Punjabi Stories/Kahanian
ਦਲਬੀਰ ਚੇਤਨ
Dalbir Chetan

Punjabi Kavita
  

Palak Da Boota Dalbir Chetan

ਪਾਲਕ ਦਾ ਬੂਟਾ ਦਲਬੀਰ ਚੇਤਨ

ਇਸ ਵੇਲੇ ਮੈਂ ਬਹੁਤ ਉਦਾਸ ਹਾਂ। ਉਂਜ ਉਦਾਸੀ ਵੀ ਕਈ ਵਾਰ ਕੂਲੀ ਜਿਹੀ ਹੁੰਦੀ ਹੈ। ਉਹ ਉਦਾਸ ਤਾਂ ਕਰਦੀ ਹੈ ਪਰ ਖਿਝਾਉਂਦੀ ਜਾਂ ਨਿਰਾਸ਼ ਨਹੀਂ ਕਰਦੀ। ਪਰ ਇਸ ਵੇਲੇ ਮੈਂ ਉਦਾਸ, ਨਿਰਾਸ਼ ਤੇ ਪੂਰੀ ਤਰ੍ਹਾਂ ਖਿਝਿਆ ਖਿਝਿਆ ਵੀ ਹਾਂ। ਇਹ ਖਿਝ ਆਪਣੇ ਆਪ ਉਤੇ ਵੀ ਹੈ ਤੇ ਪੂਰੀ ਕਾਇਨਾਤ ਉਤੇ ਵੀ। ਮੈਂ ਸੋਚਦਾ ਹਾਂ ਕਿ ਕਾਦਰ, ਕੁਦਰਤ ਤੇ ਬੰਦੇ ਵਿਚ ਬੜਾ ਸਿੱਧਾ ਰਿਸ਼ਤਾ ਹੋਣਾ ਚਾਹੀਦਾ ਹੈ।
ਇਸ ਸੋਚ ਦੇ ਨਾਲ ਹੀ ਮੈਨੂੰ ਆਪਣਾ ਸਾਇੰਸ ਮਾਸਟਰ ਯਾਦ ਆਉਂਦਾ ਹੈ ਜੋ ਮੇਜ਼ ਉਤੇ ਮੋਮਬੱਤੀ ਬਾਲ ਕੇ ਤੇ ਇਕੋ ਹੀ ਸੇਧ ਵਿਚ, ਛੇਕਾਂ ਵਾਲੇ ਤਿੰਨ ਗੱਤੇ ਰੱਖ ਕੇ ਸਾਨੂੰ ਰੋਸ਼ਨੀ ਦਾ ਸਿੱਧੀਆਂ ਲਕੀਰਾਂ ਵਿਚ ਚੱਲਣ ਦਾ ਸਿਧਾਂਤ ਸਮਝਾਇਆ ਕਰਦਾ ਸੀ। ਫੇਰ ਉਹਨੇ ਇਕ ਗੱਤੇ ਨੂੰ ਏਧਰ-ਉਧਰ ਕਰ ਦੇਣਾ ਤੇ ਮੋਮਬੱਤੀ ਦੀ ਰੋਸ਼ਨੀ ਆਰ-ਪਾਰ ਨਾ ਪੁੱਜਣੀ। ਮੈਨੂੰ ਵੀ ਲਗਦਾ ਹੈ ਕਿ ਕਾਦਰ ਤੇ ਬੰਦੇ ਦੇ ਵਿਚਕਾਰਲਾ ਕੁਦਰਤ ਵਾਲਾ ਗੱਤਾ ਕਿਧਰੇ ਇਧਰ-ਉਧਰ ਹੋ ਗਿਆ ਹੈ ਤੇ ਜਦੋਂ ਉਹ ਇਧਰ-ਉਧਰ ਹੋ ਜਾਂਦਾ ਹੈ ਤਾਂ ਰੋਸ਼ਨੀ ਬੰਦੇ ਤੱਕ ਨਹੀਂ ਪਹੁੰਚਦੀ ਤੇ ਬੰਦਾ ਕੁਦਰਤ ਨਾਲੋਂ ਟੁੱਟ ਕੇ ਵਹਿਸ਼ੀ, ਜ਼ਹਿਰੀਲਾ ਤੇ ਖਤਰਨਾਕ ਖੂੰਖਾਰ ਬਣ ਜਾਂਦਾ ਹੈ। ਸ਼ਾਇਦ ਇਸੇ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਸਿਰਫ ਕੁਦਰਤ ਨਾਲ ਜੁੜਿਆ ਬੰਦਾ ਹੀ ਖੂਬਸੂਰਤੀ ਤੇ ਪਿਆਰ ਮਾਣ ਤੇ ਵੰਡ ਸਕਦਾ ਹੈ। ਮੈਂ ਆਪਣੇ ਆਪ 'ਤੇ ਹੀ ਹੈਰਾਨ ਹੁੰਦਾ ਹਾਂ ਕਿ ਜੇ ਮੈਂ ਆਪਣੇ ਆਪ ਨਾਲ ਖਿਝਿਆ ਤੇ ਰੁੱਸਿਆ ਹੋਇਆ ਵੀ ਜ਼ਿੰਦਗੀ ਦੀ ਖੂਬਸੂਰਤੀ ਬਾਰੇ ਸੋਚਣ ਲੱਗ ਪਿਆ ਹਾਂ ਤਾਂ ਇਸ ਵਿਚ ਜ਼ਰੂਰ ਕੋਈ ਅਜਿਹੀ ਖਿੱਚ ਹੋਵੇਗੀ ਜਿਹੜੀ ਟੁੱਟ ਕੇ ਵੀ ਸਾਨੂੰ ਆਪਣੇ ਨਾਲੋਂ ਟੁੱਟਣ ਨਹੀਂ ਦਿੰਦੀ।
ਇਸ ਘੋਰ ਉਦਾਸੀ ਵਿਚ ਵੀ ਮੈਨੂੰ ਯਾਦ ਆਉਂਦਾ ਹੈ ਆਪਣੇ ਹੀ ਪਿੰਡ ਦਾ ਸੁਰੈਣ ਸਿੰਘ। ਕੋਰਾ ਅਨਪੜ੍ਹ ਸੁਰੈਣ ਸਿੰਘ ਲੋਕਾਂ ਦੀ ਗੋਡੀ-ਚਾਕੀ ਕਰਦਾ ਨਾਲ-ਨਾਲ ਸ਼ਾਇਰੀ ਵੀ ਕਰਨ ਲੱਗ ਪਿਆ ਸੀ ਤੇ ਲੋਕੀਂ ਉਹਨੂੰ ਹੌਲੀ ਹੌਲੀ 'ਸੈਰੀ' ਕਹਿਣ ਲੱਗ ਪਏ ਸਨ। ਸੁਰੈਣ ਸਿੰਘ ਉਰਫ 'ਸੈਰੀ' ਮੋਟੀ ਅਫੀਮ ਡੁੰਗਦਾ ਸੀ। ਅਫੀਮ ਖਾ ਕੇ ਉਹ ਵਧੀਆ ਗੁਡਦਾ, ਵਧੀਆ ਗੱਲਾਂ ਕਰਦਾ ਤੇ ਕਦੇ ਕਦੇ ਰੌਂਅ 'ਚ ਆਇਆ ਉਹ ਆਪਣੀ ਕੰਠ ਕੀਤੀ ਸ਼ਾਇਰੀ ਨੂੰ ਗੌਣ ਵੀ ਲੱਗ ਪੈਂਦਾ। ਲੋਕਾਂ ਨੂੰ ਉਹਦੇ ਸਿੱਧੇ ਤੇ ਸਰਲ ਜਿਹੇ ਗੌਣ ਜ਼ੁਬਾਨੀ ਹੀ ਯਾਦ ਹੋ ਜਾਂਦੇ ਤੇ ਉਹ ਆਪ ਵੀ ਗੌਂਦੇ ਰਹਿੰਦੇ,
ਰੰਬਾ ਤੂੰ ਚਲਾਈ ਜਾ, ਗੌਣ ਤੂੰ ਬਣਾਈ ਜਾ
ਗੌਣ ਨੂੰ ਬਣਾ ਕੇ ਬਸ ਲੋਕਾਂ ਨੂੰ ਸੁਣਾਈ ਜਾ
ਤੈਨੂੰ ਰੱਬ ਨੇ ਬਖਸ਼ਿਆ ਗਹਿਣਾ
ਕਿ ਪਿਆਰ ਤੂੰ ਵੰਡ ਸੈਰੀਆ,
ਤੂੰ ਸਾੜਿਆਂ ਵਿਚੋਂ ਕੀ ਲੈਣਾ,
ਕਿ ਪਿਆਰ ਤੂੰ ਵੰਡ ਸੈਰੀਆ।
ਪਿਛਲੇ ਕੁਝ ਸਮੇਂ ਤੋਂ ਉਹ ਬੀਮਾਰ ਰਹਿਣ ਲੱਗ ਪਿਆ ਸੀ। ਧੀ ਪੁੱਤ ਕੋਈ ਹੈ ਨਹੀਂ ਸੀ। ਕੰਮ ਕਰਨ ਜੋਗਾ ਉਹ ਰਿਹਾ ਨਾ। ਅਫੀਮ ਦੀ ਤੋਟ ਵੀ ਸਰੀਰ ਨੂੰ ਅਕੜੇਵਾਂ ਚਾੜ੍ਹ ਛੱਡਦੀ ਤੇ ਉਹ ਖਿਝਿਆ-ਖਿਝਿਆ ਰਹਿਣ ਲੱਗ ਪਿਆ। ਗੁਰਪੁਰਬਾਂ, ਵਿਆਹ-ਸ਼ਾਦੀਆਂ ਤੇ ਜੰਮਣਿਆਂ-ਮਰਨਿਆਂ ਉਤੇ ਉਹ ਆਪਣੇ ਜੋੜੇ ਕਬਿੱਤ ਗੌਂ-ਗੌਂ ਕੇ ਮਿਲਦੇ ਪੈਸਿਆਂ ਨਾਲ ਗੁਜ਼ਾਰਾ ਕਰਦਾ ਰਿਹਾ। ਅਖੀਰ ਵਿਚ ਪਤਾ ਨਹੀਂ ਪਿਆਰ ਵੰਡਣ ਵਾਲੇ ਤੇ ਹੱਸਣਹਸਾਉਣ ਵਾਲੇ ਸੈਰੀ ਨੂੰ ਕੀ ਹੋ ਗਿਆ ਕਿ ਉਹ ਨਿਰਾਸ਼ਾ ਦੀਆਂ ਲਹਿਰਾਂ ਵਿਚ ਡਿਕੋ-ਡੋਲੇ ਜਿਹੇ ਖਾਣ ਲੱਗ ਪਿਆ। ਉਹ ਹੁਣ ਮਰਨ ਦੇ ਭੋਗਾਂ ਉਤੇ ਅਕਸਰ ਇਕੋ ਹੀ ਬੈਂਤ ਗਾਉਂਦਾ, ਜਿਸਦਾ ਤੋੜਾ ਅਖੀਰ ਵਿਚ ਉਹ ਇਕੇ ਹੀ ਨੁਕਤੇ ਉਤੇ ਆ ਕੇ ਝਾੜਦਾ ਤੇ ਤੋੜਾ ਝਾੜਦਿਆਂ ਉਹਦੀਆਂ ਅੱਖਾਂ ਅਕਸਰ ਨਮ ਜਿਹੀਆਂ ਹੋ ਜਾਂਦੀਆਂ। ਉਹ ਨਮ ਜਿਹੀਆਂ ਅੱਖਾਂ ਨੂੰ ਮੀਟ ਕੇ ਤੇ ਕੰਨਾਂ ਉਤੇ ਹੱਥ ਧਰ ਕੇ ਉਚੀ ਹੇਕ 'ਚ ਕਹਿੰਦਾ,
'ਹੋਰ ਜੀ ਕੇ ਸੈਰੀਆ ਕੀ ਲੈਣਾ,
ਮਰਨ ਵਾਲੇ ਦੀ ਥਾਂ ਤੇ ਮਰ ਜਾਂਦੇ।'
ਕੋਈ ਕਹਿ ਦਿੰਦਾ ਕਿਸੇ ਦੀ ਥਾਂ 'ਤੇ ਕਿਥੇ ਮਰਿਆ ਜਾਂਦਾ ਸੈਰੀਆ। ਤੇ ਉਹ ਅੱਗੋਂ ਰੋਣ ਵਰਗਾ ਹੱਸ ਕੇ ਕਹਿੰਦਾ, ਕੀ ਪਤਾ ਭਾਊ, ਮੂੰਹੋਂ ਕੱਢੀ ਗੱਲ ਕਿਸੇ ਵੇਲੇ ਸੱਚੀ ਹੋ ਈ ਜਾਵੇ।
ਤੇ ਸੱਚ ਮੁੱਚ ਇਕ ਦਿਨ ਇਹ ਗੱਲ ਸੱਚੀ ਹੋ ਈ ਗਈ। ਉਸ ਰਾਤ ਪਿੰਡ 'ਚ ਗੋਲੀ ਚੱਲੀ। ਗੋਲੀ ਚੱਲੀ ਤਾਂ ਬਹੁਤਿਆਂ ਨੇ ਸੁਣ ਲਈ ਸੀ ਪਰ ਰਾਤ ਇਹ ਪਤਾ ਨਹੀਂ ਸੀ ਲੱਗ ਸਕਿਆ ਕਿ ਗੋਲੀ ਚੱਲੀ ਕੀਹਦੇ ਉਤੇ ਸੀ ਤੇ ਵਾਪਰਿਆ ਕੀ ਸੀ? ਸਵੇਰ ਹੁੰਦਿਆਂ ਹੀ ਇਹ ਵੀ ਪਤਾ ਲੱਗ ਗਿਆ ਕਿ ਗੋਲੀ ਸੁਰੈਣ ਸਿੰਘ ਸੈਰੀ ਉਤੇ ਚੱਲੀ ਸੀ ਤੇ ਉਹ ਮਾਰਿਆ ਗਿਆ ਸੀ। ਇਹ ਵੀ ਪਤਾ ਲੱਗ ਗਿਆ ਕਿ ਬੰਦੂਕਧਾਰੀ ਆਏ ਤਾਂ ਉਹਦੇ ਗਵਾਂਢੀ, ਕਰਮੇ ਟਾਊਟ ਨੂੰ ਮਾਰਨ ਸਨ ਪਰ ਕਰਮਾ ਟਾਊਟ ਕਿਸੇ ਦੇ ਵਿਆਹ ਜਾਣ ਲੱਗਿਆ ਸੈਰੀ ਨੂੰ ਕਹਿ ਗਿਆ ਸੀ ਕਿ ਰਾਖੀ ਲਈ ਮੇਰੇ ਘਰ ਸੌਂ ਜਾਵੀਂ। ਸੌਣ ਲੱਗਿਆਂ, ਸੈਰੀ ਨੇ ਆਪਣੀ ਘਰ ਵਾਲੀ ਨੂੰ ਕਿਹਾ, 'ਭਾਗਵਾਨੇ ਆਪਣੇ ਘਰ 'ਚ ਕੀ ਆ? ਚਲ ਮਾਰ ਜਿੰਦਰਾ ਤੇ ਟਾਊਟ ਦੇ ਭਰੇ ਭੁਕੰਨੇ ਘਰ 'ਚ ਗੁਦੈਲਿਆਂ 'ਤੇ ਸੌਂ ਕੇ ਵੇਖੀਏ।'
ਗੁਦੈਲਿਆਂ ਉਤੇ ਸੌਣ ਦੇ ਚਾਅ 'ਚ ਹੀ ਭੁਲੇਖੇ ਨਾਲ ਮਾਰਿਆ ਗਿਆ ਵਿਚਾਰਾ 'ਸੈਰੀ'। ਕਹਿੰਦੇ ਨੇ ਉਹ ਦੁਹਾਈ ਵੀ ਪਾਉਂਦਾ ਰਿਹਾ ਕਿ ਮੈਂ ਕਰਮਾ ਨਹੀਂ ਪਰ ਮਾਰਨ ਵਾਲਿਆਂ ਦਾ ਵਿਸ਼ਾਲ ਤਜਰਬਾ ਇਹ ਵੀ ਕਹਿੰਦਾ ਸੀ ਕਿ ਹਰ ਮਰਨ ਵਾਲਾ, ਆਪਣੇ ਬਚਾਅ ਲਈ ਏਨਾ ਕੁ ਰੌਲਾ ਤਾਂ ਪਾਉਂਦਾ ਹੀ ਹੈ ਤੇ ਜਾਂ ਇਹ ਵੀ ਕਿ ਉਹ ਮਾਰਨ ਆਏ ਸਨ ਤੇ ਉਨ੍ਹਾਂ ਕਿਸੇ ਨਾ ਕਿਸੇ ਨੂੰ ਮਾਰਨਾ ਹੀ ਸੀ। ਘਰ ਵਾਲੀ ਨੇ ਲੋਕਾਂ ਨੂੰ ਅਗਲੀ ਸਵੇਰ ਰੋ ਰੋ ਕੇ ਇਹ ਵੀ ਦੱਸਿਆ ਕਿ ਆਖਰੀ ਵੇਲੇ ਸੈਰੀ ਨੇ ਮਾਰਨ ਵਾਲਿਆਂ ਅੱਗੇ ਜਿਊਣ ਦੇ ਬਹੁਤ ਵਾਸਤੇ ਪਾਏ ਸਨ। ਮੈਂ ਸੋਚਦਾਂ, ਜ਼ਰੂਰ ਪਾਏ ਹੋਣਗੇ ਇਸ ਰੰਗਲੀ ਦੁਨੀਆਂ ਤੋਂ ਜਾਣ ਨੂੰ ਕੀਹਦਾ ਚਿੱਤ ਕਰਦਾ? ਸ਼ਾਇਦ ਇਸੇ ਲਈ ਮਰਨਮਰਨ ਕਰਨ ਵਾਲੇ ਸੈਰੀ ਦੀ ਵੀ ਆਖਰੀ ਲਿਲਕ ਜ਼ਰੂਰ ਜਿਊਣ ਦੀ ਹੀ ਹੋਵੇਗੀ। ਕਈ ਵਾਰ ਵੱਡਿਆਂ ਤੋਂ ਸੁਣਦੇ ਹੁੰਦੇ ਸੀ ਕਿ ਕੋਈ ਨਿਹੱਕਾ ਕਤਲ ਹੋ ਜਾਏ ਤਾਂ ਲਾਲ ਹਨ੍ਹੇਰੀ ਝੁੱਲਦੀ ਹੁੰਦੀ ਹੈ ਪਰ ਏਨੇ ਬਦੋਸ਼ਿਆਂ ਦੇ ਕਤਲ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਏ ਨੇ ਪਰ ਲਾਲ ਹਨ੍ਹੇਰੀ ਝੁਲਦੀ ਅਜੇ ਤੱਕ ਨਹੀਂ ਵੇਖੀ। ਆਮ ਜ਼ਿੰਦਗੀ ਵਿਚ ਜਦੋਂ ਕਦੇ ਕਿਸੇ ਬੰਦੇ ਨੂੰ ਮੈਂ ਧਰਮ ਸਥਾਨਾਂ 'ਤੇ ਮੱਥੇ ਰਗੜਦਾ, ਮਨ ਦੀ ਸ਼ਾਂਤੀ ਲਈ ਪਾਠ-ਪੂਜਾ ਤੇ ਦਾਨ-ਪੁੰਨ ਕਰਦਾ, ਤਿਲਕ ਲਾਉਂਦਾ, ਕਕਾਰ ਸਜਾਉਂਦਾ ਵੇਖਦਾ ਹਾਂ ਤਾਂ ਯਕੀਨ ਨਹੀਂ ਆਉਂਦਾ ਕਿ ਬੰਦਾ ਏਨਾ ਖੂੰਖਾਰ ਵੀ ਹੋ ਸਕਦਾ ਹੈ।
