Punjabi Stories/Kahanian
ਐਸ. ਸਾਕੀ
S. Saki

Punjabi Kavita
  

Parivartan S. Saki

ਪਰਿਵਰਤਨ ਐਸ ਸਾਕੀ

ਘਰ ਵਿੱਚ ਦਾਖਲ ਹੁੰਦਿਆਂ ਹੀ ਰਾਜੇਸ਼ ਨੇ ਰੋਜ਼ ਵਾਂਗ ਸਾਈਕਲ ਕੰਧ ਨਾਲ ਲਾ ਦਿੱਤਾ। ਉਸ ਨੇ ਵਿਹੜੇ ਵਿੱਚ ਖੇਡ ਰਹੇ ਆਪਣੇ ਦੋ ਸਾਲਾਂ ਦੇ ਪੁੱਤ ਵਿੱਕੀ ਨੂੰ ਬਾਹਾਂ ‘ਚ ਭਰ ਕੇ ਗੋਦੀ ਚੁੱਕ ਲਿਆ ਸੀ। ਹਰ ਰੋਜ਼ ਵਾਂਗ ਬਾਹਰ ਦਾ ਦਰਵਾਜ਼ਾ ਉਸ ਦੀ ਪਤਨੀ ਇੰਦਰਾ ਨੇ ਖੋਲ੍ਹਿਆ ਸੀ। ਪਤੀ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਉਹ ਬਹੁਤ ਹੈਰਾਨ ਸੀ। ਉਸ ਦੀ ਹੈਰਾਨੀ ਉਦੋਂ ਹੋਰ ਵਧ ਗਈ ਜਦੋਂ ਰਾਜੇਸ਼ ਨੇ ਆਪਣੇ ਦੋ ਵਰ੍ਹਿਆਂ ਦੇ ਪੁੱਤ ਵਿੱਕੀ ਤੋਂ ਵੱਡੀ ਧੀ ਪਿੰਕੀ ਨੂੰ ਚਾਕਲੇਟ ਦੇਣ ਲਈ ਆਵਾਜ਼ ਮਾਰੀ ਸੀ। ਇੰਦਰਾ ਆਪਣੇ ਪਤੀ ਦੇ ਇਸ ਤਰ੍ਹਾਂ ਦੇ ਵਰਤਾਓ ਤੋਂ ਹੈਰਾਨ ਸੀ। ਉਨ੍ਹਾਂ ਦੇ ਵਿਆਹ ਨੂੰ ਪੰਜ ਵਰ੍ਹੇ ਹੋ ਗਏ ਸਨ। ਪਿਛਲੇ ਚਾਰ ਸਾਲਾਂ ਤੋਂ ਤਾਂ ਅਜਿਹਾ ਕਦੇ ਵੀ ਨਹੀਂ ਸੀ ਹੋਇਆ ਕਿ ਰਾਜੇਸ਼ ਸ਼ਾਂਤ ਮਨ ਸਕੂਲੋਂ ਘਰ ਪਰਤਿਆ ਹੋਵੇ। ਇੰਦਰਾ ਨੂੰ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਪਤੀ ਨੇ ਸਾਰੀ ਦੁਨੀਆ ਖਿਲਾਫ ਜੰਗ ਛੇੜ ਰੱਖੀ ਹੋਵੇ ਅਤੇ ਉਹ ਜੰਗ ਹਰ ਵੇਲੇ ਉਸ ਅੰਦਰ ਚੱਲਦੀ ਰਹਿੰਦੀ ਹੋਵੇ। ਇਸ ਕਰਕੇ ਉਹ ਹਮੇਸ਼ਾ ਖਿੱਝਿਆ ਅਤੇ ਗੁੱਸੇ ‘ਚ ਭਰਿਆ ਹੀ ਦਿਸਦਾ ਸੀ।
ਰਾਜੇਸ਼ ਸ਼ਹਿਰ ਦੇ ਇਕ ਦਿਵਿਆਂਗ ਬੱਚਿਆਂ ਦੇ ਸਕੂਲ ਵਿੱਚ ਅਧਿਆਪਕ ਲੱਗਾ ਹੋਇਆ ਸੀ। ਉਸ ਥਾਂ ਉਹ ਪਿਛਲੇ ਛੇ ਸੱਤ ਸਾਲਾਂ ਤੋਂ ਬੱਚਿਆਂ ਨੂੰ ਪੇਂਟਿੰਗ ਅਤੇ ਕਰਾਫਟ ਸਿਖਾਉਂਦਾ ਆ ਰਿਹਾ ਸੀ। ਜਦੋਂ ਇੰਦਰਾ ਦੇ ਪਿਓ ਨੂੰ ਕਿਸੇ ਨੇ ਰਾਜੇਸ਼ ਦੀ ਦੱਸ ਪਾਈ ਸੀ ਤਾਂ ਉਸ ਨੇ ਰਾਜੇਸ਼ ਲਈ ਇਹ ਆਖ ਮਨ੍ਹਾਂ ਕਰ ਦਿੱਤਾ ਸੀ ਕਿ ਮੁੰਡਾ ਅਜਿਹੀ ਥਾਂ ਨੌਕਰੀ ਕਰਦਾ, ਜਿਥੇ ਸਾਬਤ ਅੰਗਾਂ ਜਾਂ ਠੀਕ ਬੁੱਧੀ ਵਾਲਾ ਕੋਈ ਬੱਚਾ ਨਹੀਂ ਪੜ੍ਹਦਾ, ਸਗੋਂ ਸਾਰੇ ਟੁੱਟੇ ਭੱਜੇ ਅੰਗਾਂ ਤੇ ਸਰੀਰਾਂ ਵਾਲੇ ਹਨ। ਉਨ੍ਹਾਂ ਨੂੰ ਵੇਖ ਕੇ ਉਹ ਆਪ ਵੀ ਕਮਜ਼ੋਰ ਮਨ ਦਾ ਹੀ ਹੋਵੇਗਾ। ਫਿਰ ਕਮਜ਼ੋਰ ਮਨ ਦਾ ਵਿਅਕਤੀ ਅੱਜ ਦੇ ਸਮਾਜ ਵਿੱਚ ਰਹਿ ਕੇ ਕੀ ਕਰ ਸਕਦਾ ਹੈ। ਉਹ ਤਾਂ ਆਪਣੇ ਟੱਬਰ ਨੂੰ ਠੀਕ ਤਰ੍ਹਾਂ ਪਾਲ ਵੀ ਨਹੀਂ ਸਕੇਗਾ।
