Pakistan Hamara Hai (Punjabi Story) : Kartar Singh Duggal

ਪਾਕਿਸਤਾਨ ਹਮਾਰਾ ਹੈ (ਕਹਾਣੀ) : ਕਰਤਾਰ ਸਿੰਘ ਦੁੱਗਲ

ਪਹਿਲੇ ਉਸ ਦਾ ਨਾਂ ਰਾਮ ਰੱਖੀ ਸੀ – ਹੁਣ ਉਸ ਦਾ ਨਾਂ ਅੱਲਾ ਰੱਖੀ ਰਖ ਦਿਤਾ ਗਿਆ । ਉਂਜ ਉਸ ਨੂੰ ਅੱਗੇ ਵੀ ਲੋਕ ਰੱਖੀ ਸਦਦੇ ਸਨ, ਹੁਣ ਵੀ ਲੋਕ ਰੱਖੀ ਸੱਦਦੇ ਨੇ ।
ਉਸ ਰਾਤ ਜਦੋਂ ਢੋਲ ਵੱਜੇ, ਜਦੋਂ ਨੇਜ਼ੇ ਲਿਸ਼ਕੇ, ਜਦੋਂ ਤਾਰੇ ਟੁੱਟੇ, ਜਦੋਂ ਭੂਚਾਲ ਆਇਆ, ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁਤੀ ਸੁਤੀ ਉਠੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉਸ ਗਠਿਆਲੀ ਟੱਪੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਪੈਲੀਆਂ ਵਿਚੋਂ ਗੁਜ਼ਰੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ, ਬੇਸੁਧ ਇਕ ਦਰੁੱਘ ਵਿਚ ਜਾ ਪਈ ।
ਤੇ ਤਿੰਨ ਪੂਰੀਆਂ ਰਾਤਾਂ, ਤਿੰਨ ਪੂਰੇ ਦਿਨ ਉਥੇ ਉਹ ਦੁਬਕੀ ਰਹੀ । ਉਹਦੇ ਹੇਠੋਂ ਲਹੂ ਦੀ ਨਿਚੜਦੀ ਲਕੀਰ ਲੰਘ ਗਈ, ਉਹਦੇ ਉਤੋਂ ਦੁਨਾਲੀਆਂ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ । ਉਹਦੇ ਕੰਨਾਂ ਵਿਚ ਕਈ ਜਾਣੀਆਂ, ਕਈ ਪਛਾਣੀਆਂ, ਕਈ ਇਹੋ ਜਿਹੀਆਂ ਚੀਖਾਂ ਵੀ ਸੁਣਾਈ ਦਿੱਤੀਆਂ, ਜਿਨ੍ਹਾਂ ਨਾਲ ਉਸ ਦੀ ਦੁਧ ਦੀ ਸਾਂਝ ਸੀ ।
ਤੇ ਫੇਰ ਘੋੜਿਆਂ ਦੀਆਂ ਟਾਪਾਂ, ਫੇਰ ਲਾਰੀਆਂ, ਮੋਟਰਾਂ, ਟਰੱਕਾਂ ਦੀ ਗੁੰਜਾਰ ਉਸ ਨੂੰ ਸੁਣਾਈ ਦਿੱਤੀ ।
ਅਗਲੀ ਸਵੇਰ ਸਾਰੀ ਦੀ ਸਾਰੀ ਵਾਦੀ ਇੰਜ ਸੀ, ਜਿਵੇਂ ਕਦੀ ਹੁੰਦੀ ਸੀ । ਬਲਦਾਂ ਦੇ ਗਲ ਪਈਆਂ ਟੱਲੀਆਂ ਸਹਿਜੇ ਸਹਿਜੇ ਟੁਣਕਣ ਲਗ ਪਈਆਂ । ਇਜੜਾਂ ਦੇ ਵਗਾਂ ਦੇ ਵਗ ਨਿਕਲਣ ਲਗ ਪਏ, ਜਿਵੇਂ ਹਮੇਸ਼ਾਂ ਹਰ ਪਿੰਡ ਵਿਚ ਹੁੰਦਾ ਹੈ । ਖੂਹਾਂ ਦੀ ਮਧੁਰ ਰੀਂ – ਰੀਂ ਠਕ – ਠਕ ਚਵ੍ਹਾਂ ਪਾਸੇ ਗੂੰਜਣੀ ਸ਼ੁਰੂ ਹੋ ਗਈ । ਭੀੜਾਂ ਦੀਆਂ ਭੀੜਾਂ, ਪੰਛੀਆਂ ਦੇ ਡਾਰ ਅਸਮਾਨਾਂ ਵਿਚ ਆ ਗਏ । ਦੁਧਾਂ ਵਿਚ ਮਧਾਣੀਆਂ ਛੁਲ੍ਹਕੀਆਂ, ਵਿਹੜਿਆਂ ਵਿਚ ਧੂਏਂ ਉਠੇ ਤੇ ਮਸੀਤ ਵਿਚੋਂ ਬਾਂਗ ਦੀ ਆਵਾਜ਼ ਆਈ । ਰਾਮ ਰੱਖੀ ਕਿਤਨਾ ਚਿਰ ਉਡੀਕਦੀ ਰਹੀ । ਨਾ ਮੰਦਰ ਵਿਚ ਅਜੇ ਟਣ – ਟਣ ਹੋਈ ਨਾ ਗੁਰਦਵਾਰੇ ਵਿਚੋਂ ਸੰਖ ਦੀ ਆਵਾਜ਼ ਉਹਦੇ ਕੰਨੀ ਪਈ ।
ਤੇ ਜਦੋਂ ਪੀਲੀਆਂ ਪੀਲੀਆਂ ਧੁਪਾਂ ਨਿਕਲੀਆਂ, ਰਾਮ ਰੱਖੀ ਉਠ ਕੇ ਪਛੋਕੜ ਆਪਣੇ ਗਵਾਂਢੀਆਂ ਦੇ ਵਿਹੜੇ ਜਾ ਵੜੀ । ਹਸਦੇ, ਖੇਡਦੇ, ਖਾਂਦੇ ਸਾਰੇ ਦੇ ਸਾਰੇ ਉਹਨੂੰ ਵੇਖ ਹੱਕੇ ਬੱਕੇ ਰਹਿ ਗਏ । ਔਰਤਾਂ ਨੇ ਸੋਚਿਆ ਜਿਵੇਂ ਖੂਨ ਦੀ ਨਦੀ ਵਿਚੋਂ ਰੱਖੀ ਉਮ੍ਹਲ ਆਈ ਹੈ, ਤੇ ਮਰਦਾਂ ਜਾਣਿਆਂ ਜਿਵੇਂ ਉਨ੍ਹਾਂ ਨਾਲ ਕੋਈ ਚਾਲ ਚਲੀ ਗਈ ਹੋਵੇ । ਜਵਾਨ ਜਹਾਨ ਸ਼ੇਰ ਬਾਜ਼ ਦਾ ਮੂੰਹ ਭਖਣ ਲਗ ਪਿਆ । ਉਹਦੀਆਂ ਅੱਖਾਂ ਵਿਚ ਫੇਰ ਇਕ ਵਾਰ ਵਹਿਸ਼ਤ ਆਈ । ਮਸਾਂ ਮਸਾਂ ਢਿਲਕੀਆਂ ਉਹਦੀਆਂ ਰਗਾਂ ਫੇਰ ਤਣ ਗਈਆਂ । ਤੇ ਮੰਜੀ ਹੇਠੋਂ ਲਿਸ਼ਕਦੀ ਛਵ੍ਹੀ ਛਿਕ ਕੇ ਉਹ ਡਾਢੇ ਗਜ਼ਬ ਵਿਚ ਉਠਿਆ । ਏਸ ਛਵ੍ਹੀ ਨੇ ਕਈ ਧੜ ਚੀਰੇ ਸਨ, ਕਈ ਖੋਪਰੀਆਂ ਮਿਧੀਆਂ ਸਨ, ਕਈ ਗਰਦਨਾਂ ਲਾਹੀਆਂ ਸਨ । ਪਰ ਕੋਈ ਦੋ ਕਦਮ ਰੱਖੀ ਤੋਂ ਦੂਰ ਉਹਦੀ ਛਵ੍ਹੀ ਜਿਵੇਂ ਉਘਰੀ ਦੀ ਉਘਰੀ ਰਹਿ ਗਈ । ਰੱਖੀ ਤੇ ਉਹਦੇ ਵਿਚਕਾਰ ਉਹਦੀ ਮਾਂ ਸੀ, ਉਹਦਾ ਪਿਓ ਸੀ, ਉਹਦੀ ਭੈਣ ਸੀ । ਪਤਾ ਨਹੀਂ ਕਿਸ ਤਰ੍ਹਾਂ ਅੱਖ ਦੀ ਫੋਰ ਵਿਚ ਉਹ ਨੱਠ ਕੇ ਰੱਖੀ ਉਤੇ ਆ ਪਏ ਤੇ ਉਹਨੂੰ ਜ਼ਰਬ ਆਣ ਨਾ ਦਿੱਤੀ ।
ਉਹ ਘੜੀ ਲੰਘ ਗਈ । ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰ ਬਾਜ਼ ਹੈਰਾਨ ਹੁੰਦਾ, ਕਿਵੇਂ ਉਸ ਨੂੰ ਕਹਿਰ ਆ ਸਕਿਆ ਸੀ ਰੱਖੀ ਤੇ । ਉਹਦੀ ਅਸਪਾਤ ਦੀ ਛਵ੍ਹੀ ਉਸ ਨੂੰ ਹਮੇਸ਼ਾ ਸ਼ਰਮਿੰਦਿਆ ਕਰਦੀ, ਤੇ ਉਹ ਡਾਢਾ ਕੱਚਾ ਹੁੰਦਾ । ਇਕ ਦਿਨ ਉਸ ਨੂੰ ਤੋੜ – ਫੋੜ ਕੇ ਖੂਹ ਵਿਚ ਸੁੱਟ ਆਇਆ । ਤੇ ਧਰੇਕ ਹੇਠ ਜਿਥੇ ਸ਼ੇਰ ਬਾਜ਼ ਉਸ ਨੂੰ ਵਢਣ ਲਈ ਟੁਟਿਆ ਸੀ, ਰੱਖੀ ਕਦੀ ਕਦੀ ਰੰਗਲਾ ਪੀੜ੍ਹਾ ਡਾਹ ਕੇ ਬਹਿੰਦੀ, ਜਿਸ ਪੀੜ੍ਹੇ ਨਾਲ ਘੁੰਗਰੂ ਲਗੇ ਹੋਏ ਸਨ, ਜਿਸ ਪੀੜ੍ਹੇ ਤੇ ਸ਼ੇਰ ਬਾਜ਼ ਦੀ ਮਾਂ ਬੈਠੀ ਜਦੋਂ ਉਹ ਵਿਆਹੀ ਹੋਈ ਆਈ ਸੀ, ਜਿਸ ਪੀੜ੍ਹੇ ਤੇ ਸ਼ੇਰ ਬਾਜ਼ ਦੀ ਦਾਦੀ ਬੈਠੀ ਸੀ, ਜਦੋਂ ਉਹ ਵਿਆਹੀ ਆਈ ਸੀ ।
ਇਕ ਰੋਜ਼ ਸ਼ੇਰ ਬਾਜ਼ ਨੇ ਰੱਖੀ ਤੇ ਛਵ੍ਹੀ ਉਘਰੀ, ਅਗਲੇ ਰੋਜ਼ ਗਾਨਾ ਬੰਨ੍ਹ ਕੇ ਉਸ ਨੂੰ ਆਪਣੀ ਤ੍ਰੀਮਤ ਬਣਾ ਲਿਆ । ਰੱਖੀ ਤੇ ਉਸ ਨੂੰ ਹਮੇਸ਼ਾ ਚੰਗੀ ਲਗਦੀ ਸੀ । ਬਚਪਨ ਵਿਚ ਉਹ ਇੱਕਠੇ ਖੇਡਦੇ ਸਨ; ਇੱਕਠੇ ਗੁੰਮਦੇ, ਇੱਕਠੇ ਲਭਦੇ, ਇੱਕਠੇ ਹੱਸਦੇ, ਇੱਕਠੇ ਪੀਂਘਾਂ ਝੂਟਦੇ । ਤੇ ਫੇਰ ਜਦੋਂ ਉਹ ਵੱਡੀ ਹੋਈ, ਸ਼ੇਰ ਬਾਜ਼ ਨੇ ਹਲ ਵਾਂਹਦਿਆ ਕਈ ਟੱਪੇ ਉਸ ਦੀ ਯਾਦ ਵਿਚ ਗਾਂਵੇ ਸਨ । ਕਈ ਵਾਰੀ ਉਸ ਦੇ ਸੁਫਨਿਆਂ ਵਿਚ ਰੱਖੀ ਮੁੜ ਮੁੜ ਆਇਆ ਕਰਦੀ ਸੀ । ਤੇ ਜਦੋਂ ਹੋਰ ਵੱਡੀ ਹੋਈ, ਸ਼ੇਰ ਬਾਜ਼ ਉਸ ਨੂੰ ਲੁਕ ਛਿਪ ਕੇ ਵੇਖਿਆ ਕਰਦਾ ਸੀ, ਭਾਵੇਂ ਰੱਖੀ ਨੂੰ ਪਤਾ ਸੀ, ਭਾਵੇਂ ਰੱਖੀ ਨੂੰ ਨਹੀਂ ਪਤਾ ਸੀ ।
ਸਵੇਰੇ ਸਰਘੀ ਵੇਲੇ ਉਠ ਕੇ ਰੱਖੀ ਦੁਧ ਚੋਂਦੀ– ਮਝੀਆਂ ਦਾ, ਗਾਈਆਂ ਦਾ, ਬਕਰੀਆਂ ਦਾ, ਫੇਰ ਦੁਧ ਰਿੜਕਦੀ, ਫੇਰ ਸਾਰੇ ਘਰ ਨੂੰ ਸਾਂਭਦੀ ਸਲੀਟਦੀ । ਲਿੰਬ ਪੋਚ ਕੇ ਉਸ ਨੇ ਸ਼ੇਰ ਬਾਜ਼ ਹੋਰਾਂ ਦੀ ਪੁਰਾਣੀ ਹਵੇਲੀ ਨੂੰ ਸ਼ੀਸ਼ੇ ਵਾਂਗ ਬਣਾ ਲਿਆ ਸੀ । ਸ਼ਾਮੀਂ ਹਰ ਡੰਗਰ ਲਈ ਆਪ ਗੁਤਾਵਾ ਕਰਦੀ, ਆਪਣੇ ਹੱਥੀਂ ਉਨ੍ਹਾ ਨੂੰ ਖੁਆਂਦੀ; ਮੱਝੀਆਂ ਦਾ ਦੁਧ ਸਵਾਇਆ ਹੋ ਗਿਆ । ਬਲਦ ਦੌੜ ਦੌੜ ਕੇ ਸ਼ੇਰ ਬਾਜ਼ ਵਰਗੇ ਹਾਲੀਆਂ ਨੂੰ ਥਕਾ ਛਡਦੇ । ਆਪਣੇ ਸੱਸ– ਸਹੁਰੇ ਦੇ ਜਿਵੇਂ ਉਹ ਪੈਰ ਧੋ ਧੋ ਪੀਂਦੀ, ਕਦੀ ਉਨ੍ਹਾਂ ਨੂੰ ਪਲੰਘ ਤੋਂ ਨਾ ਲਹਿਣ ਦਿੰਦੀ । ਆਂਢਣਾ ਗੁਆਢਣਾਂ ਉਹਨੂੰ ਵੇਖ ਵੇਖ ਹੈਰਾਨ ਹੁੰਦੀਆਂ, ਮੂੰਹ ਵਿਚ ਉਂਗਲਾਂ ਪਾ ਪਾ ਟੁਕਦੀਆਂ । ਗਲੀ ਮੁਹੱਲੇ ਵਿਚ ਉਹਨੇ ਘਰ ਘਰ ਸਹੇਲੀਆਂ ਬਣਾ ਲਈਆਂ ਸਨ । ਤ੍ਰਿੰਝਣਾਂ ਵਿਚ ਉਹ ਸਭ ਨੂੰ ਪਛਾੜਦੀ, ਖਿਚਕਿਲੀ ਮਚਾਈ ਰਖਦੀ ।
ਸਾਡੇ ਪਿੰਡ ਵਿਚ ਕਿਸੇ ਨੂੰ ਸਵੈਟਰ ਦਾ ਨਵਾਂ ਨਮੂਨਾ ਸਿਖਾਣਾ ਹੁੰਦਾ, ਰੱਖੀ ਸਿਖਾਂਦੀ । ਕਿਸੇ ਨੂੰ ਅੱਖ ਵਿਚ ਚੁਟਕੀ ਪੁਆਣੀ ਹੁੰਦੀ, ਰੱਖੀ ਕੋਲ ਆਂਦਾ । ਕਿਸੇ ਨੂੰ ਕੋਈ ਭੇਦ ਦਸਣਾ ਹੁੰਦਾ, ਰੱਖੀ ਸਾਂਭਦੀ । ਰੱਖੀ ਜਿਵੇਂ ਪਤਾਸ਼ੇ ਵਾਂਗ ਘੁਲ ਮਿਲ ਗਈ ।
ਟਾਹਲੀਆਂ ਹੇਠ ਕਦੀ ਕਦੀ ਪੀਂਘ ਝੂਟਦੀ ਰੱਖੀ ਜਦੋਂ ਜਦੋਂ ਦੂਰ ਤਕ ਹਰਿਆਵਲ ਤੇ ਹਰਿਆਵਲ ਦੇ ਪਿੱਛੇ ਆਪਣੇ ਪਿੰਡ ਦੀਆਂ ਮਧਰੀਆਂ ਪਹਾੜੀਆਂ ਵੇਖਦੀ, ਉਹ ਹੈਰਾਨ ਹੁੰਦੀ, ਕਿੰਜ ਲੋਕ ਉਥੋਂ ਤੁਰ ਗਏ ਸਨ । ਆਪਣੇ ਢੰਨਾਂ ਦਾ ਮੋਤੀਆਂ ਵਰਗਾ ਪਾਣੀ ਤਕ ਕੇ ਉਹਦਾ ਜੀ ਕਹਿੰਦਾ– ਬੰਦਾ ਇਥੇ ਹੀ ਮਰ ਜਾਏ ! ਉਸ ਨੂੰ ਛੱਡ ਕੇ ਕੋਈ ਕਿਸ ਤਰ੍ਹਾਂ ਕਿਤੇ ਜਾ ਸਕਦਾ ਸੀ ? ਉਨ੍ਹਾਂ ਸਿੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ– ਭਰਾਵਾਂ ਨੇ ਪਾਇਆ, ਕਦੀ ਕਦੀ ਉਹ ਗਲ ਨਾਲ ਲਾ ਲੈਂਦੀ ਤੇ ਇਕਰਾਰ ਕਰਦੀ, ਈਦੀ ਉਨ੍ਹਾਂ ਨੂੰ ਉਹ ਛੱਡ ਕੇ ਨਹੀਂ ਜਾਵੇਗੀ । ਉਹ ਹੈਰਾਨ ਸੀ ਉਨ੍ਹਾਂ ਗਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਹੈ ਜਿਥੇ ਕੋਈ ਖੇਡਿਆ ਹੋਵੇ । ਉਨ੍ਹਾ ਬੇਰੀਆਂ ਦੇ ਬੇਰ ਜਿਵੇਂ ਹਾਕਾਂ ਮਾਰ ਰਹੇ ਹੁੰਦੇ, ਉਨ੍ਹਾ ਨੂੰ ਜਿਹੜੇ ਤੁਰ ਗਏ ਸਨ । ਉਹਨੂੰ ਇਸ ਤਰ੍ਹਾਂ ਕੁਝ ਮਹਿਸੂਸ ਹੁੰਦਾ ।
ਜਦੋਂ ਇਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਉਨ੍ਹਾ ਦੇ ਪਿੰਡ ਕੋਲੋਂ ਗੁਜ਼ਰਿਆ, ਰੱਖੀ ਸਾਰੀ ਸਵੇਰ ਸਿਹਰੇ ਪ੍ਰੋਂਦੀ ਰਹੀ । ਕੜਕਦੀ ਦੁਪਹਿਰ ਵਿਚ ਪਾਕਿਸਤਾਨ ਦਾ ਝੰਡਾ ਫੜ ਔਰਤਾਂ ਦਾ ਉਹਨੇ ਜਲੂਸ ਕਢਿਆ ਤੇ ਸੜਕ ਕੰਢੇ ਆਪਣੇ ਕੌਮੀ ਆਗੂ ਦੀ ਇੰਤਜ਼ਾਰ ਵਿਚ 'ਪਾਕਿਸਤਾਨ ਹਮਾਰਾ' ਤੇ ਹੋਰ ਕਈ ਗੀਤ ਗਾਂਦੀ ਰਹੀ । ਜਦੋਂ ਲੀਡਰ ਦੀ ਮੋਟਰ ਗੁਜ਼ਰ ਰਹੀ ਸੀ, ਇਸ ਨੇ ਉੱਚੇ ਉੱਚੇ 'ਜ਼ਿੰਦਾਬਾਦ' ਦੇ ਨਾਹਰੇ ਲਾਏ ਤੇ ਫੁਲਾਂ ਦੀ ਵਰਖਾ ਨਾਲ ਧਰਤੀ ਅਟੀ ਗਈ ।
