Panchan Vich Parmeshar (Punjabi Story) : Iqbal Singh Hamjapur

ਪੰਚਾਂ ਵਿੱਚ ਪਰਮੇਸ਼ਰ (ਕਹਾਣੀ) : ਇਕਬਾਲ ਸਿੰਘ ਹਮਜਾਪੁਰ

ਸੁਰਜਣ ਸਿੰਘ ਵਰਾਂਡੇ ਵਿੱਚ ਬੈਠਾ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਬਚਨ ਕੌਰ ਤੇ ਉਸ ਦੀ ਨੂੰਹ ਸੁਖਜੀਤ ਉੱਠ ਕੇ ਚੌਕੇ-ਚੁੱਲ੍ਹੇ ਦੇ ਕੰਮ ਜਾ ਲੱਗੀਆਂ ਸਨ ਪਰ ਗੁਰਮੁਖ ਅਜੇ ਸੁੱਤਾ ਪਿਆ ਸੀ। ਗੁਰਮੁਖ ਹਰਿਆਣੇ ਦੇ ਝੱਜਰ ਜ਼ਿਲ੍ਹੇ ਵਿੱਚ ਨੌਕਰੀ ਕਰਦਾ ਹੈ। ਝੱਜਰ ਤੋਂ ਕੋਟਕਪੂਰੇ ਦਾ ਲੰਮਾ ਸਫ਼ਰ ਤੈਅ ਕਰ ਕੇ ਉਹ ਰਾਤੀਂ ਘਰ ਆਇਆ ਹੈ। ਕੁਝ ਥਕਾਵਟ ਹੋਣ ਕਰਕੇ ਤੇ ਕੁਝ ਰਾਤੀਂ ਦੇਰ ਨਾਲ ਸੌਣ ਕਰਕੇ ਉਸ ਦੀ ਅਜੇ ਤਕ ਅੱਖ ਨਹੀਂ ਸੀ ਖੁੱਲ੍ਹੀ। ਉਂਜ ਵੀ ਜਿਸ ਦਿਨ ਛੱੁਟੀ ਹੋਵੇ ਤੇ ਕਿਧਰੇ ਬਾਹਰ ਨਾ ਜਾਣਾ ਹੋਵੇ, ਉਸ ਦਿਨ ਉਹ ਆਰਾਮ ਨਾਲ ਹੀ ਉੱਠਦਾ ਹੈ।
ਗੁਰਮੁਖ ਨੇ ਅਜੇ ਘੰਟਾ ਅੱਧਾ ਘੰਟਾ ਹੋਰ ਸੌਣਾ ਸੀ ਪਰ ਚੌਕੀਦਾਰ ਨੇ ਦਰਵਾਜ਼ੇ ’ਤੇ ਆ ਕੇ ਉਸ ਦਾ ਨਾਂ ਲੈ ਕੇ ਆਵਾਜ਼ ਮਾਰੀ ਤੇ ਬਿਨਾਂ ਕੋਈ ਜਵਾਬ ਉਡੀਕੇ ਉਹ ਅੰਦਰ ਲੰਘ ਆਇਆ। ਚੌਕੀਦਾਰ ਦੇ ਪਿੱਛੇ-ਪਿੱਛੇ ਥਾਣੇਦਾਰ ਸਮੇਤ ਪੁਲੀਸ ਦੇ ਕਿੰਨੇ ਸਿਪਾਹੀ ਦਗੜ-ਦਗੜ ਕਰਦੇ ਅੰਦਰ ਆਣ ਵੜੇ। ਚੌਕੀਦਾਰ ਨਾਲ ਆਈ ਪੁਲੀਸ ਵਿੱਚ ਚਾਰ ਸਿਪਾਹੀ ਹਰਿਆਣਾ ਪੁਲੀਸ ਦੇ ਵੀ ਸਨ। ਸਿਪਾਹੀਆਂ ਨੇ ਆਉਂਦੇ ਸਾਰ ਥਾਣੇਦਾਰ ਦੇ ਹੁਕਮ ਨਾਲ ਗੁਰਮੁਖ ਦੇ ਮੰਜੇ ਨੂੰ ਘੇਰਾ ਪਾ ਲਿਆ। ਉਹ ਉਸ ਨੂੰ ਫੜਨ ਆਏ ਸਨ ਤੇ ਬਿਨਾਂ ਕਿਸੇ ਨੂੰ ਪੱੁਛਿਆਂ ਉਨ੍ਹਾਂ ਨੇ ਹਿਸਾਬ ਲਾ ਲਿਆ ਸੀ ਕਿ ਮੰਜੇ ’ਤੇ ਸੁੱਤਾ ਪਿਆ ਨੌਜਵਾਨ ਗੁਰਮੁਖ ਹੀ ਹੈ।
ਆਪਣੇ ਮੰਜੇ ਦੇ ਚਾਰ-ਚੁਫ਼ੇਰੇ ਪੁਲੀਸ ਵੇਖ ਕੇ ਗੁਰਮੁਖ ਅਬੜਵਾਹਿਆ ਉਠਿਆ। ਸਾਰੇ ਟੱਬਰ ਨੂੰ ਭਾਜੜ ਪੈ ਗਈ। ਸਿਪਾਹੀਆਂ ਨੇ ਬਿਨਾਂ ਕਿਸੇ ਨੂੰ ਪੁੱਛਿਆਂ ਉਸ ਨੂੰ ਹੱਥਕੜੀ ਲਾ ਲਈ ਤੇ ਥਾਣੇ ਦੇ ਰਾਹ ਪਾ ਲਿਆ।

‘‘ਜਨਾਬ ਸਾਡਾ ਕਸੂਰ ਤਾਂ ਦੱਸੋ? ਤੁਸੀਂ ਮੁੰਡੇ ਨੂੰ ਕਿਸ ਜੁਰਮ ਵਿੱਚ ਫੜ ਕੇ ਲੈ ਚੱਲੇ ਹੋ।’’ ਤੁਰੇ ਜਾਂਦੇ ਥਾਣੇਦਾਰ ਦੇ ਅੱਗੇ ਹੋ ਕੇ ਸੁਰਜਣ ਨੇ ਪੁੱਛਿਆ। ਪੁਲੀਸ ਨੂੰ ਵੇਖ ਕੇ ਉਹ ਡਰ ਗਿਆ ਸੀ ਤੇ ਪਾਠ ਵਿੱਚੇ ਛੱਡ ਕੇ ਉੱਠ ਆਇਆ ਸੀ।
‘‘ਬਾਪੂ ਤੇਰਾ ਮੁੰਡਾ ਹਰਿਆਣੇ ਵਿੱਚ ਨੌਕਰੀ ਕਰਦਾ ਏ ਨਾ। ਬਸ ਥੋੜ੍ਹੀ ਪੁੱਛਗਿੱਛ ਕਰਨੀ ਏ। ਪੁੱਛਗਿੱਛ ਕਰ ਕੇ ਛੱਡ ਜਾਵਾਂਗੇ।’’ ਥਾਣੇਦਾਰ ਨੇ ਆਖਿਆ ਤੇ ਸਿਪਾਹੀਆਂ ਨੇ ਗੁਰਮੁਖ ਨੂੰ ਗਲੀ ’ਚ ਖੜ੍ਹੀ ਜੀਪ ਵਿੱਚ ਸੁੱਟ ਲਿਆ।