ਜਦੋਂ ਇੰਦਰਾ ਨੇ ਪਿਓ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਸ ਨੇ ਪਿਓ ਨੂੰ ਜ਼ੋਰ ਪਾਇਆ ਕਿ ਅਜਿਹੇ ਬੰਦੇ ਨਾਲ ਰਹਿਣਾ ਪਸੰਦ ਕਰੇਗੀ ਜਿਹੜਾ ਸਾਰਾ ਦਿਨ ਦੁਖੀਆਂ ਵਿੱਚ ਰਹਿੰਦਾ ਹੈ, ਕਿਉਂਕਿ ਉਸ ਨੂੰ ਆਪ ਜ਼ਰੂਰ ਪਤਾ ਹੋਵੇਗਾ ਕਿਸੇ ਦਾ ਦੁੱਖ ਕੀ ਹੁੰਦਾ ਹੈ। ਕਿਸੇ ਲਈ ਹਮਦਰਦੀ ਕੀ ਹੁੰਦੀ ਹੈ। ਪਿਆਰ ਕੀ ਹੁੰਦਾ ਹੈ। ਅਜਿਹੀਆਂ ਕਈ ਗੱਲਾਂ ਇੰਦਰਾ ਨੇ ਆਪਣੇ ਪਿਓ ਨੂੰ ਆਖੀਆਂ ਸਨ।
ਪਿਓ ਸ਼ੁਰੂ ਤੋਂ ਹੀ ਧੀ ਦੀ ਹਰ ਗੱਲ ਮੰਨਦਾ ਆਇਆ ਸੀ ਕਿਉਂਕਿ ਇੰਦਰਾ ਉਨ੍ਹਾਂ ਦੀ ਇਕੱਲੀ ਧੀ ਸੀ। ਉਹ ਬਹੁਤ ਸਮਝਦਾਰ ਸੀ ਤੇ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੀ ਤਬੀਅਤ ਦੀ ਮਾਲਕ ਸੀ। ਰਿਸ਼ਤੇਦਾਰਾਂ ਵਿੱਚ ਜਦੋਂ ਵੀ ਕਿਸੇ ਨੂੰ ਤਕਲੀਫ ਹੁੰਦੀ, ਉਹ ਸਭ ਤੋਂ ਮੂਹਰੇ ਦਿਸਦੀ। ਉਸ ਨੇ ਆਪਣੀਆਂ ਕਈ ਜਾਣਨ ਵਾਲੀਆਂ ਦੇ ਹਸਪਤਾਲ ਵਿੱਚ ਜਣੇਪੇ ਵੀ ਕਰਵਾਏ ਸਨ। ਵਿਆਹ ਤੋਂ ਪਹਿਲਾਂ ਮਾਪਿਆਂ ਨੇ ਦੋਵਾਂ ਦਾ ਮੇਲ ਕਰਵਾਇਆ ਤਾਂ ਉਨ੍ਹਾਂ ਕੋਈ ਖਾਸ ਗੱਲ ਨਹੀਂ ਸੀ ਕੀਤੀ। ਬੱਸ ਇਕ ਦੂਜੇ ਨੂੰ ਵੇਖ ਕੇ ਹੀ ਪਸੰਦ ਕਰ ਲਿਆ ਸੀ। ਇੰਦਰਾ ਨੂੰ ਇਹੋ ਖੁਸ਼ੀ ਸੀ ਕਿ ਉਸ ਦਾ ਹੋਣ ਵਾਲਾ ਪਤੀ ਵੇਖਣ ਵਿੱਚ ਸੁਨੱਖਾ ਸੀ, ਲੰਮਾ ਲੰਝਾ ਸੀ, ਪੜ੍ਹਿਆ ਲਿਖਿਆ ਸੀ, ਨੌਕਰੀ ਕਰਦਾ ਸੀ, ਆਪਣਾ ਘਰ ਸੀ, ਘਰ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸੀ, ਲੈ ਦੇ ਕੇ ਇਕ ਵਿਧਵਾ ਮਾਂ ਸੀ ਜਿਹੜੀ ਉਸ ਨਾਲ ਰਹਿੰਦੀ ਸੀ।
ਵਿਆਹ ਹੋ ਗਿਆ ਤੇ ਇੰਦਰਾ ਸਹੁਰੇ ਘਰ ਆ ਗਈ। ਵਿਆਹ ਤੋਂ ਬਾਅਦ ਦੇ ਛੇ ਮਹੀਨੇ ਬਹੁਤ ਵਧੀਆ ਲੰਘੇ। ਰਾਜੇਸ਼ ਉਸ ਨੂੰ ਨਾਲ ਲੈ ਕੇ ਕਿਤੇ ਵੀ ਘੁੰਮਣ ਨਿਕਲ ਜਾਂਦਾ ਸੀ। ਕਈ ਵਾਰ ਉਹ ਰਾਤ ਦੀ ਰੋਟੀ ਵੀ ਬਾਹਰ ਹੀ ਖਾ ਆਉਂਦੇ। ਭਾਵੇਂ ਰਾਜੇਸ਼ ਦਾ ਰਹਿਣ ਸਹਿਣ ਮੱਧਵਰਗੀ ਸੀ, ਤਾਂ ਵੀ ਉਸ ਦੀ ਤਨਖਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਠੀਕ ਟੁਰਦਾ ਰਹਿੰਦਾ ਸੀ। ਇੰਦਰਾ ਕਈ ਵਾਰੀ ਕੋਸ਼ਿਸ਼ ਕਰਦੀ ਕਿ ਥੋੜ੍ਹੇ ਬਹੁਤੇ ਪੈਸੇ ਤਨਖਾਹ ‘ਚੋਂ ਬਚਾ ਲਏ ਜਾਣ, ਪਰ ਅਜਿਹਾ ਕਦੇ ਨਾ ਹੁੰਦਾ।
