂਬਲ ।
ਡੇਢ ਸੌ ਰੂਬਲ ! ਚੌਂਕ ਗਿਆ ਅਕਾਕੀ ਅਕਾਕੀਵਿਚ , ਜਿਨੂੰ ਵੇਖਕੇ ਪੇਤਰੋਵਿਚ ਨੂੰ ਅੰਦਰ ਹੀ ਅੰਦਰ ਆਤਮਸੰਤੋਸ਼ ਹੋਇਆ – ਉਹੋ ਜਿਹਾ ਹੀ ਜੋ ਕਿਸੇ ਨੂੰ ਚੌਂਕਾਣ ਤੇ ਕਿਸੇ ਨੂੰ ਵੀ ਮਿਲਦਾ ਹੈ । ਅਕਾਕੀ ਅਕਾਕੀਵਿਚ ਮਾਯੂਸ ਹੋ ਕੇ ਪਰਤ ਗਿਆ । ਉਸਦੀ ਅੱਜ ਤੱਕ ਦੀ ਸਾਰੀ ਜਮਾ ਪੂੰਜੀ ਕੇਵਲ ਸੌ ਰੂਬਲ ਸੀ । ਅਤੇ ਪੰਜਾਹ ਰੂਬਲ ਉਹ ਕਿੱਥੋ ਲਿਆਏ !
ਬਿੱਲੀ ਦੇ ਭਾਗੀਂ ਛਿੱਕਾ ਟੁੱਟਿਆ ! ਵਿਭਾਗ ਦੇ ਡਾਇਰੇਕਟਰ ਨੇ ਬੋਨਸ ਦੀ ਘੋਸ਼ਣਾ ਕੀਤੀ । ਅਕਾਕੀ ਅਕਾਕੀਵਿਚ ਨੂੰ ਸੱਠ ਰੂਬਲ ਬੋਨਸ ਦੇ ਤੌਰ ਤੇ ਮਿਲੇਗਾ । ਅਕਾਕੀ ਅਕਾਕੀਵਿਚ ਨੇ ਸੋਚਿਆ ਕਿ ਹੁਣ ਤਾਂ ਕੋਟ ਬਣ ਹੀ ਗਿਆ । ਉਹ ਭੱਜਿਆ ਭੱਜਿਆ ਪੇਤਰੋਵਿਚ ਦੇ ਕੋਲ ਗਿਆ ਅਤੇ ਉਸਨੂੰ ਨਾਲ ਲੈ ਕੇ ਕਪੜੇ ਦਾ ਰੰਗ ਅਤੇ ਡਿਜਾਇਨ ਪਸੰਦ ਕੀਤਾ ।
ਆਖਰ ਉਹ ਦਿਨ ਵੀ ਆ ਗਿਆ ਜਦੋਂ ਪੇਤਰੋਵਿਚ ਨੇ ਅਕਾਕੀ ਅਕਾਕੀਵਿਚ ਨੂੰ ਨਵਾਂ ਕੋਟ ਪਵਾ ਦਿੱਤਾ । ਨਵਾਂ ਕੋਟ ਪਹਿਨ ਕੇ ਉਹ ਸਿੱਧਾ ਦਫਤਰ ਪਹੁੰਚਿਆ । ਸਾਥੀਆਂ ਨੇ ਨਵੇਂ ਕੋਟ ਦੀ ਖੂਬ ਤਾਰੀਫ ਕੀਤੀ । ਪਹਿਲਾਂ ਤਾਂ ਉਹ ਧੰਨਵਾਦ ਕਹਿੰਦਾ ਰਿਹਾ ਪਰ ਬਾਅਦ ਵਿੱਚ ਸਕੁਚਾਤਾ ਵੀ ਰਿਹਾ । ਇੰਨੇ ਵਿੱਚ ਇੱਕ ਸਾਥੀ ਨੇ ਪਾਰਟੀ ਦੀ ਮੰਗ ਰੱਖ ਦਿੱਤੀ । ਫਿਰ ਕੀ ਸੀ , ਸਾਰਿਆਂ ਨੇ ਇਸ ਮੰਗ ਦਾ ਸਮਰਥਨ ਕਰ ਦਿੱਤਾ . . . ਪਰ ਬੇਚਾਰਾ ਅਕਾਕੀ ਅਕਾਕੀਵਿਚ . . . । ਉਸਦੀ ਇਸ ਤਰਸਯੋਗ ਹਾਲਤ ਨੂੰ ਵੇਖਦੇ ਹੋਏ ਉਸਦੇ ਉੱਪਰ ਵਾਲੇ ਅਧਿਕਾਰੀ ਨੇ ਕਿਹਾ , ਚਲੋ ਅੱਜ ਸ਼ਾਮ ਮੇਰੇ ਵਲੋਂ ਪਾਰਟੀ ਹੋਵੇਗੀ ਕਿਉਂਕਿ ਅੱਜ ਮੇਰੀ ਸਾਲ ਗਿਰਹ ਹੈ । ਸਭ ਨੇ ਤਾੜੀ ਵਜਾਈ ਅਤੇ ਸ਼ਾਮ ਦਾ ਇੰਤਜਾਰ ਕਰਨ ਲੱਗੇ ।
ਅਕਾਕੀ ਅਕਾਕੀਵਿਚ ਘਰ ਪਹੁੰਚਿਆ । ਵੱਡੀ ਸਾਵਧਾਨੀ ਨਾਲ ਕੋਟ ਉਤਾਰਿਆ ਅਤੇ ਕਿੱਲੀ ਤੇ ਟੰਗ ਦਿੱਤਾ । ਪੁਰਾਣਾ ਕੋਟ ਹੁਣ ਸੱਚੀਂ ਉਸਨੂੰ ਕੂੜਾ ਲੱਗ ਰਿਹਾ ਸੀ । ਉਸਨੂੰ ਸ਼ਾਮ ਦੀ ਪਾਰਟੀ ਦੀ ਉਡੀਕ ਸੀ ।
ਅਧਿਕਾਰੀ ਦਾ ਘਰ ਓਬੂਕੋਵ ਪੁੱਲ ਦੇ ਉਸ ਪਾਰ ਇੱਕ ਸੰਪਨ ਬਸਤੀ ਵਿੱਚ ਸੀ । ਅਕਾਕੀ ਅਕਾਕੀਵਿਚ ਹਨ੍ਹੇਰੀਆਂ ਗਲੀਆਂ ਨੂੰ ਲੰਘਦਾ ਹੋਇਆ ਓਬੂਕੋਵ ਪੁੱਲ ਪਾਰ ਕਰਕੇ ਜਦੋਂ ਉਸ ਬਸਤੀ ਵਿੱਚ ਪਹੁੰਚਿਆ ਤਾਂ ਉੱਥੇ ਦੀ ਚਮਕ – ਦਮਕ ਵੇਖਦਾ ਹੀ ਰਹਿ ਗਿਆ । ਸ਼ਾਮ ਆਪਣੇ ਪੂਰੇ ਸ਼ਬਾਬ ਤੇ ਸੀ । ਅਧਿਕਾਰੀ ਦੇ ਘਰ ਪਹੁੰਚਿਆ ਤਾਂ ਲੋਕਾਂ ਦਾ ਸ਼ੋਰ – ਸ਼ਰਾਬਾ ਅਤੇ ਵੋਦਕਾ ਦੀ ਦੁਰਗੰਧ ਮਾਹੌਲ ਵਿੱਚ ਫੈਲ ਰਹੀ ਸੀ । ਉਹ ਵੀ ਜਾਕੇ ਚੁਪਚਾਪ ਆਪਣੇ ਇੱਕ ਸਾਥੀ ਦੀ ਬਗਲ ਵਿੱਚ ਬੈਠ ਗਿਆ ਅਤੇ ਸਲਾਦ , ਪੇਸਤਰੀ , ਵੀਲ ਦੇ ਨਾਲ ਵੋਦਕਾ ਦਾ ਮਜਾ ਲੈਣ ਲਗਾ । ਜੀਵਨ ਵਿੱਚ ਪਹਿਲੀ ਵਾਰ ਉਸਨੇ ਮਹਿਫਲ ਦਾ ਮਜਾ ਮਾਣਿਆ ।