ਥਾਣੇਦਾਰ ਦਾ ਜਵਾਬ ਸੁਣ ਕੇ ਸੁਰਜਣ ਸਿੰਘ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਪੁਲੀਸ ਨੇ ਗੁਰਮੁਖ ਤੋਂ ਕੀ ਪੁੱਛਗਿੱਛ ਕਰਨੀ ਹੈ। ਰਾਤੀਂ ਉਸ ਨੇ ਟੀ.ਵੀ. ਦੀਆਂ ਖ਼ਬਰਾਂ ਵਿੱਚ ਸੁਣ ਲਿਆ ਸੀ ਕਿ ਝੱਜਰ ਕਸਬੇ ਕੋਲ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਨੂੰ ਅਤਿਵਾਦੀਆਂ ਨੇ ਘੇਰ ਲਿਆ ਸੀ ਤੇ ਉਨ੍ਹਾਂ ਨੇ ਬੱਸ ਨੂੰ ਫੂਕ ਦਿੱਤਾ ਸੀ। ਗੁਰਮੁਖ ਹਰਿਆਣੇ ਵਿੱਚ ਝੱਜਰ ਕੋਲ ਕਿਸ਼ਨਗੜ੍ਹ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੌਕਰੀ ਕਰਦਾ ਸੀ ਤੇ ਉਹ ਪਿੰਡ ਦੇ ਸਕੂਲ ਵਿੱਚ ਹੀ ਰਹਿੰਦਾ ਸੀ। ਝੱਜਰ ਦੇ ਬਿਲਕੁਲ ਨੇੜੇ ਵਾਰਦਾਤ ਹੋਣ ਕਰਕੇ ਕਿਸੇ ਅਣਹੋਣੀ ਘਟਨਾ ਤੋਂ ਡਰਦਾ ਉਹ ਰਾਤੀਂ ਜਨਤਾ ਐਕਸਪ੍ਰੈਸ ਰਾਹੀਂ ਪਿੰਡ ਆ ਗਿਆ ਸੀ ਪਰ ਹਰਿਆਣਾ ਪੁਲੀਸ ਸ਼ੱਕ ਮੂਜਬ ਇੱਥੇ ਕੋਟਕਪੂਰੇ ਕੋਲ ਉਸ ਦੇ ਪਿੰਡ ਭੂੰਦੜ ਪਹੁੰਚ ਉਸ ਨੂੰ ਚੁੱਕ ਕੇ ਲੈ ਗਈ ਸੀ।

ਪੁਲੀਸ ਦੇ ਗੁਰਮੁਖ ਨੂੰ ਚੁੱਕ ਕੇ ਲੈ ਜਾਣ ਮਗਰੋਂ ਸੁਰਜਣ ਸਿੰਘ ਦੇ ਪਰਿਵਾਰ ਨੂੰ ਸੁੱਝ ਨਹੀਂ ਰਿਹਾ ਸੀ ਕਿ ਹੁਣ ਉਹ ਕੀ ਕਰਨ? ਉਨ੍ਹਾਂ ਸ਼ੱਕ ਵਿੱਚ ਫਸੇ ਤੇ ਪੁੱਛਗਿੱਛ ਖ਼ਾਤਰ ਪੁਲੀਸ ਵੱਲੋਂ ਚੁੱਕੇ ਲੋਕਾਂ ਦੇ ਉੱਜੜੇ ਘਰ ਵੇਖੇ ਸਨ। ਤਫ਼ਤੀਸ਼ ਲਈ ਪੁਲੀਸ ਕੋਲ ਗਏ ਕਿੰਨੇ ਹੀ ਨੌਜਵਾਨ ਅੱਜ ਤੀਕ ਮੁੜੇ ਨਹੀਂ ਸਨ। ਪੁਲੀਸ ਦੇ ਤਸ਼ੱਦਦ ਬਾਰੇ ਸੋਚ ਕੇ ਬਚਨ ਕੌਰ ਤੇ ਸੁਖਜੀਤ ਰੋਣ ਬਹਿ ਗਈਆਂ। ਸੁਰਜਣ ਸਿੰਘ ਵੀ ਜਪੁਜੀ ਸਾਹਿਬ ਦਾ ਗੁਟਕਾ ਦੋਵਾਂ ਹੱਥਾਂ ਵਿੱਚ ਲੈ ਕੇ ਅਰਦਾਸ ਕਰਨ ਲੱਗਾ।
‘‘ਹੇ ਸੱਚੇ ਪਾਤਸ਼ਾਹ! ਭਲੀ ਕਰੀਂ। ਵਸਦਿਆਂ ਵਿੱਚ ਰਹਿਣ ਦੇਵੀਂ।’’ ਇਹ ਆਖਦਿਆਂ ਉਹ ਅਤੀਤ ਵਿੱਚ ਗੁਆਚ ਗਿਆ।

ਅੱਜ ਤੋਂ ਚਾਰ ਸਾਲ ਪਹਿਲਾਂ ਗੁਰਮੁਖ ਦੀ ਹਰਿਆਣੇ ਵਿੱਚ ਨੌਕਰੀ ਲੱਗੀ ਸੀ ਤਾਂ ਸੁਰਜਣ ਸਿੰਘ ਤੇ ਬਚਨ ਕੌਰ ਨੇ ਬਥੇਰਾ ਵਾਸਤਾ ਪਾਇਆ ਸੀ ਕਿ ਮੁਲਕ ਦੇ ਹਾਲਾਤ ਚੰਗੇ ਨਹੀਂ ਹਨ। ਬਿਗਾਨੇ ਲੋਕਾਂ ਵਿੱਚ ਜਾ ਕੇ ਨੌਕਰੀ ਕਰਨ ਨਾਲੋਂ ਇੱਥੇ ਮਜ਼ਦੂਰੀ ਕਰ ਲੈਣੀ ਚਾਹੀਦੀ ਹੈ।

‘‘ਬਾਪੂ ਸਰਕਾਰੀ ਨੌਕਰੀਆਂ ਕਿਸਮਤ ਨਾਲ ਮਿਲਦੀਆਂ ਹਨ। ਨਾਲੇ ਆਪਣੇ ਕੋਲ ਕਿਹੜਾ ਏਨੀ ਖੁੱਲ੍ਹੀ ਜ਼ਮੀਨ ਏ ਕਿ ਨੌਕਰੀ ਛੱਡਿਆਂ ਗੁਜ਼ਾਰਾ ਹੋ ਜਾਊ।’’ ਇਹ ਆਖ ਕੇ ਗੁਰਮੁਖ ਨੇ ਉਦੋਂ ਸੁਰਜਣ ਸਿੰਘ ਨੂੰ ਲਾਜਵਾਬ ਕਰ ਦਿੱਤਾ ਸੀ। ਉਦੋਂ ਗੁਰਮੁਖ ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਗੁਰਮੁਖ ਨੂੰ ਸੁਖਜੀਤ ਨੇ ਵੀ ਹਰਿਆਣੇ ਵਿੱਚ ਨਾ ਜਾਣ ਲਈ ਆਖਿਆ ਸੀ ਪਰ ਉਹ ਨਹੀਂ ਮੰਨਿਆ ਸੀ। ਬਾਅਦ ਵਿੱਚ ਕਿਸ਼ਨਗੜ੍ਹ ਪਿੰਡ ਦੇ ਜਾਟਾਂ ਦੇ ਮੋਹ ਨੇ ਸੁਰਜਣ ਸਿੰਘ ਦੇ ਪਰਿਵਾਰ ਨੂੰ ਸਭ ਕੁਝ ਭੁਲਾ ਦਿੱਤਾ ਸੀ। ਗੁਰਮੁਖ ਰਹਿੰਦਾ ਭਾਵੇਂ ਪਿੰਡ ਦੇ ਸਕੂਲ ਵਿੱਚ ਸੀ ਪਰ ਕਿਸ਼ਨਗੜ੍ਹ ਦੇ ਜਾਟਾਂ ਨੇ ਉਸ ਨੂੰ ਕਦੇ ਰੋਟੀ ਨਹੀਂ ਪਕਾਉਣ ਦਿੱਤੀ ਸੀ। ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਵਾਰੀ ਸਿਰ ਘਰੋਂ ਉਸ ਲਈ ਰੋਟੀ ਲੈ ਆਉਂਦੇ ਸਨ। ਸਵੇਰੇ ਨਾਸ਼ਤਾ ਵੀ ਬੱਚੇ ਲੈ ਆਉਂਦੇ ਸਨ। ਪਿੰਡ ਦਾ ਹਰ ਜੀਅ ਗੁਰਮੁਖ ਨਾਲ ਮੋਹ ਕਰਦਾ ਅਤੇ ਮਾਸਟਰਾਂ ਵਾਲਾ ਬਣਦਾ ਸਤਿਕਾਰ ਦਿੰਦਾ ਸੀ। ਫਿਰ ਵੀ ਪਤਾ ਨਹੀਂ ਕਿਉਂ ਗੁਰਮੁਖ ਇੱਥੇ ਡਰਦਾ ਹੀ ਰਹਿੰਦਾ ਸੀ। ਜਦੋਂ ਵੀ ਉਹ ਪਿੰਡ ਆਉਂਦਾ ਸੀ ਤਾਂ ਸੁਖਜੀਤ ਨਾਲ ਜਾਣ ਲਈ ਤਿਆਰ ਹੋ ਬਹਿੰਦੀ ਸੀ ਪਰ ਡਰ ਕਾਰਨ ਉਹ ਸੁਖਜੀਤ ਨੂੰ ਅਜੇ ਤਕ ਕਿਸ਼ਨਗੜ੍ਹ ਲੈ ਕੇ ਨਹੀਂ ਗਿਆ ਸੀ। ਕਿਧਰੇ ਮਾੜੀ-ਮੋਟੀ ਵੀ ਵਾਰਦਾਤ ਹੁੰਦੀ, ਉਹ ਬਿਨਾਂ ਕਿਸੇ ਨੂੰ ਦੱਸਿਆਂ ਆਪਣਾ ਬੈਗ ਚੁੱਕ ਕੇ ਪਿੰਡ ਆ ਜਾਂਦਾ ਸੀ। ਛੁੱਟੀਆਂ ਦੀ ਉਸ ਨੇ ਕਦੇ ਪਰਵਾਹ ਨਹੀਂ ਕੀਤੀ ਸੀ। ਕੱਲ੍ਹ ਵੀ ਕਿਸ਼ਨਗੜ੍ਹ ਨੇੜੇ ਹੋਈ ਵਾਰਦਾਤ ਸੁਣ ਕੇ ਉਹ ਪਿੰਡ ਆ ਗਿਆ ਸੀ ਪਰ ਪੁਲੀਸ ਨੇ ਉਸ ਨੂੰ ਇੱਥੇ ਵੀ ਨਹੀਂ ਛੱਡਿਆ ਸੀ।
ਪੁਲੀਸ ਦੁਆਰਾ ਗੁਰਮੁਖ ਨੂੰ ਚੁੱਕੇ ਜਾਣ ਦੀ ਖ਼ਬਰ ਹੁਣ ਤਕ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ ਸੀ ਤੇ ਸਾਰਾ ਪਿੰਡ ਸੁਰਜਣ ਦੇ ਘਰ ਇਕੱਠਾ ਹੋ ਗਿਆ।
ਸੁਰਜਣ ਸਿੰਘ ਨੂੰ ਗੁੰਮਸੁੰਮ ਬੈਠਾ ਵੇਖ ਕੇ ਸਰਪੰਚ ਅੱਗੇ ਹੋਇਆ। ‘‘ਹੁਣ ਚੁੱਪ ਬੈਠਿਆਂ ਨਹੀਂ ਸਰਨਾ। ਚੱਲ ਪੰਚਾਇਤ ਲੈ ਕੇ ਥਾਣੇ ਚਲਦੇ ਹਾਂ,’’ ਸਰਪੰਚ ਨੇ ਸੁਰਜਣ ਸਿੰਘ ਦੇ ਮੋਢੇ ’ਤੇ ਹੱਥ ਧਰਦਿਆਂ ਆਖਿਆ ਤੇ ਉਹ ਸੁਰਜਣ ਸਿੰਘ ਸਮੇਤ ਪੰਚਾਇਤ ਲੈ ਕੇ ਕੋਟਕਪੂਰੇ ਥਾਣੇ ਪਹੁੰਚ ਗਿਆ।
‘‘ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਨੌਜਵਾਨ ਗੁਰਮੁਖ ਸਿੰਘ ਹਰਿਆਣੇ ਵਿੱਚ ਨੌਕਰੀ ਕਰਦਾ ਹੈ। ਹਰਿਆਣੇ ਦੀ ਪੁਲੀਸ ਨੇ ਉਸ ਕੋਲੋਂ ਕੋਈ ਪੁੱਛਗਿੱਛ ਕਰਨੀ ਹੈ। ਇਸ ਲਈ ਹਰਿਆਣਾ ਪੁਲੀਸ ਸਾਡੇ ਕੋਲੋਂ ਉਸ ਨੂੰ ਲੈ ਗਈ ਹੈ। ਪੁੱਛਗਿੱਛ ਕਰ ਕੇ ਆਪੇ ਛੱਡ ਜਾਵੇਗੀ। ਡਰਨ ਤੇ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ।’’ ਥਾਣੇਦਾਰ ਨੇ ਦੱਸਿਆ ਤੇ ਸਰਪੰਚ ਸਮੇਤ ਸਾਰੀ ਪੰਚਾਇਤ ਉੱਠ ਕੇ ਪਿੰਡ ਆ ਗਈ।