ਇੰਜ ਰੱਖੀ ਦੇ ਦਿਨ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਹਫਤੇ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਮਹੀਨੇ ਗੁਜ਼ਰ ਰਹੇ ਸਨ, ਜਦੋਂ ਇਕ ਦਿਨ ਗਲੀ ਵਿਚੋਂ ਲੰਘਦਿਆਂ ਉਹਨੂੰ ਪਿਛੋਂ ਆਵਾਜ਼ ਆਈ – "ਨੀ ਰੱਖੀਏ !" ਤੇ ਅਗਲੇ ਘੜੀ ਉਹਦਾ ਭਰਾ ਉਸ ਦੇ ਗਲ ਨਾਲ ਲਗਿਆ ਹੋਇਆ ਸੀ । ਕਿਤਨਾ ਚਿਰ ਦੋਵੇਂ ਸੁਬਕਦੇ ਰਹੇ । ਰੱਖੀ ਡਾਢਾ ਉੱਚਾ ਉੱਚਾ ਰੋਈ । ਉਸ ਨੂੰ ਇਹ ਵੀ ਭੁਲ ਗਿਆ ਕੀ ਨਾਲ ਇਕ ਉਪਰਾ ਆਦਮੀ ਜੋ ਸਿਪਾਹੀ ਜਿਹਾ ਲਗਦਾ ਸੀ, ਖਲੋਤਾ ਜਿਸ ਤਰ੍ਹਾਂ ਉਨ੍ਹਾਂ ਦੀ ਇੰਤਜ਼ਾਰ ਕਰ ਰਿਹਾ ਹੋਵੇ ।
ਅਖੀਰ ਜਦੋਂ ਉਨ੍ਹਾ ਦਾ ਵਿਰਾਗ ਲੱਥਾ, ਉਹਦੇ ਭਰਾ ਨੇ ਸਿਪਾਹੀ ਵਲ ਇਸ਼ਾਰਾ ਕਰ ਕੇ ਕਿਹਾ, "ਇਹਨੂੰ ਲੈ ਚਲੋ, ਮੇਰੀ ਭੈਣ ਲਭ ਪਈ ਏ ।" "ਪਰ ਕਿਥੇ ?" – ਰੱਖੀ ਨੇ ਇਕ ਝਾਤ ਬਾਅਦ, ਜਿਸ ਤਰ੍ਹਾਂ ਉਹ ਸੁਤੀ ਹੋਈ ਜਾਗੀ ਹੋਵੇ, ਘਬਰਾ ਕੇ ਪੁਛਿਆ । ਦੂਰ ਦੂਰ, ਕਿਸੇ ਦੂਰ ਦੇਸ ਵਿਚ ਜਾਣ ਲਈ ਰੱਖੀ ਤਿਆਰ ਨਹੀਂ ਸੀ । ਕੀ ਪਤਾ ਉਥੇ ਇਸ ਪਿੰਡ ਵਰਗੀਆਂ ਘਣੀਆਂ ਠੰਡੀਆਂ ਛਾਵਾਂ ਹੋਣ ਨਾ ਹੋਣ, ਕੀ ਪਤਾ ਉਥੇ ਏਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ ਤੇ ਆ ਕੇ ਬਹਿ ਜਾਂਦੇ ਤੇ ਫੇਰ ਪਤਾ ਨਹੀਂ ਦਿਲ ਨੂੰ ਕੀ ਕੀ ਹੋਣ ਲਗ ਜਾਂਦਾ ।
ਉਸ ਸ਼ਾਮੀਂ ਜਦੋਂ ਉਹ ਬਾਹਰ ਗਈ, ਉਸ ਟਿੱਬੇ ਨੂੰ ਜਿਸ ਤਰ੍ਹਾਂ ਉਸ ਕਲਾਵੇ ਵਿਚ ਲੈ ਲਿਆ,