ਇਕ ਵਰ੍ਹੇ ਬਾਅਦ ਜਦੋਂ ਉਨ੍ਹਾਂ ਘਰ ਧੀ ਪਿੰਕੀ ਆ ਗਈ ਤਾਂ ਰਾਜੇਸ਼ ‘ਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ। ਇਹ ਨਹੀਂ ਕਿ ਉਸ ਨੂੰ ਧੀ ਚੰਗੀ ਨਹੀਂ ਸੀ ਲੱਗਦੀ ਜਾਂ ਉਹ ਉਸ ਨੂੰ ਪਿਆਰ ਨਹੀਂ ਸੀ ਕਰਦਾ, ਪਰ ਘਰ ਵਿੱਚ ਆਈ ਧੀ ਨੇ ਰਾਜੇਸ਼ ਦੀ ਮਿਲਦੀ ਤਨਖਾਹ ਵਿੱਚੋਂ ਹਿੱਸਾ ਵੰਡਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਲਈ ਦੁੱਧ, ਕੱਪੜੇ, ਕਈ ਵਾਰੀ ਬਿਮਾਰ ਹੋ ਜਾਣ ‘ਤੇ ਡਾਕਟਰ ਦੀ ਫੀਸ। ਇੰਦਰਾ ਘਰੋਂ ਆਏ ਮਹਿਮਾਨ ਉਸ ਨੂੰ ਮਿਲਦੀ ਤਨਖਾਹ ਵਿੱਚੋਂ ਥੋੜ੍ਹਾ-ਥੋੜ੍ਹਾ ਕਰਕੇ ਕੁਝ ਨਾ ਕੁਝ ਕੱਢਦੇ ਹੀ ਰਹਿੰਦੇ। ਮਹੀਨੇ ਦੇ ਆਖਰੀ ਦਿਨ ਰਾਜੇਸ਼ ਲਈ ਬਹੁਤ ਔਖੇ ਲੰਘਦੇ। ਉਸ ਨੂੰ ਕਈ ਵਾਰ ਤੋੜ ਜੋੜ ਕਰਨੇ ਪੈਂਦਾ।
ਅਜਿਹਾ ਹੋਣ ‘ਤੇ ਉਸ ਦਾ ਸੁਭਾਅ ਚਿੜਚਿੜਾ ਹੋ ਗਿਆ। ਪਹਿਲਾਂ ਜਿਹੜਾ ਰਾਜੇਸ਼ ਪਤਨੀ ਨੂੰ ਲੈ ਕੇ ਘੁੰਮਣ ਜਾਂਦਾ ਸੀ, ਕਈ ਵਾਰ ਪਤਨੀ ਨਾਲ ਮਿਲ ਕੇ ਬਾਹਰ ਖਾਣਾ ਖਾਂਦਾ ਸੀ, ਹੁਣ ਹਰ ਵੇਲੇ ਆਪਣੇ ਆਪ ਨਾਲ ਖਿੱਝਿਆ-ਖਿੱਝਿਆ ਰਹਿਣ ਲੱਗਾ। ਉਸ ਦੇ ਮਨ ਵਿੱਚ ਆਉਂਦਾ ਕਿ ਕਿਤੋਂ ਬਹੁਤ ਸਾਰੇ ਪੈਸੇ ਮਿਲ ਜਾਣ ਤਾਂ ਜੋ ਉਹ ਨੂੰ ਹਰ ਮਹੀਨੇ ਬਜਟ ਨਾ ਬਣਾਉਣਾ ਪਵੇ। ਥੁੜ ਨਾਲ ਮਹੀਨਾ ਪੂਰਾ ਨਾ ਕਰਨਾ ਪਵੇ। ਮਹੀਨੇ ਦੇ ਆਖਰੀ ਦਿਨ ਕਿਰਸ ਨਾਲ ਨਾ ਕੱਢਣੇ ਪੈਣ। ਕਿਸੇ ਮਿੱਤਰ ਕੋਲੋਂ ਉਧਾਰ ਨਾ ਫੜਨਾ ਪਵੇ।
ਔਖੇ ਲੰਘਦੇ ਦਿਨਾਂ ਨਾਲ ਇਕ ਸਾਲ ਬੀਤ ਗਿਆ। ਦੂਜੇ ਵਰ੍ਹੇ ‘ਚ ਇੰਦਰਾ ਇਕ ਪੁੱਤ ਦੀ ਮਾਂ ਬਣ ਗਈ। ਭਾਵੇਂ ਰਾਜੇਸ਼ ਨੂੰ ਘਰ ਵਿੱਚ ਪੁੱਤ ਆਉਣ ਦੀ ਬਹੁਤ ਖੁਸ਼ੀ ਸੀ, ਪਰ ਇਹ ਖੁਸ਼ੀ ਵੀ ਆਰਜ਼ੀ ਸੀ। ਪੁੱਤ ਨੇ ਭੈਣ ਪਿੰਕੀ ਨਾਲ ਮਿਲ ਕੇ ਉਸ ਦੀ ਤਨਖਾਹ ਵਿੱਚੋਂ ਹੋਰ ਖਰਚਾ ਕਰਾਉਣਾ ਸ਼ੁਰੂ ਕਰ ਦਿੱਤਾ। ਫਿਰ ਰਾਜੇਸ਼ ਨੂੰ ਸਮਝ ਨਾ ਆਇਆ ਕਰੇ ਕਿ ਉਹ ਘਰ ਨੂੰ ਕਿਵੇਂ ਤੋਰੇ, ਕਿਵੇਂ ਚਲਾਵੇ ਮਹੀਨੇ ਦਾ ਖਰਚ?