ਥਾਣੇਦਾਰ ਦੇ ਦੱਸਣ ਮੁਤਾਬਕ ਹਰਿਆਣਾ ਪੁਲੀਸ ਗਰੁਮੁਖ ਨੂੰ ਝੱਜਰ ਦੇ ਥਾਣੇ ਵਿੱਚ ਲੈ ਗਈ ਸੀ। ‘‘ਪੁਲੀਸ ਗੁਰਮੁਖ ਨੂੰ ਝੱਜਰ ਦੀ ਕੋਰਟ ਵਿੱਚ ਪੇਸ਼ ਕਰੇਗੀ ਤੇ ਉੱਥੋਂ ਦੀ ਕੋਰਟ ਵਿੱਚੋਂ ਹੀ ਉਸ ਦੀ ਜ਼ਮਾਨਤ ਹੋ ਸਕਦੀ ਹੈ।’’ ਸੁਰਜਣ ਸਿੰਘ ਨੇ ਹਿਸਾਬ ਲਾਇਆ ਤੇ ਪੰਚਾਇਤ ਨੂੰ ਸਵੇਰੇ ਝੱਜਰ ਥਾਣੇ ਚੱਲਣ ਲਈ ਆਖਿਆ ਪਰ ਗੁਰਮੁਖ ਦੀ ਜ਼ਮਾਨਤ ਕਰਵਾਉਣ ਲਈ ਉੱਥੇ ਜਾਣ ਨੂੰ ਪੰਚਾਇਤ ਦਾ ਕੋਈ ਮੈਂਬਰ ਤਿਆਰ ਨਹੀਂ ਸੀ। ਸੁਰਜਣ ਸਿੰਘ ਇਕੱਲੇ-ਇਕੱਲੇ ਪੰਚਾਇਤ ਮੈਂਬਰ ਦੇ ਘਰ ਗਿਆ। ਕਿਸੇ ਮੈਂਬਰ ਨੇ ਲੰਮੇ ਪੰਧ ਦਾ ਬਹਾਨਾ ਮਾਰਿਆ ਤੇ ਕਿਸੇ ਨੇ ਸਿਹਤ ਢਿੱਲੀ ਹੋਣ ਦਾ। ਪੰਚਾਇਤ ਦਾ ਮੋਹਰੀ ਸਰਪੰਚ ਵੀ ਹੁਣ ਪੱਲਾ ਛੁਡਾ ਗਿਆ। ‘‘ਸੁਰਜਣ ਸਿੰਹਾਂ! ਚਾਰੇ ਪਾਸੇ ਅੱਗ ਲੱਗੀ ਹੋਈ ਹੈ। ਪੰਚਾਇਤ ਲੈ ਕੇ ਜਾਟਾਂ ਦੇ ਗੜ੍ਹ ਵਿੱਚ ਜਾਣਾ ਕੋਈ ਸਿਆਣਪ ਨਹੀਂ ਹੈ। ਇੱਕ ਜਣੇ ਨੂੰ ਪੁਲੀਸ ਦੇ ਪੰਜੇ ਵਿੱਚੋਂ ਕੱਢਦੇ-ਕੱਢਦੇ ਕਿਧਰੇ ਸਾਰੇ ਹੀ ਨਾ ਡੱਕੇ ਜਾਈਏ। ਉਂਜ ਵੀ ਲੋਕ ਹਰਖੇ ਪਏ ਹਨ।’’ ਸਰਪੰਚ ਨੇ ਦਿਲ ਦੀ ਗੱਲ ਦੱਸ ਦਿੱਤੀ ਤੇ ਕੋਈ ਚਾਰਾ ਨਾ ਚੱਲਦਾ ਵੇਖ ਕੇ ਸੁਰਜਣ ਖਾਲੀ ਹੱਥ ਘਰ ਆ ਗਿਆ।
ਘਰ ਆ ਕੇ ਸੁਰਜਣ ਸਿੰਘ ਨੇ ਹੌਲੀ-ਹੌਲੀ ਸਾਰੀ ਕਹਾਣੀ ਬਚਨ ਕੌਰ ਤੇ ਸੁਖਜੀਤ ਨੂੰ ਸੁਣਾ ਦਿੱਤੀ। ਉਨ੍ਹਾਂ ਦੋਵਾਂ ਦੇ ਅੱਥਰੂ ਤਾਂ ਪਹਿਲਾਂ ਹੀ ਥੰਮਣ ਦਾ ਨਾਂ ਨਹੀਂ ਲੈ ਰਹੇ ਸਨ, ਹੁਣ ਹੋਰ ਝੜੀ ਲੱਗ ਗਈ।
‘‘ਹਾਏ ਹੁਣ ਕੀ ਕਰੀਏ ਰੱਬਾ?’’ ਸੁਖਜੀਤ ਨੇ ਮੱਥੇ ਨੂੰ ਹੱਥ ਮਾਰਿਆ ਤੇ ਉਸ ਦੀ ਲੇਰ ਨਿਕਲ ਗਈ। ਬਚਨ ਕੌਰ ਨੇ ਜੱਫੀ ਵਿੱਚ ਲੈ ਕੇ ਉਸ ਨੂੰ ਮਸਾਂ ਚੁੱਪ ਕਰਵਾਇਆ। ਉਂਜ ਅੱਥਰੂ ਉਸ ਦੇ ਵੀ ਡਿੱਗ ਰਹੇ ਸਨ। ਬਾਅਦ ਵਿੱਚ ਕਿੰਨਾ ਚਿਰ ਤਿੰਨਾਂ ਵਿੱਚੋਂ ਕੋਈ ਨਾ ਬੋਲਿਆ।
‘‘ਇੱਕ-ਦੋ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਤੇ ਕਿਸ਼ਨਗੜ੍ਹ ਦੀ ਪੰਚਾਇਤ ਨੂੰ ਕਹਿ ਕੇ ਵੇਖ ਲਈਏ। ਸ਼ਾਇਦ ਉਹ ਪੰਚਾਇਤ ਹੀ ਗੁਰਮੁਖ ਦੀ ਸਫ਼ਾਈ ਦੇ ਦੇਵੇ।’’ ਸੁਰਜਣ ਸਿੰਘ ਨੂੰ ਖ਼ਿਆਲ ਆਇਆ ਤੇ ਕਿਸੇ ਨੂੰ ਦੱਸੇ ਬਿਨਾਂ ਉਹ ਉੱਠ ਕੇ ਗੁਰਮੁਖ ਦੇ ਨਾਨਕਿਆਂ ਵੱਲ ਚਲਾ ਗਿਆ। ਗੁਰਮੁਖ ਦੇ ਨਾਨਕੇ ਭੂੰਦੜ ਨੇੜਲੇ ਪਿੰਡ ਸਲਾਣੀ ਵਿੱਚ ਸਨ। ਸੁਰਜਣ ਸਿੰਘ ਨੇ ਗੁਰਮੁਖ ਦੇ ਦੋਵਾਂ ਮਾਮਿਆਂ ਨੂੰ ਸਾਰੀ ਰਾਮ-ਕਹਾਣੀ ਸੁਣਾਈ। ਸੁਣ ਕੇ ਉਹ ਵੀ ਚਿੰਤਾ ਵਿੱਚ ਡੁੱਬ ਗਏ ਪਰ ਸੁਰਜਣ ਸਿੰਘ ਨਾਲ ਕਿਸ਼ਨਗੜ੍ਹ ਜਾਣ ਦਾ ਉਨ੍ਹਾਂ ਦਾ ਵੀ ਹੌਸਲਾ ਨਾ ਪਿਆ। ਕੁਝ ਦਿਨ ਕੰਮ ਦਾ ਕੱਸ ਹੋਣ ਦਾ ਬਹਾਨਾ ਮਾਰ ਕੇ ਉਨ੍ਹਾਂ ਨੇ ਵੀ ਇੱਕ ਵਾਰ ਉਸ ਨੂੰ ਟਾਲ ਦਿੱਤਾ ਸੀ।
‘‘ਜੇ ਨਾਨਕਿਆਂ ਵਿੱਚੋਂ ਕੋਈ ਜਾਣ ਲਈ ਤਿਆਰ ਨਹੀਂ ਤਾਂ ਫਿਰ ਕੋਈ ਹੋਰ ਰਿਸ਼ਤੇਦਾਰ ਕਿਹੜਾ ਜਾਣ ਲੱਗਾ!’’ ਇਹ ਸੋਚ ਕੇ ਸੁਰਜਣ ਸਿੰਘ ਵਾਪਸ ਘਰ ਆ ਗਿਆ। ਉਸ ਨੇ ਕਿਸੇ ਹੋਰ ਰਿਸ਼ਤੇਦਾਰ ਨੂੰ ਕਹਿਣਾ ਮੁਨਾਸਿਬ ਨਾ ਸਮਝਿਆ ਤੇ ਇਕੱਲੇ ਉਸ ਦਾ ਕਿਸ਼ਨਗੜ੍ਹ ਜਾਣ ਦਾ ਹੌਸਲਾ ਨਾ ਪਿਆ।