"ਮੈਂ ਨਹੀਂ ਜਾਵਾਂਗੀ, ਮੈਂ ਕਦੀ ਨਹੀਂ ਜਾਵਾਂਗੀ," ਜਿਸ ਟਿੱਬੇ ਤੇ ਖਲੋ ਕੇ ਉਹ ਸ਼ੇਰ ਬਾਜ਼ ਨੂੰ ਖੇਤਾਂ ਵਿਚ ਕੰਮ ਕਰਦਾ ਵਿੰਹਦੀ ਹੁੰਦੀ ਸੀ । "ਮੈਂ ਨਹੀਂ ਜਾਵਾਂਗੀ," ਦਾਖ ਦੀ ਲਮਕਦੀ ਵੇਲ ਨੂੰ ਉਸ ਪੋਲੇ ਜਹੇ ਟੋਹ ਕੇ ਕਿਹਾ । "ਮੈਂ ਕਦੇ ਨਹੀਂ ਜਾਵਾਂਗੀ," ਉਸ ਨੇ ਵੱਛੇ ਦੀਆਂ ਅੱਖਾਂ ਨਾਲ ਅੱਖਾਂ ਮੇਲ ਉਹਦੀ ਥੂਥਣੀ ਨੂੰ ਚੁੰਮ ਲਿਆ । ਆਪਣੇ ਸੁਫ਼ੇ ਦੇ ਛੱਤ ਹੇਠ ਜਾ ਕੇ ਉਸ ਨੇ ਜ਼ੋਰ ਦਾ ਕਿਹਾ, "ਮੈਂ ਹਮੇਸ਼ਾ ਇਥੇ ਰਹਾਂਗੀ ।" ਆਪਣੀ ਚੁਲ੍ਹ ਕੋਲ ਬੈਠ ਕੇ ਉਹਦਾ ਗਚ ਨਾ ਖਲੋਂਦਾ," ਮੇਰਾ ਆਪਣਾ ਇਹ ਚੌੰਕਾ ਏ," ਉਹ ਚੀਕ ਉਠੀ ।
ਉਸ ਰਾਤ ਪੁਰੇ ਦੀ ਠੰਡੀ ਵਾ ਰੁਮਕ ਰਹੀ ਸੀ । ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤੇ, ਚੰਨ ਦੇ ਤਰਲੇ ਲਏ, ਉਠ ਉਠ ਬਨੇਰਿਆਂ ਤੇ ਬਹਿ ਕੇ ਸੋਚਦੀ । ਉਸ ਪੀਰਾਂ ਦੀਆਂ ਮੰਨਤਾਂ ਮੰਨੀਆਂ । ਮੂਰਤੀਆਂ ਨੂੰ ਮਨਾਣ ਦਾ ਪ੍ਰਣ ਕੀਤਾ । ਸਾਹਮਣੇ ਉਹ ਦਰੁੱਘ ਸੀ, ਜਿਥੇ ਪਿਛਲੀ ਵਾਰੀ ਰੱਖੀ ਜਾ ਪਈ ਸੀ ਤੇ ਉਹਨੂੰ ਕਿਸੇ ਨਹੀਂ ਸੀ ਵੇਖਿਆ । ਪਰ ਹੁਣ ਤੇ ਉਹ ਕਿਤਨੀ ਹੋਰ ਦੀ ਹੋਰ ਹੋ ਗਈ ਸੀ । ਹੁਣ ਉਹ ਕਿਸ ਤਰ੍ਹਾਂ ਛਾਲ ਮਾਰ ਸਕਦੀ ਸੀ ? ਉਹ ਸਿੱਪ ਜਿਸ ਵਿਚ ਕੋਈ ਮੋਤੀ ਹੋਵੇ, ਕਦੀ ਉਛਲਿਆ ਨਹੀਂ ਕਰਦੀ ।
"ਵੇ ਸ਼ੇਰ ਬਾਜ਼ਾ ! ਹੁਣ ਤੇਰੀ ਛਵ੍ਹੀ ਨੂੰ ਕੀ ਹੋ ਗਿਆ ਏ ?" ਰੱਖੀ ਉਹਨੂੰ ਮੁੜ ਮੁੜ ਕਹਿੰਦੀ ਤੇ ਸ਼ੇਰ ਬਾਜ਼ ਅਹਿਲ ਪਲੰਘ ਤੇ ਪਿਆ ਹੋਇਆ ਸੀ । ਜਦੋਂ ਦਾ ਨੰਬਰਦਾਰ ਦੇ ਘਰੋਂ ਸ਼ਾਮੀਂ ਉਹ ਮੁੜਿਆ, ਉਸ ਨੇ ਇਕ ਲਫਜ਼ ਨਾ ਕੂਇਆ । ਨਾ ਉਸ ਨੇ ਕੁਝ ਖਾਧਾ ਨਾ ਪੀਤਾ ।" ਵੇ ਸ਼ੇਰ ਬਾਜ਼ਾ ਮੈਂ ਤੇਰੇ ਤੋਂ ਲਖ ਵੀਰ ਵਾਰ ਸੁਟਾਂਗੀ ।" ਸ਼ੇਰ ਬਾਜ਼ ਤਾਂ ਵੀ ਚੁਪ ਸੀ । ਉਹਦੇ ਭਖ ਰਹੇ ਚਿਹਰੇ, ਉਹਦੀਆਂ ਲਾਲ ਹੋ ਰਹੀਆਂ ਅੱਖਾਂ ਵਿਚ ਜਿਸ ਤਰ੍ਹਾਂ ਅਥਰੂ ਜੰਮੇ ਹੋਏ ਹੋਣ ।"