ਕੁਝ ਦਿਨ ਪਹਿਲਾਂ ਮੇਰੇ ਲਾਗਲੇ ਪਿੰਡ ਘਟਨਾ ਵਾਪਰੀ ਤਾਂ ਮੈਂ ਦੰਗ ਹੀ ਰਹਿ ਗਿਆ। ਮੇਰੇ ਕੋਲੋਂ ਤਾਂ ਆਪਣੇ ਮਰ ਗਏ ਸਕੇ ਸੋਧਰਿਆਂ ਦੀ ਲਾਸ਼ ਵੀ ਨਹੀਂ ਵੇਖੀ ਜਾਂਦੀ ਪਰ ਏ.ਕੇ. ਸੰਤਾਲੀ ਵਾਲਿਆਂ ਨੇ ਪਹਿਲਾਂ ਕਿਸੇ ਬੰਦੇ ਨੂੰ ਮਾਰਿਆ। ਗੋਲੀਆਂ ਵਾਲੀ ਥਾਂ ਤੋਂ ਧਤੀਰੀਆਂ ਬਣ ਕੇ ਉਹਦਾ ਕੋਸਾ, ਗੂੜ੍ਹਾ ਤੇ ਗਾਹੜਾ ਲਹੂ ਫੁੱਟਿਆ। ਲਹੂ ਨਾਲ ਲੱਥ-ਪੱਥ ਹੋਈ ਲਾਸ਼ ਵਿਚ ਉਨ੍ਹਾਂ ਫੇਰ ਕਿਸੇ ਰਿਮੋਟ ਕੰਟਰੋਲ ਬੰਬ ਦੀ ਵਿਉਂਤਬੰਦੀ ਕੀਤੀ ਤਾਂ ਕਿ ਇਕ ਲਾਸ਼ ਰਾਹੀਂ ਹੋਰ ਲਾਸ਼ਾਂ ਤੱਕ ਵੀ ਪਹੁੰਚਿਆ ਜਾ ਸਕੇ। ਜਦੋਂ ਮਰਨ ਵਾਲੇ ਦੀ ਘਰ ਵਾਲੀ ਨੇ ਖਬਰ ਸੁਣ ਕੇ ਕੀਰਨੇ ਪਾਉਂਦਿਆਂ ਉਹਦੀ ਲਾਸ਼ ਨੂੰ ਧਾਹ ਗਲਵਕੜੀ ਪਾਈ ਤਾਂ ਉਹਦੀ ਆਪਣੀ ਲਾਸ਼ ਦੇ ਲੋਥੜੇ, ਪਹਿਲਾਂ ਉਤਾਂਹ ਨੂੰ ਹਵਾ ਵਿਚ ਉਡੇ ਤੇ ਫੇਰ ਧਰਤੀ 'ਤੇ ਖਿੱਲਰ ਗਏ। ਕਈ ਦਿਨ ਰਾਤ ਨੂੰ ਨੀਂਦ ਨਾ ਆਈ। ਕਈ ਹਫਤੇ ਚੰਗੀ ਤਰ੍ਹਾਂ ਰੋਟੀ ਨਾ ਖਾਧੀ ਗਈ। ਸੌਣ ਲੱਗਿਆਂ ਵੀ ਅੱਖਾਂ ਅੱਗੇ ਲਹੂ ਨਾਲ ਲਿੱਬੜੀ ਉਹੀ ਲਾਸ਼ ਤੇ ਰੋਟੀ ਖਾਣ ਲੱਗਿਆਂ ਦਾਲ ਸਬਜ਼ੀ ਦੀ ਕੌਲੀ ਵਿਚ ਉਹੋ ਰੱਤ ਨਾਲ ਲਿੱਬੜੇ ਲੋਥੜੇ! ਫੇਰ ਨੀਂਦ ਕਿਵੇਂ ਆਏ ਜਾਂ ਭੁੱਖ ਕਿਵੇਂ ਲੱਗੇ? ਸ਼ਾਇਦ ਇਸੇ ਲਈ ਮੈਂ ਹੜਬੜਾ ਕੇ ਮੰਜੇ ਉਤੋਂ ਉਠ ਖਲੋਂਦਾ ਹਾਂ ਤੇ ਰੋਟੀ ਖਾਣ ਲੱਗਾ ਕਿਸੇ ਖਾਸ ਤਰ੍ਹਾਂ ਦੀ ਕੁਰਹਿਤ ਜਿਹੀ ਨਾਲ ਦੰਦ ਕਰੀਚਦਾ ਥਾਲੀ ਨੂੰ ਪਰ੍ਹੇ ਸਰਕਾ ਕੇ ਬਾਹਰ ਨੂੰ ਤੁਰ ਪੈਂਦਾ ਹਾਂ।
ਪਹਿਲੀ ਘਟਨਾ ਨੂੰ ਅਜੇ ਕੁਝ ਦਿਨ ਹੀ ਗੁਜ਼ਰੇ ਸਨ ਕਿ ਮੈਨੂੰ ਫੇਰ ਇਕ ਦਿਨ ਥੋੜ੍ਹੀ-ਥੋੜ੍ਹੀ ਵਿੱਥ 'ਤੇ, ਇਕੇ ਹੀ ਪੈਲੀ ਵਿਚ ਛੇ ਲਾਸ਼ਾਂ ਖਿਲਰੀਆਂ ਵੇਖਣੀਆਂ ਪੈ ਗਈਆਂ। ਸੁਣਿਆ ਹੈ ਕਿ ਇਨ੍ਹਾਂ ਜਿਸਮਾਂ ਨੇ ਵੀ ਲਾਸ਼ਾਂ ਬਣਨ ਤੋਂ ਪਹਿਲਾਂ ਏ.ਕੇ. ਅੱਗੇ ਹੱਥ ਜੋੜੇ ਤੇ ਬੜੇ ਵਾਸਤੇ ਪਾਏ ਸਨ। ਇਹ ਵੀ ਸੁਣਿਆ ਹੈ ਕਿ ਏ.ਕੇ. ਦਾ ਬੈਰਲ ਥੋੜ੍ਹਾ ਪਿਘਲ ਵੀ ਗਿਆ ਸੀ। ਉਹਨੇ ਪਿਘਲੀ ਅਵਸਥਾ 'ਚ ਰਹਿਮ ਦਾ ਹੁਕਮ ਦਿੱਤਾ ਸੀ, "ਜਾਉ, ਭੱਜ ਜਾਉ ਤੇ ਪਿੱਛੇ ਮੁੜ ਕੇ ਨਾ ਵੇਖਿਓ।" ਉਹ ਸਹਿਮੀ ਜਿਹੀ ਖੁਸ਼ੀ ਨਾਲ ਸੰਤੋੜ ਹੀ ਭੱਜ ਨਿਕਲੇ ਸਨ। ਪਤਾ ਨਹੀਂ ਇਹ ਏ.ਕੇ. ਦੇ ਬੈਰਲ ਦੀ ਸੋਚ ਸੀ ਜਾਂ ਸਾਜ਼ਿਸ਼ ਕਿ ਉਹ ਫੇਰ ਠੋਸ ਅਵਸਥਾ 'ਚ ਆ ਕੇ ਅੱਗ ਵਰ੍ਹਾਉਣ ਲੱਗ ਪਿਆ ਸੀ। ਮੈਂ ਸਵੇਰੇ ਜਾ ਕੇ ਵੇਖਿਆ ਸੀ ਕਿ ਉਨ੍ਹਾਂ ਛੇਆਂ ਮਰਨ ਵਾਲਿਆਂ ਦੇ ਮੂੰਹ ਆਪਣੇ ਘਰਾਂ ਵਲ ਸਨ ਪਰ ਉਹ ਘਰ ਪਹੁੰਚ ਨਹੀਂ ਸਨ ਸਕੇ। ਮੈਂ ਉਨ੍ਹਾਂ ਘਰਾਂ 'ਚ ਜਾ ਕੇ ਪਿੱਛੇ ਰਹਿ ਗਈਆਂ ਜਿਊਂਦੀਆਂ ਲਾਸ਼ਾਂ ਨੂੰ ਵੀ ਮਿਲਿਆ ਸਾਂ ਤੇ ਆਪਣੇ-ਆਪ ਨੂੰ ਇਕ ਜਿਊਂਦੀ ਲਾਸ਼ ਵਾਂਗ ਧੂੰਹਦਾ, ਝੱਲਿਆਂ ਵਾਂਗ, ਇਕ ਭਟਕਣ ਜਿਹੀ 'ਚ ਬੇਮੁਹਾਰਾ ਹੀ ਭਟਕਦਾ ਰਿਹਾ ਸਾਂ।
ਇਕ ਹਾਦਸਾ ਮੇਰੇ ਪਿੰਡ ਤੋਂ ਤਾਂ ਥੋੜ੍ਹਾ ਦੂਰ ਵਾਪਰਿਆ ਸੀ ਪਰ ਦਿਲ ਦੇ ਬੜਾ ਕਰੀਬ ਸੀ। ਮੇਰੇ ਫੌਜੀ ਦੋਸਤ ਦੀ ਭੈਣ ਤੇ ਉਹਦੀ ਨੌਕਰਾਣੀ ਨੂੰ ਮਾਰ ਕੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ। ਘਰੋਂ ਤੁਰਨ ਲੱਗਿਆਂ ਸੋਚਿਆ ਸੀ ਕਿ ਦੋਸਤ ਵੀ ਆਇਆ ਹੋਵੇਗਾ ਪਰ ਉਥੇ ਪਹੁੰਚ ਕੇ ਵੇਖਿਆ ਕਿ ਭੁੰਜੇ ਹੀ ਮਾਂ ਤੇ ਭਰਜਾਈ ਬੈਠੀਆਂ ਸਨ। ਅੱਧ ਸੜਿਆ ਘਰ ਅਜੇ ਵੀ ਧੁਖ ਰਿਹਾ ਸੀ। ਬਹਿਣ ਲਈ ਕੋਈ ਪੀੜ੍ਹੀ-ਮੰਜਾ ਵੀ ਨਹੀਂ ਸੀ ਬਚਿਆ। ਮਾਂ ਨੇ ਮੇਰੇ ਸਿਰ 'ਤੇ ਹੱਥ ਫੇਰ ਕੇ ਦਿਲਾਸਾ ਦਿੱਤਾ। ਦੋਵੇਂ, ਨੂੰਹ-ਸੱਸ ਆਪੇ ਰੋ ਲੈਂਦੀਆਂ ਤੇ ਆਪੇ ਹੀ ਭਾਣਾ ਮੰਨ ਕੇ ਚੁੱਪ ਕਰ ਜਾਂਦੀਆਂ। ਏਨੀਆਂ-ਏਨੀਆਂ ਬਾਂਹਾਂ ਵਾਲੇ ਰਿਸ਼ਤੇ ਜਿਵੇਂ ਡਰ ਤੇ ਖੌਫ ਨੇ ਛਾਂਗ ਕੇ ਰੱਖ ਦਿੱਤੇ ਸਨ। ਮਾਂ ਨੇ ਕਿਹਾ, "ਤੇਜ ਦੇ ਕਿਸੇ ਵੀ ਫੌਜੀ ਦੋਸਤ ਨੇ ਉਹਦੇ ਇਥੇ ਔਣ ਦੀ ਹਾਮੀ ਨਹੀਂ ਸੀ ਭਰੀ। ਅਸੀਂ ਵੀ ਸੋਚਿਆ, ਇਹੋ ਹੀ ਠੀਕ ਐ ਤੇ ਉਹਨੂੰ ਆਉਣ ਤੋਂ ਵਰਜ ਦਿੱਤਾ। ਤੂੰ ਆਇਆ ਏਂ," ਮਾਂ ਨੇ ਡੂੰਘਾ ਸਾਹ ਜਿਹਾ ਭਰ ਕੇ ਮੇਰਾ ਮੱਥਾ ਚੁੰਮਿਆ, "ਮੈਨੂੰ ਲੱਗਾ, ਜਿਵੇਂ ਤੇਜ ਹੀ ਆ ਗਿਆ ਹੋਵੇ।" ਉਹ ਉਭੇ ਸਾਹ ਜਿਹੇ ਹੋਈ ਬੋਲੀ, "ਪਰ ਮੇਰੇ ਬੀਬੇ ਪੁੱਤ, ਹੁਣ ਤੂੰ ਜਾਹ," ਕਹਿੰਦਿਆਂ ਕਹਿੰਦਿਆਂ ਮਾਂ ਜਿਵੇਂ ਫਿੱਸ ਹੀ ਪਈ, "ਗੱਲਾਂ ਆਪਣੇ ਵੱਸੋਂ ਬਾਹਰੀਆਂ ਹੋ ਗਈਆਂ ਪੁੱਤਰਾ।"
ਕਿੰਨੇ ਦਿਨ ਇਸ ਬੇਬਸੀ ਉਤੇ ਦੁਖੀ ਜਿਹਾ ਹੁੰਦਾ ਮੈਂ ਆਪਣੇ ਆਪ ਨੂੰ ਕੋਸਦਾ ਰਿਹਾ ਸੀ ਕਿ ਇਹ ਕਿਹੜੇ ਸੂਰਮੇ ਜੰਮ ਪਏ ਸਨ ਜਿਨ੍ਹਾਂ ਦਾ ਹਵਨ ਸਫਲ ਹੋਣ ਲਈ ਔਰਤਾਂ ਦੀ ਬਲੀ ਵੀ ਬੜੀ ਜ਼ਰੂਰੀ ਸੀ। ਕਈ ਦਿਨ ਇਹ ਸਵਾਲ ਮੇਰੇ ਸਿਰ 'ਚ ਘੜੀ ਦੀ ਟਿੱਕ-ਟਿੱਕ ਵਾਂਗ ਵੱਜਦਾ ਰਿਹਾ ਸੀ। ਧਰਤੀ ਦੇ ਸਾਰੇ ਗਿਆਨ, ਵਿਗਿਆਨ, ਵਿਖਿਆਣ ਤੇ ਧਰਮ ਬਕਵਾਸ ਜਿਹੇ ਲੱਗਣ ਲੱਗ ਪਏ ਸਨ। ਸੁੰਦਰ ਦੁਮਾਲਿਆਂ ਤੇ ਦੁਸ਼ਾਲਿਆਂ 'ਚ ਵਲ੍ਹੇਟੇ ਮਨੁੱਖ ਦੇ ਅੰਦਰ ਭਰੇ ਕੂੜ-ਕਬਾੜ 'ਤੇ ਖਿਝ ਜਿਹੀ ਆਉਣ ਲੱਗ ਪਈ ਸੀ।
ਪਹਿਲੀਆਂ ਹੀ ਘਟਨਾਵਾਂ ਤੋਂ ਸਾਵਾਂ ਨਹੀਂ ਸੀ ਹੋਇਆ ਜਾ ਰਿਹਾ ਕਿ ਇਕ ਅਲੋਕਾਰ ਤੇ ਬੜੀ ਹੀ ਖੌਫਨਾਕ ਘਟਨਾ ਸਿੱਧੀ ਮੇਰੇ ਨਾਲ ਹੀ ਵਾਪਰ ਗਈ। ਇਸ ਵਾਰ ਮਰਨ ਵਾਲਾ ਮੇਰਾ ਬਚਪਨ ਦਾ ਦੋਸਤ ਜਗਤਾਰ ਸੀ। ਉਹ ਉਹਦੇ ਘਰ ਵਾਲੀ ਦਵਿੰਦਰ ਤੇ ਮੈਂ ਇਕੋ ਹੀ ਸਰਕਾਰੀ ਸਕੂਲ ਵਿਚ ਪੜ੍ਹਾਉਂਦੇ ਸਾਂ। ਉਹ ਬੜਾ ਮਿਹਨਤੀ ਸੀ। ਪਿਉ ਨਿੱਕੇ ਹੁੰਦੇ ਦਾ ਹੀ ਮਰ ਗਿਆ ਸੀ। ਨੌਵੀਂ-ਦਸਵੀਂ 'ਚ ਪੜ੍ਹਦਿਆਂ ਵੀ ਉਹ ਪੜ੍ਹਾਈ ਦੇ ਨਾਲ-ਨਾਲ, ਆਪਣੀ ਮਾਂ ਨਾਲ, ਵਾਹੀ ਦਾ ਪੂਰਾ ਕੰਮ ਕਰਵਾਉਂਦਾ ਸੀ। ਹੁਣ ਮਾਸਟਰੀ ਕਰਦਾ ਵੀ ਉਹ ਆਪਣੀ ਨੌਂ-ਦਸ ਕਿੱਲਿਆਂ ਦੀ ਵਾਹੀ ਨੂੰ ਪੂਰਾ ਘੁਕਾਈ ਫਿਰਦਾ ਸੀ। ਆਲੇ ਦੁਆਲੇ ਹੋ ਰਹੀ ਕਤਲੋਗਾਰਤ ਤੋਂ ਉਹ ਵੀ ਬੜਾ ਦੁਖੀ ਸੀ ਤੇ ਅਸੀਂ ਅਕਸਰ ਇਕ ਦੂਸਰੇ ਨਾਲ ਲੋਕਾਂ ਵਲੋਂ ਹੰਢਾਏ ਜਾ ਰਹੇ ਸੰਤਾਪ ਦੀਆਂ ਗੱਲਾਂ ਕਰ ਲੈਂਦੇ ਸਾਂ। ਕਈ ਵਾਰ ਦਵਿੰਦਰ ਵੀ ਸਾਡੇ ਵਿਚ ਸ਼ਾਮਲ ਹੋ ਜਾਂਦੀ। ਜਗਤਾਰ ਮੈਥ ਮਾਸਟਰ ਸੀ। ਮੈਂ ਪੰਜਾਬੀ ਟੀਚਰ ਹਾਂ ਅਤੇ ਦਵਿੰਦਰ ਨੂੰ ਵੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਪੀæਟੀæਆਈæ ਹੋਵੇਗੀ। ਲੰਮੀ, ਸੋਹਣੀ, ਨਾ ਭਾਰੀ ਨਾ ਪਤਲੀ, ਬਸ ਬੜਾ ਹੀ ਗੁੰਦਵਾਂ ਸਰੀਰ ਹੈ ਤੇ ਆਪਣੀ ਸਿਹਤ ਬਾਰੇ ਉਹ ਪੂਰੀ ਸੁਚੇਤ ਵੀ ਹੈ। ਮੈਨੂੰ ਉਹਦੇ ਬਾਰੇ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਹ ਸਿਹਤ ਦੇ ਨਾਲ-ਨਾਲ ਸਾਹਿਤ ਦੀਆਂ ਗੱਲਾਂ ਵੀ ਕਰਨ ਲੱਗ ਪੈਂਦੀ ਹੈ। ਉਹ ਜਗਤਾਰ ਨੂੰ ਕਈ ਵਾਰ ਕਹਿੰਦੀ ਹੁੰਦੀ ਸੀ, 'ਮਿਸਟਰ ਦੋ ਦੂਣੀ ਚਾਰ' ਫੇਰ ਮੈਨੂੰ ਆਖਦੀ ਹੁੰਦੀ ਸੀ, "ਸਾਹਿਤ ਤਾਂ ਕਦੇ ਵੀ ਦੋ ਦੂਣੀ ਚਾਰ ਨਹੀਂ ਹੁੰਦਾ।" ਉਹਨੂੰ ਸਾਹਿਤ ਵਿਚ ਬੜੀ ਦਿਲਚਸਪੀ ਹੈ। ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਕਈ ਵਾਰ ਉਹ ਢੁਕਵੇਂ ਸ਼ੇਅਰਾਂ ਦੀ ਵਰਤੋਂ ਵੀ ਕਰ ਲੈਂਦੀ ਹੈ। ਇਕ ਵਾਰ ਕਹਿਣ ਲੱਗੀ, "ਦੋ ਔਰ ਦੋ ਕਾ ਜੋੜ ਹਮੇਸ਼ਾਂ ਚਾਰ ਕਹਾਂ ਹੋਤਾ ਹੈ?" ਜਗਤਾਰ ਨੇ ਹੱਸ ਕੇ ਕਿਹਾ ਸੀ, "ਗਿਣ ਵਿਚਾਰ ਕੇ ਵੇਖ ਲਾ ਚਾਰ ਹੀ ਤਾਂ ਹੁੰਦਾ ਹੈ।" ਉਹਨੇ ਉਸ ਤੋਂ ਵੀ ਉਚੀ ਹੱਸਦਿਆਂ ਆਪਣੇ ਮੱਥੇ ਨੂੰ ਹੱਥ ਮਾਰਦਿਆਂ ਕਿਹਾ ਸੀ, "ਸੋਚ ਸਮਝ ਵਾਲੋਂ ਕੋ ਥੋੜ੍ਹੀ ਨਾਦਾਨੀ ਦੇ ਮੌਲਾ।" ਇਹੋ ਜਿਹੇ ਵੇਲੇ ਮੈਂ ਤਾੜੀ ਮਾਰ ਕੇ ਉਹਦੀ ਪ੍ਰੋੜਤਾ ਕਰ ਦਿੰਦਾ ਸਾਂ ਤੇ ਕਦੇਕਦਾਈਂ ਨਾਲ 'ਵਾਹ ਵਾਹ' ਵੀ ਕਹਿ ਦਿੰਦਾ ਸਾਂ।
ਸਾਡੀ ਆਪਸ ਵਿਚ ਬੜੀ ਬਣਦੀ ਸੀ। ਇਕ ਵਾਰ ਉਹਨੇ ਮੇਰੀ ਬਾਂਹ ਫੜ ਕੇ ਜਗਤਾਰ ਤੋਂ ਪੁੱਛਿਆ ਸੀ, "ਦੱਸ ਸਕਦਾ ਏਂ ਕਿ ਸਾਡਾ ਇਕ ਦੂਸਰੇ ਨਾਲ ਭਲਾ ਕੀ ਰਿਸ਼ਤਾ?"