‘‘ਜ਼ਨਾਨੀਆਂ ਨੂੰ ਕੋਈ ਕੁਝ ਨਹੀਂ ਆਖਦਾ। ਮੈਂ ਜਾ ਕੇ ਕਿਸ਼ਨਗੜ੍ਹ ਦੀ ਪੰਚਾਇਤ ਨੂੰ ਆਪਣਾ ਦੁੱਖ ਦੱਸਦੀ ਹਾਂ।’’ ਇਹ ਆਖਦਿਆਂ ਸੁਖਜੀਤ ਇਕੱਲੀ ਕਿਸ਼ਨਗੜ੍ਹ ਲਈ ਤਿਆਰ ਹੋਈ ਪਰ ਸੱਸ-ਸੁਹਰੇ ਨੇ ਉ ਸਨੂੰ ਦੇਹਲੀਓਂ ਬਾਹਰ ਪੈਰ ਨਾ ਧਰਨ ਦਿੱਤਾ। ਪੁੱਤ ਤਾਂ ਗੁਆਚਾ ਹੀ ਸੀ, ਹੁਣ ਉਹ ਨੂੰਹ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ।
ਇਸ ਤਰ੍ਹਾਂ ਗੁਰਮੁਖ ਨੂੰ ਰੱਬ ਆਸਰੇ ਛੱਡ ਕੇ ਉਹ ਘਰ ਬਹਿ ਗਏ। ਬਚਨ ਕੌਰ ਤੇ ਸੁਖਜੀਤ ਚੁੱਲ੍ਹੇ-ਚੌਕੇ ਦਾ ਕੰਮ-ਕਾਰ ਤਾਂ ਕਰਦੀਆਂ ਫਿਰਦੀਆਂ ਸਨ ਪਰ ਚੁੱਪ-ਚਾਪ। ਜਿਵੇਂ ਪੱਥਰ ਦੇ ਬੁੱਤ ਤੁਰੇ ਫਿਰਦੇ ਹੋਣ। ਜਦੋਂ ਵੀ ਉਨ੍ਹਾਂ ਨੂੰ ਕੰਮ-ਕਾਰ ਤੋਂ ਵਿਹਲ ਮਿਲਦੀ, ਬਹਿ ਕੇ ਰੋ ਲੈਂਦੀਆਂ ਸਨ। ਹੋਰ ਕਰ ਵੀ ਕੀ ਸਕਦੀਆਂ ਸਨ? ਉਂਜ ਗੁਰਮੁਖ ਦੀ ਉਡੀਕ ਵਿੱਚ ਉਨ੍ਹਾਂ ਦੀ ਅੱਖ ਹਰ ਵੇਲੇ ਬੂਹੇ ’ਤੇ ਹੀ ਲੱਗੀ ਰਹਿੰਦੀ ਸੀ।

ਕੋਟਕਪੂਰੇ ਤੋਂ ਗੁਰਮੁਖ ਨੂੰ ਲੈ ਕੇ ਜਾਣ ਤੋਂ ਬਾਅਦ ਤੀਜੇ ਦਿਨ ਝੱਜਰ ਦੀ ਪੁਲੀਸ ਨੇ ਉਸ ਨੂੰ ਕਚਹਿਰੀ ਵਿੱਚ ਪੇਸ਼ ਕਰ ਕੇ ਸੱਤ ਦਿਨ ਦਾ ਹੋਰ ਰਿਮਾਂਡ ਲੈ ਲਿਆ। ਰਿਮਾਂਡ ’ਚ ਵਧਾ ਕਰਾ ਕੇ ਹੌਲਦਾਰ ਤੇ ਸਿਪਾਹੀ ਗੁਰਮੁਖ ਨੂੰ ਗੱਡੀ ਚੜ੍ਹਾਉਣ ਲੱਗੇ ਸਨ ਕਿ ਕਿਸ਼ਨਗੜ੍ਹ ਦੇ ਰਾਮਚੰਦਰ ਦੀ ਨਿਗ੍ਹਾ ਉਸ ’ਤੇ ਪੈ ਗਈ। ਝੱਜਰ ਦੀ ਤਹਿਸੀਲ ਤੇ ਕਚਹਿਰੀ ਇੱਕੋ ਥਾਂ ਸਨ। ਰਾਮਚੰਦਰ ਤਹਿਸੀਲ ਵਿੱਚ ਜ਼ਮੀਨ ਦੀ ਫ਼ਰਦ ਲੈਣ ਆਇਆ ਸੀ।

ਗੁਰਮੁਖ ਨੂੰ ਪੁਲੀਸ ਦੀ ਗੱਡੀ ਵਿੱਚ ਚੜ੍ਹਦੇ ਨੂੰ ਵੇਖ ਕੇ ਉਹ ਗੱਡੀ ਵੱਲ ਨੂੰ ਭੱਜਿਆ। ਉਹ ਗੁਰਮੁਖ ਨਾਲ ਗੱਲ ਕਰ ਕੇ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਪੁਲੀਸ ਉਸ ਨੂੰ ਕਿਉਂ ਫੜੀ ਫਿਰਦੀ ਹੈ ਪਰ ਉਸ ਦੇ ਨੇੜੇ ਜਾਣ ਤਕ ਪੁਲੀਸ ਦੀ ਗੱਡੀ ਗੁਰਮੁਖ ਨੂੰ ਲੈ ਕੇ ਜਾ ਚੁੱਕੀ ਸੀ। ਰਾਮਚੰਦਰ ਸ਼ਸ਼ੋਪੰਜ ਵਿੱਚ ਪੈ ਗਿਆ ਸੀ ਕਿਉਂਕਿ ਗੁਰਮੁਖ ਉਸ ਦੇ ਪਿੰਡ ਦਾ ਮਾਸਟਰ ਸੀ ਤੇ ਉਹ ਉਸ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
‘‘ਗੁਰਮੁਖ ਤੋਂ ਕੁੱਤੇ ਕੋ ਪੱਥਰ ਮਾਰਤਾ ਭੀ ਡਰਤਾ ਹੈ, ਇਸ ਨੇ ਐਸਾ ਕੌਨਸਾ ਗੁਨਾਹ ਕਰ ਦੀਆ ਜੋ ਪੁਲੀਸ ਕੋ ਹਾਥਕੜੀ ਲਗਾਨੀ ਪੜੀ।’’ ਰਾਮਚੰਦਰ ਸੋਚਣ ਲੱਗਾ।
ਭਾਵੇਂ ਝੱਜਰ ਤੋਂ ਕਿਸ਼ਨਗੜ੍ਹ ਦਾ ਪੰਧ ਦਸ ਕਿਲੋਮੀਟਰ ਸੀ, ਫਿਰ ਵੀ ਰਾਮਚੰਦਰ ਨੇ ਆਪਣਾ ਕੰਮ ਵਿੱਚੇ ਛੱਡਿਆ ਤੇ ਉਸੇ ਵਕਤ ਪਿੰਡ ਆ ਗਿਆ।