ਰਾਤ ਬਹੁਤ ਹੋ ਗਈ । ਇੱਕ – ਇੱਕ ਕਰਕੇ ਲੋਕ ਵਿਦਾ ਹੋਣ ਲੱਗੇ । ਅਕਾਕੀ ਅਕਾਕੀਵਿਚ ਵੀ ਆਪਣੇ ਘਰ ਦੇ ਵੱਲ ਚੱਲ ਪਿਆ । ਹੁਣ ਸੜਕਾਂ ਤੇ ਚਾਨਣ ਘੱਟ ਹੋ ਗਿਆ ਸੀ । ਕਿਸੇ -ਕਿਸੇ ਘਰ ਵਿਚੋਂ ਛਣ ਕੇ ਪ੍ਰਕਾਸ਼ ਫੈਲ ਰਿਹਾ ਸੀ । ਜਿਵੇਂ – ਜਿਵੇਂ ਉਹ ਬਸਤੀ ਤੋਂ ਦੂਰ ਹੋਇਆ , ਹਨੇਰਾ ਵੀ ਵਧਦਾ ਗਿਆ । ਇਸ ਹਨੇਰੇ ਵਿੱਚ ਉਹ ਓਬੂਕੋਵ ਪੁੱਲ ਤੇ ਪਹੁੰਚਿਆ ਤਾਂ ਠਿਠਕ ਗਿਆ । ਇੱਕ ਸਾਇਆ ਉਸਦੇ ਸਾਹਮਣੇ ਖਡ਼ਾ ਸੀ । ਜਿਵੇਂ ਹੀ ਉਹ ਹੱਟਣਾ ਚਾਹਿਆ , ਦੋ ਹੋਰ ਜਣੇ ਉਸਦੇ ਆਜੂ – ਬਾਜੂ ਖੜੇ ਹੋ ਗਏ । ਉਨ੍ਹਾਂ ਨੇ ਚੁੱਪ ਚਾਪ ਉਸਦਾ ਕੋਟ ਉਤਾਰ ਲਿਆ ਅਤੇ ਹਨੇਰੇ ਵਿੱਚ ਗਾਇਬ ਹੋ ਗਏ । ਅਕਾਕੀ ਅਕਾਕੀਵਿਚ ਆਵਾਕ ਰਹਿ ਗਿਆ , ਚੀਖ ਤਾਂ ਦੂਰ , ਬੋਲ ਵੀ ਨਹੀਂ ਨਿਕਲ ਰਿਹਾ ਸੀ ।
ਦੂਜੇ ਦਿਨ ਅਕਾਕੀ ਅਕਾਕੀਵਿਚ ਆਪਣਾ ਉਹੀ ਪੁਰਾਣਾ ਕੋਟ ਪਹਿਨ ਦਫਤਰ ਪਹੁੰਚਿਆ । ਸਾਥੀਆਂ ਨੂੰ ਕੱਲ ਦੀ ਘਟਨਾ ਕਹਿ ਸੁਣਾਈ । ਉਨ੍ਹਾਂ ਨੇ ਹਮਦਰਦੀ ਜਤਾਉਂਦੇ ਹੋਏ ਸਲਾਹ ਦਿੱਤੀ ਕਿ ਜਮਾਦਾਰ , ਇੰਸਪੇਕਟਰ ਨਾਲ ਕੰਮ ਨਹੀਂ ਚੱਲੇਗਾ , ਸਿੱਧੇ ਵੱਡੇ ਅਧਿਕਾਰੀ ਦੇ ਕੋਲ ਗੁਹਾਰ ਲਾਉਣੀ ਹੋਵੇਗੀ । ਅਕਾਕੀ ਅਕਾਕੀਵਿਚ ਤਾਂ ਪਹਿਲਾਂ ਝਿਝਕਿਆ ਕਿ ਉਹ ਵੱਡੇ ਅਧਿਕਾਰੀ ਦੇ ਕੋਲ ਕਿਵੇਂ ਜਾਏਗਾ ਪਰ ਜਦੋਂ ਸਾਥੀਆਂ ਨੇ ਢਾਰਸ ਬੰਨ੍ਹਾਈ ਤਾਂ ਉਹ ਵੱਡੇ ਅਧਿਕਾਰੀ ਦੇ ਦਫਤਰ ਪਹੁੰਚਿਆ । ਵੱਡਾ ਅਧਿਕਾਰੀ ਤਾਂ ਵੱਡਾ ਹੁੰਦਾ ਹੀ ਹੈ , ਭਲੇ ਹੀ ਉਸਦੇ ਕੋਲ ਬਹੁਤੇ ਅਧਿਕਾਰ ਨਾ ਹੀ ਹੋਣ ! ਉਹ ਕਿਸੇ ਅਦਨੇ ਵਿਭਾਗ ਦੇ ਅਦਨੇ ਕਾਰਿੰਦੇ ਨੂੰ ਤੁਰਤ ਕਿਵੇਂ ਮਿਲਦਾ । ਕੁੱਝ ਘੰਟੇ ਇੰਤਜਾਰ ਦੇ ਬਾਅਦ ਅਕਾਕੀ ਅਕਾਕੀਵਿਚ ਨੂੰ ਅੰਦਰ ਬੁਲਾਇਆ ਅਤੇ ਉਸਦੀ ਗੱਲ ਸੁਣਦੇ ਹੀ ਉਸਨੂੰ ਝਿੜਕ ਦਿੱਤਾ – ਪਤਾ ਹੈ ਤੂੰ ਕਿਸ ਨਾਲ ਗੱਲ ਕਰ ਰਿਹਾ ਹੈਂ . . . ਕਿਸਦੇ ਕੋਲ ਆਇਆ ਹੈਂ . . . ਤੈਨੂੰ ਇੱਥੇ ਕਿਸਨੇ ਭੇਜਿਆ ਹੈ . . . . . ਇੱਥੇ ਆਉਣ ਕਿਸ ਨੇ ਦਿੱਤਾ ਤੈਨੂੰ . . . . ਤੇਰੀ ਹਿੰਮਤ ਕਿਵੇਂ ਹੋਈ ਇੱਥੇ ਸਿੱਧੇ ਆਉਣ ਦੀ . . ? ? ?
ਬੇਚਾਰੇ ਅਕਾਕੀ ਅਕਾਕੀਵਿਚ ਦੀ ਘਿਘੀ ਬੰਨ ਗਈ । ਉਹ ਬੇਹੋਸ਼ ਹੋਕੇ ਡਿੱਗ ਹੀ ਜਾਂਦਾ ਜੇਕਰ ਇਸ ਰੌਲੇ ਨੂੰ ਸੁਣਕੇ ਅੰਦਰ ਆਏ ਦੋ ਸਹਾਇਕ ਉਸਨੂੰ ਫੜ ਨਾ ਲੈਂਦੇ ਅਤੇ ਬਾਹਰ ਨਾ ਲੈ ਜਾਂਦੇ । ਉਸਨੂੰ ਆਪ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਘਰ ਪਹੁੰਚਿਆ ਅਤੇ ਮੰਜੇ ਤੇ ਢੇਰੀ ਹੋ ਗਿਆ । ਦੋ ਦਿਨ ਤੱਕ ਤਾਪ ਵਿੱਚ ਬੜਬੜਾਉਂਦਾ ਰਿਹਾ । ਭਲਾ ਹੋਵੇ ਉਸ ਮਕਾਨ ਮਾਲਕਣ ਦਾ , ਜਿਨ੍ਹੇ ਉਸਦੇ ਕੁਰਲਾਉਣ ਦੀ ਅਵਾਜ ਸੁਣਕੇ ਅੰਦਰ ਝਾਕਿਆ ਅਤੇ ਡਾਕਟਰ ਨੂੰ ਬੁਲਾਇਆ । ਡਾਕਟਰ ਨੇ ਉਸਦੀ ਤਰਸਯੋਗ ਹਾਲਤ ਵੇਖਕੇ ਕਿਹਾ ਕਿ ਇਸਨੂੰ ਦਵਾਈ ਦੀ ਨਹੀਂ ਤਾਬੂਤ ਦੀ ਜ਼ਰੂਰਤ ਹੈ । ਹੁਣ ਤਾਂ ਇਹ ਕੁੱਝ ਸਮੇਂ ਦਾ ਮਹਿਮਾਨ ਹੈ ।
.............................................