ਵੇ ਮੇਰਿਆ ਬਾਜ਼ ਸ਼ੇਰ, ਆ ਕਿਤੇ ਟੁਰ ਚਲੀਏ", ਆਖਰ ਝੁੰਜਲਾ ਕੇ ਰੱਖੀ ਨੇ ਕਿਹਾ । ਸ਼ੇਰ ਬਾਜ਼ ਦੇ ਬਿਸਤਰੇ ਤੋਂ ਜਿਵੇਂ ਸੇਕ ਆ ਰਿਹਾ ਹੋਵੇ । ਉਹ ਚੁਪ ਸੀ, ਅਹਿਲ ਸੀ, ਬੇਸੁਧ ਪਿਆ ਸੀ । ਤੇ ਉਹ ਬੋਲਦਾ ਵੀ ਕਿੰਜ ? ਨੰਬਰਦਾਰ ਨੇ ਉਹਨੂੰ ਸਭ ਕੁਝ ਦਸ ਦਿੱਤਾ ਸੀ । ਰੱਖੀ ਹਿੰਦੂ ਕੁੜੀ ਸੀ, ਜਿਸ ਨੂੰ ਜ਼ਰੂਰ ਹਿੰਦੁਸਤਾਨ ਵਿਚ ਭੇਜਿਆ ਜਾਣਾ ਸੀ । ਪੰਦਰਾਂ ਅਗਸਤ ਤੋਂ ਜਿਤਨੇ ਕਲਮੇ ਪੜ੍ਹੇ ਗਏ ਸਨ ਉਨ੍ਹਾਂ ਨਾਲ ਕੋਈ ਮੁਸਲਮਾਨ ਨਹੀਂ ਸੀ ਬਣ ਸਕਿਆ । ਇਹ ਗਲ ਆਪਣੀ ਮੁਸਲਮਾਨ ਸਰਕਾਰ ਆਪ ਕਹਿ ਰਹੀ ਸੀ । ਤੇ ਫੇਰ ਇਧਰੋਂ ਹਰ ਹਿੰਦੂ ਕੁੜੀ ਨੂੰ ਭੇਜ ਕੇ ਉਧਰੋਂ ਮੁਸਲਮਾਨ ਕੁੜੀ ਆਣੀ ਸੀ । ਰੱਖੀ ਜਿਹੜੀ ਹਿੰਦੂ ਜੰਮੀ ਸੀ, ਉਹਦੇ ਬਦਲੇ ਇਕ ਇਸਲਾਮ ਵਿਚ ਪੈਦਾ ਹੋਈ ਕੁੜੀ ਨੇ ਏਧਰ ਆਣਾ ਸੀ । ਪਾਕਿਸਤਾਨ ਲਈ ਹਰ ਕੁਰਬਾਨੀ ਦੀ ਲੋੜ ਸੀ ।
ਤੇ ਸ਼ੇਰ ਬਾਜ਼ ਅਹਿਲ ਬੇਸੁਧ ਪਿਆ ਸੀ ।
ਅਗਲੇ ਰੋਜ਼ ਮਸਾਂ ਅਜੇ ਦਿਹੁੰ ਹੀ ਨਿਕਲਿਆ ਸੀ ਕੀ ਫੌਜੀ ਲਾਰੀ ਉਨ੍ਹਾ ਦੇ ਵਿਹੜੇ ਵਿਚ ਆ ਖਲੋਤੀ । ਲੰਮੀਆਂ ਲੰਮੀਆਂ ਬੰਦੂਕਾਂ ਲਈ ਸਿਪਾਹੀਆਂ ਨੂੰ ਵੇਖਕੇ ਰੱਖੀ ਕੁਰਲਾ ਉਠੀ– "ਮੈਂ ਨਹੀਂ ਜਾਣਾ, ਮੈਂ ਕਦੀ ਨਹੀਂ ਜਾਣਾ, ਕੀ ਹੋਇਆ ਜੇ ਇਹਦਾ ਨਾਂ ਵੱਟ ਗਿਆ ਏ, ਇਹ ਮੇਰਾ ਆਪਣਾ ਦੇਸ਼ ਹੈ । ਇਹ ਪੱਥਰ ਮੇਰੇ ਆਪਣੇ ਨੇ, ਇਹ ਗੀਟੇ ਮੇਰੇ ਆਪਣੇ ਨੇ । ਅਜੇ ਤੇ ਇਸ ਧਰੇਕ ਨੇ ਵੱਡਾ ਹੋਣਾ ਏ ਜਿਸ ਨੂੰ ਮੈਂ ਪਾਣੀ ਦੇ ਦੇ ਪਾਲਦੀ ਰਹੀ ।" ਤੇ ਉਹਦੀਆਂ ਅੱਖਾਂ ਵਿਚ ਅਥਰੂ ਨਾ ਠਲ੍ਹੇ ਜਾਂਦੇ । "ਵੇ ਸ਼ੇਰ ਬਾਜ਼ਾ, ਤੂੰ ਬੋਲਦਾ ਕਿਓਂ ਨਹੀਂ ? ਤੂੰ ਕੂੰਦਾ ਕਿਓਂ ਨਹੀਂ ? ਮੈਂ ਤੇਰੀ ਅਮਾਨਤ ਨਾਲ ਕੀ ਕਰਾਂਗੀ ?" ਤੇ ਰੱਖੀ ਬੇਹੋਸ਼ ਹੋ ਗਈ । ਜਿਤਨਾ ਚਿਰ ਸ਼ੇਰ ਬਾਜ਼ ਤੇ ਰੱਖੀ ਅੰਦਰ ਸੁਫ਼ੇ ਵਿਚ ਰਹੇ, ਸਿਪਾਹੀਆਂ ਨੇ ਫੇਰ ਸੋਚਿਆ, ਪੰਚਾਂ ਨੇ ਆਪਣੇ ਦਿਮਾਗ ਲੜਾਏ, ਨੰਬਰਦਾਰ ਦੀ ਰਾਏ ਲੀਤੀ ਗਈ, ਪਰ ਆਪਣੀ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ । ਪਾਕਿਸਤਾਨ ਨੇ ਇਨ੍ਹਾਂ ਨਿੱਕੀਆਂ ਨਿੱਕੀਆਂ ਗਲਾਂ ਕਰ ਕੇ ਬਣ ਜਾਣਾ ਸੀ, ਇਨ੍ਹਾਂ ਮਾਮੂਲੀ ਗਲਾਂ ਕਰ ਕੇ ਰੁੜ੍ਹ ਜਾਣਾ ਸੀ । ਪਾਕਿਸਤਾਨ ਅਜੇ ਬੱਚਾ ਸੀ, ਜਿਸ ਨੂੰ ਹਰ ਕਿਸੇ ਨੇ ਲਡਿਆਣਾ ਸੀ, ਜਿਸ ਦੀਆਂ ਗਲਤ ਗੱਲਾਂ ਨੂੰ ਵੀ ਮੰਨਣਾ ਸੀ ।
ਲਾਰੀ ਵਿਹੜੇ ਵਿਚ ਖਲੋਤੀ ਰਹੀ । ਜਾ ਵੀ ਕਿੰਜ ਸਕਦੀ ਸੀ ? ਅਖੀਰ ਕੋਈ ਇਕ ਘੰਟੇ ਬਾਦ ਸੁਫ਼ੇ ਦੇ ਭਿਤ ਖੁਲ੍ਹੇ । ਪਹਿਲੇ ਰੱਖੀ ਨਿਕਲੀ ਪਿਛੇ ਸ਼ੇਰ ਬਾਜ਼ ਸੀ ।
ਰੱਖੀ ਨੇ ਲਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ । ਉਹਦੇ ਸਿਰ ਤੇ ਗੋਟਿਆਂ ਕਨਾਰੀਆਂ ਵਾਲੀ ਝਿੱਲੀ ਸੀ, ਜਿਹੜੀ ਉਸ ਤੋਂ ਸਾਂਭ ਨਹੀਂ ਸੀ ਜਾਂਦੀ । ਉਹਦੇ ਮੱਥੇ ਤੇ ਉਹਦੇ ਕੰਨਾਂ ਵਿਚ, ਉਹਦੇ ਨੱਕ ਵਿਚ, ਬਾਹਵਾਂ ਦੇ ਗਲੇ ਵਿਚ, ਪੈਰਾਂ ਤੇ ਕੋਈ ਥਾਂ ਖਾਲੀ ਨਹੀਂ ਸੀ, ਜਿਥੇ ਕੋਈ ਗਹਿਣਾ ਨਾ ਹੋਏ ; ਜਿਸ ਤਰ੍ਹਾਂ ਸੋਨੇ ਨਾਲ ਲੱਦੀ ਹੋਈ ਹੋਵੇ । ਸ਼ੇਰ ਬਾਜ਼ ਦੀ ਦਾਦੀ ਦੇ, ਤੇ ਉਸ ਤੋਂ ਪਹਿਲੇ ਦੇ ਰੱਖੇ ਰਖਾਏ ਸਾਰੇ ਜ਼ੇਵਰ ਉਹਨੇ ਰੱਖੀ ਨੂੰ ਪਵਾਏ । ਝੰਮ ਝੰਮ ਕਰਦੀ ਉਹ ਲਾਰੀ ਵਿਚ ਆ ਬੈਠੀ । ਸਾਰੇ ਦੇ ਸਾਰੇ ਲੋਕ ਹੈਰਾਨ ਸਨ । ਸ਼ੇਰ ਬਾਜ਼ ਫੇਰ ਅੰਦਰ ਗਿਆ । ਉਸ ਨੇ ਉਸ ਦਾ ਰੰਗਲਾ ਪੀੜ੍ਹਾ ਲਿਆ ਕੇ ਲਾਰੀ ਵਿਚ ਰਖਿਆ । ਫੇਰ ਉਹਦਾ ਸ਼ੀਸ਼ਿਆਂ ਵਾਲਾ ਪਲੰਘ ਰਖਵਾਇਆ । ਫੇਰ ਟੰਰਕ ਰਖਵਾਏ, ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਕਪੜਿਆਂ ਦੇ ਭਰੇ ਹੋਏ ਸਨ । ਅਖੀਰਲੀ ਵਾਰ ਸ਼ੇਰ ਬਾਜ਼ ਅੰਦਰ ਗਿਆ ਤੇ ਰੱਖੀ ਨੂੰ ਆ ਕੇ ਇਕ ਪੱਖੀ ਤੇ ਇਕ ਛੰਨਾ ਫੜਾਇਆ । ਛੰਨੇ ਉਤੇ ਚਿਤ੍ਰਿਆ ਹੋਇਆ ਸੀ "ਸ਼ੇਰ ਬਾਜ਼ ਖਾਨ" ਤੇ ਪੱਖੀ ਤੇ ਰੱਖੀ ਨੇ ਆਪ ਸੂਹੇ ਸਾਵੇ ਧਾਗਿਆਂ ਨਾਲ ਕਢਿਆ ਸੀ – "ਪਾਕਿਸਤਾਨ ਹਮਾਰਾ ਹੈ !"

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