ਇਸ ਤੋਂ ਬਾਅਦ ਰਾਜੇਸ਼ ਨੇ ਇੰਦਰਾ ਨਾਲ ਸਿੱਧੇ ਮੂੰਹ ਬੋਲਣਾ ਹੀ ਬੰਦ ਕਰ ਦਿੱਤਾ। ਉਹ ਪਤਨੀ ਨੂੰ ਹੀ ਦੋਸ਼ੀ ਸਮਝਦਾ ਸੀ ਜਿਸ ਨੇ ਬੱਚੇ ਪੈਦਾ ਕਰਕੇ ਉਸ ਦਾ ਸਕੂਨ ਖੋਹ ਲਿਆ ਸੀ। ਉਸ ਦਾ ਸੁਖ ਖੋਹ ਲਿਆ ਸੀ। ਉਹ ਰਾਜੇਸ਼, ਜਿਹੜਾ ਸਕੂਲ ਵਿੱਚ ਇਕ ਵਧੀਆ ਤੇ ਸੱਭਿਆ ਅਧਿਆਪਕ ਕਰਕੇ ਜਾਣਿਆ ਜਾਂਦਾ ਸੀ। ਜਿਹੜਾ ਬਹੁਤ ਮਿਲਣਸਾਰ ਸੀ, ਉਹ ਰਾਜੇਸ਼ ਹੁਣ ਕਿਸੇ ਵੀ ਛੋਟੀ ਗੱਲ ਨੂੰ ਲੈ ਕੇ ਅਧਿਆਪਕਾਂ ਨਾਲ ਲੜ ਪੈਂਦਾ। ਉਨ੍ਹਾਂ ਨੂੰ ਉਲਟਾ ਸਿੱਧਾ ਬੋਲਣ ਤੋਂ ਵੀ ਗੁਰੇਜ਼ ਨਹੀਂ ਸੀ ਕਰਦਾ। ਉਸ ਨੂੰ ਸਰਕਾਰ ‘ਤੇ ਗੁੱਸਾ ਆਉਂਦਾ, ਲੋਕਾਂ ‘ਤੇ ਗੁੱਸਾ ਆਉਂਦਾ ਜਿਹੜੇ ਉਸ ਨੂੰ ਸ਼ਾਂਤੀ ਨਾਲ ਨਹੀਂ ਸੀ ਰਹਿਣ ਦਿੰਦੇ। ਉਸ ਨੂੰ ਸਾਰਿਆਂ ‘ਤੇ ਗੁੱਸਾ ਆਉਂਦਾ ਜਿਨ੍ਹਾਂ ਨੇ ਉਸ ਦਾ ਚੈਨ ਖੋਹ ਲਿਆ ਸੀ। ਲੋਕਾਂ ਨਾਲ ਸਰਕਾਰ ਦੀਆਂ ਕੀਤੀਆਂ ਜ਼ਿਆਦਤੀਆਂ ਉਸ ਤੋਂ ਸਹਿਣ ਨਾ ਹੁੰਦੀਆਂ। ਉਹ ਪਤਨੀ ਨੂੰ ਕਿੰਨੀ ਵਾਰ ਕਹਿ ਚੁੱਕਾ ਸੀ ਕਿ ਇਹ ਭੁੱਖੇ ਭੇੜੀਏ ਰਿਸ਼ਵਤ ਦਾ ਲਹੂ ਪੀਤੇ ਬਿਨਾਂ ਕੋਈ ਕੰਮ ਕਰਦੇ ਹੀ ਨਹੀਂ। ਇਨ੍ਹਾਂ ਦੇ ਤਾਂ ਰੋਮ-ਰੋਮ ਵਿੱਚ ਬੇਈਮਾਨੀ ਵੜ ਗਈ ਹੈ। ਮੱਕਾਰੀ ਵੜ ਗਈ ਹੈ। ਇਹ ਹੁਣ ਕਦੇ ਨਹੀਂ ਸੁਧਰ ਸਕਦੇ। ਇਸ ਮੁਲਕ ‘ਚ ਹੁਣ ਪੈਸੇ ਦਾ ਹੀ ਜ਼ੋਰ ਹੈ। ਪੈਸੇ ਬਿਨਾਂ ਬੰਦਾ ਕਿਸੇ ਜੋਗਾ ਨਹੀਂ। ਕੋਈ ਪੁੱਛ ਨਹੀਂ ਉਸ ਦੀ। ਰਿਸ਼ਤੇਦਾਰ ਵੀ ਉਸ ਨੂੰ ਦੁਤਕਾਰ ਦਿੰਦੇ ਹਨ। ਪੈਸੇ ਨਾਲ ਇਨਸਾਨ ਕੀ ਨਹੀਂ ਖਰੀਦ ਸਕਦਾ?
‘…ਪਰ ਮੇਰੇ ਕੋਲ ਪੈਸਾ ਕਿਉਂ ਨਹੀਂ? ਅਜਿਹੇ ਕਿੰਨੇ ਹੀ ਸਵਾਲ ਉਸ ਨੂੰ ਹਰ ਵੇਲੇ ਬੇਚੈਨ ਕਰੀ ਰੱਖਦੇ।
ਦੋ ਦਿਨ ਪਹਿਲਾਂ ਦੀ ਹੀ ਗੱਲ ਸੀ। ਉਹ ਰੋਜ਼ ਵਾਂਗ ਸਕੂਲੋਂ ਘਰ ਆਇਆ। ਸਾਈਕਲ ਉਸ ਨੇ ਕੰਧ ਨਾਲ ਲਾ ਦਿੱਤਾ। ਕਮਰੇ ਵਿੱਚ ਜਾ ਕੇ ਬਿਨਾਂ ਕੱਪੜੇ ਬਦਲਿਆਂ ਉਹ ਮੰਜੇ ‘ਤੇ ਲੰਮਾ ਪੈ ਗਿਆ। ਇੰਦਰਾ ਚਾਹ ਬਣਾ ਕੇ ਮੰਜੇ ਨੇੜੇ ਪਏ ਮੇਜ਼ ‘ਤੇ ਧਰ ਗਈ। ਹੁਣ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ। ਉਹ ਮੁੜ ਰਸੋਈ ਵਿੱਚ ਜਾ ਕੇ ਰਾਤ ਦੀ ਰੋਟੀ ਤਿਆਰ ਕਰਨ ਲੱਗੀ। ਬੱਚੇ ਦੂਜੇ ਕਮਰੇ ਵਿੱਚ ਟੀ ਵੀ ‘ਤੇ ਕਾਰਟੂਨ ਫਿਲਮ ਵੇਖ ਰਹੇ ਸਨ। ਜਦੋਂ ਇਕ ਘੰਟੇ ਬਾਅਦ ਇੰਦਰਾ ਰੋਟੀ ਵਾਲੀ ਥਾਲੀ ਲੈ ਕੇ ਆਈ ਤਾਂ ਰਾਜੇਸ਼ ਅਜੇ ਤੱਕ ਵੀ ਮੰਜੇ ‘ਤੇ ਲੰਮਾ ਪਿਆ ਸੀ। ਉਹ ਰੋਟੀ ਵਾਲੀ ਥਾਲੀ ਖਾਲੀ ਕੱਪ ਕੋਲ ਰੱਖ ਕੇ ਮੁੜ ਗਈ। ਹੁਣ ਹਾਲਤ ਅਜਿਹੇ ਹੋ ਗਏ ਸਨ ਕਿ ਪਤੀ ਪਤਨੀ ਦੋਵੇਂ ਆਪਸ ਵਿੱਚ ਘੱਟ ਹੀ ਗੱਲ ਕਰਦੇ ਸਨ। ਦੋਵਾਂ ਦਾ ਇਕ ਘਰ ਵਿੱਚ ਇਕੱਠੇ ਰਹਿਣਾ ਵੀ ਜਿਵੇਂ ਇਕ ਮਜਬੂਰੀ ਹੀ ਸੀ।
ਅਜੇ ਇੰਦਰਾ ਨੂੰ ਰਸੋਈ ‘ਚ ਗਿਆਂ ਥੋੜ੍ਹਾ ਚਿਰ ਹੋਇਆ ਸੀ ਕਿ ਫਟਾਕ ਦੀ ਆਵਾਜ਼ ਆਈ। ਜਿਵੇਂ ਕਿਸੇ ਨੇ ਭਾਂਡੇ ਵਗਾਹ ਮਾਰੇ ਹੋਣ। ਇੰਦਰਾ ਨੱਸੀ-ਨੱਸੀ ਕਮਰੇ ਅੰਦਰ ਆਈ। ਉਸ ਨੇ ਵੇਖਿਆ ਕਿ ਪਤੀ ਨੇ ਰੋਟੀ ਵਾਲੀ ਥਾਲੀ ਥੋੜ੍ਹਾ ਚਿਰ ਪਹਿਲਾਂ ਕੰਧ ਨਾਲ ਮਾਰੀ ਸੀ, ਕਿਉਂਕਿ ਸਬਜ਼ੀ ਦੇ ਨਿਸ਼ਾਨ ਕੰਧ ‘ਤੇ ਵੀ ਦਿੱਸ ਰਹੇ ਸਨ। ਇਸ ਤੋਂ ਪਹਿਲਾਂ ਇੰਦਰਾ ਕੁਝ ਪੁੱਛਦੀ, ਉਹ ਆਪੇ ਹੀ ਉਚੀ ਆਵਾਜ਼ ਵਿੱਚ ਬੋਲ ਪਿਆ, ‘ਇਹ ਸਬਜ਼ੀ ‘ਚ ਕਿੰਨਾ ਲੂਣ ਪਾ ਰੱਖਿਆ ਹੈ। ਕੌੜੀ ਕਰ ਰੱਖੀ ਹੈ। ਕੀ ਬੰਦਾ ਇਸ ਨੂੰ ਖਾ ਸਕਦਾ ਹੈ?’