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਾਕੀ ਅਕਾਕੀਵਿਚ ਦੀ ਕਹਾਣੀ ਇੱਥੇ ਖਤਮ ਨਹੀਂ ਹੋਈ । ਪਤਾ ਚਲਿਆ ਹੈ ਕਿ ਜਿਸ ਓਬੂਕਾਵ ਪੁੱਲ ਦੇ ਕੋਲ ਅਕਾਕੀ ਅਕਾਕੀਵਿਚ ਨੂੰ ਲੁਟਿਆ ਗਿਆ ਸੀ ਉੱਥੇ ਇੱਕ ਪ੍ਰੇਤ ਰਾਤ ਦੇ ਸਮੇਂ ਰਾਹਗੀਰਾਂ ਦੇ ਕੋਟ ਕੱਟਦਾ ਫਿਰਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰੇਤ ਅਕਾਕੀ ਅਕਾਕੀਵਿਚ ਦਾ ਹੈ ਜਿਸਨੂੰ ਉਨ੍ਹਾਂ ਨੇ ਅੱਖੀਂ ਵੇਖਿਆ ਹੈ ।
ਇੱਕ ਰਾਤ ਉਹੀ ਅਧਿਕਾਰੀ ਉਸ ਪੁੱਲ ਤੋਂ ਗੁਜਰ ਰਿਹਾ ਸੀ ਜਿਨ੍ਹੇ ਅਕਾਕੀ ਅਕਾਕੀਵਿਚ ਨੂੰ ਡਾਂਟਿਆ – ਫਿਟਕਾਰਿਆ ਸੀ । ਅਚਾਨਕ ਉਸਦੀ ਗਿੱਚੀ ਤੇ ਇੱਕ ਝਪਟਾ ਪਿਆ ਤੇ ਕਿਸੇ ਹਥ ਨੇ ਉਹਨੂੰ ਕਾਲਰ ਤੋਂ ਫੜ ਲਿਆ । ਪਿੱਛੇ ਮੁੜ ਕੇ ਵੇਖਿਆ ਤਾਂ ਉਸਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ । ਉਸਨੇ ਵੇਖਿਆ ਕਿ ਉਹੀ ਛੋਟੇ ਜਿਹੇ ਕੱਦ ਦਾ ਦੁਬਲਾ – ਪਤਲਾ ਆਦਮੀ . . . ਉਹੀ ਫੱਟਿਆ – ਪੁਰਾਣਾ ਕੋਟ . . . ! ਉਸਦੇ ਸਰੀਰ ਤੋਂ ਪੁਰਾਣੀ ਕਬਰ ਦੀ ਦੁਰਗੰਧ ਆ ਰਹੀ ਸੀ । ਉਹ ਬਲਦੀਆਂ ਲਾਲ ਅੱਖਾਂ ਨਾਲ ਘੂਰ ਰਿਹਾ ਸੀ । ਉਸਦੇ ਮੂੰਹ ਤੋਂ ਬਹੁਤ ਦੁਰਗੰਧ ਆ ਰਹੀ ਸੀ ਜਦੋਂ ਉਸਨੇ ਮੂੰਹ ਖੋਲਿਆ ਅਤੇ ਇਹ ਕਿਹਾ , ‘ ਆਹ ! ਅਖੀਰ ਤੁਸੀਂ ਆ ਹੀ ਗਏ । ਮੈਨੂੰ ਇਸ ਕੋਟ ਦਾ ਇੰਤਜਾਰ ਸੀ । ਤੁਸੀਂ ਮੈਨੂੰ ਦੁਤਕਾਰ ਦਿੱਤਾ ਸੀ , ਪਰ ਹੁਣ ਮੈਨੂੰ ਤੁਹਾਡਾ ਇਹ ਕੋਟ ਚਾਹੀਦਾ ਹੈ ।’ ਅਧਿਕਾਰੀ ਨੇ ਆਪਣਾ ਕੋਟ ਝੱਟ ਦੇਣੀ ਉਤਾਰ ਸੁੱਟਿਆ ਅਤੇ ਘਰ ਦਾ ਰੁਖ਼ ਕੀਤਾ । ਕਹਿੰਦੇ ਹਨ ਕਿ ਉਸਦੇ ਬਾਅਦ ਪੁੱਲ ਦਾ ਉਹ ਪ੍ਰੇਤ ਕਿਸੇ ਨੂੰ ਵਿਖਾਈ ਨਹੀਂ ਦਿੱਤਾ । ਇਹ ਵੀ ਪਤਾ ਚਲਿਆ ਹੈ ਕਿ ਉਹ ਅਧਿਕਾਰੀ ਹੁਣ ਕਦੇ ਕਿਸੇ ਨਾਲ ਡਾਂਟ – ਡਪਟ ਕੇ ਗੱਲ ਨਹੀਂ ਕਰਦਾ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)