"ਇਹ ਤਾਂ ਸਾਹਿਤ ਵਾਲੇ ਹੀ ਸਮਝਾ ਸਕਦੇ ਨੇ,"
ਜਗਤਾਰ ਨੇ ਹੱਸ ਕੇ ਕਿਹਾ ਸੀ, "ਹਿਸਾਬ ਵਾਲੇ ਕੀ ਜਾਨਣ ਰਿਸ਼ਤਿਆਂ ਨੂੰ?"
ਉਹਨੇ ਅੱਗੋਂ ਗੰਭੀਰ ਜਿਹੀ ਮੁਸਕਰਾਹਟ ਨਾਲ ਕਿਹਾ, "ਰਿਸ਼ਤੇ ਸਮਝਾਇਆਂ ਨਹੀਂ ਬਣਦੇ, ਬਸ ਸਮਝਿਆਂ ਹੀ ਬਣਦੇ ਨੇ। ਗੁਲਜ਼ਾਰ ਨੇ ਕਿਹਾ ਸੀ ਨਾ, ਪਿਆਰ ਕੋ ਪਿਆਰ ਹੀ ਰਹਿਨੇ ਦੋ ਕੋਈ ਨਾਮ ਨਾ ਦੋ। ਇਸ ਲਈ ਮੈਂ ਵੀ ਕੁਲਦੀਪ ਨਾਲ ਆਪਣੇ ਪਿਆਰ ਦੇ ਰਿਸ਼ਤੇ ਨੂੰ ਕੋਈ ਨਾਂ ਹੀ ਨਹੀਂ ਦੇਣਾ ਚਾਹੁੰਦੀ।"
"ਇਹ ਸਮੱਸਿਆ ਇਕ ਔਰਤ ਹੋਣ ਕਰਕੇ ਤੇਰੀ ਹੋ ਸਕਦੀ ਹੈ, ਮੈਂ ਤਾਂ ਸ਼ਰ੍ਹੇਆਮ ਕਹਿ ਸਕਦਾ ਹਾਂ ਕਿ ਕੁਲਦੀਪ ਮੇਰਾ ਬਚਪਨ ਦਾ ਦੋਸਤ ਹੈ ਤੇ ਇਦ੍ਹੇ ਨਾਲ ਮੇਰੀ ਲੰਮੀ-ਚੌੜੀ ਸਾਂਝ ਹੈ।" ਜਗਤਾਰ ਨੇ ਵੀ ਜਿਵੇਂ ਵਾਰਾਸਾਰਾ ਜਿਹਾ ਲਿਆ। "ਤੁਸੀਂ ਤਾਂ ਫੇਰ ਮੈਥ ਟੀਚਰ ਵਾਂਗ ਸਵਾਲ ਹੀ ਕੱਢਣ ਲੱਗ ਪਏ।" ਉਹ ਖਿੜ-ਖਿੜਾ ਕੇ ਹੱਸੀ, "ਮਿਸਟਰ ਦੋ ਦੂਣੀ ਚਾਰ, ਦੋਸਤੀ 'ਚ ਲੰਬਾਈ-ਚੌੜਾਈ ਨਾਲੋਂ ਗਹਿਰਾਈ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ।" ਉਹਦੇ ਫਿਲਾਸਫਰਾਨਾ ਅੰਦਾਜ਼ ਉਤੇ ਅਸੀਂ ਵੀ ਗੰਭੀਰ ਜਿਹਾ ਹੱਸੇ ਪਰ ਇਹ ਹਾਸਾ ਇਕੇ ਹੀ ਝਟਕੇ ਨਾਲ ਜਿਵੇਂ ਰੱਤੋ-ਰੱਤ ਹੋ ਗਿਆ ਸੀ।
ਇਕ ਦਿਨ ਤਰਕਾਲੀਂ ਜਿਹੀਂ ਕੁਝ ਬੰਦੂਕਧਾਰੀ ਜਗਤਾਰ ਦੀਆਂ ਮੁਸ਼ਕਾਂ ਬੰਨ੍ਹ ਕੇ ਪਿੰਡ ਲੈ ਆਏ ਸਨ। ਉਹ ਨਹਿਰ ਦੇ ਪਾਣੀ ਦੀ ਵਾਰੀ ਲਾਉਣ ਐਵੇਂ ਘੰਟਾ ਕੁ ਪਹਿਲਾਂ ਹੀ ਘਰੋਂ ਗਿਆ ਸੀ। ਘਰੋਂ ਜਾਂਦਿਆਂ ਵੀ ਉਹਨੂੰ ਕਈਆਂ ਨੇ ਵੇਖਿਆ ਸੀ। ਉਂਜ ਤਾਂ ਮੁਸ਼ਕਾਂ ਬੱਝੀਆਂ 'ਚ ਵੀ ਉਹਨੂੰ ਕਈਆਂ ਤੋਂ ਵੀ ਵੱਧ ਨੇ ਵੇਖਿਆ ਸੀ ਪਰ ਸਾਰਿਆਂ ਨੇ ਵੇਖ ਕੇ ਅਣਡਿੱਠ ਕਰ ਦਿੱਤਾ ਸੀ। ਬਸ ਵਿੰਹਦਿਆਂ ਹੀ ਵਿੰਹਦਿਆਂ ਸਭ ਘਰਾਂ ਦੇ ਬਾਹਰਲੇ ਬੂਹੇ ਬੰਦ ਹੋ ਗਏ ਸਨ। ਅਤਿ ਦੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਕੋਠਿਆਂ ਤੋਂ ਉਤਰ ਕੇ, ਕਮਰਿਆਂ 'ਚ ਦੜ੍ਹ ਗਏ ਸਨ। ਪਿੰਡ ਵਿਚ ਤਿੰਨ ਗੁਰਦੁਆਰੇ ਸਨ। ਤਿੰਨਾਂ ਹੀ ਗੁਰਦੁਆਰਿਆਂ 'ਚ ਰਹਿਰਾਸ ਦਾ ਪਾਠ ਪੜ੍ਹਿਆ ਜਾ ਰਿਹਾ ਸੀ। ਪਾਠ ਬੰਦ ਕਰਵਾ ਕੇ ਤਿੰਨਾਂ ਹੀ ਗੁਰਦੁਆਰਿਆਂ ਦੇ ਸਪੀਕਰਾਂ 'ਤੇ ਵਾਰੀ-ਵਾਰੀ ਇਕ ਭਾਰੀ-ਭਰਕਮ ਜਿਹੀ ਆਵਾਜ਼ ਗੂੰਜਦੀ ਰਹੀ ਸੀ, "ਮੈਂ ਕਮਾਂਡੋ ਫੋਰਸ ਦਾ ਏਰੀਆ ਕਮਾਂਡਰ ਬੋਲ ਰਿਹਾ ਹਾਂ। ਧੁਆਡੇ ਪਿੰਡ ਦਾ ਮਾਸਟਰ ਜਗਤਾਰ ਸਿੰਘ ਸਾਡਾ ਦੋਸ਼ੀ ਹੈ। ਜੇ ਕਿਸੇ ਨੇ ਇਸ ਦੀ ਹਮੈਤ ਵਿਚ ਕੋਈ ਸੱਚਾਈ ਜਾਂ ਸਬੂਤ ਪੇਸ਼ ਕਰਨਾ ਹੈ ਤਾਂ ਸਾਹਮਣੇ ਆਵੇ, ਨਹੀਂ ਤਾਂ ਹੁਣ ਤੋਂ ਦਸਾਂ ਮਿੰਟਾਂ ਬਾਅਦ ਜੱਟਾਂ ਦੇ ਗੁਰਦਆਰੇ ਲਾਗਲੇ ਚੌਂਕ ਵਿਚ ਇਸ ਦੀ ਲਾਸ਼ ਪਈ ਹੋਵੇਗੀ।"
ਜਿਨ੍ਹਾਂ ਹਾਲਤਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ ਜੇ ਇਥੇ ਜੁਰਅਤ ਪੂਰੀ ਤਰ੍ਹਾਂ ਮਰੀ ਨਹੀਂ ਤਾਂ ਮਨਫੀ ਜ਼ਰੂਰ ਹੋ ਚੁੱਕੀ ਹੈ। ਇਸੇ ਲਈ ਮੈਨੂੰ ਪਤਾ ਸੀ ਕਿ ਜਗਤਾਰ ਦੀ ਸਫਾਈ ਪੇਸ਼ ਕਰਨ ਦਾ ਜਵਾਬ-ਦਾਅਵਾ ਕੋਈ ਵੀ ਪੇਸ਼ ਨਹੀਂ ਕਰੇਗਾ। ਉਂਜ ਵੀ ਕਿਸੇ ਨੂੰ ਯਕੀਨ ਨਹੀਂ ਸੀ ਹੋ ਸਕਦਾ ਕਿ 'ਏ.ਕੇ.' ਏਨੀ ਇਨਸਾਫਪਸੰਦ ਬਣ ਗਈ ਹੋਵੇਗੀ ਕਿ ਉਹਦੇ ਦਰਬਾਰ ਵਿਚ ਪੇਸ਼ ਹੋ ਕੇ ਸੱਚਾਈ ਤੇ ਸਫਾਈ ਪੇਸ਼ ਕੀਤੀ ਜਾ ਸਕੇ। ਮੈਂ ਮੰਜੇ 'ਤੇ ਪਏ ਨੇ ਉਨ੍ਹਾਂ ਦੀ ਇਹ ਚਿਤਾਵਨੀ ਸੁਣੀ ਤੇ ਮੇਰੇ ਅੰਦਰਲੇ ਨੇ ਹੀ ਫਿਟਕਾਰ ਜਿਹੀ ਪਾਈ ਕਿ ਜਗਤਾਰ ਤੇਰਾ ਬਚਪਨ ਦਾ ਦੋਸਤ ਹੈ ਤੇ ਤੈਨੂੰ ਉਹਦੀ ਰਗ-ਰਗ ਦਾ ਪਤਾ ਐ। ਉਹਦੇ ਵਰਗਾ ਸ਼ਰੀਫ, ਸਿਆਣਾ ਤੇ ਮਿਹਨਤੀ ਬੰਦਾ, ਇਨ੍ਹਾਂ ਦਾ ਦੋਸ਼ੀ ਕਦੇ ਵੀ ਨਹੀਂ ਹੋ ਸਕਦਾ। ਮੈਂ ਆਪਣੀ ਸਾਰੀ ਹੀ ਜੁਰਅਤ ਇਕੱਠੀ ਕਰਕੇ ਹੰਭਲਾ ਮਾਰ ਕੇ ਮੰਜੇ ਤੋਂ ਉਠਿਆ ਤੇ ਜੱਟਾਂ ਵਾਲੇ ਗੁਰਦੁਆਰੇ ਵਲ ਹੋ ਤੁਰਿਆ। ਤਿੰਨਾਂ ਹੀ ਗੁਰਦੁਆਰਿਆਂ 'ਚ ਰਹਿਰਾਸ ਕਾਹਲੀ ਨਾਲ ਸਮਾਪਤ ਕਰ ਦਿੱਤੀ ਗਈ ਸੀ ਤੇ ਘਬਰਾਈ ਸੰਗਤ ਅਰਦਾਸ ਤੋਂ ਵੀ ਪਹਿਲਾਂ ਹਫੜਾ-ਦਫੜੀ 'ਚ ਆਪੋ-ਆਪਣੇ ਘਰੀਂ ਜਾ ਵੜੀ ਸੀ। ਸਾਰੇ ਪਿੰਡ ਨੇ ਆਪਣੇ ਘਰਾਂ ਦੀਆਂ ਬੱਤੀਆਂ ਬੁਝਾ ਦਿੱਤੀਆਂ ਸਨ। ਸਿਰਫ ਪਿੰਡ ਦੇ ਤਿੰਨਾਂ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਂ 'ਤੇ ਜ਼ਿਦ-ਜ਼ਿਦ ਕੇ ਲਾਏ ਵੱਡੀ ਵਾਟ ਦੇ ਮਰਕਰੀ ਬਲਬ ਹੀ ਜਗ ਰਹੇ ਸਨ। ਮੈਨੂੰ ਵੇਖ ਕੇ ਚੰਗੀ ਭਲੀ ਜੁਅਰਤ ਵਾਲਾ ਜਗਤਾਰ ਬੱਚਿਆਂ ਵਾਂਗ ਗਿੜਗੜਾ ਉਠਿਆ, "ਕੁਲਦੀਪ, ਮੇਰਾ ਕੋਈ ਵੀ ਕਸੂਰ ਨਈਂ, ਬਸ ਮੈਨੂੰ ਬਚਾ ਲੈ।"
ਉਹਦੀ ਗਿੜਗੜਾਹਟ ਜਿਹੀ ਸੁਣ ਕੇ ਮੇਰਾ ਮਨ ਤੇ ਅੱਖਾਂ ਭਰ ਆਈਆਂ। ਮੈਂ ਹੌਲੀ ਜਿਹੀ ਬੇਨਤੀ ਕਰਨ ਦੇ ਲਹਿਜੇ 'ਚ ਬੰਦੂਕਧਾਰੀਆਂ ਨੂੰ ਕਿਹਾ, "ਇਹ ਸਕੂਲ ਵਿਚ ਮੇਰਾ ਸਾਥੀ ਆ ਤੇ ਬੜਾ ਹੀ ਸ਼ਰੀਫ ਤੇ ਜਿੰਮੇਵਾਰ ਬੰਦਾ। ਜੇ ਕੋਈ ਇਹਦਾ ਦੋਸ਼ ਵੀ ਹੋਵੇ ਤਾਂ ਮੈਂ ਆਪਣੇ ਤੌਰ 'ਤੇ ਮਾਫੀ ਮੰਗਦਾਂ, ਅੱਗੇ ਤੋਂ ਇਹਦੀ ਕੋਈ ਸ਼ਿਕਾਇਤ ਨਹੀਂ ਆਏਗੀ।" "ਇਹ ਜ਼ਿੰਮਾ ਲੈਣ ਵਾਲਿਆ, ਪਹਿਲਾਂ ਇਹ ਦੱਸ ਕਿ ਤੂੰ ਅੰਮ੍ਰਿਤ ਛਕਿਆ?" ਉਨ੍ਹਾਂ ਦੇ ਕਮਾਂਡਰ ਦਾ ਮੈਨੂੰ ਸਿੱਧਾ ਹੀ ਸਵਾਲ ਸੀ। ਮੈਂ ਨਾਂਹ ਵਿਚ ਸਿਰ ਹਿਲਾਇਆ।
"ਅਸੀਂ ਤੇਰੇ ਵਰਗੇ ਤੁਰਕ ਦੀ ਸਫਾਈ ਨੂੰ ਮੰਨਣਾ ਤੇ ਦੂਰ ਦੀ ਗੱਲ, ਸੁਣਨ ਨੂੰ ਵੀ ਤਿਆਰ ਨਹੀਂ।" ਮੈਨੂੰ ਉਨ੍ਹਾਂ ਕੁਝ ਸ਼ਬਦਾਂ 'ਚ ਜਿਵੇਂ ਪੂਰਾ ਪੂੰਝ ਕੇ ਪਰ੍ਹਾਂ ਵਗਾਹ ਮਾਰਿਆ। ਮੈਂ ਜਗਤਾਰ ਦੇ ਫਿੱਸੇ ਜਿਹੇ ਚਿਹਰੇ ਨੂੰ ਵੇਖ ਕੇ ਹੋਰ ਵੀ ਉਦਾਸ ਤੇ ਨਿਰਾਸ਼ ਹੋ ਗਿਆ ਸੀ।
ਏਨੇ ਚਿਰ ਨੂੰ ਜਗਤਾਰ ਦੀ ਮਾਂ ਸਾਹਮਣੇ ਆ ਖਲੋਤੀ। ਮੈਨੂੰ ਬੜੀ ਹੀ ਖੁਸ਼ੀ ਤੇ ਤਸੱਲੀ ਜਿਹੀ ਹੋਈ ਕਿ ਜਦੋਂ ਸਾਰੇ ਪਿੰਡ 'ਚੋਂ ਪਿੰਡ ਹੀ ਮਰ ਗਿਆ ਲਗਦਾ ਸੀ, ਮਨੁੱਖ 'ਚੋਂ ਮਨੁੱਖ ਮਨਫੀ ਹੋ ਚੁੱਕਾ ਸੀ, ਉਦੋਂ ਵੀ ਮਾਂ 'ਚ ਮਮਤਾ ਅਜੇ ਜਿਉਂਦੀ ਸੀ। ਉਹਨੇ ਆਉਂਦਿਆਂ ਹੀ ਬੜੀ ਆਜ਼ਿਜ਼ ਜਿਹੀ ਹੋ ਕੇ ਕਿਹਾ, "ਵੇਖੋ ਪੁੱਤਰੋ, ਤੁਸੀਂ ਵੀ ਮੇਰੇ ਵਰਗੀਆਂ ਮਾਵਾਂ ਦੇ ਜਾਏ ਜੇ। ਜੇ ਮੇਰੇ ਪੁੱਤ ਤੋਂ ਕੁਤਾਹੀ ਹੋ ਗਈ ਆ ਤਾਂ ਮੈਂ ਤੁਹਾਡੇ ਵਰਗੇ ਪੁੱਤਰਾਂ ਤੋਂ ਮਾਫੀ ਮੰਗਦੀ ਆਂ....।"