ਇੰਦਰਾ ਨੂੰ ਆਪ ਨਹੀਂ ਸੀ ਪਤਾ ਕਿ ਸਬਜ਼ੀ ਵਿੱਚ ਲੂਣ ਕਿਵੇਂ ਵੱਧ ਪੈ ਗਿਆ। ਭਾਵੇਂ ਘਰ ਵਿੱਚ ਰਾਜੇਸ਼ ਦਾ ਇੰਦਰਾ ਨਾਲ ਕਿਹੋ ਜਿਹਾ ਵਰਤਾਓ ਰਿਹਾ ਸੀ, ਪਰ ਤਾਂ ਵੀ ਉਹ ਹਰ ਪਾਸਿਓਂ ਉਸ ਨੂੰ ਸਹਿਯੋਗ ਦਿੰਦੀ ਆਈ ਸੀ। ਉਹ ਪਤੀ ਦੀ ਹਰ ਜ਼ਿਆਦਤੀ ਸਹਿਣ ਕਰਦੀ ਆਈ ਸੀ। ਪਿਛਲੇ ਹਫਤੇ ਹੀ ਪਤਾ ਨਹੀਂ ਕਿਸ ਛੋਟੀ ਜਿਹੀ ਗੱਲ ਨੂੰ ਲੈ ਕੇ ਜਦੋਂ ਉਸ ਦੇ ਪਤੀ ਨੇ ਪਿੰਕੀ ਦੇ ਮੂੰਹ ‘ਤੇ ਚੰਡ ਮਾਰੀ ਸੀ ਤਾਂ ਵੀ ਉਹ ਚੁੱਪ ਕਰਕੇ ਰਹਿ ਗਈ ਸੀ, ਜਦੋਂ ਕਿ ਉਸ ਦਾ ਮਨ ਬਹੁਤ ਕੁਝ ਕਹਿਣ ਨੂੰ ਸੀ। ਅੱਜ ਤਾਂ ਰਾਜੇਸ਼ ਜਿਵੇਂ ਸਾਰੀਆਂ ਹੱਦਾਂ ਪਾਰ ਕਰ ਗਿਆ ਸੀ। ਜਦੋਂ ਉਸ ਨੇ ਰੋਟੀ ਵਾਲੀ ਥਾਲੀ ਗੁੱਸੇ ਵਿੱਚ ਭਰਿਆਂ ਕੰਧ ਨਾਲ ਮਾਰੀ ਸੀ।
ਰਾਤੀਂ ਇੰਦਰਾ ਫਿਰ ਪਹਿਲਾਂ ਵਾਂਗ ਚੁੱਪਚਾਪ ਸੌਂ ਗਈ। ਅਗਲੇ ਦਿਨ ਐਤਵਾਰ ਛੁੱਟੀ ਸੀ। ਰਾਤੀਂ ਉਹ ਪੱਕਾ ਕਰਕੇ ਸੁੱਤੀ ਕਿ ਸਵੇਰ ਸਾਰ ਪਤੀ ਕੋਲੋਂ ਜ਼ਰੂਰ ਪੁੱਛੇਗੀ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ ਹੈ? ਉਹ ਕਿਉਂ ਬਦਲ ਗਿਆ? ਉਸ ਦਾ ਉਹ ਰਾਜੇਸ਼ ਕਿੱਥੇ ਚਲਾ ਗਿਆ ਜਿਹੜਾ ਵਿਆਹ ਤੋਂ ਬਾਅਦ ਦੇ ਕੁਝ ਮਹੀਨੇ ਉਸ ਨਾਲ ਜੁੜਿਆ ਰਿਹਾ ਸੀ। ਕਿਵੇਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦੀ ਹਰ ਇਕ ਛੋਟੀ ਤੋਂ ਛੋਟੀ ਗੱਲ ਦੀ ਛੋਟੀ ਤੋਂ ਛੋਟੀ ਇੱਛਾ ਦੀ ਪੂਰਤੀ ਕਰਦਾ ਸੀ? ਜਦੋਂ ਸਵੇਰੇ ਇੰਦਰਾ ਨੇ ਰਾਜੇਸ਼ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਉਹ ਮਨ ਵਿੱਚ ਬੱਸ ਇਹੋ ਸੋਚਦਾ ਰਿਹਾ, ‘ਲੋਕਾਂ ਕੋਲ ਕਿੰਨੇ ਪੈਸੇ ਹਨ, ਪਰ ਮੇਰੇ ਕੋਲ ਕਿਉਂ ਨਹੀਂ? ਉਹ ਪੈਸੇ ਨਾਲ ਐਸ਼ ਕਰਦੇ ਹਨ। ਪੈਸੇ ਨਾਲ ਸਾਰੇ ਸੁੱਖ ਮੁੱਲ ਖਰੀਦ ਲੈਂਦੇ ਹਨ, ਪਰ ਮੈਂ..?’