ਉਹ ਆਪਣੇ ਘਰ ਜਾਣ ਦੀ ਥਾਂ ਸਿੱਧਾ ਸਰਪੰਚ ਦੇ ਘਰ ਨੂੰ ਹੋ ਗਿਆ। ਸਰਪੰਚ ਡਿਓੜੀ ਵਿੱਚ ਹੀ ਬੈਠਾ ਰੋਟੀ ਖਾ ਰਿਹਾ ਸੀ।
‘‘ਰਾਮਚੰਦਰ ਆਜ ਕੈਸੇ ਸੁਬਹ-ਸੁਬਹ ਆਨਾ ਹੁਆ?’’ ਰਾਮਚੰਦਰ ਨੂੰ ਵੇਖ ਕੇ ਸਰਪੰਚ ਨੇ ਪੁੱਛਿਆ।
‘‘ਸਰਪੰਚ ਸਾਹਿਬ, ਅਪਨੇ ਸਕੂਲ ਕੇ ਗੁਰਮੁਖ ਸਿੰਘ ਮਾਸਟਰ ਜੀ ਹੈ ਨਾ। ਉਸੇ ਪੁਲੀਸ ਪਕੜੇ ਬੈਠੀ ਹੈ।’’
‘‘ਹੈਂ! ਯੇ ਕੈਸੇ ਹੋ ਗਿਆ?’’ ਇਹ ਕਹਿੰਦਿਆਂ ਸਰਪੰਚ ਰੋਟੀ ਵਿੱਚੇ ਛੱਡ ਕੇ ਤੇ ਰਾਮਚੰਦਰ ਨੂੰ ਨਾਲ ਲੈ ਕੇ ਸਕੂਲ ਨੂੰ ਤੁਰ ਪਿਆ। ਉਹ ਗੁਰਮੁਖ ਬਾਰੇ ਪਹਿਲਾਂ ਸਕੂਲ ਵਿੱਚੋਂ ਪਤਾ ਕਰਨਾ ਚਾਹੁੰਦਾ ਸੀ ਤੇ ਸਕੂਲ ਜਾ ਕੇ ਉਸ ਨੇ ਗੁਰਮੁਖ ਦੇ ਪੁਲੀਸ ਕੋਲ ਹੋਣ ਦੀ ਹੈੱਡਮਾਸਟਰ ਨਾਲ ਗੱਲ ਕੀਤੀ।
ਸਕੂਲ ਵਿੱਚ ਕਿਸੇ ਨੂੰ ਵੀ ਇਸ ਦੀ ਖ਼ਬਰ ਨਹੀਂ ਸੀ। ਸਕੂਲ ਵਿੱਚ ਉਹ ਜ਼ਰੂਰੀ ਕੰਮ ਦੀ ਛੁੱਟੀ ਦੇ ਕੇ ਘਰ ਗਿਆ ਸੀ।
ਇਹ ਖ਼ਬਰ ਬੱਚਿਆਂ ਤਕ ਵੀ ਪਹੁੰਚ ਗਈ। ਬੱਚੇ ਆਪੋ-ਆਪਣੀਆਂ ਜਮਾਤਾਂ ਛੱਡ ਕੇ ਆਪੇ ਹੀ ਗਰਾਊਂਡ ਵਿੱਚ ਇਕੱਠੇ ਹੋਣ ਲੱਗੇ ਤੇ ਹੈੱਡਮਾਸਟਰ ਨੇ ਚਪੜਾਸੀ ਨੂੰ ਕਹਿ ਕੇ ਛੁੱਟੀ ਦੀ ਘੰਟੀ ਮਰਵਾ ਦਿੱਤੀ। ਸਰਕਾਰੀ ਕਾਗਜ਼ਾਂ ਵਿੱਚ ਇਸ ਤਰ੍ਹਾਂ ਛੁੱਟੀ ਕਰਨ ਦਾ ਕੋਈ ਕਾਇਦਾ ਕਾਨੂੰਨ ਨਹੀਂ ਸੀ ਪਰ ਗੁਰਮੁਖ ਦੇ ਹੇਜ ਨੇ ਸਾਰੇ ਕਾਨੂੰਨ ਪਿੱਛੇ ਛੱਡ ਦਿੱਤੇ ਸਨ।

ਸਕੂਲ ਛੁੱਟੀ ਹੋਣ ਦੀ ਦੇਰ ਸੀ ਕਿ ਗੁਰਮੁਖ ਦੇ ਪੁਲੀਸ ਹਿਰਾਸਤ ਵਿੱਚ ਹੋਣ ਦੀ ਖ਼ਬਰ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ। ਬੱਚਿਆਂ ਨੇ ਆਪੋ-ਆਪਣੇ ਘਰ ਜਾ ਦੱਸਿਆ ਸੀ ਤੇ ਮਿੰਟਾਂ-ਸਕਿੰਟਾਂ ਵਿੱਚ ਸਾਰਾ ਪਿੰਡ ਸਕੂਲ ਵਿੱਚ ਇਕੱਠਾ ਹੋ ਗਿਆ।
‘‘ਪਹਲੇ ਪਤਾ ਕਰਨਾ ਚਾਹੀਏ ਕਿ ਗੁਰਮੁਖ ਸਿੰਘ ਕੋ ਪਕੜਾ ਕਿਉਂ ਗਿਆ ਹੈ।’’ ਸਰਪੰਚ ਨੇ ਆਖਿਆ ਤੇ ਉਹ ਕਿਸ਼ਨਗੜ੍ਹ ਦੀ ਸਾਰੀ ਪੰਚਾਇਤ ਲੈ ਕੇ ਝੱਜਰ ਥਾਣੇ ਪਹੁੰਚ ਗਿਆ।
‘‘ਸਰਪੰਚ ਸਾਹਿਬ ਜੋ ਅਪਨੇ ਸ਼ਹਿਰ ਮੇਂ ਆਤੰਕਵਾਦ ਫੈਲਾ ਹੈ, ਉਸਕੇ ਸੰਬੰਧ ਮੇਂ ਗੁਰਮੁਖ ਸਿੰਘ ਕੋ ਪੁਲੀਸ ਨੇ ਪਕੜਾ ਹੈ। ਗੁਰਮੁਖ ਸਿੰਘ ਕਾਫ਼ੀ ਸਮੇਂ ਸੇ ਯਹਾਂ ਰਹਿ ਰਹਾ ਹੈ, ਇਸ ਲੀਏ ਆਤੰਕੀ ਘਟਨਾਓ ਮੇਂ ਇਸਕਾ ਹਾਥ ਹੋ ਸਕਤਾ ਹੈ।’’ ਥਾਣੇਦਾਰ ਨੇ ਦੱਸਿਆ।
‘‘ਥਾਣੇਦਾਰ ਸਾਹਿਬ, ਸ਼ਹਿਰ ਮੇਂ ਆਤੰਕਵਾਦ ਜ਼ਰੂਰ ਫੈਲਾ ਹੈ ਪਰ ਗੁਰਮੁਖ ਸਿੰਘ ਆਤੰਕਵਾਦੀ ਨਹੀਂ ਹੈ।’’ ਸਰਪੰਚ ਨੇ ਉਸ ਦੀ ਜ਼ਾਮਨੀ ਦਿੱਤੀ। ਸਾਰੀ ਪੰਚਾਇਤ ਨੇ ਵੀ ਉਸ ਦੇ ਸੁਭਾਅ ਤੇ ਚਰਿੱਤਰ ਬਾਰੇ ਥਾਣੇਦਾਰ ਨੂੰ ਦੱਸਿਆ ਪਰ ਉਹ ਗੁਰਮੁਖ ਨੂੰ ਛੱਡਣ ਲਈ ਅਜੇ ਤਿਆਰ ਨਹੀਂ ਸੀ। ਉਹ ਅਜੇ ਹੋਰ ਤਫ਼ਤੀਸ਼ ਕਰਨੀ ਚਾਹੁੰਦਾ ਸੀ ਤੇ ਪੰਚਾਇਤ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ।