"ਤੈਨੂੰ ਇਦ੍ਹੀਆਂ ਕਰਤੂਤਾਂ ਦਾ ਪਤੈ?" ਏ.ਕੇ. ਸੰਤਾਲੀ ਪੂਰੇ ਜਲੌ 'ਚ ਗੜ੍ਹਕੀ, "ਇਹਨੇ ਠਾਣੇ ਜਾ ਕੇ ਸਾਡੀ ਮੁਖਬਰੀ ਕੀਤੀ ਆ ਕਿ ਅਸੀਂ ਕਿਥੇ ਖਲੋਂਦੇ, ਬਹਿੰਦੇ ਤੇ ਸੌਂਦੇ ਆਂ। ਇਹ ਤਾਂ ਸਾਡੀ ਖੁਸ਼ਕਿਸਮਤੀ ਸਮਝੋ ਕਿ ਸਾਨੂੰ ਵੇਲੇ ਸਿਰ ਪੁਲੀਸ ਵਾਲਿਆਂ ਨੇ ਹੀ ਦੱਸ ਦਿੱਤਾ। ਨਈਂ ਤਾਂ ਹੁਣ ਨੂੰ ਭੋਗ ਪਏ ਹੁੰਦੇ ਸਾਡੇ। ਸਾਡੇ ਵਿਰੁਧ ਕੀਤੀ ਕਾਰਵਾਈ ਦੀ ਸਜ਼ਾ ਤਾਂ ਇਹਨੂੰ ਭੁਗਤਣੀ ਹੀ ਪਊਗੀ।"
ਦੂਸਰੀ 'ਏ.ਕੇ.' ਗੜ੍ਹਕੀ, "ਬੁੱਢੀਏ, ਤੂੰ ਇਕ ਪਾਸੇ ਹੋ ਜਾ, ਇਹ ਸਾਡਾ ਦੋਖੀ ਤੇ ਦੋਸ਼ੀ ਆ ਤੇ ਇਹੋ ਜਿਹਾਂ ਨਾਲ ਸਾਨੂੰ ਸਿੱਝਣਾ ਆਉਂਦਾ।"
"ਮਾਂ ਮੇਰਾ ਕੋਈ ਕਸੂਰ ਨਈਂ।" ਮੇਮਣੇ ਵਾਂਗ ਜਗਤਾਰ ਮਿਆਂਕਿਆ। ਮੈਨੂੰ ਪਹਿਲੀ ਵਾਰ ਜਗਤਾਰ ਮਾਨਸਿਕ ਤੌਰ 'ਤੇ ਏਨਾ ਕਮਜ਼ੋਰ ਲੱਗਾ।
"ਕੁੱਤਿਆ ਹਰਾਮਜ਼ਾਦਿਆ, "ਕਾਕ ਕੀਤੀ 'ਏ.ਕੇ.' ਆਪਣੇ ਪੂਰੇ ਜਲੌ 'ਚ ਫਰ੍ਹਾਟੇ ਮਾਰ ਰਹੀ ਸੀ, "ਤੂੰ ਠਾਣੇਦਾਰ ਨੂੰ ਸਾਡੀਆਂ ਮੁਖਬਰੀਆਂ ਕਰੇਂ ਤੇ ਠਾਣੇਦਾਰ ਤੇਰੀ ਰੰਨ ਨਾਲ ਆ ਕੇ ਸੌਵੇਂ ਤੇ ਸਾਡੀਆਂ ਸੂਹਾਂ ਕੱਢੇ ਤੇ ਅਜੇ ਤੇਰਾ ਕਸੂਰ ਈ ਕੋਈ ਨਈਂ?" ਕਾਕ ਕੀਤੀ ਏ.ਕੇ. ਦੇ ਘੋੜੇ 'ਤੇ ਉਹਦੇ ਸੱਜੇ ਹੱਥ ਦੀ ਪਹਿਲੀ ਉਂਗਲ ਆ ਟਿਕੀ ਤੇ ਉਹਦਾ ਗੁੱਸਾ ਹੋਰ ਵੀ ਹਿਰਖ ਗਿਆ।
ਮੈਂ ਆਪਣੀ ਸਾਰੀ ਜੁਅਰਤ ਇਕੱਠੀ ਕਰਕੇ ਇਕ ਵਾਰ ਤਰਲਾ ਮਾਰਿਆ, "ਮੈਂ ਜਗਤਾਰ ਦੀ ਰਗ-ਰਗ ਦਾ ਵਾਕਿਫ ਹਾਂ। ਤੁਸੀਂ ਚੰਗੀ ਤਰ੍ਹਾਂ ਦਰਆਫਤ ਕਰ ਲਉ ਜੇ ਜਗਤਾਰ ਦੀ ਕੋਈ ਵੀ ਕੁਤਾਹੀ ਹੋਵੇ, ਬੇਸ਼ੱਕ ਮੈਨੂੰ ਫਾਹੇ ਟੰਗ ਦਿਓ।"
"ਤੂੰ ਆਪਣੀ ਕੈਂ ਕੈਂ ਬੰਦ ਕਰਨੀ ਆਂ ਕਿ ਨਈਂ?" ਕਮਾਂਡਰ ਦੇ ਲਾਗੇ ਖਲੋਤਾ ਅਲੂਆਂ ਜਿਹਾ ਮੁੰਡਾ ਮੈਨੂੰ ਝਈ ਲੈ ਕੇ ਪਿਆ। ਮੈਂ ਚੁੱਪ ਹੋ ਗਿਆ ਪਰ ਮਾਂ ਫੇਰ ਵੀ ਬੋਲੀ, "ਪੁੱਤ, ਭਰ ਜਵਾਨੀ 'ਚ ਰੰਡੀ ਹੋ ਗਈ ਸਾਂ ਤੇ ਇਸ ਪੁੱਤ ਦੇ ਸਿਰ 'ਤੇ ਆਪਣਾ ਰੰਡੇਪਾ ਕੱਟਿਆ। ਇਹ ਉਡਾਰੂ ਹੋਇਆ ਤਾਂ ਮਸਾਂ ਜਿਹੇ ਸੁਖ ਦਾ ਸਾਹ ਆਇਆ। ਮੇਰੇ ਹੱਥ ਜੋੜੇ ਧੁਆਡੇ ਅੱਗੇ, ਮੇਰੇ ਪੁੱਤ ਦੀ ਜਾਨ ਬਖਸ਼ ਦਿਉ।"
"ਇਹੋ ਜਿਹੇ ਖੇਖਣ ਯੋਧਿਆਂ ਦੇ ਦਿਲਾਂ ਨੂੰ ਮੋਮ ਨਹੀਂ ਕਰ ਸਕਦੇ।" 'ਏ.ਕੇ.' ਬਹੁਤ ਹੀ ਜ਼ੋਰ ਦੀ ਗਰਜ਼ੀ। ਮਾਂ ਨੇ ਕਮਾਂਡਰ ਦੀ ਉਡਦੀ ਅੱਖ ਤੇ ਸਿਰ ਦਾ ਇਸ਼ਾਰਾ ਵੇਖ ਲਿਆ ਸੀ। ਉਹ ਭੱਜ ਕੇ ਪੁੱਤ ਨੂੰ ਲਿਪਟ ਗਈ। ਕਾਕ ਕੀਤੀ ਏ.ਕੇ. ਸੰਤਾਲੀ ਦਾ ਹਿਰਖਿਆ ਗੁੱਸਾ ਗਰਜਿਆ, "ਬੁੱਢੀਏ, ਪਾਸੇ ਹੋ ਜਾ ਨਈਂ ਤਾਂ ਤੂੰ ਵੀ ਭੁੱਜ ਜਾਏਂਗੀ।"
ਨਾ ਹੀ ਘੋੜੇ ਤੋਂ ਉਂਗਲੀ ਪਰ੍ਹੇ ਹੋਈ ਤੇ ਨਾ ਹੀ ਮਾਂ ਪੁੱਤ ਤੋਂ, ਤੇ ਅੱਖ ਪਲਕਾਰੇ 'ਚ ਹੀ ਏ.ਕੇ. ਦਾ ਬਰਸਟ ਦੋਹਾਂ ਨੂੰ ਹੀ ਛਾਨਣੀ ਕਰ ਗਿਆ। ਮੈਂ ਸ਼ਾਇਦ ਨਿਵਾਣ ਵਲ ਖਲੋਤਾ ਸਾਂ, ਮਾਂ-ਪੁੱਤ ਦਾ ਲਹੂ ਰੁੜ੍ਹ ਕੇ ਮੇਰੇ ਪੈਰਾਂ ਤੱਕ ਪਹੁੰਚ ਗਿਆ। ਫ਼ਿਲਮੀ ਸਟਾਈਲ 'ਚ ਜੀ ਕੀਤਾ ਕਿ ਇਸ ਡੁੱਲ੍ਹੇ ਲਹੂ ਦਾ ਟਿੱਕਾ ਆਪਣੇ ਮੱਥੇ 'ਤੇ ਲਾ ਕੇ ਇਨ੍ਹਾਂ ਸਾਰਿਆਂ ਦੇ ਗਲ ਪੈ ਜਾਵਾਂ। ਫੇਰ ਮੈਂ ਆਪਣੀ ਹੀ ਬੇਬਸੀ 'ਤੇ ਮਨ ਹੀ ਮਨ ਰੋਣ ਵਰਗਾ ਹੋ ਗਿਆ। ਏਨੇ ਨੂੰ ਏ.ਕੇ. ਦਾ ਬੱਟ ਮੇਰੀ ਖੱਬੀ ਵੱਖੀ ਵਿਚ ਇੰਜ ਵੱਜਾ ਕਿ ਮੈਂ ਬੌਂਦਲ ਜਿਹਾ ਗਿਆ। ਬੱਟ ਉਚੀ-ਉਚੀ ਪੁੱਛ ਰਿਹਾ ਸੀ, "ਸੁਣਿਆ ਤੇਰੀ ਵੀ ਇਦ੍ਹੀ ਔਰਤ ਨਾਲ ਬੁੱਕਲ ਸਾਂਝੀ ਆ, ਤੂੰ ਤਾਂ ਇਹਨੂੰ ਮਰਦਾ ਵੇਖਣ ਹੀ ਆਇਆ ਹੋਇਆ ਹੋਣਾ ਕਿ ਰੈ ਵਾਗਾਂ ਹੋ ਜਾਣਗੀਆਂ।"
ਮੈਂ ਭਵੰਤਰਿਆ ਕੋਈ ਜਵਾਬ ਦੇਣ ਜੋਗਾ ਹੀ ਨਹੀਂ ਸੀ ਰਿਹਾ ਪਰ ਕੋਈ ਹੋਰ ਬੱਟ ਮੇਰੀ ਸੱਜੀ ਵੱਖੀ 'ਚ ਵੱਜਦਾ, ਉਸ ਤੋਂ ਵੀ ਉਚੀ ਗੜ੍ਹਕਿਆ, "ਇਸ ਭੈਣ ਦੇ ਖਸਮ ਨੂੰ ਵੀ ਨਾਲ ਲਉ, ਇਦ੍ਹੀ ਹਾਜ਼ਰੀ 'ਚ ਉਸ ਗਸ਼ਤੀ ਨੂੰ ਪੁੱਛਦੇ ਆਂ ਜਾ ਕੇ।" ਉਨ੍ਹਾਂ ਦੇ ਇਹ ਕੁਰੱਖਤ ਜਿਹੇ ਸ਼ਬਦਾਂ ਨੂੰ ਵੀ ਅਣਸੁਣਿਆਂ ਕਰਕੇ ਮੈਂ ਲਾਸ਼ਾਂ 'ਚ ਵਗਦੇ ਲਹੂ ਨੂੰ ਵੇਖ ਕੇ ਤਰਲੇ ਜਿਹੇ ਵਾਂਗ ਕਿਹਾ, "ਲਾਸ਼ਾਂ ਨੂੰ ਵੀ ਘਰ ਨਾ ਲੈ ਚੱਲੀਏ?"
ਏ.ਕੇ. ਦਾ ਬੱਟ ਤੇ ਬੈਰਲ ਮੈਨੂੰ ਝਈ ਜਿਹੀ ਲੈ ਕੇ ਪਏ, "ਕੁਛ ਨਈਂ ਹੁੰਦਾ ਇਨ੍ਹਾਂ ਨੂੰ ਇਥੇ, ਤੁਰਕਾਂ ਦੀਆਂ ਲਾਸ਼ਾਂ ਦਾ ਸਵਾਦ ਕਾਂ, ਕੁੱਤੇ ਵੀ ਤਾਂ ਚੱਖ ਲੈਣ।"
ਮੈਂ ਅਜੇ ਵੀ ਲਾਸ਼ਾਂ ਵਲ ਵੇਖੀ ਜਾ ਰਿਹਾ ਸਾਂ। ਮਾਂ ਦਾ ਸਿਰ ਪੁੱਤ ਦੀ ਛਾਤੀ ਨਾਲ ਚੰਬੜਿਆ ਸੀ ਤੇ ਉਹਦੀਆਂ ਮੌਰਾਂ ਛਾਨਣੀ ਹੋਈਆਂ ਪਈਆਂ ਸਨ। ਪੁੱਤ ਦਾ ਸਿਰ ਤੇ ਮੂੰਹ-ਮੱਥਾ ਗੋਲੀਆਂ ਨੇ ਬੇਪਛਾਣ ਕਰ ਦਿੱਤਾ ਸੀ। ਮੈਂ ਪਹਿਲੀ ਵਾਰ ਇੰਜ ਜਿਉਂਦੇ-ਜਾਗਦੇ ਬੰਦਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ, ਮੁਰਦੇ ਬਣਿਆਂ ਵੇਖ ਰਿਹਾ ਸਾਂ, ਉਨ੍ਹਾਂ ਦੀ ਆਖਰੀ ਹੂਕਰ, ਉਨ੍ਹਾਂ ਦਾ ਫੜਫੜਾਉਣਾ। ਜਗਤਾਰ ਦਾ 'ਹਾਏ ਮਾਂ ਕਹਿਣਾ' ਤੇ ਮਾਂ ਦੀ ਲੰਮੀ ਲੇਰ ਮੈਥੋਂ ਭੁਲਾਇਆਂ ਵੀ ਨਹੀਂ ਭੁੱਲਦੀ। ਮੈਨੂੰ ਖੜ੍ਹਿਆਂ-ਖਲੋਤਿਆਂ ਹੀ ਲਗਦਾ ਹੈ ਕਿ ਇਸ ਤੋਂ ਵੱਡਾ ਕਹਿਰ ਹੋਰ ਕੀ ਹੁੰਦਾ ਹੋਵੇਗਾ?
ਮੈਂ ਦੰਦੀਆਂ ਕਰੀਚਦਾ ਬੰਦੂਕਧਾਰੀਆਂ ਬਾਰੇ ਉਲਟਾ-ਸਿੱਧਾ ਸੋਚਣ ਲੱਗ ਪੈਂਦਾ ਹਾਂ। ਇਕ ਹੋਰ ਹੁੱਝ ਮੇਰੇ ਮੌਰਾਂ ਵਿਚ ਵੱਜਦੀ ਹੈ ਤੇ ਮੇਰੀ ਸੋਚ ਪਰਤ ਕੇ ਜਿਵੇਂ ਲਾਸ਼ਾਂ 'ਤੇ ਆ ਬਹਿੰਦੀ ਹੈ। ਮੈਂ ਲਾਸ਼ਾਂ ਨੂੰ ਡੁੱਬ-ਡੁਬਾਈਆਂ ਅੱਖਾਂ ਨਾਲ ਵਿੰਹਦਾ ਹਾਂ ਤੇ ਫੇਰ ਸਿੱਧਾ ਹੋ ਕੇ ਉਨ੍ਹਾਂ ਨਾਲ ਤੁਰ ਪੈਂਦਾ ਹਾਂ। ਮੇਰਾ ਪਿੰਡ ਵਾਹਵਾ ਵੱਡਾ ਹੈ। ਚਾਰ ਹਜ਼ਾਰ ਤੋਂ ਵੱਧ ਤਾਂ ਇਹਦੀਆਂ ਵੋਟਾਂ ਹੀ ਨੇ ਪਰ ਸਾਡੇ ਤੋਂ ਇਲਾਵਾ ਜਗਤਾਰ ਦੇ ਹੱਕ ਵਿਚ ਹੋਰ ਕੋਈ ਵੀ ਵੋਟ ਨਹੀਂ ਭੁਗਤੀ। ਉਨ੍ਹਾਂ ਹਿੱਕ ਕੇ ਮੈਨੂੰ ਵੀ ਨਾਲ ਤੋਰ ਲਿਆ। ਮੈਂ ਇਕਦਮ ਆਪਣੇ ਬਾਰੇ ਸੋਚਣ ਲੱਗ ਪਿਆ। ਜਿਥੇ ਉਹ ਮੈਨੂੰ ਲਿਜਾ ਰਹੇ ਨੇ, ਜੇ ਉਸ ਡਰੀ ਤੇ ਸਹਿਮੀ ਔਰਤ ਨੇ ਇਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੱਤੀ ਤਾਂ ਸ਼ਾਇਦ ਅਗਲਾ ਕਤਲ ਮੇਰਾ ਹੋਵੇਗਾ।
ਡਰਨ ਦੀ ਥਾਂ, ਮੇਰੇ 'ਚ ਇਕਦਮ ਤਾਕਤ ਜਿਹੀ ਆ ਜਾਂਦੀ ਹੈ। ਮੇਰਾ ਮਨ ਕਹਿੰਦਾ ਹੈ ਕਿ ਮੈਂ ਇੰਜ ਮਰਨ ਵਾਲਾ ਨਹੀਂ। ਮੈਂ ਆਪਣੇ ਆਪ ਨੂੰ ਹੋਰ ਤਕੜਾ ਜਿਹਾ ਕਰਦਿਆਂ ਸੋਚਦਾ ਹਾਂ ਕਿ ਮੈਨੂੰ ਇੰਜ ਮਰਨਾ ਚਾਹੀਦਾ ਵੀ ਨਹੀਂ। ਫੇਰ ਮੇਰਾ ਅੰਦਰਲਾ ਹੀ ਮੈਨੂੰ ਪੁੱਛਦਾ ਹੈ, "ਮਰਨ ਵਾਲਾ ਤਾਂ ਜਗਤਾਰ ਵੀ ਨਹੀਂ ਸੀ, ਭਲਾ ਦੱਸ ਕੀ ਕਰ ਲਵੇਂਗਾ ਤੂੰ? ਵੱਧ ਤੋਂ ਵੱਧ ਇਕ 'ਏ.ਕੇ.' ਦੇ ਗਲ ਪੈ ਜਾਵੇਂਗਾ, ਤੇਰਾ ਕੀ ਖਿਆਲ ਕਿ ਬਾਕੀਆਂ ਦੀਆਂ ਚੁੱਪ ਰਹਿਣਗੀਆਂ?"