ਪਤੀ ਦੀ ਇਸ ਸੋਚ ਨੂੰ ਸਮਝਦਿਆਂ ਇੰਦਰਾ ਦੇ ਮਨ ਵਿੱਚ ਆਇਆ ਕਿ ਉਹ ਪਤੀ ਨੂੰ ਦੱਸੇ ਪੈਸੇ ਤੋਂ ਬਿਨਾਂ ਸਾਡੇ ਕੋਲ ਹੋਰ ਵੀ ਤਾਂ ਕਿੰਨਾ ਕੁਝ ਹੈ। ਬੱਚੇ ਹਨ, ਘਰ ਹੈ, ਨੌਕਰੀ ਹੈ, ਇੱਜ਼ਤ ਹੈ..। ਪਰ ਉਹ ਤਾਂ ਕੁਝ ਕਹਿ ਹੀ ਨਹੀਂ ਸਕੀ। ਅਗਲੇ ਦਿਨ ਤੋਂ ਰਾਜੇਸ਼ ਫਿਰ ਸਕੂਲ ਜਾਣ ਲੱਗਾ। ਤਿੰਨ ਚਾਰ ਦਿਨ ਇਸੇ ਤਰ੍ਹਾਂ ਕਲਪਦਿਆਂ, ਖਿੱਝਦਿਆਂ ਲੰਘ ਗਏ। ਆਪਣੇ ਪਤੀ ਨੂੰ ਵੇਖ ਕੇ ਇੰਦਰਾ ਨੂੰ ਬਹੁਤ ਅਫਸੋਸ ਹੁੰਦਾ। ਪਰ ਅੱਜ..।
ਸਕੂਲੋਂ ਛੇਤੀ ਘਰ ਆ ਕੇ ਰਾਜੇਸ਼ ਨੇ ਵਿੱਕੀ ਨੂੰ ਗੋਦੀ ਚੁੱਕਿਆ, ਉਹ ਪਿੰਕੀ, ਜਿਸ ਦੇ ਮੂੰਹ ‘ਤੇ ਕਿਸੇ ਮਾੜੀ ਜਿਹੀ ਗੱਲ ‘ਤੇ ਉਸ ਨੇ ਚੰਡ ਮਾਰੀ ਸੀ, ਚਾਕਲੇਟ ਲਈ ਸੱਦਿਆ ਤਾਂ ਇੰਦਰਾ ਨੂੰ ਇਸ ਤਰ੍ਹਾਂ ਹੁੰਦਾ ਵੇਖ ਕੇ ਯਕੀਨ ਹੀ ਨਹੀਂ ਸੀ ਆਇਆ ਕਿ ਰਾਜੇਸ਼ ਇਕੋ ਵਾਰੀ ਕਿਵੇਂ ਬਦਲ ਗਿਆ। ਉਸ ਦਾ ਮਨ ਹੋਇਆ ਕਿ ਪਤੀ ਨੂੰ ਪੁੱਛ ਵੇਖੇ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹ ਤਾਂ ਬੱਸ ਆਪਣੇ ਕੰਮ ਲੱਗੀ ਰਹੀ ਕਿਉਂਕਿ ਹੁਣ ਚੁੱਪ ਰਹਿ ਜਾਣਾ ਉਸ ਦੀ ਆਦਤ ਬਣ ਗਈ ਸੀ। ਅਸਲ ਵਿੱਚ ਹੋਇਆ ਇੰਜ ਕਿ ਅੱਜ ਸਵੇਰੇ ਰਾਜੇਸ਼ ਰੋਜ਼ ਵਾਂਗ ਸਕੂਲ ਗਿਆ। ਜਾਂਦਿਆਂ ਸਾਰ ਉਸ ਦੀ ਸਕੂਲ ਚਪੜਾਸੀ ਨਾਲ ਝੜਪ ਹੋ ਗਈ, ਜਿਸ ਨੇ ਉਸ ਦੇ ਕਮਰੇ ਦੇ ਮੇਜ਼ ‘ਤੇ ਕੱਪੜਾ ਨਹੀਂ ਸੀ ਮਾਰਿਆ। ਉਹ ਇਕ ਅਧਿਆਪਕ ਸਾਥੀ ਨਾਲ ਵੀ ਲੜ ਪਿਆ ਸੀ, ਜਿਹੜਾ ਰੋਜ਼ ਸਾਈਕਲ ਦੀ ਥਾਂ ਮੋਟਰ ਸਾਈਕਲ ‘ਤੇ ਸਕੂਲ ਆਉਂਦਾ ਸੀ। ਰਾਜੇਸ਼ ਕੋਲੋਂ ਇਹ ਸਹਿਣ ਨਹੀਂ ਸੀ ਹੁੰਦਾ ਕਿ ਉਸ ਨਾਲ ਕੰਮ ਕਰਦਾ ਅਧਿਆਪਕ ਮੋਟਰ ਸਾਈਕਲ ‘ਤੇ ਕਿਉਂ ਆਉਂਦਾ ਹੈ? ਉਸ ਵਾਂਗ ਸਾਈਕਲ ਇਸਤੇਮਾਲ ਕਿਉਂ ਨਹੀਂ ਕਰਦਾ।
ਅਜੇ ਉਹ ਆਪਣਾ ਪਹਿਲਾ ਪੀਰੀਅਡ ਅਟੈਂਡ ਕਰਕੇ ਕਲਾਸ ਰੂਮ ਵਿੱਚੋਂ ਬਾਹਰ ਨਿਕਲ ਕੇ ਸਟਾਫ ਰੂਮ ਵੱਲ ਜਾ ਹੀ ਰਿਹਾ ਸੀ ਕਿ ਸਕੂਲ ਦੇ ਵੱਡੇ ਗੇਟ ਤੋਂ ਥੋੜ੍ਹਾ ਜਿਹਾ ਅੰਦਰ ਨੂੰ ਕਰਕੇ ਇਕ ਵੱਡੀ ਲੰਮੀ ਕਾਰ ਆ ਕੇ ਰੁਕੀ, ਜਿਸ ਨੂੰ ਵੇਖਦਿਆਂ ਸਾਰ ਰਾਜੇਸ਼ ਦੇ ਮਨ ‘ਚ ਆਇਆ, ‘ਕਾਸ਼ ਅਜਿਹੀ ਕਾਰ ਮੇਰੇ ਕੋਲ ਵੀ ਹੁੰਦੀ?’
ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਡਰਾਈਵਰ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ। ਉਸ ਵਿੱਚੋਂ ਕੋਈ ਸੱਤਰ ਅੱਸੀ ਸਾਲ ਦੀ ਇਕ ਔਰਤ ਬਾਹਰ ਨਿਕਲੀ। ਬਹੁਤ ਪਿਆਰੀ ਸ਼ਖਸੀਅਤ ਵਾਲੀ। ਫਿਰ ਡਰਾਈਵਰ ਨੇ ਕਾਰ ਦੀ ਡਿੱਕੀ ਖੋਲ੍ਹ ਕੇ ਉਸ ਵਿੱਚੋਂ ਵੀਲ੍ਹ ਚੇਅਰ ਬਾਹਰ ਕੱਢੀ। ਫਿਰ ਕਾਰ ਦੀ ਪਿਛਲੀ ਸੀਟ ਤੋਂ ਅੱਠ ਨੌਂ ਵਰ੍ਹਿਆਂ ਦੇ ਮੰਦਬੁੱਧੀ ਬੱਚੇ ਨੂੰ ਬਾਹਰ ਕੱਢ ਕੇ ਉਸ ‘ਤੇ ਬਿਠਾ ਦਿੱਤਾ ਜਿਸ ਦੀਆਂ ਦੋਵੇਂ ਲੱਤਾਂ ਵੀ ਕੰਮ ਨਹੀਂ ਸਨ ਕਰਦੀਆਂ।
ਉਸ ਔਰਤ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਰਾਜੇਸ਼ ਤਾਂ ਆਪਣੀ ਥਾਵੇਂ ਖੜੋਤਾ ਰਹਿ ਗਿਆ।
‘ਬੇਟਾ, ਕੀ ਤੁਸੀਂ ਇਸ ਸਕੂਲ ਵਿੱਚ ਕੰਮ ਕਰਦੇ ਹੋ?’ ਰਾਜੇਸ਼ ਨੇੜੇ ਪਹੁੰਚ ਕੇ ਉਸ ਉਮਰ ਦਰਾਜ਼ ਔਰਤ ਦਾ ਇਹ ਪਹਿਲਾ ਸਵਾਲ ਸੀ। ਉਸ ਨੇ ਬਹੁਤ ਨਿਮਰਤਾ ਨਾਲ ਪੁੱਛਿਆ ਸੀ। ਪਹਿਲਾਂ ਰਾਜੇਸ਼ ਦੇ ਮਨ ਵਿੱਚ ਆਇਆ ਕਿ ਵੱਡੀ ਕਾਰ ਵਾਲੀ ਅਮੀਰ ਔਰਤ ਨੂੰ ਕੋਈ ਜਵਾਬ ਦੇਵੇ ਹੀ ਨਾ, ਪਰ ਉਸ ਨਾਲ ਆਏ ਵੀਲ੍ਹ ਚੇਅਰ ‘ਤੇ ਬੈਠੇ ਮੁੰਡੇ ਨੂੰ ਵੇਖ ਕੇ ਉਸ ਨੂੰ ਬੋਲਣਾ ਪਿਆ, ‘ਹਾਂ ਮਾਂ ਜੀ, ਮੈਂ ਇਸ ਸਕੂਲ ਵਿੱਚ ਅਧਿਆਪਕ ਹਾਂ ਅਤੇ ਬੱਚਿਆਂ ਨੂੰ ਪੇਂਟਿੰਗ ਸਿਖਾਉਂਦਾ ਹਾਂ।’
ਰਾਜੇਸ਼ ਦਾ ਜਵਾਬ ਸੁਣ ਕੇ ਉਹ ਬਜ਼ੁਰਗ ਔਰਤ ਕੁਝ ਚਿਰ ਚੁੱਪ ਰਹਿ ਕੇ ਉਸ ਦੇ ਚਿਹਰੇ ਵੱਲ ਵੇਖਦੀ ਰਹੀ, ਪਰ ਉਹ ਮੁੜ ਆਪੇ ਬੋਲਣ ਲੱਗੀ, ‘ਪੁੱਤ, ਮੈਂ ਇਸ ਬੱਚੇ ਦੀ ਦਾਦੀ ਹਾਂ। ਇਹ ਮੇਰੇ ਪੁੱਤਰ ਦਾ ਇਕੋ-ਇਕ ਬੇਟਾ ਹੈ। ਇਹ ਜਮਾਂਦਰੂ ਹੀ ਅਜਿਹਾ ਹੈ। ਅਸੀਂ ਇਸ ਦਾ ਇਲਾਜ ਕਰਾ ਰਹੇ ਹਾਂ। ਡਾਕਟਰ ਕਹਿੰਦੇ ਹਨ ਕਿ ਠੀਕ ਹੋ ਜਾਵੇਗਾ, ਪਰ ਇਸ ਲਈ ਵਕਤ ਲੱਗੇਗਾ। ਸਾਡੇ ਕੋਲ ਬਹੁਤ ਕੁਝ ਹੈ ਬੇਟਾ। ਕਿਸੇ ਚੀਜ਼ ਦੀ ਕਮੀ ਨਹੀਂ, ਪਰ ਇਹ ਬੱਚਾ..। ਇਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਕਿੰਨੇ ਲਾਚਾਰ ਹਾਂ। ਪੁੱਤ, ਸਾਨੂੰ ਮਾਨਸਿਕ ਸ਼ਾਂਤੀ ਨਹੀਂ। ਮੇਰੇ ਪੋਤੇ ਨੂੰ ਤਕਲੀਫ ਹੈ। ਇਸ ਕਰਕੇ ਮੇਰਾ ਪੁੱਤ ਵੀ ਦੁਖੀ ਰਹਿੰਦਾ ਹੈ। ਇਸ ਬੱਚੇ ਦੀ ਮਾਂ ਵੀ ਦੁਖੀ ਹੈ। ਇਸ ਤਕਲੀਫ ਵਿੱਚ ਅਸੀਂ ਖੁਸ਼ ਕਿਵੇਂ ਰਹਿ ਸਕਦੇ ਹਾਂ..? ਕੀ ਰਹਿ ਸਕਦੇ ਹਾਂ ਬੇਟਾ..? ਨਹੀਂ ਰਹਿ ਸਕਦੇ ਨਾ..? ਫਿਰ ਬਾਕੀ ਸਾਰੇ ਸੁਖਾਂ ਨੂੰ ਅਸੀਂ ਕੀ ਕਰਾਂਗੇ। ਪੁੱਤ, ਮੈਂ ਇਸ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਾਉਣ ਆਈ ਹਾਂ। ਤੁਹਾਡੇ ਲੋਕਾਂ ਨੂੰ ਸੌਂਪ ਰਹੀ ਹਾਂ ਮੈਂ ਇਸ ਨੂੰ। ਦੇਖੀਂ ਬੇਟਾ, ਸਕੂਲ ਵਿੱਚ ਇਸ ਨੂੰ ਕੋਈ ਤਕਲੀਫ ਨਾ ਹੋਵੇ। ਪੁੱਤ, ਇਹ ਤਾਂ ਪਹਿਲਾਂ ਤੋਂ ਹੀ ਰੱਬ ਦੇ ਦਿੱਤੇ ਦੁੱਖਾਂ ਦਾ ਮਾਰਿਆ ਹੋਇਆ ਹੈ।’