ਪਿੱਛੇ ਸਾਰਾ ਕਿਸ਼ਨਗੜ੍ਹ ਗੁਰਮੁਖ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਪਰ ਖਾਲੀ ਹੱਥ ਆਈ ਪੰਚਾਇਤ ਨੂੰ ਵੇਖ ਕੇ ਸਾਰਾ ਪਿੰਡ ਸੋਗ ਵਿੱਚ ਡੁੱਬ ਗਿਆ। ਰਾਤੀਂ ਬਹੁਤੇ ਘਰਾਂ ਨੇ ਚੁੱਲ੍ਹੇ ਵਿੱਚ ਅੱਗ ਨਾ ਬਾਲ਼ੀ। ਪਿੰਡ ਦੇ ਇੱਕ ਨੇਕ ਮਾਸਟਰ ਨੂੰ ਬਿਨਾਂ ਕਿਸੇ ਕਸੂਰ ਦੇ ਪੁਲੀਸ ਫੜੀ ਬੈਠੀ ਸੀ, ਕਿਸ਼ਨਗੜ੍ਹ ਦੇ ਜਾਟ ਇਸ ਵਿੱਚ ਆਪਣੀ ਹੱਤਕ ਸਮਝਦੇ ਸਨ।
ਅਗਲੇ ਦਿਨ ਅਜੇ ਸੂਰਜ ਉੱਗਿਆ ਨਹੀਂ ਸੀ ਕਿ ਸਾਰਾ ਪਿੰਡ ਚੌਪਾਲ ਵਿੱਚ ਇਕੱਠਾ ਹੋ ਗਿਆ।
‘‘ਯੇ ਤੋ ਗਾਂਵ ਕੀ ਬੇਇੱਜ਼ਤੀ ਹੈ। ਗਾਂਵ ਕਾ ਏਕ ਨੇਕ ਆਦਮੀ ਪੁਲੀਸ ਸ਼ਕ ਮੇਂ ਪਕੜੇ ਬੈਠੀ ਹੈ।’’ ਸਰਪੰਚ ਆਖ ਰਿਹਾ ਸੀ।
‘‘ਆਜ ਸਾਰਾ ਗਾਂਵ ਸ਼ਹਿਰ ਜਾਏਗਾ ਔਰ ਜਬ ਤਕ ਗੁਰਮੁਖ ਸਿੰਘ ਕੋ ਪੁਲੀਸ ਛੋੜ ਨਹੀਂ ਦੇਤੀ, ਹਮ ਵਾਪਿਸ ਨਹੀਂ ਆਏਂਗੇ। ਅਗਰ ਜ਼ਰੂਰਤ ਪੜੀ ਤੋ ਖਾਪ ਪੰਚਾਇਤ ਔਰ ਸਰਵ ਖਾਪ ਪੰਚਾਇਤ ਕੀ ਮਦਦ ਲੀ ਜਾਏਗੀ।’’ ਸਰਪੰਚ ਦੇ ਫ਼ੈਸਲਾ ਸਣਾਉਣ ਦੀ ਦੇਰ ਸੀ ਕਿ ਸਾਰਾ ਪਿੰਡ ਟਰੈਕਟਰਾਂ-ਟਰਾਲੀਆਂ ’ਤੇ ਚੜ੍ਹ ਗਿਆ। ਸਕੂਲ ਦੇ ਬੱਚੇ ਮੋਹਤਬਰਾਂ ਦੇ ਰੋਕਣ ਦੇ ਬਾਵਜੂਦ ਸਕੂਲ ਜਾਣ ਦੀ ਥਾਂ ਟਰਾਲੀਆਂ ’ਤੇ ਚੜ੍ਹ ਗਏ ਸਨ। ਸਕੂਲ ਅੱਜ ਲੱਗਾ ਨਹੀਂ ਸੀ। ਚਪੜਾਸੀ ਨੇ ਨਿਸ਼ਚਿਤ ਸਮੇਂ ’ਤੇ ਸਕੂਲ ਦੀ ਘੰਟੀ ਮਾਰੀ ਸੀ ਪਰ ਇੱਕ ਬੱਚਾ ਵੀ ਸਕੂਲ ਨਹੀਂ ਆਇਆ ਸੀ।
ਹੁਣ ਸਾਰਾ ਪਿੰਡ ਤੇ ਸਾਰਾ ਸਕੂਲ ਥਾਣੇ ਦੇ ਬਾਹਰ ਇਕੱਠਾ ਹੋਇਆ ਵੇਖ ਕੇ ਪ੍ਰਸ਼ਾਸਨ ਹਿੱਲ ਗਿਆ। ਝੱਜਰ ਦਾ ਡੀ.ਸੀ. ਤੇ ਐਸ.ਪੀ. ਆਪ ਪੰਚਾਇਤ ਕੋਲ ਆਏ ਤੇ ਪੰਚਾਇਤ ਦੇ ਵਿਸ਼ਵਾਸ ’ਤੇ ਥਾਣੇਦਾਰ ਗੁਰਮੁਖ ਨੂੰ ਲੈ ਆਇਆ।
ਗੁਰਮੁਖ ਨੇ ਜਦੋਂ ਸਾਰਾ ਕਿਸ਼ਨਗੜ੍ਹ ਇਕੱਠਾ ਹੋਇਆ ਵੇਖਿਆ ਤਾਂ ਉਸ ਦੇ ਅੱਥਰੂ ਵਹਿ ਤੁਰੇ ਤੇ ਸਰਪੰਚ ਨੇ ਘੁੱਟ ਕੇ ਗਲ਼ ਨਾਲ ਲਾ ਲਿਆ।
ਪੁਲੀਸ ਦੇ ਕਹਿਣ ਮੁਤਾਬਕ ਅਜੇ ਕੁਝ ਹੋਰ ਕਾਗਜ਼ੀ ਕਾਰਵਾਈ ਬਾਕੀ ਸੀ। ਇਸ ਲਈ ਸਰਪੰਚ ਨੇ ਚਾਰ-ਪੰਜ ਮੋਹਤਬਾਰ ਬੰਦੇ ਆਪਣੇ ਕੋਲ ਰੱਖ ਲਏ ਤੇ ਬਾਕੀ ਸਭ ਨੂੰ ਪਿੰਡ ਭੇਜ ਦਿੱਤਾ।

ਉਸੇ ਦਿਨ ਸ਼ਾਮ ਤਕ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਸਰਪੰਚ ਗੁਰਮੁਖ ਨੂੰ ਪਿੰਡ ਲੈ ਆਇਆ ਸੀ ਤੇ ਉਸ ਦੇ ਪਿੰਡ ਪਰਤਣ ਕਰਕੇ ਕਿਸ਼ਨਗੜ੍ਹ ਦੇ ਜਾਟਾਂ ਨੇ ਆਪੋ-ਆਪਣੇ ਢੰਗ ਨਾਲ ਖ਼ੁਸ਼ੀ ਦਾ ਇਜ਼ਹਾਰ ਕੀਤਾ।

ਸਰਪੰਚ ਸਕੂਲ ਵਿੱਚੋਂ ਗੁਰਮੁਖ ਦਾ ਸਾਮਾਨ ਚੁੱਕ ਕੇ ਆਪਣੇ ਘਰ ਲੈ ਆਇਆ ਸੀ। ਉਸ ਨੇ ਗੁਰਮੁਖ ਨੂੰ ਸਕੂਲ ਦੀ ਥਾਂ ਹੁਣ ਆਪਣੇ ਘਰ ਰੱਖਣ ਦਾ ਫ਼ੈਸਲਾ ਕਰ ਲਿਆ ਸੀ। ਇੱਕ ਵਾਰ ਜੋ ਹੋ ਗਿਆ ਸੋ ਹੋ ਗਿਆ ਸੀ, ਉਹ ਦੁਬਾਰਾ ਪਿੰਡ ਦੀ ਬੇਇੱਜ਼ਤੀ ਨਹੀਂ ਹੋਣ ਦੇਣੀ ਚਾਹੁੰਦਾ ਸੀ।