ਮੈਂ ਬੀਬੇ ਬੱਚਿਆਂ ਵਾਂਗ ਉਨ੍ਹਾਂ ਦੇ ਨਾਲ ਤੁਰਦਾ-ਤੁਰਦਾ ਸੋਚਦਾ ਹਾਂ ਕਿ ਸ਼ਾਇਦ ਹੁਣੇ ਹੀ ਉਨ੍ਹਾਂ ਚੋਂ ਕੋਈ ਆਖ ਦੇਵੇ, "ਜਾਹ ਭੱਜ ਜਾ ਆਪਣੇ ਘਰ ਨੂੰ ਤੇ ਫੇਰ ਇਹੋ-ਜਿਹੇ ਬੰਦੇ ਦੀ ਹਮੈਤ 'ਤੇ ਨਾ ਉਤਰੀਂ।" ਪਰ ਇੰਜ ਦਾ ਕੁਝ ਵੀ ਨਹੀਂ ਵਾਪਰਦਾ ਤੇ ਮੈਂ ਵੀ ਉਨ੍ਹਾਂ ਨਾਲ ਮਰਨ ਵਾਲਿਆਂ ਦੇ ਘਰ ਦੇ ਬੰਦ ਬੂਹੇ ਅੱਗੇ ਦੋਸ਼ੀਆਂ ਵਾਂਗਰ ਆ ਖਲੋਂਦਾ ਹਾਂ। ਮੈਨੂੰ ਪਤਾ ਹੈ ਕਿ ਇਸ ਵੇਲੇ ਘਰ ਵਿਚ ਜਗਤਾਰ ਦੀ ਘਰਵਾਲੀ ਦਵਿੰਦਰ ਤੇ ਉਹਦਾ ਸਾਲ ਕੁ ਦਾ ਬੱਚਾ ਹੀ ਹੋਵੇਗਾ। ਉਹ ਮੈਨੂੰ ਬੂਹਾ ਖੁਲ੍ਹਵਾਉਣ ਲਈ ਕਹਿੰਦੇ ਨੇ। ਮੈਂ ਡਰਿਆ ਤੇ ਸਹਿਮਿਆ ਜਿਹਾ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਦਾ ਬੂਹਾ ਖੜਕਾਉਂਦਾ ਹਾਂ। ਮੈਂ ਸੋਚਦਾ ਹਾਂ ਕਿ ਕੋਈ ਵੀ ਬੂਹਾ ਨਹੀਂ ਖੋਲ੍ਹੇਗਾ ਤੇ ਇਹ ਕੰਧਾਂ ਕੋਠੇ ਟੱਪ ਕੇ ਵਿਹੜੇ 'ਚ ਉਤਰ ਜਾਣਗੇ ਤੇ ਮੈਂ ਚੁੱਪਚਾਪ ਇਥੋਂ ਖਿਸਕਣ 'ਚ ਕਾਮਯਾਬ ਹੋ ਜਾਵਾਂਗਾ।
ਪਰ ਬੂਹਾ ਖੁੱਲ੍ਹਿਆ ਤੇ ਸਾਰੇ ਦਗੜ-ਦਗੜ ਕਰਦੇ ਅੰਦਰ ਵੜ ਗਏ। ਦਵਿੰਦਰ ਨੇ ਘੂਰ ਕੇ ਸਾਰਿਆਂ ਵਲ ਵੇਖਿਆ, "ਮੈਂ ਕੋਠੇ ਤੋਂ ਵੇਖ ਰਹੀ ਸਾਂ। ਗੁਰਦੁਆਰੇ ਦੇ ਬਲਬ ਦੀ ਰੋਸ਼ਨੀ ਵਿਚ ਸਭ ਕੁਝ ਦਿਸ ਰਿਹਾ ਸੀ।" ਮੇਰੀ ਸੋਚ ਦੇ ਉਲਟ ਉਹ ਬੜੀ ਅਡੋਲ ਜਿਹੀ ਲੱਗ ਰਹੀ ਸੀ। "ਤੂੰ ਚਲਾਈ ਸੀ ਨਾ ਗੋਲੀ?" ਉਹਨੇ ਸੱਚ-ਮੁੱਚ ਹੀ ਗੋਲੀ ਚਲਾਉਣ ਵਾਲੇ ਵਲ ਇਸ਼ਾਰਾ ਕੀਤਾ ਤੇ ਫਿਰ ਬਿੱਫਰੀ ਸ਼ੀਹਣੀ ਵਾਂਗ ਉਨ੍ਹੇ ਨੇਂਗ 'ਚੋਂ ਕਮਾਨੀ ਵਾਲਾ ਲੰਮਾ ਚਾਕੂ ਕੱਢਿਆ ਤੇ ਉਹਦੇ ਢਿੱਡ ਵਿਚ ਖੋਭ ਦੇਣ ਦੀ ਕੋਸ਼ਿਸ਼ ਕੀਤੀ। ਕਈ ਹੱਥ ਬਾਜ਼ ਦੀ ਝਪਟ ਵਾਂਗ ਇਕ ਵਾਰ ਹੀ ਉਹਦੇ 'ਤੇ ਝਪਟੇ ਤੇ ਉਹ ਮੂਧੇ ਮੂੰਹ ਡਿੱਗ ਪਈ। ਉਹਦੀ ਜੁਰਅਤ ਵੇਖ ਕੇ ਮੈਨੂੰ ਆਪਣੇ ਆਪ 'ਤੇ ਸ਼ਰਮ ਜਿਹੀ ਆਈ।
"ਇਹ ਹਰਾਮਜ਼ਾਦੀ ਆਕੜਦੀ ਆ ਠਾਣੇਦਾਰ ਦੇ ਕਿੱਲੇ ਦੇ ਜ਼ੋਰ 'ਤੇ। ਇਹਨੂੰ ਕਰੋ ਨੰਗਿਆਂ ਤੇ ਫੇਰੋ ਸਾਰੇ ਪਿੰਡ ਵਿਚ।" ਇਕ 'ਏ.ਕੇ.' ਨੇ ਆਪਣਾ ਹੁਕਮ ਦਾਗ ਦਿੱਤਾ। ਹੁਕਮ ਸੁਣ ਕੇ ਮਜ਼ਬੂਤ ਦਿਸਦੀ ਦਵਿੰਦਰ ਇਕਦਮ ਹੀ ਪਿਘਲ ਗਈ ਤੇ ਉਹਨੇ ਇਕ ਬਹੁਤ ਹੀ ਉਚੀ ਸਾਰੀ ਚੀਕ ਮਾਰੀ, "ਕੁਲਦੀਪ, ਮੈਨੂੰ ਬਚਾ ਲੈ।" ਇਹ ਚੀਕ ਸੁਣ ਕੇ ਮੈਨੂੰ ਲੱਗਾ ਜਿਵੇਂ 'ਏ.ਕੇ.' ਦੀ ਗੋਲੀ ਮੇਰੀ ਛਾਤੀ ਵਿਚ ਖੁੱਭ ਗਈ ਹੋਵੇ। ਮੈਨੂੰ ਪਤਾ ਸੀ ਕਿ ਜੇ ਮੈਂ ਜਗਤਾਰ ਨੂੰ ਨਹੀਂ ਬਚਾ ਸਕਿਆ ਤਾਂ ਇਹਨੂੰ ਕਿੱਦਾਂ ਬਚਾ ਲਵਾਂਗਾ। ਮਜਬੂਰੀਵੱਸ ਮੇਰੀਆਂ ਵੀ ਭੁੱਬਾਂ ਨਿਕਲ ਗਈਆਂ। ਏਰੀਆ ਕਮਾਂਡਰ ਬੜੇ ਹੀ ਤਨਜ਼ੀ ਲਹਿਜ਼ੇ 'ਚ ਬੋਲਿਆ, "ਉਠ ਭੈਣ ਦਿਆ ਵੀਰਾ, ਤੂੰ ਹੁਣੇ ਹੀ ਰੋਣ ਲੱਗ ਪਿਆ, ਅਸੀਂ ਇਹਨੂੰ ਨੰਗੀ ਵੀ ਤੇਰੇ ਹੱਥੋਂ ਕਰਵਾਉਣਾ।" ਉਹਦਾ ਹੁਕਮ ਸੁਣ ਕੇ ਮੈਂ ਏਨਾ ਡਰ, ਸਹਿਮ ਤੇ ਤ੍ਰਬਕ ਗਿਆ ਸੀ ਕਿ ਮੈਂ 'ਨਹੀਂ, ਨਹੀਂ' ਕਹਿ ਕੇ ਹੋਰ ਵੀ ਭੁੱਬੀਂ ਰੋ ਉਠਿਆ ਸੀ। ਪਤਾ ਨਹੀਂ ਕਿੰਨੇ ਕੁ ਬੱਟ ਮੇਰੀਆਂ ਮੌਰਾਂ ਵਿਚ ਵੱਜੇ ਤੇ ਮੈਂ ਮੂਧੇ ਮੂੰਹ ਡਿੱਗ ਪਿਆ।
ਇਹ ਸਾਰਾ ਕੁਝ ਵੇਖ ਸੁਣ ਕੇ ਕੀ ਬੀਤੀ ਹੋਵੇਗੀ ਦਵਿੰਦਰ 'ਤੇ ਕਿ ਉਹਨੇ ਪੂਰੇ ਜ਼ੋਰ ਤੇ ਜ਼ੋਸ਼ ਨਾਲ ਸਿਰਹਾਣੇ ਥੱਲੇ ਰੱਖੀ ਨਿੱਕੀ ਕਿਰਪਾਨ ਨੂੰ ਆਪਣੀ ਛਾਤੀ ਵਿਚ ਖੋਭ ਲੈਣਾ ਚਾਹਿਆ। ਪਰ ਉਨ੍ਹਾਂ ਦੇ ਹੁਕਮ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਸੀ ਹਿੱਲਦਾ, ਏਡੀ ਵੱਡੀ ਕਿਰਪਾਨ ਕਿਵੇਂ ਵੱਜ ਜਾਂਦੀ? ਇਸ ਕਾਰੇ ਦੇ ਬਦਲੇ ਵਿਚ ਇਕ ਜ਼ੋਰਦਾਰ ਥੱਪੜ ਖਾ ਕੇ ਉਹ ਮੰਜੇ 'ਤੇ ਡਿੱਗ ਪਈ। ਇਕ ਆਵਾਜ਼ ਗਰਜੀ, "ਹਰਾਮਜ਼ਾਦੀਏ, ਜੇ ਤੈਨੂੰ ਏਨਾ ਹੀ ਮਰਨ ਦਾ ਚਾਅ ਵਾ ਤਾਂ ਉਹ ਵੀ ਪੂਰਾ ਕਰ ਦੇਵਾਂਗੇ ਪਰ ਏਨੀਂ ਛੇਤੀ ਨਈਂ...।"
ਮੈਨੂੰ ਡਿੱਗੇ ਨੂੰ ਉਨ੍ਹਾਂ ਨੇ ਠੁੱਡ ਮਾਰਨੇ ਸ਼ੁਰੂ ਕਰ ਦਿੱਤੇ, "ਉਠ ਭੈਣ ਦਿਆ ਵੀਰਾ, ਆਪਣੇ ਹੱਥੀਂ ਇਸ ਗਸ਼ਤੀ ਨੂੰ ਨੰਗਿਆਂ ਕਰ।" ਮੈਨੂੰ ਪਤਾ ਸੀ ਕਿ ਉਹ ਨਾਂਹ ਸੁਣਨ ਦੇ ਆਦੀ ਨਹੀਂ। ਪਰ ਫੇਰ ਵੀ ਪੀੜ ਨਾਲ ਤੜਫਦਿਆਂ ਮੇਰੀ ਚੀਕ ਹੀ ਨਿਕਲ ਗਈ, "ਨਈਂ, ਨਈਂ, ਮੈਂ ਇੰਜ ਨਹੀਂ ਕਰ ਸਕਦਾ।" ਦਵਿੰਦਰ ਬੇਬਸੀ 'ਚ ਕੁਰਲਾਈ, "ਰੱਬ ਦਾ ਵਾਸਤਾ ਜੇ, ਇਦ੍ਹੇ ਹੱਥੋਂ ਮੈਨੂੰ ਬੇਪਤ ਨਾ ਕਰਵਾਉ, ਮੈਂ ਤਾਂ ਜਿਊਂਦੀ ਹੀ ਮਰ ਜਾਊਂਗੀ। ਜੇ ਤੁਸੀਂ ਇੰਜ ਕਰਨ 'ਤੇ ਤੁਲੇ ਹੀ ਹੋ ਤਾਂ ਮੈਂ ਆਪਣੇ ਹੱਥੀਂ ਸਾਰੇ ਕੱਪੜੇ ਆਪ ਲਾਹ ਦਿੰਦੀ ਆਂ।"
ਉਹ ਜਿਵੇਂ ਆਪਣੀ ਜਿੱਤ 'ਤੇ ਇਕ ਦੂਸਰੇ ਵਲ ਵੇਖ ਕੇ ਮੁਸਕਰਾਏ। ਮੈਂ ਸੋਚਦਾ ਹਾਂ ਕਿ ਇਹ ਬੰਦੇ ਕਿਹੜੀ ਕਾਲੀ ਮਿੱਟੀ ਦੇ ਬਣੇ ਹੋਣਗੇ, ਜਿਹੜੇ ਕਿਸੇ ਵੀ ਸ਼ਬਦ ਜਾਂ ਜਜ਼ਬੇ ਨਾਲ ਪਿਘਲਦੇ ਹੀ ਨਹੀਂ। ਫੇਰ ਮੈਂ ਆਪੇ ਹੀ ਆਪਣੀ ਸੋਚ ਅੱਗੇ ਸਵਾਲੀਆ ਨਿਸ਼ਾਨ ਲਾ ਦਿੰਦਾ ਹਾਂ, "ਜੇੜ੍ਹੇ ਬੰਦੇ, ਮਾਂ-ਪੁੱਤ ਦੀ ਲਾਸ਼ 'ਤੇ ਹੱਸ ਸਕਦੇ ਨੇ, ਉਹ ਜਿਉਂਦੇ-ਜਾਗਦੇ ਖੂਬਸੂਰਤ ਨੰਗੇ ਜਿਸਮ ਨੂੰ ਵੇਖ ਕੇ ਖੁਸ਼ ਕਿਉਂ ਨਹੀਂ ਹੋਣਗੇ?"
ਉਹ ਕੰਧ ਵਲ ਮੂੰਹ ਕਰਕੇ ਬੈਠ ਗਈ ਤੇ ਉਹਨੇ ਆਪਣੇ ਸਾਰੇ ਕੱਪੜੇ ਵਾਰੀ-ਵਾਰੀ ਲਾਹ ਕੇ ਮੰਜੇ 'ਤੇ ਸੁੱਟ ਦਿੱਤੇ। ਆਪਣੀ ਛਾਤੀ ਦੁਆਲੇ ਬਾਹਾਂ ਦੀ ਕਲਿੰਗਲੀ ਜਿਹੀ ਪਾ ਕੇ ਤੇ ਸਿਰ ਨੂੰ ਗੋਡਿਆਂ ਵਿਚ ਦੇ ਕੇ ਉਹ ਆਪਣੇ ਨੰਗੇਜ ਨੂੰ ਢਕਣ ਦੀ ਕੋਸ਼ਿਸ਼ ਕਰ ਰਹੀ ਸੀ। ਜੇ ਮੈਨੂੰ ਹੀ ਧਰਤੀ ਵਿਹਲ ਨਹੀਂ ਸੀ ਦੇ ਰਹੀ ਤਾਂ ਉਸਦਾ ਕੀ ਹਾਲ ਹੋਵੇਗਾ? ਮੈਂ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਸੀ।
ਏਰੀਆ ਕਮਾਂਡਰ ਨੇ ਸਾਰਿਆਂ ਨੂੰ ਡਿਊਟੀਆਂ ਵੰਡੀਆਂ, "ਕਸ਼ਮੀਰਾ ਸਿਹਾਂ, ਤੂੰ ਲੈ ਆਪਣੇ ਚਾਰ ਯੋਧੇ ਤੇ ਚਾਰ ਹੀ ਅਸਾਲਟਾਂ ਤੇ ਲਿੰਕ ਰੋਡ ਤੇ ਪੂਰੀ ਤਰ੍ਹਾਂ ਸੋਗੇ ਹੋ ਕੇ ਡਟ ਜਾਉ। ਜੇ ਪੁਲਿਸ ਦੀ ਗਸ਼ਤੀ ਪਾਰਟੀ ਦਾ ਝਾਉਲਾ ਵੀ ਪਵੇ ਤਾਂ ਇਕਦਮ ਫਾਇਰ ਖੋਲ੍ਹ ਦੇਣਾ।" ਉਹ ਸਾਰੇ ਸਿਰ ਝੁਕਾ ਕੇ ਤੇ ਫਤਿਹ ਗਜਾ ਕੇ ਮਿਲਿਆ ਹੁਕਮ ਵਜਾਉਣ ਤੁਰ ਗਏ।
ਏਰੀਆ ਕਮਾਂਡਰ ਬੁੱਲ੍ਹਾਂ 'ਤੇ ਜ਼ਬਾਨ ਜਿਹੀ ਫੇਰਦਾ ਬੋਲਿਆ, "ਮੈਂ ਇਸ ਹਰਾਮਣ ਤੋਂ ਪੁੱਛਗਿੱਛ ਕਰਦਾਂ ਤੇ ਤੁਸੀਂ," ਉਹਨੇ ਆਪਣੀ ਅਰਦਲ 'ਚ ਖੜ੍ਹੇ ਤਿੰਨਾਂ 'ਚੋਂ ਦੋਂਹ ਵਲ ਇਸ਼ਾਰਾ ਕੀਤਾ, "ਇਕ ਅਸਾਲਟ ਲੈ ਜਾਉ ਤੇ ਉਨੇ ਚਿਰ 'ਚ ਅਗਲੇ ਘਰ ਦਾ ਕੰਡਾ ਕੱਢ ਆਉ।"
ਏਰੀਆ ਕਮਾਂਡਰ ਨੇ ਆਪਣੇ ਮੋਢੇ ਨਾਲੋਂ ਏ.ਕੇ. ਸੰਤਾਲੀ ਲਾਹ ਕੇ ਪਲੰਘ 'ਤੇ ਰੱਖ ਦਿੱਤੀ ਤੇ ਹੁਕਮ ਦਾਗਿਆ, "ਰਵੇਲਾ ਬੜਾ ਚੁਸਤ ਮੁੰਡਾ, ਇਹਨੂੰ ਬਾਹਰ ਪੈਹਰੇ 'ਤੇ ਲਾ ਦਿਉ।" ਤੇ ਮੇਰੇ ਵਲ ਹੱਥ ਕਰਦਾ ਬੜੇ ਹੀ ਮਸ਼ਕਰੀ ਲਹਿਜੇ 'ਚ ਕਹਿਣ ਲੱਗਾ, "ਆਹ ਜਗਤਾਰ ਸਿਹੁੰ ਦੇ ਸੱਜੇ ਪੱਟ ਦੇ ਭਰਾ ਨੂੰ ਵੀ ਨਾਲ ਹੀ ਲੈ ਜਾਉ, ਇਹ ਬੂਹੇ ਖੁਲ੍ਹਵਾਉਣ 'ਚ ਵਾਹਵਾ ਮਾਹਰ ਲਗਦਾ ਏ।"
ਰੀਂਗਦੇ ਪੈਰਾਂ ਨਾਲ ਮੈਂ ਆਪਣੇ ਹੀ ਪਿੰਡ ਦੀਆਂ ਹਨੇਰੀਆਂ ਗਲੀਆਂ 'ਚ ਉਨ੍ਹਾਂ ਨਾਲ ਤੁਰਦਾ-ਫਿਰਦਾ ਆਪਣੇ-ਆਪ ਨੂੰ ਅਤਿ ਘਟੀਆ ਤੇ ਗੁਨਾਹਗਾਰ ਜਿਹਾ ਮਹਿਸੂਸ ਕਰ ਰਿਹਾ ਸਾਂ। ਰਹਿ ਰਹਿ ਕੇ ਇਹ ਸੋਚ ਰਿਹਾ ਸਾਂ ਕਿ ਬੰਦੇ ਨੂੰ ਰੱਬ ਦਾ ਰੂਪ ਵੀ ਕਿਹਾ ਜਾਂਦਾ ਹੈ। ਕੀ ਉਨ੍ਹਾਂ 'ਚ ਇਹ ਬੰਦੇ ਵੀ ਸ਼ਾਮਲ ਨੇ? ਜੇ ਇਹ ਬੰਦੇ ਵੀ ਸ਼ਾਮਿਲ ਨੇ ਤਾਂ ਰੱਬ ਦਾ ਕੁਝ ਹਿੱਸਾ ਜ਼ਰੂਰ ਇਨ੍ਹਾਂ ਬੰਦਿਆਂ ਵਰਗਾ ਵੀ ਹੋਵੇਗਾ। ਜੇ ਸੱਚਮੁਚ ਰੱਬ ਦਾ ਰੀਣ ਮਾਤਰ ਹਿੱਸਾ ਵੀ ਏਦਾਂ ਦਾ ਹੋਵੇ ਤਾਂ ਫੇਰ ਮੈਨੂੰ ਰੱਬ ਦੀ ਹੋਂਦ ਤੋਂ ਮੁਨਕਰ ਹੋਣ 'ਚ ਰਤਾ ਜਿੰਨਾ ਵੀ ਦੁੱਖ ਨਹੀਂ।
ਉਨ੍ਹਾਂ ਨਾਲ ਤੁਰਦਿਆਂ-ਫਿਰਦਿਆਂ ਮੇਰੀ ਸੋਚ ਫੇਰ ਉਸ ਘਰ 'ਚ ਜਾ ਵੜਦੀ ਹੈ ਜਿੱਥੇ ਦਵਿੰਦਰ ਮੇਰੀ ਹਾਜ਼ਰੀ 'ਚ ਆਪਣੇ ਹੱਥੀਂ ਹੀ ਅਲਫ਼ ਨੰਗੀ ਹੋ ਗਈ ਸੀ। ਜਿਥੇ ਇਕ ਏ.ਕੇ. ਪਹਿਰਾ ਦੇ ਰਹੀ ਸੀ ਤੇ ਦੂਸਰੀ ਮੇਰੇ ਸਾਹਮਣੇ ਹੀ ਏਰੀਆਂ ਕਮਾਂਡਰ ਨੇ ਮੋਢੇ ਨਾਲੋਂ ਲਾਹ ਕੇ ਪਲੰਘ 'ਤੇ ਰੱਖ ਦਿੱਤੀ ਸੀ। ਮੈਂ ਆਪਣੇ-ਆਪ ਨੂੰ ਹੀ ਪੁੱਛਦਾ ਹਾਂ ਕਿ ਹੁਣ ਦੱਸ ਕਿੱਥੇ ਗਈ ਤੇਰੀ ਜੁਰਅਤ ਤੇ ਮਰਦਾਨਗੀ? ਤੂੰ ਇਨ੍ਹਾਂ ਕੁੱਤਿਆਂ-ਬਿੱਲਿਆਂ ਅੱਗੇ ਆਪਣੇ ਹੀ ਪਿੰਡ ਦੀਆਂ ਗਲੀਆਂ 'ਚ ਉਨ੍ਹਾਂ ਦੇ ਕਹੇ ਅਨੁਸਾਰ ਪੂਛ ਹਿਲਾਉਂਦਾ ਜਿਹਾ ਫਿਰ ਰਿਹਾਂ?