ਇੰਨਾ ਆਖਦਿਆਂ ਉਸ ਬਿਰਧ ਔਰਤ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਕਰਕੇ ਪਾਣੀ ਦੀਆਂ ਲਕੀਰਾਂ ਵਗ ਤੁਰੀਆਂ। ਰਾਜੇਸ਼ ਤਾਂ ਜਿਵੇਂ ਧਰਤੀ ਵਿੱਚ ਗੱਡਿਆ ਪੱਥਰ ਬਣ ਕੇ ਰਹਿ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਔਰਤ ਨੂੰ ਕੀ ਜਵਾਬ ਦੇਵੇ। ਪਲਾਂ ਵਿੱਚ ਉਸ ਦੀ ਸੋਚ ਆਪਣੇ ਘਰ ਚਲੀ ਗਈ, ਜਿਥੇ ਉਸ ਦਾ ਖਿਆਲ ਰੱਖਣ ਵਾਲੀ, ਪਿਆਰ ਕਰਨ ਵਾਲੀ ਉਸ ਦੀ ਪਤਨੀ ਸੀ, ਉਨ੍ਹਾਂ ਦੇ ਬੱਚੇ ਸਨ। ਪੈਸਾ ਨਾ ਹੋਣ ‘ਤੇ ਵੀ, ਗਰੀਬੀ ਹੋਣ ‘ਤੇ ਵੀ, ਤੰਗੀ ਹੋਣ ‘ਤੇ ਵੀ ਸਾਰੇ ਮਾਨਸਿਕ ਸੁਖ ਸਨ ਉਨ੍ਹਾਂ ਕੋਲ। ਪਰ ਇਹ ਬਜ਼ੁਰਗ ਔਰਤ..?
ਰਾਜੇਸ਼ ਨੂੰ ਆਪਣੀ ਸੋਚ ਝੂਠੀ ਜਾਪੀ। ਪਤਨੀ ਨੂੰ ਕਹੇ ਉਹ ਸ਼ਬਦ ਵੀ ਝੂਠੇ ਜਾਪੇ ਕਿ ਪੈਸੇ ਨਾਲ ਸੁਖ ਖਰੀਦੇ ਜਾ ਸਕਦੇ ਹਨ। ਜੇ ਅਜਿਹਾ ਹੁੰਦਾ ਤਾਂ ਫਿਰ ਇਹ ਬਿਰਧ ਔਰਤ ਦੁਖੀ ਕਿਉਂ ਹੁੰਦੀ..? ਉਸ ਬਜ਼ੁਰਗ ਔਰਤ ਦੀ ਗੱਲ ਮੁੱਕ ਜਾਣ ‘ਤੇ ਰਾਜੇਸ਼ ਨੇ ਪਹਿਲਾਂ ਉਸ ਔਰਤ ਵੱਲ ਤੇ ਫਿਰ ਵੀਲ੍ਹਚੇਅਰ ‘ਤੇ ਬੈਠੇ ਉਸ ਬੱਚੇ ਵੱਲ ਇਉਂ ਵੇਖਿਆ ਜਿਵੇਂ ਉਹ ਤਾਂ ਉਸ ਦੇ ਸਾਰੇ ਦੁੱਖ ਵੰਡ ਲਵੇਗਾ। ਸਕੂਲ ਵਿੱਚ ਉਸ ਨੂੰ ਕੋਈ ਤਕਲੀਫ ਨਹੀਂ ਆਉਣ ਦੇਵੇਗਾ।
ਕੁਝ ਚਿਰ ਪਹਿਲਾਂ ਉਸ ਕੋਲ ਖੜੋਤੀ ਹੰਝੂਆਂ ਨਾਲ ਭਰੀਆਂ ਅੱਖਾਂ ਵਾਲੀ ਉਹ ਬਿਰਧ ਦੁਖੀ ਔਰਤ, ਪ੍ਰਿੰਸੀਪਲ ਦੇ ਦਫਤਰ ਵੱਲ ਚੱਲੀ ਗਈ ਸੀ ਅਤੇ ਰਾਜੇਸ਼ ਤਦ ਸਕੂਲੋਂ ਛੁੱਟੀ ਲੈ ਕੇ ਘਰ ਵੱਲ ਤੁਰ ਪਿਆ। ਇੰਨੇ ਸਾਲਾਂ ਬਾਅਦ ਰਾਜੇਸ਼ ਨੇ ਪਹਿਲੀ ਵਾਰ ਵਿੱਕੀ ਨੂੰ ਗੋਦ ਚੁੱਕਿਆ ਸੀ ਅਤੇ ਪਿੰਕੀ ਨੂੰ ਖਾਣ ਲਈ ਚਾਕਲੇਟ ਦਿੱਤੀ ਸੀ।
ਘਰ ਆ ਕੇ ਉਸ ਨੇ ਪਤਨੀ ਨੂੰ ਕੁਝ ਨਹੀਂ ਦੱਸਿਆ ਕਿ ਸਕੂਲ ਵਿੱਚ ਕੀ ਹੋਇਆ ਸੀ।
ਅਤੇ ਇੰਦਰਾ..! ਉਸ ਨੇ ਵੀ ਅੱਜ ਪਤੀ ਵਿੱਚ ਆਏ ਇਸ ਪਰਿਵਰਤਨ ਬਾਰੇ ਕੋਈ ਗੱਲ ਨਹੀਂ ਕੀਤੀ, ਸਗੋਂ ਉਹ ਤਾਂ ਉਸੇ ਤਰ੍ਹਾਂ ਚੁੱਪ ਚਾਪ ਹਰ ਰੋਜ਼ ਵਾਂਗ ਰਸੋਈ ਘਰ ਵਿੱਚ ਜਾ ਕੇ ਪਤੀ ਲਈ ਚਾਹ ਬਣਾਉਣ ਲੱਗੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com