‘‘ਸਰਪੰਚ ਸਾਹਿਬ! ਮੈਂ ਸਵੇਰੇ ਆਪਣੇ ਪਿੰਡ ਭੂੰਦੜ ਜਾਵਾਂਗਾ। ਮੇਰਾ ਆਪਣੇ ਬੇਬੇ-ਬਾਪੂ ਨੂੰ ਮਿਲਣ ਨੂੰ ਚਿੱਤ ਕਰਦਾ ਹੈ।’’ ਗੁਰਮੁਖ ਨੇ ਆਖਿਆ। ਪੁਲੀਸ ਦਾ ਤਸ਼ੱਦਦ ਵੇਖ ਕੇ ਉਹ ਬੇਹੱਦ ਡਰ ਗਿਆ ਸੀ। ਹੁਣ ਉਹ ਇੱਥੇ ਇੱਕ ਪਲ ਵੀ ਨਹੀਂ ਰਹਿਣਾ ਚਾਹੁੰਦਾ ਸੀ ਪਰ ਸਰਪੰਚ ਨਾ ਮੰਨਿਆ।
‘‘ਗੁਰਮੁਖ ਸਿੰਘ ਅਬ ਕਹੀਂ ਨਹੀਂ ਜਾਏਗਾ। ਯਹੀਂ ਹਮਾਰੇ ਪਾਸ ਰਹੇਗਾ।’’ ਸਰਪੰਚ ਨੇ ਆਖਿਆ। ਉਸ ਨੂੰ ਡਰ ਸੀ ਕਿ ਭੂੰਦੜ ਤੋਂ ਪੁਲੀਸ ਗੁਰਮੁਖ ਨੂੰ ਕਿਧਰੇ ਫੇਰ ਨਾ ਚੁੱਕ ਲਿਆਏ। ਉਂਜ ਉਸ ਨੇ ਚਾਰ ਮੋਹਤਬਰ ਬੰਦੇ ਗੁਰਮੁਖ ਦੇ ਬੇਬੇ-ਬਾਪੂ ਨੂੰ ਲਿਆਉਣ ਲਈ ਭੂੰਦੜ ਭੇਜ ਦਿੱਤੇ ਸਨ। ਅਗਲੇ ਹੀ ਦਿਨ ਸੁਰਜਣ ਸਿੰਘ ਤੇ ਬਚਨ ਕੌਰ ਕਿਸ਼ਨਗੜ੍ਹ ਸਰਪੰਚ ਦੇ ਘਰ ਪਹੁੰਚ ਗਏ ਸਨ। ਸੁਖਜੀਤ ਵੀ ਬਜ਼ਿਦ ਹੋ ਕੇ ਨਾਲ ਆ ਗਈ ਸੀ। ਗੁਰਮੁਖ ਸਮੇਤ ਸਰਪੰਚ ਦਾ ਸਾਰਾ ਪਰਿਵਾਰ ਉਨ੍ਹਾਂ ਨੂੰ ਧਾਹ ਕੇ ਮਿਲਿਆ। ਸਰਪੰਚ ਖੇਤ ਗੇੜਾ ਮਾਰਨ ਗਿਆ ਹੋਇਆ ਸੀ। ਸਰਪੰਚ ਦੇ ਆਉਣ ਤਕ ਗੁਰਮੁਖ ਨੇ ਸਾਰੀ ਹੋਈ-ਬੀਤੀ ਆਪਣੇ ਬੇਬੇ-ਬਾਪੂ ਨੂੰ ਸੁਣਾ ਦਿੱਤੀ। ਕਿਸ਼ਨਗੜ੍ਹ ਦੇ ਜਾਟਾਂ ਦੇ ਮੋਹ ਦੀ ਕਹਾਣੀ ਸੁਣ ਕੇ ਸੁਰਜਣ ਸਿੰਘ ਤੇ ਬਚਨ ਕੌਰ ਪਸੀਜ ਗਏ। ਹੁਣ ਤਕ ਸਰਪੰਚ ਵੀ ਖੇਤ ਗੇੜਾ ਮਾਰ ਕੇ ਆ ਗਿਆ ਸੀ।
‘‘ਸਰਦਾਰ ਜੀ, ਗੁਰਮੁਖ ਸਿੰਘ ਕੋ ਪੁਲੀਸ ਪਕੜ ਕਰ ਲੇ ਗਈ ਔਰ ਆਪ ਚੁਪ ਕਰ ਕੇ ਘਰ ਬੈਠ ਗਏ? ਆਪਨੇ ਹਮੇਂ ਬੇਗਾਨੇ ਸਮਝ ਕਰ ਬਤਾਇਆ ਤਕ ਨਹੀਂ।’’ ਕਿਸ਼ਨਗੜ੍ਹ ਦੇ ਸਰਪੰਚ ਨੇ ਸੁਰਜਣ ਸਿੰਘ ਨੂੰ ਆਖਿਆ ਪਰ ਜੁਆਬ ਵਿੱਚ ਉਹ ਕੁਝ ਨਾ ਬੋਲਿਆ।
‘‘ਸਰਦਾਰ ਜੀ, ਪੰਚੋਂ ਮੇਂ ਪਰਮੇਸ਼ਰ ਬਸਤਾ ਹੈ। ਜਬ ਗੁਰਮੁਖ ਸਿੰਘ ਕੋ ਪੁਲੀਸ ਪਕੜ ਲਾਈ ਥੀ, ਆਪਕੋ ਉਸੀ ਵਕਤ ਕਿਸ਼ਨਗੜ੍ਹ ਕੀ ਪੰਚਾਇਤ ਕੇ ਪਾਸ ਆਨਾ ਚਾਹੀਏ ਥਾ।’’ ਸਰਪੰਚ ਨੇ ਦੁਬਾਰਾ ਆਖਿਆ। ਇਸ ਵਾਰ ਸੁਰਜਣ ਸਿੰਘ ਦੇ ਅੱਥਰੂ ਵਹਿ ਤੁਰੇ ਤੇ ਸਰਪੰਚ ਨੇ ਉਸ ਨੂੰ ਘੱੁਟ ਕੇ ਗਲ਼ ਲਾ ਲਿਆ।
‘‘ਨਾ ਕੋਈ ਧਰਤੀ ਬੇਗਾਨੀ ਹੁੰਦੀ ਹੈ ਤੇ ਨਾ ਹੀ ਲੋਕ ਬੇਗਾਨੇ ਹੁੰਦੇ ਹਨ। ਸਮਝ ਦੀ ਘਾਟ ਕਾਰਨ ਅਸੀਂ ਕੁਝ ਲੋਕਾਂ ਨੂੰ ਬੇਗਾਨੇ ਸਮਝਦੇ ਤੇ ਦੁੱਖ ਝੱਲਦੇ ਹਾਂ।’’ ਸੁਰਜਣ ਸਿੰਘ ਨੇ ਜਿਵੇਂ ਆਪਣੇ-ਆਪ ਨੂੰ ਆਖਿਆ ਤੇ ਪਰਿਵਾਰ ਸਮੇਤ ਉਸ ਨੇ ਕਿਸ਼ਨਗੜ੍ਹ ਹੀ ਵਸਣ ਦਾ ਫ਼ੈਸਲਾ ਕਰ ਲਿਆ ਸੀ।

  • ਮੁੱਖ ਪੰਨਾ : ਕਹਾਣੀਆਂ, ਇਕਬਾਲ ਸਿੰਘ ਹਮਜਾਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