ਮੈਂ ਆਪਣੇ ਨਾਲ ਤੁਰਦੇ ਦੋਹਾਂ ਭਾਊਆਂ ਵਲ ਵੇਖਿਆ। ਐਵੇਂ ਅਲੂੰਏ ਜਿਹੇ ਛੋਕਰੇ ਲੱਗੇ ਮੈਨੂੰ ਉਹ। ਮੈਂ ਆਪਣੇ ਪਰ ਤੋਲੇ। ਮੈਨੂੰ ਲੱਗਾ ਜਿਵੇਂ ਮੈਂ ਉਨ੍ਹਾਂ ਦੋਹਾਂ ਨੂੰ ਗਿੱਚੀਓਂ ਫੜ ਕੇ ਇਕ ਦੂਸਰੇ ਨਾਲ ਭਿੜਾ-ਭਿੜਾ ਮਾਰ ਸਕਦਾ ਸੀ। ਜਿਹੜੇ ਘਰ ਅੱਗੇ ਉਹ ਜਾ ਕੇ ਰੁਕੇ, ਉਹ ਮੱਖਣ ਝਟਕਈ ਦਾ ਘਰ ਸੀ ਤੇ ਉਹਦੀ ਸਾਡੇ ਪਿੰਡ ਵਿਚ ਹੀ ਝਟਕੇ ਦੀ ਦੁਕਾਨ ਸੀ। ਮੈਂ ਸੋਚਿਆ ਕਿ ਹੁਣ ਉਹ ਮੇਰੇ ਰਾਹੀਂ ਬੂਹਾ ਖੁਲ੍ਹਵਾਉਣਗੇ। ਮੱਖਣ ਬਾਹਰ ਆਵੇਗਾ ਤੇ ਇਨ੍ਹਾਂ ਦੀ ਏ.ਕੇ. ਦਾ ਬਰਸਟ ਉਹਦੀ ਹਿੱਕ ਨੂੰ ਛਨਣੀ-ਛਨਣੀ ਕਰ ਦੇਵੇਗਾ। ਮੈਂ ਵੱਧ ਤੋਂ ਵੱਧ ਉਦੋਂ ਆਪਣੀਆਂ ਅੱਖਾਂ ਮੀਟ ਲਵਾਂ ਤੇ ਭਾਣਾ ਵਾਪਰਦਾ ਨਾ ਵੇਖਾਂ ਪਰ ਭਾਣਾ ਤਾਂ ਵਾਪਰ ਚੁੱਕਾ ਹੋਵੇਗਾ।
ਉਨ੍ਹਾਂ ਮੈਨੂੰ ਹੁਕਮ ਦਿੱਤਾ, "ਚਲ ਬੂਹਾ ਖੁਲ੍ਹਵਾ?" ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ। ਮੈਂ ਉਚੀ ਸਾਰੀ ਚੀਕਿਆ, "ਮੈਂ ਧੁਆਡੇ ਕਾਲੇ ਕਾਰਿਆਂ ਦਾ ਭਾਈਵਾਲ ਨਹੀਂ ਬਣ ਸਕਦਾ।"
ਮੇਰੇ ਕੰਨ 'ਤੇ ਜ਼ੋਰ ਦੀ ਥੱਪੜ ਮਾਰਦਿਆਂ ਇਕ ਨੇ 'ਏ.ਕੇ.' ਮੇਰੇ ਵਲ ਸੇਧ ਦਿੱਤੀ, "ਉਏ ਕੁੱਤੇ ਦਿਆ ਤੁਖਮਾਂ, ਤੂੰ ਸਾਨੂੰ ਨਾਂਹ ਕਰਦਾਂ?" ਮੈਂ ਬੈਰਲ ਨੂੰ ਹੱਥ ਪਾ ਕੇ ਉਹਦੇ ਹੱਥੋਂ 'ਏ ਕੇ' ਖੋਹਣੀ ਚਾਹੀ ਪਰ ਬੱਟ 'ਤੇ ਉਸ ਦੀ ਪਕੜ ਮੇਰੇ ਨਾਲੋਂ ਕਿਤੇ ਵੱਧ ਮਜ਼ਬੂਤ ਸੀ। ਮੈਂ ਏ.ਕੇ. ਤਾਂ ਨਾ ਖੋਹ ਸਕਿਆ ਪਰ ਬੈਰਲ ਉਤਾਂਹ ਨੂੰ ਚੁੱਕ ਕੇ ਆਪਣੇ ਆਪ ਨੂੰ ਬਚਾਉਣ ਦਾ ਭਰਮ ਜਿਹਾ ਜ਼ਰੂਰ ਪਾਲ ਲਿਆ। ਸ਼ਾਇਦ ਏਨੀ ਕੁ ਜੁਅਰਤ ਮੈਂ ਦੂਸਰੇ ਨੂੰ ਨਿਹੱਥਾ ਸਮਝ ਕੇ ਕਰ ਲਈ ਸੀ ਪਰ ਉਨ੍ਹੇ ਆਪਣੀ ਡੱਬ 'ਚੋਂ ਰਿਵਾਲਵਰ ਕੱਢ ਕੇ ਮੇਰੀ ਪੁੜਪੜੀ 'ਤੇ ਰੱਖ ਦਿੱਤਾ।
'ਏ.ਕੇ.' ਨੇ 'ਰਿਵਾਲਵਰ' ਨੂੰ ਕਿਹਾ, "ਨਾ ਇਹਨੂੰ ਮਾਰੀਂ ਨਾ, ਮਾਰਨਾ ਹੁੰਦਾ ਤਾਂ ਇਹ ਕੰਮ ਮੈਂ ਆਪੇ ਕਰ ਲੈਂਦਾ। ਬੜੀ ਜੁਅਰਤ ਵਾਲਾ ਬੰਦਾ ਲੱਗਦੈ, ਆਪਾਂ ਇਹਨੂੰ ਆਪਣੇ ਜੱਥੇ 'ਚ ਸ਼ਾਮਲ ਕਰਾਂਗੇ।"
ਰਿਵਾਲਵਰ ਮੇਰੀ ਪੁੜਪੁੜੀ ਤੋਂ ਪਰ੍ਹਾਂ ਹਟ ਗਿਆ। ਏ.ਕੇ. ਫੇਰ ਮੋਢੇ 'ਤੇ ਪੈ ਗਈ ਤੇ ਮੈਂ ਸੁਖ ਦਾ ਸਾਹ ਲਿਆ।
ਹੁਣ ਉਨ੍ਹਾਂ ਮੈਨੂੰ ਬੂਹਾ ਖੁਲ੍ਹਵਾਉਣ ਲਈ ਵੀ ਨਹੀਂ ਆਖਿਆ। ਏ.ਕੇ. ਵਾਲੇ ਨੇ ਕੰਧ ਟੱਪੀ ਤੇ ਥੋੜ੍ਹੀ ਦੇਰ ਬਾਅਦ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ। ਹੜਬੜਾਏ ਪਰਿਵਾਰ ਦੇ ਜੀਆਂ ਦੀਆਂ ਚੀਕਾਂ ਉਚੀਆਂ ਹੋਈਆਂ। ਇਕ ਹਾਕਮਾਨਾ ਆਵਾਜ਼ ਗੜ੍ਹਕੀ, "ਖਬਰਦਾਰ ਜੇ ਕੋਈ ਰੋਇਆ ਤਾਂ...।" ਸਾਰੀਆਂ ਆਵਾਜ਼ਾਂ ਸ਼ਾਂਤ ਹੋ ਗਈਆਂ। ਅੰਦਰੋਂ ਬੂਹਾ ਖੁੱਲ੍ਹਾ ਤੇ ਮੈਨੂੰ ਹੁਕਮ ਹੋਇਆ, "ਇਸ ਕੁੱਤੇ ਝਟਕਈ ਦੀ ਲਾਸ਼ ਨੂੰ ਅੰਦਰੋਂ ਚੁੱਕ ਲਿਆ ਤੇ ਪਹਿਲੀਆਂ ਦੋਂਹ ਲਾਸ਼ਾਂ ਲਾਗੇ ਹੀ ਪੁਚਾ ਦੇ।" ਮੈਨੂੰ ਇਹ ਮਹਿਸੂਸ ਹੋਇਆ ਕਿ ਹੁਣ ਸਾਡਾ ਰੋਣ-ਹੱਸਣ ਜਾਂ ਆਪਣੀ ਮਰਜ਼ੀ 'ਤੇ ਕੋਈ ਅਧਿਕਾਰ ਨਹੀਂ ਸੀ ਰਹਿ ਗਿਆ।
ਮੈਨੂੰ ਪਤਾ ਸੀ ਕਿ ਕੁਇੰਟਲ ਦੀ ਲਾਸ਼ ਨੂੰ ਚੁੱਕ ਕੇ ਲਿਆਉਣਾ ਤਾਂ ਦੂਰ ਦੀ ਗੱਲ ਸ਼ਾਇਦ ਮੈਂ ਧੂਹ ਵੀ ਨਾ ਸਕਾਂ। ਪਰ ਮੈਨੂੰ ਇਹ ਵੀ ਤਾਂ ਪਤਾ ਸੀ ਕਿ ਇਹ ਹੁਕਮ ਜਿਵੇਂ ਟਾਲਿਆ ਵੀ ਨਹੀਂ ਸੀ ਜਾ ਸਕਦਾ। ਪਰ ਮੈਂ ਲਗਾਤਾਰ ਸੋਚ ਰਿਹਾ ਸਾਂ ਕਿ ਬੰਦਾ ਮਾਰਨਾ ਕਿੰਨਾ ਸੌਖਾ ਹੋ ਗਿਆ, ਹਲਕਾਏ ਕੁੱਤੇ ਨੂੰ ਵੀ ਮਾਰਨ ਤੋਂ ਸੌਖਾ।
"ਮਾਸਟਰਾ ਤੈਨੂੰ ਉਚੀ ਤੇ ਨਹੀਂ ਸੁਣਦਾ, ਮੈਂ ਕਿਹਾ ਸੀ ਲਾਸ਼ ਚੁੱਕ ਕੇ ਬਾਹਰ ਲੈ ਆ।" ਏ.ਕੇ. ਬਹੁਤ ਹੀ ਉਚੀ ਸਾਰੀ ਬੋਲੀ।
ਮੈਨੂੰ ਯਾਦ ਆਇਆ ਕਿ ਮੱਖਣ ਦਾ ਇਕ ਮੁੰਡਾ ਰਿਕਸ਼ਾ ਵੀ ਵਾਹੁੰਦਾ ਸੀ। ਮੈਂ ਆਲੇਦੁਆਲੇ ਝਾਤੀ ਮਾਰੀ। ਇਕ ਰਿਕਸ਼ਾ ਘਰ ਦੀ ਇਕ ਨੁੱਕਰੇ ਲੱਗਾ ਦਿਸ ਪਿਆ। ਪਰ ਮੈਂ ਉਨ੍ਹਾਂ ਨੂੰ ਫੇਰ ਵੀ ਤਰਲੇ ਜਿਹੇ ਨਾਲ ਕਿਹਾ, "ਕੀ ਕਰੋਗੇ ਇਸ ਲਾਸ਼ ਨੂੰ ਉਥੇ ਖੜ ਕੇ?"
"ਇਹ ਸਾਨੂੰ ਪਤਾ ਕੀ ਕਰਾਂਗੇ, ਤੂੰ ਸਵਾਲ ਪੁੱਛਣ ਵਾਲੀ ਆਪਣੀ ਮਾਸਟਰੀ ਆਦਤ ਨੂੰ ਲਗਾਮ ਹੀ ਦੇ ਛੱਡ ਤਾਂ ਚੰਗਾ...।"
ਮੈਂ ਹੁਕਮ ਮੰਨਦਿਆਂ ਮੱਖਣ ਦੇ ਰਿਕਸ਼ਾ ਚਲਾਉਣ ਵਾਲੇ ਮੁੰਡੇ ਦੇ ਕੋਲ ਜਾ ਕੇ ਹੌਲੀ ਜਿਹੀ ਆਖਿਆ, "ਮੇਰਾ ਕੋਈ ਕਸੂਰ ਨਹੀਂ ਭਰਾਵਾ, ਇਹ ਮੈਨੂੰ ਘੋੜੀ ਬਣਾ ਕੇ ਵਰਤ ਰਹੇ ਨੇ। ਤੇਰਾ ਪਿਉ ਤਾਂ ਬੜਾ ਹੀ ਚੰਗਾ ਤੇ ਨੇਕ ਸੀ। ਆ, ਮਾੜਾ ਜਿਹਾ ਹੱਥ ਪੁਆ, ਇਹ ਤਾਂ ਉਦ੍ਹਾ ਮੁਰਦਾ ਵੀ ਖਰਾਬ ਕਰਨ 'ਤੇ ਤੁਲੇ ਹੋਏ ਨੇ।" ਉਹ ਵਿਚਾਰਾ ਮੰਨ ਗਿਆ ਪਰ ਏਨੇ ਚਿਰ ਨੂੰ ਬਾਹਰੋਂ ਹੁਕਮ ਜਾਰੀ ਹੋਇਆ, "ਛੱਡ ਜੇ ਨਈ ਚੁੱਕਿਆ ਜਾਂਦਾ ਤਾਂ ਮਾਰ ਗੋਲੀ।" ਮੈਂ ਇਕ ਲੰਮਾ ਸੁਖ ਦਾ ਸਾਹ ਲੈਂਦਿਆਂ ਐਵੇਂ ਹੀ ਸੋਚਿਆ ਕਿ ਤੁਹਾਡੀ ਗੋਲੀ ਤੋਂ ਬਾਅਦ ਹੋਰ ਕਿਹੜੀ ਗੋਲੀ ਮਾਰਨ ਦੀ ਲੋੜ ਰਹਿ ਜਾਂਦੀ ਹੋਵੇਗੀ?
ਦੋਸ਼ੀਆਂ ਵਾਂਗ ਮੈਂ ਫੇਰ ਛੋਟੇ-ਛੋਟੇ ਕਦਮ ਪੁੱਟਦਾ ਉਨ੍ਹਾਂ ਦੇ ਨਾਲ ਤੁਰਿਆ ਜਾ ਰਿਹਾ ਸਾਂ। ਸਾਰਾ ਪਿੰਡ ਹੀ ਦਹਿਸ਼ਤ ਦੀ ਹਨ੍ਹੇਰੀ ਬੁੱਕਲ ਵਿਚ ਵਲ੍ਹੇਟਿਆ ਡਰਾਉਣਾ ਜਿਹਾ ਲੱਗ ਰਿਹਾ ਸੀ। ਮੈਨੂੰ ਪਤਾ ਸੀ ਕਿ ਉਹ ਫੇਰ ਜਗਤਾਰ ਦੇ ਘਰ ਹੀ ਜਾਣਗੇ। ਰਾਹ 'ਚ ਫੇਰ ਮਾਂ-ਪੁੱਤ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘਦਿਆਂ ਇਕ ਖਾਸ ਤਰ੍ਹਾਂ ਦੀ ਧੁੜਧੜੀ 'ਚੋਂ ਗੁਜ਼ਰਨਾ ਪਵੇਗਾ। ਲਾਸ਼ਾਂ ਨੇ ਤਾਂ ਕੁਝ ਪੁੱਛਣਾ ਨਹੀਂ ਪਰ ਜਗਤਾਰ ਦੀ ਘਰ ਵਾਲੀ ਦੀ ਜਿਉਂਦੀ ਲਾਸ਼ ਵਲੋਂ ਪੁੱਛੇ ਗਏ ਕਿਸੇ ਸਵਾਲ ਦਾ ਜਵਾਬ ਮੇਰੇ ਕੋਲੋਂ ਕਦੇ ਵੀ ਦੇ ਨਹੀਂ ਸੀ ਹੋਣਾ।
ਮਾਂ-ਪੁੱਤ ਦੀਆਂ ਲਾਸ਼ਾਂ ਲਾਗੇ ਆ ਕੇ ਵੇਖਿਆ ਤਾਂ ਦੋ ਕੁੱਤੇ ਲਾਸ਼ਾਂ ਤੋਂ ਲਹੂ ਚੱਟ ਰਹੇ ਸਨ। ਭਿਆਨਕ ਜਿਹਾ ਦ੍ਰਿਸ਼ ਵੇਖ ਕੇ ਮੈਂ ਪੈਰਾਂ ਤੱਕ ਹਿੱਲ ਗਿਆ ਸਾਂ। ਮੈਂ ਸੋਚਿਆ ਕਿ ਲਾਸ਼ਾਂ ਦੀ ਇਹ ਦੁਰਦਸ਼ਾ ਵੇਖ ਕੇ ਇਹ ਬੰਦੇ ਵੀ ਥੋੜ੍ਹਾ ਬਹੁਤ ਤਾਂ ਮਹਿਸੂਸ ਕਰਨਗੇ। ਪਰ ਉਹ ਮੈਨੂੰ ਕਹਿ ਰਹੇ ਸਨ, "ਚੰਗੀ ਤਰ੍ਹਾਂ ਵੇਖ ਲੈ, ਸਾਡੇ ਨਾਲ ਅੜਨ ਵਾਲਿਆਂ ਦਾ ਮੌਤ ਤੋਂ ਬਾਅਦ ਵੀ ਆਹ ਹਸ਼ਰ ਹੁੰਦਾ ਈ।"
ਫੇਰ ਉਨ੍ਹਾਂ ਨੇ ਮੇਰੇ 'ਤੇ ਕਲਾਸ ਲਾ ਦਿੱਤੀ। "ਅਸੀਂ ਤਾਂ ਹਾਂ ਅੰਬਰੀ ਆਂਡੇ, ਸਾਡੀ ਵਾ ਵਲ ਵੀ ਕੋਈ ਨਈਂ ਵੇਖ ਸਕਦਾ। ਹੁਣ ਸਵੇਰ ਤੋਂ ਪੁਲਿਸ ਤੇਰੇ ਦੁਆਲੇ ਹੋ ਜਾਊ। ਪੈਂਦੀ ਸੱਟੇ ਚੜ੍ਹੇਗਾ ਤੈਨੂੰ ਪੁਲਿਸ ਕੁਟਾਪਾ। ਸਾਡੇ ਤੋਂ ਵੀ ਮਾੜਾ ਵਿਹਾਰ ਤੇਰੇ ਨਾਲ ਉਹ ਕਰਨਗੇ। ਜਦੋਂ ਤੂੰ ਪੂਰੀ ਤਰ੍ਹਾਂ ਬੇਪਤ ਹੋ ਕੇ ਠਾਣੇ 'ਚੋਂ ਨਿਕਲੇਗਾ ਤਾਂ ਤੇਰੇ ਅੰਦਰੋਂ ਬਦਲੇ ਦੀਆਂ ਲਾਲ ਸੂਹੀਆਂ ਲਾਟਾਂ ਨਿਕਲ ਰਹੀਆਂ ਹੋਣਗੀਆਂ।"
ਇਹ ਸਭ ਕੁਝ ਵੇਖ-ਸੁਣ ਕੇ ਮੈਂ ਦਹਿਲ ਜਿਹਾ ਗਿਆ ਸਾਂ ਤੇ ਹੁਣ ਸਮਝ ਆ ਰਹੀ ਸੀ ਕਿ ਇਹ ਮੈਨੂੰ ਨਾਲ-ਨਾਲ ਕਿਉਂ ਲਈ ਫਿਰ ਰਹੇ ਸਨ। ਜਥੇਦਾਰ ਮੈਨੂੰ ਸਮਝਾ ਰਿਹਾ ਸੀ, "ਪੁਲਿਸ ਦਾ ਰਗੜਾ ਤੇ ਜ਼ਲਾਲਤ ਝੱਲ ਕੇ ਤੂੰ ਖੁਦ ਸਾਨੂੰ ਲੱਭਦਾ ਫਿਰੇਂਗਾ। ਫੇਰ ਅਸੀਂ ਤੇਰੀ ਹਥਿਆਰਬੰਦੀ ਦੀ ਰਸਮ ਪੂਰੀ ਕਰਾਂਗੇ ਤੇ ਤੂੰ ਇਕ ਮਾਸਟਰ ਤੋਂ ਬਣ ਜਾਏਗਾ ਪੂਰਾ-ਸੂਰਾ ਖਾੜਕੂ। ਪੰਜ-ਸੱਤ ਅਸਾਲਟਾਂ ਤੇ ਪੰਜ-ਸੱਤ ਸੌ ਹੀ ਕਾਰਤੂਸ। ਦੋਤਿੰਨ ਮਾਊਜ਼ਰ, ਦਸ-ਬਾਰਾਂ ਹੈਂਡ ਗ੍ਰਨੇਡ, ਤੈਨੂੰ ਉਠਦੇ ਨੂੰ ਹੀ ਸਲਾਮੀ ਦਿਆ ਕਰਨਗੇ। ਤੇ ਤੂੰ ਸਾਡੇ ਵਾਂਗ ਹੀ ਆਪਣੇ ਆਪ ਨੂੰ ਇਕ ਜਰਨੈਲ ਮਹਿਸੂਸ ਕਰਿਆ ਕਰੇਂਗਾ।" ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਸਾਰਾ ਭਵਿੱਖ ਹੀ ਅੱਜ ਦੀ ਰਾਤ ਵਾਂਗ ਬੋਲਾ ਲੱਗਣ ਲੱਗ ਪਿਆ ਸੀ। ਹੁਣ ਮੈਂ ਦਹਿਲੀਜ਼ੋਂ ਬਾਹਰ ਪੈਰ ਕੱਢਣ ਵਾਲੀ ਘੜੀ ਨੂੰ ਕੋਸ ਰਿਹਾ ਸਾਂ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੇ 'ਚ ਜਿਵੇਂ ਸਾਹ-ਸਤ ਹੀ ਨਹੀਂ ਸੀ ਰਿਹਾ।
ਜਗਤਾਰ ਦੇ ਘਰ ਅੱਗੇ ਪਹੁੰਚ ਕੇ ਵੇਖਿਆ ਕਿ 'ਏ.ਕੇ.' ਪੂਰੇ ਦਮ-ਖਮ ਨਾਲ ਪਹਿਰਾ ਦੇ ਰਹੀ ਸੀ। ਉਹਨੇ ਵੱਡੇ ਜਥੇਦਾਰ ਤੋਂ ਆਗਿਆ ਲੈ ਕੇ ਬੂਹਾ ਖੋਲ੍ਹ ਦਿੱਤਾ। ਅੰਦਰ ਵੜੇ ਤਾਂ ਵੱਡਾ ਜਥੇਦਾਰ ਗੁਟਕੇ ਤੋਂ ਪਾਠ ਕਰ ਰਿਹਾ ਸੀ। ਸਮਝ ਨਹੀਂ ਸੀ ਆ ਰਹੀ ਕਿ ਇਹ ਕਿਹੜੇ ਵੇਲੇ ਦਾ, ਕਿਹੜਾ ਪਾਠ ਸੀ? ਪਰ ਇਹ ਸਮਝਣਾ ਵੀ ਕੋਈ ਔਖਾ ਨਹੀਂ ਸੀ ਕਿ ਇਨ੍ਹਾਂ ਲੋਕਾਂ ਨੂੰ ਧਾਰਮਿਕ ਦਿਸਦੇ ਰਹਿਣ ਲਈ ਇਹ ਸਾਰਾ ਕੁਝ ਬੜਾ ਜ਼ਰੂਰੀ ਸੀ। ਮੇਰੀ ਸੋਚ ਦੇ ਉਲਟ ਦਵਿੰਦਰ ਵੇਖਣ ਨੂੰ ਬਿਲਕੁਲ ਸਹੀ ਸਲਾਮਤ ਲੱਗ ਰਹੀ ਸੀ ਤੇ ਉਨ੍ਹਾਂ ਦੀ ਸਹਿਮਤੀ 'ਚ ਸਹਿਮਤੀ ਵਿਖਾ ਰਹੀ ਸੀ। ਉਹ ਰਸੋਈ 'ਚ ਗਈ ਤੇ ਸਾਰਿਆਂ ਲਈ ਸ਼ਕੰਜਵੀ ਬਣਾ ਲਿਆਈ। ਮੈਨੂੰ ਪਤਾ ਸੀ ਕਿ ਸਾਰੇ ਹੀ ਮੇਰੇ ਵਾਂਗ ਪਾਣੀ ਲਈ ਸਹਿਕ ਰਹੇ ਹੋਣਗੇ। ਠੰਡੀ ਸ਼ਕੰਜਵੀ ਪੀ ਕੇ ਬੌਂਦਲੀ ਸੁਰਤ ਨੂੰ ਕੁਝ ਕੁ ਮੋੜਾ ਪਿਆ। ਵੱਡੇ ਜਥੇਦਾਰ ਨੇ ਗੁਟਕੇ ਨੂੰ ਸੰਤੋਖਿਆ। ਸਾਰਿਆਂ ਨੇ ਆਪਣਾ ਸਿਰ ਝੁਕਾਇਆ ਤੇ ਫੇਰ ਉਹ ਵੀ ਸ਼ਕੰਜਵੀ ਪੀਣ ਲੱਗ ਪਿਆ।
ਦਵਿੰਦਰ ਮੈਨੂੰ ਮੁਖਾਤਬ ਹੋਈ, "ਆਪਣੇ ਕਰਮ ਹੀ ਮਾੜੇ ਸਨ ਕੁਲਦੀਪ, ਜਥੇਦਾਰ ਜੀ ਤਾਂ ਬੜੇ ਨੇਕ ਬੰਦੇ ਨੇ। ਇਨ੍ਹਾਂ ਦੀਆਂ ਗੱਲਾਂ ਤੋਂ ਤਾਂ ਇਹੀ ਜਾਪਦਾ ਕਿ ਮਾਂ ਪੁੱਤ ਨੇ ਵੀ ਆਪਣੇ ਕੀਤੇ ਦੀ ਹੀ ਸਜ਼ਾ ਪਾਈ ਆ।" ਮੈਨੂੰ ਲੱਗਾ ਜਿਵੇਂ ਉਹ ਚਾਬੀ ਵਾਲੇ ਖਿਡੌਣੇ ਵਾਂਗ ਬੋਲ ਰਹੀ ਸੀ ਤੇ ਚਾਬੀ ਅਜੇ ਵੀ ਪੂਰੀ ਤਰ੍ਹਾਂ ਮੁੱਕੀ ਨਹੀਂ ਸੀ। ਉਹ ਕਹਿ ਰਹੀ ਸੀ, "ਇਕ ਥਾਣੇਦਾਰ ਦਾ ਘਰ ਔਣ-ਜਾਣ ਸੀ। ਕੀ ਪਤਾ ਕਦੇ ਨਸ਼ੇ ਦੀ ਲੋਰ 'ਚ ਉਨ੍ਹਾਂ ਵੀ ਕੋਈ ਚੰਗੀ-ਮਾੜੀ ਗੱਲ ਕਰ'ਤੀ ਹੋਵੇ। ਉਂਜ ਜੇ ਵੇਖਿਆ ਜਾਵੇ ਤਾਂ ਇਹ ਵੀ ਦਰ-ਬਦਰ ਸਾਡੇ ਲਈ ਹੀ ਠੋਕਰਾਂ ਖਾਂਦੇ ਫਿਰਦੇ ਨੇ।"
ਦਵਿੰਦਰ ਦੀਆਂ ਗੱਲਾਂ ਸੁਣ ਕੇ, ਮੈਂ ਬੜੀ ਹੀ ਘੋਖਵੀਂ ਨਜ਼ਰੇ ਉਹਨੂੰ ਨਿਹਾਰ ਰਿਹਾ ਸਾਂ। ਉਹ ਸੱਚਮੁੱਚ ਮੇਰੇ ਲਈ ਵੀ ਇਕ ਰਹੱਸ ਜਿਹਾ ਬਣ ਗਈ ਸੀ। ਜਥੇਦਾਰ ਨੇ ਦਵਿੰਦਰ ਵਲ ਹੱਥ ਕਰਦਿਆਂ ਮੈਨੂੰ ਦਬਕਾ ਜਿਹਾ ਮਾਰਿਆ, "ਇਦ੍ਹੀ ਜਿੰਮੀ-ਜਾਮਨੀ ਤੇ ਤੈਨੂੰ ਇਸ ਵਾਰ ਬਖਸ਼ ਚੱਲੇ ਆਂ, ਨਈਂ ਤਾਂ ਸ਼ਾਇਦ ਤਿੰਨਾਂ ਲਾਸ਼ਾਂ ਦੇ ਨਾਲ ਚੌਥੀ ਲਾਸ਼ ਤੇਰੀ ਵੀ ਹੁੰਦੀ।"
ਮੈਂ ਆਪਣੀ ਇੱਛਾ ਦੇ ਵਿਰੁਧ ਜਿਵੇਂ ਧੰਨਵਾਦੀ ਜਿਹੇ ਹੁੰਦਿਆਂ ਆਪਣੇ ਹੱਥ ਜੋੜ ਦਿੱਤੇ। ਹੱਥ ਜੋੜਦਿਆਂ ਮੈਨੂੰ ਲੱਗਾ ਜਿਵੇਂ ਇਹ ਹੱਥ ਮੇਰੇ ਨਹੀਂ, ਸਗੋਂ ਬਣਨ ਵਾਲੀ ਚੌਥੀ ਲਾਸ਼ ਦੇ ਸਨ। ਉਹਨੇ ਜਿਵੇਂ ਆਖਰੀ ਨਸੀਹਤ ਕੀਤੀ, "ਸਾਡੇ ਵਿਰੁਧ ਅਬਾ-ਤਬਾ ਬੋਲਣਾ ਛੱਡ ਦੇਹ। ਯਾਦ ਰੱਖ, ਇਸ ਪਿੰਡ ਦੀ ਹਰ ਕੰਧ ਨਾਲ ਸਾਡੇ ਕੰਨ ਲੱਗੇ ਹੋਏ ਨੇ।" ਮੈਂ ਫੇਰ 'ਹਾਂ' ਵਿਚ ਸਿਰ ਹਿਲਾਇਆ, ਸ਼ਾਇਦ ਇਹ ਵੀ ਚੌਥੀ ਲਾਸ਼ ਦਾ ਸਿਰ ਹੀ ਸੀ।
ਮੈਂ ਬਿਲਕੁਲ ਹੀ ਨਹੀਂ ਸੀ ਸੋਚਿਆ ਕਿ ਅੱਜ ਦੀ ਰਾਤੇ ਉਹ ਲੋਕ ਏਥੋਂ ਚਲੇ ਜਾਣਗੇ। ਉਨ੍ਹਾਂ ਨੂੰ ਤੁਰਦਿਆਂ ਵੇਖ ਕੇ ਇੰਜ ਲੱਗਾ ਕਿ ਜ਼ਰੂਰ ਇਸੇ ਹੀ ਰਾਤੇ ਉਨ੍ਹਾਂ ਸ਼ਾਇਦ ਇਸ ਤੋਂ ਵੀ ਕੁਝ ਜ਼ਰੂਰੀ ਹੋਰ ਘਰ ਵੀ ਭੁਗਤਾਉਣੇ ਹੋਣਗੇ। ਧਮਕੀਆਂ ਭਰੀਆਂ ਨਸੀਹਤਾਂ ਕਰਕੇ ਉਹ ਤੁਰਦੇ ਬਣੇ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਵੀ ਘਰ ਨੂੰ ਜਾਣਾ ਜ਼ਰੂਰੀ ਸਮਝਿਆ ਪਰ ਤੁਰਨ ਲੱਗਾ ਤਾਂ ਦਵਿੰਦਰ ਨੇ ਹੱਥ ਫੜ ਕੇ ਰੋਕ ਲਿਆ, "ਮੈਂ ਪਹਾੜ ਜਿੱਡੀ ਕਾਲੀ ਬੋਲੀ ਰਾਤ ਕੱਲੀ ਕਿੱਦਾਂ ਕੱਟੂੰਗੀ?" ਉਹਦੀਆਂ ਅੱਖਾਂ ਵਿਚ ਇਕ ਦਰਦ ਸੀ ਤੇ ਇਹੋ ਜਿਹਾ ਹੀ ਦਰਦ ਉਹਦੇ ਬੋਲਾਂ ਵਿਚ ਵੀ ਸੀ। ਮੈਨੂੰ ਲੱਗਾ ਜਿਵੇਂ ਦਵਿੰਦਰ ਸਭ ਕੁਝ ਝੱਲਣ ਤੇ ਲੁਟਾਉਣ ਤੋਂ ਬਾਅਦ ਪੂਰੀ ਤਰ੍ਹਾਂ ਬੇਖੌਫ ਜਿਹੀ ਹੋ ਗਈ ਸੀ। ਉਹ ਕਿੰਨਾ ਚਿਰ ਮੇਰੇ ਸਾਹਮਣੇ ਖਲੋਤੀ ਖਾਲੀ ਅੱਖਾਂ ਨਾਲ ਮੇਰੇ ਵਲ ਵੇਖਦੀ ਰਹੀ ਤੇ ਫੇਰ ਮੇਰੇ ਨਾਲ ਲੱਗ ਕੇ ਉਹ ਉਚੀ-ਉਚੀ ਰੋਣ ਲੱਗ ਪਈ। ਮੈਂ ਉਹਨੂੰ ਦਿਲਾਸਾ ਦਿੱਤਾ ਪਰ ਮੈਨੂੰ ਪਤਾ ਸੀ ਕਿ ਦਿਲਾਸੇ ਵਾਲਾ ਹੱਥ, ਉਹਦੇ ਉਚੇ ਮਾਰੂ ਦੁੱਖ ਤੋਂ ਬਹੁਤ ਨੀਵਾਂ ਰਹਿ ਜਾਣਾ ਸੀ।
ਉਹ ਮਰੀਅਲ ਜਿਹੀ ਆਵਾਜ਼ 'ਚ ਬੋਲੀ, "ਤੂੰ ਸੋਚ ਵੀ ਨਹੀਂ ਸਕਦਾ ਕਿ ਉਸ ਹਰਾਮਜ਼ਾਦੇ ਹਿਰਸੀ ਕੁੱਤੇ ਦੇ ਹਰ ਕੰਮ ਵਿਚ ਕਿੰਨੀ ਹਿਰਸ ਤੇ ਹਿੰਸਾ ਸੀ?" ਉਹ ਕੁਝ ਚਿਰ ਰੁਕ ਕੇ ਉਭੇ ਸਾਹ ਜਿਹੇ ਲੈਂਦਿਆਂ ਕਹਿਣ ਲੱਗੀ, "ਫੇਰ ਵੀ ਉਹ ਜੋ ਵੀ ਕਹੀ ਗਿਆ, ਮੈਂ ਮੰਨੀ ਗਈ। ਸਿਰਫ ਉਦ੍ਹੇ ਇਸ ਭਰੋਸੇ 'ਤੇ ਕਿ ਉਹ ਤੇਰੀ ਜਾਨ ਬਖਸ਼ੀ ਕਰ ਦੇਵੇਗਾ।" ਉਹਨੇ ਬੜੀਆਂ ਹੀ ਪੀੜਤ ਜਿਹੀਆਂ ਨਜ਼ਰਾਂ ਨਾਲ ਮੇਰੇ ਵਲ ਵੇਖ ਕੇ, ਮੇਰੇ ਹੱਥਾਂ ਨੂੰ ਪਲੋਸਦਿਆਂ, ਅੱਖਾਂ ਪਲੋਸੀਆਂ ਤੇ ਫੇਰ ਮੈਨੂੰ ਇੰਜ ਘੁੱਟ ਲਿਆ ਜਿਵੇਂ ਕਿਸੇ ਗਵਾਚੀ ਚੀਜ਼ ਨੂੰ ਫੇਰ ਲੱਭ ਲਿਆ ਹੋਵੇ।
"ਪਰ ਉਹਨੇ ਤੇਰੀ ਕੀਮਤ ਬੌਤ੍ਹ ਹੀ ਜ਼ਿਆਦਾ ਲਾ ਦਿੱਤੀ। ਮੈਂ ਤੇਰੀ ਖਾਤਰ ਹਰ ਕੀਮਤ ਤਾਰਨ ਨੂੰ ਤਿਆਰ ਹੋ ਗਈ..." ਉਹਦਾ ਗੱਚ ਭਰ ਆਇਆ। ਉਹਦੇ ਕੋਲੋਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ। ਉਹ ਸਿੰਮ ਆਈਆਂ ਅੱਖਾਂ ਨਾਲ ਮੇਰੇ ਵਲ ਵਿੰਹਦੀ ਰਹੀ ਤੇ ਫੇਰ ਕਿੰਨੇ ਚਿਰ ਬਾਅਦ ਕਹਿਣ ਲੱਗੀ, "ਪਰ ਮੈਨੂੰ ਪਤਾ, ਮੈਥੋਂ ਹਮੇਸ਼ਾਂ ਲਈ ਇਹ ਕੀਮਤ ਤਾਰ ਨਈ ਹੋਣੀ...।" ਤੇ ਉਹ ਮੈਨੂੰ ਜ਼ੋਰ ਦੀ ਘੁੱਟਦੀ, ਡੁਸਕਣ ਜਿਹੀ ਲੱਗ ਪਈ।
ਮੈਨੂੰ ਉਹਦੇ 'ਤੇ ਬਹੁਤ ਹੀ ਪਿਆਰ ਆਇਆ ਤੇ ਮੈਂ ਉਹਦਾ ਮੱਥਾ ਚੁੰਮ ਲਿਆ। ਉਹ ਅਜੇ ਵੀ ਸਿਸਕੀਆਂ ਭਰਦੀ ਦੱਸ ਰਹੀ ਸੀ, "ਸਭ ਕੁਝ ਕਰਨ ਤੋਂ ਬਾਅਦ ਉਹ ਕੁੱਤਾ ਫੇਰ ਭੌਂਕਿਆ, ਮੈਂ ਪੰਜੀਂ-ਸੱਤੀਂ ਦਿਨੀਂ ਆਇਆ ਕਰਾਂਗਾ, ਜਿੱਦਣ ਤੂੰ ਨਾਂਹ ਕਰ'ਤੀ, ਪਹਿਲਾਂ ਭੁੰਨਾਂਗਾ ਤੇਰਾ ਮਾਸਟਰ ਤੇ ਫੇਰ ਤੈਨੂੰ ਨੰਗੀ ਕਰਕੇ ਉਹਦੀ ਲਾਸ਼ ਲਾਗੇ ਮਾਰਾਂਗੇ ਗੋਲੀ ਤੇ ਸਾਰੇ ਪਿੰਡ ਵਿਚ ਧੁਆਡੇ ਸਬੰਧਾਂ ਦੀ ਡੌਂਡੀ ਪਿਟਵਾ ਦੇਵਾਂਗੇ, ਸਮਝੀ?"
ਮੈਨੂੰ ਨਹੀਂ ਪਤਾ ਕਿ ਉਹ ਕਿੰਨਾ ਕੁ ਸਮਝੀ ਹੋਵੇਗੀ। ਮੈਂ ਉਹਦੀਆਂ ਗੱਲਾਂ ਸੁਣ-ਸੁਣ, ਸਮਝ ਵੀ ਰਿਹਾ ਸਾਂ ਤੇ ਸੋਚ ਵੀ ਰਿਹਾ ਸਾਂ। ਪਰ ਮੈਨੂੰ ਸੱਚ-ਮੁੱਚ ਸਮਝ ਨਹੀਂ ਸੀ ਲੱਗ ਰਹੀ ਕਿ ਮਨੁੱਖ ਏਨਾ ਵਹਿਸ਼ੀ ਤੇ ਮਾਰੂ ਕਿਵੇਂ ਹੋ ਜਾਂਦੈ? ਏਨਾ ਮਾਰੂ ਕਿ ਮਲੂਕ ਜਿਹੀ ਸੋਚ ਵਾਲੇ ਜਗਤਾਰ ਤੇ ਬੁੱਢੀ ਮਾਂ ਨੂੰ ਵੀ ਉਨ੍ਹਾਂ ਨਹੀਂ ਬਖਸ਼ਿਆ? ਮੈਂ ਭਾਵੁਕ ਹੋ ਕੇ ਜਿਵੇਂ ਆਪਣੇ ਆਪ ਨੂੰ ਹੀ ਪੁੱਛਦਾ ਹਾਂ, "ਕੀ ਗਵਾਇਆ ਸੀ ਮਾਂ ਤੇ ਜਗਤਾਰ ਨੇ ਕਿਸੇ ਦਾ?" ਉਨ੍ਹਾਂ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਭਰ ਆਈਆਂ। ਦਵਿੰਦਰ ਨੇ ਇਕ ਲੰਮਾ ਹੌਂਕਾ ਭਰਿਆ ਤੇ ਮੇਰੇ ਮੋਢੇ ਨਾਲ ਆਪਣਾ ਸਿਰ ਲਾ ਦਿੱਤਾ। ਸ਼ਾਇਦ ਉਹ ਮੇਰੇ ਵਰਗੇ ਨਿਆਸਰੇ 'ਚੋਂ ਵੀ ਕੋਈ ਆਸਰਾ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਫੇਰ ਉਹਨੇ ਬੜੀ ਹੀ ਪੀੜਤ ਜਿਹੀ ਆਵਾਜ਼ 'ਚ ਕਿਹਾ, "ਆਪਾਂ ਉਨ੍ਹਾਂ ਦੀਆਂ ਲਾਸ਼ਾਂ ਘਰ ਨਾ ਲੈ ਆਈਏ?" ਤੇ ਉਹ ਰੋਣ ਲੱਗ ਪਈ। ਮੈਂ ਉਹਦੇ ਅੱਥਰੂ ਵੀ ਪੂੰਝੇ ਤੇ ਵਰਾਇਆ ਵੀ ਪਰ ਮੈਨੂੰ ਪਤਾ ਸੀ ਕਿ ਇਹ ਸਭ ਕੁਝ ਬੜਾ ਥੋੜ੍ਹਾ ਸੀ। ਮੈਂ ਵੀ ਕੁਝ ਏਦਾਂ ਦਾ ਤੇ ਉਨ੍ਹਾਂ ਬਾਰੇ ਹੀ ਸੋਚ ਰਿਹਾ ਸੀ। ਸ਼ਾਇਦ ਇਸੇ ਲਈ ਝੱਟ ਹਾਮੀ ਭਰ ਦਿੱਤੀ। ਅਸਾਂ ਦੋਹਾਂ ਨੇ ਇਕ ਅਲਾਣਾ ਮੰਜਾ ਚੁੱਕਿਆ ਤੇ ਲਾਸ਼ਾਂ ਵਲ ਨੂੰ ਹੋ ਤੁਰੇ। ਅਸੀਂ ਲਾਸ਼ਾਂ ਦੁਆਲੇ ਫਿਰਦੇ ਕੁੱਤਿਆਂ ਨੂੰ ਸ਼ਿਸ਼ਕਾਰਿਆ। ਦਵਿੰਦਰ ਨੇ ਲਾਸ਼ਾਂ ਦੇ ਸਿਰਹਾਣੇ ਬਹਿ ਕੇ ਦੋਹਾਂ ਦੇ ਮੂੰਹ ਨੂੰ ਚੁੰਨੀ ਨਾਲ ਸਾਫ ਕੀਤਾ ਤੇ ਫੇਰ ਕਿੰਨਾ ਚਿਰ ਜਗਤਾਰ ਦਾ ਮੱਥਾ ਚੁੰਮਦੀ ਰਹੀ। ਮੈਂ ਵੇਖਿਆ, ਉਹਦੇ ਵਗਦੇ ਅੱਥਰੂਆਂ ਨਾਲ ਜਗਤਾਰ ਦੇ ਮੱਥੇ ਤੇ ਰਹਿ ਗਏ ਲਹੂ ਦੇ ਧੱਬੇ, ਖੁਰ-ਖੁਰ ਕੇ ਜਗਤਾਰ ਦੀਆਂ ਖੁੱਲ੍ਹੀਆਂ ਅੱਖਾਂ ਵਿਚ ਪੈ ਰਹੇ ਸਨ। ਉਹ ਝੱਲਿਆਂ ਵਾਂਗ ਸਿਰ ਮਾਰਦੀ ਕਹਿਣ ਲੱਗੀ, "ਵੇਖ ਕੁਲਦੀਪ ਕਿੰਨੀਆਂ ਗੋਲੀਆਂ ਦੇ ਨਿਸ਼ਾਨ ਨੇ ਇਨ੍ਹਾਂ ਦੇ ਜਿਸਮਾਂ 'ਤੇ।" ਮੈਂ ਕਿਹਾ, "ਨਿਸ਼ਾਨਾਂ ਨੂੰ ਗਿਣ ਕੇ ਕੀ ਕਰਾਂਗੇ ਜਦੋਂ ਕਿ ਇਨ੍ਹਾਂ ਦਾ ਨਾਮੋ-ਨਿਸ਼ਾਨ ਹੀ ਨਹੀਂ ਰਿਹਾ। ਉਠ, ਲਾਸ਼ਾਂ ਨੂੰ ਮੰਜੇ 'ਤੇ ਰੱਖੀਏ।" ਮੈਂ ਉਹਦਾ ਮੋਢਾ ਥਾਪੜਿਆ। ਅਸੀਂ ਵਾਰੀ-ਵਾਰੀ, ਦੋਂਹ ਫੇਰਿਆਂ 'ਚ ਦੋਵੇਂ ਲਾਸ਼ਾਂ ਘਰ ਲੈ ਆਏ। ਬਰਫ਼ ਤਾਂ ਏਸ ਵੇਲੇ ਕਿਤਿਓਂ ਵੀ ਨਹੀਂ ਸੀ ਲੱਭ ਸਕਣੀ। ਅਸਾਂ ਕੂਲਰ ਦਾ ਮੂੰਹ ਲਾਸ਼ਾਂ ਵਲ ਕਰਕੇ ਉਨ੍ਹਾਂ ਨੂੰ ਚਿੱਟੀਆਂ ਚਾਦਰਾਂ ਨਾਲ ਢਕ ਦਿੱਤਾ। ਸ਼ਾਇਦ ਅਸੀਂ ਇਸ ਤੋਂ ਵੱਧ ਕੁਝ ਵੀ ਨਹੀਂ ਸੀ ਕਰ ਸਕਦੇ।
ਇਕੇ ਹੀ 'ਵਾਸ਼ ਬੇਸਨ' 'ਤੇ ਅਸੀਂ ਦੋਵੇਂ ਲਹੂ ਨਾਲ ਲਿਬੜੇ ਹੱਥ ਧੋ ਰਹੇ ਸਾਂ ਕਿ ਦਵਿੰਦਰ ਨੇ ਹੌਲੀ ਜਿਹੀ ਪੁੱਛਿਆ, "ਤੂੰ ਇਕ ਵਾਰ, ਆਪਣੀ ਨਿੱਕੇ ਹੁੰਦਿਆਂ ਦੀ ਕੋਈ ਪਹਾੜਾਂ ਦੀ ਗੱਲ ਸੁਣਾਇਆ ਕਰਦਾ ਸੀ, ਯਾਦ ਆ ਤੈਨੂੰ? ਜੇ ਯਾਦ ਆਵੇ ਤਾਂ ਸੁਣਾ ਸ਼ਾਇਦ ਮੈਨੂੰ ਕੋਈ ਆਸਰਾ ਜਿਹਾ ਮਿਲੇ।"
ਮੈਨੂੰ ਪਤਾ ਸੀ ਕਿ ਉਹ ਕਿਹੜੀ ਗੱਲ ਦਾ ਜ਼ਿਕਰ ਕਰ ਰਹੀ ਸੀ। ਮੈਂ ਇਕਦਮ ਪੁੱਛਿਆ, "ਉਹ ਪਾਲਕ ਦੇ ਬੂਟੇ ਵਾਲੀ?" ਉਨ੍ਹੇ ਬੜਾ ਹੀ ਲਮਕਾ ਕੇ ਕਿਹਾ 'ਹਾਂ...ਅ....ਬਿਲਕੁਲ ਉਹੀ।' ਮੈਂ ਬੜਾ ਹੀ ਹੈਰਾਨ ਸਾਂ ਕਿ ਉਹਨੂੰ ਏਸ ਵੇਲੇ ਇਹ ਗੱਲ ਯਾਦ ਕਿਵੇਂ ਆ ਗਈ? ਸ਼ਾਇਦ ਜ਼ਿਆਦਾ ਹੈਰਾਨੀ ਮੈਨੂੰ ਇਸ ਕਰਕੇ ਵੀ ਹੋ ਰਹੀ ਸੀ ਕਿ ਠੀਕ ਇਸੇ ਵੇਲੇ, ਇਸ ਵਹਿਸ਼ਤ ਦੇ ਜ਼ਖਮਾਂ 'ਤੇ, ਮੈਂ ਉਨ੍ਹਾਂ ਪਲਾਂ ਨੂੰ ਯਾਦ ਕਰਕੇ, ਜਿਵੇਂ ਉਸ ਪਾਲਕ ਦੇ ਬੂਟੇ ਦੀ ਹੀ ਮਲ੍ਹਮ ਲਾ ਰਿਹਾ ਸਾਂ ਤੇ ਮੈਨੂੰ ਥੋੜ੍ਹਾ ਆਰਾਮ ਮਹਿਸੂਸ ਹੋ ਰਿਹਾ ਸੀ। ਉਹਦੇ ਯਾਦ ਕਰਵਾਉਣ 'ਤੇ, ਮੈਨੂੰ ਹੋਰ ਵੀ ਚੰਗੀ ਤਰ੍ਹਾਂ ਯਾਦ ਆਇਆ ਕਿ ਇਕ ਵਾਰ ਮੈਂ ਛੋਟੇ ਹੁੰਦਿਆਂ, ਛੁੱਟੀਆਂ 'ਚ ਆਪਣੇ ਮਾਂ ਬਾਪ ਨਾਲ ਪਹਾੜਾਂ 'ਤੇ ਘੁੰਮਣ-ਫਿਰਨ ਗਿਆ ਸਾਂ। ਉਥੇ ਖੱਡਾਂ 'ਚ ਖੇਡਦਿਆਂ-ਮੱਲਦਿਆਂ, ਬਿੱਛੂ ਬੂਟੀ ਲੜ ਜਾਣੀ। ਜਿਥੇ ਵੀ ਇਹ ਲੜਦੀ, ਜਿਸਮ ਧੱਫੜੋ-ਧੱਫੜੀ ਹੋ ਜਾਂਦਾ ਤੇ ਧੱਫੜਾਂ ਵਾਲੀ ਥਾਂ 'ਚੋਂ ਸਾੜ ਜਿਹਾ ਨਿਕਲਣ ਲੱਗ ਪੈਂਦਾ। ਫੇਰ ਕਿਸੇ ਨੇ ਦੱਸਿਆ ਕਿ ਬਿੱਛੂ ਬੂਟੀ ਦੇ ਝੁੰਡ ਦੇ ਲਾਗੇ ਬੰਨੇ ਹੀ ਕੋਈ ਨਾ ਕੋਈ ਪਹਾੜੀ ਪਾਲਕ ਦਾ ਇਕ ਅੱਧਾ ਬੂਟਾ ਵੀ ਜ਼ਰੂਰ ਹੁੰਦਾ ਹੈ। ਇਸਦੇ ਪੱਤੇ ਨੂੰ ਤੋੜ ਕੇ, ਧੱਫੜਾਂ ਵਾਲੀ ਥਾਂ 'ਤੇ ਮਲ ਲਈਏ ਤਾਂ ਸਾਰੇ ਹੀ ਧੁਖਦੇ ਧੱਫੜ ਇਕਦਮ ਸ਼ਾਂਤ ਹੋ ਜਾਂਦੇ ਨੇ।
ਮੇਰੀ ਗੱਲ ਸੁਣ ਕੇ ਉਹਨੇ ਮੇਰੇ ਗਿੱਲੇ ਹੱਥਾਂ ਨੂੰ ਆਪਣੇ ਗਿੱਲੇ ਹੱਥਾਂ 'ਚ ਘੁੱਟਦਿਆਂ ਕਿਹਾ, "ਕੁਲਦੀਪ ਮੈਨੂੰ ਅੱਜ ਵੀ ਲੱਗਦਾ ਕਿ ਨਫਰਤ ਦੀ ਬਿੱਛੂ ਬੂਟੀ ਬੌਤ੍ਹ ਹੈ ਤੇ ਪਿਆਰ ਦੀ ਪਾਲਕ ਦਾ ਬੂਟਾ ਸ਼ਾਇਦ ਤੇਰੇ ਵਾਂਗ, ਕਿਤੇ ਵਿਰਲਾ ਟਾਂਵਾਂ।" ਉਹ ਰੋਣ ਵਰਗੀ ਅਵਸਥਾ ਵਿਚ ਸੀ। ਮੈਂ ਉਹਦੀਆਂ ਅੱਖਾਂ ਵਿਚ ਵੇਖਿਆ। ਉਹ ਅੱਥਰੂਆਂ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਉਹਨੇ ਕਿਹਾ, "ਅੱਜ ਮੇਰਾ ਸਾਰਾ ਜਿਸਮ, ਬਿੱਛੂ ਬੂਟੀ ਨਾਲ ਵਲੂੰਧਰਿਆ ਤੇ ਧੱਫੜੋ-ਧੱਫੜੀ ਹੋਇਆ ਪਿਆ ਹੈ।" ਇੰਜ ਲੱਗਾ ਜਿਵੇਂ ਉਹ ਬੋਲ ਨਹੀਂ ਸੀ ਰਹੀ ਸਗੋਂ ਕਿਸੇ ਪੀੜ ਨਾਲ ਕਰਾਹ ਰਹੀ ਸੀ। ਉਹਨੇ ਕੁਰਲਾਹਟ ਵਾਂਗ ਹੀ ਕਿਹਾ, "ਤੂੰ ਸੋਚ ਵੀ ਨਹੀਂ ਸਕਦਾ ਕਿ ਉਹਨੇ ਮੈਨੂੰ ਕਿੱਦਾਂ ਕੋਹਿਆ? ਉਹ ਆਪਣੀ ਗਾਤਰੇ ਵਾਲੀ ਕਿਰਪਾਨ ਕੱਢ ਕੇ ਕਹਿਣ ਲੱਗਾ, ਮੈਂ ਇਹਦੇ ਨਾਲ ਤੇਰੀ ਛਾਤੀ 'ਤੇ ਆਪਣਾ ਨਾਂ ਲਿਖਣਾ ਚਾਹੁੰਦਾਂ...।"
ਮੈਂ ਸੁਣ ਕੇ ਜਿਵੇਂ ਪੂਰੇ ਦਾ ਪੂਰਾ ਹਲੂਣਿਆ ਜਿਹਾ ਗਿਆ ਸਾਂ। ਉਹ ਚਾਨਣ 'ਚ ਮੈਨੂੰ ਆਪਣੇ ਜਿਸਮ ਦੇ ਜ਼ਖਮ ਵਿਖਾਉਣ ਲੱਗ ਪਈ। ਮੈਂ ਵੇਖ ਕੇ ਤ੍ਰਹਿ ਜਿਹਾ ਗਿਆ। ਉਹ ਉਭੇ ਸਾਹ ਜਿਹੇ ਭਰਦੀ ਕਹਿ ਰਹੀ ਸੀ, "ਉਸ ਜ਼ਹਿਰੀਲੇ ਬਿੱਛੂ ਨੇ, ਮੇਰੇ ਸਾਰੇ ਸਰੀਰ ਅੰਦਰ ਜ਼ਹਿਰ ਜਿਹੀ ਭਰ ਦਿੱਤੀ ਏ ਕੁਲਦੀਪ।"
ਉਹਨੇ ਮੇਰਾ ਹੱਥ ਫੜ ਕੇ ਆਪਣੇ ਮੱਥੇ 'ਤੇ ਫੇਰਿਆ। ਮੈਨੂੰ ਉਹਦਾ ਮੱਥਾ ਬੜਾ ਧੁਖਦਾ ਤੇ ਤਪਦਾ ਜਿਹਾ ਲੱਗਾ। ਉਹ ਕਹਿ ਰਹੀ ਸੀ, "ਸਿਰਫ ਮੱਥਾ ਈ ਨਈਂ, ਮੇਰਾ ਸਾਰਾ ਜਿਸਮ ਇਸ ਜ਼ਹਿਰ ਨਾਲ ਧੁਖਦਾ ਤੇ ਤਪਦਾ ਪਿਆ ਏ।" ਉਹਨੇ ਇਕ ਲੰਮਾ ਸਾਹ ਲੈਂਦਿਆਂ ਕਿਹਾ, "ਇਸ ਵੇਲੇ ਮੈਨੂੰ ਵੀ ਇਕ ਪਾਲਕ ਦਾ ਬੂਟਾ ਚਾਹੀਦਾ ਏ।" ਮੈਂ ਉਹਦਾ ਧੁਖਦਾ ਮੱਥਾ ਚੁੰਮਿਆ, ਪੀੜ ਨਾਲ ਭਰੀਆਂ ਅੱਖਾਂ ਚੁੰਮੀਆਂ ਤੇ ਫੇਰ ਤਪਦੇ ਬੁੱਲ੍ਹਾਂ ਨੂੰ ਇੰਜ ਚੁੰਮਿਆ ਜਿਵੇਂ ਮੈਂ ਉਹਦੇ ਅੰਦਰ ਫੈਲ ਗਈ ਸਾਰੀ ਜ਼ਹਿਰ ਨੂੰ ਡੀਕ ਲਾ ਕੇ ਚੂਸ ਜਾਣਾ ਹੋਵੇ। ਮੈਂ ਉਹਦੀ ਕੁਰਲਾਹਟ, ਹੌਲੀ-ਹੌਲੀ ਮੁਸਕਰਾਹਟ ਵਿਚ ਬਦਲਦੀ ਵੇਖੀ। ਮੈਨੂੰ ਇਹ ਮੁਸਕਰਾਹਟ ਉਂਜ ਦੀ ਲੱਗੀ ਜਿਵੇਂ ਬਿੱਛੂ ਬੂਟੀ ਦੇ ਪੱਛੇ ਸਰੀਰ 'ਤੇ ਪਾਲਕ ਦਾ ਬੂਟਾ ਮਲਦਿਆਂ, ਮੇਰੇ ਬਚਪਨ ਦੇ ਪੀੜਾਂ ਭਰੇ ਹੋਠਾਂ 'ਤੇ ਆ ਜਾਇਆ ਕਰਦੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com